Subscription About Us Contact Us


ਵਿਕਾਊ-ਮਾਲ ਬਣੇ ਦਲਿਤ ਡੇਰੇਦਾਰਾਂ ਤੇ ਲੇਖਕਾਂ ਵੱਲੋਂ ਦਲਿਤ ਵਰਗ ਨੂੰ
ਸਿੱਖਾਂ ਤੋਂ ਦੂਰ ਕਰਨ ਲਈ ਇਕ ਹੋਰ ਕੋਝੀ ਹਰਕਤ

- ਸਰਬਜੀਤ ਸਿੰਘ -

ਬ੍ਰਾਹਮਣਵਾਦੀ ਏਜੰਟਾਂ ਵੱਲੋਂ ਜ਼ਾਹਿਰੀ ਤੌਰ ’ਤੇ ਧਰਮ ਤਬਦੀਲ ਕਰਕੇ ਦੂਜੇ ਧਰਮਾਂ ਦੇ ਪ੍ਰਚਾਰਕਾਂ/ ਬੁੱਧੀਜੀਵੀਆਂ ਦਾ ਰੂਪ ਧਾਰ ਲੈਣਾ ਜਾਂ ਫਿਰ ਇਨ੍ਹਾਂ ਧਰਮਾਂ ਦੇ ਪ੍ਰਚਾਰਕਾਂ/ਬੁੱਧੀਜੀਵੀਆਂ ਨੂੰ ਵੱਖ-ਵੱਖ ਲਾਲਚਾਂ ਰਾਹੀਂ ਖਰੀਦ ਲੈਣ ਦੀ ਨੀਤੀ ਸਦੀਆਂ ਪੁਰਾਣੀ ਹੈ। ਇਸੇ ਨੀਤੀ ਤਹਿਤ ਬ੍ਰਾਹਮਣਵਾਦੀ ਦੂਜੇ ਧਰਮਾਂ ਦੇ ਭੋਲੇ-ਭਾਲੇ ਲੋਕਾਂ ਨੂੰ, ਉਸੇ ਧਰਮ ਦੇ ਹਿਤੈਸ਼ੀ ਜਾਪਦੇ ਪ੍ਰਚਕਾਰਾਂ ਤੋਂ ਸਿਧਾਂਤਕ ਤੌਰ ’ਤੇ ਗੁੰਮਰਾਹ ਕਰਕੇ ਬ੍ਰਾਹਮਣਵਾਦ ਵਿਰੋਧੀ ਲਹਿਰ ਨੂੰ ਕਮਜ਼ੋਰ ਕਰਕੇ ਹੌਲੀ-ਹੌਲੀ ਖ਼ਤਮ ਕਰਵਾਉਂਦੇ ਰਹੇ ਹਨ। ਮੌਜੂਦਾ ਦੌਰ ਵਿੱਚ ਰਵਿਦਾਸੀਆ ਸਮਾਜ ਵਿੱਚ ‘ਸੰਤ’ ਅਤੇ ‘ਲੇਖਕ’ ਬਣ ਕੇ ਪ੍ਰਚਲਿਤ ਬਹੁਤ ਸਾਰੇ ਡੇਰੇਦਾਰ ਵੀ ਬ੍ਰਾਹਮਣਵਾਦੀਆਂ ਦੀ ਇਸੇ ਨੀਤੀ ਦੇ ਹੀ ਉਪਜ ਹਨ, ਜਿਨ੍ਹਾਂ ਨੇ ਆਪਣੇ ਆਕਾਵਾਂ ਦੇ ਮਨਸੂਬਿਆਂ ਨੂੰ ਅਮਲੀ ਰੂਪ ਦੇਣ ਲਈ ਪਿਛਲੇ ਦਿਨੀਂ ਰਵਿਦਾਸੀਆ ਸਮਾਜ ਨੂੰ ਸਿੱਖਾਂ ਤੋਂ ਇਕ ‘‘ਵੱਖਰਾ ਧਰਮ’’ ਐਲਾਨ ਦਿੱਤਾ ਹੈ।

ਭਗਤ ਰਵਿਦਾਸ ਜੀ ਦੇ ਕਥਿਤ ਨਵੇਂ ਗ੍ਰੰਥ ਦੇ ਨਾਂਅ ਤੇ ਸਿੱਖਾਂ ਵਿਚਕਾਰ ਵੰਡੀਆਂ ਪਾਉਣ ਦੀ ਸਾਜਿਸ਼ ਰਚ ਰਹੇ ਵਿਕਾਊ ਕਿਸਮ ਦੇ ਕੁਝ ਡੇਰੇਦਾਰ

ਅਜਿਹੇ ਵਿਕਾਊ ਕਿਸਮ ਦੇ ਪਖੰਡ ਸੰਤ ਅਤੇ ਲੇਖਕ ਪਹਿਲਾਂ ਵੀ ਸਿੱਖਾਂ ਨੂੰ ਜੱਟ, ਭਾਪੇ, ਖੱਤਰੀ ਆਦਿਕ ਵਿੱਚ ਵੰਡ ਕੇ ਅਤੇ ਇਨ੍ਹਾਂ ਤਬਕਿਆਂ ਦੇ ਲੋਕਾਂ ਦੀ ਸਿੱਖ ਸਮਾਜ ਵਿੱਚ ਸ਼ਾਮਲ ਕਥਿਤ ਨੀਵੀਂਆਂ ਜਾਤਾਂ ਦੇ ਲੋਕਾਂ ਪ੍ਰਤੀ ਵਿਤਕਰੇ ਵਾਲੀਆਂ ਕਾਰਵਾਈਆਂ ਬਾਰੇ ਜਜ਼ਬਾਤੀ ਕਿਸਮ ਦੇ ਪ੍ਰਵਚਨਾਂ / ਲੇਖਾਂ ਰਾਹੀਂ, ਦਲਿਤ ਕਹੇ ਜਾਂਦੇ ਵਰਗ ਨੂੰ ਸਿੱਖਾਂ ਤੋਂ ਅਲੱਗ-ਥਲੱਗ ਕਰਨ ਲਈ ਸਰਗਰਮ ਰਹੇ ਹਨ। ਦਲਿਤਾਂ ਵਿੱਚ ਜਾਗ੍ਰਿਤੀ ਦੇ ਨਾਂ ’ਤੇ ਪੰਜਾਬ ਵਿੱਚ ਚਲਾਏ ਜਾ ਰਹੇ ਬਹੁਤ ਸਾਰੇ ਰਵਿਦਾਸੀਆ ਡੇਰੇ ਅਸਲ ਵਿੱਚ ਦਲਿਤ ਵਰਗ ਨੂੰ ਸਿੱਖਾਂ ਨਾਲੋਂ ਤੋੜ ਕੇ ਬ੍ਰਾਹਮਣਵਾਦ ਰੂਪੀ ਅਜਗਰ ਦੀ ਖੁਰਾਕ ਬਣਾ ਰਿਹਾ ਹੈ। ਇਸ ਮਕਸਦ ਲਈ ਦਲਿਤ ਸਮਾਜ ਨੂੰ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਤੋਂ ਸੇਧ ਲੈ ਕੇ ਅਗਿਆਨਤਾ ਭਰਪੂਰ ਜ਼ਿੰਦਗੀ ਤੋਂ ਛੁਟਕਾਰਾ ਪਾਉਣ ਦੀ ਪ੍ਰੇਰਨਾ ਕਰਨ ਦੀ ਬਜਾਏ, ਉਨ੍ਹਾਂ ਨੂੰ ਭਗਤ ਰਵਿਦਾਸ ਜੀ ਦੀ ਸ਼ਖ਼ਸੀ ਪੂਜਾ ਨਾਲ ਜੋੜਨ ਦੀ ਇਕ ਮੱਕਾਰ ਨੀਤੀ ਅਪਣਾਈ ਗਈ। ਇਸ ਨੀਤੀ ਤਹਿਤ ਦਲਿਤਾਂ ਵਿੱਚ ਜਿਥੇ ਹੌਲੀ-ਹੌਲੀ ਗੁਰੂ ਸਾਹਿਬਾਨ ਪ੍ਰਤੀ ਸ਼ੰਕੇ ਉਪਜਾਏ ਗਏ (ਸਾਰੇ ਗੁਰੂਆਂ ਦਾ ਪਿਛੋਕੜ ਖੱਤਰੀ ਹਿੰਦੂਆਂ ਵਾਲਾ ਹੀ ਕਿਉਂ ਸੀ ਆਦਿਕ), ਉਥੇ ਦਲਿਤਾਂ ਨੂੰ ਭਗਤ ਰਵਿਦਾਸ ਜੀ ਦੀ ਪ੍ਰਮਾਣਿਕ ਬਾਣੀ ਤੋਂ ਸੇਧ ਲੈ ਕੇ ਗੁਣਾਂ ਦਾ ਵਿਕਾਸ ਕਰਨ ਦੀ ਬਜਾਏ, ਉਨ੍ਹਾਂ ਦੀ ਮੂਰਤੀ ਪੂਜਾ ਕਰਨ ਦੇ ਫੋਕੇ ਕਰਮ-ਕਾਂਡ ਵੱਲ ਉਤਸ਼ਾਹਿਤ ਕੀਤਾ ਗਿਆ। ਇਸਦੇ ਇਲਾਵਾ ਰਵਿਦਾਸੀਆ ਸਮਾਜ ਨੂੰ ਵੱਖ-ਵੱਖ ਡੇਰੇਦਾਰਾਂ ਦਾ ਪਿਛਲੱਗੁ ਬਣਾ ਕੇ ਉਨ੍ਹਾਂ ਦੇ ਸਿਆਸੀ ਤੇ ਧਾਰਮਕ ਸ਼ੋਸ਼ਣ ਦੇ ਇਲਾਵਾ,
(ਵਿਦੇਸ਼ਾਂ ਵਿੱਚ ਰਹਿੰਦੇ ਰੱਜੇ-ਪੁੱਜੇ ਰਵਿਦਾਸੀਆਂ ਕੋਲੋਂ) ਮਾਇਆ ਦੇ ਗੱਫੇ ਉਗਰਾਹ ਕੇ ਇਸ ਵਰਗ ਦਾ ਭਾਰੀ ਸ਼ੋਸ਼ਣ ਵੀ ਕੀਤਾ ਗਿਆ (ਤੇ ਹੁਣ ਵੀ ਕੀਤਾ ਜਾ ਰਿਹਾ ਹੈ)।

ਵਿਦੇਸ਼ਾਂ ਵਿੱਚ ਬੈਠੇ ਦਲਿਤਾਂ ਵੱਲੋਂ ਮਦਦ ਦੇ ਤੌਰ ’ਤੇ ਦਿੱਤੇ ਗਏ ਪੈਸੇ ਨੂੰ ਦਲਿਤ ਵਰਗ ਦੇ ਵਿਦਿਆਰਥੀਆਂ ਦੀ ਸਿੱਖਿਆ ਜਾਂ ਅਤਿ ਗਰੀਬ ਦਲਿਤਾਂ ਦੀ ਸਮਾਜ ਭਲਾਈ ਦੇ ਕਾਰਜਾਂ ’ਤੇ ਲਗਾਉਣ ਦੀ ਬਜਾਏ (ਕੁਝ ਦਿਖਾਵੇ ਵਾਲੇ ਪ੍ਰਾਜੈਕਟਾਂ ਨੂੰ ਛੱਡ ਕੇ) ਡੇਰੇਦਾਰਾਂ ਦੀ ਅਤਿ ਸ਼ਾਨੋ-ਸ਼ੌਕਤ ਵਾਲੇ ਲਾਈਫ਼-ਸਟਾਈਲ ਨੂੰ ਬਣਾਈ ਰੱਖਣ, ਆਲੀਸ਼ਾਨ ਡੇਰੇ ਉਸਾਰਨ ਅਤੇ ਪੜ੍ਹੇ-ਲਿਖੇ ਦਲਿਤ ਲੇਖਕਾਂ/ਪ੍ਰਚਾਰਕਾਂ ਨੂੰ ਖਰੀਦ ਕੇ ਆਪਣੀ ਨੀਤੀ (ਦਲਿਤਾਂ ਵਿੱਚ ਸਿੱਖਾਂ ਪ੍ਰਤੀ ਨਫ਼ਰਤ ਪੈਦਾ ਕਰਨ) ਵਾਲੇ ਲੇਖ/ਲੈਕਚਰ ਤਿਆਰ ਕਰਵਾਉਣ ਲਈ ਵਰਤਿਆ ਗਿਆ। ਇਨ੍ਹਾਂ ਲੇਖਾਂ/ਲੈਕਚਰਾਂ ਦਾ ਸਾਰ ਇਹ ਹੁੰਦਾ ਹੈ ਕਿ ਸਿੱਖਾਂ ਦੇ ਸਾਰੇ ਵਰਗਾਂ ਦੇ ਲੋਕ (ਕਥਿਤ ਜੱਟ, ਭਾਪੇ, ਖੱਤਰੀ) ਰਵਿਦਾਸੀਆਂ ਉੱਤੇ ਬਹੁਤ ਜ਼ੁਲਮ ਕਰਦੇ ਹਨ ਅਤੇ ਆਪਣੀ ‘ਅਜ਼ਾਦੀ’ ਲਈ ਦਲਿਤਾਂ / ਰਵਿਦਾਸੀਆਂ ਨੂੰ ਇਨ੍ਹਾਂ ਤੋਂ ਸਦੀਵੀ ਖਹਿੜਾ ਛੁਡਾ ਲੈਣਾ ਚਾਹੀਦਾ ਹੈ।

