Subscription About Us Contact Us


ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਕਥਿਤ ‘ਪੰਥਕ ਧਿਰਾਂ’ ਦਾ ਰੋਲ : ਪ੍ਰਬੰਧ ’ਚ ਬਦਲਾਅ ਜਾਂ ਸਿਰਫ਼ ਕਬਜ਼ਾ ਕਰਨ ਲਈ?

- ਜਥੇ: ਗੁਰਿੰਦਰ ਪਾਲ ਸਿੰਘ ਧਨੌਲਾ -
ਫੋਨ : 9316176519

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਰਨਲ ਚੋਣਾਂ ਕੁਝ ਸਮੇਂ ਬਾਅਦ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਕਿਉਂਕਿ ਚੋਣ ਲੜਣ ਦੀਆਂ ਚਾਹਵਾਨ ਪਾਰਟੀਆਂ ਅਤੇ ਉਮੀਦਵਾਰਾਂ ਨੇ ਚੋਣ ਮਸ਼ਕਾਂ ਆਰੰਭ ਕਰ ਦਿੱਤੀਆ ਹਨ। ਭਾਵਂੇ ਕਿ ਇਹ ਚੋਣਾਂ ਕਦੇ ਵੀ ਹੋਰਨਾਂ ਚੋਣਾਂ ਵਾਗੂੰ ਸਮੇਂ ਸਿਰ ਨਹੀਂ ਹੁੰਦੀਆ। ਜਿੰਨਾਂ ਲੋਕਾਂ ਦਾ ਇਨ੍ਹਾਂ ਚੋਣਾਂ ਨਾਲ ਦੂਰ ਦਾ ਵੀ ਵਾਸਤਾ ਨਹੀਂ ਉਨ੍ਹਾਂ ਨੂੰ ਵੀ ਇਨ੍ਹਾਂ ਚੋਣਾਂ ਕਾਰਨ ਅਕਸਰ ਜ਼ੁਕਾਮ ਹੋਇਆ ਰਹਿੰਦਾ ਹੈ ਅਤੇ ਉਹ ਚੋਣਾਂ ਵਿੱਚ ਦਖ਼ਲ ਅੰਦਾਜ਼ੀ ਕਰਨ ਲਈ ਸਾਰੇ ਹੱਦਾਂਬੰਨੇ ਟੱਪ ਜਾਂਦੇ ਹਨ।

ਸਰਕਾਰ ਵੀ ਇਨ੍ਹਾਂ ਚੋਣਾਂ ਪ੍ਰਤੀ ਬਹੁਤੀ ਸੁਹਿਰਦਤਾ ਨਾਲ ਕੰਮ ਨਹੀਂ ਕਰਦੀ ਜਿਵੇਂ ਕਿ ਲੋਕ ਸਭਾ, ਰਾਜ ਸਭਾ, ਵਿਧਾਨ ਸਭਾ, ਜਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਨਗਰਪਾਲਿਕਾ, ਪੰਚਾਇਤਾਂ ਜਾਂ ਸੈਨਿਟ ਆਦਿ ਦੀਆਂ ਚੋਣਾਂ ਸਮੇਂ ਸਿਰ ਕਰਾਉਣ ਲਈ ਕੰਮ ਕਰਦੀ ਹੈ। ਜੇਕਰ ਹੋਰ ਚੋਣਾਂ ਸਮੇਂ ਸਿਰ ਕਰਵਾਈਆਂ ਜਾਂਦੀਆਂ ਹਨ ਤਾਂ ਸਿੱਖ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਇਸ ਸੰਸਥਾ ਨਾਲ ਸਰਕਾਰ ਬੇਰੁਖੀ ਵਾਲਾ ਰਵੱਈਆਂ ਕਿਉਂ ਅਪਣਾਉਂਦੀ ਹੈ? ਇਹ ਹੈ ਪੱਖ ਸਰਕਾਰੀ ਢਾਂਚੇ ਜਾਂ ਪ੍ਰਸ਼ਾਸਨ ਦਾ, ਦੂਸਰਾ ਪੱਖ ਉਨ੍ਹਾਂ ਸਿੱਖ ਜਥੇਬੰਦੀਆਂ ਦਾ ਵੀ ਹੈ ਜਿਹੜੀਆਂ ਗੁਰਦੁਆਰਾ ਪ੍ਰਬੰਧ ਦੀਆਂ ਚੋਣਾਂ ਤੇ ਰਾਜਨੀਤੀ ਖੇਡਦੀਆਂ ਹਨ।

ਇਸ ਵੇਲੇ ਇੱਕ ਧਿਰ ਅਕਾਲੀ ਦਲ ਬਾਦਲ ਹੈ ਜਿਹੜਾ ਕਿ ਪਹਿਲਾ ਹੀ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹੈ ਅਤੇ ਕੁਝ ਹੋਰ ਧਿਰਾਂ ਹਨ ਜਿਹੜੀਆਂ ਬਾਦਲ ਦਾ ਕਬਜ਼ਾ ਹਟਾਕੇ ਖੁਦ ਗੁਰਦੁਆਰਾ ਪ੍ਰਬੰਧ ਤੇ ਕਾਬਜ਼ ਹੋਣਾ ਚਾਹੁੰਦੀਆ ਹਨ। ਹਾਲੇ ਤੱਕ ਚੋਣਾਂ ਦੀ ਕੋਈ ਪੱਕੀ ਤਾਰੀਖ਼ ਤਾਂ ਭਾਵੇ ਨਹੀਂ ਮਿਥੀ ਗਈ ਅਤੇ ਸਿੱਖਾਂ ਵਿੱਚ ਇਹ ਵੀ ਅੰਦੇਸ਼ਾ ਹੈ ਕਿ ਚੋਣਾਂ ਸਰਕਾਰ ਹੋਰ ਲੰਮੇ ਸਮੇਂ ਤੱਕ ਟਾਲ ਵੀ ਸਕਦੀ ਹੈ। ਪਰ ਫਿਰ ਵੀ ਚੋਣ ਲੜਨ ਲਈ ਹਰ ਕੋਈ ਪੱਬਾ ਭਾਰ ਹੋਇਆ ਫਿਰਦਾ ਹੈ। ਸ਼੍ਰੋਮਣੀ ਕਮੇਟੀ ਦੇ ਕੁੱਲ ਇੱਕ ਸੌ ਵੀਹ ਹਲਕਿਆਂ ਤੋਂ ਇੱਕ ਸੌ ਸੱਤਰ ਉਮੀਦਵਾਰਾਂ ਨੇ ਸਿੱਖ ਸੰਗਤ ਦਾ ਫ਼ਤਵਾ ਲੈ ਕੇ ਮੈਂਬਰ ਬਣਨਾ ਹੈ। ਕਾਬਜ਼ ਧਿਰ ਬਾਦਲ ਦਲ ਸਾਰੀਆਂ ਸੀਟਾਂ ਤੇ ਚੋਣ ਲੜੇਗਾ ।

ਪਰ ਬਾਦਲ ਵਿਰੋਧੀ ਗੁੱਟ ਜਿੰਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਅ), ਅਕਾਲੀ ਦਲ (ਯੂ ਕੇ) ਅਕਾਲੀ ਦਲ (ਲੌਂਗੋਵਾਲ), ਅਕਾਲੀ ਦਲ (ਦਿੱਲੀ), ਅਕਾਲੀ ਦਲ (ਰਵੀਇੰਦਰ), ਪੰਚ ਪ੍ਰਧਾਨੀ, ਦਲ ਖ਼ਾਲਸਾ, ਤੱਤ ਖ਼ਾਲਸਾ, ਖ਼ਾਲਸਾ ਪੰਚਾਇਤਾਂ ਇਤਿਆਦਿ ਜਥੇਬੰਦੀਆਂ ਚੋਣਾਂ ਲੜਨ ਬਾਰੇ ਬਿਆਨਬਾਜ਼ੀ ਕਰ ਰਹੀਆ ਹਨ। ਪਰ ਜੇਕਰ ਇਨ੍ਹਾਂ ਪਾਰਟੀਆਂ ਦੀ ਕਾਰਗੁਜ਼ਾਰੀ ਤੇ ਇਨ੍ਹਾਂ ਦੀ ਸ਼ਕਤੀ ਦਾ ਅਧਿਐਨ ਕਰੀਏ ਤਾਂ ਇੰਨ੍ਹਾਂ ਵਿੱਚੋ ਇੱਕ ਅੱਧੇ ਨੂੰ ਛੱਡ ਕੇ ਬਾਕੀ ਪਾਰਟੀਆਂ ਤਾਂ ‘ਇੱਕ ਟਾਂਗੇ ਦੀਆਂ ਹੀ ਸਵਾਰੀਆਂ’ ਹਨ। ਲੇਕਿਨ ਗੱਲਾਂ ਇੱਕ ਸੌ ਸੱਤਰ ਸੀਟਾਂ ਤੇ ਚੋਣ ਲੜਨ ਦੀਆਂ ਕੀਤੀਆਂ ਜਾ ਰਹੀਆ ਹਨ। ਭਾਂਵੇ ਕਿ ਉਨ੍ਹਾਂ ਕੋਲ ਆਪਣੀ ਪਾਰਟੀ ਦੇ ਕੁੱਲ ਇੱਕ ਸੌ ਸੱਤਰ ਮੈਂਬਰ ਵੀ ਨਹੀ ਹਨ।

ਚੋਣਾਂ ਲੜਨ ਲਈ ਉਨ੍ਹਾਂ ਕੋਲ ਕੋਈ ਮੁੱਦਾ ਜਾਂ ਠੋਸ ਆਧਾਰ ਵੀ ਨਹੀਂ ਹੈ। ਅਕਾਲੀ ਦਲ (ਅ) ਨੇ ਖ਼ਾਲਿਸਤਾਨ ਨੂੰ ਆਪਣਾ ਚੋਣ ਮੁੱਦਾ ਬਣਾਉਣ ਦਾ ਐਲਾਨ ਕੀਤਾ ਹੈ। ਹੁਣ ਤੱਕ ਖ਼ਾਲਿਸਤਾਨ ਦੇ ਨਾਮ ਤੇ ਆਪਣਾ ਸਿਆਸੀ ਚੁੱਲ•ਾ ਤਪਾਉਣ ਵਾਲੇ ਲੋਕਾਂ ਨੇ ਤੁਰੰਤ ਖ਼ਾਲਿਸਤਾਨ ਦੇ ਮੁੱਦੇ ਵਿਰੋਧੀ ਬਿਆਨਬਾਜ਼ੀ ਕਰਕੇ ਬਾਦਲ ਵਿਰੋਧੀਆਂ ਦੇ ਏਕੇ ਦੀਆਂ ਸੰਭਾਨਾਂਵਾ ਤੇ ਪਾਣੀ ਫੇਰ ਦਿੱਤਾ। ਇਸ ਸਮੇਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਬਹੁਕੋਨੀ ਮੁਕਾਬਲੇ ਦੀ ਸਥਿਤੀ ਬਣਦੀ ਨਜ਼ਰ ਆ ਰਹੀ ਹੈ। ਖ਼ਾਲਿਸਤਾਨ ਦੇ ਮੁੱਦੇ ਨੂੰ ਲੈ ਕੇ ਗਰਮ ਖਿਆਲੀ ਮਿਜ਼ਾਜ ਦੇ ਆਗੂ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਹੱਥਾਂ ‘ਚ ਲੈਣ ਲਈ ਯਤਨ ਕਰ ਰਹੇ ਹਨ। ਪਰ ਉਨ੍ਹਾਂ ਦੇ ਵਿਰੋਧੀਆਂ ਵਲੋਂ ਬੀਤੇ ਵਿੱਚ ਖ਼ਾਲਿਸਤਾਨ ਦੇ ਨਾਮ ਤੇ ਮਾਰੇ ਜਾ ਚੁੱਕੇ ਚਾਲੀ ਤੋਂ ਸੱਠ ਹਜ਼ਾਰ ਸਿੱਖਾਂ ਦੀ ਯਾਦ ਕਰਵਾਕੇ ਦੁਹਾਈ ਪਾਈ ਜਾ ਰਹੀ ਹੈ ਕਿ ਦੇਖਿਓ ਕਿਤੇ ਫਿਰ ਉਹ ਕਾਲੇ ਦਿਨ ਮੁੜ ਕੇ ਪਰਤ ਆਉਣ ਤੇ ਤਹਾਨੂੰ ਫਿਰ ਆਪਣੇ ਪੁੱਤਰਾਂ ਦੀ ਜੀਵਨ ਸਲਾਮਤੀ ਦੇ ਫਿਕਰ ਪੈ ਜਾਣ।

