Subscription About Us Contact Us


ਮੁੰਬਈ ਹਮਲੇ ਬਾਰੇ ਭਾਰਤ ਵੱਲੋਂ ਪੇਸ਼ ਕੀਤਾ ਗਿਆ ਡਾਜ਼ੀਅਰ :
‘ਜਾਂਚ’ ਦੀ ਦਾਲ ਵਿੱਚ ਕਾਲਾ ਹੋਣ ਦੇ ਹੋਰ ਸਬੂਤ

- ਰਵੀਨਾ ਹੰਸਾ -

5 ਜਨਵਰੀ 2009 ਨੂੰ ਭਾਰਤੀ ਸਰਕਾਰ ਨੇ 69 ਪੰਨਿਆਂ ਦਾ ਇਕ ਡਾਜ਼ੀਅਰ, ਜੋ 26 ਤੋਂ 29 ਨਵੰਬਰ 2008 ਨੂੰ ਮੁੰਬਈ ਵਿਖੇ ਹੋਏ ਅੱਤਵਾਦੀ ਹਮਲਿਆਂ ਦੀ ਚੱਲ ਰਹੀ ਜਾਂਚ ਤੋਂ ਮਿਲੀ ਜਾਣਕਾਰੀ ’ਤੇ ਅਧਾਰਿਤ ਦੱਸਿਆ ਜਾਂਦਾ ਸੀ, ਪਾਕਿਸਤਾਨੀ ਸਰਕਾਰ ਨੂੰ ਸੌਂਪ ਦਿੱਤਾ। ਇਸ ਉਪਰੰਤ ਇਹ ਡਾਜ਼ੀਅਰ ਜਨਤਾ ਨੂੰ ਉਪਲਬਧ ਕਰਵਾ ਦਿੱਤਾ ਗਿਆ। ਇਸ ਵਾਸਤੇ ਇਸ ਦੀ ਪੜਚੋਲ ਕਰਨੀ ਸੰਭਵ ਹੈ।

ਡਾਜ਼ੀਅਰ ਬਾਰੇ ਸਭ ਤੋਂ ਹੈਰਾਨੀਜਨਕ ਨੁਕਤਾ ਇਸਦਾ ਅਸਪਸ਼ਟ ਅਤੇ ਗੈਰ-ਪੇਸ਼ਾਵਰ ਸੁਭਾਅ ਹੈ। ਡਾਜ਼ੀਅਰ ਵਿੱਚ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਮੁਹੰਮਦ ਆਮੀਰ ਕਸਾਬ (ਦੇ ਬਿਆਨਾਂ) ’ਤੇ ਬਹੁਤ ਜ਼ਿਆਦਾ ਵਿਸ਼ਵਾਸ ਕੀਤਾ ਗਿਆ ਹੈ ਜਦਕਿ ਤੱਥ ਇਹ ਹੈ ਕਿ ਜਾਂਚ ਏਜੰਸੀਆਂ ਕੋਲ ਕਸਾਬ ਦੇ ਬਿਆਨਾਂ ਦੇ ਇਲਾਵਾ ਵੀ ਬਹੁਤ ਸਾਰੇ ਸਬੂਤ ਮੌਜਦ ਹਨ - ਜਿਵੇਂ ਚਸ਼ਮਦੀਦ ਗਵਾਹਾਂ ਦੇ ਬਿਆਨ, ਸੀ.ਸੀ.ਟੀ.ਵੀ. ਅਤੇ ਟੈਲੀਵੀਜ਼ਨ ਦੀਆਂ ਰਿਕਾਰਡਿੰਗਜ਼, ਫਾਰੈਂਸਿਕ ਸਬੂਤ ਵਗੈਰਾ - ਜੋ ਇਹ ਸਾਬਿਤ ਕਰ ਸਕਦੇ ਹਨ ਕਿ ਹਮਲਿਆਂ ਦੌਰਾਨ ਅਸਲ ਵਿੱਚ ਕਦੋਂ, ਕਿੱਥੇ ਅਤੇ ਕੀ-ਕੀ ਹੋਇਆ। ਇਸ ਨਾਲ (ਡਾਜ਼ੀਅਰ ਵਿੱਚ ਇਨ੍ਹਾਂ ਸਬੂਤਾਂ ਨੂੰ ਅਣਗੌਲਿਆ ਕਰਨ ਨਾਲ) ਇਹ ਸ਼ੱਕ ਪੈਦਾ ਹੁੰਦਾ ਹੈ ਕਿ ਮੌਜੂਦਾ ‘ਜਾਂਚ’ ਅਸਲ ਜਾਂਚ ਦੇ ਬਦਲ (ਤਚਲਤਵਜਵਚਕ) ਵਜੋਂ ਉਪਯੋਗ ਕੀਤੀ ਜਾ ਰਹੀ ਹੈ ਕਿਉਂਕਿ ਗ੍ਰਿਫ਼ਤਾਰ ਵਿਅਕਤੀ ਦੇ ਬਿਆਨ ਕਿਸੇ ਡਰ ਜਾਂ ਤਸੀਹਿਆਂ ਤੋਂ ਪ੍ਰਭਾਵਿਤ ਹੋ ਸਕਦੇ ਹਨ ਪਰ ਸਬੂਤਾਂ ਦੇ ਹੋਰਨਾਂ ਸ੍ਰੋਤਾਂ ਨੂੰ ਇਸ ਤਰ੍ਹਾਂ ਪ੍ਰਭਾਵਿਤ ਨਹੀਂ ਕੀਤਾ ਜਾ ਸਕਦਾ।

ਜਾਂਚ ਤੋਂ ਪ੍ਰਾਪਤ ਹੋਈ ਜਾਣਕਾਰੀ ਹੋਰ ਬਹੁਤ ਜ਼ਿਆਦਾ ਵਿਸ਼ਵਾਸਯੋਗ ਹੁੰਦੀ ਜੇਕਰ ਇਸਨੂੰ ਹੋਰਨਾਂ ਸ੍ਰੋਤਾਂ ਤੋਂ ਮਿਲੇ ਸਬੂਤਾਂ ਦੀ ਪ੍ਰੋੜ੍ਹਤਾ ਵੀ ਹਾਸਲ ਹੁੰਦੀ। ਇਸ ਤਰ੍ਹਾਂ ਅਜਿਹਾ ਸਥਾਪਿਤ ਕਰ ਦਿੱਤਾ ਗਿਆ ਪ੍ਰਤੀਤ ਹੁੰਦਾ ਹੈ ਕਿ ਕਸਾਬ ਪਾਕਿਸਤਾਨ ਦੇ ਫਰੀਦਕੋਟ ਦਾ ਵਸਨੀਕ ਹੈ ਅਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਉਸਨੂੰ ਗਿਰਗਾਓਂ ਤੋਂ ਫੜਿਆ ਗਿਆ ਸੀ। ਪਰ ਇਕ ਅਸਲ ਚਾਰਜ-ਸ਼ੀਟ ਵਿੱਚ ਕਸਾਬ ਦੇ ਬਿਆਨ ਨੂੰ ਹੋਰਨਾਂ ਸਬੂਤਾਂ ਰਾਹੀਂ ਵੀ ਤਸਦੀਕ ਕੀਤਾ ਜਾਂਦਾ।

ਇਕ ਬਹੁਤ ਮਹੱਤਵਪੂਰਨ ਗਲਤੀ

ਆਓ ਅਸੀਂ ਓਥੋਂ ਚਰਚਾ ਸ਼ੁਰੂ ਕਰੀਏ, ਜਦੋਂ ਅੱਤਵਾਦੀ ਮੁੰਬਈ ਆਏ। ਡਾਜ਼ੀਅਰ ਮੁਤਾਬਿਕ, ਸਾਰੇ 10 ਅੱਤਵਾਦੀ ਇਕ ਪਿਚਕਾਏ ਜਾ ਸਕਣ ਵਾਲੀ ਡਿੰਗੀ (ਛੋਟੀ ਕਿਸ਼ਤੀ) ਕਫੇ ਪੈਰੇਡ ਦੀ ਬਧਵਾਰ ਪਾਰਕ ਵਿਖੇ ਉਤਰੇ। ਇਥੋਂ ਉਹ ਪੰਜ ਜੋੜਿਆਂ ਵਿੱਚ ਵੰਡੇ ਗਏ ਅਤੇ ਆਪੋ-ਆਪਣੀਆਂ ਮੰਜ਼ਲਾਂ ਨੂੰ ਟੈਕਸੀਆਂ ਲੈ ਲਈਆਂ। ਕਸਾਬ ਅਤੇ ਇਸਮਾਇਲ ਖਾਨ ਨੂੰ ਵਿਕਟੋਰੀਆ ਟਰਮਿਨਸ ਦਿੱਤੇ ਗਏ ਅਤੇ ਉਨ੍ਹਾਂ ਨੇ ਕਥਿਤ ਤੌਰ ’ਤੇ ‘‘ਲਗਭਗ 9.20 ’ਤੇ ਸਟੇਸ਼ਨ ਵਿੱਚ ਘੁਸ ਕੇ ਅੰਨ੍ਹੇਵਾਹ ਫਾਇਰਿੰਗ ਅਰੰਭ ਕਰ ਦਿੱਤੀ।’’ ਪਰ ‘ਰਿ-ਫਰੈਸ਼ ਫੂਡ’ ਵਿੱਚ ਸ਼ੈਫ ਵਜੋਂ ਕੰਮ ਕਰਨ ਵਾਲੇ ਭਾਰਤ ਪਟੇਲ, ਜੋ ਵਿਕਟੋਰੀਆ ਟ+ਮਿਨਸ ਦਾ ਇਕ ਚਸ਼ਮਦੀਦ ਗਵਾਹ ਹੈ, ਮੁਤਾਬਿਕ ਫਾਇਰਿੰਗ ਰਾਤ ਦੇ 9.55 ’ਤੇ ਅਰੰਭ ਹੋਈ। ਸੀ.ਸੀ.ਟੀ.ਵੀ. ਦੀ ਰਿਕਾਰਡਿੰਗ ਮੁਤਾਬਿਕ ਵੀ, ਇਹ 9.55 ਦਾ ਹੀ ਸਮਾਂ ਸੀ ਜਦ ਯਾਤਰੀ, ਜੋ ਪਹਿਲਾਂ ਆਮ ਵਾਂਗੂ ਹੀ ਇਧਰ-ਉਧਰ ਤੁਰ-ਫਿਰ ਰਹੇ ਸਨ, ਆਪਣਾ ਬਚਾਅ ਕਰਨ ਲਈ ਸਟੇਸ਼ਨ ਦੇ ਉਪ-ਸ਼ਹਿਰੀ ਹਿੱਸੇ ਵੱਲ ਦੌੜਨਾ ਸ਼ੁਰੂ ਹੋ ਗਏ ਅਤੇ ਰੇਲਵੇ ਪੁਲਿਸ ਨੇ ਅੱਤਵਾਦੀਆਂ ਨਾਲ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ। 10.13 ਮਿੰਟ ’ਤੇ ਵੀ ਅੱਤਵਾਦੀ ਵਿਕਟੋਰੀਆ ਟਰਮਿਨਸ ਸਟੇਸ਼ਨ ਵਿੱਚ ਹੀ ਸਨ। ਮੋਟਰਮੈਨ ਓ.ਐਮ. ਪਾਲੀ ਨੇ ਕਿਹਾ, ‘‘ਮੈਂ ਅੰਤਮ ਗੋਲੀ ਦੀ ਅਵਾਜ਼ 10.32 ’ਤੇ ਸੁਣੀ ਸੀ।’’ ਜਦ ਉਸਨੂੰ ਪੁੱਛਿਆ ਕਿ ਉਹ ਏਨਾ ਸ਼ੁੱਧ ਸਮਾਂ ਕਿਵੇਂ ਦੱਸ ਸਕਦਾ ਹੈ ਤਾਂ ਉਸਨੇ ਜਵਾਬ ਦਿੱਤਾ, ‘‘ਮੈਂ ਇਕ ਮੋਟਰਮੈਨ ਹਾਂ। ਮੈਂ ਸਮੇਂ ਦਾ ਸਕਿੰਟਾਂ ਦੀ ਸ਼ੁੱਧਤਾ ਨਾਲ ਨਿਰੀਖਣ ਕਰਦਾ ਹਾਂ।’’

ਇਸਲਈ ਸਵਾਲ ਇਹ ਉਠਦਾ ਹੈ ਕਿ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਡਾਜ਼ੀਅਰ ਹਮਲੇ ਦੇ ਸਮੇਂ ਨੂੰ 35 ਮਿੰਟ ਪਹਿਲਾਂ ਕਰਕੇ ਕਿਉਂ ਦੱਸਦਾ ਹੈ, ਜਦਕਿ ਅਜਿਹੇ ਅਨੇਕਾਂ ਸਬੂਤ ਮੌਜੂਦ ਹਨ, ਜੋ ਹਮਲੇ ਦੇ ਸਮੇਂ ਨੂੰ ਬਹੁਤ ਵਧੇਰੇ ਸ਼ੁੱਧਤਾ ਨਾਲ ਸਾਬਿਤ ਕਰਦੇ ਹਨ?

