Subscription About Us Contact Us


ਖ਼ਬਰਾਂ ਦੇ ਆਰ-ਪਾਰ

- ਇੰਡੀਆ ਅਵੇਅਰਨੈੱਸ ਬਿਉਰੋ -

ਹਿੰਦੂ ਗੁੰਡਿਆਂ ਵੱਲੋਂ ਪਾਕਿਸਤਾਨੀ ਯਾਤਰੀਆਂ ’ਤੇ ਹਮਲਾ

ਸੰਘ ਪਰਵਾਰ ਦੀ ਕੱਟੜਵਾਦੀ ਤੇ ਘੱਟ-ਗਿਣਤੀ ਕੌਮਾਂ ਵਿਰੋਧੀ ਨੀਤੀ ਕਿਸੇ ਤੋਂ ਛੁਪੀ ਹੋਈ ਨਹੀਂ। ਬੀਜੇਪੀ ਸ਼ਾਸਿਤ ਸੂਬਿਆਂ ਵਿੱਚ ਸੰਘ ਪਰਵਾਰ ਦੇ ਗੁੰਡਿਆਂ ਵੱਲੋਂ ਘੱਟਂਗਿਣਤੀ ਕੌਮਾਂ ’ਤੇ ਜ਼ੁਲਮ ਕਰਨ ਦੀਆਂ ਘਟਨਾਵਾਂ ਆਮ ਜਿਹੀਆਂ ਹਨ। ਪਰ ਪੰਜਾਬ, ਜਿੱਥੇ ਜ਼ਾਹਿਰੀ ਤੌਰ ’ਤੇ ਅਕਾਲੀ ਸਰਕਾਰ ਦਾ ਰਾਜ ਹੈ, ਵਿੱਚ ਵੀ ਸ਼ਾਇਦ ਅਮਲੀ ਤੌਰ ’ਤੇ ਗੰਗੂਕਿਆਂ ਦਾ ਰਾਜ ਹੀ ਚੱਲ ਰਿਹਾ ਹੈ। ਇਸਦੀ ਇਕ ਪ੍ਰਤੱਖ ਮਿਸਾਲ ਪਿਛਲੇ ਦਿਨੀਂ ਪਟਿਆਲਾ ਵਿਖੇ ਵਾਪਰੀ ਇਕ ਘਟਨਾ ਵਿੱਚ ਮਿਲੀ।

ਹੋਇਆ ਇਹ ਕਿ ਪਾਕਿਸਤਾਨ ਤੋਂ 45 ਸ਼ਰਧਾਲੂਆਂ ਦਾ ਇਕ ਵਫ਼ਦ ਪਾਕਿਸਤਾਨੀ ਪੰਜਾਬ ਦੀ ਹਾਈ ਕੋਰਟ ਦੇ ਜਸਟਿਸ ਏ.ਕੇ.ਪਰਾਚਾ ਦੀ ਅਗਵਾਈ ਵਿੱਚ ਪਟਿਆਲਾ ਨੇੜੇ ਸਮਾਣਾ ਪਿੰਡ ਵਿਖੇ ਇਕ ਇਮਾਮ ਮਸ਼ਦਾਹ ਅਲੀ ਦੀ ਮਜਾਰ ’ਤੇ ਸ਼ਰਧਾ ਭੇਂਟ ਕਰਨ ਆਇਆ। ਜਦੋਂ ਬਜਰੰਗ ਦਲ, ਵਿਸ਼ਵ ਹਿੰਦੂ ਪਰਿਸ਼ਦ ਅਤੇ ਹੋਰਨਾਂ ਹਿੰਦੂਤਵੀ ਸੰਗਠਨਾਂ ਨੂੰ ਇਨ੍ਹਾਂ ਦੀ ਯਾਤਰਾ ਬਾਰੇ ਪਤਾ ਚੱਲਿਆ, ਤਾਂ ਉਨ੍ਹਾਂ ਨੇ ਵੱਖ-ਵੱਖ ਥਾਵਾਂ ’ਤੇ ਇਸ ਵਫ਼ਦ ਖਿਲਾਫ਼ ਪ੍ਰਦਰਸ਼ਨ ਕੀਤੇ। ਬਜਰੰਗੀਆਂ ਦਾ ਕਹਿਣਾ ਸੀ ਕਿ ਉਹ ਮੁੰਬਈ ਵਿੱਚ ਹਮਲਾ ਕਰਨ ਵਾਲੇ ਅੱਤਿਵਾਦੀਆ ਦੇ ਦੇਸ਼ ਤੋਂ ਆਏ ਕਿਸੇ ਵੀ ਤੀਰਥ-ਯਾਤਰੀ ਨੂੰ ਬਰਦਾਸ਼ਤ ਨਹੀਂ ਕਰਨਗੇ।

