

ਗੁਰੂ ਅਰਜੁਨ ਸਾਹਿਬ ਜੀ ਦੀ ਸ਼ਹਾਦਤ ਦੇ ਕਾਰਨ
- ਭਾਈ ਅਵਤਾਰ ਸਿੰਘ ਖ਼ਾਲਸਾ -
ਸੰਸਾਰ ਦੇ ਕਈ ਧਰਮਾਂ ਦੇ ਪੈਰੋਕਾਰਾਂ ਨੇ ਆਪਣੀ ਕਮਜ਼ੋਰ ਵਿਚਾਰਧਾਰਾ ਦੇ ਬਾਵਜੂਦ, ਆਪਣੇ ਧਰਮ ਦੇ ਸੰਸਥਾਪਕ ਨੂੰ ਬੜੀ ਮਹਾਨ ਹਸਤੀ ਵਜੋਂ ਪ੍ਰਚਾਰ ਕੇ ਜਾਂ ਉਸਦੀ ਸ਼ਹਾਦਤ ਦਾ ਸਹਾਰਾ ਲੈ ਕੇ ਆਪਣੇ ਮਤ ਨੂੰ ਦੁਨੀਆ ਭਰ ਵਿੱਚ ਫੈਲਾਉਣ ਵਿੱਚ ਭਾਰੀ ਸਫ਼ਲਤਾ ਪ੍ਰਾਪਤ ਕੀਤੀ ਹੈ। ਸਿੱਖ ਧਰਮ ਵਿੱਚ ਸ਼ਹੀਦੀ ਦੇਣ ਵਾਲਿਆਂ ਦੀ ਗਿਣਤੀ ਨਹੀਂ ਗਿਣੀ ਜਾ ਸਕਦੀ ਪਰ ਸਿੱਖਾਂ ਦੇ ਸਿਆਸੀ ਅਤੇ ਧਾਰਮਿਕ ਆਗੂਆਂ ਦੀ ਅਣਗਹਿਲੀ ਕਾਰਨ, ਇਨ੍ਹਾਂ ਸ਼ਹਾਦਤਾਂ ਦੀ ਦਾਸਤਾਨ ਦੁਨੀਆ ਭਰ ਤੱਕ ਤਾਂ ਕਿ, ਸਾਰੇ ਸਿੱਖਾਂ ਤੱਕ ਵੀ ਨਹੀਂ ਪਹੁੰਚ ਸਕੀ। ਇਥੋਂ ਤੱਕ ਕਿ ਸਿੱਖ ਪੰਥ ਦੇ ਵੱਡੇ ਹਿੱਸੇ ਨੂੰ ਕੌਮ ਦੇ ਪਹਿਲੇ ਸ਼ਹੀਦ ਗੁਰੂ ਅਰਜੁਨ ਸਾਹਿਬ ਜੀ ਦੀ ਸ਼ਹਾਦਤ ਦੇ ਕਾਰਨਾਂ ਬਾਰੇ ਵੀ ਨਹੀਂ ਪਤਾ।
ਇਸਦੇ ਕਈ ਕਾਰਨ ਹਨ। ਪਹਿਲਾ ਤਾਂ ਸਿੱਖਾਂ ਨੇ ਆਪਣਾ ਇਤਿਹਾਸ ਆਪ ਲਿਖ ਕੇ, ਸੰਭਾਲਣ ਦੀ ਕਦੇ ਲੋੜ ਹੀ ਨਹੀਂ ਸਮਝੀ। ਜਿਹੜਾ ਇਤਿਹਾਸ ਸਾਡੇ ਕੋਲ ਉਪਲਬਧ ਹੈ ਉਹ ਮੁਸਲਮਾਨ, ਹਿੰਦੂ ਜਾਂ ਅੰਗਰੇਜ਼ ਇਤਿਹਾਸਕਾਰਾਂ ਦਾ ਲਿਖਿਆ ਹੋਇਆ ਹੈ। ਗੁਰੂ ਸਾਹਿਬਾਨ ਦੇ ਕਾਲ ਵਿੱਚ ਸਿੱਖਾਂ ਅਤੇ ਮੁਗਲਾਂ ਵਿਚਕਾਰ ਸਿੱਧੀ ਅਤੇ ਵਿਚਾਰਧਾਰਕ ਜੰਗ ਕਾਰਨ ਮੁਸਲਮਾਨ ਲਿਖਾਰੀਆਂ ਨੇ ਗੁਰੂ ਸਾਹਿਬਾਨ ਬਾਰੇ ਕਈ ਝੂਠੀਆਂ ਅਤੇ ਅਪਮਾਨਜਨਕ ਗੱਲਾਂ ਲਿਖ ਦਿੱਤੀਆਂ। ਹਿੰਦੂ ਲਿਖਾਰੀਆਂ ਨੇ ਗੁਰੂ ਸਾਹਿਬਾਨ ਬਾਰੇ ਜੋ ਲਿਖਿਆ, ਉਸ ਵਿੱਚੋਂ ਉਪਰੀ ਤੌਰ ’ਤੇ ਤਾਂ ਸ਼ਰਧਾ ਦੇ ਹੀ ਦਰਸ਼ਨ ਹੁੰਦੇ ਹਨ ਪਰ ਗੁਰਮਤਿ ਸਿਧਾਂਤਾਂ ਦੀ ਰੌਸ਼ਨੀ ਵਿੱਚ ਵਾਚਿਆਂ, ਇਹ ਸਪਸ਼ੱਟ ਹੁੰਦਾ ਹੈ ਕਿ ਉਨ੍ਹਾਂ ਨੇ ਵੀ ਸਿੱਖ ਇਤਿਹਾਸ ਨੂੰ ਬ੍ਰਾਹਮਣਵਾਦੀ ਰੰਗਤ ਦੇਣ ਲਈ ਪੂਰਾ ਜ਼ੋਰ ਲਗਾਇਆ ਹੈ। ਅੰਗਰੇਜ਼ਾਂ ਨੇ ਸਿੱਖਾਂ ਦਾ ਇਤਿਹਾਸ ਲਿਖਣ ਲਈ ਹਿੰਦੂ ਅਤੇ ਮੁਸਲਮਾਨ ‘ਵਿਦਵਾਨਾਂ’ ਦੀ ਸਲਾਹ ਲਈ, ਜਿਨ੍ਹਾਂ ਨੇ ਸੁਭਾਵਿਕ ਤੌਰ ’ਤੇ ਅੰਗਰੇਜ਼ਾਂ ਨੂੰ ਸਿੱਖ ਇਤਿਹਾਸ ਅਤੇ ਫਲਸਫੇ ਬਾਰੇ ਸਹੀ ਜਾਣਕਾਰੀ ਨਹੀਂ ਦਿੱਤੀ।
ਸਿੱਖ ਲਿਖਾਰੀਆਂ ਦੇ ਇੱਕ ਵੱਡਾ ਹਿੱਸੇ ਨੇ, ਜੋ ਬ੍ਰਾਹਮਣਵਾਦ ਰੂਪੀ ਅਜਗਰ ਦੇ ਮੂੰਹ ਵਿੱਚ ਸਮਾ ਚੁੱਕਾ ਹੈ, ਇਤਿਹਾਸ ਲਿਖਣ ਵੇਲੇ ਗੁਰੂ ਸਾਹਿਬਾਨ ਨੂੰ ਹਿੰਦੂ ਮਿਥਿਹਾਸਕ ਪਾਤਰਾਂ ਵਾਂਗ ਹੀ ਪੇਸ਼ ਕੀਤਾ ਹੈ। ਅਨਪੜ੍ਹ ਪ੍ਰਚਾਰਕਾਂ ਅਤੇ ਸਾਧ-ਬਾਬਿਆਂ ਨੇ ਬਿਨ੍ਹਾਂ ਸੋਚੇ-ਸਮਝੇ ਹੀ ਅਜਿਹੀਆਂ ਗੁਰੂ ਘਰ ਵਿਰੋਧੀ ਸਾਖੀਆਂ ਦਾ ਪ੍ਰਚਲਨ ਕਰ ਦਿੱਤਾ ਹੈ, ਜੋ ਸਿੱਖਾਂ ਨੂੰ ਐਨ ਉਹੀ ਕਰਮ-ਕਾਂਡ ਕਰਨ ਲਈ ਪ੍ਰੇਰਦੇ ਹਨ, ਜਿਨ੍ਹਾਂ ਤੋਂ ਗੁਰੂ ਸਾਹਿਬਾਨ ਨੇ ਸਾਨੂੰ ਰੋਕਿਆ ਸੀ।
