

ਕੀ ਸਿੱਖਾਂ ਦੀ ਔਕਾਤ ਦਰਵਾਜੇ ਦੇ ਬਾਹਰ ਪਏ ਤੱਪੜ ਜਿੰਨੀ ਹੈ, ਜਿੱਥੇ ਜਿਹੜਾ ਮਰਜ਼ੀ ਪੈਰ ਝਾੜ ਜਾਏ?
- ਜਸਪਾਲ ਸਿੰਘ, ਉੱਤਰਾਖੰਡ -
ਲਹੂ-ਲੁਹਾਨ ਹੋਈ ਸਿੱਖ ਕੌਮ, ਬੜੀ ਹੀ ਬੇਵੱਸੀ ਨਾਲ ਆਪਣੀ ਮੌਤ ਦਾ ਇੰਤਜਾਰ ਕਰ ਰਹੀ ਹੈ। ਕਦੇ ਗੁਰੂ ਨਾਨਕ ਸਾਹਿਬ ਨੇ ਬਾਬਰ ਦੇ ਹਮਲੇ ਤੋਂ ਪਹਿਲਾਂ ਹਿੰਦੋਸਤਾਨ ਦੇ ਲੋਕਾਂ ਨੂੰ ਜਗਾਉਣਾ ਚਾਹਿਆ ਸੀ ਪਰ ਮਾੜੀ ਕਿਸਮਤ ਨੂੰ ਲੋਕਾਂ ਨੇ ਗੁਰੂ ਸਾਹਿਬ ਦੀ ਪਰਵਾਹ ਨਾ ਕੀਤੀ। ਗੁਰੂ ਸਾਹਿਬ ਨੇ ਬਾਬਰ ਦੇ ਹਮਲੇ ਤੋਂ ਪਹਿਲਾਂ ਇੱਥੋਂ ਦੇ ਲੋਕਾਂ ਦੀ ਢੁੱਕਵੇਂ ਸ਼ਬਦਾਂ ’ਚ ਔਕਾਤ ਬਿਆਨ ਕੀਤੀ ਹੈ ਕਿ ਕਿਵੇਂ ਲੋਕ ਆਉਣ ਵਾਲੇ ਸਮੇਂ ਦੀ ਭਿਆਨਕ ਮੌਤ ਤੋਂ ਮੂੰਹ ਮੋੜ ਕੇ ਮੋਹ ਮਾਇਆ ਦੇ ਚੱਕਰਾਂ ’ਚ ਪਏ ਹਨ। ਬਾਬਰ ਨੇ ਪੂਰੀ ਤਿਆਰੀ ਦੇ ਨਾਲ ਹਮਲਾ ਕੀਤਾ, ਪਰ ਹਿੰਦੁਸਤਾਨ ਦੇ ਲੋਕਾਂ ਦੇ ਕੋਲ ਜੋ ਹਥਿਆਰ ਸਨ, ਉਹ ਵੀ ਮੌਕੇ ਤੇ ਜਵਾਬ ਦੇ ਗਏ, ਇਸ ਦੇ ਉਲਟ ਮੂਰਖ ਹਿੰਦੁਸਤਾਨੀਆਂ ਨੂੰ ਆਪਣੇ ਧਾਰਮਕ ਆਗੂਆਂ ਦੀ ਸ਼ਕਤੀ ਤੇ ਪੂਰਾ ਭਰੋਸਾ ਸੀ ਕਿ ਇਹ ਵੱਡੀਆਂ ਗੋਗੜਾਂ ਵਾਲੇ ਸੰਤ, ਪੀਰ, ਫਕੀਰ ਆਦਿ ਦੁਸ਼ਮਣਾਂ ਨੂੰ ਆਪਣੀ ਦੈਵੀ-ਸ਼ਕਤੀ ਨਾਲ ਅੰਨ੍ਹਾ ਕਰ ਦੇਣਗੇ ਪਰ ਅਜਿਹੇ ਸਮੇਂ ਲੁਟੇਰੇ ਧਾਰਮਕ ਆਗੂ ਵੀ ਬਾਬਰ ਦੀਆਂ ਜੁੱਤੀਆਂ ਖਾਂਦੇ ਦੇਖੇ ਗਏ, ਕੁੱਝ ਲੁਕ-ਛਿਪ ਕੇ ਆਪਣੀ ਜਾਨ ਬਚਾਉਣ ਦੇ ਆਹਰੇ ਲੱਗ ਗਏ ਤੇ ਕਈ ਦੈਵੀ ਸ਼ਕਤੀਆਂ ਦੇ ਮਾਲਕਾਂ ਨੇ ਬਾਬਰ ਦੀ ਗੁਲਾਮੀ ਕਬੂਲਦਿਆਂ ਹੋਇਆਂ ਉਸ ਦੀਆਂ ਜੁੱਤੀਆਂ ਚੱਟਣੀਆਂ ਮੰਨ ਲਈਆਂ। ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਸਾਧਾਰਨ ਬੰਦੇ ਨਾਲ ਉਸ ਸਮੇਂ ਕੀ ਬੀਤੀ ਹੋਵੇਗੀ।
ਇਹੋ ਹਾਲਤ ਅੱਜ ਸਿੱਖਾਂ ਦੀ ਹੈ। ਸਿੱਖਾਂ ਨੇ ਵੀ ਆਪਣੀ ਹੋਣੀ ਆਪਣੇ ਲੁਟੇਰੇ ਆਗੂਆਂ ਦੇ ਆਸਰੇ ਛੱਡ ਦਿੱਤੀ ਹੈ। ਜਿਵੇਂ ਬਾਬਰ ਦੇ ਹਮਲੇ ਤੋਂ ਪਹਿਲਾਂ ਉਦੋਂ ਦੇ ਢਿੱਲੜ ਆਗੂਆਂ ਨੇ ਜਦ ਆਪਣੇ ਆਪ ਨੂੰ ਯੋਗ ਅਗਵਾਈ ਕਰਣ ਦੇ ਕਾਬਲ ਨਾ ਪਾਇਆ ਤਾਂ ਬਹਾਨੇ ਲਾਉਣੇ ਸ਼ੁਰੂ ਕਰ ਦਿੱਤੇ ਕਿ ਸਾਡੇ ਕੋਲ ਸ਼ਕਤੀਆਂ ਹਨ। ਅਸੀਂ ਸਾਰਿਆਂ ਨੂੰ ਭਸਮ ਕਰ ਦਿਆਂਗੇ। ਇਹੋ ਜਿਹੇ ਬਹਾਨੇ ਸਿੱਖ ਆਗੂ ਵੀ ਲਾ ਰਹੇ ਹਨ। ਜਦ ਕਿਸੇ ਨੂੰ ਕਹੀਏ ਕਿ ਜੇ ਵਕਤ ਰਹਿੰਦੇ ਕੁੱਝ ਨਾ ਕੀਤਾ ਤਾਂ ਸਿੱਖ ਕੌਮ ਅਜਾਇਬ ਘਰਾਂ ਚੋਂ ਵੀ ਗਾਇਬ ਹੋ ਜਾਏਗੀ। ਤਾਂ ਅੱਗਿਉਂ ਜਵਾਬ ਮਿਲਦਾ ਹੈ, ‘‘ਲੈ ਤੂੰ ਨਵਾਂ ਈ ਜੰਮ ਪਿਆ ਹੈਂ, ਗੁਰੂ ਸਾਹਿਬ ਨੇ ਤਾਂ ਖਾਲਸੇ ਨੂੰ ਵਰ ਦਿੱਤਾ ਹੈ ਕਿ ਖਾਲਸਾ ਕਦੇ ਖਤਮ ਨਹੀਂ ਹੋਵੇਗਾ,’’ ਆਦਿ ਆਦਿ.......। ਸਿੱਖ ਇੱਥੇ ਹੀ ਬੜੀ ਵੱਡੀ ਗਲਤੀ ਕਰ ਰਹੇ ਹਨ, ਅਜਿਹੀਆਂ ਗੱਲਾਂ ਜਿੰਮੇਂਵਾਰੀ ਤੋਂ ਮੂੰਹ ਮੋੜਨ ਵਾਲੀਆਂ ਹਨ। ਇਸ ਤਰਾਂ ਦੀਆਂ ਗੱਲਾਂ ਸਿੱਖਾਂ ਦੇ ਕਈ ਨਾਮਵਾਰ ਸਾਧਾਂ, ਐਸ.ਜੀ.ਪੀ.ਸੀ. ਅਹੁਦੇਦਾਰਾਂ, ਅਕਾਲੀ ਲੀਡਰਾਂ ਤੇ ਹੋਰ ਨਾਸਮਝ ਲੋਕਾਂ ਪਾਸੋਂ ਕਈ ਵਾਰ ਸੁਣਨ ਨੂੰ ਮਿਲਦੀਆਂ ਹਨ। ਸੱਚਾਈ ਤਾਂ ਇਹ ਹੈ ਕਿ ਇਨ੍ਹਾਂ ਬੇਈਮਾਨ ਲੀਡਰਾਂ ਦਾ ਜੋ ਮਨੋਰਥ ਹੈ ਉਹ ਪੂਰਾ ਹੋ ਰਿਹਾ ਹੈ।
