

ਡਾ: ਦਿਲਗੀਰ ਦੀ ਮਾਤਾ ਦੇ ਸਸਕਾਰ ਵੇਲੇ ਬ੍ਰਾਹਮਣੀ ਰੀਤਾਂ ਰੱਦ ਕੀਤੀਆਂ ਗਈਆਂ
- ਜਗਮੋਹਨ ਕੌਰ -
3 ਜੂਨ 2009 ਦੇ ਦਿਨ ਸਿੱਖ ਇਤਿਹਾਸਕਾਰ ਡਾ: ਹਰਜਿੰਦਰ ਸਿੰਘ ਦਿਲਗੀਰ ਦੇ ਮਾਤਾ ਜਗਤਾਰ ਕੌਰ ਜੀ ਚਲਾਣਾ ਕਰ ਗਏ ਸਨ। ਡਾ ਦਿਲਗੀਰ ਇੰਗਲੈਂਡ ਵਿਚ ਤੇ ਉਨ੍ਹਾਂ ਦੀ ਭੇਣ ਅਮਰੀਕਾ ਵਿਚ ਹੋਣ ਕਰ ਕੇ ਮਿਰਤਕ ਦੇਹ ਦਾ ਸਸਕਾਰ 7 ਮਈ ਨੂੰ ਚੰਡੀਗੜ੍ਹ ਵਿਚ ਕੀਤਾ ਗਿਆ। ਮੌਰਚਰੀ ਵਿਚੋਂ ਦੇਹ ਨੂੰ ਕਿਸੇ ਗੁਰਦੁਆਰੇ ਮੱਥਾ ਟਿਕਾਉਣ ਦੀ ਬ੍ਰਾਹਮਣੀ ਰੀਤੀ ਕਰਨ ਦੀ ਥਾਂ ਤੇ ਸਿੱਧਾ ਸ਼ਮਸ਼ਾਨ ਵਿਚ ਲਿਜਾਇਆ ਗਿਆ। ਇਸ ਮੌਕੇ ‘ਤੇ ਨਾ ਤਾਂ ਦੇਹ ਨੂੰ ‘ਇਸ਼ਨਾਨ’ ਕਰਵਾਇਆ ਗਿਆ ਤੇ ਨਾ ਹੀ ਨਵੇਂ ਕਪੜੇ ਪੁਆਏ ਗਏ। ਬ੍ਰਾਹਮਣੀ ਸੋਚ ਦੇ ਰਿਸ਼ਤੇਦਾਰਾਂ ਦੀਆਂ ਸਲਾਹਾਂ ਨੂੰ ਰੱਦ ਕਰਦੇ ਹੋਏ ਲਕੜਾਂ ਨਾਲ ਸਸਕਾਰਨ ਦੀ ਥਾਂ ਬਿਜਲੀ ਰਾਹੀਂ ਸਸਕਾਰ ਕੀਤਾ ਗਿਆ। ਡਾ: ਦਿਲਗੀਰ ਨੇ ਸਸਕਾਰ ਵੇਲੇ ਆਪ ਅਰਦਾਸ ਕੀਤੀ। ਇਸ ਮਗਰੋਂ ਇਕ ਸ਼ਬਦ ਦਾ ਕੀਰਤਨ ਅਤੇ ਸੋਹਿਲਾ ਦੇ ਪਾਠ ਮਗਰੋਂ (ਸਿਰਫ਼ 5 ਮਿੰਟ ਮਗਰੋਂ ਹੀ) ਇਕ ਵਾਰ ਫੇਰ ਨਵੀਂ ਅਰਦਾਸ ਕਰਨ ਦੀ ਜਗਹ ਸੰਗਤ ਗੁਰਦੁਆਰਾ ਸੈਕਟਰ 46 ਵਿਚ ਚਲੀ ਗਈ। ਉੱਥੇ ਅਲਾਹੁਣੀਆਂ ਦਾ ਪਾਠ ਕੀਤਾ ਗਿਆ ਤੇ ਅਰਦਾਸ ਖਾਲਸਾ ਪੰਚਾਇਤ ਦੇ ਰਜਿੰਦਰ ਸਿੰਘ ਖਾਲਸਾ ਨੇ ਕੀਤੀ ਤੇ ਅਲਾਹੁਣੀਆਂ ਦੀ ਕਥਾ ਡਾ ਦਿਲਗੀਰ ਦੇ ਮਿਸ਼ਨਰੀ ਕਲਾਸ ਦੇ ਵਿਦਿਆਰਥੀ ਸੁਰਿੰਦਰ ਸਿੰਘ ਛੇ ਫ਼ੇਜ਼ ਨੇ ਕੀਤੀ। ਸ਼ਾਮ ਵੇਲੇ ਮਿਰਤਕ ਦੀਆਂ ਅਸਥੀਆਂ ਨੂੰ ਰੋਪੜ ਕੋਲ ਚਲਦੀ ਨਹਿਰ ਦੇ ਪਾਣੀ (ਨਾ ਕਿ ਕੀਰਤਪੁਰ ਦੀ ਬਿਪਰਨ-ਸਿੱਖ ਰੀਤ ਵਾਂਗ) ਵਿਚ ਮਾਤਾ ਜਗਤਾਰ ਕੌਰ ਦੀਆਂ ਧੀਆਂ (ਇਸ ਰਸਮ ਵਾਸਤੇ ਸਿਰਫ਼ ਮਰਦਾਂ ਦੀ ਮਨਾਪਲੀ ਤੋੜਨ ਵਾਸਤੇ) ਨੇ ਜਲ ਪਰਵਾਹ ਕੀਤਾ।