ਇਥੇ ਇਹ ਧਿਆਨ ਦੇਣ ਯੋਗ ਤੱਥ ਹੈ ਕਿ ਸਿਰਫ਼ ਜੱਟ ਜਾਂ ਭਾਪੇ ਹੀ ਨਹੀਂ, ਕਿਸੇ ਵੀ ਧਰਮ ਨਾਲ ਸਬੰਧਿਤ ਪੈਸੇ ਜਾਂ ਜਮੀਨ-ਜਾਇਦਾਦ ਦੀ ਬਹੁਤਾਤ ਵਾਲਾ ਉਹ ਵਿਅਕਤੀ ਜੋ ਧਾਰਮਕ ਅਸੂਲਾਂ ’ਤੇ ਪਕਿਆਈ ਨਾਲ ਚੱਲ ਕੇ ਖ਼ੁਦ ਨੂੰ ਹਉਮੈ-ਰਹਿਤ ਰੱਖਣ ਲਈ ਯਤਨਸ਼ੀਲ ਨਹੀਂ ਹੁੰਦਾ, ਘਮੰਡ ਦਾ ਸ਼ਿਕਾਰ ਹੋ ਜਾਂਦਾ ਹੈ। ਅਜਿਹਾ ਵਿਅਕਤੀ ਆਰਥਕ ਤੌਰ ’ਤੇ ਕਮਜ਼ੋਰ ਲੋਕਾਂ ਨੂੰ ਹਿਕਾਰਤ ਦੀ ਨਿਗਾਹ ਨਾਲ ਵੇਖਦਾ ਹੈ ਅਤੇ ਖ਼ੁਦ ਨੂੰ ਬਹੁਤਾ ਸਿਆਣਾ ਜਾਂ ਵੱਡਾ ਸਮਝਦਾ ਹੈ। ਹਰੀ ਕ੍ਰਾਂਤੀ ਦੌਰਾਨ ਖੇਤੀ ਉਪਜ ਵਿੱਚ ਕਾਫੀ ਵਾਧਾ ਹੋਣ, ਉਪਜਾਊ ਜ਼ਮੀਨ ਅਤੇ ਸਿੰਚਾਈ ਲਈ ਲੋੜੀਂਦਾ ਪਾਣੀ ਉਪਲਬਧ ਹੋਣ ਅਤੇ ਕਿਸਾਨੀ ਖੇਤਰ ਨੂੰ ਸਰਕਾਰ ਵੱਲੋਂ ਪਹਿਲਾਂ ਕਾਫੀ ਸਬਸਿਡੀ ਦਿੱਤੇ ਜਾਂਦੇ ਰਹਿਣ ਕਾਰਨ ਪੰਜਾਬ ਦੇ ਕਿਸਾਨਾਂ ਦੀ ਆਰਥਕ ਦਸ਼ਾ ਕਾਫੀ ਸੁਧਰ ਗਈ ਸੀ। ਇਸਦੇ ਇਲਾਵਾ, ਕਿਸਾਨ ਪਰਵਾਰਾਂ ਦੇ ਨੌਜੁਆਨਾਂ ਵੱਲੋਂ ਵਿਦੇਸ਼ਾਂ ਵਿੱਚ ਜਾ ਕੇ ਵੱਖ-ਵੱਖ ਕਿੱਤਿਆਂ ਰਾਹੀਂ ਭਾਰਤੀ ਮੁਦਰਾ ਵਿੱਚ ਮੋਟੀ ਕਮਾਈ ਕਰਨ ਕਾਰਨ ਵੀ ਪੰਜਾਬ ਦੇ ਕਿਸਾਨ ਆਰਥਕ ਤੌਰ ’ਤੇ ਮਜਬੂਤ ਹੋ ਗਏ ਸਨ। ਪਰ ਸ਼੍ਰੋਮਣੀ ਕਮੇਟੀ ਤੋਂ ਲੈ ਕੇ ਸਥਾਨਕ ਗੁਰਦੁਆਰਾ ਕਮੇਟੀਆਂ ਵੱਲੋਂ ਗੁਰਮਤਿ ਅਸੂਲਾਂ ਦਾ ਪ੍ਰਚਾਰ ਕਰਨ ਲਈ ਕੋਈ ਕਦਮ ਨਾ ਚੁੱਕਣ ਅਤੇ ਸਰਕਾਰੀ ਏਜੰਸੀਆਂ ਦੇ ਏਜੰਟਾਂ ਰੂਪੀ ਡੇਰੇਦਾਰਾਂ ਵੱਲੋਂ ਬ੍ਰਾਹਮਣਵਾਦੀ ਕਰਮ-ਕਾਂਡਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਦੇ ਤੌਰ ’ਤੇ ਪ੍ਰਚਾਰਨ ਕਾਰਨ ਪੰਜਾਬ ਦੇ ਬਹੁਤੇ ਸਿੱਖ, ਖ਼ਾਸਕਰ ਪਿੰਡਾਂ ਵਿੱਚ ਰਹਿਣ ਵਾਲੇ ਲੋਕ, ਜਿਹੜੇ ਸਿੱਖ ਅਖ਼ਬਾਰਾਂ, ਮੈਗਜ਼ੀਨਾਂ, ਇੰਟਰਨੈੱਟ ਆਦਿ ਸੰਚਾਰ ਸਾਧਨਾਂ ਦੀ ਬਹੁਤ ਸੀਮਤ ਜਾਂ ਸਿਫ਼ਰ ਵਰਤੋਂ ਕਰਦੇ ਹਨ, ਗੁਰਮਤਿ ਅਸੂਲਾਂ ਤੋਂ ਬਿਲਕੁਲ ਕੋਰੇ ਹੋ ਕੇ ਕੇਸਾਧਾਰੀ ਹਿੰਦੂਆਂ ਵਿੱਚ ਤਬਦੀਲ ਹੁੰਦੇ ਗਏ। ਆਰ.ਐਸ.ਐਸ. ਅਤੇ ਹਿੰਦੀ-ਪੰਜਾਬੀ ਫਿਲਮਾਂ/ਟੀ.ਵੀ. ਸੀਰੀਅਲਾਂ ਦੇ ਨਿਰਮਾਤਾਵਾਂ ਦੀ ਸੋਚੀ ਸਮਝੀ ਨੀਤੀ ਤਹਿਤ ਕੀਤੇ ਗਏ ਪ੍ਰਚਾਰ ਨੇ ਪਿਛਲੇ ਦੋ-ਢਾਈ ਦਹਾਕਿਆਂ ਵਿੱਚ ਸਿੱਖ ਅਖਵਾਉਣ ਵਾਲੇ ਅਜਿਹੇ ਲੋਕਾਂ ਦੇ ਮਨਾਂ ਵਿੱਚ ਕੇਸਾਂ ਦੇ ਇਕ ‘‘ਫਾਲਤੂ’’ ਸ਼ੈਅ ਹੋਣ ਦਾ ਪ੍ਰਭਾਵ ਪਾ ਕੇ ਇਨ੍ਹਾਂ ਨੂੰ ਕੇਸਾਂ ਤੋਂ ਰਹਿਤ ਕਰ ਦਿੱਤਾ ਹੈ ਅਤੇ ਅੱਜ ਪੰਜਾਬ ਵਿੱਚ ਸਾਬਤ-ਸੂਰਤ ਸਿੱਖ ਨੌਜੁਆਨ ਲੱਭਣਾ ਔਖਾ ਹੋ ਜਾਂਦਾ ਹੈ।

