Subscription About Us Contact Us


ਖਿੰਡਦੀ-ਪੁੰਡਦੀ ਤੱਤ ਗੁਰਮਤਿ ਲਹਿਰ ਦਾ ਹਸ਼ਰ ਕੀ ਹੋਵੇਗਾ?

- ਸਰਬਜੀਤ ਸਿੰਘ -

ਸਿੱਖ ਫਲਸਫੇ ਦਾ ਹਿੰਦੂਵਾਦੀ ਰੂਪ ਪ੍ਰਚਾਰਿਆ ਜਾਣਾ ਅਤੇ ਆਮ ਸਿੱਖਾਂ ਵੱਲੋਂ ਜਾਣੇ-ਅਨਜਾਣੇ ਵਿੱਚ ਹਿੰਦੂ ਰੀਤੀ-ਰਿਵਾਜਾਂ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਅਪਣਾ ਲੈਣ ਦੀ ਮਾਨਸਿਕਤਾ ਪਿਛਲੇ ਕਾਫੀ ਸਮੇਂ ਤੋਂ ਪੰਥ-ਦਰਦੀਆਂ ਲਈ ਫਿਕਰ ਦਾ ਵਿਸ਼ਾ ਬਣੀ ਹੋਈ ਸੀ। ਸਿੱਖੀ ਨੂੰ ਇਸ ਬ੍ਰਾਹਮਣਵਾਦ ਰੂਪੀ ਅਜਗਰ ਅਤੇ ਸਿੱਖ ਸਮਾਜ ਦੀਆਂ ਜੜ੍ਹਾਂ ਵਿੱਚ ਤੇਲ ਪਾ ਰਹੇ ਪੁਜਾਰੀਆਂ ਦੀ ਜਕੜ ਤੋਂ ਬਚਾਉਣ ਲਈ ਲਗਭਗ 6 ਸਾਲ ਪਹਿਲਾਂ ਕੁਝ ਪੰਥਕ ਵਿਦਵਾਨਾਂ ਵੱਲੋਂ ਇਕ ਗੈਰ-ਰਸਮੀ ਮੁਹਿੰਮ ਉਲੀਕੀ ਗਈ ਸੀ, ਜਿਸਨੂੰ ਕਈ ਵਾਰ ‘ਤੱਤ ਗੁਰਮਤਿ ਲਹਿਰ’ ਵਜੋਂ ਵੀ ਸੰਬੋਧਿਤ ਕੀਤਾ ਜਾਂਦਾ ਹੈ।

