Subscription About Us Contact Us


ਖ਼ਬਰ-ਤਰਾਸ਼ੀ

- ਇੰਡੀਆ ਅਵੇਅਰਨੈੱਸ ਬਿਉਰੋ -

ਪ੍ਰਮਾਣ-ਪੱਤਰਾਂ ’ਚ ਸਿਕਲੀਗਰ ਤੇ ਵਣਜਾਰੇ ਸਿੱਖਾਂ ਨੂੰ ਹਿੰਦੂ ਐਲਾਨਿਆ

ਮੱਧ ਪ੍ਰਦੇਸ਼ ਦੇ ਪਿੰਡਾਂ ’ਚ ਗਰੀਬੀ ਵਾਲਾ ਜੀਵਨ ਭੋਗ ਰਹੇ ਸਿਕਲੀਗਰ ਤੇ ਵਣਜਾਰੇ ਸਿੱਖਾਂ ਦੀ ਤਰਸਯੋਗ ਹਾਲਤ ਬਿਆਨਦਿਆਂ ਮੱਧ ਪ੍ਰਦੇਸ਼ ਘੱਟ-ਗਿਣਤੀ ਕਮਿਸ਼ਨ ਦੇ ਮੈਂਬਰ ਸ੍ਰ: ਕੁਲਵੰਤ ਸਿੰਘ ਸਚਦੇਵਾ ਨੇ ਇਸ ਗੱਲ ’ਤੇ ਰੋਸ ਪ੍ਰਗਟਾਇਆ ਹੈ ਕਿ ਸੰਪੂਰਨ ਸਿੱਖੀ ਸਰੂਪ ’ਚ ਹੋਣ ਦੇ ਬਾਵਜੂਦ ਸਰਕਾਰੀ ਯੋਜਨਾਵਾਂ ਤਹਿਤ ਮਿਲਣ ਵਾਲੇ ਲਾਭ ਲੈਣ ਲਈ ਸਿਕਲੀਗਰ ਤੇ ਵਜਣਾਰੇ ਸਿੱਖਾਂ ਨੂੰ ਇਸ ਕਰਕੇ ਵਾਂਝਾ ਰਹਿਣਾ ਪੈਂਦਾ ਹੈ ਕਿਉਂਕਿ ਪਛੜੇ ਵਰਗ ਦੇ ਪ੍ਰਮਾਣ ਪੱਤਰ ਬਣਵਾਉਣ ਲਈ ਉਨ੍ਹਾਂ ਨੂੰ ਖ਼ੁਦ ਨੂੰ ‘ਹਿੰਦੂ’ ਲਿਖਵਾਉਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗਰੀਬ ਸਿੱਖਾਂ ਨੂੰ ਦਰਦਨਾਕ ਦਸ਼ਾ ’ਚੋਂ ਕੱਢਣ ਲਈ ਸ਼੍ਰੋਮਣੀ ਕਮੇਟੀ ਵੀ ਕੋਈ ਉਪਰਾਲਾ ਨਹੀਂ ਕਰ ਰਹੀ।

(ਰੋਜ਼ਾਨਾ ਸਪੋਕਸਮੈਨ, 22 ਜਨਵਰੀ 09)

ਸਿੱਖਾਂ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਹੋਰ ਧਾਰਮਕ ਜੱਥੇਬੰਦੀਆਂ ਢੋਲਕੀਆਂ ਛੈਣੇ ਖੜਕਾਉਣ ਅਤੇ ਲੰਗਰ ਦੇ ਨਾਮ ’ਤੇ ਰੰਗ-ਬਿਰੰਗੇ ਪਕਵਾਨਾਂ ਦਾ ਲੁਤਫ ਚੁੱਕਣ ’ਚ ਹੀ ਰੁੱਝੀਆਂ ਰਹਿ ਸਕਦੀਆਂ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ’ਤੇ ਭਾਰੂ ਬ੍ਰਾਹਮਣਵਾਦੀ ਦੂਜੇ ਧਰਮਾਂ ਦੇ ਹਿੰਦੂਕਰਨ ਦੀ ਮੁਹਿੰਮ ਨੂੰ ਚੁਪਚਾਪ ਅਮਲ ਵਿੱਚ ਲਿਆਉਣ ’ਚ ਜ਼ਰਾ ਢਿੱਲ ਨਹੀਂ ਕਰਦੇ। ਪਰ ਸਿੱਖਾਂ ਨੂੰ ਇਸ ਨਾਲ ਕੀ ਫਰਕ ਪੈਂਦੇ?

