

ਵਿਵਾਦਿਤ ਹੁਕਮਨਾਮੇ ਜਾਰੀ ਕਰਨ ਵਾਲੇ ਪੁਜਾਰੀ ਗਿ: ਇਕਬਾਲ ਸਿੰਘ ਦੀ ਕਾਰਜਸ਼ੈਲੀ ਅਤੇ ਚਰਿੱਤਰ ਗੰਭੀਰ ਇਲਜ਼ਾਮਾਂ ਦੇ ਘੇਰੇ ਵਿੱਚ
- ਸਰਬਜੀਤ ਸਿੰਘ -
ਸਿੱਖ ਧਰਮ ਦੁਨੀਆ ਦਾ ਇਕ-ਮਾਤਰ ਅਜਿਹਾ ਧਰਮ ਹੈ, ਜਿਸਦੇ ਅਸੂਲ ਕਿਤੇ ਵੀ ਵਿਗਿਆਨ ਨਾਲ ਟਕਰਾਅ ਪੈਦਾ ਨਹੀਂ ਕਰਦੇ ਅਤੇ ਜਿਸ ਵਿੱਚ ਪੁਜਾਰੀ ਵਰਗ ਦੀ ਕੋਈ ਅਹਿਮੀਅਤ ਨਹੀਂ ਹੈ। ਇਸ ਧਰਮ ਦੇ ਮੁਢਲੇ ਸਿਧਾਂਤ ਮੁਤਾਬਿਕ, ਇਨਸਾਨ ਗਿਆਨ-ਗੁਰੂ ਦੇ ਉਪਦੇਸ਼ਾਂ ਮੁਤਾਬਿਕ ਆਪਣੀ ਜ਼ਿੰਦਗੀ ਢਾਲ ਕੇ, ਪਰਮਾਤਮਾ ਨਾਲ ਇਕ-ਮਿਕਤਾ ਹਾਸਲ ਕਰ ਸਕਦਾ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਤੱਕ ਸਿੱਖ ਧਰਮ ਵਿੱਚ ਪੁਜਾਰੀ ਵਰਗ ਦੀ ਕੋਈ ਹੋਂਦ ਨਹੀਂ ਸੀ। ਹਰ ਸਿੱਖ ਨੂੰ ਏਨੀ ਸਮਝ ਸੀ ਕਿ ਉਹ ਖ਼ੁਦ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਢਾਲਦਾ ਸੀ - ਕਿਸੇ ਗ੍ਰੰਥੀ / ਸੇਵਾਦਾਰ / ਜੱਥੇਦਾਰ ਆਦਿਕ ਨੂੰ ਵਿਚੋਲਾ ਨਹੀਂ ਬਣਾਉਂਦਾ ਸੀ।
ਪਰ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ-ਕਾਲ ਸਮੇਂ ਸਿੱਖ ਸਮਾਜ ਵਿੱਚ ਬ੍ਰਾਹਮਣਵਾਦ ਦੀ ਅਜਿਹੀ ਘੁਸਪੈਠ ਹੋਈ ਕਿ ਇਸ ਵਿਗਿਆਨਕ ਧਰਮ ਵਿੱਚ ਵੀ ਨਾ ਸਿਰਫ਼ ਪੁਜਾਰੀ ਵਰਗ ਪੈਦਾ ਹੋ ਗਿਆ ਬਲਕਿ ਪੁਜਾਰੀਆਂ ਨੇ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਨੂੰ ਆਪਣੀ ਮਨ-ਮਰਜ਼ੀ ਮੁਤਾਬਿਕ, ਤੋੜ-ਮਰੋੜ ਕੇ ਲੋਕਾਂ ਸਾਹਮਣੇ ਪੇਸ਼ ਕਰਨਾ ਅਰੰਭ ਕਰ ਦਿੱਤਾ। ਜਿੱਥੇ ਹਰ ਸਿੱਖ ਨੂੰ ਹੱਥੀਂ ਕਿਰਤ ਕਰਨ ਦਾ ਉਪਦੇਸ਼ ਹੈ, ਉੱਥੇ ਵਿਹਲੀਆਂ ਖਾ ਕੇ ਗੋਗੜਾਂ ਵਧਾਉਣ ਦਾ ਗਿੱਝਾ ਪੁਜਾਰੀ ਵਰਗ ਨਾ ਸਿਰਫ਼ ਗੁਰੂ ਘਰਾਂ ਤੋਂ ਆਪਣੇ ਰੋਟੀ-ਪਾਣੀ ਦਾ ਜੁਗਾੜ ਕਰਦਾ ਹੈ ਬਲਕਿ ਸਿਆਸੀ ਆਗੂਆਂ ਅਤੇ ਅਨਮਤੀ ਸੰਗਠਨਾਂ ਦਾ ਹੱਥ-ਠੋਕਾ ਬਣ ਕੇ ਗੁਲਛੱਰੇ ਵੀ ਉਡਾਉਂਦਾ ਹੈ।
ਮੌਜੂਦਾ ਸਮੇਂ ਵਿੱਚ ਸਿੱਖਾਂ ਦੇ ਪਵਿੱਤਰ ਤਖ਼ਤ ਸਾਹਿਬਾਨ ਦੇ ‘ਜੱਥੇਦਾਰ’ ਅਖਵਾਉਣ ਵਾਲੇ ਪੁਜਾਰੀ ਵੀ ਇਹੀ ਕੁਝ ਕਰ ਰਹੇ ਹਨ ਅਤੇ ਹਿੰਦੁਤਵ-ਪੱਖੀ ਸੰਗਠਨਾਂ ਦੇ ਇਸ਼ਾਰਿਆਂ ’ਤੇ ਸਿੱਖੀ ਅਸੂਲਾਂ ਵਿਰੋਧੀ ਹੁਕਮਨਾਮੇ ਜਾਰੀ ਕਰਕੇ ਕੌਮ ਨੂੰ ਨਿੱਤ ਨਵੇਂ ਸੰਕਟਾਂ ਵਿੱਚ ਧਕੇਲ ਕੇ, ਕੌਮ ਦਾ ਧਿਆਨ ਉਸਾਰੂ ਮੁੱਦਿਆਂ ਤੋਂ ਹਟਾ ਰਹੇ ਹਨ। ਇਸੇ ਕੜੀ ਵਿੱਚ, ਪਟਨਾ ਸਾਹਿਬ ਦੇ ਮੁੱਖ ਪੁਜਾਰੀ ਗਿ: ਇਕਬਾਲ ਸਿੰਘ ਨੇ ਵੀ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨ ਅਤੇ ਨਿੱਤਨੇਮ ਦੀਆਂ ਬਾਣੀਆਂ ਨੂੰ ਬਦਲਣ ਦਾ ਇਕ ਅਖੌਤੀ ਹੁਕਮਨਾਮਾ ਜਾਰੀ ਕੀਤਾ ਹੈ। ਅਕਾਲ ਤਖ਼ਤ ਸਾਹਿਬ ਦੇ ਪੁਜਾਰੀਆਂ ਵੱਲੋਂ ਵੀ ਸਿੱਖਾਂ ਨੂੰ ਬ੍ਰਾਹਮਣਵਾਦ ਵੱਲ ਧਕੇਲਣ ਵਾਲੇ, ਗੁਰਮਤਿ ਸਿਧਾਂਤਾਂ ਦਾ ਪ੍ਰਚਾਰ ਕਰਨ ਵਾਲੇ ਵਿਦਵਾਨਾਂ ਨੂੰ ‘ਛੇਕਣ’ ਵਾਲੇ ਜਾਂ ਮੋਟੀਆਂ ਰਕਮਾਂ ਉਗਰਾਹ ਕੇ ਪੰਥ-ਦੋਖੀਆਂ ਦੇ ਹੱਕ ਵਿੱਚ ਕਈ ਹੁਕਮਨਾਮੇ / ਸੰਦੇਸ਼ ਜਾਰੀ ਕੀਤੇ ਜਾਂਦੇ ਰਹੇ ਹਨ, ਜਿਨ੍ਹਾਂ ਬਾਰੇ ਇੰਡੀਆ ਅਵੇਅਰਨੈੱਸ ਦੇ ਪਾਠਕਾਂ ਨੂੰ ਸਮੇਂ-ਸਮੇਂ ’ਤੇ ਜਾਗ੍ਰਿਤ ਕੀਤਾ ਜਾਂਦਾ ਰਿਹਾ ਹੈ।

ਤਖ਼ਤ ਪਟਨਾ ਸਾਹਿਬ ਦੇ ਮੁੱਖ ਪੁਜਾਰੀ ਗਿਆਨੀ ਇਕਬਾਲ ਸਿੰਘ