ਜਦੋ ਕਿ ਗਰਮ ਖਿਆਲੀ ਧਿਰਾਂ ਸਾਕਾ ਨੀਲਾ ਤਾਰਾ ਅਤੇ ਸਿੱਖ ਕਤਲੇਆਮ ਨੂੰ ਹਥਿਆਰ ਬਣਾ ਕੇ ਬਾਦਲ ਅਤੇ ਬਾਦਲ ਵਿਰੋਧੀ ਰਵਾਇਤੀ ਅਕਾਲੀ ਦਲਾਂ ਤੇ ਮੋੜਵੇ ਵਾਰ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਾਦਲ ਦਲੀਏ ਸਾਕਾ ਨੀਲਾ ਤਾਰਾ ਕਰਨ ਵਾਲੀ ਅਤੇ ਸਿੱਖਾਂ ਦਾ ਕਤਲੇਆਮ ਕਰਨ ਵਾਲੀ ਪਾਰਟੀ ਕਾਂਗਰਸ ਅਤੇ ਕਾਂਗਰਸ ਦੀ ਪਿੱਠ ਥਾਪੜਣ ਵਾਲੀ ਪਾਰਟੀ ਭਾਰਤੀ ਜਨਤਾ ਪਾਰਟੀ ਅਤੇ ਆਰ.ਐਸ.ਐਸ. ਨਾਲ ਰਲ ਕੇ ਸਿੱਖੀ ਦਾ ਭਗਵਾਂਕਰਨ ਕਰ ਰਹੇ ਹਨ। ਕੁੱਝ ਰਵਾਇਤੀ ਪੰਥਕ ਹਿੱਤਾਂ ਨੂੰ ਅੱਖੋ ਪਰੋਖੇ ਕਰਕੇ ਕਾਂਗਰਸੀਆ ਨਾਲ ਸਾਂਢਾ ਗਾਂਢਾ ਕਰੀ ਬੈਠੇ ਹਨ ਅਤੇ ਅਸਿੱਧੇ ਰੂਪ ਵਿੱਚ ਕਾਂਗਰਸੀਆਂ ਦਾ ਕਬਜ਼ਾ ਗੁਰਦੁਆਰਿਆਂ ਤੇ ਕਰਵਾਉਣਾ ਚਾਹੁੰਦੇ ਹਨ। ਜਦਂੋ ਕਿ ਬਾਦਲ ਵਿਰੋਧੀ ਗੁੱਟ ਅਕਾਲੀ ਦਲ (ਅ) ਉਪਰ ਇਹ ਦੋਸ਼ ਲਾਉਦੇ ਹਨ ਕਿ ਖ਼ਾਲਿਸਤਾਨ ਦਾ ਨਾਹਰਾ ਲਾ ਕੇ ਅਕਾਲੀ ਦਲ (ਅ) ਅਸਲ ਵਿੱਚ ਬਾਦਲ ਦਲ ਦੀ ਅੰਦਰ ਖਾਤੇ ਮੱਦਦ ਕਰ ਰਿਹਾ ਹੈ। ਕੁਝ ਉਹ ਧਿਰਾਂ ਵੀ ਹਨ ਜਿਨ੍ਹਾਂ ਨੇ ਮਖ਼ੌਟੇ ਤਾਂ ਖ਼ਾਲਿਸਤਾਨੀ ਪਾਏ ਹੋਏ ਹਨ ਪਰ ਖ਼ਾਲਿਸਤਾਨ ਦੇ ਹਾਮੀਂ ਨੇਤਾ ਸ੍ਰ: ਮਾਨ ਦੀ ਵਿਰੋਧਤਾ ਦੇ ਨਾਲ ਨਾਲ ਖ਼ੁਦ ਕਦੇ ਬਾਦਲ, ਕਦੇ ਕਾਂਗਰਸ, ਕਦੇ ਬੀਜੇਪੀ ਜਾਂ ਹੋਰ ਪੰਥ ਵਿਰੋਧੀਆਂ ਤੋਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਮੱਦਦ ਲੈਣ ਵਾਸਤੇ ਚੋਰ ਦਰਵਾਜ਼ਿਓ ਜਾਕੇ ਮੀਟਿੰਗਾਂ ਵੀ ਕਰ ਰਹੇ ਹਨ।

