Subscription About Us Contact Us


ਖਾਲਸਾ ਰਾਜ ਸਥਾਪਨਾ ਦਿਵਸ ਮਨਾਉਣ ਵਾਲੇ ਹੀ ਡਰਦੇ ਹਨ ਖਾਲਸਾ ਰਾਜ ਦੀ ਗੱਲ ਕਰਨ ਤੋਂ !

- ਕਿਰਪਾਲ ਸਿੰਘ ਬਠਿੰਡਾ -
ਫੋਨ : 9855480797

ਕੀ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਸ਼ਤਾਬਦੀ ਮਨਾ ਕੇ ਸਿੱਖ ਇਤਨੇ ਜਾਗਰੂਕ ਹੋ ਸਕੇ ਕਿ ਉਹ ਅਜਿਹੇ ਹੁਕਮਨਾਮੇ ਜਿਨ੍ਹਾਂ ਰਾਹੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਕਤੀ ਕਮਜੋਰ ਕਰਕੇ ਖਾਲਸਾ ਰਾਜ ਗੁਆਇਆ ਸੀ ਅਤੇ ਹੁਣ ਗੁਰਮਤਿ ਦੇ ਵਿਦਵਾਨਾਂ ਨੂੰ ਛੇਕ ਕੇ ਖਾਲਸਾ ਪੰਥ ਦੀ ਨਿਆਰੀ ਹਸਤੀ ਨੂੰ ਖਤਮ ਕਰਨ ਦੀਆਂ ਗੁੰਦੀਆਂ ਜਾ ਰਹੀਆਂ ਗੋਂਦਾਂ ਵਿਰੁੱਧ ਆਵਾਜ਼ ਉਠਾਉਣ ਲਈ ਲਾਮਬੰਦ ਹੋ ਕੇ, ਖਾਲਸਾ ਪੰਥ ਦੀ ਹੋਂਦ ਬਚਾਉਣ ਲਈ ਕੋਈ ਹੰਭਲਾ ਮਾਰਨਗੇ?

ਪਿਛਲੇ ਡੇਢ ਕੁ ਦਹਾਕੇ ਤੋਂ ਖਾਲਸਾ ਪੰਥ ਨੇ ਕਾਫੀ ਸਾਰੀਆਂ ਸ਼ਤਾਬਦੀਆਂ ਮਨਾਈਆਂ ਹਨ ਅਤੇ ਹੁਣ ਵੀ ਮਨਾਉਂਦਾ ਆ ਰਿਹਾ ਹੈ। ਹਰ ਸ਼ਤਾਬਦੀ ਦਾ ਸੰਦੇਸ਼ ਜਨ ਸਾਧਾਰਣ ਤੱਕ ਪਹੁੰਚਾਉਣ ਲਈ ਬੜੇ ਲੰਬੇ ਲੰਬੇ ਖਾਲਸਾ ਮਾਰਚ ਕੱਢੇ ਜਾ ਰਹੇ ਹਨ, ਜਿਹੜੇ ਆਪਣਾ ਸਹੀ ਸੰਦੇਸ਼ ਪਹੁੰਚਾਉਣ ਦੀ ਥਾਂ ਇੱਕ ਸਿਆਸੀ ਸ਼ੋਅ ਬਣ ਕੇ ਰਹਿ ਜਾਂਦੇ ਹਨ। ਇਸੇ ਕਾਰਣ ਜਿੱਥੇ ਸ਼ੁਰੂ ਸ਼ੁਰੂ ਵਿੱਚ ਖਾਲਸਾ ਮਾਰਚਾਂ ’ਚ ਸ਼ਾਮਲ ਹੋਣ ਵਾਲਿਆਂ ਅਤੇ ਇਸਦਾ ਸਵਾਗਤ ਕਰਨ ਵਾਲਿਆਂ ਵਿੱਚ ਕਾਫੀ ਉਤਸ਼ਾਹ ਹੁੰਦਾ ਸੀ ਉੱਥੇ ਹੁਣ ਉਤਸ਼ਾਹ ਨਾਮ ਦੀ ਕੋਈ ਚੀਜ਼ ਨਹੀਂ ਰਹਿ ਗਈ। ਜਿੱਥੇ ਸ਼ੁਰੂ-ਸ਼ੁਰੂ ਵਿੱਚ ਖਾਲਸਾ ਮਾਰਚਾਂ ’ਚ ਸਿੱਖੀ ਜਾਹੋ-ਜਲਾਲ ਦੇ ਨਜ਼ਾਰੇ ਵੇਖਣ ਨੂੰ ਮਿਲਦੇ ਸਨ ਉੱਥੇ ਹੁਣ ਸਿਰਫ ਖਾਣ ਪੀਣ ਦੀਆਂ ਸਟਾਲਾਂ ਅਤੇ ਛਬੀਲਾਂ ਤੱਕ ਸਿਮਟ ਕੇ ਰਹਿ ਗਏ ਹਨ। ਸ਼ਤਾਬਦੀ ਦਾ ਸਹੀ ਸੰਦੇਸ਼ ਲੋਕਾਂ ਤੱਕ ਪਹੁੰਚਾਉਣਾ ਤਾਂ ਇੱਕ ਪਾਸੇ ਰਿਹਾ ਇਸ ਵਿੱਚ ਸ਼ਾਮਲ ਹੋਣ ਵਾਲੇ ਅਤੇ ਸੁਆਗਤ ਕਰਨ ਵਾਲਿਆਂ ਨੂੰ ਖੁਦ ਇਹ ਨਹੀਂ ਪਤਾ ਹੁੰਦਾ ਕਿ ਅੱਜ ਵਾਲਾ ਇਹ ਮਾਰਚ ਕਿਉਂ ਕੱਢਿਆ ਜਾ ਰਿਹਾ ਹੈ।

