Subscription About Us Contact Us


ਵਿਰਾਸਤ, ਬੋਲੀ ਤੇ ਸਮਾਜ

- ਨਿਰਮਲ ਸਿੰਘ ਨਿੰਮਾ -

ਪਿਛਲੇ ਕੁਝ ਸਮੇਂ ਤੋਂ ਪੰਜਾਬੀ ਬੋਲੀ ਬਾਰੇ ਬੜਾ ਕੁਝ ਪੜ੍ਹਨ-ਸੁਣਨ ਨੂੰ ਮਿਲ ਰਿਹੈ। ਵਿਦਵਾਨਾਂ ਦੇ ਵੱਖੋ-ਵੱਖ ਵਿਚਾਰ ਤੇ ਦਲੀਲਾਂ ਟਕਰਾ ਰਹੀਆਂ ਹਨ। ਕੁਝ ਆਖਦੇ ਹਨ ਇਹ ਬੋਲੀ ਖ਼ਤਮ ਹੋਣ ਕਿਨਾਰੇ ਹੈ। ਕੁਝ ਇਸ ਦੇ ਰੌਸ਼ਨ ਭਵਿੱਖ ਦਾ ਐਲਾਨ ਕਰਦੇ ਹਨ। ਪਰ ਫੈਸਲਾ ਕੋਈ ਨਹੀਂ ਹੈ। ਕਿਸੇ ਮਾਂ-ਬੋਲੀ ਨੂੰ ਜੀਵਤ ਰੱਖਣ ਲਈ ਉਸ ਦੀ ਕੌਮੀ ਤੇ ਕੌਮਾਂਤਰੀ ਤੌਰ ’ਤੇ ਪਛਾਣ ਬਣਾਈ ਰੱਖਣ ਲਈ ਕੌਮਾਂ ਵੱਡੇ ਯਤਨ ਕਰਦੀਆਂ ਰਹਿੰਦੀਆਂ ਹਨ। ਮਾਪੇ ਬੱਚੇ ਨੂੰ ਮਾਂ-ਬੋਲੀ ਦੀ ਗੁੜ੍ਹਤੀ ਦਿੰਦੇ ਹਨ। ਉਸ ਨੂੰ ਬੋਲਣਾ ਸਿਖਾਉਂਦੇ ਹਨ। ਅੱਗੋਂ ਗੁਰੂ (ਅਧਿਆਪਕ) ਉਸ ਨੂੰ ਮਾਂਬੋਲੀ ਦੀਆਂ ਡੂੰਘੀਆਂ ਤੈਹਾਂ ਤੱਕ ਲਿਜਾ ਕੇ ਪੂਰਨ ਰੂਪ ਵਿਚ ਉਸ ਬੋਲੀ ਦਾ ਸਿਪਾਹੀ ਬਣਾਉਂਦੇ ਹਨ।

ਸੰਨ 1995 ਦਾ ਜੁਲਾਈ ਮਹੀਨਾ। ਮੈਨੂੰ ਸਰਕਾਰੀ ਨਾਰਮਲ ਸਕੂਲ ਗੁਰਦਾਸਪੁਰ ਵਿਖੇ ਅਧਿਆਪਕਾਂ ਦੇ ਸੈਮੀਨਾਰ ਵਿੱਚ ਨਾਵਲ ਬਾਰੇ ਬੋਲਣ ਲਈ ਸੱਦਾ ਪੱਤਰ ਮਿਲਿਆ। ਪਹਿਲਾਂ ਤਾਂ ਮੈਂ ਡਰਿਆ। ਘਬਰਾਇਆ। ਪਰੇਸ਼ਾਨ ਹੋਇਆ। ਸੋਚਿਆ, ਉਥੇ ਤਾਂ ਪੰਜਾਬੀ ਦੇ ਬੜੇ-ਬੜੇ ਸੂਝਵਾਨ ਤੇ ਕਹਿੰਦੇ-ਕਹਾਉਂਦੇ ਅਧਿਆਪਕ ਹੋਣਗੇ। ਮੈਂ ਕੀ ਬੋਲੂੰ ਉਨ੍ਹਾਂ ਸਾਹਮਣੇ? ਖ਼ੈਰ ਮੈਂ ਫੈਸਲਾ ਕੀਤਾ। ਪਹਿਲਾਂ ਉਨ੍ਹਾਂ ਨੂੰ ਤੋਲਾਂਗਾ, ਜਿਸ ਪੱਧਰ ਦੇ ਹੋਣਗੇ, ਉਸ ਹਿਸਾਬ ਨਾਲ ਬੋਲਾਂਗਾ। ਮੈਂ ਝਿਜਕਦਾ ਜਿਹਾ ਗਿਆ। ਪਹਿਲਾਂ ਸੋਚੇ ਮੂਜ਼ਬ ਤਿੰਨ ਸਵਾਲ ਕੀਤੇ। ਤੁਹਾਡੇ ’ਚੋਂ ਰੋਜ਼ਾਨਾ ਪੰਜਾਬੀ ਅਖ਼ਬਾਰ ਕੌਣ ਕੌਣ ਖਰੀਦਦੈ? ਦਸਵੀਂ ਦੇ ਸਿਲੇਬਸ ਵਿਚ ਲੱਗਿਆ ਨਾਵਲ ‘ਤੂਤਾਂ ਵਾਲਾ ਖੂਹ’ ਕਿਸ ਕਿਸ ਨੇ ਪੜ੍ਹਿਐ? ਤੁਹਾਡੇ ’ਚੋਂ ਕਦੇ ਕਿਸੇ ਨੇ ਕੋਈ ਪੰਜਾਬੀ ਨਾਵਲ, ਕਹਾਣੀ ਜਾਂ ਕਵਿਤਾ ਦੀ ਕਿਤਾਬ ਖਰੀਦੀ ਆ?