ਪਟਨਾ ਸਾਹਿਬ ਦੇ ਪੁਜਾਰੀ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਦੀ ਅਸਲੀਅਤ ਅਤੇ ਇਸਨੂੰ ਜਾਰੀ ਕਰਨ ਦੇ ਕਾਰਨਾਂ ਬਾਰੇ ਇਕ ਵੱਖਰੇ ਲੇਖ ਵਿੱਚ ਜਾਣਕਾਰੀ ਦਿੱਤੀ ਗਈ ਹੈ। ਹੱਥਲੇ ਲੇਖ ਵਿੱਚ ਇਸ ਨੁਕਤੇ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਕਿ ਦੁਨੀਆ ਭਰ ਦੇ ਸਿੱਖਾਂ ਨੂੰ ਪੰਥਕ ਮਸਲਿਆਂ ਬਾਰੇ ਮਨਮਾਨੇ ਫੈਸਲੇ ਸੁਣਾਉਣ ਵਾਲੇ ਗਿ: ਇਕਬਾਲ ਸਿੰਘ ਦਾ ਖ਼ੁਦ ਦਾ ਕਿਰਦਾਰ ਕਿਹੋ ਜਿਹਾ ਹੈ।
ਗਿ: ਇਕਬਾਲ ਸਿੰਘ ਵੱਲੋਂ ਤਖ਼ਤ ਸਾਹਿਬ ’ਤੇ ਨੌਕਰੀ ਦੀ ਅਰਜ਼ੀ
ਗਿ: ਇਕਬਾਲ ਸਿੰਘ ਵੱਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਗ੍ਰੰਥੀ ਵਜੋਂ ਨੌਕਰੀ ਕਰਨ ਲਈ ਦਿੱਤੀ ਗਈ ਅਰਜ਼ੀ ਦਾ ਅਧਿਐਨ ਕਰਨ ਤੋਂ ਕਈ ਦਿਲਚਸਪ ਤੱਥ ਸਾਹਮਣੇ ਆਉਂਦੇ ਹਨ। ਮਿਤੀ 28 ਅਕਤੂਬਰ 1985 ਨੂੰ ਤਖ਼ਤ ਸਾਹਿਬ ਦੇ ਜਨਰਲ ਸਕੱਤਰ ਨੂੰ ਅਰਜ਼ੀ ਲਿਖ ਕੇ ਗਿ: ਇਕਬਾਲ ਸਿੰਘ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਗਿ: ਗੁਰਨਾਮ ਸਿੰਘ ਨਾਮ ਦੇ ਕਿਸੇ ‘ਵਿਰੱਕਤ ਮਹਾਤਮਾ’ ਕੋਲੋਂ ‘ਸੰਪੂਰਨ ਗੁਰਮਤਿ’ ਦੀ ਵਿਦਿਆ ਪ੍ਰਾਪਤ ਕੀਤੀ ਹੈ। ਸਿੱਖੀ ਜਿਹੇ ਵਿਗਿਆਨਕ ਧਰਮ, ਜਿਸਦਾ ਮੂਲ ਉਪਦੇਸ਼ ਹੀ ਗ੍ਰਹਿਸਥ ਵਿੱਚ ਰਹਿ ਕੇ ਪਰਮਾਤਮਾ ਨਾਲ ਇਕਮਿਕਤਾ ਪ੍ਰਾਪਤ ਕਰਨਾ ਹੈ, ਵਿੱਚ ‘ਵਿਰੱਕਤ’ (ਦੁਨੀਆ ਤੋਂ ਉਦਾਸੀਨ) ਅਖੌਤੀ ਮਹਾਤਮਾਵਾਂ ਦੀ ਕੀ ਕੰਮ ਹੈ? ਅਜਿਹੇ ਮਨਮਤੀ ਸਾਧਾਂ ਕੋਲੋਂ ਮਨਮਤਿ (ਜਿਸਨੂੰ ਉਹ ਸੰਪੂਰਨ ਗੁਰਮਤਿ) ਸਿੱਖਣ ਕਾਰਨ ਹੀ ਗਿ: ਇਕਬਾਲ ਸਿੰਘ ਤਖ਼ਤ ਸਾਹਿਬ ਤੋਂ ਮਨਮਤ ਦਾ ਪ੍ਰਚਾਰ ਕਰਨ ਵਿੱਚ ਜੁਟੇ ਹੋਏ ਹਨ। ਗਿ: ਇਕਬਾਲ ਸਿੰਘ ਨੇ ਜਿਹੜੀ ਕਥਿਤ ‘ਗੁਰਮਤਿ’ ਇਸ ਮਹਾਤਮਾ ਕੋਲੋਂ ਸਿੱਖੀ, ਉਸ ਬਾਰੇ ਉਹ ਖ਼ੁਦ ਹੀ ਦੱਸਦੇ ਹਨ, ‘‘ਦਸਮ ਗ੍ਰੰਥ, ਗੁਰੂ ਨਾਨਕ ਪ੍ਰਕਾਸ਼, ਗੁਰ ਪ੍ਰਤਾਪ ਸੂਰਜ, ਪੰਥ ਪ੍ਰਕਾਸ਼, ਭਾਈ ਗੁਰਦਾਸ ਜੀ ਦੀ ਸਾਰੀ ਬਾਣੀ...। ਇਸ ਤੋਂ ਇਲਾਵਾ ਸਾਰ ਕੁਤਾਵਲੀ, ਭਾਵਰਸਿਗ੍ਰਤ(?), ਵਿਚਾਰ ਮਾਲਾ, ਵਿਚਾਰ ਸਾਗਰ, ਵੈਰਾਗ ਸੱਤਕ ਭਰਥਰੀ, ਅਧਿਆਤਮ ਪ੍ਰਕਾਸ਼, ਰਾਜਨੀਤੀ ਚਾਣਕ ਆਦਿ ਗ੍ਰੰਥ ਸੰਥਿਆ ਨਾਲ ਭਲੀ ਪ੍ਰਕਾਰ ਪੜ੍ਹੇ ਹਨ...।’’ ਸਿੱਖ ਰਹਿਤ ਮਰਿਆਦਾ ਮੁਤਾਬਿਕ, ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਇਲਾਵਾ ਸਿਰਫ਼ ਭਾਈ ਗੁਰਦਾਸ ਜੀ ਜਾਂ ਭਾਈ ਨੰਦ ਲਾਲ ਸਿੰਘ ਜੀ ਦੀਆਂ ਰਚਨਾਵਾਂ ਦਾ ਕੀਰਤਨ ਹੋ ਸਕਦਾ ਹੈ। ਅਜਿਹੇ ਵਿੱਚ, ਇਨ੍ਹਾਂ ਉਲ-ਜਲੂਲ ਕਿਸਮ ਦੀਆਂ ਕਿਤਾਬਾਂ ਦਾ ਹਵਾਲਾ ਦੇ ਕੇ ਭਾਈ ਸਾਹਿਬ ਕੀ ਸਾਬਿਤ ਕਰਨਾ ਚਾਹੁੰਦੇ ਸਨ? ਇਨ੍ਹਾਂ ਕਿਤਾਬਾਂ ਵਿੱਚ ਗੁਰਮਤਿ ਅਸੂਲਾਂ ਬਾਰੇ ਕਿਹੜੀ ਅਹਿਮ ਜਾਣਕਾਰੀ ਦਿੱਤੀ ਗਈ ਹੈ, ਜੋ ਗ੍ਰੰਥੀ ਬਣਨ ਦੇ ਪ੍ਰਾਥੀ ਵੱਲੋਂ ਇਨ੍ਹਾਂ ਦੇ ਅਧਿਐਨ ਦਾ ਹਵਾਲਾ ਦਿੱਤਾ ਗਿਆ? ਸਪਸ਼ਟ ਹੈ ਕਿ ਅਜਿਹੀ ਮਨਮਤੀ ਪੁਸਤਕਾਂ ਤੋਂ ਪ੍ਰਭਾਵਿਤ ਪੁਜਾਰੀ ਮਨਮਤਾਂ ਦਾ ਹੀ ਪ੍ਰਚਾਰ ਕਰੇਗਾ।
ਆਪਣੀ ਦਰਖ਼ਾਸਤ ਵਿੱਚ ਗਿ: ਇਕਬਾਲ ਸਿੰਘ ਨੇ ਇਥੋਂ ਤੱਕ ਕਿਹਾ ਕਿ ਉਹ ਨਾਗਪੁਰ ਦੇ ਇਕ ਗੁਰਦੁਆਰਾ ਸਾਹਿਬ ਵਿੱਚ ਹੈਡ ਗ੍ਰੰਥੀ ਦੀ ਸੇਵਾ ਕਰ ਰਹੇ ਹਨ ਅਤੇ ‘‘ਤਖ਼ਤ ਸਾਹਿਬ ’ਤੇ ਸੇਵਾ ਕਰਨ ਦੀ ਬਹੁਤ ਤੀਬਰ ਇੱਛਾ ਹੈ।’’ ਗੁਰਦੁਆਰਾ ਨਾਗਪੁਰ ਦਾ ਹੋਵੇ ਜਾਂ ਪਟਨਾ ਦਾ, ਗ੍ਰੰਥੀ ਦਾ ਕੰਮ ਗੁਰਬਾਣੀ ਦੇ ਉਪਦੇਸ਼ਾਂ ਨੂੰ ਸੰਗਤ ਤੱਕ ਪਹੁੰਚਾਉਣਾ ਹੀ ਮੰਨਿਆ ਜਾਂਦਾ ਹੈ। ਪਰ ਸ਼ਾਇਦ ਗੁਰਦੁਆਰਾ ਸਾਹਿਬ ਵਿਖੇ ਗਿ: ਇਕਬਾਲ ਸਿੰਘ ਨੂੰ ਸੇਵਾ ਬਦਲੇ ਮਨ-ਮਰਜ਼ੀ ਦਾ ‘ਮੇਵਾ’ ਨਹੀਂ ਮਿਲ ਪਾ ਰਿਹਾ ਸੀ। ਜਾਂ ਫਿਰ ਉਨ੍ਹਾਂ ਨੂੰ ਨਾਗਪੁਰ ਸਥਿਤ ਹਿੰਦੁਤਵ ਦੀ ਪ੍ਰਚਾਰ ਇਕ ਫਿਰਕੂ ਜੱਥੇਬੰਦੀ ਦੇ ਹੈਡ-ਕੁਆਰਟਰ ਤੋਂ, ਸਿੱਖਾਂ ਦੇ ਸਨਮਾਨਜਨਕ ਤਖ਼ਤ ਸਾਹਿਬ ’ਤੇ ਕਾਬਿਜ਼ ਹੋਣ ਲਈ ਨਿਰਦੇਸ਼ ਪ੍ਰਾਪਤ ਹੋ ਗਏ ਸਨ। ਤਾਂ ਹੀ ਉਨ੍ਹਾਂ ਨੇ ਤਖ਼ਤ ਸਾਹਿਬ ’ਤੇ ਸੇਵਾ ਕਰਨ ਦੀ ‘‘ਤੀਬਰ ਇੱਛਾ’’ ਲਿਖਤੀ ਤੌਰ ’ਤੇ ਪ੍ਰਗਟਾ ਦਿੱਤੀ।
ਇਸ ਤਰ੍ਹਾਂ, ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਨੌਕਰੀ ਕਰਨ ਲਈ ਗਿ: ਇਕਬਾਲ ਸਿੰਘ ਵੱਲੋਂ ਦਿੱਤੀ ਗਈ ਦਰਖ਼ਾਸਤ ਹੀ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰਦੀ ਹੈ। ਪਰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਤਖ਼ਤ ਸਾਹਿਬ ਦੇ ਪ੍ਰਬੰਧਕਾਂ ਨੇ ਇਸ ਦਰਖ਼ਾਸਤ ਵਿਚਲੇ ਨੁਕਤਿਆਂ ’ਤੇ ਦੂਰ-ਅੰਦੇਸ਼ੀ ਨਾਲ ਵਿਚਾਰ ਨਹੀਂ ਕੀਤਾ, ਜਿਸਦੇ ਨਤੀਜੇ ਵਜੋਂ ਅੱਜ ਅਜਿਹੇ ਪੁਜਾਰੀ ਦੀਆਂ ਵਿਵਾਦਿਤ ਕਾਰਵਾਈਆਂ ਕਾਰਨ ਤਖ਼ਤ ਸਾਹਿਬ ਦੇ ਸਤਿਕਾਰ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।
ਇੱਥੇ ਇਹ ਗੱਲ ਵੀ ਧਿਆਨ ਦੇਣ ਯੋਗ ਹੈ ਕਿ ਗਿ: ਇਕਬਾਲ ਸਿੰਘ, ਤਕਨੀਕੀ ਤੌਰ ’ਤੇ, ਤਖ਼ਤ ਸਾਹਿਬ ਦੇ ਇਕ ਗ੍ਰੰਥੀ (ਜਾਂ ਪੁਜਾਰੀ) ਹੀ ਹਨ। ਇਸਲਈ ਉਨ੍ਹਾਂ ਵੱਲੋਂ ਇਹ ਦਾਅਵਾ ਕਰਨਾ ਕਿ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ੍ਰ: ਮਹਿੰਦਰ ਸਿੰਘ ਰੋਮਾਣਾ ਵੱਲੋਂ ਉਨ੍ਹਾਂ ਨੂੰ (ਵਿਵਾਦਿਤ ਹੁਕਮਨਾਮੇ ਜਾਰੀ ਕਰਨ ਕਾਰਨ) ਅਹੁਦੇ ਤੋਂ ਹਟਾਉਣ ਦਾ ਕੋਈ ਅਧਿਕਾਰ ਨਹੀਂ, ਬਿਲਕੁਲ ਗੈਰ-ਵਾਜਬ ਪ੍ਰਤੀਤ ਹੁੰਦਾ ਹੈ। ਬੀਜੇਪੀ ਦੇ ਸਿੱਖੀ ਵੇਸ ਵਾਲੇ ਇਕ ਆਗੂ ਦੀ ਮਦਦ ਨਾਲ ਭਾਵੇਂ ਗਿ: ਇਕਬਾਲ ਸਿੰਘ ਨੇ ਪ੍ਰਬੰਧਕਾਂ ਦੇ ਇਕ ਧੜੇ ਨੂੰ ਆਪਣੇ ਸਮਰਥਨ ਵਿੱਚ ਕਰ ਲਿਆ ਹੋਵੇ, ਪਰ ਉਨ੍ਹਾਂ ਦਾ ਇਹ ਦਾਅਵਾ ਬਿਲਕੁਲ ਹਾਸੋਹੀਣਾ ਹੈ ਕਿ ਜਿਨ੍ਹਾਂ ਪ੍ਰਬੰਧਕ ਪੁਜਾਰੀਆਂ ਨੂੰ ਨੌਕਰੀ ’ਤੇ ਲਗਾਉਂਦੇ ਹਨ, ਉਹ ਉਨ੍ਹਾਂ ਪੁਜਾਰੀਆਂ ਨੂੰ ਅਹੁਦੇ ਤੋਂ ਹਟਾਉਣ ਦਾ ਅਧਿਕਾਰ ਨਹੀਂ ਰੱਖਦੇ।
ਗਿ: ਇਕਬਾਲ ਸਿੰਘ ਦਾ ਚਰਿੱਤਰ ਸ਼ੰਕਿਆਂ ਦੇ ਘੇਰੇ ਵਿੱਚ
ਗਿ: ਇਕਬਾਲ ਸਿੰਘ ਦੀ ਸਿੱਖੀ ਸਿਧਾਂਤਾਂ ਬਾਰੇ ਪਹੁੰਚ ਤਾਂ ਸ਼ੱਕੀ ਹੈ ਹੀ, ਉਸ ਦੇ ਚਰਿੱਤਰ ’ਤੇ ਵੀ ਕਈ ਕਿਸਮ ਦੇ ਇਲਜ਼ਾਮ ਲੱਗਦੇ ਰਹੇ ਹਨ। ਇੰਡੀਆ ਅਵੇਅਰਨੈੱਸ ਨੂੰ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ, ਫਰਵਰੀ 1993 ਵਿੱਚ ਤਖ਼ਤ ਸਾਹਿਬ ਦੇ ਇਕ ਪਾਠੀ ਤੇਜਿੰਦਰ ਪਾਲ ਸਿੰਘ ਨੇ ਪ੍ਰਬੰਧਕੀ ਬੋਰਡ ਦੇ ਤਤਕਾਲੀ ਜਨਰਲ ਸਕੱਤਰ ਅਤੇ ਸਕੱਤਰ ਨੂੰ ਇਕ ਲਿਖਤੀ ਸ਼ਿਕਾਇਤ ਕਰਕੇ ਇਲਜ਼ਾਮ ਲਗਾਇਆ ਸੀ ਕਿ ਗਿ: ਇਕਬਾਲ ਸਿੰਘ ਨੇ ਉਸ ਨਾਲ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੱਤਰ ਦਾ ਉਤਾਰਾ ਕੁਝ ਇਸ ਤਰ੍ਹਾਂ ਹੈ :
ਸ੍ਰੀਮਾਨ ਜਨਰਲ ਸਕੱਤ੍ਰ
ਅਤੇ ਸੱਕਤ੍ਰ ਸਾਹਿਬ ਜੀ,
ਤਖ਼ਤ ਸ੍ਰੀ ਪਟਨਾ ਸਾਹਿਬ।