ਸੂਰ ਦੇ ਬੱਚੇ ਨੂੰ ਗਣੇਸ਼ ਸਮਝ ਕੇ ਪੂਜਿਆ

ਡੇਹਲੋਂ ਦੇ ਘਵੱਦੀ ਪਿੰਡ ਦੀ ਦਾਣਾ ਮੰਡੀ ’ਚ ਰਹਿੰਦੇ ਸੋਨੀ ਪੁੱਤਰ ਮੇਵਾ ਸਿੰਘ ਦੀ ਸੂਰਨੀ ਨੇ ਇਕ ਅਜਿਹੇ ਬੱਚੇ ਨੂੰ ਜਨਮ ਦਿੱਤਾ, ਜਿਸ ਦੇ ਮੱਥੇ ’ਤੇ ਥੋੜਾ ਮਾਸ ਵਧਿਆ ਹੋਇਆ ਸੀ, ਜੋ ਕਿ ਹਾਥੀ ਦੀ ਸੁੰਡ ਦੀ ਤਰ੍ਹਾਂ ਪ੍ਰਤੀਤ ਹੁੰਦਾ ਸੀ। ਬਸ ਫਿਰ ਕੀ ਸੀ, ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਉਥੇ ਪਹੁੰਚਣਾ ਸ਼ੁਰੂ ਕਰ ਦਿੱਤਾ ਤੇ ਉਸ ਬੱਚੇ ਨੂੰ ਗਣੇਸ਼ ਦਾ ਰੂਪ ਮੰਨ ਕੇ ਪੂਜਾ ਸ਼ੁਰੂ ਕਰ ਦਿੱਤੀ, ਹਾਲਾਂਕਿ ਇਸ ਬੱਚੇ ਦੀ ਜਨਮ ਤੋਂ ਕਰੀਬ 10 ਮਿੰਟ ਬਾਅਦ ਹੀ ਮੌਤ ਹੋ ਗਈ ਸੀ। ਮਾਲਕ ਨੇ ਉਸ ਨੂੰ ਮੰਜੇ ’ਤੇ ਪਾ ਕੇ ਆਲੇ-ਦੁਆਲੇ ਧੂਫਾਂ ਲਾ ਕੇ ਰੱਖੀਆਂ, ਤਾਂ ਜੋ ਉਸ ਨੂੰ ਵੇਖਣ ਵਾਲੇ ਪੈਸਿਆਂ ਦੇ ਮੱਥੇ ਟੇਕਦੇ ਰਹਿਣ। ਬਾਅਦ ਵਿੱਚ ਇਕ ਪੰਡਤ ਦੇ ਕਹਿਣ ’ਤੇ ਸੂਰਨੀ ਦੇ ਉਸ ਬੱਚੇ ਨੂੰ ਨਹਿਰ ’ਚ ਤਾਰ ਦਿੱਤਾ ਗਿਆ।

(ਰੋਜ਼ਾਨਾ ਸਪੋਕਸਮੈਨ, 24 ਜਨਵਰੀ 09)

ਲੋਕਾਂ ਨੂੰ ਗੁੰਮਰਾਹ ਕਰਕੇ ਪੈਸਾ ਕਮਾਉਣਾ ਤਾਂ ਬ੍ਰਾਹਮਣਵਾਦ ਦਾ ਮੁੱਖ ਟੀਚਾ ਹੈ। ਪਰ ਇਸ ਘਟਨਾ ਤੋਂ ਇਹ ਵੀ ਜ਼ਾਹਿਰ ਹੁੰਦਾ ਹੈ ਕਿ ‘ਪੰਜਾਬ ਵਸਦਾ ਗੁਰਾਂ ਦੇ ਨਾਮ ਤੇ’ ਨਹੀਂ ਬਲਕਿ ਸਥਿਤੀ ‘ਪੰਜਾਬ ਵਸਦਾ ਅੰਧਵਿਸ਼ਵਾਸਾਂ ਦੇ ਨਾਮ ਤੇ’ ਵਾਲੀ ਹੈ।

ਕਰਤਾਪੁਰ ਸਾਹਿਬ ਦੇ ਲਾਂਘੇ ਲਈ ਸੰਗਤ ਵੱਲੋਂ ਅਰਦਾਸ

ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪੈਂਦੀ ਹਿੰਦ-ਪਾਕਿ ਸਰਹੱਦ, ਜਿੱਥੇ ਖਲੋ ਕੇ ਪਾਕਿ ਵਿੱਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਹੋ ਜਾਂਦੇ ਹਨ, ਤੱਕ ਬਿਨਾਂ ਪਾਸਪੋਰਟ ਅਤੇ ਵੀਜ਼ੇ ਦੇ ਖੁੱਲ੍ਹੇ ਦਰਨ ਦੀ ਤਾਂਘ ਨੂੰ ਲੈ ਕੇ ‘ਕਰਤਾਰਪੁਰ-ਰਾਵੀ ਦਰਸ਼ਨ ਅਭਿਲਾਖੀ ਸੰਸਥਾ’ ਵੱਲੋਂ ਚੇਅਰਮੈਨ ਕੁਲਦੀਪ ਸਿੰਘ ਵਡਾਲਾ ਦੀ ਅਗਵਾਈ ਵਿੱਚ 96ਵੀਂ ਅਰਦਾਸ ਕੀਤੀ ਗਈ। ਸ੍ਰੀ ਵਡਾਲਾ ਨੇ ਕਿਹਾ ਕਿ ਇਹ ਲਾਂਘਾ ਖੋਲ੍ਹਣ ਸਬੰਧੀ ਗੱਲ ਸਿਰੇ ਲੱਗ ਰਹੀ ਸੀ ਪਰ ਮੁੰਬਈ ਹਮਲਿਆਂ ਦੀ ਘਟਨਾ ਕਾਰਨ ਇਹ ਲਾਂਘਾ ਖੁੱਲਣ ਦਾ ਅਮਲ ਵੀ ਰੁਕ ਗਿਆ ਹੈ।

