

ਸਿੱਖੀ ਵੇਸ ਵਾਲੇ ਬ੍ਰਾਹਮਣੀ ਏਜੰਟਾਂ ਵੱਲੋਂ ਸਿੱਖਾਂ ਨੂੰ ਆਪਸੀ ਟਕਰਾਅ ਦੀ ਰਾਹ ’ਤੇ ਤੋਰ ਕੇ ਕੌਮ ਨੂੰ ਖੇਰੂੰ-ਖੇਰੂੰ ਕਰਨ ਦੀ ਨੀਤੀ ਜਾਰੀ
- ਸਰਬਜੀਤ ਸਿੰਘ -
ਦੁਨੀਆ ਭਰ ਦੀਆਂ ਸਰਕਾਰਾਂ ਵੱਲੋਂ ਆਪਣੀ ਹੋਂਦ ਨੂੰ ਚੁਣੌਤੀ ਦੇ ਸਕਣ ਵਾਲੇ ਸੰਗਠਨਾਂ ਨੂੰ ਨਾਕਾਮ ਕਰਨ ਲਈ, ਉਨ੍ਹਾਂ ਹੀ ਸੰਗਠਨਾਂ ਦੇ ‘ਹਮਦਰਦ’ ਜਾਂ ਸਰਗਰਮ ਕਾਰਕੁੰਨਾਂ ਦੇ ਰੂਪ ਵਿੱਚ ਆਪਣੇ ਏਜੰਟਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਇਨ੍ਹਾਂ ਸੰਗਠਨਾਂ ਵੱਲੋਂ ਚਲਾਈ ਜਾਂਦੀ ਹਰ ਲਹਿਰ ਨੂੰ ਦਿਸ਼ਾਹੀਨ ਕਰਕੇ ਖ਼ਤਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸਿੱਖ ਧਰਮ, ਜੋ ਸਮੁੱਚੀ ਮਨੁੱਖਤਾ ਨੂੰ ਬਰਾਬਰੀ ਦਾ ਅਧਿਕਾਰ ਦੇਣ ਦੀ ਵਕਾਲਤ ਕਰਦਾ ਹੈ, ਨੂੰ ਆਪਣੀ ਹੋਂਦ ਲਈ ਖ਼ਤਰਾ ਸਮਝਣ ਵਾਲੇ ਬ੍ਰਾਹਮਣਵਾਦੀਆਂ ਵੱਲੋਂ ਵੀ ਸਿੱਖਾਂ ਨੂੰ ਪ੍ਰਭਾਵਿਤ ਕਰਨ ਵਾਲੇ ਸੰਗਠਨਾਂ ਨੂੰ ਨਾਕਾਮ ਕਰਨ ਲਈ ਸਿੱਖੀ ਵੇਸ ਵਿੱਚ ਆਪਣੇ ਏਜੰਟਾਂ ਦੀ ਵਰਤੋਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ (ਸ੍ਰੀ ਚੰਦ ਦੇ ਰੂਪ ਵਿੱਚ) ਕੀਤੀ ਜਾ ਰਹੀ ਹੈ। ਮੌਜੂਦਾ ਸਮੇਂ ਵਿੱਚ ਬ੍ਰਾਹਮਣਵਾਦੀਆਂ ਵੱਲੋਂ ਸਿੱਖਾਂ ਦੇ ‘ਤਖ਼ਤਾਂ’ ਤੇ ਆਪਣੇ (ਸਿੱਖੀ ਵੇਸ ਵਾਲੇ) ਏਜੰਟ ਕਾਬਿਜ਼ ਕਰਵਾਉਣ ਪਿੱਛੇ ਵੀ ਸਿੱਖਾਂ ਨੂੰ ਗੁੰਮਰਾਹ ਕਰਨ ਅਤੇ ਉਨ੍ਹਾਂ ਦਾ ਮਨੋਬਲ ਗਿਰਾਉਣ ਦੀ ਨੀਤੀ ਹੀ ਕੰਮ ਕਰ ਰਹੀ ਹੈ।