ਦੂਜੀ ਗੱਲ ਇਨ੍ਹਾਂ ਲਹੁੂ ਚੂਸ ਲੀਡਰਾਂ ਨੂੰ ਭਲੀ-ਭਾਂਤ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਇਨਕਲਾਬੀ ਪੱਖ ਤੋਂ ਅਸੀਂ ਕਦੇ ਵੀ ਖਾਲਸੇ ਦੀ ਅਗਵਾਈ ਨਹੀਂ ਕਰ ਸਕਦੇ। ਇਸ ਲਈ ਇਨ੍ਹਾਂ ਮੌਕਾਪ੍ਰਸਤਾਂ ਨੇ ਗੁਰੂ ਸਾਹਿਬ ਦੇ ਬਚਨਾਂ ਨੂੰ ਤੋੜ ਕੇ ਅਧੂਰੇ ਰੂਪ ’ਚ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਹੈ, ਗੁਰੂ ਸਾਹਿਬ ਨੇ ਸਿੱਖਾਂ ਨੂੰ ਸਰਦਾਰੀ ਜ਼ਰੂਰ ਦਿੱਤੀ ਸੀ ਪਰ ਇਹ ਸ਼ਰਤ ਲਗਾ ਕੇ ਕਿ:
ਜਬ ਲਗ ਖਾਲਸਾ ਰਹੇ ਨਿਆਰਾ
ਤਬ ਲਗ ਤੇਜ ਦੀਓ ਮੈਂ ਸਾਰਾ
ਜਬ ਇਹ ਗਹਿ ਬਿਪ੍ਰਨ ਕੀ ਰੀਤ
ਮੈ ਨਾ ਕਰੋਂ ਇਨ ਕੀ ਪਰਤੀਤ।।
ਗੁਰੂ ਸਾਹਿਬ ਦੇ ਇਹ ਵਿਚਾਰ ਕਵੀ ਨੇ ਸਪੱਸ਼ਟ ਦਰਸਾਏ ਹਨ ਕਿ ਜਦੋਂ ਖਾਲਸਾ ਬਿਪਰਨ ਕੀਆਂ ਰੀਤਾਂ ਦਾ ਗੁਲਾਮ ਹੋਵੇਗਾ, ਜਦੋਂ ਖਾਲਸਾ ਬ੍ਰਾਹਮਣਾਂ ਦੀਆਂ ਜੁੱਤੀਆਂ ਚੱਟਣੀਆਂ ਸ਼ੁਰੂ ਕਰੇਗਾ ਉਦੋਂ ਖਾਲਸੇ ਦੀ ਮੌਤ ਨਿਸ਼ਚਿਤ ਹੈ। ਸੋ ਸਮੂਹ ਖਾਲਸਾ ਕੌਮ ਉਪਰੋਕਤ ਜ਼ਿੰਮੇਵਾਰੀਆਂ ਤੋਂ ਭੱਜਣ ਤੇ ਭਜਾਉਣ ਵਾਲੇ ਗੁਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਹੋਣ।
ਦੂਜੀ ਬੇਨਤੀ ਸਿੱਖ ਲੀਡਰਾਂ ਬਾਬਤ: ਜਿਸ ਕੌਮ ਦੇ ਕੋਲ ਯੋਗ ਲੀਡਰ ਨਾ ਹੋਣ ਉਹ ਕੌਮ ਕੋਈ ਇਨਕਲਾਬ ਲਿਆ ਦੇਵੇ - ਇਸ ਤਰਾਂ ਕਦੇ ਸੋਚਿਆ ਵੀ ਨਹੀਂ ਜਾ ਸਕਦਾ। ਜਿਸ ਕੌਮ ਦੇ ਲੀਡਰ ਧੋਖੇਬਾਜ਼ ਹੋਣ ਉਹ ਕੌਮ ਜਿੱਤੀ ਹੋਈ ਜੰਗ ਵੀ ਹਾਰ ਜਾਂਦੇ ਹਨ। ਇਸ ਤਰ੍ਹਾਂ ਦੀ ਅਣਹੋਣੀ ਸਿੱਖਾਂ ਦੇ ਨਾਲ ਵਾਪਰ ਰਹੀ ਹੈ। ਇਹ ਅਟੱਲ ਸੱਚਾਈ ਹੈ ਕਿ ਮੌਜੂਦਾ ਸਿੱਖ ਲੀਡਰਸ਼ਿੱਪ, ਸਿੱਖ ਕੌਮ ਦੀ ਅਗਵਾਈ ਕਰਨ ਦੇ ਕਾਬਲ ਨਹੀਂ ਹੈ ਅਤੇ ਜਿਨ੍ਹਾਂ ਦੇ ਹੱਥ ਕੌਮ ਦੀ ਵਾਗਡੋਰ ਹੈ, ਉਹ ਹਮੇਸ਼ਾ ਐਨ ਮੌਕਿਆਂ ਤੇ ਪਿੱਠ ਦਿਖਾ ਕੇ ਭੱਜ ਜਾਂਦੇ ਰਹੇ ਹਨ।
ੳ) ਸਭ ਤੋਂ ਪਹਿਲਾਂ ਦਮਦਮੀ ਟਕਸਾਲ ਦੀ ਗੱਲ ਕਰਦੇ ਹਾਂ: ਟਕਸਾਲ ਦੀ ਛਵੀ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਇੱਕ ਜੁਝਾਰੂ ਸੰਸਥਾ ਦੇ ਤੌਰ ਤੇ ਉਭਾਰੀ ਸੀ। ਭਿੰਡਰਾਂਵਾਲਿਆਂ ਨੇ ਸਿੱਖ ਕੌਮ ਦੇ ਦੁੱਖ ਨੂੰ ਮਹਿਸੂਸ ਕਰਦਿਆਂ ਆਪਾ ਕੁਰਬਾਨ ਕਰ ਦਿੱਤਾ ਸੀ। ਪਰ ਟਕਸਾਲੀਆਂ ਨੇ ਬਾਬੇ ਦੀ ਸ਼ਹੀਦੀ ਨੂੰ ਦਿੱਲੀ ਦਰਬਾਰ ਦੇ ਗਹਿਣੇ ਰੱਖ ਕੇ ਸਿੱਖਾਂ ਦੀ ਪਿੱਠ ’ਚ ਛੁਰਾ ਮਾਰਿਆ ਹੈ। ਮੌਜੂਦਾ ਸਮੇਂ ਟਕਸਾਲ ਦਾ ਮੁਖੀ ਹਰਨਾਕਸ਼ ਧੁੰਮਾ ਹੈ। ਇਸ ਬਾਰੇ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਬਾਬਾ ਭਿੰਡਰਾਂਵਾਲੇ ਕਰਕੇ ਜਦੋਂ ਵੀ ਸਿੱਖ ਕੌਮ ਤੇ ਮੁਸੀਬਤ ਪਈ ਤਾਂ ਬਹੁਤ ਸਾਰੇ ਸਿੱਖ ਟਕਸਾਲ ਮੁਖੀ ਵੱਲ ਯੋਗ ਅਗਵਾਈ ਕਰਨ ਦੀਆਂ ਉਮੀਦਾਂ ਲਾ ਲੈਂਦੇ ਹਨ। ਤਾਜਾ ਘਟਨਾਵਾਂ ’ਚੋਂ ਜਦ ਡੇਰਾ ਸਿਰਸਾ ਨਾਲ ਸਿੱਖਾਂ ਦਾ ਵਿਵਾਦ ਜਾਣ ਬੁੱਝ ਕੇ ਭਖਾਇਆ ਗਿਆ, ਉਦੋਂ ਸਿੱਖਾਂ ਨੇ ਵੱਡੀ ਗਿਣਤੀ ’ਚ ਸਲਾਬਤਪੁਰੇ ਦਾ ਡੇਰਾ ਤਬਾਹ ਕਰਨ ਲਈ ਕੂਚ ਕੀਤਾ ਤਾਂ ਬਾਦਲ ਦਾ ਹੁਕਮਨਾਮਾ ਲੈ ਕੇ ਆਪਣੀ ਗੱਡੀ ਦਾ ਹੂਟਰ ਚਾਲੂ ਕਰਕੇ, ਟੋਇਆਂ-ਟਿੱਬਿਆਂ ਦੀ ਪਰਵਾਹ ਨਾ ਕਰਦਾ ਹੋਇਆ, ਸਿੱਖਾਂ ਦੇ ਵੱਡੇ ਕਾਫਲੇ ਨੂੰ ਚੀਰਦਾ ਹੋਇਆ ਸਾਰਿਆਂ ਤੋਂ ਮੂਹਰੇ ਲੰਘ ਗਿਆ।
ਪਰ ਰੋਹ ਵਿੱਚ ਆਏ ਹੋਏ ਸਿੱਖਾਂ ਨੇ ਜਦ ਇਸ ਦੀ ਹਰ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਇਸ ਨੇ ਜ਼ਮੀਨ ਤੇ ਇੱਕ ਲਕੀਰ ਖਿੱਚ ਦਿੱਤੀ ਤੇ ਕਿਹਾ ਕਿ ਜਿਹੜਾ ਇਸ ਲਕੀਰ ਨੂੰ ਟੱਪੇਗਾ ਉਹ ਸਿੱਖ ਨਹੀਂ ਹੈ। ਟਕਸਾਲੀਏ, ਟਕਸਾਲ ਦੀ ਸਥਾਪਨਾ ਬਾਬਾ ਦੀਪ ਸਿੰਘ ਤੋਂ ਹੋਈ ਪ੍ਰਚਾਰਦੇ ਹਨ ਪਰ ਬਾਬਾ ਦੀਪ ਸਿੰਘ ਜੀ ਨੇ ਵੀ ਲਕੀਰ ਖਿੱਚੀ ਸੀ ਤੇ ਵੰਗਾਰ ਪਾਈ ਸੀ ਸਿੱਖਾਂ ਨੂੰ ਕਿ ਜਿਸ ਨੂੰ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਦਾ ਚਾਅ ਹੈ, ਜਿਹੜਾ ਸਿੱਖ ਸ਼ਹੀਦ ਹੋਣਾ ਚਾਹੁੰਦਾ ਹੈ ਉਹ ਲਕੀਰ ਟੱਪ ਜਾਏ, ਬਾਕੀ ਆਪਣੇ ਘਰਾਂ ਨੂੰ ਮੁੜ ਜਾਓ। ਪਰ ਧੁੰਮੇ ਨੇ ਲਕੀਰ ਖਿੱਚੀ ਕਿ ਕਿਸੇ ਸਿੱਖ ਨੇ ਆਪਣੇ ਗੁਰੂ ਸਾਹਿਬ ਦੀ ਬੇਅਦਬੀ ਦਾ ਬਦਲਾ ਨਹੀਂ ਲੈਣਾ। ਦੋਵੇਂ ਲਕੀਰਾਂ ਇੱਕ ਦੂਸਰੇ ਦੇ ਵਿਰੁੱਧ ਹਨ। ਧੁੰਮੇ ਵਾਲੀ ਲਕੀਰ ਤੋਂ ਸਿੱਖਾਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਟਕਸਾਲ ਗੁਰ ਮਰਿਯਾਦਾ ਦਾ ਖਹਿੜਾ ਕਦ ਦੀ ਛੱਡ ਚੁੱਕੀ ਹੈ। ਬੱਸ ਸਿੱਖਾਂ ਵੱਲੋਂ ਟਕਸਾਲ ਦਾ ਖਹਿੜਾ ਛੱਡਣਾ ਬਾਕੀ ਹੈ।
ਇਸ ਤੋਂ ਇਲਾਵਾ ਬ੍ਰਹਮ ਗਿਆਨੀ ਸੰਤ ਬਾਬਾ ਹਰਨਾਮ ਸਿੰਘ ਜੀ ਧੁੰਮਾ ਬਾਬਤ ਦੋ ਸਿੱਖਾਂ ਨੇ ਹਲਫ਼ਨਾਮੇ ਦੇ ਕੇ ਕਬੂਲ ਕੀਤਾ ਹੈ ਕਿ ਸੰਤ ਧੁੰਮਾ ਜੀ ਉਨ੍ਹਾਂ ਦੋ ਸਿੱਖਾਂ ਨੂੰ ਆਪਣੇ ਨਾਲ ਸਰੀਰਕ ਸੰਬੰਧ ਬਣਾਉਣ ਲਈ ਮਜਬੂਰ ਕਰਦੇ ਰਹੇ ਹਨ।
ਅ) ਕਿਰਪਾਨ ਬਹਾਦਰ ਸਿਮਰਨ ਜੀਤ ਸਿੰਘ ਮਾਨ: ਜਦੋਂ ਸਿੱਖਾਂ ਤੇ ਅੰਗਰੇਜ਼ਾਂ ਦੀ ਜੰਗ ਸਿਖਰ ਤੇ ਪਹੁੰਚੀ ਹੋਈ ਸੀ, ਜਿੱਤ-ਹਾਰ ਦਾ ਫੈਸਲਾ ਹੋਣ ਹੀ ਵਾਲਾ ਸੀ ਤੇ ਸਿੱਖਾਂ ਨੇ ਜਦ ਬਾਰੂਦ ਦੀਆਂ ਪੇਟੀਆਂ ਖੋਲ੍ਹੀਆਂ ਤਾਂ ਵਿੱਚੋਂ (ਡੋਗਰਿਆਂ ਦੀ ਗੱਦਾਰੀ ਕਰਕੇ ) ਸਰ੍ਹੋਂ ਨਿਕਲੀ ਸੀ। ਬੱਸ ਐਨ ਮੌਕੇ ਤੇ ਡੋਗਰਾ ਗਰਦੀ ਕਰਕੇ ਸਿੱਖ ਅੰਗ੍ਰੇਜ਼ਾਂ ਹੱਥੋਂ ਹਾਰ ਗਏ ਸੀ। ਇਹੋ ਹਾਲ ਕ੍ਰਿਪਾਨ ਬਹਾਦਰ ਦਾ ਹੈ। ਕ੍ਰਿਪਾਨ ਬਹਾਦਰ ਦੀਆਂ ਸਿੱਖ ਕੌਮ ਪ੍ਰਤੀ ਅਨੇਕਾਂ ਸੇਵਾਵਾਂ ਚੋਂ ਕੁੱਝ ਦਾ ਹੀ ਵਰਨਣ ਕਰਨਾ ਚਾਹੁੰਗਾ:
1) ਜਦੋਂ ਆਪ ਖਾੜਕੂ ਲਹਿਰ ਦੌਰਾਨ ਜੇਲ੍ਹ ’ਚ ਗਏ, ਉਦੋਂ ਆਪ ਸਰਕਾਰੀ ਦਰਬਾਰ ਦੀਆਂ ਚਾਪਲੂਸੀਆਂ ਕਰਕੇ ਰਿਹਾ ਹੋ ਗਏ ਸੀ। ਜੇਲ੍ਹ ’ਚੋਂ ਸੁਪਰੀਮ ਕੋਰਟ ਦੇ ਨਾਮ ਚਿੱਠੀਆਂ ਲਿਖਦੇ ਸੀ ਕਿ ਮੈਂ ਭਾਰਤ ’ਚ ਰਹਿਣਾ ਚਾਹੁੰਦਾ ਹਾਂ ਤੇ ਮੈਂ ਪੈਰਾਂ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਸੰਵਿਧਾਨ ਦਾ ਵਫਾਦਾਰ ਹਾਂ। ਜੇਲੋਂ ਰਿਹਾਅ ਹੋ ਕੇ ਆਪ ਆਪਣੇ ਭਾਸ਼ਣਾਂ ’ਚ ਕਿਹਾ ਕਰਦੇ ਸੀ ਕਿ ਸਿੱਖਾਂ ਨੂੰ ਸੰਵਿਧਾਨ ਦਾ ਬਾਈਕਾਟ ਕਰਨਾ ਚਾਹੀਦਾ ਹੈ, ਬਾਰਡਰ ਏਰੀਆ ਦੇ ਸਿੱਖਾਂ ਨੂੰ ਆਪਣਾ ਮਾਲ ਡੰਗਰ ਲੈ ਕੇ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ।
2) ਜਦੋਂ ਸਿੱਖਾਂ ਦੀਆਂ ਵੋਟਾਂ ਲੈ ਕੇ ਮਾਨ ਇੱਕ ਵਾਰ ਪਾਰਲੀਮੈਂਟ ’ਚ ਗਿਆ ਤਾਂ ਸਿੱਖਾਂ ਨਾਲ ਕੀਤੇ ਵਾਅਦੇ ਪੂਰੇ ਕਰਣ ਦਾ ਡਰ ਸਤਾਉਣ ਲੱਗਾ ਤਾਂ ਇਸ ਨੇ ਮਹੱਤਵਪੁੂਰਣ ਗੱਲ ਨੂੰ ਕੁਵੇਲੇ ਉਛਾਲ ਕੇ ਸਿੱਖਾਂ ਦੀ ਪਿੱਠ ’ਚ ਛੁਰਾ ਮਾਰਿਆ ਸੀ।
3) ਸਿਮਰਨਜੀਤ ਸਿੰਘ ਮਾਨ ਵਿਧਾਨ ਸਭਾ ਚੋਣਾਂ ’ਚ ਆਪ ਸਰਸੇ ਵਾਲੇ ਸਾਧ ਕੋਲ ਵੋਟਾਂ ਦੀ ਭੀਖ ਮੰਗਣ ਗਿਆ ਸੀ। ਤਾਂ ਹੀਂ ਤਾਂ ਇਹ ਕਥਿਤ ਖਾਲਸਤਾਨੀ, ਸਰਸੇ ਵਾਲੇ ਦਾ ਰੌਲਾ ਪੈਂਦੇ ਸਾਰ ਹੀ ਜੇਲ੍ਹ ’ਚ ਪਨਾਹ ਲੈਣ ਲਈ ਭੱਜ ਗਿਆ ਸੀ। ਇਸਦੇ ਇਲਾਵਾ ਇਹੀ ਮਹਾਂਪੁਰਖ ਸੰਗਰੂਰ ’ਚ ਨਕਲੀ ਦਰਬਾਰ ਸਾਹਿਬ ਬਣਵਾਉਣ ਵਾਲੇ ਡੇਰੇਦਾਰਾਂ ਦੇ ਚਰਨੀਂ ਵੀ ਪੈਂਦਾ ਰਿਹਾ ਹੈ ਅਤੇ ਉਨ੍ਹਾਂ ਨੂੰ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਬਾਅਦ ਸਭ ਤੋਂ ਮਹਾਨ ਸੰਤ ਵੀ ਦੱਸਦਾ ਰਿਹਾ ਹੈ (ਜਿਸਦੀ ਵੀਡੀਓ ਡੀ.ਵੀ.ਡੀ. ਬਹੁਤ ਸਾਰੇ ਲੋਕਾਂ ਨੇ ਵੇਖੀ ਹੈ।)
4) ਚਿੱਠੀਸਿੰਘਪੁਰਾ ਕਸ਼ਮੀਰ ’ਚ (ਬਿਲ ਕਲਿੰਗਟਨ ਦੀ ਆਮਦ) 40 ਸਿੱਖ ਬੀ.ਜੇ.ਪੀ. ਸਰਕਾਰ ਵੱਲੋਂ ਮਰਵਾਏ ਗਏ ਸਨ ਤਾਂ ਕਿ ਕਸ਼ਮੀਰੀ ਹੱਕਾਂ ਲਈ ਸੰਘਰਸ਼ ਕਰ ਰਹੀਆਂ ਧਿਰਾਂ ਨੂੰ ਬਦਨਾਮ ਕੀਤਾ ਜਾ ਸਕੇ। ਉਦੋਂ ਮਾਨ ਤੇ ਟਕਸਾਲ ਵੱਲੋਂ ਮੋਹਕਮ ਸਿਹੁੰ ਨੇ ਬੀ.ਜੇ.ਪੀ. ਸਰਕਾਰ ਨੂੰ ਇਹ ਕਹਿ ਕੇ ਕਲੀਨ ਚਿੱਟ ਦਿੱਤੀ ਸੀ ਕਿ ਇਹ ਘਿਨੌਣਾ ਕਾਰਾ ਕਸ਼ਮੀਰੀ ਖਾੜਕੂਆਂ ਦਾ ਹੈ।
5) ਅਨੂਪ ਸਿੰਘ ਮਿਨਹਾਸ - ਜੋ ਇਸ ਵਕਤ ਮਾਨ ਦੀ ਪਾਰਟੀ ਦਾ ਮੁੱਖ ਅਹੁਦੇਦਾਰ ਹੈ - ਇਹ ਉਹੀ ਮਿਨਹਾਸ ਹੈ ਜਿਸ ਨੇ ਨਿਰੰਕਾਰੀ ਗੁਰਬਚਨੇ ਦੇ ਹੱਕ ’ਚ ਗਵਾਹੀ ਦਿੱਤੀ ਸੀ। ਸਿੱਖਾਂ ਨੂੰ ਚੇਤੇ ਹੈ ਕਿ 1978 ’ਚ ਗੁਰਬਚਨੇ ਨੇ 12 ਸਿੰਘ ਸ਼ਹੀਦ ਕੀਤੇ ਸੀ, ਮਿਨਹਾਸ ਨੇ ਗਵਾਹੀ ਦਿੱਤੀ ਸੀ ਕਿ ਪਹਿਲਾਂ ਗੋਲੀਬਾਰੀ ਸਿੱਖਾਂ ਨੇ ਸੁਰੂ ਕੀਤੀ ਸੀ। ਆਪਣੇ ਬਚਾਅ ਲਈ ਗੁਰਬਚਨੇ ਦੇ ਅੰਗ-ਰੱਖਿਅਕਾਂ ਨੂੰ ਜਵਾਬੀ ਫਾਇਰਿੰਗ ਕਰਨੀ ਪਈ, ਮਿਨਹਾਸ ਉਸ ਵਕਤ ਥਾਣੇਦਾਰ ਸੀ। ਇਸ ਦੀ ਗਵਾਹੀ ਤੇ ਨਿਰੰਕਾਰੀ ਮੁਖੀ ਬਰੀ ਹੋਇਆ ਸੀ। ਹੁਣ ਮਾਨ ਦਾ ਪਤਾ ਨਹੀਂ ਕੀ ਲੈਣ ਦੇਣ ਹੈ ਅਜਿਹੇ ਬੰਦਿਆਂ ਦੇ ਨਾਲ?