ਉਕਤ ਜ਼ਿਕਰ ਕੀਤਾ ਸਾਰਾ ਵਰਤਾਰਾ ਸਪਸ਼ਟ ਕਰਦਾ ਹੈ ਕਿ ਸਿੱਖ ਸਮਾਜ ਨਾਲ ਸਬੰਧਿਤ ਔਸਤ ਵਿਅਕਤੀ ਨੂੰ ਗੁਰਮਤਿ ਦੇ ਅਸੂਲਾਂ ਦੀ ਕੋਈ ਜਾਣਕਾਰੀ ਨਹੀਂ - ਇਨ੍ਹਾਂ ਅਸੂਲਾਂ ਦੇ ਧਾਰਨੀ ਹੋਣਾ ਤਾਂ ਬੜੀ ਦੂਰ ਦੀ ਗੱਲ ਹੈ। ਇਸਲਈ ਸਿੱਖ ਅਖਵਾਉਣ ਵਾਲੇ ਲੋਕ ਵੀ ਹੋਰਨਾਂ ਧਰਮਾਂ ਦੇ ਲੋਕਾਂ ਵਾਂਗ ਹਉਮੈ, ਈਰਖਾ, ਫੈਸ਼ਨਪ੍ਰਸਤੀ, ਲਾਲਚ, ਅਨੈਤਿਕਤਾ ਆਦਿਕ ਵਿਕਾਰਾਂ ਤੋਂ ਗ੍ਰਸੇ ਹੋਏ ਨਜ਼ਰ ਆਉਂਦੇ ਹਨ। ਇਹੀ ਕਾਰਨ ਹੈ ਕਿ ਪਿੰਡਾਂ ਦੇ ਆਰਥਕ ਪੱਖੋਂ ਰੱਜੇ-ਪੁੱਜੇ ਲੋਕ, ਅਕਸਰ ਆਰਥਕ ਪੱਖੋਂ ਕਮਜ਼ੋਰ ਲੋਕਾਂ (ਖ਼ਾਸਕਰ ਜਿਹੜੇ ਆਪਣੇ ਗੁਜ਼ਰ-ਬਸਰ ਲਈ ਉਨ੍ਹਾਂ ਦੀ ਜ਼ਮੀਨ / ਵਪਾਰ ’ਤੇ ਨਿਰਭਰ ਹੋਣ) ਨੂੰ ਹਿਕਾਰਤ ਦੀ ਨਿਗਾਹ ਨਾਲ ਵੇਖਦੇ ਹਨ। ਇਸੇ ਕਾਰਨ ਆਮ ਤੌਰ ਤੇ ਆਰਥਕ ਪੱਖੋਂ ਠੀਕ-ਠਾਕ (ਘੱਟੋ-ਘੱਟ ਜ਼ਾਹਿਰੀ ਤੌਰ ’ਤੇ) ਪ੍ਰਤੀਤ ਹੁੰਦੇ ‘ਜੱਟ’ (ਕਿਸਾਨ) ਤਬਕੇ ਦੇ ਲੋਕ ਅਕਸਰ ਆਪਣੇ ਦਿਖਾਵੇ ਵਾਲੀ ਜੀਵਨ-ਸ਼ੈਲੀ ਕਾਰਨ ਪਿੰਡ ਦੇ ਕੰਮੀ ਵਰਗਾਂ ਨੂੰ, ਜੋ ਅਕਸਰ ਉਨ੍ਹਾਂ ਦੇ ਹੀ ਖੇਤਾਂ ਵਿੱਚ ਕੰਮ ਕਰਦੇ ਹਨ ‘ਨੀਵੇਂ ਪੱਧਰ’ ਦੇ ਲੋਕ ਸਮਝਦੇ ਹਨ। ਜੱਟਾਂ ਦੀ ਇਹ ਮਾਨਸਿਕਤਾ ਹੀ ਉਨ੍ਹਾਂ ਵੱਲੋਂ ਝੀਰ, ਚਮਾਰ / ਰਵਿਦਾਸੀਆ, ਚੂਹੜੇ ਆਦਿਕ ਵਰਗਾਂ ਦੇ ਲੋਕਾਂ ’ਤੇ ਧੌਂਸ ਜਮਾਉਣ ਲਈ ਉਕਸਾਉਂਦੀ ਰਹੀ ਹੈ।

ਮੌਜੂਦਾ ਸਮੇਂ ਵਿੱਚ ਇਸ ਕਥਿਤ ਨੀਵੇਂ ਵਰਗ ਦੇ ਲੋਕਾਂ ਵੱਲੋਂ ਵੀ ਵੱਡੀ ਗਿਣਤੀ ਵਿੱਚ ਯੂਰਪ ਅਤੇ ਅਮਰੀਕਾ ਆਦਿਕ ਦੇਸ਼ਾਂ ਵਿੱਚ ਸਥਾਪਿਤ ਹੋ ਜਾਣ ਕਾਰਨ, ਇਨ੍ਹਾਂ ਦੀ ਆਰਥਕ ਦਸ਼ਾ ਵਿੱਚ ਵੀ ਕਾਫ਼ੀ ਸੁਧਾਰ ਹੋਇਆ ਹੈ। ਇਸਲਈ ਖ਼ੁਦ ਨੂੰ ਇਨ੍ਹਾਂ ਵਰਗਾਂ ਦਾ ਮਾਲਕ ਸਮਝਦੇ ਰਹੇ ਜੱਟ ਵਰਗ ਦੇ ਇਕ ਹਿੱਸੇ ਵਿੱਚ ਥੋੜੀ ਮਾਯੂਸੀ ਦੀ ਭਾਵਨਾ ਮਹਿਸੂਸ ਕੀਤੀ ਜਾ ਸਕਦੀ ਹੈ। ਪਰ ਜੱਟਾਂ ਜਾਂ ਰਵਿਦਾਸੀਆਂ ਤੋਂ ਉੱਪਰਲੇ ਦਰਜੇ ਦੇ ਸਮਝੇ ਜਾਂਦੇ ਕਿਸੇ ਵਰਗ ਦੇ ਲੋਕਾਂ ਦੇ ਅਜਿਹੇ ਵਤੀਰਾ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਤੇ ਅਧਾਰਿਤ ਨਹੀਂ, ਬਲਕਿ ਉਨ੍ਹਾਂ ਦੇ ਉਪਦੇਸ਼ਾਂ ਦੇ ਐਨ ਉਲਟ ਹੈ - ਇਸ ਤੱਥ ਤੋਂ ਤਾਂ ਦਲਿਤ ਪ੍ਰਚਾਰਕ / ਲੇਖਕ ਵੀ ਇਨਕਾਰ ਨਹੀਂ ਕਰ ਸਕਦੇ। ਇਸਲਈ ਸਿੱਖ ਸਮਾਜ ਵਿੱਚ ਕਾਇਮ ਜਾਤ-ਪਾਤ ਪ੍ਰਾਣਲੀ ਦੇ ਪ੍ਰਭਾਵ ਨੂੰ ਦੂਰ ਕਰਨ ਦਾ ਅਸਲ ਤਰੀਕਾ ਤਾਂ ਇਹ ਹੈ ਕਿ ਹਰ ਸਿੱਖ ਅਤੇ ਗੈਰ-ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਦੇ ਸੱਚ-ਸੁੱਚੇ ਉਪਦੇਸ਼ਾਂ ਤੋਂ ਜਾਣੂ ਕਰਵਾ ਕੇ ਬ੍ਰਾਹਮਣਵਾਦ ਤੋਂ ਮੁਕਤ ਹੋਣ ਲਈ ਪ੍ਰੇਰਿਆ ਜਾਵੇ। ਪਰ ਦਲਿਤਾਂ ਦੀ ਜਾਗ੍ਰਿਤੀ ਦੇ ਠੇਕੇਦਾਰ ਬਣੇ ਲੋਕ, ਇਸ ਵਰਤਾਰੇ ਦੇ ਪਿਛੋਕੜ ਤੇ ਸਮਾਧਾਨ ਬਾਰੇ ਦਲਿਤਾਂ ਨੂੰ ਜਾਣਕਾਰੀ ਦੇਣ ਦੀ ਬਜਾਏ, ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਕਰਨ ਲਈ ਮੂਰਤੀ ਪੂਜਾ ਤੇ ਜਾਤ-ਪਾਤ ਅਧਾਰਿਤ ਨਫ਼ਰਤ ਨੂੰ ਹੋਰ ਪ੍ਰਚੰਡ (ਕਥਿਤ ਜੱਟਾਂ, ਭਾਪਿਆਂ ਆਦਿਕ ਨਾਲ ਨਫ਼ਰਤ) ਕਰਨ ਦੀ ਰਾਹ ਤੇ ਤੋਰ ਦਿੰਦੇ ਹਨ।

ਇਹ ਵੀ ਧਿਆਨ ਦੇਣ ਯੋਗ ਤੱਥ ਹੈ ਕਿ ਜਾਤ-ਪਾਤ ਦੇ ਮਸਲੇ ’ਤੇ ਬ੍ਰਾਹਮਣਵਾਦੀ ਪ੍ਰਭਾਵ ਕਬੂਲਨ ਦੇ ਬਾਵਜੂਦ, ਨਾ ਤਾਂ ਪਹਿਲਾਂ ਕਦੇ ਅਤੇ ਨਾ ਹੀ ਮੌਜੂਦਾ ਸਮੇਂ ਵਿੱਚ ਪੰਜਾਬ ਦੇ ਸਾਰੇ ਜੱਟ (ਜਾਂ ਰਵਿਦਾਸੀਆ ਵਰਗ ਤੋਂ ਉਚੇਰੇ ਦਰਜੇ ਦੇ ਸਮਝੇ ਜਾਂਦੇ ਹੋਰਨਾਂ ਵਰਗਾਂ ਦੇ ਲੋਕ) ਅਮਲੀ ਤੌਰ ’ਤੇ ਯੂ.ਪੀ., ਬਿਹਾਰ ਦੇ ਬ੍ਰਾਹਮਣਵਾਦੀਆਂ ਵਾਂਗ ਇਨ੍ਹਾਂ ਕਥਿਤ ਨੀਵੇਂ ਦਰਜੇ ਦੇ ਲੋਕਾਂ ਦਾ ਸ਼ੋਸ਼ਣ ਨਹੀਂ ਕਰਦੇ ਅਤੇ ਨਾ ਹੀ ਕੋਈ ਯੋਜਨਾਬੱਧ ਹਿੰਸਕ ਮੁਹਿੰਮ ਚਲਾਉਣ ਦੇ ਇੱਛੁਕ ਹਨ। ਯੂ.ਪੀ., ਬਿਹਾਰ ਆਦਿ ਸੂਬਿਆਂ ਦੇ ਉੱਚ ਜਾਤੀਏ ਹਿੰਦੂਆਂ ਵੱਲੋਂ ਦਲਿਤਾਂ ਦੀ ਮਾਰ-ਕੁਟਾਈ ਕਰਨਾ, ਉਨ੍ਹਾਂ ਦੀਆਂ ਲੱਤਾਂ-ਬਾਹਾਂ ਤੋੜ ਦੇਣਾ, ਕਿਸੇ ਨੂੰ ਅੰਨ੍ਹਾ ਕਰ ਦੇਣਾ, ਕਿਸੇ ਨੂੰ ਜਾਨੋਂ ਮਾਰ ਦੇਣਾ ਅਤੇ ਦਲਿਤ ਔਰਤਾਂ ਨਾਲ ਬਲਾਤਕਾਰ ਕਰਨ ਜਾਂ ਉਨ੍ਹਾਂ ਨੂੰ ਨੰਗਿਆਂ ਪਿੰਡ ਵਿੱਚ ਘੁਮਾਉਣ ਆਦਿਕ ਦੀਆਂ ਘਟਨਾਵਾਂ ਆਮ ਜਿਹੀਆਂ ਹਨ - ਇਹ ਗੱਲ ਅਲੱਗ ਹੈ ਕਿ ਭਾਰਤੀ ਬ੍ਰਾਹਮਣਵਾਦੀ ਮੀਡੀਆ ਅਜਿਹੀਆਂ ਖ਼ਬਰਾਂ ਨੂੰ ਦਬਾਉਣ ਦੀ ਹੀ ਕੋਸ਼ਿਸ਼ ਕਰਦਾ ਹੈ। ਪਰ ਪੰਜਾਬ ਦੇ ਕਥਿਤ ਉੱਚ ਜਾਤੀਏ ਜੱਟਾਂ ਵੱਲੋਂ ਦਲਿਤਾਂ ਨਾਲ ਵਿਤਕਰਾ ਆਮ ਤੌਰ ਤੇ ਉਨ੍ਹਾਂ ’ਤੇ ਰੋਅਬ ਜਮਾਉਣ, ਗੁਰਦੁਆਰਾ ਕਮੇਟੀਆਂ ਵਿੱਚ ਪ੍ਰਬੰਧਕ ਨਾ ਬਣਾਉਣ ਜਾਂ ਗੁਰਦੁਆਰਿਆਂ ਦੀਆਂ ਹੋਰਨਾਂ ‘ਸੇਵਾਵਾਂ’ ਵਿੱਚ ਹਿੱਸਾ ਨਾ ਲੈਣ ਦੇਣ ਆਦਿਕ ਤੱਕ ਸੀਮਤ ਰਹਿੰਦਾ ਹੈ। ਇਸਲਈ ਦਲਿਤ ਲੇਖਕਾਂ/ਡੇਰੇਦਾਰਾਂ ਵੱਲੋਂ ਰਵਿਦਾਸੀਆ ਵਰਗ ਨੂੰ ਬ੍ਰਾਹਮਣਵਾਦੀਆਂ ਖਿਲਾਫ਼ ਲਾਮਬੰਦ ਕਰਨ ਅਤੇ ਹੋਰਨਾਂ ਵਰਗਾਂ ਨੂੰ ਜਾਤ-ਪਾਤ ਦੀ ਮਾੜੀ ਪ੍ਰਣਾਲੀ ਤਿਆਗਣ ਦੀ ਪ੍ਰੇਰਣਾ ਕਰਨ ਦੀ ਬਜਾਏ, ਆਪਸੀ ਨਫ਼ਰਤ ਨੂੰ ਹਵਾ ਦੇ ਕੇ, ਦਲਿਤਾਂ ਦਾ ਬਹੁਤ ਜ਼ਿਆਦਾ ਸਿਆਸੀ ਸ਼ੋਸ਼ਣ ਕੀਤਾ ਜਾਂਦਾ ਰਿਹਾ ਹੈ।

ਇਸਦੇ ਇਲਾਵਾ, ਬ੍ਰਾਹਮਣਵਾਦੀਆਂ ਦੇ ਪਿੱਠੂ ਬਣ ਚੁੱਕੇ ਅਜਿਹੇ ਅਖੌਤੀ ਵਿਦਵਾਨ ਅਤੇ ਇਨ੍ਹਾਂ ਦੀ ਨਸਲ ਦੇ ਡੇਰੇਦਾਰ ਦਲਿਤਾਂ ਨੂੰ ਸਿੱਖਾਂ ਖਿਲਾਫ਼ ਭੜਕਾਉਣ ਲਈ ਪ੍ਰਚਾਰ ਕਰਦੇ ਹਨ ਕਿ ਸਿੱਖ (ਜਾਂ ਜੱਟ) ਰਵਿਦਾਸ ਜੀ ਨੂੰ ਗੁਰੂ ਦੀ ਬਜਾਏ ਭਗਤ ਇਸ ਵਾਸਤੇ ਕਹਿੰਦੇ ਹਨ ਕਿਉਂਕਿ ਰਵਿਦਾਸ ਜੀ ਕਥਿਤ ਨੀਵੀਂ ‘ਚਮਾਰ’ ਜਾਤ ਨਾਲ ਸਬੰਧਿਤ ਸਨ। ਪਰ ਬ੍ਰਾਹਮਣਵਾਦੀਆਂ ਦੇ ਇਹ ਟੁਕੜਬੋਚ ਦਲਿਤਾਂ ਨੂੰ ਇਹ ਨਹੀਂ ਦੱਸਦੇ ਕਿ ਇਨ੍ਹਾਂ ਮਹਾਂਪੁਰਖਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਵਿੱਚ ‘ਭਗਤ’ ਵਿਸ਼ੇਸ਼ਣ ਦਾ ਹੀ ਉਪਯੋਗ ਕੀਤਾ ਗਿਆ ਹੈ। ਇਸਦੇ ਇਲਾਵਾ, ਸਿਰਫ਼ ਰਵਿਦਾਸ ਜੀ ਨੂੰ ਹੀ ਨਹੀਂ ਬਲਕਿ ਧੰਨਾ ਜੀ, ਜੋ ਜੱਟ ਵਰਗ ਨਾਲ ਹੀ ਸਬੰਧਿਤ ਦੱਸੇ ਜਾਂਦੇ ਹਨ, ਜਾਂ ਤ੍ਰਿਲੋਚਨ ਜੀ (ਜੋ ਬ੍ਰਾਹਮਣ ਵਰਗ ਨਾਲ ਸਬੰਧਿਤ ਸਨ) ਨੂੰ ਵੀ ਭਗਤ ਹੀ ਕਿਹਾ ਜਾਂਦਾ ਹੈ - ਗੁਰੂ ਨਹੀਂ। ਅਜਿਹੇ ਝੂਠੇ ਪ੍ਰਚਾਰ ਦਾ ਮਕਸਦ ਵੀ ਸਿੱਖ ਸਮਾਜ ਵਿੱਚ ਸ਼ਾਮਲ ਦਲਿਤ ਵਰਗ ਨੂੰ ਵੱਖਰਾ ਕਰਕੇ ਮੁੜ ਤੋਂ ਬ੍ਰਾਹਮਣਵਾਦ ਦੀ ਦਲਦਲ ਵਿੱਚ ਫਸਵਾ ਦੇਣਾ ਹੀ ਹੈ।

ਕੁਝ ਹੋਰ ਅਖੌਤੀ ਦਲਿਤ ਲੇਖਕ ਭਗਤ ਗੁਰੂ ਨਾਨਕ ਸਾਹਿਬ ਨੂੰ ਭਗਤ ਰਵਿਦਾਸ ਦਾ ਚੇਲਾ ਅਤੇ ਭਗਤ ਰਵਿਦਾਸ ਜੀ ਨੂੰ ਬੁੱਧ ਧਰਮ ਦੇ ਪ੍ਰਚਾਰਕ ਦੱਸਦੇ ਹਨ। ਇਸ ਤਰ੍ਹਾਂ, ਅਜਿਹੇ ਲੇਖਕ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦੇ ਹਨ ਕਿ ਗੁਰੂ ਨਾਨਕ ਸਾਹਿਬ ਵੀ ਅਸਲ ਵਿੱਚ ਬੋਧੀ ਹੀ ਸਨ। ਅਜਿਹੀਆਂ ਬੇਸਿਰ-ਪੈਰ ਦੀਆਂ ਕਹਾਣੀਆਂ ਨੂੰ ਭਾਵੇਂ ਮੌਜੂਦਾ ਸਮੇਂ ਵਿੱਚ ਬਹੁਤੀ ਗੰਭੀਰਤਾ ਨਾਲ ਨਾ ਲਿਆ ਜਾਂਦਾ ਹੋਵੇ, ਪਰ ‘‘ਬਾਰ-ਬਾਰ ਦੁਹਾਰਉਣ ਨਾਲ ਝੂਠ ਵੀ ਸੱਚ ਲੱਗਣ ਲੱਗ ਪੈਂਦਾ ਹੈ’’ ਦੀ ਕਹਾਵਤ ਮੁਤਾਬਿਕ ਲੰਬੇ ਸਮੇਂ ਵਿੱਚ ਅਜਿਹਾ ਪ੍ਰਚਾਰ ਸਿੱਖਾਂ ਤੇ ਬੋਧੀਆਂ ਵਿਚਕਾਰ ਟਕਰਾਅ ਪੈਦਾ ਕਰਨ ਦੇ ਇਲਾਵਾ ਸਿੱਖਾਂ ਦੀ ਨਵੀਂ ਪਨੀਰੀ ਨੂੰ ਹੋਰ ਵਧੇਰੇ ਸੰਸਿਆਂ ਵਿੱਚ ਫਸਾ ਸਕਦਾ ਹੈ। ਇਸਦੇ ਇਲਾਵਾ, ਲਿਖਤਾਂ ਵਿੱਚ ਤਾਂ ਨਹੀਂ, ਪਰ ਜ਼ੁਬਾਨੀ-ਜ਼ੁਬਾਨੀ ਕਈ ਵਾਰ ਇਹ ਸਵਾਲ ਵੀ ਖੜਾ ਕੀਤਾ ਜਾਂਦਾ ਹੈ ਕਿ ਸਿੱਖਾਂ ਦੇ ਸਾਰੇ ਗੁਰੂਆਂ ਦਾ ਪਿਛੋਕੜ ਹਿੰਦੂਆਂ ਦੇ ਉੱਚੇ ਵਰਗ (ਖੱਤਰੀ) ਨਾਲ ਹੀ ਕਿਉਂ ਸੀ। (ਕਿਉਂ ਦਾ ਜਵਾਬ ਦੇਣਾ ਤਾਂ ਬਹੁਤ ਔਖਾ ਹੈ ਪਰ ਧਿਆਨ ਦੇਣ ਯੋਗ ਤੱਥ ਇਹ ਹੈ ਕਿ ਕਿਸੇ ਵੀ ਗੁਰੂ ਵਿਅਕਤੀ ਨੇ ਜਾਤ-ਪਾਤੀ ਪ੍ਰਣਾਲੀ ਦਾ ਸਮਰਥਨ ਨਹੀਂ ਕੀਤਾ, ਬਲਕਿ ਆਪਣੇ ਉਪਦੇਸ਼ਾਂ ਅਤੇ ਅਮਲੀ ਜੀਵਨ ਰਾਹੀਂ ਇਸਦਾ ਭਰਪੂਰ ਖੰਡਨ ਕੀਤਾ। ਇਹ ਧਿਆਨ ਦੇਣ ਯੋਗ ਨੁਕਤਾ ਹੈ ਕਿ ਜਿਵੇਂ ਕੋਈ ਵਿਅਕਤੀ ਸਿਰਫ਼ ਦਲਿਤ ਪਰਵਾਰ ਵਿੱਚ ਜਨਮ ਲੈ ਕੇ ਹੀ ਨੀਵਾਂ ਜਾਂ ਮਾੜਾ ਨਹੀਂ ਬਣ ਜਾਂਦਾ, ਉਸੇ ਤਰ੍ਹਾਂ ਸਿਰਫ਼ ਖੱਤਰੀ ਜਾਂ ਕਿਸੇ ਹੋਰ ਵਰਗ ਨਾਲ ਸਬੰਧਿਤ ਵਿਅਕਤੀ ਨੂੰ ਵੀ ਸਿਰਫ਼ ਉਸਦੀ ‘ਜਾਤ’ ਦੇ ਅਧਾਰ ’ਤੇ ਹੀ ਨਹੀਂ ਨਿੰਦਿਆ ਜਾਣਾ ਚਾਹੀਦਾ। ਇਨਸਾਨ ਦੀ ਜਾਤ ਨਹੀਂ ਬਲਕਿ ਉਸਦੇ ਕਰਮ ਅਤੇ ਵਿਚਾਰਧਾਰਾ ਹੀ ਉਸਦੇ ਚੰਗੇ ਜਾਂ ਮਾੜੇ ਸੁਭਾਅ ਨੂੰ ਦਰਸਾਉਂਦੇ ਹਨ।)

ਉਕਤ ਜ਼ਿਕਰ ਕੀਤੇ ਗਏ ਝੂਠੇ ਪ੍ਰਾਪੇਗੰਡਾ ਰਾਹੀਂ ਦਲਿਤ ਬੁੱਧੀਜੀਵੀਆਂ/ਡੇਰੇਦਾਰਾਂ ਨੇ ਪਹਿਲਾਂ ਹੀ ਭਗਤ ਕਬੀਰ ਜੀ ਦੇ ਸ਼ਰਧਾਲੂਆਂ ਨੂੰ (ਕਬੀਰ ਜੀ ਦੇ ਨਾਂਅ ’ਤੇ ਅਲੱਗ ਧਰਮ ਬਣਵਾ ਕੇ) ਸਿੱਖ ਧਰਮ ਤੋਂ ਕੋਹਾਂ ਦੂਰ ਕਰਵਾ ਦਿੱਤਾ ਹੈ। ਇਸੇ ਤਰ੍ਹਾਂ, ਰਾਮਗੜ੍ਹੀਆ ਵਰਗ ਦੇ ਸਿੱਖਾਂ ਨੂੰ ਵੀ ਹੌਲੀ-ਹੌਲੀ ਸਿੱਖੀ ਤੋਂ ਦੂਰ ਲਿਜਾ ਕੇ ਉਨ੍ਹਾਂ ਨੂੰ ਵਿਸ਼ਵਕਰਮਾ ਨਾਂ ਦੇ ਬ੍ਰਾਹਮਦਵਾਦੀ ਦੇਵਤੇ ਦੀ ਪੂਜਾ ਵਿੱਚ ਲਿਪਤ ਕੀਤਾ ਜਾ ਰਿਹਾ ਹੈ ਅਤੇ ਰਾਮਗੜ੍ਹੀਆਂ ਦਾ ਸਬੰਧ ਗੁਰੂ ਨਾਨਕ ਸਾਹਿਬ ਦੀ ਬਜਾਏ ਵਿਸ਼ਵਕਰਮਾ ਨਾਲ ਜੋੜਿਆ ਜਾ ਰਿਹਾ ਹੈ, ਜਿਸ ਦੇ ਪ੍ਰਭਾਵ ਕਾਰਨ ਹੁਣ ਰਾਮਗੜ੍ਹੀਆ ਬਿਰਾਦਰੀ ਨਾਲ ਸਬੰਧਿਤ ਸੰਗਠਨਾਂ ਨੇ ਖ਼ੁਦ ਨੂੰ ‘ਰਾਮਗੜ੍ਹੀਆ ਕੌਮ’ (ਸਿੱਖ ਕੌਮ ਨਹੀਂ) ਲਿਖਣਾ ਤੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਹੋਵੇਗੀ ਕਿ ਕੁਝ ਦਹਾਕਿਆਂ ਬਾਅਦ ਰਾਮਗੜ੍ਹੀਆਂ ਨੂੰ ਵੀ ਕਥਿਤ ਕਬੀਰ-ਪੰਥੀਆਂ ਜਾਂ ਰਵਿਦਾਸੀਆਂ ਦੀ ਰਾਹ ’ਤੇ ਤੋਰ ਦਿੱਤਾ ਜਾਵੇ।