ਦਰਅਸਲ ਨਾ ਤਾਂ ਚੋਣ ਲੜਨ ਵਾਲਿਆਂ ਨੂੰ ਪਤਾ ਹੈ ਕਿ ਅਸੀਂ ਚੋਣ ਕਿਉਂ ਲੜਣੀ ਹੈ ਅਤੇ ਨਾਂ ਹੀ ਚੋਣ ਲੜਾਉਣ ਵਾਲਿਆਂ ਨੂੰ ਪਤਾ ਹੈ ਕਿ ਅਸੀਂ ਚੋਣ ਕਿਉਂ ਲੜਾ ਰਹੇ ਹਾਂ। ਗੱਲ ਕੇਵਲ ਤੇ ਕੇਵਲ ਕਬਜ਼ੇ ਦੀ ਹੈ ਕਿ ਗੁਰਦੁਆਰੇ ਕਬਜ਼ੇ ਵਿੱਚ ਆ ਜਾਣ ਗੋਲਕ ਦੀ ਚਾਬੀ ਮਿਲ ਜਾਵੇ ਤਖ਼ਤਾਂ ਦੇ ਜਥੇਦਾਰ ਅਧੀਨ ਹੋ ਜਾਣ ਤੇ ਸਿੱਖਾਂ ਵਿੱਚ ਚੰਗਾ ਰੋਹਬਦਾਬ ਬਣ ਜਾਵੇ। ਮੁੱਦਾ ਕਿਸੇ ਕੋਲ ਨਹੀਂ ਅਜੰਡਾ ਕੋਈ ਹੈ ਹੀ ਨਹੀਂ। ਕਿਸੇ ਪਾਰਟੀ ਨੇ ਹਾਲੇ ਤੱਕ ਨਿੱਘਰ ਚੁੱਕੇ ਗੁਰਦੁਆਰਾਂ ਪ੍ਰਬੰਧਾਂ ਨੂੰ ਜਾਂ ਇੱਕੀਵੀਂ ਸਦੀ ਦੇ ਹਾਣ ਦੇ ਸੁਧਾਰ ਪ੍ਰਬੰਧਾਂ ਨੂੰ ਮੁੱਦਾ ਨਹੀਂ ਬਣਾਇਆ। ਵੱਖ ਵੱਖ ਪਾਰਟੀਆਂ ਵਿੱਚ ਕੰਮ ਕਰ ਰਹੇ ਆਹੁਦੇਦਾਰ ਅਤੇ ਵਰਕਰ ਨਿੱਜੀ ਧੜੇਬੰਦੀ ਅਤੇ ਈਰਖ਼ਾ ਵਾਲੀ ਬਿਰਤੀ ਵਿੱਚੋਂ ਬਾਹਰ ਨਹੀਂ ਆਉਣਾ ਚਾਹੁੰਦੇ। ਸਗੋਂ ਆਪਣੀ ਪੀੜ੍ਹੀ ਦੀ ਸਲਾਮਤੀ ਲਈ ਆਪਣੇ ਨੇਤਾ ਨੂੰ ਲਗਾਤਾਰ ਜ਼ਹਿਰ ਦੇ ਟੀਕੇ ਲਾ ਰਹੇ ਹਨ ਤਾਂ ਕਿ ਆਉਂਦੀ ਚੋਣ ਵਿੱਚ ਉਮੀਦਵਾਰਾਂ ਦੀ ਸੂਚੀ ਜਾਂ ਸਮਝੌਤੇ ਵਾਲੀ ਲਿਸਟ ਵਿੱਚੋਂ ਕਿਤੇ ਉਨ੍ਹਾਂ ਦਾ ਨਾਂਅ ਨਾਂ ਕੱਟਿਆ ਜਾਵੇ।

ਕੁਝ ਕੁ ਸ਼ਰਾਰਤੀ ਅਤੇ ਲਾਲਚੀ ਬਿਰਤੀ ਵਾਲੇ ਆਗੂ ਮੌਕੇ ਦੀ ਤਾਕ ਵਿੱਚ ਹਨ ਕਿ ਸ਼ਾਇਦ ਇਹ ਚੋਣਾਂ ਉਨ੍ਹਾਂ ਦੇ ਘਰ ਦੀ ਗਰੀਬੀ ਹੀ ਦੂਰ ਕਰ ਜਾਣ। ਇਸ ਲਈ ਕੁਝ ਲੋਕਾਂ ਦੀ ਅੱਖ ਮੌਜੂਦਾ ਸਰਕਾਰ ਅਤੇ ਗੁਰੂ ਦੀ ਗੋਲਕ ਤੇ ਹੈ। ਕੁਝ ਲੋਕੀਂ ਦਿੱਲੀ ਦਰਬਾਰ, ਮੋਤੀ ਮਹਿਲ ਅਤੇ ਦਿੱਲੀ ਕਮੇਟੀ ਦੀ ਗੋਲਕ ਵੱਲ ਦੇਖ ਰਹੇ ਹਨ। ਕੁਝ ਕੁ ਡਾਲਰਾਂ, ਪੌਡਾਂ ਅਤੇ ਯੂਰੋ ਨੂੰ ਉਡੀਕ ਰਹੇ ਹਨ। ਪਰ ਇਹ ਤਾਂ ਸਮਾਂ ਆਉਣ ਤੇ ਹੀ ਪਤਾ ਲੱਗੇਗਾ ਕਿ ਇਹ ਹਕੀਕਤ ਹੈ ਕਿ ਜਾਂ ਉਨ੍ਹਾਂ ਦਾ ਸ਼ੇਖਚਿੱਲੀ ਵਾਲਾ ਸੁਪਨਾ ਸੀ।

ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਕੁਝ ਅਜਿਹਾ ਹੀ ਵਾਪਰਿਆ ਸੀ ਜਦੋਂ ਪੰਜਾਬ ਵਿੱਚ ਇੱਕ ਅਫ਼ਵਾਹ ਬੜੇ ਜੋਰ ਨਾਲ ਉੱਡੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੁਬਾਰਾ ਪੰਜਾਬ ਦਾ ਰਾਜ ਤਖ਼ਤ ਹਥਿਆਉਣ ਲਈ ਨੋਟਾਂ ਦਾ ਮੀਹ ਵਰ੍ਹਾ ਦੇਣਗੇ। ਲੰਗੋਟਾ ਡਾਕ ਨੇ ਤਾਂ ਇੱਥੋ ਤੱਕ ਯਕੀਨ ਦਿਵਾ ਦਿੱਤਾ ਕਿ ਕੈਪਟਨ ਸਾਹਿਬ ਨੇ ਤਾਂ ਇੱਕ ਹਜ਼ਾਰ ਕਰੋੜ ਰੁਪਏ ਚੋਣਾਂ ਲਈ ਰਾਖਵੇਂ ਰੱਖੇ ਹਨ। ਜਿੰਨ੍ਹਾਂ ਵਿੱਚੋਂ ਸੌ ਸੀਟਾਂ ਲਈ ਸੱਤ ਕਰੋੜ ਰੁਪਏ ਕਾਂਗਰਸੀ ਉਮੀਦਵਾਰ ਨੂੰ ਚੋਣ ਲੜਨ ਲਈ ਦਿੱਤੇ ਜਾਣਗੇ ਅਤੇ ਤਿੰਨ ਕਰੋੜ ਰੁਪਏ ਬਾਦਲ ਦਲ ਤੋਂ ਬਾਗੀ ਹੋ ਕਿ ਅਕਾਲੀ ਵਜੋਂ ਚੋਣ ਲੜਨ ਵਾਲੇ ਨੂੰ ਬਖ਼ਸ਼ਿਸ ਦਿੱਤੀ ਜਾਵੇਗੀ।

