

ਜਾਗ੍ਰਿਤੀ ਯਾਤਰਾ ਜਾਂ ਬ੍ਰਾਹਮਣਵਾਦ ਪ੍ਰਚਾਰ ਤੇ ਗੋਲਕ-ਇਕੱਤਰ ਯਾਤਰਾ?
- ਭਾਈ ਕਾਨ੍ਹ ਸਿੰਘ ਨਾਭਾ ਸਿੱਖ ਅਵੇਅਰਨੈੱਸ ਫੋਰਮ, ਕਾਨਪੁਰ -
ਖਾਲਸਾ ਜੀ! ਅਜ ਅਸੀਂ ਸ਼ਬਦ ਗੁਰੁ ਸਾਹਿਬ ਗੁਰੁ ਗ੍ਰੰਥ ਸਾਹਿਬ ਜੀ ਦੀ ਤਿਨ ਸੌ ਸਾਲਾ ਗੁਰਤਾ ਗੱਦੀ ਸ਼ਤਾਬਦੀ ਮਨਾ ਰਹੇ ਹਾਂ। ਆਉ ! ਅਪਨੇ ਹਿਰਦੇ ਤੇ ਹੱਥ ਰਖ ਕੇ ਇਹ ਪੜਚੋਲ ਕਰਿਏ ਕਿ ਵਾਕਈ ਅਸੀਂ ਸ਼ਬਦ ਗੁਰੁ ਦੀ 300 ਸਾਲਾ ਸ਼ਤਾਬਦੀ ਮਨਾ ਰਹੇ ਹਾਂ ਕਿ ਅਪਨੀ ਚੋਧਰ ਅਤੇ ਸਵਾਰਥਾਂ ਦੀ ਖਾਤਿਰ ਗੁਰੁ ਦੇ ਨਾਮ ਤੇ ਸਿਰਫ ਖਾਨਾ-ਪੂਰਤੀ ਹੀ ਕਰ ਰਹੇ ਹਾਂ।
ਕੁਝ ਕੁ ਵਰ੍ਹੇ ਪਹਿਲਾਂ ਤੱਖਤ ਹਜੂਰ ਸਾਹਿਬ ਵਿਖੇ ਗੁਰਦੁਆਰੇ ਦੀ ਨਵੀਂ ਬਿਲਡਿੰਗ ਦੀ ਉਸਾਰੀ, ਉਥੇ ਦੇ ਲੋਗਾਂ ਨੇ ਪੁਲਿਸ ਮਹਿਕਮੇ ਦੇ ਇਕ ਵਡੇ ਅਫ਼ਸਰ ‘ਪਸਰੀਚੇ’ ਨੂੰ ਸੌਂਪੀ। ਇਹ ਬੰਦਾ ਕਿਨਾ ਕੁ ਪੰਥਕ ਹੈ, ਇਹ ਉਸ ਦੇ ਰੰਗੇ ਹੋਏ ਦਾਹੜੇ ਨੂੰ ਵੇਖ ਕੇ ਅਤੇ ਉਸ ਦੀਆਂ ਬੇਸਿਰ-ਪੈਰ ਦੀਆਂ ਤਕਰੀਰਾਂ ਸੁਣ ਕੇ ਹੀ ਪਤਾ ਲਗ ਜਾਂਦਾ ਹੈ। ਐਡੇ ਵੱਡੇ ਸਿੱਖ ਇਤਿਹਾਸਕ ਸਥਾਨ ਦੀ ਜ਼ਿੰਮੇਦਾਰੀ ਲਈ ਇਹੋ ਜਿਹਾ ਬੰਦਾ ਹੀ ਕੌਮ ਨੂੰ ਕਿਉਂ ਅਤੇ ਕਿਥੋਂ ਲੱਭ ਗਇਆ? ਇਸ ਦਾ ਸਿੱਧਾ ਜਿਹਾ ਜਵਾਬ ਹੈ ਕਿ ਉਹ ਸਰਕਾਰੀ ਪਹੁੰਚ (ਜਾਂ ਨੀਤੀਆਂ) ਵਾਲਾ ਅਤੇ (ਸ਼ਾਇਦ ਆਪਣੀ ਮਨਮਤੀ ਵਿਚਾਰਧਾਰਾ ਕਾਰਨ) ਵੱਖਵਾਦੀ ਹਿੰਦੂ ਰਾਸ਼ਟਰ ਦੇ ਹਿਮਾਇਤੀ, ਕੱਟਰ ਹਿੰਦੂਵਾਦੀ ਸੰਗਠਨਾਂ ਦਾ ਚਹੇਤਾ ਹੈ। ਇਹ ਸਿੱਖ ਵਿਰੋਧੀ ਸੰਗਠਨ, ਭਟਕੀ ਹੋਈ ਸਿੱਖ ਕੌਮ ਨੂੰ ਹਿੰਦੂ ਸਮਾਜ ਦਾ ਇਕ ਹਿੱਸਾ ਬਣਾਉਨ ’ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ। ਦਾਸ ਦਾ ਇਸ਼ਾਰਾ ਆਰ.ਐਸ.ਐਸ. ਵਰਗੇ ਸੰਗਠਨਾਂ ਵੱਲ ਹੈ।
ਗੁਰੁ ਸਵਾਰੇ ਸਿੱਖ ਵੀਰੋ ! ਇਥੇ ਦਾਸ ਦਾ ਮੰਤਵ ਕਿਸੇ ਵਿਅਕਤੀ ਵਿਸ਼ੇਸ਼ ਤੇ ਚਿੱਕੜ ਉਛਾਲਣਾ ਨਹੀਂ ਹੈ। ਲੇਕਿਨ ਜੇ ਕੋਈ ਬੰਦਾ ਸਿੱਖ ਸਿਧਾਂਤਾ ਜਾਂ ਗੁਰੁ ਉਪਦੇਸ਼ਾਂ ਦਾ ਅਪਮਾਨ ਕਰੇ ਤਾਂ ਉਹ ਘੋਰ ਨਿੰਦਾ ਦਾ ਪਾਤਰ ਹੈ। ਅਫਸੋਸ ਦੀ ਗੱਲ ਇਹ ਹੈ ਕਿ ਗੁਰਦੁਆਰੇ ਦੀ ਨਵੀਂ ਬਿਲਡਿੰਗ ਦੀ ਉਸਾਰੀ ਦੀ ਆਧਾਰ-ਸ਼ਿਲਾ ਰਖਣ ਦਾ ਜਸ਼ਨ ਇਸ ਬੰਦੇ ਨੇ ਭੂਮੀ ਪੂਜਨ- ਦੇ ਰੂਪ ਵਿਚ ਮਨਾਇਆ ਸੀ। ਜਿਸ ਵਿਚ ਸਾਡੇ ਹੋਰ ਵਡੇ ਪੰਥਕ ਅਦਾਰਿਆਂ ਦੇ ਆਗੂ ਮੌਜੂਦ ਸਨ ਜੋ ਉਸ ਕੁੰਡ ਵਿਚ ਜਲ ਆਦਿਕ ਵੀ ਪਾ ਰਹੇ ਸਨ। ਇਕ ਚੌਧਰੀ ਨੂੰ ਕੀ ਰੋਈਏ, ਇਥੇ ਤਾਂ ਸਾਰਾ ਆਵਾ ਹੀ ਊਤ ਗਇਆ ਹੈ !!
ਇਸ ਬੰਦੇ ਦਾ ਜਿਕਰ ਇਸ ਲੇਖ ਦਾ ਵਿਸ਼ਾ ਵੀ ਨਹੀਂ ਹੈ। ਜ਼ਿਕਰ ਜਰੂਰੀ ਸੀ ਇਸ ਲਈ ਕੀਤਾ ਗਇਆ ਹੈ ਕਿਉਂਕੀ ਇਹ ਬੰਦਾ ਹੀ ੱਜਾਗ੍ਰਿਤੀ ਯਾਤਰਾ’’ ਦੇ ਰੂਪ ਵਿਚ ਕੌਮ ਨੂੰ ਮੂਰਖ ਬਣਾ ਰਿਹਾ ਹੈ। ਭੋਲੀ-ਭਾਲੀ ਸਿੱਖ ਕੌਮ ਸ਼ਸ਼ਤਰਾਂ ਵਾਲੀ ਗੱਡੀ ਦੇ ਟਾਇਰ ਚੁੰਨੀਆਂ ਨਾਲ ਪੂੰਝ-ਪੂੰਝ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰ ਰਹੀ ਹੈ। ਇਹ ਕੱਚੀ ਸੋਚ ਵਾਲੇ ਸਿੱਖ ਹੀ ਤਾਂ ਇਨ੍ਹਾਂ ਚੌਧਰੀਆਂ ਦਾ ਨਿਸ਼ਾਨਾ ਹੁੰਦੇ ਹਨ। ਉਨ੍ਹਾਂ ਵਿਚਾਰਿਆਂ ਨੂੰ ਤਾਂ ਕੋਈ ਇਹ ਦੱਸਣ ਵਾਲਾ ਵੀ ਨਹੀ ਕੇ ਸਿੱਖ ‘ਸ਼ਬਦ’ ਦਾ ਪੁਜਾਰੀ ਹੈ, ‘ਸ਼ਸ਼ਤਰਾਂ’ ਦਾ ਨਹੀਂ! ਸ਼ਸਤਰਾਂ ਦੀ ਸੰਭਾਲ ਕਰਨਾ ਇਕ ਅਲਗ ਵਿਸ਼ਾ ਹੈ, ਉਨ੍ਹਾਂ ਦੀ ਪੂਜਾ ਕਰਨਾ ਬਿਲਕੁਲ ਵੱਖਰਾ ਵਿਸ਼ਾ ਹੈ।
ਕਰੋੜਾਂ ਰੁਪਇਆ ਇਕੱਠਾ ਕਰਕੇ, ਕੀ ਇਨਾਂ ਨੇ ਸਿੱਖ ਸਮਾਜ ਦੇ ਪਤਿਤਪੁਣੇ ਦੇ ਸੁਧਾਰ ਲਈ ਖਰਚ ਕਰਨਾ ਹੈ, ਧਰਮ ਪ੍ਰਚਾਰ ਲਈ ਜਾਂ ਫਿਰ ਗੁਰਦੁਆਰਿਆਂ ਦੀ ਬਿਲਡਿੰਗਾਂ ’ਤੇ ਸੰਗਮਰਮਰ ਅਤੇ ਸੋਨਾ ਲਾਉਣ ਅਤੇ ਇਨ੍ਹਾਂ ਅਸਥਾਨਾਂ ’ਤੇ ਕਾਬਿਜ਼ ਚੌਧਰੀਆਂ ਨੂੰ ਖੁੱਲੇ ਗੱਫੇ ਖਵਾਉਣ ਲਈ? ਇਹ ਪੈਸਾ ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾਣ ਲਈ ਅਤੇ ਨਾਨਕ ਸ਼ਾਹੀ ਕਲੰਡਰ ਦੇ ਵਿਰੋਧ ਲਈ ਵੀ ਇਹ ਸਾਰਾ ਧਨ ਆਰ.ਐਸ.ਐਸ. ਦੀ ਮਰਜ਼ੀ ਨਾਲ ਖਰਚ ਹੋਣਾ ਹੈ। ਇਸ ਗੱਲ ਦਾ ਅੰਦਾਜਾ ਬਿਲਕੁਲ ਸਪਸ਼ਟ ਹੈ। ਇਸੇਲਈ ਗੁਰਤਾਗੱਦੀ ਪੁਰਬ ਨਾਨਕ ਸ਼ਾਹੀ ਕਲੰਡਰ ਦੀ ਅਵਹੇਲਨਾ ਕਰਦਿਆਂ ਹੋਇਆਂ, 20 ਅਕਤੂਬਰ (ਨਾਨਕਸ਼ਾਹੀ ਕੈਲੰਡਰ ਦੀ ਤਰੀਖ ਅਨੁਸਾਰ) ਦੀ ਥਾਂ, 30 ਅਕਤੁਬਰ 2008 ਨੂੰ (ਬ੍ਰਾਹਮਣੀ ਜੰਤਰੀ ਅਨੁਸਾਰ) ਮਨਾਇਆ ਜਾ ਰਿਹਾ ਹੈ। ਜਿਸ ਨੂੰ ਪੂਰਾ ਸਿੱਖ ਸਮਾਜ ਅਤੇ ਸਾਡੇ ਸਰਬ-ਉੱਚ ਧਾਰਮਕ ਅਦਾਰਿਆਂ ਦੇ ਆਗੂ ਵੀ ਅਪਣੀ ਪਰਵਾਨਗੀ ਦੇ ਚੁਕੇ ਹਨ। ਤਾਂ ਹੀ ਸ਼ਾਇਦ ਇਹ ਸਾਰੇ ਮੌਨ ਹਨ।
