

ਸਾਕਾ ਨੀਲਾ ਤਾਰਾ ਦੌਰਾਨ ਦਰਬਾਰ ਸਾਹਿਬ ਕੰਪਲੈਕਸ ਵਿੱਚ ਗੰਗੂਕਿਆਂ ਵੱਲੋਂ ਇਨਸਾਨੀਅਤ ਦੇ ਕਤਲੋਗਾਰਤ ਦੀ ਦਾਸਤਾਨ
- ਅਜਮੇਰ ਸਿੰਘ -
ਇੰਦਰਾ ਗਾਂਧੀ ਨੇ ਬਹੁਤ ਪਹਿਲਾਂ ਹੀ ਆਪਣੇ ਨਜ਼ਦੀਕੀ ਸਲਾਹਕਾਰਾਂ ਨਾਲ ਰਾਇ-ਮਸ਼ਵਰਾ ਕਰਕੇ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕਰਨ ਦਾ ਨਿਰਣਾ ਕਰ ਲਿਆ ਹੋਇਆ ਸੀ। ਉਸਨੇ ਭਾਰਤੀ ਫੌਜ ਦੇ ਤਤਕਾਲੀ ਮੁਖੀ ਜਨਰਲ ਏ.ਐਸ. ਵੈਦਿਆ ਨੂੰ, ਕੋਈ ਸਾਢੇ ਪੰਜ ਮਹੀਨੇ ਪਹਿਲਾਂ, 15 ਜਨਵਰੀ 1984 ਨੂੰ ਸੈਨਾ ਦਿਵਸ ਮੌਕੇ ਆਪਣੇ ਇਸ ਫੈਸਲੇ ਦੀ ਸੂਹ ਦੇ ਦਿੱਤੀ ਸੀ। ਉਸ ਤੋਂ ਝੱਟ ਹੀ ਬਾਅਦ ਪੱਛਮੀ ਕਮਾਨ ਦੀ ਪੈਰਾ ਬ੍ਰਿਗੇਡ ਡਿਵੀਜ਼ਨ ਦੀ ਫ਼ਸਟ ਬਟਾਲੀਅਨ ਦੇ ਕਮਾਂਡੋਆਂ ਨੂੰ ਚਕਰਾਤਾ (ਦੇਹਰਾਦੂਨ ਨੇੜੇ) ਤੇ ਸਰਸਾਵਾ (ਸਹਾਰਨਪੁਰ) ਵਿਖੇ ਵਿਸ਼ੇਸ਼ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਗਈ ਸੀ। ਉਨ੍ਹਾਂ ਨੂੰ ਦਰਬਾਰ ਸਾਹਿਬ ਸਮੂਹ ਨਾਲ ਮਿਲਦੀ-ਜੁਲੀਦੀ ਨਕਲੀ ਇਮਾਰਤ ਤਿਆਰ ਕਰ ਕੇ, ਇਸ ਉੱਤੇ ਧਾਵਾ ਬੋਲਣ ਦਾ ਉਚੇਚਾ ਅਭਿਆਸ ਕਰਵਾਇਆ ਗਿਆ ਸੀ। ਹਮਲੇ ਦੀ ਮਿਥੀ ਹੋਈ ਤਰੀਕ ਨੇੜੇ ਢੁਕਦਿਆਂ ਹੀ, ਜਨਰਲ ਏ.ਐਸ. ਵੈਦਿਆ ਨੂੰ, ਜੋ ਉਸ ਵੇਲੇ ਕਸ਼ਮੀਰ ਅੰਦਰ ਛੁੱਟੀਆਂ ਮਨਾ ਰਿਹਾ ਸੀ, ਫੌਰਨ ਦਿੱਲੀ ਸੱਦ ਲਿਆ ਗਿਆ।
ਮਈ ਦੇ ਆਖ਼ਰੀ ਦਿਨਾਂ ’ਚ ਭਾਰਤੀ ਫੌਜ ਦੀਆਂ ਚੁਣਵੀਆਂ ਟੁਕੜੀਟਾਂ ਇਕ-ਇਕ ਕਰਕੇ ਅੰਮ੍ਰਿਤਸਰ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ। ਪੰਜਾਬ ਅੰਦਰ ਫੌਜ ਭੇਜਣ ਦੇ ਅਸਲੀ ਮੰਤਵ ਨੂੰ ਛੁਪਾਉਣ ਲਈ ਬਾਹਰੀ ਪ੍ਰਭਾਵ ਇਹ ਦਿੱਤਾ ਗਿਆ ਕਿ ਸਰਹੱਦੋਂ ਪਾਰ ਘੁਸਪੈਠ ਬੰਦ ਕਰਨ ਲਈ ਫੌਜ ਸਰਹੱਦ ਉੱਤੇ ਤੈਨਾਤ ਕਰਨ ਲਈ ਭੇਜੀ ਜਾ ਰਹੀ ਸੀ। ਪੱਛਮੀ ਕਮਾਨ ਦੀ ਆਹਲਾ ਦਰਜੇ ਦੀ ਤੋਪਖਾਨਾ ਤਵੀਜ਼ਨ 30 ਮਈ 1984 ਨੂੰ ਹੀ ਸੜਕ ਰਸਤੇ ਅੰਮ੍ਰਿਤਸਰ ਪਹੁੰਚ ਗਈ ਸੀ। ਹੈਦਰਾਬਾਦ ਤੇ ਰਾਂਚੀ ਤੋਂ ਚੋਣਵੇਂ ਫੌਜੀ ਦਸਤਿਆਂ ਨੂੰ ਹਵਾਈ ਜਹਾਜ਼ਾਂ ਦੇ ਜ਼ਰੀਏ ਅੰਮ੍ਰਿਤਸਰ ਢੋਇਆ ਗਿਆ। ਸਮੁੰਦਰੀ ਫੌਜ ਦੇ ਅੱਵਲ ਦਰਜੇ ਦੇ ਗੋਤਾਖ਼ੋਰ ਹਵਾਈ ਜਹਾਜ਼ ਰਾਹੀਂ ਬੰਬਈ ਤੋਂ ਅੰਮ੍ਰਿਤਸਰ ਪਹੁੰਚਾਏ ਗਏ। ਫੌਜ ਦੇ ਉੱਚੇਚੇ ਸਿਖਾਏ ਹੋਏ ਕੁੱਤੇ ਜੌਰਹਟ ਤੋਂ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਭੇਜੇ ਗਏ। ਹਮਲੇ ਦੀ ਸਮੁੱਚੀ ਅਗਵਾਈ ਪੱਛਮੀ ਕਮਾਨ ਦੇ ਜਨਰਲ ਆਫ਼ਿਸਰ ਕਮਾਂਡਿੰਗ-ਇਨਂਚੀਫ਼ ਕੇ. ਸੁੰਦਰਜੀ ਨੂੰ ਸੌਂਪੀ ਗਈ ਸੀ। ਪੱਛਮੀ ਕਮਾਨ ਦੇ ਚੀਫ਼ ਆਫ਼ ਸਟਾਫ਼ ਲੈਫਟੀਨੈਂਟ ਜਨਰਲ ਰਣਜੀਤ ਸਿੰਘ ਦਿਆਲ ਨੂੰ ਸਾਰੀ ਯੋਜਨਾ ਤੇ ਕਾਰਵਾਈ ਦਾ ਮੁੱਖ ਸੰਚਾਲਕ ਬਣਾਇਆ ਗਿਆ ਸੀ। ਦਰਬਾਰ ਸਾਹਿਬ ਉੱਤੇ ਫੌਜੀ ਹੱਲਾ ਬੋਲ ਕੇ ਕਬਜ਼ਾ ਜਮਾਉਣ ਦੀ ਮੁਹਿੰਮ ਦੀ ਅਗਵਾਈ ਵੀ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਨਾਂ ਦੇ ਇਕ ਮੋਨੇ ਸਿੱਖ ਨੂੰ ਸੌਂਪੀ ਗਈ ਸੀ। ਇਹ ਪਾਪ ਵੱਧ ਤੋਂ ਵੱਧ ਸਿੱਖ ਜਰਨੈਲਾਂ ਹੱਥੋਂ ਕਰਾਉਣ ਦਾ ਨਿਰਣਾ ਹਿੰਦੂ ਹਾਕਮਾਂ ਦੀ ਚਾਣਕਿਆ ਨੀਤੀ ’ਚੋਂ ਨਿਕਲਿਆ ਸੀ, ਜਿਸਦਾ ਮਕਸਦ ਆਪਣੀ ਫਿਰਕੂ ਖ਼ਸਲਤ ਨੂੰ ਲੁਕੌਣਾ ਸੀ। ਦੂਜਾ, ਇਸ ਨਾਲ ਸਿੱਖਾਂ ਨੂੰ ਦੁਨੀਆ ਦੀਆਂ ਨਜ਼ਰਾਂ ਵਿੱਚ ਟਿੱਚ ਕਰਨਾ ਸੀ।
2 ਜੂਨ 1984 ਨੂੰ ਜਨਰਲ ਦਿਆਲ ਨੇ ਪੰਜਾਬ ਦੇ ਰਾਜਪਾਲ ਬੀ.ਡੀ. ਪਾਂਡੇ ਦੇ ਸਲਾਹਕਾਰ ਦਾ ਕਾਰਜ-ਭਾਗ ਸੰਭਾਲ ਲਿਆ। ਅਸਲ ਵਿੱਚ ਜਨਰਲ ਦਿਆਲ ਸਿਰਫ਼ ਕਹਿਣ ਨੂੰ ਹੀ ‘ਸਲਾਹਕਾਰ’ ਸੀ। ਸੱਚ ਇਹ ਸੀ ਕਿ ਪੰਜਾਬ ਨੂੰ ਪੂਰਨ ਤੌ ’ਤੇ, ਸਾਰੇ ਪੱਖਾਂ ਤੋਂ, ਫੌਜ ਦੇ ਹਵਾਲੇ ਕਰ ਦਿੱਤਾ ਗਿਆ ਸੀ ਅਤੇ ਜਨਰਲ ਦਿਆਲ ਇਸ ਫੌਜੀ ਰਾਜ ਦਾ ਪ੍ਰਮੁੱਖ ਨੁਮਾਇੰਦਾ ਤੇ ਕਰਤਾ-ਧਰਤਾ ਸੀ। ਰਾਜਪਾਲ ਪਹਿਲਾਂ ਵੀ ਸਿਰਫ਼ ਦਿਖਾਵੇ ਦਾ ਹੀ ਰਾਜਮੁਖੀ ਸੀ। ਪੰਜਾਬ ਸੰਬੰਧੀ ਵੱਡੀ ਤੋਂ ਲੈ ਕੇ ਛੋਟੀ, ਹਰ ਗੱਲ ਦਾ ਨਿਰਣਾ ‘ਕੇਂਦਰ ਸਰਕਾਰ’ ਵੀ ਇੰਦਰਾ ਗਾਂਧੀ ਤੇ ਉਸ ਦੀ ਛੋਟੀ ਜਿਹੀ ਸਲਾਹਕਾਰ ਜੁੰਡਲੀ ਤਕ ਸਿਮਟ ਕੇ ਰਹਿ ਗਈ ਸੀ, ਪੰਜਾਬ ਬਾਰੇ ਹਰ ਗੱਲ ਇਸ ਜੁੰਡਲੀ ਦੀ ਪੱਧਰ ’ਤੇ ਅਹੁਦਾ ਸੰਭਾਲ ਲੈਣ ਨਾਲ ਪੰਜਾਬ ਦਾ ਸਾਰੇ ਦਾ ਸਾਰਾ ਪ੍ਰਬੰਧਕੀ ਢਾਂਚਾ ਫੌਜ ਦੇ ਸਿੱਧੇ ਕੰਟਰੋਲ ਹੇਠ ਚਲਾ ਗਿਆ ਸੀ।