ਡਾਜ਼ੀਅਰ ਅੱਗੇ ਕਹਿੰਦਾ ਹੈ, ‘‘ਉਨ੍ਹਾਂ ਨੇ ਸਟੇਸ਼ਨ ਛੱਡ ਦਿੱਤਾ, ਸੜਕ ਦੇ ਉਪਰਲਾ ਇਕ ਪੁੱਲ ਪਾਰ ਕੀਤਾ ਅਤੇ ਕਾਮਾ ਹਸਪਤਾਲ ਨੂੰ ਜਾਂਦੀ ਇਕ ਗਲੀ ਵੱਲ ਦੌੜ ਗਏ। ਕਾਮਾ ਹਸਪਤਾਲ ਕੋਲ ਪੁਲੀਸ ਦੀ ਇਕ ਟੀਮ ਨੇ ਉਨ੍ਹਾਂ ਨੂੰ ਚੈਲੰਜ ਕੀਤਾ ਅਤੇ ਇਨ੍ਹਾਂ ਵਿਚਕਾਰ ਆਪਸ ਵਿੱਚ ਫਾਇਰਿੰਗ ਹੋਈ। ਜਦੋਂ ਅੱਤਵਾਦੀ ਗਲੀ ਤੋਂ ਬਾਹਰ ਨਿਕਲੇ, ਤਾਂ ਉਨ੍ਹਾਂ ਨੇ ਪੁਲੀਸ ਦੇ ਇਕ ਵਾਹਨ ’ਤੇ ਫਾਇਰਿੰਗ ਕੀਤੀ, ਜਿਸ ਵਿੱਚ ਤਿੰਨ ਸੀਨੀਅਰ ਪੁਲਿਸ ਅਧਿਕਾਰੀ ਤੇ ਚਾਰ ਪੁਲਿਸਕਰਮੀ ਸਨ।’’

ਇਸ ਬਿਰਤਾਂਤ ਦੇ ਪਾਠਕ ਨੂੰ ਇਹ ਯਕੀਨ ਕਰਨ ਲਈ ਕਿਹਾ ਜਾ ਰਿਹਾ ਹੈ ਕਿ ਕਸਾਬ ਅਤੇ ਉਸਦਾ ਜੋੜੀਦਾਰ ਦੋ ਐਨਕਾਉਂਟਰਾਂ ਵਿੱਚ ਸ਼ਾਮਲ ਸਨ। ਇਹ ਲੋਕ ਪਹਿਲੇ ਐਨਕਾਊਂਟਰ ਵਿੱਚ ਬਚ ਕੇ ਦੂਜੇ ਐਨਕਾਊਂਟਰ ਵਿੱਚ ਰੁੱਝ ਗਏ ਅਤੇ ਇਹ ਐਨਕਾਊਂਟਰ ਥੋੜੀ-ਥੋੜੀ ਦੇਰ ਬਾਅਦ ਹੀ ਵਾਪਰ ਗਏ ਸਨ। ਪਹਿਲੀ ਨਿਗਾਹ ਮਾਰਿਆਂ, ਇਨ੍ਹਾਂ ਵਿੱਚੋਂ ਕੋਈ ਵੀ ਦਾਅਵਾ ਵਿਸ਼ਵਸਨੀਕ ਪ੍ਰਤੀਤ ਨਹੀਂ ਹੁੰਦਾ। ਅਸਲ ਵਿੱਚ, ਡਾਜ਼ੀਅਰ ਨੇ ਇਹ ਕੀਤਾ ਹੈ ਕਿ ਜਿਹੜੀ ਵਾਰਦਾਤ ਕਾਮਾ ਹਸਪਤਾਲ ਦੇ ਅੰਦਰ ਵਾਪਰੀ, ਉਸਨੂੰ ਮਾਤਰ ਹਸਪਤਾਲ ਦੇ ਬਾਹਰ, ਪਿਛਲੀ ਗਲੀ ਵਿੱਚ ਦਰਸਾ ਦਿੱਤਾ। ਬੱਚਿਆਂ ਅਤੇ ਔਰਤਾਂ ਦੇ ਕਾਮਾ ਹਸਪਤਾਲ ਵਿੱਚ ਇਹ ਹੋਇਆ ਸੀ ਕਿ ਦੋ ਮਰਾਠੀ ਬੋਲਣ ਵਾਲੇ ਏ.ਕੇ. 47 ਰਾਈਫਲਾਂ ਅਤੇ ਗ੍ਰਨੇਡਾਂ ਨਾਲ ਲੈਸ ਅੱਤਵਾਦੀਆਂ ਨੇ ਦੋ ਚੌਕੀਦਾਰਾਂ ਨੂੰ ਮਾਰ ਦਿੱਤਾ ਅਤੇ ਇਕ ਤੀਜੇ, ਜਿਸਨੇ ਆਪਣੀ ਜਾਨ ਦੀ ਭੀਖ ਮੰਗੀ, ਨੂੰ ਛੱਡ ਦਿੱਤਾ ਸੀ। ਇਸ ਉਪਰੰਤ ਇਹ ਅੱਤਵਾਦੀ ਲਿਫਟਮੈਨ ਤਿਖੇ ਨੂੰ ਨਾਲ ਲੈ ਕੇ ਹਸਪਤਾਲ ਦੀ ਛੱਤ ’ਤੇ ਚਲੇ ਗਏ ਸਨ। ਲਗਭਗ 15-30 ਮਿੰਟਾਂ ਬਾਅਦ, ਇਕ ਪੁਲੀਸ ਪਾਰਟੀ, ਜਿਸਦੀ ਅਗਵਾਈ ਅਫਸਰ ਸਦਾਨੰਦ ਦਾਤੇ ਕਰ ਰਹੇ ਸਨ, ਉੱਥੇ ਆਈ ਜਿਨ੍ਹਾਂ ਨੂੰ ਇਕ ਹੋਰ ਚੌਕੀਦਾਰ ਘੇਗੜਾਮਲ ਵੱਲੋਂ ਛੇਵੀਂ ਮੰਜ਼ਿਲ ’ਤੇ ਲਿਜਾਇਆ ਗਿਆ (ਇਸ ਮੰਜ਼ਿਲ ’ਤੇ ਕੋਈ ਵਾਰਡ ਨਹੀਂ ਹਨ ਅਤੇ ਇਸਲਈ ਇਹ ਰਾਤ ਵੇਲੇ ਬਿਲਕੁਲ ਖਾਲੀ ਸੀ)। ਇਸ ਉਪਰੰਤ 30 ਤੋਂ 45 ਮਿਨਟਾਂ ਤੱਕ ਤਿੱਖੀ ਫਾਇਰਿੰਗ ਹੋਈ, ਜਿਸ ਦੌਰਾਨ ਦਾਤੇ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ ਅਤੇ ਦੋ ਪੁਲੀਸਕਰਮੀ ਮਾਰੇ ਗਏ।

ਇਹ ਤੱਥ ਕਿ ਕਾਮਾ ਹਸਪਤਾਲ ਦੇ ਐਨਕਾਊਂਟਰ ਵਿੱਚ ਦੋ ਮਰਾਠੀ ਬੋਲਣ ਵਾਲੇ ਹਮਲਾਵਰ ਸ਼ਾਮਲ ਸਨ (ਇਸ ਤੱਥ ਨੂੰ ਅਖ਼ਬਾਰਾਂ ਵਿੱਚ ਵੱਡੀ ਪੱਧਰ ’ਤੇ ਰਿਪੋਰਟ ਕੀਤਾ ਗਿਆ ਸੀ) ਕੁਦਰਤੀ ਤੌਰ ’ਤੇ ਸ਼ਰਮਿੰਦਗੀ ਦਾ ਇਕ ਸ੍ਰੋਤ ਹੁੰਦਾ ਜੇਕਰ ਡਾਜ਼ੀਅਰ ਇਹ ਸਾਬਿਤ ਕਰਨ ’ਤੇ ਨਾ ਤੁਲਿਆ ਹੁੰਦਾ ਨਵੰਬਰ ਦੇ ਅੱਤਵਾਦੀ ਹਮਲਿਆਂ ਵਿੱਚ ਸਿਰਫ਼ ਪਾਕਿਸਤਾਨੀ ਨਾਗਰਿਕ ਹੀ ਸ਼ਾਮਲ ਸਨ। ਬਹੁਤ ਸੰਭਾਵਨਾ ਹੈ ਕਿ ਇਹੀ ਕਾਰਨ ਸੀ ਕਿ ਡਾਜ਼ੀਅਰ ਵਿੱਚੋਂ (ਕਾਮਾ ਹਸਪਤਾਲ ਵਾਲਾ) ਇਹ ਪੂਰਾ ਘਟਨਾਕ੍ਰਮ ਕੱਟ ਹੀ ਦਿੱਤਾ ਗਿਆ। ਅਸਲ ਵਿੱਚ, ਇਹ ਖੁੰਝਾਈ ਗਈ ਗੱਲ ਹੋਰ ਕਈ ਸਵਾਲ ਪੈਦਾ ਕਰਦੀ ਹੈ। ਸਭ ਤੋਂ ਪਹਿਲਾ ਅਤੇ ਮਹੱਤਵਪੂਰਨ ਸਵਾਲ ਹੈ ਕਿ ਮਰਾਠੀ ਬੋਲਣ ਵਾਲੇ ਇਹ ਅੱਤਵਾਦੀ ਕੌਣ ਸਨ, ਉਹ ਕਾਮਾ ਹਸਪਤਾਲ ਵਿੱਚ ਕਿਉਂ ਆਏ ਅਤੇ ਉਸ ਉਪਰੰਤ ਉਨ੍ਹਾਂ ਦਾ ਕੀ ਹੋਇਆ?

ਦੂਜਾ ਅਤੇ ਓਨਾ ਹੀ ਮਹੱਤਵਪੂਰਨ ਸਵਾਲ ਜੋ ਘੱਟ-ਗਿਣਤੀ ਮਾਮਲਿਆਂ ਦੇ ਮੰਤਰੀ ਸ੍ਰੀ ਏ.ਆਰ. ਅੰਤੁਲੇ ਵੱਲੋਂ ਚੁੱਕਿਆ ਗਿਆ, ਉਹ ਇਹ ਹੈ ਕਿ ਜੇਕਰ ਹਸਪਤਾਲ ਵਿੱਚ ਲੋਕਾਂ ਨੂੰ ਬੰਧਕ ਬਣਾਏ ਜਾਣ ਜਿਹੀ ਕੋਈ ਸਥਿਤੀ ਪੈਦਾ ਨਹੀਂ ਹੋਈ ਸੀ ਤਾਂ ਅੱਤਵਾਦ-ਵਿਰੋਧੀ ਦਸਤੇ ਦੇ ਮੁਖੀ ਜਿਹੇ ਵੱਡੇ ਅਹੁਦੇ ਦੇ ਪੁਲੀਸ ਅਧਿਕਾਰੀ ਨੂੰ ਉੱਥੇ ਕਿਉਂ ਭੇਜਿਆ ਗਿਆ? ਅਤੇ ਇਸਦੀ ਬਜਾਏ ਤਾਜ ਹੋਟਲ, ਓਬਰਾਇ ਹੋਟਲ ਜਾਂ ਫਿਰ ਨਾਰੀਮਾਨ ਹਾਊਸ ਵਿਖੇ ਕਿਉਂ ਨਹੀਂ ਭੇਜਿਆ ਗਿਆ, ਜਿੱਥੇ ਇਸ ਸਮੇਂ ਤੱਕ ਲੜਾਈਆਂ ਅਰੰਭ ਹੋ ਚੁੱਕੀਆਂ ਸਨ? ਕਾਂਸਟੇਬਲ ਅਰੁਨ ਜਾਧਵ, ਜੋ ਇਸ ਡਾਜ਼ੀਅਰ ਵਿੱਚ ਹਵਾਲਾ ਦਿੱਤਾ ਗਿਆ ਇਕ-ਮਾਤਰ ਚਸ਼ਮਦੀਦ ਗਵਾਹ ਹੈ, ਮੁਤਾਬਿਕ ਹੇਮੰਤ ਕਰਕਰੇ ਅਤੇ ਹੋਰਨਾਂ ਅਧਿਕਾਰੀਆਂ ਨੂੰ ਕਾਮਾ ਵਿਖੇ ਉਦੋਂ ਬੁਲਾਇਆ ਗਿਆ ਜਦੋਂ ਅਧਿਕਾਰੀ ਦਾਤੇ ਨੂੰ ਜ਼ਖ਼ਮੀ ਹੋ ਕੇ ਪਿੱਛੇ ਹਟਣਾ ਪਿਆ ਸੀ। ਅਜਿਹਾ ਰਾਤ ਦੇ 11.40 ਜਾਂ ਸੰਭਾਵਿਤ ਤੌਰ ’ਤੇ ਇਸ ਤੋਂ ਵੀ ਬਾਅਦ ਹੀ ਹੋ ਸਕਦਾ ਸੀ।