(ਪੰਜਾਬੀ ਟ੍ਰਿਬੀਊਨ, 30 ਜਨਵਰੀ 09)

ਸਿਰਫ਼ ਅਰਦਾਸਾਂ ਨਾਲ ਹੀ ਨਹੀਂ, ਕੌਮਾਂਤਾਰੀ ਸੰਸਥਾਵਾਂ ਨੂੰ ਸਾਰੀ ਸਥਿਤੀ ਬਾਰੇ ਜਾਣੂ ਕਰਵਾ ਕੇ ਅਤੇ ਬ੍ਰਾਹਮਣਵਾਦੀ ਸਰਕਾਰ ’ਤੇ ਸਖ਼ਤ ਦਬਾਅ ਪਾ ਕੇ ਹੀ ਕੋਈ ਸਾਰਥਕ ਨਤੀਜਾ ਹਾਸਲ ਕੀਤਾ ਜਾ ਸਕਦਾ ਹੈ।

ਭਾਰਤੀ ਜਨਤਾ ਪਾਰਟੀ ਵੱਲੋਂ ਆਨੰਦਪੁਰ ਸਾਹਿਬ ਮਤੇ ਦਾ ਵਿਰੋਧ

ਭਾਰਤੀ ਜਨਤਾ ਪਾਰਟੀ ਨੇ ਅਨੰਦਪੁਰ ਸਾਹਿਬ ਦੇ ਮਤੇ ਦੇ ਵਿਰੋਧ ਵਿੱਚ ਲਏ ਸਟੈਂਡ ਨੂੰ ਦੁਹਰਾਉਂਦਿਆਂ ਇਸ ਉੱਪਰ ਕਾਇਮ ਰਹਿਣ ਦਾ ਨਿਸ਼ਚਾ ਕੀਤਾ ਹੈ। ਭਾਜਪਾ ਦੇ ਇਸ ਰਵਈਏ ਨੂੰ ਵੇਖਦੇ ਹੋਏ ਅਕਾਲੀ ਦਲ ਨੇ ਵੀ ਹੁਣ ਇਸ ਸਟੈਂਡ ਤੋਂ ਪਾਸਾ ਵੱਟਣਾ ਸ਼ੁਰੂ ਕਰ ਦਿੱਤਾ ਹੈ। ਇਸ ਬਾਬਤ ਪੁੱਛੇ ਜਾਣ ’ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਅਨੰਦਪੁਰ ਸਾਹਿਬ ਮਤੇ ਬਾਰੇ ਸਵਾਲ ਸੁਣ-ਸੁਣ ਕੇ ਉਹ ਪਰੇਸ਼ਾਨ ਹੋ ਚੁੱਕੇ ਹਨ।

(ਪੰਜਾਬੀ ਟ੍ਰਿਬੀਊਨ, 3 ਫਰਵਰੀ 09)

ਜਨਸੰਘੀਆਂ ਨੇ ਅੱਜ ਤੱਕ ਅਕਾਲੀਆਂ ਦੀ ਕਿਸ ਜਾਇਜ਼ ਮੰਗ ਜਾਂ ਕਾਰਵਾਈ ਦਾ ਸਮਰਥਨ ਕੀਤਾ ਸੀ, ਜੋ ਉਹ ਹੁਣ ਅਨੰਦਪੁਰ ਸਾਹਿਬ ਮਤੇ ਦਾ ਸਮਰਥਨ ਕਰਦੇ? ਸੱਪ ਨੂੰ ਜਿੰਨਾ ਮਰਜ਼ੀ ਦੁੱਧ ਪਿਆਓ, ਇਕ ਦਿਨ ਤਾਂ ਉਸਨੇ ਡੰਗ ਮਾਰਨਾ ਹੀ ਹੁੰਦਾ ਹੈ। ਪਤਾ ਨਹੀਂ ਇਹ ਗੱਲ ਪ੍ਰਕਾਸ਼ ਸਿੰਘ ਬਾਦਲ ਨੂੰ ਕਿਉਂ ਸਮਝ ਨਹੀਂ ਆਉਂਦੀ?