ਇਹੀ ਕਾਰਨ ਹੈ ਕਿ ਹਰ ਸਾਲ ਉਨ੍ਹਾਂ ਦੇ ਸ਼ਹਾਦਤ ਪੁਰਬ ਮੌਕੇ ਗੁਰਦੁਆਰਿਆਂ ਵਿੱਚ ਬੇਅੰਤ ਛਬੀਲਾਂ ਵੰਡੀਆਂ ਜਾਂਦੀਆਂ ਹਨ, ਲੰਗਰ ਲਗਾਏ ਜਾਂਦੇ ਹਨ, ਮਹਿੰਗੇ-ਮਹਿੰਗੇ ਰਾਗੀ ਬੁਲਾ ਕੇ ਕੀਰਤਨ ਦਰਬਾਰ ਕਰਵਾਏ ਜਾਂਦੇ ਹਨ, ਸਿਆਸੀ ਲੀਡਰਾਂ ਨੂੰ ਸਿਰੋਪੇ ਦਿੱਤੇ-ਲਏ ਜਾਂਦੇ ਹਨ, ਸੈਮੀਨਾਰ ਕਰਵਾਏ ਜਾਂਦੇ ਹਨ ਪਰ ਜੇਕਰ ਕਿਸੇ ਸ਼ਰਧਾਲੂ ਨੂੰ ਗੁਰੂ ਅਰਜੁਨ ਸਾਹਿਬ ਦੀ ਸ਼ਹਾਦਤ ਦੇ ਕਾਰਨਾਂ ਬਾਰੇ ਪੁੱਛ ਲਵੋ, ਤਾਂ ਉਹ ਸੋਚਾਂ ਵਿੱਚ ਪੈ ਜਾਂਦਾ ਹੈ।
ਗੁਰੂ ਅਰਜੁਨ ਸਾਹਿਬ ਜੀ ਦੀ ਸ਼ਹਾਦਤ ਦੇ ਕਾਰਨਾਂ ਬਾਰੇ ਚਰਚਾ ਕਰਨ ਤੋਂ ਪਹਿਲਾਂ ਉਨ੍ਹਾਂ ਦੀਆਂ ਸਿੱਖ ਸਮਾਜ ਨੂੰ ਦੇਣ ਬਾਰੇ ਇਕ ਸੰਖੇਪ ਝਾਤ ਮਾਰਨਾ ਜ਼ਰੂਰੀ ਹੈ। ਇਹ ਗੁਰੂ ਅਰਜੁਨ ਸਾਹਿਬ ਜੀ ਹੀ ਸਨ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਅਤਿ ਯੋਜਨਾਬੱਧ ਢੰਗ ਨਾਲ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣ ਦੇ ਉਪਰਾਲੇ ਕੀਤੇ। ਉਨ੍ਹਾਂ ਨੇ ਭਾਈ ਗੁਰਦਾਸ, ਭਾਈ ਮੰਝ, ਭਾਈ ਬਹਿਲੋ, ਭਾਈ ਕਲਿਆਣਾ, ਭਾਈ ਤਿਲਕੂ, ਭਾਈ ਲੰਗਾਹ, ਭਾਈ ਬੋਹੜੂ, ਭਾਈ ਬਿਧੀ ਚੰਦ, ਭਾਈ ਜੇਠਾ, ਭਾਈ ਪਿਰਾਣਾਂ ਜੀ ਵਰਗੇ ਪ੍ਰਚਾਰਕ ਵੱਖ-ਵੱਖ ਇਲਾਕਿਆਂ ਵਿੱਚ ਧਰਮ ਪ੍ਰਚਾਰ ਕਰਨ ਵਾਸਤੇ ਭੇਜੇ। ਇਨ੍ਹਾਂ ਪ੍ਰਚਾਰਕਾਂ ਨੇ ਸਰਬਤ ਲੋਕਾਈ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਅਦੁੱਤੀ ਵਿਚਾਰਧਾਰਾ ਤੋਂ ਜਾਣੂ ਕਰਵਾਇਆ, ਜਿਸ ਕਰਕੇ ਬਹੁਤ ਸਾਰੇ ਹਿੰਦੂ ਅਤੇ ਮੁਸਲਮਾਨ ਆਪਣਾ ਧਰਮ ਛੱਡ ਕੇ, ਸਿੱਖ ਧਰਮ ਵਿੱਚ ਸ਼ਾਮਿਲ ਹੋ ਗਏ।
ਸਮਾਜਕ ਭਲਾਈ ਵਾਸਤੇ ਗੁਰੂ ਅਰਜੁਨ ਸਾਹਿਬ ਨੇ ਤਰਨ ਤਾਰਨ ਅਤੇ ਕਰਤਾਰਪੁਰ ਜਿਹੇ ਸ਼ਹਿਰਾਂ ਦੀ ਸਥਾਪਨਾ ਕੀਤੀ। ਸਿੱਖੀ ਦੇ ਪ੍ਰਚਾਰ ਵਾਸਤੇ ਆਪ ਜੀ ਨੇ ਅੰਮ੍ਰਿਤਸਰ ਸ਼ਹਿਰ ਵਿੱਚ ‘ਦਰਬਾਰ ਸਾਹਿਬ’ ਦੀ ਸਥਾਪਨਾ ਕੀਤੀ, ਜਿੱਥੇ ਹਰ ਧਰਮ, ਨਸਲ, ਲਿੰਗ, ਉਮਰ ਦੇ ਲੋਕਾਂ ਨੂੰ ਮਨੁੱਖਤਾ ਦਾ ਸੰਦੇਸ਼ ਮਿਲਦਾ ਹੈ। ਸਨ 1595 ਵਿੱਚ ਲਾਹੌਰ ਵਿੱਚ ਅਕਾਲ ਪੈ ਜਾਣ ’ਤੇ ਗੁਰੂ ਸਾਹਿਬ ਨੇ ਖ਼ੁਦ ਉੱਥੇ ਜਾ ਕੇ ਦੀਨ-ਦੁਖੀਆਂ ਦੀ ਮਦਦ ਕੀਤੀ ਅਤੇ ਅਕਬਰ ਨੂੰ ਆਖ ਕੇ ਕਿਸਾਨਾਂ ਦਾ ਲਗਾਨ ਵੀ ਮੁਆਫ਼ ਕਰਵਾ ਦਿੱਤਾ।
ਬ੍ਰਾਹਮਣਵਾਦੀ ਅਨਸਰਾਂ ਵੱਲੋਂ ਭਗਤਾਂ ਅਤੇ ਗੁਰੂਆਂ ਦੇ ਨਾਂ ’ਤੇ ਮਨਮਤੀ ਬਾਣੀਆਂ ਰਚਨ ਦੇ ਰੁਝਾਨ ਨੂੰ ਵੇਖਦਿਆਂ ਗੁਰੂ ਅਰਜੁਨ ਸਾਹਿਬ ਨੇ ਗੁਰੂ ਗੰ੍ਰਥ ਸਾਹਿਬ ਦੀ ਸੰਪਾਦਨਾ ਵੀ ਕੀਤੀ। ਉਨ੍ਹਾਂ ਨੇ ਗੁਰਮਤਿ ਸਿਧਾਂਤਾਂ ’ਤੇ ਖਰੀ ਉਤਰਦੀ ਸਾਰੀ ਬਾਣੀ ਨੂੰ ਇਕੱਤਰ ਕਰਕੇ ਭਾਈ ਗੁਰਦਾਸ ਜੀ ਦੀ ਮਦਦ ਨਾਲ ਰਾਗਾਂ ਦੇ ਅਧਾਰ ’ਤੇ ਗੁਰੂ ਗੰ੍ਰਥ ਸਾਹਿਬ ਵਿੱਚ ਦਰਜ ਕੀਤਾ। ਉਨ੍ਹਾਂ ਨੇ ਗੁਰਬਾਣੀ ਦੀ ਸੰਪਾਦਨਾ ਇਸ ਢੰਗ ਨਾਲ ਕੀਤੀ ਕਿ ਇਸ ਵਿਚੋਂ ਇਕ ਵੀ ਰਚਨਾ ਘਟਾਈ ਜਾਂ ਵਧਾਈ ਨਹੀਂ ਜਾ ਸਕਦੀ।
ਗੁਰੂ ਅਰਜੁਨ ਸਾਹਿਬ ਵੱਲੋਂ ਕਰਵਾਏ ਜਾ ਰਹੇ ਉਪਰੋਕਤ ਕਾਰਜਾਂ ਅਤੇ ਉਨ੍ਹਾਂ ਦੀ ਦੂਰ-ਦ੍ਰਿਸ਼ਟੀ ਕਾਰਨ ਸਿੱਖ ਧਰਮ ਦਾ ਪ੍ਰਭਾਵ ਬੜੀ ਤੇਜ਼ੀ ਨਾਲ ਫੈਲਿਆ। ਇਸ ਤੋਂ ਪਰੇਸ਼ਾਨ ਹੋ ਕੇ ਕੱਟੜਪੰਥੀ ਹਿੰਦੂਆਂ ਅਤੇ ਮੁਸਲਮਾਨਾਂ ਨੇ ਗੁਰੂ ਸਾਹਿਬ ਵਿਰੁੱਧ ਕਈ ਤਰ੍ਹਾਂ ਦੀਆਂ ਚਾਲਾਂ ਚਲਣੀਆਂ ਸ਼ੁਰੂ ਕਰ ਦਿੱਤੀਆਂ। ਸੰਖੇਪ ਰੂਪ ਵਿੱਚ, ਗੁਰੂ ਅਰਜੁਨ ਸਾਹਿਬ ਦੀ ਸ਼ਹਾਦਤ ਦੇ ਇਹ ਕਾਰਨ ਗਿਣੇ ਜਾ ਸਕਦੇ ਹਨ :
1) ਨਿਰਭੈਅਤਾ ਦੇ ਵਾਤਾਰਵਰਨ ਦੀ ਸਿਰਜਣਾ : ਗੁਰੂ ਅਰਜੁਨ ਸਾਹਿਬ ਜੀ ਨੇ ਗੁਰਮਤਿ ਵਿਚਾਰਧਾਰਾ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਸਮਾਜ ਦੇ ਲਤਾੜੇ ਅਤੇ ਦੱਬੇ-ਕੁਚਲੇ ਲੋਕਾਂ ਤੱਕ ਪਹੁੰਚਾਇਆ। ਉਨ੍ਹਾਂ ਨੇ ਸਮੂਹ ਮਾਨਵਤਾ ਨੂੰ ਨਿਰਭਉ ਅਤੇ ਨਿਰਵੈਰ ਹੋਣ ਦੀ ਪ੍ਰੇਰਨਾ ਕੀਤੀ। ਇਸੇ ਮਕਸਦ ਤਹਿਤ, ਉਨ੍ਹਾਂ ਨੇ ਆਪਣੇ ਪੁੱਤਰ (ਗੁਰੂ) ਹਰਿਗੋਬਿੰਦ ਅਤੇ ਹੋਰ ਚੁਨਿੰਦਾ ਸਿੱਖਾਂ ਲਈ ਹਥਿਆਰ ਚਲਾਉਣ ਦੀ ਸਿਖਲਾਈ ਪ੍ਰਾਪਤ ਕਰਨ ਦਾ ਪ੍ਰਬੰਧ ਵੀ ਕੀਤਾ। ਗੁਰੂ ਸਾਹਿਬ ਦੇ ਇਨ੍ਹਾਂ ਉਪਰਾਲਿਆਂ ਤੋਂ ਮਨੁੱਖਤਾ ਦਾ ਸ਼ੋਸ਼ਣ ਕਰਨ ਵਾਲਾ ਪੁਜਾਰੀ ਵਰਗ, ਭਾਵੇਂ ਉਹ ਹਿੰਦੂਆਂ ਨਾਲ ਸੰਬੰਧਿਤ ਸੀ ਜਾਂ ਮੁਸਲਮਾਨਾਂ ਨਾਲ, ਵਿੱਚ ਇਹ ਭੈਅ ਪੈਦਾ ਹੋ ਗਿਆ ਕਿ ਜੇਕਰ ਗੁਰੂ ਅਰਜੁਨ ਸਾਹਿਬ ਦੀ ਪ੍ਰਚਾਰ ਮੁਹਿੰਮ ਇਸੇ ਤਰ੍ਹਾਂ ਚੱਲਦੀ ਰਹੀ ਤਾਂ ਜਾਗਰੂਕ ਲੋਕ ਉਨ੍ਹਾਂ ਦੇ ਸ਼ਿਕੰਜੇ ਵਿਚੋਂ ਨਿਕਲ ਜਾਣਗੇ ਅਤੇ ਉਨ੍ਹਾਂ ਦੀ ਤਾਕਤ ਖ਼ਤਮ ਹੋ ਜਾਏਗੀ। ਇਸਲਈ ਪੁਜਾਰੀ ਵਰਗ ਗੁਰੂ ਅਰਜੁਨ ਸਾਹਿਬ ਦਾ ਕੱਟਰ ਵਿਰੋਧੀ ਹੋ ਗਿਆ ਅਤੇ ਅਗੋਂ ਜਾ ਕੇ ਉਨ੍ਹਾਂ ਦੀ ਸ਼ਹਾਦਤ ਦਾ ਇਕ ਕਾਰਨ ਬਣਿਆ।
2) ਪ੍ਰਿਥੀ ਚੰਦ : ਗੁਰੂ ਅਰਜੁਨ ਸਾਹਿਬ ਦਾ ਵੱਡਾ ਪ੍ਰਿਥੀ ਚੰਦ, ਗੁਰਗੱਦੀ ਪ੍ਰਾਪਤ ਕਰਨਾ ਚਾਹੁੰਦਾ ਸੀ। ਪਰ ਗੁਰਗੱਦੀ ਦੇ ਕਾਬਿਲ ਨਾ ਹੋਣ ਕਾਰਨ, ਗੁਰੂ ਰਾਮਦਾਸ ਜੀ ਨੇ ਅਰਜੁਨ ਸਾਹਿਬ ਨੂੰ ਆਪਣੀ ਗੱਦੀ ਸੌਂਪੀ। ਇਸ ਨਾਲ ਪ੍ਰਿਥੀ ਚੰਦ ਦੇ ਮਨ ਵਿੱਚ ਆਪਣੇ ਛੋਟੇ ਭਰਾ (ਗੁਰੂ ਅਰਜੁਨ ਸਾਹਿਬ) ਪ੍ਰਤੀ ਬੜੀ ਈਰਖਾ ਪੈਦਾ ਹੋ ਗਈ। ਉਸਨੇ ਅਕਬਰ ਬਾਦਸ਼ਾਹ ਨੂੰ ਜਾ ਕੇ ਸ਼ਿਕਾਇਤ ਕੀਤੀ ਕਿ ਉਸਦੇ ਨਾਲ ਅਨਿਆਂ ਹੋਇਆ ਹੈ ਅਤੇ ਉਸਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਪਰ ਅਕਬਰ ਗੁਰੂ ਘਰ ਦਾ ਸ਼ਰਧਾਲੂ ਸੀ। ਇਸਲਈ ਉਸਨੇ ਇਸ ਮਾਮਲੇ ਵਿੱਚ ਦਖ਼ਲਅੰਦਾਜ਼ੀ ਕਰਨ ਤੋਂ ਇਨਕਾਰ ਕਰ ਦਿੱਤਾ।