ਇਸ ਸਮੇਂ ਦੀ ਪ੍ਰੌੜ੍ਹਤਾ ਇਕ ਸਰਕਾਰੀ ਡ੍ਰਾਈਵਰ ‘ਮਾਰੂਤੀ ਫਾਡ’, ਜੋ ਉਸੇ ਗਲੀ ਵਿੱਚ ਰਹਿੰਦਾ ਹੈ, ਜਿੱਥੇ ਉਕਤ ਅਧਿਕਾਰੀ ਮਾਰੇ ਗਏ ਸਨ, ਵੱਲੋਂ ਦਿੱਤੇ ਗਏ ਬਿਆਨ ਤੋਂ ਹੁੰਦੀ ਹੈ। ਉਸਨੇ ਐਨ.ਡੀ.ਟੀ.ਵੀ. ’ਤੇ ਕਿਹਾ ਸੀ ਕਿ ਰਾਤ ਦੇ 11.30 ਵਜੇ ਉਸਨੂੰ ਆਪਣੇ ਬਾਸ ਯਾਨੀ ਮੈਡੀਕਲ ਐਜੂਕੇਸ਼ਨ ਸੈਕਟਰੀ ਦਾ ਫੋਨ ਆਇਆ ਕਿ ਉਹ ਮੰਤਰਾਲੇ ਵਿਖੇ ਆ ਜਾਏ। ਜਦੋਂ ਉਸਨੇ ਗਲੀ ਤੋਂ ਮਹਾਂਪਾਲਿਕਾ ਮਾਰਗ ਵੱਲ ਡ੍ਰਾਈਵ ਕਰਨਾ ਅਰੰਭ ਕੀਤਾ, ਤਾਂ ਉਸੇ ਸਮੇਂ ਫਾਇਰਿੰਗ ਹੋਈ ਅਤੇ ਉਸਦੇ ਹੱਥ ਵਿੱਚ ਗੋਲੀਆਂ ਵੱਜੀਆਂ। ਉਸ ਵਿੱਚ ਤੁਰੰਤ ਦਿਮਾਗ ਵਰਤਣ ਦੀ ਕਾਬਿਲੀਅਤ ਸੀ ਅਤੇ ਉਸਨੇ ਹੇਠਾਂ ਝੁਕ ਕੇ ਤੇਜ਼ੀ ਨਾਲ ਗੱਡੀ ਨੂੰ ਪਿੱਛੇ ਵੱਲ ਡ੍ਰਾਈਵ ਕੀਤਾ ਅਤੇ ਜਦੋਂ ਕਾਰ ਰੁਕੀ ਤਾਂ ਉਸਨੇ ਮਰੇ ਹੋਣ ਦਾ ਨਾਟਕ ਕੀਤਾ। ਘਟਨਾਕ੍ਰਮ ਬਾਰੇ ਆਪਣੇ ਬਿਰਤਾਂਤ ਦੇ ਅੰਤ ਵਿੱਚ ਸ੍ਰੀ ਫਾਡ ਨੇ ਦੱਸਿਆ ਕਿ ‘‘ਕਰਕਰੇ ਮੇਰੇ ਪੀਛੇ ਥਾ।’’ ਯਾਨੀ, ਇਕ ਉਚਿਤ ਜਾਂਚ ਨੂੰ ਇਸ ਚਸ਼ਮਦੀਦ ਦੀ ਗਵਾਹੀ ਕਾਰਨ ਸਾਰੇ ਬਿਰਤਾਂਤ ਨੂੰ ਮੁੜ ਤੋਂ ਸਿਰਜਣਾ ਪੈਣਾ ਸੀ। ਇੱਥੇ ਇਹ ਪ੍ਰਭਾਵ ਮਿਲਦਾ ਹੈ ਕਿ ਕਰਕਰੇ ਦੇ ਕਾਤਿਲ, ਉਹ ਭਾਵੇਂ ਜਿਹੜੇ ਮਰਜ਼ੀ ਸਨ, ਸੈਂਟ ਜ਼ੇਵੀਅਰ ਹਸਪਤਾਲ ਦੇ ਬਾਹਰ ਉਸਦੀ ਉਡੀਕ ਕਰ ਰਹੇ ਸਨ ਅਤੇ ਉਨ੍ਹਾਂ ਨੇ ਫਾਡ ਦੀ ਕਾਰ ਨੂੰ ਕਰਕਰੇ ਦੀ ਕਾਰ ਸਮਝਣ ਦੀ ਗਲਤੀ ਕੀਤੀ ਸੀ।

ਤੱਥ ਤਾਂ ਇਹ ਹੈ ਕਿ ਜਿਸ ਲੜਾਈ ਵਿੱਚ ਕਰਕਰੇ ਅਤੇ ਉਸਦੇ ਸਾਥੀ ਮਾਰੇ ਗਏ ਦੱਸੇ ਜਾਂਦੇ ਹਨ, ਉਹ ਗਲੀ ਦੇ ਅੰਤ ਵਿੱਚ ਨਹੀਂ ਗਲੀ ਦੇ ਅੰਤ ਤੋਂ ਕਈ ਗਜ਼ ਪਹਿਲਾਂ ਸੈਂਟ ਜ਼ੇਵੀਅਰ ਕਾਲਜ ਵਿੱਚ ਕਾਰਪੋਰੇਸ਼ਨ ਬੈਂਕ ਦੀ ਬ੍ਰਾਂਚ, ਜਿਸ ਵਿੱਚ ਗੋਲੀਆਂ ਵੱਜਣ ਕਾਰਨ ਕਈ ਸੁਰਾਖ਼ ਹੋ ਗਏ ਸਨ, ਸਾਹਮਣੇ ਹੋਈ ਸੀ। ਜੇਕਰ ਅਸੀਂ ਇਹ ਤੱਥ ਮੰਨ ਲੈਂਦੇ ਹਾਂ ਕਿ ਕਸਾਬ ਅਤੇ ਇਸਮਾਇਲ ਨੇ ਵਿਕਟੋਰੀਆ ਟਰਮਿਨਸ ਵਿਖੇ ਕਤਲੇਆਮ ਕੀਤਾ, ਤਾਂ ਉਹ ਵਿਕਟੋਰੀਆ ਟਰਮਿਨਸ ਤੋਂ ਖਿਸਕ ਕੇ ਦਾਦਾਭਾਈ ਨੌਰੇਜੀ ਰੋਡ ਦੇ ਫੁਟਬ੍ਰਿਜ ਨੂੰ ਪਾਰ ਕਰਕੇ ਅਤੇ ਕਾਮਾ ਹਸਪਤਾਲ ਦੇ ਪਿੱਛੇ ਵੱਲ ਜਾਂਦੀ ਗਲੀ ਵਿੱਚ ਤਕਰੀਬਨ 10.40 ’ਤੇ ਪਹੁੰਚਦੇ। ਜੇਕਰ ਉਹ ਕਾਮਾ ਦੇ ਅੰਦਰ ਹੋਏ ਹਮਲੇ ਵਿੱਚ ਸ਼ਾਮਲ ਨਹੀਂ ਸਨ, ਤਾਂ ਅਜਿਹਾ ਕਿਹੜਾ ਸੰਭਾਵਿਤ ਕਾਰਨ ਹੋ ਸਕਦਾ ਸੀ ਕਿ ਉਹ ਇਕ ਅਜਿਹੀ ਗਲੀ ਵਿੱਚ ਤਕਰੀਬਨ ਇਕ ਘੰਟੇ ਤੱਕ ਖੜੇ ਰਹਿੰਦੇ, ਜਿਹੜੀ ਪੁਲਿਸ ਕੰਪਲੈਕਸ ਦੇ ਕੋਨੇ ’ਤੇ ਹੀ ਸਥਿਤ ਹੈ ਅਤੇ ਕਾਮਾ ਵਿਖੇ ਸੰਘਰਸ਼ ਕਾਰਨ ਉਹ ਤਦ ਤੱਕ ਪੁਲੀਸਕਰਮੀਆਂ ਨਾਲ ਭਰ ਚੁੱਕੀ ਹੁੰਦੀ? ਜਦਕਿ ਉਹ ਇਸ ਸਮੇਂ ਤੱਕ ਮੁੱਖ ਸੜਕ (ਮਹਾਂਪਾਲਿਕ ਮਾਰਗ) ਤੋਂ ਆਪਣੀ ਮਰਜ਼ੀ ਦੀ ਗਿਣਤੀ ਵਿੱਚ ਕਾਰਾਂ ਉਧਾਲ ਕੇ ਉਥੋਂ ਬਚ ਕੇ ਨਿਕਲ ਸਕਦੇ ਸਨ?

ਜੇਕਰ ਇਹ ਮੰਨ ਲਿਆ ਜਾਏ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਕਰਕਰੇ ਹੀ ਮੁੱਖ ਨਿਸ਼ਾਨਾ ਹੈ (ਜਿਸਦੀ ਬਹੁਤ ਹੀ ਘੱਟ ਸੰਭਾਵਨਾ ਹੈ ਕਿਉਂਕਿ ਸਮਝੌਤਾ ਐਕਸਪ੍ਰੈਸ ’ਚ ਹੋਏ ਧਮਾਕਿਆਂ ਬਾਰੇ ਕਰਕਰੇ ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਦਾ ਪਾਕਿਸਤਾਨ ਵਿੱਚ ਭਰਵਾਂ ਸਵਾਗਤ ਹੋਇਆ ਸੀ), ਤਾਂ ਵੀ ਨਾ ਤਾਂ ਕਸਾਬ ਤੇ ਉਸਦਾ ਜੋੜੀਦਾਰ ਜਾਂ ਪਾਕਿਸਤਾਨ ਵਿੱਚੋਂ ਉਨ੍ਹਾਂ ਨੂੰ ਕਥਿਤ ਤੌਰ ’ਤੇ ਨਿਰਦੇਸ਼ ਦੇਣ ਵਾਲੇ ਲੋਕ ਇਹ ਜਾਣ ਸਕਦੇ ਸਨ ਕਿ ਕਰਕਰੇ ਇਕ ਘੰਟੇ ਬਾਅਦ ਕਾਮਾ ਹਸਪਤਾਲ ਦੀ ਪਿਛਲੀ ਗਲੀ ’ਚੋਂ ਆਏਗਾ। ਇਨ੍ਹਾਂ ਸਭ ਤੱਥਾਂ ਤੋਂ ਸਪਸ਼ਟ ਹੁੰਦਾ ਹੈ ਕਿ ਕਸਾਬ ਤੇ ਉਸਦੇ ਸਾਥੀ ਦਾ ਉਕਤ ਪੁਲੀਸ ਅਧਿਕਾਰੀਆਂ ਅਤੇ ਬਦਰੂਦੀਨ ਤਾਇਬਜੀ ਲੇਨ ਵਿੱਚ ਮਾਰੇ ਗਏ ਕਾਂਸਟੇਬਲਾਂ ਦਾ ਕਾਤਲ ਹੋਣ ਤਕਰਬੀਨ ਨਾਮੁਮਕਿਨ ਹੈ। ਅਜਿਹੇ ਵਿੱਚ ਇਹ ਗੰਭੀਰ ਸਵਾਲ ਉਠਦਾ ਹੈ ਕਿ ਫਿਰ ਹੇਮੰਤ ਕਰਕਰੇ ਨੂੰ ਮਾਰਿਆ ਕਿਸਨੇ?

ਸ੍ਰੀ ਏ.ਆਰ. ਅੰਤੁਲੇ ਉਹ ਇਕ-ਮਾਤਰ ਵਿਅਕਤੀ ਨਹੀਂ ਹਨ ਜਿਨ੍ਹਾਂ ਨੇ ਹੇਮੰਤ ਕਰਕਰੇ ਦੇ ਕਾਤਲਾਂ ਬਾਰੇ ਸੰਦੇਹ ਪ੍ਰਗਟਾਇਆ ਹੋਵੇ; ਨਾ ਹੀ ਇਸ ਕਿਸਮ ਦੇ ਸਵਾਲ ਸਿਰਫ਼ ਮੁਸਲਮਾਨਾਂ ਨੇ ਚੁੱਕੇ ਹਨ। ਸਤੰਬਰ 2008 ਵਿੱਚ ਮਾਲੇਗਾਓਂ ਵਿੱਚ ਹੋਏ ਇਕ ਅੱਤਵਾਦੀ ਹਮਲੇ ਦੀ ਜਾਂਚ ਤੋਂ ਅਰੰਭ ਹੋ ਕੇ, ਕਰਕਰੇ ਨੇ ਇਕ ਅਜਿਹੇ ਅੱਤਵਾਦੀ ਨੈਟਵਰਕ ਦਾ ਪਰਦਾਫਾਸ਼ ਕਰਨਾ ਅਰੰਭ ਕਰ ਦਿੱਤਾ ਸੀ ਜੋ ਹਿੰਦੂ ਅੱਤਵਾਦੀ ਸੰਗਠਨਾਂ ਨਾਲ ਜੁੜਿਆ ਹੋਇਆ ਸੀ। ਇਸ ਜਾਂਚ ਦੇ ਨਤੀਜਿਆਂ ਦਾ ਅਸਰ ਬਹੁਤ ਵਿਆਪਕ ਹੋਣਾ ਸੀ ਕਿਉਂਕਿ ਇਸ ਮੁਤਾਬਿਕ ਹਿੰਦੂ ਅੱਤਵਾਦੀਆਂ ਦਾ ਨੈੱਟਵਰਕ ਭਾਰਤੀ ਫੌਜ ਵਿਚਲੇ ਸਿਆਸੀ ਤੱਤਾਂ, ਬੰਬ ਬਣਾਉਣ ਵਾਲੇ ਕੈਂਪਾਂ, ਹੋਰ ਧਾਰਮਕ ਸ਼ਖ਼ਸੀਅਤਾਂ ਜਿਵੇਂ ਸਾਧਵੀ ਪ੍ਰਗਿਆ ਸਿੰਘ ਤੇ ਦਇਆਨੰਦ ਪਾਂਡੇ ਅਤੇ ਬੀਜੇਪੀ ਨਾਲ ਜੁੜੇ ਹੋਰ ਸੰਗਠਨਾਂ ਤੇ ਸਿਆਸੀ ਆਗੂਆਂ ਆਦਿਕ ਨਾਲ ਜੁੜਿਆ ਹੋਇਆ ਸੀ।

ਇਨ੍ਹਾਂ ਤੱਥਾਂ ਦੇ ਪਰਦਾਫਾਸ਼ ਹੋਣ ਨਾਲ ਅੱਤਵਾਦ-ਵਿਰੋਧੀ ਦਸਤੇ ਦੀ ਇਕ ਪਹਿਲੀ ਜਾਂਚ ਦੀ ਤਸਦੀਕ ਕਰ ਦਿੱਤੀ, ਜਿਸਨੇ ਮਹਾਂਰਾਸ਼ਟਰ ਵਿੱਚ ਕਈ ਵਾਰ ਹੋਏ ਅੱਤਵਾਦੀ ਹਮਲਿਆਂ ਨੂੰ ਹਿੰਦੁ ਸੰਗਠਨਾਂ ਨਾਲ ਸਬੰਧਿਤ ਕੀਤਾ ਸੀ ਪਰ ਜਿਨ੍ਹਾਂ ’ਤੇ ਕੋਈ ਅਗਲੀ ਕਾਰਵਾਈ ਨਹੀਂ ਕੀਤੀ ਗਈ ਸੀ। ਇਸ ਜਾਂਚ ਦਾ ਇਕ ਸਭ ਤੋਂ ਖ਼ੌਫਨਾਕ ਤੱਥ ਇਹ ਸੀ ਕਿ ਮਿਲਿਟਰੀ ਇੰਟੈਲੀਜੈਂਸ ਵਿੱਚ ਕਾਰਜਰਤ ਅਧਿਕਾਰੀ ਲੈਫਟੀਨੈਂਟ ਕਰਨਲ ਸ੍ਰੀਕਾਂਤ ਪੁਰੋਹਿਤ ਨੇ ਸਰਕਾਰੀ ਸਪਲਾਈ ਵਿੱਚੋਂ 60 ਕਿਲੋ ਆਰ.ਡੀ.ਐਕਸ. (ਅਤਿ ਧਮਾਕੇਖੇਜ਼ ਸਮੱਗਰੀ) ਹਾਸਲ ਕੀਤੀ ਸੀ, ਜਿਸਦੇ ਕੁਝ ਹਿੱਸੇ ਦਾ ਉਪਯੋਗ ਫਰਵਰੀ 2007 ਵਿੱਚ ਸਮਝੌਤਾ ਐਕਸਪ੍ਰੈਸ ਰੇਲਗੱਡੀ ਵਿੱਚ ਅੱਤਵਾਦੀ ਹਮਲਾ ਕਰਨ ਲਈ ਉਪਯੋਗ ਕੀਤਾ ਗਿਆ ਸੀ। ਇਸ ਧਮਾਕੇ ਵਿੱਚ 68 ਵਿਅਕਤੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪਾਕਿਸਤਾਨੀ ਨਾਗਰਿਕ ਸਨ, ਮਾਰੇ ਗਏ ਸਨ।

ਇਸਦੇ ਇਲਾਵਾ, ਬੀਜੇਪੀ ਤੇ ਸ਼ਿਵ ਸੈਨਾ ਦੇ ਮੁੱਖ ਮੈਂਬਰਾਂ ਦੀ ਕਰਕਰੇ ਤੇ ਮਾਲੇਗਾਓਂ ਜਾਂਚ ਕੇਸ ਨਾਲ ਖੁੱਲੇਆਮ ਦੁਸ਼ਮਣੀ ਸੀ। ਇਨ੍ਹਾਂ ਆਗੂਆਂ ਨੇ ਮੰਗ ਕੀਤੀ ਸੀ ਕਿ ਕਰਕਰੇ ਨੂੰ ਇਸ ਕੇਸ ਤੋਂ ਹਟਾਇਆ ਜਾਵੇ ਅਤੇ ਇਨ੍ਹਾਂ ਨੇ ਆਰੋਪੀਆਂ (ਪ੍ਰਗਿਆ ਸਿੰਘ, ਦਇਆਨੰਦ ਪਾਂਡੇ ਆਦਿ) ਲਈ ਮਦਦ ਦਾ ਇੰਤਜ਼ਾਮ ਵੀ ਕੀਤਾ ਸੀ। ਇਸਦੇ ਇਲਾਵਾ, ਇਨ੍ਹਾਂ ਨੇ ਕਰਕਰੇ (ਵੱਲੋਂ ਹਿੰਦੂ ਅੱਤਵਾਦੀਆਂ ਦੀਆਂ ਕਰਤੂਤਾਂ ਦੀ ਨਿਰਪੱਖ ਜਾਂਚ) ਦੇ ਖਿਲਾਫ਼ 1 ਦਸੰਬਰ 2009 ਨੂੰ ਇਕ ‘ਬੰਦ’ ਕਰਵਾਉਣ ਦੀ ਯੋਜਨਾ ਵੀ ਬਣਾਈ ਸੀ। ਇਹ ਵੀ ਸੱਚ ਹੈ ਕਿ 26 ਨਵੰਬਰ ਨੂੰ ਹੀ ਸ਼ਿਵ ਸੈਨਾ ਦੀ ‘ਸਾਮਨਾ’ ਅਖ਼ਬਾਰ ਦੇ ਸੰਪਾਦਕੀ ਵਿੱਚ ਮਾਲੇਗਾਓਂ ਜਾਂਚ ’ਤੇ ਤਿੱਖਾ ਹਮਲਾ ਕੀਤਾ ਗਿਆ ਸੀ ਅਤੇ ਇਸੇ ਦਿਨ ਹੀ ਕਰਕਰੇ ਨੂੰ ਜਾਨੋਂ ਮਾਰੇ ਜਾਣ ਦੀ ਧਮਕੀ ਵੀ ਮਿਲੀ ਸੀ।

ਜਦੋਂ ਕੋਈ ਵਿਅਕਤੀ, ਜਿਸਨੂੰ ਰੱਜ ਕੇ ਭੰਡਿਆ ਗਿਆ ਹੋਵੇ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹੋਣ, ਰਹੱਸਮਈ ਹਾਲਾਤ ਵਿੱਚ ਮਾਰਿਆ ਜਾਂਦਾ ਹੈ, ਤਾਂ ਸਿਰਫ਼ ਇਹੀ ਢੰਗ ਤਰਕਸ਼ੀਲ ਹੈ ਕਿ ਉਸ ਦੀ ਮੌਤ ਬਾਰੇ ਉਨ੍ਹਾਂ ਲੋਕਾਂ ’ਤੇ ਸ਼ੱਕ ਕੀਤਾ ਜਾਏ ਜੋ ਉਸਦੇ ਖਿਲਾਫ਼ ਮੁਹਿੰਮ ਚਲਾ ਰਹੇ ਸਨ। ਜਿਸ ਢੰਗ ਨਾਲ ਡਾਜ਼ੀਅਰ ਆਪਣੇ ਬਿਰਤਾਂਤ ਦਾ ਢਾਂਚਾ ਖੜਾ ਕਰਦਾ ਹੈ, ਉਹ ਵੀ ਇਸੇ ਦਿਸ਼ਾ ਵਿੱਚ ਇਸ਼ਾਰਾ ਕਰਦਾ ਹੈ।

ਹੋਰ ਗਲਤੀਆਂ ਤੇ ਅਣਮੇਲਤਾਵਾਂ

ਜਾਧਵ ਦੇ ਬਿਆਨ ਮੁਤਾਬਿਕ, ਕਸਾਬ ਅਤੇ ਇਸਮਾਇਲ ਨੇ ਉਸ ਪੁਲੀਸ ਵਾਹਨ ਨੂੰ ਉਧਾਲ ਲਿਆ ਜਿਸ ਵਿੱਚ ਕਰਕਰੇ ਸਫਰ ਕਰ ਰਿਹਾ ਸੀ; ਅਤੇ ਫਿਰ ਇਸ ਵਾਹਨ ਨੂੰ ਮੈਟਰੋ ਜੰਕਸ਼ਨ ਵਿਖੇ ਲੈ ਗਏ। ਉੱਥੇ ਉਨ੍ਹਾਂ ਨੇ ਪੱਤਰਕਾਰਾਂ ਅਤੇ ਪੁਲੀਸ ਵੈਨਾਂ ’ਤੇ ਤਿੰਨ ਗੋਲੀਆਂ ਚਲਾਈਆਂ। ਮੈਟਰੋ ਜੰਕਸ਼ਨ ’ਤੇ ਵਾਕਈ ਗੋਲੀਆਂ ਚਲਾਈਆਂ ਗਈਆਂ ਸਨ, ਜਿਨ੍ਹਾਂ ਦੀ ਰਿਕਾਰਡਿੰਗ ਇਕ ਟੀ.ਵੀ. ਚੈਨਲ ਦੇ ਕੈਮਰਾਮੈਨ ਨੇ ਕਰ ਲਈ ਸੀ ਪਰ ਡਾਜ਼ੀਅਰ ਵਿੱਚ ਇਸ ਤੱਥ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਕਿਉਂ ਨਹੀਂ? ਮੁੜ ਤੋਂ, ਇਸਦਾ ਇਹੀ ਪ੍ਰਭਾਵ ਜਾਂਦਾ ਹੈ ਕਿ ਮੈਟਰੋ ਜੰਕਸ਼ਨ ਦੀ ਘਟਨਾ ਵਿੱਚ ਸ਼ਾਮਲ ਅੱਤਵਾਦੀ ਕਸਾਬ ਤੇ ਇਸਮਾਇਲ ਨਹੀਂ ਸਨ ਬਲਕਿ ਕਿਸੇ ਹੋਰ ਸਮੂਹ ਦੇ ਮੈਂਬਰ ਸਨ, ਜੋ ਕਰਕਰੇ ਤੇ ਉਸਦੇ ਸਾਥੀਆਂ ਨੂੰ ਕਤਲ ਕਰਨ ਉਪਰੰਤ ਉੱਥੇ ਪੁੱਜੇ ਸਨ।

