Subscription About Us Contact Us


‘ਸਾਹਿਬ’ ਅਖਵਾਉਣ ਦਾ ਹੱਕਦਾਰ ਕੌਣ?

- ਪ੍ਰੋ: ਇੰਦਰ ਸਿੰਘ ਘੱਗਾ -

ਸਤਿਗੁਰੂ ਸਾਹਿਬਾਨ ਵੱਲੋਂ ਕੀਤੇ ਗਏ ਅਣਗਿਣਤ ਪਰਉਪਕਾਰਾਂ ਨੂੰ ਪੜ੍ਹ-ਸੁਣ ਕੇ, ਮਹਿਸੂਸ ਕਰਕੇ, ਸਿੱਖ ਪੰਥ ਵਿੱਚ ਉਨ੍ਹਾਂ ਪ੍ਰਤੀ ਅਥਾਹ ਸਤਿਕਾਰ ਬਣਿਆ ਹੋਇਆ ਹੈ। ਗੁਰੂ ਸਾਹਿਬਾਨ ਦੀਆਂ ਸ਼ਖ਼ਸੀਅਤਾਂ ਤੇ ਇਨਸਾਨੀਅਤ ਨੂੰ ਉਨ੍ਹਾਂ ਦੀਆਂ ਦੇਣਾਂ ਵਾਕਈ ਬੇਜੋੜ ਸਨ। ਸਿਆਣਪ ਅਤੇ ਹਿੰਮਤ ਦਾ ਉਨ੍ਹਾਂ ਵਿੱਚ ਕੋਈ ਸਾਨੀ ਨਾ ਤਾਂ ਪਹਿਲਾਂ ਸੀ, ਨਾ ਅੱਜ ਹੈ। ਉਨ੍ਹਾਂ ਵੱਲੋਂ ਉਚਾਰਨ ਕੀਤੀ ਬਾਣੀ ਪੜ੍ਹ, ਵਿਚਾਰ ਕੇ ਦੰਗ ਰਹਿ ਜਾਈਦਾ ਹੈ। ਵਾਹ ! ਸਤਿਗੁਰੂ ਜੀ, ਅਸੀਂ ਰੱਬ ਨੂੰ ਨਹੀਂ ਵੇਖਿਆ, ਤੁਹਾਡੇ ਰਾਹੀਂ ਹੀ ਰੱਬ ਨੂੰ ਜਾਣਿਆ ਹੈ। ਮਨੁੱਖ ਨੂੰ ਅਣਗਿਣਤ ਬੰਧਨਾਂ ਤੋਂ ਮੁਕਤ ਹੋਣ ਦੇ ਸਾਰੇ ਤਰੀਕੇ ਸਮਝਾ ਕੇ, ਤੁਸੀਂ ਪੂਰੀ ਤਰ੍ਹਾਂ ਫੁੱਲ ਵਰਗੇ ਹਲਕੇ ਕਰ ਦਿੱਤਾ ਹੈ। ਤੁਹਾਡੇ ਜੀਵਨ ਅਤੇ ਤੁਹਾਡੇ ਉਪਦੇਸ਼ਾਂ ਨੇ, ਨਵੇਂ ਸਮਾਜ ਦੀ ਸਿਰਜਣਾ ਕਰ ਦਿੱਤੀ। ਸਤਿਗੁਰੂ ਜੀ ਦੀ ਬੀਰਤਾ ਅਤੇ ਨਿੰਮਰਤਾ ਹਰ ਇਨਸਾਨ ਦੇ ਦਿਲੋ-ਦਿਮਾਗ ’ਤੇ ਛਾ ਗਈ।

ਗੁਰੂ ਸਾਹਿਬਾਨ ਆਪਣੇ ਜ਼ਿੰਮੇ ਲੱਗੀ ਸੇਵਾ ਨਿਵਾਅ ਕੇ ਦ੍ਰਿਸ਼ਟਮਾਨ ਸੰਸਾਰ ਤੋਂ ਰੁਖ਼ਸਤ ਹੋ ਗਏ। ਉਨ੍ਹਾਂ ਦੇ ਹੁੰਦਿਆਂ ਭੀ ਸਿੱਖੀ ਤੇ ਬੜੇ ਝੱਖੜ ਝੁੱਲੇ, ਤੂਫਾਨ ਆਏ। ਗੁਰੂ ਸਾਹਿਬ ਨੇ ਹਰ ਵਾਰ ਆਪਣੇ ਉੱਤੇ ਝੱਲ ਲਿਆ। ਚੱਟਾਨ ਵਾਂਗੂ ਅੜ ਖਲੋਤੇ, ਸਿੱਖੀ ਨੂੰ ਬਚਾ ਲਿਆ। ਗੁਰੂ ਜੀ ਦੇ ਜੀਵਨ ਕਾਲ ਤੋਂ ਬਾਅਦ ਪੰਥ ’ਤੇ ਮੁਸੀਬਤਾਂ ਹੋਰ ਵਧ ਗਈਆਂ। ਹਾਲਾਤ ਨਾਲ ਟੱਕਰ ਲੈਣ ਵਾਲਾ ਕੋਈ ਮਹਾਂਬਲੀ (ਗੁਰੂ ਸਾਹਿਬਾ ਵਰਗਾ) ਨਹੀਂ ਸੀ। ਸਮਰੱਥਾ ਮੁਤਾਬਿਕ ਸਿੱਖਾਂ ਨੇ ਬੜੇ ਕਸ਼ਟ ਝੱਲੇ। ਜੰਗ ਲੜੇ, ਸੰਘਰਸ਼ ਕੀਤਾ, ਰਾਜ ਕੀਤਾ। ਪਰ ਜਾਨੀ-ਮਾਲੀ ਨੁਕਸਾਨ ਵੀ ਬਹੁਤ ਉਠਾਇਆ। ਅਜਿਹੇ ਭਿਆਨਕ ਸਮੇਂ ਵਿੱਚ ਸਿੱਖ ਅਖਵਾਉਣ ਵਾਲੇ, ਸਿੱਖੀ ਅਸੂਲਾਂ ਤੋਂ ਅਵੇਸਲੇ ਹੋ ਗਏ। ਗੁਰੂ ਸਾਹਿਬ ਵੱਲੋਂ ਕੀਤੇ ਬਹਾਦਰੀ ਵਾਲੇ ਕਾਰਜ, ਕਰਾਮਾਤਾਂ ਵਿੱਚ ਬਦਲ ਗਏ। ਗੁਰੂ ਸਾਹਿਬ ਨੂੰ ਇਨਸਾਨੀ ਜਾਮੇ ਵਿੱਚ ਰਹਿ ਕੇ, ਸਾਰੇ ਕਾਰਜ ਕਰਦਿਆਂ ਨਾ ਮੰਨਦਿਆਂ, ਗੈਬੀ ਸ਼ਕਤੀਆਂ ਦੇ ਪ੍ਰਦਰਸ਼ਕ ਬਣਾ ਧਰਿਆ। ਉਨ੍ਹਾਂ ਦੇ ਜੀਵਨ ਤੋਂ ਸਿੱਖਿਆ ਅਤੇ ਉਤਸ਼ਾਹ ਨਾ ਲੈ ਕੇ, ਮਾਤਰ ਪੂਜਣਯੋਗ ਸ਼ਖ਼ਸੀਅਤ ਬਣਾ ਕੇ ਰੱਖ ਦਿੱਤਾ। ਇਹੀ ਨਹੀਂ, ਜਿਹੜੀ ਵਸਤੂ ਗੁਰੂ ਨਾਲ ਸਬੰਧਿਤ ਹੋ ਗਈ, ਉਸਨੂੰ ਵੀ ਪੂਜਿਆ ਜਾਣ ਲੱਗ ਪਿਆ। ਹਥਲੇ ਲੇਖ ਵਿੱਚ ਅਸੀਂ ਕੇਵਲ ‘ਸਾਹਿਬ’ ਲਫ਼ਜ਼ ’ਤੇ ਵਿਚਾਰ ਕਰਾਂਗੇ।

ਗੁਰਬਾਣੀ ਵਿੱਚ ਸਾਹਿਬ ਪਦ ਆਮ ਕਰਕੇ ਪਰਮੇਸ਼ਰ ਵਾਸਤੇ ਵਰਤਿਆ ਗਿਆ ਹੈ। ਜਿਵੇਂ :

ਸੋ ਪਾਤਿਸਾਹ ਸਾਹਾ ਪਤਿ ‘‘ਸਾਹਿਬ’’ ਨਾਨਕ ਰਹਣੁ ਰਜਾਈ।। (ਜਪੁ)

‘‘ਸਾਹਿਬੁ’’ ਸਿਮਰਹੁ ਮੇਰੇ ਭਾਈ ਹੋ, ਸਭਨਾ ਏਹੁ ਪਇਆਣਾ।। (579)

‘‘ਸਾਹਿਬੁ’’ ਮੇਰਾ ਏਕੋ ਹੈ।। ਏਕੋ ਹੈ ਭਾਈ ਏਕੋ ਹੈ।। (350)

ਗੁਰਬਾਣੀ ਵਿੱਚ ‘‘ਸਾਹਿਬੁ’’ 204 ਵਾਰੀ, ‘‘ਸਾਹਿਬ’’ 96 ਵਾਰੀ ਤੇ ‘‘ਸਾਹਿਬਿ’’ 6 ਵਾਰੀ ਆਇਆ ਹੈ। ਕੁਝ ਥਾਵਾਂ ’ਤੇ ਗੁਰੂ ਸਾਹਿਬਾਨ ਲਈ ਆਦਰ ਪ੍ਰਗਟ ਕਰਨ ਵਾਸਤੇ ਇਹੀ ਲਫ਼ਜ਼ ਲਿਖਿਆ ਪੜ੍ਹੀਦਾ ਹੈ। ਪਰ ਬਹੁਤੀ ਥਾਈਂ ਅਕਾਲ ਪੁਰਖ ਵਾਸਤੇ ਆਇਆ ਹੈ। ਕੁਲ 306 ਵਾਰੀ ‘ਸਾਹਿਬ’ ਪਦ ਦੀ ਵਰਤੋਂ ਹੋਈ ਹੈ।

ਅਕਾਲ ਪੁਰਖ ਬਾਰੇ ਜਿਨ੍ਹਾਂ ਸਤਿਗੁਰਾਂ ਨੇ ਗਿਆਨ ਦਿੱਤਾ ਹੈ। ਮਨੁੱਖਤਾ ਦੇ ਕਲਿਆਣ ਲਈ ਉੱਚੇ-ਸੁੱਚੇ ਵਿਚਾਰ ਦਿੱਤੇ ਹਨ, ਜੋ ਲੋੜ ਪੈਣ ’ਤੇ ਆਪਣਾ ਆਪ ਤੱਕ ਲੇਖੇ ਲਾਉਂਦੇ ਰਹੇ - ਉਨ੍ਹਾਂ ਲਈ ‘‘ਸਾਹਿਬ’’ ਲਫ਼ਜ਼ ਦੀ ਵਰਤੋਂ ਕਰਨੀ ਵਾਜਿਬ ਹੈ, ਸਹੀ ਹੈ। ਆਮ ਮਨੁੱਖ ਨਾਲੋਂ ਉਨ੍ਹਾਂ ਦਾ ਗਿਆਨ ਅਤੇ ਘਾਲਣਾ ਲੱਖਾਂ ਗੁਣਾ ਵੱਧ ਸੀ। ਆਮ ਆਦਮੀਆਂ ਲਈ ਸਧਾਰਨ ਹੀ ਲਫ਼ਜ਼ ਵਰਤੇ ਜਾਂਦੇ ਹਨ ਪਰ ਖ਼ਾਸ ਸ਼ਖ਼ਸੀਅਤਾਂ ਲਈ ਲਫ਼ਜ਼ ਵੀ ਵਿਸ਼ੇਸ਼ ਹੀ ਵਰਤੇ ਜਾਂਦੇ ਹਨ।

ਮਿਸਾਲ ਲਈ ਆਮ ਆਦਮੀ ਵਾਸਤੇ ‘‘ਜਨਮ ਹੋਇਆ, ਜੰਮ ਪਿਆ’’ ਵਰਗੇ ਲਫ਼ਜ਼ਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਤਾਂ ਗੁਰੂ ਸਾਹਿਬਾਨ ਵਾਸਤੇ ‘‘ਪ੍ਰਗਟ ਦਿਵਸ, ਆਗਮਨ ਦਿਹਾੜਾ, ਪ੍ਰਕਾਸ਼ ਉਤਸਵ’’ ਆਦਿ ਲਫ਼ਜ਼ ਵਰਤੇ ਜਾਂਦੇ ਹਨ। ਇਸੇ ਤਰ੍ਹਾਂ ਆਮ ਆਦਮੀ ਲਈ ‘‘ਮਰ ਗਿਆ, ਚਲਾਣਾ ਕਰ ਗਿਆ, ਚੜ੍ਹਾਈ ਕਰ ਗਿਆ, ਕਾਲ ਵੱਸ ਹੋ ਗਿਆ’’ ਆਦਿ ਲਫ਼ਜ਼ ਵਰਤੇ ਜਾਂਦੇ ਹਨ ਪਰ ਗੁਰੂ ਸਾਹਿਬਾਨ ਲਈ ‘‘ਪੰਜ ਭੂਤਕ ਸਰੀਰ ਤਿਆਗ ਦਿੱਤਾ, ਜੀਵਨ ਯਾਤਰਾ ਪੂਰੀ ਕਰ ਗਏ, ਜੋਤੀ ਜੋਤਿ ਸਮਾ ਗਏ, ਨਿਰੰਕਾਰ ਵਿੱਚ ਅਭੇਦ ਹੋ ਗਏ’’ ਆਦਿ ਪਦ ਵਰਤੇ ਜਾਂਦੇ ਹਨ। ਸਿੱਖਾਂ ਦੇ ਧਰਮ ਕੇਂਦਰਾਂ ਦੀ ਕਾਰਜਸ਼ੈਲੀ ਕਮਜ਼ੋਰ ਹੋਣ ਕਾਰਨ ਅੱਜਕੱਲ ਸਾਧ ਲਾਣਾ ਇਨ੍ਹਾਂ ਸ਼ਬਦਾਂ ਦੀ ਵਰਤੋਂ ਆਪਣੇ ਲਈ ਬੇਖੌਫ ਕਰ ਰਿਹਾ ਹੈ। ‘‘ਮਹਾਂਪੁਰਖ, ਬ੍ਰਹਮਗਿਆਨੀ, ਸੰਤ, ਪੂਰਨ ਸੰਤ, ਮਹਾਰਾਜ ਅਤੇ ਸਤਿਗੁਰੂ’’ ਆਦਿਕ ਲਫ਼ਜ਼ ਸਿੱਖੀ ਸਰੂਪ ਧਾਰਨ ਕਰਕੇ ਸਿੱਖਾਂ ਅੰਦਰ ਵਿਚਰ ਰਹੇ ਸਾਧਾਂ ਦੀਆਂ ਧਾੜਾਂ ਵੱਲੋਂ ਆਮ ਹੀ ਵਰਤੇ ਜਾਂਦੇ ਹਨ।

‘ਸਾਹਿਬ’ ਲਫ਼ਜ਼ ਤਾਂ ਅੱਜਕੱਲ ਕਿੰਨੇ ਹੀ ਅਣਅਧਿਕਾਰੀ ਲੋਕ ਆਪਣੇ ਨਾਵਾਂ ਨਾਲ ਨੱਥੀ ਫਿਰਦੇ ਵੇਖੇ ਜਾ ਸਕਦੇ ਹਨ। ਤਖ਼ਤਾਂ ਦੇ ‘ਜੱਥੇਦਾਰ’ ਆਪਣੇ ਨਾਵਾਂ ਨਾਲ ‘ਸਿੰਘ ਸਾਹਿਬ’ ਦੀ ਡਿਗਰੀ ਲਗਾ ਕੇ, ਨਿਰੰਕਾਰ ਅਤੇ ਗੁਰੂ ਦੀ ਬਰਾਬਰੀ ਕਰਨ ਦਾ ਪਾਪ ਕਰ ਰਹੇ ਹਨ। ਵੱਡੇ ਗੁਰਦੁਆਰਿਆਂ ਦੇ ਗ੍ਰੰਥੀ ਵੀ ਆਪਣੇ ਨਾਵਾਂ ਤੋਂ ਪਹਿਲਾਂ ‘‘ਸਿੰਘ ਸਾਹਿਬ’’ ਵਿਸ਼ੇਸ਼ਣ ਜੋੜਨ ਵਿੱਚ ਸੰਕੋਚ ਨਹੀਂ ਕਰਦੇ। ਇਹ ਸਭ ਤਾਂ ਆਖ਼ਰ ਨੂੰ ਚੰਗੇ ਜਾਂ ਬੁਰੇ ਸਿੱਖ ਹਨ। ਇਨਸਾਨੀ ਜਾਮੇ ਵਿੱਚ ਜਨਮ ਲੈ ਚੁੱਕੇ ਹਨ। ਛਲ-ਫਰੇਬ ਕਰਕੇ ‘‘ਸਾਹਿਬ’’ ਵਾਲੀ ਪਦਵੀ ਆਪਣੇ ਨਾਵਾਂ ਨਾਲ ਨੱਥੀ ਕਰਵਾ ਚੁੱਕੇ ਹਨ।

ਜ਼ਰਾ ਗੌਰ ਫੁਰਮਾਓ ! ਗੁਰਦੁਆਰਿਆਂ ਵਿੱਚ ਵਰਤਿਆ ਜਾਣ ਵਾਲਾ ਸਮਾਨ, ਬਿਨਾਂ ਉਚੇਚੇ ਜਤਨਾਂ ਤੋਂ ‘‘ਸਾਹਿਬ’’ ਵਾਲਾ ਖ਼ਿਤਾਬ ਪ੍ਰਾਪਤ ਕਰ ਚੁੱਕਿਆ ਹੈ। ਮਿਸਾਲ ਲਈ, ‘‘ਪੀੜ੍ਹਾ ਸਾਹਿਬ, ਮੰਜੀ ਸਾਹਿਬ, ਚੌਰ ਸਾਹਿਬ, ਰੁਮਾਲਾ ਸਾਹਿਬ...।’’ ਜੇ ਸਿੱਖ ਇਸੇ ਤਰ੍ਹਾਂ ਗਫਲਤ ਦੀ ਨੀਂਦ ਵਿੱਚ ਸੁੱਤੇ ਰਹੇ, ਤਾਂ ‘‘ਕੁੰਭ ਸਾਹਿਬ, ਨਾਰੀਅਲ ਸਾਹਿਬ, ਧੂਫ ਸਾਹਿਬ, ਜੋਤਿ ਸਾਹਿਬ’’ ਆਦਿ ਵੀ ਬਣਨ ਹੀ ਵਾਲੇ ਹਨ।

ਸਹਿਜ ਸੁਭਾਅ ਵਿਚਾਰ-ਵਟਾਂਦਰਾ ਕਰਦਿਆਂ (ਜਾਂ ਕਥਾ ਕਰਦਿਆਂ) ਸ਼ਹਿਰਾਂ ਦੇ ਨਾਵਾਂ ਨਾਲ ‘‘ਸਾਹਿਬ’’ ਰੁਤਬਾ ਜਦੋਂ ਮੈਂ ਨਾ ਬੋਲਾਂ, ਤਾਂ ਸ਼ਰਧਾਲੂ ਅਕਸਰ ਟੋਕ ਦਿੰਦੇ ਹਲ। ਵੀਰ ਜੀ ! ‘‘ਸਾਹਿਬ’’ ਲਫ਼ਜ਼ ਲਾ ਕੇ ਆਦਰ ਨਾਲ ਬੋਲਿਆ ਕਰੋ। ਮੇਰੀ ਨਿਮਰਤਾ ਸਹਿਤ ਬੇਨਤੀ ਹੋਇਆ ਕਰਦੀ ਹੈ ਕਿ ਜਿਨ੍ਹਾਂ ਸ਼ਹਿਰਾਂ ਦੇ ਪਿੱਛੇ ਤੁਸੀਂ ‘‘ਸਾਹਿਬ’’ ਪਿਛੇਤਰ ਲਾਉਂਦੇ ਹੋ, ਕੀ ਉਨ੍ਹਾਂ ਵਿੱਚੋਂ ਸਾਰੇ ਬੁਰੇ ਕੰਮ ਹੋਣੋਂ ਹੱਟ ਗਏ ਹਨ? ਭਾਵੇਂ ਇੱਥੇ ਕੋਈ ਇੱਕ ਜਾਂ ਦੋ ਗੁਰਦੁਆਰੇ ਵੀ ਮੌਜੂਦ ਹਨ। ਪਰ ਇਨ੍ਹਾਂ ਸ਼ਹਿਰਾਂ ਵਿੱਚ ਵੀ, ਬਾਕੀ ਸ਼ਹਿਰਾਂ ਵਾਂਗ ਸਾਰੇ ਨੀਚ ਕੰਮ (ਚੋਰੀ, ਬੇਈਮਾਨੀ, ਕਤਲ, ਡਾਕੇ) ਨਿਰੰਤਰ ਹੋ ਰਹੇ ਹਨ। ਸਿੱਖ ਸ਼ਰਧਾਲੂ ‘ਆਨੰਦਪੁਰ ਸਾਹਿਬ, ਪਟਨਾ ਸਾਹਿਬ, ਪਾਉਂਟਾ ਸਾਹਿਬ’ ਆਦਿਕ ਉਚਾਰਨ ਦੀ ਤਾਕੀਦ ਕਰਦੇ ਹਨ ਪਰ ਕੀ ਪੰਜ-ਸੱਤ ਸ਼ਹਿਰਾਂ ਨਾਲ ‘ਸਾਹਿਬ’ ਪਿਛੇਤਰ ਲਗਾ ਕੇ ਹੀ ਕੰਮ ਚੱਲ ਜਾਏਗਾ? ਬਾਕੀ ਅਣਗਿਣਤ ਸ਼ਹਿਰਾਂ ਵਿੱਚ ਵੀ ਇਤਿਹਾਸਕ ਗੁਰਦੁਆਰੇ ਹਨ, ਉਨ੍ਹਾਂ ਨਾਲ ‘ਸਾਹਿਬ’ ਪਿਛੇਤਰ ਕਿਉਂ ਨਹੀਂ ਵਰਤਿਆ ਜਾਂਦਾ? ਮਿਸਾਲ ਲਈ, ‘‘ਦਿੱਲੀ ਸਾਹਿਬ, ਮਥੁਰਾ ਸਾਹਿਬ, ਗਵਾਲੀਅਰ ਸਾਹਿਬ, ਆਗਰਾ ਸਾਹਿਬ, ਹਰਿਦੁਆਰ ਸਾਹਿਬ, ਕੁਰੂਕਸ਼ੇਤਰ ਸਾਹਿਬ, ਪਟਿਆਲਾ ਸਾਹਿਬ, ਸਮਾਣਾ ਸਾਹਿਬ, ਜੀਂਦ ਸਾਹਿਬ, ਪਿਹੋਵਾ ਸਾਹਿਬ...’’ ਆਦਿਕ ਕਿਉਂ ਨਹੀਂ ਕਿਹਾ ਜਾਂਦਾ? ਯਾਦ ਰੱਖਣਾ ਬਣਦਾ ਹੈ ਕਿ ਲਾਹੌਰ ਸ਼ਹਿਰ ਨਾਲ ਗੁਰੂ ਸਾਹਿਬਾਨ ਅਤੇ ਸਿੱਖਾਂ ਦੀਆਂ ਬੇਅੰਤ (ਚੰਗੀਆਂ-ਮੰਦੀਆਂ) ਯਾਦਾਂ ਜੁੜੀਆਂ ਹੋਈਆਂ ਹਨ। ਸ਼ਹਿਰ ਵਿੱਚ ਕਾਫੀ ਗੁਰਦੁਆਰੇ ਵੀ ਹਨ ਅਤੇ ਸਿੱਖਾਂ ਦੀ ਚੜ੍ਹਤ ਸਮੇਂ ਰਾਜਧਾਨੀ ਵੀ ਲਾਹੌਰ ਹੀ ਸੀ। ਫਿਰ ਕੀ ਇਸ ਸ਼ਹਿਰ ਨੂੰ ‘‘ਲਾਹੌਰ ਸਾਹਿਬ’’ ਨਹੀਂ ਆਖਿਆ ਜਾਣਾ ਚਾਹੀਦਾ?

ਸਿੱਖ ਲਿਖਾਰੀਆਂ ਨੇ ਅਤੇ ਸਿੱਖਾਂ ਦੇ ਧਾਰਮਕ ਮੁਖੀਆਂ ਨੇ, ਕਦੀ ਅੱਖਾਂ ਖੋਲ੍ਹ ਕੇ ਵੇਖਣ ਦੀ ਤਕਲੀਫ ਹੀ ਨਹੀਂ ਕੀਤੀ। ਸ਼ਹਿਰਾਂ ਦੇ ਨਾਵਾਂ ਨਾਲ ‘‘ਸਾਹਿਬ’’ ਪਿਛੇਤਰ ਜੁੜ ਜਾਣਾ ਏਨਾ ਦੁਖਦਾਈ ਨਹੀਂ ਸੀ। ਪਰ ਇੱਥੇ ਤਾਂ ਅਜਿਹੀਆਂ ਸ਼ਰਮਨਾਕ ਚੀਜ਼ਾਂ ਨਾਲ ਵੀ ‘‘ਸਾਹਿਬ’’ ਪਿਛੇਤਰ ਜੋੜ ਦਿੱਤਾ ਗਿਆ ਹੈ, ਜਿਨ੍ਹਾਂ ਸਾਰੇ ਸੋਚ ਕੇ ਰੂਹ ਕੰਬ ਜਾਂਦੀ ਹੈ, ਮਨ ਕੁਰਲਾ ਉਠਦਾ ਹੈ ਕਿ ਸਾਡੇ ਮੁਖੀ ਸਾਨੂੰ ਕਿਸ ਹਨੇਰੀ ਖੱਡ ਵਿੱਚ ਸੁੱਟੀ ਜਾ ਰਹੇ ਹਨ। ਰੋਪੜ ਦੇ ਨੇੜੇ ਇਕ ਗੁਰਦੁਆਰੇ ਦਾ ਨਾਮ ਹੈ ‘ਭੱਠਾ ਸਾਹਿਬ’। ਅਖੇ, ਇੱਥੇ ਸਤਿਗੁਰੂ ਦੇ ਘੋੜੇ ਦੇ ਪੌੜ ਛੂਹੰਦਿਆਂ ਹੀ ਬਲਦੀ ਅੱਗ ਦੀਆਂ ਲਾਟਾਂ ਠੰਢੀਆਂ-ਠਾਰ ਹੋ ਗਈਆਂ। ਗੁਰਦੁਆਰੇ ਦਾ ਨਾਮ ਦਸ਼ਮੇਸ਼ ਪਿਤਾ ਦੇ ਨਾਮ ’ਤੇ ਨਹੀਂ ਰੱਖਿਆ। ਬਣਾ ਧਰਿਆ ਭੱਠੇ ਨੂੰ ਹੀ ‘ਸਾਹਿਬ’।

ਕਿਸੇ ਥਾਂ ਸਤਿਗੁਰੂ ਜੀ ਨੇ ਜੰਡ ਦੇ ਰੁੱਖ ਨਾਲ ਘੋੜਾ ਬੰਨ੍ਹਿਆ। ਕੁਝ ਸਮਾਂ ਅਰਾਮ ਕੀਤਾ। ਇਥੇ ਗੁਰਦੁਆਰਾ ਬਣ ਗਿਆ ‘ਜੰਡ ਸਾਹਿਬ’। ਬਠਿੰਡੇ ਵਿੱਚ ਇਕ ਪਿੰਡ ਹੈ ਮਾਈਸਰਖਾਨਾ। ਇਸ ਤੋਂ 2 ਕਿਲੋਮੀਟਰ ਵਾਲੇ ਪਾਸੇ, ਇਕ ਗੁਰਦੁਆਰਾ ਹੈ ‘ਤਿੱਤਰਸਰ ਸਾਹਿਬ’। ਕਹਿੰਦੇ ਹਨ ਕਿ ਇਥੇ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਤਿੱਤਰ (ਛੋਟਾ ਜਿਹਾ ਇਕ ਪੰਛੀ) ਦਾ ਸ਼ਿਕਾਰ ਕੀਤਾ ਸੀ। ਜਦੋਂ ਮੌਕਾ ਲੱਗਿਆ, ਸਿੱਖਾਂ ਨੇ ਤਿੱਤਰ ਨੂੰ ਅਮਰ ਕਰ ਦਿੱਤਾ। ਤਿੱਤਰ ਦੀ ਯਾਦ ਵਿੱਚ ਤਿੱਤਰਸਰ ਗੁਰਦੁਆਰਾ ਉਸਰ ਚੁੱਕਾ ਹੈ !!

ਮਾਨਸਾ ਸ਼ਹਿਰ ਤੋਂ ਸਰਦੂਲਗੜ੍ਹ ਨੂੰ ਜਾਂਦਿਆਂ ਇਕ ਵਿਸ਼ਾਲ ਗੁਰਦੁਆਰਾ ਬਣਿਆ ਹੈ, ਪਿੰਡ ਕੋਟ ਧਰਮੂ ਵਿੱਚ। ਦਸਵੀਂ ਨੂੰ ਭਾਰੀ ਮੇਲਾ ਲਗਦਾ ਹੈ। ਸਾਖੀ ਮੁਤਾਬਿਕ, ਇੱਥੇ ਗੁਰੂ ਤੇਗ ਬਹਾਦਰ ਜੀ ਠਹਿਰੇ ਹੋਏ ਸਨ। ਰਾਤ ਸਮੇਂ ਚੋਰਾਂ ਨੇ ਘੋੜੇ ਚੋਰੀ ਕਰਨੇ ਚਾਹੇ, ਪਰ ਅੰਨ੍ਹੇ ਹੋ ਗਏ। ਜਦੋਂ ਘੋੜੇ ਵਾਪਸ ਲਿਆਉਣ ਲੱਗੇ, ਤਦੋਂ ਦਿੱਸਣ ਲੱਗ ਪਿਆ। ਇਸੇ ਤਰ੍ਹਾਂ ਰਾਤ ਬੀਤ ਗਈ। ਸਵੇਰ ਵੇਲੇ ਗੁਰੂ ਜੀ ਅੱਗੇ ਸਾਰੀ ਵਾਰਤਾ ਕਹਿ ਸੁਣਾਈ। ਹੁਣ ਸਾਨੂੰ ਸਜ਼ਾ ਦਿਓ। ਗੁਰੂ ਜੀ ਨੇ ਸਹਿਜ ਸੁਭਾਅ ਆਖ ਦਿੱਤਾ, ‘‘ਜਿਹੋ ਜਿਹੀ ਤੁਸੀਂ ਚਾਹੁੰਦੇ ਹੋ, ਖ਼ੁਦ ਹੀ ਉਸ ਤਰ੍ਹਾਂ ਭੋਗ ਲਉ।’’ ਕਹਿੰਦੇ ਹਨ ਚੋਰਾਂ ਨੇ ਜੰਡ ਤੇ ਤਿੱਖੇ ਖੁੰਘੇ ਨਾਲ ਆਪਣੇ ਢਿੱਡ ਪਾੜ ਕੇ ਆਤਮਹੱਤਿਆ ਕਰ ਲਈ। ਫਾਂਸੀ ਦੀ ਸਜ਼ਾ ਪ੍ਰਾਪਤ ਵਿਅਕਤੀਆਂ ਵੱਲੋਂ ਸੂਲੀ ਚੜ੍ਹਨ ਦੀ ਕਿਰਿਆ ਨੂੰ ਸਾਹਮਣੇ ਰੱਖਕੇ ਗੁਰਦਆਰਾ ਤਾਮੀਰ ਕਰਵਾ ਦਿੱਤਾ। ਇਸਦਾ ਨਾਮਕਰਨ ਕੀਤਾ ‘‘ਸੂਲੀ ਸਰ ਸਾਹਿਬ’’। ਯਾਨਿ ਕਿ ਫਾਂਸੀ ਵੀ ਰੱਬ ਅਤੇ ਗੁਰੂ ਦੇ ਬਰਾਬਰ ‘ਸਾਹਿਬੀ’ ਨੂੰ ਪੁੱਜ ਗਈ। ‘ਫਾਂਸੀ ਸਾਹਿਬ’ ਆਖੋ ਜਾਂ ‘ਸੂਲੀ ਸਰ ਸਾਹਿਬ’, ਗੱਲ ਇੱਕੋ ਹੈ।