ਮੈਂ ਹੈਰਾਨ, ਪਰੇਸ਼ਾਨ ਹੋ ਗਿਆ। ਚਾਲੀ ਅਧਿਆਪਕਾਂ ’ਚੋਂ (ਜਿਨ੍ਹਾਂ ਵਿਚ ਮੇਰੀ ਪਤਨੀ ਵੀ ਸ਼ਾਮਲ ਸੀ) ਸਿਰਫ਼ ਪੰਜ ਨੇ ਮੰਨਿਆ ਕਿ ਉਹ ਪੰਜਾਬੀ ਅਖ਼ਬਾਰ ਖਰੀਦ ਕੇ ਪੜ੍ਹਦੇ ਹਨ। ਉਨ੍ਹਾਂ ’ਚੋਂ ਤੂਤਾਂ ਵਾਲਾ ਖੂਹ ਨਾਵਲ ਕਿਸੇ ਨੇ ਵੀ ਨਹੀਂ ਸੀ ਪੜ੍ਹਿਆ ਹੋਇਆ। ਮੈਂ ਪੁੱਛਿਆ ਤੁਸੀਂ ਪੜ੍ਹਾਉਂਦੇ ਕਿਸ ਤਰ੍ਹਾਂ ਹੋ? ਕਹਿਦੇ, ਗਾਈਡਾਂ ਤੋਂ ਕੰਮ ਸਾਰ ਲਈਦਾ ਹੈ!! ਬੜੇ ਸਿਤਮ ਦੀ ਗੱਲ ਲੱਗੀ। ਅਜਿਹੇ ਅਧਿਆਪਕ ਪੰਜਾਬੀ ਬੋਲੀ ਪ੍ਰਤੀ ਕਿੰਨੇ ਕੁ ਸੁਚੇਤ ਹੋ ਸਕਦੇ ਹਨ? ਉਨ੍ਹਾਂ ਇਹ ਵੀ ਮੰਨਿਆ ਕਿ ਸਾਰਿਆਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਦੇ ਹਨ।

