

ਨਵੀਂਆਂ ਪ੍ਰਕਾਸ਼ਿਤ ਪੁਸਤਕਾਂ
- ਇੰਡੀਆ ਅਵੇਅਰਨੈੱਸ ਬਿਉਰੋ -
ਬੇਗਾਨੀ ਧੀ, ਪਰਾਇਆ ਧਨ
ਪੰਥਕ ਸਫ਼ਾਂ ਵਿੱਚ ਪ੍ਰੋ: ਇੰਦਰ ਸਿੰਘ ਘੱਗਾ ਦਾ ਨਾਂ ਕਿਸੇ ਪਛਾਣ
ਦਾ ਮੁਥਾਜ ਨਹੀਂ। ਕਈ ਸਾਲਾਂ ਤੋਂ ਆਪਣੇ ਬੇਬਾਕ ਲੇਖਾਂ, ਪੁਸਤਕਾਂ ਅਤੇ ਆਡੀਓ ਲੈਕਚਰਾਂ ਕਾਰਨ
ਪ੍ਰੋ: ਇੰਦਰ ਸਿੰਘ ਘੱਗਾ ਜਿਥੇ ਜਾਗਰੁਕ ਧਿਰਾਂ ਵਿਚ ਇਕ ਹਰਮਨ-ਪਿਆਰੇ ਪ੍ਰਚਾਰਕ ਵਜੋਂ ਉਭਰੇ ਹਨ,
ਉਥੇ ਹੀ ਪੁਜਾਰੀਆਂ ਤੇ ਬ੍ਰਾਹਮਣਵਾਦੀ ਮਾਨਸਿਕਤਾ ਵਾਲੇ ਸਿੱਖਾਂ ਦੀਆਂ ਅੱਖਾਂ ਵਿੱਚ ਰੋੜੇ ਵਾਂਗ ਵੀ
ਚੁਭਣ ਲੱਗ ਪਏ ਹਨ। ਪਰ ਪ੍ਰੋ: ਘੱਗਾ ਵੱਲੋਂ ਆਪਣੀ ਪ੍ਰਚਾਰ ਮੁਹਿੰਮ ਬੇਖੌਫ਼ ਜਾਰੀ ਹੈ।
ਇਸੇ ਕੜੀ ਵਿਚ ਪ੍ਰੋ: ਘੱਗਾ ਨੇ ਆਪਣੀ ਨਵੀਂ ਪੁਸਤਕ ‘‘ਬੇਗਾਨੀ ਧੀ, ਪਰਾਇਆ ਧਨ...?’’ ਪਾਠਕਾਂ ਦੀ ਨਜ਼ਰ ਪੇਸ਼ ਕੀਤੀ ਹੈ। ਕਿਤਾਬ ਦੇ ਸਿਰਲੇਖ ਤੋਂ ਸਪਸ਼ਟ ਹੈ ਕਿ ਪੁਸਤਕ ਵਿਚ ਔਰਤਾਂ ਦੀ ਸਮਾਜਕ-ਧਾਰਮਕ ਸਥਿਤੀ ਅਤੇ ਮਰਦਾਂ ਵੱਲੋਂ ਔਰਤਾਂ ਨਾਲ ਕੀਤੇ ਜਾਂਦੇ ਪੱਖਪਾਤ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਸ਼ਹਿਰੀ ਪਾਠਕਾਂ ਵਾਸਤੇ ਇਹ ਵਿਸ਼ਾ ਬਹੁਤ ਪੁਰਾਣਾ ਅਤੇ ਆਮ ਜਿਹਾ ਪ੍ਰਤੀਤ ਹੋ ਸਕਦਾ ਹੈ ਕਿਉਂਕਿ ਸ਼ਹਿਰਾਂ ਵਿਚ ਅਕਸਰ ਕਾਲਜਾਂ-ਯੂਨੀਵਰਸਿਟੀਆਂ ਵਿਚ ਇਸ ਵਿਸ਼ੇ ’ਤੇ ਵਰਕਸ਼ਾਪਾਂ/ਸੈਮੀਨਾਰ ਆਦਿਕ ਹੁੰਦੇ ਰਹਿੰਦੇ ਹਨ। ਖ਼ਾਸ-ਖ਼ਾਸ ਮੌਕਿਆਂ ’ਤੇ ਸਿੱਖ ਸੰਸਥਾਵਾਂ ਵੱਲੋਂ ਕਰਵਾਏ ਜਾਂਦੇ ਪ੍ਰੋਗਰਾਮਾਂ ਵਿੱਚ ਵੀ ਕੂਕ-ਕੂਕ ਕੇ ‘‘ਸੋ ਕਿਉ ਮੰਦਾ ਆਖੀਐ’’ ਦਾ ਹਵਾਲਾ ਦੇ ਕੇ ਦਾਅਵਾ ਕੀਤਾ ਜਾਂਦਾ ਹੈ ਕਿ ਸਿੱਖ ਧਰਮ ਵਿਚ ਇਸਤ੍ਰੀ ਨੂੰ ਬਰਾਬਰੀ ਦਾ ਦਰਜਾ ਪ੍ਰਾਪਤ ਹੈ। ਪਰ ਅਸਲ ਜ਼ਿੰਦਗੀ ਵਿਚ ਕਿਸੇ ਵੀ ਧਰਮ/ਬਿਰਾਦਰੀ ਵਿਚ ਇਸਤ੍ਰੀ ਨੂੰ ਮਰਦ ਦੇ ਬਰਾਬਰ ਨਹੀਂ ਸਮਝਿਆ ਜਾਂਦਾ।
ਔਰਤ ਨੂੰ ਬਰਾਬਰੀ ਦੇ ਹੱਕ ਦੇਣ ਦੀ ਵਕਾਲਤ ਕਰਦੀਆਂ ਪੁਸਤਕਾਂ/ਲੈਕਚਰਾਂ ਵਿਚ ਮਰਦ ਨੂੰ ਇਕ ਰਾਖਸ਼ ਦੀ ਤਰ੍ਹਾਂ ਪੇਸ਼ ਕਰਕੇ ਔਰਤ ਨੂੰ ਬਿਲਕੁਲ ਮਜ਼ਲੂਮ ਤੇ ਲਾਚਾਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਪਰ ਪ੍ਰੋ: ਘੱਗਾ ਨੇ ਇਕ-ਪਾਸੜ ਸੋਚ ਦਾ ਪ੍ਰਦਰਸ਼ਨ ਕਰਕੇ ਔਰਤਾਂ ਦੀ ਅਜਿਹੀ ਸਥਿਤੀ ਲਈ ਸਿਰਫ਼ ਮਰਦਾਂ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ, ਉਨ੍ਹਾਂ ਸਮਾਜਕ ਤੇ ਕਥਿਤ ਸਭਿਆਚਾਰਕ ਕਾਰਨਾਂ ਦਾ ਵੀ ਵਿਸ਼ਲੇਸ਼ਣ ਕੀਤਾ ਹੈ, ਜਿਨ੍ਹਾਂ ਕਰਕੇ ਔਰਤ ਖ਼ੁਦ ਹੀ ਆਪਣੇ ਆਪ ਨੂੰ ਮਰਦ ’ਤੇ ਨਿਰਭਰ, ਬਲਕਿ ਸੰਭੋਗ ਕੀਤੇ ਜਾਣ ਮਾਤਰ ਤੱਕ ਸੀਮਤ ਸਮਝ ਲੈਂਦੀ ਹੈ। ਪ੍ਰੋ: ਘੱਗਾ ਨੇ ਜਿਥੇ ਮਰਦਾਂ ਵੱਲੋਂ ਕਾਮ-ਵਾਸਨਾ ਅਧੀਨ ਹੋ ਕੇ ਸਕੇ ਰਿਸ਼ਤੇ-ਨਾਤਿਆਂ ਨੂੰ ਕਲੰਕਿਤ ਕਰਨ ਦੀ ਬਿਮਾਰ ਮਾਨਸਿਕਤਾ ਬਾਰੇ ਤੱਥ ਪੇਸ਼ ਕੀਤੇ ਹਨ, ਉਥੇ ਲੜਕੀਆਂ ਵੱਲੋਂ ਫੈਸ਼ਨ ਤੇ ਦਿਖਾਵੇ ਦੀ ਹੋੜ ਵਿਚ ਖ਼ੁਦ ਹੀ ਨੰਗੇਜਵਾਦ ਅਤੇ ਬੇਸ਼ਰਮੀ ਵਾਲਾ ਵਤੀਰਾ ਅਪਣਾ ਲੈਣ ਦੀ ਵਿਕਸਿਤ ਹੋ ਰਹੀ ਪ੍ਰਵਿਤ੍ਰੀ ਬਾਰੇ ਵੀ ਸਟੀਕ ਤੱਥ ਪੇਸ਼ ਕੀਤੇ ਹਨ। ਲੇਖਕ ਨੇ ਨਾ ਸਿਰਫ਼ ਬਲਾਤਕਾਰ, ਸਤੀ ਪ੍ਰਥਾ, ਰੱਖੜੀ, ਕਰਵਾ ਚੌਥ ਆਦਿਕ ਔਰਤ ਦਾ ਸ਼ੋਸ਼ਣ ਕਰਨ ਵਾਲੇ ਰਿਵਾਜਾਂ/ਮਾਨਸਿਕਤਾ ਤੇ ਪਾਠਕਾਂ ਨੂੰ ਟੁੰਬਿਆ ਹੈ ਬਲਕਿ ਘਰੋਂ ਬਾਹਰ ਕੰਮ ਕਰਨ ਵਾਲੀਆਂ ਔਰਤਾਂ ਦੀਆਂ ਮੁਸ਼ਕਲਾਂ, ਵਿਧਵਾ ਜੀਵਨ, ਔਰਤਾਂ ਦੀ ਕਥਿਤ ‘ਅਪਵਿੱਤਰਤਾ’ ਆਦਿਕ ਬਾਰੇ ਸਮਾਜ ਵਿਚ ਪ੍ਰਚਲਿਤ ਪੱਖਪਾਤੀ ਵਿਚਾਰਾਂ ਦਾ ਦਲੀਲ-ਪੂਰਨ ਖੰਡਨ ਕੀਤਾ ਹੈ। ਆਸ ਹੈ ਕਿ ਜਿਥੇ ਔਰਤਾਂ ਇਸ ਪੁਸਤਕ ਨੂੰ ਪੜ੍ਹ ਕੇ ਗੁਲਾਮ ਮਾਨਸਿਕਤਾ ਤਿਆਗਣ ਲਈ ਪ੍ਰੇਰਿਤ ਹੋਣਗੀਆਂ, ਉਥੇ ਮਰਦ ਵੀ ਔਰਤਾਂ ਬਾਰੇ ਗਲਤ ਧਾਰਨਾਵਾਂ ਨੂੰ ਤਿਆਗ ਸਕਣਗੇ।
ਪੁਸਤਕ ਦਾ ਮੁੱਲ 140 ਰੁਪਏ ਹੈ ਅਤੇ ਇਸ ਨੂੰ ਪ੍ਰਾਪਤ ਕਰਨ ਦਾ ਪਤਾ ਹੈ :
ਫਤਿਹ ਪਬਲਿਕੇਸ਼ਨਜ਼
90, ਵਿਦਿਆ ਨਗਰ, ਨੇੜੇ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਜਾਬ. ਫੋਨ : 9855151699
ਡਿਵਾਈਨ ਵੈਲਯੂਜ਼ (ਅੰਗਰੇਜ਼ੀ)
ਸਿੱਖ ਪ੍ਰਚਾਰਕਾਂ/ਵਿਦਵਾਨਾਂ ਵੱਲੋਂ ਅਕਸਰ ਇਸ ਗੱਲ ’ਤੇ ਚਿੰਤਾ ਜਤਾਈ ਜਾਂਦੀ ਹੈ ਕਿ ਸਿੱਖਾਂ
ਦੇ ਨੌਜੁਆਨਾਂ ਨੂੰ ਆਪਣੇ ਧਰਮ ਦੇ ਸਿਧਾਂਤਾਂ, ਇਤਿਹਾਸ ਤੇ ਵਿਰਾਸਤ ਬਾਰੇ ਕੋਈ ਜਾਣਕਾਰੀ ਨਹੀਂ।
ਇਸਲਈ ਕਈ ਲਿਖਾਰੀ ਬੱਚਿਆਂ ਨੂੰ ਸਿੱਖੀ ਬਾਰੇ ਜਾਣਕਾਰੀ ਦੇਣ ਦੇ ਮਕਸਦ ਨਾਲ ਪੁਸਤਕਾਂ ਪ੍ਰਕਾਸ਼ਿਤ ਕਰ
ਰਹੇ ਹਨ। ਮਸੂਰੀ ਦੇ ਗੁਰੂ ਨਾਨਕ ਫਿਫਥ ਸੈਂਟੇਨਰੀ ਸਕੂਲ ਦੇ ਡਿਵਨਿਟੀ ਵਿਭਾਗ ਦੇ ਮੁਖੀ ਗਿ:
