Subscription About Us Contact Us


ਡੇਰਾਵਾਦ ਰੂਪੀ ਮਿੱਠੇ ਜ਼ਹਿਰ ਖਿਲਾਫ਼ ਲਾਮਬੰਦ ਹੋਣ ਦੀ ਲੋੜ

- ਸੁਖਵਿੰਦਰ ਸਿੰਘ ਸਭਰਾ -
ਮੋ : 9876045142

ਪੰਜਾਬ ਦੇ ਪਿੰਡਾਂ ਵਿਚ ‘ਡੇਰਾ’ ਸ਼ਬਦ ਆਮ ਬੋਲੀ ਵਿਚ ਵੀ ਵਰਤਿਆ ਜਾਂਦਾ ਹੈ। ਪਿੰਡਾਂ ਤੋਂ ਬਾਹਰ ਬਹਿਕਾਂ ਨੂੰ ਵੀ ਡੇਰਾ ਕਿਹਾ ਜਾਂਦਾ ਹੈ ਜਦੋਂ ਕਿਤੇ ਕੋਈ ਦੂਰ ਜਾ ਕੇ ਵਾਪਸ ਨਾ ਆਵੇ ਤਾਂ ਉਸ ਦੇ ਘਰ ਵਾਲੇ ਵੀ ਕਹਿ ਦਿੰਦੇ ਹਨ ਕਿ ਇਹ ਤਾਂ ਉੱਥੇ ਹੀ ਡੇਰਾ ਲਾ ਕੇ ਬੈਠ ਗਿਆ। ਗੁਰਬਾਣੀ ਅੰਦਰ ਸੰਕੇਤ ਮਿਲਦੇ ਹਨ ਕਿ :

ਡਡਾ ਡੇਰਾ ਇਹੁ ਨਹੀ ਜਹ ਡੇਰਾ ਤਹ ਜਾਨੁ ।।
ਉਆ ਡੇਰਾ ਕਾ ਸੰਜਮੋ ਗੁਰ ਕੈ ਸਬਦਿ ਪਛਾਨੁ ।।
(ਗੁ: ਗ੍ਰੰ: ਸਾਹਿਬ, ਪੰਨਾ 256)

ਭਾਵ ਇੱਥੇ ਘਰ ਨੂੰ ਡੇਰਾ ਆਖਿਆ ਗਿਆ ਹੈ। ਪੁਰਾਤਨ ਸਮਿਆਂ ਵਿਚ ਰਿਸ਼ੀਆਂ-ਮੁਨੀਆਂ, ਜੋਗੀਆਂ ਦੇ ਮੱਠਾ, ਰਹਿਣ ਦੇ ਟਿਕਾਣਿਆਂ ਨੂੰ ਵੀ ਡੇਰਾ ਕਹਿ ਦਿਆ ਕਰਦੇ ਸੀ।

ਗੁਰੂ ਨਾਨਕ ਜੋਤਿ ਦੇ ਸਾਰੇ ਸਰੂਪਾਂ ਨੂੰ ਗੁਰਮਤਿ ਦਾ ਪ੍ਰਚਾਰ ਕਰਨ ਵਿੱਚ ਡਾਢਾ ਸੰਘਰਸ਼ ਕਰਨਾ ਪਿਆ ਪਰ ਦਸਮ ਪਾਤਸ਼ਾਹ ਨੂੰ ਸਭ ਤੋਂ ਵੱਧ ਕੁਰਬਾਨੀ ਕਰਨੀ ਪਈ। ਸੱਚ ਧਰਮ ਦ੍ਰਿੜ ਕਰਵਾਉਂਦਿਆਂ ਹੱਕ ਸੱਚ ਵਾਸਤੇ, ਮਾਤਾ, ਪਿਤਾ, ਸਾਹਿਜ਼ਾਦਿਆਂ ਸਮੇਤ 27 ਜੀਅ ਕੁਰਬਾਨ ਕਰ ਦਿੱਤੇ। ਜਿਹੜੀ ਮਿੱਟੀ ਨੂੰ ਤੱਕਿਆ ਅੱਖ ਭਰ ਕੇ ਉਹ ਵੀ ਸੋਨਿਓਂ ਵੱਧ ਚਮਕਦਾਰ ਦਿੱਤੀ। ਜਿਸ ਮੱਥੇ ਨੂੰ ਵੱਡੀਆਂ-ਵੱਡੀਆਂ ਹਕੂਮਤਾਂ ਵੀ ਝੁਕਾਅ ਨਾਂਹ ਸਕੀਆਂ ਇਕ ਦਿਨ ਦਸਮ ਪਾਤਿਸ਼ਾਹ ਦਾ ਉਹ ਮੱਥਾ ‘ਧੰਨ ਗੁਰੂ ਗ੍ਰੰਥ ਸਾਹਿਬ’ ਅੱਗੇ ਝੁਕ ਗਿਆ। ਸਦਾ ਵਾਸਤੇ ਗੁਰਗੱਦੀ ਬਖਸ਼ ਦਿੱਤੀ ਅਤੇ ਸਖ਼ਸ਼ੀ ਪੂਜਾ ਸਦਾ ਵਾਸਤੇ ਬੰਦ ਕਰ ਦਿੱਤੀ। ਦਸਮ ਪਾਤਿਸ਼ਾਹ ਗੁਰੂ ਪੰਥ ਨੂੰ ਸਦਾ ਵਾਸਤੇ ਗੁਰੂ ਗੰ੍ਰਥ ਸਾਹਿਬ ਦੀ ਤਾਬਿਆ ਕਰਕੇ ਆਪ ਨਿਜਧਾਮ ਨੂੰ ਪਰਤ ਗਏ।

‘ਗੁਰੂ ਗ੍ਰੰਥ ਸਾਹਿਬ’ ਜੀ ਦੇ ਹੱਥ ਲਿਖਤ ਉਤਾਰੇ ਵੀ ਹੋ ਚੁੱਕੇ ਸਨ, ਦਸ਼ਮੇਸ਼ ਦੇ ਸਿੰਘਾਂ ਨੂੰ ਜੰਗਾਂ ਜੁੱਧਾਂ ਸਮੇਂ ਜੰਗਲਾਂ ਵਿਚ ਘੋੜਿਆਂ ਦੀਆਂ ਕਾਠੀਆਂ ਉੱਪਰ ਘਰ ਬਣਾ ਕੇ ਰਹਿਣਾ ਪਿਆ ਤਾਂ ਨਿਮਲਿਆਂ ਉਦਾਸੀਆਂ ਨੂੰ ‘ਗੁਰੂ ਗ੍ਰੰਥ ਸਾਹਿਬ’ ਦੀ ਸੇਵਾ ਸੰਭਾਲ ਵਾਸਤੇ ਲਗਾ ਦਿੱਤਾ ਗਿਆ ਇਹਨਾਂ ਨਿਰਮਲਿਆਂ ਉੱਪਰ ਪਹਿਲਾਂ ਹੀ ਬ੍ਰਾਹਮਣੀ ਮੱਤਾਂ ਦਾ ਪ੍ਰਭਾਵ ਸੀ। ਸਿੱਖ ਧਰਮ ਅੰਦਰ ਵੀ ਉਹੀ ਗਿਣਤੀ ਮਿਣਤੀ ਵਾਲੇ ਪਾਠ, ਪਾਠਾਂ ਦੇ ਫ਼ਲ’ ਕੀਤਾ ਕਰਾਏ ਜਾਪ, ਵਰਨੀਆਂ, ਮਾਲਾ, ਦਾਨ ਦਾ ਫ਼ਲ , ਸਵਰਗਾਂ ਦੇ ਲਾਲਚ, ਨਰਕਾਂ ਦਾ ਡਰ ਪੈਣਾ ਸ਼ੁਰੂ ਹੋ ਗਿਆ। ਹਿੰਦੂ ਮੱਤ ਦੇ ਗ੍ਰੰਥਾਂ ਦੀ ਤਰਜ ਉੱਤੇ ਅਤੇ ਜੋਗ ਮੱਤ, ਜੈਨ ਮੱਤ ਦੀ ਧਾਰਨਾ ਅਨੁਸਾਰ ਗੁਰਬਾਣੀ ਦੀ ਵਿਆਖਿਆ ਦਾ ਮੁੱਢ ਇਥੋਂ ਹੀ ਬੱਝਾ ਸੀ, ਗੁਰਮਤਿ ਦਾ ਖੰਡਨ ਕਰਨ ਵਾਲੀ ਵਿਆਖਿਆ, ਟੀਕੇ ਵੀ ਲਿਖੇ ਗਏ, ਗੁਮਨਾਮ ਲਿਖਾਰੀਆਂ ਦੀਆਂ ਲਿਖਤਾਂ ਸਮਾਂ ਪਾ ਕੇ ਸਿੱਖੀ ਦੇ ਵਿਹੜੇ ਵਿਚ ਧਰਮ ਦਾ ਲੇਬਲ ਲਗਾ ਕੇ ਸੁੱਟ ਦਿੱਤੀਆਂ ਗਈਆਂ।