ਮੰਨਣਾ ਪਵੇਗਾ ਕਿ ਸਾਡੇ ਲੋਕ ਮਾਂ-ਬੋਲੀ ਨੂੰ ਬੁਰੀ ਤਰ੍ਹਾਂ ਨਕਾਰ ਰਹੇ ਹਨ। ਜੀਵਨ ’ਚੋਂ ਖਾਰਜ ਕਰ ਰਹੇ ਹਨ। ਇਸ ਨੂੰ ਬੱਚਿਆਂ ਦੀ ਤਰੱਕੀ ਤੇ ਕਲਿਆਣ ਦਾ ਸ੍ਰੋਤ ਨਹੀਂ ਮੰਨਦੇ। ਮੱਧ-ਵਰਗ ਨੂੰ ਅੰਗਰੇਜ਼ੀ ਦਾ ਬੁਖਾਰ ਚੜ੍ਹਿਆ ਹੋਇਆ ਹੈ।
ਮੈਂ ਕਦੇ ਪ੍ਰਣ ਕੀਤਾ ਸੀ। ਜੇ ਕਦੇ ਮੌਕਾ ਮਿਲਿਆ, ਹਾਲਾਤ ਨੇ ਇਜਾਜ਼ਤ ਦਿੱਤੀ ਤਾਂ ਗਰੀਬਾਂ ਦੇ ਬੱਚਿਆਂ ਲਈ ਸਕੂਲ ਖੋਲ੍ਹਾਂਗਾ। ਸਮੇਂ ਦਾ ਗੇੜ ਬਣਿਆ। ਸਕੂਲ ਖੋਲ੍ਹਿਆ, ਨਾਮ ਰੱਖਿਆ, ‘ਬੁੱਲੇ ਸ਼ਾਹ ਪੰਜਾਬੀ ਸਕੂਲ’। ਇਸ ਵਿਚ ਪੰਜਾਬੀ, ਹਿੰਦੀ ਤੇ ਅੰਗਰੇਜ਼ੀ, ਤਿੰਨੇ ਭਾਸ਼ਾਵਾਂ ਪੜ੍ਹਾਈਆਂ ਜਾਂਦੀਆਂ ਹਨ। ਮਿਹਨਤੀ ਤੇ ਲਗਨ ਵਾਲੇ ਅਧਿਆਪਕ ਰੱਖੇ। ਪੈਸੇ ਪੱਖੋਂ ਵਿਚਕਾਰਲੇ ਜਿਹੇ ਤਬਕੇ ਦੇ ਲੋਕਾਂ ਕਹਿਣਾ ਸ਼ੁਰੂ ਕਰ ਦਿੱਤਾ - ਅਖੇ, ਏਥੇ ਤਾਂ ਸਿਰਫ਼ ਪੰਜਾਬੀ ਪੜ੍ਹਾਈ ਜਾਂਦੀ ਹੈ। ਇਨ੍ਹਾਂ ਦੀਆਂ ਫੀਸਾਂ ਬੜੀਆਂ ਘੱਟ ਨੇ। ਉਨ੍ਹਾਂ ਨੇ ਅੱਜ ਤੱਕ ਕਦੇ ਕਿਸੇ ਸਕੂਲ ਦਾ ਅਜਿਹਾ ਨਾਂ ਨਹੀਂ ਸੀ ਪੜ੍ਹਿਆ, ਸੁਣਿਆ ਜਿਸ ਵਿੱਚ ‘ਪੰਜਾਬੀ’ ਸ਼ਬਦ ਵਰਤਿਆ ਗਿਆ ਹੋਵੇ। ਸਕੂਲ ਦੇ ਨਾਮ ਵਿਚ ਪੰਜਾਬੀ ਲਫ਼ਜ਼ ਵਰਤਣ ਕਰਕੇ ਹੀ ਵੱਡਾ ਵਿਰੋਧ ਕੀਤਾ ਗਿਆ। ਸਖ਼ਤ ਮਿਹਨਤ ਤੇ ਯੋਗ ਅਧਿਆਪਕਾਂ ਵੱਲ ਕਿਸੇ ਧਿਆਨ ਨਾ ਦਿੱਤਾ।

ਪਿਛਲੇ ਡੇਢ-ਦੋ ਦਹਾਕੇ ਤੋਂ ਪ੍ਰਾਈਵੇਟ ਸਕੂਲਾਂ ਦੀ ਗਿਣਤੀ ਬੇਸ਼ੁਮਾਰ ਵਧੀ ਹੈ। ਬੱਚੇ ਵੀ ਸਾਰਿਆਂ ਨੂੰ ਮਿਲ ਰਹੇ ਹਨ। ਉਹ ਲੋਕਾਂ ਨੂੰ ਇਸ਼ਤਿਹਾਰ ਤੇ ਪ੍ਰਚਾਰ ਦੇ ਹੋਰ ਸੋਮਿਆਂ ਰਾਹੀਂ ਅਜਿਹੇ ਸਬਜ਼-ਬਾਗ ਦਿਖਾਉਂਦੇ ਹਨ। ਆਪੇ ਨੂੰ ਅੰਗਰੇਜ਼ੀ ਸਿਖਾਉਣ ਦੇ ਮੰਨੇ-ਪ੍ਰਮੰਨੇ ਮਾਹਿਰ ਸਿੱਧ ਕਰਦੇ ਹਨ। ਬੱਚੇ ਦੇ ਪਾਸ ਹੋਣ ਦੀ ਜ਼ਾਮਨੀ ਭਰਦੇ ਹਨ। ਇਸ ਰੋਲ-ਘਚੋਲੇ ਵਿਚ ਲੋਕਾਂ ਵਾਸਤੇ ਸਕੂਲ ਦੀ ਚੋਣ ਕਰਨੀ ਮੁਸ਼ਕਲ ਹੋਈ ਪਈ ਹੈ। ਮਾਪੇ ਵੀ ਬੱਚਿਆਂ ਨੂੰ ਰਾਤੋ-ਰਾਤ ਅੰਗਰੇਜ਼ ਬਣਿਆ ਵੇਖਣਾ ਚਾਹੁੰਦੇ ਹਨ। ਉਹ ਉਨ੍ਹਾਂ ਸਕੂਲਾਂ ਨੂੰ ਪਹਿਲ ਦਿੰਦੇ ਹਨ, ਜਿਨ੍ਹਾਂ ਬਾਰੇ ਵੱਧ ਤੋਂ ਵੱਧ ਅੰਗਰੇਜ਼ੀ ਪੜ੍ਹਾਉਣ ਦੀ ਚਰਚਾ ਹੋਵੇ।

