Subscription About Us Contact Us


ਖ਼ੁਦ ਨੂੰ ‘ਜਾਗਰੁਕ’ ਸਮਝਣ ਵਾਲੇ ਸਿੱਖਾਂ ਦੀ ਭਵਿੱਖ ਦੀ ਨੀਤੀ ਕੀ ਹੋਵੇ?

- ਸਰਬਜੀਤ ਸਿੰਘ -

ਤਖ਼ਤਾਂ ਦੇ ਪੁਜਾਰੀਆਂ ਵੱਲੋਂ ਉੱਘੇ ਪ੍ਰਚਾਰਕ ਪ੍ਰੋ: ਦਰਸ਼ਨ ਸਿੰਘ ਨੂੰ ਸਿੱਖ ਕੌਮ ਵਿੱਚੋਂ ‘ਛੇਕਣ’ ਦਾ ਕੂੜਨਾਮਾ ਜਾਰੀ ਕਰਨ ਉਪਰੰਤ ਜਿੱਥੇ ਬ੍ਰਾਹਮਣਵਾਦੀ ਮਾਨਸਿਕਤਾ ਵਾਲੇ ‘ਸਿੱਖ’ (?) ਖੁਸ਼ੀ ਨਾਲ ਝੂਮਦੇ ਫਿਰ ਰਹੇ ਹਨ, ਉਥੇ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਦੇ ਇਕ-ਮਾਤਰ ਸ੍ਰੋਤ, ਗੁਰੂ ਗ੍ਰੰਥ ਸਾਹਿਬ ਤੋਂ ਸਿੱਖਿਆ ਲੈਣ ਵਾਲੇ ਸਿੱਖਾਂ ਦੀਆਂ ਚੁਣੌਤੀਆਂ ਅਤੇ ਜ਼ਿੰਮੇਵਾਰੀਆਂ ਵਿੱਚ ਬੇਸ਼ੁਮਾਰ ਵਾਧਾ ਹੋ ਗਿਆ ਹੈ। ਭਾਵੇਂ ਜਾਗਰੁਕ ਸਿੱਖਾਂ ਨੇ ਪੁਜਾਰੀਆਂ ਅਤੇ ਉਨ੍ਹਾਂ ਦੇ ਸਿਆਸੀ ਸਰਪ੍ਰਸਤਾਂ ਦੇ ਪੁਤਲੇ ਆਦਿਕ ਸਾੜ ਕੇ ਉਨ੍ਹਾਂ ਦੇ ਕੂੜਨਾਮੇ ਪ੍ਰਤੀ ਆਪਣੇ ਰੋਹ ਦਾ ਤਿੱਖਾ ਪ੍ਰਦਰਸ਼ਨ ਕੀਤਾ ਪਰ ਅਜਿਹੀਆਂ ਕਾਰਵਾਈਆਂ ਨਾਲ ਅਸਲ ਮੁੱਦੇ (ਸਿੱਖਾਂ ਦੇ ਇਕ-ਮਾਤਰ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਜਾਂ ਉਨ੍ਹਾਂ ਦਾ ਕੋਈ ਹੋਰ ਪਾਰਟਨਰ ਵੀ?) ਨੂੰ ਨਜਿੱਠਣ ਵਿੱਚ ਕੋਈ ਮਦਦ ਨਹੀਂ ਮਿਲਦੀ।

ਕੂੜ ਗ੍ਰੰਥ ਨੂੰ ‘ਗੁਰੂ’ ਪ੍ਰਚਾਰਨ ਵਾਲੇ ਮਨਮੁਖ ਇਸ ਤੱਥ ਤੋਂ ਵੱਡਾ ਲਾਭ ਚੁੱਕ ਰਹੇ ਹਨ ਕਿ ਸੰਸਾਰਕ ਰੁਝੇਵਿਆਂ ਵਿੱਚ ਖਚਿਤ ਰਹਿਣ ਵਾਲੇ ਆਮ ਲੋਕ ਧਰਮ ਗ੍ਰੰਥਾਂ ਦਾ ਖ਼ੁਦ ਅਧਿਐਨ ਨਹੀਂ ਕਰਦੇ, ਬਲਕਿ ਪੁਜਾਰੀਆਂ ਅਤੇ ਖ਼ਾਸ ਲਿਬਾਸ ਵਾਲੇ ਡੇਰੇਦਾਰਾਂ ਵੱਲੋਂ ਪ੍ਰਚਾਰੀਆਂ ਜਾਂਦੀਆਂ ਗੱਲਾਂ ਨੂੰ ਹੀ ਸੱਚ ਮੰਨ ਲੈਂਦੇ ਹਨ। ਗੁਰੂ ਗ੍ਰੰਥ ਸਾਹਿਬ ਦੇ ਅਤਿ ਉੱਚੇ-ਸੁੱਚੇ ਉਪਦੇਸ਼ਾਂ ਨੂੰ ਅਪਣਾਉਣ ਵਾਲਾ ਵਿਅਕਤੀ ਨਾ ਸਿਰਫ਼ ਪੁਜਾਰੀਵਾਦ, ਡੇਰਾਵਾਦ ਅਤੇ ਬ੍ਰਾਹਮਣਵਾਦ ਦੇ ਚੁੰਗਲ ਤੋਂ ਮੁਕਤ ਹੋ ਜਾਂਦਾ ਹੈ ਜੋ ਅਜੋਕੇ ਸਿਆਸੀ ਆਗੂਆਂ ਦੇ ਇਲਵਾ ਡੇਰੇਦਾਰਾਂ, ਪੁਜਾਰੀਆਂ ਅਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਵੀ ਵਾਰਾ ਨਹੀਂ ਖਾਉਂਦਾ। ਇਸਲਈ ਇਸ ਵਰਗ ਦੇ ਲੋਕ, ਸਿੱਖਾਂ ਵਿੱਚ ਜਾਗ੍ਰਿਤੀ ਲਿਆਉਣ ਵਾਲੇ ਪ੍ਰਚਾਰਕਾਂ ’ਤੇ ਗੁਰੂ-ਨਿੰਦਕ, ਕਾਮਰੇਡ, ਅੰਮ੍ਰਿਤ ਦੀਆਂ ਬਾਣੀਆਂ ’ਤੇ ਕਿੰਤੂ ਕਰਨ ਵਾਲੇ, ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਨ ਕਰਨ ਵਾਲੇ ਆਦਿਕ ਇਲਜ਼ਾਮ ਲਗਾ ਕੇ, ਅਸਲ ਸਥਿਤੀ ਤੋਂ ਅਨਜਾਣ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ।

ਪ੍ਰੋ: ਦਰਸ਼ਨ ਸਿੰਘ ਵੱਲੋਂ ਤਾਂ ਬਹੁਤ ਸੀਮਤ (ਰਹਿਤ ਮਰਿਆਦਾ ਦੇ) ਦਾਇਰੇ ਅੰਦਰ ਰਹਿੰਦਿਆਂ ਅਤੇ ਗੁਰੂ ਗ੍ਰੰਥ ਸਾਹਿਬ ਨਾਲ ਸਿਰਫ਼ ਦਸਮ ਗ੍ਰੰਥ ਦੀ ਮੰਜੀ ਲਗਾਏ ਜਾਣ ਦਾ ਹੀ ਵਿਰੋਧ ਕੀਤਾ ਜਾ ਰਿਹਾ ਸੀ (ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਪੜ੍ਹਨ ਦਾ ਨਹੀਂ)। ਪਰ ਪੁਜਾਰੀਆਂ ਨੇ ਫਿਰ ਵੀ ਉਨ੍ਹਾਂ ਖਿਲਾਫ਼ ‘ਛੇਕੇ ਜਾਣ’ ਦਾ ਫਤਵਾ ਜਾਰੀ ਕਰ ਕੇ ਬ੍ਰਾਹਮਣਵਾਦੀਆਂ ਨੂੰ ਕਈ ਤਰ੍ਹਾਂ ਨਾਲ ਲਾਭ ਪੁਚਾਇਆ ਹੈ। ਪਹਿਲਾ, ਪ੍ਰੋ: ਦਰਸ਼ਨ ਸਿੰਘ ਦੀ ਪ੍ਰਚਾਰ ਮੁਹਿੰਮ ਵਿੱਚ ਰੁਕਾਵਟ ਖੜੀ ਹੋ ਗਈ ਹੈ। ਦੂਜਾ, ਸਿੱਖਾਂ ਦੀ ਇਸ ਫਤਵੇ ਬਾਰੇ ਪ੍ਰਤੀਕ੍ਰਿਆ ਵੇਖ ਕੇ ਭਵਿੱਖ ਵਿੱਚ ਪੁਜਾਰੀਆਂ ਰਾਹੀਂ ਸਿੱਖਾਂ ਨੂੰ ਬ੍ਰਾਹਮਣਵਾਦ ਦੇ ਗੰਦ ਵਿੱਚ ਹੋਰ ਵੱਧ ਧਕੇਲਣ ਲਈ ਸਟੀਕ ਨੀਤੀਆਂ ਤਿਆਰ ਕਰਨੀਆਂ ਸੌਖੀਆਂ ਹੋ ਜਾਣਗੀਆ। ਤੀਜਾ, ਪ੍ਰੋ: ਦਰਸ਼ਨ ਸਿੰਘ ਦਾ ਸਾਥ ਦੇ ਰਹੇ ਅਤੇ ਕੂੜ ਗ੍ਰੰਥ ਦਾ ਵਿਰੋਧ ਕਰ ਰਹੇ ਪ੍ਰਚਾਰਕਾਂ, ਲੇਖਕਾਂ ਅਤੇ ਸੰਗਠਨਾਂ ਆਦਿਕ ਦੀ ਸੂਚੀ ਤਿਆਰ ਕਰਕੇ ਖੁਫੀਆ ਏਜੰਸੀਆਂ ਅਤੇ ਬ੍ਰਾਹਮਣਵਾਦੀ ਤਾਕਤਾਂ ਰਾਹੀਂ ਉਨ੍ਹਾਂ ਨਾਲ ਨਜਿੱਠਣ ਦੀ ਤਿਆਰੀ ਅਰੰਭੀ ਜਾਏਗੀ, ਤਾਂ ਜੋ ਭਵਿੱਖ ਵਿੱਚ ਸਿੱਖ ਧਰਮ ਨੂੰ ਹਿੰਦੂ ਧਰਮ ਵਿੱਚ ਜਜ਼ਬ ਕਰਨ ਦੀ ਪ੍ਰਕ੍ਰਿਆ ਖਿਲਾਫ਼ ਕੋਈ ਲੇਖਕ/ਪ੍ਰਚਾਰਕ/ਸੰਗਠਨ ਅੜਿੱਕਾ ਨਾ ਡਾਹ ਸਕੇ (ਦੋ ਕੁ ਦਹਾਕੇ ਪਹਿਲਾਂ ਇਹੀ ਨੀਤੀ ਬਹਾਦਰ ਸਿੱਖਾਂ ਦਾ ਸਫ਼ਾਇਆ ਕਰਨ ਲਈ ਅਪਣਾਈ ਗਈ ਸੀ, ਜਦ ਖਾੜਕੂ ਰੂਪ ਵਿੱਚ ਸਰਗਰਮ ਸਰਕਾਰੀ ਏਜੰਟ ਖ਼ਾਲਿਸਤਾਨ ਦੇ ਨਾਅਰੇ ਲਗਾ ਕੇ ਪਹਿਲਾਂ ਉਨ੍ਹਾਂ ਨੂੰ ਆਪਣੇ ਮਗਰ ਲਗਾ ਲੈਂਦੇ ਸਨ ਅਤੇ ਬਾਅਦ ਵਿੱਚ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਬਣਵਾ ਦਿੰਦੇ ਸਨ)। ਚੌਥਾ, ਹੁਣ ਸਿੱਖਾਂ ਦੀ ਤਾਕਤ ਆਪਸੀ ਬਹਿਸਾਂ/ਵਾਦ-ਵਿਵਾਦਾਂ ਤੱਕ ਹੀ ਸੀਮਤ ਹੋ ਕੇ ਰਹਿ ਜਾਏਗੀ ਅਤੇ ਉਨ੍ਹਾਂ ਦਾ ਧਿਆਨ ਆਪਣੇ ਅਸਲ ਦੁਸ਼ਮਣ (ਬ੍ਰਾਹਮਣਵਾਦ) ਤੋਂ ਖੁੰਝ ਸਕਦਾ ਹੈ। ਪੰਜਵਾ, ਪੁਜਾਰੀਆਂ ਵੱਲੋਂ ਡੇਰੇਦਾਰਾਂ ਅਤੇ ਆਰ.ਐਸ.ਐਸ. ਦੀਆਂ ਇੱਛਾਵਾਂ ਮੁਤਾਬਿਕ ਨਾਨਕਸ਼ਾਹੀ ਕੈਲੰਡਰ ਵਿੱਚ ਜੋ ਪੂਰਨ ਬ੍ਰਾਹਮਣੀਕਰਨ ਕੀਤਾ ਗਿਆ ਹੈ, ਸਿੱਖਾਂ ਦਾ ਧਿਆਨ ਉਸ ਪਾਸੋਂ ਤਬਦੀਲ ਹੋ ਕੇ ਪ੍ਰੋ: ਦਰਸ਼ਨ ਸਿੰਘ ਵੱਲ ਹੋ ਜਾਏਗਾ, ਬਲਕਿ ਹੋ ਗਿਆ ਹੈ।

ਇਸਲਈ ਖ਼ੁਦ ਨੂੰ ‘ਜਾਗਰੁਕ’ ਸਮਝਣ ਵਾਲੇ ਸਿੱਖਾਂ ਨੂੰ ਸਿਰਫ਼ ਧਰਨਿਆਂ/ਬਿਆਨਬਾਜ਼ੀਆਂ ਤੱਕ ਸੀਮਤ ਨਾ ਰਹਿ ਕੇ ਕੁਝ ਅਮਲੀ ਕਦਮ ਚੁੱਕਣੇ ਚਾਹੀਦੇ ਹਨ। ਜਿਵੇਂ 1) ਗੁਰਦੁਆਰਿਆਂ ਅਤੇ ਹੋਰ ਸੰਭਵ ਥਾਵਾਂ ’ਤੇ ਪ੍ਰੋ: ਦਰਸ਼ਨ ਸਿੰਘ ਅਤੇ ਤੱਤ ਗੁਰਮਤਿ ਦੇ ਹੋਰਨਾਂ ਪ੍ਰਚਾਰਕਾਂ ਦੇ ਕੀਰਤਨ-ਵਖਿਆਨ ਕਰਵਾਉਣਾ। 2) ਸਿੱਖਾਂ ਅਤੇ ਗੈਰ-ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਪਵਿੱਤਰ ਰਚਨਾਵਾਂ ਅਤੇ ਇਨ੍ਹਾਂ ਦੇ ਸਿਧਾਂਤਾਂ ਬਾਰੇ ਜਾਣਕਾਰੀ ਦੇਣਾ। 3) ਡੇਰਿਆਂ ਅਤੇ ਤਖ਼ਤਾਂ ਤੋਂ ਕੂੜ ਗ੍ਰੰਥ ਦੀ ਸਿਰਫ਼ ਮੰਜੀ ਹੀ ਨਹੀਂ ਬਲਕਿ ਇਸ ਦਾ ‘ਪਾਠ’ ਵੀ ਬੰਦ ਕਰਵਾਉਣ ਲਈ ਕੂੜ ਗ੍ਰੰਥ ਦੀ ਅਸਲੀਅਤ ਸੰਗਤਾਂ ਸਾਹਮਣੇ ਪੇਸ਼ ਕਰਨਾ। 4) ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਦਾ ਇਕ-ਮਾਤਰ ਤੇ ਸੰਪੂਰਨ ਗੁਰੂ ਹੋਣ ਨਾਤੇ, ਪ੍ਰਚਲਿਤ ਰਹਿਤ ਮਰਿਆਦਾ ਵਿਚਲੀਆਂ ਬਚਿੱਤਰ ਨਾਟਕ ਗ੍ਰੰਥ ’ਤੇ ਅਧਾਰਿਤ ਰਸਮਾਂ ਨੂੰ (ਘੱਟੋ-ਘੱਟ ਨਿਜੀ ਪੱਧਰ ’ਤੇ) ਤਿਆਗਣਾ। ਇਹ ਨੁਕਤੇ ਜਿੰਨੇ ਲਿਖਣ ਵਿੱਚ ਅਸਾਨ ਹਨ, ਅਸਲ ਜ਼ਿੰਦਗੀ ਵਿੱਚ ਇਨ੍ਹਾਂ ’ਤੇ ਅਮਲ ਕਰਨਾ ਓਨਾ ਹੀ ਔਖਾ ਹੈ। ਪਰ ਸੱਚਾਈ ਦੀ ਰਾਹ ਵੀ ਤਾਂ ‘‘ਖੰਨਿਅਹੁ ਤਿਖੀ ਵਾਲਹੁ ਨਿਕੀ’’ ਹੁੰਦੀ ਹੈ। ਮੂੰਹ-ਲਿਹਾਜ਼ੀ ਅਤੇ ਕੂੜ ਗ੍ਰੰਥ ਦੇ ਉਪਾਸਕਾਂ ਦੀ ਗੁੰਡਾਗਰਦੀ ਦੇ ਚਲਦਿਆਂ ਭਾਵੇਂ ਬਹੁਤੇ ਪ੍ਰਚਾਰਕ ਇਸ ਮਾਰਗ ’ਤੇ ਚੱਲਣ ਤੋਂ ਸੰਕੋਚ ਕਰ ਜਾਉਣ ਪਰ ਉਨ੍ਹਾਂ ਇਹ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਓਨਾਂ ਆਪਣੀ ਜ਼ਿੰਮੇਵਾਰੀ ਨਾ ਨਿਭਾਈ, ਤਾਂ ਬ੍ਰਾਹਮਣਵਾਦੀ ਤੇ ਉਨ੍ਹਾਂ ਦੇ ਏਜੰਟ, ਸਿੱਖਾਂ ਦਾ ਪੂਰਨ ਹਿੰਦੂਕਰਨ ਕਰਨ ਵਿੱਚ ਛੇਤੀ ਹੀ ਸਫ਼ਲ ਹੋ ਜਾਣਗੇ।