ਹੁਣ ਬੱਲਾਂ ਵਾਲੇ ਡੇਰੇਦਾਰਾਂ ਨੇ ਰਵਿਦਾਸੀਆ ਵਰਗ ਨੂੰ ਨਵੇਂ ਗ੍ਰੰਥ ਦੇ ਝੰਡੇ ਹੇਠ ਨਵਾਂ ਧਰਮ ਚਲਾਉਣ ਲਈ ਉਕਸਾਇਆ ਹੈ। ਹਾਲਾਂਕਿ ਬ੍ਰਾਹਮਣਵਾਦੀਆਂ ਦੇ ਇਹ ਏਜੰਟ ਏਨੀ ਕੁ ਮੋਟੀ ਜਿਹੀ ਗੱਲ ਵੀ ਨਹੀਂ ਸਮਝਦੇ ਕਿ ਕੋਈ ਧਰਮ ਇਕ ਦਿਨ ਵਿੱਚ ਨਹੀਂ ਬਣਦਾ ਜਾਂ ਬਣਾਇਆ ਜਾਂਦਾ ਬਲਕਿ ਇਸਦੇ ਸੰਸਥਾਪਕਾਂ ਵੱਲੋਂ ਪਹਿਲਾਂ ਕਈ ਦਹਾਕਿਆਂ ਜਾਂ ਸਦੀਆਂ ਤੱਕ ਜੀ-ਤੋੜ ਮਿਹਨਤ ਕਰਕੇ ਲੋਕਾਂ ਵਿੱਚ ਜਾਗ੍ਰਿਤੀ ਲਿਆਉਣੀ ਪੈਂਦੀ ਹੈ ਅਤੇ ਇਹ ਸਿੱਧ ਕਰਨਾ ਪੈਂਦਾ ਹੈ ਕਿ ਪ੍ਰਚਲਿਤ ਧਰਮਾਂ/ਵਿਚਾਰਧਾਰਾਵਾਂ ਨਾਲੋਂ ਉਨ੍ਹਾਂ ਦੇ ਵਿਚਾਰ ਕਿਸ ਤਰ੍ਹਾਂ ਸਮਾਜ ਲਈ ਵਧੇਰੇ ਲਾਭਦਾਇਕ ਹਨ। ਬੱਲਾਂ ਦੇ ਡੇਰੇਦਾਰ ਅਤੇ ਉਨ੍ਹਾਂ ਵੱਲੋਂ ਸੁੱਟੇ ਟੁਕੜਿਆਂ ਨੂੰ ਚੱਟਣ ਲਈ ਤਿਆਰ ਰਹਿੰਦੇ ਲੇਖਕ ਇਹ ਤਾਂ ਸਪਸ਼ਟ ਨਹੀਂ ਕਰ ਸਕੇ ਕਿ ਉਨ੍ਹਾਂ ਵੱਲੋਂ ਭਗਤ ਰਵਿਦਾਸ ਜੀ ਦੀਆਂ ਕਾਲਪਨਿਕ ਮੂਰਤੀਆਂ ਦੀ ਪੂਜਾ ਕਰਵਾਉਣਾ ਜਾਂ ਰਵਿਦਾਸੀਆਂ ਦੇ ਮਨਾਂ ਵਿੱਚ ਹੋਰਨਾਂ ਵਰਗਾਂ ਦੇ ਲੋਕਾਂ ਪ੍ਰਤੀ ਨਫ਼ਰਤ ਦੀ ਭਾਵਨਾ ਪੈਦਾ ਕਰਨ ਦੀ ਨੀਤੀ ਅਪਣਾਉਣਾ, ਗੁਰੂ ਗ੍ਰੰਥ ਸਾਹਿਬ ਦੇ ਉੱਚੇ-ਸੁੱਚੇ ਉਪਦੇਸ਼ਾਂ ਤੋਂ ਕਿਵੇਂ ਬਿਹਤਰ ਹੈ। ਪਰ ਆਪਣੇ ਸਿਆਸੀ ਆਕਾਵਾਂ ਅਤੇ ਖੁਫੀਆ ਏਜੰਸੀਆਂ ਤੋਂ ਮਿਲ ਰਹੀ ਮਦਦ ਦੇ ਸਹਾਰੇ ਉਹ ਸਿੱਖਾਂ ਲਈ ਨਵੀਆਂ ਚੁਣੌਤੀਆਂ ਪੇਸ਼ ਕਰਨ ਵਿੱਚ ਸਫਲ ਹੋ ਰਹੇ ਹਨ। ਲੋੜ ਹੈ ਕਿ ਇਸ ਸਮੇਂ ਸਿੱਖਾਂ ਦੇ ਸਮੂਹ ਵਰਗ ਜਿਨ੍ਹਾਂ ਵਿੱਚ ਜੱਟ, ਭਾਪੇ, ਖੱਤਰੀ, ਸੈਣੀ, ਚਮਾਰ ਅਤੇ ਹੋਰ (ਜਿਹੜੀਆਂ ਵੀ ਪ੍ਰਚਲਿਤ ਜਾਤਾਂ ਜਾਂ ਬਿਰਾਦਰੀਆਂ ਹਨ) ਦੇ ਲੋਕ ਇਕਮੁੱਠ ਹੋ ਕੇ, ਸਿੱਖ ਜਾਂ ਗੈਰ-ਸਿੱਖ ਵੇਸ ਵਿੱਚ ਸਰਗਰਮ ਅਜਿਹੇ ਟੁੱਕੜਬੋਚਾਂ ਵੱਲੋਂ ਅਮਲ ਵਿੱਚ ਲਿਆਂਦੀ ਜਾ ਰਹੀ ਇਸ ਭਰਾ-ਮਾਰੂ ਨੀਤੀ ਦਾ ਵਿਚਾਰਧਾਰਕ ਵਿਰੋਧ ਕਰਨ ਤੇ ਜਾਤ-ਪਾਤ ਦੇ ਅਧਾਰ ’ਤੇ ਨਹੀਂ ਬਲਕਿ ਇਨਸਾਨੀਤ ਦੇ ਨਾਤੇ ਹਰ ਵਰਗ ਦੇ ਲੋਕਾਂ ਨਾਲ ਇਕਸਾਰ ਵਤੀਰਾ ਕਰਕੇ ਆਪਣੇ ਮਨਾਂ ਵਿੱਚ ਕਾਇਮ ਇਕ-ਦੂਜੇ ਪ੍ਰਤੀ ਗਿਲੇ-ਸ਼ਿਕਵੇ ਦੂਰ ਕਰਨ। ਨਹੀਂ ਤਾਂ ਇਨ੍ਹਾਂ ਅਖੌਤੀ ਬੁੱਧੀਜੀਵੀਆਂ ਨੇ ਸਿੱਖਾਂ ਵਿਚਕਾਰ ਹੋਰ ਵਧੇਰੇ ਵੰਡੀਆਂ ਪਾ ਕੇ ਹੌਲੀ-ਹੌਲੀ ਸਿੱਖ ਕੌਮ ਨੂੰ ਖ਼ਤਮ ਹੀ ਕਰ ਦੇਣਾ ਹੈ।