ਉਸ ਸਮੇਂ ਚੰਗੀ ਸਾਖ ਰੱਖਣ ਵਾਲੇ ਰਸਾਲੇ ‘ਸਪੋਕਸਮੈਨ’ ਦੇ ਪ੍ਰਬੰਧਕਾਂ ਨੇ ਤੱਤ ਗੁਰਮਤਿ ਦੀ ਗੱਲ ਪੇਸ਼ ਕਰਨ ਵਾਲਾ ਮੀਡੀਆ ਆਪਣੇ ਨਿਯੰਤਰਨ ਵਿੱਚ ਹੋਣ ਕਾਰਨ ਅਜਿਹਾ ਪ੍ਰਭਾਵ ਦਿੱਤਾ ਜਿਵੇਂ ਇਹ ਲਹਿਰ ਉਨ੍ਹਾਂ ਨੇ ਹੀ ਚਲਾਈ ਹੋਵੇ ਜਾਂ ਉਨ੍ਹਾਂ ਦੇ ਬਲਬੂਤੇ ਹੀ ਟਿਕੀ ਹੋਵੇ। ਫਿਰ ਵੀ ਬਾਕੀ ਵਿਦਵਾਨਾਂ ਨੇ ਉਨ੍ਹਾਂ ਦਾ ਭਰਪੂਰ ਸਾਥ ਦਿੱਤਾ ਅਤੇ ਆਪਣੀਆਂ ਲਿਖਤਾਂ ਤੇ ਹੋਰ ਸਹਿਯੋਗ ਨਾਲ ਸਪੋਕਸਮੈਨ ਦੀ ਵਿਕਰੀ ਅਤੇ ਲੋਕਪ੍ਰਿਅਤਾ ਵਿੱਚ ਢੇਰ ਵਾਧਾ ਕਰਵਾਇਆ। ਪਰ ਛੇਤੀ ਹੀ ਸਪੋਕਸਮੈਨ ਦੇ ਪ੍ਰਬੰਧਕ ਆਪਣੇ ਜ਼ਾਹਿਰੀ ਟੀਚੇ (ਸਿੱਖੀ ਨੂੰ ਹਿੰਦੂਵਾਦ ਤੋਂ ਬਚਾਉਣਾ) ਤੋਂ ਥਿੜਕਦੇ ਨਜ਼ਰ ਆਉਣ ਲੱਗੇ। ਉਨ੍ਹਾਂ ‘ਪੰਥਕ ਅਖ਼ਬਾਰ’ ਸਥਾਪਿਤ ਕਰਨ ਦਾ ਦਾਅਵਾ ਕਰਕੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਤੋਂ ਭਰਪੂਰ ਮਾਇਆ ਤਾਂ ਉਗਰਾਹੀ ਪਰ ਅਖ਼ਬਾਰ ਦੇ ਸੰਪਾਦਕੀ ਮੰਡਲ ਵਿੱਚ ਪੰਥਕ ਵਿਦਵਾਨਾਂ ਨੂੰ ਸ਼ਾਮਲ ਕਰਨ ਦੀ ਬਜਾਏ, ਇਸਨੂੰ ਆਪਣੇ ਨਿਜੀ ਨਿਯੰਤਰਨ ਵਾਲੇ ਟਰਸੱਟ ਰਾਹੀਂ ਚਲਾਉਂਦੇ ਰਹੇ। ਜਿਹੜੇ ਇੱਕਾ-ਦੁੱਕਾ ਵਿਦਵਾਨਾਂ (ਜਿਵੇਂ ਸ੍ਰ: ਅਮਰਜੀਤ ਸਿੰਘ ਚੰਦੀ ਅਤੇ ਡਾ: ਗੁਰਸ਼ਰਨਜੀਤ ਸਿੰਘ) ਨੇ ਜਜ਼ਬਾਤੀ ਹੋ ਕੇ ਸਪੋਕਸਮੈਨ ਦੇ ਪ੍ਰਬੰਧ ਵਿੱਚ ਯੋਗਦਾਨ ਵੰਡਾਉਣ ਦੀ ਪਹਿਲ ਕੀਤੀ ਸੀ, ਕੁਝ ਸਮਾਂ ਬੀਤਣ ’ਤੇ ਉਨ੍ਹਾਂ ਨੂੰ ਵੀ ਦੁੱਧ ’ਚੋਂ ਮੱਖੀ ਵਾਂਗ ਕੱਢ ਵਗ੍ਹਾ ਕੇ ਸੁੱਟ ਦਿੱਤਾ ਗਿਆ। ਇਸਦੇ ਇਲਾਵਾ ਸ੍ਰ: ਗੁਰਤੇਜ ਸਿੰਘ ਤੇ ਸ੍ਰ: ਰਜਿੰਦਰ ਸਿੰਘ ਖ਼ਾਲਸਾ ਵਰਗੇ ਵਿਦਵਾਨ, ਜੋ ਸਪੋਸਕਮੈਨ ਦੇ ਪ੍ਰਬੰਧਕਾਂ ਦੀਆਂ ਕਈ ਕਾਰਵਾਈਆਂ ਨਾਲ ਸਹਿਮਤੀ ਨਹੀਂ ਜਤਾਉਂਦੇ ਸਨ, ਨੂੰ ਵੀ ਨੀਵਾਂ ਦਿਖਾਉਣ ਵਿੱਚ ਕੋਈ ਸੰਕੋਚ ਨਾ ਕੀਤਾ ਗਿਆ।

ਇਸਦੇ ਇਲਾਵਾ, ਸਪੋਕਸਮੈਨ ਰਸਾਲੇ ਦੇ ਪ੍ਰਬੰਧਕਾਂ ਵੱਲੋਂ ਕਦੇ ਧਰਮੀ ਫੌਜੀਆਂ ਦੀ ਮਦਦ, ਕਦੇ ਟੀ.ਵੀ. ਚੈਨਲ ਅਰੰਭ ਕਰਨ, ਕਦੇ ਏਕਸ ਕੇ ਬਾਰਕ ਤੇ ਕਦੇ ‘ਉੱਚਾ ਦਰ ਬਾਬੇ ਨਾਨਕ ਦਾ’ ਆਦਿ ਪ੍ਰਾਜੈਕਟ ਉਲੀਕਣ ਦੀ ਗੱਲ ਕਰਕੇ ਆਪਣੀ ਸਰਗਰਮੀਆਂ ਦਾ ਕੇਂਦਰ-ਬਿੰਦੂ ਮਾਇਕ ਪ੍ਰਾਪਤੀ ਦੇ ਆਲੇ-ਦੁਆਲੇ ਹੀ ਰੱਖਿਆ। (ਇਨ੍ਹਾਂ ਸਾਰੇ ਕਾਰਜਾਂ ਲਈ ਮਾਇਆ ਵੀ ‘ਸਪੋਕਸਮੈਨ ਟਰਸੱਟ’ ਦੇ ਨਾਮ ’ਤੇ ਹੀ ਲਈ ਜਾ ਰਹੀ ਹੈ, ਜਿਸ ਕਾਰਨ ਇਨ੍ਹਾਂ ਪ੍ਰਾਜੈਕਟਾਂ ਦੀ ਅਮਲੀ ਤੌਰ ’ਤੇ ਕੋਈ ਸੁਤੰਤਰ ਹੋਂਦ ਵੇਖਣ ਨੂੰ ਨਹੀਂ ਮਿਲਦੀ।)

