

ਸਿੱਖਾਂ ਵਿੱਚ ‘ਆਰਤੀ’ ਦਾ ਪ੍ਰਚਲਿਤ ਢੰਗ : ਗੁਰਮਤਿ ਸਿਧਾਂਤਾਂ ਵਿੱਚ ਬ੍ਰਾਹਮਣਵਾਦੀ ਪ੍ਰਦੂਸ਼ਣ ਦਾ ਪ੍ਰਤੱਖ ਪਰਮਾਣ
- ਰਵਿੰਦਰ ਸਿੰਘ ਪਿੰਜੌਰ -
ਗੁਰੂ ਨਾਨਕ ਸਾਹਿਬ ਦੇ ਸਮੇਂ ਸਮਾਜ ਦੀ ਹਾਲਾਤ ਬਹੁਤ ਤਰਸਯੋਗ ਸੀ। ਪੁਜਾਰੀ ਸ੍ਰੇਣੀ ਵਲੋਂ ਆਮ ਲੋਕਾਈ ਨੂੰ ਧਰਮ ਦੇ ਨਾਂ ਹੇਠ ਬੁਰੀ ਤਰਾਂ ਲੁਟਿਆ ਅਤੇ ਗੁਮਰਾਹ ਕੀਤਾ ਜਾ ਰਿਹਾ ਸੀ। ‘ਧਰਮ’ ਦਾ ਮਤਲਬ ਸਿਰਫ ਅੰਧਵਿਸ਼ਵਾਸ ਅਤੇ ਕਰਮਕਾਂਡ ਮਾਤਰ ਹੀ ਰਹਿ ਗਿਆ ਸੀ। ਧਰਮ ਦੇ ਨਾਂ ਉਤੇ ਹੀ ਕੀਤਾ ਜਾ ਰਿਹਾ ਇਕ ਕਰਮਕਾਂਡ ਸੀ ‘ਮੂਰਤੀ ਪੂਜਾ’। ਮੂਰਤੀ ਪੂਜਾ ਦਾ ਇਕ ਵਿਸ਼ੇਸ਼ ਅੰਗ ਸੀ ‘ਆਰਤੀ’। ਇਸ ਵਿਚ ਇਕ ਮੂਰਤੀ ਨੂੰ ‘ਪ੍ਰਭੂ’ ਦਸਕੇ ਥਾਲ ਵਿਚ ਦੀਵੇ ਬਾਲ ਕੇ, ਥਾਲ ਘੁਮਾ ਕੇ, ਸੰਖ ਆਦਿ ਵਜਾ ਕੇ ਇਸ ਮੂਰਤੀ ਦੀ ਆਰਤੀ ਉਤਾਰੀ ਜਾਂਦੀ ਸੀ ਅਤੇ ਪ੍ਰਚਾਰ ਕੀਤਾ ਜਾਂਦਾ ਸੀ ਕਿ ‘ਰੱਬ’ ਦੀ ਆਰਤੀ ਕੀਤੀ ਜਾ ਰਹੀ ਹੈ। ਜਗਨਨਾਥ ਮੰਦਿਰ (ਉੜੀਸਾ) ਵਿਚ ਮੂਰਤੀ ਪੂਜਾ ਰੂਪੀ ਆਰਤੀ ਲਈ ਮਸ਼ਹੂਰ ਸੀ।
ਗੁਰੂ ਨਾਨਕ ਸਾਹਿਬ ਜੀ ਨੇ ਉਸ ਸਮੇਂ ਦੇ ਸਮਾਜਿਕ ਮਾਹੌਲ ਦਾ ਬੜੀ ਗੰਭੀਰਤਾ ਨਾਲ ਅਧਿਅਨ ਕੀਤਾ। ਉਹਨਾਂ ਲੋਕਾਈ ਨੂੰ ਇਸ ਅੰਧਵਿਸ਼ਵਾਸੀ, ਲੁਟ ਖਸੁਟ ਅਤੇ ਕਰਮਕਾਂਡੀ ਜੀਵਨ ਜਾਚ ਵਿਚੋਂ ਕੱਡ ਕੇ ਨਿਰੋਲ ਸੱਚ ਆਧਾਰਿਤ ‘ਜੀਵਨ ਜਾਚ’ ਦ੍ਰਿੜ ਕਰਵਾਉਣ ਲਈ ਇਕ ਬਹੁਤ ਹੀ ਸੁਚੱਜੀ ਯੋਜਨਾ ਬਣਾਈ। ਇਸ ਵਾਸਤੇ ਉਹਨਾਂ ਨੇ ਪ੍ਰਚਾਰਕ ਦੌਰੇ (ਉਦਾਸੀਆਂ) ਸ਼ੁਰੂ ਕੀਤੇ। ਉਹਨਾਂ ਨੇ ਆਮ ਬੰਦੇ ਨੂੰ ਇਹ ਸਮਝਾਉਣ ਦਾ ਬੀੜਾ ਚੁਕਿਆ ਕਿ ਅਸਲ ਵਿਚ ‘ਧਰਮ’ ਕੀ ਹੈ। ਇਸ ਵਾਸਤੇ ਉਹਨਾਂ ਨੇ ਪ੍ਰਚਾਰਕ ਦੌਰੇ ਸ਼ੁਰੂ ਕੀਤੇ।
ਇਹਨਾਂ ਦੌਰਿਆਂ ਵਿਚ ਗੁਰੂ ਸਾਹਿਬ ਜੀ ਨੇ ਅਨੇਕਾਂ ਧਾਰਮਿਕ (ਮੰਨੇ ਜਾਂਦੇ) ਸਥਾਨਾਂ ਦਾ ਸਫਰ ਕੀਤਾ। ਉਹਨਾਂ ਸਥਾਨਾਂ ਉਤੇ ਪੁਜਾਰੀਆਂ ਅਤੇ ਲੋਕਾਂ ਵਲੋਂ ਧਰਮ ਦੇ ਨਾਂ ਉਤੇ ਕਰਮਕਾਂਡਾਂ, ਅੰਧਵਿਸ਼ਵਾਸਾਂ ਦਾ ਦਲੀਲ ਨਾਲ ਖੰਡਨ ਕੀਤਾ ਅਤੇ ਉਹਨਾਂ ਨੂੰ ‘ਸੱਚ’ ਦਾ ਰਾਹ ਦਸਿਆ।
ਐਸੇ ਹੀ ਇਕ ਪ੍ਰਚਾਰਕ ਦੌਰੇ ਦੌਰਾਨ ਨਾਨਕ ਪਾਤਸ਼ਾਹ ਜਗਨਨਾਥ ਮੰਦਿਰ ਪਹੁੰਚੇ। ਇਹ ਅਸਥਾਨ ਬ੍ਰਾਹਮਨੀ ਮੱਤ ਦਾ ਇਕ ਵੱਡਾ ਕੇਂਦਰ ਸੀ। ਇਥੇ ਸ਼ਾਮ ਵੇਲੇ ਪੁਜਾਰੀਆਂ ਵਲੌਂ ਦੀਵੇ ਬਾਲ ਕੇ, ਥਾਲ ਘੁਮਾ ਕੇ, ਟੱਲ ਖੜਕਾ ਕੇ ਮੂਰਤੀ ਦੀ (ਰੱਬ ਸਮਝ ਕੇ) ਆਰਤੀ ਕੀਤੀ ਗਈ। ਉਥੇ ਹਾਜ਼ਰ ਲੋਕਾਂ ਨੂੰ ਨਾਨਕ ਸਾਹਿਬ ਨੇ ਸਮਝਾਇਆ ਕੇ ਪਹਿਲੀ ਗੱਲ ਤਾਂ ਤੁਹਾਡੀ ਇਹ ਸੋਚ ਹੀ ਗਲਤ ਹੈ ਕਿ ਮੂਰਤੀਆਂ ਵਿਚ ਰੱਬ ਵਸਦਾ ਹੈ :