7) ਮਾਨ ਬਾਰੇ ਮੈਂ ਜ਼ਾਤੀ ਅਨੁਭਵ ਨਾਲ ਦੱਸਣਾ ਚਾਹੁੰਦਾ ਹਾਂ ਕਿ ਐਤਕੀਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਰਨ ਤਾਰਨ ਸ਼ਹਿਰ ’ਚ ਸਿੱਖਾਂ ਤੇ ਸ਼ਿਵ ਸੈਨਿਕਾ ਵਿਚਕਾਰ ਖੂਨੀ ਝੜਪ ਹੋਈ ਸੀ ਕਿਉਂਕਿ ਮਾਨ ਨੇ ਗਾਂ (ਮਾਤਾ) ਬਾਰੇ ਕੋਈ ਬਿਆਨ ਦਿੱਤਾ ਸੀ, ਜਿਸ ਦੇ ਵਿਰੋਧ ’ਚ ਸ਼ਿਵ ਸੈਨਿਕਾਂ ਨੇ ਮਾਨ ਦਾ ਪੁਤਲਾ ਸਾੜਨ ਦਾ ਐਲਾਨ ਕੀਤਾ। ਤਰਨ ਤਾਰਨ ਤੋਂ ਮਾਨ ਦਲ ਦੇ ਜਨਰਲ ਸਕੱਤਰ ਰਾਮ ਸਿੰਘ ਨੇ ਝਬਾਲ ਦੇ ਮਨਜੀਤ ਸਿੰਘ ਹੋਰਾਂ ਨਾਲ ਸੰਪਰਕ ਕੀਤਾ ਸੀ ਕਿ ਸ਼ਿਵ ਸੈਨਿਕਾਂ ਦੇ ਪ੍ਰੋਗਰਾਮ ਨੂੰ ਰੱਦ ਕਰਵਾਉਣ ਲਈ ਤੁਸੀਂ ਵੀ ਜੱਥਾ ਲੈ ਕੇ ਆਇਓ। ਮਨਜੀਤ ਸਿਘ ਝਬਾਲ ਪ੍ਰਧਾਨ ਗੁਰੂ ਗ੍ਰੰਥ ਸਾਹਿਬ ਕਮੇਟੀ ਨੇ ਮੇਰੀ ਇਸ ਮਸਲੇ ਤੇ ਰਾਇ ਪੁੱਛੀ। ਮੈਂ ਸਪੱਸ਼ਟ ਕਿਹਾ ਕਿ ‘‘ਭਈ ਮੇਰੇ ਵੱਲੋਂ ਮਾਨ ਦਾ ਪੁਤਲਾ ਛੱਡ ਕੇ ਮਾਨ ਨੂੰ ਫੂਕ ਦੇਣ ਮੈਨੂੰ ਕੋਈ ਇਤਰਾਜ ਨਹੀਂ ਹੈ। ਪਰ ਮੈਂ ਤੁਹਾਨੂੰ ਜਰੂਰ ਕਹਾਂਗਾ ਕਿ ਇਸ ਵਿਅਕਤੀ ਤੇ ਭਰੋਸਾ ਨਾ ਕਰਿਓ ਕਿਉਂਕਿ ਜੇ ਤੁਸੀਂ ਫਸ ਗਏ ਤਾਂ ਇਨ੍ਹਾਂ ਨੇ ਤੁਹਾਡੀ ਬਾਤ ਨਹੀਂ ਪੁੱਛਣੀ।’’
ਉਹੀ ਗੱਲ ਹੋਈ। ਤਰਨ ਤਾਰਨ ਦੇ ਝਗੜੇ ਨੂੰ 3 ਸਾਲ ਹੋਣ ਲੱਗੇ ਹਨ ਪਰ ਮਾਨ ਦਲ ਚੋਂ ਕਿਸੇ ਨੇ ਉਨ੍ਹਾਂ ਸਿੰਘਾਂ ਦੇ ਕੇਸਾਂ ਦੀ ਪੈਰਵਾਈ ਕਰਣ ਲਈ ਪੰਜੀ ਤੱਕ ਨਹੀਂ ਦਿੱਤੀ। ਮੈਂ ਖੁਦ ਸਿਮਰਨਜੀਤ ਸਿੰਘ ਮਾਨ, ਈਮਾਨ ਸਿੰਘ ਮਾਨ ਤੇ ਰਾਮ ਸਿੰਘ ਨੂੰ ਕਈ ਵਾਰ ਫੋਨ ਕਰ ਚੁੱਕਾ ਹਾਂ। ਅੱਗਿਓਂ ਜਵਾਬ ਦਿੰਦੇ ਨੇ ਅਸੀਂ ਜਾਣਦੇ ਹੀ ਨਹੀਂ ਕਿ ਮਨਜੀਤ ਸਿੰਘ ਕੌਣ ਹੈ ਜਾਂ ਕਹਿੰਦੇ ਹਨ ਕਿ ‘‘ਫਿਰ ਸੋਚਾਂਗੇ, ਸਲਾਹ ਕਰਕੇ ਦੱਸਦੇ ਹਾਂ।’’ ਇਸ ਬਾਰੇ ਅਜੇ ਤੱਕ ਇਨ੍ਹਾਂ ਨੇ ਸਲਾਹ ਹੀ ਨਹੀਂ ਕੀਤੀ !!