2 ਜੂਨ ਦੀ ਸ਼ਾਮ ਨੂੰ ਇੰਦਰਾ ਗਾਂਧੀ ਨੇ, ਬਿਨ੍ਹਾਂ ਅਗਾਊਂ ਐਲਾਨ ਕੀਤਿਆਂ, ਆਲ ਇੰਡੀਆ ਰੇਡੀਓ ਤੋਂ ਦੇਸ਼ ਦੀ ਜਨਤਾ ਨੂੰ ਸੰਬੋਧਨ ਕੀਤਾ। ਉਸ ਨੇ ਜਜ਼ਬਾਤੀ ਲਹਿਜੇ ’ਚ ਸਿੱਖ ਕੌਮ ਦੇ ਸੰਘਰਸ਼ ਸਦਕਾ ਦੇਸ਼ ਦੇ ਸਾਹਮਣੇ ਪੈਦਾ ਹੋਈ ‘ਨਾਜ਼ੁਕ’ ਤੇ ‘ਭਿਆਨਕ’ ਸਥਿਤੀ ਦੀ ਕਰੁਣਾਮਈ ਤਸਵੀਰ ਪੇਸ਼ ਕੀਤੀ ਅਤੇ ਇਸਦਾ ਸਾਰਾ ਦੋਸ਼ ਅਕਾਲੀ ਆਗੂਆਂ ਦੇ ਸਿਰ ਮੜ੍ਹਿਆ। ਸਿੱਖ ਕੌਮ ਨੂੰ ਤੇ ਇਸ ਦੇ ਆਗੂਆਂ ਨੂੰ ਸੰਸਾਰ ਦੇ ਲੋਕਾਂ ਦੀਆਂ ਨਜ਼ਰਾਂ ’ਚ ਦੋਸ਼ੀ ਸਾਬਤ ਕਰਨ ਲਈ, ਉਸ ਨੇ ਤੱਥਾਂ ਨੂੰ ਤੋੜ-ਮਰੋੜ ਦੇ ਪੇਸ਼ ਕਰਨ ਅਤੇ ਕੋਰਾ ਝੂਠ ਬੋਲਣ ਤੋਂ ਰਤੀ ਸੰਕੋਚ ਨਾ ਕੀਤਾ। ਇਸ ਨੰਗੇ ਤੱਥ ਦੇ ਬਾਵਜੂਦ ਕਿ ਉਹ ਤਿੰਨ ਸਾਲਾਂ ਤੋਂ ਅਕਾਲੀ ਆਗੂਆਂ ਦੀਆਂ ਸਮਝੌਤੇ ਦੀਆਂ ਸਿਰ-ਤੋੜ ਕੋਸ਼ਿਸ਼ਾਂ ਨੂੰ ਮੱਕਾਰੀ ਨਾਲ ਟਕਰਾਉਂਦੀ ਤੇ ਠੁਕਰਾਉਂਦੀ ਆ ਰਹੀ ਸੀ ਅਤੇ ਅਜੇ ਸਿਰਫ਼ ਸੱਤ ਦਿਨ ਪਹਿਲਾਂ ਹੀ ਉਹ ਅਕਾਲੀ ਲੀਡਰਸ਼ਿਪ ਦੇ ਸਮਝੌਤੇ ਦੇ ਆਖ਼ਰੀ ਤਰਲੇ ਦਾ ਬੇਰਹਿਮੀ ਨਾਲ ਘਾਤ ਕਰ ਕੇ ਹਟੀ ਸੀ, ਉਸ ਵੱਲੋਂ ਆਪਣੇ ਆਪ ਨੂੰ ‘ਸੱਚ ਪੁੱਤਰੀ’ ਵਜੋਂ ਪੇਸ਼ ਕਰਨ ਤੇ ਅਕਾਲੀ ਆਗੂਆਂ ਨੂੰ ‘ਝੂਠੇ ਤੇ ਬੇਪਰਤੀਤੇ’ ਸਾਬਤ ਕਰਨ ਦੇ ਪੁਰਜ਼ੋਰ ਯਤਨ ਕੀਤੇ ਗਏ। ਉਸ ਵੇਲੇ ਵੀ ਜਦ ਉਸ ਦੇ ਸਿੱਧੇ ਹੁਕਮਾਂ ਉੱਤੇ ਪੰਜਾਬ ਨੂੰ ਫੌਜ ਨੇ ਆਪਣੀ ਮੌਤ-ਜੱਫੀ ਵਿੱਚ ਲੈ ਲਿਆ ਹੋਇਆ ਸੀ ਅਤੇ ਫੌਜੀ ਹਮਲੇ ਦੀ ਯੋਜਨਾ ਉੱਤੇ ਬਾਕਾਇਦਾ ਅਮਲ ਸ਼ੁਰੂ ਹੋ ਚੁੱਕਾ ਸੀ, ਉਸ ਨੇ ਮਸਲੇ ਨੂੰ ‘ਗੱਲਬਾਤ ਰਾਹੀਂ ਹੱਲ ਕਰਨ’ ਦੀ ਝੂਠੀ ਇੱਛਾ ਤੇ ਪੇਸ਼ਕਸ਼ ਦਾ ਦੰਭ ਭਰਨ ਤੋਂ ਗੁਰੇਜ਼ ਨਾ ਕੀਤਾ। ਅਖੇ, ‘‘ਇਸ ਅੰਤਮ ਘੜੀ ਉੱਤੇ ਵੀ ਮੈਂ ਅਕਾਲੀਆਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਆਪਣਾ ਅੰਦੋਲਨ ਠੱਪ ਕਰ ਦੇਣ ਅਤੇ ਸਾਡੇ ਦੁਆਰਾ ਸੁਝਾਏ ਗਏ ਸ਼ਾਂਤਮਈ ਸਮਝੌਤੇ ਦੇ ਚੌਖਟੇ ਨੂੰ ਪਰਵਾਨ ਕਰ ਲੈਣ।’’ ਉਹ ਔਰਤ, ਜਿਸਦਾ ਸਮੁੱਚਾ ਰਾਜਸੀ ਕਾਰੋਬਾਰ ਹੀ ਨਫ਼ਰਤ ਦੀਆਂ ਬੁਨਿਆਦਾਂ ’ਤੇ ਟਿਕਿਆ ਹੋਇਆ ਸੀ, ਜਿਸ ਨੇ ਤਿੰਨ ਸਾਲਾਂ ਤੋਂ ਪੰਜਾਬ ਨੂੰ ਲਹੂ ਵਿੱਚ ਡੋਬਣ ਦੀ ਕੋਈ ਕਸਰ ਨਹੀਂ ਸੀ ਛੱਡੀ ਅਤੇ ਜਿਸ ਦੇ ਮਨ ਅੰਦਰ ਪੰਜਾਬ ਵਿੱਚ ਲਹੂ ਦੇ ਹੋਰ ਵੱਡੇ ਵਹਿਣ ਵਹਾਉਣ ਦੀ ਕੁਲਹਿਣੀ ਸੋਚ ਤੇ ਤਾਂਘ ਮਚਲ ਰਹੀ ਸੀ, ਉਸ ਨੇ ਆਪਣੇ ਭਾਸ਼ਣ ਦਾ ਤੋੜਾ ਇਨ੍ਹਾਂ ਸ਼ਬਦਾਂ ਨਾਲ ਝਾੜਿਆ : ‘‘ਖੂਨ ਮਤ ਡੋਹਲੋ, ਨਫ਼ਰਤ ਤਿਆਗੋ।’’
ਇੰਦਰਾ ਗਾਂਧੀ ਦੇ ਭਾਸ਼ਣ ਦਾ ਪ੍ਰਸਾਰਨ ਖ਼ਤਮ ਹੁੰਦਿਆਂ ਹੀ ਰੇਡੀਓ ਤੋਂ ਪੰਜਾਬ ਸੰਬੰਧੀ ਕੁਝ ਵਿਸ਼ੇਸ਼ ਐਲਾਨ ਤੇ ਫੁਰਮਾਨ ਪ੍ਰਸਾਰਿਤ ਹੋਣੇ ਸ਼ੁਰੂ ਹੋ ਗਏ। ਪੰਜਾਬ ਨੂੰ ‘ਗੜਬੜ ਵਾਲਾ ਇਲਾਕਾ’ ਤਾਂ ਪਹਿਲਾਂ ਹੀ ਕਰਾਰ ਦਿੱਤਾ ਜਾ ਚੁੱਕਾ ਸੀ। ਵਿਸ਼ੇਸ਼ ਫੁਰਮਾਨਾਂ ਰਾਹੀਂ ਇਸ ਦੇ ਪੇਚ ਹੋਰ ਕੱਸ ਦਿੱਤੇ ਗਏ। ਪੰਜਾਬ ਅੰਦਰ ਤੁਰੰਤ ਸਾਰੀ ਰੇਲ ਤੇ ਸੜਕੀ ਆਵਾਜਾਈ ਠੱਪ ਕਰ ਦਿੱਤੀ ਗਈ। ਫੌਜੀ ਗੱਡੀਆਂ ਤੋਂ ਬਿਨ੍ਹਾਂ ਬਾਕੀ ਹਰ ਕਿਸਮ ਦੇ ਵਾਹਨਾਂ ਉੱਤੇ, ਰੇੜ੍ਹਿਆਂ ਤੋਂ ਲੈ ਕੇ ਸਾਈਕਲਾਂ ਤਕ ਵੀ, ਸਖ਼ਤ ਪਾਬੰਦੀਆਂ ਆਇਦ ਕਰ ਦਿੱਤੀਆਂ ਗਈਆਂ। ਲੋਕਾਂ ਨੂੰ ਕੱਚੇ ਰਸਤਿਆਂ ’ਤੇ ਚੱਲਣ ਤੋਂ ਵੀ ਮਨ੍ਹਾਂ ਕਰ ਦਿੱਤਾ ਗਿਆ। ਡਾਕ-ਤਾਰ ਤੇ ਦੂਰ-ਸੰਚਾਰ ਸੇਵਾਵਾਂ ਪੂਰਨ ਤੌਰ ’ਤੇ ਫੌਜ ਦੇ ਕੰਟਰੋਲ ਵਿੱਚ ਦੇ ਦਿੱਤੀਆਂ ਗਈਆਂ। ਪੰਜਾਬ ਨੂੰ ਬਾਕੀ ਦੇਸ਼ ਨਾਲੋਂ, ਅੰਮ੍ਰਿਤਸਰ ਨੂੰ ਬਾਕੀ ਪੰਜਾਬ ਨਾਲੋਂ ਤੇ ਦਰਬਾਰ ਸਾਹਿਬ ਨੂੰ ਬਾਕੀ ਸ਼ਹਿਰ ਨਾਲੋਂ, ਪੂਰੀ ਤਰ੍ਹਾਂ ਨਿਖੇੜ ਕੇ ਬਾਕੀ ਪੰਜਾਬ ਉੱਤੇ ਦੋ ਮਹੀਨਿਆਂ ਲਈ ਕਰੜਾ ਸੈਂਸਰ ਲਾਗੂ ਕਰ ਦਿੱਤਾ ਗਿਆ, ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਸਾਰੇ ਪ੍ਰਮੁੱਖ ਅਖ਼ਬਾਰਾਂ ਨੇ ਕੁਝ ਦਿਨਾਂ ਲਈ ਆਪਣੀ ਪ੍ਰਕਾਸ਼ਨਾ ਠੱਪ ਕਰ ਦਿੱਤੀ। ਅਜਿਹੀਆਂ ਸਾਹ-ਘੁਟਵੀਆਂ ਪਾਬੰਦੀਆਂ ਪੰਜਾਬ ਦੇ ਲੋਕਾਂ ਨੇ ਇਤਿਹਾਸ ਅੰਦਰ ਨਾ ਪਹਿਲਾਂ ਕਦੇ ਦੇਖੀਆਂ ਸਨ, ਨਾ ਸੁਣੀਆਂ ਸਨ।
ਕੇਂਦਰ ਸਰਕਾਰ ਦੇ ਨੀਮ-ਫੌਜੀ ਹਥਿਆਰਬੰਦ ਦਲਾਂ (ਬੀ.ਐਸ.ਐਫ., ਸੀ.ਆਰ.ਪੀ., ਆਈ.ਟੀ.ਬੀ.ਪੀ. ਆਦਿ) ਨੇ ਕੁਝ ਦਿਨ ਪਹਿਲਾਂ ਹੀ ਦਰਬਾਰ ਸਾਹਿਬ ਦੇ ਇਰਦ-ਗਿਰਦ ਇਮਾਰਤਾਂ ਉੱਤੇ ਆਪਣੇ ਪੱਕੇ ਮੋਰਚੇ ਬਣਾਉਣੇ ਸ਼ੁਰੂ ਕਰ ਦਿੱਤੇ ਹੋਏ ਸਨ। ਪਹਿਲੀ ਜੂਨ ਨੂੰ ਉਨ੍ਹਾਂ ਆਪਣੇ ਇਨ੍ਹਾਂ ਮੋਰਚਿਆਂ ’ਚੋਂ ਦਰਬਾਰ ਸਾਹਿਬ ਸਮੂਹ ਉੱਤੇ ਅੱਠ ਘੰਟੇ ਲਗਾਤਾਰ ਅੰਧਾਧੁੰਦ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਦਾ ਉਦੇਸ਼ ਜੁਝਾਰੂ ਸਿੰਘਾਂ ਨੂੰ ਭੈਭੀਤ ਕਰਨਾ ਸੀ। ਦੂਜਾ, ਉਨ੍ਹਾਂ ਨੂੰ ਜੁਆਬੀ ਗੋਲੀਬਾਰੀ ਲਈ ਉਕਸਾ ਕੇ, ਉਨ੍ਹਾਂ ਦੀ ਹਕੀਕੀ ਤਾਕਤ ਦਾ ਸਹੀ ਅੰਦਾਜ਼ਾ ਲਾਉਣਾ ਤੇ ਉਨ੍ਹਾਂ ਦੇ ਮੋਰਚਿਆਂ ਦੀ ਨਿਸ਼ਾਨਦੇਹੀ ਕਰਨਾ ਸੀ। ਪਰ ਜੁਝਾਰੂ ਸਿੰਘ ਫੌਜੀ ਵਿਦਿਆ ਤੋਂ ਏਨੇ ਕੋਰੇ ਨਹੀਂ ਸਨ ਕਿ ਦੁਸ਼ਮਣ ਦੀ ਇਸ ਚਾਲ ਵਿੱਚ ਫਸ ਜਾਂਦੇ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪੜ੍ਹਾਏ ਤੇ ਜਨਰਲ ਸੁਬੇਗ ਸਿੰਘ ਦੇ ਸਿਖਾਏ ਸਿੰਘਾਂ ਨੇ ਦੁਸ਼ਮਣ ਦੀ ਇਸ ਭੜਕਾਹਟ ਦੇ ਜੁਆਬ ਵਿੱਚ ਮੁਕੰਮਲ ਚੁੱਪ ਸਾਧੀ ਰੱਖੀ। ਨੀਮ ਫੌਜੀ ਬਲਾਂ ਦੀ ਇਸ ਅੰਧਾਧੁੰਦ ਗੋਲੀਬਾਰੀ ਨਾਲ ਦਰਬਾਰ ਸਾਹਿਬ ਸਮੂਹ ਅੰਦਰ ਇਕ ਮਾਸੂਮ ਬੱਚੇ ਤੇ ਬਿਰਧ ਔਰਤ ਸਮੇਤ ਅੱਧੀ ਦਰਜਨ ਤੋਂ ਵੱਧ ਸਿੱਖ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਹਰਿਮੰਦਰ ਸਾਹਿਬ ਉੱਤੇ 32 ਥਾਵਾਂ ’ਤੇ ਗੋਲੀਆਂ ਦੇ ਡੂੰਘੇ ਨਿਸ਼ਾਨ ਪੈ ਗਏ। ਇਸ ਗੋਲੀਬਾਰੀ ਦੀ ਖ਼ਬਰ ਸੁਣਦਿਆਂ ਹੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੁਰੰਤ (2 ਜੂਨ) ਦਰਬਾਰ ਸਾਹਿਬ ਪਹੁੰਚ ਗਏ। ਪਰ ਹੋਰ ਕਿਸੇ ਵੀ ਵੱਡੇ ਅਕਾਲੀ ਆਗੂ ਨੇ, ਇਹ ਖ਼ਬਰਾਂ ਸੁਣ ਲੈਣ ਦੇ ਬਾਵਜੂਦ, ਹਾਲਤਾਂ ਦੇ ਤੇਵਰ ਦੇਖਦਿਆਂ ਹੋਇਆਂ, ਦਰਬਾਰ ਸਾਹਿਬ ਪਹੁੰਚਣਾ ਜ਼ਰੂਰੀ ਜਾਂ ਸਿਆਣਪ ਭਰਿਆ ਨਾ ਸਮਝਿਆ।
3 ਜੂਨ 1984 ਨੂੰ ਪੰਜਵੇਂ ਪਾਤਸ਼ਾਹ ਦਾ ਸ਼ਹੀਦ ਪੁਰਬ ਸੀ। ਪੰਜਾਬ ਦੇ ਨਾਲ ਲਗਵੇਂ ਰਾਜਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਦਰਸ਼ਨ ਇਸ਼ਨਾਨਕ ਕਰਨ ਲਈ ਦਰਬਾਰ ਸਾਹਿਬ ਪਹੁੰਚੀਆਂ ਹੋਈਆਂ ਸਨ। 500 ਤੋਂ ਵੱਧ ਅਕਾਲੀ ਵਰਕਰ ਮੋਰਚੇ ’ਚ ਗ੍ਰਿਫ਼ਤਾਰੀਆਂ ਦੇਣ ਲਈ ਪੁੱਜੇ ਹੋਏ ਸਨ। ਸੈਂਕੜਿਆਂ ਦੀ ਗਿਣਤੀ ’ਚ ਬੰਗਲਾਦੇਸ਼ੀ ਮੁਸਲਮਾਨ ਤੇ ਅਜਿਹੇ ਹੋਰ ਬੇਸਹਾਰਾ ਲੋਕ ਸਨ, ਜਿਨ੍ਹਾਂ ਨੇ ਗੁਰੂ ਘਰ ਅੰਦਰ ਸ਼ਰਨ ਲੈ ਰੱਖੀ ਹੋਈ ਸੀ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੈਂਕੜੇ ਕਰਮਚਾਰੀ ਤੇ ਸੇਵਾਦਾਰ ਸਨ, ਜਿਨ੍ਹਾਂ ’ਚੋਂ ਬਹੁਤੇ ਆਪਣੇ ਪਰਵਾਰਾਂ ਸਮੇਤ ਦਰਬਾਰ ਸਾਹਿਬ ਦੇ ਅਹਾਤੇ ਅੰਦਰ ਆਪਣੇ ਪੱਕੇ ਰਿਹਾਇਸ਼ੀ ਟਿਕਾਣਿਆਂ ਵਿੱਚ ਰਹਿ ਰਹੇ ਸਨ। ਹੋਰ ਕਿੰਨੇ ਹੀ ਯਾਤਰੂ ਸਨ, ਜੋ ਰਾਤ ਕੱਟਣ ਲਈ ਸਰਾਂ ਅੰਦਰ ਠਹਿਰੇ ਹੋਏ ਸਨ। ਇਸ ਗੱਲ ਦਾ ਕਿਸੇ ਨੂੰ ਚਿਤ ਚੇਤਾ ਵੀ ਨਹੀਂ ਸੀ ਕਿ ਇੰਦਰਾ ਸਰਕਾਰ ਨੇ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਦੀ ਇਕ ਭਿਆਨਕ ਤੇ ਖੂਨੀ ਤਿਆਰੀ ਕਰ ਰੱਖੀ ਹੋਈ ਸੀ ਅਤੇ ਇਸ ਘਿਨਾਉਣੇ ਕਰਮ ਲਈ ਉਨ੍ਹਾਂ ਸ਼ਾਂਤੀ ਦੇ ਪੁੰਜ ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਦਾ ਪਵਿੱਤਰ ਦਿਹਾੜਾ ਚੁਣ ਰੱਖਿਆ ਹੋਇਆ ਸੀ। 3 ਜੂਨ ਦੀ ਸ਼ਾਮ ਨੂੰ ਜਦ ਫੌਜ ਨੇ ਦਰਬਾਰ ਸਾਹਿਬ ਦੁਆਲੇ ਮੌਤ ਵਰਗਾ ਕਸਵਾਂ ਘੇਰਾ ਘੱਤ ਲਿਆ ਅਤੇ ਸਾਰੇ ਪੰਜਾਬ ਅੰਦਰ 36 ਘੰਟਿਆਂ ਲਈ ਲੰਮਾਂ ਤੇ ਸਖ਼ਤ ਕਰਫਿਊ ਲਾ ਦਿੱਤਾ ਅਤੇ ਲੋਕਾਂ ਦੇ ਘਰੋਂ ਬਾਹਰ ਨਿਕਲਣ ਉੱਤੇ ਕਰੜੀਆਂ ਬੰਦਸ਼ਾਂ ਲਾ ਦਿੱਤੀਆਂ ਤਾਂ ਉਸ ਵੇਲੇ ਤਕ ਕਮੇਟੀ ਦੇ ਮੁਲਾਜ਼ਮਾਂ/ਸੇਵਾਦਾਰਾਂ ਨੂੰ ਇਹ ਯਕੀਨ ਨਹੀਂ ਸੀ ਆ ਰਿਹਾ ਕਿ ਉਹ ਮੌਤ ਦੇ ਪੰਜੇ ’ਚ ਫਸ ਗਏ ਹਨ ਅਤੇ ਇਸ ’ਚੋਂ ਬਚ ਕੇ ਨਿਕਲ ਸਕਣਾ ਉਨ੍ਹਾਂ ਲਈ ਅਸਾਨ ਨਹੀਂ ਰਹਿ ਗਿਆ ਸੀ।