ਜੋ ਪਾਥਰ ਕਉ ਕਹਤੇ ਦੇਵ।।
ਤਾ ਕੀ ਬਿਰਥਾ ਹੋਵੈ ਸੇਵ।।
ਜੋ ਪਾਥਰ ਕੀ ਪਾਂਈ ਪਾਇ।।
ਤਿਸ ਕੀ ਘਾਲ ਅਜਾਂਈ ਜਾਇ ।।
(ਪੰਨਾ 1160)
ਇਹ ਤਾਂ ਸਿਰਫ ਇਕ ਕਰਮਕਾਂਡ ਹੈ। ਅਕਾਲ ਪੁਰਖ ਤਾਂ ਸਰਬ ਵਿਆਪਕ ਹੈ। ਦੂਜੀ ਗੱਲ, ਇਹ ਜੋ ਤੁਸੀ ਦੀਵੇ ਬਾਲ ਕੇ, ਥਾਲ ਘੁਮਾ ਕੇ ਸਮਝ ਰਹੇ ਹੋ ਕਿ ਰੱਬ ਦੀ ਆਰਤੀ ਹੋ ਰਹੀ ਹੈ, ਇਹ ਸੋਚ ਹੀ ਗਲਤ ਹੈ। ਅਕਾਲ ਪੁਰਖ ਜਿਹੀ ਅਸੀਮ, ਅਕਥ ਹਸਤੀ ਵਾਸਤੇ ਤੁਹਾਡੇ ਇਹ ਛੋਟੇ ਛੋਟੇ ਦੀਵੇ (ਆਰਤੀ ਵਜੋਂ) ਕੋਈ ਮਾਇਨੇ ਨਹੀਂ ਰਖਦੇ। ਅਸਲ ਵਿਚ ਰੱਬ ਆਰਤੀ, ਪੂਜਾ ਆਦਿ ਕਰਮਕਾਂਡਾਂ ਆਦਿ ਉਪਰ ਨਹੀਂ ਰੀਝਦਾ। ਉਹ ਤਾਂ ‘ਸੱਚ’ ਪ੍ਰਤੀ ਪਿਆਰ ਦਾ ਭੁੱਖਾ ਹੈ :
ਗੋਬਿੰਦ ਭਾਉ ਭਗਤਿ ਕਾ ਭੁਖਾ।।
ਜੇ ਉਸ ਜਿਹੀ ਮਹਾਨ ਹਸਤੀ ਦੀ ਕੋਈ ਆਰਤੀ ਹੋ ਸਕਦੀ ਹੈ ਤਾਂ ਉਹ ਕੁਦਰਤ ਵਿਚ ਆਪੇ ਹੀ ਨਿਰਵਿਘਨ ਹੋ ਰਹੀ ਹੈ। ਇਸ ਪ੍ਰਥਾਇ ਉਹਨਾਂ ਨੇ ‘ਗਗਨ ਮੈ ਥਾਲੁ’ ਵਾਲਾ ਸ਼ਬਦ ਵੀ ਉਚਾਰਨ ਕੀਤਾ। ਇਸ ਸ਼ਬਦ ਦਾ ਰਹਾਉ (ਕੇਂਦਰੀ ਭਾਵ) ਵਾਲਾ ਬੰਦ ਹੈ :
ਕੈਸੀ ਆਰਤੀ ਹੋਇ ਭਵਖੰਡਨਾ ਤੇਰੀ ਆਰਤੀ।।
ਅਨਹਤਾ ਸਬਦ ਵਾਜੰਤ ਭੇਰੀ।।
ਭਾਵ, ਹੇ ਅਕਾਲ ਪੁਰਖ ! ਇਸ ਕੁਦਰਤ ਵਿਚ ਤੁਹਾਡੀ ਕੈਸੀ ਅਦਭੁਤ ਆਰਤੀ ਹੋ ਰਹੀ ਹੈ। ਸ਼ਬਦ ਦੇ ਬਾਕੀ ਬੰਦਾਂ ਵਿਚ ਪ੍ਰਚਲਿਤ ਆਰਤੀ ਵਿਚ ਵਰਤੇ ਜਾਂਦੇ ਪਦਾਰਥਾਂ (ਦੀਵੇ, ਥਾਲ, ਮੋਤੀ, ਧੂਪ ਆਦਿ) ਦੀ ਤੁਲਨਾ ਕੁਦਰਤ ਵਿਚਲੀਆਂ ਸ਼ੈਆਂ (ਸੂਰਜ, ਚੰਦ, ਤਾਰੇ ਆਦਿ) ਨਾਲ ਕੀਤੀ ਹੈ। ਅਸਲ ਵਿਚ ਨਾਨਕ ਸਾਹਿਬ ਦਾ ਸਮਝਾਉਣ ਦਾ ਮਤਲਬ ਸੀ ਕਿ ਜੇ ਤੁਸੀ ਆਰਤੀ ਨੂੰ ਇਤਨਾ ਹੀ ਮਹੱਤਵ ਦਿੰਦੇ ਹੋ ਤਾਂ ਸਮਝ ਲਵੋ ਕਿ ਆਕਾਸ਼, ਚੰਦ, ਸੂਰਜ ਆਦਿ ਰਾਹੀ ਕੁਦਰਤ ਵਿਚ ਉਸ ਪ੍ਰਭੂ ਦੀ ਆਰਤੀ ਆਪੇ ਹੀ ਨਿਰਵਿਘਨ ਹੋ ਰਹੀ ਹੈ ਅਤੇ ਤੁਹਾਡੇ ਇਹ ਛੋਟੇ ਛੋਟੇ ਦੀਵੇ ਉਹਨਾਂ ਸਾਹਮਨੇ ਕੋਈ ਪਾਇਆਂ ਨਹੀ ਰਖਦੇ। ਇਥੇ ਇਹ ਸਪਸ਼ਟ ਹੋਣਾ ਜ਼ਰੂਰੀ ਹੈ ਕਿ ਇਥੇ ਗੁਰੂ ਸਾਹਿਬ ਨੇ ਆਰਤੀ ਦੀ ਪ੍ਰੋੜਤਾ ਨਹੀਂ ਕੀਤੀ ਅਤੇ ਨਾ ਹੀ ਉਸ ਨੂੰ ਜ਼ਰੂਰੀ ਦਸਿਆ ਹੈ। ਨਾ ਹੀ ਉਹਨਾਂ ਦਾ ਕਹਿਨ ਦਾ ਮਾਇਨਾ ਇਹ ਹੈ ਕਿ ਚੰਦ, ਸੂਰਜ, ਮਲਆਗਰ ਪਰਬਤ ਆਦਿ ਉਸ ਦੀ ਆਰਤੀ ਵਾਸਤੇ ਕੰਮ ਕਰ ਰਹੇ ਹਨ। ਕੁਦਰਤ ਵਿਚ ਉਹਨਾਂ ਦਾ ਆਪਣਾ ਅਪਣਾ ਕੰਮ ਹੈ। ਇਹ ਤਾਂ ਸਿਰਫ ਆਰਤੀ ਕਰਨ ਦੇ ਚਾਹਵਨ ਲੋਕਾਂ ਨੂੰ ਸਮਝਾਉਣ ਦਾ ਇਕ ਢੰਗ ਹੈ।