ਦਿੱਲੀ ਕਮੇਟੀ ਦੇ ਸਕੂਲ ਵਿੱਚ ਦਾੜ੍ਹੀ-ਕਤਰੇ ਕ੍ਰਿਕੇਟਰ ਦਾ ਸਨਮਾਨ

ਦਿੱਲੀ ਦੇ ਵਸੰਤ ਵਿਹਾਰ ਵਿਖੇ ਸਥਿਤ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਸਮਾਗਮ ’ਚ ਦਾੜ੍ਹੀ ਕੱਟਣ ਵਾਲੇ ਪਤਿਤ ਸਿੱਖ ਖਿਡਾਰੀ ਹਰਭਜਨ ਨੂੰ ਟੋਪੀਧਾਰੀ ਸਰੂਪ ’ਚ ਸਕੂਲ ਪ੍ਰਬੰਧਕਾਂ ਵੱਲੋਂ ਸਨਮਾਨਤ ਕਰਨ ਦੀ ਨਿਖੇਧੀ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸ੍ਰ: ਜਸਬੀਰ ਸਿੰਘ ਕਾਕਾ ਨੇ ਪੁੱਛਿਆ ਕਿ ਅਜਿਹਾ ਸ਼ਰਮਨਾਕ ਕਾਰਾ ਕਰਕੇ ਸਕੂਲ ਦੇ ਪ੍ਰਬੰਧਕ ਆਖ਼ਰਕਾਰ ਵਿਦਿਆਰਥੀਆਂ ਤੇ ਸਿੱਖ ਕੌਮ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਸਨ?

(ਰੋਜ਼ਾਨਾ ਸਪੋਕਸਮੈਨ, 7 ਫਰਵਰੀ 09)

ਜਦ ਦਿੱਲੀ ਕਮੇਟੀ ਦੇ ਪ੍ਰਧਾਨ-ਸਕੱਤਰ ਘਟੀਆ ਫਿਲਮ ਵਿੱਚ ਦਾੜ੍ਹੀ ਕਤਰੇ ਨਾਇਕ ਦਾ ਰੋਲ ਕਰਨ ਵਾਲੇ ਫਿਲਮੀ ਸਿਤਾਰੇ ਅਕਸ਼ੈ ਕੁਮਾਰ ਨੂੰ ਇਤਿਹਾਸਕ ਗੁਰਦੁਆਰੇ ਬੁਲਾ ਕੇ ਸਿਰੋਪਾ ਦੇ ਸਕਦੇ ਹਨ, ਤਾਂ ਉਨ੍ਹਾਂ ਦੇ ਸ਼ਾਗਿਰਦ ਦਾੜ੍ਹੀ-ਕਤਰੇ ਕ੍ਰਿਕੇਟਰਾਂ ਨੂੰ ਕਿਉਂ ਨਹੀਂ? ਅਖੀਰ, ਖਰਬੂਜਾ ਖਰਬੂਜੇ ਨੂੰ ਵੇਖ ਕੇ ਹੀ ਤਾਂ ਰੰਗ ਬਦਲਦਾ ਹੈ ਨਾ !!

ਦਰਬਾਰ ਸਾਹਿਬ ਵਿੱਚ 100 ਸੀ.ਸੀ. ਟੀ.ਵੀ. ਕੈਮਰੇ ਲਗਾਉਣ ਦਾ ਫੈਸਲਾ

ਸ੍ਰੀ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਕੰਪਲੈਕਸ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 100 ਸੀ.ਸੀ.ਟੀ.ਵੀ. ਕੈਮਰੇ ਲਾਉਣ ਦਾ ਫੈਸਲਾ ਕੀਤਾ ਹੈ। ਸੂਤਰਾਂ ਅਨੁਸਾਰ ਇਹ ਫੈਸਲਾ ਦੱਖਣੀ ਏਸ਼ੀਆ ਦੇ ਧਾਰਮਕ ਸਥਾਨਾਂ ’ਤੇ ਹਮਲਿਆਂ ਦੀ ਵੱਧ ਰਹੀ ਗਿਣਤੀ ਕਾਰਨ ਲਿਆ ਗਿਆ ਹੈ। ਜੇਬਕਤਰਿਆਂ, ਕਪੜਿਆਂ ਦੇ ਚੋਰਾਂ ਅਤੇ ਬੱਚਿਆਂ ਦੀ ਗੁੰਮਸ਼ੁਦਗੀ ਦੇ ਵਧਦੇ ਮਾਮਲਿਆਂ ਕਾਰਨ ਵੀ ਸ਼੍ਰੋਮਣੀ ਕਮੇਟੀ ਵੱਲੋਂ ਇਸ ਪ੍ਰਸਤਾਵ ’ਤੇ ਕਾਰਵਾਈ ਕੀਤੀ ਜਾ ਰਹੀ ਹੈ।

(ਪੰਜਾਬੀ ਟ੍ਰਿਬੀਊਨ, 8 ਫਰਵਰੀ 09)