ਗੁਰਵੇਲ ਸਿੰਘ ਨੇ ਵੀ ਇਸ ਦਿਸ਼ਾ ਵਿਚ ਇਕ ਕਦਮ ਪੁੱਟਣ ਦੀ ਕੋਸ਼ਿਸ਼ ਕੀਤੀ ਹੈ। ਮੌਜੂਦਾ ਸਮੇਂ ਵਿਚ
ਜ਼ਿਆਦਾਤਰ ਵਿਦਿਆਰਥੀਆਂ ਵੱਲੋਂ ਅੰਗਰੇਜ਼ੀ ਮਾਧਿਅਮ ਵਿੱਚ ਸਿੱਖਿਆ ਪ੍ਰਾਪਤ ਕਰਨ ਕਰਕੇ ਉਨ੍ਹਾਂ ਨੇ
ਅੰਗਰੇਜ਼ੀ ਵਿਚ ਉਕਤ ਪੁਸਤਕ ਲਿਖੀ ਹੈ। ਪਰ ਨਵੀਂ ਪ੍ਰਕਾਸ਼ਿਤ ਹੋਣ ਦੇ ਬਾਵਜੂਦ ਇਸ ਪੁਸਤਕ ਵਿੱਚ
ਪ੍ਰਚਲਿਤ ਧਾਰਨਾਵਾਂ ਤੋਂ ਹੱਟ ਕੇ ਵਿਗਿਆਨਕ ਢੰਗ ਨਾਲ ਗੁਰਮਤਿ ਦੀ ਜਾਣਕਾਰੀ ਪੇਸ਼ ਕਰਨ ਲਈ ਕੋਈ
ਸਰਗਰਮ ਕਦਮ ਨਹੀਂ ਚੁੱਕਿਆ ਗਿਆ।
ਸਿੱਖ ਫਾਊਂਡੇਸ਼ਨ, ਲਾਜਪਤ ਨਗਰ, ਨਵੀਂ ਦਿੱਲੀ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਦੇ ਅਰੰਭ ਵਿਚ ਉਨ੍ਹਾਂ ਨੇ ਗੁਰਬਾਣੀ ਦੀ ਕੁਝ ਰਚਨਾਵਾਂ ਦੇ ਸਰਲ ਸ਼ਬਦਾਵਲੀ ਵਿੱਚ ਲਫ਼ਜ਼ੀ ਅਰਥ ਪੇਸ਼ ਕੀਤੇ ਹਨ। ਪਰ ਸੋ ਦਰੁ (ਰਹਿਰਾਸ) ਦੇ ਪ੍ਰਚਲਿਤ ਸਰੂਪ (ਵਿਵਾਦਿਤ ਦਸਮ ਗ੍ਰੰਥ ਵਾਲੀਆਂ ਰਚਨਾਵਾਂ ਸਮੇਤ) ਪੇਸ਼ ਕੀਤਾ ਗਿਆ ਹੈ। ਇਸ ਕਰਕੇ ਹੋਰਨਾਂ ਲਿਖਾਰੀਆਂ ਦੀ ਤਰ੍ਹਾਂ ਗਿ: ਗੁਰਵੇਲ ਸਿੰਘ ਨੇ ਵੀ ਇਨ੍ਹਾਂ ਰਚਨਾਵਾਂ ਵਿਚਲੀ ਗੁਰਮਤਿ-ਵਿਰੋਧੀ ਪੰਕਤੀਆਂ ਨੂੰ ਬਦੋਬਦੀ ਗੁਰਮਤਿ-ਪੱਖੀ ਅਰਥ ਦੇਣ (ਜਿਵੇਂ ਕ੍ਰਿਪਾਨ ਨੂੰ ਗਿਆਨ ਦੱਸਣ) ਦੀ ਕੋਸ਼ਿਸ਼ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ‘ਕੀਰਤਨ ਸੋਹਿਲਾ’ ਨਾਂ ਦੀ ਕੋਈ ਬਾਣੀ ਨਹੀਂ (ਬਾਣੀ ਦਾ ਨਾਮ ਸਿਰਫ਼ ਸੋਹਿਲਾ ਹੈ ਅਤੇ ਇਸਦਾ ਕੀਰਤਨ ਵੀ ਪ੍ਰਚਲਿਤ ਨਹੀਂ ਹੈ) ਪਰ ਲੇਖਕ ਨੇ ਪੰਜਾਬੀ ਵਿੱਚ ਇਸ ਨੂੰ ਸੋਹਿਲਾ ਲਿਖਣ ਦੇ ਬਾਵਜੂਦ ਅੰਗਰੇਜ਼ੀ ਵਿਚ ਇਸਦਾ ਸਿਰਲੇਖ ‘ਕੀਰਤਨ ਸੋਹਿਲਾ’ ਹੀ ਲਿਖਿਆ ਹੈ। ਅਰਦਾਸ ਦੀ ਪ੍ਰਚਲਿਤ ਸ਼ਬਦਾਵਲੀ ਦਾ ਰੋਮਨ ਵਿੱਚ ਲਿਪੀਅੰਤਰਨ ਤਾਂ ਪੇਸ਼ ਕੀਤਾ ਗਿਆ ਹੈ ਪਰ ਇਸਦੇ ਅਰਥ/ਭਾਵਾਂ ਬਾਰੇ ਵਿਦਿਆਰਥੀਆਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਗੁਰੂ ਗ੍ਰੰਥ ਸਾਹਿਬ ਬਾਰੇ ਮੁੰਕਮਲ ਜਾਣਕਾਰੀ ਮਾਤਰ 49 ਸੰਖੇਪ ਸਵਾਲਾਂ ਵਿਚ ਹੀ ਖ਼ਤਮ ਕਰ ਦਿੱਤੀ ਗਈ ਹੈ। ਗੁਰੂ ਨਾਨਕ ਸਾਹਿਬ ਨਾਲ ਸਬੰਧਿਤ ਅਧਿਆਏ ਵਿਚ, ਉਨ੍ਹਾਂ ਵੱਲੋਂ ਜਨੇਊ ਪਹਿਣਨ ਤੋਂ ਇਨਕਾਰ ਕਰਨ ਦੀ ਅਤਿ ਮਹੱਤਵਪੂਰਨ ਘਟਨਾ ਬਾਰੇ ਕੋਈ ਸਵਾਲ ਪੇਸ਼ ਨਹੀਂ ਕੀਤਾ ਗਿਆ। ਹੋਰਨਾਂ ਧਰਮਾਂ ਬਾਰੇ ਦਿੱਤੇ ਗਏ ਅਧਿਆਇਆਂ ਵਿਚ ਬਸ ਉਨ੍ਹਾਂ ਧਰਮਾਂ ਬਾਰੇ ਹੀ ਜਾਣਕਾਰੀ ਦਿੱਤੀ ਗਈ ਹੈ, ਸਿੱਖੀ ਦਾ ਇਨ੍ਹਾਂ ਧਰਮਾਂ ਨਾਲ ਤੁਲਨਾਮਕ ਅਧਿਐਨ ਪੇਸ਼ ਨਹੀਂ ਕੀਤਾ ਗਿਆ। ਸੰਪੂਰਨ ਪੁਸਤਕ ਵਿੱਚ ਸਿੱਖੀ ਦੇ ਮੁਢਲੇ ਅਸੂਲਾਂ ਜਿਵੇਂ ਮੂਰਤੀ-ਪੂਜਾ ਦਾ ਤਿਆਗ; ਜਾਤ-ਪਾਤ ਦਾ ਖੰਡਨ; ਤਪ, ਮਾਲਾ ਫੇਰਨਾ, ਸੁੱਚ-ਭਿੱਟ ਕਰਨਾ ਆਦਿਕ ਕਰਮ-ਕਾਂਡਾਂ ਵਿਚ ਵਿਸ਼ਵਾਸ ਨਾ ਕਰਨਾ ਆਦਿਕ ਬਾਰੇ ਵਿਦਿਆਰਥੀਆਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਪੁਸਤਕ ਨੂੰ ਵਿਦਿਆਰਥੀਆਂ ਵਿਚ ਵੰਡੇ ਜਾਣ ਤੋਂ ਪਹਿਲਾਂ ਇਸ ਵਿਚਲੀਆਂ ਉਕਤ ਕਮੀਆਂ ਨੂੰ ਸੋਧ ਕੇ, ਮੁੜ ਤੋਂ ਲਿਖੇ ਜਾਣ ਦੀ ਲੋੜ ਹੈ।