ਇਸੇ ਸ਼ਬਦ ਵਿਚ ਅਗੇ ਦਸਿਆ ਗਿਆ ਹੈ ਕਿ ਅਸਲ ਵਿਚ ਉਹ ‘ਆਰਤੀ’ ਕਿਹੜੀ ਹੈ ਜੋ ਰੱਬ ਨੂੰ ਭਾਉਂਦੀ ਹੈ। ਧਿਆਨ ਨਾਲ ਵਿਚਾਰੋ, ਅਗੇ ਲਿਖਿਆ ਹੈ :
ਜੋ ਤਿਸੁ ਭਾਵੈ ਸੋ ਆਰਤੀ ਹੋਇ।।
ਭਾਵ ਉਸ ਰੱਬ ਦੀ ਰਜ਼ਾ ਵਿਚ ਚਲਨਾ, ਉਸ ਦੇ ਬਣਾਏ ਨਿਯਮਾਂ ਨੂੰ ਸਮਝ ਕੇ ਉਸ ਅਨੁਸਾਰ ਜੀਵਨ ਬਣਾਉਣਾ ਹੀ ਅਸਲੀ ਆਰਤੀ ਹੈ। ਇਹੀ ਨਾਮ ਸਿਮਰਨ ਹੈ, ਇਹੀ ਕੀਰਤਨ ਹੈ ਤੇ ਇਹੀ ਪ੍ਰਭੂ ਪਿਆਰ ਹੈ। ਜਪੁ ਜੀ ਸਾਹਿਬ ਵਿਚ ਵੀ ਇਸ ਦੀ ਪ੍ਰੋੜਤਾ ਮਿਲਦੀ ਹੈ।
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ।।
(ਜਪੁ ਸਾਹਿਬ)
‘ਗਗਨ ਮੈ ਥਾਲੁ’ ਵਾਲੇ ਸ਼ਬਦ ਦੇ ਆਖਰੀ ਬੰਦ ਵਿਚ ਵੀ ਨਾਨਕ ਸਾਹਿਬ ਨੇ ਪ੍ਰਭੂ ਪਾਸੋਂ ਇਹੀ ਮੰਗ ਰਖੀ ਹੈ :
ਕ੍ਰਿਪਾ ਜਲੁ ਦੇ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਮੁ ਵਾਸਾ।।
ਭਾਵ ਹੇ ਪ੍ਰਭੂ !ਮੈਨੂੰ (ਪਪੀਹੇ ਨੂੰ ) ਉਹ ਬਿਬੇਕ ਬੁਧੀ (ਰੂਪੀ ਜਲ) ਬਖਸ਼ੋ ਜਿਸ ਨਾਲ ਮੈਂ ਤੇਰੇ ਬਣਾਏ ਨਿਯਮਾਂ (ਹੁਕਮਾਂ) ਨੂੰ ਸਮਝ ਕੇ ਉਹਨਾਂ ਨੂੰ ਅਪਣੇ ਹਿਰਦੇ ਵਿਚ ਵਸਾ ਸਕਾਂ। ਉਹਨਾਂ ਅਨੁਸਾਰ ਅਪਨਾ ਜੀਵਨ ਬਣਾ ਸਕਾਂ।
ਉੁਸ ਸਮੇਂ ਬ੍ਰਾਹਮਣੀ ਸਮਾਜ ਵਿਚ ਆਰਤੀ ਦੀ ਰਸਮ ਬਹੁਤ ਪ੍ਰਚਲਤ ਸੀ। ਇਹ ਜ਼ਿਆਦਾਤਰ ਸ਼ਾਮ ਵੇਲੇ ਕੀਤੀ ਜਾਂਦੀ ਸੀ। ਗੁਰੂ ਘਰ ਦੇ ਜ਼ਿਆਦਾਤਰ ਸ਼ਰਧਾਲੂ ਇਸੇ ਸਮਾਜ ਵਿਚੋਂ ਆਏ ਸਨ। ਇਸ ਕਰਕੇ ਉਹਨਾਂ ਦੇ ਮਨਾਂ ਵਿਚੋਂ ਪ੍ਰਚਲਿਤ ਆਰਤੀ ਦਾ ਭਰਮ ਕੱਡਨ ਵਾਸਤੇ ਪ੍ਰਚਲਿਤ ਆਰਤੀ ਦਾ ਖੰਡਨ ਕਰਦੇ ਇਸ ਸ਼ਬਦ ਨੂੰ ਸ਼ਾਮ ਵੇਲੇ ਗਾਉਣ ਅਤੇ ਵਿਚਾਰਨ ਦੀ ਰੀਤ ਚਲਾ ਦਿਤੀ ਗਈ ਹੋਵੇਗੀ। ਭਾਈ ਗੁਰਦਾਸ ਜੀ ਦੀ ਰਚਨਾ ਵਿਚ ਵੀ ਇਸ ਦਾ ਜ਼ਿਕਰ ਮਿਲਦਾ ਹੈ :
ਰਾਤੀ ਕੀਰਤਿ ਸੋਹਿਲਾ ਕਰਿ ਆਰਤੀ ਪਰਸਾਦੁ ਵੰਡੰਦੇ।।
(ਵਾਰ 6 ਪਉੜੀ 3)
ਹੌਲੀ-ਹੌਲੀ ਇਹ ਇਕ ਮਰਿਆਦਾ ਦਾ ਰੂਪ ਧਾਰਨ ਕਰ ਗਈ। ਸਮੇਂ ਨਾਲ ਸਿੱਖਾਂ ਵਲੋਂ ਜਾਣੇ- ਅਨਜਾਣੇ ਵਿਚ ਇਸ ‘ਗਗਨ ਮੈ ਥਾਲੁ’ ਵਾਲੇ ਸ਼ਬਦ ਨਾਲ ਗੁਰਬਾਣੀ ਦੇ ਹੋਰ ਸ਼ਬਦ ਵੀ ਜੋੜ ਕੇ ਪੜੇ ਜਾਣ ਲਗ ਪਏ। ਜ਼ਿਆਦਾਤਰ ਸ਼ਬਦ ਉਹ ਸਨ, ਜਿਨ੍ਹਾਂ ਵਿਚ ਆਰਤੀ ਸ਼ਬਦ ਜਾਂ ਉਸ ਨਾਲ ਪ੍ਰਚਲਿਤ ਆਰਤੀ ਵਾਲੇ ਪਦਾਰਥਾਂ ਦਾ ਜ਼ਿਕਰ ਕਿਧਰੇ ਆ ਗਿਆ। ਹੋ ਸਕਦਾ ਹੈ ਪ੍ਰਚਲਿਤ ਆਰਤੀ ਦਾ ਖੰਡਨ ਕਰਦੇ ਕੁਝ ਸ਼ਬਦ ਗੁਰੂ ਸਾਹਿਬਾਨ ਦੇ ਵੇਲੇ ਹੀ ਨਾਲ ਜੋੜ ਕੇ ਪੜਨੇ ਸ਼ੁਰੂ ਕਰ ਦਿਤੇ ਗਏ ਹੋਣ ਕਿਉਂਕਿ ਉਹਨਾਂ ਦੇ ਭਾਵ ਅਰਥ ਮਿਲਦੇ-ਜੁਲਦੇ ਹੀ ਸਨ। ਅਜਿਹੇ ਜ਼ਿਆਦਾਤਰ ਸ਼ਬਦ ਧਨਾਸਰੀ ਰਾਗ ਵਿਚ ਹੀ ਮਿਲਦੇ ਹਨ ਜਿਸ ਤੋਂ ਅੰਦਾਜ਼ਾ ਲਗਦਾ ਹੈ ਕਿ ਇਸ ਵਿਸ਼ੇ ਨਾਲ ਸੰਬੰਧਤ ਸ਼ਬਦ ਇਕ ਰਾਗ ਵਿਚ ਇਕੱਠੇ ਕਰ ਦਿਤੇ ਗਏ। ਇਹ ਸ਼ਬਦ ਹਨ :