3 ਜੂਨ ਦੀ ਰਾਤ ਪੈਂਦਿਆਂ ਹੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੀਆਂ ਇਮਾਰਤਾਂ ਉੱਤੇ ਨੀਮ-ਫੌਜੀ
ਦਸਤਿਆਂ ਵੱਲੋਂ ਕਾਇਮ ਕੀਤੇ ਗਏ ਸਾਰੇ ਮੋਰਚਿਆਂ ਅੰਦਰ ਬਿਹਾਰ ਰੈਜੀਮੈਂਟ ਦੀ ਬਾਰ੍ਹਵੀਂ ਬਟਾਲੀਅਨ
ਦੇ ਜਵਾਨਾਂ ਨੇ ਪੋਜ਼ੀਸ਼ਨਾਂ ਮੱਲ ਲਈਆਂ। 4 ਜੂਨ ਨੂੰ ਅੰਮ੍ਰਿਤ ਵੇਲੇ ਜਦ ਦਰਬਾਰ ਸਾਹਿਬ ਅੰਦਰ ਆਸਾ
ਦੀ ਵਾਰ ਦਾ ਕੀਰਤਨ ਚੱਲ ਰਿਹਾ ਸੀ ਤਾਂ ਚਾਰ ਵਜੇ ਦੇ ਕਰੀਬ ਫੌਜੀ ਮਸ਼ੀਨਗੰਨਾਂ ਨੇ ਅਚਾਨਕ ਅੱਗ
ਉਗਲਣੀ ਸ਼ੁਰੂ ਕਰ ਦਿੱਤੀ। ਰਾਤ ਦੇ ਹਨੇਰੇ ਵਿੱਚ ਅੱਗੇ-ਅੱਗੇ ਰੌਸ਼ਨੀ ਦੀ ਲੀਕ ਪਾਉਂਦੇ ਚਾਨਣੀ ਗੋਲ
(ਟਰੇਸਰ ਬੁਲੇਟਸ) ਤੇ ਪਿੱਛੇ-ਪਿੱਛੇ ਆਰ.ਸੀ.ਐਲ. ਦੇ ਗੋਲਿਆਂ ਨੇ ਅਸਮਾਨ ਅੰਦਰ ਲਾਂਬੂ ਲਾ ਦਿੱਤੇ
ਸਨ। 4 ਜੂਨ ਦੀ ਸਾਰੀ ਦਿਹਾੜੀ ਗੋਲਿਆਂ ਤੇ ਗਲੀਆਂ ਦੀ ਅੱਗ ਵਰ੍ਹਦੀ ਰਹੀ। ਦੁਪਹਿਰ ਸਾਢੇ ਬਾਰਾਂ
ਵਜੇ ਦੇ ਕਰੀਬ ਸਰਾਂ ਵਾਲੇ ਬੰਨੇ ਪਾਣੀ ਵਾਲੀ ਵੱਡੀ ਟੈਂਕੀ ਅੰਦਰ ਤੋਪ ਦੇ ਗੋਲੇ ਨਾਲ ਵੱਡਾ ਮਘੋਰ
ਖੁੱਲ੍ਹ ਗਿਆ ਜਿਸ ਨਾਲ ਦਰਬਾਰ ਸਾਹਿਬ ਦੇ ਅਹਾਤੇ ਅੰਦਰ ਪਾਣੀ ਦੀ ਸਪਲਾਈ ਠੱਪ ਹੋ ਗਈ। ਨਾਲ ਹੀ,
ਦਰਬਾਰ ਸਾਹਿਬ ਨੂੰ ਬਿਜਲੀ ਦੀ ਸਪਲਾਈ ਵੀ ਕੱਟ ਦਿੱਤੀ ਗਈ। ਸ਼੍ਰੋਮਣੀ ਕਮੇਟੀ ਦਾ ਜਨਰੇਟਰ ਵੀ
ਗੋਲਾਬਾਰੀ ਨਾਲ ਨਕਾਰਾ ਹੋ ਗਿਆ ਸੀ। ਅਗਲੀ ਰਾਤ ਤੇ ਉਸ ਤੋਂ ਅਗਲਾ ਸਾਰਾ ਦਿਨ (5 ਜੂਨ) ਲਗਾਤਾਰ
ਦਰਬਾਰ ਸਾਹਿਬ ਉੱਤੇ ਗੋਲੀਆਂ ਦਾ ਮੀਂਹ ਵਰ੍ਹਦਾ ਰਿਹਾ। ਉਸ ਵੇਲੇ ਤਕ ਫੌਜ ਦਾ ਮੁੱਖ ਜ਼ੋਰ ਜੁਝਾਰੂ
ਸਿੰਘਾਂ ਦੇ ਛੱਤਾਂ ਉਪਰਲੇ ਨੰਗੇ ਮੋਰਚਿਆਂ ਨੂੰ ਨਸ਼ਟ ਕਰਨ ਉੱਤੇ ਲੱਗਾ ਰਿਹਾ। 5 ਜੂਨ ਦੀ ਸ਼ਾਮ ਤੱਕ
ਫੌਜ ਨੇ ਟੈਂਪਲ ਵਿਊ ਹੋਟਲ, ਬ੍ਰਹਮ ਬੂਟਾ ਅਖਾੜਾ ਤੇ ਪਰਕਰਮਾ ਦੀ ਘੰਟਾਘਰ ਵਾਲੀ ਬਾਹੀ ਉੱਪਰ ਛੱਤਾਂ
’ਤੇ ਬਣਾਏ ਲਗਭਗ ਸਾਰੇ ਮੋਰਚੇ ਨਸ਼ਟ ਕਰ ਦਿੱਤੇ ਸਨ। ਅਠਾਰ੍ਹਵੀਂ ਸਦੀ ਵਿੱਚ ਮਹਾਰਾਜਾ ਰਣਜੀਤ ਸਿੰਘ
ਦੇ ਰਾਜਕਾਲ ਦੌਰਾਨ ਉਸਾਰੇ ਗਏ ਇਤਿਹਾਸਕ ਬੁੰਗਿਆਂ ਦੀਆਂ ਟੀਸੀਆਂ ਤੋਪਾਂ ਦੇ ਗੋਲਿਆਂ ਨਾਲ
ਠੀਕਰੀ-ਠੀਕਰੀ ਹੋ ਗਈਆਂ ਸਨ।
ਸਿੱਖ ਜੁਝਾਰੂਆਂ ਦੇ ਨੰਗੇ ਟਿਕਾਣਿਆਂ ਨੂੰ ਨਸ਼ਟ ਕਰ ਦੇਣ ਤੋਂ ਬਾਅਦ ਫੌਜ ਨੇ 5 ਜੂਨ ਦੀ ਰਾਤ ਨੂੰ ਦਰਬਾਰ ਸਾਿਹਬ ਅੰਦਰ ਦਾਖ਼ਲ ਹੋ ਕੇ ਅਕਾਲ ਤਖ਼ਤ ਉੱਤੇ ਕਬਜ਼ਾ ਜਮਾਉਣ ਦੀ ਆਪਣੀ ਪੂਰਵ-ਉਲੀਕੀ ਯੋਜਨਾ ਉੱਤੇ ਕਾਰਵਾਈ ਸ਼ੁਰੂ ਕਰ ਦਿੱਤੀ। ਫੌਜ ਦੇ ਉੱਚ-ਕੋਟੀ ਦੇ ਜਰਨੈਲਾਂ ਤੇ ਮਾਹਰਾਂ ਵੱਲੋਂ ਡੂੰਘੀ ਸੋਚ-ਵਿਚਾਰ ਤੋਂ ਬਾਅਦ ਤਿਆਰ ਕੀਤੀ ਗਈ ਇਸ ਯੋਜਨਾ ਅਨੁਸਾਰ ਫੌਜ ਨੇ ਆਪਣੇ ਅੱਵਲ ਦਰਜੇ ਦੇ ਕਮਾਂਡੋਆਂ, ਜਿਨ੍ਹਾਂ ਨੂੰ ਇਸ ਮਕਸਦ ਲਈ ਚਕਰਾਤਾ ਤੇ ਸਸਰਾਵਾਂ ਵਿਖੇ ਉਚੇਚੀ ਸਿਖਲਾਈ ਦਿੱਤੀ ਗਈ ਸੀ, ਦੀ ਮਦਦ ਨਾਲ ਦਰਬਾਰ ਸਾਹਿਬ ਦੀ ਪਰਕਰਮਾ ਅੰਦਰ ਇੱਕੋ ਮੌਕੇ ਦੋ ਪਾਸਿਆਂ ਤੋਂ ਦਾਖ਼ਲ ਹੋਣਾ ਸੀ। ਸਭ ਤੋਂ ਉੱਤਮ ਗਿਣੇ ਜਾਂਦੇ ‘10 ਗਾਰਡਜ਼’ (ਦਸਵੀਂ ਬਟਾਲੀਅਨ) ਦੇ ਕਮਾਂਡੋਆਂ ਨੇ ਘੰਟਾਘਰ ਵਾਲੇ ਪਾਸੇ ਤੋਂ ਮੁੱਖ ਦੁਆਰ ਰਾਹੀਂ ਪਰਕਰਮਾ ਅੰਦਰ ਦਾਖ਼ਲ ਹੋ ਕੇ ਅਕਾਲ ਤਖ਼ਤ ਤਕ ਪਹੁੰਚਣ ਲਈ ਰਾਹ ਸਾਫ਼ ਕਰਨਾ ਸੀ। ਜੁਝਾਰੂ ਸਿੰਘਾਂ ਦਾ ਧਿਆਨ ਦੋ ਥਾਈਂ ਵੰਡਣ ਦੀ ਰਣਨੀਤੀ ਤਹਿਤ ਮਦਰਾਸ ਰੈਜਿਮੈਂਟ ਦੀ 26ਵੀਂ ਬਟਾਲੀਅਨ ਦੇ ਦਸਤਿਆਂ ਨੂੰ ਮੰਜੀ ਸਾਹਿਬ ਵਾਲੇ ਰਸਤੇ ਤੋਂ ਹੋ ਕੇ ਅਕਾਲ ਤਖ਼ਤ ਤਕ ਪਹੁੰਚਣ ਦਾ ਰਾਹ ਪੱਧਰਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਗੜ੍ਹਵਾਲ ਰੈਜਿਮੈਂਟ ਦੀ ਨੌਵੀਂ ਬਟਾਲੀਅਨ ਨੂੰ ਦੱਖਣ ਵਾਲੇ ਪਾਸੇ ਤੋਂ ਸ਼ਹੀਦਾਂ ਵਾਲੇ ਗੇਟ ਰਾਹੀਂ ਪਰਕਰਮਾ ਅੰਦਰ ਦਾਖ਼ਲ ਹੋਣ ਲਈ ਤੈਨਾਤ ਕੀਤਾ ਗਿਆ ਸੀ। ਕੁਮਾਊਂ ਰੈਜੀਮੈਂਟ ਦੀ ਨੌਵੀਂ ਬਟਾਲੀਅਨ ਨੇ ਸਰਾਂ ਵਾਲੇ ਸਮੁੱਚੇ ਖੇਤਰ ਨੂੰ ਕਬਜ਼ੇ ਵਿੱਚ ਲੈਣਾ ਸੀ। ਅਕਾਲ ਤਖ਼ਤ ਉੱਤੇ ਫੌਜ ਦਾ ਕਬਜ਼ਾ ਹੋ ਜਾਣ ਦੀ ਸੂਰਤ ਵਿੱਚ ਸਪੈਸ਼ਲ ਫਰੰਟੀਅਰ ਫੋਰਸ ਨੂੰ ਅਕਾਲ ਤਖ਼ਤ ਅੰਦਰੋਂ ਅਸਲਾ ਤੇ ਹਥਿਆਰ ਬਰਾਮਦ ਕਰਨ ਲਈ ਤਿਆਰ ਰੱਖਿਆ ਗਿਆ ਸੀ। ਨੰਬਰ 16 ਰਸਾਲੇ ਦੇ ਦਰਜਨ ਤੋਂ ਵੱਧ ਵਿਜੰਤਾ ਟੈਂਕ 7.62 ਮਿ.ਮੀ. ਮਸ਼ੀਨਗੰਨਾਂ ਦੇ ਗੋਲੇ ਦਾਗਣ ਲਈ ਦਰਬਾਰ ਸਾਹਿਬ ਦੇ ਆਲੇ-ਦੁਆਲੇ ਯੁਧਨੀਤਕ ਟਿਕਾਣਿਆਂ ਉੱਤੇ ਤੈਨਾਤ ਕੀਤੇ ਗਏ ਸਨ। ਦੋ ਚੇਤਕ ਹੈਲੀਕਾਪਟਰਾਂ ਨੂੰ ਦਰਬਾਰ ਸਾਹਿਬ ਉੱਤੇ ਨੀਵੀਆਂ ਉਡਾਰੀਆਂ ਭਰ ਕੇ ਮੋਰਚਿਆਂ ਵਿਚਲੇ ਫੌਜੀ ਜਵਾਨਾਂ ਨੂੰ ਕੰਟਰੋਲ ਰੂਮ ਦੇ ਜ਼ਰੀਏ ਸਿੰਘਾਂ ਦੇ ਮੋਰਚਿਆਂ ਦੀ ਠੀਕ-ਠੀਕ ਜਾਣਕਾਰੀ ਦੇਣ ਅਤੇ ਇਸ ਤਰ੍ਹਾਂ ਉਨ੍ਹਾਂ ਦੀ ਠੀਕ ਨਿਸ਼ਾਨਿਆਂ ਉੱਤੇ ਚੋਟ ਕਰਨ ਵਿੱਚ ਮਦਦ ਕਰਨ ਲਈ ਤਿਆਰ ਰੱਖਿਆ ਹੋਇਆ ਸੀ।
ਕਾਗਜ਼ਾਂ ਉੱਤੇ ਤਿਆਰ ਕੀਤੀ ਯੋਜਨਾ ਅਨੁਸਾਰ, ਅਕਾਲ ਤਖ਼ਤ ਸਾਹਿਬ ਉੱਤੇ ਚੌਤਰਫਾ ਹੱਲਾ ਬੋਲਣ ਦੀ ਇਹ ਫੌਜੀ ਕਾਰਵਾਈ ਰਾਤ ਦੇ ਦਸ ਵਜੇ ਸ਼ੁਰੂ ਕੀਤੀ ਜਾਣੀ ਸੀ ਅਤੇ ਰਾਤ ਦੇ ਇਕ ਵਜੇ ਤਕ ਓਪਰੇਸ਼ਨ ਦਾ ਪਹਿਲਾ ਪੜਾਅ (ਜੁਝਾਰੂ ਸਿੰਘਾਂ ਦੀ ਲੜਾਕੂ ਸ਼ਕਤੀ ਨੂੰ ਮੁਕੰਮਲ ਤੌਰ ’ਤੇ ਨਕਾਰਾ ਕਰ ਦੇਣ) ਪੂਰਾ ਕਰ ਲੈਣ ਦਾ ਨਿਸ਼ਾਨਾ ਮਿੱਥਿਆਿ ਗਿਆ ਸੀ। ਉਸ ਤੋਂ ਬਾਅਦ ਰਾਤ ਦੇ ਹਨੇਰੇ ਵਿੱਚ ਹੀ ਮੁਰਦਾ ਲਾਸ਼ਾਂ ਨੂੰ ਸੰਭਾਲਣ, ਜਿਊਂਦੇ ਜੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਾਰੇ ਅਹਾਤੇ ਦੀ ਭਰਵੀਂ ਤਲਾਸ਼ੀ ਲੈਣ ਦਾ ਅਮਲ ਸ਼ੁਰੂ ਹੋਣਾ ਸੀ। 6 ਜੂਨ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਸਾਰਾ ਓਪਰੇਸ਼ਨ ਮੁਕੰਮਲ ਕਰ ਕੇ ਭਾਰਤੀ ਫੌਜ ਦੀ ‘ਜਿੱਤ’ ਦੇ ਜਸ਼ਨ ਮਨਾਏ ਜਾਣੇ ਸਨ।
ਫੌਜੀ ਦ੍ਰਿਸ਼ਟੀ ਤੋਂ ਦੇਖਿਆਂ ਇਹ ਟੱਕਰ ਸਰਾਸਰ ਬੇਮੇਚੀ ਸੀ। ਨਫ਼ਰੀ ਦੇ ਹਿਸਾਬ ਨਾਲ ਅਤੇ ਅਸਲੇ ਤੇ ਹਥਿਆਰਾਂ ਦੀ ਕੁਆਲਟੀ ਪੱਖੋਂ ਕੋਈ ਮੁਕਾਬਲਾ ਨਹੀਂ ਸੀ। ਇਕ ਪਾਸੇ ਦੁਨੀਆ ਦੀਆਂ ਸ਼ਕਤੀਸ਼ਾਲੀ ਫੌਜਾਂ ’ਚ ਗਿਣੀ ਜਾਂਦੀ ਭਾਰਤੀ ਫੌਜ ਸੀ, ਜਿਸ ਕੋਲ ਟੈਂਕ, ਬਖ਼ਤਰਬੰਦ ਗੱਡੀਆਂ, ਹਵਾਈ ਜਹਾਜ਼, ਹੈਲੀਕਾਪਟਰ ਅਤੇ ਭਾਰੀ ਤੋਪਖ਼ਾਨਾ ਸੀ। ਭਾਰਤੀ ਫੌਜ ਦੀਆਂ ਕੁੱਲ ਮਿਲਾ ਕੇ ਸੱਤ ਡਿਵੀਜ਼ਨਾਂ ਨੂੰ ਲੜਾਈ ਲਈ ਲਾਮਬੰਦ ਕੀਤਾ ਗਿਆ ਸੀ। ਇਕੱਲੇ ਦਰਬਾਰ ਸਾਹਿਬ ਉੱਤੇ ਹਮਲੇ ਦੀ ਕਾਰਵਾਈ ਵਿੱਚ ਹੀ ਘੱਟੋ-ਘੱਟ 15 ਹਜ਼ਾਰ ਫੌਜੀ ਜਵਾਨ ਸਿੱਧਾ ਹਿੱਸਾ ਲੈ ਰਹੇ ਸਨ। ਜ਼ਮੀਨ ਲਸ਼ਕਰ ਦੀ ਮਦਦ ਲਈ ਸਮੁੰਦਰੀ ਤੇ ਹਵਾਈ ਫੌਜ ਦੇ ਵੀ ਕੁਝ ਅੰਗ ਹਰਕਤ ਵਿੱਚ ਲਿਆਂਦੇ ਗਏ ਸਨ। ਭਾਰਤੀ ਫੌਜ ਕੋਲ ਉੱਤਮ ਅਸਲੇ ਤੇ ਹਥਿਆਰਾਂ ਤੋਂ ਇਲਾਵਾ ਆਹਲਾ ਦਰਜੇ ਦੇ ਸਾਧੇ ਹੋਏ ਜਰਨੈਲ ਸਨ। ਵਾਧੇ ਦੀ ਗੱਲ ਇਹ ਕਿ ਸਮੁੱਚੀ ਸਰਕਾਰੀ ਮਸ਼ੀਨਰੀ ਫੌਰੀ ਦੀ ਸੇਵਾ ਵਿੱਚ ਹਾਜ਼ਰ ਸੀ। ਦੂਜੇ ਪਾਸੇ, ਗਿਣਤੀ ਦੇ ਜੁਝਾਰੂ ਸਿੰਘ ਸਨ (ਜਿਨ੍ਹਾਂ ਦੀ ਨਫ਼ਰੀ ਕਿਸੇ ਵੀ ਤਰ੍ਹਾਂ ਡੇਢ ਸੈਂਕੜੇ ਤੋਂ ਵੱਧ ਨਹੀਂ ਸੀ) ਅਤੇ ਉਨ੍ਹਾਂ ਕੋਲ ਉਂਗਲਾਂ ਤੇ ਗਿਣਨ ਜੋਗੀਆਂ ਹਲਕੀਆਂ ਮਸ਼ੀਨਗੰਨਾਂ ਸਨ। ਦਰਮਿਆਨੀ ਜਾਂ ਭਾਰੀ ਮਸ਼ੀਨਗੰਨ ਇਕ ਵੀ ਨਹੀਂ ਸੀ। ਨਾਂ-ਮਾਤਰ ਰਾਕਟ ਲਾਂਚਰ ਸਨ। ਬਾਕੀ ਸਧਾਰਨ ਕਿਸਮ ਦੀਆਂ ਰਾਈਫਲਾਂ ਤੇ ਹੱਥ-ਗੋਲਿਆਂ (ਗਰਨੇਡ) ਤੋਂ ਬਿਨਾਂ ਉਨ੍ਹਾਂ ਕੋਲ ਹੋਰ ਕੋਈ ਹਥਿਆਰ ਨਹੀਂ ਸਨ। ਪਰ ਇਸ ਫੌਜੀ ਪੱਖ ਦੀ ਕਮਜ਼ੋਰੀ ਦੀ ਤੁਲਨਾ ਵਿੱਚ ਜੁਝਾਰੂ ਸਿੰਘਾਂ ਦੇ ਨੈਤਿਕ ਪੱਖ ਵਾਲਾ ਪਲੜਾ ਕਿਤੇ ਵੱਧ ਵਜ਼ਨਦਾਰ ਸੀ।
ਭਾਰਤੀ ਫੌਜ ਕਹਿਣ ਨੂੰ ਭਾਵੇਂ ਦੇਸ਼ ਦੇ ਹਿਤਾਂ ਦੀ ਰੱਖਿਆ ਦੀ ਲੜਾਈ ਲੜ ਰਹੀ ਸੀ ਪਰ ਅਸਲੀਅਤ ਵਿੱਚ ਉਹ ਦੇਸ਼ ਦੇ ਨਹੀਂ, ਦੇਸ਼ ਦੇ ਧਿੰਗਾਣੇ ਹਾਕਮਾਂ ਦੇ ਪੱਖ ਦੀ ਲੜਾਈ ਲੜ ਰਹੀ ਸੀ। ਇਹ ਪੱਖ ਪੁੱਜ ਕੇ ਝੂਠਾ ਤੇ ਬੇਨਿਆਈਂ ਸੀ। ਇਸ ਦੀ ਤੁਲਨਾ ਵਿੱਚ ਸਿੱਖ ਜੁਝਾਰੂ ਜਿਸ ਕਾਜ ਲਈ ਲੜ ਰਹੇ ਸਨ, ਕਿਸੇ ਦੇ ਧਰਮ ਤੇ ਸੱਭਿਆਚਾਰ ਨੂੰ ਉਜਾੜਨ ਲਈ ਨਹੀਂ। ਉਹ ਆਪਣੇ ਹੱਕਾਂ ਦੀ ਰਾਖੀ ਲਈ ਲੜ ਰਹੇ ਸਨ, ਕਿਸੇ ਦੇ ਧਰਮ ਤੇ ਸਭਿਆਚਾਰ ਨੂੰ ਉਜਾੜਨ ਲਈ ਨਹੀਂ। ਉਨ੍ਹਾਂ ਅੰਦਰ ਲੜਨ ਦਾ ਨਿਸ਼ਕਾਮ ਜਜ਼ਬਾ ਸੀ, ਜੂਝ ਮਰਨ ਦਾ ਦ੍ਰਿੜ੍ਹ ਨਿਸ਼ਚਾ ਸੀ ਅਤੇ ਆਪਣੇ ਗੁਰੂ ਦੇ ਚਰਨਾਂ ਵਿੱਚ ਸ਼ਹੀਦ ਹੋ ਜਾਣ ਦਾ ਨਿਰਮਲ ਚਾਉ ਸੀ। ਇਸ ਕਰਕੇ ਸਿੰਘਾਂ ਨੇ ਆਪਣੀ ਮੂਲੋਂ ਹੀ ਥੋੜੀ ਨਫ਼ਰੀ ਤੇ ਮਾੜੇ ਹਥਿਆਰਾਂ ਦੇ ਬਾਵਜੂਦ ਭਾਰਤੀ ਫੌਜ ਦੇ ਹੱਲੇ ਨੂੰ ਬੁਰੀ ਤਰ੍ਹਾਂ ਪਛਾੜ ਕੇ ਰੱਖ ਦਿੱਤਾ। ਫੌਜੀ ਜਰਨੈਲ ਜਿਸ ਲੜਾਈ ਨੂੰ ਦੋ ਜਾਂ ਹੱਦ ਤਿੰਨ ਘੰਟਿਆਂ ਦੇ ਅੰਦਰ ਸਮੇਟ ਦੇਣ ਦੀ ਖੁਸ਼ਫਹਿਮੀ ਪਾਲੀ ਬੈਠੇ ਸਨ, ਉਹ ਉਮੀਦ ਨਾਲੋਂ ਕਿਤੇ ਵੱਧ ਲਮਕਵੀਂ ਤੇ ਜੋਖਮ ਭਰੀ ਸਾਬਿਤ ਹੋਈ।