ਇਸਦੀ ਤਾਜ਼ਾ ਮਿਸਾਲ 4 ਮਈ, 2010 ਨੂੰ ਬਠਿੰਡਾ ਵਿੱਚ ਵੇਖਣ ਨੂੰ ਮਿਲੀ, ਜਦੋਂ ਖਾਲਸਾ ਰਾਜ ਦੇ ਸੰਸਥਾਪਕ ਤੇ ਨਿਧੜਕ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਸਰਹਿੰਦ ਫਤਹਿ ਕਰਨ ਦੀ ਖੁਸ਼ੀ ਵਿੱਚ ਤਿੰਨ ਸ਼ਤਾਬਦੀਆਂ ਪੂਰੀਆਂ ਹੋਣ ’ਤੇ ਸ਼੍ਰੀ ਹਜੂਰ ਸਾਹਿਬ ਤੋਂ ਚੱਲੇ ‘ਫਤਹਿ ਮਾਰਚ’ ਦੇ ਬਠਿੰਡਾ ਪਹੁੰਚਣ ’ਤੇ ਇੱਕ ਚੌਂਕ ’ਚ ਚਾਹ-ਪਾਣੀ ਪਿਲਾਉਣ ਲਈ ਲਾਏ ਗਏ ਸਟਾਲ ’ਤੇ ਬੈਨਰ ਲੱਗਿਆ ਦੇਖਿਆ ਗਿਆ ‘ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ’। ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਹ ਮਾਰਚ ਕਿਸੇ ਗੁਰਪੁਰਬ ਦੇ ਸਬੰਧ ਵਿੱਚ ਨਹੀਂ ਕੱਢਿਆ ਜਾ ਰਿਹਾ ਸਗੋਂ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਫਤਹਿ ਕਰਨ ਅਤੇ ਖਾਲਸਾ ਰਾਜ ਸਥਾਪਤ ਕਰਨ ਦੀ ਖੁਸ਼ੀ ਵਿੱਚ ਕੱਢਿਆ ਜਾ ਰਿਹਾ ਹੈ ਤਾਂ ਅੱਗੋਂ ਜਵਾਬ ਮਿਲਿਆ, ‘‘ਕੁੱਝ ਵੀ ਹੋਵੇ ਜੀ, ਅਸੀਂ ਤਾਂ ਸੰਗਤਾਂ ਦੀ ਸੇਵਾ ਹੀ ਕਰਨੀ ਹੈ।’’

ਸੇਵਾ ਵਿੱਚ ਜੁਟੇ ਸਾਧਾਰਨ ਸੇਵਾਦਾਰਾਂ ਤੋਂ ਲੈ ਕੇ ਸ਼੍ਰੋਮਣੀ ਕਮੇਟੀ ਮੈਂਬਰਾਂ ਤੱਕ ਇਸ ਮਾਰਚ ਦਾ ਅਸਲੀ ਮੰਤਵ ਨਾ ਸਮਝ ਸਕੇ। ਬਠਿੰਡਾ ਤੋਂ ਦੋ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਇਕੱਠਿਆਂ ਕਰਕੇ ਪੁੱਛਿਆ ਗਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਖਾਲਸਾ ਰਾਜ ਸਥਾਪਨਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਨਾਂਦੇੜ ਤੋਂ ਫਤਹਿ ਮਾਰਚ ਸ਼ੁਰੂ ਕੀਤਾ ਗਿਆ ਹੈ, ਜਿਹੜਾ ਕਈ ਸੂਬਿਆਂ ’ਚੋਂ ਹੁੰਦਾ ਹੋਇਆ ਇੱਥੇ ਪਹੁੰਚਿਆ ਹੈ ਅਤੇ ਇਸਨੇ ਸਰਹਿੰਦ ਪਹੁੰਚ ਕੇ ਆਪਣੀ ਫਤਹਿ ਦਾ ਡੰਕਾ ਵਜਾਉਣਾ ਹੈ ਤੇ ਖਾਲਸਾ ਰਾਜ ਦੀ ਯਾਦ ਤਾਜ਼ਾ ਕਰਨੀ ਹੈ, ਪਰ ਕੀ ਤੁਹਾਡੇ ਵਿੱਚ ਜਾਂ ਤੁਹਾਡੀ ਪਾਰਟੀ ਵਿੱਚ ਇਤਨੀ ਹਿੰਮਤ ਹੈ ਕਿ ਖਾਲਸਾ ਰਾਜ ਦੀ ਬਹਾਲੀ ਦੀ ਮੰਗ ਕਰ ਸਕੇ? ਦੋਵੇਂ ਮੈਂਬਰ ਲਾਜਵਾਬ ਹੋਏ ਇਧਰ ਉੱਧਰ ਦੇਖਣ ਲੱਗੇ, ਜਿਸ ਤੋਂ ਸਾਫ ਜ਼ਾਹਰ ਸੀ ਕਿ ਉਹ ਇਸਦਾ ਜਵਾਬ ਦੇਣ ਤੋਂ ਵੀ ਅਸਮੱਰਥ ਸਨ। ਅਗਲਾ ਸਵਾਲ ਪੁੱਛਿਆ ਗਿਆ ਕਿ ਜਿਹੜੀ ਸ਼੍ਰੋਮਣੀ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਖਾਲਸਾ ਰਾਜ ਦੀ ਗੱਲ ਕਰਨ ਤੋਂ ਵੀ ਘਬਰਾਉਂਦੀ ਹੈ ਇੱਥੋਂ ਤੱਕ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅਰਦਾਸ ਉਪਰੰਤ ਪੜ੍ਹੇ ਜਾਣ ਵਾਲਾ ਦੋਹਰਾ ‘‘ਰਾਜ ਕਰੇਗਾ ਖਾਲਸਾ ਆਕੀ ਰਹੈ ਨਾ ਕੋਇ’’ ਪੜ੍ਹਨ ’ਤੇ ਵੀ ਪਾਬੰਦੀ ਹਟਾਉਣ ਲਈ ਤਿਆਰ ਨਹੀਂ, ਉਸ ਵੱਲੋਂ ਫਤਹਿ ਦਿਵਸ ਜਾਂ ਖਾਲਸਾ ਰਾਜ ਸਥਾਪਨਾ ਦਿਵਸ ਮਨਾਉਣ ਅਤੇ ਇਤਨੀ ਗਰਮੀ ’ਚ ਹਜਾਰਾਂ ਕਿਲੋਮੀਟਰ ਲੰਬਾ ਮਾਰਚ ਕੱਢਣ ਦਾ ਕੀ ਅਰਥ ਰਹਿ ਜਾਂਦਾ ਹੈ?

ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਦਾ ਜਵਾਬ ਹੈਰਾਨੀਜਨਕ ਸੀ। ਉਨ੍ਹਾਂ ਕਿਹਾ ਕਿ ਦੋਹਰਾ ਪੜ੍ਹਨ ਨਾਲ ਕਿਹੜਾ ਖਾਲਸਾ ਰਾਜ ਮਿਲ ਜਾਣਾ ਹੈ? ਪੁੱਛਿਆ ਗਿਆ ਕਿ ਜੇ ਸਾਡੀ ਸੋਚ ਹੀ ਇਹ ਬਣ ਗਈ ਹੈ ਤਾਂ ਇਤਨੀ ਗਰਮੀ ’ਚ ਧੁੱਪੇ ਸੜਨ, ਮਾਰਚ ਕਾਰਨ ਟ੍ਰੈਫਿਕ ਜਾਮ ਲਗਾਉਣ ਅਤੇ ਰਸਤੇ ’ਚ ਖਾਣ-ਪੀਣ ਦੀਆਂ ਸਟਾਲਾਂ ਤੇ ਸੜਕਾਂ ’ਤੇ ਗੰਦ ਫੈਲਾਉਣ ਦਾ ਕੀ ਫਾਇਦਾ ਹੈ? ਇਸ ਨਾਲ ਕਿਹੜਾ ਖਾਲਿਸਤਾਨ ਮਿਲ ਜਾਣਾ ਹੈ? ਸਗੋਂ ਆਪਣੀ ਬੇਵਸੀ ਵਿਖਾ ਕੇ ਕੌਮ ਨੂੰ ਹੋਰ ਢਹਿੰਦੀ ਕਲਾ ’ਚ ਸੁੱਟਣ ਲਈ ਤਿਆਰ ਕੀਤਾ ਜਾ ਰਿਹਾ ਹੈ। ਹੋਰ ਤਾਂ ਹੋਰ ਇਸ ਸ਼ਤਾਬਦੀ ਦੇ ਮੁੱਖ ਸਮਾਗਮ ’ਤੇ ਕਾਂਗਰਸੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਭਾਜਪਾ ਪ੍ਰਧਾਨ ਗਡਕਰੀ ਨੂੰ ਸੱਦਿਆ ਜਾ ਰਿਹਾ ਹੈ। ਦੋਵੇਂ ਪਾਰਟੀਆਂ ਖਾਲਸਾ ਰਾਜ ਦੀ ਗੱਲ ਤਾਂ ਦੂਰ ਰਹੀ, ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀਆਂ ਕੱਟੜ ਵਿਰੋਧੀ ਹਨ। ਖੁਦ ਸ਼੍ਰੋਮਣੀ ਅਕਾਲੀ ਦਲ ਦਾ ਸਰਪ੍ਰਸਤ ਅਤੇ ਮੁੱਖ ਮੰਤਰੀ ਪੰਜਾਬ, ਖਾਲਸਾ ਰਾਜ ਜਾਂ ਇੱਥੋਂ ਤੱਕ ਕਿ ਖਾਲਸਾ ਪੰਥ ਦਾ ਨਾਮ ਲੈਣ ਤੋਂ ਵੀ ਘਬਰਾਉਂਦਾ ਹੈ।

