

ਕੋਈ ਹਰਿਆ ਬੂਟੁ ਰਹਿਓ ਰੀ
- ਤੱਤ ਗੁਰਮਤਿ ਪਰਵਾਰ -
ਹਰ ਮਨੁੱਖ ਦਾ ਫਰਜ਼ ਹੈ ਕਿ ਉਹ ਸਮਾਜ ਵਿਚੋਂ ਹਰ ਚੰਗੇ ਕੰਮ ਦਾ ਸਮਰਥਨ ਬਿਨਾਂ ਸਵਾਰਥ ਦੇ ਕਰੇ ਅਤੇ ਹਰ ਗਲਤ ਕੰਮ ਦੀ ਆਲੋਚਨਾ ਬਿਨਾਂ ਲਾਲਚ ਜਾਂ ਡਰ ਦੇ ਕਰੇ। ਜੇ ਐਸਾ ਹੋ ਜਾਵੇ ਤਾਂ ਇਕ ਨਰੋਏ ਸਮਾਜ ਦੀ ਸਿਰਜਨਾ ਸੁਖਾਲੀ ਹੋ ਸਕਦੀ ਹੈ। ਕੁਝ ਇਹੀ ਗੱਲ ਸਿੱਖ ਕੌਮ ’ਤੇ ਵੀ ਢੁੱਕਦੀ ਹੈ। ਹਰ ਸੱਚੇ ਸਿੱਖ ਨੂੰ ਚਾਹੀਦਾ ਹੈ ਕਿ ਉਹ ਹਰ ਸੰਸਥਾ ਜਾਂ ਸ਼ਖਸੀਅਤ ਦੇ ਚੰਗੇ ਕੰਮ ਦਾ ਸਮਰਥਨ ਬਿਨਾਂ ਕਿਸੇ ਸਵਾਰਥ, ਲਾਲਚ ਦੇ ਕਰੇ। ਸਮਰਥਨ ਕਰਨ ਵੇਲੇ ਉਸ ਲਈ ਗੁਰਮਤਿ ਸਿਧਾਂਤ ਹੀ ਮੁੱਖ ਹੋਣ ਨਾ ਕਿ ਨਿੱਜੀ ਕਿੱੜ ਜਾਂ ਵਿਚਾਰ। ਇਸੇ ਤਰ੍ਹਾਂ ਕਿਸੇ ਵੀ ਸੰਸਥਾ ਜਾਂ ਸ਼ਖਸੀਅਤ ਦੇ ਗਲਤ ਕੰਮਾਂ ਦੀ ਆਲੋਚਨਾ, ਅਪਣਾ ਹਰ ਤਰ੍ਹਾਂ ਦਾ ਡਰ ਅਤੇ ਸਵਾਰਥ ਤਿਆਗ ਕੇ ਕਰਨੀ ਬਣਦੀ ਹੈ ਤਾਂ ਕਿ ਉਸ ਨੂੰ ਸੁਧਰਨ ਲਈ ਪ੍ਰੇਰਿਆ ਜਾਂ ਮਜ਼ਬੂਰ ਕੀਤਾ ਜਾ ਸਕੇ।
ਪਰ ਅਫਸੋਸ ਹਕੀਕਤ ਵਿੱਚ ਆਮ ਸਮਾਜ ਵਾਂਗੂ, ਸਿੱਖ ਕੌਮ ਵਿੱਚ ਵੀ ਸਮਰਥਨ ਜਾਂ ਆਲੋਚਨਾ ਕੰਮ ਵੱਖ ਕੇ ਨਹੀਂ, ਨਿੱਜੀ ਸਵਾਰਥ, ਲਾਲਚ, ਡਰ, ਜਾਂ ਨਿਜੀ ਕਿੱੜ ਕਾਰਨ ਹੀ ਕੀਤੇ ਜਾ ਰਹੇ ਹਨ। ਸਿੱਖ ਵਿਦਵਾਨ ਅਤੇ ਲੀਡਰ ਵੀ ਗੁਰਮਤਿ ਸਿਧਾਂਤ ਦੀ ਥਾਂ, ਧੜੇ ਨੂੰ ਪਹਿਲ ਦੇ ਕੇ ਕਦਮ ਪੁੱਟਦੇ ਹਨ। ਲਗਭਗ ਹਰ ਸਿੱਖ ਹੀ ਧੜਾ-ਪੂਜ ਜਾਂ ਬੰਦਾ ਪੂਜ (ਅੰਨ੍ਹਾਪਨ) ਬਣ ਰਿਹਾ ਹੈ, ਗੁਰਮਤਿ ਸਿਧਾਂਤਾਂ ਦਾ ਪੈਰੋਕਾਰ ਨਹੀਂ। ਮਿਸਾਲ ਵਾਸਤੇ ਜਿਹੜਾ ਟਕਸਾਲ ਨਾਲ ਜੁੜਿਆ, ਉਸ ਲਈ ‘ਟਕਸਾਲੀ ਮਹਾਂਪੁਰਖ’ ਹੀ ਸ੍ਰੇਸ਼ਟ ਹਨ, ਭਾਂਵੇ ਉਨ੍ਹਾਂ ਦੇ ਵਿਚਾਰ ਗੁਰਮਤਿ ਤੋਂ ਕਿੰਨੇ ਹੀ ਉਲਟ ਕਿਉਂ ਨਾ ਹੋਣ। ਇਸੇ ਤਰ੍ਹਾਂ ਵੱਖ- ਵੱਖ ਡੇਰਿਆਂ ਜਾਂ ਬਾਬਿਆਂ ਨਾਲ ਜੁੜੇ ਸੰਪਰਦਾਈ ਸਿੱਖ ਹਨ। ਪਰ ਪਿਛਲੇ ਕਾਫੀ ਸਮੇਂ ਤੋਂ ‘ਤੱਤ ਗਰੁਮਤਿ’ ਦੇ ਸਮਰਥਕ ਇਸ ਸੋਚ ਤੋਂ ਉੱਤੇ ਮੰਨੇ ਜਾਂਦੇ ਸਨ। ਉਨ੍ਹਾਂ ਲਈ ‘ਗੁਰਮਤਿ ਸਿਧਾਂਤ’ ਹੀ ਮੁੱਖ ਮੰਨੇ ਜਾਂਦੇ ਰਹੇ ਸਨ। ਪਰ ਪਿਛਲੇ ਕੁਝ ਸਮੇਂ ਤੋਂ ਇਹ ਸਿੱਖ ਵੀ ਧੜਾ ਜਾਂ ਬੰਦਾ-ਪੂਜ ਜਿਹੀ ਸੋਚ ਦੇ ਸ਼ਿਕਾਰ ਹੁੰਦੇ ਜਾ ਰਹੇ ਹਨ।