ਪਾਕਿਸਤਾਨੀ ਵਫ਼ਦ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਮੁੰਬਈ ਹਮਲਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਉਹ ਭਾਰਤ ਵਿੱਚ ਪੰਜਾਬ ਦੀ ਬਾਦਲ ਸਰਕਾਰ ਦੇ ਸੱਦੇ ’ਤੇ ਹੀ ਆਏ ਹਨ। ਵਫ਼ਦ ਦੇ ਕਈ ਮੈਂਬਰ ਭਾਰਤ-ਪਾਕਿ ਵੰਡ ਤੋਂ ਪਹਿਲਾਂ ਸਮਾਣਾ ਖੇਤਰ ਦੇ ਹੀ ਜੰਮਪਲ ਸਨ। ਪੰਜਾਬ ਸਰਕਾਰ ਨੇ ਹੀ ਉਨ੍ਹਾਂ ਦੇ ਠਹਿਰਣ ਦਾ ਇੰਤਜ਼ਾਮ ਪਟਿਆਲਾ ਦੇ ਨਾਰਾਇਣ ਕਾਂਟੀਨੈਂਟਲ ਹੋਟਲ ਵਿੱਚ ਕੀਤਾ ਸੀ। ਸੰਘ ਪਰਵਾਰ ਦੇ ਗੁੰਡਿਆਂ ਨੇ ਇਸ ਹੋਟਲ ਵਿੱਚ ਵੀ ਘੁਸਣ ਦੀ ਕੋਸ਼ਿਸ਼ ਕੀਤੀ ਪਰ ਸਖ਼ਤ ਸੁਰੱਖਿਆ ਪ੍ਰਬੰਧਾਂ ਕਾਰਨ ਉਹ ਆਪਣੇ ਨਾਪਾਕ ਇਰਾਦਿਆਂ ਵਿੱਚ ਸਫ਼ਲ ਨਾ ਹੋ ਸਕੇ। ਇਸ ਨਾਲ ਬੌਖਲਾਏ ਹਿੰਦੂਤਵੀ ਗੁੰਡਿਆਂ ਨੇ ਸਮਾਣਾ ਦੇ ਬਜ਼ਾਰਾਂ ਵਿੱਚ ਰੋਹ ਪ੍ਰਦਰਸ਼ਨ ਕੀਤੇ ਅਤੇ ਪਾਕਿਸਤਾਨੀ ਝੰਡੇ ਜਲਾਉਣ ਦੀ ਭੜਕਾਊ ਕਾਰਵਾਈ ਕੀਤੀ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਮਾਮ ਅਲੀ ਦੀ ਦਰਗਾਹ ’ਤੇ ਹੋਣ ਵਾਲੇ ਸਾਲਾਨਾ ਪ੍ਰੋਗਰਾਮ ਵਿੱਚ ਸ਼ਿਰਕਤ ਕਰਨੀ ਸੀ ਪਰ ਬੀਜੇਪੀ ਦੇ ਦਬਾਅ ਕਾਰਨ ਉਨ੍ਹਾਂ ਨੇ ਅੰਤਮ ਸਮੇਂ ਵਿੱਚ ਆਪਣੀ ਇਹ ਯਾਤਰਾ ਰੱਦ ਕਰ ਦਿੱਤੀ।

ਬਾਦਲ ਸਰਕਾਰ ਵੱਲੋਂ ਇਸ ਤਰ੍ਹਾਂ ਮਹਿਮਾਨਾਂ ਨੂੰ ਘਰ ਆਉਣ ਦਾ ਸੱਦਾ ਦੇ ਕੇ, ਉਨ੍ਹਾਂ ਨੂੰ ਜਨਸੰਘੀਆਂ ਕੋਲੋਂ ਬੇਇੱਜ਼ਤ ਕਰਵਾਉਣਾ ਅਤੇ ਉਨ੍ਹਾਂ ਨਾਲ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਤੋਂ ਮੁੱਕਰ ਜਾਣ ਦੇ ਘਟਨਾਕ੍ਰਮ ਨੇ ਇਹ ਗੰਭੀਰ ਸਵਾਲ ਖੜਾ ਕਰ ਦਿੱਤਾ ਹੈ ਕਿ ਅਖੀਰ ਪੰਜਾਬ ਵਿੱਚ ਸਰਕਾਰ ਕਿਸਦੀ ਹੈ - ਸਿੱਖ ਧਰਮ ਦੇ ਅਸੂਲਾਂ ਦੀ ਪਾਲਣਾ ਦਾ ਦਾਅਵਾ ਕਰਨ ਵਾਲੇ ਅਕਾਲੀਆਂ ਦੀ ਜਾਂ ਮੁਸਲਮਾਨਾਂ ਨਾਲ ਇੱਟ-ਕੁੱਤੇ ਦਾ ਵੈਰ ਪਾਲਣ ਵਾਲੇ ਖਾਕੀ ਨਿੱਕਰਧਾਰੀਆਂ ਦੀ? ਕੁਝ ਇਸੇ ਸੰਸੇ ਅਧੀਨ ਦਿੱਲੀ ਦੇ ਇਕ ਸਿੱਖ ਬੁੱਧੀਜੀਵੀ ਨੇ ਬਾਦਲ ਸਰਕਾਰ ਨੂੰ ਪੱਤਰ ਲਿਖ ਕੇ ਉਕਤ ਘਟਨਾਕ੍ਰਮ ਬਾਰੇ ਆਪਣੀ ਨਰਾਜ਼ਗੀ ਜਤਾਉਂਦਿਆਂ ਕਿਹਾ ਕਿ ਜੇਕਰ ਸ੍ਰੀ ਬਾਦਲ ਪੰਜਾਬ ਵਿੱਚ ਕਾਨੂੰਨ-ਵਿਵਸਥਾ ਅਤੇ ਵਿਦੇਸ਼ੀ ਮਹਿਮਾਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਨਹੀਂ ਸੰਭਾਲ ਸਕਦੇ, ਤਾਂ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਆਪਣੀ ਜਾਂ ਕਿਸੇ ਹੋਰ ਪਾਰਟੀ ਦੇ ਕਿਸੇ ਯੋਗ ਵਿਧਾਇਕ ਨੂੰ ਮੁੱਖ ਮੰਤਰੀ ਦਾ ਅਹੁਦੇ ਸੌਂਪ ਦੇਣਾ ਚਾਹੀਦਾ ਹੈ, ਜੋ ਘੱਟੋ-ਘੱਟ ਹਿੰਦੂਤਵੀ ਗੁੰਡਾਗਰਦੀ ਨੂੰ ਤਾਂ ਨੱਥ ਪਾ ਸਕੇ। ਇਹ ਗੱਲ ਅਲੱਗ ਹੈ ਕਿ ਸਿੱਖ ਕੌਮ ਦੀ ਪਿੱਠ ਵਿੱਚ ਬੇਅੰਤ ਛੁਰੇ ਮਾਰ ਕੇ ਪੰਜਾਬੀ ਦੀ ਗੱਦੀ ’ਤੇ ਬਿਰਾਜਮਾਨ ਪ੍ਰਕਾਸ਼ ਸਿੰਘ ਬਾਦਲ ਅਜਿਹੇ ਪੱਤਰਾਂ ਵਿੱਚ ਜ਼ਾਹਿਰ ਕੀਤੀ ਗਈ ਭਾਵਨਾ ਨੂੰ ਸਮਝਣ ਤੋਂ ਬਿਲਕੁਲ ਅਸਮਰੱਥ ਹੈ।