ਇਸ ਹਾਲਤ ਵਿੱਚ ਨਾ ਤਾਂ ਇਹ ਫਤਹਿ ਮਾਰਚ ਸੀ ਤੇ ਨਾ ਹੀ ਖਾਲਸਾ ਰਾਜ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮ। ਇਹ ਸਿਰਫ ਤੇ ਸਿਰਫ ਇੱਕ ਸਿਆਸੀ ਧੜੇ ਦੇ ਸ਼ਕਤੀ ਪ੍ਰਦਰਸ਼ਨ ਤੋਂ ਵੱਧ ਕੁੱਝ ਨਹੀਂ ਸੀ। ਜਿਹੜੇ ਕਾਂਗਰਸ ਅਤੇ ਭਾਜਪਾ ਨੂੰ ਇਹ ਵਿਖਾਉਣਾ ਚਾਹੁੰਦੇ ਹਨ ਕਿ ਸਮੁੱਚੇ ਸਿੱਖ ਉਨ੍ਹਾਂ ਦੇ ਨਾਲ ਹਨ। ਇਸ ਹਾਲਤ ਵਿੱਚ ਜੇ ਕੋਈ ਸਿੱਖ ਜਾਂ ਸਿੱਖ ਜਥੇਬੰਦੀ ਇਸ ਵਿਖਾਵੇ ਦੇ ਮਾਰਚ ਜਾਂ ਸਮਾਗਮ ਵਿੱਚ ਸ਼ਾਮਲ ਨਹੀਂ ਹੁੰਦਾ ਜਾਂ ਸੁਆਗਤ ਨਹੀਂ ਕਰਦਾ ਤਾਂ ਇਸਦਾ ਕਦਾਚਿਤ ਇਹ ਭਾਵ ਨਹੀਂ ਹੋ ਸਕਦਾ ਕਿ ਉਹ ਸਿੱਖ-ਵਿਰੋਧੀ ਹੈ ਜਾਂ ਉਸਨੇ ਕੋਈ ਐਸੀ ਧਾਰਮਕ ਅਵੱਗਿਆ ਕਰ ਦਿੱਤੀ ਹੈ ਜਿਸ ਕਾਰਨ ਉਸਨੂੰ ਅਕਾਲ ਤਖ਼ਤ ’ਤੇ ਤਲਬ ਕਰਨ ਦੇ ਡਰਾਵੇ ਦਿੱਤੇ ਜਾਣ। ਪਰ ਫਿਰ ਵੀ ਜੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਇਹ ਬਿਆਨ ਦਾਗਣ ਕਿ ‘‘ਪਰਮਜੀਤ ਸਿੰਘ ਸਰਨਾ ਨੇ ਗੁਰਦੁਆਰਾ ਬੰਗਲਾ ਸਾਹਿਬ ਪਹੁੰਚਣ ’ਤੇ ਫਤਹਿ ਮਾਰਚ ਦਾ ਸਵਾਗਤ ਨਾ ਕਰਕੇ ਪੰਜ ਪਿਆਰਿਆਂ ਅਤੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ ਹੈ, ਇਸ ਲਈ ਉਨ੍ਹਾਂ ਨੂੰ ਅਕਾਲ ਤਖ਼ਤ ’ਤੇ ਤਲਬ ਕੀਤਾ ਜਾ ਸਕਦਾ ਹੈ।’’ ਇਹ ਬਿਆਨ ਸਿਰਫ ਉਸ ਦੀ ਬੁਖਲਾਹਟ ਹੈ ਜਾਂ ਉਹ ਅਕਾਲ ਤਖ਼ਤ ਨੂੰ ਸਿਰਫ ਥਾਣਾ ਸਮਝ ਰਿਹਾ ਹੈ ਜਿਸਦੀ ਵਰਤੋਂ ਕਰਕੇ ਸੱਤਾਧਾਰੀ ਗਰੁੱਪ ਵਿਰੋਧੀ ਨੂੰ ਸਬਕ ਸਿਖਾ ਸਕਦਾ ਹੈ।

2008 ਵਿਚ ਗੁਰੂ ਗ੍ਰੰਥ ਸਾਹਿਬ ਦੀ 300 ਸਾਲਾ ਗੁਰਤਾਗੱਦੀ ਸ਼ਤਾਬਦੀ ਮਨਾਈ ਗਈ। ਉਹ ਸ਼ਤਾਬਦੀ ਮਨਾਉਣ ਦਾ ਅਸਲੀ ਭਾਵ ਤਾਂ ਇਹੀ ਸੀ ਕਿ ਸਿੱਖਾਂ ਦੇ ਇੱਕੋ ਇੱਕ ਗੁਰੂ, ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਨੂੰ ਉਜਾਗਰ ਕਰਕੇ ਦੁਨੀਆਂ ਭਰ ਦੇ ਲੋਕਾਂ ਨੂੰ ਇਹ ਦੱਸਿਆ ਜਾਂਦਾ ਕਿ ਸਿੱਖ ਅੱਜ ਵੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 300 ਸਾਲ ਪਹਿਲਾਂ ਦਿੱਤੇ ਹੁਕਮ ‘ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓ ਗ੍ਰੰਥ’ ਅੱਗੇ ਸ਼ਰਧਾ ਨਾਲ ਆਪਣਾ ਸਿਰ ਝੁਕਾਉਂਦੇ ਹਨ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਿਨ੍ਹਾਂ ਹੋਰ ਕਿਸੇ ਮਨੁੱਖ ਜਾਂ ਗ੍ਰੰਥ ਨੂੰ ਆਪਣਾ ਗੁਰੂ ਤਸਲੀਮ ਨਹੀਂ ਕਰ ਸਕਦੇ।

