

ਕੀ ਇਕਾ-ਦੁੱਕਾ ਸਮਾਧਾਂ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹਟਵਾਉਣ ਨਾਲ ਸ਼ਬਦ ਗੁਰੂ ਦਾ ਸਤਿਕਾਰ ਕਾਇਮ ਹੋ ਸਕਦਾ ਹੈ?
- ਸਵਰਣ ਸਿੰਘ -
ਪਿਛਲੇ ਦਿਨੀਂ ਅੰਮ੍ਰਿਤਸਰ ਦੇ ਪਿੰਡ ਭੋਮਾ ਵਿਖੇ ਰੋਡੇ ਸ਼ਾਹ ਨਾਂ ਦੇ ਪੀਰ ਦੀ ਸਮਾਧ ਦਾ ਮਸਲਾ ਪੰਥਕ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਸ ਸਮਾਧ ਦੀ ਖਾਸੀਅਤ ਇਹ ਹੈ ਕਿ ਇਸ ਉੱਤੇ ਅੰਨ੍ਹੀ ਸ਼ਰਧਾ ਵਾਲੇ ਉੱਲੂਆਂ (ਕਥਿਤ ਸ਼ਰਧਾਲੂਆਂ) ਵੱਲੋਂ ਸ਼ਰਾਬ ਦਾ ‘ਅਖੌਤੀ’ ਪ੍ਰਸ਼ਾਦਿ ਚੜ੍ਹਾਇਆ ਜਾਂਦਾ ਹੈ। ਸ਼ਰਾਬ ਦੇ ਅਖੌਤੀ ਪ੍ਰਸ਼ਾਦਿ ਦੇ ਚੜ੍ਹਾਵੇ ਦੀ ਰਵਾਇਤ ਵਾਲੇ ਕੁਝ ਸਥਾਨ ਹੋਰ ਵੀ ਹਨ। ਪਰ ਫਿਲਹਾਲ ਗੱਲ ਕਰਦੇ ਹਾਂ ਰੋਡੇ ਸ਼ਾਹ ਦੀ ਸਮਾਧ ਵਾਲੀ ਘਟਨਾ ਦੀ। ਇਸ ਸਮਾਧ ਨੂੰ ਇਕ ਤਰ੍ਹਾਂ ਨਾਲ ਪ੍ਰਚਲਿਤ ਗੁਰਦੁਆਰੇ ਦਾ ਰੂਪ ਦੇ ਦਿੱਤਾ ਗਿਆ ਸੀ। ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਅਤੇ ਬਾਹਰ ਨਿਸ਼ਾਨ ਸਾਹਿਬ ਦੀ ਝੂਲਦਾ ਸੀ। ਇਨ੍ਹਾਂ ਦੋਹਾਂ ਗੱਲਾਂ ਦਾ ਮਕਸਦ ਅੰਨ੍ਹੀ ਸ਼ਰਧਾ ਵਾਲੇ ਸਿੱਖਾਂ ਨੂੰ ਭਰਮਾ ਕੇ ਇਸ ਡੇਰੇ ’ਤੇ ਲਿਆਉਣਾ ਹੀ ਹੁੰਦਾ ਸੀ। ਤਾਂ ਹੀ ਇੱਥੇ ਕਈ ਸਿੱਖ (ਸਮੇਤ ਅੰਮ੍ਰਿਤਧਾਰੀਆਂ ਦੇ) ਮੱਥੇ ਟੇਕਦੇ ਅਤੇ ਸ਼ਰਾਬ ਚੜ੍ਹਾਉਂਦੇ ਵੇਖੇ ਜਾ ਸਕਦੇ ਸਨ। ਵੈਸੇ ਅਜਿਹੇ ਗਿਆਨ-ਵਿਹੂਣੇ ਸਿੱਖ, ਸਮੇਤ ਔਸਤ ਸਤਰ ਦੇ ਅੰਮ੍ਰਿਤਧਾਰੀਆਂ ਦੇ, ਆਮ ਹੀ ਮਨਮਤੀ ਸਥਾਨਾਂ (ਪੀਰਾਂ-ਬਾਬਿਆਂ ਦੀਆਂ ਕਬਰਾਂ, ਦੇਵੀ-ਦੇਵਤਿਆਂ ਦੇ ਮੰਦਰਾਂ) ਵਿੱਚ ਮੱਥੇ ਟੇਕਦੇ ਵੇਖੇ ਜਾ ਸਕਦੇ ਹਨ। ਕਾਰਨ, ਉਨ੍ਹਾਂ ਨੇ ਸੱਚ ਦੇ ਗਿਆਨ ਰੂਪੀ ਅੰਮ੍ਰਿਤਪਾਨ ਤਾਂ ਕੀਤਾ ਨਹੀਂ ਹੁੰਦਾ, ਸਿਰਫ਼ ਦਿਖਾਵੇ ਜਾਂ ਭੇਡਚਾਲ ਵਿੱਚ ਕਕਾਰ ਧਾਰਨ ਕੀਤੇ ਹੁੰਦੇ ਹਨ।
ਖੈਰ, ਜਾਗਰੁਕ ਸਮਝੇ ਜਾਂਦੇ ਸਿੱਖ ਵਿਦਵਾਨਾਂ ਅਤੇ ਜੱਥੇਬੰਦੀਆਂ ਨੇ ਇਸ ਸਥਾਨ ’ਤੇ ਵਾਪਰਦੇ ਵਰਤਾਰੇ ਬਾਰੇ ਕਈ ਵਾਰ ਇਤਰਾਜ਼ ਉਠਾਇਆ ਸੀ। ਉਨ੍ਹਾਂ ਨੂੰ ਇਤਰਾਜ਼ ਇਸ ਗੱਲ ਦਾ ਸੀ ਕਿ ਇਸ ‘ਅਪਵਿੱਤਰ’ ਥਾਂ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ, ਗੁਰੂ ਸਾਹਿਬ ਅਤੇ ਖਾਲਸਾਈ ਚਿੰਨ੍ਹ (ਨਿਸ਼ਾਨ ਸਾਹਿਬ) ਦੀ ਬੇਅਦਬੀ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਇਤਰਾਜ਼ ਵਿੱਚ ਕੁਝ ਗਲਤ ਵੀ ਨਹੀਂ ਸੀ। ਬੱਸ, ਸੋਚਣ ਦੇ ਢੰਗ ਵਿੱਚ ਥੋੜੀ ਸਿਧਾਂਤਕ ਕਮੀ ਜ਼ਰੂਰ ਸੀ। ਖੈਰ, ਮੌਜੂਦਾ ਸਮੇਂ ਵਿੱਚ ਇਸ ਇਤਰਾਜ਼ ਨੂੰ ਅਵਾਜ਼ ਦਿੱਤੀ ਪ੍ਰਸਿੱਧ ਪੰਥਕ ਵਿਦਵਾਨ ਤੇ ਸ਼੍ਰੋਮਣੀ ਕਮੇਟੀ ਦੇ (ਆਨਰੇਰੀ) ਇੰਟਰਨੈਸ਼ਨਲ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜੀ ਜਾਚਕ ਨੇ। ਜਦ ਏਨਾ ਅਨੁਭਵੀ ਅਤੇ ਉੱਚੇ ਰੁਤਬੇ ਵਾਲਾ ਪ੍ਰਚਾਰਕ ਹੋਕਾ ਦੇਵੇ ਤਾਂ ਕਾਫੀ ਸਾਰੀਆਂ ਧਾਰਮਕ ਜੱਥੇਬੰਦੀਆਂ ਦਾ ਸਾਥ ਮਿਲਣਾ ਕੋਈ ਮੁਸ਼ਕਿਲ ਗੱਲ ਨਹੀਂ ਸੀ। ਵੈਸੇ ਵੀ ਧਾਰਮਕ ਅਖਵਾਉਣ ਵਾਲੀਆਂ ਬਹੁਤ ਸਾਰੀਆਂ ਜੱਥੇਬੰਦੀਆਂ ਜਜ਼ਬਾਤੀ ਮਸਲਿਆਂ ਵਿੱਚ ਦਖ਼ਲ-ਅੰਦਾਜ਼ੀ ਕਰਨ ਲਈ ਤਰਲੋ-ਮੱਛੀ ਹੁੰਦੀਆਂ ਰਹਿੰਦੀਆਂ ਹਨ ਕਿਉਂ ਜੋ ਇਸ ਨਾਲ ਉਨ੍ਹਾਂ ਦੇ ਨਾਮ ਅਤੇ ਬਿਆਨ ਪੰਜਾਬੀ ਅਖ਼ਬਾਰਾਂ ਵਿੱਚ ਛਪ ਜਾਂਦੇ ਹਨ।
ਖੈਰ, ਇਸ ਮਾਮਲੇ ਵਿੱਚ ਸਿੱਖ ਜੱਥੇਬੰਦੀਆਂ ਨੇ ਹੰਭਲਾ ਮਾਰ ਕੇ ਸਮਾਧ ਦੇ ਪ੍ਰਬੰਧਕਾਂ ਨਾਲ ਗੱਲ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੁਕਵਾਉਣ ਅਤੇ ਨਿਸ਼ਾਨ ਸਾਹਿਬ ਲੁਹਾਉਣ ਵਿੱਚ ਕਾਮਯਾਬੀ ਪ੍ਰਾਪਤ ਕਰ ਲਈ। ਇਸ ਉਪਲਬਧੀ ਵਾਸਤੇ ਗਿਆਨੀ ਜਗਤਾਰ ਸਿੰਘ ਜਾਚਕ ਅਤੇ ਸਮੁੱਚੀਆਂ ਸਰਗਰਮ ਧਾਰਮਕ ਜੱਥੇਬੰਦੀਆਂ ਵਧਾਈ ਦੇ ਪਾਤਰ ਹਨ। ਪਰ ਹਰ ਮਸਲੇ ਦਾ ਹੱਲ ਸਿਰਫ਼ ਵਧਾਈਆਂ ਦੇ ਬਿਆਨ ਲਗਵਾਉਣ ਨਾਲ ਹੀ ਨਹੀਂ ਹੋ ਜਾਂਦਾ। ਕੁਝ ਚੁਨਿੰਦਾ ਸਮਾਧਾਂ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹਟਵਾਉਣ ਨਾਲ ਵੀ ਗੁਰੂ ਸਾਹਿਬ ਦਾ ਸਤਿਕਾਰ ਕਾਇਮ ਹੋ ਜਾਣ ਦਾ ਦਾਅਵਾ ਕਰਨਾ ਵੀ ਮਾਤਰ ਇਕ ਗਲਤ-ਫਹਿਮੀ ਪ੍ਰਤੀਤ ਹੁੰਦੀ ਹੈ। ਇਸ ਵਿਸ਼ੇ ’ਤੇ ਦਾਸ ਦੇ ਮਨ ਵਿੱਚ ਕੁਝ ਵਲਵਲੇ ਉਠੇ ਹਨ, ਜਿਨ੍ਹਾਂ ਨੂੰ ਮੈਂ ਜਾਗਰੁਕ ਮੰਨੇ ਜਾਂਦੇ ਪੰਥਕ ਵਿਦਵਾਨਾਂ ਅਤੇ ਜੱਥੇਬੰਦੀਆਂ ਸਾਹਮਣੇ ਇਕ ਨਿਮਾਣੇ ਸਿੱਖ ਵਜੋਂ ਪੇਸ਼ ਕਰ ਰਿਹਾ ਹਾਂ।
ਜੇਕਰ ਸਮਾਧ ਦੇ ਪ੍ਰਬੰਧਕਾਂ ਨਾਲ ਵਿਚਾਰ-ਵਟਾਂਦਰੇ ਦੌਰਾਨ ਪ੍ਰਬੰਧਕ ਸੱਜਣ, ਸਿੱਖ ਜੱਥੇਬੰਦੀਆਂ ਦੇ ਨੁਮਾਇੰਦਿਆਂ ਕੋਲੋਂ ਪੁੱਛ ਲੈਂਦੇ ਕਿ ਤੁਸੀਂ ਜਿਸ ‘ਗੁਰੂ’ ਦੀ ਬੇਅਦਬੀ ਦੀ ਗੱਲ ਕਰ ਰਹੇ ਹੋ, ਉਸ ਗੁਰੂ ਦੀ ਬੇਅਦਬੀ ਤਾਂ ਤੁਹਾਡੇ ਆਪਣੇ ਗੁਰਦੁਆਰਿਆਂ ਵਿੱਚ (ਸਮੇਤ ਦਰਬਾਰ ਸਾਹਿਬ, ਅੰਮ੍ਰਿਤਸਰ ਦੇ), ਪੰਥਕ ਕਹਾਉਂਦੀਆਂ ਸੰਪਰਦਾਵਾਂ ਦੇ ਡੇਰਿਆਂ ਵਿੱਚ ਅਤੇ ਤਖ਼ਤ ਸਾਹਿਬਾਨ ਉੱਪਰ ਵੀ ਸ਼ਰੇਆਮ ਹੋ ਰਹੀ ਹੈ - ਪਹਿਲਾਂ ਤੁਸੀਂ ਉੱਥੇ ਬੇਅਦਬੀ ਕਿਉਂ ਨਹੀਂ ਰੋਕਦੇ? ਤੁਸੀਂ ਆਪਨੜੇ ਗਿਰੇਵਾਨ ਮਹਿ ਸਿਰ ਨੀਵਾ ਕਰਿ ਕਿਉਂ ਨਹੀਂ ਵੇਖਦੇ? ਅਜਿਹੀ ਸਥਿਤੀ ਵਿੱਚ ਸਿੱਖ ਜੱਥੇਬੰਦੀਆਂ ਦੇ ਨੁਮਾਇੰਦੇ ਕੀ ਜਵਾਬ ਦਿੰਦੇ?