ਆਊਟਲੁੱਕ ਰਸਾਲੇ ਦਾ ਘਟੀਆ ਲੇਖ

ਬ੍ਰਾਹਮਣਵਾਦੀ ਮੀਡੀਆ ਵੱਲੋਂ ਸਿੱਖਾਂ ਦੇ ਧਾਰਮਕ ਮਸਲਿਆਂ ਬਾਰੇ ਆਮ ਜਨਤਾ ਨੂੰ ਗਲਤ ਜਾਣਕਾਰੀ ਦੇ ਕੇ, ਸਿੱਖ ਮਸਲਿਆਂ ਵਿਰੁੱਧ ਆਮ ਰਾਇ ਆਮ ਕਰਨ ਦੀ ਨੀਤੀ ਕਾਫੀ ਪੁਰਾਣੀ ਹੈ। ਇਸੇ ਨੀਤੀ ਤਹਿਤ ਅੰਗਰੇਜ਼ੀ ਰਸਾਲੇ ‘ਆਊਟਲੁੱਕ’ ਦੇ 16 ਫਰਵਰੀ ਦੇ ਅੰਕ ਵਿੱਚ ਸਿੱਖ ਧਰਮ ਵਿੱਚ ਕੇਸਾਂ ਦੀ ਮਹੱਤਤਾ ਬਾਰੇ ਅਤਿ ਗੁੰਮਰਾਹਕੁੰਨ ਲੇਖ ਪ੍ਰਕਾਸ਼ਿਤ ਕੀਤਾ ਗਿਆ।

ਚੰਦਰ ਸੂਤ ਡੋਗਰਾ ਨਾਮ ਦੇ ਵਿਅਕਤੀ ਵੱਲੋਂ ਲਿਖੇ ਗਏ ਇਸ ਲੇਖ ਵਿੱਚ ਕਿਹਾ ਗਿਆ ਹੈ ਕਿ ਸਹਿਜਧਾਰੀ ਮੁੱਦੇ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਗਏ ਹਲਫਨਾਮੇ ਕਾਰਨ 70 ਫੀਸਦੀ ਤੋਂ ਵੱਧ ਸਿੱਖ ‘ਪਤਿਤ’ ਦੀ ਸ਼੍ਰੇਣੀ ਵਿੱਚ ਆ ਗਏ ਹਨ। ਸ੍ਰੀ ਡੋਗਰਾ ਨੇ ਇਸ ਮੁੱਦੇ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਦਿੱਤੇ ਗਏ ਹਫਲਨਾਮੇ, ਜਿਸ ਵਿੱਚ ਕੇਸ ਕਤਲ ਕਰਨ ਵਾਲਿਆਂ ਨੂੰ ਸਿੱਖ ਮੰਨਿਆ ਗਿਆ ਸੀ, ਨੂੰ ਵੀ ਜਾਇਜ਼ ਠਹਿਰਾਉਣ ਦੀ ਨਾਪਾਕ ਤੇ ਬੇਹੂਦਾ ਕੋਸ਼ਿਸ਼ ਕੀਤੀ। ਲੇਖ ਵਿੱਚ ਇਹ ਗੁੰਮਰਾਹਕੁੰਨ ਦਾਅਵਾ ਵੀ ਕੀਤਾ ਗਿਆ ਕਿ ਖ਼ਾਲਿਸਤਾਨ ਦੇ ਸੰਘਰਸ਼ ਵਿੱਚ ਸ਼ਾਮਲ ਜ਼ਿਆਦਾਤਰ ਖਾੜਕੂ ‘ਕਲੀਨ-ਸ਼ੇਵਨ ਸਿੱਖ’ ਸਨ। ਪਰ ਲੇਖ ਦਾ ਸਭ ਤੋਂ ਘਟੀਆ ਤੇ ਭੜਕਾਊ ਹਿੱਸਾ ਉਹ ਹੈ ਕਿ ਜਿਸ ਵਿੱਚ ਲੇਖਕ ਨੇ ਨੀਲਮ ਮਾਨਸਿੰਘ ਨਾਂ ਦੀ ਕਿਸੇ ਥੀਏਟਰ ਅਦਾਕਾਰਾ ਦਾ ਹਵਾਲਾ ਦੇ ਕੇ ਕਿਹਾ ਹੈ ਕਿ ‘‘ਗੁਰੂ ਨਾਨਕ ਦੇਵ ਜੀ ਨੇ ਵੀ ਲੰਮੇਂ ਕੇਸ ਧਾਰਨ ਨਹੀਂ ਕੀਤੇ ਹੋਏ ਸਨ।’’

