

ਸ਼੍ਰੋਮਣੀ ਕਮੇਟੀ ਦੀਆਂ ਆਪ-ਹੁਦਰੀਆਂ ਕਾਰਵਾਈਆਂ
- ਤੱਤ ਗੁਰਮਤਿ ਪਰਵਾਰ -
ਸ਼੍ਰੋਮਣੀ ਕਮੇਟੀ ਵਲੋਂ ‘ਕਾਲਕਾ ਗ੍ਰੰਥ’ ਨੂੰ ਮਾਨਤਾ ਦਿਵਾਉਣ ਲਈ ਲੁਕਵੇਂ ਢੰਗ ਰਾਹੀਂ ਆਪਣੀ ਮਨ ਮਰਜੀ ਅਨੁਸਾਰ ਰਹਿਤ ਮਰਿਆਦਾ ਵਿੱਚ ਤਬਦੀਲੀ ਕਰਨ ਦਾ ਯਤਨ ਬਹੁਤ ਹੀ ਨਿਦੰਣ ਯੋਗ ਕਾਰਵਾਈ ਹੈ।ਜਿਸਦਾ ਸਬੂਤ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਰਾਂਡੇ ਵਿੱਚ ਜਿਥੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲਿਖਿਆ ਜਾਂਦਾ ਹੈ ਉਸਦੇ ਨਾਲ ਹੀ ਲਗਾਏ ਗਏ ਇੱਕ ਵਿਸ਼ੇਸ਼ ਬੋਰਡ ਉ¤ਤੇ ਲਿਖੇ ਗਏ ਇਹ ਲਫਜ਼ ਹਨ ‘‘ਇਹ ਉਚੇਚਾ ਦਸਣਯੋਗ ਹੈ ਕਿ ਕੀਰਤਨ ਦੌਰਾਨ ਆਦਿ ਸ੍ਰੀ ਗੁਰੁ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਬਾਣੀ, ਸ੍ਰੀ ਦਸਮ ਗ੍ਰੰਥ ਜੀ ਦੀ ਬਾਣੀ, ਵਾਰਾਂ, ਕਬਿੱਤ, ਸਵੱਈਏ ਭਾਈ ਸਾਹਿਬ ਭਾਈ ਗੁਰਦਾਸ ਜੀ ਅਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਦਾ ਹੀ ਕੀਰਤਨ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਹੋ ਸਕਦਾ ਹੈ।’’ ਇਥੇ ਸਪਸ਼ਟ ਦਸਮ ਗ੍ਰੰਥ ਦੀ ‘ਬਾਣੀ’ ਨੂੰ ‘ਪ੍ਰਮਾਣਿਕ’ ਦਰਸਾਉਂਦੇ ਹੋਏ, ਉਸਦਾ ਕੀਰਤਨ ਕਰਨ ਦੀ ਹਿਦਾਇਤ ਹੈ। ਸ਼੍ਰੋਮਣੀ ਵੱਲੋਂ ਆਪ ਛਾਪ ਕੇ ਵੰਡੀ ਜਾ ਰਹੀ ‘ਪੰਥ-ਪ੍ਰਵਾਨਿਤ’ ਰਹਿਤ ਮਰਿਆਦਾ ਵਿਚ ਕਿਧਰੇ ਵੀ ਪੂਰੇ ਦਸਮ ਗ੍ਰੰਥ ਨੂੰ ਪ੍ਰਮਾਣਿਕ (ਦਸ਼ਮੇਸ਼ ਕ੍ਰਿਤ) ਨਹੀਂ ਮੰਨਿਆ ਗਿਆ ਹੈ। ਨਿਤਨੇਮ ਅਤੇ ਅੰਮ੍ਰਿਤ ਸੰਚਾਰ ਵੇਲੇ ਦੀਆਂ ਕੁਝ ਬਾਣੀਆਂ ਬੇਸ਼ਕ ਇਸ ਗ੍ਰੰਥ ਵਿਚੋਂ ਹਨ, ਪਰ ਉਹ ਇਸ ਗ੍ਰੰਥ ਦਾ ਬਹੁਤ ਛੋਟਾ ਜਿਹਾ ਹਿੱਸਾ ਹਨ। ਇਸ ਗ੍ਰੰਥ ਦਾ ਲਗਭਗ ਅੱਧਾ ਹਿੱਸਾ ‘ਤ੍ਰਿਆ ਚਰਿਤ੍ਰ’ ਨਾਮਕ ਰਚਨਾ ਹੈ। ਸ਼੍ਰੋਮਣੀ ਕਮੇਟੀ ਕੋਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਆਪ ਹੀ ਸਪਸ਼ਟ ਕਰ ਚੁੱਕੀ ਹੈ ਕਿ ਇਹ ਤ੍ਰਿਆ ਚਰਿਤ੍ਰ ਦਸ਼ਮੇਸ਼ ਜੀ ਕ੍ਰਿਤ ਨਹੀਂ ਹੈ। ਆਉ ਕਮੇਟੀ ਦੇ ਉਸ ਜਵਾਬ ਨੂੰ ਹੂ-ਬ-ਹੂ ਵਿਚਾਰ ਲੈਂਦੇ ਹਾਂ।

ਸ. ਸੰਤੋਖ ਸਿੰਘ ਜੀ ਚੰਡੀਗੜ੍ਹ ਨੇ ਤ੍ਰਿਆ ਚਰਿੱਤਰ ਦੀ ਪ੍ਰਮਾਣਿਕਤਾ ਬਾਰੇ ਐਸ.ਜੀ.ਪੀ.ਸੀ. ਤੋਂ ਇਕ ਸਵਾਲ ਪੁੱਛਿਆ। ਉਸ ਦਾ ਜਵਾਬ ਐਸ.ਜੀ.ਪੀ.ਸੀ. ਨੇ ਆਪਣੇ ਪੱਤਰ ਨੰ: 36672 ਮਿਤੀ 03-08-1973 ਵਿਚ ਦਿੱਤਾ। ਉਸ ਜਵਾਬ ਦਾ ਹੂ-ਬ-ਹੂ ਉਤਾਰਾ ਹੇਠ ਲਿਖੇ ਅਨੁਸਾਰ ਹੈ:
‘‘ਆਪ ਜੀ ਦੀ ਪੱਤ੍ਰਿਕਾ ਮਿਤੀ 6-3-1973 ਦੇ ਸੰਬੰਧ ਵਿਚ ਸਿੰਘ ਸਾਹਿਬ ਸ੍ਰੀ ਦਰਬਾਰ ਸਾਹਿਬ ਅਤੇ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਜੀ ਦੀ ਰਾਇ ਹੇਠ ਲਿਖੇ ਅਨੁਸਾਰ ਆਪ ਜੀ ਨੂੰ ਭੇਜੀ ਜਾਂਦੀ ਹੈ: ‘ਚਰਿਤ੍ਰੋ ਪਖਯਾਨ’ ਜੋ ਦਸਮ ਗ੍ਰੰਥ ਵਿਚ ਅੰਕਿਤ ਹੈ, ਇਹ ਦਸਮੇਸ਼ ਬਾਣੀ ਨਹੀਂ, ਇਹ ਪੁਰਾਤਨ ਹਿੰਦੂ ਮਿਤਿਹਾਸਕ ਸਾਖੀਆਂ ਦਾ ਉਤਾਰਾ ਹੈ।
ਦਸਤਖ਼ਤ
ਮੀਤ ਸਕੱਤਰ, ਧਰਮ ਪ੍ਰਚਾਰ ਕਮੇਟੀ,
ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ, ਅੰਮ੍ਰਿਤਸਰ
- - - - -