ਮੇਰੀ ਨਿੱਜੀ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਨੇੜਤਾ ਕਰਕੇ ਮੈਨੂੰ ਕੋਈ ਭੁਲੇਖਾ ਨਹੀਂ ਸੀ ਕਿ ਇਹ ਸਾਰਾ ਕੁਝ ਸਿਰਫ਼ ਇੱਕ ਅਫ਼ਵਾਹ ਤੋਂ ਵਧਕੇ ਕੁੱਝ ਵੀ ਨਹੀਂ ਹੈ। ਅਜਿਹੀ ਕੋਈ ਗੱਲ ਮੈਂ ਕਦੇ ਕੈਪਟਨ ਸਾਹਿਬ ਦੇ ਮੂੰਹੋਂ ਨਹੀਂ ਸੁਣੀ ਸੀ। ਜਦੋਂ ਕਿ ਸਰਕਾਰ ਦੀਆਂ ਜਾਂ ਕੈਪਟਨ ਸਾਹਿਬ ਦੀਆਂ ਗਤੀਵਿਧੀਆਂ ਬਾਰੇ ਮੇਰੇ ਕੋਲ ਆਮ ਲੋਕਾਂ ਨਾਲੋਂ ਵਧੇਰੇ ਜਾਣਕਾਰੀ ਹੁੰਦੀ ਸੀ। ਮੈਂ ਕੈਪਟਨ ਸਾਹਿਬ ਦੇ ਸੁਭਾਅ ਤੇ ਸਿਆਸੀ ਤੌਰ ਤੇ ਵਿਚਰਨ ਦੇ ਤਰੀਕੇ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਇੱਕ ਵਾਰ ਲੋਕ ਸਭਾ ਚੋਣਾਂ ਦੌਰਾਨ ਵੀ ਮੇਰੀ ਕੈਪਟਨ ਸਾਹਿਬ ਨਾਲ ਨੇੜਤਾ ਹੋਣ ਕਰਕੇ ਇੱਕ ਬਾਦਲ ਦਲੀਏ ਨੇ ਮੈਨੂੰ ਮਿਲ ਕੇ ਆਪਣਾ ਮਨ ਮੇਰੇ ਅੱਗੇ ਖੋਲ੍ਹਿਆ ਤੇ ਕਹਿਣ ਲੱਗਾ ਕਿ ਮੈਂ ਪਟਿਆਲੇ ਤੋਂ ਬਾਗੀ ਅਕਾਲੀ ਵਜੋਂ ਚੋਣ ਲੜ ਕੇ ਮਹਾਰਾਣੀ ਪ੍ਰਨੀਤ ਕੌਰ ਨੂੰ ਜਿੱਤਣ ਲਈ ਰਸਤਾ ਸਾਫ਼ ਕਰ ਦਿਆਂਗਾ। ਤੂੰ ਮੇਰੀ ਗੱਲ ਮਹਾਰਾਜ ਸਾਹਿਬ ਨਾਲ ਕਰਵਾ ਦੇਹ, ਨਾਲ ਹੀ ਇਹ ਕਹਿ ਸੁਣਾਇਆ ਕਿ ਇਸ ਸਾਰੇ ਕਾਸੇ ਲਈ ਤਿੰਨ ਕਰੋੜ ਰੁਪਏ ਦਾ ਭੁਗਤਾਨ ਵੀ ਕਰਨਾ ਪਵੇਗਾ। ਮੈਂ ਉਸ ਸੱਜਣ ਬਾਰੇ ਪਿਛਲੇ ਪੰਝੀ ਸਾਲਾਂ ਤੋ ਸਭ ਕੁਝ ਜਾਣਦਾ ਸਾਂ।