ਆਉ ਮੂਲ ਵਿਸ਼ੇ ਵੱਲ ਮੁੜ ਝਾਤ ਮਾਰੀਏ।
ਸਿੱਖ ਪੰਥ ‘ਤਖ਼ਤ’ ਦਾ ਦਰਜਾ ਰੱਖਦੇ ਦੋ ਗੁਰਦੁਆਰਿਆਂ - ਤਖ਼ਤ ਹਜ਼ੂਰ ਸਾਹਿਬ ਅਤੇ ਤਖ਼ਤ ਪਟਨਾ ਸਾਹਿਬ - ਉੱਤੇ ਵਰ੍ਹੇਆਂ ਤੋਂ ਬ੍ਰਾਹਮਣਵਾਦੀ, ਭ੍ਰਿਸ਼ਟ ਪ੍ਰਬੰਧਕੀ ਤੰਤਰ ਅਤੇ ਸਿੱਖ ਰਹਿਤ ਮਰਿਆਦਾ ਦਾ ਅਪਮਾਨ ਕਰਨ ਵਾਲੇ ਕੁਝ ਲੋਕਾਂ ਦਾ ਸਿੱਧਾ ਕਬਜ਼ਾ ਹੈ। ਇਹ ਲੋਕ ਪੰਥ ਉੱਪਰ ਕਦੋਂ ਅਤੇ ਕਿਵੇਂ ਕਾਬਿਜ਼ ਹੋ ਜਾਂਦੇ ਹਨ, ਇਸ ਨਾਲ ਸਾਡੇ ਪੰਥਕ ਆਗੂਆਂ ਅਤੇ ਸਿੱਖ ਕੌਮ ਨੂੰ ਕਦੀ ਵੀ ਕੋਈ ਸਰੋਕਾਰ ਨਹੀ ਰਹਿਆ।
ਇਨਾਂ ਦੋ ਤਖ਼ਤਾਂ ਉਪਰ ਦਿਨ-ਰਾਤ ਸਿੱਖ ਰਹਿਤ ਮਰਿਆਦਾ ਦਾ ਖੁੱਲਾ ਮਜ਼ਾਕ ਉਡਾਇਆ ਜਾ ਰਿਹਾ ਹੈ। ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਭਰਪੂਰ ਅਪਮਾਨ ਕੀਤਾ ਜਾ ਰਿਹਾ ਹੈ। ਫਿਰ ਵੀ ਸਾਡੇ ਪੰਥਕ ਚੌਧਰੀ ਅਤੇ ਬ੍ਰਾਹਮਣਵਾਦੀ ਰੀਤਾਂ ਵਿਚ ਗਲਤਾਨ ਸਿੱਖ ਕੌਮ, ਮੂਕ ਦਰਸ਼ਕ ਬਣਕੇ ਇਹ ਸਾਰਾ ਤਮਾਸ਼ਾ ਕਈਂ ਵਰ੍ਹੇਆਂ ਤੋਂ ਵੇਖ ਰਹੀ ਹੈ। ਜਿਹੜਾ ਗੁਰੂ ਦਾ ਸਿੱਖ ਇਸ ਵਿਸ਼ੇ ’ਤੇ ਅਪਣੀ ਅਵਾਜ ਉਠਾਉਂਦਾ ਹੈ, ਉਸ ਦੀ ਅਵਾਜ਼ ਗੁੰਡਾਗਰਦੀ ਨਾਲ ਦਬਾ ਦਿੱਤੀ ਜਾਂਦੀ ਹੈ।
ਪੰਥ-ਦਰਦੀਆਂ ਕੋਲੋਂ ਕੁਝ ਸਵਾਲ
1) ਤਖ਼ਤ ਹਜ਼ੂਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪੰਜ-ਛੇ ਗ੍ਰੰਥਾਂ ਦਾ ਪ੍ਰਕਾਸ਼ ਹੈ। ਕੀ ਆਮ ਸ਼ਰਧਾਲੂ ਸਿੱਖਾਂ ਨੂੰ ਇਹ ਪਤਾ ਹੁੰਦਾ ਹੈ ਕਿ ਉਹ ਜਿੱਥੇ ਮੱਥਾ ਟੇਕ ਰਹੇ ਹਨ, ਉਨ੍ਹਾਂ ਵਿੱਚ ਸਿੱਖਾਂ ਦੇ ਇਕ-ਮਾਤਰ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕਿਹੜਾ ਹੈ?