ਜੇਕਰ ਸਮਾਧ ਦੇ ਪ੍ਰਬੰਧਕਾਂ ਨੇ ਇਹ ਸਵਾਲ ਨਹੀਂ ਪੁੱਛਿਆ, ਤਾਂ ਦਾਸ ਇਹ ਸਵਾਲ ਇਨ੍ਹਾਂ ਜੱਥੇਬੰਦੀਆਂ ਸਾਹਮਣੇ ਅਤੇ ਪੰਥ ਦੀ ਕਚਹਿਰੀ ਵਿੱਚ ਪੇਸ਼ ਕਰਦਾ ਹੈ। ਪਹਿਲਾਂ ਵਿਚਾਰਦੇ ਹਾਂ ਕਿ ਸਾਡੇ ਆਪਣੇ ਧਾਰਮਕ ਅਸਥਾਨਾਂ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਕਿਵੇਂ ਹੋ ਰਹੀ ਹੈ। ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਕੇਂਦਰੀ ਅਸਥਾਨ ਦਰਸਾਰ ਸਾਹਿਬ ਅੰਮ੍ਰਿਤਸਰ ਤੋਂ। ਦਰਬਾਰ ਸਾਹਿਬ ਦੀ ਪਰਕਰਮਾ ਅਤੇ ਉੱਪਰਲੀਆਂ ਮੰਜ਼ਲਾਂ ਵਿੱਚ ਸੰਗਤਾਂ ਤੋਂ ਪੈਸੇ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਕਰਵਾਏ ਜਾਂਦੇ ਹਨ। ਜਦਕਿ ਕੌਮ ਦਾ ਜਿਤਨਾ ਬੌਧਿਕ ਨੁਕਸਾਨ ‘ਅਖੰਡ ਪਾਠ’ ਦੀ ਪ੍ਰਥਾ ਨੇ ਕੀਤਾ ਹੈ, ਓਨਾ ਸ਼ਾਇਦ ਕਿਸੇ ਹੋਰ ਪ੍ਰਥਾ (ਕਰਮ-ਕਾਂਡ) ਨੇ ਕੀਤਾ ਹੋਵੇ। ਗੁਰਬਾਣੀ ਸਮਝਾਉਂਦੀ ਹੈ ਕਿ ‘‘ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ।। ਸਹਿਜ ਬਿਲੋਵੈ ਜਾ ਤੇ ਤਤੁ ਨਾ ਜਾਈ।।’’ ਭਾਵ, ਗੁਰਬਾਣੀ ਗਿਆਨ ਸਹਿਜੇ-ਸਹਿਜੇ ਸਮਝਨ ਵਿਚਾਰਨ ਲਈ ਹੈ ਤਾਂ ਕਿ ਉਸ ਅਨੁਸਾਰ ਜੀਵਨ ਬਣਾਇਆ ਜਾ ਸਕੇ। ਤੋਤਾ-ਰਟਨੀ, ਮੰਤਰ ਵਾਂਗ ਜਾਂ ਸਿਰਫ਼ ਲਗਾਤਾਰ ਪੜ੍ਹ ਕੇ ਮੁਕਾਉਣ ਦੇ ਨਜ਼ਰੀਏ ਤੋਂ ਪਾਠ ਕਰਨਾ ਨਿਰੋਲ ਕਰਮ-ਕਾਂਡ ਹੈ। ਅਜਿਹੇ ਕਰਮ-ਕਾਂਡਾਂ ਦਾ ਗੁਰਬਾਣੀ ਵਿੱਚ ‘‘ਪੜਿ ਪੜਿ ਗਡੀ ਲਦੀਅਹਿ’’ ਜਿਹੇ ਗੁਰਵਾਕਾਂ ਰਾਹੀਂ ਅਨੇਕਾਂ ਵਾਰ ਖੰਡਨ ਕੀਤਾ ਗਿਆ ਹੈ। ਪਰ ਫੇਰ ਵੀ ‘ਅਖੰਡ ਪਾਠ’ ਦੀ ਇਹ ਮਨਮਤੀ ਪ੍ਰਥਾ ਨਿਰੋਲ ਗੁਰਮਤਿ ਵਾਂਗ ਪ੍ਰਚਾਰੀ ਜਾਂਦੀ ਹੈ।
ਪੰਥ-ਪ੍ਰਵਾਣਿਤ (ਗੁਰੂ ਪ੍ਰਵਾਣਿਤ ਨਹੀਂ, ਕਿਉਂਕਿ ਇਸ ਵਿੱਚ ਕਈ ਨੁਕਤੇ ਗੁਰੂ ਉਪਦੇਸ਼ਾਂ ਤੋਂ ਉਲਟ ਹਨ) ਰਹਿਤ ਮਰਿਆਦਾ ਦਾ ਹਿੱਸਾ ਬਣ ਚੁਕੀ ਹੈ। ਅੱਜ ਤੱਕ ਇਸ ਮਨਮਤੀ ਰਸਮ ਵਿਰੁੱਧ ਕਿਤਨੇ ਕੁ ਸਿੱਖਾਂ ਨੇ ਅਵਾਜ਼ ਉਠਾਈ? ਸ੍ਰ: ਗੁਰਬਖਸ਼ ਸਿੰਘ ਨੇ ਜਾਂ ਫਿਰ ਇਕ ਨਾ-ਮਲੂਮ ਜਿਹੇ ਵੀਰ ਰਵਿੰਦਰ ਸਿੰਘ ਪਿੰਜੌਰ ਨੇ। ਬਾਕੀ ਆਪਣੇ ਆਪ ਨੂੰ ਜਾਗਰੁਕ ਕਹਿਲਾਉਂਦੇ ਸਿੱਖਾਂ ਦੀ ਕਥਿਤ ਜਾਗਦੀ ਜ਼ਮੀਰ ਇਸ ਮਨਮਤਿ ਖਿਲਾਫ਼ ਕਿਉਂ ਨਹੀਂ ਬੋਲਦੀ? ਦੂਜਿਆਂ ਵੱਲੋਂ ਲਗਾਈ ਅੱਗ ਨੂੰ ਬੁਝਾਉਣ ਲਈ ਤਰਲੋ-ਮੱਛੀ ਹੋ ਰਹੇ ਵਿਦਵਾਨ ਅਤੇ ਸਿੱਖ ਆਪਣਿਆਂ ਵੱਲੋਂ ਲਗਾਈ ਇਸ ਮਨਮਤਿ ਰੂਪੀ ਅੱਗ ਨੂੰ ਕਿਉਂ ਨਹੀਂ ਬੁਝਾਉਂਦੇ? ਕੀ ਗਿਆਨੀ ਜਗਤਾਰ ਸਿੰਘ ਜਾਚਕ ਇਸ ਮਨਮਤਿ ਅਤੇ ਇਸ ਰਾਹੀਂ ਹੋ ਰਹੇ ਗੁਰੂ ਸਾਹਿਬ ਦੇ ਉਪਦੇਸ਼ਾਂ ਦੀ ਬੇਅਦਬੀ ਨੂੰ ਰੋਕਣ ਲਈ ਵੀ ਕੋਈ ਉਦਮ ਕਰਨਗੇ? ਕੀ ਬਾਕੀ ਸਿੱਖ ਜੱਥੇਬੰਦੀਆਂ ਇਸ ਮਨਮਤਿ ਨੂੰ ਦੂਰ ਕਰਨ ਲਈ ਓਹਨਾਂ ਦਾ ਸਾਥ ਦੇਣਗੀਆਂ ਜਾਂ ਆਪਣੇ ਤੌਰ ’ਤੇ ਕੋਈ ਹੰਭਲਾ ਮਾਰਨ ਦੀ ਕੋਸ਼ਿਸ਼ ਕਰਨਗੀਆਂ?