ਸੂਰਜ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਖੁਦ ਇਕ ਥਾਂ ਕਹਿੰਦੇ ਹਨ, ਜਦੋਂ ਮੈਂ ਲਿਖਦਾ ਹਾਂ ਤਾਂ ਕੁੱਤੇ ਭੌਂਕਦੇ ਹਨ, ਸੂਰ ਘੁਰ-ਘੁਰ ਕਰਦੇ ਹਨ, ਕਾਂ- ਕਾਂ ਕਾਂ ਕਰਦੇ ਹਨ, ਖੋਤੇ ਹੀਂਗਦੇ ਹਨ। ਇਹ ਕਾਂ ਕੁੱਤੇ ਕੌਣ ਸਨ। ਅੰਦਾਜ਼ਾ ਲਾਗਾਣਾ ਕੋਈ ਔਖਾਂ ਨਹੀਂ ਹੈ। ਸਮਾਂ ਪਾ ਕੇ ਇਹੀ ਨਿਰਮਲੇ ਉਦਾਸੀ ਮਹੰਤਾਂ ਦਾ ਰੂਪ ਧਾਰ ਕੇ ਗੁਰਦੁਆਰਿਆਂ ਉੱਪਰ ਕਾਬਜ਼ ਹੋ ਗਏ। ਸਖਸ਼ੀ ਪੂਜਾ, ਧਰਮ ਦੇ ਨਾਮ ਤੇ ਕਰਮ-ਕਾਂਡ, ਜਾਤ-ਪਾਤ ਦੇ ਨਾਂ ਤੇ ਵੰਡੀਆਂ, ਸੁੱਚ ਭਿੱਟ ਹਰ ਗੁਰਮਤਿ ਵਿਰੋਧੀ ਕਰਮ ਇਹਨਾਂ ਕੀਤਾ। ਯਾਦ ਰਹੇ ਕਿ ਦਸਮ ਪਾਤਿਸ਼ਾਹ ਦੇ ਸਮੇਂ ਵੀ ਮਸੰਦਾਂ ਨੂੰ ਗੁਰਮਤਿ ਵਿਰੋਧੀ ਕਾਰਵਾਈਆਂ ਕਾਰਨ ਤੇਲ ਦੇ ਕੜਾਹਿਆਂ ਵਿਚ ਸੁੱਟ ਕੇ ਸਾੜ ਦਿੱਤਾ ਗਿਆ ਸੀ। ਵੱਖ-ਵੱਖ ਸੰਪਰਦਾਵਾਂ ਦਾ ਮੁੱਢ ਵੀ ਇਹਨਾਂ ਨਿਰਮਲੇ ਉਦਾਸੀਆਂ ਤੋਂ ਬੱਝਾ।

ਅਠਾਰਵੀਂ ਸਦੀ ਵਿਚ ਸਿੰਘ ਸਭਾ ਲਹਿਰ ਚੱਲੀ ਇਹਨਾਂ ਮਹੰਤਾਂ ਵਿਰੁੱਧ ਮੋਰਚੇ ਲੱਗੇ, ਬਹੁਤ ਕੁਰਬਾਨੀਆਂ ਕਰਕੇ ਇਹਨਾਂ ਮਹੰਤਾਂ ਪਾਸੋਂ ਗੁਰਦੁਆਰੇ ਅਜ਼ਾਦ ਕਰਵਾਏ ਗਏ। ਇਹਨਾਂ ਮਹੰਤਾਂ ਨੇ ਪਾਸੇ ਜਾ ਕੇ ਵੱਖ-ਵੱਖ ਡੇਰੇ ਬਣਾ ਲਏ। ਅੱਜ ਵੀ ਜੇ ਕਿਸੇ ਗ੍ਰੰਥੀ ਨੂੰ ਗੁਰਦੁਆਰਾ ਸਾਹਿਬ ਵਿਚੋਂ ਕੱਢ ਦਿੱਤਾ ਜਾਵੇ ਤਾਂ ਉਹ ਆਪਣਾ ਵੱਖਰਾ ਗੁਰਦੁਆਰਾ ਉਸਾਰ ਲੈਂਦਾ ਹੈ।

ਜਦੋਂ ਸਰਕਾਰਾਂ ਦੇ ਧਿਆਨ ਵਿਚ ਇਹ ਗੱਲ ਆਈ ਕਿ ਇਹ ਸਿੱਖ ਕਹਾਉਣ ਵਾਲੇ ਤਾਂ ਡੇਰੇਦਾਰ ਸਾਧ ਦੀ ਗੱਲ ਤਾਂ ‘ਗੁਰੂ ਗ੍ਰੰਥ ਸਾਹਿਬ ਜੀ’ ਨਾਲੋਂ ਵੀ ਵੱਧ ਮੰਨਦੇ ਹਨ, ਇਹਨਾਂ ਡੇਰੇਦਾਰ ਸਾਧਾਂ ਰਾਹੀਂ ਸਿੱਖਾਂ ਨੂੰ ਤੱਕੜੀ ਮਾਰ ਮਾਰੀ ਜਾ ਸਕਦੀ ਹੈ ਤਾਂ ਫੌਜ ਵਿਚ ਹੀ ਸੰਤਾਂ ਨੂੰ ਮਾਲਾ ਫੜਾ ਦਿੱਤਾ ਗਈਆਂ। ਉਹਨਾਂ ਦੀ ਸੰਤਗੀਰੀ ਨੂੰ ਚਮਕਾਉਣ ਲਈ ਉਨ੍ਹਾਂ ਦੇ ਨਾਵਾਂ ਨਾਲ ਕਈ ਕਰਾਮਾਤੀ ਝੂਠੀਆਂ ਕਹਾਣੀਆਂ ਜੋੜ ਦਿੱਤੀਆਂ ਗਈਆਂ, ਅਫਸਰਾਂ ਸਮੇਤ ਜਲਦੀ ਹੀ ਬਹੁਤ ਸਾਰੇ ਲੋਕ ਇਹਨਾਂ ਸਰਕਾਰੀ ਸੰਤਾਂ ਦੇ ਪ੍ਰਵਚਨ ਸੁਣਨ ਆਉਣ ਲੱਗ ਪਏ। ਡੇਰਿਆਂ ਦੀ ਸੋਭਾ ਜਿਉਂ ਹੀ ਜਲਦੀ-ਜਲਦੀ ਵੱਧਣ ਲੱਗੀ। ਖਾਲਸਾ ਪੰਥ ਦੀ ਅਕਾਸ਼ ਉੱਤੇ ਚੜ੍ਹੀ ਹੋਈ ਗੁੱਡੀ ਵੀ ਬੜੀ ਤੇਜ਼ੀ ਨਾਲ ਅਰਸ਼ ਤੋਂ ਫ਼ਰਸ਼ ਵੱਲ ਵੱਧਣੀ ਸ਼ੁਰੂ ਹੋ ਗਈ। ਸਮੇਂ ਦੀਆਂ ਸਰਕਾਰਾਂ ਅਤੇ ਸਿੱਖੀ ਦੇ ਵੈਰੀ ਕਦੋਂ ਦੇ ਚਾਹੁੰਦੇ ਸਨ ਕਿ ਇਹਨਾਂ ਸਿੱਖਾਂ ਦੇ ਹੱਥਾਂ ਵਿਚੋਂ ਕਿਰਪਾਨਾਂ ਸੁੱਟਵਾ ਕੇ ਇਹਨਾਂ ਦੇ ਹੱਥਾਂ ਵਿਚ ਮਾਲਾ ਫੜਾ ਦਿੱਤੀਆਂ ਜਾਣ। ਚੇਤੇ ਰਹੇ ਕਿ ਬੁੱਚੜ ਵੱਢ ਕੇ ਕੂਕਿਆਂ ਨੇ ਥੋੜੀ ਬਹਾਦਰੀ ਦਿਖਾਈ ਤਾਂ ਅੰਗਰੇਜ਼ ਨੇ ਉਨ੍ਹਾਂ ਦੇ ਹੱਥਾਂ ਵਿਚ ਉੱਨ ਦੀਆਂ ਮਾਲਾਂ ਫੜਾ ਦਿੱਤੀਆਂ ਸਨ। ਅੱਜ ਕੂਕੇ ਇਹੀ ਕਹਿੰਦੇ ਹਨ ਕਿ ਅਸੀਂ ਤਾਂ ਵੈਸ਼ਨੋ ਭਗਤ ਹੁੰਦੇ ਹਾਂ।