ਕੁਦਰਤੀ ਉਸ ਦਿਨ ਹੀ ਪੰਜਾਬ ਭਵਨ ਵਿਖੇ ਮੈਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਦਾ ਮੌਕਾ ਮਿਲ ਗਿਆ ਅਤੇ ਮੇਰਾ ਇੱਕ ਪੱਤਰਕਾਰ ਦੋਸਤ ਅਤੇ ਸੀਨੀਅਰ ਪੁਲਿਸ ਅਧਿਕਾਰੀ ਵੀ ਉੱਥੇ ਹਾਜ਼ਰ ਸਨ। ਮੈਂ ਹਾਸੇ ਜਿਹੇ ਚ ਉਸ ਮਿੱਤਰ ਦਾ ਜ਼ਿਕਰ ਕਰ ਦਿੱਤਾ ਕਿ ਫਲਾਣਾ ਆਦਮੀ ਇਹ ਕਹਿੰਦਾ ਹੈ ਤਾਂ ਮਹਾਰਾਜ ਸਾਹਿਬ ਨੇ ਬੜੇ ਗੰਭੀਰ ਹੋ ਕੇ ਜਵਾਬ ਦਿੱਤਾ ਕਿ ਮੱਦਦ ਤਾਂ ਥੋੜੀ ਬਹੁਤ ਜਰੂਰ ਕਰ ਸਕੇਗਾ ਪਰ ਆਪਣੀ ਕੀਮਤ ਦੋ ਸਿਫ਼ਰਾ ਵਧਾ ਕੇ ਦੱਸ ਰਿਹਾ ਹੈ। ਇਸ ਨਾਲ ਸਾਰੇ ਮਾਹੌਲ ਵਿੱਚ ਹਾਸਾ ਖਿੱਲਰ ਗਿਆ। ਸੋ ਇਸੇ ਮਿੱਤਰ ਵਾਗੂੰ ਵਿਧਾਨ ਸਭਾ ਵਿੱਚ ਬਹੁਤ ਸਾਰੇ ਸੱਜਣਾਂ ਦੀਆਂ ਤਿੰਨ ਕਰੋੜ ਨੂੰ ਸੁਣਕੇ ‘ਲਾਰਾਂ’ ਡਿੱਗ ਰਹੀਆਂ ਸਨ। ਹਰ ਕੋਈ ਗਰੀਬੀ ਦੂਰ ਕਰਨ ਲਈ ਮਨ ਬਣਾਈ ਬੈਠਾ ਸੀ। ਭਾਵੇ ਪੰਥਕ ਮੋਰਚਾ ਵੀ ਬਣ ਗਿਆ ਸੀ, ਪਰ ਸੁਪਨੇ ਵਿੱਚ ਗਾਂਧੀ ਵਾਲੇ ਨੋਟਾਂ ਦੀਆਂ ਗੱਟੀਆਂ ਦੇਖਣ ਵਾਲੇ ਸੱਜਣਾਂ ਨੇ ਆਪਣੇ ਆਪਣੇ ਲੀਡਰਾਂ ਨੂੰ ਵੀ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ। ਕਈਆਂ ਨੇ ਆਪਣੇ ਲੀਡਰ ਸਾਹਮਣੇ ਇਹ ਦਲੀਲ ਵੀ ਦਿੱਤੀ ਕਿ ਇਸ ਹਲਕੇ ਵਿੱਚ ਆਪਣੀ ਪਾਰਟੀ ਦੀ ਚਾਲੀ ਹਜ਼ਾਰ ਵੋਟ ਪੱਕੀ ਹੈ। ਪਰ ਇਹ ਆਪਣੇ ਵਿਰੋਧੀ ਜਾਣ ਬੁੱਝ ਕੇ ਆਪਾ ਨੂੰ ਇੱਥੋਂ ਪੱਟ ਰਹੇ ਹਨ। ਆਪਾਂ ਤਾਂ ਚੋਣ ਜਿੱਤੇ ਹੀ ਪਏ ਆਂ ਤੁਸੀਂ ਫਿਕਰ ਨਾ ਕਰੋ, ਅੜ ਜਾਓ ਇਹ ਸੀਟ ਲੈਣ ਲਈ। ਪੈਸਿਆਂ ਦੇ ਲਾਲਚ ਨੇ ਇਸ ਹੱਦ ਤੱਕ ਜ਼ਲਾਲਤ ਪੱਲੇ ਪਾ ਦਿੱਤੀ ਕਿ ਆਪਣੇ ਲੀਡਰ ਨੂੰ ਇਹ ਵੀ ਛੁੱਟੀ ਦੇ ਦਿੱਤੀ ਕਿ ਤੁਸੀ ਮੇਰੀ ਟਿਕਟ ਪੱਕੀ ਕਰੋ ਜੇ ਕੋਈ ਹੋਰ ਬਾਗੀ ਹੋ ਕੇ ਵੀ ਲੜੇਗਾ ਤਾ ਵੀ ਆਪਣਾ ਕੋਈ ਨੁਕਸਾਨ ਨਹੀਂ ਕਰ ਸਕਦਾ। ਇਸ ਤਰ੍ਹਾਂ ਪੰਥਕ ਮੋਰਚਾ ਖੱਖੜੀਆਂ ਕਰੇਲੇ ਹੋ ਗਿਆ। ਏਕਤਾ ਦਾ ਜਲੂਸ ਨਿਕਲ ਗਿਆ। ਕਿਸੇ ਨੇ ਸਰਦਾਰ ਮਾਨ ਤੇ ਦੋਸ਼ ਲਾਏ ਤੇ ਮਾਨ ਸਾਹਿਬ ਦੇ ਬੰਦਿਆ ਨੇ ਦੂਸਰਿਆਂ ਤੇ ਦੋਸ਼ ਲਾਏ।

ਇੱਕ ਥਾਂ ਸ਼ਹਿਰੀ ਹਲਕੇ ਤੋ ਦੋ ਖੱਬੀ ਖਾਣ ਨੇਤਾ ਵੀ ਇਨ੍ਹਾਂ ਲਾਲਚੀਆ ਵਿੱਚੋ ਸਨ। ਪੰਥਕ ਏਕੇ ਨੂੰ ਸੱਟ ਮਾਰ ਕੇ ਦੋਹੇ ਇੱਕੋ ਹੀ ਵਿਧਾਨਸਭਾ ਹਲਕੇ ਤੋਂ ਖੜੇ ਹੋ ਗਏ ਤਾਂ ਉਨ੍ਹਾਂ ਨੂੰ ਤਿੰਨ ਲੱਖ ਵੋਟਾਂ ਵਿੱਚੋ ਕੇਵਲ ਢਾਈ ਢਾਈ ਸੌ ਦੇ ਪਾਸ ਹੀ ਵੋਟਾਂ ਪ੍ਰਾਪਤ ਹੋਈਆਂ। ਵੋਟਾਂ ਤਾਂ ਭਾਵੇ ਉਨ੍ਹਾਂ ਨੂੰ ਕੁਝ ਹੋਰ ਵੀ ਮਿਲ ਸਕਦੀਆ ਸੀ। ਪਰ ਉਨ੍ਹਾਂ ਦਾ ਜ਼ਿਆਦਾ ਸਮਾਂ ਤਿੰਨ ਕਰੋੜ ਵਾਲੇ ਊਠ ਦੇ ਮਗਰ ਮਗਰ ਫਿਰਦਿਆ ਹੀ ਲੰਘ ਗਿਆ ਕਿ ਸ਼ਾਇਦ ਬੁੱਲ੍ਹ ਡਿੱਗ ਹੀ ਪਵੇ। ਵਿਚਾਰੇ ਤਿੰਨ ਕਰੋੜ ਨੂੰ ਲੱਭਦੇ ਲੱਭਦੇ ਪੰਜਾਹ ਪੰਜਾਹ ਹਜ਼ਾਰ ਪੱਲਿਓ ਲਾਕੇ ਇੰਝ ਬੈਠ ਗਏ ਜਿਵੇਂ ਗੁਬਾਰੇ ’ਚ ਹਵਾ ਨਿਕਲ ਗਈ ਹੋਵੇ।