ਇਸ ਮਗਰੋਂ ਮਾਤਾ ਜਗਤਾਰ ਕੌਰ ਦੀਆਂ ਪੰਜੇ ਧੀਆਂ ਤੇ ਪੁੱਤਰ ਹਰਜਿੰਦਰ ਸਿੰਘ ਨੇ ਆਪ ਗੁਰੁ ਗ੍ਰੰਥ ਸਾਹਿਬ ਦਾ ਸਹਿਜ ਪਾਠ ਕੀਤਾ ਅਤੇ ਮੁੰਦਾਵਣੀ ਤੇ ਭੋਗ ਪਾਇਆ। ਇਸ ਸਾਰਾ ਹਫ਼ਤਾ ਦੌਰਾਨ ਘਰ ਵਿਚ ਕੋਈ ਸੋਗ ਨਹੀਂ ਮਨਾਇਆ ਗਿਆ ਬਲਕਿ ਡਾ: ਦਿਲਗੀਰ ਇਸ ਦੌਰਾਨ ਪੰਥ ਰਤਨ ਮਹਿੰਦਰ ਸਿੰਘ ਜੋਸ਼ ਦੇ ਘਰ ਪੰਥਕ ਸਮਾਗਮ ਤੇ ਵੀ ਗਏ, ਅਨੰਦਪੁਰ ਸਾਹਿਬ ਵਿਚ ਪੁੱਜੀਆਂ ਦੋ ਬੀੜਾਂ (ਗੁਰੂ ਗ੍ਰੰਥ ਸਾਹਿਬ ਤੇ ਅਖੌਤੀ ਦਸਮ ਗ੍ਰੰਥ ਦੀ ਇਕੱਠੀ ਜਿਲਦ ਵਾਲੀਆਂ) ਦੀ ਪੜਤਾਲ ਵਾਸਤੇ ਵੀ ਦੌਰਾ ਕੀਤਾ ਤੇ ਸ਼ਿਵਾਲਿਕ ਸਕੂਲ ਵਿਚ ਧਰਮ ਬਾਰੇ ਲੈਕਚਰ ਕਰਨ ਵੀ ਪੁੱਜੇ।
ਐਤਵਾਰ 17 ਮਈ ਨੂੰ ਇਸ ਸਬੰਧ ਵਿਚ ਕੀਤੇ ਗੁਰਮਤਿ ਸਮਾਗਮ (ਭੋਗ ਜਾਂ ਅਖਾਉਤੀ ਅੰਤਮ ਅਰਦਾਸ ਨਹੀਂ) ਵਿਚ ਬਹੁਤ ਸਾਰੇ ਵਿਦਵਾਨਾਂ ਨੇ ਹਿੱਸਾ ਲਿਆ ਅਤੇ ਮੌਜੂਦਾ ਪੰਥਕ ਹਾਲਾਤ ਅਤੇ ਹੋਰ ਪੰਥਕ ਮਸਲਿਆਂ ਬਾਰੇ ਵਿਚਾਰਾਂ ਕੀਤੀਆਂ। ਸਮਾਗਮ ਵਿਚ ਹਿੱਸਾ ਲੈਣ ਵਾਲਿਆਂ ਵਿਚ ਸਪੋਕਸਮੈਨ ਅਖ਼ਬਾਰ ਦੇ ਚੀਫ਼ ਐਡੀਟਰ ਜੋਗਿੰਦਰ ਸਿੰਘ, ਸਪੋਕਸਮੈਨ ਦੇ ਡਾਇਰੈਕਟਰ ਜਗਜੀਤ ਕੌਰ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਤਰਸੇਮ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਗੁਰਵਿੰਦਰ ਸਿੰਘ ਸ਼ਾਮਪੁਰਾ, ਪ੍ਰਿੰਸੀਪਲ ਨਰਿੰਦਰ ਸਿੰਘ ਜੰਮੁ, ਮਸ਼ਹੂਰ ਪਰਚਾਰਕ ਹਰਬੰਸ ਸਿੰਘ ਤੇਗ, ਮਸ਼ਹੂਰ ਕਥਾਕਾਰ ਗਿਆਨੀ ਅਮਰੀਕ ਸਿੰਘ ਸੋਲਖੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਪਰਤਾਪ ਸਿੰਘ ਰਿਆੜ, ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਸਵੰਤ ਸਿੰਘ ਮਾਨ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਚੇਅਰਮੈਨ ਇੰਦਰਜੀਤ ਸਿੰਘ ਰਾਣਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਦਕ ਕਮੇਟੀ ਦੇ ਮੈਂਬਰ ਹਰਦੀਪ ਸਿੰਘ ਤੇ ਪ੍ਰੋਫ਼ੈਸਰ ਜੋਗਿੰਦਰ ਸਿੰਘ, ਸ਼੍ਰੋਮਣੀ ਖਾਲਸਾ ਪੰਚਾਇਤ ਦੇ ਕਨਵੀਨਰ ਰਜਿੰਦਰ ਸਿੰਘ ਖਾਲਸਾ, ਉਤਰਾਂਚਲ ਤੋਂ ਅਮਰਜੀਤ ਸਿੰਘ ਚੰਦੀ, ਖਾਲਸਾ ਪੰਚਾਇਤ ਦੇ ਰਵਿੰਦਰ ਸਿੰਘ ਮੋਹਾਲੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ: ਕੁਲਵਿੰਦਰ ਸਿੰਘ ਬਾਜਵਾ, ਤੱਤ ਗੁਰਮਤਿ ਲਹਿਰ ਦੇ ਰਵਿੰਦਰ ਸਿੰਘ ਪਿੰਜੌਰ, ਸ਼੍ਰੋਮਣੀ ਸਿੱਖ ਸਮਾਜ ਦੇ ਕਰਨਲ ਗੁਰਦੀਪ ਸਿੰਘ, ਦਿੱਲੀ ਅਕਾਲੀ ਦਲ ਦੇ ਕਨਵੀਨਰ ਹਰਮਹਿੰਦਰ ਸਿੰਘ ਖਾਲਸਾ, ਬੀਬੀ ਸੁਰਿੰਦਰ ਕੌਰ ਨਿਹਾਲ, ਮੋਢੀ ਮਿਸ਼ਨਰੀ ਡਾ ਤਰਲੋਚਨ ਸਿੰਘ, ਮਿਸ਼ਨਰੀ ਸੁਖਦੇਵ ਸਿੰਘ ਮੋਹਾਲੀ, ਗੁਰਮਤਿ ਟਕਸਾਲ ਦੇ ਪ੍ਰੀਤਮ ਸਿੰਘ ਮਟਵਾਣੀ, ਲੇਖਕ ਡਾ ਸਰਬਜੀਤ ਕੌਰ ਮੋਹਾਲੀ, ਬੀਬੀ ਜਗਮੋਹਣ ਕੌਰ ਗੁਰਮਤਿ ਨਾਰੀ ਮੰਚ, ਅਮਰ ਸਿੰਘ ਚਾਹਲ ਪ੍ਰਧਾਨ ਬਾਰ ਐਸੋਸੀਏਸ਼ਨ ਚੰਡੀਗੜ੍ਹ, ਭਾਈ ਲਾਲੋ ਫ਼ਾਊਂਡੇਸ਼ਨ ਦੇ ਜਸਬਿੰਦਰ ਸਿੰਘ ਖਾਲਸਾ ਡੁਬਈ ਵਾਲੇ, ਮਿਸ਼ਨਰੀ ਤੇ ਲੇਖਕ ਦਲਬੀਰ ਸਿੰਘ ਫ਼ਰੀਦਾਬਾਦ, ਗੁਰਮਤਿ ਪ੍ਰਚਾਰ ਜਥਾ ਦੇ ਮੁਖੀ ਬਲਦੇਵ ਸਿੰਘ ਦਿੱਲੀ, ਪੰਜਾਬ ਯੂਨੀਵਰਸਿਟੀ ਦੇ ਮਸ਼ਹੂਰ ਵਿਦਵਾਨ ਡਾਕਟਰ ਦਰਸ਼ਨ ਸਿੰਘ, ਗੁਰੂ ਨਾਨਕ ਇੰਸਟੀਚਿਊਟ ਦੇ ਜੋਗਿੰਦਰ ਸਿੰਘ ਦੀਪ, ਪ੍ਰਸਿਧ ਪ੍ਰਚਾਰਕ ਪ੍ਰੋ: ਇੰਦਰ ਸਿੰਘ ਘੱਗਾ, ਪ੍ਰਿੰਸੀਪਲ ਨਰਿੰਦਰ ਸਿੰਘ ਜੰਮੂ ਤੇ ਉਨ੍ਹਾਂ ਦੀ ਸਿੰਘਣੀ, ਪ੍ਰੋ: ਪਰਕਾਸ਼ ਕੌਰ, ਜੱਜ ਸੰਦੀਪ ਕੌਰ ਰਾਜਸਥਾਨ, ਭਾਟ ਸਿੱਖ ਸੰਪਰਦਾਅ ਦੇ ਆਗੂ ਜਾਗੀਰ ਸਿੰਘ ਹਮਦਰਦ ਇੰਗਲੈਂਡ, ਗਿਆਨੀ ਦਿੱਤ ਸਿੰਘ ਇੰਸਟੀਚਿਊਟ ਘੁਮਾਣ ਦੇ ਪ੍ਰਿੰਸੀਪਲ ਦਲਬੀਰ ਸਿੰਘ, ਮਿਸ਼ਨਰੀ ਇੰਸਪੈਕਟਰ ਕਿਹਰ ਸਿੰਘ, ਗੁਰਮਤਿ ਟਕਸਾਲ ਦੇ ਮਸ਼ਹੂਰ ਰਾਗੀ ਮਨਜੀਤ ਸਿੰਘ, ਛੇ ਫ਼ੇਜ਼ ਦੇ ਹੈਡ ਗਰੰਥੀ ਸੁਰਿੰਦਰ ਸਿੰਘ, 15 ਸੈਕਟਰ ਦੇ ਹੈੱਡ ਗ੍ਰੰਥੀ ਇੰਦਰਜੀਤ ਸਿੰਘ, ਕਰਨਲ ਡਾਕਟਰ ਉਦੈ ਸਿੰਘ, ਕਨੇਡੀਅਨ ਕਹਾਣੀਕਾਰ ਖੋਜੀ ਕਾਫ਼ਿਰ, ਇੰਗਲੈਂਡ ਤੋਂ ਰਾਮਗੜ੍ਹੀਆ ਯੂਥ ਫ਼ਾਰ ਸਿੱਖਇਜ਼ਮ ਦੇ ਮਨਜੀਤ ਸਿੰਘ, ਪ੍ਰਸਿੱਧ ਪ੍ਰਚਾਰਕ ਗੁਰਮੀਤ ਸਿੰਘ ਮਹਿਰੋਂ ਅਤੇ ਹੋਰ ਬਹੁਤ ਸਾਰੇ ਆਗੂਆਂ ਨੇ ਆਪਣੇ ਵਿਚਾਰ ਰੱਖੇ। ਇਸ ਸਮਾਗਮ ਦੀ ਕਾਰਵਾਈ ਗੁਰਮਤਿ ਟਕਸਾਲ ਦੇ ਕਮਲਜੀਤ ਸਿੰਘ ਕੁੰਡਲ ਨੇ ਚਲਾਈ। ਇਸ ਵਾਰ ਵੀ ਅਰਦਾਸ ਡਾਕਟਰ ਦਿਲਗੀਰ ਨੇ ਆਪ ਕੀਤੀ ਅਤੇ ਰਾਜਸਥਾਨ ਤੋਂ ਆਏ ਜੱਜ ਸੰਦੀਪ ਕੌਰ ਬਾਠ (ਮਿਰਤਕ ਦੀ ਦੋਹਤਰੀ) ਨੇ ਸਭ ਦਾ ਧੰਨਵਾਦ ਕੀਤਾ। ਹਰ ਸਿੱਖ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਹੈ ਤੇ ਆਪਣੀ ਜ਼ਿੰਦਗੀ ਤੇ ਰਸਮਾਂ ਵਿਚੋਂ ਬ੍ਰਾਹਮਣਵਾਦ ਨੂੰ ਜਲਾਵਤਨ ਕਰਨਾ ਚਾਹੀਦਾ ਹੈ।