

‘‘ਅਕਾਲ ਤਖਤ ਮਹਾਨ ਹੈ, ਪਰ ਨਕਲੀ ਜਥੇਦਾਰਾਂ ਨੇ ਰੋਲੀ ਇਸ ਦੀ ਸ਼ਾਨ ਹੈ’’
- ਕਿਰਪਾਲ ਸਿੰਘ ਬਠਿੰਡਾ -
ਫੋਨ : 9855480797
ਉਕਤ ਲਫ਼ਜ਼ ਸਿੱਖ ਧਰਮ ਦੇ ਨਿਸ਼ਕਾਮ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਭਾਈ ਬਖ਼ਤੌਰ ਵਾਲਿਆਂ ਨੇ ਸਥਾਨਕ ਗੁਰਦੁਆਰਾ ਸੰਗਤ ਸਿਵਲ ਸਟੇਸ਼ਨ ਵਿਖੇ 22 ਫਰਵਰੀ ਨੂੰ ਸਜੇ ਦੀਵਾਨ ’ਚ ਕਹੇ। ਇਸ ਦੀਵਾਨ ਦਾ ਪ੍ਰਬੰਧ ਇਸਤਰੀ ਸਤਸੰਗ ਸਭਾ ਵਲੋਂ ਚਲਾਈ ਜਾ ਰਹੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਕੀਤਾ ਗਿਆ ਸੀ। ਆਪਣੀ ਕੀਤੀ ਹੋਈ ਗੱਲ ਦੀ ਪ੍ਰੋੜਤਾ ਲਈ ਭਾਈ ਪੰਥਪ੍ਰੀਤ ਸਿੰਘ ਨੇ ਅਕਾਲ ਤਖਤ ’ਤੇ ਵਰਤ ਰਹੇ ਵਰਤਾਰੇ ਦਾ ਪਿਛਲੇ 10 ਸਾਲਾਂ ਦਾ ਸੰਖੇਪ ਇਤਿਹਾਸ ਦੱਸਦਿਆਂ ਕਿਹਾ ਕਿ ਗਿਆਨੀ ਪੂਰਨ ਸਿੰਘ ਅਕਾਲ ਤਖਤ ਨੂੰ ਆਪਣੀ ਜੇਬ ਵਿੱਚ ਹੀ ਸਮਝਦਾ ਸੀ ਅਤੇ ਆਰ.ਐਸ.ਐਸ. ਦੇ ਕੇਂਦਰ ਗੁੂਨਾ ਤੋਂ ਹੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਹੁਕਮਨਾਮਾ (ਫੈਕਸਨਾਮਾ) ਜਾਰੀ ਕਰਕੇ ਪੰਥ ’ਚੋਂ ਛੇਕ ਦਿਤਾ ਸੀ। ਇਸ ਦੀ ਸਜ਼ਾ ਸਿਰਫ਼ ਉਸ ਨੂੰ ਇਹ ਦਿੱਤੀ ਗਈ ਕਿ ਅਕਾਲ ਤਖਤ ਦੀ ਜਥੇਦਾਰੀ ਤੋਂ ਹਟਾ ਕੇ ਦਰਬਾਰ ਸਾਹਿਬ ਦਾ ਹੈ¤ਡ ਗ੍ਰੰਥੀ ਬਣਾ ਦਿੱਤਾ ਅਤੇ ਅਗਲੇ ਜਥੇਦਾਰ ਤੋਂ ਉਸ ਦੇ ਸਾਰੇ ਹੁਕਮਨਾਮੇ ਰੱਦ ਕਰਵਾ ਦਿੱਤੇ। ਇਹ ਵੀ ਸਿਰਫ਼ ਇਸ ਕਰਕੇ ਕਿ ਉਹ ਕਥਿੱਤ ਹੁਕਮਨਾਮਾ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਵਿਰੁੱਧ ਸੀ, ਨਹੀਂ ਤਾਂ ਉਹ ਵੀ ਇਲਾਹੀ ਹੁਕਮ ਕਰਕੇ ਮੰਨਿਆ ਜਾਣਾ ਸੀ।