1) ਰਵਿਦਾਸ ਜੀ ਦਾ ਧਨਾਸਰੀ ਰਾਗ ਵਿਚ ਸ਼ਬਦ:
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ।।
(ਪੰਨਾ 694)
2) ਭਗਤ ਸੈਣ ਜੀ ਦਾ ਧਨਾਸਰੀ ਰਾਗ ਵਿਚ ਸ਼ਬਦ :
ਧੂਪ ਦੀਪ ਘ੍ਰਿਤ ਸਾਜਿ ਆਰਤੀ।।
(ਪੰਨਾ 695)
3) ਕਬੀਰ ਸਾਹਿਬ ਦਾ ਪ੍ਰਭਾਤੀ ਰਾਗ ਵਿਚ ਸ਼ਬਦ:
ਸੁੰਨ ਸੰਧਿਆ ਤੇਰੀ ਦੇਵ ਦੇਵਾਕਰ ਅਧਪਤਿ ਆਦਿ ਸਮਾਈ।।
(ਪੰਨਾ 1350)
ਇਨ੍ਹਾਂ ਤਿੰਨਾਂ ਸ਼ਬਦਾਂ ਦੇ ਭਾਵ ਅਰਥ ਨਾਨਕ ਪਾਤਸ਼ਾਹ ਦੇ ਸ਼ਬਦ ‘ਗਗਨ ਮੈ ਥਾਲੁ’ ਨਾਲ ਮਿਲਦੇ ਹਨ। ਸਮਾਂ ਪਾਕੇ ਸ਼ਰਧਾਲੂ ਸਿੱਖਾਂ ਵਲੋਂ ਧਨਾਸਰੀ ਰਾਗ ਦਾ ਹੀ ਭਗਤ ਧੰਨਾ ਜੀ ਦਾ ਸ਼ਬਦ ‘ਗੋਪਾਲ ਤੇਰਾ ਆਰਤਾ’ ਵੀ ਇਸ ਆਰਤੀ ਨਾਲ ਜੋੜ ਦਿਤਾ ਗਿਆ ਲਗਦਾ ਹੈ। ਇਹ ਸ਼ਾਇਦ ਉਹ ਸਮਾਂ ਸੀ ਜਦੋਂ ਆਮ ਸਿੱਖ ਸਮਾਜ ਗੁਰਬਾਣੀ ਵਿਚਾਰ ਤੋਂ ਟੁਟਨਾ ਸ਼ੁਰੂ ਹੋ ਗਿਆ ਸੀ। ਇਥੇ ਸਿਰਫ ‘ਆਰਤਾ’ ਲਫਜ਼ ਆਉਣ ਕਰਕੇ ਹੀ ਇਸ ਨੂੰ ਆਰਤੀ ਨਾਲ ਜੋੜ ਦਿਤਾ ਗਿਆ। ਇਥੇ ਆਰਤਾ ਸ਼ਬਦ ਦੇ ਮਾਇਨੇ ‘ਆਰਤੀ’ ਵਾਲੇ ਨਹੀਂ ਹਨ ਅਤੇ ਨਾ ਹੀ ਬਾਕੀ ਸ਼ਬਦ ਵਿਚ ਪ੍ਰਚਲਿਤ ਆਰਤੀ ਨਾਲ ਸੰਬੰਧਿਤ ਕਿਸੇ ਵਸਤੂ (ਦੀਵਾ, ਥਾਲ ਆਦਿ) ਦਾ ਬਿੰਬ ਵਰਤਿਆ ਗਿਆ ਹੈ (ਜਿਵੇਂ ਪਹਿਲਾਂ ਵਾਲੇ ਬਾਕੀ ਸ਼ਬਦਾਂ ਵਿਚ ਹੈ)। ਪਰ ਲਗਦਾ ਹੈ ਉਸ ਸਮੇਂ ਤੱਕ ਸਿੱਖ ਸਮਾਜ ਤੋਤਾ-ਰਟਨੀਆਂ ਅਤੇ ਅੰਨ੍ਹੀ ਸ਼ਰਧਾ ਵਾਲੇ ਖਾਰੇ ਬ੍ਰਾਹਮਣੀ ਸਮੁੰਦਰ ਦੇ ਰਾਹ ਪੈ ਚੁਕਿਆ ਸੀ। ਹੋ ਸਕਦਾ ਹੈ ਧਨਾਸਰੀ ਰਾਗ ਵਿਚ ਆਰਤੀ ਖੰਡਨ ਨਾਲ ਬਾਕੀ ਸਬਦਾਂ ਨਾਲ ਦਰਜ ਹੋਣ ਕਰਕੇ ਇਹ ਭੁਲੇਖਾ ਪੈ ਗਿਆ ਹੋਵੇ। ਕੁਝ ਵੀ ਹੋਵੇ ਇਹ ਇਕ ਵੱਡੀ ਸਿਧਾਂਤਕ ਅਨਗਹਿਲੀ ਵੱਲ ਇਕ ਕਦਮ ਸੀ।
ਅੱਗੇ ਵੱਧਣ ਤੋਂ ਪਹਿਲਾਂ, ਉਸ ਸਮੇਂ ਵਿਚ ‘ਆਰਤੀ’ ਹੇਠ ਪ੍ਰਚਲਿਤ ਹੋ ਚੁਕੇ ਸਬਦਾਂ ਦੇ ਸੰਖੇਪ ਭਾਵ ਅਰਥ ਵਿਚਾਰ ਲੈਂਦੇ ਹਾਂ।
1) ਪਹਿਲਾ ਸ਼ਬਦ ਹੈ ਨਾਨਕ ਪਾਤਸ਼ਾਹ ਜੀ ਦਾ ਧਨਾਸਰੀ ਰਾਗ ਵਿਚ ਉਚਾਰਨ ਕੀਤਾ ‘ਗਗਨ ਮੈ ਥਾਲੁ’ ਵਾਲਾ। ਇਸ ਦੇ ਸੰਖੇਪ ਵਿਚਾਰ ਅਸੀਂ ਪਹਿਲਾਂ ਕਰ ਆਏ ਹਾਂ।
2) ਦੂਜਾ ਸ਼ਬਦ ਹੈ ਧਨਾਸਰੀ ਰਾਗ ਵਿਚ ਹੀ ਭਗਤ ਰਵੀਦਾਸ ਜੀ ਦਾ। ਇਸ ਸ਼ਬਦ ਦਾ ਰਹਾਉ ਵਾਲਾ ਬੰਦ ਹੈ :