ਜਦ ਅਕਬਰ ਦੀ ਰਾਜਗੱਦੀ ਜਹਾਂਗੀਰ ਨੂੰ ਪ੍ਰਾਪਤ ਹੋ ਗਈ, ਤਾਂ ਪ੍ਰਿਥੀ ਚੰਦ ਨੇ ਜਹਾਂਗੀਰ ਕੋਲ ਵੀ ਗੁਰੂ ਸਾਹਿਬ ਪ੍ਰਤੀ ਝੂਠੀਆਂ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪ੍ਰਿਥੀ ਚੰਦ ਦੀਆਂ ਅਜਿਹੀਆਂ ਗਤੀਵਿਧੀਆਂ ਨੇ ਜਹਾਂਗੀਰ ਦੇ ਮਨ ਵਿੱਚ ਗੁਰੂ ਸਾਹਿਬ ਪ੍ਰਤੀ ਈਰਖਾਲੂ ਅਤੇ ਨਫ਼ਰਤ ਭਰਪੂਰ ਵਿਚਾਰ ਪੈਦਾ ਕਰ ਦਿੱਤੇ ਅਤੇ ਉਹ ਗੁਰੂ ਸਾਹਿਬ ਨੂੰ ਖ਼ਤਮ ਕਰਨ ਦੀ ਸੋਚਣ ਲੱਗਾ।
3) ਚੰਦੂ ਦੀ ਈਰਖਾ : ਗੁਰੂ ਅਰਜੁਨ ਸਾਹਿਬ ਦੇ ਸਮੇਂ ਵਿੱਚ ਲਾਹੌਰ ਦਾ ਦੀਵਾਨ ਚੰਦੂ ਸੀ। ਪ੍ਰਚਲਿਤ ਸਾਖੀ ਮੁਤਾਬਿਕ, ਉਸਨੇ ਆਪਣੀ ਬੇਟੀ ਦਾ ਰਿਸ਼ਤਾ ਕਰਨ ਲਈ ਪ੍ਰੋਹਿਤਾਂ ਤੋਂ ਮਦਦ ਮੰਗੀ। ਉਨ੍ਹਾਂ ਨੇ ਚੰਦੂ ਦੀ ਬੇਟੀ ਦਾ ਰਿਸ਼ਤਾ (ਗੁਰੂ) ਹਰਿਗੋਬਿੰਦ ਜੀ ਨਾਲ ਕਰਨ ਦੀ ਸਲਾਹ ਦਿੱਤੀ। ਚੰਦੂ, ਜੋ ਬ੍ਰਾਹਮਣਵਾਦ ਨੂੰ ਕੱਟਣ ਵਾਲੇ ਸਿਧਾਂਤਾਂ ਪ੍ਰਤੀ ਸਮਰਪਿਤ ਹੋਣ ਕਾਰਨ ਸਿੱਖਾਂ, ਖ਼ਾਸਕਰ ਗੁਰੂ ਘਰ ਪ੍ਰਤੀ ਵੈਰ-ਭਾਵ ਰੱਖਦਾ ਸੀ, ਨੇ ਭਰੇ ਇਕੱਠ ਵਿੱਚ ਗੁਰੂ ਜੀ ਦੀ ਨਿਰਾਦਰੀ ਕੀਤੀ। ਉਸਨੇ ਆਖਿਆ, ‘‘ਪ੍ਰੋਹਿਤ ਜੀ, ਚੁਬਾਰੇ ਦੀ ਇੱਟ ਮੋਰ੍ਹੀ ਨੂੰ ਲਗਾਉਣ ਦੀ ਗੱਲ ਕਰਦੇ ਹੋ?’’ ਸਿੱਖਾਂ ਨੇ ਗੁਰੂ ਸਾਹਿਬ ਦੇ ਅਪਮਾਨ ਦਾ ਬੜਾ ਬੁਰਾ ਮਨਾਇਆ ਅਤੇ ਸਤਿਗੁਰੂ ਜੀ ਨੂੰ ਚਿੱਠੀ ਲਿਖ ਭੇਜੀ ਕਿ ਇਹ ਰਿਸ਼ਤਾ ਪੱਕਾ ਨਾ ਕਰਨਾ :
ਲਿਖਿਯੋ ਚੰਦੂ ਦੁਸਟ ਗਰਬੀਲੇ।
ਦੁਰ ਬਚਨਨ ਤੇ ਹਮ ਉਰ ਛੀਲੇ।
ਆਪ ਚੁਬਾਰਾ ਬਣਿਉ ਪਾਪੀ।
ਗੁਰ ਕਾ ਘਰ ਇਨ ਮੋਰੀ ਥਾਪੀ।
ਨਿੰਦੀ ਯਾ ਬਿਧ ਉਨ ਗੁਰ ਗਾਦੀ।
ਕਰੀ ਨ ਚਾਹੀਏ ਇਨ ਕੇ ਸ਼ਾਦੀ।
ਦੂਜੇ ਪਾਸੇ, ਚੰਦੂ ਦੇ ਪ੍ਰੋਹਿਤਾਂ ਨੇ ਆਖਿਆ ਕਿ ਉਸਦੀ ਬੇਟੀ ਲਈ ਇਹ ਵਰ ਬੜਾ ਚੰਗਾ ਹੈ, ਇਸਲਈ ਉਸਨੂੰ ਗੁਰੂ ਅਰਜੁਨ ਸਾਹਿਬ ਦੇ ਘਰ ਹੀ ਰਿਸ਼ਤਾ ਕਰਨਾ ਚਾਹੀਦਾ ਹੈ। ਸ਼ਾਇਦ ਚੰਦੂ ਦੇ ਮਨ ਵਿੱਚ ਵੀ ਇਹ ਵਿਚਾਰ ਆਇਆ ਹੋਵੇ ਕਿ ਆਪਣੀ ਧੀ ਰਾਹੀਂ ਗੁਰੂ ਘਰ ਵਿੱਚ ਘੁਸਪੈਠ ਕਰਕੇ ਅਤੇ ਹਰਿਗੋਬਿੰਦ, ਜਿਨ੍ਹਾਂ ਦੇ ਗੁਰੂ ਬਣਨ ਦੀ ਭਾਰੀ ਸੰਭਾਵਨਾ ਸੀ, ਨੂੰ ਸਿਧਾਂਤਕ ਤੌਰ ’ਤੇ ਗੁੰਮਾਰਾਹ ਕਰਕੇ ਗੁਰਮਤਿ ਲਹਿਰ ਨੂੰ ਬ੍ਰਾਹਮਣਵਾਦ ਵਿਰੁੱਧ ਪ੍ਰਚਾਰ ਕਰਨ ਤੋਂ ਰੋਕਣ ਵਿੱਚ ਸਫਲ ਹੋ ਸਕੇ। ਇਸਲਈ ਕਾਫੀ ਸਲਾਹ-ਮਸ਼ਵਰੇ ਉਪਰੰਤ ਚੰਦੂ ਨੇ ਪ੍ਰੋਹਿਤਾਂ ਨੂੰ ਰਿਸ਼ਤੇ ਦੀ ਗੱਲ ਕਰਨ ਵਾਸਤੇ ਗੁਰੂ ਅਰਜੁਨ ਸਾਹਿਬ ਕੋਲ ਭੇਜਿਆ। ਪਰ ਇਸ ਤੋਂ ਪਹਿਲਾਂ ਗੁਰੂ ਸਾਹਿਬ ਨੂੰ ਸਿੱਖਾਂ ਦਾ ਪੱਤਰ ਪ੍ਰਾਪਤ ਹੋ ਚੁੱਕਾ ਸੀ ਅਤੇ ਉਹ ਖ਼ੁਦ ਵੀ ਚੰਦੂ ਵਰਗੇ ਬ੍ਰਾਹਮਣਵਾਦੀਆਂ ਦੀ ਮਾਨਸਿਕਤਾ ਤੋਂ ਚੰਗੀ ਤਰ੍ਹਾਂ ਵਾਕਿਫ ਸਨ।। ਇਸਲਈ ਉਨ੍ਹਾਂ ਨੇ ਚੰਦੂ ਦੇ ਘਰ ਆਪਣੇ ਪੁੱਤਰ ਦਾ ਰਿਸ਼ਤਾ ਕਰਨ ਤੋਂ ਇਨਕਾਰ ਕਰ ਦਿੱਤਾ। ਪ੍ਰੋਹਿਤ ਵਾਪਿਸ ਚੰਦੂ ਕੋਲ ਗਿਆ ਅਤੇ ਸਾਰੀ ਗੱਲ ਦੱਸੀ। ਚੰਦੂ ਨੇ ਗੁਰੂ ਸਾਹਿਬ ਕੋਲ ਸੰਦੇਸ਼ ਭਿਜਵਾਇਆ ਕਿ ਜੇਕਰ ਉਹ ਰਿਸ਼ਤਾ ਪੱਕਾ ਕਰ ਦੇਣ ਤਾਂ ਉਹ ਉਨ੍ਹਾਂ ਨੂੰ ਇਕ ਲੱਖ ਰੁਪਏ ਭੇਟ ਕਰੇਗਾ। ਪਰ ਗੁਰੂ ਅਰਜੁਨ ਸਾਹਿਬ ਨੇ ਕੋਈ ਲਾਲਚ ਨਹੀਂ ਕੀਤਾ ਅਤੇ ਆਪਣੇ ਇਕ ਸਿੱਖ ਨਰਾਇਣ ਦਾਸ ਦੀ ਪੁੱਤਰੀ ਦਮੋਦਰੀ ਨਾਲ (ਗੁਰੂ) ਹਰਿਗੋਬਿੰਦ ਦਾ ਰਿਸ਼ਤਾ ਪੱਕਾ ਕਰ ਦਿੱਤਾ।
ਗੁਰੂ ਘਰ ਵਿੱਚ ਆਪਣੀ ਪੁੱਤਰੀ ਦਾ ਰਿਸ਼ਤਾ ਕਰਵਾ ਪਾਉਣ ਅਤੇ ਸਿੱਖ ਲਹਿਰ ਨੂੰ ਬ੍ਰਾਹਮਣਵਾਦੀ ਸਿਧਾਂਤਾਂ ਖਿਲਾਫ਼ ਪ੍ਰਚਾਰ ਤੋਂ ਰੋਕਣ ਵਿੱਚ ਅਸਫ਼ਲ ਰਹਿਣ ਨੂੰ ਚੰਦੂ ਨੇ ਆਪਣੇ ਲਈ ਅਪਮਾਨ ਦਾ ਸੂਚਕ ਮੰਨਿਆ ਅਤੇ ਉਹ ਵੀ ਗੁਰੂ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਲਈ ਯਤਨਸ਼ੀਲ ਹੋ ਗਿਆ। ਸਰਕਾਰੇ-ਦਰਬਾਰੇ ਆਪਣੀ ਪਹੁੰਚ ਦਾ ਲਾਭ ਉਠਾਉਂਦਿਆਂ, ਉਸਨੇ ਵੀ ਗੁਰੂ ਸਾਹਿਬ ਵਿਰੁੱਧ ਝੂਠੀਆਂ ਸ਼ਿਕਾਇਤਾਂ ਕਰਨੀਆਂ ਅਰੰਭ ਕਰ ਦਿੱਤੀਆਂ। ਅਸਲ ਵਿੱਚ, ਗੁਰੂ ਅਰਜੁਨ ਸਾਹਿਬ ਦੀ ਸ਼ਹਾਦਤ ਲਈ ਸਭ ਤੋਂ ਵੱਧ ਸਰਗਰਮ ਭੂਮਿਕਾ ਨਿਭਾਉਣ ਵਾਲਾ ਈਰਖਾਲੂ ਦੀਵਾਨ ਚੰਦੂ ਮਲ ਹੀ ਸੀ।
3) ਸਿੱਖਾਂ ਦੀ ਜੱਥੇਬੰਦੀ ਦੀ ਉਸਾਰੀ : ਗੁਰੂ ਅਰਜੁਨ ਸਾਹਿਬ ਜੀ ਦੀ ਅਗਵਾਈ ਵਿੱਚ ਸਿੱਖ ਇਕ ਮਜ਼ਬੂਤ ਜੱਥੇਬੰਦੀ ਦੇ ਰੂਪ ਵਿੱਚ ਉਭਰੇ। ਇਤਿਹਾਸਕਾਰ ਗੋਕੁਲ ਚੰਦ ਨਾਰੰਗ ਲਿਖਦਾ ਹੈ ਕਿ ਗੁਰੂ ਜੀ ਦੇ ਵੇਲੇ ਇਕ ਕਿਸਮ ਦੀ ਰਿਆਸਤ ਜਿਹੀ ਬਣਨੀ ਸ਼ੁਰੂ ਹੋ ਗਈ। 1604 ਤੱਕ ਸਿੱਖਾਂ ਨੇ ਆਪਣੀ ਮਜਬੂਤ ਜੱਥੇਬੰਦੀ ਬਣਾ ਲਈ ਸੀ। ਸੰਗਤਾਂ ਅਤੇ ਮਸੰਦਾਂ (ਉਸ ਵੇਲੇ ਅਤਿ-ਸਤਿਕਾਰਤ ਸਿੱਖ ਪ੍ਰਚਾਰਕ) ਨਾਲ ਗੁੰਦੀ ਹੋਈ ਜੱਥੇਬੰਦੀ ਨੇ ਸਿੱਖਾਂ ਨੂੰ ਧਾਰਮਿਕ, ਸਮਾਜਿਕ, ਆਰਥਿਕ ਤੌਰ ’ਤੇ ਇਕੱਠਿਆਂ ਕਰ ਦਿੱਤਾ।
ਦਸਵੰਧ ਭੇਟ ਕਰਨ ਦੀ ਪ੍ਰਥਾ ਕਾਰਨ ਗੁਰੂ ਘਰ ਵਿੱਚ ਮਾਇਆ ਦੀ ਥੁੜ ਵੀ ਨਹੀਂ ਹੁੰਦੀ ਸੀ ਅਤੇ ਲੋੜਵੰਦ ਸਿੱਖਾਂ ਦੀ ਵੀ ਮਦਦ ਕਰ ਦਿੱਤੀ ਜਾਂਦੀ ਸੀ। ਇਸ ਤਰ੍ਹਾਂ ਸਿੱਖਾਂ ਨੇ ਆਤਮ-ਸ਼ਾਸਨ (ਤਕ;-ਿਪਰਡਵ।) ਦਾ ਸਵਾਦ ਵੀ ਚਖ ਲਿਆ ਸੀ। ਮੁਗਲ ਹਕੂਮਤ ਸਿੱਖਾਂ ਦੀ ਇਸ ਵੱਧਦੀ ਤਾਕਤ ਤੋਂ ਖਾਰ ਖਾਣ ਲੱਗ ਪਈ, ਜਿਸਦਾ ਨਤੀਜਾ ਗੁਰੂ ਅਰਜੁਨ ਸਾਹਿਬ ਦੀ ਸ਼ਹਾਦਤ ਦੇ ਰੂਪ ਵਿੱਚ ਨਿਕਲਿਆ।