ਪਰ ਔਸਤ ਸਿੱਖ ਦੀ ਮਾਨਸਿਕਤਾ ਵਿੱਚ ਬ੍ਰਾਹਮਣਵਾਦ ਏਨੀ ਜ਼ਿਆਦਾ ਘੁਸਪੈਠ ਕਰ ਚੁੱਕਾ ਹੈ ਕਿ ਉਨ੍ਹਾਂ ਵਿੱਚ ਸਿੱਖੀ ਵੇਸ ਵਾਲੇ ਪੁਜਾਰੀਆਂ ਦੀਆਂ ਕਰਤੂਤਾਂ ਪ੍ਰਤੀ ਕੋਈ ਵੀ ਗਿਲਾ-ਸ਼ਿਕਵਾ ਪੈਦਾ ਨਹੀਂ ਹੁੰਦਾ। ਇਸੇ ਕਾਰਨ ਅਕਾਲ ਤਖ਼ਤ ਸਾਹਿਬ ’ਤੇ ਕਾਬਿਜ਼ ਬ੍ਰਾਹਮਣਵਾਦੀਆਂ ਦਾ ਏਜੰਟ, ਸ਼ਰੇਆਮ ਆਪਣੇ ਨੂੰ ‘ਵੇਦਾਂਤੀ’ (ਵੇਦਾਂ ਦੇ ਨੇਮਾਂ ਨੂੰ ਮੰਨਣ ਵਾਲਾ) ਐਲਾਨਦਾ ਫਿਰਦਾ ਹੈ ਪਰ ਸਿੱਖ ਉਸਨੂੰ ਦੇਵੀ ਦੇ ਮੰਦਰ ਵਿੱਚ ਭੇਜਣ ਦੀ ਬਜਾਏ ‘ਸਿੰਘ ਸਾਹਿਬ ਜੀ, ਜੱਥੇਦਾਰ ਜੀ’ ਕੂਕਦੇ ਉਸਦੇ ਮਗਰ-ਮਗਰ ਫਿਰੀ ਜਾ ਰਹੇ ਹਨ। ਇਹੀ ਨਹੀਂ, ਅਜਿਹੇ ਪੁਜਾਰੀਆਂ ਵੱਲੋਂ ਵਿਦੇਸ਼ਾਂ ਵਿੱਚ ਜਾ ਕੇ ਖ਼ਾਲਿਸਤਾਨ ਬਾਰੇ ਇਕਾਧ ਜਜ਼ਬਾਤੀ ਬਿਆਨ ਦੇਣ ਨਾਲ ਹੀ ਸਿੱਖ ਉਸਨੂੰ ਡਾਲਰਾਂ ਦੀਆਂ ਪੰਡਾਂ ਅਰਪਣ ਕਰ ਦਿੰਦੇ ਹਨ (ਹਾਲਾਂਕਿ ਅਜਿਹੇ ਬਿਆਨਾਂ ਪਿੱਛੇ ਪੁਜਾਰੀਆਂ ਦਾ ਮਕਸਦ ਵੀ ਮਾਇਆ ਇਕੱਤਰ ਕਰਨਾ, ਖ਼ੁਦ ਲਈ ਸਸਤੀ ਸ਼ੋਹਰਤ ਖੱਟ ਕੇ ਇਕ ‘ਹੀਰੋ’ ਦੇ ਰੂਪ ਵਿੱਚ ਉਭਰਨਾ ਅਤੇ ‘ਖ਼ਾਲਿਸਤਾਨ’ ਜਿਹੇ ਮੁੱਦੇ ਤੇ ਸਮਰਥਨ ਦੇਣ ਵਾਲੇ ਲੋਕਾਂ ਦੀ ਜਾਣਕਾਰੀ ਆਪਣੇ ਆਕਾਵਾਂ ਤੱਕ ਪਹੁੰਚਾਉਣਾ ਹੀ ਹੁੰਦਾ ਹੈ, ਤਾਂ ਜੋ ਅਜਿਹੇ ਲੋਕਾਂ ਨੂੰ ਸਰਕਾਰਾਂ ਅਤੇ ਬ੍ਰਾਹਮਣਵਾਦੀਆਂ ਦੀ ਨਿਗਰਾਨੀ ਹੇਠ ਲਿਆਇਆ ਜਾ ਸਕੇ)।