ਸੋ ਗੁਰਦੁਆਰਿਆਂ ਦੀ ਥਾਂ ਇਹਨਾਂ ਨੇ ਡੇਰੇ ਪ੍ਰਚੱਲਿਤ ਕਰ ਦਿੱਤੇ, ਸ਼ਾਸਤਰਾਂ ਨਗਾਰਿਆਂ, ਨਿਸ਼ਾਨਾਂ ਨੂੰ ਪਰ੍ਹੇ ਕਰ ਦਿੱਤਾ ਗਿਆ, ਉਨੂੰਨ ਦੀਆਂ ਮਾਲਾ ਚਿੱਟੇ ਕੱਪੜੇ ਇਹਨਾਂ ਸਾਧਾਂ ਨੇ ਪਹਿਨ ਲਏ, ਸਿਰਾਂ ਉਨੂੰਪਰ ਗੋਲ ਛੋਟੇ ਪਟਕੇ ਬੰਨ੍ਹ ਲਏ, ਇਹਨਾਂ ਸਾਧਾਂ ਨੇ ਜੁੱਤੀ ਦੀ ਥਾਂ ਖੜਾਵਾਂ ਪਾ ਲਈਆਂ। ਤਿੰਨ ਫੁੱਟੀ ਕਿਰਪਾਨ ਦੀ ਥਾਂ 2 ਇੰਚੀ ਛਿੰਚੀ ਤਬੀਤ ਨਾਲ ਅੰਮ੍ਰਿਤ ਛਕਾਉਣ ਨੂੰ ਇਕ ਰਸਮ ਬਣਾ ਦਿੱਤਾ ਗਿਆ। ਗੁਰਬਾਣੀ ਨੂੰ ਸਮਝਣ ਮੰਨਣ ਦੀ ਥਾਂ ਮੰਤਰ-ਜਾਪ, ਵਰਗੀਆਂ ਰਾਮ-ਰਾਮ ਦੀਆਂ ਮਾਲਾ, ਅਖੰਡ ਪਾਠ, ਸੰਪਟ ਪਾਠ, ਅਤੀ ਸੰਪਟ ਪਾਠ, ਪਾਠਾਂ ਦੀਆਂ ਗਿਣਤੀਆਂ ਸ਼ੁਰੂ ਕਰ ਦਿੱਤੀਆਂ।

ਮੁਸ਼ਕਲ ਸਮੇਂ ਮੰਤਰਾਂ ਦਾ ਸਹਾਰਾ, ਕਿਰਤ ਨਾ ਕਰਕੇ ਲੋਕਾਂ ਦੀ ਕਮਾਈ ਦਾਨ ਦੇ ਨਾਂ ਤੇ ਖਾਣੀ, ਅਖੌਤੀ ਜਤੀ ਹੋਣ ਦਾ ਪ੍ਰਚਾਰ ਕਰਨਾ (ਡੇਰਿਆਂ ਵਿਚ ਬਲਾਤਕਾਰ ਦਾ ਰਾਹ ਖੁੱਲਾ), ਡੇਰਿਆਂ ਨੂੰ ਨਿੱਜੀ ਮਾਲਕੀ ਬਣਾਉਂਣਾ, ਚੜ੍ਹਾਵੇ ਦਾ ਪੈਸਾ ਪੰਥਕ ਕਾਰਜਾਂ ਵਾਸਤੇ ਨਾਂਹ ਖਰਚਣਾ, ਸਗੋਂ ਐਸ਼-ਪ੍ਰਸਤੀ ਵਿਚ ਰੋਹੜ ਦੇਣਾ, ਸਿੱਖਾਂ ਅੰਦਰੋਂ ਸਵੈਮਾਨ ਖਤਮ ਕਰਕੇ ਆਪਣੇ ਚੇਲੇ ਬਣਾਉਣਾ, ਆਪਣੇ ਜੀ-ਹਜ਼ੂਰੀਏ, ਬੁਜ਼ਦਿਲ ਕਾਇਰ ਬਣਾਉਂਣਾ, ਗੁਲਾਮ ਬਣਾਉਣਾ, ਗੁਰਬਾਣੀ ਤੱਤ ਸੋਚ ਗਿਆਨ ਤੋਂ ਲੋਕਾਂ ਨੂੰ ਦੂਰ ਕਰਨਾ ਅਤੇ ਜੋਗ ਮੱਤ, ਬ੍ਰਾਹਮਣੀ ਮੱਤ, ਜੈਨ ਮੱਤ ਵਾਲੇ ਕਰਮ ਕਾਂਡ ਦੇ ਰਾਹ ਪਾਈ ਰੱਖਣਾ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਮੰਨਣ ਦੀ ਬਜਾਏ ਗੁਰੂ ਦੀ ਪੂਜਾ ਕਰਵਾਉਣੀ, ਰਾਜਨੀਤਿਕ, ਧਾਰਮਿਕ ਆਗੂਆਂ ਦੇ ਜ਼ਬਰ ਜ਼ੁਲਮ ਦੇ ਖਿਲਾਫ਼ ਕਦੇ ਜ਼ੁਬਾਨ ਨਾ ਖੋਲਣੀ, ਗੁਰਬਾਣੀ ਦੀ ਕਥਾ ਦੀ ਥਾਂ ਤੇ ਆਪਣੀ ਹੀ ਫੋਕੀ ਪ੍ਰਸੰਸਾ, ਫੋਕੀ ਖੁਸ਼ਾਮਦ ਦੀ ਕਥਾ ਚੇਲਿਆਂ ਤੋਂ ਕਰਵਾਉਂਣੀ, ਆਪਣੇ ਆਪ ਨੂੰ ਹੀ ਰੱਬ ਸਿੱਧ ਕਰਨ ਦੀ ਕੋਝੀ ਕੋਸ਼ਿਸ਼ ਕਰਦੇ ਰਹਿਣਾ, ਲਹੂ ਬਿੱਜਾ ਇਤਿਹਾਸ ਨਾ ਸੁਣਾ ਕੇ ਕੇਵਲ ਕਰਾਮਾਤੀ ਕਹਾਣੀਆਂ ਸੁਣਾ ਕੇ ਲੋਕਾਂ ਪਾਸੋਂ ਨੋਟ, ਵੋਟ ਅਤੇ ਝੂਠੀ ਵਡਿਆਈ ਖੱਟਣੀ, ਨਾਂਅ ਨਾਲ ਸਿੰਘ, ਭਾਈ ਦੀ ਥਾਂ ਹਜ਼ੂਰ, ਮਹਾਂਰਾਜ, ਪੂਰਣ, ਸੰਪੂਰਣ, ਸੰਤ, ਬ੍ਰਹਮ ਗਿਆਨੀ, ਸ਼੍ਰੀ 108, 1008 ਮੁਰਾਰੇ, ਸ੍ਰੀ ਸੰਤ ਦੀਨ ਦਿਆਲ, ਗੋਸਾਂਈ, ਸੋਆਮੀ, ਅੰਤਰਯਾਮੀ, ਹਰਿ ਸੰਤ, ਸੰਤ ਅਸਾਧ ਅਪਾਰ, ਸੰਤ ਸਿਰਤਾਜ, ਅਕਾਲ ਰੂਪ, ਪ੍ਰਭੂ, ਨਾਥ, ਸਾਈ, ਹਰਿ ਜੀ, ਮਰਿਯਾਦਾ ਪ੍ਰੋਸ਼ਤਰਾ ਆਦਿ ਵਿਸ਼ੇਸ਼ਣ ਵਰਤਣੇ ਇਹ ਇਹਨਾਂ ਸਾਧਾਂ ਸੰਤਾਂ ਦੇ ਮੁੱਖ ਕੰਮ ਹਨ।

ਗੁਰਦੁਆਰੇ ਅਤੇ ਡੇਰੇ ਵਿਚ ਫਰਕ

ਗੁਰਦੁਆਰਾ ਸਾਹਿਬ :- ਜਿੱਥੇ ‘ਧੰਨ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ’ ਦਾ ਪ੍ਰਕਾਸ਼ ਹੋਵੇ, ਪੰਥ ਪ੍ਰਵਾਨਿਤ ਰਹਿਤ ਮਰਿਯਾਦਾ ਲਾਗੂ ਹੋਵੇ, ਸਾਰੀ ਚੱਲ ਅਤੇ ਅਚੱਲ ਜਾਇਦਾਦ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਨਾਂਅ ਹੋਵੇ, ਗੁਰੂ ਦੀ ਗੋਲਕ ਗਰੀਬ ਦੇ ਮੂੰਹ ਨਾਲ ਜੁੜੀ ਹੋਵੇ, ਕੇਵਲ ਤੇ ਕੇਵਲ ਗੁਰੂ ਦਾ ਹੀ ਹੁਕਮ ਮੰਨਿਆ ਜਾਵੇ। ਕੋਈ ਸਖ਼ਸ਼ੀ ਪੁਜਾ ਨਾਂਹ ਹੋਵੇ, ਉਹ ਗੁਰਦੁਆਰਾ ਸਾਹਿਬ ਹੈ। ਗੁਰਦੁਆਰੇ ਗੁਰਮਤਿ ਕੇਂਦਰ ਹੋਣ ਜਿੱਥੋਂ ਗੁਰਬਾਣੀ ਦਾ ਚਾਨਣ ਦੂਰ ਦੂਰ ਤੱਕ ਫੈਲਾਇਆ ਜਾਵੇ।

ਡੇਰਾ :- ਜਿੱਥੇ ਭਾਵੇਂ ਦਿਖਾਵੇ ਮਾਤਰ ‘ਸ੍ਰੀ ਗੁਰੂ ਗੰ੍ਰਥ ਸਾਹਿਬ ਜੀ’ ਦੇ ਪ੍ਰਕਾਸ਼ ਵੀ ਕੀਤੇ ਹੋਣ, ਸਿੱਖ ਰਹਿਤ ਮਰਿਯਾਦਾ ਲਾਗੂ ਨਹੀਂ ਹੈ। ਸਖ਼ਸ਼ੀ ਪੂਜਾ (ਬੰਦੇ ਦੀ ਪੂਜਾ) ਬੰਦੇ ਦਾ ਹੁਕਮ, ਸੰਪਰਦਾਈ, ਕਰਮ-ਕਾਂਡੀ ਮਰਯਾਦਾ ਹੋਰ ਕਰਮ ਰਸਮੀ ਤੌਰ ਤੇ ਦਿਖਾਵੇ ਵਾਸਤੇ, ਆਪਣੀ ਦੁਕਾਨਦਾਰੀ ਜੋ ਝੂਠ ਦੀ ਹੈ ਪਰ ਸੱਚ ਦਾ ਲੇਬਲ ਲਗਾ ਕੇ ਖੋਲ੍ਹੀ ਹੋਈ ਹੈ। ਉਹ ਚਲਾਉਣ ਵਾਸਤੇ ਕੇਵਲ ਭੀੜਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਕੀਤਾ ਜਾਂਦਾ ਹੈ ਸਾਰੀ ਚੱਲ ਅਤੇ ਅਚੱਲ ਜਾਇਦਾਦ ਡੇਰਾ ਮੁਖੀ ਬੰਦੇ ਨਾਂਅ ਹੈ ਉਹ ਡੇਰਾ ਹੈ।

ਡੇਰਾਵਾਦ ਪ੍ਰਫ਼ੁਲਿੱਤ ਕਿਉਂ ਹੋਇਆ:- ਇਸ ਸਬੰਧ ਵਿਚ ਉਪਰ ਕਾਫ਼ੀ ਕੁਝ ਲਿਖ ਆਏ ਹਾਂ। ਡੇਰੇਦਾਰਾਂ ਨੇ ਆਪਣੇ ਆਪ ਨੂੰ ਰੱਬ ਵੀ ਉਪਰ ਸਿੱਧ ਕੀਤਾ, ਬੜੀ ਲੱਛੇਦਾਰ ਸ਼ਬਦਾਵਲੀ ਰਾਹੀਂ ਕਹਿੰਦੇ ਹਨ ਕਿ ਰੱਬ ਦੀ ਬੱਧੀ ਛੁੱਟ ਜਾਂਦੀ ਹੈ, ਪਰ ਸਾਧ ਦੀ ਬੱਧੀ ਨਹੀਂ ਛੁੱਟਦੀ। ਭਾਵ, ਕਿ ਦਾਤਾਂ ਦੇਣ ਵਾਲਾ ਪ੍ਰਮਾਤਮਾਂ ਨਹੀਂ ਹੈ, ਇਹ ਸਾਧ ਹੈ। ਕੇਵਲ ਇਹਦੇ ਪੈਰਾਂ ਦੀ ਮਿੱਟੀ ਮੱਥੇ ਨੂੰ ਲਾਉਂਣ ਨਾਲ ਰੇਖ ਵਿਚ ਮੇਖ ਵੱਜ ਜਾਂਦੀ ਹੈ। ਕੇਵਲ ਇਸ ਦੇ ਹੀ ਤਲਵੇ ਚੱਟਣ ਦੀ ਲੋੜ ਹੈ। ਬਾਕੀ ਸਾਰਾ ਕੁਝ ਇਸ ਡੇਰੇ ਦਾਰ ਸਾਧ ਨੇ ਆਪੇ ਹੀ ਕਰ ਦੇਣਾ ਹੈ। ਭੋਲੇ-ਭਾਲੇ ਲੋਕ ਸਾਧ ਦੇ ਵਰਾਂ ਦੇ ਲਾਲਚ ਅਤੇ ਸਰਾਪ ਦੇ ਡਰੋਂ ਇਹਨਾਂ ਸਾਧਾਂ ਸੰਤਾਂ ਵੱਲ ਖਿੱਚੇ ਗਏ। ਪਾਖੰਡ ਤੋਂ ਵੈਸੇ ਵੀ ਲੋਕ ਜਲਦੀ ਪ੍ਰਭਾਵਿਤ ਹੁੰਦੇ ਹਨ। ਸੋਚਦੇ ਹਨ ਕਿ ਹਰ ਤਰ੍ਹਾਂ ਦੀ ਤਰੱਕੀ ਸਾਧ ਦੇ ਵੱਸ ਹੈ। ਇਹ ਕਹਿੰਦੇ ਵੀ ਸੁਣੇ ਹਨ ਕਿ ਬਾਦਲ, ਕੈਪਟਨ, ਤਖ਼ਤਾਂ ਦੇ ਜਥੇਦਾਰ ਐਵੇਂ ਥੋੜੀ ਹਨ, ਉਹ ਵੀ ਤਾਂ ਉੱਥੇ ਡੇਰੇ ਜਾਂਦੇ ਹਨ। ਫੋਕੀ ਰਾਜਨੀਤੀ ਦੀ ਖੇਡ ਖੇਡਣ ਵਾਲੇ ਲੀਡਰਾਂ ਨੇ ਅਤੇ ਭ੍ਰਿਸ਼ਟ ਬੇਈਮਾਨ ਅਫ਼ਸਰਾਂ ਨੇ ਵੀ ਇਹਨਾਂ

ਡੇਰਿਆਂ ਨੂੰ ਬਹੁਤ ਪ੍ਰਫ਼ੁਲਿਤ ਕੀਤਾ ਹੈ, ਆਪਸ ਵਿਚ ਨੋਟਾਂ ਅਤੇ ਵੋਟਾਂ ਦੀ ਸਾਂਝ ਹੈ। ਅਗਿਆਨਤਾ, ਅਨਪੜ੍ਹਤਾ, ਬੇਰੁਜ਼ਗਾਰੀ ਵੀ ਅੱਜ ਇਹਨਾਂ ਡੇਰਿਆਂ ਦੇ ਹੱਕ ਵਿਚ ਭੁਗਤ ਰਹੀ ਹੈ।