ਦਰਬਾਰ ਸਾਹਿਬ ਨੂੰ ਬਾਹਰੀ ਹਮਲਿਆਂ ਤੋਂ ਬਹੁਤ ਖ਼ਤਰਾ ਨਹੀਂ - ਅਜਿਹੇ ਹਮਲੇ ਕਰਨ ਵਾਲੇ ਲੋਕ ਤਾਂ ਪਹਿਲਾਂ ਵੀ ਕੁੱਤਿਆਂ ਦੀ ਮੌਤ ਮਾਰੇ ਜਾ ਚੁੱਕੇ ਹਨ। ਬਲਕਿ ਰੂਹਾਨੀਅਤ ਦੇ ਇਸ ਸੋਮੇ ਨੂੰ ਅਸਲ ਖ਼ਤਰਾ ਬਾਦਲ-ਆਰ.ਐਸ.ਐਸ. ਗਠਜੋੜ ਦੇ ਏਜੰਟਾਂ ਵੱਲੋਂ ਇਸ ਅਸਥਾਨ ’ਤੇ ਫੈਲਾਈ ਜਾ ਰਹੀ ਮਨਮਤਿ ਅਤੇ ਇਥੋਂ ਕੀਤੇ ਜਾ ਰਹੇ ਬ੍ਰਾਹਮਣਵਾਦ ਦੇ ਪ੍ਰਚਾਰ ਤੋਂ ਹੈ। ਇਨ੍ਹਾਂ ਪੰਥ-ਵਿਰੋਧੀਆਂ ਦੀਆਂ ਕਾਰਵਾਈਆਂ ਨੂੰ ਰੋਕਣ ਲਈ ਵੀ ਇੱਥੇ ਕੋਈ ਜੰਤਰ ਲਗਾਇਆ ਜਾ ਸਕਦਾ ਹੈ?

ਪੰਜਾਬ ’ਚ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣ ’ਤੇ ਕੇਂਦਰ ਚਿੰਤਤ

ਕੇਂਦਰ ਸਰਕਾਰ ਨੇ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੀ ਵਧੇਰੇ ਪਰਤੋਂ ਕਰਨ ਨਾਲ ਪਾਣੀ ਦੇ ਭੰਡਾਰਾਂ ਦੀ ਵਿਗੜ ਰਹੀ ਸਥਿਤੀ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਪੰਜਾਬ ਨੂੰ ਸਿੰਜਾਈ, ਪੀਣ ਵਾਲੇ ਪਾਣੀ ਅਤੇ ਸਨਅਤੀ ਖੇਤਰ ਲਈ ਪਾਣੀ ਦੀ ਵਰਤੋਂ ਬਾਰੇ ਢੁਕਵੀਂ ਯੋਜਨਾ ਤਿਆਰ ਕਰਕੇ ਭੇਜਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਹਰ ਸਾਲ ਪੰਜਾਬ ਵਿੱਚ ਸਾਰੇ ਸਾਧਨਾਂ ਨਾਲ ਧਰਤੀ ਹੇਠਲਾ ਪਾਣੀ 21.44 ਬਿਲੀਅਨ ਕਿਊਬਕ ਮੀਟਰ ਮਿਲ ਸਕਦਾ ਹੈ ਪਰ ਪੰਜਾਬ ਧਰਤੀ ਵਿੱਚੋਂ ਹਰ ਸਾਲ 31.44 ਬਿਲੀਅਨ ਕਿਊਬਕ ਮੀਟਰ ਪਾਣੀ ਖਿੱਚ ਰਿਹਾ ਹੈ। ਪੰਜਾਬ ਦੇ 137 ਬਲਾਕਾਂ ਵਿੱਚੋਂ 103 ਬਲਾਕ ਅਜਿਹੇ ਹਨ, ਜਿਨ੍ਹਾਂ ਵਿੱਚ ਧਰਤੀ ਹੇਠਲਾ ਪਾਣੀ ਵਧੇਰੇ ਮਾਤਰਾ ਵਿੱਚ ਕੱਢਿਆ ਜਾ ਰਿਹਾ ਹੈ।

(ਪੰਜਾਬੀ ਟ੍ਰਿਬੀਊਨ, 9 ਫਰਵਰੀ 09)