‘ਤੱਤ ਗੁਰਮਤਿ ਪਰਿਵਾਰ’ ਨੇ ਹਰੇਕ ਪੰਥਕ ਮਸਲੇ ਦਾ ਵਿਸ਼ਲੇਸ਼ਣ ਨਿਰਪੱਖ ਹੋ ਕੇ, ਬਿਨਾਂ ਕਿਸੇ ਸਵਾਰਥ ਜਾਂ ਵਿਰੋਧ ਦੇ, ਨਿਰੋਲ ਗੁਰਮਤਿ ਦੀ ਰੋਸ਼ਨੀ ਵਿੱਚ ਕਰਨ ਦਾ ਜਤਨ ਕੀਤਾ ਹੈ। ਸਾਡੇ ਪਿਛਲੇ ਲੇਖਾਂ ਵਿੱਚੋਂ ਸਾਡੇ ‘ਗੁਰਮਤਿ ਸਮਰਥਨ’ (ਸਿਰਫ ਗੁਰਮਤਿ ਅਨੁਸਰੀ) ਦੀ ਨਿਰਪੱਖ ਝਲਕ, ਸਪਸ਼ਟ ਵੇਖੀ ਜਾ ਸਕਦੀ ਹੈ। ਅਸੀਂ ਸ਼ੁਰੂ ਤੋਂ ਹੀ ਜਾਗਰੂਕ ਮੰਨੇ ਜਾਂਦੇ ਸਿੱਖਾਂ, ਸੰਸਥਾਵਾਂ ਵਿਚਲੀਆਂ ਕਮਜ਼ੋਰੀਆਂ ਦੀ ਸੁਧਾਰਮਈ ਆਲੋਚਨਾ ਕਰਦੇ ਰਹੇ ਹਾਂ। ਨਾਲ ਹੀ ਜਾਗਰੂਕ ਮੰਨੇ ਜਾਂਦੇ ਸਿੱਖਾਂ ਦੀ ‘ਬੰਦਾ ਪੂਜ’ ਪਹੁੰਚ ਦੀ ਵੀ ਦਲੀਲ ਆਧਾਰਿਤ ਆਲੋਚਨਾ ਕਰਦੇ ਰਹੇ ਹਾਂ। ਪਰ ਅਫਸੋਸ ਕਿਸੇ ਨੇ ਵੀ ‘ਪਰਿਵਾਰ’ ਵਲੋਂ ਉਠਾਏ ਨੁੱਕਤਿਆਂ ਦੀ ਆਲੋਚਨਾ ਦਾ ਜਵਾਬ ਨਹੀਂ ਦਿਤਾ, ਬਲਕਿ ‘ਪਰਿਵਾਰ’ ਵਿਰੁਧ ਫਤਵੇ ਹੀ ਜਾਰੀ ਕੀਤੇ ਜਾ ਰਹੇ ਹਨ।
‘ਸਪੋਕਸਮੈਨ’ ਨਾਲ ਧੜੇ ਵਾਂਗੂ ਜੁੜੇ ਲੋਕਾਂ ਦਾ ਵੀ ਇਹੀ ਹਾਲ ਹੈ। ਅਸੀਂ ‘ਸਪੋਕਸਮੈਨ’ ਦੇ ਗੁਰਮਤਿ ਅਨੁਸਾਰੀ ਕੰਮਾਂ ਦਾ ਖੁੱਲਾ ਸਮਰਥਨ ਕੀਤਾ ਹੈ ਅਤੇ ਕਰਦੇ ਹਾਂ। ਪਰ ਨਾਲ ਹੀ ਉਸਦੇ ਗੁਰਮਤਿ ਵਿਰੋਧੀ ਕੰਮਾਂ ਦੀ ਆਲੋਚਨਾ ਵੀ ਦਲੀਲਾਂ ਨਾਲ ਕੀਤੀ ਹੈ। ਇਸੇ ਲੜੀ ਵਿੱਚ ਸਪੋਕਸਮੈਨ ਨਾਲ ਜੁੜੇ ‘ਬੰਦਾ ਪੂਜ ਲੋਕਾਂ ਬਾਰੇ ਵੀ ਲਿਖਿਆ। ਇਹ ਵਿਚਾਰ ਸਤਿਕਾਰਯੋਗ ਸ. ਇਕਵਾਕ ਸਿੰਘ ਜੀ ‘ਪੱਟੀ’ ਤੋਂ ਸ਼ੁਰੂ ਹੋਈ। ਸ. ਗੁਰਿੰਦਰ ਸਿੰਘ ਜੀ ‘ਕੋਟਕਪੂਰਾ’ ਨਾਲ ਵੀ ਇਸ ਸੰਬੰਧੀ ਵਿਚਾਰ ਹੋਈ। ਦੋਹਾਂ ਵੀਰਾਂ ਨੇ ਸਾਡੇ ਉਠਾਏ ਨੁੱਕਤਿਆਂ ਦਾ ਕੋਈ ਜਵਾਬ ਨਹੀਂ ਦਿਤਾ, ਪਰ ‘ਬੰਦਾ-ਪੂਜ’ ਸੋਚ ਨਹੀਂ ਛੱਡੀ।
ਪਿਛਲੇ ਦੋ ਕੁ ਮਹੀਨੇ ਵਿੱਚ ਬਦਲੇ ਹਾਲਾਤਾਂ (ਪ੍ਰੋ.ਦਰਸ਼ਨ ਸਿੰਘ ਜੀ ਵਾਲਾ ਘਟਨਾਕੂਮ ਅਤੇ ਸਪੋਕਸਮੈਨ ਵਲੋਂ ‘ਗੁਰੂ ਗ੍ਰੰਥ ਸਾਹਿਬ ਜੀ’ ਤੇ ਕਿੰਤੂ ਵਾਲਾ ਘਟਨਾਕ੍ਰਮ) ਵਿਚ ਸਪੋਕਸਮੈਨ ਨਾਲ ਜੁੜੇ ਬੰਦਾ-ਪੂਜ ਸਿੱਖਾਂ ਦਾ ਘੇਰਾ ਵੱਧਣ ਲੱਗ ਪਿਆ। ਆਪਣੀ ਸੁਧਾਰਮਈ ਆਲੋਚਨਾ ਲੜੀ ਵਿੱਚ ਅਸੀਂ ਦੋ ਲੇਖਾਂ ‘ਕਿਤੇ ਕਾਹਲੀ ਵਿੱਚ ਅਸੀਂ ਜਾਗ੍ਰਿਤੀ ਲਹਿਰ ਨੂੰ ਪੁੱਠਾ ਗੇੜ ਤਾ ਨਹੀਂ ਦੇ ਰਹੇ’ ਅਤੇ ‘ਸਪੋਕਸਮੈਨ ਦੇ ਅੰਨ੍ਹੇ ਸਮਰਥਕਾਂ ਨੂੰ ਕੁਝ ਜ਼ਰੂਰੀ ਸਵਾਲ’ ਰਾਹੀਂ ਕੁਝ ਹੋਰ ਨਵੇਂ ‘ਅੰਨ੍ਹੇ-ਸਮਰਥਕਾਂ’ ਨੂੰ ਜ਼ਮੀਰ ਦੀ ਆਵਾਜ਼ ਸੁਣਨ ਲਈ ਬੇਨਤੀ ਕੀਤੀ। ਪਰ ਅਫਸੋਸ ਕਿਸੇ ਵੀ ਵੀਰ ਨੇ ਨਾਂ ਤਾਂ ਸਾਡੇ ਕਿਸੇ ਸਵਾਲ ਦਾ ਜਵਾਬ ਦਿਤਾ ਅਤੇ ਨਾ ਹੀ ਅਪਣੀ ਬੰਦਾ-ਪੂਜ ਜਾਂ ਧੜਾ-ਪੂਜ ਸੋਚ ਨੂੰ ਤਿਆਗਣ ਵੱਲ ਕੋਈ ਕਦਮ ਪੁੱਟਿਆ। ਕੁਝ ਧੜਾ-ਪੂਜ ਵਿਦਵਾਨ ਅਤੇ ਵੀਰ (ਦਿਲਗੀਰ ਜੀ ਅਤੇ ਜਸਵੰਤ ਸਿੰਘ ਜੀ ਸਿੰਗਾਪੁਰ) ਤਾਂ ਸਾਡੇ ਵਿਰੁਧ ਸੰਪਰਦਾਈਆ ‘ਫਤਵੇ’ ਹੀ ਜਾਰੀ ਕਰਨ ਲਗ ਪਏ। ਸਾਨੂੰ ਉਨ੍ਹਾਂ ਦੀ ਪਹੁੰਚ ਦਾ ਅਫਸੋਸ ਤਾਂ ਹੈ, ਪਰ ਗਿਲਾ ਜਾਂ ਸ਼ਿਕਵਾ ਨਹੀਂ। ਕਿਉਂਕਿ ਅਸੀਂ ਨਿਰਪੱਖਤਾ ਨਾਲ ਅਪਣਾ ਕੰਮ ਕਰਦੇ ਜਾਣਾ ਹੈ।
ਨਾਸਮਝੀ, ਚਾਪਲੂਸੀ, ਸਵਾਰਥ, ਲਾਲਚ ਅਤੇ ਡਰ ਦੀ ਭਾਵਨਾ ਹੇਠ ਬੰਦਾ-ਪੂਜ ਬਣਨ ਦੀ ਇਸ ਦੌੜ ਵਿੱਚ ਪਿਛਲੇ 2-3 ਦਿਨਾਂ ਵਿੱਚ ਕੁਝ ਹੋਰ ਨਾਂ ਜੁੜ ਗਏ ਹਨ। ਇਨ੍ਹਾਂ ਵਿਚੋਂ ਖਾਸ ਹਨ, ਸ. ਤਰਲੋਚਨ ਸਿੰਘ ਜੀ ‘ਦੁਪਾਲਪੁਰ’ ਦੀ ਅਗਵਾਈ ਹੇਠਲਾ ਗਰੁੱਪ ਅਤੇ ਪ੍ਰੋ. ਬਲਦੇਵ ਸਿੰਘ ਜੀ। ਸ. ਤਰਲੋਚਨ ਸਿੰਘ ਜੀ ਨੇ 6 ਅਪ੍ਰੈਲ 2010 ਦੇ ਰੋਜ਼ਾਨਾ ਸਪੋਕਸਮੈਨ ਵਿਚ ਪੰਨਾ 1 ’ਤੇ ‘ਅਨ੍ਹੇ ਸਮਰਥਨ’ ਹੇਠ ਦਿੱਤੇ ‘ਨਿਰੇ ਝੂਠੇ’ ਬਿਆਨ ਵਿੱਚ ਕਿਹਾ ਹੈ ਕਿ ‘‘ਸਪੋਕਸਮੈਨ ਸਿੱਖਾਂ ਦਾ ਸੱਭ ਤੋਂ ਵੱਡਾ ਬੁਲਾਰਾ, ਜਿਸ ਬਾਰੇ ਇਹ ਸੋਚਣਾ ਵੀ ਪਾਪ ਹੈ ਕਿ ਇਹ ਗੁਰਬਾਣੀ ਉ¤ਤੇ ਕਿੰਤੂ ਪਰੰਤੂ ਕਰ ਸਕਦਾ ਹੈ...’’ ਸਾਡਾ ਸ. ਤਰਲੋਚਨ ਸਿੰਘ ਜੀ ‘ਦੁਪਾਲਪੁਰ’ ਸਮੇਤ ਪੂਰੇ ਇਸ ਗਰੁੱਪ ਨੂੰ ਸਿੱਧਾ ਸਵਾਲ ਹੈ ਕਿ ਸਪੋਕਸਮੈਨ ਵਿੱਚ ਵੱਖ-ਵੱਖ ਸਮੇਂ ਛਪੇ ਅਤੇ ਲਿਖੇ ਇੰਦਰਾਜ ਪੜ੍ਹੋ। (ਜ਼ਿਆਦਾ ਜਾਨਕਾਰੀ ਲਈ ਸਾਡਾ ਪਹਿਲਾ ਲੇਖ ‘ਸਪੋਕਸਮੈਨ ਦੇ ਅੰਨ੍ਹੇ ਸਮਰਥਕਾਂ ਨੂੰ ਕੁਝ ਜ਼ਰੂਰੀ ਸਵਾਲ’ ਪੜੋ)
ਕੀ ਇਹ ਗੁਰਬਾਣੀ ਤੇ ਕਿੰਤੂ ਨਹੀਂ? ਜੇ ਹਾਂ ਤਾਂ ਫਿਰ ਕੀ ਇਹ ਗੁਰਵਾਕ ‘ਝੂਠੁ ਨ ਬੋਲਿ ਪਾਡੇ
ਸਚੁ ਕਹੀਐ’ ਆਪ ਸਭ ਤੇ ਲਾਗੂ ਨਹੀਂ ਹੁੰਦਾ ? ਵੀਰੋ ਸਿਰਫ ਬਿਆਨ ਅਤੇ ਲੇਖ ਛਪਦੇ ਰਹਿਣ ਦਾ ਸਵਾਰਥ
ਇੰਨਾਂ ਵੱਡਾ ਹੈ ਕਿ ਸਾਨੂੰ ਨਿਰੋਲ ਝੂਠ ਬੋਲਣਾ ਪਵੇ? ਆਸ ਹੈ ਆਪ ਜੀ ਦੂਜੇ ਬੰਦਾ-ਪੂਜ ਸਮਰਥਕਾਂ
ਵਾਂਗੂ ਚੁੱਪ ਨਹੀਂ ਰਹੋਗੇ, ਜਵਾਬ ਜ਼ਰੂਰ ਦੇਵੋਗੋ ? ਜਾਂ ਤੁਸੀਂ ਵੀ ਬਿਨਾਂ ਸਵਾਲ ਜਾਂ ਜਵਾਬ ਦੇ,
‘ਪਰਿਵਾਰ’ ਖਿਲਾਫ ‘ਫਤਵਿਆਂ’ ਦੇ ਰਾਹ ’ਤੇ ਹੀ ਤੁਰਨਾ ਪਸੰਦ ਕਰੋਗੇ?