ਮੁੱਖ ਡੇਰੇ ਤਿੰਨ ਕਿਸਮ ਦੇ ਹਨ

1. ਦੇਹਧਾਰੀ ਡੰਮ੍ਹ ਡੇਰਾਵਾਦ :- ਵਿਅਕਤੀਗਤ ਸਖ਼ਸ਼ੀ ਪੂਜਾ ਦਾ ਦਾਅਵਾ ਇਹ ਕਰਦੇ ਹਨ। ਇਹਨਾਂ ਵਿਚੋਂ ਕਈ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਗੁਰਬਾਣੀ ਦੀਆਂ ਤੁਕਾਂ ਲੈ ਕੇ ਮਰਜ਼ੀ ਦੇ ਅਰਥ ਕਰਕੇ ਆਪਣਾ ਵੱਖਰਾ ਡੰਮ੍ਹ ਚਲਾਉਣ ਵਿਚ ਸਫ਼ਲ ਹੋ ਗਏ ਹਨ ਹੋਰ ਧਰਮਾਂ ਦੇ ਲੋਕਾਂ ਦੇ ਨਾਲ ਨਾਲ ਅਗਿਆਨੀ ਭੋਲੇ ਸਿੱਖਾਂ ਨੂੰ ਵੀ ਭਾਰੀ ਗਿਣਤੀ ਵਿਚ ਇਹਨਾਂ ਨੇ ਆਪਣੇ ਭਰਮ ਜਾਲ ਵਿਚ ਫਸਾਇਆ ਹੋਇਆ ਹੈ। ਇਹ ਵੱਖ-ਵੱਖ ਥਾਵਾਂ ਤੇ ਗੱਦੀਆਂ ਲਾਈ ਬੈਠੇ ਹਨ। ਕੋਈ ਬਿਆਸਾ ਗੱਦੀ ਲਾਈ ਬੈਠਾ ਹੈ, ਕੋਈ ਆਗਰੇ, ਕੋਈ ਢੇਸੀਆਂ, ਨੂਰਮਹਿਲ, ਕੋਈ ਭਨਿਆਰੀਆ, ਕੋਈ ਵਡਭਾਗੀਆ, ਕੋਈ ਨਿਰੰਕਾਰੀ, ਕੋਈ ਨਾਮਧਾਰੀਆ, ਕੋਈ ਸਰਸੇ ਝੂਠੇ ਸੌਦੇ ਵਾਲਾ, ਕੋਈ ਕਿਤੇ ਅਤੇ ਕੋਈ ਕਿਤੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਇਹ ਸਿੱਧਾ ਚੈਲਿਜ ਕਰਦੇ ਹਨ। ਉੱਪਰ ਲਿਖੇ ਮੁਤਾਬਿਕ ਜੈਮਲ ਸਿਹੁੰ ਜੋ ਬਿਆਸ ਵਾਲੀ ਗੱਦੀ ਦੇ ਮਾਲਿਕ ਰਹੇ ਇਹ ਵੀ ਫੌਜ਼ ਵਿਚੋਂ ਹੀ ਤਿਆਰ ਹੋ ਕੇ ਆਏ ਸਨ। ਸਾਰੇ ਦੇਹਧਾਰੀ ਦੰਭੀ ਨਾਮ ਦਾਨ ਦੇਂਦੇ ਹਨ ਕਿਸੇ ਕੋਲ ਪੰਜ ਸ਼ਬਦ ਹਨ ਕਿਸੇ ਕੋਲ ਤਿੰਨ ਅਤੇ ਕਿਸੇ ਕੋਲ ਇੱਕ ਸ਼ਬਦ ਹੈ। ਇਹਨਾਂ ਦੇ ਚੇਲੇ ਚਾਟੜੇ ਇਹਨਾਂ ਵੱਲ ਲੋਕਾਂ ਨੂੰ ਖਿੱਚਣ ਲਈ ਝੂਠ ਬੋਲਣ ਵਿਚ ਬੜੇ ਮਾਹਿਰ ਹਨ।

2. ਸਿੱਖ ਸੰਪਰਦਾਈ ਡੇਰਾਵਾਦ :- ਇਹ ਉਹ ਲੋਕ ਹਨ ਜੋ ਚੋਰ ਮੋਰੀਆਂ ਰਾਹੀਂ ਸਿੱਖ ਧਰਮ ਅੰਦਰ ਆ ਗਏ ਹਨ ਇਹਨਾਂ ਵਿਚੋਂ ਕਈਆਂ ਦੇ ਕੰਮ ਤਾਂ ਦੇਹਧਾਰੀ ਦੰਭੀਆਂ ਵਾਲੇ ਹੀ ਹਨ, ਆਂ ਵਿਚ ਗੱਦੀਆਂ ਲਗਾਉਂਦੇ ਹਨ ਗੁਰੂ ਗ੍ਰੰਥ ਸਾਹਿਬ ਨੂੰ ਪੂਜਣ ਦੀ ਗੱਲ ਇਹ ਕਰਦੇ ਹਨ, ਭੇਖ ਪਹਿਰਾਵਾ ਬੜਾ ਪ੍ਰਭਾਵਸ਼ਾਲੀ ਹੈ, ਖੰਡੇ ਬਾਟੇ ਦੀ ਪਾਹੁਲ ਛਕਦੇ ਹਨ ਤੇ ਛਕਾਉਂਦੇ ਵੀ ਹਨ ਵਿਚ ਪ੍ਰਕਾਸ਼ ਵੀ ਕਰਦੇ ਹਨ, ਹਰ ਡੇਰੇ ਦੀ ਮਰਿਯਾਦਾ ਵੱਖ-ਵੱਖ ਹੈ। ਮਰਜ਼ੀ ਹੁਕਮ ਸਭ ਡੇਰੇਵਾਦ ਦਾ ਚੱਲਦਾ ਹੈ, ਸਾਰੀ ਜਾਇਦਾਦ ਡੇਰੇ ਦੇ ਨਾਮ ਤੇ ਹੈ, ਇਹਨਾਂ ਕਦੇ ਵੀ ਆਪਣੇ ਆਪ ਨੂੰ ਪੰਥ ਦਾ ਅੰਗ ਨਹੀਂ ਮੰਨਿਆ, ਜਦੋਂ ਡੇਰੇਦਾਰ ਸਾਧ ਮਰਦਾ ਹੈ ਤਾਂ ਪੱਗ ਦਾ ਝਗੜਾ ਪੈ ਜਾਂਦਾ ਹੈ। ਡੇਰੇ ਵੰਡੇ ਜਾਂਦੇ ਹਨ।

ਇਹਨਾਂ ਵਿਚ ਵੀ ਕਈ ਕਿਸਮਾਂ ਹਨ। ਕੋਈ ਕਾਰ ਸੇਵਾ ਵਾਲੇ, ਕੋਈ ਲੰਗਰਾਂ ਵਾਲੇ, ਕੋਈ ਸੇਵਾ ਪੰਥੀ, ਕੋਈ ਛੋਟੇ, ਕੋਈ ਵੱਡੇ ਬ੍ਰਹਮਗਿਆਨੀ, ਢੋਲਕੀ, ਚਿਮਟਾ ਕਲਚਰ ਨੇ ਵੀ ਇਹਨਾਂ ਨੂੰ ਬਹੁਤ ਵਧਾਇਆ ਫੈਲਾਇਆ ਹੈ। ਇਹਨਾਂ ਦੇ ਘਰੀਂ ਜੋ ਬੱਚੇ ਜੰਮਦੇ ਹਨ ਉਨ੍ਹਾਂ ਨੂੰ ਵੀ ਇਹ ਕਿਸੇ ਨਾ ਕਿਸੇ ਅਵਤਾਰ ਨਾਲ ਜੋੜ ਦੇਂਦੇ ਹਨ। ਕੱਲ ਦੇ ਜੰਮੇ ਛੋਕਰੇ ਅੱਜ ਹਜ਼ੂਰ ਮਹਾਰਾਜ ਕਹਾਉਂਦੇ ਹਨ।

3. ਫੁਟਕਲ ਡੇਰੇਦਾਰ :- ਵੰਨ ਸੁਵੰਨੇ ਤਾਂਤਰਿਕ ਪੁਛਾਂ ਦੱਸਣਾ ਦੇਣ ਵਾਲੇ ਨਾਂਗੇ ਸਾਧ ਧਾਗੇ ਤਵੀਤ ਲਾਚੀਆਂ ਪਾਣੀ ਪੇੜੇ ਦੇਣ ਵਾਲੇ ਭੁਤ ਪ੍ਰੇਤ ਕੱਢਣ ਵਾਲੇ, ਕੀਤਾ ਕਰਾਇਆ ਦੱਸਣ ਵਾਲੇ, ਕਾਲੇ ਇਲਮ ਦੇ ਫੋਕੇ ਦਾਅਵੇ ਕਰਨ ਵਾਲੇ ਸਾਧਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ। ਭੋਲੇ ਭਾਲੇ ਲੋਕਾਂ ਨੂੰ ਅੰਧਵਿਸ਼ਵਾਸ਼, ਵਹਿਮਾਂ ਭਰਮਾਂ ਵਿਚ ਪਾ ਕੇ ਲੁੱਟ ਰਹੇ ਹਨ। ਸਰਕਾਰਾਂ ਅਤੇ ਹੋਰ ਜ਼ਿੰਮੇਵਾਰ ਇਨ੍ਹਾਂ ਉੱਪਰ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਕੇਵਲ ਮੂਕ ਦਰਸ਼ਕ ਬਣੇ ਹੋਏ ਹਨ। ਵਾੜ ਹੀ ਖੇਤ ਨੂੰ ਖਾ ਰਹੀ ਹੈ ਸੁਚੇਤ ਹੋਣ ਦੀ ਲੋੜ ਹੈ।