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ।।
ਹਰਿ ਕੇ ਨਾਮ ਬਿਨਾ ਝੂਠੇ ਸਗਲ ਪਸਾਰੇ।।
ਭਾਵ ਕਿ ਸੱਚ ਦੇ ਗਿਆਨ (ਨਾਮ) ਨਾਲ ਜੁੜਨਾ ਹੀ ਪ੍ਰਭੂ ਦੀ ਆਰਤੀ ਹੈ। ਸੱਚ ਦੇ ਗਿਆਨ ਨਾਲ ਜੁੜਨ ਤੋਂ ਸਿਵਾਏ (ਧਰਮ ਦੇ ਨਾਂ ਉਤੇ ਕੀਤੇ ਜਾਂਦੇ) ਹੋਰ ਸਾਰੇ ਕੰਮ ਕੱਚੇ, ਝੂਠੇ ਹਨ, ਕਰਮ-ਕਾਂਡ ਹਨ। ਉਸ ਤੋਂ ਬਾਅਦ ਪ੍ਰਚਲਿਤ ਆਰਤੀ ਨਾਲ ਸੰਬੰਧਿਤ ਪਦਾਰਥਾਂ (ਕੇਸਰ, ਫੁਲਾਂ ਦੀ ਮਾਲਾ, ਜਲ, ਦੀਵਾ, ਬੱਤੀ ਆਦਿ) ਦੇ ਜ਼ਿਕਰ ਨਾਲ ਦਸਿਆਂ ਹੈ ਕਿ ਸਹੀ ਧਰਮੀ ਬੰਦਿਆਂ ਵਾਸਤੇ ਸੱਚ ਦਾ ਗਿਆਨ ਹੀ ਇਹ ਪਦਾਰਥ ਹਨ। ਪ੍ਰਭੂ ਦੀ ਸਹੀ ਆਰਤੀ ਵਾਸਤੇ ਸੱਚ ਦੇ ਗਿਆਨ ਤੋਂ ਸਿਵਾ ਹੋਰ ਕਿਸੇ ਪਦਾਰਥ ਦੀ ਲੋੜ ਨਹੀਂ ਹੈ। ਭਗਤ ਜੀ ਸਮਝਾਉਂਦੇ ਹਨ ਕਿ ਉਸ ਗਿਆਨ ਅਨੁਸਾਰ ਅਪਣਾ ਜੀਵਨ ਬਣਾਉਣਾ ਹੀ ਮੇਰੇ ਵਾਸਤੇ ਆਰਤੀ ਹੈ ਅਤੇ ਭੋਗ ਲਾਉਣਾ ਹੈ।
3) ਤੀਜਾ ਸ਼ਬਦ ਹੈ ਧਨਾਸਰੀ ਰਾਗ ਵਿਚ ਹੀ ਭਗਤ ਸੈਣ ਜੀ ਦਾ। ਇਸਦਾ ਰਹਾਉ ਵਾਲਾ ਬੰਦ ਹੈ :
ਮੰਗਲਾ ਹਰਿ ਮੰਗਲਾ।।
ਨਿਤ ਮੰਗਲੁ ਰਾਜਾ ਰਾਮ ਰਾਇ ਕੋ।।
ਭਾਵ, ਜੋ ਪ੍ਰਭੂ ਨਾਲ ਜੁੜੇ ਹੁੰਦੇ ਹਨ ਉਹ ਅਨੰਦ ਦੀ, ਖੇੜੇ ਦੀ, ਸਹਿਜ ਦੀ ਅਵਸਥਾ ਵਿਚ ਰਹਿੰਦੇ ਹਨ। ਇਸ ਸ਼ਬਦ ਦੇ ਬਾਕੀ ਬੰਦਾਂ ਵਿਚ ਪ੍ਰਚਲਿਤ ਆਰਤੀ ਨਾਲ ਸੰਬੰਧਿਤ ਪਦਾਰਥਾਂ ਦੇ ਬਿੰਬ ਵਰਤੇ ਹਨ। ਜਿਵੇਂ ਲਿਖਿਆ ਹੈ ਕਿ ਪ੍ਰਭੂ ਦੇ ਬਣਾਏ ਨਿਯਮਾਂ ਨੂੰ ਸਮਝ ਕੇ ਉਸ ਅਨੁਸਾਰ ਅਪਣਾਉਣਾ (ਪ੍ਰਭੂ ਤੋਂ ਵਾਰਨੇ ਜਾਨਾ) ਹੀ ਮੇਰੇ ਵਾਸਤੇ ਘਿਉ, ਧੂਪ, ਦੀਪ ਆਦਿ ਵਾਲੀ ਆਰਤੀ ਹੈ। ਮਤਲਬ ਉਸ ਆਰਤੀ ੳੋਂ ਬੇਹਤਰ ਹੈ। ਸੱਚ ਦੇ ਗਿਆਨ ਨਾਲ ਜੁੜ ਕੇ ਉਤਮ (ਉਚੇ –ਸੁਚੇ) ਵੀਚਾਰ ਬਣਾਉਣਾ ਹੀ ਅਸਲੀ ਦੀ ਦੀਵਾ (ਪ੍ਰਕਾਸ਼) ਹੈ ਅਤੇ ਉਹਨਾਂ ਵਿਚਾਰਾਂ ਸਦਕੇ ਨਿਰਮਲ ਕਰਮ ਕਰਨਾ ਹੀ ਉਸ ਦੀਵੇ ਦੀ ਵੱਟੀ (ਬਾਤੀ) ਹੈ।
4) ਚੌਥਾ ਸ਼ਬਦ ਭਗਤ ਕਬੀਰ ਜੀ ਦਾ ਪ੍ਰਭਾਤੀ ਰਾਗ ਵਿਚ ਵਾਲਾ ਹੈ। ਇਸ ਦਾ ਰਹਾਉ ਵਾਲਾ ਬੰਦ ਹੈ :
ਲੇਹੁ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੁਜਹੂ ਭਾਈ।।
ਠਾਢਾ ਬ੍ਰਹਮਾ ਨਿਗਮ ਬੀਚਾਰੈ ਅਲਖੁ ਨਾ ਲਖਿਆ ਜਾਈ।।
