Subscription About Us Contact Us


ਗੁਰੂ ਗ੍ਰੰਥ ਸਾਹਿਬ ਦੀ ਬੇਦਅਬੀ ਮਾਮਲੇ ਵਿੱਚ ਢਿੱਲਾ-ਮੱਠਾ ਰਵਈਆ ਅਪਣਾਉਣ ਕਾਰਨ ਦਿੱਲੀ ਦੇ ਸਿੱਖਾਂ ਵਿੱਚ ਸਰਨਾ ਪ੍ਰਤੀ ਭਾਰੀ ਰੋਸ

- ਸਵਰਣ ਸਿੰਘ -

ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਆਪਣੀ ਪ੍ਰਿੰਟਿੰਗ ਪ੍ਰੈਸ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪਾਂ ਦੀ ਬੇਅਦਬੀ ਕਰਨ ਦਾ ਮਾਮਲਾ ਹਾਲਾਂ ਠੰਡਾ ਵੀ ਨਹੀਂ ਪਿਆ ਸੀ ਕਿ ਉੱਤਰੀ ਦਿੱਲੀ ਦੇ ਇਕ ਵਿਅਕਤੀ ਵੱਲੋਂ ਆਪਣੇ ਸਿੱਖ ਕਿਰਾਏਦਾਰ ਨਾਲ ਵਿਵਾਦ ਦੇ ਚੱਲਦਿਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਘਟਨਾ ਨੇ ਸਿੱਖਾਂ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ। ਇਸ ਮਾਮਲੇ ਵਿੱਚ ਦਿੱਲੀ ਕਮੇਟੀ ਦੇ ਅਹੁਦੇਦਾਰਾਂ ਨੂੰ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਸੀ ਪਰ ਉਨ੍ਹਾਂ ਦਿੱਲੀ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਢਿੱਲਾ-ਮੱਠਾ ਰਵੱਈਆ ਅਪਣਾਉਣ ਅਤੇ ਮਾਮਲੇ ਪ੍ਰਤੀ ਪੁਲਿਸੀਆ ਬੋਲੀ ਬੋਲਣ ਕਾਰਨ ਸਥਾਨਕ ਸਿੱਖਾਂ ਵਿੱਚ ਸ੍ਰੀ ਸਰਨਾ ਬਾਰੇ ਏਨੀ ਜ਼ਿਆਦਾ ਨਰਾਜ਼ਗੀ ਪੈਦਾ ਹੋ ਗਈ ਕਿ ਉਹ ਦੋਸ਼ੀ ਮਕਾਨ ਮਾਲਕ ਤੋਂ ਵੱਧ ਪਰਮਜੀਤ ਸਿੰਘ ਸਰਨਾ ਨੂੰ ਹੀ ਕੋਸਣ ਲੱਗ ਪਏ।

ਗੌਰਤਲਬ ਹੈ ਕਿ 1 ਮਈ ਨੂੰ ਉਕਤ ਅਫ਼ਸੋਸਨਾਕ ਘਟਨਾ ਵਾਪਰਨ ਤੋਂ ਕੁਝ ਹੀ ਸਮੇਂ ਬਾਅਦ ਤੋਂ ਸਿੱਖਾਂ ਵੱਲੋਂ ਉੱਤਰੀ ਦਿੱਲੀ ਦੇ ਇਤਿਹਾਸ ਗੁਰਦੁਆਰਾ ਨਾਨਕ ਪਿਆਓ ਸਾਹਿਬ ਸਾਹਮਣੇ ਪੈਂਦੇ ਚੌਕ ’ਤੇ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਸੀ। ਪਰ ਪਰਮਜੀਤ ਸਿੰਘ ਸਰਨਾ ਅਤੇ ਉੱਤਰੀ ਦਿੱਲੀ ਦੇ ਚੋਣ ਹਲਕਿਆਂ ਨਾਲ ਸਬੰਧਿਤ ਉਨ੍ਹਾਂ ਦੀ ਪਾਰਟੀ ਦੇ ਦਿੱਲੀ ਕਮੇਟੀ ਮੈਂਬਰਾਂ ਨੇ ਸਿਰਫ਼ ਇਕ ਵਾਰ ਮਾਡਲ ਟਾਊਨ ਥਾਣੇ ਵਿੱਚ ਜਾ ਕੇ ਮਾਮਲੇ ਬਾਰੇ ਜਾਣਕਾਰੀ ਲਈ। ਵੱਖ-ਵੱਖ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ, ਜਦ ਸ੍ਰੀ ਸਰਨਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਸਿੱਖ ਕਿਰਾਏਦਾਰ ਦੇ ਵੀ ‘ਕਸੂਰਵਾਰ’ ਹੋਣ ਦਾ ਵਿਸ਼ਵਾਸ ਦਿਵਾਇਆ ਗਿਆ, ਤਾਂ ਉਹ ਵੀ ਪੁਲਿਸ ਅਤੇ ਪ੍ਰਸ਼ਾਸਨ ਦੇ ਦਬਾਅ ਵਿੱਚ ਆ ਗਏ ਅਤੇ ਉਨ੍ਹਾਂ ਇਸ ਮਾਮਲੇ ਨੂੰ ਠੱਪ ਕਰ ਦੇਣ ਦੀ ਨੀਤੀ ਅਪਣਾਈ। ਕੁਝ ਹੋਰ ਸੂਤਰਾਂ ਅਨੁਸਾਰ, ਆਰੋਪੀ ਮਕਾਨ ਮਾਲਕ ਦੇ ਕਾਂਗਰਸੀ ਆਗੂਆਂ ਨਾਲ ਚੰਗੇ ਤਾਲੁੱਕਾਤ ਹਨ ਅਤੇ ਉਨ੍ਹਾਂ ਆਗੂਆਂ ਦੀ ‘ਸਲਾਹ’ ਕਾਰਨ ਵੀ ਸ੍ਰੀ ਸਰਨਾ ਨੇ ਇਸ ਮਾਮਲੇ ਨੂੰ ਠੰਡਾ ਕਰ ਦੇਣ ਵਿੱਚ ਹੀ ਆਪਣੀ ਭਲਾਈ ਸਮਝੀ। ਇਸੇ ਨੀਤੀ ਤਹਿਤ, ਦਿੱਲੀ ਕਮੇਟੀ ਦੇ ਮੈਂਬਰਾਂ ਨੂੰ ਗੁਰਦੁਆਰਾ ਨਾਨਕ ਪਿਆਓ ਸਾਹਿਬ ਵਿਖੇ ਨਾ ਜਾਣ ਦੀ ਤਾਕੀਦ ਗਈ, ਤਾਂ ਜੋ ਧਰਨਾਕਾਰੀ ਥਕ-ਹਾਰ ਕੇ ਖ਼ੁਦ ਹੀ ਉਥੋਂ ਚਲੇ ਜਾਣ।

ਪਰ ਉਕਤ ਘਟਨਾ ਤੋਂ ਨਰਾਜ਼ ਸਿੱਖ ਪ੍ਰਦਰਸ਼ਨਕਾਰੀ ਗੁਰਦੁਆਰਾ ਸਾਹਿਬ ਦੇ ਬਾਹਰ ਧਰਨਾ ਦਿੰਦੇ ਰਹੇ ਅਤੇ ਉਨ੍ਹਾਂ ਨੇ ਪੁਰਾਣੀ ਜੀ.ਟੀ. ਰੋਡ ’ਤੇ ਕਈ ਘੰਟੇ ਟ੍ਰੈਫਿਕ ਜਾਮ ਕਰ ਰੱਖਿਆ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਦਿੱਲੀ ਇਕਾਈ ਦੇ ਨਵੇਂ ਬਣੇ ਪ੍ਰਧਾਨ ਸ੍ਰ: ਮਨਜੀਤ ਸਿੰਘ ਜੀ.ਕੇ. ਨੇ ਇਸ ਘਟਨਾ ਨੂੰ ਸੰਜੀਦਗੀ ਨਾਲ ਲਿਆ ਅਤੇ ਉਹ ਆਪਣੇ ਕੁਝ ਸਾਥੀ ਮੈਂਬਰਾਂ ਨਾਲ ਗੁਰਦੁਆਰਾ ਨਾਨਕ ਪਿਆਓ ਸਾਹਿਬ ਵਿਖੇ ਗਏ। ਸੰਜੋਗ ਨਾਲ, ਉਸ ਸਮੇਂ ਤੱਕ ਦਿੱਲੀ ਪੁਲਿਸ ਲਗਭਗ 100 ਧਰਨਕਾਰੀ ਨੌਜੁਆਨਾਂ ਨੂੰ ਗ੍ਰਿਫ਼ਤਾਰ ਕਰਕੇ ਰੋਹਿਣੀ ਸੈਕਟਰ-3 ਦੇ ਥਾਣੇ ਲਿਜਾ ਚੁੱਕੀ ਸੀ। ਪੁਲਿਸ ਵੱਲੋਂ ਬਾਕੀ ਦੇ ਧਰਨਾਕਾਰੀਆਂ ’ਤੇ ਦਬਾਅ ਪਾਇਆ ਜਾ ਰਿਹਾ ਸੀ ਕਿ ਗ੍ਰਿਫ਼ਤਾਰ ਹੋਏ ਵਿਅਕਤੀਆਂ ਨੂੰ ਤਾਂ ਹੀ ਛੱਡਿਆ ਜਾਏਗਾ, ਜੇਕਰ ਗੁਰਦੁਆਰਾ ਸਾਹਿਬ ਸਾਹਮਣੇ ਮੌਜੂਦ ਬਾਕੀ ਲੋਕ ਵੀ ਆਪਣਾ ਧਰਨਾ ਬੰਦ ਕਰਕੇ ਘਰਾਂ ਨੂੰ ਵਾਪਸ ਚਲੇ ਜਾਣ। ਪਰ ਰੋਹ ਵਿੱਚ ਆਏ ਹੋਏ ਸਿੱਖਾਂ ਨੇ ਪੁਲਿਸ ਦੀ ਇਸ ਮੰਗ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ।

ਇਸ ਮੌਕੇ ਸੰਗਤਾਂ ਵੱਲੋਂ ਪੁਲਿਸ ਅਧਿਕਾਰੀਆਂ ਸਾਹਮਣੇ ਆਪਣੀਆਂ ਮੰਗਾਂ ਰੱਖਣ ਲਈ ਅਧਿਕਾਰਿਤ ਸਿੱਖ ਲੀਡਰਾਂ ਦੀ ਗੈਰ-ਮੌਜੂਦਗੀ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਗਿਆ। ਦਿੱਲੀ ਦੇ ਸਿੱਖਾਂ ਦੀ ਨੁਮਾਇੰਦਾ ਜਮਾਤ ਅਖਵਾਉਂਦੀ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਵੱਲੋਂ ਅਜਿਹੀ ਨਾਜ਼ੁਕ ਘੜੀ ਵਿੱਚ ਸਿੱਖਾਂ ਨਾਲ ਖਲੋਣ ਦੀ ਬਜਾਏ ਆਪਣੇ ਏਅਰ-ਕੰਡੀਸ਼ੰਡ ਦਫ਼ਤਰਾਂ ਵਿੱਚ ਅਰਾਮ ਫੁਰਮਾਉਣ ਦੀ ਕਾਰਵਾਈ ਨੇ ਬਲਦੀ ਵਿੱਚ ਘਿਓ ਪਾਉਣ ਦਾ ਕੰਮ ਕੀਤਾ ਅਤੇ ਬਹੁਤ ਸਾਰੇ ਸਿੱਖਾਂ ਨੇ ਦੋਸ਼ੀ ਮਕਾਨ-ਮਾਲਕ ਅਤੇ ਦਿੱਲੀ ਪੁਲਿਸ ਦੇ ਨਾਲ-ਨਾਲ ਪਰਮਜੀਤ ਸਿੰਘ ਸਰਨਾ ਨੂੰ ਵੀ ਕੋਸਣਾ ਸ਼ੁਰੂ ਕਰ ਦਿੱਤਾ। ਇਕ ਬੀਬੀ ਨੇ ਤਾਂ ਇਕੱਤਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੁਰਦੁਆਰਾ ਸਾਹਿਬ ਦੇ ਸਾਹਮਣੇ ਧਰਨਾ ਦੇਣ ਦੀ ਬਜਾਏ ਪੰਜਾਬੀ ਬਾਗ ਜਾ ਕੇ ‘ਸਰਨੇ ਦੀ ਕੋਠੀ’ ਸਾਹਮਣੇ ਧਰਨਾ ਦੇਣ।