ਵਿਦੇਸ਼ਾਂ ਵਿੱਚ ਰੋਜ਼ਗਾਰ ਪ੍ਰਾਪਤ ਕਰਨ ਲਈ ਅੰਗਰੇਜ਼ੀ ਨੂੰ ਵੱਡੀ ਮਦਦਗਾਰ ਮੰਨਿਆ ਜਾ ਰਿਹੈ। ਆਮ ਮਿੱਥ ਬਣੀ ਹੋਈ ਆ। ਅਨੇਕਾਂ ਦੇਸ਼ਾਂ, ਜਿਵੇਂ ਸਪੇਨ, ਬੈਲਜੀਅਮ, ਇਟਲੀ, ਨਾਰਵੇ ਆਦਿ ਬਹੁਤ ਵਿਚ ਅੰਗਰੇਜ਼ੀ ਨਹੀਂ ਬੋਲੀ ਜਾਂਦੀ। ਇਹ ਦੇਸ਼ ਉ¤ਚ-ਪੱਧਰ ਦੀ ਤਕਨੀਕੀ ਸਿੱਖਿਆ ਵੀ ਆਪਣੀ ਬੋਲੀ ’ਚ ਮੁਹੱਈਆ ਕਰਦੇ ਹਨ।

ਕਿਸੇ ਬੋਲੀ ਦੇ ਵਧਣ-ਫੁੱਲਣ ਤੇ ਮੌਲਣ ਵਾਸਤੇ ਸਾਹਿਤ ਦਾ ਵੱਡਾ ਯੋਗਦਾਨ ਹੁੰਦਾ ਹੈ। ਜਿਸ ਬੋਲੀ ਦਾ ਸਾਹਿਤ ਆਮ ਆਦਮੀ ਦੀ ਸਮਝ ਤੋਂ ਬਾਹਰ ਹੋਵੇ, ਉਸ ਦੇ ਉਦੇਸ਼ ਅਤੇ ਬਰੀਕੀਆਂ ਦੀ ਅਸਲੀਅਤ ਸਮਝ ਨਾ ਆਵੇ, ਉਹ ਲੋਕਾਂ ਵਿਚ ਮਕਬੂਲ ਕਿਵੇਂ ਹੋ ਸਕਦੈ? ਲੋਕਾਂ ਦੀ ਬੋਲੀ ਅਤੇ ਠੇਠ ਮੁਹਾਵਰੇ ਵਿਚ ਰਚਿਆ ਸਾਹਿਤ ਹੀ ਪ੍ਰਵਾਨ ਚੜਨਾ ਹੁੰਦਾ ਹੈ।