ਪਰ ਬ੍ਰਾਹਮਣਵਾਦੀਆਂ ਦਾ ਸਭ ਤੋਂ ਅਹਿਮ ਨਿਸ਼ਾਨਾ ਸਿੱਖਾਂ ਨੂੰ ਆਪਸੀ ਟਕਰਾਅ ਵਿੱਚ ਉਲਝਾਈ ਰੱਖਣ ਦਾ ਹੈ, ਤਾਂ ਜੋ ਸਿੱਖਾਂ ਨੂੰ ਬਿਹਤਰ ਭਵਿੱਖ ਬਾਰੇ ਸੋਚਣ ਦੀ ਵਿਹਲ ਹੀ ਨਾ ਮਿਲੇ। ਇਸੇ ਕੜੀ ਵਿੱਚ ਸਿੱਖਾਂ ਨੂੰ ਗੁਰਦੁਆਰਾ ਕਮੇਟੀਆਂ (ਸਥਾਨਕ ਜਾਂ ਸਰਕਾਰੀ ਮਾਨਤਾ ਪ੍ਰਾਪਤ, ਜਿਵੇਂ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ) ਦੀਆਂ ਚੋਣਾਂ ਵਿੱਚ ਹਿੱਸਾ ਲੈਣ ਅਤੇ ਅਤਿ ਨੀਵੇਂ ਦਰਜੇ ਦੇ ਹਥਕੰਡੇ ਵਰਤ ਕੇ (ਪ੍ਰਭਾਵਸ਼ਾਲੀ ਲੋਕਾਂ ਨੂੰ ਰਿਸ਼ਵਤਾਂ ਦੇ ਕੇ, ਵੋਟਰਾਂ ਨੂੰ ਸ਼ਰਾਬ ਤੇ ਹੋਰ ਨਸ਼ੇ ਵੰਡ ਕੇ) ਚੌਧਰਾਂ ਹਾਸਲ ਕਰਨ ਅਤੇ ਫਿਰ ਉਨ੍ਹਾਂ ਨੂੰ ਕਾਇਮ ਰੱਖਣ ਵਾਸਤੇ ਗੁਰੂ ਕੀ ਗੋਲਕ ਦੀ ਦੁਰਵਰਤੋਂ ਕਰਨ ਦੇ ਰੁਝਾਨ ਨੂੰ ਬਹੁਤ ਵਿਕਸਿਤ ਕਰ ਦਿੱਤਾ ਗਿਆ ਹੈ।
ਸਿੱਖਾਂ ਵਿੱਚ ਵੰਡੀਆਂ ਪਾਉਣ ਦਾ ਇਕ ਹੋਰ ਅਹਿਮ ਢੰਗ ਉਨ੍ਹਾਂ ਵਿੱਚ ਸਿਧਾਂਤਕ ਮਤਭੇਦ ਪੈਦਾ ਕਰਨ ਦਾ ਹੈ। ਹਜ਼ਾਰਾਂ ਦੀ ਤਾਦਾਦ ਵਿੱਚ ਸਾਧ-ਬਾਬਿਆਂ ਦੇ ਭੇਖ ਵਿੱਚ ਸਰਗਰਮ ਬ੍ਰਾਹਮਣੀ ਏਜੰਟਾਂ ਨੇ ਸਿੱਖਾਂ ਵਿੱਚ ਬੇਅੰਤ ਭਰਮ-ਭੁਲੇਖੇ ਪੈਦਾ ਕਰ ਦਿੱਤੇ ਹਨ ਅਤੇ ਅੱਜ ਕੌਮ ਵਿੱਚ ‘ਜਿੰਨੇ ਸਿੱਖ, ਓਨੀ ਤਰ੍ਹਾਂ ਦੀ ਸਿੱਖੀ’ ਵਾਲੀ ਸਥਿਤੀ ਪੈਦਾ ਹੋ ਗਈ ਹੈ। ਇਸਲਈ ਜਿੱਥੇ ਕਿਤੇ ਦੋ-ਚਾਰ ਸਿੱਖ ਇਕੱਤਰ ਹੁੰਦੇ ਹਨ, ਉਹ ਮਾਸ ਖਾਣ ਜਾਂ ਨਾ ਖਾਣ, ਨਾਮ ਸਿਮਰਨ ਕਰਨ ਦੇ ਸਰਬ-ਉੱਤਮ ਢੰਗ, ਮਾਲਾ ਫੇਰਣ ਦੇ ਢੰਗ, ਚੌਕੜੀ ਮਾਰਨ ਦੇ ਢੰਗ, ਸਿਰਮਨ ਦੌਰਾਨ ਸਾਹ ਲੈਣ ਦੇ ਢੰਗ ਆਦਿ ਗੈਰ-ਜ਼ਰੂਰੀ ਵਿਸ਼ਿਆਂ ’ਤੇ ਨਤੀਜੇ-ਰਹਿਤ ਬਹਿਸ ਵਿੱਚ ਹੀ ਉਲਝ ਕੇ ਰਹਿ ਜਾਂਦੇ ਹਨ। ਨਤੀਜਤਨ, ਕੋਈ ਸਿੱਖ, ਦੂਜੀ ਵਿਚਾਰਧਾਰਾ ਵਾਲੇ ਸਿੱਖ ਨੂੰ ਦੇਖਣਾ ਵੀ ਪਸੰਦ ਨਹੀਂ ਕਰਦਾ।
