

ਦੁੱਧ ਦਾ ਦੁੱਧ, ਪਾਣੀ ਦਾ ਪਾਣੀ
- ਰਘਬੀਰ ਸਿੰਘ ਢਿਲੋਂ -
ਅੱਜਕਲ ਪੰਜਾਬੀ ਦੇ ਕੁਝ ਰੋਜ਼ਾਨਾ ਅਤੇ ਹਫਤੇਵਾਰ ਅਖ਼ਬਾਰ, ਮਹੀਨਾਵਾਰ ਮੈਗਜ਼ੀਨ ਅਤੇ ਪੈਂਫਲਿਟ ਜੋ ਪੰਥ ਦੀ ਸੇਵਾ ਦਾ ਦਾਅਵਾ ਕਰਦੇ ਹੋਏ, ਗੁਰਬਾਣੀ ਦੇ ਕੁਝ ਸ਼ਬਦਾਂ ਨੂੰ ਅਪਣੇ ਵਲੋਂ ਛਾਪੀ ਜਾਂਦੀ ਸਮੱਗਰੀ ਵਿਚ ਵਰਤ ਕੇ, (ਆਪਣੀ ਹੀ ਕਿਸਮ ਦਾ) ਪ੍ਰਚਾਰ ਕਰਨ ਵਿਚ ਜੁਟੇ ਹੋਏ ਹਨ। ਸਿੱਖ ਧਰਮ ਦਾ ਅਧਾਰ ਕੇਵਲ ਤੇ ਕੇਵਲ ਸੱਚ ਉਤੇ ਹੈ। ਗੁਰਬਾਣੀ ਦੇ ਜਿੰਨੇ ਵੀ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ, ਜੇ ਗਹੁ ਨਾਲ ਉਨ੍ਹਾਂ ਨੂੰ ਵਿਚਾਰਿਆ ਜਾਵੇ ਤਾਂ ਹਰ ਇਕ ਦਾ ਮੂਲ ਮੁੱਦਾ ਸੱਚ ਹੀ ਹੈ ਜਿਸ ਅਨੁਸਾਰ ਮਨੁੱਖੀ ਜੀਵਨ ਬਤੀਤ ਕਰਨਾ ਹੈ। ਇਨ੍ਹਾਂ ਸ਼ਬਦਾਂ ਵਿਚੋਂ ਕਿਸੇ ਨੂੰ ਵੀ ਕਿਸੇ ਦੂਜੇ ਸ਼ਬਦ ਉਤੇ ਤਰਜੀਹ ਨਹੀਂ ਦਿਤੀ ਜਾ ਸਕਦੀ। ਜਿਹੜੇ ਲੋਕ ਇਨ੍ਹਾਂ ਸ਼ਬਦਾਂ ਦੀ ਸਾਰਥਕਤਾ ਅਤੇ ਇਨ੍ਹਾਂ ਵਿਚ ਦਿੱਤੇ ਗਏ ਸੁਨੇਹਿਆਂ ਨੂੰ ਨਾ ਸਮਝਦੇ ਹੋਇ ਕਚ-ਘਰੜ ਗੁਰਬਾਣੀ ਪ੍ਰਚਾਰਕਾਂ ਵਿਚੋਂ ਕਿਸੇ ਦੇ ਕਹਿਣ ਉ¤ਤੇ ਕਿਸੇ ਇਕ ਸ਼ਬਦ ਨੂੰ ਫੜ ਕੇ ਅਪਣੀ ਕਿਸੇ ਚਾਹ ਜਾਂ ਦੁਖ ਦੀ ਨਿਵਿਰਤੀ ਲਈ ਕੇਵਲ ਉਸਦਾ ਹੀ ਪਾਠ ਕਰਨ ਲਗ ਜਾਂਦੇ ਹਨ, ਉਹ ਨਾ ਖੁਦ ਹੀ ਅਤੇ ਨਾ ਹੀ ਉਨ੍ਹਾਂ ਨੂੰ ਸਲਾਹ ਦੇਣ ਵਾਲੇ ਉਸ ਸ਼ਬਦ ਦੀ ਵਿਸ਼ੇਸ਼ਤਾਈ ਸਮਝਦੇ ਹਨ ਅਤੇ ਨਾ ਹੋਰਨਾਂ ਸ਼ਬਦਾਂ ਦੀ। ਅਪਣਾ ਸਾਰਾ ਜੀਵਨ ਇਸੇ ਭੰਬਲ-ਭੂਸੇ ਵਿਚ ਗੁਜ਼ਾਰ ਦਿੰਦੇ ਹਨ ਕਿ ਉਹ ਕੋਈ ਚੰਗਾ ਕੰਮ ਕਰਦੇ ਹੋਇ ਅਪਣੇ ਆਸ਼ੇ ਦੀ ਪੂਰਤੀ ਵਲ ਵਧ ਰਹੇ ਹਨ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਈ ਸ਼ਬਦ ਕਿਸੇ ਖਾਸ ਮੌਕੇ ਤੇ, ਕਿਸੇ ਖਾਸ ਗੱਲ ਨੂੰ ਸਪਸ਼ਟ ਕਰਨ ਜਾਂ ਕਿਸੇ ਖਾਸ ਸਥਿਤੀ ਉਤੇ ਚਾਨਣਾ ਪਾਉਣ ਲਈ ਉਚਾਰਨ ਕੀਤੇ ਗਏ ਹਨ ਤਾਂਕਿ ਨੁਕਤੇ ਨੂੰ ਚੰਗੀ ਤਰ੍ਹਾਂ ਸਮਝ ਲਿਆ ਜਾਵੇ। ਉਨ੍ਹਾਂ ਸ਼ਬਦਾਂ ਨੂੰ ਕੇਵਲ ਉਨ੍ਹਾਂ ਪ੍ਰਸਥਿਤੀਆਂ ਨਾਲ ਜੋੜ ਕੇ ਅਪਣੀ ਜ਼ਿੰਦਗੀ ਦੇ ਔਕੜ ਭਰੇ ਖਾਸ ਮੌਕਿਆਂ ਲਈ ਤਾਂ ਸੇਧ ਲਈ ਜਾ ਸਕਦੀ ਹੈ ਪਰ ਉਹ ਸਮੁੱਚੀ ਜ਼ਿੰਦਗੀ ਲਈ ਕਾਫੀ ਨਹੀਂ ਜਿਸ ਲਈ ਸਾਨੂੰ ਗੁਰਬਾਣੀ ਦੇ ਹਰ ਸ਼ਬਦ ਨੂੰ ਸੋਚ-ਵਿਚਾਰ ਕੇ ਅਪਣੀ ਜ਼ਿੰਦਗੀ ਦਾ ਅਧਾਰ ਬਨਾਉਣਾ ਚਾਹੀਦਾ ਹੈ। ਕਈ ਆਦਮੀ ਗੁਰਬਾਣੀ ਦੇ ਸ਼ਬਦ ਦਾ ਸਹਾਰਾ ਲੈ ਕੇ ਕੋਈ ਕਾਰਜ ਅਰੰਭ ਕਰਕੇ ਕਈ ਗੱਲਾਂ ਅਜਿਹੀਆਂ ਕਰਨ ਲਗ ਜਾਂਦੇ ਹਨ ਜਿਨ੍ਹਾਂ ਦਾ ਨਾ ਸੱਚ ਨਾਲ ਕੋਈ ਸਬੰਧ ਹੁੰਦਾ ਹੈ ਅਤੇ ਨਾ ਹੀ ਜੋ ਕੁਝ ਉਹ ਕਹਿੰਦੇ ਹਨ ਉਹ ਸੱਚ ਹੁੰਦਾ ਹੈ। ਇਸੇ ਤਰ੍ਹਾਂ ਦੇ ਕਈ ਸ਼ਬਦ ਵਰਤ ਕੇ ਆਮ ਲੋਕਾਂ ਦੀਆਂ ਅੱਖਾਂ ਵਿਚ ਮਿੱਟੀ-ਘੱਟਾ ਪਾ ਕੇ ਅਪਣੇ ਕਿਸੇ ਲੁਕਵੇਂ ਮਨੋਰਥ ਦੀ ਪੂਰਤੀ ਵਿਚ ਲਗੇ ਰਹਿੰਦੇ ਹਨ। ਸੱਚ ਦੇ ਨਾਲ ਨਾਲ ਸਿਖ ਧਰਮ ਇਕੋ ਪਰਮਾਤਮਾ ਹੋਣ ਦੇ ਸੁਨੇਹੇ ਸਦਕਾ ਮਨੁੱਖੀ ਭਾਈਚਾਰਕ ਸਾਂਝ ਹੋਣ ਦਾ ਸੁਨੇਹਾ ਵੀ ਦਿੰਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਗੁਰੂ ਗੋਬਿੰਦ ਸਿੰਘ ਦੇ ਅਕਾਲ ਚਲਾਣਾ ਕਰਨ ਮਗਰੋਂ ਅਤੇ ਸਿੱਖਾਂ ਦੇ ਜੰਗਲਾਂ ਵਿਚ ਲੁਕੇ ਰਹਿਣ ਦੇ ਸਮੇਂ ਵੇਲੇ ਸਿੱਖ-ਦੋਖੀ ਤਾਕਤਾਂ ਵਲੋਂ ਅਤੇ ਹੁਣ ਉਨ੍ਹਾਂ ਹੀ ਤਾਕਤਾਂ ਨਾਲ ਭਾਈਵਾਲੀ ਪਾ ਕੇ ਗੁਰਬਾਣੀ ਵਿਚ ਘਚੋਲ-ਮਚੋਲਾ ਕਰਨ ਅਤੇ ਰਹਿਤ ਮਰਿਆਦਾ ਨਾਲ ਖਿਲਵਾੜ ਕਰਨ ਲਈ ਬਚਿਤਰ ਨਾਟਕ ਅਤੇ ਗੁਰਬਿਲਾਸ ਪਾਤਸ਼ਾਹੀ ਛੇਵੀਂ ਵਰਗੀਆਂ ਕੂੜ ਭਰੀਆਂ ਕਿਤਾਬਾਂ ਲਿਖਣਾ ਸਿੱਖ ਵਿਚਾਰਧਾਰਾ ਨੂੰ ਪੇਤਲਾ ਕਰਨਾ ਜਾਂ ਖੋਰਾ ਲਾਉਣ ਬਰਾਬਰ ਹੈ ਅਤੇ ਸਾਨੂੰ ਅਜਿਹੀਆਂ ਤਾਕਤਾਂ ਨੂੰ ਬੇਨਕਾਬ ਕਰਨਾ ਚਾਹੀਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ‘ਰੋਜ਼ਾਨਾ ਸਪੋਕਸਮੈਨ’ ਨੇ ਐਸ.ਜੀ.ਪੀ.ਸੀ., ਜਥੇਦਾਰਾਂ, ਸਿੱਖੀ ਦੇ ਪ੍ਰਚਾਰਕਾਂ ਅਤੇ ਅਕਾਲੀ ਦਲ ਦੇ ਨਾਂ ਉਤੇ ਉਸਦੇ ਲੀਡਰਾਂ ਵੱਲੋਂ ਆਰ.ਐਸ.ਐਸ. ਅਤੇ ਬੀਜੇਪੀ ਨਾਲ ਧਾਰਮਕ, ਸਿਆਸੀ ਅਤੇ ਸਰਕਾਰੀ ਸਾਂਝ ਪਾ ਕੇ ਕੀਤੀਆਂ ਜਾ ਰਹੀਆਂ ਪੰਥ-ਵਿਰੋਧੀ ਗੱਲਾਂ ਦਾ ਭਾਂਡਾ ਚੌਰਾਹੇ ਵਿਚ ਭੰਨ ਕੇ ਇਨ੍ਹਾਂ ਤਾਕਤਾਂ ਦੀ ਨੀਂਦ ਹਰਾਮ ਕਰ ਛੱਡੀ ਹੈ, ਜਿਸ ਕਾਰਨ ਇਹ ਅਖ਼ਬਾਰ ਲੋਕਾਂ ਵਿਚ ਹਰਮਨ ਪਿਆਰਾ ਹੋ ਨਿਬੜਿਆ ਹੈ ਜਿਸ ਕਾਰਨ ਕੁਝ ਤਾਕਤਾਂ ਬੁਖਲਾ ਗਈਆਂ ਹਨ। ਪਰ ਇਸਦਾ ਇਕ ਹੋਰ ਪੱਖ ਵੀ ਵਿਚਾਰਨ ਲਾਇਕ ਹੈ।
ਅਪਣੇ ਵਿਚਾਰਾਂ ਦੀ ਪ੍ਰਮਾਣਿਕਤਾ ਦਾ ਲੋਕਾਂ ਉਤੇ ਅਸਰ ਪਾਉਣ ਲਈ ‘ਰੋਜ਼ਾਨਾ ਸਪੋਕਸਮੈਨ’ ਦੇ ਐਡੀਟਰ ਸਾਹਿਬ ਵਲੋਂ ਗੁਰੂ ਨਾਨਕ ਸਾਹਿਬ ਦੇ ਸ਼ਬਦ ‘ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ’ (722) ਵਿਚੋਂ ‘ਸਚੁ ਸੁਣਾਇਸੀ ਸਚ ਕੀ ਬੇਲਾ’ ਅਖਬਾਰ ਦੇ ਪਹਿਲੇ ਪੰਨੇ ਉਤੇ ਸ਼ੁਰੂ ਤੋਂ ਹੀ ਛਾਪਣਾ ਸ਼ੁਰੂ ਕੀਤਾ ਹੋਇਆ ਹੈ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੇ ਸ਼ਬਦ ‘ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰਹਾਈਕ੍ਰ’(611) ਵਿਚੋਂ ਪਦ ‘ਹਮ’ ਛਡ ਕੇ ਕੇਵਲ ‘ਏਕਸ ਕੇ ਬਾਰਿਕ’ ਤਿੰਨ ਪਦ ਲੈ ਕੇ ਅਪਣੇ ਕਿਸੇ ਚੰਗੇ-ਮੰਦੇ ਆਸ਼ੇ ਦੀ ਪੂਰਤੀ ਲਈ ‘ਏਕਸ ਕੇ ਬਾਰਕ’ ਨਾਂ ਦੀ ਜਥੇਬੰਦੀ ਖੜੀ ਕਰਨ ਦਾ ਉਪਰਾਲਾ ਸ਼ੁਰੂ ਕਰ ਦਿਤਾ। ਪਰ ਅਖ਼ਬਾਰ ਦੀਆਂ ਨੀਤੀਆਂ ਕਾਰਨ ਬਹੁਤ ਸਾਰੇ ਸਮਝਦਾਰ ਲੋਕ ਇਸ ਵਿਚ ਕੋਈ ਲੁਕੀ ਹੋਈ ਸਿੱਖ-ਵਿਰੋਧੀ ਸਾਜ਼ਿਸ਼ ਦਾ ਹੱਥ ਸਮਝਣ ਲਈ ਮਜਬੂਰ ਹੋ ਰਹੇ ਹਨ। ਇਸ ਸੋਚ ਦਾ ਕਾਰਨ ਸਮਝਣ ਦੀ ਲੋੜ ਹੈ। ਵਿਚਾਰਨ ਵਾਲੀ ਗਲ ਇਹ ਹੈ ਕਿ ਐਡੀਟਰ ਸਾਹਿਬ ਗੁਰੂ ਨਾਨਕ ਨੂੰ ‘ਗੁਰੂ’ ਦੀ ਬਜਾਏ ਜਿਨ੍ਹਾਂ ਨੂੰ ਸਿੱਖ ਪੰਥ ਵਲੋਂ ਸਤਿਕਾਰ ਸਹਿਤ ਗੁਰੂ ਸ਼ਬਦ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਜਿਨ੍ਹਾਂ ਦੀ ਬਾਣੀ ਹੋਰ ਗੁਰੂਆਂ ਅਤੇ ਭਗਤਾਂ ਸਮੇਤ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਅਤੇ ਜਿਨ੍ਹਾਂ ਦੀਆਂ ਸਾਖੀਆਂ ਪੰਥ ਨੂੰ ਉਨ੍ਹਾਂ ਦੀ ਪਿਆਰ ਭਰੀ ਵਿਚਾਰਧਾਰਾ ਸਮਝਾਉਣ ਵਿਚ ਸਹਾਈ ਹੁੰਦੀਆਂ ਹਨ, ‘ਬਾਬਾ ਨਾਨਕ’ ਕਹਿਣ ਦੀ ਕੀ ਲੋੜ ਪਈ। ਕੀ ਬਚਿੱਤ੍ਰ ਨਾਟਕ ਵਿਚ ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜੇ ਗਏ ਰਾਮ-ਸ਼ਿਆਮ ਵਰਗਾ ਕੋਈ ਵਖਰਾ ‘ਬਾਬਾ ਨਾਨਕ’ ਤੇ ਨਹੀਂ? ਗੁਰੂ ਨਾਨਕ ਸਾਹਿਬ ਨੂੰ ਵਿਰੋਧੀਆਂ ਵਲੋਂ ਬਉਰਾਨਾ ਵਰਗੇ ਸ਼ਬਦਾਂ ਨਾਲ ਸੰਬੋਧਨ ਕੀਤਾ ਗਿਆ ਪਰ ਉਨ੍ਹਾਂ ਪਿਆਰ ਅਤੇ ਮੁਹਬਤ ਦਾ ਪੱਲਾ ਨਾ ਛਡਦਿਆਂ ਸੱਜਣ ਠੱਗ, ਕੌਡੇ ਰਾਖਸ਼ ਅਤੇ ਵਲੀ ਕੰਧਾਂਰੀ ਵਰਗੇ ਹੰਕਾਰੀਆਂ ਨੂੰ ਅਪਣੀ ਬੁੱਕਲ ਵਿਚ ਲੈ ਕੇ ਉਨ੍ਹਾਂ ਦੇ ਔਗਣ ਦੂਰ ਕਰ ਦਿਤੇ। ਸੱਜਣ ਠੱਗ ਤਾਂ ਉਨ੍ਹਾਂ ਦਾ ਪ੍ਰਚਾਰਕ ਵੀ ਬਣ ਗਿਆ ਸੀ। ਗੁਰੂ ਨਾਨਕ ਸਾਹਿਬ ਦਾ ਫੁਰਮਾਨ ਹੈ, ‘ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੂ ਕਹੀਐ’ (660) ਪਰ ਐਡੀਟਰ ਸਾਹਿਬ ਅਪਣੇ ‘ਬਾਬੇ ਨਾਨਕ’ ਨੂੰ ਕਿਵੇਂ ਪੇਸ਼ ਕਰਦੇ ਹਨ, ਇਸ ਸਬੰਧੀ ਕੁਝ ਮਿਸਾਲਾਂ ਪੇਸ਼ ਕਰਦਾ ਹਾਂ ਜੋ ਮੈਂ ‘ਏਕਸ ਕੇ ਬਾਰਕ’ ਦੀਆਂ ਬੈਠਕਾਂ ਵਿਚ ਅਪਣੇ ਕੰਨੀਂ ਸੁਣੀਆਂ ਅਤੇ ਅੱਖੀਂ ਵੇਖੀਆਂ ਹਨ ਤਾਂਕਿ ਉਨ੍ਹਾਂ ਦੇ ਹਮਾਇਤੀ ਅਤੇ ਵਿਰੋਧੀ ਫੈਸਲਾ ਕਰ ਸਕਣ ਕਿ ਉਨ੍ਹਾਂ ਕਿੱਥੇ ਖੜੇ ਹੋਣਾ ਹੈ ਅਤੇ ਕੀ ਐਡੀਟਰ ਸਾਹਿਬ ਦਾ ਸਿੱਖ ਪੰਥ ਦੇ ਲੀਡਰਾਂ ਦੇ ਪਾਜ ਖੋਲ੍ਹਣਾ ‘ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ’ ਵਾਲੀ ਗੱਲ ਤੇ ਨਹੀਂ ਹੋ ਨਿਬੜੇਗਾ?
(ੳ) ਗੁਰੂ ਨਾਨਕ ਸਾਹਿਬ ਦੇ ਨੌਂ ਉਤਰਾਧਿਕਾਰੀ ਗੁਰੂਆਂ ਦੀ ਸੋਚਣੀ ਉਨ੍ਹਾਂ ਦੀ ਸੋਚਣੀ ਅਨਕੂਲ ਹੀ ਹੈ ਅਤੇ ਇਸੇ ਅਧਾਰ ਤੇ ਪਹਿਲੇ ਪੰਜਾਂ ਅਤੇ ਨੌਵੇਂ ਗੁਰੂ ਸਾਹਿਬ ਵੱਲੋਂ ਉਚਾਰੀ ਗਈ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਨਾਨਕ ਸਾਹਿਬ ਦੇ ਨਾਂ ਹੇਠ ਹੀ ਦਰਜ ਹੈ ਜਿਸਨੂੰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖਾਂ ਦੇ ਗੁਰੂ ਹੋਣ ਦੀ ਦਿਤੀ ਗਈ ਪਦਵੀ ਨੂੰ ਹਰ ਸਿਖ ਮੰਨਦਾ ਹੈ। ਇਸ ਵਿਚਾਰਧਾਰਾ ਦੇ ਅਧੀਨ ਦੋ ਗੁਰੂਆਂ, ਦੋ ਸਾਹਿਬਜ਼ਾਦਿਆਂ ਅਤੇ ਅਨੇਕ ਸਿੰਘਾਂ ਸਿੰਘਣੀਆਂ ਨੇ ਇਸ ਵਿਚਾਰਧਾਰਾ ਨੂੰ ਪ੍ਰਫੁਲਤ ਰੱਖਣ ਲਈ ਉਹ ਸ਼ਹੀਦੀਆਂ ਦਿਤੀਆਂ, ਜਿਨ੍ਹਾਂ ਦੀ ਮਿਸਾਲ ਦੁਨੀਆਂ ਦੇ ਤਖਤੇ ਤੇ ਨਹੀਂ ਮਿਲਦੀ ਬੇਸ਼ਕ ਦੁਨੀਆਂ ਦਾ ਇਤਿਹਾਸ ਫਰੋਲ ਕੇ ਵੇਖ ਲਵੋ। ਪਰ ਸਿੱਖਾਂ ਨੂੰ ਕਿਸੇ ਦੀਆਂ ਵਧੀਕੀਆਂ ਦੇ ਖਿਲਾਫ ਲਾਮਬੰਦ ਕਰਨ ਲਈ ਕੇਵਲ ‘ਬਾਬੇ ਨਾਨਕ’ ਦੀ ਬਾਣੀ ਕਹਿ ਕੇ ਕਿਸੇ ਲਹਿਰ ਦਾ ਅਰੰਭ ਕਰਨਾ ਲੋਕਾਂ ਵਿਚ ਗੁਰੂ ਨਾਨਕ ਅਤੇ ਉਨ੍ਹਾਂ ਦੇ ਉਤਰਾਧਿਕਾਰੀ ਗੁਰੂਆਂ ਨੂੰ ਇਕ ਦੂਜੇ ਤੋਂ ਵੱਖਰਾ ਕਰਨ ਸਮਾਨ ਲਗਦਾ ਹੈ - ਖਾਸ ਕਰ ਉਸ ਵੇਲੇ ਜਦੋਂ ਕੁਝ ਸਿਖ ਦੋਖੀ ਤਾਕਤਾਂ ਵੱਲੋਂ ਇਹ ਪਰਚਾਰ ਪਹਿਲਾਂ ਹੀ ਕੀਤਾ ਜਾ ਰਿਹਾ ਹੋਵੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿਚ ਅੰਮ੍ਰਿਤ ਛਕਾ ਕੇ ਬਾਕੀ ਗੁਰੂਆਂ ਦੀ ਅਹਿੰਸਕ ਪਹੁੰਚ ਨੂੰ ਇਕ ਪਾਸੇ ਕਰ ਦਿੱਤਾ। ਇਸ ਬਾਰੇ ‘ਏਕਸ ਕੇ ਬਾਰਕ’ ਦੀ ਮੀਟਿੰਗ ਵਿਚ ਜਦੋਂ ਇਕ ਸਿਆਣੇ ਨੇ ਇਤਰਾਜ਼ ਕੀਤਾ ਤਾਂ ‘ਬਾਬੇ ਨਾਨਕ’ ਦੀ ਬਾਣੀ ਦਾ ਆਸਰਾ ਲੈ ਕੇ ਚੱਲਣ ਦਾ ਦਾਅਵਾ ਕਰਨ ਵਾਲੇ ਸੰਪਾਦਕ ਸਾਹਿਬ ਨੇ ਗੁਰੂ ਨਾਨਕ ਵੱਲੋਂ ਉਚਾਰੇ ਗਏ ਮਹਾਨ ਸ਼ਬਦ ‘ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੂ ਕਹੀਐ’ (660) ਨੂੰ ਅੱਖੋਂ ਪਰੋਖੇ ਕਰਕੇ ਉਸਨੂੰ ਇਹ ਕਹਿ ਕੇ ਝਾੜ ਪਾ ਦਿਤੀ ਕਿ ਜੇ ਤੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਹਨ ਤਾਂ ‘ਏਕਸ ਕੇ ਬਾਰਕ’ ਦੀ ਇਕੱਤਰਤਾ ਵਿਚ ਨਾ ਆਇਆ ਕਰ। ਮੁੜ ਉਹ ਸੱਜਣ ਕਿਸੇ ਮੀਟਿੰਗ ਵਿਚ ਮੈਂ ਨਹੀਂ ਵੇਖਿਆ।
(ਅ) 46 ਸੈਕਟਰ ਚੰਡੀਗੜ੍ਹ ਦੇ ਗੁਰਦੁਆਰੇ ਵਿਚ ਦਿਲਗੀਰ ਸਾਹਿਬ ਦੀ ਮਾਤਾ ਜੀ ਦੇ ਭੋਗ ਸਮੇਂ ਐਡੀਟਰ ਸਾਹਿਬ ਨੇ ਬੋਲਦਿਆਂ ਕਿਹਾ ਕਿ ਬਾਬੇ ਨਾਨਕ ਨੇ ਕਿਸੇ ਉਤਰਾਧਿਕਾਰੀ ਨੂੰ ਗੱਦੀ ਨਹੀਂ ਦਿੱਤੀ। ਮਾਈਕ ਠੀਕ ਨਾ ਹੋਣ ਕਾਰਨ ਮੈਂ ਇਹ ਸੁਣ ਨਾ ਸਕਿਆ ਪਰ ਜਦੋਂ ਕੁਝ ਦਿਨਾਂ ਬਾਅਦ ਮੈਨੂੰ ਇਸਦਾ ਪਤਾ ਲਗਿਆ ਤਾਂ ਦਿਲਗੀਰ ਸਾਹਿਬ ਸਮੇਤ ਕੁਝ ਹੋਰ ਸੱਜਣ ਜੋ ਗੁਰਦੁਆਰੇ ਵਿਚ ਹਾਜ਼ਿਰ ਸਨ, ਉਨ੍ਹਾਂ ਨੇ ਇਸਦੀ ਤਾਈਦ ਕੀਤੀ। ਇਸ ਸਬੰਧੀ ਉਨ੍ਹਾਂ ਨੂੰ ਇਕ ਬੀਬੀ ਵਲੋਂ 1-7-2009 ਨੂੰ ਇਕ ਚਿੱਠੀ ਵੀ ਜਾ ਚੁਕੀ ਸੀ, ਜਿਸਦਾ ਇਨ੍ਹਾਂ ਵਲੋਂ ਕੋਈ ਸਪਸ਼ਟੀਕਰਨ ਨਾਂਹ ਦੇਣ ਕਾਰਨ 19-8-09 ਨੂੰ ਅਸੀਂ ਕੋਈ 12,13 ਵਿਅਕਤੀਆਂ ਨੇ ਇਸ ਸਬੰਧ ਵਿਚ ਐਡੀਟਰ ਸਾਹਿਬ ਨੂੰ ਚਿੱਠੀ ਲਿਖੀ ਤਾਂ ਉਨ੍ਹਾਂ ਨੇ ‘ਏਕਸ ਕੇ ਬਾਰਕ’ ਦੇ ਇਕ ਸਰਗਰਮ ਮੈਂਬਰ ਨੂੰ ਬੁਲਾ ਭੇਜਿਆ, ਜੋ ਅਪਣੇ ਨਾਲ ਇਕ ਹੋਰ ਸਰਗਰਮ ਮੈਂਬਰ ਨੂੰ ਵੀ ਲੈ ਗਏ। ਐਡੀਟਰ ਸਾਹਿਬ ਨਾਲ ਗੱਲਬਾਤ ਕਰਨ ਤੋਂ ਬਾਅਦ ਸ਼ਾਮ ਦੇ 6 ਵਜੇ ਉਹ ਦੋਵੇਂ ਮੇਰੇ ਪਾਸ ਆ ਗਏ ਅਤੇ ਕਹਿਣ ਲਗੇ ਕਿ ਐਡੀਟਰ ਸਾਹਿਬ ਕਹਿੰਦੇ ਹਨ ਕਿ ਤੁਸੀਂ ਵਿਰੋਧੀ ਧੜੇ ਵਿਚ ਜਾ ਰਲੇ, ਤੁਹਾਨੂੰ ਚਾਹੀਦਾ ਸੀ ਕਿ ਮੇਰੇ ਨਾਲ ਗਲ ਕਰ ਲੈਂਦੇ। ਉਹ ਅਪਣੀ ਗਲਤੀ ਮੰਨ ਕੇ ਆਏ ਸੀ। ਮੈਂ ਕਿਹਾ ਤੁਸੀਂ ਗਲਤ ਕਿਵੇਂ ਹੋਇ, ਬੀਬੀ ਦੀ ਚਿੱਠੀ ਤੋਂ ਬਾਅਦ ਏਕਸ ਕੇ ਬਾਰਕ ਦੀਆਂ ਦੋ ਮੀਟਿੰਗਾਂ ਵਿਚ ਐਡੀਟਰ ਸਾਹਿਬ ਨੇ ਉਸ ਚਿੱਠੀ ਦਾ ਜ਼ਿਕਰ ਕਿਉਂ ਨਾ ਕੀਤਾ, ਕਸੂਰਵਾਰ ਉਹ ਹਨ ਕਿ ਤੁਸੀਂ? ਅੱਜ ਤੱਕ ਵੀ ਉਸ ਚਿੱਠੀ ਦਾ ਸਪਸ਼ਟੀਕਰਨ ਨਹੀਂ ਦਿਤਾ ਗਿਆ।
(ੲ) ਇਕ ਮੈਂਬਰ ਨੇ ਇਕ ਬੈਠਕ ਵਿਚ ਪੰਥ ਦੀ ਸੇਵਾ ਵਿਚ ਬਿਲਾ ਸ਼ੁਭਾ ਜੁਟਿਆ ਇਕ ਮੈਗਜ਼ੀਨ ਵੰਡ ਦਿਤਾ ਜਿਸ ਦੇ ਸਿਰਵਰਕ ਤੇ ਸਿਖ ਜਗਤ ਵਿਚ ਸਤਿਕਾਰੇ ਜਾਂਦੇ ਇਕ ਸੱਜਣ ਦੀ ਜਿਨ੍ਹਾਂ ਨਾਲ ਐਡੀਟਰ ਸਾਹਿਬ ਦੇ ਕੁਝ ਮਤਭੇਦ ਸਨ ਫੋਟੋ ਸੀ। ਉਸਨੂੰ ਵੇਖਦਿਆਂ ਹੀ ਐਡੀਟਰ ਸਾਹਿਬ ਗੁੱਸੇ ਨਾਲ ਲਾਲ-ਪੀਲੇ ਹੋ ਗਏ ਅਤੇ ਕਹਿਣ ਲਗੇ ਇਸ ਤਰ੍ਹਾਂ ਦੇ ਮੈਗਜ਼ੀਨ ਇਥੇ ਨਾ ਲਿਆਇਆ ਕਰੋ।
(ਸ) ਇਕ ਬੈਠਕ ਵਿਚ ਕੁਝ ਸੱਜਣਾਂ ਨੇ ‘ਸਪੋਕਸਮੈਨ ਟਰਸਟ’ ਅਤੇ ‘ਰੋਜ਼ਾਨਾ ਸਪੋਕਸਮੈਨ’ ਦੀ ਪਾਲਸੀ ਬਾਰੇ ਕੁਝ ਸੁਝਾਅ ਦਿੱਤੇ ਤਾਂ ਐਡੀਟਰ ਸਾਹਿਬ ਕਹਿਣ ਲੱਗੇ ‘‘ਮੈਂ ਤਾਂ ਅਪਣੀ ਮਰਜ਼ੀ ਕਰੂੰਗਾ ਤੁਹਾਡੀ ਨਹੀਂ, ਮੈਂ ਕਿਸੇ ਦੇ ਪਿਛੇ ਨਹੀਂ ਲਗ ਸਕਦਾ।’’ ਜਦਕਿ ਸਿੱਖ ਧਰਮ ਤਾਂ ਹੰਕਾਰ ਛਡ ਕੇ ਨਿਮਰਤਾ ਦਾ ਪੱਲਾ ਫੜਨ ਲਈ ਸਿੱਖਿਆ ਦਿੰਦਾ ਹੈ:
ਐਸਾ ਸਤਿਗੁਰੁ ਜੇ ਮਿਲੈ ਤਿਸ ਨੋ ਸਿਰੁ ਸਉਪੀਐ
ਵਿਚਹੁ ਆਪੁ ਜਾਇ।
(921)
(ਹ) ਇਕ ਅਜਿਹੇ ਸੱਜਣ ਬਾਰੇ ਜੋ ਇਨ੍ਹਾਂ ਦੀ ‘ਏਕਸ ਕੇ ਬਾਰਕ’ ਦੀ ਵਿਚਾਰਧਾਰਾ ਦਾ ਕੱਟੜ ਹਾਮੀ ਸੀ, ਇਹ ਪਤਾ ਲੱਗਣ ਤੇ ਕਿ ਉਹ ਕਿਸੇ ਹੋਰ ਸੱਜਣ ਵੱਲੋਂ ਉਸੇ ਆਸ਼ੇ ਲਈ ਕਿਸੇ ਹੋਰ ਨਾਂ ਹੇਠ ਚਲਾਈ ਲਹਿਰ ਦਾ ਵੀ ਮੈਂਬਰ ਹੈ, ਉਸਨੂੰ ਇਸ ਗੱਲ ਤੇ ਮਜਬੂਰ ਕਰਨਾ ਸ਼ੁਰੂ ਕਰ ਦਿਤਾ ਕਿ ਉਹ ਜਾਂ ਇਨ੍ਹਾਂ ਦੀ ਬੇੜੀ ਵਿਚ ਚੜ੍ਹੇ ਜਾਂ ਦੂਜੇ ਸੱਜਣ ਦੀ। ਜਦੋਂ ਕਿ ਦੋਹਾਂ ਬੇੜੀਆਂ ਦਾ ਮੂੰਹ ਇਕੋ ਆਸ਼ੇ ਵੱਲ ਸੀ। ਸਿੱਖ ਮਤ ਕਹਿੰਦਾ ਹੈ :
ਕੂੜਿਆਰਿ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ
ਸਤਿਗੁਰ ਪਾਸਿ।।
(314)
(ਕ) ਕਈ ਵਾਰ ਐਸਾ ਵੀ ਹੁੰਦਾ ਹੈ ਕਿ ਅਸੀਂ ਅਪਣੀ ਕਿਸੇ ਕਮਜ਼ੋਰੀ ਉਤੇ ਪਰਦਾ ਪਾਉਣ ਲਈ ਕੌਮ ਦੀ ਬਣਤਰ ਨਾਲ ਸਬੰਧਤ ਕਿਸੇ ਅਤਿ ਮਹੱਤਵਪੂਰਨ ਅਲੌਕਿਕ ਘਟਨਾਵਾਂ ਨੂੰ ਤਰੋੜ-ਮਰੋੜ ਕੇ ਪੇਸ਼ ਕਰ ਦਿੰਦੇ ਹਾਂ। ਜਿਵੇਂ ਖੁਦ ਅੰਮ੍ਰਿਤਪਾਨ ਨਾ ਕਰਨ ਦੀ ਕਮਜ਼ੋਰੀ ਨੂੰ ਛੁਪਾਉਣ ਵਾਸਤੇ 2009 ਦੇ ਸ਼ੁਰੂ ਵਿਚ ਲਿਖੇ ਗਏ ਐਡੀਟਰ ਸਾਹਿਬ ਨੇ ਇਕ ਸੰਪਾਦਕੀ ਵਿਚ ਇਸ ਗੱਲ ਦੀ ਵਕਾਲਤ ਕੀਤੀ ਕਿ 1699 ਦੀ ਵਿਸਾਖੀ ਨੂੰ ਖਾਲਸੇ ਦੀ ਸਾਜਣਾ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤਪਾਨ ਕਰਨ ਦੀ ਖਾਲਸੇ ਨੂੰ ਢਿੱਲ ਦੇ ਦਿਤੀ ਸੀ। ਇਸ ਸਬੰਧੀ ਭੰਬਲ ਭੂਸੇ ਪਾਉਣ ਵਾਲੀ ਵਿਚਾਰ ਦੀ ਵਿਰੋਧਤਾ ਵਿਚ ਮੈਂ ਇਕ ਲੇਖ ਲਿਖਿਆ, ਜੋ ਐਡੀਟਰ ਸਾਹਿਬ ਨਾਲ ਹੋਈ ਇਕ ਮੀਟਿੰਗ ਵਿਚ ਜੋ ਉਨ੍ਹਾਂ ਆਪ ਬੁਲਾਈ ਸੀ, ਵਿਚ ਮੈਂ ਪੜ੍ਹ ਦਿਤਾ ਅਤੇ ਬੈਠੇ 12,13 ਸੱਜਣਾਂ ਨੂੰ ਪੁੱਛਿਆ ਕਿ ਜੇ ਉਹ ਮੇਰੇ ਵਿਚਾਰਾਂ ਨਾਲ ਸਹਿਮਤ ਹਨ ਤਾਂ ਕੀ ਇਹ ‘ਰੋਜ਼ਾਨਾ ਸਪੋਕਸਮੈਨ’ ਵਿਚ ਛਾਪ ਦਿਤਾ ਜਾਵੇ। ਸਾਰਿਆਂ ਨੇ ਮੇਰੀ ਹਮਾਇਤ ਕੀਤੀ ਅਤੇ ਮੈਂ ਉਹ ਲੇਖ ਐਡੀਟਰ ਸਾਹਿਬ ਨੂੰ ਛਾਪਣ ਲਈ ਫੜਾ ਦਿਤਾ ਪਰ ਉਹ ਨਹੀਂ ਛਾਪਿਆ ਗਿਆ ਤਾਂਕਿ ਅੰਮ੍ਰਿਤ (ਖੰਡੇ-ਬਾਟੇ ਦੀ ਪਾਹੁਲ) ਸਬੰਧੀ ਉਨ੍ਹਾਂ ਵਲੋਂ ਪੈਦਾ ਕੀਤਾ ਭੰਬਲ-ਭੂਸਾ ਬਣਿਆ ਰਵ੍ਹੇ।
(ਖ) ਜਦੋਂ ਵੀਆਨਾ ਕਾਂਡ ਮਗਰੋਂ ਜਲੰਧਰ ਅਤੇ ਫਗਵਾੜੇ ਵਿਚ ਸਮਾਜ-ਵਿਰੋਧੀ ਅਨਸਰਾਂ ਨੇ ਸਾੜ-ਫੂਕ ਕੀਤੀ ਤਾਂ ਮੈਂ ਦੋਹਾਂ ਧਿਰਾਂ ਨੂੰ ਮਿਲ-ਵਰਤਣ ਬਣਾਈ ਰਖਣ ਦੀ ਸਲਾਹ ਦਿੰਦਾ ਇਕ ਲੇਖ ‘ਗੁਰੂ ਨਾਨਕ ਤੇ ਭਗਤ ਰਵੀਦਾਸ ਦੀ ਸਾਂਝ ਤੋੜਨ ਵਾਲੇ ਮਨੁਖੱਤਾ ਦੇ ਵੈਰੀ’ ਐਡੀਟਰ ਸਾਹਿਬ ਨੂੰ ਛਾਪਣ ਲਈ ਭੇਜਿਆ। ਇਨ੍ਹਾਂ ਨੇ ਮੈਨੂੰ ਇਹ ਕਹਿ ਕੇ ਕਿ ਉਨ੍ਹਾਂ ਨੂੰ ਉਪਰੋਂ ਹੁਕਮ ਹੋਇਆ ਹੈ ਕਿ ਇਸ ਬਾਰੇ ਚੁਪ ਧਾਰੀ ਰੱਖਾਂ, ਉਹ ਲੇਖ ਨਹੀਂ ਛਾਪਿਆ। ਮੇਰੇ ਇਹ ਪੁੱਛਣ ਤੇ ਕਿ ਤੁਸੀਂ ਉ¤ਪਰਲਿਆਂ ਦੇ ਕਦੋਂ ਤੋਂ ਹੁਕਮ ਮੰਨਣ ਲਗ ਪਏ ਹੋ, ਉਨ੍ਹਾਂ ਕੇਵਲ ਇਹ ਜਵਾਬ ਦਿਤਾ ਕਿ ਤੁਹਾਨੂੰ ਪਤਾ ਹੀ ਹੈ। ਮੇਰਾ ਵਿਸਥਾਰ ਨਾਲ ਲਿਖਿਆ ਇਹ ਲੇਖ ‘ਧਰਮ ਨੂੰ ਰੋਲਣ ਵਾਲੇ - ਮਾਨਵਤਾ ਦੇ ਵੈਰੀ’ ਕੌਮੀ ਸੂਰਾ ਦੇ ਅਗਸਤ 2009 ਦੇ ਅੰਕ ਤੋਂ ਇਲਾਵਾ ਦੋ ਹੋਰ ਮੈਗਜ਼ੀਨਾਂ ਵਿਚ ਛਪ ਗਿਆ ਜਿਸਦੀ ਦਲਿਤ ਵਰਗ ਵਲੋਂ ਕਾਫੀ ਪ੍ਰਸ਼ੰਸਾ ਹੋਈ।
(ਗ) ਰੋਜ਼ਾਨਾ ਸਪੋਕਸਮੈਨ ਦੇ 13-9-2009 ਦੇ ਅੰਕ ਵਿਚ ਧਰਮ ਸਿੰਘ ਵਲੋਂ ‘ਗੁਰਬਾਣੀ ਪਾਠ ਕਰਨ ਤੋਂ ਰੋਕਦੀ ਹੈ’ ਸਿਰਲੇਖ ਹੇਠ ਇਕ ਚਿੱਠੀ ਛਪੀ। ਇਸ ਬਾਰੇ ਅਸੀਂ ਐਡੀਟਰ ਸਾਹਿਬ ਨੂੰ 19-9-2009 ਨੂੰ ਚਿੱਠੀ ਲਿਖੀ ਕਿ ਧਰਮ ਸਿੰਘ ਨੇ ਅਪਣੀ ਗੱਲ ਸਿੱਧ ਕਰਨ ਲਈ ਜਿਨ੍ਹਾਂ ਸ਼ਬਦਾਂ ਦਾ ਹਵਾਲਾ ਦਿਤਾ ਹੈ, ਉਹ ਪਾਠ ਕਰਨ ਤੋਂ ਨਹੀਂ ਰੋਕਦੇ ਬਲਕਿ ਪਾਠ ਨੂੰ ਕਰਮ-ਕਾਂਡ ਸਮਝ ਕੇ ਕਰਨ ਨੂੰ ਰੋਕਦੇ ਹਨ। ਨਾਲ ਹੀ ਇਹ ਬੇਨਤੀ ਵੀ ਕੀਤੀ ਸੀ ਕਿ ਇਸ ਤਰ੍ਹਾਂ ਦੇ ਭੰਬਲ-ਭੂਸੇ ਪਾਊ ਲੇਖ ਜਾਂ ਚਿੱਠੀਆਂ ਨਾ ਛਾਪਿਆ ਕਰੋ। ਸਾਡੀ ਚਿੱਠੀ ਨਹੀਂ ਛਾਪੀ ਅਤੇ ਨਾ ਹੀ ਉਸ ਦਾ ਕੋਈ ਜਵਾਬ ਆਇਆ ਹੈ।