ਸ਼ਾਇਦ ਸਿੱਖ ਸੰਗਤਾਂ ਵੱਲੋਂ ਇਹ ਕਦਮ ਚੁੱਕ ਵੀ ਲਿਆ ਜਾਂਦਾ ਪਰ ਉਸ ਤੋਂ ਪਹਿਲਾਂ ਸ੍ਰ: ਮਨਜੀਤ ਸਿੰਘ ਜੀ.ਕੇ. ਅਤੇ ਉਨ੍ਹਾਂ ਦੇ ਸਾਥੀ ਰੋਹਿਣੀ ਸੈਕਟਰ-3 ਦੇ ਥਾਣੇ ਪਹੁੰਚ ਗਏ ਅਤੇ ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਨੌਜੁਆਨਾਂ ਨੂੰ ਛੱਡਣ ਦੀ ਮੰਗ ਕੀਤੀ ਕਿਉਂਕਿ ਇਨ੍ਹਾਂ ਨੌਜੁਆਨਾਂ ਨੇ ਕੋਈ ਵੀ ਗੈਰ-ਕਾਨੂੰਨੀ ਕਾਰਵਾਈ ਨਹੀਂ ਕੀਤੀ ਸੀ। ਜਦ ਪੁਲਿਸ ਅਧਿਕਾਰੀਆਂ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ, ਤਾਂ ਸ੍ਰ: ਮਨਜੀਤ ਸਿੰਘ ਜੀ.ਕੇ. ਨੇ ਪੁਲਿਸ ਨੂੰ ਕਿਹਾ ਕਿ ਜਦ ਤੱਕ ਇਨ੍ਹਾਂ ਨੌਜੁਆਨਾਂ ਨੂੰ ਛੱਡਿਆ ਨਹੀਂ ਜਾਂਦਾ, ਉਹ ਵੀ ਆਪਣੇ ਸਾਥੀਆਂ ਸਮੇਤ ਗ੍ਰਿਫ਼ਤਾਰੀ ਹੋ ਕੇ ਰੋਹਿਣੀ ਥਾਣੇ ਵਿੱਚ ਹੀ ਰਹਿਣਗੇ। ਇਸ ਚੇਤਾਵਨੀ ਕਾਰਨ ਦਬਾਅ ਵਿੱਚ ਆਈ ਪੁਲਿਸ ਨੇ ਗ੍ਰਿਫ਼ਤਾਰ ਨੌਜੁਆਨਾਂ ਨੂੰ ਰਿਹਾਅ ਕਰ ਦਿੱਤਾ। ਇਸਦੇ ਇਲਾਵਾ, ਸਿੱਖਾਂ ਦੇ ਵਧਦੇ ਰੋਹ ਨੂੰ ਠੱਪ ਪਾਉਣ ਲਈ ਅਗਲੇ ਹੀ ਦਿਨ ਦੋਸ਼ੀ ਮਕਾਨ-ਮਾਲਕ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ, ਜਿਸ ਤੋਂ ਸੰਤੁਸ਼ਟ ਹੋ ਕੇ ਸਿੱਖਾਂ ਨੇ ਧਰਨੇ-ਪ੍ਰਦਰਸ਼ਨ ਬੰਦ ਕਰ ਦਿੱਤੇ।