ਭਾਵ, ਸੱਚ ਦੇ ਗਿਆਨ ਰੂਪੀ ਗੁਰੂ ਨਾਲ ਜੁੜਨਾ (ਪੂਜਾ ਕਰਨਾ) ਹੀ ਅਸਲ ਆਰਤੀ ਹੈ। ਹੇ! ਲੋਕੋ ਤੁਸੀ ਇਹੀ ਆਰਤੀ ਕਰੋ। ਜਿਹੜੇ ਲੋਗ ਵੇਦਾਂ ਆਦਿ ਦੀ ਵੀਚਾਰ ਅਨੁਸਾਰ ‘ਬ੍ਰਹਮਾ ਵਿਸ਼ਨੂੰ ਮਹੇਸ਼’ ਆਦਿਕ ਤਿਕੜੀ ਨੂੰ ਜਗਤ ਚਲਾਉਣ ਵਾਲਾ ਮੰਨਦੇ ਹਨ, ਉਹ ਸੱਚ ਤੋਂ ਭਟਕੇ ਹੋਏ ਹਨ, ਗੁੰਮਰਾਹ ਹਨ। ਉਹ ਇਹ ਨਹੀ ਸਮਝ ਪਾ ਰਹੇ ਕਿ ਅਸਲੀ ਪ੍ਰਭੂ ਤਾਂ ਇਹਨਾਂ ਪ੍ਰਚਲਿਤ ਦੇਵਤਿਆਂ (ਗੁਰਬਾਣੀ ਅਨੁਸਾਰ ਜਿਹਨਾਂ ਦੀ ਹੋਂਦ ਹੀ ਸ਼ੱਕੀ ਹੈ) ਤੋਂ ਬਹੁਤ ਵੱਡਾ ਹੈ। ਉਹ ਨਿਰਵਿਕਾਰ ਹੈ ਜਦਕਿ ਇਹਨਾਂ ਪ੍ਰਚਲਿਤ ਦੇਵਤਿਆਂ ਵਿਚ ਆਪ ਹੀ ਬ੍ਰਾਹਮਨ ਨੇ ਅਪਣੇ ਧਰਮ ਗ੍ਰੰਥਾਂ ਵਿਚ ਅਨੇਕਾਂ ਕਮਜ਼ੋਰੀਆਂ, ਅਵਗੁਣ ਵਿਖਾਏ ਹਨ। ਸ਼ਬਦ ਦੇ ਬਾਕੀ ਬੰਦਾਂ ਵਿਚ ਕਬੀਰ ਸਾਹਿਬ ਸਮਝਾਉਂਦੇ ਹਨ ਕਿ ਸੱਚ ਦੇ ਗਿਆਨ (ਤੱਤ) ਰੂਪੀ ਤੇਲ ਨਾਲ ਜਲ ਰਹੇ ਪ੍ਰਕਾਸ਼ ਰੂਪੀ ਦੀਵੇ (ਸੁਚੱਜੀ ਜੀਵਨ ਜਾਚ) ਨਾਲ ਹੀ ਮੈਂ ਪ੍ਰਭੂ ਦੀ ਆਰਤੀ ਕਰਦਾਂ ਹਾਂ। ਇਸ ਨਾਲ ਹੀ ਮੇਰੇ ਜੀਵਨ ਵਿਚ ਅਨੰਦ (ਖੇੜੇ) ਦੇ ਅਨਗਿਨਤ ਨਿਰਵਿਘਨ ਵਾਜੇ ਬਜ ਰਹੇ ਹਨ।
5) ਪ੍ਰਚਲਿਤ ਸਿੱਖ ਆਰਤੀ ਵਿਚ ਗਲਤੀ ਜਾਂ ਸਾਜ਼ਿਸ਼ ਅਧੀਨ ਜੁੜਿਆ ਪਹਿਲਾ (ਗਿਣਤੀ ਵਿਚ ਪੰਜਵਾਂ) ਸ਼ਬਦ ਧਨਾਸਰੀ ਰਾਗ ਵਿਚ ਭਗਤ ਧੰਨਾ ਜੀ ਦਾ ਹੈ। ਇਸ ਦੀ ਵਿਚਾਰ ਥੋੜੀ ਖੁੱਲ ਕੇ ਕਰਾਂਗੇ ਕਿਉਂਕਿ ਹੁਣ ਤੱਕ ਦੇ ਵਿਆਖਿਆਕਾਰਾਂ ਵਲੋਂ ਕੀਤੇ ਅਰਥ ਕਈ ਸ਼ੰਕੇ ਪੈਦਾ ਕਰਦੇ ਹਨ। ਇਸ ਲਈ ਪਹਿਲਾਂ ਪੂਰਾ ਸ਼ਬਦ ਪੜ੍ਹਦੇ ਹਾਂ। ਸ਼ਬਦ ਹੈ :
ਧੰਨਾ।।
ਗੋਪਾਲ ਤੇਰਾ ਆਰਤਾ।।
ਜੋ ਜਨ ਤੁਮਰੀ ਭਗਤਿ ਕਰੰਤੇ
ਤਿਨ ਕੇ ਕਾਜ ਸਵਾਰਤਾ ।।1।। ਰਹਾਉ।।
ਦਾਲਿ ਸੀਧਾ ਮਾਗਉ ਘੀਉ।।
ਹਮਰਾ ਖੁਸੀ ਕਰੈ ਨਿਤ ਜੀਉ।।
ਪਨੀਆ ਛਾਦਨੁ ਨੀਕਾ।।
ਅਨਾਜੁ ਮਗਉ ਸਤ ਸੀ ਕਾ ।।1।।
ਗਊ ਭੈਸ ਮਗਉ ਲਾਵੇਰੀ।।
ਇਕ ਤਾਜਨਿ ਤੁਰੀ ਚੰਗੇਰੀ।।
ਘਰ ਕੀ ਗੀਹਨਿ ਚੰਗੀ।।
ਜਨੁ ਧੰਨਾ ਲੇਵੈ ਮੰਗੀ ।।2।।4।।
ਹੁਣ ਤੱਕ ਦੇ ਜ਼ਿਆਦਾਤਰ ਵਿਆਖਿਆਕਾਰਾਂ ਵਲੋਂ ਇਸਦੀ ਵਿਆਖਿਆ ਵਿਚ ਦਸਿਆ ਜਾਂਦਾ ਹੈ ਕਿ ਜੋ ਲੋਕ ਪ੍ਰਭੂ ਦੀ ਭਗਤੀ (ਪ੍ਰਚਲਿਤ ਸਿਮਰਨ ਆਦਿ ਦੇ ਰੂਪ ਵਿਚ) ਕਰਦੇ ਹਨ ਪ੍ਰਭੂ ਉਹਨਾਂ ਦੇ ਕਾਰਜ ਸੰਵਾਰ ਦੇਂਦਾ ਹੈ। ਸ਼ਬਦ ਦੇ ਬਾਕੀ ਬੰਦਾਂ ਦੀ ਵਿਆਖਿਆ ਵਿਚ ਦਸਿਆ ਜਾਂਦਾ ਹੈ ਕਿ ਭਗਤ ਧੰਨਾ ਜੀ ਪ੍ਰਭੂ ਕੋਲੋਂ ਘਰੇਲੂ ਸਾਮਾਨ ਅਤੇ ਚੰਗੀ ਵਹੁਟੀ ਆਦਿ ਦੀ ਮੰਗ ਕਰਦੇ ਹਨ। ਇਹ ਵਿਆਖਿਆ ਇਕ ਜਾਗਰੂਕ ਸਿੱਖ ਦੇ ਮਨ ਵਿਚ ਕਈ ਸ਼ੰਕੇ ਪੈਦਾ ਕਰਦੀ ਹੈ। ਕੁਝ ਸ਼ੰਕੇ ਹੇਠ ਲਿਖੇ ਹਨ।
(ੳ) ਕੀ ਜੋ ਰੱਬ ਦੀ ਭਗਤੀ ਨਹੀਂ ਕਰਦੇ ਪ੍ਰਭੂ ਉਹਨਾਂ ਦੇ ਕਾਰਜ ਨਹੀਂ ਸੰਵਾਰਦਾ? ਉਹਨਾਂ ਨੂੰ ਦਾਤਾਂ (ਸ਼ਬਦ ਵਿਚ ਦਰਸਾਈਆਂ) ਨਹੀਂ ਬਖਸ਼ਦਾ?