ੲ) ਦਲਜੀਤ ਸਿੰਘ ਬਿੱਟੂ: ਇਨ੍ਹਾਂ ਬਾਰੇ ਮੈਂ ਫਿਲਹਾਲ ਜ਼ਿਆਦਾ ਨਹੀਂ ਲਿਖਣਾ। ਬੱਸ ਇਹੀ ਦੱਸਣਾ ਚਾਹੁੰਦਾ ਹਾਂ ਕਿ ਸਰਸੇ ਵਾਲੇ ਕੇਸ ’ਚ ਇਸ ਨੇ ਧੁੰਮੇ ਨਾਲ ਮਿਲਕੇ ਬਾਦਲ ਸਰਕਾਰ ਨੂੰ ਬਚਾਇਆ ਸੀ। ਉਦੋਂ ਇਨ੍ਹਾਂ ਨੇ ਦਲੀਲ ਦਿੱਤੀ ਸੀ ਕਿ ਅਸੀਂ ਮੁੰਡੇ ਨਹੀਂ ਮਰਵਾਉਣੇ। ਬਹੁਤ ਵਧੀਆ ਦਲੀਲ ਸੀ। ਪਰ ਬਿੱਟੂ ਜੀ ਦੱਸਣਗੇ ਕਿ ਉਦੋਂ ਤਾਂ ਮੁੰਡੇ ਨਾ ਮਰਵਾਉਣ ਦਾ ਬਹਾਨਾ ਘੜ ਕੇ ਸਰਸੇ ਵਾਲੇ ਦਾ ਡੇਰਾ ਵੀ ਤੇ ਬਾਦਲ ਸਰਕਾਰ ਵੀ ਬਚਾ ਲਈ। ਫਿਰ ਹੁਣ ਡੇਰਾ ਬੰਦ ਕਰਵਾਉਣ ਲਈ ਸ਼ਹੀਦੀ ਜੱਥੇ ਭੇਜਣ ਦਾ ਖੇਖਣ ਕਿਉਂ? 1992 ’ਚ ਚੋਣਾਂ ਦਾ ਬਾਈਕਾਟ ਕਰਵਾ ਕੇ ਅਨੇਕਾਂ ਕੌਮ ਦੇ ਵਫਾਦਾਰ ਸਿਪਾਹੀ ਮਰਵਾਏ। ਅੱਜ ‘‘ਅਸੀਂ ਕਾਂਗਰਸੀਆਂ ਹੱਥੋਂ ਮੁੰਡੇ ਨਹੀਂ ਮਰਵਾਉਣੇ’’ ਦੀ ਡਰਾਮੇਬਾਜੀ ਨੂੰ ਕਿਸ ਪ੍ਰਸੰਗ ’ਚ ਵਿਚਾਰਾਂਗੇ? ਤੁਹਾਡੇ ’ਤੇ ਸਿੱਖ ਕੌਮ ਦੇ ਸੂਝਵਾਨ ਨੌਜਵਾਨ ਆਗੂ ਭਾਈ ਹਰਮਿੰਦਰ ਸਿੰਘ ਸੰਧੂ ਗੋਲੀ ਮਾਰਨ ਤੱਕ ਦਾ ਇਲਜ਼ਾਮ ਲੱਗਦਾ ਰਿਹਾ ਹੈ ਤਾਂ ਫਿਰ ਹੁਣ ‘‘ਮੁੰਡੇ ਨਹੀਂ ਮਰਵਾਉਣੇ’’ ਦਾ ਡਰਾਮਾ ਕਿਸੇ ਦੇ ਇਸ਼ਾਰੇ ਤੇ ਕੀਤਾ ਜਾ ਰਿਹਾ ਹੈ?
ਸ) ਅਕਾਲੀ ਦਲ ਬਾਦਲ: ਇਸ ਬਾਰੇ ਮੇਰੀ ਇਹੀ ਬੇਨਤੀ ਹੈ ਕਿ ਅਕਾਲੀ ਦਲ ਸਿੱਖਾਂ ਦਾ ਹੈ ਅਤੇ
ਰਹੇਗਾ। ਪਰ 1996 ’ਚ ਮੋਗਾ ਕਾਨਫਰੰਸ ’ਚ ਬਾਦਲ ਨੇ ਅਕਾਲੀ ਦਲ ਨੂੰ ਛੱਡ ਕੇ ਪੰਜਾਬੀ ਪਾਰਟੀ ਬਣਾ
ਲਈ ਸੀ। ਪਰ ਇਸ ਪੰਜਾਬੀ ਪਾਰਟੀ ਦੇ ਕੋਲ ਅਜੇ ਵੀ ਅਕਾਲੀ ਦਲ ਦਾ ਤੱਕੜੀ ਚੋਣ ਨਿਸ਼ਾਨ ਹੈ, ਜੋ ਤੁਰੰਤ
ਇਸ ਤੋਂ ਖੋਹ ਲਿਆ ਜਾਣਾ ਚਾਹੀਦਾ ਹੈ ਤੇ ਅਕਾਲੀ ਦਲ ਦੀ ਅਸਲ ਨੁਹਾਰ ਮੁੜ ਤੋਂ ਸਥਾਪਤ ਕਰਨੀ ਚਾਹੀਦੀ
ਹੈ।
ਸਿੱਖਾਂ ਨੂੰ ਕੀ ਕਰਨਾ ਚਾਹੀਦਾ ਹੈ
ੳ) ਸਭ ਤੋਂ ਪਹਿਲਾਂ ਸਿੱਖਾਂ ਨੂੰ ਆਪਣੇ ਗੁਰੂ ਦੀ ਭਾਲ ਕਰਨੀ ਚਾਹੀਦੀ ਹੈ ਕਿ ਸਾਡਾ ਗੁਰੂ ਐਸ ਵਕਤ ਕਿੱਥੇ ਹੈ? ਗੁਰੂ ਨੂੰ ਲੱਭਣ ਵਾਲੀ ਗੱਲ ਕਈਆਂ ਨੂੰ ਅਜੀਬ ਲੱਗੀ ਹੋਵੇਗੀ ਪਰ ਸੱਚਾਈ ਇਹ ਹੈ ਕਿ ਜਿਵੇਂ ਕਦੇ ਗੁਰੂ ਤੇਗ ਬਹਾਦਰ ਸਾਹਿਬ ਦਰਬਾਰ ਸਾਹਿਬ ਗਏ ਸੀ ਤਾਂ ਉਦੋਂ ਦੇ ਗੁਰੂ ਦੋਖੀ ਗੁਰੂ ਦਰਬਾਰ ਨੂੰ ਤਾਲੇ ਲਗਾ ਕੇ ਭੱਜ ਗਏ ਸੀ, ਗੁਰੂ ਸਾਹਿਬ ਨੂੰ ਬਾਹਰ ਹੀ ਰਹਿਣਾ ਪਿਆ ਸੀ। ਅੱਜ ਵੀ ਉਹੀ ਹਾਲਾਤ ਬਣੇ ਪਏ ਹਨ, ਗੁਰਦੁਆਰਿਆਂ ’ਚ ਗੁਰੂ ਮਰਿਯਾਦਾ ਲਈ ਜਿੰਦਰੇ ਲਾ ਦਿੱਤੇ ਗਏ ਹਨ। ਇਸ ਲਈ ਅਸੀਂ ਭਾਵੇਂ ਲੱਖ ਸ਼ਰਧਾ ਪ੍ਰਗਟ ਕਰੀ ਜਾਈਏ, ਅਨੇਕਾਂ ਤਰ੍ਹਾਂ ਦੇ ਅਡੰਬਰ ਰਚੀ ਜਾਈਏ ਪਰ ਇਹ ਗੱਲ ਹਰ ਸਿੱਖ ਮਾਈ, ਭਾਈ, ਭੈਣ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਸਾਡਾ ਗੁਰੂ ਗੁਰਦੁਆਰਿਆਂ ’ਚ ਨਹੀਂ ਹੈ ਕਿਉਂਕਿ ਭੂਤਰੇ ਹੋਏ ਪ੍ਰਬੰਧਕਾਂ ਨੇ ਗੁਰੂ ਸਾਹਿਬ ਨੂੰ (ਉਨ੍ਹਾਂ ਦੇ ਉਪਦੇਸ਼ਾਂ ਤੇ ਸਿਧਾਂਤਾਂ ਨੂੰ) ਗੁਰਦੁਆਰਿਆਂ ਦੇ ਨੇੜੇ ਵੀ ਨਹੀਂ ਫੜਕਣ ਦਿੱਤਾ। ਸਾਡੇ ਗੁਰੂ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਨੂੰ ਇਨ੍ਹਾਂ ਪੈਸੇ ਕਮਾਉਣ ਵਾਲੀ ਮਸ਼ੀਨ ਸਮਝ ਰੱਖਿਆ ਹੈ।
ਅ) ਗੁਰਦੁਆਰਾ ਪ੍ਰਬੰਧ: ਹਰ ਸਿੱਖ ਨੂੰ ਪਿੰਡ ਪੱਧਰ ਤੇ ਗੁਰਦੁਆਰਾ ਪ੍ਰਬੰਧ ਦੇ ਬਣਦੇ ਫਰਜ਼ਾਂ ਦਾ ਭਲੀ-ਭਾਂਤ ਪਤਾ ਹੋਣਾ ਚਾਹੀਦਾ ਹੈ। ਗੁਰਦੁਆਰਾ ਕੇਵਲ ਪੂਜਾ ਅਸਥਾਨ ਨਹੀਂ ਹੈ। ਗੁਰਦੁਆਰਾ ਸਕੂਲ ਹੈ, ਸੋ ਗੁਰਦੁਆਰੇ ਦਾ ਗ੍ਰੰਥੀ ਪੜਿਆ ਲਿਖਿਆ ਹੋਵੇ, ਪਿੰਡ ’ਚੋਂ ਰੋਟੀਆਂ ਇਕੱਠੀਆਂ ਕਰਨ ਜਿੰਨੀ ਔਕਾਤ ਨਹੀਂ ਹੋਣੀ ਚਾਹੀਦੀ ਗ੍ਰੰਥੀ ਦੀ। ਗੁਰਦੁਆਰੇ ਦੀ ਮਰਿਯਾਦਾ ਕਿਸੇ ਸਾਧ ਦੇ ਡੇਰੇ ਜਾਂ ਬਦਮਾਸ਼ ਪ੍ਰਬੰਧਕਾਂ ਦੀ ਨਿੱਜੀ ਜਾਇਦਾਦ ਬਣੇ ਹੋਏ ਗੁਰਦੁਆਰੇ ਨਾਲ ਨਹੀਂ ਮਿਲਦੀ ਹੋਣੀ ਚਾਹੀਦੀ ਸਗੋਂ ਜੋ ਸਿਧਾਂਤ ਗੁਰੂ ਗ੍ਰੰਥ ਸਾਹਿਬ ’ਚ ਦਰਜ ਹਨ, ਗੁਰਦੁਆਰੇ ਦੀ ਮਰਿਯਾਦਾ ਉਸ ਨਾਲ ਮਿਲਦੀ ਹੋਣੀ ਚਾਹੀਦੀ ਹੈ।
ੲ) ਜਿਹੜੇ ਗੁਰਦੁਆਰੇ ਜਾਤ ਤੇ ਅਧਾਰਿਤ ਬਣੇ ਹਨ, ਉਨ੍ਹਾਂ ਦੇ ਨਾਮ ਬਦਲ ਕੇ ‘‘ਸਿੰਘ ਸਭਾ ਗੁਰਦੁਆਰਾ’’ ਰੱਖੇ ਜਾਣ।
ਸ) ਗੁਰੂ ਸਾਹਿਬ, ਭਗਤਾਂ, ਸਿੱਖਾਂ ਨਾਲ ਸੰਬੰਧਿਤ ਕੋਈ ਵੀ ਦਿਨ ਕੌਮੀ ਅਤੇ ਭਾਈਚਾਰਕ ਤੌਰ ’ਤੇ ਮਨਾਇਆ ਜਾਵੇ ਨਾ ਕਿ ਅਕਾਲੀ ਬਦਮਾਸ਼ਾਂ ਅਤੇ ਸਾਧਾਂ ਦੇ ਪਿੱਛੇ ਲੱਗ ਕੇ ਜਾਤਾਂ ਤੇ ਅਧਾਰਿਤ ਮਨਾਏ ਜਾਣ।
ਹ) ਸਮੁੱਚੇ ਸਿੱਖਾਂ ’ਚੋਂ ਇੱਕ ਸਾਂਝੀ ਕੌਮਵਾਦੀ ਚਮਕ ਪੈਣੀ ਚਾਹੀਦੀ ਹੈ। ਹਰ ਸਿੱਖ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਕਿਤੋਂ ਕਿੱਲ ਲਿਆਂਦੇ, ਕਿਤੋਂ ਲਕੜਾਂ ਤੇ ਕਿਤੋਂ ਲੋਹਾ ਆਦਿ ਇਕੱਠਾ ਕਰਦੇ ਇੱਕ ਜਹਾਜ ਤਿਆਰ ਕੀਤਾ ਸੀ ਪਰ ਮੌਜੂਦਾ ਦੌਰ ’ਚ ਸਿੱਖ ਵੱਡੀ ਗਿਣਤੀ ’ਚ ਕੁਝ ਸ਼ਰਾਰਤੀ ਲੋਕਾਂ ਦੇ ਮਗਰ ਲਗ ਕੇ ਕਿੱਲ, ਲੱਕੜੀ, ਲੋਹਾ ਆਦਿ ਵੱਖ ਕਰਣ ਲੱਗੇ ਹੋਏ ਹਨ, ਜੱਟ ਕਹਿੰਦੇ ਨੇ ਧੰਨਾ ਸਾਡਾ, ਕਬੀਰ ਵਾਲੇ ਕਬੀਰ ਨੂੰ ਵੱਖ ਕਰਨਾ ਚਾਹੁੰਦੇ ਨੇ ਤੇ ਰਵੀਦਾਸ ਜੀ ਨਾਲ ਵੀ ਧੱਕਾ ਕੀਤਾ ਜਾ ਰਿਹਾ ਹੈ। ਸਿੱਖਾਂ ਨੂੰ ਬੇਨਤੀ ਹੈ ਕਿ ਜਿਹੜਾ ਜਹਾਜ ਸਾਰੇ ਮਹਾਂਪੁਰਖਾਂ ਨੇ ਇਕੱਠੇ ਹੋ ਕੇ ਤਿਆਰ ਕੀਤਾ ਸੀ ਉਸ ਨੂੰ ਨਿਖੇੜਿਆ ਨਾ ਜਾਵੇ। ਇਸ ਤਰ੍ਹਾਂ ਇਹ ਜਹਾਜ ਬਹੁਤ ਜਲਦੀ ਡੁੱਬ ਜਾਵੇਗਾ।