ਇਸੇ ਲੜੀ ਵਿੱਚ ਸਾਡੇ ਇੱਕ ਹੋਰ ਬਹੁਤ ਸਤਿਕਾਰਯੋਗ ਵੀਰ ਹਨ ਸ੍ਰ. ਬਲਦੇਵ ਸਿੰਘ ਜੀ ਦਿੱਲੀ (ਗੁਰਮਤਿ
ਪ੍ਰਚਾਰ ਜੱਥਾ)। ਵੀਰ ਜੀ ਅਸੀਂ ਤੁਹਾਨੂੰ ਹਮੇਸ਼ਾ ਗੁਰਮਤਿ ਸਿਧਾਂਤਾਂ ਦੇ ਪਹਿਰੇਦਾਰ ਵਾਂਗੂ ਹੀ
ਵਿਚਰਦਿਆਂ ਦੇਖਿਆ ਹੈ। ਪਰ 6 ਅਪ੍ਰੈਲ 2010 ਦੇ ਰੋਜ਼ਾਨਾ ਸਪੋਕਸਮੈਨ ਵਿੱਚ ਪੰਨਾ 8 ’ਤੇ ਆਪ ਜੀ ਦਾ
ਫੋਟੋ ਸਮੇਤ ਬਿਆਨ ਲਗਿਆ ਹੈ ਕਿ ‘‘ਹਰ ਸੱਚਾ ਸਿੱਖ ਸਪਕਸਮੈਨ ਦੇ ਨਾਲ’’ ਭਾਵ ਕਿ ਜੋ ਸਪੋਕਸਮੈਨ ਦੇ
ਨਾਲ ਨਹੀਂ ਹੈ, ਉਹ ਸੱਚਾ ਸਿੱਖ ਨਹੀ’।
ਸਤਿਕਾਰਯੋਗ ਵੀਰ ਜੀਓ, ਉਪਰੋਕਤ ਮਿਸਾਲਾਂ ਵਿੱਚ ਤੁਸੀਂ ਵੇਖ ਹੀ ਚੁੱਕੇ ਹੋ ਕਿ ਸਪੋਕਸਮੈਨ ਮਹਲਾ 1 ਤੋਂ ਸਿਵਾ ਅਗਭਗ ਸਾਰੀ ਬਾਣੀ ਨੂੰ ‘ਸ਼ੱਕੀ’ ਮੰਨਦਾ ਹੈ। 16 ਮਾਰਚ ਦੇ ਸੰਪਾਦਕੀ ਵਿੱਚ ਵੀ ਇਹੀ ਭਾਵ ਸੀ। ਬੇਸ਼ਕ ਉਹ ਸੰਪਾਦਕੀ ਵਾਪਿਸ ਲੈ ਲਿਆ ਗਿਆ, ਪਰ ਉਸ ਤੋਂ ਬਾਅਦ ਵੀ ਵਾਰ-ਵਾਰ ਇਹ ਗੱਲ ਦੁਹਰਾਉਂਦੇ ਜਾਣਾ ਕਿ ਉਸ ਸੰਪਾਦਕੀ ਵਿੱਚ ਕੁਝ ਗਲਤ ਨਹੀਂ ਸੀ, ਸਿਰਫ ਉਸਨੂੰ ਠੀਕ ਸਮਝਿਆ ਹੀ ਨਹੀਂ ਗਿਆ। ਕੀ ਇਹ ਨਹੀਂ ਦਰਸਾਉਂਦਾ ਕਿ ਸ. ਜੋਗਿੰਦਰ ਸਿੰਘ ਜੀ ਉਸ ਸੰਪਾਦਕੀ ਵਿਚਲੇ ਅੰਸ਼ਾਂ ਨੂੰ ਹੁਣ ਵੀ ਠੀਕ ਮੰਨਦੇ ਹਨ। ਫੇਰ ਸੰਪਾਦਕੀ ਵਾਪਿਸ ਲੇੈਣ ਦੇ ਅਹਿਸਾਨ ਦਾ ਕੀ ਭਾਵ ?
ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ ਸ. ਜੋਗਿੰਦਰ ਸਿੰਘ (ਸਪੋਕਸਮੈਨ) ਲਗਭਗ 90% ‘ਗੁਰੂ ਗ੍ਰੰਥ ਸਾਹਿਬ ਜੀ’ ਨੂੰ ਸ਼ੱਕੀ ਮੰਨਦੇ ਹਨ ਤੇ ਕਿੰਤੂ ਕਰਦੇ ਹਨ। ਕੀ ਐਸੀ ਸੋਚ ਰੱਖਣ ਵਾਲੇ ਦਾ ਇਸ ਮੁੱਦੇ ਤੇ, ਸਮਰਥਨ ਕਰਨਾ ਗੁਰਮਤਿ ਅਨੁਸਾਰੀ ਹੈ? ਦੂਜੀ ਤਰਫ ਆਪ ਜੀ ਤਾਂ ਕਹਿ ਰਹੇ ਹੋ, ਜੋ ਐਸੀ ਸੋਚ ਵਾਲੇ (ਸਪੋਕਸਮੈਨ ਦੇ ਨਾਲ) ਨਹੀਂ, ਉਹ ਸੱਚਾ ਸਿੱਖ ਹੀ ਨਹੀਂ, ਤੁਹਾਡਾ ਇਹ ‘ਫਤਵਾ’ ਕਿਸ ਸਵਾਰਥ, ਸਜਬੂਰੀ ਹੇਠ ਆਇਆ ? ਆਸ ਹੈ ਆਪ ਜੀ ਸਾਡੇ ਸਵਾਲਾਂ ਦਾ ਜਵਾਬ ਜਰੂਰ ਦੇਵੋਗੇ।
ਗੁਰਮਤਿ ਸਿਧਾਂਤਾਂ ਦੀ ਅਨਦੇਖੀ ਕਰਦੇ, ਨਿੱਜੀ ਸਵਾਰਥ, ਲਾਲਸਾਵਾਂ, ਅਤੇ ਨਾਸਮਝੀ ਹੇਠ ਵੱਖ-ਵੱਖ ਸ਼ਖਸੀਅਤਾਂ ਅਤੇ ਸੰਸਥਾਵਾਂ ਵਲੋਂ ਸਪੋਕਸਮੈਨ ਦਾ ਸਮਰਥਨ ਕੀਤੇ ਜਾਣ ਵਾਲਿਆਂ ਦੀ ਲੜੀ ਵੱਧਦੀ ਹੀ ਜਾ ਰਹੀ ਹੈ। ਇਸੇ ਲੜੀ ਵਿੱਚ ਸਤਿਕਾਰਯੋਗ ਅਵਤਾਰ ਸਿੰਘ ਜੀ ਮਿਸ਼ਨਰੀ ਜੀ ਦਾ ਵੀ ਨਾਂ ਜੁੜ ਗਿਆ। ਸਪੋਕਸਮੈਨ ਦੇ ਸਮਰਥਜਾਂ ਦਾ ਸਮਰਥਨ ਕਿਵੇਂ ਗੁਰਮਤਿ ਵਿਰੁਧ, ਦੋਗਲਾ, ਆਪਾ ਵਿਰੋਧੀ ਅਤੇ ਦਲੀਲ ਰਹਿਤ ਹੈ। ਆਉ ਸਪਸ਼ਟ ਕਰ ਲੈਂਦੇ ਹਾਂ।
(1) ਕੁਝ ਸਮਰਥਕ (ਦਿਲਗੀਰ ਜੀ ਅਤੇ ਹੋਰ) ਕਹਿ ਰਹੇ ਹਨ ਕਿ 16 ਮਾਰਚ ਵਾਲੇ ਸੰਪਾਦਕੀ ਵਿੱਚ ਕੁਝ ਵੀ ਗਲਤ ਨਹੀਂ ਹੈ। ਦੂਜੀ ਤਰਫ ਕੁਝ ਸਮਰਥਕ (ਜਾਚਕ ਜੀ ਤੇ ਹੋਰ) ਉਸੇ ਸੰਪਾਦਕੀ ਨੂੰ ਪੜ੍ਹ ਕੇ ਕਹਿੰਦੇ ਹਨ ਕਿ ਸਪੋਕਸਮੈਨ ਗੁਰੂ ਗ੍ਰੰਥ ਸਾਹਿਬ ਜੀ ਤੇ ਕਿੰਤੂ-ਪ੍ਰੰਤੂ ਇਕ ਦੰਮ-ਬੰਦ ਕਰੇ ਅਤੇ ਮਾਫੀ ਮੰਗੇ। ਇਹ ਆਪਾ ਵਿਰੋਧੀ ਗੱਲਾਂ ਕਿਉਂ?
(2) ਕੁਝ ਸਮਰਥਕ ਕੌਮ ਦਾ ਨਾਂ ਲੈ ਕੇ ਕੀਤੀ ਜਾ ਰਹੀ ਕਨਵੈਨਸ਼ਨ ਦਾ ਬਾਈਕਾਟ ਕਰਨ ਲਈ ਇਕ ਬੇਹਦ ਨਿਜੀ ਘਟਨਾ (ਬੇਟੇ ਦਾ ਵਿਆਹ ਤੇ ਕੇ.ਪੀ. ਗਿੱਲ ਨੂੰ ਬੁਲਾਉਣਾ, ਸਾਡੀ ਜਾਚੇ ਵੀ ਜੋ ਗਲਤ ਸੀ) ਨੂੰ ਬਣਾ ਰਹੇ ਹਨ। ਦੂਜੀ ਤਰਫ ਇਹ ਸਮਰਥਕ ਭੁੱਲ ਜਾਂਦੇ ਹਨ ਕਿ ਸਪੋਕਸਮੈਨ ਦੇ ਦਫਤਰ ਵਿੱਚ ਬੀ.ਜੇ.ਪੀ. ਦੇ ਮੈਂਬਰਾਂ ਨੂੰ ਬੁਲਾ ਕੇ ਲੰਚ ਕਰਵਾਇਆ ਜਾਂਦਾ ਹੈ। ਸਿੱਖ ਨਸਲਕੁਸ਼ੀ ਵਿੱਚ ਗਿੱਲ ਦੇ ਸਰਪ੍ਰਸਤ ਰਹੇ ਬੇਅੰਤ ਸਿੰਘ (ਸਾਬਕਾ ਮੁਖ ਮੰਤਰੀ ਪੰਜਾਬ) ਦੇ ਪੋਤਰੇ ਰਵਨੀਤ ਸਿੰਘ ਬਿੱਟੂ (ਜੋ ਅਪਣੇ ਦਾਦੇ ਨੂੰ ਅਮਰ ਸ਼ਹੀਦ ਅਤੇ ਮਸੀਹਾ ਪ੍ਰਚਾਰਦਾ ਹੈ) ਦੀ ਨੇੜਤਾ ਦੀ ਖਬਰਾਂ ਅਤੇ ਇਸ਼ਤੇਹਾਰ ਬਕਾਇਦਾ ਲਗ ਰਹੇ ਹਨ। ਇਹ ਦੋਗਲਾਪਨ ਕਿਉਂ ?
(3) ਸਪੋਕਸਮੈਨ ਸਮਰਥਕਾਂ ਦਾ ਅਜੀਤ ਦੇ ਸੰਪਾਦਕ ਪ੍ਰਤੀ ਵਿਰੋਧ ਇੰਨੀ ਨੀਵੀਂ ਹੱਦ ਤੱਕ ਪਹੁੰਦ ਗਿਆ ਹੈ ਕਿ ਉਨ੍ਹਾਂ ਨੇ ਇਕ ਹੋਰ ‘ਕੁਰਹਿਤ’ ਐਲਾਨਦੇ ਹੋਏ, ਸ. ਬਰਜਿੰਦਰ ਸਿੰਘ (ਸੰਪਾਦਕ ਅਜੀਤ) ਦੇ ਫਿਕਸੋ ਲਾਉਣ ਨੂੰ ਹੀ ਗਲਤ ਦਸਣਾ ਸ਼ੁਰੂ ਕਰ ਦਿਤਾ ਹੈ (ਸਪੋਕਸਮੈਨ ਵਿਚ ਛਪਿਆ ਕਾਵਿ-ਵਿਅੰਗ)। ਅਸੀਂ ਸਪਸ਼ਟ ਹਾਂ ਕਿ ਅਜੀਤ ਦੀ ਪੰਥਕ ਪਹੁੰਚ ਸਹੀ ਨਹੀਂ ਹੈ। ਪਰ ‘ਫਿਕਸੋ’ ਲਾਉਣ ਨੂੰ ਕੁਰਹਿਤ ਬਣਾਉਣਾ ਵੀ ਕਿਵੇਂ ਠੀਕ ਕਹਿਆ ਜਾ ਸਕਦਾ ਹੈ ? ਸ਼ਾਇਦ ਇਹ ਸਮਰਥਕ ਭੁੱਲ ਜਾਂਦੇ ਹਨ ਕਿ ਜੋਗਿੰਦਰ ਸਿੰਘ ਜੀ ਵੀ ਆਪ ਫਿਕਸੋਂ ਲਾਉਂਦੇ ਹਨ ਅਤੇ ਇਹ ਕੋਈ ਗੁਨਾਹ ਨਹੀਂ ਹੈ। ਦੂਜੀ ਗੱਲ, ਫਿਕਸੋ ਲਾਉਣਾ ਜ਼ਿਆਦਾ ਗਲਤ ਹੈ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਤੇ ਕਿੰਤੂ ਕਰਨਾ ?