(ਅ) ਕੀ ਪ੍ਰਭੂ ਉਪਰ ਦੱਸੀਆਂ ਤੇ ਹੋਰ ਦਾਤਾਂ ਬਿਨਾਂ ਮੰਗਿਆਂ ਨਹੀਂ ਦੇਂਦਾ? ਕੀ ਉਹਨਾਂ ਨੂੰ ਮੰਗਨ ਦੀ ਲੋੜ ਹੈ?
(ੲ) ਗੁਰਬਾਣੀ ਤਾਂ ਸਮਝਾਉਂਦੀ ਹੈ ਕਿ ਰੱਬ ਤੋਂ ਜੇ ਕੁਝ ਮੰਗਨਾ ਹੈ ਤਾਂ ਉਹ ਹੈ ਸਿਰਫ ਸੱਚ ਦਾ ਗਿਆਨ, ਹਰੀ ਜਸ, ਉਸ ਨਾਲ ਪਿਆਰ (ਇਹ ਸਭ ਸਮਾਨ ਅਰਥੀ ਹਨ ਅਲਗ ਅਲਗ ਨਹੀਂ)। ਇਹੀ ਸਮਝਾਉਂਦਾ ਇਕ ਗੁਰਵਾਕ ਹੈ :
ਮਾਗਨਾ ਮਾਗਨੁ ਨੀਕਾ ਹਰਿ ਜਸੁ ਗੁਰ ਤੇ ਮਾਗਨਾ ।।4।।
(1018, ਮਾਰੂ, ਮ: 5)
ਕੀ ਇਸ ਦਾ ਮਤਲਬ ਇਹ ਨਹੀਂ ਨਿਕਲਦਾ ਕਿ ਗੁਰੂ ਗ੍ਰੰਥ ਸਾਹਿਬ ਵਿਚ ਵਿਰੋਧਾਭਾਸ ਹੈ? ਪਰ ਅਜਿਹਾ ਮੰਨ ਲੈਣ ਵਾਲਾ ਸੱਚਾ ਸਿੱਖ ਨਹੀਂ ਹੋ ਸਕਦਾ। ਉਪਰੋਕਤ ਵਿਚੋਂ ਕਈ ਸ਼ੰਕੇ ਖੜੇ ਕਰਕੇ ਕਈ ਸੰਸਥਾਵਾਂ ਅਤੇ ਵੀਰ ਭਗਤ ਬਾਣੀ ਨੂੰ ਰੱਦ ਵੀ ਕਰਦੇ ਹਨ। ਉਹ ਭਗਤ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿਚ ਮਿਲਾਵਟ ਦਸਦੇ ਹਨ। ਬੇਸ਼ੱਕ ਉਨ੍ਹਾਂ ਦਾ ਇਹ ਨਿਰਣਾ ਗਲਤ ਹੈ। ਪਰ ਉਹਨਾਂ ਦਾ ਇਸ ਨਤੀਜੇ ਉਪਰ ਪਹੁੰਚਨ ਦਾ ਇਕ ਕਾਰਨ ਕਈ ਸ਼ਬਦਾਂ ਦੀ ਗਲਤ ਪ੍ਰਚਲਤ ਵਿਆਖਿਆ ਵੀ ਹੈ।
ਅੱਗੇ ਦਾਸ ਅਪਣੀ ਤੁੱਛ ਬੁੱਧੀ ਅਨੁਸਾਰ, ਗੁਰਮਤਿ ਦੀ ਰੋਸ਼ਨੀ ਵਿੱਚ, ਇਸ ਸ਼ਬਦ ਦੇ ਭਾਵ ਅਰਥ ਕਰਨ ਦੀ ਨਿਮਾਣੀ ਜਿਹੀ ਕੋਸ਼ਿਸ਼ ਕਰੇਗਾ। ਆਸ ਹੈ ਪਾਠਕ ਸਹਿਜ ਭਾਵ ਨਾਲ ਗੌਰ ਕਰਨਗੇ। ਪਹਿਲੀ ਜ਼ਰੂਰੀ ਗੱਲ ਹੈ ਕਿ ‘ਭਗਤੀ’ ਦੇ ਸਹੀ ਮਾਇਨੇ ਸਮਝਨ ਦੀ। ਸਾਡੀ ਉਲਝਣ ਇਹ ਹੈ ਕਿ ਅਸੀਂ ਗੁਰਬਾਣੀ ਵਿਚਾਰਦੇ ਸਮੇਂ ਸ਼ਬਦਾਂ ਦੇ ਅਰਥ ਉਹੀ ਲੈਂਦੇ ਹਾਂ ਜੋ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਪ੍ਰਚਲਿਤ ਸਨ ਤਾਂ ਹੀ ਭੁਲੇਖੇ ਪੈਦਾ ਹੁੰਦੇ ਹਨ। ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ‘ਰੱਬ’ ਦਾ ਕੋਈ ਇਕ ਨਾਮ ਮਿੱਥ ਕੇ, ਸਮਾਧੀਆਂ ਲਾਕੇ, ਉਸ ਲਫਜ਼ ਦੇ ਰਟਨ ਨੂੰ ਹੀ ਭਗਤੀ ਸਮਝਿਆ, ਪ੍ਰਚਾਰਿਆ ਜਾਂਦਾ ਸੀ। ਉਸੇ ਤਰਜ਼ ਉਪਰ ਜ਼ਿਆਦਾਤਰ ਸਿੱਖ ਵਿਆਖਿਆਕਾਰਾਂ ਨੇ ਰੱਬ ਦਾ ਨਾਂ ‘ਵਾਹਿਗੁਰੂ’ ਮਿੱਥ ਕੇ, ਉਸ ਦੇ ਅਲਗ-ਅਲਗ ਤਰੀਕੇ ਰਟਨ ਨੂੰ ‘ਸਿਮਰਨ’ ਦੱਸ ਕੇ ‘ਭਗਤੀ’ ਦੇ ਨਾਂ ਹੇਠ ਪ੍ਰਚਾਰਿਆ। ਜੇ ਗੁਰਬਾਣੀ ਦੇ ਆਧਾਰ ਤੇ ਭਗਤੀ ਦੇ ਅਰਥ ਸਮਝਨ ਦੀ ਕੋਸ਼ਿਸ਼ ਕਰੀਏ ਤਾਂ ਜਪੁ ਸਾਹਿਬ ਵਿਚ ਆਉਂਦਾ ਹੈ :
ਵਿਣੁ ਗੁਣ ਕੀਤੇ ਭਗਤਿ ਨ ਹੋਇ।।
(ਜਪੁ ਸਾਹਿਬ)