ਕ) ਜਿੱਥੇ ਕਿਤੇ ਵੀ ਜਾਤ-ਪਾਤ ਅਧਾਰਿਤ ਕੋਈ ਸ਼ਮਸ਼ਾਨ ਘਾਟ ਬਣਿਆ ਹੋਵੇ, ਉਸ ਨੂੰ ਢਾਹ ਕੇ ਸਾਂਝਾ ਸ਼ਮਸ਼ਾਨ ਘਾਟ ਬਣਾਉਣਾ ਚਾਹੀਦਾ ਹੈ।
ਖ) ਜਾਤ-ਪਾਤ ਨੂੰ ਖਤਮ ਕਰਣ ਲਈ ਕੌਮੀ ਪੱਧਰ ਤੇ ਖੰਡੇ ਦੀ ਪਾਹੁਲ ਛਕਾਉਣੀ ਚਾਹੀਦੀ ਹੈ ਤੇ ਹਰ ਸਿੱਖ ਨੂੰ ਆਪਣੇ ਨਾਮ ਨਾਲ ਆਪਣੀ ਜਾਤ ਨਾ ਲਿਖਣ ਦਾ ਪ੍ਰਣ ਕਰਨਾ ਚਾਹੀਦਾ ਹੈ।
ਗ) ਜੋ ਲੋਕ ਪੰਜਾਬ ’ਚ ਜਾਤ ਤੇ ਅਧਾਰਿਤ ਗਾਣੇ ਲਿਖਦੇ ਅਤੇ ਗਾਉਂਦੇ ਹਨ, ਇਨ੍ਹਾਂ ਨੂੰ ਵੀ ਤਾੜਨਾ ਦੇਣੀ ਚਾਹੀਦੀ ਹੈ। ਇਹ ਨਿਰੋਲ ਬ੍ਰਾਹਣਵਾਦੀ ਕੰਪਨੀਆਂ ਤੇ ਸਿੱਖ ਵਿਰੋਧੀ ਏਜੰਸੀਆਂ ਦੀ ਸ਼ਾਜਿਸ ਹੈ। ਸਿੱਖਾਂ ਦੀ ਕੌਮੀ ਭਾਵਨਾ ਤੇ ਜੁਝਾਰੂ ਪੁਣੇ ਨੂੰ ਇਹ ਲੋਕ ਨਿਪੁੰਨਸ਼ਕਤਾ ’ਚ ਬਦਲਣਾ ਚਾਹੁੰਦੇ ਹਨ। ਇਸ ਲਈ ਪਿੰਡ ਪੱਧਰ ’ਤੇ ਸਿੱਖਾਂ ਨੂੰ ਅਜਿਹੇ ਗਾਇਕਾਂ ਦਾ ਮੂੰਹ ਕਾਲਾ ਕਰ ਦੇਣਾ ਚਾਹੀਦਾ ਹੈ।
ਘ) ਕੌਮੀ ਪੱਧਰ ਤੇ ਸਿੱਖਾਂ ਨੂੰ ਲੋੜ ਹੈ ਕਿ ਜਿੰਨੀ ਵੀ ਮੌਜੂਦਾ ਸਿੱਖ ਲੀਡਰਸ਼ਿੱਪ ਹੈ, ਇਨ੍ਹਾਂ ਸਾਰਿਆਂ ਤੇ ਲਾਲ ਲਕੀਰ ਫੇਰ ਦੇਣੀ ਚਾਹੀਦੀ ਹੈ।
ਸ) ਸਿੱਖਾਂ ਨੂੰ ਗੁਰੂ ਸਾਹਿਬ ਨੇ ਹਲੇਮੀ ਰਾਜ ਜਾਂ ਬੇਗਮਪੁਰਾ ਦਾ ਨਿਸ਼ਾਨਾ ਦਿੱਤਾ ਸੀ। ਉਸ ਵੱਲ ਸਾਰਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਦੁਬਿਧਾ ਬਿਲਕੁਲ ਨਹੀਂ ਚਾਹੀਦੀ। ਦੁਬਿਧਾ ’ਚ ਫਸੇ ਸਿੱਖ ਪਹਿਲਾਂ ਪੰਜਾਬੀ ਸੂਬਾ, ਫਿਰ ਖਾਲਿਸਤਾਨ ਤੋਂ ਹੁੰਦੇ ਹੋਏ ਅੰਮ੍ਰਿਤਸਰ ਐਲਾਨਨਾਮੇ ਤੱਕ ਪਹੁੰਚੇ ਅਤੇ ਹੁਣ ਪੰਜਾਬੀਅਤ ਦਾ ਥੋਥਾ ਨਾਅਰਾ ਦੇਣ ਲੱਗ ਪਏ ਹਨ। ਇਸ (ਲੱਚਰਪੁਣੇ ਵਾਲੀ) ਪੰਜਾਬੀਅਤ ਦੇ ਗੰਦੇ ਨਾਲੇ ’ਚ ਸਿੱਖੀ ਦਮ ਤੋੜ ਰਹੀ ਹੈ। ਹੁਣ ਜਾਂ ਤਾਂ ਅਖੌਤੀ ਪੰਜਾਬੀਅਤ ਰਹੇਗੀ ਜਾਂ ਸਿੱਖੀ। ਫੈਸਲਾ ਸਿੱਖਾਂ ਨੇ ਕਰਨਾ ਹੈ ਕਿ ਅਸੀਂ ਕਿਸ ਨੂੰ ਬਚਾਉਣਾ ਹੈ।
ਚ) ਜਿੰਨੇ ਸਿੱਖ ਮੌਜੂਦਾ ਸਮੇਂ ਸਾਡੇ ਨਾਲ ਸਹਿਮਤ ਹਨ, ਉਹ ਸਿੱਖ ਸਾਡੇ ਨਾਲ ਸੰਪਰਕ ਕਰਨ ਤਾਂ ਕਿ ਨਿਖੇੜਾ ਕਰਨਾ ਸੌਖਾ ਹੋ ਜਾਏ ਅਤੇ ਇੱਕ ਜੱਥੇਬੰਦਕ ਢਾਂਚੇ ਦੇ ਰੂਪ ਵਿੱਚ ਕੌਮੀ ਕਾਰਜ ਸਿਰੇ ਚਾੜ੍ਹਿਆ ਜਾ ਸਕੇ।
ਛ) ਜਿੰਨੇ ਸਿੱਖ ਖਾੜਕੂ ਲਹਿਰ ਦੌਰਾਨ ਜੇਲ੍ਹਾਂ ’ਚ ਬੰਦ ਕਰ ਦਿੱਤੇ ਗਏ ਸੀ ਜਾਂ ਝੂਠੇ ਪੁਲਿਸ ਮੁਕਾਬਿਲਆਂ ’ਚ ਮਾਰ ਦਿੱਤੇ ਗਏ ਸਨ, ਉਨ੍ਹਾਂ ਦੇ ਪਰਵਾਰ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਆਪਣੇ ਖੇਤਰ ਦੇ ਸੰਸਦ ਮੈਂਬਰਾਂ ਨੂੰ ਆਪਣੀਆਂ ਅਰਜ਼ੀਆਂ ਭੇਜਣ ਤਾਂ ਕਿ ਕੈਦੀਆਂ ਦੀ ਰਿਹਾਈ ਵਾਸਤੇ ਅਤੇ ਦੋਸ਼ੀ ਪੁਲਿਸਕਰਮੀਆਂ ਨੂੰ ਸਜ਼ਾ ਦਿਵਾਉਣ ਵਾਸਤੇ ਪ੍ਰਸ਼ਾਸਨਿਕ ਪੱਧਰ ’ਤੇ ਕੋਈ ਕਦਮ ਚੁੱਕਿਆ ਜਾ ਸਕੇ।