(4) ਜਾਗਰੂਕ ਵਿਦਵਾਨਾਂ ਵਲੋਂ ਅਖੌਤੀ ਸੰਪਰਦਾਈ, ਡੇਰੇਦਾਰਾਂ ਅਤੇ ਬਾਬਿਆਂ ਦਾ ਹਮੇਸ਼ਾ ਤੋਂ ਵਿਰੋਧ ਹੁੰਦਾ ਰਿਹਾ ਹੈ। ਪਰ ਅਸੀਂ ਲਗਭਗ ਸਾਰੇ ਜਾਗਰੂਕ ਵਿਦਵਾਨਾਂ ਅਤੇ ਪੰਖਦਰਦੀਆਂ ਕੋਲੋਂ ਵੀ ਸੁਣਿਆਂ ਹੈ ਕਿ ਸ. ਜਰਨੈਲ ਸਿੰਘ ਜੀ ਭਿੰਡਰਾਂਵਾਲੇ ਸੱਚੇ-ਸੁੱਚੇ ਸਨ। ਉਨ੍ਹਾਂ ਵੀਹਵੀਂ ਸਦੀ ਦਾ ਸ਼੍ਰੋਮਣੀ ਸਿੱਖ ਐਲਾਨਣ ਵਿਚ ਲਗਭਗ ਸਾਰੇ ਜਾਗਰੂਕ ਪੰਥਦਰਦੀ ਵੀ ਸ਼ਾਮਿਲ ਸਨ। ਪਰ ਸਪੋਕਸਮੈਨ ਦੇ ਸਮਰਥਕ ਦਮਦਮੀ ਟਕਮਾਲ ਦਾ ਵਿਰੋਧ ਕਰਨ ਦੇ ਮਕਸਦ ਨਾਲ ਇਸ ਨੀਂਵੀ ਹੱਦ ਤੱਕ ਪਹੁੰਚ ਗਏ ਕਿ ਉਹ ਸ. ਜਰਨੈਲ ਸਿੰਘ ਉੱਤੇ ਅਕਾਲ ਤਖਤ ਕੰਪਲੈਕਸ ਵਿੱਚ ਬੀਬੀਆਂ ਨਾਲ ਕੁਕਰਮ ਕਰਨ ਅਤੇ ਹੋਰ ਗਲਤ ਕੰਮ ਕਰਨ ਵਿੱਚ ਸਹਾਇਕ ਕਹਿਣ ਲਗ ਪਏ ਹਨ। ਇਸ ਸੰਬੰਧ ਵਿੱਚ ਵੱਖ-ਵੱਖ ਵੈਬਸਾਈਟਾ ਤੇ ‘ਪਾਖੰਡ ਵਿਰੋਧੀ ਜਥੇ’ ਵਲੋਂ ਲਾਈ ਖਬਰ ਪੜ੍ਹੀ ਜਾ ਸਕਦੀ ਹੈ। ਅਫਸੋਸ ਕਿ ਸਪੋਕਸਮੈਨ ਦੇ ਅੰਨ੍ਹੇ ਸਮਰਥਨ ਵਿਚ ਆ ਚੁਕੀਆਂ ਕੁਝ ਵੈਬਸਾਈਟਾਂ ਨੇ ਗਲਤ ਬਿਆਨੀਆਂ ਨਾਲ ਭਰਿਆ ਇਹ ਬਿਆਨ ਤਾਂ ਛਾਪ ਦਿਤਾ, ਪਰ ਸਪੋਕਸਮੈਨ ਦੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਗਲਤ ਪਹੁੰਚ ਬਾਰੇ ਸੱਚ ਪੇਸ਼ ਕਰਦੇ ਲੇਖ ਲਾਉਣਾ ਜ਼ਰੂਰੀ ਨਹੀਂ ਸਮਝਿਆ।
ਸਪੋਕਸਮੈਨ ਦੇ ਅੰਨ੍ਹੇ ਸਮਰਥਨ ਦੇ ਰੌਅ ਵਿੱਚ ਸ. ਜਰਨੈਲ ਸਿੰਘ ਜੀ ’ਤੇ ਐਸੇ ਇਲਜ਼ਾਮ ਲਾਉਣ ਵਾਲੇ ਸ਼ਾਇਦ ਭੁੱਲ ਜਾਂਦੇ ਹਨ ਕਿ ਸਰਕਾਰ (ਇੰਦਰਾ ਗਾਂਧੀ) ਵੀ ਅਪਰੇਸ਼ਨ ਬਲਿਊ ਸਟਾਰ ਨੂੰ ਐਸੇ ਇਲਜ਼ਾਮ ਲਾ ਕੇ ਹੀ ਸਹੀ ਠਹਿਰਾਉਂਦੀ ਰਹੀ ਹੈ। ਜਿਸਦਾ ਸਾਰੇ ਪੰਥ ਵਲੋਂ ਖੰਡਨ ਕੀਤਾ ਜਾਂਦਾ ਰਿਹਾ ਹੈ। ਹੁਣ ਅਸੀਂ ਆਪ ਹੀ ਇਹ ਗੱਲ ਮੰਨਣ ਲਗ ਪਏ ਹਾਂ। ਕੀ ਇਸ ਤਰ੍ਹਾਂ ਸਾਡਾ ਅਪ੍ਰੇਸ਼ਨ ਬਲਿਊ ਸਟਾਰ ਨੂੰ ਗਲਤ ਠਹਿਰਾਉਣਾ ਬੇਮਾਇਨਾ ਨਹੀਂ ਹੋ ਜਾਂਦਾ?