ਇਕ ਵਾਰ ਅਖੰਡ ਪਾਠ ਦੀ ਗਲਤ ਪ੍ਰਥਾ ਸ਼ੁਰੂ ਹੋਈ, ਉਸ ਨਾਲ ਅਨੇਕਾਂ ਹੋਰ ਪਖੰਡ ਵੀ ਸ਼ੁਰੂ ਹੋ ਗਏ। ਜਿਵੇਂ ਹਵਨ ਦੀ ਸਮੱਗਰੀ ਹੁੰਦੀ ਹੈ, ਉਸੇ ਤਰ੍ਹਾਂ ਅਖੰਡ ਪਾਠ ਵਾਸਤੇ ਸਮੱਗਰੀ ਦੀ ਲਿਸਟ ਤਿਆਰ ਹੋ ਗਈ। ਜੋਤ, ਘਿਓ, ਲਾਲ ਕਪੜਾ, ਕੁੰਭ, ਨਾਰੀਅਲ ਆਦਿ। ਗੱਲ ਸਿਰਫ਼ ਅਖੰਡ ਪਾਠ ਤੇ ਹੀ ਨਹੀਂ ਰੁਕੀ - ਫਿਰ ਸੰਪਟ ਅਖੰਡ ਪਾਠ, ਅਖੰਡ ਪਾਠਾਂ ਦੀਆਂ ਲੜੀਆਂ, ਇਕੋ ਹੀ ਥਾਂ 51 ਜਾਂ 101 ਅਖੰਡ ਪਾਠਾਂ ਦਾ ਸਿਲਸਿਲਾ ਵੀ ਜੋਰ ਫੜ ਗਿਆ। ਗੱਲ ਕੀ, ਪਖੰਡ ਦਾ ਪਸਾਰਾ ਵਧਦਾ ਹੀ ਗਿਆ। ਜਦ ਬੀਜ ਹੀ ਖਰਾਬ ਬੋਇਆ ਜਾਵੇ ਤਾਂ ਫਸਲ ਵੀ ਖਰਾਬ ਹੀ ਪੈਦਾ ਹੋਣੀ ਹੈ। ਜਦ ਬੀਜ ਹੀ ਅਖੰਡ ਪਾਠ ਰੂਪੀ ਤੋਤਾ-ਰਟਨੀ ਦਾ ਬੀਜ ਦਿੱਤਾ, ਤਾਂ ਹੋਰ ਪਖੰਡਾਂ (ਕਰਮ-ਕਾਂਡਾਂ) ਰੂਪੀ ਫਸਲ ਤਾਂ ਪੈਦਾ ਹੋਣੀ ਹੀ ਸੀ। ਇਹੀ ਤਾਂ ਮਕਸਦ ਸੀ ‘ਅਖੰਡ ਪਾਠ’ ਪ੍ਰਥਾ ਸ਼ੁਰੂ ਕਰਨ ਵਾਲੀਆਂ ਬ੍ਰਾਹਮਣਵਾਦੀ ਸ਼ਕਤੀਆਂ ਅਤੇ ਉਨ੍ਹਾਂ ਦੇ ਸਿੱਖੀ ਭੇਖ ਵਾਲੇ ਏਜੰਟਾਂ (ਪੁਜਾਰੀਆਂ) ਦਾ।
ਅੱਜਕਲ ਤਾਂ ਅਖੰਡ ਪਾਠ ਪ੍ਰਥਾ ਗੁਰਦੁਆਰਿਆਂ ਦੇ ਪ੍ਰਬੰਧਕਾਂ ਦਾ ‘ਕਮਾਊ ਪੁੱਤ’ ਬਣ ਗਈ ਹੈ। ਦਰਬਾਰ ਸਾਹਿਬ ਦੀ ਹੀ ਗੱਲ ਕਰੀਏ ਤਾਂ ਇੱਥੇ ਆਉਣ ਵਾਲੇ ਲਗਭਗ 8-10 ਸਾਲਾਂ ਦੇ ਅਖੰਡ ਪਾਠ ਅਡਵਾਂਸ ਬੁੱਕ ਹੋ ਚੁੱਕੇ ਹਨ। ਪਰਕਰਮਾ ਵਿੱਚ ਅਨੇਕਾਂ ਕਮਰਿਆਂ ਵਿੱਚ ਅਖੰਡ ਪਾਠ ਚੱਲੀ ਜਾ ਰਹੇ ਹਨ। ਸੁਨਣ ਵਾਲਾ ਤਾਂ ਕੋਈ ਵਿਰਲਾ ਹੀ ਹੁੰਦਾ ਹੈ। ਘਰ ਬੈਠੇ ‘ਪੁੰਨ’ ਪ੍ਰਾਪਤ ਕਰਨ ਦੇ ਇੱਛੁਕ ਲੋਕਾਂ ਲਈ ਹੀ ਤਾਂ ਸ਼੍ਰੋਮਣੀ ਕਮੇਟੀ ਅਖੰਡ ਪਾਠ ਦੇ ਭੋਗ ਉਪਰੰਤ ਆਏ ‘ਹੁਕਮਨਾਮੇ’ ਦੀ ਡਾਕ ਰਾਹੀਂ ‘ਹੋਮ ਡਿਲੀਵਰੀ’ ਕਰਵਾਉਣ ਦੀ ਸਹੂਲੀਅਤ ਵੀ ਦੇ ਰਹੀ ਹੈ। ਪਾਠੀ ਵੀ ਆਪਣੇ ਪੇਸ਼ੇ ਨੂੰ ਮਜਬੂਰੀ ਸਮਝ ਕੇ, ਮੂੰਹ ਵਿੱਚ ਗੁਣ-ਗੁਣ ਕਰਦਾ, ਬਾਰ-ਬਾਰ ਘੜੀ ਵੱਲ ਨਿਗਾਹ ਮਾਰਦਿਆਂ ਦੋ ਘੰਟੇ ਦੀ ਡਿਊਟੀ ਲੰਘਾ ਦਿੰਦਾ ਹੈ। ਸ਼ਾਇਦ ਥੋੜੇ ਸਮੇਂ ਵਿੱਚ ਪਾਠੀਆਂ ਦੀ ਥਾਂ ਪਾਠ ਕਰਨ ਲਈ ਰੋਬੋਟ ਬਿਠਾ ਦਿੱਤੇ ਜਾਣ। ਇਸ ਨਾਲ ਗੁਰਦੁਆਰਾ ਕਮੇਟੀਆਂ ਦੀ ਆਮਦਨੀ ਵੀ ਵੱਧ ਜਾਏਗੀ ਕਿਉਂਕਿ ਰੋਬੋਟ ਭੇਟਾ ਨਹੀਂ ਮੰਗਣਗੇ - ਨਾ ਹੀ ਉਨ੍ਹਾਂ ਨੂੰ ਰੋਟੀ ਤੇ ਚਾਹ-ਪਾਣੀ ਛਕਾਉਣਾ ਪਏਗਾ। ਬੱਸ ਸਮੇਂ ਸਿਰ ਬੈਟਰੀ ‘ਰਿਚਾਰਜ’ ਕਰਨੀ ਪਏਗੀ। ਪਾਠੀ ਨੂੰ ਬਦਲਣ ਦੀ ਵੀ ਲੋੜ ਨਹੀਂ ਰਹੇਗੀ - ਇਕੋ ਰੋਬੋਟ 48 ਘੰਟੇ ਦਾ ਸਮਾਂ ਲੰਘਾ ਦੇਵੇਗਾ।
ਸਪਸ਼ਟ ਹੈ ਕਿ ਅਖੰਡ ਪਾਠ ਪ੍ਰਥਾ ਇਕ ਧੰਧਾ ਜਾਂ ਵਪਾਰ ਬਣ ਕੇ ਰਹਿ ਗਈ ਹੈ। ਇੱਥੇ ਅਸੀਂ ਸਿਰਫ਼ ਦਰਬਾਰ ਸਾਹਿਬ ਦੀ ਗੱਲ ਕੀਤੀ ਹੈ। ਪਰ ਲਗਭਗ ਸਾਰੇ ਇਤਿਹਾਸਕ ਜਾਂ ਗੈਰ-ਇਤਿਹਾਸਕ ਗੁਰਦੁਆਰਿਆਂ ਦੇ ਹਾਲਾਤ ਇਹੋ ਜਿਹੇ ਹੀ ਹਨ। ਜੇਕਰ ਅਖੰਡ ਪਾਠ ਦੀ ਪ੍ਰਥਾ ਨੂੰ ਖ਼ਤਮ ਹੀ ਕਰ ਦਿੱਤਾ ਜਾਏ (ਅਤੇ ਇਸਦੀ ਬਜਾਏ ਸਿੱਖਾਂ ਵੱਲੋਂ ਖ਼ੁਦ ਸਹਿਜ ਪਾਠ ਕਰਨ ਦੀ ਰਵਾਇਤ ਨੂੰ ਪ੍ਰਚਲਿਤ ਕੀਤਾ ਜਾਏ) ਤਾਂ ਕੌਮ ਦਾ ਬਹੁਤ ਸਾਰਾ ਪੈਸਾ ਅਤੇ ਕੀਮਤੀ ਸਮਾਂ ਬੱਚ ਸਕਦਾ ਹੈ, ਜਿਸਨੂੰ ਚੰਗੇ ਪਾਸੇ ਲਗਾਇਆ ਜਾ ਸਕਦਾ ਹੈ। ਸਭ ਤੋਂ ਵੱਡੀ ਗੱਲ, ਅਸੀਂ ਗੁਰਮਤਿ ਦੀ ਉਲੰਘਣਾ ਕਰਨ ਤੋਂ ਹੱਟ ਜਾਵਾਂਗੇ। ਇਨ੍ਹਾਂ ਕਰਮ-ਕਾਂਡਾਂ, ਕੁਰੀਤੀਆਂ ਆਦਿ ਤੋਂ ਹਟਾਉਣ ਲਈ ਹੀ ਤਾਂ ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਦੀ ਸ਼ੁਰੂਆਤ ਕੀਤੀ ਸੀ। ਕੀ ਗਿਆਨੀ ਜਗਤਾਰ ਸਿੰਘ ਜੀ ਜਾਚਕ (ਜੋ ਸ਼੍ਰੋਮਣੀ ਕਮੇਟੀ ਨਾਲ ਵੀ ਸਬੰਧਤ ਹਨ) ਅਤੇ ਹੋਰ ਸਿੱਖ ਜੱਥੇਬੰਦੀਆਂ ਅਖੰਡ ਪਾਠ ਰੂਪੀ ਇਸ ਮਨਮਤੀ ਪ੍ਰਥਾ ਨੂੰ ਬੰਦ ਕਰਵਾਕੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਾਇਮ ਕਰਨ ਲਈ ਕੋਈ ਹੰਭਲਾ ਮਾਰਨਗੀਆਂ?
