

ਅੰਮ੍ਰਿਤ : ਜੀਵਨ-ਜਾਚ ਜਾਂ ਮਹਿਜ਼ ਇਕ ਰਿਵਾਜ?
- ਅਵਤਾਰ ਸਿੰਘ ਮਿਸ਼ਨਰੀ -
ਅੰਮ੍ਰਿਤ ਸੰਸਕ੍ਰਿਤ ਦਾ ਸ਼ਬਦ ਹੈ ਗੁਰਬਾਣੀ ਵਿੱਚ ਜਿਸ ਦੇ ਸੰਦਰਭ ਅਨੁਸਾਰ ਵੱਖਰੇ-2 ਅਰਥ ਹਨ ਜਿਵੇਂ : ਮੱਖਣ, ਦੁੱਧ, ਮਿਠਾਸ, ਸੁਆਦਲਾ ਭੋਜਨ, ਅਮਰ ਆਦਿਕ। ਪਰ ਮੁੱਖ ਅਰਥ ਪ੍ਰਮੇਸ਼ਰ ਦਾ ਨਾਮ ਹੀ ਹੈ। ਜਿਵੇਂ-
ਅੰਮ੍ਰਿਤ ਨਾਮੁ ਪ੍ਰਮੇਸਰੁ ਤੇਰਾ ਜੋ ਸਿਮਰੈ ਸੋ ਜੀਵੈ।।
(ਗੁਰੂ ਗ੍ਰੰਥ ਸਾਹਿਬ, ਪੰਨਾ 616)
ਅੰਮ੍ਰਿਤ ਹਰਿ ਕਾ ਨਾਮੁ ਹੈ ਮੇਰੀ ਜਿੰਦੜੀਏ, ਅੰਮ੍ਰਿਤ ਗੁਰਮਤਿ ਪਾਇ ਰਾਮ।।
(ਗੁਰੂ ਗ੍ਰੰਥ ਸਾਹਿਬ, ਪੰਨਾ 538)
ਹਿੰਦੂ ਮਿਥਹਾਸ ਕਹਿੰਦਾ ਹੈ ਕਿ ਜਦ ਦੇਵਤਿਆਂ ਅਤੇ ਦੈਂਤਾਂ ਨੇ ਖੀਰ ਸਮੁੰਦਰ ਨੂੰ ਰਿੜਕਿਆ ਤਾਂ ਓਥੋਂ ਅੰਮ੍ਰਿਤ ਨਿਕਲਿਆ, ਜਿਸ ਦੀ ਪ੍ਰਾਪਤੀ ਲਈ ਆਪਸੀ ਲੜਾਈ ਹੋਈ। ਮਹਾਨ ਕੋਸ਼ ਅਨੁਸਾਰ ਅੰਮ੍ਰਿਤ ਇੱਕ ਉਹ ਪਦਾਰਥ ਹੈ ਜਿਸ ਦੇ ਪੀਣ ਨਾਲ ਮੌਤ ਨਹੀਂ ਹੁੰਦੀ। ਕੋਈ ਇਸ ਨੂੰ ਸੋਮ ਰਸ, ਕੋਈ ਆਬਿ ਹਯਾਤ ਅਤੇ ਕੋਈ ਇਸ ਨੂੰ ਖੰਡੇ ਦਾ ਅੰਮ੍ਰਿਤ ਕਹਿੰਦਾ ਹੈ। ਸਭ ਦੇ ਵੱਖਰੇ-2 ਕਸਟਮ (ਰਿਵਾਜ) ਹਨ, ਜਿਨ੍ਹਾਂ ਉੱਪਰ ਬਾਹਰੀ ਤੌਰ ਤੇ ਜਾਂ ਸਰੀਰਕ ਤੌਰ ਤੇ ਜਿਆਦਾ ਜੋਰ ਦਿੱਤਾ ਜਾਂਦਾ ਹੈ। ਹਰੇਕ ਆਪਣੇ-2 ਕਸਟਮ ਨੂੰ ਹੀ ਚੰਗਾ ਸਮਝਦਾ ਹੈ।
ਆਓ ਆਪਾਂ ਇਸ ਬਾਰੇ ਭਗਤਾਂ ਅਤੇ ਗੁਰੂਆਂ ਦੇ ਵਿਚਾਰ ਜਾਨਣਾ ਕਰੀਏ ਜੋ ਦੁਨੀਆਂ ਦੇ ਸਰਬ ਸਾਂਝੇ ਗ੍ਰੰਥ 'ਗੁਰੂ ਗ੍ਰੰਥ ਸਾਹਿਬ' ਵਿੱਚ ਸੁਭਾਏਮਾਨ ਹਨ। ਜਿਨ੍ਹਾਂ ਮੁਤਾਬਕ ਅੰਮ੍ਰਿਤ ਇੱਕ ਗਿਆਨ ਹੈ, ਸ਼ਬਦ ਹੈ, ਲਾਈਫ ਹੈ (ਜੀਵਨ-ਜਾਚ) ਹੈ। ਜੇ ਆਪਣੇ-ਆਪਣੇ ਮਨ ਦੀ ਮਰਜੀ ਜਾਂ ਆਪਣੇ-ਆਪਣੇ ਕਸਟਮ ਨੂੰ ਛੱਡ ਕੇ ਖੁੱਲੇ ਦਿਮਾਗ ਨਾਲ ਵਿਚਾਰਿਆ ਜਾਵੇ ਤਾਂ (ਅੰਮ੍ਰਿਤ) ਭਾਵ ਮੌਤ ਰਹਿਤ ਤਾਂ ਇੱਕ ਪ੍ਰਭੂ ਪ੍ਰਮਾਤਮਾ ਰੱਬ ਅਕਾਲ ਪੁਰਖ ਹੀ ਹੈ। ਬਾਕੀ ਸਾਰੀ ਕਾਇਨਾਤ ਬਿਨਸਨਹਾਰ ਹੈ ਭਾਵ ਮੌਤ ਦੇ ਅਧੀਨ ਹੈ-