ਜਨਰਲ ਕੁਲਦੀਪ ਸਿੰਘ ਬਰਾੜ ਨੇ ਸਿੰਘਾਂ ਦੇ ਹੌਸਲੇ ਤੋੜਨ ਤੇ ਮੋਰਚੇ ਨਸ਼ਟ ਕਰਨ ਲਈ ਕਈ ਬਦਲਵੀਆਂ ਪੈਂਤੜਾ ਚਾਲਾਂ ਚੱਲੀਆਂ। ਪਰ ਜੁਝਾਰੂ ਸਿੰਘਾਂ ਦੀ ਕਹਿਰ ਵਰਸਾਉਂਦੀ ਜੁਆਬੀ ਗੋਲੀਬਾਰੀ ਉੱਤੇ ਕਾਬੂ ਪਾਉਣ ਦੀ ਪੂਰਵ-ਉਲੀਕੀ ਜਾਂ ਬਦਲਵੀਂ, ਕੋਈ ਵੀ ਚਾਲ ਅਸਰਦਾਰ ਸਾਬਤ ਨਾ ਹੋਈ। ਫੌਜੀ ਕਮਾਂਡੋਆਂ ਦੀਆਂ ਚਕਰਾਤਾ ਵਿਖੇ ਮਹੀਨਿਆਂ ਬੱਧੀ ਕੀਤੀਆਂ ਮਸ਼ਕਾਂ ਉੱਕਾ ਹੀ ਬੇਫਾਇਦਾ ਬਣ ਕੇ ਰਹਿ ਗਈਆਂ। ਦੋ ਘੰਟਿਆਂ ਦੇ ਅੰਦਰ-ਅੰਦਰ ਅਕਾਲ ਤਖ਼ਤ ਉੱਤੇ ਕਬਜ਼ਾ ਕਰ ਲੈਣ ਦਾ ਟੀਚਾ ਤਾਂ ਦੂਰ ਰਿਹਾ, ਦੋ ਘੰਟਿਆਂ ਤਕ ਫੰਨੇ ਖਾਂ ਕਹੇ ਜਾਂਦੇ ‘10 ਗਾਰਡਜ਼’ ਦੇ ਕਮਾਂਡੋ ਪਰਕਰਮਾ ਦੇ ਅੰਦਰ ਕਦਮ ਧਰਨ ਵਿੱਚ ਵੀ ਸਫਲ ਨਾ ਹੋ ਸਕੇ। ਮੁੱਖ ਦੁਆਰ ਦੀਆਂ ਪੌੜੀਆਂ ਹੀ ਉਨ੍ਹਾਂ ਲਈ ਮੌਤ ਦਾ ਖੂਹ ਬਣ ਕੇ ਰਹਿ ਗਈਆਂ। ਹਲਕੀਆਂ/ਭਾਰੀਆਂ ਸਭ ਮਸ਼ੀਨਗੰਨਾਂ ਤੇ ਤੋਪਾਂ ਗੋਲੇ ਵਰਸਾ-ਵਰਸਾ ਕੇ ਹੰਭ ਗਈਆਂ। ਦਰਬਾਰ ਸਾਹਿਬ ਉੱਤੇ ਨੀਵੀਆਂ ਉਡਾਰੀਆਂ ਭਰ ਕੇ ਫੌਜੀ ਜਵਾਨਾਂ ਨੂੰ ਸਿੰਘਾਂ ਦੇ ਮੋਰਚਿਆਂ ਦੀ ਸੂਹ ਦੇ ਰਹੇ ਚੇਤਕ ਹੈਲੀਕਾਪਟਰ ਵੀ ਛਿੱਥੇ ਪੈ ਗਏ। ਪਰ ਫੌਜੀ ਟੁਕੜੀਆਂ ਦੀ ਅਕਾਲ ਤਖ਼ਤ ਵੱਲ ਵਧਣ ਦੀ ਕੋਈ ਕੋਸ਼ਿਸ਼ ਸਫ਼ਲ ਨਾ ਹੋ ਸਕੀ। ਜਨਰਲ ਬਰਾੜ ਦਾ ਵਿਚਾਰ ਸੀ ਕਿ ਉਹ ਜ਼ਮੀਨ ਤੇ ਅਸਮਾਨ ਨੂੰ ਕਾਂਬਾ ਛੇੜ ਦੇਣ ਵਾਲੇ ‘ਸਟੱਨ ਗਰਨੇਡਾਂ’ ਨੂੰ ਦੀਵਾਲੀ ਦੇ ਪਟਾਕਿਆਂ ਤੋਂ ਵੱਧ ਨਹੀਂ ਜਾਣਿਆ। ਛੇਆਂ ਘੰਟਿਆਂ ਦੀਆਂ ਜੀਅ-ਤੋੜ ਕੋਸ਼ਿਸ਼ਾਂ ਦੇ ਬਾਵਜੂਦ ਅਤੇ ਕਲਪਨਾ ਨਾਲੋਂ ਕਿਤੇ ਵੱਧ ਜਾਨੀ ਨੁਕਸਾਨ ਕਰਾ ਬੈਠਣ ਤੋਂ ਬਾਅਦ ਵੀ ਫੌਜ ਦਾ ਅਕਾਲ ਤਖ਼ਤ ਵੱਲ ਵਧਣਾ ਮੁਹਾਲ ਬਣਿਆ ਰਿਹਾ।
ਕੋਈ ਛੇ ਘੰਟੇ ਬੀਤ ਜਾਣ ਤੋਂ ਬਾਅਦ, ਜਦ ਫੌਜੀ ਜਰਨੈਲਾਂ ਨੂੰ ਪਹੁ ਫੁਟ ਜਾਣ ਦਾ ਅਤੇ ਦਿਨ ਦੇ ਚਿੱਟੇ ਚਾਨਣ ਵਿੱਚ ਆਪਣੀ ਨਾਕਾਮੀ ਦੇ ਜੱਗ-ਜ਼ਾਹਿਰ ਹੋ ਜਾਣ ਦਾ ਡਰਾਉਣ ਖਿਆਲ ਸਤਾਉਣ ਲੱਗਾ ਤਾਂ ਉਨ੍ਹਾਂ 6 ਜੂਨ 1984 ਦੀ ਲੋਅ ਪਾਟਣ ਤੋਂ ਪਹਿਲਾਂ ਸਵੇਰ ਦੇ 4 ਵਜੇ ਮੰਜੀ ਸਾਹਿਬ ਵਾਲੇ ਪਾਸਿਓਂ ਇਕ ਬਖ਼ਤਰਬੰਦ ਗੱਡੀ (ਛਾਂ+ੳ +ੳ64) ਪਰਕਰਮਾ ਅੰਦਰ ਉਤਾਰੀ। ਉਨ੍ਹਾਂ ਨੂੰ ਪੱਕਾ ਯਕੀਨ ਸੀ ਕਿ ਸਿੰਘ ਇਸ ਗੱਡੀ ਨੂੰ ਦੇਖਦਿਆਂ ਹੀ ਭੈਅ ਭੀਤ ਹੋ ਉਠਣਗੇ ਅਤੇ ਇਸ ਬਖ਼ਤਰਬੰਦ ਗੱਡੀ ਦਾ ਉਹ ਵਾਲ ਵੀ ਵਿੰਗਾ ਨਹੀਂ ਕਰ ਸਕਣਗੇ। ਪਰ ਬਖ਼ਤਰਬੰਦ ਗੱਡੀ ਅਜੇ ਪਰਕਰਮਾ ਦੇ ਅੱਧ ਵਿੱਚ ਸ਼ਹੀਦਾਂ ਵਾਲੇ ਗੇਟ ਦੇ ਸਾਹਮਣੇ ਹੀ ਪਹੁੰਚੀ ਸੀ ਕਿ ਸਿੰਘਾਂ ਵੱਲੋਂ ਨਿਸ਼ਾਨਾ ਸੇਧ ਕੇ ਦਾਗੇ ਗਏ ਰਾਕਟ ਲਾਂਚਰ ਨੇ ਇਸ ਨੂੰ ਥਾਏਂ ਨਕਾਰਾ ਕਰ ਦਿੱਤਾ। ਫੌਜੀ ਜਰਨੈਲਾਂ ਨੈ ਅਜਿਹੀ ਪਛਾੜ ਤਾਂ ਸੁਪਨੇ ਵਿੱਚ ਵੀ ਨਹੀਂ ਚਿਤਵੀ ਸੀ। ਇਸ ਕਰਕੇ ਉਨ੍ਹਾਂ ਅੰਦਰ ਇਕਦਮ ਘਬਰਾਹਟ ਫੈਲ ਗਈ। ਪੂਰਵ ਉਲੀਕੀਆਂ ਸਾਰੀਆਂ ਯੋਜਨਾਵਾਂ ਨੂੰ ਥਾਏਂ ਛੱਡਦਿਆਂ ਹੋਇਆਂ ਉਨ੍ਹਾਂ, ਭਾਰੀ ਕਾਹਲੀ ਤੇ ਘਬਰਾਹਟ ਵਿੱਚ, ਉਤਲੀ ਪੱਧਰ ’ਤੇ ਫੁਰਤੀ ਨਾਲ ਸਲਾਹ-ਮਸ਼ਵਰੇ ਕਰਕੇ, ਅਕਾਲ ਤਖ਼ਤ ਉੱਤੇ ਸਿੱਧਾ ਟੈਂਕਾਂ ਨਾਲ ਹੱਲਾ ਬੋਲਣ ਦਾ ਨਿਰਣਾ ਕਰ ਲਿਆ।