(5) ਸਪੋਕਸਮੈਨ ਦੇ ਸਮਰਥਕ ਕੁਝ ਵੀਰ ਇਹ ਦਲੀਲ ਵੀ ਦੇ ਰਹੇ ਹਨ ਕਿ ਸਪੋਕਸਮੈਨ (ਜੋਗਿੰਦਰ ਸਿੰਘ ਜੀ) ‘ਤੇ ਲਾਇਆ ਇਹ ਇਲਜ਼ਾਮ ਗਲਤ ਹੈ ਕਿ ਉਹ ਗੁਰਬਾਣੀ (ਗੁਰੂ ਗ੍ਰੰਥ ਸਾਹਿਬ ਜੀ) ਉਪਰ ਕਿੰਤੂ ਕਰਦੇ ਹਨ, ਕਿਉਂਕਿ ਉਹਨਾਂ ਨੇ ਤਾਂ ਅਪਣੇ ਘਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ। ਇਹ ਦਲੀਲ ਬੇਹਦ ਪਤਲੀ ਅਤੇ ਕੱਚਘਰੜ ਹੈ। ਜਦੋਂ ਸਪੋਕਸਮੈਨ ਦੇ ਵਿਚ ਪਿਛਲੇ ਸਮੇਂ ਵਿਚ ਛੱਪ ਚੁਕੇ ਅੰਕਾਂ ਦੇ ਹਵਾਲੇ ਨਾਲ ਇਹ ਦਰਸਾ ਦਿਤਾ ਗਿਆ ਹੋਵੇ ਕਿ ਇਸ ਵਿਚ ਗੁਰੂ ਗ੍ਰੰਥ ਸਾਹਿਬ ਜੀ ਵਿਚਲੀਆਂ ਬਾਣੀਆਂ ’ਤੇ ਸਪਸ਼ਟ ਕਿੰਤੂ ਕੀਤਾ ਗਿਆ ਹੈ, ਉਸ ਨੂੰ ਅਣਦੇਖਾ ਕਰ ਕੇ ਇਹ ਕਹਿਣਾ ਕਿ ਘਰ ਵਿਚ ਪ੍ਰਕਾਸ਼ ਕੀਤਾ ਹੈ ਬੇਤੁਕੀ ਗੱਲ ਹੈ।
(6) ਸਪੋਕਸਮੈਨ ਦੇ ਕੁਝ
ਸਮਰਥਕਾਂ ਨੇ ਇਸ ਵਿਸ਼ੇ ਵਿਚ ਸਾਡੇ ਜਾਂ ਕੁਝ ਹੋਰ ਤੱਤ ਗੁਰਮਤਿ ਧਿਰਾਂ ਦੇ ਸਵਾਲ ਦੇ ਜਵਾਬ ਤਾਂ
ਨਹੀਂ ਦਿਤੇ, ਉਲਟਾ ਨਮੋਸ਼ੀ ਛੁਪਾਉਣ ਲਈ ਈ-ਮੇਲ ਰਾਹੀਂ ਵਾਰ ਵਾਰ ਇਹ ਨਾਅਰੇ ‘ਸਪੋਕਸਮੈਨ
ਜਿੰਦਾਬਾਦ’, ‘ਜੋਗਿੰਦਰ ਸਿੰਘ ਜਿੰਦਾਬਾਦ’, ‘ਪੰਥ ਦੇ ਗੱਦਾਰੋ ਅਤੇ ਭਾੜੇ ਦੇ ਟੱਟੂਔ, ਹੁਣ ਜਵਾਬ
ਦੇਵੋ ਦਿਲਗੀਰ ਅਤੇ ਰਘਬੀਰ ਸਿੰਘ ਦੇ ਸਵਾਲਾਂ ਦਾ’ ਭੇਜੇ ਜਾ ਰਹੇ ਹਨ। ਅਸੀਂ ਐਸੇ ਵੀਰਾਂ ਨੂੰ ਪੂਰੀ
ਨਿਮਰਤਾ ਸਹਿਤ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਵੀਰੋ! ਅਸੀਂ ਤਾਂ ਆਪ ਚਾਹੁੰਦੇ ਹਾਂ ਕਿ ਸਪੋਕਸਮੈਨ
ਸਮੇਤ ਸਾਰੀਆਂ ਪੰਥਕ ਧਿਰਾਂ ਜ਼ਿੰਦਾਬਾਦ ਹੋਣ। ਪਰ ਜ਼ਿੰਦਾਬਾਦ ਹੋਣ ਲਈ ਗੁਰਮਤਿ ਦੀ ਰੋਸ਼ਨੀ ਵਿਚ ਕੰਮ
ਕਰਨੇ ਜ਼ਰੂਰੀ ਹਨ, ਸਿਰਫ ਨਾਅਰੇ ਲਾ ਕੇ ਜ਼ਿੰਦਾਬਾਦ ਨਹੀਂ ਹੋਇਆ ਜਾ ਸਕਦਾ। ਅਸੀਂ ਤਾਂ ਆਪ ਜੀ ਨੂੰ
ਜਾਗਰੂਕ ਪੰਥਦਰਦੀ ਅਤੇ ਵਿਦਵਾਨ ਮੰਨਦੇ ਹਾਂ, ਇਸ ਕਰਕੇ ਬੇਨਤੀ ਹੈ ਕਿ ਕਿਸੇ ਰਾਜਨੀਤਕ ਪਾਰਟੀ ਵਲੋਂ
ਢੋ ਕੇ ਲਿਆਉਂਦੇ ਚੌਥੇ ਦਰਜੇ ਦੇ ਵਰਕਰਾਂ ਵਾਂਗੂ ਨਾਅਰੇ ਨਾ ਲਾਵੋ ਜੀ। ਜਿਥੋਂ ਤੱਕ ਦਿਲਗੀਰ ਜੀ
ਅਤੇ ਰਘਬੀਰ ਸਿੰਘ ਜੀ ਦੇ ਸਵਾਲਾਂ ਦਾ ਜਵਾਬ ਦੀ ਗੱਲ ਹੈ, ਤਾਂ ਉਹਨਾਂ ਨੇ ਅਪਣੇ ਲੇਖਾਂ ਵਿਚ
ਸ਼੍ਰੋਮਣੀ ਕਮੇਟੀ ਅਤੇ ਭਿੰਡਰਾ-ਮਹਿਤਾ ਜਥੇ ਦੇ ਗੁਰਮਤਿ ਵਿਰੋਧੀ ਕੰਮਾਂ ਦਾ ਕੱਚਾ ਚਿੱਠਾ ਹੀ ਪੇਸ਼
ਕੀਤਾ ਹੈ, ਜਿਸ ਬਾਰੇ ਲਗਭਗ ਸਾਰੀਆਂ ਜਾਗਰੂਕ ਧਿਰਾਂ ਜਾਣਦੀਆਂ ਹਨ ਅਤੇ ਅਪਣੇ ਅਪਣੇ ਤਰੀਕੇ ਅਵਾਜ਼
ਵੀ ਉਠਾ ਰਹੀਆਂ ਹਨ। ਪਰ ਸੰਪਰਦਾਈਆਂ ਅਤੇ ਸ਼੍ਰੋਮਣੀ ਕਮੇਟੀ ਦੇ ਗਲਤ ਕੰਮਾਂ ਦੀ ਸੂਚੀ ਪੇਸ਼ ਕਰਨ
ਮਾਤਰ ਨਾਲ ਹੀ ਸਪੋਕਸਮੈਨ ਦਾ ਗੁਰਮਤਿ ਵਿਰੋਧੀ ਕੰਮ (ਗੁਰੂ ਗ੍ਰੰਥ ਸਾਹਿਬ ਜੀ ’ਤੇ ਕਿੰਤੂ) ਸਹੀ
ਸਾਬਿਤ ਤਾਂ ਨਹੀਂ ਹੋ ਜਾਂਦਾ? ਅਪਣੀ ਗਲਤੀ ਦਾ ਸਪਸ਼ਟੀਕਰਨ ਦੇਣ ਦੀ ਥਾਂ ਕਿਸੇ ਹੋਰ ਦੀ ਗਲਤੀਆਂ
ਗਿਨਾਉਣਾ ਕਿਵੇਂ ਸਹੀ ਮੰਨਿਆ ਜਾ ਸਕਦਾ ਹੈ? ਐਸੇ ਲੇਖਾਂ ਦਾ ਕੀ ਜਵਾਬ ਮੰਗਿਆ ਜਾ ਰਿਹਾ ਹੈ?