ਪਰ ਇਹ ਸ਼ਤਾਬਦੀ ਮਨਾਉਣ ਦਾ ਫਾਇਦਾ ਹੋਣ ਦੀ ਥਾਂ ਉਲਟਾ ਨੁਕਸਾਨ ਇਹ ਹੋਇਆ ਕਿ ਜਿੱਥੇ ਪਹਿਲਾਂ ਪੰਜਾਬ ਵਿੱਚ 90 ਫੀਸਦੀ ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਦਸਮ ਗ੍ਰੰਥ ਨਾਮ ਦਾ ਕੋਈ ਹੋਰ ਗ੍ਰੰਥ ਵੀ ਹੈ, ਜਿਸਨੂੰ ਸਿੱਖ ਜਗਤ ਵਿੱਚ ਗੁਰੂ ਕਰਕੇ ਪੂਜਿਆ ਜਾਂਦਾ ਹੈ, ਉੱਥੇ ਸ਼ਤਾਬਦੀ ਮਨਾਉਣ ਦੀਆਂ ਤਿਆਰੀਆਂ ਵਿੱਚ ਪਹਿਲਾਂ 2006 ’ਚ ਬਠਿੰਡਾ ਜ਼ਿਲ੍ਹਾ ਵਿੱਚ ਦਿਆਲਪੁਰਾ ਭਾਈਕਾ ਵਿਖੇ ਫਤਹਿ ਦਿਵਸ ਨਾਮ ਦਾ ਸਮਾਗਮ ਕੀਤਾ ਗਿਆ, ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਪ੍ਰਕਾਸ਼ ਕਰਕੇ ਅਖੰਡ ਪਾਠ ਕੀਤਾ ਗਿਆ ਤੇ ਮੁੱਖ ਸਮਾਗਮ ਵਿੱਚ ਤਖ਼ਤਾਂ ਦੇ ਜਥੇਦਾਰਾਂ ਸਮੇਤ ਡੇਰੇਦਾਰਾਂ ਨੇ ਅਖੌਤੀ ਦਸਮ ਗ੍ਰੰਥ ਦਾ ਖੁਲ੍ਹ ਕੇ ਪ੍ਰਚਾਰ ਕੀਤਾ ਅਤੇ ਇਸਦਾ ਵਿਰੋਧ ਕਰਨ ਵਾਲਿਆਂ ਵਿਰੁੱਧ ਸਖ਼ਤ ਭਾਸ਼ਾ ਦਾ ਪ੍ਰਯੋਗ ਕੀਤਾ। ਜਿਸ ਨਾਲ ਪੰਥ ਦੀਆਂ ਦੋਹਾਂ ਧਿਰਾਂ ਵਿੱਚ ਡੂੰਘੀ ਖਾਈ ਪੁੱਟੀ ਗਈ। ਇਸ ਉਪਰੰਤ ਵੀ ਦਸਮ ਗ੍ਰੰਥ ਦੇ ਹੱਕ ਅਤੇ ਵਿਰੋਧ ਵਿੱਚ ਸੈਮੀਨਾਰ ਅਤੇ ਬਿਆਨਬਾਜ਼ੀ ਹੁੰਦੀ ਰਹੀ। ਤਖ਼ਤ ਸ਼੍ਰੀ ਹਜੂਰ ਸਾਹਿਬ ਨਾਂਦੇੜ ਜਿਸ ਸਥਾਨ ’ਤੇ ਤਿੰਨ ਸੌ ਸਾਲ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇ ਕੇ ਹੁਕਮ ਕੀਤਾ ਸੀ Žਸਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗ੍ਰੰਥ“ ਉਸੇ ਸਥਾਨ ’ਤੇ ਦੇਸ਼ ਵਿਦੇਸ਼ ਤੋਂ ਪਹੁੰਚੇ ਲੱਖਾਂ ਲੋਕਾਂ ਨੇ ਵੇਖਿਆ ਕਿ ਇੱਥੇ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਕਿਸੇ ਗ੍ਰੰਥ ਨੂੰ ਵੀ ਗੁਰੂ ਵਾਂਗ ਮਾਨਤਾ ਦਿੱਤੀ ਜਾ ਰਹੀ ਹੈ ਜਿਸ ਕਾਰਣ ਸਿੱਖਾਂ ਵਿੱਚ ਦੁਬਿਧਾ ਪੈਦਾ ਹੋਈ ਕਿ ਸਿੱਖਾਂ ਦਾ ਗੁਰੂ ਇੱਕ ਹੈ ਜਾਂ ਦੋ।