ਮਿੰਟਾਂ ਦੇ ਅੰਦਰ ਹੀ ਛੇ ਵਿਜੇਤਾ ਟੈਂਕ ਸਰਾਂ ਵਾਲੇ ਪਾਸੇ ਦੀ ਵਿਚਕਾਰਲੀ ਸੜਕ ਉੱਤੇ ਆ ਪਰਗਟ ਹੋਏ। ਪਹਿਲਾਂ ਇਕ ਟੈਂਕ ਨੂੰ ਪਰਕਰਮਾ ਅੰਦਰ ਉਤਾਰਿਆ ਗਿਆ। ਪਰ ਰੱਬ-ਸਬੱਬੀ ਇਹ ਟੈਂਕ ਬਾਬਾ ਦੀਪ ਸਿੰਘ ਜੀ ਦੇ ਸੀਸ ਭੇਟ ਅਸਥਾਨ ਕੋਲ ਜਾ ਕੇ ਜ਼ਮੀਨ ਅੰਦਰ ਧਸ ਗਿਆ। ਫਿਰ ਇਕ ਹੋਰ ਟੈਂਕ ਲਿਆਂਦਾ ਗਿਆ। ਤਿੱਖੀ ਲਿਸ਼ਕੋਰ ਨਾਲ ਸਿੰਘਾਂ ਦੀਆਂ ਅੱਖਾਂ ਨੂੰ ਨਕਾਰਾ ਕਰ ਦੇਣ ਦੀ ਸੋਚ ਨਾਲ ਅਕਾਲ ਤਖ਼ਤ ਉੱਤੇ ਟੈਂਕਾਂ ਦੀਆਂ ਤੀ ਤੇਜ਼ ਰੋਸ਼ਨੀਆਂ (ਸਰਚ ਲਾਈਆਂ) ਮਾਰੀਆਂ ਗਈਆਂ। ਜਦ ਇਸ ਨਾਲ ਵੀ ਅਕਾਲ ਤਖ਼ਤ ਵਿਚੋਂ ਆਉਂਦੀ ਗੋਲੀਆਂ ਦੀ ਬੁਛਾੜ ਨਾ ਥੰਮ੍ਹੀ ਤਾਂ ਅਕਾਲ ਤਖ਼ਤ ਉੱਤੇ ਅੱਥਰੂ ਗੈਸ ਦੇ ਬੇਥਾਹ ਗੋਲੇ ਸੁੱਟੇ ਗਏ। ਪਰ ਅੱਥਰੂ ਗੈਸ ਵੀ ਆਪਣਾ ਕੋਈ ਅਸਰ ਨਾ ਦਿਖਾ ਸਕੀ। ਇਸ ਤੋਂ ਬਾਅਦ ਛਿੱਥੇ ਪਏ ਜਨਰਲ ਬਰਾੜ ਨੇ ਅਕਾਲ ਤਖ਼ਤ ਅੰਦਰ ਸੀ.ਐਸ. ਨਾਂ ਦੀ ਜ਼ਹਿਰੀਲੀ ਗੈਸ (ਕੌਮਾਂਤਰੀ ਕਾਨੂੰਨਾਂ ਅਨੁਸਾਰ ਜਿਸ ਦੀ ਜੰਗ ਅੰਦਰ ਵਰਤੋਂ ਵਰਜਿਤ ਕਰਾਰ ਦਿੱਤੀ ਜਾ ਚੁੱਕੀ ਸੀ), ਦੇ ਕਨਿਸਤਰ ਸੁੱਟਣ ਦੀ ਚਾਲ ਅਜ਼ਮਾਉਣ ਦਾ ਨਿਰਣਾ ਕਰ ਲਿਆ। ਪਰ ਸਿੰਘਾਂ ਨੇ ਦੁਸ਼ਮਣ ਦੀ ਹਰ ਚਾਲ ਨੂੰ ਪਛਾੜਦਿਆਂ ਹੋਇਆਂ ਫੌਜ ਨੂੰ ਅਕਾਲ ਤਖ਼ਤ ਵੱਲ ਵਧਣ ਤੋਂ ਲਗਾਤਾਰ ਡੱਕਾ ਲਾਈ ਰੱਖਿਆ।
ਅਖ਼ੀਰ ਵਿੱਚ, ਟੈਂਕਾਂ ਨੇ ਹੋਰ ਨੇੜੇ ਹੋ ਕੇ ਅਕਾਲ ਤਖ਼ਤ ’ਤੇ ਦਰਸ਼ਨੀ ਡਿਉਢੀ ਉੱਤੇ ਸਿੱਧੇ ਗੋਲੇ ਵਰਸਾਉਣੇ ਸ਼ੁਰੂ ਕਰ ਦਿੱਤੇ। ਪਹਿਲਾਂ ਅਜ਼ਮਾਇਸ਼ ਦੇ ਤੌਰ ’ਤੇ ਟੈਂਕ ਦੀ ਮਸ਼ੀਨਗੰਨ ਦੇ ਗੋਲੇ ਦਾਗੇ ਗਏ। ਫਿਰ ਟੈਂਕ ਦੀ ਮੁੱਖ ਤੋਪ (105 ਐਮ.ਐਮ.) ਵਿਚੋਂ ‘ਹੈੱਸ਼’ (.ਕਤੀ) ਦੇ ਨਾਂ ਨਾਲ ਜਾਣੇ ਜਾਂਦੇ ਅਤੀ ਸ਼ਕਤੀਸ਼ਾਲੀ ਗੋਲਿਆਂ ਨੇ ਕਹਿਰ ਵਰਸਾਉਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਗੋਲਿਆਂ ਨੇ ਅਕਾਲ ਤਖ਼ਤ ਤੇ ਦਰਸ਼ਨੀ ਡਿਉਢੀ ਦੇ ਡਾਢੇ-ਤਕੜੇ ਢਾਂਚਿਆਂ ਅੰਦਰ ਵੱਡੇ ਮਘੋਰੇ ਖੋਲ੍ਹ ਦਿੱਤੇ। ਥੋੜੇ ਹੀ ਚਿਰ ਵਿੱਚ ਇਹ ਇਤਿਹਾਸਕ ਇਮਾਰਤਾਂ ਬੁਰੀ ਤਰ੍ਹਾਂ ਨਸ਼ਟ ਹੋ ਗਈਆਂ। ਪਰ ਇਸ ਦੇ ਬਾਵਜੂਦ ਅਕਾਲ ਤਖ਼ਤ ਅੰਦਰ ਡਟੇ ਗਿਣਤੀ ਦੇ ਸਿੰਘ ਭਾਰਤੀ ਫੌਜ ਦਾ ਬਹਾਦਰੀ ਨਾਲ ਮੁਕਾਬਲਾ ਕਰਦੇ ਰਹੇ। ਕਮਾਂਡੋਆਂ ਨੇ ਪਰਕਰਮਾ ਦੀਆਂ ਉੱਤਰੀ ਤੇ ਦੱਖਣੀ, ਦੋਨੋਂ ਬਾਹੀਆਂ ਤੋਂ ਅਕਾਲ ਤਖ਼ਤ ਵੱਧ ਵਧਣ ਦੀਆਂ ਕਈ ਜਾਂਬਾਜ਼ ਕੋਸ਼ਿਸ਼ਾਂ ਕੀਤੀਆਂ, ਪਰ ਹਰ ਵਾਰ ਅਕਾਲ ਤਖ਼ਤ ਦੇ ਸਾਹਮਣੇ ਵਾਲਾ ਵਿਹੜਾ ਉਨ੍ਹਾਂ ਲਈ ਮੌਤ ਦਾ ਖੇਤਰ ਬਣਦਾ ਰਿਹਾ। ਬਾਅਦ ’ਚ ਜਨਰਲ ਬਰਾੜ ਨੇ ਇਹ ਗੱਲ ਨਿਝੱਕ ਮੰਨੀ ਕਿ ਇਹ ਥਾਂ ਉਨ੍ਹਾਂ ਲਈ ‘ਮੁੱਖ ਕਤਲਗਾਹ’ ਸਾਬਤ ਹੋਈ। ਜਨਰਲ ਦਿਆਲ ਨੂੰ ਵੀ ਸਿੰਘਾਂ ਦੇ ਲੜਾਕੂ ਜਜ਼ਬੇ ਤੇ ਬਹਾਦਰੀ ਦਾ ਇਹ ਕਹਿੰਦਿਆਂ ਹੋਇਆਂ ਲੋਹਾ ਮੰਨਣਾ ਪਿਆ ਕਿ ‘‘ਮੈਂ ਆਪਣੇ ਫੌਜੀ ਜੀਵਨ ਦੇ ਤੀਹ ਵਰ੍ਹਿਆਂ ਅੰਦਰ ਇਸ ਤਰ੍ਹਾਂ ਦੀ ਫਾਇਰ ਪਾਵਰ ਨਹੀਂ ਦੇਖੀ - ਪਾਕਿਸਤਾਨ ਨਾਲ ਜੰਗ ਦੇ ਦੌਰਾਨ ਵੀ ਨਹੀਂ।’’
ਉਦੋਂ ਵੀ, ਜਦੋਂ ਅਕਾਲਤਖ਼ਤ ਦੇ ਢਾਂਚੇ ਵਿੱਚ ਖੁੱਲ੍ਹੇ ਵੱਡੇ ਮਘੋਰਿਆਂ ਰਾਹੀਂ ਭਾਰਤੀ ਫੌਜਾਂ ਮਣਾਂ-ਮੂੰਹੀ ਬਾਰੂਦ ਅੰਦਰ ਸੁੱਟ ਰਹੀ ਸੀ ਤੇ ਅਕਾਲ ਤਖ਼ਤ ਦੀਆਂ ਉਪਰਲੀਆਂ ਮੰਜ਼ਲਾਂ ਅੱਗੇ ਤੇ ਧੂੰਏਂ ਦੀ ਲਪੇਟ ਵਿੱਚ ਆਈਆਂ ਹੋਈਆਂ ਸਨ, ਅਕਾਲ ਤਖ਼ਤ ਦੀ ਹੇਠਲੀ ਮੰਜ਼ਿਲ ਵਿੱਚ ਡਟੇ ਜੁਝਾਰੂ ਸਿੰਘਾਂ ਨੇ ਲਗਾਤਾਰ ਜਚਵੀਂ ਟੱਕਰ ਦੇਣੀ ਜਾਰੀ ਰੱਖੀ। 6 ਜੂਨ 1984 ਨੂੰ ਵੱਡਾ ਦਿਨ ਚੜ੍ਹ ਪੈਣ ਤਕ ਟੈਂਕਾਂ ਦੀਆਂ ਤੋਪਾਂ ਅਕਾਲ ਤਖ਼ਤ ਸਾਹਿਬ ਉੱਤੇ ਬਿਨ੍ਹਾਂ ਸਾਹ ਲਏ ਗੋਲੇ ਸੁੱਟਦੀਆਂ ਰਹੀਆਂ। ਪਰੰਤੂ ਲਗਭਗ ਥੇਹ ਬਣ ਚੁੱਕੇ ਅਕਾਲ ਤਖ਼ਤ ਦੇ ਅੰਦਰ ਸੰਤ ਜਰਨੈਲ ਸਿੰਘ ਤੇ ਉਨ੍ਹਾਂ ਦੇ ਗਿਣਤੀ ਦੇ ਲੜਾਕੂ ਸਿੰਘ ਸਿੱਖੀ ਦੇ ਗੌਰਵਸ਼ਾਲੀ ਵਿਰਸੇ ਤੇ ਰਵਾਇਤਾਂ ਦੀ ਲਾਜ ਪਾਲਦੇ ਹੋਏ ਸਿਦਕ-ਦਿਲੀ ਨਾਲ ਮੁਕਾਬਲੇ ’ਤੇ ਡਟੇ ਰਹੇ। ਜਨਰਲ ਬਰਾੜ ਦੀ ਸੰਤ ਭਿੰਡਰਾਂਵਾਲੇ ਕੋਲੋਂ ਦੋ ਘੰਟਿਆਂ ਦੇ ਅੰਦਰ-ਅੰਦਰ ਆਤਮ-ਸਪਰਪਣ ਕਰਵਾ ਲੈਣ ਦੀ ਹੋਛੀ ਫੜ ਉਸ ਲਈ ਅੰਤਾਂ ਦੀ ਨਮੋਸ਼ੀ ਤੇ ਸ਼ਰਮਿੰਦਗੀ ਦਾ ਕਾਰਨ ਬਣ ਰਹੀ ਸੀ। ਉਂਗਲਾਂ ਤੇ ਗਿਣਨ ਜੋਗੇ ਸਿੰਘਾਂ ਨੂੰ ਫੌਜ ਦੇ ਭਾਰੀ ਲਸ਼ਕਰ ਨਾਲ ਮੁਕਾਬਲਾ ਕਰਦਿਆਂ 50 ਘੰਟੇ ਤੋਂ ਵੱਧ ਸਮਾਂ ਬੀਤ ਚੁੱਕਾ ਸੀ। ਟੈਂਕਾਂ ਦੇ ਗੋਲਿਆਂ ਨੇ ਅਕਾਲ ਤਖ਼ਤ ਨੂੰ ਹਾਲੋਂ ਬੇਹਾਲ ਕਰਕੇ ਰੱਖ ਦਿੱਤਾ ਹੋਇਆ ਸੀ। ਅਕਾਲ ਤਖ਼ਤ ਤੇ ਹਰਿਮੰਦਰ ਸਾਹਿਬ ਦੀ ਅਜ਼ਮਤ ਦੀ ਰਾਖੀ ਕਰਦੇ ਬਹੁਤੇ ਸਿੰਘ ਸ਼ਹੀਦ ਹੋ ਚੁੱਕੇ ਸਨ।