ਸਪਸ਼ਟ ਹੈ ਚੰਗੇ ਗੁਣਾਂ ਨੂੰ ਧਾਰਨ ਕਰਨਾ ਹੀ ਭਗਤੀ ਹੈ। ਚੰਗੇ ਗੁਣਾਂ ਨੂੰ ਧਾਰਨ ਕਰਕੇ ਅਮਲ ਕਰਨ ਤੋਂ ਸਿਵਾ ਭਗਤੀ ਦੇ ਨਾਂ ਹੇਠ ਕੀਤਾ ਜਾਂਦਾ ਸਭ ਕੁਝ ਕਰਮ-ਕਾਂਡ ਹੈ, ਭੁਲੇਖਾ ਹੈ। ਹੁਣ ਵਿਚਾਰਨਾ ਹੈ ਕਿ ਚੰਗੇ ਗੁਣ ਧਾਰਨ ਕਿਵੇਂ ਹੋਣਗੇ? ਉਸ ਦੇ ਲਈ ਸੱਚ ਦੇ ਗਿਆਨ (ਨਾਮ) ਨੂੰ ਸਮਝ ਵੀਚਾਰ ਕੇ ਉਸ ਅਨੁਸਾਰ ਅਪਣਾ ਜੀਵਨ ਬਣਾਉਣਾ ਪੈਂਦਾ ਹੈ। ਆਉ ਹੁਣ ਸ਼ਬਦ ਦੀ ਵਿਚਾਰ ਕਰੀਏ ਤਾਂ ਕਿ ਉਪਰ ਉਠੇ ਸਾਰੇ ਸੰਕਿਆਂ ਦੀ ਨਿਵਰਤੀ ਹੋ ਸਕੇ।
ਰਹਾਉ ਵਾਲੀ ਤੁਕ ਵਿਚ ਭਗਤ ਧੰਨਾ ਜੀ ਦਸਦੇ ਹਨ ਕਿ ਹੇ ਪ੍ਰਭੂ ! ਮੈਂ ਤੇਰੇ ਦਰ ਦਾ ਮੰਗਤਾ ਹਾਂ, ਸੇਵਕ ਹਾਂ। ‘ਆਰਤਾ’ ਦਾ ਇਥੇ ਮਤਲਬ ਹੈ
ਸੇਵਕ, ਭਿਖਾਰੀ ਆਦਿ। ਜੋ ਮਨੁੱਖ ਸੱਚ ਦੇ ਗਿਆਨ (ਨਾਮ, ਹੁਕਮ) ਆਦਿ ਨੂੰ ਸਮਝ ਕੇ ਉਸ ਅਨੁਸਾਰ ਅਪਣੀ ਜੀਵਨ-ਜਾਚ ਬਣਾਉਂਦੇ ਹਨ (ਭਗਤੀ ਕਰਦੇ ਹਨ) ਉਹਨਾਂ ਦੇ ਸਾਰੇ ਕੰਮ ਸੰਵਰ ਜਾਂਦੇ ਹਨ। ਕਾਰਨ - ਉਹਨਾਂ ਵਿਚੋਂ ਸਾਰੇ ਵਿਕਾਰ ਨਿਕਲ ਜਾਂਦੇ ਹਨ, ਸੰਤੋਖ ਆ ਜਾਂਦਾ ਹੈ। ਉਹ ਹਮੇਸ਼ਾ ਸਹਿਜ ਅਵਸਥਾ ਵਿਚ ਰਹਿੰਦੇ ਹਨ। ਇਕ ਜ਼ਰੂਰੀ ਗੱਲ - ਅਜਿਹੀ ਅਵਸਥਾ ਵਾਲੇ ਮਨੁਖਾਂ ਨੂੰ ਗੁਰਬਾਣੀ ਵਿਚ ‘ਜਨ’ ਦੀ ਪਦਵੀ ਦਿਤੀ ਗਈ ਹੈ।
ਸ਼ਬਦ ਦੇ ਬਾਕੀ ਬੰਦਾਂ ਵਿਚ ਭਗਤ ਜੀ ਦਸਦੇ ਹਨ ਕਿ ਕੋਈ ਰੱਬ ਕੋਲੋਂ ਖਾਣ-ਪੀਣ ਦਾ ਸਮਾਨ (ਆਟਾ, ਦਾਲ, ਘਿਉ ਆਦਿ) ਮੰਗਦਾ ਹੈ। ਉਨ੍ਹਾਂ ਭਾਣੇ ਇਨ੍ਹਾਂ ਪਦਾਰਥਾਂ ਦੀ ਪ੍ਰਾਪਤੀ ਮਾਤਰ ਹੀ ਅਸਲੀ ਖੁਸ਼ੀ ਹੈ। ਕੁਝ ਲੋਗ ਰੱਬ ਕੋਲੋਂ ਚੰਗੇ ਪਹਿਰਾਵੇ (ਸੋਹਣੇ ਕਪੜੇ, ਚੰਗੀ ਜੁਤੀ ਆਦਿ) ਦੀ ਮੰਗ ਕਰਦੇ ਹਨ। ਕੋਈ ਲੋਗ ਰੱਬ ਕੋਲੋਂ ਅਨਾਜ ਦੀ ਮੰਗ ਕਰਦੇ ਹਨ। ਕਈ ਲੋਗ ਚੰਗੀ ਗਾਂ, ਮੱਝ ਆਦਿ ਮੰਗਦੇ ਹਨ। ਕੋਈ ਚੰਗੀ ਸਵਾਰੀ ਜਿਵੇਂ ਘੋੜੀ ਆਦਿ (ਅੱਜ ਕਲ ਕਾਰ, ਮੋਟਰ ਸਾਇਕਲ) ਮੰਗਦੇ ਹਨ। ਕੋਈ ਅਪਣੇ ਵਾਸਤੇ ਚੰਗੀ ਪਤਨੀ ਜਾਂ ਚੰਗੇ ਪਤੀ ਦੀ ਮੰਗ ਕਰਦਾ ਹੈ। ਮਤਲਬ ਹਰ ਕੋਈ ਅਪਣੀ ਲੋੜ ਦੇ ਹਿਸਾਬ ਨਾਲ ਰੱਬ ਕੋਲੋਂ ਮੰਗਾਂ ਮੰਗਦਾ ਹੈ।
ਪਰ ਉਹ ਸਭ ਭੁਲੇਖੇ ਵਿਚ ਹਨ। ਇਹ ਸਭ ਪਦਾਰਥ ਦਾ ਪ੍ਰਭੂ ਦੇ ਬਣਾਏ ਅਟਲ ਨਿਯਮਾਂ ਅਨੁਸਾਰ ਹਰ ਇਕ ਨੂੰ, ਬਿਨਾਂ ਮੰਗਿਆਂ ਹੀ, ਅਪਣੇ ਆਪ ਮਿਲ ਰਹੇ ਹਨ। ਆਖਰੀ ਤੁਕ ਵਿਚ ਭਗਤ ਧੰਨਾ ਜੀ ਦਸਦੇ ਹਨ ਕਿ ਰੱਬ ਕੋਲੋਂ ਮੰਗਨ ਵਾਲੀ ਅਸਲ ਚੀਜ਼ ਕੀ ਹੈ? ਉਹ ਹੈ ‘ਜਨ’ ਵਾਲੀ ਅਵਸਥਾ, ਸਹਿਜ ਅਵਸਥਾ, ਸੁਚੱਜੀ ਜੀਵਨ ਜਾਚ। ਧੰਨਾ ਜੀ ਕਹਿੰਦੇ ਹਨ ਕਿ ਅਸੀਂ ਪ੍ਰਭੂ ਕੋਲੋਂ ਬਸ ਇਹੀ ਸੁਚੱਜੀ ਜੀਵਨ ਜਾਚ ਹੀ ਮੰਗਦੇ ਹਾਂ।