ਸਪੋਕਸਮੈਨ ਦੇ ਗਲਤ ਸਮਰਥਨ ਵਿੱਚ ਉਤਰ ਆਏ ਐਸੇ ਆਪਾ ਵਿਰੋਧੀ, ਦੋਗਲੇ, ਤੱਥਾਂ ਤੋਂ ਉਲਟ, ਸਵਾਰਥੀ
ਸ਼ਖਸੀਅਤਾਂ ਦੇ ਜਮਘੱਟ ਨੂੰ ਵੇਖ ਕੇ ਇਵੇਂ ਲਗਦਾ ਹੈ, ਜਿਵੇਂ ‘ਕਹੀਂ ਕੀ ਈਟ, ਕਹੀਂ ਕਾ ਰੋੜਾ,
ਭਾਨੂੰਮਤੀ ਨੇ ਕੁਨਬਾ ਜੋੜਾ’।
ਅੱਜ ਤੱਕ ਜਾਗਰੂਕ ਅਤੇ ਪੰਥਦਰਦੀ ਮੰਨੇ ਜਾਂਦੇ ਗੁਰਸਿਖਾਂ ਵਲੋਂ ਕਿਸੇ ਧੜੇ ਜਾਂ ਸ਼ਖਸੀਅਤ ਨਾਲ ਜੁੜ
ਕੇ ਕੀਤੇ ਜਾ ਰਹੇ ਅੰਨ੍ਹੇ ਸਮਰਥਨ ਨੂੰ ਵੇਖ ਕੇ ਇਹ ਗੁਰਵਾਕ ਯਾਦ ਆਉਂਦਾ ਹੈ:-
ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ
ਬੂਟੁ ਰਹਿਓ ਰੀ।।
(ਪੰਨਾ 384)
ਅੱਜ ਦੇ ਸਮੇਂ ਵਿੱਚ ਜਾਗਰੂਕ ਮੰਨੇ ਜਾਂਦਿਆਂ ਵਿੱਚ ਸਵਾਰਥ, ਲਾਲਸਾਵਾਂ ਚਾਪਲੂਸੀ, ਹੰਕਾਰ ਆਦਿ ਦੀ ਐਸੀ ਅੱਗ ਭੜਕ ਉਠੀ ਕਿ ਇਸ ਨੇ ਜਾਗਰੂਕਤਾ, ਸੁਹਿਰਦਤਾ, ਨਿਰਪੱਖਤਾ ਨੂੰ ਸਾੜ ਕੇ ਰੱਖ ਦਿਤਾ ਹੈ। ਸ਼ਾਇਦ ਕੁੱਝ ਵਿਰਲੀਆਂ ਰੂਹਾਂ ਹੀ ਇਸ ‘ਅਗਨ’ ਤੋਂ ਬਚੀਆਂ ਹੋਈਆਂ ਹਨ।
ਸਾਡੀ ਇਸ ਮਿਸਾਲ ਨੂੰ ਗਲਤ ਸਾਬਿਤ ਕਰਨ ਦੇ ਮਕਸਦ ਨਾਲ ਸ਼ਾਇਦ ਸਾਡੇ ਕੁਝ ਵੀਰ ਇਹ ਵੀ ਕਹਿ ਦੇਣ
ਕਿ (ਸਪੋਕਸਮੈਨ ਦੀ ਸੋਚ ਅਨੁਸਾਰ) ਉਪਰੋਕਤ ਗੁਰਵਾਕ (ਦਾਵਾ ਅਗਨ…….) ਦੀ ਪ੍ਰਮਾਣਿਕਤਾ ਵੀ ਸ਼ੱਕੀ
ਹੈ?
‘ਪਰਿਵਾਰ’ ਸਾਰਿਆਂ ਨੂੰ ਹੱਥ ਬੰਨ੍ਹ ਕੇ, ਨਿਸ਼ਕਾਮ ਨਿਮਰਤਾ ਸਹਿਤ, ਜੋਦੜੀ ਕਰਦਾ ਹੈ ਕਿ ਆਉ ਨਿਜੀ
ਸਵਾਰਥ ਅਤੇ ਡਰ ਤਿਆਗ ਕੇ ਸੱਚ ਨੂੰ ਸਮਝੀਏ, ਮੰਨੀਏ ਅਤੇ ਪ੍ਰਚਾਰੀਏ। ਕਿਸੇ ਬੰਦੇ ਜਾਂ ਸ਼ਖਸੀਅਤ ਨਾਲ
ਜੁੜਣ ਦੀ ਥਾਂ ‘ਸਿਧਾਂਤ’ ਨਾਲ ਜੁੜੀਏ। ਸੱਚ ਸੁਨਣ, ਸਮਝਣ ਅਤੇ ਕਹਿਣ ਦੀ ਹਿੰਮਤ ਧਾਰਨ ਕਰੀਏ।