ਜਦੋਂ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਪੰਜਾਬੀ ਦੇ ਪਹਿਲੇ ਸਮੈਸਟਰ ਦਾ ਵਿਦਿਆਰਥੀ ਸਾਂ, ਸਾਡੇ ਉਸਤਾਦ ਪੰਜਾਬੀ ਬੋਲੀ ਵਿਚ ਭਾਸ਼ਣ ਦੇ ਕੇ ਜਾਂਦੇ। ਸਾਨੂੰ ਕੱਖ ਸਮਝ ਨਾ ਪੈਂਦੀ। ਚਾਰ-ਪੰਜ ਮਹੀਨੇ ਬੜਾ ਪਰੇਸ਼ਾਨ ਹੋਏ। ਪੰਡ ਸਾਰੀ ਹਿੰਦੀ ਤੇ ਸੰਸਕ੍ਰਿਤ ਦੇ ਸ਼ਬਦਾਂ ਦੀ ਸਿੱਖਣੀ ਪਈ। ਵੱਡੇ ਅੰਚਭੇ ਵਾਲੀ ਗੱਲ ! ਪੰਜਾਬੀ ਦੇ ਕਰੀਬ 80 ਫੀਸਦੀ ਡਾਕਟਰਾਂ ਨੇ ਆਪਣੇ ਪੀ.ਐਚ.ਡੀ. ਦੇ ਥੀਸਿਸ ਏਨੀ ਔਖੀ ਭਾਸ਼ਾ ਵਿਚ ਲਿਖੇ ਹਨ, ਜੋ ਆਮ ਵਿਦਿਆਰਥੀ ਦੀ ਸਮਝ ਵਿਚ ਨਹੀਂ ਆਉਂਦੇ। ਉਨ੍ਹਾਂ ਨੂੰ ਸੌਖੀ ਭਾਸ਼ਾ ਵਿਚ ਵੀ ਲਿਖਿਆ ਜਾ ਸਕਦਾ ਸੀ। ਇਹ ਬੁੱਧੀਜੀਵੀ ਡਾਕਟਰ ਤੇ ਪ੍ਰੋਫੈਸਰ ਜਾਣਬੁੱਝ ਕੇ ਔਖੀ ਤੇ ਗੁੰਝਲਦਾਰ ਬੋਲੀ ਵਿਚ ਵਿਸ਼ੇ ਨੂੰ ਉਲਝਾ ਕੇ ਪੇਸ਼ ਕਰਨ ਵਿਚ ਮਾਣ ਮਹਿਸੂਸ ਕਰਦੇ ਹਨ।
ਅਜਿਹੀ ਹਾਲਤ ਹੀ ਅਜੋਕੇ ਸਾਹਿਤਕਾਰਾਂ ਦੀ ਬਣੀ ਹੋਈ ਹੈ। ਉਹ ਹਕੀਕਤ ਤੇ ਪਾਤਰਾਂ ਦੀ ਮਨੋਵਿਗਿਆਨਕ ਹਾਲਤ ਨੂੰ ਅਜਿਹੀ ਬੋਲੀ ਦੀ ਪੁੱਠ ਚਾੜ੍ਹਦੇ ਹਨ ਕਿ ਵਾਰ-ਵਾਰ ਪੜ੍ਹਨ ’ਤੇ ਵੀ ਪਾਠਕਾਂ ਦੇ ਪੱਲੇ ਕੁਛ ਨਹੀਂ ਪੈਂਦਾ। ਪਾਠਕਾਂ ਦੀ ਘੱਟ ਗਿਣਤੀ ਦਾ ਇਹ ਮਤਲਬ ਨਹੀਂ ਕਿ ਬੋਲੀ ਖ਼ਤਮ ਹੋ ਰਹੀ ਹੈ। ਪੰਜਾਬੀ ਪਾਠਕਾਂ ਦੀ ਏਨੀ ਵੀ ਘਾਟ ਨਹੀਂ। ਪਰ ਪਾਠਕਾਂ ਨੂੰ ਉਸ ਪੱਧਰ ਜਾਂ ਕਿਸਮ ਦਾ ਸਾਹਿਤ ਨਹੀਂ ਮਿਲ ਰਿਹਾ, ਜਿਸ ਨੂੰ ਪੜ੍ਹ ਕੇ ਉਹ ਕੁਝ ਸਿੱਖਣ, ਉਤਸ਼ਾਹਿਤ ਹੋਣ ਜਾਂ ਰੂਹ ਤ੍ਰਿਪਤ ਹੋਵੇ। ਔਖੇ ਤੇ ਅਸਪਸ਼ਟ ਲੇਖਕਾਂ ਕਾਰਨ ਸਾਹਿਤ ਤੋਂ ਲੋਕਾਂ ਦਾ ਦੂਰ ਹੋਣਾ ਸੁਭਾਵਕ ਗੱਲ ਹੈ। ਇਹ ਰੁਝਾਨ ਬੋਲੀ ਦੇ ਪ੍ਰਫੁਲਤ ਹੋਣ ਵਿੱਚ ਵੱਡੀ ਰੁਕਾਵਟ ਬਣਦਾ ਹੈ। ਪੰਜਾਬੀ ਬੋਲੀ ਦੇ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਸਿੱਖ ਗੁਰੂਆਂ, ਕਿੱਸਾਕਾਰਾਂ ਤੇ ਸੂਫੀ ਸਾਧਾਂ-ਸੰਤਾਂ ਦੀਆਂ ਲੋਕ ਬੋਲੀ ਵਿਚ ਰਚੀਆਂ ਪ੍ਰਭਾਵਸ਼ਾਲੀ ਕਿਰਤਾਂ ਰਾਹੀਂ ਪੰਜਾਬੀ ਬੋਲੀ ਦਾ ਵਿਕਾਸ ਸਾਫ਼ ਨਜ਼ਰ ਆਉਂਦਾ ਹੈ।