ਇਸ ਤੋਂ ਪਿੱਛੋਂ ਜੋਗਿੰਦਰ ਸਿੰਘ ਵੇਦਾਂਤੀ ਨੂੰ ਜਥੇਦਾਰ ਬਣਾ ਦਿੱਤਾ ਗਿਆ, ਉਸ ਦੀ ਜਥੇਦਾਰੀ ਹੇਠ ਆਰ.ਐਸ.ਐਸ. ਵਿਰੁੱਧ ਹੁਕਮਨਾਮਾ ਜਾਰੀ ਹੋਇਆ ਪਰ ਉਨ੍ਹਾਂ ਨੇ ਖ਼ੁਦ ਹੀ ਆਰ.ਐਸ.ਐਸ. ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕੀਤੀ ਅਤੇ ਆਰ.ਐਸ.ਐਸ ਦੇ ਅਹੁਦੇਦਾਰਾਂ ਨੂੰ ਸਿਰੋਪੇ ਦਿੱਤੇ, ਦਿੱਲੀ ਵਿਖੇ ਉਨ੍ਹਾਂ ਦੇ ਹੋਏ ਸਮਾਗਮ ਵਿੱਚ ਗਿਆਨੀ ਵੇਦਾਂਤੀ, ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਅਤੇ ਅਕਾਲ ਤਖਤ ਦੇ ਮੌਜੂਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਸ਼ਾਮਲ ਹੋਏ। ਹਜ਼ੂਰ ਸਾਹਿਬ ਦੇ ਜਥੇਦਾਰ ਕੁਲਵੰਤ ਸਿੰਘ ਨੇ ਆਰ.ਐਸ.ਐਸ. ਦੇ ਮੁੱਖ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਉਥੇ ਇਲਾਇਚੀਆਂ ਤੇ ਮਿਸ਼ਰੀ ਦਾ ਪ੍ਰਸ਼ਾਦ ਵੰਡਿਆ। ਸਾਧ ਧਨਵੰਤ ਸਿੰਘ ਵਿਰੁੱਧ ਬਲਾਤਕਾਰ ਦਾ ਕੇਸ ਅਕਾਲ ਤਖਤ ’ਤੇ ਪਹੁੰਚਿਆ, ਜਿਸ ਨੂੰ ਰਿਸ਼ਵਤ ਲੈ ਕੇ ਨਿਰਦੋਸ਼ ਐਲਾਨਿਆ ਗਿਆ ਪਰ ਉਹੀ ਕੇਸ ਅਦਾਲਤ ’ਚ ਜਾਣ ’ਤੇ ਸਾਧ ਨੂੰ 10 ਸਾਲ ਦੀ ਕੈਦ ਹੋਈ। 2003 ’ਚ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦਾ ਅਕਾਲ ਤਖਤ ਤੋਂ ਐਲਾਨ ਕੀਤਾ, ਜਿਸ ਨੂੰ ਤਖਤ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਦੇ ਜਥੇਦਾਰਾਂ ਨੇ ਉਸੇ ਸਮੇਂ ਰੱਦ ਕਰ ਦਿੱਤਾ ਅਤੇ ਕਿਸੇ ਡੇਰੇਦਾਰ ਨੇ ਅੱਜ ਤੱਕ ਨਹੀਂ ਮੰਨਿਆ ਪਰ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦਾ ਐਲਾਨ ਕਰਨ ਵਾਲੇ ਸਾਰੇ ਜਥੇਦਾਰ ਉਨ੍ਹਾਂ ਦੇ ਡੇਰਿਆਂ ’ਤੇ ਜਾ ਕੇ ਉਨ੍ਹਾਂ ਨੂੰ ਮਾਨਤਾ ਦਿੰਦੇ ਰਹੇ। ਦੋਵੇਂ ਜਥੇਦਾਰਾਂ ਅਤੇ ਡੇਰੇਦਾਰਾਂ ਨੇ ਉਦੋਂ ਤੱਕ ਅਕਾਲ ਤਖ਼ਤ ਨਾਲ ਮੱਥਾ ਲਾਇਆ ਰੱਖਿਆ, ਜਦ ਤੱਕ ਨਾਨਕਸ਼ਾਹੀ ਕੈਲੰਡਰ ਨੂੰ ਬਿਕ੍ਰਮੀ ਕੈਡੰਲਰ ਵਿੱਚ ਤਬਦੀਲ ਨਹੀਂ ਕੀਤਾ ਗਿਆ। 