

ਅਲਵਰ ਸ਼ਹਿਰ ਵਿੱਚ ਸਿਕਲੀਗਰ ਪਰਵਾਰਾਂ ਦੀ ਦਸ਼ਾ
- ਤੇਗਬੀਰ ਸਿੰਘ -
ਫੋਨ : 9811688657
ਫਰਵਰੀ 2009 ਦੇ ‘ਇੰਡੀਆ ਅਵੇਅਰਨੈੱਸ’ ਪਰਚੇ ਦੇ ਪੰਨਾ 31 ’ਤੇ ਸਿਕਲੀਗਰ ਪਰਵਾਰਾਂ ਨਾਲ ਸਬੰਧਤ ਦੋ ਸਿੰਘਾਂ ਸ੍ਰ: ਤਾਰੀਫ ਸਿੰਘ ਤੇ ਸ੍ਰ: ਗੁਰਮੇਲ ਸਿੰਘ ਦੀਆਂ ਧਰਮ ਪ੍ਰਚਾਰ ਕਾਰਵਾਈਆਂ ਦਾ ਜ਼ਿਕਰ ਅਤੇ ਇਨ੍ਹਾਂ ਦੇ ਮਾਧਿਅਮ ਨਾਲ ਅਲਵਰ ਇਲਾਕੇ ਵਿੱਚ ਵਸਦੇ ਸਿਕਲੀਗਰ ਸਿੱਖ ਪਰਵਾਰਾਂ ਦੇ ਹਾਲਾਤ ਦਾ ਵੇਰਵਾ ਆਇਆ ਸੀ। ਰਿਪੋਰਟ ਵਿੱਚ ਇਨ੍ਹਾਂ ਸਿੰਘਾਂ ਦੇ ਮੋਬਾਈਲ ਨੰਬਰ ਵੀ ਦਿੱਤੇ ਹੋਏ ਸਨ। ਦਾਸਾਂ ਨੇ ਇਨ੍ਹਾਂ ਨਾਲ ਸੰਪਰਕ ਕੀਤਾ। ਇਨ੍ਹਾਂ ਨਾਲ ਮੇਲ ਹੋਇਆ ਤੇ ਕੁਝ ਮਾਇਕ ਸਹਾਇਤਾ ਦਿੱਤੀ। ਕਾਫੀ ਦਿਨਾਂ ਬਾਅਦ ਇਨ੍ਹਾਂ ਸਿੰਘਾਂ ਨੇ ਮਾਇਕ ਸਹਾਇਤਾ ਦੀ ਬਜਾਏ ਕੁਝ ਨਿਤਨੇਮ ਦੇ ਗੁਟਕੇ, ਕਾਪੀਆਂ, ਪੈਂਸਿਲਾਂ ਆਦਿਕ ਦੇਣ ਦੀ ਗੁਜਾਰਿਸ਼ ਕੀਤੀ।
ਦਾਸਾਂ ਨੇ ਮਨ ਬਣਾਇਆ ਕਿ ਇਸ ਸੇਵਾ ਦੇ ਨਾਲ-ਨਾਲ ਅਵਲਰ ਜਾ ਕੇ ਹਾਲਤਾ ਦਾ ਜਾਇਜ਼ਾ ਲਿਆ ਜਾਏ। ਸੋ, 10 ਮਈ ਨੂੰ ਉਕਤ ਸਮਾਨ ਲੈ ਕੇ ਸਵੇਰੇ ਅਲਵਰ ਵੱਲ ਚਾਲੇ ਪਾ ਦਿੱਤੇ। ਤਿੰਨ ਘੰਟੇ ਬਾਅਦ ਅਲਵਰ ਵਿਖੇ ਇਨ੍ਹਾਂ ਦੀ ਸਰਗਰਮੀ ਦੇ ਕੇਂਦਰ ਵਾਲੇ ਗੁਰਦੁਆਰੇ ਪਹੁੰਚ ਗਏ। ਇਹ ਗੁਰਦੁਆਰਾ ਲਗਭਗ 25x30 ਫੁੱਟ ਅਕਾਰ ਦਾ ਇਕ ਹਾਲ ਕਮਰਾ ਹੀ ਹੈ। ਸਾਡੇ ਉਥੇ ਪਹੁੰਚਣ ਸਮੇਂ ਇਹ ਕਮਰਾ ਤਕਰੀਬਨ 300-325 ਬੱਚਿਆਂ ਨਾਲ ਖਚਾਖਚ ਭਰਿਆ ਹੋਇਆ ਸੀ। ਸਭ ਨੇ ਸਫੇਦ ਕੁੜਤੇ-ਪਜਾਮੇ, ਸਲਵਾਰ-ਕਮੀਜਾਂ, ਨੀਲੇ ਦਸਤਾਰੇ, ਚੁੰਨੀਆਂ ਲਈਆਂ ਹੋਈਆਂ ਸਨ। ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬੱਚੇ ਵੀ ਸ਼ਾਮਲ ਸਨ। ਸਭ ਵਿੱਚ ਬੋਲਣ ਦਾ ਉਤਸ਼ਾਹ ਸੀ। ਕੀਰਤਨ, ਜੋਸ਼ੀਲੀਆਂ ਕਵਿਤਾਵਾਂ ਦਾ ਪ੍ਰੋਗਰਾਮ ਬੱਚਿਆਂ ਵੱਲੋਂ ਹੀ ਤਿੰਨ ਘੰਟੇ ਤੱਕ ਚਲਿਆ।
![]() |
![]() |
![]() |
|
ਅਲਵਰ ਦੇ ਗੁਰਦੁਆਰਾ ਸਾਹਿਬ ਵਿੱਚ ਗੁਰਮਤਿ ਦੀ ਜਾਣਕਾਰੀ ਹਾਸਲ ਕਰਦਿਆਂ ਬੱਚੇ |
ਆਪਣੀ ਸ਼ਸਤਰ ਵਿਦਿਆ ਦਾ ਪ੍ਰਦਰਸ਼ਨ ਕਰ ਰਿਹਾ ਛੋਟੀ ਉਮਰ ਦਾ ਇਕ ਸਿੱਖ ਬੱਚਾ |
ਬੱਚਿਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸਿੱਖੀ ਪ੍ਰਤੀ ਉਤਸਾਹਿਤ ਕਰਦਿਆਂ ਸ੍ਰ: ਤੇਗਬੀਰ ਸਿੰਘ |
ਇਹ ਗੁਰਦੁਆਰਾ ਸਰਦਾਰ ਕਲੋਨੀ, ਐਰੋਡ੍ਰਮ ਰੋਡ ’ਤੇ ਹੈ। ਜੇਕਰ ਅਮੀਰਾਂ ਦੀ ਕਲੋਨੀ ਦਾ ਗੁਰਦੁਆਰਾ ਹੁੰਦਾ, ਤਾਂ ਇਥੇ ਮਾਇਆ ਦਾ ਢੇਰ ਲੱਗਾ ਹੁੰਦਾ। ਗੁਰਦੁਆਰਾ ਏਅਰ-ਕੰਡੀਸ਼ਨਡ ਹੁੰਦਾ। ਪਰ ਇਹ ਤਾਂ ਨਿਮਾਣਾ ਜਿਹਾ ਗੁਰਦੁਆਰਾ ਅਤੇ ਐਸੀ ਹੀ ਸੰਗਤ ਸੀ (ਭਾਵੇਂ ਗੁਰੂ ਸਾਹਿਬ ਤਾਂ ਉਹੋ ਹੀ ਸਨ)। ਕੜਾਹ ਪ੍ਰਸ਼ਾਦ ਵੀ ਸੰਗਤ ਵਿੱਚ ਪੂਰਾ ਨਹੀਂ ਸੀ ਪਿਆ। ਲੰਗਰ ਦਾ ਵੀ ਨਾਂ ਨਹੀਂ ਸੀ। ਮਾਇਆ ਦੀ ਘਾਟ ਪ੍ਰਤੱਖ ਨਜ਼ਰ ਆ ਰਹੀ ਸੀ।