ਹੁਣ ਮੌਜੂਦਾ ਸਮੇਂ ਵਿੱਚ ਵੀ ਅਖ਼ਬਾਰ ਦੇ ਪ੍ਰਬੰਧਕਾਂ ਵੱਲੋਂ ਬਾਦਲ ਪਿਉ-ਪੁੱਤਰ ਦੇ ਸੋਹਿਲੇ ਪੜ੍ਹ ਕੇ ਪੰਜਾਬ ਸਰਕਾਰ ਦੇ ਇਸ਼ਤਿਹਾਰ ਪ੍ਰਾਪਤ ਕਰਨ ਲਈ ਲੇਲੜ੍ਹੀਆਂ ਕੱਢੀਆਂ ਜਾ ਰਹੀਆਂ ਹਨ। ਸਪੋਕਸਮੈਨ ਦੇ ਪ੍ਰਬੰਧਕ, ਜੋ ਕੱਲ ਤੱਕ ਬਾਦਲ ਪਰਵਾਰ ਨੂੰ ਆਰ.ਐਸ.ਐਸ. ਦੇ ਪਿਛਲੱਗੂ ਤੇ ਕੌਮ ਦਾ ਸਭ ਤੋਂ ਵੱਧ ਨੁਕਸਾਨ ਕਰਨ ਵਾਲਾ ਆਖਦੇ ਥਕਦੇ ਨਹੀਂ ਸਨ, ਵੱਲੋਂ ਅਚਾਨਕ ਯੂ-ਟਰਨ ਲੈ ਕੇ ਬਾਦਲ ਪਰਵਾਰ ਦੀਆਂ ਸਿਫਤਾਂ ਦੇ ਪੁੱਲ ਬੰਨਣ ਅਤੇ ਹੋਰਨਾਂ ਅਦਾਰਿਆਂ ਨੂੰ ਤੱਤ ਗੁਰਮਤਿ ਦੇ ਪ੍ਰਚਾਰ ਤੋਂ ਰੋਕਣ ਵਾਸਤੇ ਆਪਣੇ ਸਲਾਨਾ ਸਮਾਗਮ ਵਿੱਚ ਉਨ੍ਹਾਂ ਨੂੰ ਸਟਾਲ ਲਗਾਉਣ ਦੀ ਆਗਿਆ ਨਾ ਦੇਣ ਦੀ ਨੀਤੀ ਨੇ ਅਖ਼ਬਾਰ ਦੀ ਵਿਸ਼ਵਸਨੀਕਤਾ ਅਤੇ ਤੱਤ ਗੁਰਮਤਿ ਲਹਿਰ ਦੇ ਸੰਚਾਲਨ ’ਤੇ ਇਕ ਸਵਾਲੀਆ ਨਿਸ਼ਾਨ ਖੜਾ ਕਰ ਦਿੱਤਾ ਹੈ।

ਤੱਤ ਗੁਰਮਤਿ ਲਹਿਰ ਨੂੰ ਇਕ ਵੱਡਾ ਨੁਕਸਾਨ ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਪਤਨ ਕਰਕੇ ਵੀ ਹੋਇਆ। ਪੰਚਾਇਤ ਦੇ ਸਿੰਘਾਂ ਨੇ ਅਰੰਭ ਵਿੱਚ ਜਿਸ ਜੋਸ਼ੋ-ਖਰੋਸ਼ ਅਤੇ ਸਫਲਤਾ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਅਤੇ ਤਖ਼ਤਾਂ ਦੇ ਪੁਜਾਰੀਆਂ ਵਿਰੁੱਧ ਸੰਘਰਸ਼ ਵਿੱਢਿਆ ਸੀ, ਉਹ ਸੰਗਠਨ ਦੇ ਦੋ ਸੀਨੀਅਰ ਅਹੁਦੇਦਾਰਾਂ ਵਿਚਕਾਰ ਫੁੱਟ ਪੈ ਜਾਣ ਕਾਰਨ ਛੇਤੀ ਹੀ ਪ੍ਰਭਾਵਹੀਨ ਹੋ ਗਿਆ।