2) ਹਜ਼ੂਰ ਸਾਹਿਬ ਵਿਖੇ ਗੁਰੁ ਦੇ ਸਨਮੁਖ ਮੱਥਾ ਟੇਕਨ ਵਾਲੀਆਂ ਸੰਗਤਾਂ ਵੱਲ ਗ੍ਰੰਥੀ ਪਿੱਠ ਕਰ ਕੇ ਬੈਠਦਾ ਹੈ ਅਤੇ ਇਕ ਸੇਵਾਦਾਰ ਉਸ ਨੂੰ ਸੰਗਤਾਂ ਵੱਲ ਪਿੱਠ ਕਰ ਕੇ ਚੌਰ ਕਰਦਾ ਹੈ। ਕੀ ਇਹ ਰਵਾਇਤ ਜਾਇਜ਼ ਹੈ?
3) ਹਜ਼ੂਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੋ ਰਿਹਾ ਹੁੰਦਾ ਹੈ ਪਰ ਨਾਲ ਹੀ ਰਾਗੀ ਵੀ ਕੀਰਤਨ ਕਰ ਰਹੇ ਹੁੰਦੇ ਹਨ। ਕੀ ਇਹ ਮਰਿਆਦਾ ਅਧੀਨ ਹੈ?
4) ਗੁਰਦੁਆਰਾ ‘ਸੱਚਖੰਡ’ ਸਾਹਿਬ ਵਿਖੇ ਦਸਮ ਪਾਤਸ਼ਾਹ ਜੀ ਦੀਆਂ ਕਾਲਪਨਿਕ ਫੋਟੋਆਂ ਲਗਾਉਣਾ, ਜੋਤ ਜਗਾਉਣਾ, ਚੰਦਨ ਘਿਸ-ਘਿਸ ਕੇ ਸੰਗਤਾਂ ਨੂੰ ਤਿਲਕ ਲਗਾਉਣਾ, ਦੀਵੇ ਥਾਲ ਵਿੱਚ ਰੱਖ ਕੇ ਸ਼ਸ਼ਤਰਾਂ ਦੀ ਆਰਤੀ ਕਰਨਾ; ਤਿਲਕਧਾਰੀ ਪੁਜਾਰੀ (ਜਿਹੜਾ ਲਾਜ਼ਮੀ ਤੌਰ ’ਤੇ ਬ੍ਰਹਮਚਾਰੀ ਹੋਵੇ) ਵੱਲੋਂ ਮੁੱਖ ਤੇ ਕਪੜਾ ਬੰਨ੍ਹ ਕੇ ਸ਼ਸ਼ਤਰਾਂ ਵਾਲੇ ਕਮਰੇ ਵਿਚ ਪਰਵੇਸ਼ ਕਰਨਾ ਅਤੇ ਉਨਾਂ ਦੀ ਪੂਜਾ ਕਰਨਾ; ਸ਼ਸ਼ਤਰਾਂ ਨੂੰ ਦੁੱਧ ਨਾਲ ਇਸ਼ਨਾਨ ਕਰਵਾਉਣਾ ਅਤੇ ਉਨ੍ਹਾਂ ਅੱਗੇ ਧੂਨੀ ਜਲਾਉਣਾ, ਉਥੇ ਮੌਜੂਦ ਸਾਹਿਬ ਗੁਰੁ ਗ੍ਰ੍ਰੰਥ ਸਾਹਿਬ ਵੱਲ ਵੇਖਣਾ ਤੱਕ ਨਹੀਂ - ਕੀ ਇਹ ਵੀ ਸਿੱਖ ਰਹਿਤ ਮਰਿਆਦਾ ਦਾ ਕੋਈ ਹਿੱਸਾ ਹੈ? ਕੀ ਉਕਤ ਦੱਸੇ ਰਿਵਾਜ/ਕਰਮ-ਕਾਂਡ ਸਿੱਖੀ ਸਿਧਾਂਤਾਂ ਅਤੇ ਸ਼ਬਦ ਗੁਰੂ ਦਾ ਅਪਮਾਨ ਨਹੀਂ ਹਨ?
ਅੱਜ ਸਾਡੇ ‘ਪੰਥਕ’ ਅਖਵਾਉਂਦੇ ਜ਼ਿਆਦਾਤਰ ਅਦਾਰੇ ਸ਼ਬਦ ਗੁਰੂ ਦਾ ਅਪਮਾਨ ਕਰਨ ਵਾਲੇ ਬ੍ਰਾਹਮਣੀ ਵਿਚਾਰਧਾਰਾ ਵਾਲੇ ਪੁਜਾਰੀਆਂ ਅਤੇ ਪ੍ਰਬੰਧਕਾਂ ਦਾ ਵਿਰੋਧ ਕਰਨ ਦੀ ਬਜਾਏ, ਉਨ੍ਹਾਂ ਦੇ ਮੋਢੇ ਨਾਲ ਮੋਢਾ ਰਲਾ ਕੇ ਉਨ੍ਹਾਂ ਦੀ ‘ਜਾਗ੍ਰਿਤੀ ਯਾਤਰਾ’ ਦੀ ਅਗੁਆਈ ਕਰ ਰਹੇ ਹਨ ਅਤੇ ਬੁੱਕਾਂ ਦੀਆਂ ਬੁੱਕਾਂ ਸੰਗਤ ਪਾਸੋਂ ਇਕਠਾ ਕੀਤਾ ਧਨ ਉਨਾਂ ਦੀ ਝੋਲੀ ਵਿਚ ਪਾ ਰਹੇ ਹਨ।
ਗੁਰੁ ਸਵਾਰੇ ਸਿੱਖ ਵੀਰੋ ਅਤੇ ਭੈਣੋਂ! ਕੀ ਗੁਰੁ ਗ੍ਰੰਥ ਸਾਹਿਬ ਜੀ, ਸਿੱਖ ਰਹਿਤ ਮਰਿਯਾਦਾ ਅਤੇ ਨਾਨਕ ਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲੇ ਕੌਮ ਵਿਚ ਕੋਈ ‘ਜਾਗ੍ਰਿਤੀ’ ਪੈਦਾ ਕਰ ਸਕਦੇ ਹਨ। ਇਕ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋ ਰਿਹਾ ਹੋਵੇ ਅਤੇ ‘ਸਿੱਖ ਰਹਿਤ ਮਰਿਯਾਦਾ’ ਦੇ ਉਲਟ ‘ਸਿੱਖ ਸਿਧਾਂਤਾਂ’ ਦਾ ਮਖੌਲ ਉਡਾਇਆ ਜਾ ਰਿਹਾ ਹੋਵੇ। ਦੂਜੇ ਪਾਸੇ ਅਸੀਂ ‘‘300 ਸਾਲ ਗੁਰੁ ਦੇ ਨਾਲ’’ ਦਾ ਦਾਅਵਾ ਕਰੀਏ - ਇਹ ਤਾਂ ਕੋਰਾ ਝੂਠ ਹੈ, ਹੋਰ ਕੁਝ ਨਹੀਂ।
ਸ਼ਬਦ ਗੁਰੂ ਦੀ ਸੱਚੀ ਸ਼ਤਾਬਦੀ ਤਾਂ ਇਨ੍ਹਾਂ ਤਖ਼ਤਾਂ ਤੇ ‘ਸਿੱਖ ਰਹਿਤ ਮਰਿਯਾਦਾ’ ਬਹਾਲ ਕਰ ਕੇ ਹੀ ਮਨਾਈ ਸਾਰਥਕ ਹੋ ਸਕਦੀ ਹੈ। ਇਹ ਕੰਮ ਨਿਡਰਤਾ ਅਤੇ ਇੱਛਾ-ਸ਼ਕਤੀ ਨਾਲ, ਇਕ-ਜੁਟ ਹੋ ਕੇ, ਪੂਰੀ ਸੰਜੀਦਗੀ ਨਾਲ ਇਨ੍ਹਾਂ ਤਖ਼ਤਾਂ ਦੇ ਮਹੰਤਾਂ ਅਤੇ ਪੁਜਾਰੀਆਂ ਦਾ ਵਿਰੋਧ ਕਰਨ ਨਾਲ ਹੀ ਮੁਮਕਿਨ ਹੈ। 