ਸਿਖ ਕੌਮ ਅਤੇ ਮਨੁੱਖੀ ਸਮਾਜ ਉੱਤੇ ਪ੍ਰਭਾਵ

ਜਿਹੜੀ ਸਿੱਖੀ ਤਲਵਾਰਾਂ ਨਾਲ ਨਾ ਮਰੀ ਰਾਈਫਲਾਂ, ਤੋਪਾਂ, ਟੈਂਕਾਂ ਨਾਲ ਵੀ ਖਤਮ ਨਾ ਹੋਈ ਤਾਂ ਹਮਲਾਵਰਾਂ ਨੇ ਵੀ ਤਰੀਕੇ ਬਦਲ ਲਏ ਉਨ੍ਹਾਂ ਨੂੰ ਸਭ ਤੋਂ ਵਧੀਆ ਤਰੀਕਾ ਫੁੱਟ ਪਾਉਣ ਵਾਲਾ ਲੱਭਾ। ਆਵਾਜ਼ਾਂ ਮਾਰੀਆਂ ਗਈਆਂ ਕਿ ਐਸੇ ਬੰਦੇ ਅੱਗੇ ਆਉਣ ਜੋ ਵੱਡੀ ਪੱਧਰ ਉੱਤੇ ਸਿੱਖਾਂ ਵਿਚ ਫੁੱਟ ਪਾਉਣ। ਨਾਲ ਲਾਲਚ ਦਿੱਤੇ ਗਏ ਕਿ ਜਿਹੜਾ ਸ਼ਖ਼ਸ਼ ਇਹ ਕੰਮ ਤਨਦੇਹੀ ਨਾਲ ਕਰੇਗਾ ਭਾਵੇਂ ਖੋਤੇ ਉੱਤੇ ਚੜਨ ਵਾਲਾ ਹੋਵੇ ਉਸ ਨੂੰ ਹਵਾਈ ਜਹਾਜ ਉ×ਤੇ ਚੜ੍ਹਾ ਦੇਵਾਂਗੇ। ਜੋ ਇਸ ਕੰਮ ਵਾਸਤੇ ਅੱਗੇ ਆਏ ਉਹ ਬਹੁਤ ਵੱਡੇ-ਵੱਡੇ ਡੇਰਾਦਾਰਾਂ ਦੇ ਰੂਪ ਵਿਚ ਦੁਨੀਆਂ ਦੇ ਸਾਹਮਣੇ ਆਏ ਹਾਕਮਾਂ ਨੇ ਉਹਨਾਂ ਨੂੰ ‘ਗੁਰੂ’ ਕਿਹਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਿਆਈ ਨੂੰ ਚੈਲੰਜ ਕੀਤਾ ਗਿਆ। ਭੇਖੀ ਡੇਰੇਦਾਰਾਂ ਨੇ ਬੜੀ ਵੱਡੀ ਦੁਬਿਦਾ ਖੜੀ ਕਰ ਦਿੱਤੀ ਭਾਰੀ ਗਿਣਤੀ ਵਿਚ ਸਿੱਖ ਭੁਲੇਖਾ ਖਾ ਗਏ ਕਿ ਗੁਰੂ ਬਾਣੀ ਕਿ ਕੋਈ ਵਿਅਕਤੀ? ਵਿਚੋਲੇ ਦੀ ਗੱਲ ਦੇਹਧਾਰੀ ਗੁਰੂ ਉੱਤੇ ਬੜਾ ਜੋਰ ਦਿੱਤਾ ਗਿਆ। ਨਾਮਧਾਰੀਆਂ ਨੇ ਸਿੱਧਾ ਚੈਲੰਜ ਕੀਤਾ ਕਿ ਗੁਰਿਆਈ ਤਾਂ ਦਸਮ ਪਾਤਿਸ਼ਾਹ ਦੇ ਜੋਤੀ ਜੋਤਿ ਸਮਾਉਣ ਤੋਂ 100 ਸਾਲ ਬਾਅਦ ਬਾਬਾ ਬਾਲਕ ਸਿੰਘ ਨੂੰ ਦਿੱਤੀ ਗਈ ਹੈ। ਇਹ ਆਪਣੇ ਡੇਰੇਦਾਰਾਂ ਨੂੰ ਸਿੱਧਾ ਹੀ 11ਰਵੀਂ, 12ਰਵੀ ਪਾਤਿਸ਼ਾਹੀ ਲਿਖਦੇ ਹਨ।

ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਭੇਖੀ

ਡੇਰੇਦਾਰਾਂ ਨੇ ਸਾਰੇ ਧਰਮਾਂ ਦੇ ਸਤਿਕਾਰ ਦਾ ਫੋਕਾ ਦਾਅਵਾ ਕੀਤਾ ਹੋਇਆ ਹੈ। ਭੇਖੀ ਡੇਰੇਦਾਰਾਂ ਨੇ ਗੁਰੂ ਸਾਹਿਬਾਂ ਵੱਲੋਂ ਖਤਮ ਕੀਤੀ ਜਾਤਿ-ਪਾਤਿ ਫਿਰ ਵਾਪਸ ਲੈ ਆਂਦੀ। ਕਈ ਸੰਤ ਸਾਧ ਅੱਜ ਨੀਵੀਂ ਜਾਤਿ ਵਾਲਿਆਂ ਨੂੰ ਵੱਖਰੀ ਖੰਡੇ ਦੀ ਪਾਹੁਲ ਦੇਂਦੇ ਹਨ। ਗੁਰੂ ਦੀ ਹਜ਼ੂਰੀ ਵਿਚ ਵਿਤਕਰੇ ਕਰਦੇ ਹਨ। ਇਸੇ ਕਰਕੇ ਵੀ ਕਈ ਸਿੱਖ ਸਿੱਖੀ ਤੋਂ ਦੂਰ ਜਾ ਰਹੇ ਹਨ। ਸੰਗਤ-ਪੰਗਤ ਵਿਚ ਵੀ ਇਹਨਾਂ ਸਾਧਾਂ ਸੰਤਾਂ ਨੇ ਵੰਡੀਆਂ ਪਾ ਦਿੱਤੀਆਂ, ਕਿਸਮਾਂ ਬਣਾ ਦਿੱਤੀਆਂ ਸੰਗਤ ਤੇ ਪੰਗਤ ਦੀਆਂ। ਵੰਨ-ਸੁਵੰਨੇ ਭੇਖਾਂ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਨਾਵਾਂ ਦੇ ਨਾਲ ਲੱਗੀਆਂ ਡਿਗਰੀਆਂ ਗੁਰੂ, ਸਤਿਗੁਰੂ, ਹਜ਼ੂਰ, ਮਹਾਰਾਜ, ਪਾਤਸ਼ਾਹ, 108, ਪੂਰਨ ਸੰਤ, ਬ੍ਰਹਮ ਗਿਆਨੀ ਦੇਖ ਕੇ ਲੋਕਾਂ ਨੇ ਵਿਸ਼ਵਾਸ਼ ਕਰ ਲਿਆ ਪਰ ਇਹਨਾਂ ਨੇ ਵਿਸ਼ਵਾਸਘਾਤ ਕੀਤਾ।

ਇਹ ਕਿਰਤ ਕਾਰ ਕੋਈ ਨਹੀਂ ਕਰਦੇ ਵਿਹਲੜ ਜਮਾਤ ਹੈ। ਲੋਕਾਂ ਦੇ ਸਿਰੋਂ ਖਾਂਦੇ ਹਨ ਲੋਕਾਂ ਦੀ ਕਮਾਈ ਤੇ ਐਸ਼ ਕਰਦੇ ਹਨ। ਆਰਥਕ ਤੌਰ ਤੇ ਵੀ ਇਹਨਾਂ ਨੇ ਬਹੁਤ ਨੁਕਸਾਨ ਕੀਤਾ ਹੈੇ। ਭੇਖੀ ਡੇਰੇਦਾਰ ਕਹਿੰਦੇ ਹਨ ਕਿ ਗੁਰਬਾਣੀ ਪੜ੍ਹਨਾ ਹਰ ਇਕ ਦੇ ਵੱਸ ਨਹੀਂ, ਇਹ ਸੰਤ ਹੀ ਪੜ੍ਹ ਸਕਦੇ ਹਨ, ਸਮਾਜ ਨੂੰ ਗੁਰਬਾਣੀ ਨਾਲੋਂ ਤੋੜ ਕੇ ਆਪਣੇ ਪੈਰਾਂ ਨਾਲ ਜੋੜਦੇ ਹਨ, ਭੁਲੇਖਾ ਪਾ ਰਹੇ ਹਨ ਕਿ ਅਸੀਂ ਤਾਂ ਗੁਰੂ ਨਾਲ ਜੋੜਦੇ ਹਾਂ।

ਇਹ ਸਾਰੇ ਭੇਖੀ ਡੇਰੇਦਾਰ ਗਿਆਨ ਦੇ ਚੋਰ ਹਨ। ਕਈ ਡੇਰੇਦਾਰ ਇਹ ਵੀ ਕਹਿੰਦੇ ਰਹੇ ਹਨ ਕਿ ਸੰਸਾਰੀ ਪੜ੍ਹਈ ਨਹੀਂ ਕਰਨੀ - ਲੋਕ ਅਨਪੜ੍ਹ ਰਹਿ ਗਏ। ਇਨ੍ਹ੍ਹਾਂ ਕਿਹਾ ਜਤੀ ਰਹਿਣਾ ਹੈ, ਵਿਆਹ ਪਾਪ ਹੈ। ਤਾਂ ਲੋਕ ਬਲਾਤਕਾਰਾਂ ਵਾਲੇ ਰਾਹ ਪੈ ਗਏ ਅੰਧ ਵਿਸ਼ਵਾਸ਼, ਕਰਮ-ਕਾਂਡ ਵਹਿਮ-ਭਰਮ, ਪੁੱਛਣਾ ਧਾਗੇ-ਤਵੀਤ, ਕੀਤਾ ਕਰਾਇਆ ਆਦਿ ਚੱਕਰਾਂ ਵਿਚ ਪਾ ਕੇ ਇਹਨਾਂ ਨੇ ਲੋਕਾਂ ਨੂੰ ਮਾਨਸਿਕ ਰੋਗੀ ਬਣਾਇਆ। ਇਹਨਾਂ ਨੇ ਲੋਕਾਂ ਨੂੰ ਕਬਰਾਂ, ਫੱਕਰਾਂ ਦੀ ਪੂਜਾ ਵਾਲੇ ਰਾਹ ਪਾਇਆ।

ਕਾਰ ਸੇਵਾ ਵਾਲੇ ਡੇਰੇਦਾਰਾਂ ਨੇ ਲੋਕਾਂ ਨੂੰ ਸੋਨੇ ਅਤੇ ਪੱਥਰ ਸੰਗਮਰਮਰ ਨਾਲ ਜੋੜਿਆ। ਲੋਕਾਂ ਦੀ ਕਿਰਤ ਕਮਾਈ ਨੂੰ ਰੋੜਿਆ, ਪੁਰਾਤਨ ਇਮਾਰਤਾਂ ਨੂੰ ਢਾਹ ਕੇ ਇਤਿਹਾਸਿਕ ਸਰੋਤਾਂ ਨੂੰ ਖਤਮ ਕੀਤਾ ਨਾਲ ਹੀ ਇਹਨਾਂ ਵਿਚੋਂ ਬਹੁਤਿਆਂ ਨੇ ਭੰਗ, ਪੋਸਤ, ਅਫ਼ੀਮ ਨਸ਼ੇ ਵਾਲੀਆਂ, ਗੋਲੀਆਂ ਖਵਾ ਕੇ ਟੋਕਰੀ ਢੁਆਈ, ਤੂਤ ਦੀਆਂ ਛਮਕਾਂ ਦੀ ਬਣੀ ਟੋਕਰੀ ਨੂੰ ਨਾਨਕਸ਼ਾਹੀ ਟੋਕਰੀ ਕਹਿੰਦੇ ਰਹੇ। ਇਸ ਟੋਕਰੀ ਵਿਚੋਂ ਰੱਬ ਪਾ ਲੈਣ ਦੀਆਂ ਗੱਲਾਂ ਕਰਦੇ ਰਹੇ। ਇਹ ਵੀ ਕਹਿੰਦੇ ਰਹੇ ਟੋਕਰੀ ਢੋਅ ਲਓ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਦੀ ਕੋਈ ਲੋੜ ਨਹੀਂ ਹੈ। ਇਹਨਾਂ ਨੇ ਲੋਕਾਂ ਨੂੰ ਅਨਪੜ੍ਹ ਨਸ਼ੇੜੀ ਗਵਾਰ ਬਣਾਇਆ। ਇਸ ਤਰ੍ਹਾਂ ਇਹਨਾਂ ਡੇਰੇਦਾਰਾਂ ਨੇ ਗੁਰਮਤਿ ਹਰ ਸਿਧਾਂਤ ਨੂੰ ਕਰਾਰੀ ਸੱਟ ਮਾਰੀ।

ਸਿੱਖ ਕੌਮ ਜਿਉਂਦੀ ਹੈ ਇਹਨਾਂ ਭੇਖੀ ਡੇਰੇਦਾਰਾਂ ਨੂੰ ਮੂੰਹ ਤੋੜਨਞਵਾਂ ਜਵਾਬ ਦੇਵੇਗੀ, ਹਰ ਸਿੱਖ ਦੇ ਅੰਦਰ ਇਹ ਗੱਲ ਘਰ ਕਰ ਜਾਣੀ ਚਾਹੀਦੀ ਹੈ ਕਿ ‘ਰਹੇਗਾ ਨਾ ਪੰਥ ਤੋਂ ਗ੍ਰੰਥ ਕੋ ਕੌਨ ਮਾਨੇਗਾ’? ਹਰ ਸਿੱਖ ਇਹ ਗੱਲ ਮੰਨ ਕੇ ਚੱਲੇ ਕਿ ਗੁਰਬਾਣੀ ਵਿਚ ਆਏ ਸੰਤ, ਸੰਤਨ, ਬ੍ਰਹਮ ਗਿਆਨੀ ਸ਼ਬਦ ਕਿਸੇ ਭੇਖੀ ਡੇਰੇਦਾਰ ਵਾਸਤੇ ਨਹੀਂ ਲਿਖੇ, ਇਹ ਤਾਂ ਪ੍ਰਮਾਤਮਾ ਵਾਸਤੇ, ਗੁਰੂ ਵਾਸਤੇ ਸਿੱਖ ਸੰਗਤ ਵਾਸਤੇ ਹਨ।

ਡੇਰੇਦਾਰਾਂ ਤੋਂ ਸਿੱਖੀ ਨੂੰ ਬਚਾਉਣ ਦੇ ਤਰੀਕੇ ਹੇਠ ਲਿਖੇ ਹਨ :

1) ਦੇਹਧਾਰੀ ਦੰਭੀਆਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇ। ਜਿਹੜੇ ਸਿੱਖ ਉੱਥੇ ਜਾਂਦੇ ਹਨ ਉਹਨਾਂ ਨਾਲ ਬੈਠ ਕੇ ਵਿਚਾਰਾਂ ਕੀਤੀਆਂ ਜਾਣ ਪੰਥਕ ਤੌਰ ਤੇ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਲੱਭਿਆ ਜਾਵੇ ।

2) ਇਤਿਹਾਸਿਕ ਗੁਰਦੁਆਰਿਆਂ ਦੇ ਦੇ ਸਾਰੇ ਮੈਨਜਰਾਂ ਨੂੰ ਸੂਚਿਤ ਕੀਤਾ ਜਾਵੇ ਕਿ ਗੁਰਦੁਆਰਿਆਂ ਦੀਆਂ ਕੰਧਾਂ ਉੱਥੇ ਜਾਂ ਬੋਰਡਾਂ ਉੱਤੇ ਮਰ ਚੁੱਕੇ ਅਖੌਤੀ ਸੰਤਾਂ, ਬ੍ਰਹਮਗਿਆਨੀਆਂ ਦੇ ਸਬੰਧ ਵਿਚ ਗੁਰਮਤਿ ਸਮਾਗਮਾਂ ਦੇ ਪੋਸਟਰ ਨਾ ਲੱਗਣ ਦੇਣ ਤਾਂ ਜੋ ਆਪਾਂ ਸੰਗਤਾਂ ਨੂੰ ਸ਼ਬਦ ਗੁਰੂ ਨਾਲੋਂ ਤੋੜ ਕੇ ਡੇਰੇਦਾਰਾਂ ਦੇ ਸੇਵਕ ਬਣਾਉਣ ਤੋਂ ਬਚਾ ਸਕੀਏ।

3) ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਲਈ ਜਿੰਨੇ ਵੀ ਸੇਵਾਦਾਰ ਹੋਣ ਗੁਰਸਿੱਖ ਹੋਣ, ਇਹ ਸ਼ਰਤ ਬਹੁਤ ਜਰੂਰੀ ਹੈ ਕਿ ਉਹ ਕਿਸੇ ਭੇਖੀ ਡੇਰੇਦਾਰ ਨੂੰ ਨਾ ਮੰਨਦੇ ਹੋਣ।

4) ਨਾਵਾਂ ਨਾਲ ਡਿਗਰੀਆਂ ਲਾਉਣ ਤੇ ਪੂਰਣ ਤੌਰ ਤੇ ਪਾਬੰਦੀ ਲੱਗੇ। ਨਵਾਂ ਡੇਰਾ ਬਣਾਉਣ ਤੇ ਪਾਬੰਦੀ ਲੱਗੇ। ਪਹਿਲੇ ਡੇਰੇ ਗੁਰਮਤਿ ਪ੍ਰਚਾਰ ਕੇਂਦਰ ਬਣਾਏ ਜਾਣ।

5) ਜਿਹੜਾ ਵੀ ਡੇਰੇਦਾਰ ‘ਸਿੱਖ ਰਹਿਤ ਮਰਿਯਾਦਾ ਨੂੰ ਨਹੀਂ ਮੰਨਦਾ ਉੱਥੇ ‘ਗੁਰੂ ਗੰ੍ਰਥ ਸਾਹਿਬ ਜੀ’ ਦੇ ਪ੍ਰਕਾਸ਼ ਨਾ ਹੋਣ ਦਿੱਤੇ ਜਾਣ।

6) ਗੋਲਕ ਨੂੰ ਕੇਵਲ ਤੇ ਕੇਵਲ ਗਰੀਬ ਦੇ ਮੂੰਹ ਨਾਲ ਜੋੜਿਆ ਜਾਵੇ।

7) ਨਸ਼ੇ ਵਰਤਾਉਣ ਵਾਲੇ ਡੇਰੇਦਾਰਾਂ ਦੀ ਅਤੇ ਜੋ ਇਹਨਾਂ ਨੇ ਸੰਗਤ ਦੇ ਫੈਸੇ ਨਾਲ ਨਿੱਜੀ ਜਾਇਦਾਦ ਬਣਾਈ ਹੈ ਉਸਦੀ ਨਿਰਪੱਖ ਜਾਂਚ ਕਰਵਾ ਕੇ ਕਸੂਰਵਾਰਾਂ ਦੇ ਖਿਲਾਫ਼ ਮੁਕੱਦਮੇ ਦਰਜ ਕਰਵਾਏ ਜਾਣ। ਗੁਰਮਤਿ ਅਤੇ ਮਨਮਤਿ ਦਾ ਨਿਖੇੜਾ ਕੀਤਾ ਜਾਵੇ।

ਧਾਰਮਕ ਗ੍ਰੰਥਾਂ ਵਿਚੋਂ ਸਾਰਾ ਬ੍ਰਾਹਮਣਵਾਦ ਬਾਹਰ ਕੱਢਿਆ ਜਾਵੇ, ‘ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਕੇਵਲ ਇਕ ਜਗ੍ਹਾ ਤੋਂ ਪੂਰੇ ਸਤਿਕਾਰ ਸਹਿਤ ਭੇਟਾ ਰਹਿਤ ਮਿਲਣ। ਜਿੱਥੇ-ਜਿੱਥੇ ਵੀ ਅਯੋਗ ਥਾਵਾਂ ਕਬਰਾਂ, ਮੜ੍ਹੀਆਂ, ਮੰਦਰਾਂ ਆਦਿ ਵਿਚ ਸਰੂਪ ਹਨ ਉੱਥੋਂ ਵਾਪਸ ਲਿਆਂਦੇ ਜਾਣ।

ਸਭ ਤੋਂ ਪਹਿਲਾ ਕੰਮ ਤਾਂ ਅਸਲ ਵਿਚ ਇਹ ਹੈ ਕਿ ਧਾਰਮਕ ਸਥਾਨਾਂ ਨੂੰ ਪੁਜਾਰੀਵਾਦ ਅਤੇ ਸ਼੍ਰੋਮਣੀ ਕਮੇਟੀ ਨੂੰ ਅਖੌਤੀ ਸਿਆਸੀਆਂ ਤੋਂ ਮੁਕਤ ਕਰਾਇਆ ਜਾਵੇ। ਅਕਾਲ ਤਖ਼ਤ ਸਾਹਿਬ ਨੂੰ ਅਜ਼ਾਦ ਕਰਵਾਇਆ ਜਾਵੇ। ਸਰਬੱਤ ਖਾਲਸਾ ਬੁਲਾ ਕੇ ਫੈਸਲੈ ਲੈਣ ਦੀ ਰਵਾਇਤ ਬਹਾਲ ਕੀਤੀ ਜਾਵੇ। ਐਸੇ ਯਤਨ ਕਰਨ ਨਾਲ ਸਿੱਖ ਕੌਮ ਦੀ ਏਕਤਾ ਸੰਭਵ ਹੋ ਸਕਦੀ ਹੈ। ਸਿੱਖੀ ਤੋਂ ਕੋਹਾਂ ਦੂਰ ਗਏ ਨੌਜਵਾਨਾਂ ਨੂੰ ਆਪਣੇ ਮਹਾਨ ਵਿਰਸੇ ਤੋਂ ਜਾਣੂ ਕਰਵਾ ਕੇ ਸਿੱਖੀ ਵਾਲੇ ਪਾਸੇ ਮੋੜਿਆ ਜਾ ਸਕਦਾ ਹੈ। ਗੁਰਬਾਣੀ, ਗੁਰੂ ਦੀ ਵਿਚਾਰਧਾਰਾ ਘਰ-ਘਰ ਪਹੁੰਚਾਉਣ ਵਾਸਤੇ ਟੀ.ਵੀ. ਚੈਨਲਾਂ ਮੀਡੀਆ ਦੀ ਮੱਦਦ ਲਈ ਜਾ ਸਕਦੀ ਹੈ। ਸਾਰੇ ਦੇ ਸਾਰੇ ਅਸੀਂ ਜਿੰਨੇ ਵੀ ਹਾਂ ਜਿੱਥੇ ਵੀ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਤੇ ਗੁਰੂ ਪੰਥ ਪ੍ਰਤੀ ਸਮਰਪਿਤ ਭਾਵਨਾ ਰੱਖੀਏ, ਆਪਣੇ ਫ਼ਰਜ਼ਾਂ ਨੂੰ ਪਛਾਣੀਏ ਤਾਂ ਹੀ ਸੱਚ ਦੇ ਦਰਬਾਰ ਵਿਚ ਮੁੱਖ ਉੱਜਲੇ ਹੋਣਗੇ ਅਤੇ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਗੁਰੂ ਦੀਆਂ ਖੁਸ਼ੀਆਂ ਹਾਸਿਲ ਕਰ ਸਕਾਂਗੇ। ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ।

- - -

ਨੋਟ - ਡੇਰੇਦਾਰ ਸਾਧਾਂ-ਸੰਤਾਂ ਦੀਆਂ ਕਰਤੂਤਾਂ ਬਾਰੇ ਜਾਣਨ ਲਈ ਵਿਸ਼ੇਸ਼ ਤੌਰ ’ਤੇ ਪੜ੍ਹੋ ਪੁਸਤਕਾਂ :

ਸੰਤਾਂ ਦੇ ਕੌਤਕ (ਭਾਗ 1, 2, 3, 4, 5)
ਅਤੇ
ਸੁਖਮਨੀ ਦਰਸ਼ਨ

ਲੇਖਕ - ਸੁਖਵਿੰਦਰ ਸਿੰਘ ਸਭਰਾ
ਕੌਮੀ ਪੰਚ - ਸ਼੍ਰੋਮਣੀ ਖਾਲਸਾ ਪੰਚਾਇਤ