ਇਹ ਤਾਂ ਗੱਲ ਹੋਈ ਅਖੰਡ ਪਾਠ ਦੀ ਮਨਮਤੀ ਪ੍ਰਥਾ ਦੀ। ਹੁਣ ਗੱਲ ਕਰਦੇ ਹਾਂ ਇਕ ਹੋਰ ਸਿਧਾਂਤਕ ਗਲਤੀ ‘ਰਾਗਮਾਲਾ’ ਦੀ। ਸਮੂਹ ਜਾਗਰੁਕ ਸਿੱਖ ਰਾਗਮਾਲਾ ਨੂੰ ਗੁਰਬਾਣੀ ਨਾਲ ਬੇਮੇਲਵੀਂ ਅਤੇ ਮਿਲਾਵਟੀ ਰਚਨਾ ਮੰਨਦੇ ਹਨ। ਗਿ: ਗੁਰਦਿੱਤੀ ਸਿੰਘ ਦੀ ਪੁਸਤਕ ‘ਮੁੰਦਾਵਣੀ’ ਪੜ੍ਹਨ ਤੋਂ ਬਾਅਦ ਤਾਂ ਸੱਚ ਨੂੰ ਸਮਝਣ ਦੀ ਚਾਹ ਰੱਖਣ ਵਾਲਾ ਹਰ ਸਿੱਖ ਇਸ ਸੱਚਾਈ ਤੋਂ ਵਾਕਫ ਹੋ ਗਿਆ ਹੈ। ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਰਾਗਮਾਲਾ ਕੱਚੀ ਰਚਨਾ ਅਤੇ ਮਿਲਾਵਟ ਹੈ। ਫਿਰ ਇਹ ਹੁਣ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਹਿੱਸਾ ਕਿਉਂ ਬਣੀ ਹੋਈ ਹੈ? ਸਿੱਖ ਰਹਿਤ ਮਰਿਆਦਾ ਦੀ ਇਸ ਸਬੰਧੀ ਦੋਗਲਾਪਨ ਦਰਸਾਉਂਦੀ ਮੱਦ ਨੂੰ ਬਦਲਣ ਲਈ ਅਵਾਜ਼ ਕਿਉਂ ਨਹੀਂ ਉਠਾਈ ਜਾ ਰਹੀ? ਰਾਗਮਾਲਾ ਨੂੰ ਗੁਰੂ ਗ੍ਰੰਥ ਸਾਹਿਬ ਦੇ ਪ੍ਰਵਾਣਿਤ ਸਰੂਪ ’ਚੋਂ ਹਟਾਉਣ ਲਈ ਉਪਰਾਲੇ ਕਿਉਂ ਨਹੀਂ ਕੀਤੇ ਜਾ ਰਹੇ? ਕੀ ਦੋ-ਚਾਰ ਸਮਾਧਾਂ ਤੋਂ ਗੁਰੂ ਸਾਹਿਬ ਦਾ ਪ੍ਰਕਾਸ਼ ਹਟਾਉਣ ਤੋਂ ਜ਼ਰੂਰੀ ਇਹ ਕੰਮ ਨਹੀਂ? ਪਰ ਅਸੀਂ ਤਾਂ ਉਹੀ ਕੰਮ ਕਰਨਾ ਹੈ ਜਿਸ ਨਾਲ ‘‘ਚੀਚੀ ਨੂੰ ਖੂਨ ਲਗਾ ਕੇ ਸ਼ਹੀਦ’’ ਕਹਿਲਾਉਣ ਦਾ ਮੌਕਾ ਮਿਲ ਸਕੇ।
ਸਿੱਖ, ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਕਰਕੇ ਮੱਥਾ ਟੇਕਦੇ ਹਨ ਕਿਉਂਕਿ ਉਹ ਉਸ ਵਿੱਚ ਦਿੱਤੇ ਗਿਆਨ ਨੂੰ ਆਪਣਾ ਆਦਰਸ਼ ਮੰਨਦੇ ਹਨ। ਪਰ ਅੱਜ ਪੰਥ-ਦਰਦੀਆਂ ਨੂੰ ਜ਼ਮੀਰ ਮਾਰ ਕੇ ਉਸ ਕੱਚੀ ਰਚਨਾ ‘ਰਾਗਮਾਲਾ’ ਸਾਹਮਣੇ ਵੀ ਨਤਮਸਤਕ ਹੋਣਾ ਪੈ ਰਿਹਾ ਹੈ ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਚਲਿਤ ਸਰੂਪ ਦਾ ਹਿੱਸਾ ਹੈ। ਅਸੀਂ ਆਪ ਹੀ ਅਨੰਦ ਸਾਿਹਬ ਦੀ ਬਾਣੀ ਵਿੱਚ ਪੜ੍ਹਦੇ ਹਾਂ:
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ।।
ਕਹਦੇ ਕਚੇ ਸੁਣਦੇ ਕਚੇ ਕਚੀ ਆਖ ਵਿਖਾਣੀ।।
ਜੇ ਕੱਚੀ ਬਾਣੀ ਨੂੰ ਪੜ੍ਹਨ ਅਤੇ ਸੁਨਣ ਵਾਲੇ ਗੁਰੂ ਦੀ ਨਜ਼ਰ ਵਿੱਚ ਕੱਚੇ ਹਨ, ਤਾਂ ਉਸਨੂੰ ਮੱਥਾ ਟੇਕਣ ਵਾਲੇ ਕਿਵੇਂ ਸੱਚੇ ਹੋਏ? ਉਹ ਵੀ ਤਾਂ ਕੱਚੇ ਹੀ ਹੋਏ। ਇਸ ਹਿਸਾਬ ਨਾਲ ਤਾਂ ਸਾਰੀ ਕੌਮ ਹੀ ਕੱਚੀ ਹੋਈ। ਸੱਚਮੁਚ ਅੱਜ ਸਾਰੀ ਸਿੱਖ ਕੌਮ ਅਸੂਲਾਂ ਪੱਖੋਂ ਕੱਚੀ ਹੋਈ ਪਈ ਹੈ। ਜਿਹੜੇ ਸਿਧਾਂਤਕ ਮਸਲੇ ਹੱਲ ਕਰਨੇ ਜ਼ਰੂਰੀ ਹਨ, ਉਨ੍ਹਾਂ ਲਈ ਤਾਂ ਇਹ ਬਹਾਨਾ ਪਿਛਲੇ 100 ਸਾਲਾਂ ਤੋਂ ਵਰਤਿਆ ਜਾ ਰਿਹਾ ਹੈ ਕਿ ਇਸ ਬਾਬਤ (ਸੱਚ ਤੋਂ ਭਟਕੇ) ਪੰਥ ਵਿੱਚ ਮਤਭੇਦ ਹਨ। ਪਰ ਛੋਟੀਆਂ-ਛੋਟੀਆਂ ਗੱਲਾਂ (ਜਿਵੇਂ ਸਮਾਧ ’ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਆਦਿ) ਨੂੰ ਵੱਡੇ ਪੰਥਕ ਮਸਲੇ ਬਣਾ ਕੇ ਸਮਾਂ ਅਤੇ ਸ਼ਕਤੀ ਵਿਅਰਥ ਕੀਤੀ ਜਾ ਰਹੀ ਹੈ। ਹਾਂ, ਸ਼ਾਇਦ ਇਸ ਨੀਤੀ ਰਾਹੀਂ ਕੁਝ ਲੋਕਾਂ ਦਾ ਵੱਡੇ ਪੰਥ-ਦਰਦੀ ਕਹਾਉਣ ਦਾ ਭੁੱਸ ਪੂਰਾ ਹੋ ਜਾਂਦਾ ਹੋਵੇ। ਕੀ ਆਪਣੇ ਆਪ ਨੂੰ ਸਿੱਖ ਪੰਥ ਦੇ ਠੇਕੇਦਾਰ ਸਮਝਣ ਅਤੇ ਛੋਟੀਆਂ-ਛੋਟੀਆਂ ਗੱਲਾਂ ’ਤੇ ਕ੍ਰਿਪਾਨਾਂ ਧੂਹ ਲੈਣ/ਰੋਸ ਮਾਰਚ ਕੱਢਣ ਵਾਲੇ ਵੀਰ, ਇਸ ਬਜਰ ਸਿਧਾਂਤਕ ਭੁਲੇਖੇ ਦੀ ਸੋਧ ਲਈ ਕੋਈ ਉਪਰਾਲਾ ਕਰਨਗੇ?