1903 ਦੀ ‘ਸਿੰਘ ਸਭਾ ਲਹਿਰ’ ਦਾ ਇਤਿਹਾਸ ਇਕ ਵਾਰ ਫਿਰ ਦੋਹਰਾਉਣ ਦੀ ਜ਼ਰੂਰਤ ਹੈ। ਪਰ ! ਸਵਾਰਥੀ, ਡਰਪੋਕ, ਅਹੰਕਾਰੀ ਅਤੇ ਲਾਲਚੀ ਸਰਕਾਰੀ ਚਾਟੂਕਾਰ ਧਾਰਮਕ ਆਗੂਆਂ ਦੀ ਐਡੀ ਵੱਡੀ ਭੀੜ ਵਿੱਚ, ਕਿਥੋਂ ਲੱਭੀਏ ਗਿਆਨੀ ਦਿੱਤ ਸਿੰਘ ਵਰਗਾ ਗੁਰੂ ਦਾ ਬੇਟਾ ਅਤੇ ਨਿਡਰ ਲੀਡਰ, ਜੋ ਦਇਆਨੰਦ ਦੀ ਬਣਾਈ ਸਿੱਖ-ਵਿਰੋਧੀ ਮਹਾਸ਼ਿਆਂ ਅਤੇ ਲਾਲਿਆਂ ਦੀ ਫੌਜ ਨਾਲ ਇਕੱਲਾ ਹੀ ਭਿੱੜ ਗਇਆ। ਇਹ ਗੁਰੂ ਦਾ ਪਿਆਰਾ, ਤਾਂ ਤਦ ਵੀ ਚੁਪ ਨਾਂ ਬੈਠਾ, ਜਦੋਂ ਤੱਕ ਦਰਬਾਰ ਸਾਹਿਬ ਵਿਚੋਂ ਇਕ-ਇਕ ਪੁਜਾਰੀ ਅਤੇ ਮਹੰਤ ਨੂੰ ਬਾਹਰ ਨਾ ਕੱਢ ਸੁਟਿੱਆ ਗਿਆ। ਅਜਿਹੀ ਸਥਿਤੀ ਨੂੰ ਵੇਖ ਕੇ ਇਕ ਸ਼ਾਇਰ ਦੀਆਂ ਇਹ ਪੰਕਤੀਆਂ ਯਾਦ ਆਉਂਦੀਆਂ ਹਨ :
ਹਰ ਸ਼ਾਖ਼ ਪੇ ਉੱਲੂ ਬੈਠਾ ਹੈ, ਅੰਜ਼ਾਮ-ਏ-ਗੁਲਿਸਤਾਂ ਕਿਆ ਹੋਗਾ?
jagriti yatra, so-called jagriti yatra, hazur sahib, hazoor sahib, management, pasricha, vedanti, guru granth sahib, dasam granth, money, crores, rupees, dasam granth, manmat, anti-sikh forces, author, bhai kahn singh nabha sikh awareness forum, kanpur