ਲੇਖ ਦੇ ਇਸੇ ਹਿੱਸੇ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਕਿ ‘‘ਬਾਲ ਮੇਂ ਨਾ ਧਰਮ ਹੋਤਾ ਹੈ, ਨਾ ਕਰਮ।’’ (ਜਦਕਿ ਸਮੁੱਚੇ ਗੁਰੂ ਗ੍ਰੰਥ ਸਾਹਿਬ ਵਿੱਚ ਅਜਿਹੀ ਕੋਈ ਤੁੱਕ ਦਰਜ ਨਹੀਂ ਹੈ)।

ਇਨ੍ਹਾਂ ਤੱਥਾਂ ਤੋਂ ਹੀ ਸਪਸ਼ਟ ਹੁੰਦਾ ਹੈ ਕਿ ਉਕਤ ਲੇਖਕ ਵੱਲੋਂ ਸਿੱਖ-ਵਿਰੋਧੀ ਮਾਨਸਿਕਤਾ ਤਹਿਤ ਹੀ ਇਹ ਲੇਖ ਗੈਰ-ਸਿੱਖਾਂ ਨੂੰ ਗੁੰਮਰਾਹ ਕਰਨ ਅਤੇ ਸਿੱਖ ਗੁਰੂ ਸਾਹਿਬਾਨ ਨੂੰ ਅਪਮਾਨਿਤ ਕਰਨ ਦੇ ਮਕਸਦ ਨਾਲ ਲਿਖਿਆ ਗਿਆ ਸੀ। ਆਊਟਲੁੱਕ ਵਰਗੇ ਨਾਮੀ ਰਸਾਲੇ ਦੇ ਸੰਪਾਦਕੀ ਮੰਡਲ ਨੂੰ ਅਜਿਹਾ ਗੁੰਮਰਾਹਕੁੰਨ ਲੇਖ ਪ੍ਰਕਾਸ਼ਿਤ ਕਰਨ ਤੋਂ ਸੰਕੋਚ ਕਰਨਾ ਚਾਹੀਦਾ ਸੀ। ਜੇਕਰ ਕਿਸੇ ਵਜ੍ਹਾ ਨਾਲ ਉਹ ਇਸ ਲੇਖ ਦੀ ਦੁਰਭਾਵਨਾ ਨੂੰ ਸਮਝ ਨਹੀਂ ਸਕੇ ਸੀ ਤਾਂ ਬਾਅਦ ਵਿੱਚ ਉਨ੍ਹਾਂ ਨੂੰ ਰਸਾਲੇ ਦੇ ਅੰਗਲੇ ਅੰਕ ਵਿੱਚ ਇਸ ਲੇਖ ਵਿਚਲੀਆਂ ਗਲਤੀਆਂ ਅਤੇ ਸਿੱਖੀ-ਵਿਰੋਧੀ ਅੰਸ਼ਾਂ ਲਈ ਮੁਆਫੀ ਮੰਗਣੀ ਚਾਹੀਦੀ ਸੀ। ਪਰ ਅਜਿਹਾ ਤਾਂ ਹੀ ਸੰਭਵ ਹੁੰਦਾ ਜੇਕਰ ਇਸ ਮੁੱਦੇ ’ਤੇ ਸਮੂਹ ਸਿੱਖ ਜੱਥੇਬੰਦੀਆਂ ਇਕਜੁੱਟ ਹੋ ਕੇ ਆਊਟਲੁੱਕ ਦੇ ਪ੍ਰਬੰਧਕਾਂ ਅਤੇ ਡੋਗਰਾਵਾਦੀ ਮਾਨਸਿਕਤਾ ਦੇ ਲੇਖਕਾਂ ਦਾ ਘੇਰਾਓ ਕਰਦੀਆਂ। ਪਰ ਸਿੱਖਾਂ ਨੇ ਤਾਂ ਸਿਰਫ਼ ਗੁਰਦੁਆਰਿਆਂ ਵਿੱਚ ਸੰਗਮਰਮਰ ਅਤੇ ਏਅਰ-ਕੰਡੀਸ਼ਨਰ ਆਦਿਕ ਲਗਾਉਣ ਨੂੰ ਹੀ ਸਿੱਖੀ ਦੀ ਸੇਵਾ ਸਮਝਿਆ ਹੋਇਆ ਹੈ - ਮੀਡੀਆ ਦੀ ਨਿਗਰਾਣੀ ਕਰਨ ਅਤੇ ਸਿੱਖੀ-ਵਿਰੋਧੀ ਲੇਖਾਂ/ਪ੍ਰਸਾਰਨਾਂ ਵਿਰੁੱਧ ਕਾਰਵਾਈ ਕਰਨ ਲਈ ਸਮਾਂ ਤੇ ਦਿਲਚਸਪੀ ਕਿਸਦੇ ਕੋਲ ਹੈ?