ਆਉ ਹੁਣ ਤੀਜੇ ਨੁਕਤੇ ਵੱਧ ਵਧਦੇ ਹਾਂ। ਇਹ ਹੈ ਫੌਰਨ ਧਿਆਨ ਮੰਗਦਾ ਅਖੌਤੀ ਦਸਮ ਗ੍ਰੰਥ ਦਾ ਮਸਲਾ। ਇਹ ਗ੍ਰੰਥ ਬ੍ਰਾਹਮਣਵਾਲੀ ਫਲਸਫੇ, ਅਸ਼ਲੀਲ, ਮਿਥਿਹਾਸਕ, ਗੁਰਮਤਿ-ਸਿਧਾਂਤ ਵਿਰੋਧੀ ਲਿਖਤਾਂ ਨਾਲ ਭਰਪੂਰ ਹੈ। ਪਰ ਇਸ ਗ੍ਰੰਥ ਨੂੰ ਦਸਵੇਂ ਨਾਨਕ ਦਾ ਗ੍ਰੰਥ ਪ੍ਰਚਾਰਿਆ ਜਾ ਰਿਹਾ ਹੈ। ਅਫਸੋਸ, ਰਹਿਤ ਮਰਿਆਦਾ ਅਨੁਸਾਰ ਇਸ ਵਿਵਾਦਿਤ ਗ੍ਰੰਥ ਦੀਆਂ ਕੁਝ ਰਚਨਾਵਾਂ ਨਿੱਤਨੇਮ ਦਾ ਹਿੱਸਾ ਵੀ ਬਣਾ ਦਿੱਤੀਆਂ ਗਈਆਂ। ‘ਖੰਡੇ ਦੀ ਪਾਹੁਲ’ ਤਿਆਰ ਕਰਨ ਵੇਲੇ ਪੜ੍ਹੀ ਜਾਣ ਵਾਲੀਆਂ ਪੰਜ ਰਚਨਾਵਾਂ ਵਿੱਚੋਂ ਤਿੰਨ ਇਸ ਗ੍ਰੰਥ ਵਿੱਚੋਂ ਹਨ, ਹਾਲਾਂਕਿ ਪੂਰੀ ਰਹਿਤ ਮਰਿਆਦਾ ਵਿੱਚ ਦਸਮ ਗ੍ਰੰਥ ਨਾਂ ਦੀ ਕਿਸੇ ਸ਼ੈਅ ਦਾ ਜ਼ਿਕਰ ਤੱਕ ਨਹੀਂ। ਇਸ ਤੋਂ ਵੱਡਾ ਦੋਗਲਾਪਨ ਅਤੇ ਕੌਮ ਨਾਲ ਧ੍ਰੋਹ ਹੋਰ ਕਿਹੜਾ ਹੋ ਸਕਦਾ ਹੈ?
ਇੱਥੇ ਹੀ ਬੱਸ ਨਹੀਂ, ਸਿੱਖਾਂ ਦੇ ‘ਤਖ਼ਤ’ ਅਖਵਾਉਂਦੇ ਗੁਰਦੁਆਰਾ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਵਿਖੇ ਇਸੇ ਅਖੌਤੀ ਗ੍ਰੰਥ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੀ ਹੋ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਤਰਜ਼ ’ਤੇ ਹੀ ਇਸ ਅਖੌਤੀ ਗ੍ਰੰਥ ਦਾ ‘ਹੁਕਮਨਾਮਾ’ ਲੈਣ ਅਤੇ ‘ਅਖੰਡ ਪਾਠ’ ਕਰਵਾਉਣ ਦੀ ਰਵਾਇਤ ਵੀ ਕਾਇਮ ਹੋ ਚੁੱਕੀ ਹੈ। ਭਾਵ, ਇਸ ਅਖੌਤੀ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਵੱਡੇ ਕੁਕਰਮ ਨੂੰ ਰੁਕਵਾਉਣ ਲਈ ਚੰਦ ਕੁ ਤੱਤ ਗੁਰਮਤਿ ਦੇ ਧਾਰਨੀ ਵੀਰਾਂ ਦੇ ਇਲਾਵਾ ਹੋਰ ਕਿੰਨੇ ਕੁ ਸਿੱਖਾਂ ਨੇ ਹੰਭਲਾ ਮਾਰਿਆ ਹੈ?
ਇਸ ਵਰਤਾਰੇ ਦਾ ਕਾਰਨ ਵੀ ਇਹੀ ਹੈ ਕਿ ਬੀਜ ਹੀ ਖਰਾਬ ਸੀ। ਭਾਵ ‘ਦਸਮ ਗ੍ਰੰਥ’ ਦੀਆਂ ਕੁਝ ਰਚਨਾਵਾਂ ਨੂੰ, ਬਿਨ੍ਹਾਂ ਕਿਸੇ ਦਲੀਲ/ਵਿਚਾਰ ਦੇ, ਦਸਵੇਂ ਨਾਨਕ ਦੀ ਕ੍ਰਿਤ ਮੰਨ ਲੈਣ ਨਾਲ ਹੀ ਗਲਤ ਬੀਜ ਬੀਜਿਆ ਗਿਆ। ਗੁਰੂ ਗੋਬਿੰਦ ਸਿੰਘ ਜੀ ਸਾਨੂੰ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਾ ਗਏ ਸਨ। ਜੇ ਉਨ੍ਹਾਂ ਨੇ ਕੋਈ ਰਚਨਾ ਰਚੀ ਹੁੰਦੀ, ਤਾਂ ਉਸ ਬਾਰੇ ਵੀ ਸੇਧ ਦੇ ਦਿੰਦੇ। ਪਰ ਅਸੀਂ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਤੋਂ ਵੀ ਵੱਧ ਸਿਆਣਾ ਸਮਝਦੇ ਹਾਂ। ਤਾਂ ਹੀ ਇਸ ਵਿਵਾਦਿਤ ਗ੍ਰੰਥ ਦੀਆਂ ਰਚਨਾਵਾਂ ਨੂੰ ਗੁਰਬਾਣੀ ਵਜੋਂ ਪ੍ਰਚਾਰ ਰਹੇ ਹਾਂ ਅਤੇ ਹੌਲੀ-ਹੌਲੀ ਇਸ ਗ੍ਰੰਥ ਨੂੰ ਗੁਰੂ ਦਾ ਦਰਜਾ ਦੇ ਰਹੇ ਹਾਂ।