ਹੁਣ ਖਾਲਸਾ ਰਾਜ ਸਥਾਪਨਾ ਦਿਵਸ ਦੀ ਤੀਜੀ ਸ਼ਤਾਬਦੀ ਮਨਾਈ ਗਈ ਹੈ। ਇਸ ਦੌਰਾਨ ਚਾਹੀਦਾ ਤਾਂ ਇਹ ਸੀ ਕਿ ਬੰਦਾ ਸਿੰਘ ਬਹਾਦਰ ਦੀ ਸਖ਼ਸ਼ੀਅਤ ਦੇ ਉਹ ਪੱਖ ਉਭਾਰ ਕੇ ਪ੍ਰਚਾਰੇ ਜਾਂਦੇ ਜਿਹੜੇ ਹੁਣ ਤੱਕ ਜਾਣੇ-ਅਣਜਾਣੇ ਵਿੱਚ ਦਬਾ ਕੇ ਰੱਖੇ ਗਏ ਸਨ। ਇਹ ਦੱਸਣ ਯੋਗ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਸਿਦਕੀ ਸਿੱਖ ਸੀ ਜਿਸਨੇ ਗੁਰੂ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਪਹਿਲੇ ਖਾਲਸਾ ਰਾਜ ਦੀ ਸਥਾਪਨਾ ਕਰਕੇ ਸਹੀ ਮਾਇਨਿਆਂ ਵਿੱਚ ਲੋਕ ਰਾਜ ਜਾਂ ਹਲੀਮੀ ਰਾਜ ਕਾਇਮ ਕੀਤਾ ਤੇ ਸਿੱਕਾ ਆਪਣੇ ਨਾਮ ਦਾ ਨਹੀਂ ਬਲਕਿ ਗੁਰੂ ਨਾਨਕ - ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦਾ ਚਲਾਇਆ। ਪਰ ਬਦਕਿਸਮਤੀ ਨਾਲ ਉਨ੍ਹਾਂ ’ਤੇ ਹੀ ਗੁਰਮਤਿ ਵਿਰੋਧੀ ਹੋਣ, ਗੁਰੂ ਗੋਬਿੰਦ ਸਿੰਘ ਦੀ ਆਗਿਆ ਤੋਂ ਉਲਟ ਵਿਆਹ ਕਰਵਾਉਣ ਤੇ ਆਪਣੇ ਆਪ ਨੂੰ ਗੁਰੂ ਅਖਵਾਉਣ ਦੇ ਦੋਸ਼ ਲਾ ਕੇ ਉਨ੍ਹਾਂ ਵਿਰੁੱਧ ਹੁਕਮਨਾਮੇ ਜਾਰੀ ਕਰਵਾ ਕੇ ਬਾਬਾ ਬਿਨੋਦ ਸਿੰਘ ਵਰਗੇ ਸਿੱਖਾਂ ਨੂੰ ਉਨ੍ਹਾਂ ਨਾਲੋਂ ਅਲੱਗ ਕੀਤਾ ਗਿਆ, ਜਿਸ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜੀ ਸ਼ਕਤੀ ਕਮਜ਼ੋਰ ਹੋਈ ਤੇ ਅੱਠ ਮਹੀਨੇ ਦੇ ਘੇਰੇ ਉਪਰੰਤ ਆਖਰ ਫੜ੍ਹੇ ਗਏ ਤੇ ਦਿੱਲੀ ਵਿੱਚ ਲਿਜਾ ਕੇ ਅਣਮਨੁੱਖੀ ਤਸੀਹੇ ਦੇ ਕੇ ਸ਼ਹੀਦ ਕੀਤੇ ਗਏ।

ਸਾਡੇ ਕੱਚ-ਘਰੜ ਪ੍ਰਚਾਰਕ ਬਾਬਾ ਬੰਦਾ ਸਿੰਘ ਬਹਾਦਰ ਦੀ ਦ੍ਰਿੜਤਾ ਅਤੇ ਕੁਰਬਾਨੀ ਉਜਾਗਰ ਕਰਨ ਦੀ ਥਾਂ ਇਹ ਪ੍ਰਚਾਰ ਕਰ ਰਹੇ ਹਨ ਕਿ ਆਪਣੇ ਆਪ ਨੂੰ ਗੁਰੂ ਅਖਵਾਉਣ ਕਰਕੇ ਉਨ੍ਹਾਂ ਨੂੰ ਇਹ ਸਜ਼ਾ ਮਿਲੀ। ਇਹ ਕੱਚ-ਘਰੜ ਪ੍ਰਚਾਰਕ ਤਾਂ ਉਸੇ ਸ਼ਾਜਿਸ਼ ਦਾ ਹਿੱਸਾ ਜਾਪਦੇ ਹਨ ਜਿਹੜੇ ਪੰਜਵੇਂ ਅਤੇ ਨੌਵੇਂ ਪਾਤਿਸ਼ਾਹ, ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜ਼ਰ ਕੌਰ ਦੀ ਸ਼ਹੀਦੀ ਨੂੰ ਵੀ ਗੁਰੂ ਨਾਨਕ ਸਾਹਿਬ ਵੱਲੋਂ ਸੱਤ ਮੁੱਠੀਆਂ ਭੰਗ ਦੀਆਂ ਲੈ ਕੇ ਤੈਮੂਰ ਲੰਗ ਨੂੰ ਸੱਤ ਪਾਤਿਸ਼ਾਹੀਆਂ ਦਾ ਵਰ ਦੇਣ ਅਤੇ ਭਾਈ ਮਰਦਾਨੇ ਵੱਲੋਂ ਯਾਦ ਕਰਵਾਉਣ ’ਤੇ ਸੱਤ ਸ਼ਹੀਦੀਆਂ ਦੇ ਕੇ ਰਾਜ ਵਾਪਸ ਲੈਣ ਦੀਆਂ ਗੱਲਾਂ ਕਰਕੇ ਇਨ੍ਹਾਂ ਸੱਤ ਸ਼ਹੀਦੀਆਂ ਨੂੰ ਭੰਗ ਦੇ ਭਾੜੇ ਗਈਆਂ ਦਸਦੇ ਹਨ। ਸੋ ਇਹ ਸ਼ਤਾਬਦੀ ਮਨਾਉਣ ਸਮੇਂ ਪੰਥ ਦਾ ਇੱਕੋ ਇੱਕ ਮਨੋਰਥ ਹੋਣਾ ਚਾਹੀਦਾ ਸੀ ਕਿ ਸਹੀ ਇਤਿਹਾਸ ਉਜਾਗਰ ਕੀਤਾ ਜਾਂਦਾ, ਪੰਥ ’ਚੋਂ ਛੇਕਣ ਵਾਲੇ ਗਲਤ ਹੁਕਮਨਾਮੇ ਜਾਰੀ ਕਰਕੇ ਪੰਥ ਦਾ ਨੁਕਸਾਨ ਕਰਨ ਵਾਲੀ ਪਿਰਤ ਖਤਮ ਕੀਤੀ ਜਾਂਦੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਥਾਪਤ ਕੀਤੇ ਖਾਲਸਾ ਰਾਜ ਨੂੰ ਮੁੜ ਬਹਾਲ ਕਰਨ ਦੇ ਯਤਨ ਆਰੰਭੇ ਜਾਣ ਲਈ ਕੋਈ ਸਕੀਮਾਂ ਬਣਾਈਆਂ ਜਾਂਦੀਆਂ।