ਜੋ ਜਨਮੈ ਸੋ ਜਾਨੋ ਮੂਆ ।।
(ਗੁਰੂ ਗ੍ਰੰਥ ਸਾਹਿਬ, ਪੰਨਾ 375)
ਗੁਰੂ ਗ੍ਰੰਥ ਸਾਹਿਬ ਵਿਖੇ ਐਸੇ ਨਾਮ ਰਸ ਅੰਮ੍ਰਿਤ ਜਲ ਦੀ ਬਾਰ ਬਾਰ ਗੱਲ ਕੀਤੀ ਗਈ ਹੈ ਜੋ ਲਾਈਫ ਹੈ, ਜੀਵਨ-ਜਾਚ ਹੈ, ਕਸਟਮ (ਰਿਵਾਜ) ਕਦਾਚਿਤ ਵੀ ਨਹੀਂ-
ਗੁਰ ਕਾ ਸਬਦ ਅੰਮ੍ਰਿਤ ਹੈ ਬਾਣੀ ।।
(ਗੁਰੂ ਗ੍ਰੰਥ ਸਾਹਿਬ, ਪੰਨਾ 1057)
ਚਹੁੰ ਜੁਗ ਮਹਿ ਅੰਮ੍ਰਿਤੁ ਸਾਚੀ ਬਾਣੀ ।।
(ਗੁਰੂ ਗ੍ਰੰਥ ਸਾਹਿਬ, ਪੰਨਾ 665)
ਗੁਰ ਕਾ ਸਬਦ ਅੰਮ੍ਰਿਤੁ ਹੈ ਜਿਤੁ ਪੀਤੈ ਤਿਖ ਜਾਇ
।।
(ਗੁਰੂ ਗ੍ਰੰਥ ਸਾਹਿਬ, ਪੰਨਾ 35)
ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣੁ ਭਇਆ।।
(ਗੁਰੂ ਗ੍ਰੰਥ ਸਾਹਿਬ, ਪੰਨਾ 360)
ਅੰਮ੍ਰਿਤੁ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ।।
(ਗੁਰੂ ਗ੍ਰੰਥ ਸਾਹਿਬ, ਪੰਨਾ 644)
ਮਨਮੁਖਿ ਕਰਮ ਕਮਾਵਣੇ ਹਉਮੈ ਅੰਧੁ ਗੁਬਾਰੁ।।
ਗੁਰਮੁਖਿ ਅੰਮ੍ਰਿਤੁ ਪੀਵਣਾ ਨਾਨਕ ਸਬਦੁ ਵੀਚਾਰਿ।।
(ਗੁਰੂ ਗ੍ਰੰਥ ਸਾਹਿਬ, ਪੰਨਾ 646)
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ।।
ਗੁਰੁ ਬਾਣੀ ਕਹੈ ਸੇਵਕੁ ਜਨ ਮਾਨੈ ਪਰਤਖਿ ਗੁਰੂ ਨਿਸਤਾਰੈ।।
(ਗੁਰੂ ਗ੍ਰੰਥ ਸਾਹਿਬ, ਪੰਨਾ 982)
ਮਾਰਗੁ ਛੋਡਿ ਅਮਾਰਗਿ ਪਾਇ।।
ਮੂਲਹੁ ਭੂਲਾ ਆਵੈ ਜਾਇ।।
ਅੰਮ੍ਰਿਤੁ ਡਾਰਿ ਲਾਦਿ ਬਿਖੁ ਖਾਇ।।
(ਗੁਰੂ ਗ੍ਰੰਥ ਸਾਹਿਬ, ਪੰਨਾ 1165)
