

ਰੌਲੇ-ਰੱਪੇ ਵਿਚ ਗੁਜ਼ਰ ਗਈ ਇਕ ਹੋਰ ਸ਼ਤਾਬਦੀ
- ਤੱਤ ਗੁਰਮਤਿ ਪਰਵਾਰ -
1969 ਵਿਚ ਸ਼ਾਇਦ ਪਹਿਲੀ ਵਾਰ ਕੌਮ ਵਲੋਂ ਬਾਬਾ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦੀ ਪੰਜਵੀਂ ਸ਼ਤਾਬਦੀ ਮਨਾਈ ਗਈ। ਉਸ ਤੋਂ ਬਾਅਦ ਕੌਮ ਵਲੋਂ ਕਈਂ ਸ਼ਤਾਬਦੀਆਂ ਮਨਾਈਆਂ ਜਾ ਚੁੱਕੀਆਂ ਹਨ। ਪਿਛਲੇ 10 ਕੁ ਸਾਲਾਂ ਵਿਚ ਤਾਂ ਸ਼ਤਾਬਦੀਆਂ ਦਾ ਹੱੜ ਹੀ ਆ ਗਿਆ ਹੈ। ਹਰ ਸਾਲ-ਦੋ ਸਾਲ ਵਿਚ ਕੋਈ ਨਾ ਕੋਈ ਸ਼ਤਾਬਦੀ ਆ ਜਾਂਦੀ ਹੈ। ਵੈਸੇ ਦਿਹਾੜੇ ਜਾਂ ਸ਼ਤਾਬਦੀਆਂ ਮਨਾਉਣ ਵਿਚ ਕੁਝ ਗਲਤ ਵੀ ਨਹੀਂ ਪਰ ਸ਼ਤਾਬਦੀ ਮਨਾਉਣ ਦਾ ਢੰਗ ਐਸਾ ਹੋਣਾ ਚਾਹੀਦਾ ਹੈ, ਜਿਸ ਨਾਲ ਮਨੁੱਖਤਾ ਅਤੇ ਕੌਮ ਦਾ ਕੋਈ ਭਲਾ ਹੁੰਦਾ ਹੋਵੇ। ਪਰ ਅਫਸੋਸ! ਕੌਮ ਵਲੋਂ ਮਨਾਈਆਂ ਜਾਂਦੀਆਂ ਜ਼ਿਆਦਾਤਰ ਸ਼ਤਾਬਦੀਆਂ ਬੋਲੇੜੇ ਵਿਖਾਵੇ ਅਤੇ ਰੌੇਲੇ-ਰੱਪੇ ਵਿਚ ਹੀ ਗੁਜਰ ਜਾਂਦੀਆਂ ਹਨ। ਜਿਸ ਨਾਲ ਮਨੁੱਖਤਾ ਜਾਂ ਕੌਮ ਨੂੰ ਕੋਈ ਲਾਭ ਹੋ ਸਕਦਾ ਹੋਵੇ ਐਸਾ ਨਹੀਂ ਲਗਦਾ। ਅੱਜ ਕਲ ਸ਼ਤਾਬਦੀ ਮੌਕੇ ਇਕ ਮਾਰਚ (ਯਾਤਰਾ) ਕੱਢਣ ਦੀ ਭੇਡਚਾਲ ਸ਼ੁਰੂ ਹੋ ਗਈ ਹੈ। ‘ਗੁਰੂ ਗ੍ਰੰਥ ਸਾਹਿਬ ਜੀ’ ਦੇ 300 ਸਾਲਾਂ ‘ਗੁਰਗੱਦੀ ਪੁਰਬ’ ਨੂੰ ਸਮਰਪਿਤ ਸ਼ਤਾਬਦੀ (2008) ਅੱਜੇ ਕੱਲ ਦੀ ਹੀ ਤਾਂ ਗੱਲ ਹੈ। ਇਸ ਵਿਚ ‘300 ਸਾਲ ਗੁਰੂ ਦੇ ਨਾਲ’ ਵਾਲੀ ਝੂੱਠੀ ਤੋਤਾਰਟਨੀ ਰਾਹੀਂ ਜਾਗ੍ਰਿਤੀ ਯਾਤਰਾ ਦਾ ਜੋ ਪ੍ਰਪੰਚ ਕੀਤਾ ਗਿਆ, ਉਸ ਬਾਰੇ ਜਾਗਰੂਕ ਸਿੱਖ ਸਭ ਜਾਣਦੇ ਹਨ।
ਹੁਣੇ-ਹੁਣੇ ਇਕ ਹੋਰ ਸ਼ਤਾਬਦੀ ਇਸੇ ਰੌਲੇ ਰੱਪੇ ਵਿਚ ਗੁਆਚ ਗਈ। ਇਹ ਸੀ ‘ਸਰਹਿੰਦ ਫਤਹਿ ਦਿਵਸ ਸ਼ਤਾਬਦੀ’। ਇਸ ਵਿਚ ਵੀ ਸ਼੍ਰੋਮਣੀ ਕਮੇਟੀ ਦੀ ਸਰਪ੍ਰਸਤੀ ਹੇਠ ਇਕ ਮਾਰਚ ‘ਨਾਂਦੇੜ ਤੋਂ ਫਤਹਿਗੜ੍ਹ’ ਤੱਕ ਕੱਢਿਆ ਗਿਆ। ਇਸ ਵਿਚ ਆਮ ਸਿੱਖਾਂ ਨੂੰ ਭੁਲੇਖੇ ਵਿਚ ਫਸਾਉਣ ਅਤੇ ਵਿਖਾਵੇ ਵਾਲੇ ਬੇ-ਫਜ਼ੂਲ ਕੰਮਾਂ ਉਪਰ ਕੌਮੀ ਪੈਸਾ ਬਰਬਾਦ ਕਰਨ ਦਾ ਪਹਿਲੇ ਵਾਂਗੂ ਹੀ ਇੰਤਜ਼ਾਮ ਸੀ। ਹਮੇਸ਼ਾਂ ਵਾਂਗੂ ਸਟੇਜ ਤੋਂ ‘ਅਖੌਤੀ ਅਕਾਲੀਆਂ’ ਦੀ ਹਾਜ਼ਰੀ ਵਿਚ ‘ਮੁੱਖ ਬੁਲਾਰੇ’ ਬਾਬਾ ਬੰਦਾ ਸਿੰਘ ਜੀ ਬਹਾਦੁਰ ਨੂੰ ‘ਬੰਦਾ ਵੈਰਾਗੀ’ ਕਹਿ ਕੇ ਕੌਮ ਨੂੰ ਮੁੰਹ ਚਿੜ੍ਹਾ ਗਏ ਅਤੇ (ਰਾਜਨੀਤਕ ਅਤੇ ਧਾਰਮਿਕ) ਲੀਡਰਾਂ ਦੀ ਨਲਾਇਕੀ ਦਾ ਇਹਸਾਸ ਕਰਵਾ ਗਏ।
ਸ਼ਾਇਦ ਐਸੇ ‘ਮੁੱਖ ਮਹਿਮਾਨ’ ਕੌਮ ਦੀ ਮੂਰਖਤਾ ਅਤੇ ਲਾਚਾਰੀ ’ਤੇ ਹਸਦੇ ਹੀ ਹੋਣਗੇ। ਮੂਰਖਤਾ ਇਸ ਲਈ ਕਿ ਹਰ ਵਾਰ ਐਸੇ ਕੌਮੀ ਸਮਾਗਮ ਵਿਚ ਵੈਸੇ ਹੀ ਲੋਕਾਂ ਨੂੰ ਮੁੱਖ ਮਹਿਮਾਨ ਬਣਾ ਕੇ ਸਟੇਜ ’ਤੇ ਬੁਲਾ ਲਿਆ ਜਾਂਦਾ ਹੈ, ਜੋ ਸਪਸ਼ਟ ਪੰਥ ਵਿਰੋਧੀ ਤਾਕਤਾਂ ਦੇ ਬੁਲਾਰੇ ਜਾਪਦੇ ਹਨ। ‘ਲਾਚਾਰਗੀ’ ਇਸ ਲਈ ਕਿ ਕੌਮ ਦੀਆਂ ਸਾਰੀਆਂ ਸਿਰਕੱਢ ਸੰਸਥਾਵਾਂ (ਸਮੇਤ ਸ਼੍ਰੋਮਣੀ ਗੁਰਮਤਿ ਵਿਗਾੜ ਕਮੇਟੀ) ਅਤੇ ਲੀਡਰ ਗੁਲਾਮ ਮਾਨਸਕਿਤਾ ਦੀ ਸ਼ਿਕਾਰ ਹੋ ਕੇ ਇਨ੍ਹਾਂ ਤਾਕਤਾਂ ਦੇ ਪ੍ਰਭਾਵ ਹੇਠ ਆ ਚੁਕੀਆਂ ਹਨ।
ਇਸ ਸ਼ਤਾਬਦੀ ਸਮਾਗਮ ਦੇ ਰੌਲੇ-ਰੱਪੇ ਵਿਚ ਅਣਗੌਲੇ ਰਹਿ ਗਏ ਕੁਝ ਦਿਲਚਸਪ ਤੱਥ ਵਿਚਾਰਨੇ ਲਾਹੇਵੰਦ ਹੋਣਗੇ।
1. ਬਾਬਾ ਬੰਦਾ ਸਿੰਘ ਜੀ ਬਹਾਦੁਰ ਨੇ ‘ਲੋਹਗੜ’ ਨੂੰ ਖਾਲਸਾ ਰਾਜ ਦੀ ਰਾਜਧਾਨੀ ਬਣਾਇਆ ਸੀ। ਪਰ ਸਿਤਮ ਦੀ ਗੱਲ ਵੇਖੋ, ਜੇ ਅੱਜ ਦੇ ਆਧੁਨਿਕ ਸਮੇਂ ਵਿਚ ਵੀ ਕਿਸੇ ਨੇ ਉਸ ਥਾਂ ਪਹੁੰਚਣਾ ਹੋਵੇ ਤਾਂ ਇਕੱਲੇ ਵਿਅਕਤੀ ਲਈ ਮੁਸ਼ਿਕਲ ਹੈ। ਉਸ ਥਾਂ ਪਹੁੰਚਣ ਲਈ ਕੋਈ ਪੱਕੀ ਸੜਕ ਨਹੀਂ ਹੈ। ਨਦੀ, ਖੇਤਾਂ ਦੇ ਵਿਚੋਂ ਹੋ ਕੇ ਜਾਣਾ ਪੈਂਦਾ ਹੈ। ਦੂਜੀ ਤਰਫ ‘ਹੇਮਕੁੰਟ’ ਹੈ ਜਿਸਦਾ ਸਿੱਖ ਇਤਹਾਸ ਨਾਲ ਧੇਲੇ ਦਾ ਵੀ ਸੰਬੰਧ ਨਹੀਂ ਹੈ। ਪਰ ਅਖੌਤੀ ਸਿੱਖਾਂ ਨੇ ਉਸ ‘ਦੁਰਗਮ ਸਥਾਨ’ ਤੱਕ ਵੀ ਅਰਬਾਂ ਰੂਪਏ ਬਰਬਾਦ ਕਰਕੇ ਸੜਕ ਅਤੇ ਹੋਰ ਸਹੂਲਤਾਂ ਪਹੁੰਚਾ ਦਿੱਤੀਆਂ ਹਨ। ਹਰ ਸਾਲ ਕਰੋੜਾਂ, ਅਰਬਾਂ ਰੁਪਏ ਉਸ ਸਥਾਨ ਦੀ ‘ਤੀਰਥ ਯਾਤਰਾ’ ‘ਤੇ ਫੂਕ ਦਿੰਦੇ ਹਨ।
