

ਸਿੱਖਾਂ ਦੀ ਤਰ੍ਹਾਂ ਰਵਿਦਾਸੀਏ ਵੀ ਬ੍ਰਾਹਮਣਵਾਦੀਆਂ ਦੀ ਕਠਪੁਤਲੀ ਬਣੇ
- ਸਰਬਜੀਤ ਸਿੰਘ -
ਫੋਨ : 9871683322
ਗੁਰੂ ਨਾਨਕ ਸਾਹਿਬ ਨੇ ਬਚਪਨ ਤੋਂ ਹੀ ਬ੍ਰਾਹਮਣਵਾਦ ਦਾ ਵਿਰੋਧ ਕਰਕੇ, ਮਨੁੱਖਤਾ-ਵਿਰੋਧੀ ਇਸ ਵਿਚਾਰਧਾਰਾ/ਜੀਵਨ-ਸ਼ੈਲੀ ਤੋਂ ਆਮ ਲੋਕਾਈ ਨੂੰ ਮੁਕਤ ਕਰਵਾਉਣ ਦਾ ਮਿਸ਼ਨ ਅਰੰਭਿਆ। ਆਪਣੇ ਇਸ ਮਿਸ਼ਨ ਦੌਰਾਨ ਗੁਰੂ ਸਾਹਿਬ ਤੇ ਉਨ੍ਹਾਂ ਦੀ ਜੋਤਿ (ਵਿਚਾਰਧਾਰਾ) ਦੇ ਵੱਖ-ਵੱਖ ਸਰੂਪਾਂ ਨੇ ਵੱਖ-ਵੱਖ ‘ਭਗਤਾਂ’, ਜਿਨ੍ਹਾਂ ਦੀ ਵਿਚਾਰਧਾਰਾ ਗੁਰਮਤਿ ਫਲਸਫੇ ਵਾਲੀ ਹੀ ਸੀ, ਦੇ ਗੁਰਮਤਿ ਅਨੁਕੂਲ ਉਪਦੇਸ਼ਾਂ (ਸ਼ਬਦਾਂ) ਦਾ ਸੰਗ੍ਰਹਿ ਕਰਕੇ ‘ਸੱਚੇ ਗਿਆਨ ਦੇ ਖ਼ਜ਼ਾਨੇ’ ਵਿੱਚ ਵਾਧਾ ਵੀ ਕੀਤਾ ਤੇ ‘ਗੁਰੂ ਗ੍ਰੰਥ ਸਾਹਿਬ’ ਦੇ ਰੂਪ ਵਿੱਚ ਇਸ ਗਿਆਨ ਦੀ ਸੰਭਾਲ ਕੀਤੀ।
ਬਾਬਾ ਬੰਦਾ ਸਿੰਘ ਬਹਾਦਰ ਉਪਰੰਤ ਪ੍ਰਸ਼ਾਸਨ ਨਾਲ ਲਗਾਤਾਰ ਹੋ ਰਹੇ ਟਕਰਾਅ ਕਾਰਨ ਸਿੱਖਾਂ ਨੂੰ ਜੰਗਲਾਂ ਵਿੱਚ ਓਟ ਲੈਣੀ ਪਈ। ਇਸ ਸਥਿਤੀ ਦਾ ਲਾਭ ਬ੍ਰਾਹਮਣਵਾਦੀਆਂ ਨੇ ਚੁੱਕਿਆ। ਉਨ੍ਹਾਂ ਨੇ ਗੁਰਬਿਲਾਸ ਪਾ: 6ਵੀਂ, ਬਚਿੱਤਰ ਨਾਟਕ, ਭਾਈ ਗੁਰਦਾਸ ਦੇ ਨਾਮ ’ਤੇ ਨਕਲੀ ਵਾਰਾਂ ਆਦਿਕ ਦੀ ਰਚਨਾ ਕਰ ਕੇ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਸਫਲ ਕੋਸ਼ਿਸ਼ ਕੀਤੀ। ਇਸਦੇ ਇਲਾਵਾ ਗੁਰਦੁਆਰਿਆਂ ’ਤੇ ਕਾਬਿਜ਼ ਬ੍ਰਾਹਮਣਵਾਦੀਆਂ ਦੇ ਏਜੰਟਾਂ (ਨਿਰਮਲਿਆਂ) ਨੇ ਗੁਰੂ ਘਰਾਂ ਵਿੱਚ ਹਰ ਸੰਭਵ ਮਨਮਤਿ ਜਿਵੇਂ ਸਿੱਖਾਂ ਵਿੱਚ ਜਾਤ-ਪਾਤ ਦਾ ਪ੍ਰਚਲਨ, ਗੁਰਦੁਆਰਿਆਂ ਵਿੱਚ ਹਿੰਦੂ ਦੇਵਤਿਆਂ ਦੀਆਂ ਮੂਰਤੀਆਂ ਦੀ ਸਥਾਪਨਾ, ਹਿੰਦੂ ਤਿਉਹਾਰਾਂ ਨੂੰ ਮਾੜੀ-ਮੋਟੀ ਸਿੱਖੀ ਰੰਗਤ ਦੇ ਕੇ ਗੁਰਦੁਆਰਿਆਂ ਵਿੱਚ ਮਨਾਉਣ ਆਦਿ ਦੀਆਂ ਰਸਮਾਂ ਪ੍ਰਚਲਿਤ ਕਰ ਦਿੱਤੀਆਂ।
ਸਿੰਘ ਸਭਾ ਲਹਿਰ ਸਦਕਾ ਗੁਰਦੁਆਰੇ ਮਹੰਤਾਂ ਤੋਂ ਅਜ਼ਾਦ ਤਾਂ ਕਰਵਾ ਲਏ ਗਏ ਪਰ ਇਸ ਲਹਿਰ ਨੂੰ ਆਮ ਸਿੱਖਾਂ ਵਿੱਚ ਗਿਆਨ ਦਾ ਵਾਧਾ ਕਰਨ ਦੀ ਪੱਧਰ ਤੱਕ ਲਿਜਾਉਣ ਦੀ ਬਜਾਏ ਨਿਜੀ ਚੌਧਰਾਂ ਹਾਸਲ ਦੀ ਰਾਹ ’ਤੇ ਤੋਰ ਲਿਆ ਗਿਆ। ਨਤੀਜਤਨ, ਸਿੱਖ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਤੋਂ ਵਾਂਝੇ ਰਹਿ ਗਏ ਅਤੇ ਬ੍ਰਾਹਮਣਵਾਦੀ ਸੰਗਠਨਾਂ ਨੇ ਉਨ੍ਹਾਂ ’ਤੇ ਆਪਣਾ ਪ੍ਰਭਾਵ ਪਾਉਣਾ ਸ਼ੁਰੂ ਕਰ ਦਿੱਤਾ। ਪਿਛਲੇ ਦੋ-ਢਾਈ ਦਹਾਕਿਆਂ ਵਿੱਚ ਤਾਂ ਇਹ ਪ੍ਰਕ੍ਰਿਆ ਬਹੁਤ ਹੀ ਤੇਜ਼ ਹੋ ਗਈ ਹੈ, ਜਿਸ ਵਿੱਚ ਸਾਰੇ ਭਾਰਤ ਦੇ ਬ੍ਰਾਹਮਣਵਾਦੀ ਆਗੂ, ਬੁੱਧੀਜੀਵੀ, ਲੇਖਕ, ਪ੍ਰਚਾਰਕ, ਡੇਰੇਦਾਰ ਅਤੇ ਮੀਡੀਆ ਸੰਗਠਨ ਵੱਧ-ਚੜ੍ਹ ਕੇ ਸਹਿਯੋਗ ਦੇ ਰਹੇ ਹਨ। ਨਤੀਜੇ ਵਜੋਂ, ਆਮ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ‘ਗੁਰੂ’ ਕਹਿਣ ਦੇ ਬਾਵਜੂਦ ਬ੍ਰਾਹਮਣਵਾਦੀ ਮਾਨਸਿਕਤਾ, ਕਰਮ-ਕਾਂਡਾਂ ਅਤੇ ਚਾਲਾਂ ਦਾ ਸ਼ਿਕਾਰ ਹੋ ਚੁੱਕਾ ਹੈ। ਪਰ ਅਖੌਤੀ ‘ਸ਼ੂਦਰ’ ਸਮਾਜ ਨਾਲ ਸਬੰਧਿਤ ਲੋਕਾਂ ਵਿੱਚ ਜ਼ਾਹਿਰੀ ਤੌਰ ’ਤੇ ਆ ਰਹੀ ਜਾਗ੍ਰਿਤੀ ਕਾਰਨ ਇਹ ਆਸ ਰੱਖੀ ਜਾਂਦੀ ਹੈ ਕਿ ਉਹ ਬ੍ਰਾਹਮਣਵਾਦੀਆਂ ਦੀਆਂ ਚਾਲਾਂ ਤੋਂ ਪੂਰੀ ਤਰ੍ਹਾਂ ਸੁਚੇਤ ਰਹਿਣਗੇ ਪਰ ਸੱਚਾਈ ਇਹੀ ਹੈ ਕਿ ਭਾਵੇਂ ਕੇਸਾਧਾਰੀ ਹੋਣ ਜਾਂ ਮੋਨੇ, ਦਲਿਤ ਜਾਂ ਰਵਿਦਾਸੀਆ ਸਮਾਜ ਵੀ ਪੂਰੀ ਤਰ੍ਹਾਂ ਬ੍ਰਾਹਮਣਵਾਦ ਦੀ ਕਠਪੁਤਲੀ ਬਣ ਚੁੱਕਾ ਹੈ। ਜਲੰਧਰ ਨੇੜੇ ਪਿੰਡ ਬੱਲਾਂ ਵਿਖੇ ਭਗਤ ਰਵਿਦਾਸ ਜੀ ਦੀ ਸ਼ਖ਼ਸੀਅਤ ਦਾ ਦੁਰਪਯੋਗ ਕਰਕੇ ਬਣਾਏ ਗਏ ‘ਡੇਰਾ ਸਚਖੰਡ’ ਦੇ ਇਕ ਡੇਰੇਦਾਰ ਦੇ ਆਸਟ੍ਰੀਆ ਦੀ ਰਾਜਧਾਨੀ ਵੀਆਨਾ ਵਿੱਚ ਕੁਝ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕੀਤੇ ਗਏ ਕਤਤ ਉਪਰੰਤ ਪੰਜਾਬ ਵਿੱਚ ਹੋਈ ਬੁਰਛਾਗਰਦੀ ਨੇ ਇਸ ਤੱਥ ਨੂੰ ਸਾਫ ਸਾਬਿਤ ਕਰ ਦਿੱਤਾ ਹੈ।

ਆਸਟ੍ਰੀਆ ਵਿੱਚ ਡੇਰੇਦਾਰ ਰਾਮਾਨੰਦ ਦੇ ਕਤਲ ਦਾ ਵਿਰੋਧ ਕਰ ਰਹੇ ਡੇਰਾ ਬੱਲਾਂ, ਜਲੰਧਰ ਦੇ ਕੁਝ ਸਮਰਥਕ
ਗੌਰਤਲਬ ਹੈ ਕਿ ਉਕਤ ਡੇਰੇਦਾਰਾਂ ਵੱਲੋਂ ਸਿੱਖਾਂ ਵਰਗਾ ਸਰੂਪ ਬਣਾ ਕੇ ਪਿਛਲੇ ਲੰਮੇਂ ਸਮੇਂ ਤੋਂ ਲੋਕਾਂ ਨੂੰ ਜਾਤ-ਪਾਤ ਦੇ ਨਾਂ ’ਤੇ ਗੁੰਮਰਾਹ ਕਰਕੇ ਸਿੱਖੀ ਨਾਲੋਂ ਤੋੜਿਆ ਜਾ ਰਿਹਾ ਸੀ। ਇਹ ਜਾਣਦਿਆਂ ਵੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਰਵਿਦਾਸ ਅਤੇ ਹੋਰ ਕਥਿਤ ਨੀਵੀਆਂ ਜਾਤਾਂ ਦੇ ਭਗਤਾਂ ਦੀਆਂ ਰਚਨਾਵਾਂ ਸ਼ਾਮਲ ਹੋਣ ਕਾਰਨ ਹਰ ਸੱਚਾ ਸਿੱਖ, ਜਾਤ-ਪਾਤ ਦੇ ਵਿਤਕਰੇ ਬਿਨਾਂ ਇਨ੍ਹਾਂ ਭਗਤਾਂ ਦਾ ਵੀ ਸਨਮਾਨ ਕਰਦਾ ਹੈ, ਇਹ ਡੇਰੇਦਾਰ ਪੰਜਾਬ ਦੇ ਜੱਟ ਵਰਗ ਵੱਲੋਂ ਇਨ੍ਹਾਂ ਜਾਤਾਂ ਦੇ ਲੋਕਾਂ ਨਾਲ ਕੀਤੇ ਜਾਂਦੇ ਵਿਤਕਰੇ ਵਾਲੇ ਬਰਤਾਵ ਤੋਂ ਪੈਦਾ ਹੋਈ ਅਦਿੱਖਵੀਂ ਖਿਚਤਾਣ ਦਾ ਭਰਪੂਰ ਲਾਭ ਚੁੱਕਦੇ ਸਨ। ਬਜਾਏ ਇਸਦੇ ਕਿ ਉਹ ਹਰ ਵਰਗ ਦੇ ਲੋਕਾਂ ਨੂੰ ਜਾਤ-ਪਾਤ ਪ੍ਰਣਾਲੀ ਤੋੜਨ ਲਈ ਪ੍ਰੇਰਦੇ, ਇਹ ਡੇਰੇਦਾਰ ਸਮਾਜ ਵਿੱਚ ਨੀਵੀਆਂ ਸਮਝੀਆਂ ਜਾਂਦੀਆਂ ਜਾਤਾਂ ਦੇ ਲੋਕਾਂ ਨੂੰ ਉੱਚ ਵਰਗਾਂ, ਖ਼ਾਸਕਰ ਜੱਟਾਂ ਦੇ ਖਿਲਾਫ਼ ਭੜਕਾ ਕੇ ਆਰਥਕ, ਸਮਾਜਕ ਤੇ ਸਿਆਸੀ ਲਾਭ ਚੁੱਕਦੇ। ਭਗਤ ਰਵਿਦਾਸ ਜੀ ਦੇ ਉਪਦੇਸ਼ਾਂ ਦੇ ਉਲਟ ਉਕਤ ਡੇਰੇ ਅਤੇ ਇਸਦੇ ਵਰਗੇ ਹੋਰ ਸੈਂਕੜੇ ਡੇਰੇ ਵੀ ਭਗਤ ਜੀ ਦੀਆਂ ਤਸਵੀਰਾਂ ਅਤੇ ਮੂਰਤੀਆਂ ਦੀ ਪੂਜਾ ਦੇ ਰੁਝਾਨ ਨੂੰ ਹੱਲਾਸ਼ੇਰੀ ਦੇ ਕੇ ਬ੍ਰਾਹਮਣਵਾਦੀ ਕਰਮਕਾਂਡਾਂ ਦਾ ਪ੍ਰਚਾਰ ਕਰਦੇ ਹਨ ਅਤੇ ਉਨ੍ਹਾਂ ਨੂੰ ਗੁਰਦੁਆਰੇ ਜਾਣ ਤੋਂ ਰੋਕਣ ਲਈ ਯੋਜਨਾਬੱਧ ਢੰਗ ਨਾਲ ‘ਰਵਿਦਾਸ ਮੰਦਰਾਂ’ ਦੀ ਉਸਾਰੀ ਕਰਵਾ ਰਹੇ ਹਨ।
ਅਜਿਹੇ ਡੇਰੇਦਾਰਾਂ ਵੱਲੋਂ ਪੈਦਾ ਕੀਤੀ ਗਈ ਨਫ਼ਰਤ ਅਤੇ ਗੁੰਮਰਾਹਕੁੰਨ ਪ੍ਰਚਾਰ ਦਾ ਹੀ ਨਤੀਜਾ ਸੀ ਕਿ ਵੀਆਨਾ ਵਿਖੇ ਉਕਤ ਘਟਨਾ ਵਾਪਰਨ ਦੀ ਸੂਚਨਾ ਮਿਲਦਿਆਂ ਹੀ ਇਸ ਡੇਰੇ ਦੇ ਅਖੌਤੀ ਸ਼ਰਧਾਲੂਆਂ ਨੇ ਨਾ ਸਿਰਫ਼ ਸਰਕਾਰੀ ਅਦਾਰਿਆਂ ਬਲਕਿ ਨਿਜੀ ਗੱਡੀਆਂ/ਦੁਕਾਨਾਂ ਆਦਿਕ ਦੀ ਸਾੜ-ਫੂਕ ਅਤੇ ਲੁੱਟ-ਖਸੁੱਟ ਵੀ ਸ਼ੁਰੂ ਕਰ ਦਿੱਤੀ। ਬੁਰਛਾਗਰਦੀ ਦੀ ਇਸ ਮੁਹਿੰਮ ਦੌਰਾਨ ਬੱਸਾਂ (ਬਾਦਲ ਪਰਵਾਰ ਦੀ ‘ਔਰਬਿਟ’ ਕੰਪਨੀ ਦੀਆਂ ਬੱਸਾਂ ਛੱਡ ਕੇ) ਅਤੇ ਰੇਲਗੱਡੀਆਂ ਨੂੰ ਵੀ ਸਾੜ ਦਿੱਤਾ ਗਿਆ।
ਇਸ ਘਟਨਾਕ੍ਰਮ ਦੌਰਾਨ ਖੁੱਲ ਕੇ ਸਿੱਖ-ਵਿਰੋਧੀ ਭੂਮਿਕਾ ਨਿਭਾਅ ਰਹੇ ਮੀਡੀਆ ਨੇ ਵੀ ਖ਼ਬਰ ਦਾ ਇਹ ਪਹਿਲੂ ਪੂਰੀ ਤਰ੍ਹਾਂ ਛੁਪਾ ਲਿਆ ਕਿ ਹਮਲਾਵਰਾਂ ਨੂੰ ਤਾਂ ਉਕਤ ਸਾਧਾਂ ਦੇ ਚੇਲਿਆਂ ਨੇ ਮੌਕੇ ’ਤੇ ਹੀ ਕੁੱਟ-ਕੁੱਟ ਕੇ ਅਧਮੋਇਆ ਕਰ ਦਿੱਤਾ ਸੀ ਅਤੇ ਇਨ੍ਹਾਂ ਵਿੱਚੋਂ ਤਿੰਨ ਵਿਅਕਤੀਆਂ ਦੀ ਹਸਪਤਾਲ ਵਿੱਚ ਮੌਤ ਹੋ ਗਈ ਸੀ। ਇਸਦੇ ਉਲਟ, ਮੀਡੀਆ ਨੇ ਇਸ ਸਾਰੇ ਘਟਨਾਕ੍ਰਮ ਲਈ ਸਿਰਫ਼ ਜੱਟਾਂ ਨੂੰ ਹੀ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕੀਤੀ। ਇਹ ਸੱਚ ਵੀ ਹੈ ਕਿ ਪੰਜਾਬ ਵਿਚਲੇ ‘ਜੱਟ’ ਵਰਗ ਦਾ ਔਸਤ ਆਦਮੀ, ਕਿਸੇ ਅਨਜਾਣ ਹੈਂਕੜ ਅਧੀਨ ਹੋਰਨਾਂ ਵਰਗਾਂ ਤੇ ਖੇਤਰਾਂ ਦੇ ਲੋਕਾਂ ਨੂੰ ਦੂਜੇ-ਤੀਜੇ ਦਰਜੇ ਦਾ ਸਿੱਖ ਹੀ ਸਮਝਦਾ ਹੈ ਅਤੇ ਦਲਿਤਾਂ ਨੂੰ ਤਾਂ ਸਿੱਖੀ ਸਰੂਪ ਵਿੱਚ ਦੇਖਣਾ ਪਸੰਦ ਹੀ ਨਹੀਂ ਕਰਦਾ। ਜੱਟਾਂ ਦੇ ਅਜਿਹਤੇ ਵਤੀਰੇ ਕਾਰਨ ਹੀ ਪੰਜਾਬ ਦੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲਿਆਂ ਦੇ ਸੀਮਾਵਰਤੀ ਇਲਾਕਿਆਂ ਦੇ ਪਿੰਡਾਂ ਵਿੱਚ ਹਜ਼ਾਰਾਂ ਸਿੱਖ ਪਰਵਾਰਾਂ ਨੇ ਹੁਣ ਇਸਾਈ ਧਰਮ ਅਪਣਾ ਲਿਆ ਹੈ ਅਤੇ ਬਾਕੀ ਉਕਤ ਕਿਸਮ ਦੇ ਡੇਰੇਦਾਰਾਂ ਦੇ ਚੰਗੁਲ ਵਿੱਚ ਫਸਦੇ ਜਾ ਰਹੇ ਹਨ।