ਜਿਨਾ ਗੁਰਬਾਣੀ ਮਨਿ ਭਾਈਆ ਅੰਮ੍ਰਿਤਿ ਛਕਿ ਛਕੇ।।
(ਗੁਰੂ ਗ੍ਰੰਥ ਸਾਹਿਬ, ਪੰਨਾ 449)
ਉਪ੍ਰੋਕਤ ਗੁਰ ਉਪਦੇਸ਼ਾਂ ਵਿੱਚ ਜਿਸ ਅੰਮ੍ਰਿਤ ਦੀ ਗੱਲ ਕੀਤੀ ਗਈ ਹੈ ਉਹ ਪੂਰਨ ਗੁਰੂ ਤੋਂ ਹੀ ਮਿਲਦਾ ਹੈ, ਪ੍ਰਾਪਤ ਹੁੰਦਾ ਹੈ। ਜੀਵਨ ਵਿੱਚ ਅੰਮ੍ਰਿਤ ਰਸ ਭਰ ਕੇ ਜੀਵਨ ਬਦਲ ਜਾਂਦਾ ਹੈ। ਵਹਿਮਾਂ-ਭਰਮਾਂ, ਕਰਮਕਾਂਡਾਂ ਅਤੇ ਮਾਇਆ ਦੇ ਛਲਾਵੇ ਵਾਲੀ ਮੌਤ ਤੋਂ ਮੁਕਤ ਹੋ ਜਾਈਦਾ ਹੈ ਪਰ ਅੰਮ੍ਰਿਤ ਬਾਰੇ ਦੁਬਿਧਾ ਵਿੱਚ ਰਿਹਾਂ ਇਹ ਰੱਬੀ ਗਿਆਨ ਅੰਮ੍ਰਿਤ ਪ੍ਰਾਪਤ ਨਹੀਂ ਹੁੰਦਾ-
ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ।।
ਛੋਡਹੁ ਵੇਸੁ ਭੇਖੁ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ।।
(ਗੁਰੂ ਗ੍ਰੰਥ ਸਾਹਿਬ, ਪੰਨਾ 598)
ਜਿਸ ਜੀਵਨ ਅੰਮ੍ਰਿਤ ਨੂੰ ਕਥਿਤ ਦੇਵੀ ਦੇਵਤੇ ਮਨੁਖ ਅਤੇ ਮੁਨੀ ਜਨ ਵੀ ਖੋਜਦੇ ਰਹੇ ਉਹ ਜੀਵਨ-ਅੰਮ੍ਰਿਤ ਸੱਚੇ ਸਤਿਗੁਰੂ ਤੋਂ ਹੀ ਪ੍ਰਾਪਤ ਹੁੰਦਾ ਹੈ। ਚੰਗੇ ਕਰਮ ਕਰਨੇ ਅਤੇ ਰੱਬ ਨੂੰ ਸਦਾ ਯਾਦ ਰੱਖਣਾ ਹੀ ਅਸਲ ਅੰਮ੍ਰਿਤ ਪੀਣਾ ਹੈ। ਅਜਿਹਾ ਦੁਨੀਆਂ ਦਾ ਕੋਈ ਵੀ ਇਨਸਾਨ ਕਰ ਸਕਦਾ ਹੈ। ਉਸ ਨੂੰ ਕਿਸੇ ਕਥਿਤ ਕਸਟਮ ਦੀ ਲੋੜ ਨਹੀਂ ਜੋ ਅੰਮ੍ਰਿਤਮਈ ਜੀਵਨ ਵਿੱਚ ਬੰਧਨ ਬਣਦਾ ਹੋਵੇ।
ਸੋ ਸਾਰੀ ਵਿਚਾਰ ਦਾ ਭਾਵ ਹੈ ਕਿ ਗੁਰੂ ਦਾ ਸ਼ਬਦ, ਗਿਆਨ, ਗੁਰੂ ਦੀ ਸਿਖਿਆ ਅਤੇ ਪ੍ਰਮੇਸ਼ਰ ਦਾ ਨਾਮ ਹੀ ਅੰਮ੍ਰਿਤ ਹੈ, ਲਾਈਫ ਹੈ ਪਰ ਦੁਨੀਆਂ ਦਾ ਹੋਰ ਕੋਈ ਵੀ ਕਸਟਮ/ਰਿਵਾਜ ਅੰਮ੍ਰਿਤ ਨਹੀਂ ਹੋ ਸਕਦਾ। ਇਹ ਅੰਮ੍ਰਿਤ ਸਾਰੀ ਲੋਕਾਈ ਦਾ ਸਾਂਝਾ ਹੈ ਅਤੇ ਇਸ ਨੂੰ ਧਾਰਨ ਕਰਨ ਨਾਲ ਸਾਰੇ ਵਖਰੇਵੇਂ ਖਤਮ ਹੋ ਜਾਂਦੇ ਹਨ। ਇਹ ਅੰਮ੍ਰਿਤ ਸਾਰੀ ਮਨੁੱਖਤਾ ਨੂੰ ਏਕੁ ਪਿਤਾ ਏਕਸ ਕੇ ਹਮ ਬਾਰਿਕ ਦੇ ਪ੍ਰਵਾਰ ਦੀ ਲੜੀ ਵਿੱਚ ਜੋੜਦਾ ਹੈ। ਊਚ-ਨੀਚ ਦੇ ਭੇਦ-ਭਾਵ ਖਤਮ ਕਰਦਾ ਹੈ ਜਿਸ ਸਦਕਾ ਜੀਵਨ ਅੰਮ੍ਰਿਤਮਈ ਬਣ ਸਫਲ ਹੋ ਜਾਂਦਾ ਹੈ। ਇਸ ਸ਼ਬਦ ਗੁਰੂ ਗਿਆਨਮਈ ਅੰਮ੍ਰਿਤ ਦੀ ਸਾਰੇ ਜਗਤ ਨੂੰ ਹੀ ਲੋੜ ਹੈ-
ਬਿਨੁ ਸਬਦੈ ਜਗੁ ਬਉਰਾਨੰ।।
(ਗੁਰੂ ਗ੍ਰੰਥ ਸਾਹਿਬ, ਪੰਨਾ 635)
ਸਿੱਖ ਦਾ ਗੁਰੂ ਸ਼ਬਦ (ਗਿਆਨ) ਹੈ, ਅੰਮ੍ਰਿਤਮਈ ਗੁਰਬਾਣੀ ਹੈ। ਇਸ ਲਈ ਸਿੱਖ 'ਗੁਰੂ ਗ੍ਰੰਥ ਸਾਹਿਬ ਜੀ' ਤੋਂ ਹੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦਾ ਹੈ ਨਾਂ ਕਿ ਕਿਸੇ ਹੋਰ ਅਖੌਤੀ ਦਸਮ ਗ੍ਰੰਥ ਆਦਿਕ ਤੋਂ। ਅੱਜ ਸਾਨੂੰ ਅੰਮ੍ਰਿਤ (ਖੰਡੇ ਦੀ ਪਹੁਲ) ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਹੀ ਲੈਣੀ ਚਾਹੀਦੀ ਹੈ ਨਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਵਿੱਚ ਕਿਸੇ ਅਖੌਤੀ ਗ੍ਰੰਥ ਦੀ ਰਚਨਾ ਸ਼ਾਮਲ ਕਰਨੀ ਚਾਹੀਦੀ ਹੈ ਜੋ ਕਿ ਗੁਰੂ ਦੀ ਪਦਵੀ ਨੂੰ ਪ੍ਰਾਪਤ ਨਹੀਂ। ਗੁਰੂ ਪਿਆਰਿਓ! ਉਹ ਕੌਮਾਂ ਹੀ ਤਰੱਕੀ ਕਰਦੀਆਂ ਹਨ ਜੋ ਆਪਣੇ ਇਤਿਹਾਸ ਵਿੱਚ ਪਏ ਰਲਿਆਂ ਅਤੇ ਭੁਲੇਖਿਆਂ ਨੂੰ ਰਲ ਮਿਲ ਕੇ ਬਿਬੇਕ ਬੁੱਧੀ ਨਾਲ ਵਾਚ ਕੇ ਬਾਹਰ ਕੱਢ ਦਿੰਦੀਆਂ ਹਨ। ਸੋ ਆਓ ਇਕਾਗਰਤਾ ਨਾਲ ਗੁਰੂ ਗ੍ਰੰਥ ਸ਼ਬਦ-ਗਿਆਨ ਨੂੰ ਚੰਗੀ ਤਰ੍ਹਾਂ ਸਮਝ ਕੇ ਜੀਵਨ ਅੰਮ੍ਰਿਤਮਈ ਬਣਾ ਲਈਏ! ਇਹੀ ਅਸਲ ਅੰਮ੍ਰਿਤ ਛਕਣਾ ਹੈ-
ਹਰਿ ਅੰਮ੍ਰਿਤੁ ਪਾਨ ਕਰਹੁ ਸਾਧਸੰਗਿ।।
(ਗੁਰੂ ਗ੍ਰੰਥ ਸਾਹਿਬ, ਪੰਨਾ 299)