ਕਿਸੇ ਬੋਲੀ ਦੀ ਤਰੱਕੀ ਤੇ ਵਿਕਾਸ ਵਿਚ ਕਿਤਾਬਘਰਾਂ (ਲਾਇਬ੍ਰੇਰੀਆਂ) ਦਾ ਅਹਿਮ ਯੋਗਦਾਨ ਹੁੰਦਾ ਹੈ। ਸਾਡੀ ਬਦ-ਕਿਸਮਤੀ ਨੂੰ, ਪੰਜਾਬ ਇਨ੍ਹਾਂ ਤੋਂ ਸੱਖਣਾ ਹੈ। ਸਾਡੀ ਧਾਰਨਾ ਬਣੀ ਹੋਈ ਹੈ ਕਿ ਪੰਜਾਬੀ ਲੋਕ ਬਹੁਤ ਘੱਟ ਪੜ੍ਹਦੇ ਹਨ। ਪਰ ਸਾਹਮਣੇ ਕੋਈ ਚੀਜ਼ ਉਪਲਬਧ ਹੋਵੇ, ਵਰਤਣ ਵਾਲੇ ਵੀ ਪੈਦਾ ਹੋ ਜਾਂਦੇ ਹਨ। ਜੇਕਰ ਪਿੰਡਾਂ ਦੇ ਕਿਤਾਬਘਰਾਂ ਵਿਚ ਕਿਤਾਬਾਂ ਹੋਣਗੀਆਂ, ਤਾਂ ਲੋਕ ਪੜ੍ਹਨ ਦੀ ਵੀ ਕੋਸ਼ਿਸ਼ ਕਰਨਗੇ। ਸ਼ੌਕ ਵੀ ਪੈਦਾ ਹੋਊ। ਕਿਤਾਬਾਂ ਖਰੀਦਣ ਵਾਲੇ ਬਹੁਤ ਘੱਟ ਹਨ। ਕੀਮਤਾਂ ਹੱਦੋਂ ਵੱਧ ਹਨ। ਪੰਜਾਬੀ ਲੋਕ ਦੋ ਰੁਪਏ ਦੀ ਅਖ਼ਬਾਰ ਲੈਣੋਂ ਝਿਜਕਦੇ ਹਨ। ਜੇਕਰ ਲੋਕ ਮੁਹਾਣ ਪੰਜਾਬੀ ਬੋਲੀ ਵੱਲ ਮੋੜਨਾ ਹੈ, ਭਵਿੱਖ ਵਿਚ ਇਸ ਨੂੰ ਹੋਰ ਵਿਸ਼ਾਲ ਰੂਪ ਦੇਣਾ ਹੈ, ਤਾਂ ਪਿੰਡਾਂ ਵਿਚ ਕਿਤਾਬਘਰਾਂ ਦੀ ਹੋਂਦ ਨੂੰ ਲਾਜ਼ਮੀ ਬਣਾਉਣਾ ਜ਼ਰੂਰੀ ਹੈ।