6 ਜੂਨ 2008 ਨੂੰ ਅਕਾਲ ਤਖ਼ਤ ਤੋਂ ਹੁਕਮਨਾਮਾ ਜਾਰੀ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਦੇ ਜਥੇਦਾਰਾਂ ਨੇ ਇਸ ਨੂੰ ਤੁਰੰਤ ਰੱਦ ਕਰ ਦਿੱਤਾ ਅਤੇ ਸਾਧ ਯੂਨੀਅਨ ਨੇ 20 ਜੂਨ ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਅਕਾਲ ਤਖਤ ਦੇ ਹੁਕਮਨਾਮੇ ਨੂੰ ਗਲਤ ਕਿਹਾ ਤੇ ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਦੇ ਜਥੇਦਾਰਾਂ ਵਲੋਂ ਇਸ ਨੂੰ ਰੱਦ ਕੀਤੇ ਜਾਣ ਨੂੰ ਜਾਇਜ਼ ਦੱਸਿਆ। ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਵੇਦਤੀ ਨੂੰ ਮਹਾਂਦੋਸ਼ੀ ਕਿਹਾ। ਤਖਤ ਦਮਦਮਾ ਸਾਹਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਵਿਰੁੱਧ ਵੀ ਬਿਆਨਬਾਜ਼ੀ ਕੀਤੀ।
ਗਿਆਨੀ ਵੇਦਾਂਤੀ ਨੇ ਇਕਬਾਲ ਸਿੰਘ ਵਿਰੁੱਧ ਦੋਸ਼ ਲਾਏ ਅਤੇ ਸ਼੍ਰੋਮਣੀ ਕਮੇਟੀ ਦੇ ਇੱਕ ਮੁਲਾਜ਼ਮ ਸ਼ਿੰਗਾਰਾ ਸਿੰਘ ਨੇ ਅਕਾਲ ਤਖਤ ’ਤੇ ਪਹੁੰਚੇ (ਅਖੌਤੀ) ਮਹਾਨ ਜਥੇਦਾਰ ਇਕਬਾਲ ਸਿੰਘ ਨਾਲ ਜੋ ਕੀਤਾ, ਇਹ ਸਭ ਦੇ ਸਾਹਮਣੇ ਹੈ। ਤਖਤ ਹਜੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਚੇਅਰਮੈਨ ਪੀ.ਐਸ. ਪਸਰੀਚਾ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਮੁਗਲਾਂ ਹੱਥੋਂ ਹਾਰ ਖਾ ਕੇ ਮਰਾਠਿਆਂ ਦੀ ਮੱਦਦ ਲੈਣ ਲਈ ਨਾਂਦੇੜ ਪਹੁੰਚੇ। ਕਿਸੇ ਜਥੇਦਾਰ ਨੇ ਉਸ ਦੀ ਜਵਾਬ ਤਲਬੀ ਨਹੀਂ ਕੀਤੀ। ਸ਼੍ਰੋਮਣੀ ਕਮੇਟੀ ਨੇ ਹਿੰਦੀ ’ਚ ਸਿੱਖ ਇਤਿਹਾਸ ਪੁਸਤਕ ਛਪਵਾਈ, ਜਿਸ ਵਿੱਚ ਗੁਰੂ ਸਾਹਿਬਾਨ ਦਾ ਰੱਜ ਕੇ ਅਪਮਾਨ ਕੀਤਾ ਗਿਆ ਹੈ, ਕਿਸੇ ਜਥੇਦਾਰ ਨੇ ਇਸ ਕੁਤਾਹੀ ਲਈ ਜ਼ਿੰਮੇਵਾਰ ਵਿਅਕਤੀ ਦੀ ਕੋਈ ਜਵਾਬ-ਤਲਬੀ ਨਹੀਂ ਕੀਤੀ। ਵੀਆਨਾ ਕਾਂਡ ਦੀ ਪੜਤਾਲ ਕਰਨ ਲਈ ਅਕਾਲ ਤਖਤ ਦੇ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਪੜਤਾਲੀਆ ਕਮੇਟੀ ਬਣਾਉਣ ਦਾ ਆਦੇਸ ਦਿੱਤਾ। ਕਿਸੇ ਨੇ ਕੋਈ ਪੜਤਾਲੀਆ ਕਮੇਟੀ ਨਹੀਂ ਬਣਾਈ ਤਾਂ ਹੁਕਮ-ਅਦੂਲੀ ਦੇ ਦੋਸ਼ ਹੇਠ ਕਿਸੇ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ। ਕੋਈ ਡੇਰੇਦਾਰ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਨਹੀਂ ਮੰਨਦਾ, ਸਿੱਖ ਰਹਿਤ ਮਰਯਾਦਾ ਨਹੀਂ ਮੰਨਦਾ ਪਰ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਥਾਂ ਸਾਰੇ ਜਥੇਦਾਰ ਡੇਰਿਆਂ ’ਤੇ ਜਾ ਕੇ ਉਨ੍ਹਾਂ ਦੀ ਮਾਨਤਾ ਵਧਾਉਂਦੇ ਹਨ। ਕਦੀ ਕਦੀ ਬਲਵੰਤ ਸਿੰਘ ਨੰਦਗੜ੍ਹ ਦੇ ਬੋਲਣ ਦੀ ਅਵਾਜ਼ ਨੂੰ ਛੱਡ ਕੇ ਕੋਈ ਜਥੇਦਾਰ ਅਕਾਲ ਤਖਤ ਦੀ ਮਰਯਾਦਾ ਭੰਗ ਕਰਨ ਵਾਲੇ ਡੇਰਿਆਂ ਵਿਰੁੱਧ ਨਹੀਂ ਬੋਲਦਾ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਜਿਹੜੇ ਆਪਣੇ ਹੁਕਮਨਾਮੇ ਆਪ ਨਹੀਂ ਮੰਨਦੇ ਅਤੇ ਇੱਕ ਦੂਜੇ ’ਤੇ ਦੋਸ਼ ਲਾਉਂਦੇ ਰਹਿੰਦੇ ਹਨ, ਉਨ੍ਹਾਂ ਨੂੰ ਕੀ ਹੱਕ ਹੈ ਕਿ ਉਹ ਅਕਾਲ ਤਖਤ ’ਤੇ ਬੈਠ ਕੇ ਦੂਸਰਿਆਂ ਵਿਰੁੱਧ ਹੁਕਮਨਾਮੇ ਜਾਰੀ ਕਰਕੇ ਉਨ੍ਹਾਂ ਨੂੰ ਮੰਨਣ ਲਈ ਮਜ਼ਬੂਰ ਕਰਨ।
ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਇਸ ਬਿਆਨ ਕਿ ‘‘ਜਿਸ ਨੇ ਵੀ ਅਕਾਲ ਤਖਤ ਨਾਲ ਮੱਥਾ ਲਾਇਆ, ਉਸ ਨੂੰ ਅੰਤ ਖ਼ੁਆਰ ਹੋਣਾ ਪਿਆ, ’ਤੇ ਪ੍ਰਤੀਕਰਮ ਕਰਦੇ ਹੋਏ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਸਾਡੇ ਪ੍ਰਧਾਨ ਦੇ ਕਹੇ ਹੋਏ ਸ਼ਬਦ ਮੁਬਾਰਕ ਹੋਣ ਪਰ ਉਕਤ ਕੇਸਾਂ ਵਿੱਚ ਜਿਨ੍ਹਾਂ ਨੇ ਹੁਕਮਨਾਮੇ ਨਹੀਂ ਮੰਨੇ, ਕਦੀ ਉਨ੍ਹਾਂ ’ਤੇ ਵੀ ਪ੍ਰਧਾਨ ਸਾਹਿਬ ਦੇ ਕਹੇ ਹੋਏ ਸ਼ਬਦ ਪੂਰੇ ਢੁੱਕਣਗੇ ਜਾਂ ਨਹੀਂ? ਇਸ ਤੋਂ ਪਹਿਲਾਂ ਉਨ੍ਹਾਂ ਗੁਰਬਾਣੀ ਸਮਝਣ ਲਈ ਵਿਆਕਰਣ ਅਨੁਸਾਰ ਗੁਰਬਾਣੀ ਦੇ ਸ਼ੁੱਧ ਉਚਾਰਣ ’ਤੇ ਜ਼ੋਰ ਦਿੰਦਿਆਂ ਅਤੇ ਗੁਰਬਾਣੀ ’ਚੋਂ ਉਦਾਹਰਣਾਂ ਦਿੰਦਿਆਂ ਦੱਸਿਆ ਕਿ ਜੇਕਰ ਪਾਠ ਕਰਦੇ ਸਮੇਂ ਸਹੀ ਥਾਂ ਵਿਸਰਾਮ ਨਾ ਲਾਇਆ ਜਾਵੇ ਤਾਂ ਲੋੜ ਅਨੁਸਾਰ ਨਾਸਕੀ ਜਾਂ ਦੁੱਤ ਅੱਖਰਾਂ ਦਾ ਉਚਾਰਣ ਨਾ ਕੀਤਾ ਜਾਵੇ ਤਾਂ ਅਰਥਾਂ ਦੇ ਅਨਰਥ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਖੰਡ ਪਾਠਾਂ ਦੀਆਂ ਲੜੀਆਂ ਚਲਾਉਣ ਵਾਲੇ, ਸਿੱਖ ਨੂੰ ਗੁਰਬਾਣੀ ਦੀ ਵੀਚਾਰ ਨਾਲੋਂ ਕੱਟ ਰਹੇ ਹਨ। ਗੁਰਬਾਣੀ ਸੁਣ ਕੇ ਸੱਜਣ ਠੱਗ ਤਾਂ ਠੱਗੀ ਛੱਡ ਕੇ ‘ਸੱਜਣ’ ਬਣ ਗਿਆ ਪਰ ਇਹ ਇਕੋਤਰੀਆਂ ਕਰਨ ਵਾਲੇ, ਸੰਪਟ ਪਾਠ ਕਰਨ ਵਾਲੇ ਅੱਜ ਦੇ ਸੱਜਣ ਠੱਗਾਂ ਨੇ ਠੱਗੀਆਂ ਮਾਰਨ ਲਈ ਗੁਰਬਾਣੀ ਨੂੰ ਠੱਗੀ ਦਾ ਸਾਧਨ ਬਣਾ ਲਿਆ। ਭਾਈ ਪੰਥਪ੍ਰੀਤ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਗੁਰਬਾਣੀ ਖ਼ੁਦ ਅਰਥਾਂ ਸਹਿਤ ਧਿਆਨ ਨਾਲ ਪੜ੍ਹੋ ਤੇ ਇਨ੍ਹਾਂ ਠੱਗਾਂ ਤੋਂ ਬਚੋ, ਕਦੀ ਵੀ ਇਨ੍ਹਾਂ ਕੋਲੋਂ ਪੈਸੇ ਦੇ ਕੇ ਅਖੰਡ ਪਾਠ ਜਾਂ ਸੰਪਟ ਪਾਠ ਨਾ ਕਰਾਵੋ ਅਤੇ ਨਾ ਹੀ ਅਖੰਡ ਪਾਠਾਂ ਦੀਆਂ ਇਕੋਤਰੀਆਂ ਲਈ ਕਿਸੇ ਕੋਲ ਪੈਸੇ ਜਮ੍ਹਾਂ ਕਰਵਾਉ।