ਜੇ ਕਿਸੇ ਨੂੰ ਸਮਝਾਉਣ ਦਾ ਜਤਨ ਕੀਤਾ ਜਾਵੇ ਤਾਂ ਜਵਾਬ ਮਿਲਦਾ ਹੈ ਉਹ ਸਾਡੇ ‘ਗੁਰੂ’ ਦੇ ਪਿਛਲੇ ਜਨਮ ਦਾ ਸਥਾਨ ਹੈ। ਉੱਥੇ ਦਸ਼ਮੇਸ਼ ਜੀ ਪਿਛਲੇ ਜਨਮ ਵਿਚ ‘ਘੋਰ ਤੱਪ’ ਕਰਦੇ ਹੁੰਦੇ ਸਨ (ਹਵਾਲਾ ਅਖੌਤੀ ਦਸਮ ਗ੍ਰੰਥ)। ਉਨ੍ਹਾਂ ਨੂੰ ਜੇ ਪੁਛਿਆ ਜਾਵੇ ਕਿ ਗੁਰਮੁਖੋ! ਬਾਣੀ ਤਾਂ ਐਸੇ ‘ਘੋਰ ਤਪਾਂ’ ਦਾ ਖੰਡਨ ਕਰਦੀ ਹੈ ਤਾਂ ਕੋਈ ਜਵਾਬ ਨਹੀਂ ਮਿਲਦਾ। ਹਾਂ ਕਈਂ ਵਾਰ ਇਹ ਫਤਵਾ ਜ਼ਰੂਰ ਸੁਨਣ ਨੂੰ ਮਿਲ ਜਾਂਦਾ ਹੈ ਕਿ ਤੂਸੀ ਤਾਂ ਨਾਸਤਿਕ ਹੋ ਗਏ ਹੋ।
ਜੇ ‘ਗਿਆਨ ਅਤੇ ਦਲੀਲ’ ਦੀਆਂ ਅੱਖਾਂ ਬੰਦ ਕਰਕੇ, ਇਸ ‘ਕੱਚੀ ਕਹਾਣੀ’ ਨੂੰ ਕੁਝ ਸਮੇਂ ਲਈ ‘ਸੱਚੀ’ ਮੰਨ ਵੀ ਲਈਏ ਤਾਂ ਫੇਰ ਸਵਾਲ ਉੱਠਦਾ ਹੈ ਕਿ ਦੂਜੇ, ਤੀਜੇ ਪਾਤਸ਼ਾਹ ਤਾਂ ਇਸੇ ਜਨਮ ਵਿਚ (ਨਾਨਕ ਫਲਸਫੇ ਦੇ ਸੰਪਰਕ ਵਿਚ ਆਉਣ ਤੋਂ ਪਹਿਲਾਂ) ਹਿੰਦੂ ਤੀਰਥਾਂ, ਵੈਸ਼ਨੂੰ ਦੇਵੀ ਆਦਿ ਦੀ ਤੀਰਥ ਯਾਤਰਾ ਕਰਦੇ ਰਹੇ। ਉਨ੍ਹਾਂ ਨੂੰ ਅਪਣੇ ਤੀਰਥ ਕਿਉਂ ਨਹੀਂ ਬਣਾ ਲਿਆ ਗਿਆ?
ਖੈਰ, ਸ਼ਤਾਬਦੀ ਮਨਾਉਣਾ ਤਾਂ ਹੀ ਕੁਝ ਸਫਲ ਮੰਨਿਆ ਜਾ ਸਕਦਾ ਸੀ, ਜੇ ਉਸ ਥਾਂ (ਲੋਹਗੜ) ’ਤੇ
ਬਾਬਾ ਬੰਦਾ ਸਿੰਘ ਜੀ ਬਹਾਦੁਰ (ਖਾਲਸਾ ਰਾਜ) ਦੀ ਢੁੱਕਵੀਂ ਯਾਦਗਾਰ ਬਣਾਉਣ ਲਈ ਜਤਨ ਕੀਤੇ ਜਾਂਦੇ।
ਪਰ ਇਹ ਨਹੀਂ ਹੋਣਾ ਚਾਹੀਦਾ ਕੇ ‘ਯਾਦਗਾਰ’ ਦੇ ਨਾਂ ਤੇ ਸੰਗਮਰਮਰ ਦਾ ਇਕ ਹੋਰ ਮਹਿਲ ਖੜਾ ਕਰ ਕੇ ਉਸ
ਨੂੰ ਗੁਰਦੁਆਰੇ ਦਾ ਨਾਂ ਦੇ ਦਿੱਤਾ ਜਾਵੇ ਅਤੇ ਉੱਥੇ ਦਸਮ ਗ੍ਰੰਥ ਦਾ ਪ੍ਰਕਾਸ਼ ਕਰਕੇ ਜਾਂ ਹੋਰ
ਤਰੀਕੇ ਕਰਮਕਾਂਡਾਂ ਦਾ ਇਕ ਹੋਰ ਅੱਡਾ ਤਿਆਰ ਕਰ ਲਿਆ ਜਾਵੇ।
ਢੁੱਕਵੀਂ ਯਾਦਗਾਰ ਦਾ ਭਾਵ ਵੱਡੇ ਪਧੱਰ ਤੇ ਕੋਈ ਐਸਾ ਆਦਾਰਾ (ਹਸਪਤਾਲ, ਸਕੂਲ, ਕਾਲਜ ਆਦਿ) ਜਿਸ
ਨਾਲ ਮਨੁਖਤਾ ਕੋਈ ਲਾਭ ਮਿਲੇ, ਬਣਾਇਆ ਜਾਵੇ ਜਾਂ ਯਾਦਗਾਰ ਆਧੁਨਿਕ ਮਿਉਜ਼ਿਮ ਰੂਪ ਵਿਚ ਹੋ ਸਕਦੀ ਹੈ,
ਜਿਸ ਵਿਚ ਆਧੁਨਿਕ ਸਾਧਨਾਂ ਦੀ ਮਦਦ ਨਾਲ, ਖਾਲਸਾ ਰਾਜ ਦੀਆਂ ਵਿਸ਼ੇਸ਼ਤਾਈਆਂ ਉਜਾਗਰ ਕੀਤੀਆਂ ਜਾਣ। ਇਸ
ਵਿਸ਼ੇ ਵਿਚ ਗਿਆਨੀ ਜਗਤਾਰ ਸਿੰਘ ਜਾਚਕ ਅਤੇ ਕੁਝ ਹੋਰਾਂ ਦੇ ਦਿੱਤੇ ਸੁਝਾਅ ਵੀ ਧਿਆਨਯੋਗ ਹਨ।
2. ਇਸ ਸ਼ਤਾਬਦੀ ਦਾ ਨਾਂ ‘ਸਰਹਿੰਦ ਫਤਹਿ ਦਿਵਸ’ ਇਸ ਪ੍ਰਾਪਤੀ ਨੂੰ ਬਹੁਤ ਸੀਮਿਤ ਕਰ ਦੇਂਦਾ ਹੈ। ਇਸ ਦੀ ਥਾਂ ‘ਖਾਲਸਾ ਰਾਜ ਸਥਾਪਨਾ ਦਿਵਸ’ ਹੁੰਦਾ ਤਾਂ ਜ਼ਿਆਦਾ ਢੁੱਕਵਾਂ ਹੁੰਦਾ, ਪਰ ਸ਼ਾਇਦ ਕੌਮ ਦੇ ਕੇਂਦਰੀ ਸਥਾਨਾਂ ਤੇ ਕਾਬਿਜ਼, ਗੁਲਾਮ ਜ਼ਹਿਨੀਅਤ ਵਾਲੇ ਲੀਡਰਾਂ ਅਤੇ ਪੁਜਾਰੀਆਂ ਨੂੰ ਐਸਾ ਨਾਂ ਮਾਫਿਕ ਨਹੀਂ ਆਉਂਦਾ।
ਅਫਸੋਸ! ਇਕ ਹੋਰ ਸ਼ਤਾਬਦੀ ਕਰੋੜਾਂ ਰੁਪਏ ਦਾ ਕੌਮੀ ਧਨ ਬਰਬਾਦ ਕਰਕੇ ਰੌਲੇ ਰੱਪੇ ਵਿਚ ਗੁਜ਼ਰ ਗਈ। ਇਸ ਵਿਚ ਵੀ ਕੌਮੀ ਮਸਲਿਆਂ ’ਤੇ ਸੇਧ ਲਈ ਕੋਈ ਸਾਰਥਕ ਪਹੁੰਚ ਨਾ ਅਪਣਾਈ ਜਾ ਸਕੀ।