ਦੂਜਾ, ਡਾਜ਼ੀਅਰ ਜ਼ਿਕਰ ਕਰਦਾ ਹੈ ਕਿ ਅੱਤਵਾਦੀਆਂ ਦੀ ਪਾਕਿਸਤਾਨ ਦੀ ਵਾਪਸੀ ਯਾਤਰਾ ਇਕ ਜੀ.ਪੀ.ਐਸ. (ਗਲੋਬਲ ਪੋਜ਼ੀਸ਼ਨਿੰਗ ਸਿਸਟਮ) ਯੰਤਰ ’ਤੇ ਉਲੀਕੀ ਗਈ ਸੀ। ਫਿਰ ਵੀ ਉਨ੍ਹਾਂ ਅੱਤਵਾਦੀਆਂ ਦੇ ਉਲਟ ਜਿਨ੍ਹਾਂ ਨੇ ਇੰਡੀਅਨ ਏਅਰਲਾਈਨਜ਼ ਦੇ ਆਈ.ਸੀ.-814 ਜਹਾਜ਼ ਨੂੰ ਕੰਧਾਰ ਤੱਕ ਉਧਾਲ ਲਿਆ ਸੀ, ਮੁੰਬਈ ਦੇ ਅੱਤਵਾਦੀਆਂ ਨੇ ਆਪਣੇ ਜਾਂ ਕਿਸੇ ਹੋਰ ਦੇ ਬਚਾਅ ਲਈ ਲੋਕਾਂ ਨੂੰ ਬੰਧਕ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਮਿਸਾਲ ਲਈ, ਜੇਕਰ ਉਹ ਉਸ ਈਮੇਲ, ਜਿਸ ਰਾਹੀਂ ਉਹ ਅੱਤਵਾਦੀ ਹਮਲਿਆਂ ਲਈ ‘ਡੈਕਨ ਮੁਜਾਹਿਦੀਨ’ ਦੀ ਜ਼ਿੰਮੇਵਾਰੀ ਦਾ ਦਾਅਵਾ ਕਰਦੇ ਸਨ, ਦਾ ਉਪਯੋਗ ਕਰਕੇ ਕੁਝ ਉੱਚੇ ਰੁਤਬੇ ਵਾਲੇ ਤੇ ਵਿਦੇਸ਼ੀ ਬੰਧਕਾਂ ਦੇ ਨਾਮ ਮੀਡੀਆ ਅੱਗੇ ਪੇਸ਼ ਕਰਦੇ ਤਾਂ ਭਾਰਤੀ ਸਰਕਾਰ ’ਤੇ ਇਨ੍ਹਾਂ ਬੰਧਕਾਂ ਦੇ ਪਰਵਾਰਾਂ, ਮਿੱਤਰਾਂ ਅਤੇ ਵਿਦੇਸ਼ੀ ਬੰਧਕਾਂ ਦੇ ਦੇਸ਼ਾਂ ਦਾ ਭਾਰੀ ਦਬਾਅ ਹੁੰਦਾ ਕਿ ਇਨ੍ਹਾਂ ਬੰਧਕਾਂ ਨੂੰ ਸੁਰੱਖਿਅਤ ਛੁਡਵਾਇਆ ਜਾਵੇ। ਇਹ ਤੱਥ ਕਿ ਅਜਿਹੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ, ਤੋਂ ਸਪਸ਼ਟ ਹੁੰਦਾ ਹੈ ਕਿ ਅਸਲ ਵਿੱਚ ਇਹ ਇਕ ਆਤਮਘਾਤੀ ਮਿਸ਼ਨ ਸੀ (ਤੇ ਅੱਤਵਾਦੀ ਆਪਣੀ ਜਾਨ ਗੁਆਉਣਾ ਹੀ ਚਾਹੁੰਦੇ ਸਨ)। ਅਜਿਹੇ ਵਿੱਚ ਉਨ੍ਹਾਂ ਨੂੰ ਜੀ.ਪੀ.ਐਸ. ਯੰਤਰ ’ਤੇ ਆਪਣੀ ਵਾਪਸੀ ਉਲੀਕਣ ਦੀ ਕੀ ਲੋੜ ਸੀ, ਜਦ ਕਿਸੇ ਨੇ ਵਾਪਸ ਜਾਣਾ ਹੀ ਨਹੀਂ ਸੀ?

ਤੀਜਾ, ਡਾਜ਼ੀਅਰ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਅੱਤਵਾਦੀਆਂ ਨੂੰ ਆ ਰਹੀਆਂ ਫੋਨ ਕਾਲਾਂ, ਜਿਨ੍ਹਾਂ ਨੂੰ ਭਾਰਤੀ ਏਜੰਸੀਆਂ ਵੱਲੋਂ ਰਿਕਾਰਡ ਕਰ ਲਿਆ ਗਿਆ ਸੀ, ਵਿੱਚ ਇਹ ਤਾਕੀਦ ਕੀਤੀ ਜਾ ਰਹੀ ਸੀ ਕਿ (ਗੋਲੀਬਾਰੀ ਦੌਰਾਨ) ਕੋਈ ਵੀ ਮੁਸਲਮਾਨ ਨਹੀਂ ਮਾਰਿਆ ਜਾਣਾ ਚਾਹੀਦਾ। ਫਿਰ ਵੀ ਵਿਕਟੋਰੀਆ ਸਟੇਸ਼ਨ ’ਤੇ ਮਾਰੇ ਗਏ ਵਿਅਕਤੀਆਂ ਵਿੱਚੋਂ 22 ਵਿਅਕਤੀ, ਯਾਨੀ ਇਕ-ਤਿਹਾਈ ਤੋਂ ਵੀ ਜ਼ਿਆਦਾ, ਮੁਸਲਮਾਨ ਸਨ। ਵਲੀ ਉੱਲਾਹ ਪਰਵਾਰ ਦੇ 6 ਮੈਂਬਰ ਮਾਰੇ ਗਏ ਅਤੇ ਬਾਕੀ ਮਾਰੇ ਗਏ ਪੀੜ੍ਹਤਾਂ ਵਿੱਚੋਂ ਵੀ ਬਹੁਤ ਸਾਰਿਆਂ ਨੂੰ ਮੁਸਲਮਾਨਾਂ ਦੇ ਤੌਰ ’ਤੇ ਅਸਾਨੀ ਨਾਲ ਪਛਾਣਿਆ ਜਾ ਸਕਦਾ ਸੀ। ਇਸ ਸਭ ਤੋਂ ਇਹੀ ਪ੍ਰਤੀਤ ਹੁੰਦਾ ਹੈ ਕਿ ਮੁਸਲਮਾਨਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਸੀ : ਯਾਨੀ ਉਸਦਾ ਐਨ ਉਲਟਾ ਜੋ ਅੱਤਵਾਦੀਆਂ ਦੇ ਪਾਕਿਸਤਾਨੀ ਨਿਯੰਤਰਕਾਂ ਦਾ ਹੁਕਮ ਸੀ ! ਇਸ ਸਥਿਤੀ ਦੀ ਇਕ ਸੰਭਾਵਿਤ ਵਿਆਖਿਆ ਇਹ ਹੋ ਸਕਦੀ ਹੈ ਕਿ ਵਿਕਟੋਰੀਆ ਟਰਮਿਨਸ ਦੀ ਮੇਨ ਲਾਈਨ ਅਤੇ ਉਪ-ਸ਼ਹਿਰੀ ਭਾਗਾਂ ’ਤੇ ਇਕੋ ਸਮੇਂ ਅੱਤਵਾਦੀਆਂ ਦੇ ਦੋ ਜੋੜੇ ਹਮਲੇ ਕਰ ਰਹੇ ਸਨ - ਜਿਨ੍ਹਾਂ ਵਿੱਚੋਂ ਇਕ ਪਾਕਿਸਤਾਨੀ ਨਹੀਂ ਸੀ।

ਚੌਥਾ, ਡਾਜ਼ੀਅਰ ਵਿੱਚ ਜ਼ਿਕਰ ਕੀਤੀਆਂ ਗਈਆਂ ਕਾਲਾਂ ਦੇ ਅਨੁਵਾਦ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਅੱਤਵਾਦੀਆਂ ਕੋਲ ਮੋਬਾਇਲ ਫੋਨ ਹੀ ਉਹ ਮੁੱਖ ਸਾਧਨ ਸਨ, ਜਿਨ੍ਹਾਂ ਰਾਹੀਂ ਉਹ ਆਪਣੇ ਨਿਰਦੇਸ਼ਕਾਂ ਨਾਲ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਤੋਂ ਨਿਰਦੇਸ਼ ਪ੍ਰਾਪਤ ਕਰ ਰਹੇ ਸਨ। ਡਾਜ਼ੀਅਰ ਵਿੱਚ ਜਿਸ ਗੱਲ ਦਾ ਜ਼ਿਕਰ ਨਹੀਂ ਕੀਤਾ ਗਿਆ ਉਹ ਇਹ ਹੈ 6 ਦਸੰਬਰ ਨੂੰ ਕੋਲਕਾਤਾ ਪੁਲੀਸ ਨੇ ਇਨ੍ਹਾਂ ਹੀ ਮੋਬਾਇਲ ਫੋਨਾਂ ਲਈ ਸਿੰਮ ਕਾਰਡ ਸਪਲਾਈ ਕਰਨ ਵਾਸਤੇ ਦੋ ਵਿਅਕਤੀਆਂ ਤੌਸੀਫ ਰਹਿਮਾਨ ਅਤੇ ਮੁਖ਼ਤਾਰ ਅਹਿਮਦ ਨੂੰ ਗ੍ਰਿਫ਼ਤਾਰ ਕੀਤਾ ਸੀ। ਰਹਿਮਾਨ ਨੇ ਇਹ ਸਿੰਮ ਕਾਰਡ ਮ੍ਰਿਤਕ ਵਿਅਕਤੀਆਂ ਦੇ ਨਾਂ ’ਤੇ ਝੂਠੇ ਪਛਾਣ-ਪੱਤਰਾਂ ਰਾਹੀਂ ਪ੍ਰਾਪਤ ਕੀਤੇ ਦੱਸਿਆ ਜਾਂਦਾ ਹੈ ਜਦਕਿ ਅਹਿਮਦ ਨੇ ਇਨ੍ਹਾਂ ਸਿੰਮ ਕਾਰਡਾਂ ਨੂੰ ਲਸ਼ਕਰ-ਏ-ਤਯੱਬਾ ਦੇ ਕਾਰਕੁੰਨਾਂ ਤੱਕ ਪਹੁੰਚਾਇਆ ਸੀ।