ਸੋ ਅੱਜ ਵੀ ਅਫਵਾਹਾਂ ਦਾ ਦੌਰ ਚੱਲ ਰਿਹਾ ਹੈ ਕੋਈ ਕਹਿ ਰਿਹਾ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ, ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਰਲ ਕੇ ਬਾਦਲ ਵਿਰੋਧੀ ਉਮੀਦਵਾਰਾਂ ਨੂੰ ਦਸ ਦਸ ਲੱਖ ਰੁਪਏ ਦੇਣਗੇ ਤੇ ਕਾਂਗਰਸ ਨੰਗੀ ਚਿੱਟੀ ਹੋ ਕੇ ਵੋਟਾਂ ਵਿੱਚ ਮੱਦਦ ਵੀ ਕਰੇਗੀ। ਕਈ ਵਾਰ ਕੈਪਟਨ ਸਾਹਿਬ ਵਲੋਂ ਸਰਨਾ ਧੜੇ ਦੀ ਮੱਦਦ ਲਈ ਆਏ ਬਿਆਨਾਂ ਨੇ ਅਫਵਾਹਾਂ ਨੂੰ ਹਕੀਕਤ ਬਣਾਉਣ ਵਿੱਚ ਅਹਿਮ ਰੋਲ ਨਿਭਾਇਆ ਹੈ। ਇਸ ਤਰ੍ਹਾਂ ਬਾਦਲ ਦਲੀ ਉਮੀਦਵਾਰਾਂ ਨੂੰ ਪੰਜਾਬ ਸਰਕਾਰ ਅਤੇ ਗੁਰੂ ਰਾਮਦਾਸ ਦੇ ਖਜਾਨੇ ਦੀ ਲੁੱਟ ਵਿੱਚੋਂ ਵੱਡੇ ਗੱਫ਼ੇ ਮਿਲਣ ਦੀਆਂ ਆਸਾਂ ਹਨ। ਗਰਮ ਧਿਰਾਂ ਨਾਲ ਸਬੰਧਤ ਉਮੀਦਵਾਰ ਡਾਲਰਾਂ ਅਤੇ ਪੌਡਾਂ ਦੇ ਮੀਂਹ ਦੀਆਂ ਕਿਆਸ ਅਰਾਈਆਂ ਕਰ ਰਹੇ ਹਨ। ਇਸ ਕਰਕੇ ਹਰ ਕੋਈ ਮੁੱਠੀਆਂ ਵਿੱਚ ਥੁੱਕੀ ਫਿਰਦਾ ਹੈ ਕਿ ਮੈਂ ਚੋਣ ਲੜਨੀ ਹੈ ਕਿਉਂਕਿ ਲੱਖ ਦੋ ਲੱਖ ਰੁਪਏ ਖਰਚਕੇ ਸੱਤ ਅੱਠ ਲੱਖ ਰੁਪਏ ਦੀ ਨੇਕ ਕਮਾਈ ਕਰਨ ਦਾ ਇਹ ਸੋਹਣਾ ਅਵਸਰ ਪੰਜ ਸਾਲਾਂ ਪਿੱਛੋ ਫਿਰ ਮੁੜ ਕੇ ਆਵੇਗਾ।

ਇਨ੍ਹਾਂ ਹਾਲਤਾ ਤੇ ਨਜਰਸ਼ਾਨੀ ਕਰਕੇ ਤਾਂ ਸ਼ਰਮ ਆਉਂਦੀ ਹੀ ਸਿੱਖਾਂ ਦਾ ਸਦਾਚਾਰ ਅਤੇ ਸਿੱਦਕ ਕਿਧਰ ਉੱਡ ਗਿਆ ਹੈ? ਗੁਰੂ ਘਰ ਤੇ ਕਬਜੇ ਲਈ ਕਿਵੇਂ ਦੁਸ਼ਮਣਾਂ ਦੀ ਕੁੱਛੜ ਬਹਿ ਕੇ ਦਾੜ੍ਹੀਆਂ ਪਟਾਉਣ ਲਈ ਤਿਆਰ ਹੋਏ ਬੈਠੇ ਹਨ। ਪਰ ਜੇ ਇਨ੍ਹਾਂ ਨੂੰ ਸ਼ਰਮ ਨਹੀ ਆਉਦੀ ਤਾਂ ਗੁਰੂ ਵਾਸਤੇ ਸੰਗਤ ਹੀ ਅੱਗੇ ਆਵੇ ਇੰਨ੍ਹਾਂ ਕਬਜ਼ਾਧਾਰੀਆਂ ਨੂੰ ਹੀ ਨਕਾਰ ਕੇ ਅਪਣੇ ਉਮੀਦਵਾਰ ਖੜੇ ਕਰ ਲਵੇ। ਜਿੱਥੇ ਕੋਈ ਚੰਗੇ ਕਿਰਦਾਰ ਵਾਲਾ ਬੰਦਾ ਹੋਵੇ ਉਸ ਨੂੰ ਅਪਣਾ ਲਿਆ ਜਾਵੇ। ਬਸ ਸਾਡੇ ਸਾਹਮਣੇ ਇੱਕ ਹੀ ਮੁੱਦਾ ਚਾਹੀਦਾ ਹੈ ਕਿ ਗੁਰਦੁਆਰਾ ਪ੍ਰਬੰਧ ਵਿੱਚ ਆਈ ਗਿਰਾਵਟ ਨੂੰ ਦੂਰ ਕਰਕੇ ਪ੍ਰਬੰਧ ਨੂੰ ਪੰਥਕ ਲੀਹ ਤੇ ਲੈ ਕੇ ਆਉਣਾ ਹੈ ਅਤੇ ਜਖ਼ਮੀ ਸਿੱਖ ਮਾਨਸਿਕਤਾਂ ਨੂੰ ਮੱਲ੍ਹਮ ਪੱਟੀ ਕਰਨੀ ਹੈ, ਸਿਸਕ ਰਹੀਂ ਮਰਿਆਦਾ ਨੂੰ ਸੁਰਜੀਤ ਕਰਨਾ ਹੈ, ਦਮ ਤੋੜ ਰਹੇ ਸਿਧਾਂਤਾ ਨੂੰ ਬਲ ਦੇਣਾ ਹੈ ਨਾਂ ਕਿ ਬਾਦਲ ਦਲੀਆਂ ਦਾ ਕਬਜ਼ਾ ਹਟਾਕੇ ਖ਼ੁਦ ਕਬਜ਼ਾ ਕਰਨਾਂ ਹੈ। ਸਗੋਂ ਗਲਤ ਪਿਰਤਾਂ ਖ਼ਤਮ ਕਰਨੀਆਂ ਹਨ।