4) ਨਕਸ਼ਬੰਦੀਆਂ ਦੀ ਈਰਖਾ : ਗੁਰੂ ਸਾਹਿਬ ਵਿਰੁੱਧ ਜਹਾਂਗੀਰ ਦੇ ਕੰਨ ਭਰਨ ਵਿੱਚ ਨਕਸ਼ਬੰਦੀ (ਇਸਲਾਮੀ ਪ੍ਰਚਾਰਕਾਂ ਦੀ ਇਕ ਸੰਪ੍ਰਦਾਅ) ਵੀ ਕਿਸੇ ਤੋਂ ਪਿੱਛੇ ਨਹੀਂ ਸਨ। ਨਕਸ਼ਬੰਦੀਆਂ ਦਾ ਇਕ ਪ੍ਰਭਾਵਸ਼ਾਲੀ ਆਗੂ ਮੌਲਾਨਾ ਸ਼ੇਖ਼ ਅਹਿਮਦ ਸਰਹੰਦੀ ਸੀ। ਉਸਦੇ ਵਿਚਾਰ ਅਨੁਸਾਰ ਇਸਲਾਮ ਦੀ ਇੱਜ਼ਤ ਕੁਫ਼ਰ ਅਤੇ ਕਾਫ਼ਿਰ ਦੀ ਖੁਆਰੀ ਵਿੱਚ ਹੈ। ਅਹਿਮਦ ਸਰਹੰਦੀ ਨੇ ਜਹਾਂਗੀਰ ਦੇ ਤਖ਼ਤ ’ਤੇ ਬੈਠਣ ਵੇਲੇ ਉਸਨੂੰ ਕਿਹਾ ਸੀ ਜੇਕਰ ਤੁਹਾਡੇ ਤਖ਼ਤ ’ਤੇ ਬੈਠਣ ਦੇ ਇਕ ਮਹੀਨੇ ਅੰਦਰ ਹੀ ਇਸਲਾਮ ਦੇ ਪੈਰ ਹਿੰਦ ਵਿੱਚ ਜੰਮ ਗਏ ਤਾਂ ਖੈਰ ਹੈ - ਜੇਕਰ ਢਿੱਲਮੱਠ ਹੋ ਗਈ ਤਾਂ ਬਹੁਤ ਮੁਸ਼ਕਿਲ ਹੋ ਜਾਏਗੀ। ਇਸੇ ਨੀਤੀ ਤਹਿਤ ਉਸਨੇ ਗੁਰੂ ਅਰਜੁਨ ਸਾਹਿਬ ਵਿਰੁੱਧ ਝੂਠੇ ਇਲਜ਼ਾਮਾਂ ਰਾਹੀਂ ਜਹਾਂਗੀਰ ਦੇ ਮਨ ਵਿੱਚ ਵੈਰ-ਵਿਰੋਧ ਪੈਦਾ ਕਰਨਾ ਅਰੰਭ ਕਰ ਦਿੱਤਾ।
5) ਤਰਨ ਤਾਰਨ ਵਸਾਉਣਾ : ਗੁਰੂ ਅਰਜੁਨ ਸਾਹਿਬ ਜੀ ਨੇ ਤਰਨ ਤਾਰਨ ਸ਼ਹਿਰ ਦੀ ਸਥਾਪਨਾ ਕੀਤੀ ਅਤੇ ਇਸ ਨੂੰ ਸਿੱਖੀ ਪ੍ਰਚਾਰ ਦਾ ਕੇਂਦਰ ਬਣਾਇਆ। ਇਸ ਨਾਲ ਤਰਨ ਤਾਰਨ ਵਿਖੇ ਮੌਜੂਦ ਸਿੱਧ-ਜੋਗੀਆਂ ਦੇ ਆਸਨ ਤਾਂ ਡੋਲ ਹੀ ਗਏ। ਇਸ ਦੇ ਇਲਾਵਾ, ਇਹ ਖੇਤਰ ‘ਸਖੀ ਸਰਵਰੜਿਆਂ’ ਦਾ ਵੀ ਇਕ ਬਹੁਤ ਵੱਡਾ ਗੜ੍ਹ ਸੀ। ਇਹ ਸੰਪ੍ਰਦਾਅ, ਸਿੱਧੇ-ਸਾਦੇ ਲੋਕਾਂ ਨੂੰ ਡਰ ਅਤੇ ਲਾਲਚ ਦੇ ਕੇ ਅੱਧੇ-ਪਚੱਧੇ ਕਿਸਮ ਦੇ ਮੁਸਲਮਾਨ ਸ਼ਰਧਾਲੂ ਬਣਾਉਂਦੇ ਸਨ, ਜੋ ਬਾਅਦ ਵਿੱਚ ਪੂਰਨ ਤੌਰ ’ਤੇ ਮੁਸਲਮਾਨ ਬਣ ਜਾਂਦੇ ਸਨ।
ਗੁਰੂ ਸਾਹਿਬ ਵੱਲੋਂ ਸਿੱਖੀ ਪ੍ਰਚਾਰ ਸਦਕਾ ਇਸ ਇਲਾਕੇ ਵਿੱਚ ਹਿੰਦੂਆਂ ਦੇ ਨਾਲ-ਨਾਲ ਮੁਸਲਮਾਨ ਵੀ ਸਿੱਖ ਬਣਨੇ ਸ਼ੁਰੂ ਹੋ ਗਏ। ਸਰਵਰੜਿਆਂ ਦੇ ਆਗੂ ਮੁਰਤਜ਼ਾ ਖ਼ਾਨ ਨੂੰ ਬੜਾ ਮਾੜਾ ਲੱਗਿਆ ਅਤੇ ਉਸਨੇ ਵੀ ਜਹਾਂਗੀਰ ਨੂੰ ਗੁਰੂ ਸਾਹਿਬ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੱਤਾ।
6) ਗੁਰੂ ਗੰ੍ਰਥ ਸਾਹਿਬ ਦੀ ਸੰਪਾਦਨਾ : ਪੰਜਵੇਂ ਪਾਤਸ਼ਾਹ ਨੇ ਬਹੁਤ ਸਾਰੀਆਂ ਬਾਣੀਆਂ ਦੀ ਰਚਨਾ ਕੀਤੀ। ਇਸਦੇ ਇਲਾਵਾ, ਉਨ੍ਹਾਂ ਨੇ ਆਪਣੇ ਤੋਂ ਪਹਿਲਾਂ ਦੇ ਚਾਰ ਗੁਰੂ ਸਾਹਿਬਾਨ ਅਤੇ ਹੋਰ ਭਗਤਾਂ-ਸਿੱਖਾਂ ਦੀਆਂ ਰਚਨਾਵਾਂ ਵੀ ਇਕੱਤਰ ਸਨ। ਮਿਹਰਬਾਨ ਅਤੇ ਹੋਰ ਗੁਰੂ ਘਰ ਦੇ ਵਿਰੋਧੀਆਂ ਵੱਲੋਂ ‘ਨਾਨਕ’ ਪਦ ਦੀ ਵਰਤੋਂ ਕਰਕੇ ਕਈ ਗੁੰਮਰਾਹਕੁੰਨ ਰਚਨਾਵਾਂ ਲਿਖੀਆਂ ਜਾ ਰਹੀਆਂ ਸਨ। ਸਿੱਖਾਂ ਨੂੰ ਕਿਸੇ ਤਰ੍ਹਾਂ ਦੀ ਉਲਝਣ ਤੋਂ ਬਚਾਉਣ ਲਈ ਗੁਰੂ ਅਰਜੁਨ ਸਾਹਿਬ ਜੀ ਨੇ ਗੁਰਮਤਿ ਸਿਧਾਂਤਾਂ ਦੇ ਅਨੁਕੂਲ ਰਚਨਾਵਾਂ ਦਾ ਇਕ ਨਿਵੇਕਲਾ ਗੰ੍ਰਥ ਤਿਆਰ ਕਰਨ ਦੀ ਯੋਜਨਾ ਬਣਾਈ।