ਮੈਂਗਲੋਰ ਵਿੱਚ ਔਰਤਾਂ ’ਤੇ ਹਮਲਾ

ਬ੍ਰਾਹਮਣਵਾਦੀਆਂ ਵੱਲੋਂ ਸਦੀਆਂ ਤੋਂ ਔਰਤਾਂ ਦਾ ਕੀਤਾ ਜਾਂਦਾ ਸ਼ੋਸ਼ਣ ਕਿਸੇ ਤੋਂ ਛੁਪਿਆ ਨਹੀਂ। ਬ੍ਰਾਹਮਣਵਾਦ ਦੇ ਮੁੱਖ ਪ੍ਰਚਾਰਕ ਤੁਲਸੀ ਦਾਸ ਨੇ ਤਾਂ ਇਥੋਂ ਤੱਕ ਆਖਿਆ ਸੀ ਕਿ ਇਸਤਰੀ ਨੂੰ ਢੋਲ ਦੀ ਤਰ੍ਹਾਂ ਕੁੱਟਣਾ ਚਾਹੀਦਾ ਹੈ। ਸ਼ਾਇਦ ਤੁਲਸੀ ਦੇ ਇਨ੍ਹਾਂ ਬਚਨਾਂ ਤੋਂ ਪ੍ਰੇਰਿਤ ਹੋ ਕੇ ਹੀ ਅਖੌਤੀ ‘ਰਾਮ ਸੈਨਾ’ ਦੇ ਗੁੰਡਿਆਂ ਨੇ ਪਿਛਲੇ ਦਿਨੀਂ ਇਕ ਪੱਬ ਵਿੱਚ ਸ਼ਰਾਬ ਪੀ ਰਹੀਆਂ ਲੜਕੀਆਂ ਦੀ ਬੁਰੀ ਤਰ੍ਹਾਂ ਮਾਰ-ਕੁਟਾਈ ਕੀਤੀ। ਇਨ੍ਹਾਂ ਹਿੰਦੂ ਗੁੰਡਿਆਂ ਦਾ ਕਹਿਣਾ ਸੀ ਕਿ ਲੜਕੀਆਂ ਦਾ ਸ਼ਰਾਬ ਪੀਣਾ ਭਾਰਤੀ ਸੰਸਸਕ੍ਰਿਤੀ ਦੇ ਖਿਲਾਫ਼ ਹੈ, ਇਸਲਈ ਉਹ ਇਹ ਕਦਮ ਚੁੱਕਣ ’ਤੇ ਮਜਬੂਰ ਹੋਏ ਸਨ।

ਹਰ ਅਪਰਾਧੀ ਕੋਲ ਆਪਣੇ ਅਪਰਾਧ ਨੂੰ ਜਾਇਜ਼ ਠਹਿਰਾਉਣ ਲਈ ਕੋਈ ਨਾ ਕੋਈ ਦਲੀਲ ਜ਼ਰੂਰ ਹੁੰਦੀ ਹੈ। ਪਰ ਅਖੌਤੀ ਭਾਰਤੀ ਸੰਸਕ੍ਰਿਤੀ ਦੇ ਆਪੂੰ ਬਣੇ ਠੇਕੇਦਾਰਾਂ ਤੋਂ ਕੋਈ ਪੁੱਛਣ ਵਾਲਾ ਹੋਵੇ ਕਿ ਕੀ ਸ਼ਰਾਬ ਪੀਣਾ ਸਿਰਫ਼ ਔਰਤਾਂ ਲਈ ਹੀ ਮਾੜਾ ਹੁੰਦਾ ਹੈ? ਜੇਕਰ ਮਰਦ ਸ਼ਰਾਬ ਪੀਣ, ਤਾਂ ਕੀ ਉਨ੍ਹਾਂ ਦੇ ਸਰੀਰ ਨੂੰ ਨੁਕਸਾਨ ਨਹੀਂ ਪਹੁੰਚਦਾ? ਜਦ ਸ਼ਰਾਬ ਪੀਣਾ ਆਦਮੀਆਂ ਲਈ ਵੀ ਓਨਾ ਹੀ ਮਾੜਾ ਹੈ, ਤਾਂ ਸਾਰਾ ਗੁੱਸਾ ਔਰਤਾਂ ’ਤੇ ਹੀ ਕਿਉਂ? ਅਸੀਂ ਇਹ ਨਹੀਂ ਕਹਿੰਦੇ ਕਿ ਔਰਤਾਂ ਨੂੰ ਸ਼ਰਾਬ ਪੀਣ ਲਈ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਪਰ ਨਸ਼ਾ ਕੋਈ ਵੀ ਹੋਵੇ - ਉਸ ਤੋਂ ਮਰਦਾਂ ਅਤੇ ਤੀਵੀਆਂ ਦੋਹਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ। ਅਤੇ ਇਨ੍ਹਾਂ ਭੁੱਲੜ ਲੋਕਾਂ ਨੂੰ ਨਸ਼ਿਆਂ ਤੋਂ ਰੋਕਣ ਲਈ ਤਾਲਿਬਾਨੀ ਸ਼ੈਲੀ ਦੀ ਤਾਨਾਸ਼ਾਹੀ ਅਪਣਾਉਣਾ ਨਾ ਸਿਰਫ਼ ਅਨੈਤਿਕ ਹੈ ਬਲਕਿ ਪੂਰੀ ਤਰ੍ਹਾਂ ਗੈਰ-ਕਾਨੂੰਨੀ ਅਤੇ ਭਾਰਤੀ ਲੋਕਤੰਤਰ ਦੀਆਂ ਭਾਵਨਾਵਾਂ ਦੇ ਬਿਲਕੁਲ ਉਲਟ ਹੈ। ਇਸਲਈ ਚੰਗਾ ਹੋਵੇ ਜੇਕਰ ਇਸ ਤਰ੍ਹਾਂ ਸ਼ਰੇਆਮ ਔਰਤਾਂ ਦੀ ਮਾਰ-ਕੁਟਾਈ ਕਰਨ ਵਾਲੇ ਗੁੰਡੇ ਸੰਗਠਨਾਂ ਖਿਲਾਫ਼ ਸਰਕਾਰ ਸਖ਼ਤ ਰਵੱਈਆ ਅਪਣਾ ਕੇ, ਇਨ੍ਹਾਂ ਦੇ ਅਹੁਦੇਦਾਰਾਂ ਦੀ ਉਸੇ ਤਰ੍ਹਾਂ ਛਿੱਤਰ-ਪਰੇਡ ਕਰਵਾਏ, ਜਿਵੇਂ ਇਨ੍ਹਾਂ ਨੇ ਨਿਰਦੋਸ਼ ਔਰਤਾਂ ਦੀ ਕੀਤੀ ਸੀ।

ਪੰਧੇਰ ’ਤੇ ਕੋਲੀ ਨੂੰ ਫਾਂਸੀ ਦੀ ਸਜ਼ਾ

ਸੀ.ਬੀ.ਆਈ. ਦੀ ਇਕ ਵਿਸ਼ੇਸ਼ ਅਦਾਲਤ ਨੇ ਨਿਠਾਰੀ ਕਾਂਡ ਨਾਲ ਸਬੰਧਿਤ ਇਕ ਮਾਮਲੇ ਦੇ ਆਰੋਪੀਆਂ ਮਕਾਨ ਮਾਲਕ ਮਨਿੰਦਰ ਸਿੰਘ ਪੰਧੇਰ ਤੇ ਉਸਦੇ ਨੌਕਰ ਸੁਰਿੰਦਰ ਕੋਲੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਦੋ ਕੁ ਸਾਲ ਪਹਿਲਾਂ ਪੰਧੇਰ ਦੇ 19 ਬੱਚਿਆਂ ਤੇ ਮੁਟਿਆਰਾਂ ਦੇ ਅੰਗ ਬਰਾਮਦ ਹੋਏ ਸਨ। ਸੀ.ਬੀ.ਆਈ. ਅਦਾਲਤ ਨੇ ਇਨ੍ਹਾਂ ਵਿੱਚੋਂ ਇਕ 15 ਸਾਲਾ ਲੜਕੀ ਰਿੰਪਾ ਹਲਕਰ ਦੇ ਅਗਵਾ, ਬਲਾਤਕਾਰ ਤੇ ਕਤਲ ਮਾਮਲੇ ਵਿੱਚ ਪੰਧੇਰ ਤੇ ਕੋਲੀ ਦੋਹਾਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ।

ਦੋਸ਼ੀ ਸੁਰਿੰਦਰ ਕੋਲੀ ਨਿਸ਼ਚਿਤ ਤੌਰ ’ਤੇ ਮੌਤ ਦੀ ਸਜ਼ਾ ਦਾ ਹੱਕਦਾਰ ਹੈ ਕਿਉਂਕਿ ਉਹ ਮਾਸੂਮ ਬੱਚੀਆਂ ਨਾਲ ਨਾ ਸਿਰਫ਼ ਬਲਾਤਕਾਰ ਕਰਦਾ ਸੀ ਬਲਕਿ ਬਾਅਦ ਵਿੱਚ ਉਨ੍ਹਾਂ ਦੇ ਟੋਟੇ-ਟੋਟੇ ਕਰ ਕੇ, ਉਨ੍ਹਾਂ ਦਾ ਮਾਸ ਵੀ ਖਾ ਜਾਂਦਾ ਸੀ। ਅਜਿਹੀ ਖੌਫਨਾਕ ਜ਼ਹਿਨੀਅਤ ਵਾਲੇ ਅਪਰਾਧੀ ਲਈ ਅਸਲ ਵਿੱਚ ਫਾਂਸੀ ਦੀ ਸਜ਼ਾ ਵੀ ਕਾਫੀ ਨਹੀਂ। ਪਰ ਇਸ ਮਾਮਲੇ ਵਿੱਚ ਆਰੋਪੀ ਮਨਿੰਦਰ ਸਿੰਘ ਪੰਧੇਰ ਖਿਲਾਫ਼ ਕੁਝ ਜ਼ਿਆਦਾ ਹੀ ਸਖ਼ਤੀ ਵਰਤ ਲਈ ਗਈ ਪ੍ਰਤੀਤ ਹੁੰਦੀ ਹੈ। ਮੀਡੀਆ ਵਿੱਚ ਪ੍ਰਕਾਸ਼ਿਤ ਰਿਪੋਰਟਾਂ ਮੁਤਾਬਿਕ, ਸੁਣਵਾਈ ਦੌਰਾਨ ਪੰਧੇਰ ਨੇ ਅਦਾਲਤ ਵਿੱਚ ਸਬੂਤ ਪੇਸ਼ ਕੀਤੇ ਕਿ 8 ਫਰਵਰੀ 2005 ਨੂੰ ਰਿੰਪੀ ਹਲਦਰ ਦੇ ਬਲਾਤਕਾਰ ਤੇ ਕਤਲ ਦੀ ਵਾਰਦਾਤ ਉਹ ਆਸਟ੍ਰੇਲੀਆ ਵਿੱਚ ਸੀ। ਸੀ.ਬੀ.ਆਈ. ਦੀ ਪੜਤਾਲ ਦੌਰਾਨ ਵੀ ਇਹ ਗੱਲ ਤੈਅ ਹੋ ਗਈ ਸੀ ਕਿ ਸਾਰੇ ਮਾਮਲਿਆਂ ਵਿੱਚ ਕੋਲੀ ਹੀ ਸ਼ਾਮਲ ਸੀ। ਫਿਰ ਵੀ ਅਦਾਲਤ ਵੱਲੋਂ ਇਹ ਤਰਕ ਦੇ ਕੇ ਕਿ ‘‘ਪੰਧੇਰ ਨੇ ਹੀ ਕੋਲੀ ਵੱਲੋਂ ਅਜਿਹੇ ਅਪਰਾਧ ਨੂੰ ਅੰਜ਼ਾਮ ਦੇ ਸਕਣ ਵਾਲੇ ਹਾਲਾਤ ਪੈਦਾ ਕੀਤੇ’’, ਉਸਨੂੰ ਵੀ ਫਾਂਸੀ ਦੀ ਸਜ਼ਾ ਸੁਣਾ ਦੇਣਾ ਬਿਲਕੁਲ ਗੈਰ-ਵਾਜਿਬ ਪ੍ਰਤੀਤ ਹੁੰਦਾ ਹੈ। ਜੇਕਰ ਮਾਲਕ ਦੀ ਗੈਰ-ਹਾਜ਼ਰੀ ਵਿੱਚ ਨੌਕਰ ਵੱਲੋਂ ਕੀਤੇ ਜਾਂਦੇ ਅਪਰਾਧ ਲਈ ਵੀ ਮਾਲਕ ਹੀ ਜ਼ਿੰਮੇਵਾਰ ਮੰਨਿਆ ਜਾਣ ਲੱਗ ਪਿਆ ਤਾਂ ਘਰਾਂ ਵਿੱਚ ਨੌਕਰ ਰੱਖਣ ਵਾਲੇ ਲੋਕਾਂ ਲਈ, ਆਪਣੇ ਹੀ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਵੇਗਾ ਕਿਉਂਕਿ ਉਨ੍ਹਾਂ ਨੂੰ ਇਹੀ ਡਰ ਸਤਾਉਂਦਾ ਰਹੇਗਾ ਕਿ ਸਾਡੀ ਗੈਰ-ਹਾਜ਼ਰੀ ਵਿੱਚ ਨੌਕਰ ਕਿਸੇ ਅਪਰਾਧ ਨੂੰ ਅੰਜ਼ਾਮ ਨਾ ਦੇ ਦੇਵੇ।