ਪਰ ਹੋ ਸਭ ਕੁੱਝ ਇਸਦੇ ਉਲਟ ਰਿਹਾ ਹੈ। ਸਿੱਖ ਰਾਜ ਦੀ ਮੰਗ ਕਰਨ ਵਾਲਿਆਂ ਨੂੰ ਦੇਸ਼ ਦੇ ਗਦਾਰ ਅਤੇ ਅੱਤਿਵਾਦੀ ਦੱਸਿਆ ਜਾ ਰਿਹਾ ਹੈ, ਗੁਰਮਤਿ ਦੀ ਗੱਲ ਕਰਨ ਵਾਲਿਆਂ ਨੂੰ ਪੰਥ ਵਿਰੋਧੀ ਦੱਸ ਕੇ ਪੰਥ ਵਿੱਚੋਂ ਛੇਕਿਆ ਜਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਦੀ ਤੀਜੀ ਸ਼ਤਾਬਦੀ ਮਨਾਉਣ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਸਰਬਉੱਚਤਾ ਤੇ ਸਤਿਕਾਰ ਦੀ ਬਹਾਲੀ ਦੀ ਮੰਗ ਕਰਨ ਵਾਲੇ ਪ੍ਰੋ. ਦਰਸ਼ਨ ਸਿੰਘ ਨੂੰ ਅਕਾਲ ਤਖ਼ਤ ਤੋਂ ਹੁਕਮਨਾਮੇ ਰਾਹੀਂ ਛੇਕ ਦਿੱਤਾ ਹੈ ਜਿਸ ਨਾਲ ਸਮੁੱਚੀ ਸਿੱਖ ਕੌਮ ਵੰਡੀ ਗਈ ਹੈ ਤੇ ਇੱਕ ਤਰ੍ਹਾਂ ਭਰਾ ਮਾਰੂ ਖਾਨਾਜੰਗੀ ਸ਼ੁਰੂ ਹੋ ਚੁੱਕੀ ਹੈ। ਇਸ ਗਲਤੀ ਨੂੰ ਸੁਧਾਰਨ ਦੀ ਥਾਂ ਮੱਕੜ ਸਾਹਿਬ ਆਪਣੇ ਵਿਰੋਧੀਆਂ ਨੂੰ ਛੇਕੇ ਜਾਣ ਦੀਆਂ ਹੁਣ ਵੀ ਧਮਕੀਆਂ ਦੇ ਰਹੇ ਹਨ। ਕੀ ਇਹੀ ਉਦੇਸ਼ ਹੈ ਸ਼ਤਾਬਦੀ ਮਨਾਉਣ ਦਾ? ਇਹ ਸੁਣ ਕੇ ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬ ਕਹਿਣ ਲੱਗੇ ‘‘ਤੁਸੀਂ ਤਾਂ ਅਕਾਲ ਤਖ਼ਤ ਦੇ ਵਿਰੋਧੀ ਹੋ, ਤੁਹਾਡੇ ਨਾਲ ਕੀ ਗੱਲ ਕਰਨੀ ਹੈ?’’ ਉਨ੍ਹਾਂ ਨੂੰ ਹਾਸੇ ਵਿੱਚ ਕਿਹਾ ਗਿਆ ਕਿ ਠੀਕ ਹੈ, ਅੱਜ ਅਸੀਂ ਅਕਾਲ ਤਖ਼ਤ ਵਿਰੋਧੀ ਹਾਂ ਕਲ੍ਹ ਨੂੰ ਜੇ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਸਾਡੇ ਹੱਥ ਆ ਗਿਆ, ਤਾਂ ਉਸ ਸਮੇਂ ਤੁਸੀਂ ਅਕਾਲ ਤਖ਼ਤ ਵਿਰੋਧੀ ਬਣ ਜਾਣਾ ਹੈ। ਪਹਿਲਾਂ ਵੀ ਭਾਈ ਰਣਜੀਤ ਸਿੰਘ ਅਤੇ ਪ੍ਰੋ. ਮਨਜੀਤ ਸਿੰਘ ਦੇ ਕਾਰਜਕਾਲ ਦੌਰਾਨ ਤੁਸੀਂ ਅਕਾਲ ਤਖ਼ਤ ਦੇ ਵਿਰੋਧੀ ਸੀ। ਇਸੇ ਹੀ ਮੈਂਬਰ ਸਾਹਿਬ ਨੂੰ ਦੋ ਦਿਨ ਪਹਿਲਾਂ ਖਾਲਸਾ ਗੁਰਦੁਆਰਾ ਪ੍ਰਬੰਧ ਸੁਧਾਰ ਜੱਥੇ ਦੁਆਰਾ ਛਾਪਿਆ ਗਿਆ ਟ੍ਰੈਕਟ ‘ਦੋਸ਼ੀ ਕੌਣ’ ਦਿੱਤਾ ਗਿਆ ਸੀ। ਅੱਜ ਇਹ ਪੁੱਛਣ ’ਤੇ ਕਿ ਤੁਸੀਂ ਉਹ ਪੜ੍ਹ ਲਿਆ ਹੈ? ਤਾਂ ਉਨ੍ਹਾਂ ਦਾ ਜਵਾਬ ਸੀ ਕਿ ਉਹ ਤਾਂ ਅਕਾਲ ਤਖ਼ਤ ਦੇ ਵਿਰੋਧੀਆਂ ਦਾ ਲਿਖਿਆ ਕੂੜ ਪ੍ਰਚਾਰ ਹੈ, ਅਸੀਂ ਐਸਾ ਕੂੜ ਪ੍ਰਚਾਰ ਨਹੀਂ ਪੜ੍ਹਦੇ।