ਮਾਂ ਦੇ ਦੁੱਧ ’ਚੋਂ ਸਿੱਖੀ ਬੋਲੀ ਨੂੰ ਪਿਆਰਨਾ ਅਤੇ ਸਤਿਕਾਰਨ ਹਰ ਸੱਚੇ ਮਨੁੱਖ ਦਾ ਧਾਰਮ ਹੈ। ਦੁਨੀਆ ਦੇ ਸਮੁੱਚੇ ਭਾਸ਼ਾ ਵਿਗਿਆਨੀਆਂ ਦਾ ਸਾਂਝਾ ਮੱਤ ਹੈ ਕਿ ਮਨੁੱਖ ਸਭ ਤੋਂ ਵਧੇਰੇ ਗਿਆਨ ਆਪਣੀ ਮਾਂ-ਬੋਲੀ ਰਾਹੀਂ ਹੀ ਹਾਸਲ ਕਰ ਸਕਦਾ ਹੈ। ਪੰਜਾਬੀ ਪ੍ਰਤੀ ਪੰਜਾਬੀਆਂ ਦੀ ਬੇਗਾਨਗੀ ਨੂੰ ਰੋਜ਼ਾਨਾ ਜੀਵਨ ਵਿਚ ਸਪਸ਼ਟ ਵੇਖਿਆ ਜਾ ਸਕਦਾ ਹੈ। ਸਵੇਰ ਤੋਂ ਲੈ ਕੇ ਸ਼ਾਮ ਤਕ ਮਾਪਿਆਂ ਵੱਲੋਂ ਪੂਰਾ ਟਿੱਲ ਲਾਇਆ ਜਾਂਦਾ ਹੈ, ਬੱਚਿਆਂ ਨੂੰ ਅੰਗਰੇਜ਼ੀ ਦੇ ਸ਼ਬਦ ਸਿਖਾਉਣ ਲਈ। ਆਪਣੇ ਬੱਚੇ ਦੀ ਲਿਆਕਤ, ਦੂਜਿਆਂ ਸਾਹਮਣੇ ਦਿਖਾਵਾ ਕਰਨ ਲਈ ਮਾਪੇ ਬੱਚੇ ਨੂੰ ਅੰਗਰੇਜ਼ੀ ਦੀ ਪੋਇਮ (ਕਵਿਤਾ) ਸੁਣਾਉਣ ਲਈ ਹੀ ਆਖਦੇ ਹਨ। ਸਮੁੱਚੇ ਸਮਾਜਕ ਰਿਸ਼ਤਿਆਂ ਦੇ ਨਾਮ ਅੰਗਰੇਜ਼ੀ ਵਿਚ ਰਟਾਏ ਜਾਂਦੇ ਹਨ। ਮੇਰਾ ਇਕ ਦੋਸਤ ਰੋਜ਼ਾਨਾ ਅੰਗਰੇਜ਼ੀ ਦੀ ਅਖ਼ਬਾਰ ਲਿਆ ਕਰੇ। ਮੈਂ ਆਖਿਆ-ਪੰਜਾਬੀ ਲੈ ਲਿਆ ਕਰ, ਅੰਗਰੇਜ਼ੀ ਤਾਂ ਤੈਨੂੰ ਆਉਂਦੀ ਨਹੀਂ। ਕਹਿੰਦਾ-ਹੱਥ ’ਚ ਅੰਗਰੇਜ਼ੀ ਅਖ਼ਬਾਰ ਹੋਵੇ, ਤਾਂ ਲੋਕਾਂ ’ਤੇ ਚੰਗਾ ਅਸਰ ਪੈਂਦਾ ਹੈ !

ਕੋਈ ਵੀ ਬੋਲੀ ਸਿੱਖਣੀ ਮਾੜੀ ਗੱਲ ਨਹੀਂ ਹੈ। ਪਰ ਆਪਣੀ ਮਾਂ-ਬੋਲੀ ਨੂੰ ਪਛਾੜ ਕੇ, ਨਖਿੱਧ ਸਮਝ ਕੇ, ਕਿਸੇ ਹੋਰ ਬੋਲੀ ਵੱਲ ਰੁਚਿਤ ਹੋਣਾ, ਆਪਣੀ ਮਾਂ ਨਾਲ ਧੋਖਾ ਕਰਨ ਵਾਂਗ ਹੈ। ਇਹ ਗੈਰ-ਕੁਦਰਤੀ ਵਰਤਾਰਾ ਹੈ। ਸਾਨੂੰ ਮਾਣ ਹੋਣਾ ਚਾਹੀਦਾ ਹੈ। ਸਾਡੀ ਪੰਜਾਬੀ ਬੜੀ ਲਚਕਦਾਰ ਭਾਸ਼ਾ ਹੈ। ਬੇਸ਼ੁਮਾਰ ਅੰਗਰੇਜ਼ੀ, ਹਿੰਦੀ, ਸੰਸਕ੍ਰਿਤ, ਉਰਦੂ ਤੇ ਹੋਰ ਭਾਸ਼ਾਵਾਂ ਦੇ ਸ਼ਬਦ ਹੁਣ ਓਪਰੇ ਲਗਦੇ ਹਨ।