ਗੁਰੂ ਨਾਨਕ ਸਾਹਿਬ ਨਾਲ ਸਬੰਧਿਤ ਕੁਝ ਗੁਰਦੁਆਰਿਆਂ ਦੇ ਨਾਂ ਹਨ : ‘‘ਰੋੜੀ ਸਾਹਿਬ, ਕਿਆਰਾ ਸਾਹਿਬ, ਸਰਪ ਛਾਇਆ ਸਾਹਿਬ, ਸੱਚਾ ਸੌਦਾ ਸਾਹਿਬ, ਬੇਰ ਸਾਹਿਬ...’’ ਆਦਿ। ਪਾਕਿਸਤਾਨ ਵਿੱਚ ‘ਪੰਜਾ ਸਾਹਿਬ’ ਤੇ ਲੇਹ ਵਿੱਚ ‘ਪੱਥਰ ਸਾਹਿਬ’ ਗੁਰਦੁਆਰਾ ਭੀ ਬਣ ਚੁੱਕਿਆ ਹੈ। ਪ੍ਰਸਿੱਧ ਵਿਦਵਾਨ ਪ੍ਰਿੰਸੀਪਲ ਤੇਜਾ ਸਿੰਘ ਨੇ ਪੁਸਤਕ ‘ਬਹੁਮੁੱਲੇ ਇਤਿਹਾਸਕ ਲੇਖ’ ਵਿੱਚ ਲਿਖਿਆ ਹੈ ਕਿ ਨਨਕਾਣੇ ਵਿੱਚ ਰਹਿੰਦਿਆਂ, ਗੁਰੂ ਨਾਨਕ ਸਾਹਿਬ ਜਦੋਂ ਮੱਝਾਂ ਚਾਰਨ ਖੇਤਾਂ ਵੱਲ ਲੈ ਜਾਂਦੇ ਸਨ। ਉੱਥੇ ਹੋਰ ਗੁਰਦੁਆਰੇ ਤਾਂ ਬਣੇ ਸੋ ਬਣੇ, ਇਕ ਗੁਰਦੁਆਰਾ ‘ਟਾਂਗੂ ਸਾਹਿਬ’ ਉਸਰਨਾ ਸ਼ੁਰੂ ਹੋ ਗਿਆ। ਫੱਟਾ ਲਿਖ ਕੇ ਲਾ ਦਿੱਤਾ ਗਿਆ। ਉਗਰਾਹੀ ਸ਼ੁਰੂ ਹੋ ਗਈ, ਨੀਹਾਂ ਭਰ ਦਿੱਤੀਆਂ ਗਈਆਂ। ਕੁਝ ਸਮਝਦਾਰ ਗੁਰਸਿੱਖਾਂ ਨੇ ‘ਟਾਂਗੂ ਸਾਹਿਬ’ ਉਸਾਰ ਰਹੇ ਸੇਵਾਦਾਰਾਂ ਪਾਸੋਂ ਪੁੱਛ ਕੀਤੀ, ‘‘ਭਾਈ ਜੀ, ਇਸ ਅਸਥਾਨ ਦਾ ਇਤਿਹਾਸ ਕੀ ਹੈ?’’ ਸੇਵਾਦਾਰਾਂ ਨੇ ਦੱਸਿਆ, ‘‘ਜੀ, ਇੱਥੇ ਇਕ ਉੱਚੇ ਰੁਖ਼ ’ਤੇ ਚੜ੍ਹ ਕੇ ਗੁਰੂ ਜੀ ਮੱਝਾਂ ਦੀ ਨਿਗਰਾਨੀ ਕਰਦੇ ਹੁੰਦੇ ਸਨ। ਉੱਪਰ ਚੜ੍ਹ ਕੇ ਨਿਗਰਾਨੀ ਕਰਨ ਵਾਲੇ ਨੂੰ ‘ਟਾਂਗੂ’ (ਟੰਗਿਆ ਹੋਇਆ) ਆਖੀਦਾ ਹੈ। ਇਸਲਈ ਗੁਰਦੁਆਰਾ ਦਾ ਨਾਮ ‘ਟਾਂਗੂ ਸਾਹਿਬ’ ਹੀ ਰੱਖਣਾ ਉਚਿਤ ਸੀ।’’ ਬਾਹਰੋਂ ਗਏ ਗੁਰਸਿੱਖਾਂ ਨੇ ਬਹੁਤ ਸਾਰੀਆਂ ਦਲੀਲਾਂ ਨਾਲ ਸਮਝਾਇਆ ਕਿ ‘‘ਭਾਈ ਇਸ ਤਰ੍ਹਾਂ ਕਰਕੇ ਗੁਰੂ ਨਾਨਕ ਸਾਹਿਬ ਦਾ ਅਪਮਾਨ ਨਾ ਕਰੋ। ਗੁਰੂ ਜੀ ਨੂੰ ਰੁੱਖਾਂ ’ਤੇ ਚੜ੍ਹਿਆ ‘ਟਾਂਗੂ’ ਨਾ ਬਣਾਉ। ਜਾਂ ਤੇ ਇਸਦਾ ਨਾਮ ਬਦਲ ਦਿਓ। ਪਰ ਬਿਹਤਰ ਗੱਲ ਇਹੀ ਹੈ ਕਿ ਇਥੇ ਗੁਰਦੁਆਰਾ ਨਾ ਹੀ ਬਣਾਓ।’’ ਬਣਾਉਣ ਵਾਲੇ ਵੀ ਸ਼ਰਧਾਲੂ ਪਰ ਨੇਕ ਇਨਸਾਨ ਹੋਣਗੇ, ਜੋ ਮੰਨ ਗਏ। ਗੁਰਦੁਆਰਾ ‘ਟਾਂਗੂ ਸਾਹਿਬ’ ਬਣਨੋਂ ਰੁਕ ਗਿਆ।

ਅੱਗੇ ਕੁਝ ਹੋਰ ਗੁਰਦੁਆਰਿਆਂ ਦੇ ਨਾਮ ਪੜ੍ਹੋ : ‘‘ਗੁਰਦੁਆਰਾ ਭੋਰਾ ਸਾਹਿਬ, ਥੜਾ ਸਾਹਿਬ, ਫਲਾਹੀ ਸਾਹਿਬ, ਜੰਡ ਸਾਹਿਬ, ਟਾਹਲੀ ਸਾਹਿਬ, ਗਰਨਾ ਸਾਹਿਬ, ਦਾਤਣ ਸਾਹਿਬ, ਝਾੜ ਸਾਹਿਬ, ਜ਼ਫਰਨਾਮਾ ਸਾਹਿਬ, ਦਮਦਮਾ ਸਾਹਿਬ, ਹਾਅ ਦਾ ਨਾਅਰਾ ਸਾਹਿਬ (ਮਲੇਰਕੋਟਲਾ ਵਿਖੇ), ਚੋਹਲਾ ਸਾਹਿਬ, ਅੰਬ ਸਾਹਿਬ, ਰੀਠਾ ਸਾਹਿਬ, ਸ਼ਿਕਾਰ ਘਾਟ ਸਾਹਿਬ... ਆਦਿ।’’ ਜਦੋਂ ਇਹ ਛੂਤ ਦੀ ਬਿਮਾਰੀ ਇਕ ਵਾਰੀ ਸ਼ੁਰੂ ਹੋ ਗਈ, ਰੋਕਣ ਵਾਲਾ ਕੋਈ ਨਹੀਂ ਰਿਹਾ, ਤਾਂ ਮੌਜੂਦਾ ਦੌਰ ਦੇ ਮਹਾਂਪੁਰਖ ਬ੍ਰਹਮਗਿਆਨੀ ਆਪਣੇ ਜਨਮ ਸਥਾਨਾਂ ਜਾਂ ‘ਤਪ’ ਸਥਾਨਾਂ ਨੂੰ ‘ਸਾਹਿਬ’ ਦੀ ਉਪਾਧੀ ਕਿਉਂ ਨਾ ਦੇਣ? ਮਿਸਾਲ ਲਈ, ‘‘ਮਸਤੂਆਣਾ ਸਾਹਿਬ, ਚੀਮਾ ਸਾਹਿਬ, ਰੇਰੂ ਸਾਹਿਬ, ਢੱਕੀ ਸਾਹਿਬ, ਰਾੜਾ ਸਾਹਿਬ, ਭੈਣੀ ਸਾਹਿਬ, ਈਸ਼ਰਸਰ ਸਾਹਿਬ, ਠਾਠ ਸਾਹਿਬ...।’’

ਅੱਗੋਂ ਇਸ ਛੂਤ ਰੋਗ ਦੇ ਫੈਲਣ ਲਈ ਜ਼ਮੀਨ ਬੜੀ ਸਾਜ਼ਗਾਰ ਹੈ। ਜਿੱਥੇ ਸਾਧਾਂ ਦੇ ਪਿੰਡ ਅਤੇ ਡੇਰੇ ‘ਸਾਹਿਬ’ ਬਣ ਚੁੱਕੇ ਹਨ। ਸਾਧ ਕਈ-ਕਈ ਹੰਕਾਰੀ ਡਿਗਰੀਆਂ ਆਪਣੇ ਨਾਲ ਜੋੜੀ ਫਿਰਦੇ ਹਨ। ਜੇ ਇਸ ਪਾਗਲਪਣ ਨੂੰ ਰੋਕਣ ਦੇ ਪੁਖ਼ਤਾ ਪ੍ਰਬੰਧ ਨਾ ਕੀਤੇ ਗਏ, ਤਾਂਸਾਧਾਂ ਦੀ ਹੀ ਚੀਜ਼ ਤੇ ਹਰ ਅੰਗ ‘ਸਾਹਿਬ’ ਬਣਕੇ ਆਪਣੀ ਪੂਜਾ ਕਰਵਾਏਗਾ। ਮਿਸਾਲ ਲਈ, ਸੰਤ ਜੀ ਚੋਲਾ ਸਾਹਿਬ, ਦਸਤਾਰ ਸਾਹਿਬ, ਕਛਹਿਰਾ ਸਾਹਿਬ, ਕੰਘਾ ਸਾਹਿਬ, ਜੋੜਾ (ਜੁੱਤੀ) ਸਾਹਿਬ। ਫਿਰ ਅੱਗੋਂ ਸੰਤ ਜੀ ਦੇ ਹਸਤ ਕੰਵਲ ਸਾਹਿਬ, ਚਰਨ ਕੰਵਲ ਸਾਹਿਬ, ਨੇਤਰ ਸਾਹਿਬ, ਨਾਸਕਾ ਸਾਹਿਬ...। ਸੰਤ ਜੀ ਦੇ ਮਾਤਾ ਸਾਹਿਬ, ਪਿਤਾ ਸਾਹਿਬ, ਭਰਾ ਸਾਹਿਬ, ਪਤਨੀ ਸਾਹਿਬ (ਜੇ ਹੋਵੇ, ਤਾਂ), ਪੁੱਤਰ ਸਾਹਿਬ। ਸੰਤ ਜੀ ਦੀ ਕਾਰ ਸਾਹਿਬ, ਗਊ ਸਾਹਿਬ, ਮੱਝ ਸਾਹਿਬ...। ‘ਸਾਹਿਬ’ ਆਖ ਕੇ ਜੋ ਉੱਚਾ ਮਾਣ ਨਿਰੰਕਾਰ ਲਈ ਪਰਗਟ ਕਰਦੇ ਸੀ। ‘ਸਤਿਗੁਰੂ ਸਾਹਿਬ ਜੀ’ ਬੋਲ ਕੇ ਜੋ ਸਤਿਕਾਰ ਗੁਰੂ ਜੀ ਪ੍ਰਤੀ ਪਰਗਟ ਕਰਦੇ ਸੀ, ਉਹ ਕੱਖੋਂ ਹੌਲਾ ਹੋ ਗਿਆ ਹੈ। ਜਦੋਂ ਤਿੱਤਰ ਭੀ ਸਾਹਿਬ ਹੈ, ਸੂਲੀ (ਫਾਂਸੀ) ਭੀ ਸਾਹਿਬ ਹੈ, ਘੋੜਾ ਸਾਹਿਬ ਹੈ, ਜੰਡ ਸਾਹਿਬ ਹੈ ਤੇ ਜੋੜਾ (ਜੁੱਤੀ) ਸਾਹਿਬ ਹੈ - ਫਿਰ ਪਰਮੇਸ਼ਰ ਅਤੇ ਗੁਰੂ ਦਾ ਸਤਿਕਾਰ ਕਿਵੇਂ ਕਰਾਂਗੇ?

ਕਿਸੇ ਛੋਟੇ ਜਿਹੇ ਮਾਮਲੇ ਵਿੱਚ ਪੁਲੀਸ ਵਾਲਿਆਂ ਨੇ ਇਕ ਮਿਰਾਸੀ ਨੂੰ ਪਕੜ ਕੇ ਹਵਾਲਾਤ ਵਿੰਚ ਬੰਦ ਕਰ ਦਿੱਤਾ। ਗਰੀਬ ਨੂੰ ਜ਼ਮਾਨਤ ’ਤੇ ਛੁਡਾਉਣ ਕੋਈ ਨਾ ਆਇਆ। ਰਿਸ਼ਵਤ ਦੇਣ ਲਈ ਪੱਲੇ ਪੈਸਾ ਕੋਈ ਨਹੀਂ ਸੀ। ਦੂਜੇ ਦਿਨ ਮੁਣਸ਼ੀ ਨੇ ਹਵਾਲਾਤ ਵਿੱਚੋਂ ਕੱਢਿਆ ਤੇ ਸਫਾਈ ਕਰਨ ਲਈ ਹੁਕਮ ਦੇ ਦਿੱਤਾ। ਜਦੋਂ ਥਾਣੇਦਾਰ ਦੇ ਕਮਰੇ ਦੀ ਸਫਾਈ ਕਰਨ ਗਿਆ ਤਾਂ ਅੱਗੋਂ ਥਾਣੇਦਾਰ ਨੂੰ ਸੁੱਤਾ ਹੋਇਆ ਵੇਖ ਕੇ ਵਾਪਸ ਮੁਣਸ਼ੀ ਕੋਲ ਆ ਕੇ ਬੋਲਿਆ, ‘‘ਮੁਣਸ਼ੀ ! ਥਾਣੇਦਾਰ ਹਾਲੀਂ ਸੁੱਤਾ ਪਿਆ ਹੈ, ਹੋਰ ਦੱਸ ਕੀ ਕਰਾਂ?’’ ਮੁਣਸ਼ੀ ਨੇ ਤਹਿਜ਼ੀਬ ਸਿਖਾਉਂਦਿਆਂ ਸਮਝਾਇਆ, ‘‘ਇਥੇ ਥਾਣੇ ਵਿੱਚ ਤਮੀਜ਼ ਨਾਲ ਬੋਲੀਦਾ ਹੈ। ਹਰੇਕ ਨੂੰ ‘ਸਾਹਿਬ’ ਆਖ ਕੇ ਬੁਲਾਈਦਾ ਹੈ। ਜਾਹ, ਸਾਹਿਬ ਦੇ ਘੋੜੇ ਨੂੰ ਖਰਖਰਾ ਕਰ, ਪੱਠੇ ਪਾ, ਸਫਾਈ ਕਰ।’’