ਅਲਵਰ ਸ਼ਹਿਰ ਵਿੱਚ ਸਿਕਲੀਗਰ ਪਰਵਾਰ ਸਰਦਾਰ ਕਲੋਨੀ, ਐਰੋਡ੍ਰਮ ਰੋਡ, ਗੁਰੂ ਗੋਬਿੰਦ ਸਿੰਘ ਕਲੋਨੀ, ਦਿੱਲੀ ਰੋਡ ਅਤੇ ਅਜ਼ਾਦ ਨਗਰ ਕਲੋਨੀ 60 ਫੁੱਟ ਰੋਡ ’ਤੇ ਵਸੇ ਹੋਏ ਹਨ। ਇਨ੍ਹਾਂ ਦੇ ਇਥੇ ਹੀ ਛੋਟੇ-ਛੋਟੇ ਚਾਰ ਗੁਰਦੁਆਰੇ ਹਨ। ਸਰਦਾਰ ਨਗਰ ਕਲੋਨੀ ਦਾ ਗੁਰਦੁਆਰਾ ਸਭ ਤੋਂ ਵੱਡਾ ਹੈ। ਇਥੇ ਹੀ ਸਾਰੇ ਬੱਚੇ ਇਕੱਠੇ ਕਰ ਲਏ ਗਏ ਸਨ। ਇਨ੍ਹਾਂ ਸਿੰਘਾਂ ਨੂੰ ਪੁੱਛਣ ’ਤੇ ਪਤਾ ਲੱਗਾ ਕਿ ਉਨ੍ਹਾਂ ਨੂੰ ਕਿਸੇ ਸੰਸਥਾ ਵੱਲੋਂ ਕੋਈ ਸਹਾਇਤਾ ਨਹੀਂ ਪਹੁੰਚ ਰਹੀ।
ਸਿੱਖਾਂ ਦੀਆਂ ਕਈ ਸੰਸਥਾਵਾਂ ਹਨ - ਸੇਵਾ ਲਹਿਰ, ਸਿੱਖ ਮਿਸ਼ਨਰੀ ਕਾਲਜ, ਗੁਰਬਾਣੀ ਇਸ ਜਗੁ ਮਹਿ ਚਾਨਣੁ, ਨਿਸ਼ਕਾਮ ਸਿੱਖ ਵੈਲਫੇਅਰ ਕਾਊਂਸਿਲ ਆਦਿ। ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਤਾਂ ਗੱਲਾਂ ਹੀ ਨਿਆਰੀਆਂ ਹਨ। ਇਨ੍ਹਾਂ ਕੋਲ ਲੋੜੀਂਦਾ ਪੈਸਾ ਹੈ, ਸਾਧਨ ਹਨ ਪਰ ਲੋੜ ਵਾਲੀ ਜਗ੍ਹਾ ’ਤੇ ਸਹਾਇਤਾ ਨਹੀਂ ਪਹੁੰਚਾਈ ਜਾਂਦੀ। ਸਿੱਖ ਸੰਸਥਾਵਾਂ ਵੱਲੋਂ ਸਿੱਖਾਂ ਦੀ ਭਲਾਈ ਲਈ ਜ਼ਾਹਿਰੀ ਤੌਰ ’ਤੇ ਵਿਚਾਰਾਂ ਵੀ ਬਹੁਤ ਹੁੰਦੀਆਂ ਹਨ, ਸਲਾਹਾਂ ਵੀ ਬਹੁਤ ਦਿੱਤੀਆਂ ਜਾਂਦੀਆਂ ਹਨ। ਕਿਹਾ ਜਾਂਦਾ ਹੈ ਕਿ ਭਾਰਤ ਵਿੱਚ 12 ਕਰੋੜ ਗੁਰੂ ਨਾਨਕ ਨਾਮ ਲੇਵਾ ਸਿੱਖ ਹਨ। ਉਨ੍ਹਾਂ ਦੀ ਸੰਭਾਲ ਦੀ ਜ਼ਰੂਰਤ ਹੈ। ਕਿਤੇ-ਕਿਤੇ ਸੇਵਾ ਵੀ ਹੁੰਦੀ ਹੈ। ਸਿੱਖੀ ਸਰੂਪ ਵਿੱਚ ਹੁਣ ਤੱਕ ਬਚੇ ਹੋਏ ਸਿੱਖਾਂ ਦੀ ਸੰਭਾਲ ਤਾਂ ਬਹੁਤ ਹੀ ਜ਼ਰੂਰੀ ਹੈ।