ਖੈਰ, ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ, ਜਲੰਧਰ ਦੇ ਇਸ ਡੇਰੇ ਨਾਲ ਸਬੰਧਿਤ ਘਟਨਾਕ੍ਰਮ ਦਾ ਮਸਲਾ ਸਿਰਫ਼ ਏਨਾ ਕੁ ਸੀ ਕਿ ਹੋਰਨਾਂ ਬਹੁਤ ਸਾਰੇ ਡੇਰਿਆਂ ਦੀ ਤਰ੍ਹਾਂ, ਇਸ ਡੇਰੇ ਦੇ ਦੋਵੇਂ ਮੁੱਖ ਸਾਧਾਂ (ਨਿਰੰਜਨ ਦਾਸ ਅਤੇ ਰਾਮਾਨੰਦ) ਵਿੱਚ ਵੀ ਡੇਰੇ ਦਾ ਪ੍ਰਬੰਧ ਪੂਰੀ ਤਰ੍ਹਾਂ ਆਪਣੇ ਹੱਥਾਂ ਵਿੱਚ ਲੈਣ ਲਈ ਚੁਪ-ਚੁਪੀਤੀ ਕਸ਼ਮਕਸ਼ ਚੱਲ ਰਹੀ ਸੀ ਅਤੇ ਦੋਵੇਂ ਸਾਧ ਇਕ-ਦੂਜੇ ਨੂੰ ਆਪਣੇ ਰਸਤੇ ’ਚੋਂ ਹਟਾਉਣਾ ਚਾਹੁੰਦੇ ਸਨ। ਕੁਝ ਸੂਤਰਾਂ ਨੇ ਦਾਅਵਾ ਕੀਤਾ ਕਿ ਉਪ-ਮੁਖੀ ਹੋਣ ਕਾਰਨ ਇਹ ਭਾਵਨਾ ਸਾਧ ਰਾਮਾਨੰਦ ਵਿੱਚ ਵਧੇਰੇ ਸੀ ਅਤੇ ਨਿਰੰਜਨ ਦਾਸ ਨੂੰ ਰਸਤੇ ’ਚੋਂ ਹਟਵਾਉਣ ਲਈ ਉਸਨੇ ਹੀ ਆਪਣੇ ਕੁਝ ਵਿਸ਼ਵਾਸਪਾਤਰਾਂ ਦੀ ਮਦਦ ਨਾਲ ਉਕਤ ਕਾਰਾ ਕਰਵਾਉਣ ਦੀ ਯੋਜਨਾ ਬਣਾਈ ਸੀ, ਤਾਂ ਜੋ ਲੋਕਾਂ ਨੂੰ ਇਹੀ ਲੱਗੇ ਕਿ ਨਿਰੰਜਨ ਦਾਸ ਨੂੰ ‘ਕੜਟਪੰਥੀ’ ਸਿੱਖਾਂ ਨੇ ਹੀ ਮਾਰਿਆ ਸੀ। ਪਰ ਵੀਆਨਾ ਦੇ ਡੇਰੇ ਵਿੱਚ ਹੋਏ ਵਾਦ-ਵਿਵਾਦ ਦੌਰਾਨ ਗਲਤੀ ਨਾਲ ਗੋਲੀਆਂ ਦਾ ਮੁੱਖ ਨਿਸ਼ਾਨਾ ਖ਼ੁਦ ਸਾਧ ਰਾਮਾਨੰਦ ਬਣ ਗਿਆ ਅਤੇ ਆਪਣੀ ਜਾਨ ਗੁਆ ਬੈਠਾ।
ਉੱਧਰ ਲੋਕ ਸਭਾ ਚੋਣਾਂ ਵਿੱਚ ਕਰਾਰੀ ਹਾਰ ਖਾਣ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਤੇ ਬੀਜੇਪੀ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਪੰਜਾਬ ਵਿੱਚ ਉਨ੍ਹਾਂ ਦਾ ਸਿਆਸੀ ਭਵਿੱਖ ਭਾਰੀ ਖ਼ਤਰੇ ਵਿੱਚ ਹੈ। ਇਸਲਈ ਉਨ੍ਹਾਂ ਨੇ ਇਸ ਮੌਕੇ ਦਾ ਭਰਪੂਰ ਲਾਭ ਚੁਕਦਿਆਂ ਉਕਤ ਡੇਰੇ ਦੇ ਸ਼ਰਧਾਲੂਆਂ ਨੂੰ ਬੁਰਛਾਗਰਦੀ ਕਰਨ ਦੀ ਖੁੱਲ੍ਹ ਦੇ ਕੇ ਦਲਿਤਾਂ ਦਾ ਸਾਥ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਜਾਣਦੇ ਹਨ ਕਿ ਸਮਝਦਾਰ ਸਿੱਖ ਅਤੇ ਹਿੰਦੂ ਦੋਵੇਂ ਅਕਾਲੀ ਦਲ ਤੋਂ ਕਿਨਾਰਾ ਕਰਦੇ ਜਾ ਰਹੇ ਹਨ (ਨੋਟ : ਇਸ ਘਟਨਾਕ੍ਰਮ ਤੋਂ ਕੁਝ ਦਿਨ ਬਾਅਦ ਹੀ ਪੰਜਾਬ ਦੇ ਨੂਰਮਹਿਲ ਖੇਤਰ ਵਿੱਚ ਜ਼ਿਮਨੀ ਚੋਣਾਂ ਵੀ ਹੋਣੀਆਂ ਸਨ। ਇਸ ਖੇਤਰ ਵਿੱਚ ਦਲਿਤ ਅਤੇ ਪਛੜੇ ਵਰਗਾਂ ਦੇ ਵੋਟਰ ਕਾਫੀ ਗਿਣਤੀ ਵਿੱਚ ਰਹਿੰਦੇ ਹਨ, ਜਿਸ ਨਾਲ ਬਾਦਲ ਐਂਡ ਪਾਰਟੀ ਨੂੰ ਇਨ੍ਹਾਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਦੀ ਆਸ ਮੁੜ ਬੱਝ ਗਈ ਹੈ।)। ਇਸੇ ਮਕਸਦ ਦੀ ਪ੍ਰਾਪਤੀ ਲਈ ਬਾਦਲ ਨੇ ਅਕਾਲ ਤਖ਼ਤ ਸਾਹਿਬ ’ਤੇ ਬਿਠਾਏ ਆਪਣੇ ਕਠਪੁਤਲੀ ਜਥੇਦਾਰ ਤੋਂ ਨਾ ਸਿਰਫ਼ ਉਕਤ ਡੇਰੇਦਾਰ ਦੀ ਮੌਤ ਦੇ ‘ਅਫਸੋਸ’ ਸਬੰਧੀ ਸੰਦੇਸ਼ ਜਾਰੀ ਕਰਵਾ ਦਿੱਤਾ ਬਲਕਿ ਉਸਦੀ ‘ਆਤਮਕ ਸ਼ਾਂਤੀ’ ਲਈ ਅਖੰਡ ਪਾਠ ਵੀ ਕਰਵਾ ਦਿੱਤਾ।
ਦੂਜੇ ਪਾਸੇ, ਸਿਆਸਤਦਾਨਾਂ ਅਤੇ ਡੇਰੇਦਾਰਾਂ ਦੇ ਗਠਜੋੜ ਦੀਆਂ ਇਨ੍ਹਾਂ ਕੁਚਾਲਾਂ ਤੋਂ ਅਨਜਾਣ ਪੰਜਾਬ ਦੇ ਆਮ ਲੋਕਾਂ ਵਿੱਚ ਜਾਤ-ਪਾਤ ਪ੍ਰਣਾਲੀ ਦੇ ਅਧਾਰ ’ਤੇ ਕਾਇਮ ਨਫਰਤ ਦੀ ਖਾਈ ਹੋਰ ਗਹਿਰੀ ਹੋ ਗਈ ਹੈ। ਜੇਕਰ ਸਿੱਖ ਅਤੇ ਦਲਿਤ ਬੁੱਧੀਜੀਵੀਆਂ ਨੇ ਸਮਾਂ ਰਹਿੰਦੇ ਆਪੋ-ਆਪਣੇ ਵਰਗ ਦੇ ਲੋਕਾਂ ਨੂੰ ਇਸ ਬਾਬਤ ਚੇਤੰਨ ਕਰਨ ਲਈ ਸਰਗਰਮ ਭੂਮਿਕਾ ਨਾ ਨਿਭਾਈ, ਤਾਂ ਦੋਵੇਂ ਪੱਖਾਂ ਨੂੰ ਭਵਿੱਖ ਵਿੱਚ ਇਸਦਾ ਭਾਰੀ ਖ਼ਾਮਿਆਜ਼ਾ ਚੁੱਕਣਾ ਪਏਗਾ।