ਬੇਨਤੀ ਹੈ ਕਿ ਦਾਸ ਤਖ਼ਤ ਸਾਹਿਬ ’ਤੇ ਅਖੰਡ ਪਾਠ ਦੀ ਡਿਊਟੀ ਕਰਦਾ ਹੈ। ਦਾਸ ਨੂੰ ਮਿਤੀ 31-1-93 ਨੂੰ ਦਿਨ ਦੇ 3 ਵਜੇ ਗਿ: ਇਕਬਾਲ ਸਿੰਘ ਸੀ: ਮੀਤ ਗ੍ਰੰਥੀ ਨੇ ਅਪਨੇ ਕਮਰੇ ਵਿੱਚ ਸੇਵਾ ਦੇ ਤੌਰ ’ਤੇ ਬੁਲਾਇਆ ਅਤੇ ਦਾਸ ਉਨ੍ਹਾਂ ਦੇ ਕਮਰੇ ਵਿੱਚ ਗਿਆ। ਦਾਸ ਨੇ ਸੇਵਾ ਕੀਤੀ। ਇਸ ਤੋਂ ਬਾਅਦ ਗਿ: ਇਕਬਾਲ ਸਿੰਘ ਨੇ ਮੈਨੂੰ ਜ਼ਬਰਦਸਤੀ ਫੜਕੇ ਪੈਂਟ ਖੋਲਕਰ ਗਲਤ ਬਿਓਹਾਰ ਕੀਤਾ ਹੈ ਜੀ। ਅਤੇ ਧਮਕੀ ਦਿੱਤੀ ਹੈ ਕਿ ਕਿਸੀ ਨੂੰ ਨਹੀਂ ਕਰਨਾ ਹੈ। ਅਗਰ ਕਿਸੇ ਨੂੰ ਦੱਸੇਂਗਾ ਤਾਂ ਤੈਨੂੰ ਅਤੇ ਤੇਰੇ ਬਾਬੇ ਨੂੰ ਸੇਵਾ ਤੋਂ ਹਟਵਾ ਦੇਣਗੇ। ਮੈਂ ਡਰ ਦੇ ਮਾਰੇ ਦੋ ਦਿਨ ਸੋਚਦਾ ਰਿਹਾ। ਫਿਰ ਸਾਡੇ ਤੋਂ ਨਹੀਂ ਰਿਹਾ ਗਿਆ ਤੇ ਬਾਬੇ ਨੂੰ ਦੱਸਿਆ। ਉਸ ਤੋਂ ਬਾਅਦ ਪਾਠੀ ਇੰਚਾਰਜ ਨੂੰ ਦੱਸਿਆ। ਮੇਰੇ ਨਾਲ ਗਿਆਨੀ ਇਕਬਾਲ ਸਿੰਘ ਨੇ ਗਲਤ ਬਿਓਹਾਰ ਕੀਤਾ। ਸੋ ਕਿਰਪਾ ਕਰਕੇ ਇਸ ’ਤੇ ਉਚਿਤ ਕਰਵਾਈ ਕਰਨ ਦੀ ਕ੍ਰਿਪਾਲਤਾ ਕਰਨੀ ਜੀ।
-ਦਾਸ
ਤੇਜਿੰਦਰ ਪਾਲ ਸਿੰਘ (ਪਾਠੀ)
5-2-93

ਤਖ਼ਤ ਪਟਨਾ ਸਾਹਿਬ ਦੇ ਇਕ
ਪਾਠੀ ਵੱਲੋਂ ਗਿ: ਇਕਬਾਲ ਸਿੰਘ ਦੇ
ਚਰਿੱਤਰ ’ਤੇ ਗੰਭੀਰ ਦੋਸ਼ ਲਗਾਉਣ ਵਾਲਾ ਸ਼ਿਕਾਇਤ-ਪੱਤਰ
ਅਜਿਹੇ ਗੰਭੀਰ ਇਲਜ਼ਾਮਾਂ ਦੇ ਸ਼ਿਕਾਰ ਵਿਅਕਤੀ ਨੂੰ ਪਵਿੱਤਰ ਤਖ਼ਤ ਸਾਹਿਬ ਦਾ ਮੁੱਖ ਪੁਜਾਰੀ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਰਹਿ ਜਾਂਦਾ ਪਰ ਇਹ ਸਮਝਣਾ ਔਖਾ ਹੈ ਕਿ ਤਖ਼ਤ ਸਾਹਿਬ ਦੇ ਪ੍ਰਬੰਧਕਾਂ ਨੇ ਕਿਹੜੇ ਦਬਾਅ ਅਧੀਨ ਗਿ: ਇਕਬਾਲ ਸਿੰਘ ਖਿਲਾਫ਼ ਕਾਰਵਾਈ ਨਾ ਕੀਤੀ। ਜੋ ਵੀ ਹੋਏ, ਅਜਿਹੇ ਇਲਜ਼ਾਮਾਂ ਵਿੱਚ ਘਿਰੇ ਵਿਅਕਤੀ ਦਾ ਤਖ਼ਤ ਸਾਹਿਬ ਦਾ ਮੁੱਖ ਪੁਜਾਰੀ ਬਣੇ ਰਹਿਣਾ ਹੀ ਸਿੱਖ ਕੌਮ ਲਈ ਵੱਡੀ ਚੁਣੌਤੀ ਹੈ।
ਪੁਜਾਰੀ ਦੀ ਪਤਨੀ ਫਰਾਰ ਹੋ ਗਈ
ਮੁੱਖ ਪੁਜਾਰੀ ਦੇ ਅਜਿਹੇ ਸ਼ੱਕੀ ਕਿਸਮ ਦੇ ਚਰਿੱਤਰ ਦਾ ਪ੍ਰਭਾਵ ਉਨ੍ਹਾਂ ਦੇ ਘਰ ਵਿੱਚ ਵੀ ਫੈਲਿਆ ਪ੍ਰਤੀਤ ਹੁੰਦਾ ਹੈ। ਇਸਲਈ ਨਵੰਬਰ 2001 ਵਿੱਚ ਗਿ: ਇਕਬਾਲ ਸਿੰਘ ਦੀ ਪਤਨੀ ਇੰਦਰਜੀਤ ਕੌਰ, ਕਥਿਤ ਤੌਰ ’ਤੇ ਗੋਲਡੀ ਨਾਮ ਦੇ ਇਕ ਨੌਜੁਆਨ ਲੜਕੇ ਨਾਲ ਘਰੋਂ ਫਰਾਰ ਹੋ ਗਈ। ਇਸ ਸਬੰਧ ਵਿੱਚ ਗਿ: ਇਕਬਾਲ ਸਿੰਘ ਵੱਲੋਂ ਥਾਣਾ ਸਿਟੀ ਪਟਨਾ ਵਿੱਚ ਇਕ ਮਹੀਨੇ ਬਾਅਦ ਦਰਜ ਕਰਵਾਈ ਗਈ ਰਿਪੋਰਟ ਵਿੱਚ ਦੱਸਿਆ ਗਿਆ ਕਿ ਉਨ੍ਹਾਂ ਦੀ 40 ਸਾਲਾ ਪਤਨੀ ਇੰਦਰਜੀਤ ਕੌਰ 29 ਨਵੰਬਰ ਨੂੰ ਘਰੋਂ 2 ਲੱਖ ਰੁਪਏ ਨਗਦ ਅਤੇ 25 ਤੋਲੇ ਸੋਨੇ ਦੇ ਇਲਾਵਾ ਬੈਂਕ ਅਕਾਊਂਟ ਵਿੱਚੋਂ 3 ਲੱਖ ਰੁਪਏ ਅਤੇ 10 ਤੋਲੇ ਸੋਨਾ ਕਢਵਾ ਕੇ ਗੋਲਡੀ ਨਾਲ ਫਰਾਰ ਹੋ ਗਈ। (ਇਹ ਗੱਲ ਕਈ ਸ਼ੰਕੇ ਪੈਦਾ ਕਰਦੀ ਹੈ ਕਿ ਇਕ ਪੁਜਾਰੀ ਦੇ ਕੋਲ ਇੰਨਾ ਪੈਸਾ ਅਤੇ ਸੋਨਾ ਕਿਵੇਂ ਆਇਆ? ਕੀ ਉਹ ਗੁਰੂ ਕੀ ਗੋਲਕ ਦੀ ਦੁਰਵਰਤੋਂ ਕਰ ਰਿਹਾ ਸੀ ਜਾਂ ਫਿਰ ਬ੍ਰਾਹਮਣਵਾਦ ਦਾ ਪ੍ਰਚਾਰ ਕਰਨ ਲਈ ਹਿੰਦੁਤਵ-ਪੱਖੀ ਸੰਗਠਨਾਂ ਤੋਂ ਮਾਇਆ ਪ੍ਰਾਪਤ ਕਰ ਰਿਹਾ ਸੀ?)

ਗਿ: ਇਕਬਾਲ ਸਿੰਘ ਦੀ ਪਤਨੀ
ਵੱਲੋਂ ਕਿਸੇ ਨੌਜੁਆਨ ਨਾਲ ‘ਲਾਪਤਾ’ ਹੋ ਜਾਣ ਸਬੰਧੀ
‘ਦੈਨਿਕ ਹਿੰਦੁਸਤਾਨ’ ਦੇ ਪਟਨਾ ਸੰਸਕਰਨ ਵਿੱਚ ਪ੍ਰਕਾਸ਼ਿਤ ਇਕ ਖ਼ਬਰ
ਗੌਰਤਲਬ ਹੈ ਕਿ ਗੁਰਦੀਪ ਸਿੰਘ ਉਰਫ਼ ਗੋਲਡੀ, ਤਖ਼ਤ ਸਾਹਿਬ ਦੇ ਮੈਨੇਜਰ ਬੀ.ਐਸ. ਕੰਗ ਦਾ ਹੀ ਪੁੱਤਰ ਸੀ। ਪਿਤਾ ਦੀ ਨੌਕਰੀ ਦੌਰਾਨ ਉਸਦਾ ਸੰਪਰਕ ਮੁੱਖ ਪੁਜਾਰੀ ਦੇ ਪਰਵਾਰ ਨਾਲ ਹੋਇਆ ਅਤੇ ਉਹ ਪੁਜਾਰੀ ਜੋੜੇ ਦਾ ‘ਧਰਮ-ਪੁੱਤਰ’ ਬਣ ਕੇ ਉਨ੍ਹਾਂ ਤੋਂ ਧਾਰਮਕ ਸਿੱਖਿਆ ਗ੍ਰਹਿਣ ਕਰਨ ਲਈ ਉਨ੍ਹਾਂ ਦੇ ਘਰ ਆਉਣ-ਜਾਣ ਲੱਗ ਪਿਆ। ਪਰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪੁਜਾਰੀ ਪਰਵਾਰ ਨੇ ਉਕਤ ਨੌਜੁਆਨ ਨੂੰ ਵੀ ਤ੍ਰਿਆ-ਚਰਿੱਤਰਾਂ ਦਾ ਗਿਆਨ ਕਰਵਾ ਦਿੱਤਾ, ਜਿਨ੍ਹਾਂ ਤੋਂ ਪ੍ਰੇਰਿਤ ਹੋ ਕੇ ਉਸਨੇ ਮੁੱਖ ਪੁਜਾਰੀ ਦੀ ਪਤਨੀ ਨਾਲ ਪ੍ਰੇਮ ਦੀਆ ਪੀਂਘਾਂ ਝੂਟਣੀਆਂ ਅਰੰਭ ਕਰ ਦਿੱਤੀਆਂ ਤੇ ਦੋਵੇਂ ਕਥਿਤ ਰੂਪ ਵਿੱਚ ਇਕੱਠੇ ਫਰਾਰ ਹੋ ਗਏ।
ਲਗਭਗ ਚਾਰ ਕੁ ਮਹੀਨੇ ਬਾਅਦ ਪੁਜਾਰੀ ਅਤੇ ਉਸਦੀ ਪਤਨੀ ਵਿਚਕਾਰ ਕੁਝ ਸੁਲਾਹਨਾਮਾ ਹੋਇਆ। ਇਸ ਸੁਲਾਹਨਾਮੇ ਉਪਰੰਤ ਗਿ: ਇਕਬਾਲ ਸਿੰਘ ਨੇ ਕਿਹਾ ਕਿ ਉਸਨੇ ਆਪਣੀ ਪਤਨੀ ਨੂੰ ਮੁਆਫ਼ ਕਰ ਦਿੱਤਾ ਹੈ। ਦੂਜੀ ਤਰਫ਼, ਉਸਦੀ ਪਤਨੀ ਨੇ ਕਿਹਾ ਕਿ ਉਹ ਪਰਵਾਰਕ ਉਲਝਨਾਂ ਤੋਂ ਤੰਗ ਆ ਕੇ ਪੰਜਾਬ ਅਤੇ ਦਿੱਲੀ ਦੇ ਗੁਰਦੁਆਰਿਆਂ ਵਿੱਚ ਸੇਵਾ ਕਰਨ ਚਲੀ ਗਈ ਸੀ। 22 ਅਪ੍ਰੈਲ 2002 ਨੂੰ ਇੰਦਰਜੀਤ ਕੌਰ ਨੇ ਅਦਾਲਤ ਵਿੱਚ ਹਲਫਨਾਮਾ ਦੇ ਕੇ ਕਿਹਾ ਕਿ ਉਹ ਆਪਣੇ ਪਤੀ ਇਕਬਾਲ ਸਿੰਘ ਨਾਲ ਅਨ-ਬਨ ਹੋਣ ਕਾਰਨ ਉਸ ਤੋਂ ਤਲਾਕ ਚਾਹੁੰਦੀ ਹੈ ਅਤੇ ਹਲਫ਼ਨਾਮੇ ਨੂੰ ਹੀ ਤਲਾਕ ਸਮਝਣ ਦੀ ਤਾਕੀਦ ਕੀਤੀ।
ਮੁੱਖ ਪੁਜਾਰੀ ਦਾ ਦੂਜਾ ਵਿਆਹ

ਗਿ: ਇਕਬਾਲ ਸਿੰਘ ਵੱਲੋਂ ਦੂਜਾ ਵਿਆਹ ਕਰਵਾਉਣ ਸਬੰਧੀ ਪ੍ਰਕਾਸ਼ਿਤ ਹੋਈ ਖ਼ਬਰ
ਗਿ: ਇਕਬਾਲ ਸਿੰਘ ਦੀ ਪਤਨੀ ਨੇ ਉਨ੍ਹਾਂ ਤੋਂ ਤਲਾਕ ਦੀ ਮੰਗ ਤਾਂ ਕਰ ਦਿੱਤੀ ਪਰ ਕਾਨੂੰਨੀ ਢੰਗ ਨਾਲ ਇਨ੍ਹਾਂ ਦਾ ਤਲਾਕ ਹੋ ਨਹੀਂ ਪਾਇਆ। ਇਸ ਦੇ ਬਾਵਜੂਦ, ਮੁੱਖ ਪੁਜਾਰੀ ਨੇ ਜੂਨ 2003 ਵਿੱਚ ਦਿੱਲੀ ਵਿਖੇ ਇਕ 45 ਸਾਲਾ ਬਲਜੀਤ ਕੌਰ ਔਰਤ ਨਾਲ ਦੂਜਾ ਵਿਆਹ ਰਚਾ ਲਿਆ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ, ਇਹ ਔਰਤ ਬਿਹਾਰ ਖੇਤਰ ਤੋਂ ਬੀਜੇਪੀ ਦੇ ਸਿੱਖੀ ਵੇਸ ਵਾਲੇ ਇਕ ਸੀਨੀਅਰ ਆਗੂ ਦੀ ‘ਨਜ਼ਦੀਕੀ’ (ਜਾਂ ਕੁਝ ਹੋਰ) ਸੀ ਅਤੇ ਉਕਤ ਆਗੂ ਦੀ ਸਹਿਮਤੀ ਤੇ ਮਦਦ ਨਾਲ ਹੀ ਇਹ ਕਾਰਜ ਨੇਪਰੇ ਚੜ੍ਹਿਆ। ਗਿ: ਇਕਬਾਲ ਸਿੰਘ ਵੱਲੋਂ ਕਥਿਤ ਤੌਰ ’ਤੇ ਪਹਿਲੀ ਪਤਨੀ ਤੋਂ ਕਾਨੂੰਨੀ ਤਲਾਕ ਪ੍ਰਾਪਤ ਕੀਤੇ ਬਗੈਰ ਦੂਜੀ ਔਰਤ ਨਾਲ ਵਿਆਹ ਕਰਨਾ ਨਾ ਸਿਰਫ਼ ਭਾਰਤੀ ਕਾਨੂੰਨ ਦੀ ਉਲੰਘਣਾ ਹੈ ਬਲਕਿ ਇਹ ਸਿੱਖ ਰਹਿਤ ਮਰਿਆਦਾ ਦੀ ਵੀ ਉਲੰਘਣਾ ਹੈ, ਜਿਸਦੇ ਕਾਰਨ ਮੁੱਖ ਪੁਜਾਰੀ ਕਾਫ਼ੀ ਵਿਵਾਦਾਂ ਦੇ ਘੇਰੇ ਵਿੱਚ ਰਿਹਾ ਹੈ।
ਪੁਜਾਰੀ ਇਕਬਾਲ ਸਿੰਘ ਦੇ ਅਖੌਤੀ ਪੰਜ ਪਿਆਰਿਆਂ ਦੀ ਅਸਲੀਅਤ
ਪ੍ਰਚਲਿਤ ਰਵਾਇਅਤਾਂ ਅਨੁਸਾਰ, ਕਿਸੇ ਵੀ ਪੰਥਕ ਮੁੱਦੇ ’ਤੇ ਪਹਿਲਾਂ ਪੰਥ ਦੇ ਅਹਿਮ ਸੰਗਠਨਾਂ ਦੇ ਪ੍ਰਤੀਨਿਧੀਆਂ ਵੱਲੋਂ ਮਿਲ ਕੇ ਵਿਚਾਰ-ਵਟਾਂਦਰਾ ਕੀਤਾ ਜਾਂਦਾ ਹੈ। ਇਨ੍ਹਾਂ ਵਿਚਾਰਾਂ ਤੋਂ ਸਾਹਮਣੇ ਆਏ ਤੱਥਾਂ ਦੀ ਰੌਸ਼ਨੀ ਵਿੱਚ ਪੰਜ ਮੰਨੇ-ਪ੍ਰਮੰਨੇ ਸਿੰਘਾਂ ਵੱਲੋਂ ‘ਗੁਰਮਤਾ’ ਤਿਆਰ ਕੀਤਾ ਜਾਂਦਾ ਹੈ, ਜਿਸ ’ਨੂੰ ਅਮਲ ਕਰਨ ਵਾਸਤੇ ਸਿੱਖ ਸੰਗਤ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵਿਵਾਦਿਤ ਪੁਸਤਕ ਦਾ ਪ੍ਰਕਾਸ਼ ਕਰਨ, ਸਿੱਖ ਰਹਿਤ ਮਰਿਆਦਾ ਅਤੇ ਨਾਨਕਸ਼ਾਹੀ ਕੈਲੰਡਰ ਆਦਿਕ ਮੁੱਦਿਆਂ ’ਤੇ ਮਨਮਤੀ ਸਟੈਂਡ ਲੈਣ ਕਾਰਨ, ਪੰਜਾਬ ਦੇ ਤਖ਼ਤਾਂ ਦੇ ਪੁਜਾਰੀ, ਤਖ਼ਤ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਦੇ ਮੁੱਖ ਪੁਜਾਰੀਆਂ ਦੀ ਖੁੱਲ੍ਹ ਕੇ ਹਮਾਇਤ ਨਹੀਂ ਕਰ ਪਾਉਂਦੇ।

ਗਿ: ਇਕਬਾਲ ਸਿੰਘ ਦੇ ਅਖੌਤੀ ‘ਪੰਜ ਪਿਆਰਿਆਂ’ ਬਾਰੇ ਬਿਹਾਰ ਦੇ ਹਿੰਦੀ ਮੀਡੀਆ ਵਿੱਚ ਪ੍ਰਕਾਸ਼ਿਤ ਇਕ ਖ਼ਬਰ
ਸੂਤਰਾਂ ਮੁਤਾਬਿਕ, ‘ਪੰਜ ਪਿਆਰਿਆਂ’ ਦੀ ਸਮੱਸਿਆ ਹੱਲ ਕਰਨ ਲਈ ਗਿ: ਇਕਬਾਲ ਸਿੰਘ ਨੇ ਖ਼ੁਦ ਨੂੰ ਅਤੇ ਆਪਣੇ ਅਧੀਨ ਕਾਰਜਰਤ ਚਾਰ ਗ੍ਰੰਥੀਆਂ ਨੂੰ ‘ਪਿਆਰੇ’ ਐਲਾਨ ਕੇ ਮਨਮਾਨੇ ‘ਹੁਕਮਨਾਮੇ’ ਜਾਰੀ ਕਰਨ ਦਾ ਰਸਤਾ ਲੱਭ ਲਿਆ। ਪਰ ਕਥਿਤ ‘ਪਿਆਰਿਆਂ’ ਦਾ ਜੁਗਾੜ ਕਰਨ ਲੱਗਿਆਂ ਗਿ: ਇਕਬਾਲ ਸਿੰਘ ਨੇ ਸਿੱਖ ਰਵਾਇਤਾਂ ਦਾ ਏਨੀ ਕੁ ਵੀ ਪਰਵਾਹ ਨਹੀਂ ਕੀਤੀ ਕਿ ਅਜਿਹੇ ਪਿਆਰਿਆਂ ਦਾ ਕਿਰਦਾਰ ਘੱਟੋ-ਘੱਟ ਜ਼ਾਹਿਰੀ ਤੌਰ ’ਤੇ ਤਾਂ ਸਿੱਖ ਸਮਾਜ ਲਈ ਆਦਰਸ਼ਕ ਸਾਬਿਤ ਹੁੰਦਾ। ਇਸਦੇ ਉਲਟ, ਗਿ: ਇਕਬਾਲ ਸਿੰਘ ਦੇ ‘ਪਿਆਰੇ’ ਵੀ ਉਨ੍ਹਾਂ ਵਾਂਗ ਹੀ ਵਿਵਾਦਮਈ ਕਿਸਮ ਦੇ ਹੀ ਸਨ। ਇਸਲਈ ਉਨ੍ਹਾਂ ਵੱਲੋਂ ਆਪਣੇ ਚਾਪਲੂਸ ਪਰ ਸਿੱਖੀ ਸਿਧਾਂਤਾਂ ਤੋਂ ਕੋਰੇ ਗ੍ਰੰਥੀਆਂ ਨੂੰ ‘ਪੰਜ ਪਿਆਰੇ’ ਐਲਾਣਨ ਦਾ ਮੁੱਦਾ ਵੀ ਸਥਾਨਕ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣਿਆ ਸੀ। ਇਕ ਸਥਾਨਕ ਅਖ਼ਬਾਰ ਵਿੱਚ ਪ੍ਰਕਾਸ਼ਿਤ ਰਿਪੋਰਟ ਮੁਤਾਬਿਕ, ਪੰਜ ਵਿੱਚੋਂ ਦੋ ਅਖੌਤੀ ‘ਪਿਆਰੇ’, ਯਾਨਿ ਖ਼ੁਦ ਗਿ: ਇਕਬਾਲ ਸਿੰਘ ਅਤੇ ਇਕ ਗ੍ਰੰਥੀ ਦਲੀਪ ਸਿੰਘ ਦੀ ਤਖ਼ਤ ਸਾਹਿਬ ਵਿਖੇ ਹੋਈਆਂ ਨਿਯੁਕਤੀਆਂ ਹੀ ਵਿਵਾਦਿਤ ਕਿਸਮ ਦੀਆਂ ਸਨ। ਇਹ ਵੀ ਦੱਸਿਆ ਗਿਆ ਕਿ ਭਾਈ ਦਲੀਪ ਸਿੰਘ ਹਿੰਦੂ ਪਰਵਾਰ ’ਚੋਂ ਬਣੇ ਸਿੱਖ ਹਨ। ਦੂਜੇ ਧਰਮ ਤੋਂ ਸਿੱਖ ਬਣਨਾ ਕੋਈ ਮਾੜੀ ਗੱਲ ਨਹੀਂ ਪਰ ਇਸਦੇ ਲਈ ਜ਼ਰੂਰੀ ਹੈ ਕਿ ਆਪਣੇ ਪਿਛਲੇ ਧਰਮ ਦੇ ਸੰਸਕਾਰਾਂ ਨੂੰ ਪੂਰੀ ਤਰ੍ਹਾਂ ਤਿਆਗ ਦਿੱਤਾ ਜਾਏ। ਜਦਕਿ, ਰਿਪੋਰਟ ਮੁਤਾਬਿਕ, ਅਖੌਤੀ ਪਿਆਰੇ ਭਾਈ ਦਲੀਪ ਸਿੰਘ, ਜੋ ਬਿਹਾਰ ਦੇ ਨਾਲੰਦਾ ਖੇਤਰ ਨਾਲ ਸਬੰਧਿਤ ਹਨ, ਦਾ ਵਿਆਹ ਵੀ ਹਿੰਦੂ ਰੀਤੀ-ਰਿਵਾਜਾਂ ਮੁਤਾਬਿਕ ਹੋਇਆ ਸੀ ਅਤੇ ਉਨ੍ਹਾਂ ਦੀ ਪਤਨੀ ਵੀ ਅੰਮ੍ਰਿਤਧਾਰੀ ਨਹੀਂ ਹੈ। ਇਥੋਂ ਤੱਕ ਕਿ ਇਸਦੇ ਬੱਚੇ ਵੀ ਸਿੱਖ ਨਹੀਂ ਹਨ। ਹਾਲਤ ਇਹ ਹੈ ਕਿ ਇਹ ਮਹਾਨ ਪਿਆਰੇ ਜੀ ਦੇ ਘਰ ਹਿੰਦੂ ਸਮਾਜ ਦੇ ਸਾਰੇ ਕਰਮ-ਕਾਂਡ ਅਤੇ ਮੂਰਤੀ-ਪੂਜਾ ਤੱਕ ਹੁੰਦੀ ਹੈ। ਇਸ ਨਸਲ ਦੇ ਅਖੌਤੀ ‘ਪਿਆਰਿਆਂ’ ਸਹਿਯੋਗ ਨਾਲ ਜਾਰੀ ਹੁਕਮਨਾਮਾ ਸਿੱਖੀ ਸਿਧਾਂਤਾਂ ਦੇ ਕਿੰਨਾ ਕੁ ਅਨੁਕੂਲ ਹੋ ਸਕਦਾ ਹੈ?
ਗਿ: ਇਕਬਾਲ ਸਿੰਘ ਦੇ ਬਾਕੀ ‘ਪਿਆਰੇ’ ਵੀ ਕੋਈ ਘੱਟ ਨਹੀਂ ਸਨ। ਰਿਪੋਰਟ ਮੁਤਾਬਿਕ, ਇਨ੍ਹਾਂ ਪਿਆਰਿਆਂ ਵਿੱਚ ਸ਼ਾਮਲ ਬਿਹਾਰ ਦੇ ਕਟਿਹਾਰ ਜ਼ਿਲੇ ਨਾਲ ਸਬੰਧਿਤ ਭਾਈ ਰਜਿੰਦਰ ਸਿੰਘ ਨੇ ਵੀ ਇਕ ਬੰਗਾਲੀ ਲੜਕੀ ਨਾਲ ਹਿੰਦੂ ਰੀਤੀ-ਰਿਵਾਜਾਂ ਰਾਹੀਂ ਵਿਆਹ ਰਚਾਇਆ ਸੀ। ਇਨ੍ਹਾਂ ਦੇ ਪਰਵਾਰ ਵਿੱਚ ਸਿੱਖੀ ਦਾ ਪ੍ਰਭਾਵ ਇਸ ਤੱਥ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਇਨ੍ਹਾਂ ਦੀ ਧੀ ਨੇ ਇਕ ਬਿਹਾਰੀ ਲੜਕੇ ਨਾਲ ਲਵ-ਮੈਰਿਜ ਕਰ ਲਈ ਸੀ। ਇਨ੍ਹਾਂ ਦਾ ਪਰਵਾਰ ਵੀ ਅੰਮ੍ਰਿਤਧਾਰੀ ਨਹੀਂ ਹੈ। ਘਰ ਦੇ ਕਾਰਜ ਹਿੰਦੂ ਰੀਤੀ-ਰਿਵਾਜਾਂ ਮੁਤਾਬਿਕ ਹੁੰਦੇ ਹਨ ਅਤੇ ਮੂਰਤੀ ਪੂਜਾ ਵੀ ਹੁੰਦੀ ਹੈ। ਇਨ੍ਹਾਂ ਦੇ ਬੱਚੇ ਵੀ ਸਿੱਖ ਨਹੀਂ ਹਨ। ਰਿਪੋਰਟ ਮੁਤਾਬਿਕ, ਇਹ ‘ਪਿਆਰਾ’ ਸਾਹਿਬ ਖ਼ੁਦ ਵੀ ਨਾਮ ਦੇ, ਯਾਨਿ ਸਿਰਫ਼ ਕਹਿਣ ਨੂੰ ਹੀ ਅੰਮ੍ਰਿਤਧਾਰੀ ਹਨ ਪਰ ਇਨ੍ਹਾਂ ਦਾ ਆਚਰਨ ਅੰਮ੍ਰਿਤਧਾਰੀ ਸਿੰਘਾਂ ਵਾਲਾ ਨਹੀਂ ਹੈ।