ਪਰ ਇਸ ਸਾਰੇ ਘਟਨਾ-ਕ੍ਰਮ ਦੌਰਾਨ ਦਿੱਲੀ ਕਮੇਟੀ ਪ੍ਰਧਾਨ ਪਮਰਜੀਤ ਸਿੰਘ ਸਰਨਾ ਵੱਲੋਂ ਕਥਿਤ ਤੌਰ ’ਤੇ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਾ ਨਿਭਾਏ ਜਾਣ ਅਤੇ ਸ੍ਰ: ਮਨਜੀਤ ਸਿੰਘ ਜੀ.ਕੇ. ਵੱਲੋਂ ਦਿਖਾਈ ਗਈ ਅਣ-ਉਮੀਦੀ ਸਰਗਰਮੀ ਕਾਰਨ, ਸ੍ਰੀ ਸਰਨਾ ਦੀ ਸਾਖ ਨੂੰ ਭਾਰੀ ਨੁਕਸਾਨ ਪਹੁੰਚਿਆ। ਇਸੇਲਈ ਸਰਨਾ ਵੱਲੋਂ ‘ਸਿੱਖ ਮੈਰਿਜ ਐਕਟ’ ਲਾਗੂ ਕਰਵਾਉਣ ਦੀ ਮੰਗ ਬਹਾਨੇ ਇਕ ਵਿਸ਼ੇਸ਼ ਪ੍ਰੈਸ ਕਾਨਫਰੰਸ ਦਾ ਆਯੋਜਨ ਕਰਕੇ ਪੱਤਰਕਾਰਾਂ ਸਾਹਮਣੇ ਦਾਅਵਾ ਕੀਤਾ ਕਿ ਗ੍ਰਿਫ਼ਤਾਰ ਨੌਜੁਆਨਾਂ ਦੀ ਰਿਹਾਈ ਉਨ੍ਹਾਂ ਨੇ ਖ਼ੁਦ ਦਿੱਲੀ ਪੁਲਿਸ ਦੇ ਕਮਿਸ਼ਨਰ ਨਾਲ ਗੱਲਬਾਤ ਕਰਕੇ ਕਰਵਾਈ ਸੀ। ਸ੍ਰੀ ਸਰਨਾ ਨੇ ਇਹ ਹਾਸੋਹੀਣਾ ਦਾਅਵਾ ਵੀ ਕੀਤਾ ਕਿ ਪ੍ਰਦਰਸ਼ਨਕਾਰੀ ਨੌਜੁਆਨਾਂ ਨੂੰ ਬੀਜੇਪੀ ਆਗੂਆਂ, ਜਿਨ੍ਹਾਂ ਨੇ ਉਸ ਦਿਨ ਦਿੱਲੀ ਵਿੱਚ ‘ਬੰਦ’ ਦਾ ਸੱਦਾ ਦਿੱਤਾ ਹੋਇਆ ਸੀ, ਵੱਲੋਂ ਚੱਕਾ ਜਾਮ ਕਰਨ ਲਈ ਉਕਸਾਇਆ ਗਿਆ ਸੀ। ਸ੍ਰੀ ਸਰਨਾ ਨੇ ਬਾਦਲ-ਬੀਜੇਪੀ ਗਠਜੋੜ ਆਗੂਆਂ ਦਾ ਨਾਂ ਲਏ ਬਿਨਾਂ ਕਿਹਾ ਕਿ ਨੌਜੁਆਨਾਂ ਨੂੰ ਭੜਕਾਉਣ ਵਾਲੇ ਆਗੂ ਪੁਲਿਸ ਕਾਰਵਾਈ ਵੇਲੇ ਖ਼ੁਦ ਮੌਕੇ ਤੋਂ ਖਿਸਕ ਗਏ ਸਨ। ਦੂਜੇ ਪਾਸੇ, ਸਿੱਖ ਸੰਗਤਾਂ ਦਾ ਕਹਿਣਾ ਹੈ ਕਿ ਮੌਕੇ ’ਤੇ ਪਹੁੰਚੇ ਆਗੂਆਂ ਵੱਲੋਂ ਗ੍ਰਿਫ਼ਤਾਰ ਨੌਜੁਆਨਾਂ ਨੂੰ ਛੁਡਵਾਉਣ ਲਈ ਰੋਹਿਣੀ ਥਾਣੇ ਜਾਣ ਦੀ ਕਾਰਵਾਈ ਨੂੰ ‘ਮੌਕੇ ਤੋਂ ਖਿਸਕਣਾ’ ਨਹੀਂ ਮੰਨਿਆ ਜਾ ਸਕਦਾ।

ਸੱਚਾਈ ਜੋ ਵੀ ਹੋਏ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਕਤ ਘਟਨਾ-ਕ੍ਰਮ ਨਾਲ ਸ੍ਰੀ ਸਰਨਾ ਦੀ ਸਾਖ਼ ਨੂੰ ਕਾਫ਼ੀ ਧੱਕਾ ਵੱਜਾ ਹੈ, ਜੋ ਪ੍ਰੈਸ ਕਾਨਫਰੰਸਾਂ ਕਰਨ ਨਾਲ ਮੁੜ ਸੁਰਜੀਤ ਨਹੀਂ ਹੋ ਸਕੇਗੀ। ਸ਼ਾਇਦ ਇਸਦੇ ਵਾਸਤੇ ਉਨ੍ਹਾਂ ਨੂੰ ਸੋਨੇ ਦੀ ਪਾਲਕੀ ਪਾਕਿਸਤਾਨ ਲਿਜਾਉਣ (ਜਾਂ ਉਥੋਂ ਕੋਈ ਹੋਰ ਜਲੂਸ ਭਾਰਤ ਲਿਆਉਣ) ਜਿਹਾ ਕੋਈ ਸਟੰਟ ਮੁੜ ਤੋਂ ਰਚਣਾ ਪਏਗਾ। ਹਜ਼ੂਰ ਸਾਹਿਬ ਤੋਂ ਚੱਲੀ ਕਥਿਤ ‘ਜਾਗ੍ਰਿਤੀ ਯਾਤਰਾ’ ਨੂੰ ਦਿੱਤੀ ਗਈ ਬੇਲੋੜੀ ਤਵੱਜੋ ਵੀ ਸ਼ਾਇਦ ਇਸੇ ਦਿਸ਼ਾ ਵਿੱਚ ਚੁੱਕਿਆ ਗਿਆ ਇਕ ਅਸਫ਼ਲ ਕਦਮ ਸੀ।

insult, desecration, guru granth sahib, model town, dispute, landlord, paying guest, nanak piao, delhi, paramjeet singh sarna, sarna, manjeet singh g.k., delhi police, image, dsgmc, president