ਪ੍ਰਾਇਮਰੀ ਤਕ ਦੀ ਵਿੱਦਿਆ ਪੰਜਾਬੀ ਬੋਲੀ ਦੇ ਵਿਕਾਸ ਵਾਸਤੇ ਅਹਿਮ ਨੁਕਤਾ ਹੈ। ਫੌਰੀ ਸੁਧਾਰ ਕਰਨਾ ਸਮੇਂ ਦੀ ਅਹਿਮ ਤੇ ਪ੍ਰਮੁੱਖ ਲੋੜ ਹੈ। ਹੈਰਾਨੀ ਤੇ ਅਫਸੋਸ ਹੁੰਦਾ ਹੈ ਕਿ ਨੌਵੀਂ, ਦਸਵੀਂ ਦੇ ਵਿਦਿਆਰਥੀਆਂ ਨੂੰ ਆਪਣੇ ਨਾਮ ਤਕ ਠੀਕ ਤਰ੍ਹਾਂ ਨਹੀਂ ਲਿਖਣੇ ਆਉਂਦੇ। ਪੰਜਾਬੀ ਪੜ੍ਹਨੀ ਤਾਂ ਦੂਰ ਦੀ ਗੱਲ ਹੈ। ਮੈਂ ਦਰਜਨਾਂ ਅਜਿਹੇ ਵਿਦਿਆਰਥੀਆਂ ਨੂੰ ਜਾਣਦਾ ਹਾਂ, ਜਿਨ੍ਹਾਂ ਨੂੰ ਪੰਜਵੀਂ ਤਕ ਨਾ ਪੈਂਤੀ ਅੱਖਰੀ ਲਿਖਣੀ ਆਉਂਦੀ ਸੀ, ਨਾ ਪੜ੍ਹਨੀ। ਇਸ ਸਮੇਂ ਉਹ ਅੰਗਰੇਜ਼ੀ ਸਕੂਲਾਂ ਦੀਆਂ ਵੱਡੀਆਂ ਜਮਾਤਾਂ ਵਿਚ ਚੰਗੇ ਨੰਬਰ ਲੈ ਰਹੇ ਹਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਨਿਰਮਲ ਸਿੰਘ ਕਾਹਲੋਂ ਦਾ ਵਿਧਾਇਕਾਂ ਵੱਲੋਂ ਪੰਜਾਬੀ ਬੋਲੀ ਦੀ ਕੀਤੀ ਜਾਂਦੀ ਦੁਰਦਸ਼ਾ ਬਾਰੇ ਦਿੱਤਾ ਬਿਆਨ ਇਸੇ ਨੁਕਤੇ ’ਤੇ ਕੇਂਦਰਿਤ ਹੈ ਕਿ ਪੰਜਾਬੀ ਬੋਲੀ ਵੱਲੋਂ ਸਾਡੇ ਪੜ੍ਹੇ-ਲਿਖੇ ਲੋਕ ਕਿੰਨੇ ਅਵੇਸਲੇ, ਲਾ-ਪਰਵਾਹ ਤੇ ਗੈਰ-ਜ਼ਿੰਮੇਵਾਰ ਹਨ।

ਫੋਕੇ ਬਿਆਨਾਂ ਜਾਂ ਰੌਲਾ-ਪਾਇਆਂ ਕੁਝ ਨਹੀਂ ਸਵਰਨਾ। ਠੋਸ ਤੇ ਪਰਪੱਕ ਯਤਨ ਹੋਣੇ ਚਾਹੀਦੇ ਹਨ। ਜੇਕਰ ਮਾਪੇ ਸਕੂਲਾਂ ਵਿਚ ਜਾ ਕੇ ਆਪਣੇ ਬੱਚਿਆਂ ਦੀ ਪੜ੍ਹਾਈ ਬਾਰੇ ਪੜਤਾਲ ਕਰਦੇ ਰਹਿਣ, ਸਕੂਲਾਂ ਦੇ ਮਾਹੌਲ ਤੇ ਅਧਿਆਪਕਾਂ ਦੀ ਲਿਆਕਤ ਤੇ ਮਿਹਨਤ ’ਤੇ ਨਜ਼ਰ ਰੱਖਣ, ਪ੍ਰਾਇਮਰੀ ਤਕ ਦੀ ਵਿਦਿਆ ਨੂੰ ਗੰਭੀਰਤਾ ਨਾਲ ਲਿਆ ਜਾਵੇ, ਤਾਂ ਮਾਂ-ਬੋਲੀ ਪੰਜਾਬੀ ਦੇ ਭਵਿੱਖ ਦਾ ਮਸਲਾ ਆਪਣੇ ਆਪ ਹੀ ਹੱਲ ਹੋ ਜਾਵੇਗਾ।