ਤੀਜੇ ਪਿਆਰੇ, ਭਾਈ ਬਲਬੀਰ ਸਿੰਘ ਦਾ ਪਰਵਾਰ ਵੀ ਅੰਮ੍ਰਿਤਧਾਰੀ ਨਹੀਂ ਹੈ। ਰਿਪੋਰਟ ਮੁਤਾਬਿਕ, ਇਨ੍ਹਾਂ ਦੇ ਘਰ ਵੀ ਸਮਾਜਕ ਸੰਸਕਾਰ, ਹਿੰਦੂ ਰੀਤੀ-ਰਿਵਾਜਾਂ ਨਾਲ ਹੀ ਕੀਤੇ ਜਾਂਦੇ ਹਨ। ਇਨ੍ਹਾਂ ਦੇ ਬੱਚੇ ਵੀ ਸਿੱਖ ਨਹੀਂ ਹਨ ਅਤੇ ਘਰ ਵਿੱਚ ਮੂਰਤੀ ਪੂਜਾ ਵੀ ਹੁੰਦੀ ਹੈ।
ਰਿਪੋਰਟ ਮੁਤਾਬਿਕ, ਚੌਥੇ ਪਿਆਰੇ, ਭਾਈ ਨਿਹਾਲ ਸਿੰਘ ਦੀ ਤਖ਼ਤ ਸਾਹਿਬ ਵਿਖੇ ਨਿਯੁਕਤੀ ਵੀ ਨੇਮਾਂ ਦੀ ਉਲੰਘਣਾ ਕਰਕੇ ਹੋਈ ਹੈ। ਇਨ੍ਹਾਂ ਦਾ ਪਰਵਾਰ ਵੀ ਬੇਅੰਮ੍ਰਿਤੀਆ ਹੈ। ਘਰ ਵਿੱਚ ਮੂਰਤੀ ਪੂਜਾ ਵੀ ਹੁੰਦੀ ਹੈ ਅਤੇ ਸਮਾਜਕ ਸੰਸਕਾਰ ਵੀ ਹਿੰਦੂ ਰੀਤੀ-ਰਿਵਾਜਾਂ ਮੁਤਾਬਿਕ ਹੁੰਦੇ ਹਨ।
ਅਜਿਹੇ ਵਿਵਾਦਿਤ ਕਿਰਦਾਰਾਂ ਵਾਲੇ ਕਥਿਤ ‘ਪਿਆਰੇ’ ਸਿੱਖ ਧਰਮ ਦਾ ਕੀ ਕੁਝ ਸਵਾਰ ਸਕਦੇ ਹਨ, ਇਸ ਬਾਰੇ ਸ਼ਾਇਦ ਹੀ ਕਿਸੇ ਪੰਥ-ਦਰਦੀ ਨੂੰ ਕੋਈ ਸ਼ੰਕਾ ਹੋਵੇ। ਆਪਣੀ ਅਧੀਨਤਾ ਵਾਲੇ, ਬ੍ਰਾਹਮਣਵਾਦੀ ਰੰਗਤ ਵਿੱਚ ਗੜੁੱਚ ਅਜਿਹੇ ‘ਪਿਆਰਿਆਂ’ ਦੀ ਮਦਦ ਨਾਲ ਹੁਕਮਨਾਮੇ ਜਾਰੀ ਕਰਨ ਵਾਲਾ ਮੁੱਖ ਪੁਜਾਰੀ ਗਿ: ਇਕਬਾਲ ਸਿੰਘ ਦਾ ਖ਼ੁਦ ਦਾ ਕਿਰਦਾਰ ਅਤੇ ਨੀਤੀਆਂ ਵੀ ਸ਼ੱਕ ਦੇ ਘੇਰੇ ਵਿੱਚ ਆ ਜਾਂਦੀਆਂ ਹਨ।
ਹੋਰ ਇਲਜ਼ਾਮ
ਉਕਤ ਵਿਵਾਦਾਂ ਦੇ ਇਲਾਵਾ, ਗਿ: ਇਕਬਾਲ ਸਿੰਘ ’ਤੇ ਹੋਰ ਵੀ ਕਈ ਗੰਭੀਰ ਇਲਜ਼ਾਮ ਲੱਗਦੇ ਰਹੇ ਹਨ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਗਿ: ਇਕਬਾਲ ਸਿੰਘ ਦੀ ਤਖ਼ਤ ਸਾਹਿਬ ਵਿਖੇ ਉਪ-ਗ੍ਰੰਥੀ ਵਜੋਂ ਨਿਯੁਕਤੀ ਤਤਕਾਲੀ ‘ਕੇਅਰ-ਟੇਕਰ’
ਕਮੇਟੀ ਨੇ ਗੈਰ-ਕਾਨੂੰਨੀ ਢੰਗ ਨਾਲ ਕੀਤੀ ਸੀ ਕਿਉਂਕਿ ਉਸ ਕਮੇਟੀ ਕੋਲ ਅਜਿਹੇ ਫੈਸਲੇ ਲੈਣ ਦਾ ਅਧਿਕਾਰ ਨਹੀਂ ਸੀ। ਬਾਅਦ ਵਾਲੀ ਪ੍ਰਬੰਧਕ ਕਮੇਟੀ ਨੇ ਵੀ ਉਨ੍ਹਾਂ ਦੀ ਨੌਕਰੀ ਪੱਕੀ ਨਹੀਂ ਕੀਤੀ ਸੀ। ਅਜਿਹੇ ਵਿੱਚ ਉਹ ਮੁੱਖ ਗ੍ਰੰਥੀ ਅਤੇ ‘ਜੱਥੇਦਾਰ’ ਕਿਵੇਂ ਬਣ ਗਏ, ਇਹ ਤੱਥ ਵੀ ਵਿਸ਼ੇਸ਼ ਘੋਖ ਦੀ ਮੰਗ ਕਰਦਾ ਹੈ। ਉਨ੍ਹਾਂ ਵੱਲੋਂ ਐਲਾਨੇ ਗਏ ਬਾਕੀ ਚਾਰ ਪਿਆਰਿਆਂ ਦੀਆਂ ਨਿਯੁਕਤੀਆਂ ਵੀ ਇਸੇ ਤਰ੍ਹਾਂ ਵਿਵਾਦਿਤ ਹਨ।
ਗਿ: ਇਕਬਾਲ ਸਿੰਘ ’ਤੇ ਇਹ ਇਲਜ਼ਾਮ ਵੀ ਲੱਗਦਾ ਹੈ ਕਿ ਉਨ੍ਹਾਂ ਦੀਆਂ ਅੱਖਾਂ ਭੈਂਗੀਆਂ ਹਨ ਅਤੇ ਨੇਮਾਂ ਅਨੁਸਾਰ ਉਹ ਗ੍ਰੰਥੀ ਨਿਯੁਕਤ ਨਹੀਂ ਹੋ ਸਕਦੇ ਸਨ। ਸੂਤਰਾਂ ਮੁਤਾਬਿਕ, ਆਪਣੀਆਂ ਅੱਖਾਂ ਦੇ ਦੋਸ਼ ਨੂੰ ਛੁਪਾਉਣ ਲਈ ਹੀ ਉਹ ਚਸ਼ਮਾ ਲਗਾ ਕੇ ਰੱਖਦੇ ਹਨ। ਦੱਸਿਆ ਜਾਂਦਾ ਹੈ ਕਿ ਸ਼ਰਧਾਲੂ ਸਿੱਖਾਂ ਨੂੰ ਗੁੰਮਰਾਹ ਕਰਨ ਲਈ ਉਨ੍ਹਾਂ ਨੇ ਇਕ ਛੋਟੀ ਜਿਹੀ ਕਿਤਾਬ ਛਪਵਾਈ, ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦਰਸ਼ਨ ਦਿੱਤੇ ਹਨ। ਉਨ੍ਹਾਂ ਨੇ ਆਪਣੇ ਸਕੂਟਰ ਦੇ ਅੱਗੇ ਇਥੋਂ ਤੱਕ ਲਿਖਵਾ ਦਿੱਤਾ ਸੀ ਕਿ ਉਹ ਸਿੱਖਾਂ ਦੇ ਪੋਪ ਹਨ।

ਤਖ਼ਤ ਪਟਨਾ ਸਾਹਿਬ ਦੇ ਪ੍ਰਬੰਧਕਾਂ ਅਤੇ ਪੁਜਾਰੀਆਂ ਵੱਲੋਂ ਫੰਡਾਂ ਵਿੱਚ ਕਰੋੜਾਂ ਰੁਪਏ ਦੇ ਘਪਲੇ ਕਰਨ ਸਬੰਧੀ ਸਥਾਨਕ ਮੀਡੀਆ ਵਿੱਚ ਪ੍ਰਕਾਸ਼ਿਤ ਇਕ ਖ਼ਬਰ
ਮੁੱਖ ਪੁਜਾਰੀ ’ਤੇ ਦੋਸ਼ ਲਗਾਇਆ ਜਾਂਦਾ ਹੈ ਕਿ ਉਹ ਤਖ਼ਤ ਸਾਹਿਬ ’ਤੇ ਚੜ੍ਹਾਏ ਜਾਂਦੇ ਸੋਨੇ-ਚਾਂਦੀ ਦੀਆਂ ਬਹੁਤ ਸਾਰੀਆਂ ਵਸਤੂਆਂ ਨੂੰ ਚੁਰਾ ਕੇ ਆਪਣੇ ਪਹਿਲੇ ਸਹੁਰਾ ਪਰਵਾਰ ਕੋਲ ਰਾਜਸਥਾਨ ਦੇ ਸ੍ਰੀ ਗੰਗਾ ਨਗਰ ਵਿਖੇ ਭੇਜ ਦਿੰਦੇ ਸਨ। ਇਸਦੇ ਇਲਾਵਾ ਉਹ ਲੱਖਾਂ ਰੁਪਏ ਦੇ ਕਾਲੇ ਧਨ ਨੂੰ ਵੀ ਡਰਾਫਟ ਬਣਾ ਕੇ ਸਹੁਰਾ ਪਰਵਾਰ ਕੋਲ ਭੇਜ ਦਿੰਦੇ ਸਨ।