ਇਸਲਈ ਅਦਾਲਤ ਨੂੰ ਚਾਹੀਦਾ ਸੀ ਕਿ ਉਹ ਜਜ਼ਬਾਤੀ ਹੋ ਕੇ ਫੈਸਲਾ ਦੇਣ ਦੀ ਬਜਾਏ, ਤੱਥਾਂ ਦੇ ਅਧਾਰ ’ਤੇ ਫੈਸਲਾ ਦਿੰਦੀ। ਇਹ ਵੀ ਹੋ ਸਕਦਾ ਹੈ ਕਿ ਅਦਾਲਤ ਵਿੱਚ ਬੈਠੇ ਜੱਜ ਆਪਣੀ ਬ੍ਰਾਹਮਣਵਾਦੀ ਮਾਨਸਿਕਤਾ ਕਾਰਨ ਇਹ ਨਾ ਚਾਹੁੰਦੇ ਹੋਣ ਕਿ ਮੀਡੀਆ ਰਾਹੀਂ ਬੇਅੰਤ ਚਰਚਾ ਦਾ ਵਿਸ਼ਾ ਬਣੇ ਇਸ ਮਾਮਲੇ ਵਿੱਚ ਹਿੰਦੂ ਆਰੋਪੀ ਤਾਂ ਦੋਸ਼ੀ ਸਿੱਧ ਹੋ ਜਾਏ ਪਰ ਸਿੱਖੀ ਪਿਛੋਕੜ ਵਾਲਾ (ਭਾਵੇਂ ਸਿਰਗੁੰਮ ਹੀ ਸਹੀ) ਆਰੋਪੀ ਨਿਰਦੋਸ਼ ਸਿੱਧ ਹੋ ਜਾਏ। ਇਸਲਈ ਉਸਨੂੰ ਵੀ ਚੱਕੀ ਵਿੱਚ ਕਣਕ ਦੇ ਨਾਲ ਘੁਣ ਦੀ ਤਰ੍ਹਾਂ ਪੀਸ ਦਿੱਤਾ ਗਿਆ ਹੋਵੇ। ਦੇਸ਼ ਭਰ ਦੇ ਬੁੱਧੀਜੀਵੀਆਂ ਅਤੇ ਘੱਟ-ਗਿਣਤੀ ਕੌਮਾਂ ਦੇ ਨੁਮਾਇੰਦਿਆਂ ਨੂੰ ਇਸ ਮਾਮਲੇ ਵੱਲ ਤੁਰੰਤ ਧਿਆਨ ਦੇ ਕੇ ਪੰਧੇਰ ਨੂੰ ਫਾਂਸੀ ਦੇ ਫੈਸਲੇ ਖਿਲਾਫ਼ ਅਪੀਲ ਕਰਨੀ ਚਾਹੀਦੀ ਹੈ। ਹਾਂ, ਜੇਕਰ ਸੁਣਵਾਈ ਦੌਰਾਨ ਸਬੂਤਾਂ ਦੇ ਅਧਾਰ ’ਤੇ ਉਹ ਵੀ ਬਲਾਤਕਾਰ ਤੇ ਕਤਲਾਂ ਦਾ ਦੋਸ਼ੀ ਸਿੱਧ ਹੋ ਜਾਂਦਾ ਹੈ, ਤਾਂ ਉਸ ਵੀ ਨਿਸ਼ਚਿਤ ਤੌਰ ’ਤੇ ਫਾਂਸੀ ਦਾ ਹੀ ਹੱਕਦਾਰ ਹੋਵੇਗਾ।