ਪਰ ਸੂਝਵਾਨ (‘ਮਿਸ਼ਨਰੀ’ ਅਖਵਾਉਣ ਵਾਲੇ) ਪ੍ਰਚਾਰਕਾਂ ਵੱਲੋਂ ਡੇਰਾਵਾਦ ਖਿਲਾਫ਼ ਪ੍ਰਚਾਰ ਕਰਦੇ ਰਹਿਣ ਅਤੇ ਮੀਡੀਆ ਵਿੱਚ ਗਾਹੇ-ਬਗਾਹੇ ਅਖੌਤੀ ਸਾਧਾਂ ਦੀਆਂ ਮੰਦ ਕਰਤੂਤਾਂ ਦਾ ਪਰਦਾਫਾਸ਼ ਹੁੰਦੇ ਰਹਿਣ ਨਾਲ ਕਾਫੀ ਸਾਰੇ ਲੋਕਾਂ ਦਾ ਵਿਸ਼ਵਾਸ ਡੇਰੇਦਾਰ ਸਾਧਾਂ ਤੋਂ ਉੱਠਦਾ ਜਾ ਰਿਹਾ ਹੈ। ਇਨ੍ਹਾਂ ਥੋੜੇ ਜਿਹੇ ਚੇਤੰਨ ਸਿੱਖਾਂ ਨੂੰ ਵੀ ਗੁੰਮਰਾਹ ਕਰਦੇ ਰਹਿਣ ਅਤੇ ਆਪਸ ਵਿੱਚ ਲੜਵਾਉਣ ਲਈ ਤਖ਼ਤਾਂ ਦੇ ਪੁਜਾਰੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸੇ ਕੜੀ ਵਿੱਚ ਪੁਜਾਰੀਆਂ ਵੱਲੋਂ ਕਦੇ ‘ਗੁਰਬਿਲਾਸ ਪਾਤਸ਼ਾਹੀ ਛੇਵੀਂ’ ਵਰਗੀ ਗੁਰੂ-ਨਿੰਦਾ ਭਰਪੂਰ ਕਿਤਾਬ ਦੀ ਕਥਾ ਗੁਰਦੁਆਰਿਆਂ ਵਿੱਚ ਕਰਵਾਉਣ ਦੀ ਸਾਜਿਸ਼ ਰਚੀ ਜਾਂਦੀ ਹੈ ਤਾਂ ਕਦੇ ‘ਸ੍ਰੀ ਦਸਮ ਗ੍ਰੰਥ ਸਾਹਿਬ’ ਦੇ ਨਾਮ ਤੋਂ ਗੰਦੀਆਂ ਅਤੇ ਬ੍ਰਾਹਮਣਵਾਦ ਦਾ ਪ੍ਰਚਾਰ ਕਰਨ ਵਾਲੀਆਂ ਕਵਿਤਾਵਾਂ ਦੀ ਕਿਤਾਬ ਨੂੰ ਗੁਰੂ ਦਾ ਦਰਜਾ ਦਿਵਾਉਣ ਦੀ। ਜਿਹੜਾ ਵੀ ਜਾਗਰੁਕ ਸਿੱਖ, ਭੇਖੀ ਪੁਜਾਰੀਆਂ ਦੀਆਂ ਇਨ੍ਹਾਂ ਮੰਦ ਕਰਤੂਤਾਂ ਵਿਰੁੱਧ ਲੋਕਾਂ ਨੂੰ ਸਫਲਤਾ ਨਾਲ ਜਾਗਰੁਕ ਕਰਦਾ ਹੈ (ਜਿਵੇਂ ਪ੍ਰੋ: ਦਰਸ਼ਨ ਸਿੰਘ), ਉਸ ਬਾਰੇ ਵੱਧ ਤੋਂ ਵੱਧ ਸੰਭਾਵਿਤ ਝੂਠਾ ਪ੍ਰਚਾਰ ਕੀਤਾ ਜਾਂਦਾ ਹੈ ਅਤੇ ਜੇਕਰ ਫਿਰ ਵੀ ਗੱਲ ਨਾ ਬਣੇ ਤਾਂ ਉਸਨੂੰ ਕਿਸੇ ਨਾ ਕਿਸੇ ‘ਤਖ਼ਤ’ ਦੇ ਪੁਜਾਰੀ ਦਾ ਸਹਾਰਾ ਲੈ ਕੇ, ਪੰਥ ’ਚੋਂ ਛੇਕ ਦਿੱਤਾ ਜਾਂਦਾ ਹੈ। ਨਤੀਜਤਨ, ਬ੍ਰਾਹਮਣਵਾਦ ਵਿੱਚ ਗੜੁੱਚ ਹੋਏ ਸਿੱਖ ਉਨ੍ਹਾਂ ਅਖੌਤੀ ਹੁਕਮਨਾਮਿਆਂ ਦਾ ਪ੍ਰਚਾਰ ਕਰਨ ਅਤੇ ਚੇਤੰਨ ਸਿੱਖ ਉਸਦਾ ਖੰਡਨ ਕਰਨ ਵਿੱਚ ਆਪਣੀ ਸਾਰੀ ਊਰਜਾ ਖਪਾਉਂਦੇ ਰਹਿੰਦੇ ਹਨ ਜਦਕਿ ਸਿੱਖ-ਵਿਰੋਧੀ ਤਾਕਤਾਂ ਬੇਫਿਕਰ ਹੋ ਕੇ ਇਹ ਤਮਾਸ਼ਾ ਵੇਖਦੀਆਂ ਅਤੇ ਸਿੱਖ-ਵਿਰੋਧੀ ਕਾਰਵਾਈਆਂ ਵਿੱਚ ਸਰਗਰਮ ਰਹਿੰਦੀਆਂ ਹਨ।
ਸਿੱਖ ਕੌਮ ਦੀ ਭਲਾਈ ਚਾਹੁਣ ਵਾਲੇ ਹਰ ਵਿਅਕਤੀ ਨੂੰ ਅੱਜ ਲੋੜ ਹੈ ਕਿ ਉਹ ਆਪਣੇ ਆਪ ਨੂੰ ਸਿਰਫ਼ ਗੈਰ-ਜ਼ਰੂਰੀ ਮੁੱਦਿਆਂ ਬਾਰੇ ਬਹਿਸ ਕਰਨ ਤੱਕ ਸੀਮਤ ਰੱਖਣ ਦੀ ਬਜਾਏ, ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਨੂੰ ਅਪਣਾਏ ਤੇ ਪ੍ਰਚਾਰੇ ਅਤੇ ਬ੍ਰਾਹਮਣਵਾਦੀ ਏਜੰਟਾਂ ਦੀਆਂ ਕੌਮ-ਮਾਰੂ ਨੀਤੀਆਂ ਬਾਰੇ ਹੋਰਨਾਂ ਸਿੱਖਾਂ ਨੂੰ ਜਾਗਰੁਕ ਕਰੇ। ਜੇਕਰ ਸਿੱਖ ਆਪਸ ਵਿੱਚ ਹੀ ਲੜਦੇ-ਭਿੜਦੇ ਰਹੇ ਤਾਂ ਖ਼ਾਲਸਾ ਰਾਜ, ਜੋ ਬ੍ਰਾਹਮਣਵਾਦੀਆਂ ਦੀਆਂ ਚਾਲਾਂ ਕਾਰਨ ਸਿੱਖਾਂ ਵਿੱਚ ਪੈਦਾ ਹੋਈ ਆਪਸੀ ਬੁਰਛਾਗਰਦੀ ਕਾਰਨ ਹੀ ਖੁੱਸਿਆ ਸੀ, ਵਾਲਾ ਇਤਿਹਾਸ ਇਕ ਵਾਰ ਫਿਰ ਨੇੜਲੇ ਭਵਿੱਖ ਵਿੱਚ ਹੀ ਦੁਹਰਾਇਆ ਜਾ ਸਕਦਾ ਹੈ। ਫਰਕ ਸਿਰਫ਼ ਇਹ ਹੋਵੇਗਾ ਕਿ ਇਸ ਵਾਰ ਸਿੱਖ ਰਾਜ ਨਹੀਂ ਬਲਕਿ ਸਿੱਖ ਕੌਮ ਦੀ ਹੋਂਦ ਹੀ ਦਾਅ ’ਤੇ ਲੱਗੀ ਹੋਵੇਗੀ।
Brahminist agents, Sikh guise, mutual confrontation, trivial issues, conspiracy, divide, finish, Sikh community, priests, Takhats, author, Sarabjeet Singh