ਗਿ: ਇਕਬਾਲ ਸਿੰਘ ’ਤੇ ਦੋਸ਼ ਲਗਾਇਆ ਜਾਂਦਾ ਹੈ ਕਿ ਬੀਜੇਪੀ ਆਗੂ ਐਸ.ਐਸ. ਆਹਲੂਵਾਲੀਆ ਅਤੇ ਉਸਦੇ ਸਮਰਥਕਾਂ ਨੂੰ ਤਖ਼ਤ ਸਾਹਿਬ ਦੇ ਪ੍ਰਬੰਧਕੀ ਬੋਰਡ ’ਤੇ ਕਾਬਿਜ਼ ਕਰਵਾਉਣ ਲਈ, ਉਹ ਪ੍ਰਧਾਨ ਮਹਿੰਦਰ ਸਿੰਘ ਰੋਮਾਣਾ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਬਦਨਾਮ ਕਰਨ ਲਈ ਬੇਹੂਦਾ ਕਾਰਵਾਈਆਂ ਕਰਦੇ ਜਾਂ ਕਰਵਾਉਂਦੇ ਰਹਿੰਦੇ ਹਨ। ਅਪ੍ਰੈਲ 2003 ਵਿੱਚ ਸ਼ਿਕਾਗੋ ਫੇਰੀ ਦੌਰਾਨ ਗਿ: ਇਕਬਾਲ ਸਿੰਘ ਅਤੇ ਸ੍ਰੀ ਮਹਿੰਦਰ ਸਿੰਘ ਰੋਮਾਣਾ ਦੋਵੇਂ ਵੱਖਰੇ-ਵੱਖਰੇ ਤੌਰ ’ਤੇ ਸ਼ਿਕਾਗੋ ਦੇ ਗੁਰਦੁਆਰਾ ਸਾਹਿਬ ਵਿਖੇ ਗਏ ਅਤੇ ਪਰਤ ਆਏ। ਸੂਤਰਾਂ ਮੁਤਾਬਿਕ, ਭਾਰਤ ਪਰਤ ਕੇ ਗਿ: ਇਕਬਾਲ ਸਿੰਘ ਸ੍ਰੀ ਆਹਲੂਵਾਲੀਆ ਦੇ ਬੰਗਲੇ ਵਿੱਚ ਤਿੰਨ ਦਿਨ ਰੁਕੇ ਰਹੇ। 20 ਮਈ 2003 ਨੂੰ ਉਨ੍ਹਾਂ ਪਟਨਾ ਵਿੱਚ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤਾ ਕਿ ਮਹਿੰਦਰ ਸਿੰਘ ਰੋਮਾਣਾ ਨੇ ਸ਼ਿਕਾਗੋ ਵਿੱਚ ਦਸਮ ਗ੍ਰੰਥ ਅਤੇ ਤਖ਼ਤ ਪਟਨਾ ਸਾਹਿਬ ਖਿਲਾਫ਼ ਬੋਲਿਆ ਸੀ। ਇਸਲਈ ਸੰਗਤ (ਸਿਆਸੀ ਆਗੂਆਂ ਦੇ ਹੱਥਠੋਕੇ) ਦੀ ਬੇਨਤੀ ’ਤੇ ਮੈਂ ਸ੍ਰੀ ਰੋਮਾਣਾ ਨੂੰ ਤਨਖ਼ਾਹੀਆ ਐਲਾਨ ਰਿਹਾ ਹਾਂ।
ਗਿ: ਇਕਬਾਲ ਸਿੰਘ ’ਤੇ ਦੋਸ਼ ਹੈ ਕਿ ਉਨ੍ਹਾਂ ਕੋਲ ਰਸਮੀ ਵਿਦਿਆ ਪ੍ਰਾਪਤ ਕਰਨ ਦਾ ਕੋਈ ਸਰਕਾਰੀ ਸਰਟੀਫਿਕੇਟ ਨਹੀਂ ਹੈ। ਯਾਨਿ ਅਧਿਕਾਰੀ ਤੌਰ ’ਤੇ ਉਨ੍ਹਾਂ ਦੀ ਵਿਦਿਅਕ ਯੋਗ ਜ਼ੀਰੋ ਹੈ।
- - -
ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਅਜਿਹੇ ਵਿਵਾਦਿਤ ਚਰਿੱਤਰ ਵਾਲਾ ਵਿਅਕਤੀ ਸਿੱਖਾਂ ਦੇ ਕਿਸੇ ਤਖ਼ਤ ਦਾ ਮੁੱਖ ਪੁਜਾਰੀ ਬਣਨ ਦੇ ਲਾਇਕ ਹੋ ਸਕਦਾ ਹੈ? ਬਲਕਿ, ਕੀ ਅਜਿਹੇ ਵਿਅਕਤੀ ਨੂੰ ਕਿਸੇ ਸਥਾਨਕ ਗੁਰਦੁਆਰੇ ਵਿੱਚ ਬਤੌਰ ਗ੍ਰੰਥੀ ਜਾਂ ਸੇਵਾਦਾਰ ਨਿਯੁਕਤ ਕਰਨਾ ਠੀਕ ਰਹੇਗਾ? ਜੇਕਰ ਨਹੀਂ, ਤਾਂ ਫਿਰ ਅਜਿਹੇ ਵਿਵਾਦਿਤ ਵਿਅਕਤੀਆਂ ਵੱਲੋਂ ਜਾਰੀ ਕੀਤੇ ਗਏ ਅਖੌਤੀ ਹੁਕਮਨਾਮਿਆਂ ਪ੍ਰਤੀ ਅੰਨ੍ਹੀ ਸ਼ਰਧਾ ਜਤਾਉਣਾ ਵੀ ਕਿੰਨਾ ਕੁ ਜਾਇਜ਼ ਹੋਵੇਗਾ? (ਇਹ ਵੀ ਹੋ ਸਕਦਾ ਹੈ ਕਿ ਇਹ ਪੁਜਾਰੀ ਦਸਮ ਗ੍ਰੰਥ ਦੀ ਸੰਥਿਆ ਵਿੱਚ ਨਿੰਪੁਣ ਹੋਣ ਦਾ ਦਾਅਵਾ ਕਰਨ ਵਾਲਾ ਇਹ ਤ੍ਰਿਆ-ਚਰਿੱਤਰਾਂ ਦੇ ਉਪਦੇਸ਼ਾਂ ’ਤੇ ਅਮਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ !!) ਜੇਕਰ ਅਕਾਲ ਤਖ਼ਤ ਸਾਹਿਬ ਅਤੇ ਹੋਰ ਤਖ਼ਤਾਂ ਦੇ ਮੁੱਖ ਪੁਜਾਰੀ ਅਜਿਹੇ ਸ਼ੱਕੀ ਕਿਸਮ ਦੇ ਪੁਜਾਰੀ ਖਿਲਾਫ਼ ਕੋਈ ਕਾਰਵਾਈ ਨਹੀਂ ਕਰਦੇ, ਤਾਂ ਕੀ ਇਸ ਤੋਂ ਇਹ ਸੰਕੇਤ ਨਹੀਂ ਮਿਲਦਾ ਕਿ ਇਹ ਸਾਰੇ ਪੁਜਾਰੀ ਇਕੋ ਥੈਲੀ ਦੇ ਚੱਟੇ-ਬੱਟੇ ਹਨ? ਜਾਂ ਇਹ, ਕਿ ਇਸ ਹਮਾਮ ਵਿੱਚ ਸਾਰੇ (ਪੁਜਾਰੀ) ਨੰਗੇ ਹਨ?
ਅੰਤਿਕਾ : ਸਿੱਖ ਸੰਗਤਾਂ ਸਾਹਮਣੇ ਹੁਣ ਉਹ ਦੋਰਾਹਾ ਆ ਗਿਆ ਹੈ, ਜਿੱਥੇ ਇਕ ਰਸਤਾ ਤਾਂ ਚਰਿੱਤਰਹੀਣ ਅਤੇ ਬ੍ਰਾਹਮਣਵਾਦੀ ਸੰਸਥਾਵਾਂ ਦੇ ਏਜੰਟ ਪੁਜਾਰੀਆਂ ਦੀਆਂ ਆਪਹੁਦਾਰੀਆਂ ਅੱਗੇ ਸਮਰਪਣ ਕਰਨ ਵੱਲ ਜਾਂਦਾ ਹੈ ਅਤੇ ਦੂਜਾ ਰਸਤਾ, ਗੁਰੂ ਅਤੇ ਗੁਰੂ ਦੇ ਉਪਦੇਸ਼ਾਂ ਦਾ ਸਤਿਕਾਰ ਕਾਇਮ ਰੱਖਣ ਲਈ ਇਸ ਆਰ.ਐਸ.ਐਸ. ਦੇ ਇਨ੍ਹਾਂ ਹੱਥਠੋਕਿਆਂ ਖਿਲਾਫ਼ ਜੱਥੇਬੰਦਕ ਸੰਘਰਸ਼ ਕਰਨ ਵੱਲ ਲਿਜਾਉਦਾ ਹੈ। ਵੇਖਣਾ ਹੁਣ ਇਹ ਹੈ ‘ਗੁਰੂ ਦੇ ਸਿੱਖ’ ਅਖਵਾਉਣ ਵਾਲੇ ਕਿੰਨੇ ਕੁ ਲੋਕ ਪੁਜਾਰੀਆਂ ਦੇ ਖਿਲਾਫ਼ ਪਰ ਗੁਰੂ ਦੇ ਨੇੜੇ ਲਿਜਾਉਣ ਵਾਲੀ ਰਾਹ ’ਤੇ ਤੁਰਨ ਦਾ ਹੀਆ ਕਰਦੇ ਹਨ।