ਅੱਜ ਜੋ ਜਨਾਜ਼ਾ ਗੁਰਦੁਆਰਾ ਪ੍ਰਬੰਧਾਂ ਦਾ ਨਿਕਲਿਆ ਪਿਆ ਹੈ ਸ਼ਾਇਦ ਸਹਿਕਾਰੀ ਖੰਡ ਮਿੱਲਾਂ ਜਾ ਧਾਗਾਂ ਮਿੱਲਾਂ ਦੀ ਵੀ ਏਨੀ ਤਰਸਯੋਗ ਹਾਲਤ ਨਾ ਹੋਵੇ। ਪਤਾ ਨਹੀਂ ਲੱਗਦਾ ਸ਼੍ਰੋਮਣੀ ਕਮੇਟੀ ਦੀ ਆਮਦਨ ਕਿਹੜੇ ਖੂਹ ਪੈ ਰਹੀ ਹੈ। ਹਰ ਪਾਸੇ ਲੁੱਟ ਮੱਚੀ ਪਈ ਹੈ। ਕਦੇ ਕਦੇ ਸਿੱਖਾਂ ਨੂੰ ਵੈਸ਼ਨੋ ਦੇਵੀ ਟਰੱਸਟ ਜੰਮੂ ਕਸ਼ਮੀਰ ਵੱਲ ਵੇਖ ਕੇ ਸ਼ਰਮ ਨਾਲ ਸਿਰ ਨੀਵਾਂ ਕਰਨਾ ਚਾਹੀਦਾ ਹੈ। ਇਹ ਟਰੱਸਟ ਜੰਮੂ ਕਸ਼ਮੀਰ ਸਰਕਾਰ ਦੇ ਦੋਹੇਂ ਸਕੱਤਰੇਤ ਗਹਿਣੇ ਲਈ ਬੈਠਾ ਹੈ ਅਤੇ ਵਿਦਿੱਅਕ ਤੇ ਸਿਹਤ ਅਦਾਰੇ ਕਾਮਯਾਬੀ ਨਾਲ ਚਲਾ ਰਿਹਾ ਹੈ। ਹਰ ਸਾਲ ਮੁਨਾਫ਼ਾ ਕਮਾ ਰਿਹਾ ਹੈ। ਪਰ ਸਿੱਖਾਂ ਦੀ ਵੀਹ ਹਜ਼ਾਰ ਏਕੜ ਦੀ ਮਾਲਕ ਅਤੇ ਕਰੋੜਾਂ ਦੇ ਚੜ੍ਹਾਵੇ ਵਾਲੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਰਥਿਕ ਪੱਖੋਂ ਤੇ ਸਿਧਾਂਤਕ ਪੱਖੋਂ ਦਿਨ ਬ ਦਿਨ ਗਰਕਦੀ ਜਾ ਰਹੀ ਹੈ।

ਸਿੱਖਾਂ ਦੀ ਪਾਰਲੀਮੈਂਟ ਖ਼ੁਦ ਗਹਿਣੇ ਪੈਣ ਵਾਲੀ ਹਾਲਤ ਤੇ ਪਹੁੰਚ ਗਈ ਹੈ। ਚੋਣ ਲੜ੍ਹਨ ਦੇ ਇਨ੍ਹਾਂ ਲਾਲਚੀ ਟੋਲਿਆਂ ਦੇ ਕਰਿੰਦਿਆਂ ਨੂੰ ਜਿੰਨਾਂ ਨੇ ਮੈਂਬਰ ਬਣ ਕੇ ਜਾਣਾ ਹੈ, ਪੁੱਛੋ ਕਿ ਤੁਹਾਡੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਚਾਉਣ ਲੲੀ ਕੀਹ ਕੋਈ ਪ੍ਰੋਗਰਾਮ ਹੈ? ਜਾਂ ਤੁਸੀਂ ਵੀ ਬਾਦਲ ਦਲੀਆਂ ਦੀ ਰੀਸ ਕਰਕੇ ਉਨ੍ਹਾਂ ਵਲੋਂ ਲੁੱਟਣ ਤੋਂ ਬਚ ਗਈ ਬਾਕੀ ਦੀ ਗੋਲਕ ਲੁੱਟਣ ਦੀ ਨੀਅਤ ਨਾਲ ਮੈਂਬਰ ਬਣਨ ਜਾ ਰਹੇ ਹੋ। ਪਰ ਇਹ ਜ਼ਿਮੇਵਾਰੀ ਜਾਂ ਠੇਕੇਦਾਰੀ ਕੇਵਲ ਜਥੇਬੰਦੀਆਂ ਦੀ ਹੀ ਨਹੀ ਸਗੋਂ ਹਰ ਸਿੱਖ ਦੀ ਬਰਾਬਰ ਦੀ ਹੀ ਹੈ। ਇਸ ਲਈ ਗੁਰਦੁਆਰਾ ਪ੍ਰਬੰਧ ‘ਚ ਸੁਧਾਰ ਲਿਆਉਣ ਲਈ ਵੋਟਰਾਂ ਨੂੰ ਵੀ ਸੁਹਿਰਦਤਾ ਦਿਖਾਉਣੀ ਪਵੇਗੀ। ਸਹੀ ਮੈਂਬਰਾਂ ਨੂੰ ਵੋਟ ਪਾਕੇ ਜਿਤਾਉਣ ਲਈ ਨਸ਼ਿਆਂ ਦੀ ਵਰਤੋਂ ਕਰਨ ਅਤੇ ਵੋਟਾਂ ਮੁੱਲ ਖ਼ਰੀਦਣ ਵਾਲੇ ਲੋਕਾਂ ਦੇ ਬਾਜ਼ ਅੱਖ ਨਾਲ ਨਿਗਾਹ ਵੀ ਰੱਖਣੀ ਪਵੇਗੀ ਅਤੇ ਜਾਗਦੇ ਰਹਿਣਾ ਹੋਵੇਗਾ। ਹੁਣ ਤੱਕ ਗੁਰਦੁਆਰਾ ਪ੍ਰਬੰਧ ਤੇ ਕਾਬਜ਼ ਰਹੀਆਂ ਪਾਰਟੀਆਂ ਅਤੇ ਮੈਂਬਰ ਰਹੇ ਲੋਕਾਂ ਦੀ ਕਾਗੁਜ਼ਾਰੀ ਨੂੰ ਪੜਤਾਲਣਾ ਹੋਵੇਗਾ।