ਅਰੰਭ ਵਿੱਚ ਇਸ ਗੱਲ ਨੂੰ ਇਕ ਜਾਂਚ ਵਿੱਚ ਇਕ ਅਹਿਮ ਪ੍ਰਾਪਤੀ ਵਜੋਂ ਦੇਖਿਆ ਗਿਆ। ਪਰ ਇਹ ਗ੍ਰਿਫ਼ਤਾਰੀਆਂ ਉਸ ਸਮੇਂ ਮੁਸ਼ਕਲ ਤੇ ਸ਼ਰਮਿੰਦਗੀ ਦਾ ਕਾਰਨ ਬਣ ਗਈਆਂ ਜਦੋਂ ਇਹ ਖੋਜ ਕੀਤੀ ਗਈ ਕਿ ਅਹਿਮਦ ਭਾਰਤੀ ਖੁਫੀਆ ਏਜੰਸੀ ਦਾ ਇਕ ਮੁਲਾਜ਼ਮ ਸੀ, ਜਿਸਨੇ (ਆਪਣੀ ਏਜੰਸੀ ਦੇ ਕਹਿਣ ’ਤੇ) ਲਸ਼ਕਰ-ਏ-ਤੱਯਬਾ (ਦੀ ਸੂਹ ਲੈਣ ਲਈ ਇਸ) ਵਿੱਚ ਘੁਸਪੈਠ ਕੀਤੀ ਸੀ। ਇਸ ਘਟਨਾ ਕਾਰਨ ਇਹ ਆਰੋਪ ਵੀ ਸਾਹਮਣੇ ਆਇਆ ਕਿ ਮੁੰਬਈ ਦਾ ਅੱਤਵਾਦੀ ਹਮਲਾ ਇਕ ਝੂਠਾ ‘ਝੰਡਾ ਆਪਰੇਸ਼ਨ’ ਸੀ, ਜਿਸਨੂੰ ਭਾਰਤੀ, ਅਮਰੀਕੀ ਤੇ ਇਜ਼ਰਾਇਲੀ ਖੁਫੀਆਂ ਏਜੰਸੀਆਂ ਵੱਲੋਂ ਮਿਲ ਕੇ ਉਲੀਕਿਆ ਗਿਆ ਸੀ। ਭਾਵੇਂ ਇਹ ਇਲਜ਼ਾਮ ਕੁਝ ਜ਼ਿਆਦਾ ਹੀ ਅੱਗੇ ਨਿਕਲ ਗਿਆ ਪ੍ਰਤੀਤ ਹੁੰਦਾ ਹੋਵੇ, ਪਰ ਇਹ ਨਿਸ਼ਚਿਤ ਤੌਰ ’ਤੇ ਜਾਪਦਾ ਹੈ ਕਿ ਮੁੰਬਈ ਹਮਲਿਆਂ ਵਿੱਚ ਭਾਰਤੀ ਖੁਫੀਆ ਏਜੰਸੀ ਦੇ ਪੱਖੋਂ ਮਾਤਰ ‘ਖੁਫੀਆ ਤੰਤਰ ਦੀ ਨਾਕਾਮੀ’ ਦੇ ਇਲਾਵਾ ਹੋਰ ਵੀ ਕਾਫੀ ਕੁਝ ਨਾਪਾਕ ਤੱਤ ਵੀ ਸ਼ਾਮਲ ਸੀ। ਸਿੰਮ ਕਾਰਨ ਘਟਨਾ ਅਤੇ ਉੱਪਰ ਜ਼ਿਕਰ ਕੀਤੀਆਂ ਹੋਰਨਾਂ ਘਟਨਾਵਾਂ ਦੇ ਅਧਿਐਨ ਤੋਂ ਇਹ ਜ਼ਰੂਰ ਸਪਸ਼ਟ ਹੋ ਜਾਂਦਾ ਹੈ ਕਿ ਭਾਰਤੀ ਖੁਫੀਆ ਏਜੰਸੀਆਂ ਦੇ ਕੁਝ ਹਿੱਸੇ ਨੂੰ ਅਗਾਊਂ ਜਾਣਕਾਰੀ ਸੀ ਕਿ ਅਜਿਹੇ ਹਮਲੇ ਦੀ ਯੋਜਨਾ ਉਲੀਕੀ ਜਾ ਚੁੱਕੀ ਹੈ। ਇਹ ਅਗਾਊਂ ਜਾਣਕਾਰੀ ਹੀ ਸਮੁੰਦਰ ਦੇ ਕਿਨਾਰੇ ਦੇ ਨਿਸ਼ਾਨੇ, ਖ਼ਾਸਕਰ ਹੋਟਲਾਂ ਦੀ ਪਛਾਣ ਕਰਨ ਲਈ ਕਾਫੀ ਸੀ। ਅਸਲ ਵਿੱਚ, ਹੋਟਲਾਂ ਦੇ ਪ੍ਰਬੰਧਕਾਂ ਨੂੰ ਹਮਲੇ ਦੇ ਕੁਝ ਹਫਤੇ ਪਹਿਲਾਂ ਸੁਰੱਖਿਆ ਸਬੰਧੀ ਇਕ ਆਮ ਚੇਤਾਵਨੀ ਦਿੱਤੀ ਵੀ ਗਈ ਸੀ। ਇਸਦੇ ਬਾਵਜੂਦ, ਹਮਲਿਆਂ ਨੂੰ ਰੋਕਣ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ।

ਸਾਜਿਸ਼-ਥਿਉਰੀ ਬਨਾਮ ਕਰਾਮਾਤੀ ਵਿਆਖਿਆ

(ਮੁੰਬਈ ਹਮਲਿਆਂ ਵਿੱਚ ਭਾਰਤੀ ਤੱਤਾਂ ਵੱਲੋਂ ਕੀਤੀ ਗਈ) ਸਾਜਿਸ਼ ਦੀ ਥਿਉਰੀ ਬਾਰੇ ਜ਼ਿਆਦਾਤਰ ਲੋਕ ਨਾਂਹ ਵਿੱਚ ਪ੍ਰਤੀਕ੍ਰਿਆ ਦਿੰਦੇ ਹਨ। ਇਹ ਉਸੇ ਤਰ੍ਹਾਂ ਹੈ, ਜਿਵੇਂ ਜਦ ਤੁਸੀਂ ਇਕ ਬੱਚੇ ਸੀ ਤਾਂ ਕੋਈ ਤੁਹਾਨੂੰ ਦੱਸੇ ਕਿ ਤੁਹਾਡੇ ਮਾਤਾ ਜਾਂ ਪਿਤਾ ਇਕ ਅਪਰਾਧੀ ਹਨ; ਤਾਂ ਪਹਿਲੀ ਪ੍ਰਤੀਕ੍ਰਿਆ ਇਸਦੇ ਇਨਕਾਰ ਵਿੱਚ ਹੀ ਹੁੰਦੀ ਹੈ - ਭਾਵੇਂ ਤੁਸੀਂ ਆਪਣੇ ਦਿਲ ਦੀਆਂ ਗਹਿਰਾਈਆਂ ਵਿੱਚ ਜਾਣਦੇ ਹੋਵੋ ਕਿ ਇਸ ਆਰੋਪ ਵਿੱਚ ਕੁਝ ਨਾ ਕੁਝ ਤੱਤ ਜ਼ਰੂਰ ਸ਼ਾਮਲ ਹੈ। ਇਸੇ ਵਤੀਰੇ ਤੋਂ ਸਾਜਿਸ਼ ਦੀ ਥਿਉਰੀ ਵਿੱਚ ਯਕੀਨ ਕਰਨ ਵਾਲਿਆਂ ਨੂੰ ‘ਤਰੇੜਾਂ ਵਾਲੇ ਘੜੇ’ ਕਹਿਣ ਦਾ ਰੁਝਾਨ ਉਪਜਦਾ ਹੈ।

ਫਿਰ ਵੀ ਅਜਿਹੇ ਕਈ ਮੌਕੇ ਹੁੰਦੇ ਹਨ ਜਦ ਸਾਜਿਸ਼ ਦੀ ਥਿਉਰੀ ਵਿੱਚ ਯਕੀਨ ਕਰਨਾ ਹੋਸ਼ਮੰਦ ਸਾਬਿਤ ਹੁੰਦਾ ਹੈ ਅਤੇ ਜਿਹੜੇ ਲੋਕ ਇਸ ਤੋਂ ਇਨਕਾਰ ਕਰਦੇ ਹਨ, ਉਨ੍ਹਾਂ ਨੂੰ ਕਰਾਮਾਤੀ ਵਿਆਖਿਆਵਾਂ ਦਾ ਸਹਾਰਾ ਲੈਣਾ ਪੈਂਦਾ ਹੈ। ਮਿਸਾਲ ਵਜੋਂ, ਅਮਰੀਕੀ ਰਾਸ਼ਟਰਪਤੀ ਜਾਨ ਐਫ. ਕੈਨੇਡੀ ਦੇ ਕਤਲ ਵਿੱਚ ਵਾਰੇਨ ਕਮਿਸ਼ਨ ਦਾ ਕਹਿਣਾ ਸੀ ਕਿ ਰਾਸ਼ਟਰਪਤੀ ਦਾ ਕਤਲ ਸਿਰਫ਼ ਇਕ ਵਿਅਕਤੀ ਲੀ ਹਾਰਵੇ ਓਸਵਾਲਡ ਵੱਲੋਂ ਕੀਤਾ ਗਿਆ, ਜਿਸਦਾ ਬਾਅਦ ਵਿੱਚ ਖ਼ੁਦ ਕਤਲ ਹੋ ਗਿਆ। ਕਮਿਸ਼ਨ ਮੁਤਾਬਿਕ ਓਸਵਾਲਡ ਵੱਲੋਂ ਚਲਾਈਆਂ ਗਈਆਂ ਤਿੰਨ ਗੋਲੀਆਂ ਵਿੱਚੋਂ ਇਕ ਨੇ (ਪਿਸਤੌਲ ਤੋਂ ਛੁਟਣ ਤੋਂ ਬਾਅਦ) ਆਪਣੀ ਦਿਸ਼ਾ ਇਕ ਤੋਂ ਵੱਧ ਵਾਰ ਬਦਲ ਲਈ ਸੀ (ਜਦਕਿ ਅਜਿਹਾ ਹੋਣਾ ਅਸੰਭਵ ਹੈ)। ਇਸ ‘ਜਾਦੂਈ ਗੋਲੀ’ ਦੀ ਥਿਉਰੀ ਦੀ ਇਕ ਬਦਲਵੀਂ ਤੇ ਵਧੇਰੇ ਵਿਸ਼ਵਸਨੀਕ ਵਿਆਖਿਆ ਇਹੀ ਹੋ ਸਕਦੀ ਹੈ ਕਿ ਰਾਸ਼ਟਰਪਤੀ ਦੇ ਕਤਲ ਲਈ ਇਕ ਤੋਂ ਵੱਧ ਕਾਤਲ ਮੌਜੂਦ ਸਨ। ਪਰ ਇਸ ਧਾਰਨਾ ’ਤੇ ਜਾਂਚ ਕਰਨ ਤੋਂ ਇਨਕਾਰ ਕਰਨਾ ਸਪਸ਼ਟ ਕਰਦਾ ਹੈ ਕਿ ਇਸ ਸਾਰੇ ਘਟਨਾਕ੍ਰਮ ਪਿੱਛੇ ਕੋਈ ਡੂੰਘੀ ਸਾਜਿਸ਼ ਸੀ। ਅਤੇ ਅਮਰੀਕੀ ਜਨਤਾ ਦਾ ਵੱਡਾ ਹਿੱਸਾ ਇਸ ਗੱਲ ਵਿੱਚ ਯਕੀਨ ਕਰਦਾ ਹੈ।