(ਘ) ‘ਬਾਬੇ’ ਨਾਨਕ ਦੀ ‘ਸਹੀ’ ਬਾਣੀ ਸਬੰਧੀ ਜੋ ਕਿ ਐਡੀਟਰ ਸਾਹਿਬ ਦੇ ਖਿਆਲ ਵਿਚ ਲੋਕਾਂ ਅਗੇ ਨਹੀਂ ਆਉਣ ਦਿੱਤੀ ਗਈ, ਖੋਜ ਰਾਹੀਂ ਲਭ ਕੇ ਲੋਕਾਂ ਅਗੇ ਪੇਸ਼ ਕਰਨ ਲਈ ‘ਉ¤ਚਾ ਦਰ ਬਾਬੇ ਨਾਨਕ ਦਾ’ ਘੱਟੋ-ਘੱਟ 20 ਏਕੜ ਜਮੀਨ ਦੇ ਟੁਕੜੇ ਉ¤ਪਰ ਸਥਾਪਤ ਕਰਨ ਦਾ ਪ੍ਰੋਗਰਾਮ ਲੋਕਾਂ ਅੱਗੇ ਰੱਖ ਦਿੱਤਾ। ਇਸ ਪ੍ਰਾਜੈਕਟ ਵਾਸਤੇ ਜ਼ਮੀਨ ਲੱਭਣ ਲਈ ਇਕ ਕਮੇਟੀ ਦਾ ਮੈਨੂੰ ਕਨਵੀਨਰ ਬਣਾ ਦਿਤਾ। ਕਿਉਂ ਬਣਾਇਆ - ਇਹ ਮੈਂ ਕਦੇ ਫੇਰ ਲਿਖਾਂਗਾ। ਮੈਂ ਗੁਰਦੁਆਰਾ ਜੋਤੀ ਸਰੂਪ ਨਿਜ਼ਦ ਫਤਿਹਗੜ੍ਹ ਸਾਹਿਬ ਦੋ ਸਿਰਮੌਰ ਗੁਰਦੁਆਰਿਆਂ ਲਾਗੇ ਚੰਡੀਗੜ੍ਹ-ਸਰਹਿੰਦ-ਪਟਿਆਲਾ ਮੁੱਖ ਮਾਰਗ ’ਤੇ ਐਡੀਟਰ ਸਾਹਿਬ ਨੂੰ ਜਗ੍ਹਾ ਵਿਖਾਈ। ਇਨ੍ਹਾਂ ਇਹ ਕਹਿ ਕੇ ਰੱਦ ਕਰ ਦਿਤੀ ਕਿ ਇਹ ਕਾਰੋਬਾਰ (ਬਿਜ਼ਨਸ) ਵਾਸਤੇ ਕਿਤੇ ਵਾਸਤੇ ਕੰਮ ਦੀ ਨਹੀਂ। ਮੈਂ ਹੈਰਾਨ ਰਹਿ ਗਿਆ ਕਿ ਸਰਦਾਰ ਸਾਹਿਬ ਦਾ ਮੁੱਖ ਮੰਤਵ ਕੀ ਹੈ? ਪਿਛਲੇ ਸਾਲ ਅੱਧੇ ਸਫੇ ਦਾ ਇਸ਼ਤਿਹਾਰ ਹਰ ਰੋਜ਼ ਰੋਜ਼ਾਨਾ ਸਪੋਕਸਮੈਨ ਵਿਚ ਨਿਕਲਿਆ ਕਰਦਾ ਸੀ, ਜੋ ਇਸ ਦਾਅਵੇ ਨਾਲ ਬੰਦ ਹੋ ਗਿਆ ਹੈ ਕਿ ਏਕਸ ਦੇ ਬਾਰਕ ਦਾ 2010 ਵਿਚ ਹੋਣ ਵਾਲਾ ਸਾਲਾਨਾ ਇਜਲਾਸ ਉਸ ਪ੍ਰਾਜੈਕਟ ਦੀ ਜਗ੍ਹਾ ’ਤੇ ਹੀ ਕੀਤਾ ਜਾਵੇਗਾ। ਉਹ ਇਜਲਾਸ ਤਾਂ ਕੀ ਹੋਣਾ ਸੀ, ਇਸ ਸਾਲ ਚੰਡੀਗੜ੍ਹ ਵਿਚ ਜਿਹੜੀ ਹਰ ਮਹੀਨੇ ‘ਏਕਸ ਕੇ ਬਾਰਕ’ ਦੀ ਮਟਿੰਗ ਹੋਇਆ ਕਰਦੀ ਸੀ ਅਪ੍ਰੈਲ ਤੱਕ ਉਹ ਵੀ ਨਹੀਂ ਕਰਵਾਈ ਗਈ।
ਅਣਭੋਲ ਲੋਕ ਵੀ ਬਾਬੇ ਨਾਨਕ ਦਾ ਨਾਂ ਹੋਣ ਕਰ ਕੇ ਇਨ੍ਹਾਂ ਦਾ ਆਦਰ-ਮਾਨ ਕਰਦੇ ਹੋਏ ਬਗੈਰ ਕਿਸੇ ਕਿਸਮ ਦੀ ਘੋਖ ਕੀਤਿਆਂ ਮਗਰ ਲੱਗ ਤੁਰਦੇ ਹਨ, ਜਿਸਦੇ ਨਤੀਜੇ ਵਜੋਂ ਕੌਮ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਸਦੀਆਂ ਪੁਰਾਣੇ ਅਕੀਦਿਆਂ ਨੂੰ ਜਿਨ੍ਹਾਂ ਦੇ ਤਹਿਤ ਲੋਕਾਂ ਨੇ ਸਿੱਖ ਵਿਚਾਰਧਾਰਾ ਨੂੰ ਪ੍ਰਫੁੱਲਤ ਰੱਖਣ ਲਈ ਸ਼ਹੀਦੀਆਂ ਦਿੱਤੀਆਂ ਅਤੇ ਜਿਨ੍ਹਾਂ ਦੇ ਸਹਾਰੇ ਸਿੱਖ ਕੌਮ ਨੇ ਲਾਮਿਸਾਲ ਮੱਲਾਂ ਮਾਰ ਕੇ ਅਸਲੀ ਅਰਥਾਂ ਵਿਚ ਲੋਕ ਰਾਜ ਕਾਇਮ ਕੀਤਾ, ਉਨ੍ਹਾਂ ਬਾਰੇ ਅਪਣੇ ਮਨ ’ਚੋਂ ਨਿਕਲੇ ਫੁਰਨਿਆਂ ਮਗਰ ਲਗ ਕੇ, ਉਨ੍ਹਾਂ ਅਕੀਦਿਆਂ ਨੂੰ ਕਿਸੇ ਘੋਖ (ਜਾਂਚ) ਰਾਹੀਂ ਪਰਖਣ ਦੀ ਵਕਾਲਤ ਕਰਨਾ, ਇਕ ਖਤਰਨਾਕ ਰਾਹ ਉਤੇ ਚਲਣ ਬਰਾਬਰ ਹੈ।
(ਟ) ਪਹਿਲਾਂ ਐਡੀਟਰ ਸਾਹਿਬ ਨੇ ਪ੍ਰੋ: ਦਰਸ਼ਨ ਸਿੰਘ ਦਾ ਪੱਖ ਬੜੇ ਧੜਲੇ ਨਾਲ ਚੁਕਿਆ ਪਰ ਬਾਅਦ ਵਿਚ ਉਨ੍ਹਾਂ ਦੇ ਸਟੈਂਡ ਉ¤ਤੇ ਵੀ ਨੁਕਤਾਚੀਨੀ ਕਰਕੇ ਪੱਲਾ ਛੁਡਾ ਲਿਆ। ਪਤਾ ਲਗਾ ਹੈ ਕਿ ਐਡੀਟਰ ਸਾਹਿਬ ਪ੍ਰੋ: ਸਾਹਿਬ ਨੂੰ ਜਿਸ ਮਕਸਦ ਲਈ ਵਰਤਣਾ ਚਾਹੁੰਦੇ ਸੀ, ਉਨ੍ਹਾਂ ਨੇ ਅਪਣੇ ਆਪ ਨੂੰ ਵਰਤਣ ਨਹੀਂ ਦਿਤਾ।