ਸੌਦਾ ਸਾਧ ਵਿਰੁੱਧ ਮੁੱਖ ਪੁਜਾਰੀਆਂ ਦੀ ਨਵੀਂ ਮੀਟਿੰਗ

ਤਖ਼ਤ ਸਾਹਿਬਾਨ ਦੇ ਮੁੱਖ ਪੁਜਾਰੀਆਂ ਵੱਲੋਂ ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਇਕ ਮੀਟਿੰਗ ਕਰਕੇ ਸਿਰਸਾ ਦੇ ਵਿਵਾਦਿਤ ਸੌਦਾ ਸਾਧ ਵਿਰੁੱਧ ਜਾਰੀ ਹੁਕਮਨਾਮੇ ਨੂੰ ਪਹਿਲਾਂ ਵਾਂਗ ਹੀ ਬਰਕਰਾਰ ਰੱਖਣ ਦੀ ਨਵੀਂ ਸੇਧ ਜਾਰੀ ਕਰ ਦਿੱਤੀ। ਭਾਵੇਂ ਭੋਲੇ-ਭਾਲੇ ਸਿੱਖ ਮੁੜ ਤੋਂ ਪੁਜਾਰੀਆਂ ਦੀਆਂ ਇਨ੍ਹਾਂ ਗੁੰਮਰਾਹਕੁੰਨ ਚਾਲਾਂ ਦੇ ਸ਼ਿਕਾਰ ਹੋ ਜਾਣ ਪਰ ਸੱਚਾਈ ਇਹੀ ਹੈ ਕਿ ਅਖੌਤੀ ਜੱਥੇਦਾਰਾਂ ਨੇ ਇਹ ਨਵਾਂ ‘ਮਤਾ’ ਸੌਦਾ ਸਾਧ ਦੀਆਂ ਸਿੱਖੀ ਸਿਧਾਂਤਾਂ ਵਿਰੋਧੀ ਕਾਰਵਾਈਆਂ ਨੂੰ ਸੰਜੀਦਗੀ ਨਾਲ ਰੁਕਵਾਉਣ ਲਈ ਨਹੀਂ ਬਲਕਿ ਚੋਣਾਂ ਦੇ ਦਿਨਾਂ ਵਿੱਚ ਉਸ ’ਤੇ ਦਬਾਅ ਪਾ ਕੇ ਬਲੈਕ-ਮੇਲ ਕਰਨ ਲਈ ਪਾਸ ਕੀਤਾ ਹੈ। ਮੁੱਖ ਪੁਜਾਰੀਆਂ ਨੇ ਸੌਦਾ ਸਾਧ ਨੂੰ ਅਸਿੱਧੇ ਤਰੀਕੇ ਨਾਲ ਇਸ਼ਾਰਾ ਕਰ ਦਿੱਤਾ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਉਹ ਕਾਂਗਰਸ ਪਾਰਟੀ ਮਦਦ ਦੇ ਕੇ ਉਸ ਨੂੰ ਜਿਤਾਉਣ ਦੀ ਦਿਸ਼ਾ ਵਿੱਚ ਸਰਗਰਮ ਨਾ ਹੋਵੇ।

ਜੇਕਰ ਪੁਜਾਰੀਆਂ ਨੂੰ ਸਿੱਖੀ ਨੂੰ ਦਰਪੇਸ਼ ਮੁਸ਼ਕਲਾਂ ਨਾਲ ਬਾਰੇ ਵਾਕਈ ਕੋਈ ਫਿਕਰ ਹੁੰਦੀ, ਤਾਂ ਉਹ ਅਦਾਲਤ ਵਿੱਚ ਚਲ ਰਹੇ ‘ਸਹਿਜਧਾਰੀ ਸਿੱਖ’ ਮੁੱਦੇ ਬਾਰੇ ਵੀ ਆਪਸ ਵਿੱਚ ਵਿਚਾਰ-ਵਟਾਂਦਰਾ ਜ਼ਰੂਰ ਕਰਦੇ ਪਰ ਪੁਜਾਰੀਆਂ ਨੇ ਸਿੱਖਾਂ ਨੂੰ ਦਰਪੇਸ਼ ਮੁਸ਼ਕਲਾਂ ਦੀ ਜ਼ਿੰਮੇਵਾਰੀ ਲੈਣ ਦੀ ਬਜਾਏ ਸਿਰਫ਼ ਆਪਣੇ ਸਿਆਸੀ ਆਕਾਵਾਂ ਨੂੰ ਲਾਭ ਪਹੁੰਚਾ ਸਕਣ ਵਾਲੇ ਮੁੱਦੇ ਨੂੰ ਹੀ ਬੇਲੋੜੀ ਹਵਾ ਦਿੱਤੀ। ਕੀ ਅਜਿਹੇ ਮੌਕਾਪ੍ਰਸਤ ਤੇ ਗੁਲਾਮ ਜ਼ਹਿਨੀਅਤ ਦੇ ਪੁਜਾਰੀਆਂ ਨੂੰ ਸਮੁੱਚੀ ਸਿੱਖ ਕੌਮ ਦੇ ‘ਜੱਥੇਦਾਰ’ ਮੰਨਿਆ ਜਾ ਸਕਦਾ ਹੈ?