6 ਜੂਨ 1984 ਦੀ ਸਵੇਰ ਨੂੰ ਸੰਤ ਜਰਨੈਲ ਸਿੰਘ ਨੇ ਆਪਣੇ ਗਿਣਤੀ ਦੇ ਬਚੇ ਹੋਏ ਯੋਧਿਆਂ ਨੂੰ ਅਕਾਲ ਤਖ਼ਤ ਸਾਹਿਬ ਦੇ ਭੋਰੇ ਅੰਦਰ ਇਕੱਠਿਆਂ ਕਰਕੇ ਸਾਰੇ ਹਾਲਾਤ, ਜੋ ਸਾਰਿਆਂ ਨੂੰ ਹੀ ਸਪਸ਼ਟ ਸਨ, ਤੋਂ ਜਾਣੂੰ ਕਰਵਾਇਆ ਅਤੇ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੀ ਸੂਰਤ ਵਿੱਚ ਭਾਰਤੀ ਫੌਜ ਨੂੰ ਲੋਹੇ ਦੇ ਚਣੇ ਚਬਾਉਣ ਦੇ ਆਪਣੇ ਪ੍ਰਣ ਉੱਤੇ ਸੰਤੁਸ਼ਟੀ ਜ਼ਾਹਰ ਕਰਦਿਆਂ ਹੋਇਆਂ ਗੁਰੂ ਦੇ ਚਰਨਾਂ ਵਿੱਚ ਸ਼ਹਾਦਤ ਦਾ ਜਾਮ ਪੀਣ ਦੀ ਸੁਲੱਖਣੀ ਘੜੀ ਦੇ ਆ ਪਹੁੰਚਣ ਦਾ ਐਲਾਨ ਕੀਤਾ। ਕੁਝ ਸਿੰਘਾਂ ਨੇ ਸੰਤਾਂ ਨੂੰ ਸਿੱਖ ਕੌਮ ਦੀ ਅਜ਼ਾਦੀ ਦੇ ਸੰਘਰਸ਼ ਨੂੰ ਸੁਯੋਗ ਅਗਵਾਈ ਦੇਣ ਲਈ ਦੁਸ਼ਮਣ ਦੇ ਘੇਰੇ ’ਚੋਂ ਬਚ ਕੇ ਨਿਕਲ ਜਾਣ ਦੀ ਬੇਨਤੀ ਕੀਤੀ। ਘੇਰੇ ’ਚੋਂ ਬਚ ਕੇ ਨਿਕਲ ਜਾਣ ਦੇ ਰਾਹ ਭਾਵੇਂ ਅਜੇ ਵੀ ਖੁੱਲ੍ਹੇ ਸਨ (ਕਿਹਾ ਜਾਂਦਾ ਹੈ ਕਿ ਕੁਝ ਸਿੰਘ, ਸਾਂਝੀ ਰਜ਼ਾ ਨਾਲ ਘੇਰੇ ’ਚੋਂ ਬਚ ਕੇ ਨਿਕਲ ਵੀ ਗਏ ਸਨ) ਪਰੰਤੂ ਸੰਤ ਜਰਨੈਲ ਸਿੰਘ ਨੇ ਸਿੰਘਾਂ ਦੀ ਇਸ ਬੇਨਤੀ ਨੂੰ ਪਿਆਰ ਤੇ ਦ੍ਰਿੜ੍ਹਤਾ ਨਾਲ ਠੁਕਰਾਅ ਦਿੱਤਾ ਅਤੇ ਗੁਰੂ ਦੇ ਚਰਨਾਂ ਵਿੱਚ ਸੀਸ ਵਾਰਨ ਦੀ ਆਪਣੀ ਅਡੋਲ ਇੱਛਾ ਨੂੰ ਉਨ੍ਹਾਂ ਦੇ ਅੰਤਮ ਫੈਸਲੇ ਵਜੋਂ ਪਰਵਾਨ ਕਰਨ ਲਈ ਕਿਹਾ। ਇਸ ਤੋਂ ਬਾਅਦ ਸਿੰਘਾਂ ਨੇ ਇਹੋ ਜਿਹੀ ਬੇਨਤੀ ਪਾਈ ਅਮਰੀਕ ਸਿੰਘ ਅੱਗੇ ਦੁਹਰਾਈ ਪਰ ਭਾਈ ਸਾਹਿਬ ਹੁਰਾਂ ਸੱਚਖੰਡ ਤੱਕ ਸੰਤਾਂ ਦਾ ਸਾਥ ਨਿਭਾਉਣ ਦੀ ਆਪਣੀ ਤੀਬਰ ਇੱਛਾ ਤੇ ਪ੍ਰਣ ਤੋਂ ਕਿਸੇ ਵੀ ਸੂਰਤ ਪਿਛਾਂਹ ਨਾ ਹਟਣ ਦਾ ਦ੍ਰਿੜ੍ਹ ਫੈਸਲਾ ਸੁਣਾਉਂਦਿਆਂ ਹੋਇਆਂ ਸ਼ਹੀਦੀ ਕਮਰਕੱਸੇ ਕਰਨੇ ਸ਼ੁਰੂ ਕਰ ਦਿੱਤੇ। ਸੰਤ ਜਰਨੈਲ ਸਿੰਘ ਸਮੇਤ ਅਕਾਲ ਤਖ਼ਤ ਦੇ ਭੋਰੇ ਅੰਦਰ ਮੌਜੂਦ ਦੋ ਦਰਜਨ ਦੇ ਕਰੀਬ ਧਰਮੀ ਯੋਧਿਆਂ ਦੇ ਹੱਥ ਅਰਦਾਸ ਲਈ ਜੁੜੇ। ਅਰਦਾਸ ਹੋਈ ਅਤੇ ਜੈਕਾਰ ਛੱਡਣ ਤੋਂ ਬਾਅਦ ਉਹੀ ਹੱਥ ਮੁੜ ਆਪੋ ਆਪਦੇ ਹਥਿਆਰਾਂ ਦੇ ਮੁੱਠਿਆਂ ਨੂੰ ਜਾ ਜੁੜੇ। ਅੱਗੇ-ਅੱਗੇ ਸੰਤ ਤੇ ਪਿੱਛੇ ਉਨ੍ਹਾਂ ਦੇ ਸਿਦਕੀ ਸਿੰਘ ਜੈਕਾਰੇ ਗੁੰਜਾਉਂਦੇ ਸਾਹਮਣੇ ਵਿਹੜੇ ਵਿੱਚ ਨਿਕਲ ਆਏ। ਇਸ ‘ਕੌਤਕ’ ਨੂੰ ਦੇਖ ਕੇ ਇਕ ਵਾਰ ਤਾਂ ਦੁਸ਼ਮਣ ਦੇ ਪੈਰਾਂ ਥੱਲਿਓਂ ਵੀ ਜ਼ਮੀਨ ਖਿਸਕ ਗਈ।
ਕੁਝ ਹੀ ਪਲਾਂ ਬਾਅਦ ਚੁਫੇਰਿਅਓਂ ਗੋਲੀਆਂ ਤੇ ਗਰਨੇਡਾਂ ਦੀ ਜ਼ੋਰਦਾਰ ਬੁਛਾੜ ਆਈ ਅਤੇ ਮਰਦ ਅਗੰਮੜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖ ਵਿਰਸੇ ਦੀ ਲਾਜ ਪਾਲਦੇ ਤੇ ਆਪਣਾ ਕਿਹਾ ਹੋਇਆ ਵਚਨ ਨਿਭਾਉਂਦੇ ਹੋਏ ਨਿਸ਼ਾਨ ਸਾਹਿਬਾਨ ਤੋਂ ਕੁਝ ਹੀ ਫੁੱਟ ਦੀ ਦੂਰੀ ਉੱਤੇ ਸ਼ਹੀਦ ਹੋ ਗਏ। ਮਗਰੇ ਹੀ ਭਾਈ ਅਮਰੀਕ ਸਿੰਘ ਤੇ ਹੋਰ ਸਿੰਘ ਵੀ ਗੁਰੂ ਘਰ ਦੀ ਰੱਖਿਆ ਕਰਦੇ ਹੋਏ ਗੁਰੂ ਨੂੰ ਪਿਆਰੇ ਹੋ ਗਏ। ਜਨਰਲ ਸੁਬੇਗ ਸਿੰਘ ਦੀ ਮ੍ਰਿਤਕ ਦੇਹ ਅਕਾਲ ਤਖ਼ਤ ਸਾਹਿਬ ਦੇ ਭੋਰੇ ’ਚੋਂ ਬਰਾਮਦ ਹੋਈ ਦੱਸੀ ਗਈ। ਕੁਝ ਪੱਤਰਕਾਰਾਂ ਦੀਆਂ ਰਿਪੋਰਟਾਂ ਮੁਤਾਬਕ ਜਨਰਲ ਸੁਬੇਗ ਸਿੰਘ ਦੇ ਗੁੱਟਾਂ ਉੱਤੇ ਰੱਸੇ ਦੇ ਨਿਸ਼ਾਨ ਸਨ। ਸਮਝਿਆ ਜਾਂਦਾ ਹੈ ਕਿ ਫੌਜ ਦੇ ਅਣਚਿਤਵੇ ਭਾਰੀ ਜਾਨੀ ਨੁਕਸਾਨ ਸਦਕਾ ਕਰੋਧ ਵਿੱਚ ਆਏ ਫੌਜੀ ਜਰਨੈਲਾਂ ਨੇ ਆਪਣੀ ਵਿਹੁ ਲਾਹੁਣ ਲਈ ਜਨਰਲ ਸੁਬੇਗ ਸਿੰਘ ਨੂੰ ਸਖ਼ਤ ਜ਼ਖ਼ਮੀ ਹਾਲਤ ਵਿੱਚ ਗੁੱਟਾਂ ਤੋਂ ਰੱਸੀਆਂ ਨਾਲ ਬੰਨ੍ਹ ਦੇ ਘੜੀਸਿਆ ਅਤੇ ਫਿਰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ।
ਅਗਲੇ ਦਿਨ, 7 ਜੂਨ 1984 ਦੀ ਸ਼ਾਮ ਨੂੰ ਸੰਤ ਜਰਨੈਲ ਸਿੰਘ ਤੇ ਭਾਈ ਅਮਰੀਕ ਸਿੰਘ ਦੇ ਮ੍ਰਿਤਕ ਸਰੀਰਾਂ ਦਾ ਫੌਜ ਦੀ ਕਰੜੀ ਨਿਗਰਾਨੀ ਹੇਠ ਨਗਰਪਾਲਿਕਾ ਦੇ ਚਾਟੀਵਿੰਡ ਸ਼ਮਸ਼ਾਨਘਾਟ ਵਿਖੇ ਦਾਹ ਸੰਸਕਾਰ ਕਰ ਦਿੱਤਾ ਗਿਆ। ਇਸ ਤਰ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਇਸ ਸ਼ਹਾਦਤ ਨਾਲ ਸਿੱਖ ਸੰਘਰਸ਼ ਦੇ ਇਕ ਦੌਰ ਦੀ ਸਮਾਪਤੀ ਹੋ ਗਈ। ਪਰ ਇਸ ਦੇ ਨਾਲ ਹੀ ਇਕ ਨਵਾਂ ਹੋਣੀ ਭਰਪੂਰ ਦੌਰ ਅਰੰਭ ਹੋ ਗਿਆ।