ਲਓ ਜੀ, ਪਹਿਲਾਂ ਤਾਂ ਕੇਂਦਰ ਸਰਕਾਰ ਪੰਜਾਬ ਦੇ ਦਰਿਆਵਾਂ ਦਾ ਬਹੁਤਾ ਪਾਣੀ ਰਾਜਸਥਾਨ ਤੇ ਹੋਰਨਾਂ ਸੂਬਿਆਂ ਨੂੰ ਮੁਫਤੋ-ਮੁਫਤੀ ਵੰਡ ਦਿੰਦੀ ਹੈ। ਜਦ ਮਜਬੂਰ ਕਿਸਾਨ ਜ਼ਮੀਨੀ ਪਾਣੀ ਨਾਲ ਫਸਲਾਂ ਦੀ ਸਿੰਜਾਈ ਕਰਦੇ ਹਨ ਤਾਂ ਪਾਣੀ ਦਾ ਸਤਰ ਤਾਂ ਹੇਠਾਂ ਹੋਵੇਗਾ ਹੀ। ਹੁਣ ਪੰਜਾਬੀ ਕਿਸਾਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਏ ਬਿਨਾਂ, ਜ਼ਮੀਨੀ ਪਾਣੀ ਦਾ ਸਤਰ ਉੱਚਾ ਕਿਵੇਂ ਚੁੱਕਿਆ ਜਾ ਸਕਦਾ ਹੈ? ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਭਾਰਤ ਵਿੱਚ ਪੈਦਾ ਹੋ ਸਕਦੇ ਅੰਨ ਸੰਕਟ ਲਈ ਕੌਣ ਜ਼ਿੰਮੇਵਾਰ ਹੋਵੇਗਾ?

‘ਬਾਦਲ ਦਰਸ਼ਨ’ ਬਣ ਕੇ ਰਹਿ ਗਿਆ ‘ਸੰਗਤ ਦਰਸ਼ਨ’

ਆਨੰਦਪੁਰ ਸਾਹਿਬ ਦੇ ਚਰਨਗੰਗਾ ਸਟੇਡੀਅਮ ਵਿੱਚ ਰਾਜ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤੇ ਗਏ ‘ਸੰਗਤ ਦਰਸ਼ਨ’ ਵਿੰਚ ਆਪਣੀਆਂ ਦੁੱਖ-ਤਕਲੀਫਾਂ ਲੈ ਕੇ ਆਈ ਸੰਗਤ ਨੂੰ ਮੁੱਖ ਮੰਤਰੀ ਤੱਕ ਵੀ ਪਹੁੰਚਣ ਨਾ ਦਿੱਤਾ ਗਿਆ। ਸੰਗਤ ਦਰਸ਼ਨ ਦਾ ਇਹ ਪ੍ਰੋਗਰਾਮ ਮਹਿਜ਼ ਚੋਣ ਰੈਲੀ ਬਣ ਕੇ ਰਹਿ ਗਿਆ। ਸ੍ਰੀ ਬਾਦਲ ਵੱਲੋਂ ਹਲਕਾ ਵਿਧਾਇਕ ਸੰਤ ਅਜੀਤ ਸਿੰਘ ਵੱਲੋਂ ਪੇਸ਼ ਕੀਤੀਆਂ ਸਮੱਸਿਆਵਾਂ ਸਬੰਧੀ ਵੀ ਕੋਈ ਵਿਸ਼ੇਸ਼ ਐਲਾਨ ਕਰਨ ਦੀ ਬਜਾਇ ਸਿਰਫ਼ ਭਰੋਸਾ ਦੇ ਕੇ ਹੀ ਸਾਰ ਦਿੱਤਾ ਗਿਆ। ਕੋਈ ਵੀ ਆਮ ਆਪਣੀ ਅਰਜ਼ੀ ਮੁੱਖ ਨੂੰ ਨਹੀਂ ਦੇ ਸਕਿਆ। ਆਪਣੇ ਨਾਲ ਲਿਆਂਦੀਆਂ ਸਾਰੀਆਂ ਹੀ ਅਰਜ਼ੀਆਂ ਲੋਕ ਭਰੇ ਮਨ ਨਾਲ ਘਰਾਂ ਨੂੰ ਲੈ ਕੇ ਪਰਤ ਗਏ।

(ਪੰਜਾਬੀ ਟ੍ਰਿਬੀਊਨ, 9 ਫਰਵਰੀ 09)

ਸੰਗਤ ਦਰਸ਼ਨ ਦਾ ਮਕਸਦ ਤਾਂ ਹਮੇਸ਼ਾ ਹੀ ਸਸਤੀ ਸ਼ੋਹਰਤ ਖੱਟਣਾ ਅਤੇ ਲੋਕਾਂ ਨੂੰ ਗੁੰਮਰਾਹ ਕਰਨਾ ਹੁੰਦਾ ਹੈ ਪਰ ਪੰਜਾਬ ਦੇ ਭੋਲੇ-ਭਾਲੇ ਲੋਕ ਬਾਦਲਕਿਆਂ ਦੀ ਇਸ ਨੀਤੀ ਨੂੰ ਸਮਝ ਹੀ ਨਹੀਂ ਪਾਉਂਦੇ। ਉਹ ਤਾਂ ਸਿਰਫ਼ ‘4 ਰੁਪਏ ਕਿਲੋ ਆਟਾ, 20 ਰੁਪਏ ਕਿਲੋ ਦਾਲ’ ਜਿਹੇ ਨਾਅਰੇ ਸੁਣ ਕੇ ਹੀ ਬਾਦਲਕਿਆਂ ਨੂੰ ਵੋਟਾਂ ਪਾ ਦਿੰਦੇ ਹਨ।

ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹਾਲਤ

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਤੀਜੀ ਵਿੱਚ ਪੜ੍ਹਦੇ 74 ਫੀਸਦੀ ਬੱਚੇ ਜਮ੍ਹਾ-ਘਟਾਓ ਦੇ ਸੁਆਲ ਨਹੀਂ ਕੱਢ ਸਕਦੇ ਜਦੋਂਕਿ ਪਹਿਲੀ ਕਲਾਸ ਦੇ 29 ਫੀਸਦੀ ਬੱਚਿਆਂ ਨੂੰ ਇਕ ਤੋਂ ਨੌਂ ਤੱਕ ਦੇ ਹਿੰਦਸਿਆਂ ਦੀ ਪਛਾਣ ਵੀ ਨਹੀਂ। ਤੀਜੀ ਕਲਾਸ ਦੇ 66 ਫੀਸਦੀ ਬੱਚੇ ਅਜੇ ਵੀ ਪੁਸਤਕ ਵਿੱਚੋਂ ਵਾਰਤਕ ਨਹੀਂ ਪੜ੍ਹ ਸਕਦੇ। ਇਹ ਹੈਰਾਨੀਜਨਕ ਤੱਥ ਸਰਬ-ਸਿੱਖਿਆ ਅਭਿਆਨ ਵੱਲੋਂ ਲਈ ਦਸੰਬਰ ਪ੍ਰੀਖਿਆ ਦੇ ਨਤੀਜੇ ਤੋਂ ਸਾਮਣੇ ਆਏ ਹਨ।

(ਪੰਜਾਬੀ ਟ੍ਰਿਬੀਊਨ, 12 ਫਰਵਰੀ 09)

ਪੰਜਾਬ ਦੇ ਪੇਂਡੂ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ, ਜਿਨ੍ਹਾਂ ਵਿੱਚ ਬਹੁਗਿਣਤੀ ਸਿੱਖਾਂ ਅਤੇ ਦਲਿਤਾਂ ਦੀ ਹੈ, ਦੀ ਹਾਲਤ ਜੇਕਰ ਅਜਿਹੀ ਹੈ ਤਾਂ ਇਨ੍ਹਾਂ ਕੌਮਾਂ ਦੀ ਪਨੀਰੀ ਦੇ ਭਵਿੱਖ ਬਾਰੇ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ। ਪਰ ਸਿੱਖਾਂ ਨੂੰ ਨਗਰ ਕੀਰਤਨਾਂ ਅਤੇ ਕੀਰਤਨ ਦਰਬਾਰਾਂ ਦੇ ਆਯੋਜਨਾਂ ਤੋਂ ਫੁਰਸਤ ਮਿਲੇ, ਤਦ ਹੀ ਤਾਂ ਉਹ ਆਪਣੇ ਅਤੇ ਸਮਾਜ ਦੀ ਭਲਾਈ ਵਾਸਤੇ ਕੁਝ ਸੋਚ ਸਕਣਗੇ।

ਨੌਜਵਾਨਾਂ ’ਤੇ ਲਾਠੀਆਂ ਵਰ੍ਹਾਂਉਂਦੀ ਪੁਲੀਸ ਦਰਬਾਰ ਸਾਹਿਬ ਕੰਪਲੈਕਸ ’ਚ ਵੜੀ

ਜਲ੍ਹਿਆਂਵਾਲਾ ਬਾਗ ਦੀ ਇਤਿਹਾਸਕ ਇਮਾਰਤ ਨਾਲ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਕਥਿਤ ਤੌਰ ’ਤੇ ਛੇੜਛਾਨ ਕਰਨ ਵਿਰੁੱਧ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਦੇ ਸੱਦੇ ’ਤੇ ਸੈਂਕੜੇ ਨੌਜਵਾਨਾਂ ਵੱਲੋਂ ਜਲ੍ਹਿਆਂਵਾਲਾ ਬਾਗ ਵਿਖੇ ਪਹੁੰਚ ਕੇ ਰੋਸ ਮੁਜ਼ਾਹਰਾ ਕਰਨ ਅਤੇ ਪ੍ਰਸ਼ਾਸਨ ਵੱਲੋਂ ਉਥੇ ਣਾਈ ਗਈ ਲਾਈਟ ਐਂਡ ਸਾਊਂਡ ਸਟੇਜ ਦੀ ਭੰਨਤੋੜ ਕੀਤੇ ਜਾਣ ’ਤੇ ਪੁਲਿਸ ਵੱਲੋਂ ਨੌਜਵਾਨਾਂ ’ਤੇ ਲਾਠੀਆਂ ਵਰ੍ਹਾਈਆਂ ਗਈਆਂ। ਨੌਜਵਾਨਾਂ ਨੂੰ ਫੜਨ ਲਈ ਪੁਲਿਸ ਦਰਬਾਰ ਸਾਹਿਬ ਕੰਪਲੈਕਸ ਅੰਦਰ ਦਾਖ਼ਲ ਹੋ ਗਈ ਅਤੇ ਜੋੜਾਘਰ ਤੋਂ ਲੜਕੀਆਂ ਤੇ ਨੌਜਵਾਨਾਂ ਨੂੰ ਧੂਹ ਕੇ ਲਿਆਂਦਾ ਗਿਆ।