ਸ. ਸੰਤੋਖ ਸਿੰਘ ਜੀ ਨੇ ਇਸ ਸਪਸ਼ਟੀਕਰਨ (ਜਵਾਬ) ਤੋਂ ਬਾਅਦ ਇਕ ਹੋਰ ਸਵਾਲ ‘ਕਬਯੋਬਾਚ ਬੇਨਤੀ ਚੌਪਈ’ ਦੀ ਪ੍ਰਮਾਣਿਕਤਾ (ਗੁਰੂ ਕ੍ਰਿਤ) ਬਾਰੇ ਐਸ.ਜੀ.ਪੀ.ਸੀ. ਨੂੰ ਲਿਖਿਆ। ਇਸ ਸਵਾਲ ਦਾ ਜਵਾਬ ਧਰਮ ਪ੍ਰਚਾਰ ਕਮੇਟੀ ਐਸ.ਜੀ.ਪੀ.ਸੀ. ਨੇ ਆਪਣੇ ਪੱਤਰ 37540/6-2 ਮਿਤੀ 13-10-1973 ਰਾਹੀਂ ਹੇਠ ਲਿਖੇ ਅਨੁਸਾਰ ਦਿੱਤਾ:
‘‘ਆਪ ਜੀ ਦੇ ਕ੍ਰਿਪਾ ਪੱਤਰ 10-9-73 ਦੇ ਸੰਬੰਧ ਵਿਚ ਰੀਸਰਚ ਸਕਾਲਰ
ਸਾਹਿਬ ਸ਼੍ਰੋਮਣੀ ਕਮੇਟੀ ਦੀ ਰਾਇ ਹੇਠ ਲਿਖੇ ਅਨੁਸਾਰ ਹੈ:
‘ਕਬਯੋਬਾਚ ਬੇਨਤੀ ਚੌਪਈ - ਹਮਰੀ ਕਰੋ ਹਾਥ ਦੈ ਰੱਛਾ’ ਦੇ ਸੰਬੰਧ ਵਿਚ ਡਾ. ਰਤਨ ਸਿੰਘ ਜੱਗੀ
ਪੰਜਾਬੀ ਯੁਨੀਵਰਸਿਟੀ ਪਟਿਆਲਾ ਨੇ ਵਧੇਰੇ ਖੋਜ ਕੀਤੀ ਹੈ। ਇਸ ਲਈ ਆਪ ਜੀ ਨੇ ਜੱਗੀ ਹੋਰਾਂ ਨਾਲ
ਤਬਾਦਲਾ ਖਿਆਲ ਕਰ ਲੈਣਾ।’
ਦਸਤਖ਼ਤ
ਮੀਤ ਸਕੱਤਰ, ਧਰਮ ਪ੍ਰਚਾਰ ਕਮੇਟੀ,
ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ, ਅੰਮ੍ਰਿਤਸਰ
- - - - -
ਸਪਸ਼ਟ ਹੈ ਕਿ ਮੌਜੂਦਾ ਸ਼੍ਰੋਮਣੀ ਕਮੇਟੀ ਵਲੋਂ ਬੋਰਡ ਲਗਾ ਕੇ ਦਸਮ ਗ੍ਰੰਥ ਨੂੰ ਪ੍ਰਮਾਣਿਕ ਐਲਾਣਦੇ ਹੋਏ ਇਸ ਦੇ ਕੀਰਤਨ ਨੂੰ ਜ਼ਇਜ਼ ਦਸਣਾ ਜਿਥੇ ਇਕ ਪਾਸੇ ਅਪਣੇ ਵਲੋਂ ਵੰਡੀ ਜਾ ਰਹੀ ‘ਸਿੱਖ ਰਹਿਤ ਮਰਿਯਾਦਾ’ ਦੀ ਖਿਲਾਫਤ ਹੈ, ਦੂਜੀ ਤਰਫ ‘ਤ੍ਰਿਆ ਚਰਿਤ੍ਰ’ ਸੰਬੰਧੀ ਅਪਣੇ ਪੁਰਾਣੇ (ਸਹੀ) ਸਟੈਂਡ ਤੋਂ ਮੁੰਹ ਮੋੜ ਲੈਣ ਦੀ ਸਪਸ਼ਟ ਹਿਮਾਕਤ ਹੈ। ‘ਗੁਰ ਬਿਲਾਸ ਪਾਤਸ਼ਾਹੀ ˆ’ ਦੇ ਪੁਨਰ-ਪ੍ਰਕਾਸ਼ਨ, ਗੂਰੂ-ਨਿੰਦਾ ਭਰਪੂਰ ਪੁਸਤਕ ‘ਸਿੱਖ ਇਤਿਹਾਸ’ ਦਾ ਪ੍ਰਕਾਸ਼ਨ, ਨਾਨਕਸ਼ਾਹੀ ਕੈਲੰਡਰ ਦਾ ਮੁੜ ਤੋਂ ਬ੍ਰਾਹਮਣੀਕਰਨ ਆਦਿਕ ਪੰਥ-ਵਿਰੋਧੀ ਕਾਰਵਾਈਆਂ ਤੋਂ ਬਾਅਦ ਹੁਣ ਪੂਰੇ ਦਸਮ ਗ੍ਰੰਥ ਨੂੰ ਪ੍ਰਮਾਨਿਕਤਾ ਦੇਣ ਰੂਪੀ ਇਸ ਮਾਰੂ ਕਦਮ ਰਾਹੀਂ ਸ਼੍ਰੋਮਣੀ ਕਮੇਟੀ ‘ਤੇ ਕਾਬਜ਼ ਮਹੰਤਾਂ ਨੇ ਇਹ ਸਾਬਿਤ ਕਰ ਦਿਤਾ ਹੈ ਕਿ ਉਹ ਪੂਰੀ ਤਰ੍ਹਾਂ ਪੰਥ-ਵਿਰੋਧੀ ਤਾਕਤਾਂ ਦੇ ਹੱਥਠੋਕੇ ਬਣ ਕੇ ਉਹਨਾਂ ਦੇ ਏਜੰਡੇ ਨੂੰ ਹੀ ਅੱਗੇ ਵਧਾ ਰਹੇ ਹਨ। ਲੋੜ ਹੈ ਕੌਮ ਨੂੰ ਜਾਗ੍ਰਿਤ ਹੋ ਕੇ ਸਮਾਂ ਸੰਭਾਲਣ ਦੀ। ਇਹਨਾਂ ਨਵੇਂ ਮਹੰਤਾਂ ਤੋਂ ਗੁਰਧਾਮ ਆਜ਼ਾਦ ਕਰਵਾਉਣ ਲਈ ਜਾਗਰੂਕ ਪੰਥ ਨੂੰ ਸਿਰ ਜੋੜ ਕੇ ਯਤਨ ਕਰਨ ਦੀ ਲੋੜ ਹੈ। ਜੇ ਹੁਣ ਵੀ ਨੀਂਦਰ ਤੋਂ ਨਾ ਜਾਗੇ ਤਾਂ ਸ਼ਾਇਦ ਫੇਰ ਖੇਤ ਚੁਗੇ ਜਾਣ ਤੋਂ ਬਾਅਦ ਪਛਤਾਉਣ ਦਾ ਕੋਈ ਫਾਇਦਾ ਨਹੀਂ ਜੇ ਹੋਣਾ। ਸ਼੍ਰੋਮਣੀ ਕਮੇਟੀ ਦੀਆਂ ਇਹੋ ਜਿਹੀਆਂ ਆਪਹੁਦਰੀਆਂ ਕਰਵਾਈਆਂ ਨੂੰ ਦੇਖਦੇ ਹੋਏ ਗੁਰੂ ਗ੍ਰੰਥ ਦੇ ਪੰਥ ਨੂੰ ਹਰ ਗੁਰਦੁਆਰੇ ਵਿੱਚ ਵੱਡੇ ਬੋਰਡ ਲਗਾਕੇ ਉਸ ਉਪਰ ਇਹ ਮੱਦ ਅੰਕਿਤ ਕਰ ਦੇਣੀ ਚਾਹੀਦੀ ਹੈ ਕਿ ‘‘ਇਸ ਗੁਰਦੁਆਰੇ ਵਿੱਚ ਕੀਰਤਨ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹੀ ਹੋ ਸਕਦਾ ਹੈ।’’ ਕੀਰਤਨੀਆਂ ਅਤੇ ਪ੍ਰਚਾਰਕਾਂ ਨੂੰ ਪ੍ਰਬੰਧਕਾਂ ਵਲੋਂ ਉਚੇਚੀ ਹਿਦਾਇਤ ਕੀਤੀ ਜਾਵੇ ਤਾਂ ਇਸ ਦੇ ਉਲਟ ਜਾਂਦਿਆਂ ਕਾਲਕਾ (ਦਸਮ) ਗ੍ਰੰਥ ਦੀਆਂ ਰਚਨਾਵਾਂ ਰਾਹੀਂ ਸੰਗਤ ਨੂੰ ਗੁੰਮਰਾਹ ਕਰਨ ਲਈ ਇਨ੍ਹਾਂ ਰਚਨਾਵਾਂ ਨੂੰ ਗੁਰੁ ਗੋਬਿੰਦ ਸਿੰਘ ਜੀ ਦੇ ਨਾਂ ਨਾਲ ਜੋੜਨ ਦਾ ਹੀਆ ਨਾ ਕਰਨ। ਇਸ ਸਮੇਂ ਗੁਰੁ ਗ੍ਰੰਥ ਦੇ ਪੰਥ ਨੂੰ ਕਾਲਕਾ ਪੰਥ ਵਿੱਚ ਜਜ਼ਬ ਹੋਣ ਤੋਂ ਬਚਾਉਣ ਲਈ ਨਿਰਨਾਇਕ ਫੈਸਲੇ ਲਏ ਜਾਣੇ ਬਹੁਤ ਜ਼ਰੂਰੀ ਹਨ।