ਉਨ੍ਹਾਂ ਨੇ ਇਸ ਕਾਰਜ ਲਈ ਭਾਈ ਗੁਰਦਾਸ ਜੀ ਦੀ ਮਦਦ ਲਈ ਅਤੇ ਅੰਮ੍ਰਿਤਸਰ ਵਿਖੇ ਗੁਰੂ ਗੰ੍ਰਥ ਸਾਹਿਬ ਦੀ ਬੀੜ ਤਿਆਰ ਕਰਵਾਉਣੀ ਅਰੰਭ ਕਰ ਦਿੱਤੀ। ਜਦ ਗੁਰੂ ਘਰ ਦੇ ਵਿਰੋਧੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਬੁਰੀ ਤਰ੍ਹਾਂ ਬੌਖਲਾ ਗਏ। ਉਨ੍ਹਾਂ ਨੇ ਗੁਰੂ ਗੰ੍ਰਥ ਸਾਹਿਬ ਦੀ ਸੰਪਾਦਨਾ ਬਾਰੇ ਅਫ਼ਵਾਹਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਆਦਿ ਬੀੜ ਅਧੂਰੀ ਹੈ ਅਤੇ ਇਸ ਵਿੱਚੋਂ ਕਾਫੀ ਬਾਣੀਆਂ ਬਾਹਰ ਛੁੱਟ ਗਈਆਂ ਹਨ। ਸੰਪਾਦਨਾ ਸਮੇਂ ਛੱਜੂ, ਕਾਨ੍ਹਾ, ਪੀਲੂ, ਸ਼ਾਹ ਹੁਸੈਨ ਆਦਿ ਨੂੰ ਉਕਸਾ ਕੇ ਭੇਜਿਆ ਕਿ ਉਹ ਵੀ ਆਪਣੀਆਂ ਰਚਨਾਵਾਂ ਗੁਰੂ ਗੰ੍ਰਥ ਸਾਹਿਬ ਵਿੱਚ ਸ਼ਾਮਿਲ ਕਰਵਾਉਣ। ਇਸਦਾ ਮਕਸਦ ਸੀ ਕਿ ਜੇਕਰ ਗੁਰੂ ਸਾਹਿਬ ਦਬਾਅ ਵਿੱਚ ਆਕੇ ਇਨ੍ਹਾਂ ਦੀਆਂ ਰਚਨਾਵਾਂ ਵੀ ਸ਼ਾਮਿਲ ਕਰ ਲੈਣ ਤਾਂ ਗੁਰੂ ਗੰ੍ਰਥ ਸਾਹਿਬ ਵਿੱਚ ਕਈ ਤਰ੍ਹਾਂ ਦੇ ਭਰਮ ਪੈਦਾ ਹੋ ਜਾਣਗੇ ਅਤੇ ਜੇਕਰ ਨਹੀਂ ਮੰਨਣਗੇ ਤਾਂ ਉਨ੍ਹਾਂ ਬਾਰੇ ਫਿਰਕੂ ਹੋਣ ਦਾ ਪ੍ਰਚਾਰ ਕੀਤਾ ਜਾਏ। ਗੁਰੂ ਸਾਹਿਬ ਆਪਣੇ ਸਿਧਾਂਤਾਂ ’ਤੇ ਅਡੋਲ ਰਹੇ ਅਤੇ ਕਿਸੇ ਵੀ ਮਨਮਤੀ ਰਚਨਾ ਨੂੰ ਗੁਰੂ ਗੰ੍ਰਥ ਸਾਹਿਬ ਵਿੱਚ ਸ਼ਾਮਿਲ ਨਾ ਕੀਤਾ। ਇਸ ਤੋਂ ਬੌਖਲਾ ਕੇ ਕੱਟਰਪੰਥੀਆਂ ਨੇ ਜਹਾਂਗੀਰ ਨੂੰ ਸ਼ਿਕਾਇਤ ਕਰ ਦਿੱਤੀ ਕਿ ਗੁਰੂ ਅਰਜੁਨ ਸਾਹਿਬ ਨੇ ਇਕ ਅਜਿਹੇ ਗੰ੍ਰਥ ਦੀ ਰਚਨਾ ਕੀਤੀ ਹੈ, ਜਿਸ ਵਿੱਚ ਇਸਲਾਮ ਦੀ ਨਿੰਦਾ ਕੀਤੀ ਗਈ ਹੈ। ਇਸ ਸ਼ਿਕਾਇਤ ਕਾਰਨ ਜਹਾਂਗੀਰ ਦੀ ਗੁਰੂ ਸਾਹਿਬ ਪ੍ਰਤੀ ਵੈਰ-ਭਾਵਨਾ ਹੋਰ ਵੱਧ ਗਈ।
7) ਖੁਸਰੋ ਦੀ ਬਗਾਵਤ : ਅਕਬਰ ਦੀ ਮੌਤ ਉਪਰੰਤ, ਕੁਝ ਰਾਜ-ਦਰਬਾਰੀਆਂ ਅਤੇ ਸ਼ੇਖ਼ ਅਹਿਮਦ ਸਰਹੰਦੀ ਜਿਹੇ ਕੱਟੜਪੰਥੀਆਂ ਨਾਲ ਗੰਢਤੁੱਪ ਕਰਕੇ ਜਹਾਂਗੀਰ ਨੇ ਰਾਜ ਤਖ਼ਤ ਉੱਤੇ ਆਪਣਾ ਕਬਜ਼ਾ ਕਰ ਲਿਆ। ਲਗਭਗ ਇਕ ਸਾਲ ਬਾਅਦ, ਖੁਸਰੋ ਨੇ ਆਗਰਾ ਤੋਂ ਬਗਾਵਤ ਕਰ ਦਿੱਤੀ ਅਤੇ ਮਥੁਰਾ ਤੋਂ ਹੁੰਦਾ ਹੋਇਆ ਦਿੱਲੀ ਪਹੁੰਚ ਗਿਆ। ਇਸ ਸਮੇਂ ਤੱਕ ਉਸ ਨਾਲ ਕਾਫੀ ਗਿਣਤੀ ਵਿੱਚ ਸਿਪਾਹੀ ਇਕੱਤਰ ਹੋ ਗਏ ਸਨ। ੳਹ ਦਿੱਲੀ ਤੋਂ ਪੰਜਾਬ ਵੱਲ ਚੱਲ ਪਿਆ ਕਿ ਲਾਹੌਰ ਉੱਪਰ ਕਬਜ਼ਾ ਕਰ ਸਕੇ, ਪਰ ਉਸਨੂੰ ਸਫ਼ਲਤਾ ਨਾ ਮਿਲ ਸਕੀ। ਚਨਾਬ ਦਰਿਆ ਪਾਰ ਕਰਦੇ ਸਮੇਂ ਖੁਸਰੋ ਅਤੇ ਉਸਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਮੌਕੇ ਦਾ ਲਾਭ ਉਠਾਉਂਦਿਆਂ ਨਕਸ਼ਬੰਦੀ ਆਗੂ ਸ਼ੇਖ਼ ਅਹਿਮਦ ਸਰਹੰਦੀ ਨੇ ਜਹਾਂਗੀਰ ਨੂੰ ਝੂਠੀ ਸ਼ਿਕਾਇਤ ਕਰ ਦਿੱਤੀ ਕਿ ਖੁਸਰੋ ਦੀ ਬਗਾਵਤ ਸਮੇਂ ਗੁਰੂ ਅਰਜੁਨ ਸਾਹਿਬ ਨੇ ਉਸਨੂੰ ਸ਼ਰਨ ਦਿੱਤੀ ਸੀ ਅਤੇ ਬਗਾਵਤ ਦੇ ਸਫ਼ਲ ਹੋਣ ਲਈ ਅਰਦਾਸ ਵੀ ਕੀਤੀ ਸੀ। ਸੱਚਾਈ ਇਹ ਸੀ ਕਿ ਖੁਸਰੋ ਕਦੇ ਵੀ ਗੁਰੂ ਸਾਹਿਬ ਨੂੰ ਮਿਲਿਆ ਤੱਕ ਨਹੀਂ ਸੀ। ਜਦ ਉਹ ਬਿਆਸ ਦਰਿਆ ਪਾਰ ਕਰਕੇ ਗੋਇੰਦਵਾਲ ਦੇ ਨੇੜਿਓਂ ਲੰਘ ਰਿਹਾ ਸੀ ਤਾਂ ਉਸ ਸਮੇਂ ਗੁਰੂ ਅਰਜੁਨ ਸਾਹਿਬ ਜੀ ਤਰਨ ਤਾਰਨ ਵਿਖੇ ਠਹਿਰੇ ਹੋਏ ਸਨ।
ਜਹਾਂਗੀਰ, ਜੋ ਗੁਰੂ ਅਰਜੁਨ ਸਾਹਿਬ ਦੇ ਖਿਲਾਫ਼ ਪਹਿਲਾਂ ਹੀ ਬਹੁਤ ਸ਼ਿਕਾਇਤਾਂ ਸੁਣ ਚੁੱਕਾ ਸੀ ਅਤੇ ਉਨ੍ਹਾਂ ਤੋਂ ਬੜੀ ਈਰਖਾ ਰੱਖਦਾ ਸੀ, ਇਹ ਖਬਰ ਸੁਣ ਕੇ ਭੜਕ ਪਿਆ। ਉਸਨੂੰ ਮਹਿਸੂਸ ਹੋਇਆ ਕਿ ਗੁਰੂ ਸਾਹਿਬ ਨੂੰ ਖ਼ਤਮ ਕਰਨ ਲਈ ਹੁਣ ਇਕ ਚੰਗਾ ਮੌਕਾ ਹੈ। ਉਸਨੇ ਖਬਰ ਦੀ ਤਫ਼ਤੀਸ਼ ਕਰਵਾਉਣਾ ਵੀ ਠੀਕ ਨਾ ਸਮਝਿਆ, ਤਾਂ ਜੋ ਗੁਰੂ ਸਾਹਿਬ ਦੇ ਪੱਖ ਵਿੱਚ ਕੋਈ ਨੁਕਤਾ ਨਾ ਉਭਰ ਆਏ। ਜ਼ਹਾਂਗੀਰ ਨੇ ਫੁਰਮਾਨ ਜਾਰੀ ਕਰ ਦਿੱਤਾ ਕਿ (ਗੁਰੂ) ਅਰਜੁਨ ਸਾਹਿਬ ਜੀ ਨੂੰ ‘ਸਿਆਸਤ ਦੇ ਯਾਸਾ’ ਜਿਹੇ ਸਖ਼ਤ ਕਾਨੂੰਨ ਹੇਠ ਤਸੀਹੇ ਦੇ ਕੇ ਕਤਲ ਕਰ ਦਿੱਤਾ ਜਾਏ। (ਤੁਜ਼ਕਿ ਜਹਾਂਗੀਰੀ ਮੁਤਾਬਿਕ, ਜਹਾਂਗੀਰ ਨੇ ਆਪ ਗੁਰੂ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਸੀ)।
ਇਸੇ ਆਦੇਸ਼ ਕਾਰਨ ਗੁਰੂ ਅਰਜੁਨ ਸਾਹਿਬ ਨੂੰ ਭੁੱਖਾ-ਪਿਆਸਾ ਰੱਖਕੇ, ਉਬਲਦੇ ਹੋਏ ਪਾਣੀ ਦੀ ਦੇਗ ਵਿੱਚ ਉਬਾਲਿਆ ਗਿਆ। ਤੱਤੀ ਤਵੀ ਉੱਪਰ ਬਿਠਾ ਕੇ, ਗਰਮ ਰੇਤ ਸਰੀਰ ਉੱਪਰ ਪਾਈ ਗਈ। ਚਾਰ ਦਿਨ ਇਸ ਤਰ੍ਹਾਂ ਦੇ ਖੌਫ਼ਨਾਕ ਤਸੀਹੇ ਦੇਣ ਉਪਰੰਤ, ਗੁਰੂ ਸਾਹਿਬ ਦੇ ਸ਼ਰੀਰ ਨੂੰ ਰਾਵੀ ਦਰਿਆ ਵਿੱਚ ਰੋੜ੍ਹ ਕੇ, ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ।
ਉਪਰੋਕਤ ਘਟਨਾਵਾਂ ’ਤੇ ਵਿਚਾਰ ਕੀਤਿਆਂ ਇਹ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕੱਟੜਪੰਥੀ ਹਿੰਦੂਆਂ ਜਿਵੇਂ ਦੀਵਾਨ ਚੰਦੂ ਮਲ ਆਦਿਕ ਅਤੇ ਮੁਸਲਿਮ ਪ੍ਰਚਾਰਕਾਂ ਦੀਆਂ ਲੰਮੇਂ ਸਮੇਂ ਤੱਕ ਚੱਲੀਆਂ ਕੁਚਾਲਾਂ ਦੇ ਜਾਲ ਵਿੱਚ ਫਸ ਕੇ ਜਹਾਂਗੀਰ ਨੇ ਗੁਰੂ ਅਰਜੁਨ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਜਾਰੀ ਕੀਤਾ ਸੀ। ਗੁਰੂ ਅਰਜੁਨ ਸਾਹਿਬ ਨੇ ਆਪਣੀ ਜਾਨ ਤਾਂ ਦੇ ਦਿੱਤੀ ਪਰ ਸਿੱਖੀ ਸਿਧਾਂਤਾਂ ਵਿੱਚ ਕਿਸੇ ਤਰ੍ਹਾਂ ਦੀ ਫੇਰਬਦਲ ਨਹੀਂ ਹੋਣ ਦਿੱਤੀ। ਲੋੜ ਹੈ ਕਿ ਗੁਰੂ ਅਰਜੁਨ ਸਾਹਿਬ ਦਾ 400 ਸਾਲਾ ਸ਼ਹੀਦੀ ਦਿਹਾੜਾ ਮਨਾਉਂਦਿਆਂ ਅਸੀਂ ਵੀ ਉਨ੍ਹਾਂ ਵਾਂਗ ਦ੍ਰਿੜ੍ਹਤਾ ਨਾਲ ਸਿੱਖੀ ਸਿਧਾਂਤਾਂ ’ਤੇ ਪਹਿਰਾ ਦੇਣ ਦਾ ਨਿਸ਼ਚਾ ਕਰੀਏ।