(ਪੰਜਾਬੀ ਟ੍ਰਿਬੀਊਨ, 13 ਫਰਵਰੀ 09)

ਇਹੀ ਸ਼ੁਕਰ ਕਰੋ ਜੀ ਕਿ ਮੁੱਦਾ ਇਕ ਬਾਗ ਨਾਲ ਸਬੰਧਿਤ ਸੀ - ਇਸਲਈ ਨੌਜੁਆਨਾਂ ਨੂੰ ਕੁਟਾਪਾ ਚੜ੍ਹਵਾ ਕੇ ਅਤੇ ਮੁਕੱਦਮੇ ਦਰਜ ਕਰਵਾਕੇ ਹੀ ਛੁਟਕਾਰਾ ਮਿਲ ਗਿਆ।। ਜੇਕਰ ਇਹ ਨੌਜਵਾਨ ਸਿੱਖਾਂ ਦੀ ਕਿਸੇ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹੁੰਦੇ ਤਾਂ ਪੰਜਾਬ ਪੁਲਿਸ ਨੇ ਇਨ੍ਹਾਂ ਨੌਜੁਆਨਾਂ ਦਾ ‘ਐਨਕਾਊਂਟਰ’ ਹੀ ਕਰ ਦੇਣਾ ਸੀ।

ਥਾਈਲੈਂਡ ਪੁਲਿਸ ਨੇ ਮੋਹਾਲੀ ਦੇ ਨੌਜਵਾਨ ਨੂੰ ਖਾੜਕੂ ਸਮਝ ਕੇ ਕੁੱਟਿਆ

ਮੋਹਾਲੀ ਦੇ ਇਕ ਨੌਜਵਾਨ ਪਰਮਜੀਤ ਸਿੰਘ ਨੂੰ ਥਾਈਲੈਂਡ ਘੁੰਮਣ ਦਾ ਸੁਪਨਾ ਵੇਖਣਾ ਉਸ ਸਮੇਂ ਬਹੁਤ ਮਹਿੰਗਾ ਪਿਆ ਜਦੋਂ ਬੈਂਕਾਕ ਹਵਾਈ ਅੱਡੇ ਉੱਤੇ ਥਾਈ ਪੁਲਿਸ ਨੇ ਉਸਨੂੰ ਲੋੜੀਂਦਾ ਅਤਿਵਾਦੀ ਪਰਮਜੀਤ ਸਿੰਘ ਪੰਜਵੜ ਦੱਸ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਪਰਮਜੀਤ ਸਿੰਘ ਨੇ ਪੁਲਿਸ ਅੱਗੇ ਹਾੜੇ ਕੱਢੇ ਕਿ ਉਹ ਪਰਮਜੀਤ ਸਿੰਘ ਪੰਜਵੜ ਨਹੀਂ ਬਲਕਿ ਸਿਰਫ਼ ਪਰਮਜੀਤ ਸਿੰਘ ਹੈ ਪਰ ਪੁਲਿਸ ਨੇ ਉਸ ਦੀ ਇਕ ਨਾ ਸੁਣੀ। ਪਰਮਜੀਤ ਸਿੰਘ ਮੁਤਾਬਕ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਜ਼ਲੀਲ ਕੀਤਾ ਗਿਆ।

(ਰੋਜ਼ਾਨਾ ਸਪੋਕਸਮੈਨ, 18 ਫਰਵਰੀ 09)

ਅੱਛਾ, ਥਾਈ ਪੁਲਿਸ ਵੀ ਇੰਜ ਹੀ ਨ੍ਹੇਰੇ ਵਿੱਚ ਤੀਰ ਮਾਰਦੀ ਹੈ ਅਤੇ ਸਿਰਫ਼ ਲੋਕਾਂ ਦੇ ਨਾਮ ਦੇ ਅਧਾਰ ’ਤੇ ਹੀ ਉਨ੍ਹਾਂ ਨੂੰ ਅੱਤਵਾਦੀ ਮੰਨ ਲੈਂਦੀ ਹੈ? ਅਸੀਂ ਤਾਂ ਸੋਚਦੇ ਸੀ ਕਿ ਆਰੋਪੀ ਦੀ ਪੂਰੀ ਪੜਤਾਲ ਕੀਤੇ ਬਿਨਾਂ ਉਸਦੀ ਭੁਗਤ ਸਵਾਰਨ ਦਾ ਰਿਵਾਜ ਸਿਰਫ਼ ਭਾਰਤੀ ਪੁਲਿਸ ਤੱਕ ਸੀਮਤ ਹੈ।