(ਠ) ਹੁਣ ਰਹੀ ਗਲ 295-ਏ ਹੇਠ ਉਸ ਖਿਲਾਫ ਦਰਜ ਹੋਇ ਪਰਚੇ ਦੀ। ਇਹ ਸੰਵਿਧਾਨ ਵਿਚ ਅਪਣੇ ਵਿਚਾਰ ਖੁਲ੍ਹ ਕੇ ਪ੍ਰਗਟ ਕਰਨ ਦੀ ਧਾਰਾ ਦੇ ਉਲਟ ਹੈ। ਚੰਗਾ ਹੁੰਦਾ ਜੇ ਪਰਚਾ ਦਰਜ ਕਰਨ ਦੀ ਮੰਗ ਕਰਨ ਵਾਲੇ ਲੋਕ ਐਡੀਟਰ ਸਾਹਿਬ ਦੀਆਂ ਗਲਾਂ ਦਾ ਜਿਨ੍ਹਾਂ ਨੂੰ ਉਹ ਗਲਤ ਅਤੇ ਧਾਰਮਕ ਫਤੂਰ ਪਾਉਣ ਵਾਲਾ ਸਮਝਦੇ ਹਨ ਦਲੀਲਬਾਜ਼ੀ, ਗੁਰਬਾਣੀ ਦੇ ਓਟ ਆਸਰੇ ਅਤੇ ਇਤਿਹਾਸਿਕ ਤੱਥਾਂ ਦੇ ਅਧਾਰ ’ਤੇ ਰੱਦ ਕਰਦੇ, ਜਿਸ ਨਾਲ ਲੋਕਾਂ ਨੂੰ ਵੀ ਪਤਾ ਲਗਦਾ ਕਿ ਕੌਣ ਠੀਕ ਅਤੇ ਕੌਣ ਗਲਤ ਹੈ। ਉਹ ਸ਼ਾਇਦ ਅਜਿਹਾ ਕਰਨ ਦੇ ਕਾਬਿਲ ਹੀ ਨਹੀਂ ਸਨ। ਮੈਂ ਸਮਝਦਾ ਹਾਂ ਕਿ ਜੋ ਪਰਚਾ ਦਰਜ ਕੀਤਾ ਗਿਆ ਹੈ ਉਹ ਕੇਵਲ ਸਿਆਸੀ ਕਿੜ ਕਢਣ ਦਾ ਉਪਰਾਲਾ ਹੈ ਜੋ ਕਿਸੇ ਵਿਅਕਤੀ ਦਾ ਗਲਾ ਘੁਟ ਕੇ ਉਸਨੂੰ ਚੁਪ ਕਰਾਉਣ ਬਰਾਬਰ ਹੈ। (ਦੂਜਾ ਕਾਰਨ ਸਪੋਕਸਮੈਨ ਜਜ਼ਬਾਤੀ ਲੋਕਾਂ ਨੂੰ ਸਪੋਕਸਮੈਨ ਦੇ ਸਮਰਥਨ ਵਿਚ ਖੜਾ ਹੋਣ ਲਈ ਮਜਬੂਰ ਕਰਨਾ ਵੀ ਹੋ ਸਕਦਾ ਹੈ।) ਇੰਦਰਾ ਦੀ 1975 ਵਿਚ ਲਾਈ ਐਮਰਜੈਂਸੀ ਵਾਂਗ ਕਿਸੇ ਆਵਾਜ਼ ਨੂੰ ਦਬਾਉਣਾ ਸੰਵਿਧਾਨ ਵਿਚ ਅਪਣੇ ਵਿਚਾਰ ਕੁਝ ਦਾਇਰੇ ਅੰਦਰ ਰਹਿ ਕੇ ਪ੍ਰਗਟ ਕਰਨ ਦੀ ਦਿੱਤੀ ਗਈ ਖੁਲ੍ਹ ਦੇ ਉਲਟ ਹੈ।
ਐਡੀਟਰ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸਾਰਥਕਤਾ ਸਬੰਧੀ ਲਿਖਿਆ ਲੇਖ ‘ਵਾਪਸ ਲੈਣ’ ਦਾ ਦਾਅਵਾ ਤਾਂ ਕਰ ਦਿੱਤਾ ਹੈ ਪਰ ਸਪਸ਼ਟ ਲਫਜ਼ਾਂ ਵਿਚ ਮੁਆਫੀ ਨਹੀਂ ਮੰਗੀ। ਉਹ ਲੇਖ ਗੁਰਬਾਣੀ ਸਬੰਧੀ ਇਕ ਪ੍ਰਸ਼ਨ ਚਿਨ੍ਹ ਤਾਂ ਛਡ ਗਿਆ ਹੈ, ਜਿਹੜਾ ਕਿ ਸਿੱਖ-ਦੋਖੀ ਤਾਕਤਾਂ ਵਿਚੋਂ ਕਈਆਂ ਨੂੰ ਉਸਦਾ ਹਵਾਲਾ ਦੇ ਕੇ ਗੁਰਬਾਣੀ ਸਬੰਧੀ ਟੀਕਾ-ਟਿੱਪਣੀ ਕਰਨ ਦਾ ਮੌਕਾ ਮੁਹਈਆ ਕਰਦਾ ਰਵ੍ਹੇਗਾ। ਇਸਦਾ ਇਲਾਜ ਤਾਂ ਇਹੀ ਹੈ ਕਿ ਟੈਲੀਵੀਜ਼ਨ ਉਤੇ ਗੁਰਬਾਣੀ ਦੇ ਪ੍ਰੋੜ੍ਹ ਗਿਆਨਵਾਨਾਂ ਦੇ ਸਨਮੁਖ ਹੋ ਕੇ ਅਪਣੀ ਭੁੱਲ ਦੀ ਖੁਲ੍ਹੀ ਮੁਆਫੀ ਮੰਗਣ ਅਤੇ ਅਗੇ ਤੋਂ ਅਜੇਹੇ ਭੰਬਲ-ਭੂਸੇ ਪਾਊ ਲੇਖ ਅਤੇ ਚਿੱਠੀਆਂ ਨਾ ਛਾਪਣ ਦਾ ਪ੍ਰਣ ਕਰਨ। ਇਸਦੇ ਨਾਲ ਹੀ ਖੁੱਲ੍ਹੇ ਸ਼ਬਦਾਂ ਵਿਚ ਅਖਬਾਰ ਦੇ ਪਹਿਲੇ ਸਫੇ ਤੇ ਮੋਟੇ ਅੱਖਰਾਂ ਵਿਚ ਮੁਆਫੀਨਾਮਾ ਛਾਪਿਆ ਜਾਵੇ।
ਅਜਿਹਾ ਕਰਨ ਉਪ੍ਰੰਤ ਹੀ ਉਹ 295-ਏ ਦਾ ਮੁਕੱਦਮੇ ਨੂੰ ਵਾਪਸ ਲਏ ਜਾਣ ਦੀ ਮੰਗ ਕਰ ਸਕਦੇ ਹਨ। ਇਸਦੇ ਇਲਾਵਾ ਐਡੀਰ ਸਾਹਿਬ ਨੂੰ ਆਪਣਾ ਹੰਕਾਰ, ਕਿ ਜੋ ਮੈਂ ਸੋਚਦਾ ਹਾਂ ਉਹੀ ਠੀਕ ਹੈ (ਜੋ ਗੁਰੂ ਨਾਨਕ ਦੇ ਵਿਚਾਰਾਂ ਦੇ ਵੀ ਉਲਟ ਹੈ) ਛੱਡ ਕੇ ਪੰਜ-ਪ੍ਰਧਾਨੀ ਸੋਚ ਅਪਣਾ ਕੇ ਸਿਆਸਤ ਅਤੇ ਗੁਰਮਤਿ ਦੇ ਪ੍ਰੋੜ੍ਹ ਲੋਕਾਂ ਦੀ ਸਲਾਹ ਨਾਲ ਪੰਥ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।