ਤੱਤ ਗੁਰਮਤਿ ਲਹਿਰ ਦੇ ਇਕ ਮੁੱਖ ਥੰਮ ਸਾਬਕਾ ਆਈ.ਏ.ਐਸ. ਅਫ਼ਸਰ ਸ੍ਰ: ਗੁਰਤੇਜ ਸਿੰਘ ਹਨ, ਜਿਨ੍ਹਾਂ ਦੀ ਵਿਦਵਤਾ ਤੋਂ ਪ੍ਰਭਾਵਿਤ ਹੋ ਕੇ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਦਾ ਖ਼ਿਤਾਬ ਦਿੱਤਾ ਗਿਆ ਸੀ। ਪਰ ਬ੍ਰਾਹਮਣਵਾਦੀ ਮੀਡੀਆ ਵੱਲੋਂ ਉਨ੍ਹਾਂ ਦੇ ਵਿਚਾਰ ਪੇਸ਼ ਕਰਨ ਤੋਂ ਸੰਕੋਚ ਕਰਨ ਅਤੇ ਅਖੌਤੀ ਪੰਥਕ ਅਖ਼ਬਾਰ ਵੱਲੋਂ ਉਨ੍ਹਾਂ ਦੀਆਂ ਲਿਖਤਾਂ ਦਾ ਮੁਕੰਮਲ ਬਾਈਕਾਟ ਕਰਨ ਨਾਲ ਵੀ ਤੱਤ ਗੁਰਮਤਿ ਲਹਿਰ ਨੂੰ ਉਨ੍ਹਾਂ ਦਾ ਲੋੜੀਂਦਾ ਯੋਗਦਾਨ ਨਹੀਂ ਮਿਲ ਪਾ ਰਿਹਾ। ਰਹੀ ਸਹੀ ਕਸਰ ਵਿਦੇਸ਼ਾਂ ਵਿੱਚ ਬੈਠੇ ਵਿਵਾਦਿਤ ਕਿਸਮ ਦੇ ‘ਵਿਦਵਾਨ’ ਪੂਰੀ ਕਰ ਰਹੇ ਹਨ ਜੋ ਸ੍ਰ: ਗੁਰਤੇਜ ਸਿੰਘ ਬਾਰੇ ਤੱਥਹੀਣ ਲਿਖਤਾਂ ਲਿਖ ਕੇ ਤੱਤ ਗੁਰਮਤਿ ਦੇ ਸਮਰਥਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

ਤੱਤ ਗੁਰਮਤਿ ਲਹਿਰ ਨੂੰ ਪ੍ਰੋ: ਦਰਸ਼ਨ ਸਿੰਘ ਖ਼ਾਲਸਾ ਜਿਹੇ ਪ੍ਰਚਾਰਕਾਂ ਤੋਂ ਵੀ ਬੜੀ ਮਦਦ ਮਿਲਦੀ ਹੈ। ਪਰ ਇਹੋ ਜਿਹੇ ਪ੍ਰਚਾਰਕਾਂ ਨੂੰ ਆਮ ਤੌਰ ’ਤੇ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਦੂਰ ਰੱਖੇ ਜਾਣ ਕਾਰਨ ਉਹ ਵੀ ਸਿੱਖ ਸਮਾਜ ਦੇ ਹਰ ਹਿੱਸੇ ਵਿੱਚ ਜਾਗ੍ਰਿਤੀ ਨਹੀਂ ਫੈਲਾ ਪਾ ਰਹੇ। ਇਸਦੇ ਇਲਾਵਾ, ਉਨ੍ਹਾਂ ਦੇ ਆਸਪਾਸ ਮੰਡਰਾਉਣ ਵਾਲੇ ਸਹਿਯੋਗੀ ਦਿਸਦੇ ਪਰ ਅਸਲ ਵਿੱਚ ਖੁਫੀਆ ਏਜੰਸੀਆਂ ਦੇ ਇਕ ਏਜੰਟ ਨੇ ਪ੍ਰੋ: ਦਰਸ਼ਨ ਸਿੰਘ ਵੱਲੋਂ ਸਥਾਪਿਤ ਕੀਤੀ ਗਈ ‘ਸਿੱਖ ਪਾਰਲੀਮੈਂਟ’ ਨਾਮੀ ਸੰਸਥਾ ਨੂੰ ਬਿਲਕੁਲ ਪ੍ਰਭਾਵਹੀਨ ਤੇ ਨਕਾਰਾ ਬਣਾ ਕੇ ਰੱਖ ਦਿੱਤਾ ਹੈ।

ਕਿਸੇ ਸਮੇਂ ਮਿਸ਼ਨਰੀ ਕਾਲਜਾਂ ਨੇ ਵੀ ਤੱਤ ਗੁਰਮਤਿ ਲਹਿਰ ਦਾ ਅਧਾਰ ਤਿਆਰ ਕਰਨ ਵਿੱਚ ਵੱਡਾ ਯੋਗਦਾਨ ਪਾਇਆ ਸੀ। ਪਰ ਮੌਜੂਦਾ ਸਮੇਂ ਵਿੱਚ ਇਨ੍ਹਾਂ ਕਾਲਜਾਂ ਦੇ ਪ੍ਰਬੰਧਕਾਂ ਵੱਲੋਂ ਭਖਦੇ ਪਰ ਅਹਿਮ ਮਸਲਿਆਂ ’ਤੇ (ਸੰਗਤਾਂ ਵੱਲੋਂ ਮਿਲਦੀ ਮਾਇਕ ਮਦਦ ਬੰਦ ਹੋ ਜਾਣ ਜਾਂ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਦੇ ਪੁਜਾਰੀਆਂ ਨਾਲ ਇਨ੍ਹਾਂ ਦਾ ਟਕਰਾਅ ਪੈਦਾ ਹੋ ਜਾਣ ਦੇ ਡਰੋਂ) ਕੋਈ ਸਪਸ਼ਟ ਸਟੈਂਡ ਨਾ ਲੈਣ ਜਾਂ ਫਿਰ ਸਿੱਖ ਰਹਿਤ ਮਰਿਆਦਾ ਦਾ ਬਹਾਨਾ ਬਣਾ ਕੇ ਗੁਰਮਤਿ-ਵਿਰੋਧੀ ਸਿਧਾਂਤਾਂ ਦੀ ਪ੍ਰੋੜ੍ਹਤਾ ਕਰਨ ਦੀ ਦੋਗਲੀ ਪਹੁੰਚ ਨੇ ਮਿਸ਼ਨਰੀ ਕਾਲਜਾਂ ਨੂੰ ਵੀ ਤੱਤ ਗੁਰਮਤਿ ਲਹਿਰ ਦੇ ਵਿਰੋਧੀਆਂ ਦੀ ਸ਼੍ਰੇਣੀ ਵਿੱਚ ਲਿਆ ਖੜਾ ਕੀਤਾ ਹੈ।

ਸਪਸ਼ਟ ਹੈ ਕਿ ਤੱਤ ਗੁਰਮਤਿ ਲਹਿਰ ਨੂੰ ਸਿਰਫ਼ ਬ੍ਰਾਹਮਣਵਾਦੀ ਸੋਚ ਵਾਲੇ ਗਾਤਰਾਧਾਰੀਆਂ ਤੋਂ ਹੀ ਨਹੀਂ ਸਗੋਂ ਇਸ ਲਹਿਰ ਦੇ ‘ਸੰਚਾਲਕ’ ਅਖਵਾਉਣ ਵਾਲੇ ਹਉਮੈਗ੍ਰਸਤ ਤੇ ਮੌਕਾਪ੍ਰਸਤ ਵਿਦਵਾਨਾਂ/ਸੰਸਥਾਵਾਂ ਅਤੇ ਲਹਿਰ ਨੂੰ ਦਿਸ਼ਾਹੀਨ ਕਰ ਰਹੇ ਤੱਤਾਂ ਤੋਂ ਵੀ ਭਾਰੀ ਖ਼ਤਰਾ ਹੈ। ਕੀ ਪੰਥ-ਦਰਦੀ ਸਿੱਖ ਇਸ ਲਹਿਰ ਨੂੰ ਸਮਾਂ ਰਹਿੰਦਿਆਂ ਅਜਿਹੇ ਵਿਸ਼ਵਾਸਘਾਤੀ ਤੱਤਾਂ ਤੋਂ ਬਚਾਉਣ ਲਈ ਲੋੜੀਂਦੇ ਕਦਮ ਚੁੱਕ ਸਕਣਗੇ?