ਥੋੜੀ ਦੇਰ ਮਗਰੋਂ ਮਰਾਸੀ ਵਾਪਸ ਆ ਗਿਆ।, ਬਿਨਾਂ ਕੋਈ ਕੰਮ ਕੀਤੇ। ਬੜੇ ਸਤਿਕਾਰ ਵਾਲੇ ਲਫ਼ਜ਼ਾਂ ਰਾਹੀਂ ਸਾਰੀ ਵਿੱਥਿਆ ਇੰਞ ਕਹਿ ਸੁਣਾਈ : ‘‘ਮੁਣਸ਼ੀ ਸਾਹਿਬ ਜੀ ! ਥਾਣੇਦਾਰ ਸਾਹਿਬ ਦੇ ਘੋੜਾ ਸਾਹਿਬ ਦੀ ਖੁਰਲੀ ਸਾਹਿਬ ਵਿੱਚ ਕੁੱਤੇ ਸਾਹਿਬ ਦਾ ਵਿਸ਼ਟਾ ਸਾਹਿਬ ਪਿਆ ਹੈ। ਝਾੜੂ ਸਾਹਿਬ ਤੇ ਟੋਕਰੀ ਸਾਹਿਬ ਦੇ ਦਿਓ। ਨਾਲੇ ਰੂੜੀ ਸਾਹਿਬ ਦੱਸ ਦਿਓ, ਜਿੱਥੇ ਮੈਂ ਸੁੱਟ ਆਵਾਂ।’’ ਮੁਣਸ਼ੀ ਦਾ ਸਿਰ ਚਕਰਾ ਗਿਆ - ਥਾਣੇਦਾਰ ਭੀ ਸਾਹਿਬ, ਘੋੜਾ ਵੀ ਸਾਹਿਬ ਤੇ ਵਿਸ਼ਟਾ ਵੀ ਸਾਹਿਬ !!

ਆਲੇ-ਦੁਆਲੇ ਵਰਤ ਰਹੇ ਵਰਤਾਰੇ ਨੂੰ ਅੱਖਾਂ ਖੋਹਲ ਕੇ ਵੇਖੋ। ਕੀ ਅਕਾਲ ਪੁਰਖ ਨੂੰ ‘ਸਾਹਿਬ’ ਆਖ ਕੇ ਜੋ ਸਤਿਕਾਰ ਪ੍ਰਗਟ ਕੀਤਾ ਜਾਂਦਾ ਹੈ, ਜੀਵਨ ਦਾਤੇ ਗੁਰਬਾਦੀ ਰਚੈਤਾ ਮਹਾਂਪੁਰਖਾਂ ਨੂੰ ‘ਸਾਹਿਬ’ ਸ਼ਬਦਾਂ ਰਾਹੀਂ ਮਾਣ ਦਿੱਤਾ ਜਾਂਦਾ ਹੈ। ਕੀ ਬਾਕੀ ਇਨਸਾਨਾਂ/ਵਸਤੂਆਂ ਨੂੰ ਵੀ ਇਨ੍ਹਾਂ ਵਰਗਾ ਆਦਰ-ਮਾਣ ਦੇਣਾ ਵਾਜਿਬ ਹੈ? ਇਨ੍ਹਾਂ ਦੀ ਬਰਾਬਰੀ ਕੋਈ ਕਰ ਸਕਦਾ ਹੈ? ਨਖਿੱਧ ਅਤੇ ਘਿਰਣਾਯੋਗ ਵਸਤੂਆਂ, ਰੁੱਖਾਂ ਜਾਂ ਜਾਨਵਰਾਂ ਨੂੰ ‘ਸਾਹਿਬ’ ਆਖਣਾ ਜਾਇਜ਼ ਹੈ? ਸਿੱਖਾਂ ਦੇ ਮੁਖੀ ਅਤੇ ਵਿਦਵਾਨ ਕੀ ਕਦੇ ਜਾਗਣਗੇ? ਅਜਿਹੇ ਅਣਗਿਣਤ ਮਸਲਿਆਂ ਬਾਰੇ ਕਦੀ ਸਾਰਥਕ ਸੇਧ ਦੇ ਸਕਣਗੇ? ਆਓ ਗੁਰਵਾਕ ਪੜ੍ਹੋ :

‘ਸਾਹਿਬੁ’ ਸੇਵਕੁ ਇਕੁ, ਇਕੁ ਦ੍ਰਿਸਟਾਇਆ।।
ਗੁਰਪ੍ਰਸਾਦਿ ਨਾਨਕ ਸਚਿ ਸਮਾਇਆ।।
(524)

‘ਸਾਹਿਬੁ’ ਸੋ ਸਲਾਹੀਐ, ਜਿਨਿ ਕਾਰਣੁ ਕੀਆ।।
(766)

‘ਸਾਹਿਬੁ’ ਸੋ ਸਾਲਾਹੀਐ, ਜਿਨਿ ਜਗਤੁ ਉਪਾਇਆ।।
(766)

ਸਤਿਗੁਰ ਫੁਰਮਾਇਆ ਕਾਰੀ ਏਹ ਕਰੇਹ।।
ਗੁਰੂ ਦੁਆਰੈ ਹੋਇ ਕੈ ‘ਸਾਹਿਬੁ’ ਸੰਮਾਲੇਹ।।
‘ਸਾਹਿਬ’ ਸਦਾ ਹਜੂਰਿ ਹੈ ਭਰਮੈ ਕੇ ਛਉੜ ਕਟਿ ਕੈ ਅੰਤਰਿ ਜੋਤਿ ਧਰੇਹੁ।।
(554)