ਦੱਸਿਆ ਗਿਆ ਕਿ ਇਸ ਟ੍ਰੈਕਟ ਨੂੰ ਛਾਪਿਆ ਭਾਵੇਂ ਕਿਸੇ ਵੀ ਸੰਸਥਾ ਵੱਲੋਂ ਗਿਆ ਹੈ ਪਰ ਇਸ ਵਿੱਚ ਲਿਖਿਆ ਉਹੀ ਕੁੱਝ ਗਿਆ ਹੈ ਜਿਹੜਾ ਹੂ-ਬ-ਹੂ ਦਸਮ ਗ੍ਰੰਥ ’ਚ ਦਰਜ਼ ਹੈ ਅਤੇ ਉਸਦੇ ਅਰਥ ਵੀ ਉਹੀ ਲਿਖੇ ਗਏ ਹਨ ਜਿਹੜੇ ਦਸਮ ਗ੍ਰੰਥ ਦੇ ਹਿਮਾਇਤੀਆਂ ਨੇ ਕੀਤੇ ਅਤੇ ਕਰਵਾਏ ਗਏ ਹਨ। ਇਸਦੇ ਬਾਵਜ਼ੂਦ ਜੇ ਤੁਹਾਨੂੰ ਇਸ ਵਿੱਚ ਕੂੜ ਨਜ਼ਰ ਆਉਂਦਾ ਹੈ ਤਾਂ ਤੁਸੀਂ ਉਸੇ ਕੂੜ ਨੂੰ ਗੁਰੂ ਗ੍ਰੰਂਥ ਸਾਹਿਬ ਦੇ ਬਰਾਬਰ ਮਾਨਤਾ ਦੇਣ ਵਾਲਿਆਂ ਨੂੰ ਖੁਸ਼ ਕਰਨ ਲਈ ਇਸ ਕੂੜ ਦੀ ਅਸਲੀਅਤ ਦੱਸਣ ਵਾਲੇ ਪ੍ਰੋ. ਦਰਸ਼ਨ ਸਿੰਘ ਨੂੰ ਪੰਥ ’ਚੋਂ ਛਿਕਵਾ ਦਿੱਤਾ ਹੈ ਤਾਂ ਤੁਸੀਂ ਇਸ ਵਿੱਚ ਪੰਥ ਦੀ ਸੇਵਾ ਵਾਲਾ ਕਿਹੜਾ ਉੱਤਮ ਕਰਮ ਕਰ ਦਿਖਾਇਆ ਹੈ? ਦੋਵੇਂ ਮੈਂਬਰਾਨ ਸਾਹਿਬ ਨਿਰਉੱਤਰ ਹੋ ਗਏ।

ਕੀ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਸ਼ਤਾਬਦੀ ਮਨਾਉਣ ਵਾਲੇ ਸਿੱਖ ਇਤਨੇ ਜਾਗਰੂਕ ਹੋ ਸਕਣਗੇ ਕਿ ਉਹ ਅਜਿਹੇ ਹੁਕਮਨਾਮੇ - ਜਿਨ੍ਹਾਂ ਰਾਹੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਕਤੀ ਕਮਜੋਰ ਕਰਕੇ ਖਾਲਸਾ ਰਾਜ ਗੁਆਇਆ ਸੀ ਅਤੇ ਹੁਣ ਗੁਰਮਤਿ ਦੇ ਵਿਦਵਾਨਾਂ ਨੂੰ ਛੇਕ ਕੇ ਖਾਲਸਾ ਪੰਥ ਦੀ ਨਿਆਰੀ ਹਸਤੀ ਨੂੰ ਖਤਮ ਕਰਨ ਦੀਆਂ ਗੁੰਦੀਆਂ ਜਾ ਰਹੀਆਂ ਗੋਂਦਾਂ - ਵਿਰੁੱਧ ਆਵਾਜ਼ ਉਠਾਉਣ ਲਈ ਲਾਮਬੰਦ ਹੋ ਕੇ ਖਾਲਸਾ ਪੰਥ ਦੀ ਹੋਂਦ ਬਚਾਉਣ ਲਈ ਕੋਈ ਹੰਭਲਾ ਮਾਰਨਗੇ?