ਸਿੱਖਾਂ ਦੀ ਕੋਈ ਵੀ ਸੰਸਥਾ ਅਜਿਹੀ ਨਹੀਂ ਹੈ, ਜੋ ਤਰਤੀਬ ਨਾਲ ਇਨ੍ਹਾਂ ਤੱਥਾਂ ਦਾ ਵਿਸ਼ਲੇਸ਼ਣ ਕਰੇ - ਭਾਰਤ ਵਿੱਚ ਕਿੱਥੇ-ਕਿੱਥੇ, ਕਿੰਨੇ-ਕਿੰਨੇ ਸਿੱਖ ਵਸਦੇ ਹਨ। ਇਨ੍ਹਾਂ ਦੀ ਆਰਥਕ, ਸਮਾਜਕ ਹਾਲਤ ਕੀ ਹੈ। ਇਨ੍ਹਾਂ ਦੇ ਰੋਜ਼ਗਾਰ ਲਈ, ਪੜ੍ਹਾਈ ਲਈ, ਸਿਹਤ ਲਈ ਕੀ ਕਦਮ ਚੁੱਕਣੇ ਬਣਦੇ ਹਨ। ਅਜਿਹਾ ਕੋਈ ਕੇਂਦਰੀ ਫੰਡ / ਸੰਸਾਧਨ ਨਹੀਂ ਹੈ, ਜੋ ਇਸ ਕੰਮ ਲਈ ਵਰਤਿਆ ਜਾਵੇ। ਲਗਦਾ ਤਾਂ ਇਹ ਹੈ ਕਿ ਬਹੁਤੀਆਂ ਸੰਸਥਾਵਾਂ ਦਿਖਾਵੇ ਮਾਤਰ ਵਾਲਾ ‘ਪ੍ਰਚਾਰ’ ਕਰਕੇ ਆਪਣੀ ਸਾਖ ਬਣਾਉਣਾ ਅਤੇ ਮਾਇਆ ਉਗਰਾਹੁਣਾ ਚਾਹੁੰਦੀਆਂ ਹਨ - ਅਮਲੀ ਤੌਰ ’ਤੇ ਸਿੱਖ ਸਮਾਜ ਦੇ ਕਮਜ਼ੋਰ ਵਰਗਾਂ ਦੀ ਹਾਲਤ ਸੁਧਾਰਨ ਵਿੱਚ ਕਿਸੇ ਨੂੰ ਕੋਈ ਦਿਲਚਸਪੀ ਨਹੀਂ। ਗੁਰਦਆਰਿਆਂ ਦੇ ਪ੍ਰਬੰਧਕ ਨਗਰ ਕੀਰਤਨ, ਕੀਰਤਨ ਦਰਬਾਰਾਂ, ਲੰਗਰਾਂ ’ਤੇ ਪੈਸੇ ਲਗਾਈ ਜਾ ਰਹੇ ਹਨ। ਡੇਰਿਆਂ ਦੇ ਚੇਲੇ ਆਪਣੀ ‘ਮਾਰਕੇਟਿੰਗ’ ਕੁਸ਼ਲਤਾ ਨਾਲ ਅਗਿਆਨੀ ਲੋਕਾਂ ਨੂੰ ਸਾਧ-ਬਾਬਿਆਂ ਦੇ ਚੰਗੁਲ ਵਿੱਚ ਫਸਾ ਕੇ ਸਿੱਖ-ਵਿਰੋਧੀ ਡੇਰੇਦਾਰਾਂ ਤੇ ਉਨ੍ਹਾਂ ਦੀਆਂ ਸੰਸਥਾਵਾਂ ਨੂੰ ਤਾਕਤਵਾਰ ਬਣਾਉਣ ਵਿੱਚ ਜੁਟੇ ਹੋਏ ਹਨ। ਅਜਿਹੇ ਹਾਲਾਤ ਵਿੱਚ ਗਰੀਬ ਸਿੱਖਾਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ, ਇਹ ਸੋਚ ਕੇ ਹੀ ਮਨ ਨਮੋਸ਼ੀ ਭਰਪੂਰ ਹੋ ਜਾਂਦਾ ਹੈ।