ਸਾਡੇ ਸਮਿਆਂ ਵਿੱਚ ਵੀ, 9/11 (ਵਿਸ਼ਵ ਵਪਾਰ ਕੇਂਦਰ ’ਤੇ ਹੋਏ ਹਮਲੇ) ਕਮਿਸ਼ਨ ਦੀ ਰਿਪੋਰਟ ਦੀ ਅਮਰੀਕਾ ਵਿੱਚ ਭਰਵੀਂ ਆਲੋਚਨਾ ਕੀਤੀ ਗਈ ਸੀ। ਨਵੰਬਰ 2008 ਤੱਕ ਇੰਟਰਨੈੱਟ ਤੇ ਤਕਰੀਬਨ 15 ਕਰੋੜ ਅਜਿਹੇ ਵੈਬ ਪੰਨੇ ਸਨ, ਜੋ 9/11 ਦੀ ਸਾਜਿਸ਼ ਦੀਆਂ ਥਿਉਰੀ ਨੂੰ ਸਮਰਪਿਤ ਸਨ। ਇਸ ਵਿਸ਼ੇ ’ਤੇ ਕਈ ਕਿਤਾਬਾਂ ਵੀ ਲਿਖੀਆਂ ਜਾ ਚੁੱਕੀਆਂ ਹਨ ਅਤੇ ਬਹੁਤ ਸਾਰੇ ਅਮਰੀਕੀਆਂ ਦਾ ਵਿਸ਼ਵਾਸ ਹੈ ਕਿ ਇਸ ਹਮਲੇ ਵਿੱਚ ਕੋਈ ‘ਅੰਦਰੂਨੀ ਹੱਥ’ ਵੀ ਸੀ, ਜਿਸਨੇ ਅਮਰੀਕਾ ਵੱਲੋਂ ਅਫਗਾਨਿਸਤਾਨ ਤੇ ਇਰਾਕ ਉੱਤੇ ਹਮਲਾ ਕਰਨ ਲਈ ਬਹਾਨਾ ਪ੍ਰਦਾਨ ਕੀਤਾ। (ਅਜਿਹੇ ਲੋਕਾਂ ਵੱਲੋਂ ਇਹ ਦਾਅਵਾ ਕਰਨਾ ਕਿ ਮੁੰਬਈ ਦੀ 26/11 ਵਾਲੀ ਘਟਨਾ ਭਾਰਤ ਦਾ 9/11 ਹੈ, ਦਾ ਅਰਥ ਵੀ ਇਹੀ ਨਿਕਲਦਾ ਹੈ ਕਿ ਮੁੰਬਈ ਹਮਲਿਆਂ ਵਿੱਚ ਭਾਰਤੀ ਪ੍ਰਸ਼ਾਸਨ ਦੇ ਕੁਝ ਤੱਤਾਂ ਦੀ ਸ਼ਮੂਲੀਅਤ ਜ਼ਰੂਰ ਸੀ।) ਅਜਿਹਾ ਵਿਸ਼ਵਾਸ ਕਰਨਾ ਮੁਸ਼ਕਲ ਹੈ ਕਿ ਇਹ ਸਾਰੇ ਲੋਕ ਤਰੇੜ ਵਾਲੇ ਘੜੇ ਹਨ ਕਿਉਂਕਿ ਇਨ੍ਹਾਂ ਵਿੱਚ ਵਿਦਵਾਨ, ਪਾਇਲਟ, ਆਰਕੀਟੈਕਟ, ਇੰਜੀਨੀਅਰ ਅਤੇ ਵਿਸ਼ੇਸ਼ ਜਾਣਕਾਰੀਆਂ ਵਾਲੇ ਹੋਰ ਪੇਸ਼ੇਵਰ ਲੋਕਾਂ ਦੇ ਇਲਾਵਾ ਚਸ਼ਮਦੀਦ ਵੀ ਸ਼ਾਮਲ ਹਨ।

ਅਜਿਹਾ ਜਰੂਰੀ ਨਹੀਂ ਕਿ ਇਨ੍ਹਾਂ ਸਾਜਿਸ਼ਾਂ ਵਿੱਚ ਸਰਕਾਰ ਜਾਂ ਸਰਕਾਰ ਦਾ ਮੁਖੀ ਸ਼ਾਮਲ ਹੋਵੇ। ਮਿਸਾਲ ਵਜੋਂ, ਇਹ ਸੋਚਣਾ ਬਿਲਕੁਲ ਬੇਤੁਕਾ ਹੋਵੇਗਾ ਕਿ ਪ੍ਰੈਜ਼ੀਡੈਂਟ ਕੈਨੇਡੀ ਆਪਣੇ ਕਤਲ ਦੀ ਸਾਜਿਸ਼ ਵਿੱਚ ਖ਼ੁਦ ਸ਼ਾਮਲ ਸਨ। ਮਸਲਾ ਸਿਰਫ਼ ਏਨਾ ਹੁੰਦਾ ਹੈ ਕਿ ਸਰਕਾਰ ਵਿੱਚ ਸ਼ਾਮਲ ਕੁਝ ਤੱਤ ਹੀ ਇਸ ਸਾਜਿਸ਼ ਵਿੱਚ ਸ਼ਾਮਲ ਹੁੰਦੇ ਹਨ। ਅਜਿਹੇ ਵਿੱਚ ਮੁੰਬਈ ਦੇ ਅੱਤਵਾਦੀ ਹਮਲਿਆਂ ਦੀ ਸਾਜਿਸ਼-ਥਿਉਰੀ ਕਿਸ ਤਰ੍ਹਾਂ ਦੀ ਨਜ਼ਰ ਆਏਗੀ? ਇਸ ਸਬੰਧੀ ਇਕ ਥਿਉਰੀ ਇਹ ਹੈ ਕਿ ਭਾਰਤੀ ਸਰਕਾਰ ਤੇ ਪ੍ਰਸ਼ਾਸਨ ਵਿੱਚ ਸ਼ਾਮਲ ਹਿੰਦੂ ਅੱਤਵਾਦੀ ਤੱਤਾਂ (ਸੰਘ ਪਰਵਾਰ) ਕੋਲ ਮੁੰਬਈ ਵਿੱਚ ਹੋਣ ਵਾਲੇ ਅੱਤਵਾਦੀ ਹਮਲਿਆਂ ਬਾਰੇ ਸਟੀਕ ਜਾਣਕਾਰੀ ਸੀ ਪਰ ਇਨ੍ਹਾਂ ਨੂੰ ਰੋਕਣ ਦੀ ਬਜਾਏ, ਇਨ੍ਹਾਂ ਤੱਤਾਂ ਨੇ ਇਸ ਹਮਲੇ ਨੂੰ ਹੋਰ ਤਿੱਖਾ ਕਰਨ ਦਾ ਨਿਰਣਾ ਲਿਆ। ਇਸ ਮਕਸਦ ਲਈ ਵਿਕਟੋਰੀਆ ਟਰਮਿਨਸ ਦੇ ਹਮਲੇ ਵਿੱਚ ਹੋਰ ਅੱਤਵਾਦੀ ਜੋੜ ਦਿੱਤੇ ਗਏ, ਡਾਕਯਾਰਡ ਰੋਡ ਤੇ ਵਿਲੇ ਪਾਰਲੇ ਦੀਆਂ ਟੈਕਸੀਆਂ - ਜਿਨ੍ਹਾਂ ਵਿੱਚ ਧਮਾਕੇ ਹੋਏ ਸਨ - ਵਿੱਚ ਬੰਬ ਰੱਖ ਦਿੱਤੇ; ਅਤੇ ਕਾਮਾ ਹਸਪਤਾਲ ਤੇ ਮੈਟਰੋ ਜੰਕਸ਼ਨ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਬੰਦੂਕਧਾਰੀ ਤੈਨਾਤ ਕਰ ਦਿੱਤੇ। (ਸੰਪਾਦਕੀ ਟਿੱਪਣੀ : ਇਹ ਵੀ ਹੋ ਸਕਦਾ ਹੈ ਕਿ ਇਹ ਸਾਰੀਆਂ ਘਟਨਾਵਾਂ ਹਿੰਦੂ ਅੱਤਵਾਦੀਆਂ ਵੱਲੋਂ ਪਾਕਿਸਤਾਨੀ ਅੱਤਵਾਦੀਆਂ ਨੂੰ ਪੈਸਾ ਦੇ ਕੇ ਕਰਵਾਈਆਂ ਗਈਆਂ ਹੋਣ, ਤਾਂ ਜੋ ਭਾਰਤੀ ਮੀਡੀਆ ਅਤੇ ਜਨਤਾ ਦਾ ਧਿਆਨ ਮਾਲੇਗਾਓਂ ਧਮਾਕਿਆਂ ਦੇ ਦੋਸ਼ੀਆਂ ਤੋਂ ਹਟਾਇਆ ਜਾ ਸਕੇ।)

ਇਨ੍ਹਾਂ ਤੱਤਾਂ ਨੇ ਇਸ ਕਿਸਮ ਨਾਲ ਸਾਜਿਸ਼ ਕਿਉਂ ਰਚੀ ਹੋਵੇਗੀ? ਇਸਦੇ ਦੋ ਕਾਰਨ ਹਨ। ਪਹਿਲਾ ਅਤੇ ਸਭ ਤੋਂ ਅਹਿਮ ਕਾਰਨ ਇਹ ਸੀ ਕਿ ਹੇਮੰਤ ਕਰਕਰੇ ਬੜੀ ਤੇਜ਼ੀ ਨਾਲ ਇਸ ਬਾਬਤ ਜਾਣਕਾਰੀ ਇਕੱਤਰ ਕਰ ਰਿਹਾ ਸੀ ਕਿ ਹਿੰਦੂ ਅੱਤਵਾਦੀਆਂ ਦਾ ਨੈੱਟਵਰਕ ਕਿੰਨਾ ਵੱਡਾ ਹੈ ਅਤੇ ਉਹ ਕਿੰਨ੍ਹਾਂ-ਕਿੰਨ੍ਹਾਂ ਅੱਤਵਾਦੀ ਹਮਲਿਆਂ ਵਿੱਚ ਸ਼ਾਮਲ ਰਹੇ ਹਨ, ਜਿਨ੍ਹਾਂ ਨੂੰ ਪਹਿਲਾਂ ਮੁਸਲਿਮ ਅੱਤਵਾਦੀਆਂ ਦੇ ਸਿਰ ਮੜ੍ਹ ਦਿੱਤਾ ਗਿਆ ਸੀ। ਉਸਨੂੰ ਕਿਸੇ ਵੀ ਕੀਮਤ ’ਤੇ ਰੋਕਿਆ ਜਾਣਾ ਜਰੂਰੀ ਸੀ ਪਰ ਸਿੱਧੇ-ਸਿੱਧੇ ਕਤਲ ਨਾਲ ਹਿੰਦੂਤਵੀ ਅੱਤਵਾਦੀਆਂ ਖਿਲਾਫ਼ ਲੋਕ-ਰੋਹ ਪੈਦਾ ਹੋ ਜਾਣੀ ਸੀ। ਪਾਕਿਸਤਾਨੀਆਂ ਵੱਲੋਂ ਅੱਤਵਾਦੀ ਹਮਲੇ ਨੇ ਉਨ੍ਹਾਂ ਨੂੰ ਕਰਕਰੇ ਦੇ ਕਤਲ ਲਈ ਇਕ ਸੰਪੂਰਨ ਨਕਾਬ ਪ੍ਰਦਾਨ ਕੀਤੀ।

ਦੂਜਾ ਕਾਰਨ ਇਹ ਸੀ ਭਾਰਤ ਵਿੱਚ ਉਸ ਸਮੇਂ ਕਈ ਵਿਧਾਨ ਸਭਾਵਾਂ ਦੀਆਂ ਚੋਣਾਂ ਹੋਣੀਆਂ ਸਨ ਅਤੇ ਯੂ.ਪੀ.ਏ. ਸਰਕਾਰ ਉੱਤੇ ‘ਅੱਤਵਾਦ ਪ੍ਰਤੀ ਨਰਮ’ ਹੋਣ ਦਾ ਇਲਜ਼ਾਮ ਲਗਾ ਕੇ ਬੀਜੇਪੀ ਇਸ ਹਮਲੇ ਦਾ ਸਿਆਸੀ ਲਾਭ ਚੁੱਕ ਸਕਦੀ ਸੀ। ਅਸਲ ਵਿੱਚ, ਚੋਣ ਨਤੀਤਿਆਂ ਤੋਂ ਬੀਜੇਪੀ ਆਗੂਆਂ ਦੀ ਨਿਰਾਸ਼ਾ ਅਤੇ ਵਿਆਕੁਲਤਾ ਸਪਸ਼ਟ ਝਲਕਣ ਲੱਗ ਪਈ ਸੀ, ਜਦੋਂ ਉਨ੍ਹਾਂ ਇਹ ਪਾਇਆ ਕਿ ਉਨ੍ਹਾਂ ਨੂੰ ਚੋਣਾਂ ਵਿੱਚ ਓਨਾ ਸਿਆਸੀ ਲਾਭ ਨਹੀਂ ਹੋਇਆ, ਜਿੰਨਾ ਉਨ੍ਹਾਂ ਨੂੰ ਮੁੰਬਈ ਹਮਲਿਆਂ ਤੋਂ ਆਸ ਹੋਈ ਸੀ। ਪਰ ਇਹ ਵਿਆਕੁਲਤਾ ਕਰਕਰੇ ਦੇ ਸਫਾਏ ਨਾਲ ਸ਼ਾਂਤ ਹੋ ਗਈ ਸੀ। ਵਿਦੇਸ਼ ਮੰਤਰੀ, ਪ੍ਰਧਾਨ ਮੰਤਰੀ, ਰੱਖਿਆ ਮੰਤਰੀ ਆਦਿ ਨੇ ਤੁਰੰਤ ਇਸ ਹਮਲੇ ਲਈ ਪਾਕਿਸਤਾਨ ਨੂੰ ਦੋਸ਼ੀ ਠਹਿਰਾਉਣਾ ਅਰੰਭ ਕਰ ਦਿੱਤਾ ਅਤੇ ਮੀਡੀਆ ਦਾ ਸਾਰਾ ਵਖਿਆਨ, ਜਿਹੜਾ ਹੁਣ ਤੱਕ ਮਾਲੇਗਾਓਂ ਮਾਮਲੇ ਦੇ ਪਿੱਛੇ ਪਿਆ ਹੋਇਆ ਸੀ, ਨਿਰਣਾਇਕ ਤੌਰ ’ਤੇ ‘ਪਾਕਿਸਤਾਨ ਤੋਂ ਆਏ ਅੱਤਵਾਦੀਆਂ’ ਵੱਲ ਤਬਦੀਲ ਹੋ ਗਿਆ।

ਇਹ ‘ਸਾਜਿਸ਼-ਥਿਉਰੀ’ ਹੀ ਹੈ ਜੋ ਜਾਂਚ ਦੇ ‘ਅਧਿਕਾਰੀ ਸੰਸਕਰਨ’ ਵਿੱਚ ਰਹਿ ਗਏ ਕਈ ਅਣਸੁਲਝੇ ਨੁਕਤਿਆਂ ਦੀ ਵਿਆਖਿਆ ਕਰਦੀ ਹੈ। ਮਿਸਾਲ ਵਜੋਂ 1) ਹਮਲਿਆਂ ਦੀ ਅਗਾਊਂ ਖੁਫੀਆ ਜਾਣਕਾਰੀ ਹੋਣ ਦੇ ਬਾਵਜੂਦ ਇਨ੍ਹਾਂ ਨੂੰ ਰੋਕਣ ਲਈ ਕੋਈ ਕਦਮ ਕਿਉਂ ਨਹੀਂ ਚੁੱਕਿਆ ਗਿਆ ਸੀ

2) ਕਾਮਾ ਹਸਪਤਾਲ ਵਿੱਚ ਮਰਾਠੀ ਬੋਲਣ ਵਾਲੇ ਅੱਤਵਾਦੀਆਂ ਅਤੇ ਮੈਟਰੋ ਜੰਕਸ਼ਨ ’ਤੇ ਫਾਇਰਿੰਗ ਅਤੇ ਹੋਰ ਭਗਦੜ ਦਾ ਮਚਣਾ 3) ਵਿਕਟੋਰੀਆ ਟਰਮਿਨਸ ’ਤੇ ਕੀਤਾ ਗਿਆ ਕਤਲੇਆਮ, ਜਿਸ ਵਿੱਚ ਹਮਲੇ ਦੀ ਕਿਸੇ ਵੀ ਹੋਰ ਥਾਂ ਨਾਲੋਂ, ਮਾਰੇ ਗਏ ਲੋਕਾਂ ਵਿੱਚ ਮੁਸਲਮਾਨਾਂ ਦਾ ਅਨੁਪਾਤ ਬਹੁਤ ਜ਼ਿਆਦਾ ਸੀ (ਜੋ ਮੁੱਖ ਅੱਤਵਾਦੀ ਸਮੂਹ ਨੂੰ ਦਿੱਤੇ ਗਏ ਨਿਰਦੇਸ਼ ਦੇ ਐਨ ਉਲਟ ਸੀ) ਅਤੇ 4) ਹੇਮੰਤ ਕਰਕਰੇ ਦਾ ਅਜਿਹੀ ਥਾਂ ਅਤੇ ਸਮੇਂ ’ਤੇ ਕਤਲ, ਜਿੱਥੇ ਪਾਕਿਸਤਾਨੀ ਅੱਤਵਾਦੀ ਸਿਰਫ਼ ਤਾਂ ਹੀ ਮੌਜੂਦ ਹੋ ਸਕਦੇ ਸਨ, ਜੇਕਰ ਸਮਾਂ ਉਦੋਂ 1 ਘੰਟੇ ਜਾਂ ਇਸ ਤੋਂ ਵੱਧ ਅਵਧੀ ਲਈ ਰੁਕ ਜਾਂਦਾ ਜਦੋਂ ਕਾਮਾ ਹਸਪਤਾਲ ਵਿਖੇ ਫਾਇਰਿੰਗ ਚੱਲ ਰਹੀ ਸੀ।

ਪੀੜ੍ਹਤਾਂ ਨੂੰ ਨਿਆਂ ਅਤੇ ਜਨਤਾ ਨੂੰ ਸੁਰੱਖਿਆ ਦੇਣਾ

ਹਮਲੇ ਦੇ ਪੀੜ੍ਹਤਾਂ ਤੇ ਉਨ੍ਹਾਂ ਦੇ ਪਰਵਾਰਾਂ ਨੂੰ ਨਿਆਂ ਦੇਣ ਲਈ ਮੁੱਖ ਲੋੜ ਹੈ ਉਨ੍ਹਾਂ ਸਾਰੇ ਸਾਜਿਸ਼-ਕਰਤਾਵਾਂ ਨੂੰ ਪਛਾਣਨਾ ਤੇ ਉਨ੍ਹਾਂ ਨੂੰ ਸਜ਼ਾਵਾਂ ਦੇਣਾ, ਜੋ ਇਸ ਵਿੱਚ ਸ਼ਾਮਲ ਸਨ। ਅਜਿਹਾ ਇਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ ਕਿ ਇਹ ਕਾਨੂੰਨ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰੇ। ਇਹ ਵੀ ਬਹੁਤ ਮਹੱਤਵਪੂਰਨ ਹੈ ਕਿ ਇਸ ਮਾਮਲੇ ਦੀ ਅਜਿਹੀ ਪਾਰਦਰਸ਼ੀ ਜਾਂਚ ਕੀਤੀ ਜਾਏ, ਜੋ ਕੌਮਾਂਤਰੀ ਸਤਰ ਦੇ ਮਿਆਰ ਦੀ ਹੋਵੇ; ਤਾਂ ਜੋ ਹਰ ਸਬੰਧਿਤ ਧਿਰ ਦੀ ਸੰਤੁਸ਼ਟੀ ਹੋ ਸਕੇ ਅਤੇ ਪਾਕਿਸਤਾਨ ਤੇ ਭਾਰਤ ਦਰਮਿਆਨ ਤਨਾਅ ਘੱਟ ਸਕੇ।

ਜਨਤਾ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਵਡੇਰੇ ਮਕਸਦ ਲਈ ਲੋੜ ਹੈ ਕਿ ਦੋਹਾਂ ਦੇਸ਼ਾਂ ਵਿਚਲੇ ਅੱਤਵਾਦੀ ਨੈੱਟਵਰਾਂ ਦੀ ਘੇਰਾਬੰਦੀ ਕਰਕੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਧੱਕ ਦਿੱਤਾ ਜਾਏ। ਇਹ ਚੰਗਾ ਹੈ ਕਿ ਕੌਮਾਂਤਰੀ ਬਿਰਾਦਰੀ ਅਜਿਹਾ ਕਰਨ ਲਈ ਪਾਕਿਸਤਾਨ ’ਤੇ ਦਬਾਅ ਪਾ ਰਹੀ ਹੈ। ਪਰ ਸਾਰਾ ਧਿਆਨ ਸਿਰਫ਼ ਪਾਕਿਸਤਾਨ ਦੇ ਅੱਤਵਾਦੀਆਂ ਤੱਕ ਕੇਂਦਰਿਤ ਰੱਖਣ ਨਾਲ ਭਾਰਤ ਵਿੱਚ ਸਾਨੂੰ ਸੁਰੱਖਿਆ ਨਹੀਂ ਮਿਲ ਸਕਦੀ। ਸਾਡੀ ਸੁਰੱਖਿਆ ਲਈ ਲੋੜ ਹੈ ਕਿ ਇਥੋਂ ਦੀ ਸਰਕਾਰ ਦੇਸ਼ ਵਿਚਲੇ ਸਾਰੇ ਅੱਤਵਾਦੀ ਨੈਟਵਰਕਾਂ ਨੂੰ ਖ਼ਤਮ ਕਰ ਦੇਵੇ - ਹਿੰਦੂਤਵੀ ਅੱਤਵਾਦੀ ਸੰਗਠਨਾਂ ਸਮੇਤ। ਇਹ ਖੁਸ਼ੀ ਦੀ ਗੱਲ ਹੈ ਕਿ ਮਾਲੇਗਾਓਂ ਮਾਮਲੇ ਵਿੱਚ ਅੱਤਵਾਦ-ਵਿਰੋਧੀ ਦਸਤੇ ਨੇ 4250 ਪੰਨਿਆਂ ਦੀ ਚਾਰਜਸ਼ੀਟ ਅਦਾਲਤ ਵਿੱਚ ਦਾਖ਼ਲ ਕੀਤੀ ਹੈ ਪਰ ਇਹ ਦੇਖਣਾ ਬਾਕੀ ਹੈ ਕਿ ਇਨ੍ਹਾਂ ਮਾਮਲਿਆਂ ਦੇ ਆਰੋਪੀਆਂ ਨੂੰ ਸਜ਼ਾਵਾਂ ਹੁੰਦੀਆਂ ਹਨ ਜਾਂ ਉਹ ਕਿਸੇ ਬਹਾਨੇ ਦੇ ਅਧਾਰ ’ਤੇ ਛੱਡ ਦਿੱਤੇ ਜਾਂਦੇ ਹਨ। ਪਰ ਇਨ੍ਹਾਂ ਆਰੋਪੀਆਂ ਨੂੰ ਸਜ਼ਾਵਾਂ ਹੋਣਾ ਹੀ ਕਾਫੀ ਨਹੀਂ ਹੈ। ਕਰਕਰੇ ਤਾਂ ਹਿੰਦੂਤਵੀ ਅੱਤਵਾਦੀਆਂ ਬਾਰੇ ਸਿਰਫ਼ ਨਾਂ-ਮਾਤਰ ਜਾਣਕਾਰੀ ਹੀ ਪ੍ਰਾਪਤ ਕਰ ਸਕਿਆ ਸੀ ਅਤੇ ਇਸ ਬਾਬਤ ਹਾਲਾਂ ਵੀ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ, ਤਾਂ ਅਸੀਂ ਕਾਫੀ ਨਿਸ਼ਚਿਤਤਾ ਦੀ ਹੱਦ ਤੱਕ ਕਹਿ ਸਕਦੇ ਹਾਂ ਕਿ ਹਿੰਦੂ ਅੱਤਵਾਦੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਕ ਵਾਰ ਫਿਰ ਹਮਲਾ ਕਰਨਗੇ ਅਤੇ ਜਿਹੜੀਆਂ ਪਾਰਟੀਆਂ ਇਨ੍ਹਾਂ ਅੱਤਵਾਦੀਆਂ ਨਾਲ ਸਬੰਧਿਤ ਹੋਣਗੀਆਂ ਉਹ ਯੂ.ਪੀ.ਏ. ਸਰਕਾਰ ਉੱਤੇ ‘ਅੱਤਵਾਤ ਪ੍ਰਤੀ ਨਰਮ’ ਹੋਣ ਦਾ ਇਲਜ਼ਾਮ ਲਗਾ ਕੇ ਸੱਤਾ ਵਿੱਚ ਆਉਣ ਦੀਆਂ ਕੋਸ਼ਿਸ਼ਾਂ ਕਰਨਗੀਆਂ। ਜੇਕਰ ਉਹ ਪਾਰਟੀਆਂ ਆਪਣੇ ਮਕਸਦ ਵਿੱਓ ਸਫਲ ਹੋ ਜਾਂਦੀਆਂ ਹਨ, ਤਾਂ ਸਾਨੂੰ ਭਾਰਤ ਤੇ ਪਾਕਿਸਤਾਨ ਵਿਚਕਾਰ ਫੌਜੀ ਸੰਘਰਸ਼, ਜੋ ਐਟਮੀ ਜੰਗ ਤੱਕ ਜਾ ਸਕਦਾ ਹੈ, ਦੀ ਖੌਫਨਾਕ ਸੰਭਾਵਨਾ ਦਾ ਸਾਹਮਣਾ ਕਰਨਾ ਪਏਗਾ।