ਅਸੀਂ ਗੁਰੂ ਸਾਹਿਬਾਨ ਦੀ ਦਰਸਾਈ ਰਾਹ ’ਤੇ ਤਾਂ ਹੀ ਤੁਰ ਸਕਾਂਗੇ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀ ਕਿਸੇ ਵੀ ਰਚਨਾ ਨੂੰ ਗੁਰਬਾਣੀ ਮੰਨਣ ਤੋਂ ਸਾਫ਼ ਇਨਕਾਰ ਕਰ ਦੇਈਏ। ਕੀ ਸਾਡੀ ਰਹਿਨੁਮਾਈ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ 1428 ਪੰਨੇ ਘੱਟ ਹਨ, ਜੋ ਅਸੀਂ ਬ੍ਰਾਹਮਣਵਾਦ/ਲੱਚਰਤਾ ਫੈਲਾਉਣ ਵਾਲੀਆਂ ਲਿਖਤਾਂ ਤੋਂ ਸੇਧ ਲੈਣਾ ਚਾਹੁੰਦੇ ਹਾਂ? ਜੇਕਰ ਅਸੀਂ ਖਰਾਬ ਬੀਜਿਆ ਬੀਜ ਹੀ ਉਖਾੜ ਦੇਵਾਂਗੇ ਜਾਂ ਜੜ੍ਹੋਂ ਪੁੱਟ ਦੇਵਾਂਗੇ, ਤਾਂ ਹੀ ਮਨਮਤਾਂ ਰੂਪੀ ਪੇੜ ਤੋਂ ਛੁਟਕਾਰਾ ਪਾ ਸਕਾਂਗੇ। ਕੀ ਸਿੱਖ ਜੱਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਚਹੇਤੇ ‘ਵਿਦਵਾਨਾਂ’ ਵਿੱਚ ਏਨੀ ਹਿੰਮਤ ਹੈ ਕਿ ਉਹ ਇਸ ਨੁਕਤੇ ’ਤੇ ਖੁੱਲ ਕੇ ਗੱਲ ਕਰ ਸਕਣ? ਕੀ ਗੁਰੂ ਗ੍ਰੰਥ ਸਾਹਿਬ ਦੀ ਸਰਬ-ਉੱਚਤਾ ਕਾਇਮ ਕਰਨ ਦੇ ਅਧਾਰ ’ਤੇ ਰਹਿਤ-ਮਰਿਆਦਾ ਦੀ ਸੁਧਾਈ ਕਰਨ ਦੀ ਗੱਲ ਦੀ ਹਿੰਮਤ ਕਿਸੇ ਵਿੱਚ ਹੈ? ਕੀ ਇਨ੍ਹਾਂ ਜੱਥੇਬੰਦੀਆਂ ਵਿੱਚ ਤਖ਼ਤਾਂ ਦੇ ਪੁਜਾਰੀਆਂ ਅਤੇ ਮਨਮਤੀ ਸੰਪਰਦਾਵਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨ ਦੀ ਬੇਸ਼ਰਮੀ ਅਤੇ ਬੇਗੈਰਤੀ ਵਾਲੇ ਕੁਕਰਮਾਂ ਦਾ ਵਿਰੋਧ ਕਰਨ ਦੀ ਹਿੰਮਤ ਹੈ?
ਜੇ ਨਹੀਂ, ਤਾਂ ਐਵੇਂ ਛੋਟੀਆਂ-ਮੋਟੀਆਂ ਗੱਲਾਂ (ਸਮਾਧ ’ਤੇ ਪ੍ਰਕਾਸ਼, ਪ੍ਰੇਮੀ ਦੇ ਘਰ ਪ੍ਰਕਾਸ਼ ਆਦਿ) ਦਾ ਹਊਆ ਖੜਾ ਕਰਨ ਨਾਲ ਮੀਡੀਆ ਵਿੱਚ ਸਸਤੀ ਸ਼ੋਹਰਤ ਤਾਂ ਮਿਲ ਸਕਦੀ ਹੈ ਪਰ ਗੁਰੂ ਦੀ ਖੁਸ਼ੀ ਨਹੀਂ। ਫੌਰੀ ਲੋੜ ਹੈ ਇਨ੍ਹਾਂ ਸਿਧਾਂਤਕ ਮਸਲਿਆਂ ਦੇ ਹੱਲ ਵੱਲ ਉਦਮ ਕਰਨ ਦੀ। ਇਹੋ ਜਿਹੀਆਂ ਰਸਮਾਂ ਅਤੇ ਕਰਮ-ਕਾਂਡਾਂ ਨੂੰ ਦੂਰ ਕਰਨ ਦੀ, ਜੋ ਗੁਰੂ ਗ੍ਰੰਥ ਸਾਹਿਬ ਦੇ ਸੱਚ ਦੇ ਗਿਆਨ ਦੀ ਬੇਦਅਬੀ ਕਰਦੀਆਂ ਹਨ।
ਮਸਲੇ ਤਾਂ ਹੋਰ ਵੀ ਬਹੁਤ ਹਨ, ਪਰ ਜੇ ਫਿਲਹਾਲ ਇਨ੍ਹਾਂ ਤਿੰਨ ਮਸਲਿਆਂ ’ਤੇ ਹੀ ਗੁਰਮਤਿ ਅਸੂਲਾਂ ਅਨੁਸਾਰ ਕਾਰਵਾਈ ਹੋ ਸਕੇ ਤਾਂ ਬਾਕੀ ਕੰਮ ਅਸਾਨ ਹੋ ਜਾਵੇਗਾ। ਸਿਰਫ਼ ‘ਗੁਰੂ ਗ੍ਰੰਥ ਸਾਹਿਬ’ ਜੀ ਦੇ ਬਾਹਰੀ ਸਤਿਕਾਰ ਨੂੰ ਮੁੱਦਾ ਬਣਾ ਕੇ ਹੀ ਪੈਸੇ, ਸਮਾਂ ਅਤੇ ਸ਼ਕਤੀ ਵਰਤਣ ਤੱਕ ਸੀਮਤ ਰਹਿਣਾ ਹੀ ਅਕਲਮੰਦੀ ਨਹੀਂ।
ਆਸ ਹੈ ਕਿ ਪੰਥ-ਦਰਦੀ ਵੀਰ, ਇਸ ਲੇਖ ਵਿਚਲੇ ਸੁਨੇਹੇ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ। ਜੇ ਸਿੱਧੀ (ਕੌੜੀ) ਸ਼ਬਦਾਵਲੀ ਦੀ ਵਜ੍ਹਾ ਨਾਲ ਕਿਸੇ ਵੀਰ/ਭੈਣ ਦੀ (ਅੰਨ੍ਹੀ) ਸ਼ਰਧਾ ਨੂੰ ਸੱਟ ਵੱਜ ਗਈ ਹੋਵੇ, ਤਾਂ ਮੈਂ ਹੁਣੇ ਮੁਆਫੀ ਮੰਗ ਲੈਂਦਾ ਹਾਂ। ਪਰ ਸੱਚਮੁਚ ਗੁਰੂ ਦੀ ਖੁਸ਼ੀ ਚਾਹੁਣ ਵਾਲੇ ਸਿੱਖਾਂ ਨੂੰ ਉਕਤ ਵਿਸ਼ਿਆਂ ’ਤੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈ।