

ਸ਼ਤਾਬਦੀਆਂ ਮਨਾਉਣ ਦੇ ਪ੍ਰਚਲਿਤ ਢੰਗ : ਸਿੱਖਾਂ ਦੇ ਆਰਥਕ ਅਤੇ ਮਾਨਸਿਕ ਸ਼ੋਸ਼ਣ ਦਾ ਅਹਿਮ ਜ਼ਰੀਆ
- ਇੰਦਰ ਸਿੰਘ ਘੱਗਾ -
ਇਕ ਖ਼ਤ ਗੁਰੂ ਨਾਨਕ ਸਾਹਿਬ ਦੇ ਨਾਮ ਪਰਉਪਕਾਰੀ, ਮਨੁੱਖਤਾ ਦੇ ਦਰਦੀ
ਸਤਿਗੁਰੂ ਨਾਨਕ ਸਾਹਿਬ ਜੀ !
ਦੋਵੇਂ ਹੱਥ ਜੋੜਕੇ ਚਰਨਾਂ ਤੇ ਮੱਥਾ ਟੇਕਿਆ ਪ੍ਰਵਾਨ ਕਰਨਾ ਜੀ। ਸਤਿਗੁਰੂ ਪਿਤਾ ਜੀਉ, ਆਪਣੇ ਦਿਲ ਦੇ ਰਿਸ ਰਹੇ ਜ਼ਖ਼ਮ ਤੁਹਾਨੂੰ ਵਿਖਾਉਣ ਲੱਗਾ ਹਾਂ। ਬਸ ਇਹੀ ਬੇਨਤੀ ਹੈ ਕਿ ਮੇਰੀ ਚਿੱਠੀ ਜ਼ਰੂਰ ਪੜ੍ਹ ਲੈਣੀ। ਬਾਕੀ ਅਗਲੀ ਕਾਰਵਾਈ ਲਈ ਕੋਈ ਬਾਨਣੂੰ ਜ਼ਰੂਰ ਬੰਨ੍ਹਣਾ ਜੀ।
ਗੁਰੂ ਪਿਤਾ ਜੀ ! ਜਦੋਂ ਤੁਹਾਡੇ ਦਸਵੇਂ ਜਾਮੇ (1966) ਦੀ ਤੀਜੀ ਸ਼ਤਾਬਦੀ ਮਨਾਈ ਗਈ, ਤਾਂ ਉਸ ਵਕਤ ਮੇਰੀ ਉਮਰ ਵੀਹ ਸਾਲ ਹੋ ਚੁੱਕੀ ਸੀ। ਬਹੁਤ ਸਾਰੇ ਹੋਰ ਸ਼ਰਧਾਲੂਆਂ ਨਾਲ ਰਲ ਕੇ ਮੈਂ ਭੀ ‘ਸ਼ਰਧਾ ਦੇ ਫੁੱਲ’ ਅਰਪਣ ਕੀਤੇ। ਬਹੁਤ ਥਾਵਾਂ ’ਤੇ ਕੀਰਤਨ ਦਰਬਾਰ ਹੋਏ ਵਾਜੇ-ਢੋਲਕੀਆਂ ਖੜਕੇ, ਲੰਗਰ ਚੱਲੇ, ਅਰਦਾਸਾਂ ਹੋਈਆਂ, ਜੈਕਾਰੇ ਗਜਾਏ ਗਏ। ਤੁਹਾਡੀ ਮੱਤ ਕਿਸੇ ਵਿਰਲੇ ਨੇ ਪ੍ਰਾਪਤ ਕੀਤੀ ਹੋਵੇਗੀ। ਉਂਞ ਸਿੱਖੀ ਦੇ ਨਿਸ਼ਾਨ ਉੱਚੇ ਝੁਲਾਉਣ ਦੇ ਦਮਗਜੇ ਬਹੁਤ ਮਾਰੇ ਗਏ। ਕਈਆਂ ਨੇ ਲੀਡਰੀਆਂ ਚਮਕਾਈਆਂ, ਕਿਸੇ ਨੇ ਮਾਇਆ ਉਗਰਾਹ ਕੇ ਜੇਬਾਂ ਭਰ ਲਈਆਂ। ਫਿਰ ਸਾਰੇ ਗਫਲਤ ਦੀ ਲਮੀ ਨੀਂਦ ਸੌਂ ਗਏ। ਮੈਨੂੰ ਬਾਅਦ ਵਿੱਚ ਕਿਸੇ ਸਿਆਣੇ ਸਿੱਖ ਨੇ ਦੱਸਿਆ ਕਿ 1666 ਵਿੱਚ ਗੋਬਿੰਦ ਰਾਏ ਸਿੱਖਾਂ ਦੇ ਗੁਰੂ ਨਹੀਂ ਬਣੇ ਸਨ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਯਾਨੀ 1675 ਵਿੱਚ ਉਹ ਗੁਰਗੱਦੀ ’ਤੇ ਬਿਰਾਜੇ ਸਨ। ਪਰ ਤੁਹਾਡੇ ਦੂਲੇ ਪੰਥ ਨੇ ਇਕ ਸਾਹਿਬਜ਼ਾਦੇ ਗੋਬਿੰਦ ਰਾਏ ਦਾ ਜਨਮ ਦਿਨ ‘ਗੁਰੂ’ ਜਾਣ ਕੇ ਮਨਾਇਆ - ਪ੍ਰਾਪਤੀ ਬਾਰੇ ਤਾਂ ਕਿਸੇ ਨੇ ਸੋਚਿਆ ਹੀ ਨਹੀਂ।
ਸਿੱਖ ਪੰਥ ਦੇ ਬਾਨੀ ਸਤਿਗੁਰੂ ਨਾਨਕ ਸਾਹਿਬ ਜੀਓ ! ਤੁਹਾਡਾ ਆਗਮਨ ਦਿਵਸ 1969 ਵਿੱਚ ਸਿੱਖ ਸਮਾਜ ਨੇ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਇਆ। ਕਿਉਂਕਿ ਇਹ ਪੰਜ ਸੌਵਾਂ ਜਨਮ ਦਿਨ ਜੋ ਸੀ। ਦੇਸ਼-ਵਿਦੇਸ਼ ਵਿੱਚ ਬੜੇ ਲੈਕਚਰ ਹੋਏ, ਕੀਰਤਨ ਦਰਬਾਰ ਸਜਾਏ ਗਏ, ਪਾਠਾਂ ਦੀਆਂ ਲੜੀਆਂ ਰਖਾਈਆਂ, ਨਗਰ ਕੀਰਤਨ ਕੱਢੇ ਗਏ, ਲੰਗਰ ਤਿਆਰ ਕੀਤੇ ਅਤੇ ਛਕੇ ਗਏ। ਅਰਦਾਸਾਂ, ਦੇਗਾਂ, ਪੁਸਤਕਾਂ, ਸੈਮੀਨਾਰ... ਵੀ ਹੋਏ। ਤੁਹਾਡੀ ਯਾਦ ਵਿੱਚ ਪਟਿਆਲਾ ਵਿਖੇ ਇਕ ‘ਗੁਰਮਤਿ ਕਾਲਜ’ ਵੀ ਖੋਲ੍ਹਿਆ ਗਿਆ। ਇਸ ਕਾਲਜ ਵਿੱਚ ਕੋਈ ਵੀਹ ਕੁ ਵਿਦਿਆਰਥੀਆਂ ਤੋਂ ਵੱਧ ਨੌਜੁਆਨ ਧਰਮ ਵਿਦਿਆ ਲੈਣ ਵਾਸਤੇ ਦਾਖ਼ਲ ਨਹੀਂ ਹੋਏ। ਪ੍ਰਬੰਧਕਾਂ ਵੱਲੋਂ ਜ਼ੋਰ ਪਾਉਣ ਤੇ ਇਹ ਅਦਾਰਾ ਪੰਜਾਬੀ ਯੂਨੀਵਰਸਿਟੀ ਨੇ ਆਪਣੇ ਨਾਲ ਜੋੜ ਲਿਆ ਤੇ ਮਾਨਤਾ ਦੇ ਦਿੱਤੀ, ਜਿਸ ਕਾਰਨ ਇਸਦਾ 95 ਫੀਸਦੀ ਖਰਚਾ ਸਰਕਾਰ ਤੋਂ ਮਿਲਣਾ ਪ੍ਰਵਾਨ ਹੋਇਆ। ਕੋਈ ਸ਼ੱਕ ਨਹੀਂ ਕਿ ਪ੍ਰੋਫੈਸਰਾਂ ਦੀਆਂ ਤਨਖਾਹਾਂ ਕਈ ਗੁਣਾ ਵੱਧ ਗਈਆਂ। ਵਿਦਿਆਰਥੀਆਂ ਦੀ ਪੜ੍ਹਾਈ ਘੱਟ ਗਈ। ਇਹ ਕਾਲਜ ਵੀ ਆਮ ਜਿਹੇ ਸਰਕਾਰੀ ਕਾਲਜਾਂ ਵਰਗਾ ਇਕ ਮਾਮੂਲੀ ਕਾਲਜ ਬਣ ਕੇ ਰਹਿ ਗਿਆ। ਸਰਕਾਰੀ ਹਦਾਇਤਾਂ ਅਨੁਸਾਰ, ਸਲੇਬਸ ਵਿੱਚ ਬ੍ਰਹਮਾ ਬਿਸ਼ਨ, ਰਾਮ ਤੇ ਕ੍ਰਿਸ਼ਨ ਦੀਆਂ ਕਥਾ-ਕਹਾਣੀਆਂ ਬੜੀ ਸ਼ਾਨ ਨਾਲ ਪੜ੍ਹਾਈਆਂ ਜਾਣ ਲੱਗੀਆਂ। ਅੱਜ ਇੱਥੇ ਤੁਹਾਡੇ ਨਿਰਮਲ ਨਿਆਰੇ ਪੰਥ ਦੀ ਪੜ੍ਹਾਈ ਅਤੇ ਰਹਿਤ ਦੀ ਪਰਪੱਕਤਾ ਨਹੀਂ ਸਿਖਾਈ ਜਾਂਦੀ। ਸਗੋਂ ‘ਭਾਰਤੀ ਮੁੱਖ ਧਾਰਾ’ ਦੀ ਪੜ੍ਹਾਈ ਕਰਵਾਈ ਜਾਂਦੀ ਹੈ।
ਸਤਿਗੁਰੂ ਜੀਓ ! ਤੁਸੀਂ ਨੌਵੇਂ ਜਾਮੇ ਵਿੱਚ ਬਹੁਤ ਉਪਕਾਰ ਕੀਤੇ। ਤੁਹਾਡਾ ਗੁਰਗੱਦੀ ਸੰਭਾਲਣ ਦਾ ਦਿਨ ਤਾਂ ਨਹੀਂ ਮਨਾਇਆ ਜਾਂਦਾ। ਸ਼ਹੀਦੀ ਦਿਨ ਅਸੀਂ ਮਨਾਉਂਦੇ ਆ ਰਹੇ ਹਾਂ। ਧਰਮ ਹੇਤ ਜੋ ਸਾਕਾ ਤੁਸੀਂ 1675 ਵਿੱਚ ਵਰਤਾਇਆ ਸੀ, ਉਸਦੀ ਤੀਜੀ ਸ਼ਤਾਬਦੀ ਸਿੱਖਾਂ ਨੇ 1975 ਵਿੱਚ ਮਨਾਈ। ਉਹੀ ਪੁਰਾਣਾ ਰਾਗ, ਉਹੀ ਕੀਰਤਨ, ਪਾਠ, ਅਰਦਾਸਾਂ ਤੇ ਲੰਗਰ...। ਤੁਹਾਡੇ ਕੀਤੇ ਉਪਕਾਰਾਂ ਨੂੰ ਰਸਮੀ ਤਰੀਕੇ ਹੀ ਯਾਦ ਕੀਤਾ ਗਿਆ। ਕਿਸੇ ਦਾ ਨਿੱਕਾ ਜਿਹਾ ਕੰਮ ਸੰਵਾਰ ਦੇਈਏ, ਕੁਝ ਮਦਦ ਕਰ ਦੇਈਏ, ਸਬੰਧਤ ਵਿਅਕਤੀ ਅਹਿਸਾਨਮੰਦ ਹੋਣੋਂ ਨਹੀਂ ਰਹਿ ਸਕਦਾ। ਕਿੱਡੇ ਅਕਿਰਤਘਣ ਲੋਕ ਹਾਂ ਅਸੀਂ, ਤੁਹਾਡੇ ਸਿੱਖ ਅਖਵਾਉ ਵਾਲੇ। ਤੁਹਾਡੇ ਬਾਰੇ ਕੋਈ ਇਕ ਭੀ ਯਾਦਗਾਰੀ ਕਾਰਜ ਨਾ ਅਰੰਭਿਆ।
ਵੈਸੇ ਤਾਂ ਜਿਹੜੀ ਕੌਮ ਲਈ ਤੁਸੀਂ ਸ਼ਹੀਦੀ ਪਾਈ ਸੀ, ਉਨ੍ਹਾਂ ਦਾ ਫਰਜ਼ ਸੀ ਕਿ ਉਹ ਵੱਡੇ ਪੱਧਰ ’ਤੇ ਤੁਹਾਡੀ ਸਿੱਖਿਆ ਅਤੇ ਜੀਵਨੀ ਨੂੰ ਦੁਨੀਆ ਤੱਕ ਪੁਚਾਉਂਦੇ। ਉਸ ਕੌਮ ਨੇ ਤਾਂ ਅਹਿਸਾਨ-ਫਰਾਮੋਸ਼ੀ ਦਾ ਸਬੂਤ ਦੇ ਹੀ ਦਿੱਤਾ ਪਰ ਤੁਹਾਡੇ ‘ਆਪਣਿਆਂ’ ਭੀ ਤਾਂ ਉਹੀ ਕੁਝ ਕੀਤਾ ਹੈ। ਨੌਵੇਂ ਨਾਨਕ ਜੀ, ਤੁਹਾਡੇ ਸਰੀਰ ਨਾਲ ਸਬੰਧਤ ਬਹੁਤ ਸਾਰੇ ਗੁਰਦੁਆਰੇ ਬਣੇ ਹੋਏ ਹਨ। ਉੱਥੋਂ ਪੰਡਾਂ ਮਾਇਆ ਦੀਆਂ ਇਕੱਤਰ ਕਰਕੇ ਬਹੁਤੇ ਲੋਕਾਂ ਨੇ ਆਪਣੀਆਂ ਕੋਠੀਆਂ ਉਸਾਰ ਲਈਆਂ, ਕਾਰਾਂ ਖਰੀਦ ਲਈਆਂ, ਰਾਜਸੀ ਕੁਰਸੀਆਂ ’ਤੇ ਜਾ ਬਿਰਾਜੇ। ਸੁਣਦੇ ਹਾਂ ਕਿ ਔਰੰਗਜ਼ੇਬ ਦਾ ਹੁਕਮ ਸੀ ਕਿ ਤੁਹਾਡੇ ਸਰੀਰ ਦੇ ਅੰਗ ਕੱਟ-ਕੱਟ ਕੇ ਦਿੱਲੀ ਦੇ ਸਾਰੇ ਵੱਡੇ ਚੌਕਾਂ ਵਿੱਚ ਲਟਕਾ ਦਿੱਤੇ ਜਾਣ। ਕੁਝ ‘ਸਿਰ-ਫਿਰੇ’ ਸਿੱਖਾਂ ਨੇ ਅਜਿਹਾ ਨਾ ਹੋਣ ਦਿੱਤਾ। ਵੈਸੇ ਤੁਸੀਂ ਤਾਂ ਸਦਾ ਪਰਉਪਕਾਰ ਹੀ ਕੀਤਾ ਹੈ। ਜੇ ਤੁਹਾਡੇ ਸਰੀਰ ਦੇ ਟੁਕੜੇ ਸਾਰੇ ਚੌਕਾਂ ਵਿੱਚ ਟੰਗ ਦਿੱਤੇ ਜਾਂਦੇ, ਤਾਂ ਉਤਨੇ ਹੀ ਇਤਿਹਾਸਕ ਗੁਰਦੁਆਰੇ ਨਾ ਉਸਰ ਜਾਂਦੇ? ਉਨ੍ਹਾਂ ਸਾਰੀਆਂ ਥਾਵਾਂ ’ਤੇ ਭੀ ਨਮਸਕਾਰਾਂ ਕਰਨ ਵਾਲੀਆਂ ਕਤਾਰਾਂ ਲਗਦੀਆਂ। ਮਾਇਆ ਦੇ ਅੰਬਾਰ ਲਗ ਜਾਂਦੇ। ਤੁਹਾਡੇ ਕਈ ‘ਸੇਵਕ’ ਸਿੱਖਾਂ ਦੀ ਗਰੀਬੀ ਕੱਟੀ ਜਾਂਦੀ। ਕਈ ਸਾਰੇ ਪਾਠੀਆਂ, ਗੰ੍ਰਥੀਆਂ, ਕੀਤਰਨੀਆਂ, ਕਥਾਵਾਚਕਾਂ ਨੂੰ ‘ਸੋਹਣਾ’ ਰੋਜ਼ਗਾਰ ਮਿਲ ਜਾਂਦਾ। ਪ੍ਰਧਾਨਾਂ, ਸਕੱਤਰਾਂ, ਖਜ਼ਾਨਚੀਆਂ ਦੀਆਂ ਤਿਜੋਰੀਆਂ ਭਰ ਜਾਂਦੀਆਂ, ਚੌਧਰਾਂ ਚਮਕ ਜਾਂਦੀਆਂ, ਰਾਜਸੀ ਠਾਠ-ਬਾਠ ਬਣ ਜਾਂਦਾ, ਕੋਠੀਆਂ ਉਸਰ ਜਾਂਦੀਆਂ...।
ਕਿਰਪਾ ਨਿਧਾਨ ਪਿਤਾ ਗੁਰੂ ਜੀ ! ਤੇਰੇ ਸੇਵਕਾਂ ਨੇ ਤੁਹਾਡੇ ਤੀਸਰੇ ਸਰੀਰ ਦਾ ਆਗਮਨ ਪੁਰਬ ਗੋਇੰਦਵਾਲ ਵਿਖੇ 1979 ਵਿੱਚ ਬੜੀ ਧੂਮਧਾਮ ਨਾਲ ਮਨਾਇਆ। ਮਨਾਈਏ ਕਿਉਂ ਨਾ? ਇਹ ਪੰਜ ਸੌਵਾਂ ਜਨਮ ਦਿਨ ਜੋ ਸੀ। ਭਾਵੇਂ ਤੁਸੀਂ ਗੁਰੂ ਪਦਵੀ ਨੂੰ 74 ਸਾਲ ਦੀ ਉਮਰ ਵਿੱਚ ਪੁੱਜੇ। ਇਸੇ ਸਰੀਰਕ ਜਾਮੇ ਰਾਹੀਂ ਸੱਠ ਕੁ ਸਾਲ ਦੀ ਉਮਰ (ਗੁਰੂ ਅੰਗਦ ਸਾਹਿਬ ਦੇ ਪੈਰੋਕਾਰ ਬਣਨ ਤੋਂ ਪਹਿਲਾਂ) ਤੱਕ ਮਨਮਤੀ ਕਾਰਜ ਭੀ ਕਰਦੇ ਰਹੇ। ਚਾਹੀਦਾ ਤਾਂ ਇਹ ਸੀ ਕਿ ਸਨ 1553 ਦੇ ਸਾਲ ਨੂੰ ਮੁੱਖ ਰੱਖ ਕੇ ਗੁਰਗੱਦੀ ਦਿਵਸ ਮਨਾਏ ਜਾਂਦੇ (ਕਿਉਂਕਿ ਤੁਸੀਂ ਇਸੇ ਸਾਲ ਵਿੱਚ ਨਾਨਕ ਜੋਤਿ ਸੰਭਾਲੀ ਸੀ)। ਪਰ ਇਸ ਗੱਲ ਦੀ ਪਰਵਾਹ ਨਾ ਕਰਦਿਆਂ 1979 ਨੂੰ ਗੋਇੰਦਵਾਲ ਵਿਖੇ (ਜਨਮ ਅਸਥਾਨ ਬਾਸਰਕੇ ਕਿਉਂ ਨਹੀਂ) ਦੇਸ਼-ਵਿਦੇਸ਼ ਵਿੱਚ ਗੱਡੀਆਂ, ਮੋਟਰਾਂ ਅਤੇ ਪੈਦਲ ਮਾਰਚਾਂ ਰਾਹੀਂ ਸੰਗਤਾਂ ਦਾ ਲੱਖਾਂ ਦੀ ਗਿਣਤੀ ਵਿੱਚ ਜਮਘਟਾ ਜੁੜਿਆ। ਥਾਂ-ਥਾਂ ਕੀਰਤਨ ਸਮਾਗਮ, ਲੰਗਰ, ਅਰਦਾਸਾਂ, ਨਾਅਰੇ, ਜੈਕਾਰੇ, ਬਾਉਲੀ ਇਸ਼ਨਾਨ, ਚੁਰਾਸੀ ਕੱਟਣ ਦੇ ਵਿਸ਼ਵਾਸ। ਅਮਰੂ ਨਿਥਾਵਾਂ ਆਖ ਕੇ ਤੁਹਾਡਾ ਅਪਮਾਨ, ਬਹੁਤ ਸਾਰੀਆਂ ਝੂਠੀਆਂ ਕਥਾ ਕਹਾਣੀਆਂ...। ਪੰਥ ਦੀ ਚੜ੍ਹਦੀ ਕਲਾ ਦਾ ਕੋਈ ਇੱਕ ਭੀ ਕਾਰਜ ਨਹੀਂ ਉਲੀਕਿਆ ਗਿਆ, ਜਿੱਥੇ ਤੁਹਾਡੇ ਬੱਚਿਆਂ ਨੂੰ ਸਿੱਖੀ ਦੀ ਸੂਝ ਪ੍ਰਾਪਤ ਹੁੰਦੀ। 1974 ਵਿੱਚ ਹੀ ਤਤਕਾਲੀ ਸਰਕਾਰ ਵੱਲੋਂ ‘ਗੁਰੂ ਗੋਬਿੰਦ ਮਾਰਗ’ ਅਨੰਦਪੁਰ ਤੋਂ ਚਲ ਕੇ 520 ਕਿਲੋਮੀਟਰ ਤੱਕ ਘਟਾ ਉਡਾ ਕੇ ਸਿੱਖਾਂ ਨੂੰ ਕਮਲੇ ਬਣਾ ਕੇ, ਸਰਕਾਰੀ ਖ਼ਜ਼ਾਨੇ ਦਾ ਕਰੋੜਾਂ ਰੁਪਿਆ ਫੂਕ ਕੇ, ਦਮਦਮੇ (ਤਲਵੰਡੀ ਸਾਬੋ) ਸਮਾਪਤ ਹੋਇਆ ਸੀ - ਬਿਨ੍ਹਾਂ ਕਿਸੇ ਪ੍ਰਾਪਤੀ ਤੋਂ। ਲੋਕਾਂ ਨੇ ਦਸਮ ਪਾਤਸ਼ਾਹ ਵੱਲੋਂ ਸਵਾਰੀ ਲਈ ਵਰਤੇ ਗਏ ਘੋੜੇ ਦੇ ਕਥਿਤ ਵੰਸ਼ਜ ਘੋੜਿਆਂ ਦੀ ਲਿੱਦ ਭੀ ਪ੍ਰਸ਼ਾਦ ਜਾਣਕੇ ਪ੍ਰਾਪਤ ਕੀਤੀ।
ਪਿਤਾ ਜੀਉ ! ਤੁਹਾਡੇ ਛੇਵੇਂ ਜਾਮੇ ਦਾ ਚਾਰ ਸੌ ਸਾਲਾ ਆਗਮਨ ਦਿਵਸ ਮਨਾਉਣ ਦੀ ਤਿਆਰੀ ਦੇ ਤਹਿਤ 1994 ਦੇ ਅਕਤੂਬਰ ਮਹੀਨੇ ਵਿੱਚ ਗੁਰੂ ਕੀ ਵਡਾਲੀ ਤੋਂ ‘ਖਾਲਸਾ ਮਾਰਚ’ ਅਰੰਭ ਕੀਤਾ ਗਿਆ। ਜਲੰਧਰ, ਲੁਧਿਆਣਾ ਤੇ ਰੋਪੜ ਪੜਾਅ ਕਰਦਾ ਹੋਇਆ, ਚੌਥੇ ਦਿਨ ਇਹ ਦੋ ਕੁ ਲੱਖ ਦਾ ਵਿਸ਼ਾਲ ਇਕੱਠ ਅਨੰਦਪੁਰ ਪੁੱਜਕੇ ਬਿਨ੍ਹਾਂ ਕੋਈ ਕਾਰਜ ਉਲੀਕੇ ਘਰੋ-ਘਰੀ ਪਰਤ ਗਿਆ। ਇਸੇ ਲੜੀ ਤਹਿਤ ਹਰਿਗੋਬਿੰਦਪੁਰ ਤੋਂ ਸ਼ੁਰੂ ਕਰਕੇ ਅਗਲਾ ਵੱਡਾ ‘ਖ਼ਾਲਸਾ ਮਾਰਚ’ ਤਲਵੰਡੀ ਸਾਬੋ ਪੁੱਜਿਆ। ਇੱਥੇ ਭੀ ਲੱਖਾਂ ਸ਼ਰਧਾਲੂ ਆ ਜੁੜੇ। ਸਤਿਗੁਰੂ ਜੀਉ ! ਤੁਸੀਂ ਤਾਂ ਜਾਣੀ-ਜਾਣ ਹੋ, ਭਲਾ ਤੁਹਾਡੇ ਚਾਰ ਸੌਵੇਂ ਪੁਰਬ ਨਾਲ ਇਨ੍ਹਾਂ ਮਾਰਚਾਂ ਦਾ ਕੋਈ ਸਬੰਧ ਜੁੜਦਾ ਹੈ? ਇਨ੍ਹਾਂ ਮਾਰਚਾਂ ਦੇ ਆਯੋਜਕ ਚੌਧਰੀ ਤੁਹਾਡੇ ਭੋਲੇ ਸ਼ਰਧਾਲੂ ਸਿੱਖਾਂ ਦਾ ਪੈਸਾ ਤੇ ਸਮਾਂ ਕਿਉਂ ਬਰਬਾਦ ਕਰਦੇ ਹਨ?
ਸਤਿਗੁਰੂ ਜੀ ਮੁਆਫ ਕਰਨਾ। ਕੀ ਤੁਸੀਂ ਧਿਆਨ ਨਹੀਂ ਦਿੱਤਾ ਕਿ ਰਾਜਸੀ ਲੋਕ ਕੁਰਸੀਆਂ ਪ੍ਰਾਪਤ ਕਰਨ ਲਈ ਗੁਰਦੁਆਰਿਆਂ ਨੂੰ ਸਿਆਸਤ ਅਤੇ ਧੜੇਬੰਦੀ ਦਾ ਅਖਾੜਾ ਬਣਾ ਦਿੰਦੇ ਹਨ। ਤੁਹਾਡੇ ਦਰ ਦੇ ਬਹੁਤ ਵੱਡੇ ਸੇਵਾਦਾਰ ਸਿਰੋਪਿਆਂ ਕਾਰਨ, ਤੁੱਛ ਜਿਹੇ ਫਲਾਂ ਤੇ ਮੇਵਿਆਂ ਕਾਰਨ, ਮੈਂ ਇਕ-ਦੂਜੇ ਦੀ ਪੱਗ ਨੂੰ ਹੱਥ ਪਾਉਂਦੇ ਵੇਖ ਚੁੱਕਿਆ ਹਾਂ। ਇਤਿਹਾਸ ਵਿੱਚ ਪੜ੍ਹਿਆ ਹੈ ਕਿ ਤੁਸੀਂ ਦਸਵੇਂ ਜਾਮੇ ਵਿੱਚ, ਉਨ੍ਹਾਂ ਦੀਆਂ ਮੰਦ ਕਰਤੂਤਾਂ ਵੇਖ ਕੇ, ਮਸੰਦ ਟੋਲੇ ਨੂੰ ਸਿੱਖਾਂ ਦੇ ਗਲੋਂ ਲਾਹ ਦਿੱਤਾ ਸੀ। ਪਰ ਸਤਿਗੁਰੂ ਜੀ ਇਹ ਤਾਂ ਹੋਰ ਸ਼ਕਤੀਸ਼ਾਲੀ ਰੂਪ ਧਾਰ ਕੇ ਗਰੀਬ ਸਿੱਖਾਂ ਦਾ ਖੂਨ ਪੀ ਰਹੇ ਹਨ। ਹੁਣ ਇਨ੍ਹਾਂ ਨੇ ਸਰਕਾਰੀ ਸਰਪ੍ਰਸਤੀ (ਗੁਰਦੁਆਰਾ ਐਕਟ 1925 ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ 1971 ਤਹਿਤ) ਭੀ ਹਾਸਲ ਹੈ। ਇਸੇਲਈ ਇਹ ਵਰਗ ਧਰਮ ਦੇ ਨਾਂ ’ਤੇ ਲੋਕਾਈ ਨੂੰ ਗੁੰਮਰਾਹ ਕਰ ਰਿਹਾ ਹੈ। ਤੁਹਾਡੇ ਨਮਿਤ ਛੇਵੇਂ ਜਾਮੇ ਵਾਲਾ ਖ਼ਾਲਸਾ ਮਾਰਚ ਕਰੋੜਾਂ ਰੁਪਏ ਬਰਬਾਦ ਕਰਕੇ ਠੰਡੇ ਬਸਤੇ ਵਿੱਚ ਜਾ ਪਿਆ। ਕੋਈ ਪ੍ਰਾਪਤੀ ਨਹੀਂ ਹੋਈ।
ਇਨ੍ਹਾਂ ਹੀ ਦਿਨਾਂ (ਸਤੰਬਰ 1995) ਵਿੱਚ ਵਿਸ਼ਵ ਸਿੱਖ ਸੰਮੇਲਨ ਕੀਤਾ ਗਿਆ। ਸਤਿਗੁਰੂ ਜੀ ਤੁਹਾਡੇ ਖਜ਼ਾਨਿਆਂ ਦੇ ਪ੍ਰਬੰਧਕ ਪੈਸੇ ਟਕੇ ਦੀ ਵਰਤੋਂ ਵੱਲੋਂ ਬਿਲਕੁਲ ਬੇਪਰਵਾਹ ਹਨ। ਤੁਹਾਡੇ ਚਰਨਾਂ ਦੇ ਭੌਰਿਆਂ ਵੱਲੋਂ ਤੁਹਾਡੀ ਗੋਲਕ ਵਿੱਚ ਸ਼ਰਧਾ ਸਹਿਤ ਅਰਪਣ ਕੀਤਾ ਗਿਆ ਲਗਭਗ ਪੰਜਾਹ ਕਰੋੜ ਰੁਪਇਆ ਫੂਕ ਦਿੱਤਾ ਗਿਆ। ਵੱਡੇ-ਵੱਡੇ ਸੈਮੀਨਾਰ ਹੋਏ, ਪਰਚੇ ਪੜ੍ਹੇ ਗਏ। ਵੱਡੀ ਅਕਾਰੀ ਰੰਗ-ਬਿਰੰਗੇ ਇਸ਼ਤਿਹਾਰ ਛਪੇ। ਜੱਥੇਦਾਰਾਂ ਦੀਆਂ ਗੱਡੀਆਂ ਬਹੁਤ ਤੇਜ਼ ਦੌੜੀਆਂ। ਦੇਸ਼ਾਂ-ਬਦੇਸ਼ਾਂ ਦੇ ਚੱਕਰ ਕੱਟੇ, ਮਾਇਆ ਇਕੱਤਰਕ ਕੀਤੀ। ਲੰਗਰ ਚੱਲੇ, ਵੀਡੀਓ ਫਿਲਮਾਂ ਬਣੀਆਂ, ਜੈਕਾਰੇ, ਨਾਅਰੇ, ਸਿਰੋਪੇ, ਖ਼ਿਤਾਬ, ਸਨਮਾਨ...। ਦੁਨੀਆ ਭਰ ਤੋਂ ਸਿੱਖਾਂ ਦੇ ਹਜ਼ੂਮ ਆਣ ਢੁਕੇ। ਬੱਸ ਅਰਦਾਸਾਂ ਕਰਕੇ, ਲੰਗਰ ਛਕ ਕੇ, ਸਭ ਆਪੋ-ਆਪਣੇ ਘਰਾਂ ਨੂੰ ਚਲੇ ਗਏ। ਜੇਬਾਂ ਖਾਲੀ ਕਰਵਾ ਕੇ ਮਣਾਂ-ਮੂੰਹੀਂ ਭਾਰ ਮਨ ’ਤੇ ਲੈ ਕੇ। ਪੰਥ ਦੇ ਭਲੇ ਵਾਲਾ ਕੀਤਾ ਗਿਆ ਕਾਰਜ ਇਸ ਸਮਾਗਮ ਵਿੱਚ ਕਿਧਰੇ ਨਜ਼ਰੀਂ ਨਹੀਂ ਪਿਆ। ਅਸਲ ਵਿੱਚ ਪੰਜਾਬ ਦੀ ਰਾਜਗੱਦੀ ਸਾਂਭਣ ਲਈ ਇਹ ਰਾਜਸੀ ਤਿਆਰੀ ਮਾਤਰ ਸੀ।
ਸੱਚੇ ਸਤਿਗੁਰੂ ਜੀ ! ਇਹ ਗੂੰਜਦੀ ਅਵਾਜ਼ ਤਾਂ ਤੁਹਾਡੇ ਤੱਕ ਜ਼ਰੂਰ ਪਹੁੰਚੀ ਹੋਵੇਗੀ ਕਿ ਖ਼ਾਲਸੇ ਦਾ 300 ਸਾਲਾ ਸੰਪੂਰਨਤਾ ਦਿਵਸ 1999 ਤੁਹਾਡੇ ਸੇਵਕਾਂ ਨੇ ਕਿੰਨੀ ‘ਸ਼ਾਨ’ ਨਾਲ ਮਨਾਇਆ ਹੈ। ਤੁਹਾਡੇ ਸਭ ਤੋਂ ਲਾਡਲੇ ਸਿੱਖ, ਜਿਸਨੂੰ ਤੁਸੀਂ ਬਹੁਤ ਧਨ ਪਦਾਰਥ ਤੇ ਜ਼ਮੀਨ ਤਾਂ ਬਖਸ਼ੀ ਹੀ ਹੈ, ਸਗੋਂ ਸਿੱਖਾਂ ਦਾ ਸਭ ਤੋਂ ਤਾਕਤਵਰ ਲੀਡਰ ਵੀ ਬਣਾ ਦਿੱਤਾ ਹੈ। ਹੁਣ ਉਹ ਪੰਥ ਨੂੰ ਜਿਹੋ ਜਿਹਾ ਸਰੂਪ ਜਾਂ ਸਿਧਾਂਤ ਦੇਵੇ, ਕੋਈ ਰੋਕ ਨਹੀਂ ਸਕਦਾ। ਮੇਰੀ ਮੁਰਾਦ ਸ੍ਰੀ ਪ੍ਰਕਾਸ਼ ਸਿੰਹੁ ਬਾਦਲ ਤੋਂ ਹੈ ਜੀ। ਉਸਨੂੰ ਉਸਦੇ ਜਨਸੰਘੀ ਮਿੱਤਰਾਂ ਨੇ ‘ਖ਼ਾਲਸੇ ਦਾ ਜਨਮਦਿਨ’ ਧੂਮਧਾਮ ਨਾਲ ਮਨਾਉਣ ਵਾਸਤੇ 100 ਕਰੋੜ ਰੁਪਿਆ ਦਿੱਤਾ। ਫਿਰ ਬਦਲੇ ਵਿੱਚ ਇਹ ਕੰਟਰੋਲ ਆਪਣੇ ਹੱਥ ਵਿੱਚ ਲੈ ਲਿਆ ਕਿ ਇਹ ਦਿਨ ਕਿਵੇਂ ਮਨਾਉਣਾ ਹੈ। ਤੁਸੀਂ ਜ਼ਰੂਰ ਦੇਖਿਆ ਹੋਵੇਗਾ ਕਿ ਕਿਵੇਂ ਦੇਸ਼ ਦਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਪਜਾਈ, ਸਿੱਖ ਸੰਗਤਾਂ ਨੂੰ ਗੁਰ-ਮਰਿਆਦਾ ਦ੍ਰਿੜ ਕਰਵਾ ਰਿਹਾ ਸੀ। ਦੇਸ਼ ਦਾ ਗ੍ਰਹਿ ਮੰਤਰੀ ਐਲ.ਕੇ. ਅਡਵਾਣੀ ਸਿੱਖਾਂ ਦੇ ਸੋਹਿਲੇ ਗਾ ਰਿਹਾ ਸੀ।
ਇਸ ਮੌਕੇ ਤੀਹ-ਪੈਂਤੀ ਲੱਖ ਸ਼ਰਧਾਲੂ ਅਨੰਦਪੁਰ ਹੁੰਮ-ਹੁਮਾ ਕੇ ਪੁੱਜਿਆ। ਇਹ ਆਸ ਲਾਈ ਕਿ ਪੰਥ ਦੀ ਬਿਗੜੀ ਸੰਵਾਰਨ ਵਾਸਤੇ, ਉੱਜੜੇ ਪਰਵਾਰਾਂ ਨੂੰ ਵਸਾਉਣ ਵਾਸਤੇ, ਪੰਜਾਬ ਦੇ ਖੋਹੇ ਗਏ ਹੱਕਾਂ ਤੇ ਪੈਦਾਵਾਰੀ ਵਸੀਲਿਆਂ ਦੀ ਪ੍ਰਾਪਤੀ ਵਾਸਤੇ, ਸਿਰ ਜੋੜ ਕੇ ਕੋਈ ਪ੍ਰੋਗਰਾਮ ਉਲੀਕਿਆ ਜਾਵੇਗਾ। ਸਿੱਖੀ ਵਧੇਗੀ, ਪੰਥ ਖੁਸ਼ਹਾਲ ਹੋਵੇਗਾ। ਹੰਝੂ ਪੂੰਝੇ ਜਾਣਗੇ, ਚਿਹਰਿਆਂ ’ਤੇ ਮੁਸਕਾਨ ਆਵੇਗੀ। ਸਿੱਖੀ ਦੀ ਚਾਨਣ ਘਰ-ਘਰ ਪੁੱਜੇਗਾ। ਧਰਮ ਪ੍ਰਚਾਰ ਲਈ ਕੋਈ ਅਖ਼ਬਾਰ, ਮੈਗਜ਼ੀਨ, ਲਿਟਰੇਚਰ, ਸੈਟੇਲਾਈਟ ਚੈਨਲ ਦਾ ਪ੍ਰਬੰਧ ਕੀਤਾ ਜਾਵੇਗਾ। ਨੌਜੁਆਨਾਂ ਦੇ ਰੋਜ਼ਗਾਰ ਬਾਰੇ ਜ਼ਬਾਨ ਤੱਕ ਨਾ ਖੋਹਲੀ ਗਈ। ਕੁਝ ਨਾਟਕੀ ਜਿਹੇ ਹੋਛੇ, ਬਿਆਨ ਦਾਗੇ ਗਏ। ‘‘ਮੀਨਾਰ-ਏ-ਖ਼ਾਲਸਾ’’ ਆਦਿ ਦੇ ਖਿਡੌਣੇ ਤੇਰੇ ਪੰਥ ਅੱਗੇ ਪਰੋਸੇ ਗਏ। ਪਿਤਾ ਗੁਰੂ ਜੀ ! ‘‘ਆਰਡਰ ਆਫ਼ ਖ਼ਾਲਸਾ’’ ਜਿਹੇ ਸਨਮਾਨ ਤੁਹਾਡੇ ਤਖ਼ਤ ਤੋਂ ਜਿਨ੍ਹਾਂ ਨੂੰ ਬਖਸ਼ੇ ਗਏ, ਉਹ ਕੇਸਾਂ ਦੀ ਬੇਅਦਬੀ ਕਰਨ ਵਾਲੇ, ਸ਼ਰਾਬਾਂ ਪੀਣ ਵਾਲੇ, ਵਿਭਚਾਰ ਕਰਨ ਵਾਲੇ, ਰਿਸ਼ਵਤਾਂ ਨਾਲ ਕੋਠੀਆਂ ਭਰ ਲੈਣ ਵਾਲੇ, ਮਾਮੂਲੀ ਨੱਚਣ ਗਾਉਣ ਵਾਲੇ, ਸਿੱਖਾਂ ਨੂੰ ਲੁੱਟ-ਪੁੱਟ ਕੇ ਬਰਬਾਦ ਕਰਨ ਵਾਲਿਆਂ ਨੂੰ ਮਨੁੱਖਤਾ ਦੇ ਦੋਖੀਆਂ ਤੇ ਮੱਕਾਰਾਂ ਨੂੰ ‘ਸਨਮਾਨਿਤ’ ਕੀਤਾ ਗਿਆ।
ਇਸੇ ਸਾਲ (1999) ਦੇ ਦਸੰਬਰ ਮਹੀਨੇ ਵਿੱਚ 300 ਸਾਲਾ ਖ਼ਾਸ ਤੋਹਫ਼ਾ ਬਾਦਲ ਜੀ ਦੇ ਸਤਿਕਾਰੇ ਹੋਏ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਤੇ ਪ੍ਰਧਾਨ ਮੰਤਰੀ ਵਾਜਪਾਈ ਜੀ ਨੇ ਇਕ ਅਜਿਹਾ ਕਾਰਨਾਮਾ ਕੀਤਾ, ਜੋ ਸਿੱਧਾ ਸਿੱਖੀ ’ਤੇ ਮਾਰੂ ਵਾਰ ਸੀ। ਇਨ੍ਹਾਂ ਪਾਪੀਆਂ ਨੇ ਫੁਰਮਾਨ ਜਾਰੀ ਕੀਤਾ ਕਿ ਅਗਰ ਕੋਈ ਵਿਅਕਤੀ ਬੁੱਧ ਧਰਮ, ਇਸਾਈ ਧਰਮ, ਇਸਲਾਮ ਧਰਮ ਪੜ੍ਹੇਗਾ, ਤਾਂ ਭਾਰਤ ਸਰਕਾਰ ਵੱਲੋਂ ਮਾਇਕ ਸਹਾਇਤਾ ਮਿਲਦੀ ਰਹੇਗੀ। ਪਰ ਜੇ ਕੋਈ ਸਿੱਖ ਧਰਮ ਦਾ ਅਧਿਐਨ ਕਰੇਗਾ, ਉਸਨੂੰ ਸਹਾਇਤਾ ਨਹੀਂ ਮਿਲੇਗੀ। ਹਾਂ, ਇਸਦੇ ਬਦਲੇ ‘ਗਾਂਧੀ ਸਟਡੀ’ ਵਾਲਿਆਂ ਨੂੰ ਗ੍ਰਾਂਟ ਮਿਲੇਗੀ। ਇਹ ਹੁਕਮ ਦਸੰਬਰ 1999 ਵਿੱਚ ਜਾਰੀ ਹੋਇਆ, ਜੋ ਗੁਰਮਤਿ ਪ੍ਰਕਾਸ਼ ਪਰਚੇ ਦੇ ਮਈ 2003 ਦੇ ਪੰਨਾ 40 ’ਤੇ ਛਪਿਆ। ਸਤਿਗੁਰੂ ਜੀ ਤੁਹਾਡੇ ਸਭ ਤੋਂ ਪਿਆਰੇ ਵੱਡੇ ਪੁੱਤਰ ਪ੍ਰਕਾਸ਼ ਸਿੰਘ (ਅਤੇ ਬਾਕੀ ਜੁੰਡਲੀ) ਨੇ ਵਿਰੋਧ ਵਿੱਚ ਔਖਾ ਸਾਹ ਭੀ ਨਾ ਲਿਆ। ਸੌ ਕਰੋੜ ਦੇ ਕੇ ਸਿੱਖੀ ਦੇ ਜੜੀਂ ਕੁਹਾੜਾ ਵਾਹ ਦਿੱਤਾ ਗਿਆ।
ਸਤਿਗੁਰੂ ਬਾਬਾ ਜੀ ! ਅਪ੍ਰੈਲ 2004 ਵਿੱਚ ਤੁਹਾਡੇ ਦੂਜੇ ਜਾਮੇ ਦਾ ਖਡੂਰ ਵਿਖੇ 500 ਸਾਲਾ ਜਸ਼ਨ ਮਨਾਇਆ ਗਿਆ। ਆਸ ਕਰਦੇ ਸਾਂ ਕਿ ਸਿੱਖਾਂ ਲਈ ਕਾਲਜ ਜਾਂ ਯੂਨੀਵਰਸਿਟੀ ਖੁੱਲੇਗੀ, ਕਿੱਤਾ-ਮੁਖੀ ਸੰਸਥਾਵਾਂ ਖੁੱਲਣਗੀਆਂ। ਸਿੱਖ ਬੱਚਿਆਂ ਨੂੰ ਗਿਆਨ ਮਿਲੇਗਾ, ਰੋਜ਼ਗਾਰ ਮਿਲੇਗਾ। ਉੱਥੇ ਖਡੂਰ ਸਾਹਿਬ ਇਕ ‘ਪਰਉਪਕਾਰੀ’ ਬਾਬਾ ਜੀ ਨੇ ਤੁਹਾਡੇ ਦੂਲੇ ਪੰਥ ਦਾ ਕਈ ਕਰੋੜ ਖਰਚ ਕਰਕੇ, ਬਦੇਸ਼ਾਂ ਵਿੱਚੋਂ ਬਹੁਤ ਮਹਿੰਗੀਆਂ ਮਸ਼ੀਨਾਂ ਮੰਗਵਾ ਕੇ ਇਕ ‘ਕੰਪਿਊਟਰ ਕੰਟਰੋਲਡ’ ਮਿਊਜ਼ੀਅਮ ਤਿਆਰ ਕੀਤਾ ਹੈ। ਅਮਰੀਕਾ ਦੇ ਇਕ ਬਹੁਤ ‘ਸਿਆਣੇ’ ਸਿੱਖ ਨੇ ਮਿੱਟੀ-ਘੱਟੇ ਵਾਲੇ ਦੇਸ਼ ਵਿੱਚ ਅਜਿਹੀਆਂ ਮਸ਼ੀਨਾਂ ਲਾਉਣ ਦੀ ਨੇਕ ਸਲਾਹ ਦਿੱਤੀ ਕਿ ਪੁੱਛੋ ਕੁਝ ਨਾ। ਉਹ ਮਸ਼ੀਨਾਂ ਤੋਤੇ ਵਾਂਗ ਬੋਲ ਕੇ ‘ਗੁਰਮਤਿ’ ਦਾ ਗਿਆਨ ਦਿਆ ਕਰਨਗੀਆਂ। ਮਨੁੱਖ ਚੁੱਪਚਾਪ ਮਸ਼ੀਨਾਂ ਦਾ ਭਾਸ਼ਣ ਸੁਣਨਗੇ। ਫਿਰ ਜਿਵੇਂ ਕਿ ਆਮ ਹੁੰਦਾ ਹੈ - ਥੋੜੇ ਸਮੇਂ ਬਾਅਦ ਮਸ਼ੀਨਾਂ ਕੰਮ ਕਰਨਾ ਬੰਦ ਕਰ ਦੇਣਗੀਆਂ। ਖਰਾਬ/ਨਕਾਰਾ ਹੋ ਚੁੱਕੀਆਂ ਮਸ਼ੀਨਾਂ ਕੋਲ ਇਕ-ਇਕ ਮਨੁੱਖ ਖੜ੍ਹਾ ਦਿੱਤਾ ਜਾਵੇਗਾ ਅਤੇ ਬੋਲ ਕੇ ਦੱਸੇਗਾ ਕਿ ਇਸ ਥਾਂ ਪਹਿਲਾਂ ਇਹ ਮਸ਼ੀਨ ਹੋਇਆ ਕਰਦੀ ਸੀ। ਕਰੋੜਾਂ ਰੁਪਏ ਡਕਾਰ ਕੇ ਮਸ਼ੀਨ ਵਿਗੜ ਗਈ, ਅੱਗੋਂ ਅਸੀਂ ਜਾਣਕਾਰੀ ਦਿਆ ਕਰਾਂਗੇ!!
ਬਾਬਾ ਜੀ, ਤੁਹਾਡੇ ਨੂਰਾਨੀ ਉਪਦੇਸ਼ ਦਾ ਚਾਰ ਸੌਵਾਂ ਪ੍ਰਕਾਸ਼ ਦਿਵਸ ਭੀ 2004 ਵਿੱਚ ਹੀ ਆ ਗਿਆ। ਅੰਮ੍ਰਿਤਸਰ ਵਿਖੇ ਪਹਿਲੀ ਸਤੰਬਰ ਨੂੰ ਦਸ ਲੱਖ ਸ਼ਰਧਾਵਾਨ ਮਾਈ-ਭਾਈ ਦਾ ਇਕੱਠ ਹੋਇਆ। ਲਗਭਗ ਇਕ ਅਰਬ ਰੁਪਏ ਦੀ ਭੇਟਾ ਇਕੱਤਰ ਹੋ ਗਈ। ਦੀਪਮਾਲਾਵਾਂ ਹੋਈਆਂ, ਮਠਿਆਈਆਂ ਵੰਡੀਆਂ, ਨਗਰ ਕੀਰਤਨ ਹੋਏ। ਧਰਮ ਉਪਦੇਸ਼ ਦੇਣ ਲਈ ਰਾਜਨੀਤੀ ਦੇ ਗੰਦ ਵਿੱਚ ਗਲ ਤੱਕ ਧਸੇ ਹੋਏ ਲੋਕ ਗਿਰਝਾਂ ਵਾਂਗ ਆਣ ਉਤਰੇ। ਤੁਹਾਡੀਆਂ ਨਿਰਮਲ ਬੁੱਧ, ਪ੍ਰੀਤਮਾਨ ਸਿੱਖ ਸੰਗਤਾਂ ਨੂੰ ‘ਪਾਪ ਕੀ ਜੰਞ’ ਚੜ੍ਹਾ ਲਿਆਉਣ ਵਾਲੇ, ਕਿਤੇ ਸੱਜਣ ਠੱਗ ਦੇ ਸੇਵਕ, ਕਿਸੇ ਪਾਸੇ ਮਲਕ ਭਾਗੋ ਦੇ ਭਾਈਬੰਦ, ਕਿਤੇ ‘ਪੜ੍ਹੇ-ਲਿਖੇ ਮੂਰਖ’ ਧਰਮ ਉਪਦੇਸ਼ ਦੇਣ ਲਗ ਪਏ। ਸਫੇਦ ਚੋਲਿਆਂ ਵਾਲੇ, ਨੀਲੇ ਬਾਣਿਆਂ ਵਾਲੇ, ਭਗਵੇ ਕਰਨ ਵਾਲੇ, ਸਮੇਤ ਸੂਹੇ ਝੰਡਿਆਂ ਵਾਲੇ, ਤੁਹਾਡੇ ਪਾਵਨ ਫੁਰਮਾਨਾਂ ਦੀ ਸ਼ੋਭਾ ਸੰਗਤਾਂ ਨੂੰ ਕੰਨ ਪਾੜਵੀਆਂ ਅਵਾਜ਼ਾਂ ਰਾਹੀਂ ਸੁਣਾ ਰਹੇ ਸਨ। ਇਨ੍ਹਾਂ ਵੱਡੇ ਇਕੱਠਾਂ ਵਿੱਚ ਬਾਕੀ ਸਾਰਾ ਕੁਝ ਸੀ, ਬਸ ਕੋਈ ਧਰਮੀ ਪੁਰਖ, ਧਰਮ ਦੀ ਕਿਰਤ ਕਮਾਈ ਕਰਨ ਵਾਲਾ ਮਨੁੱਖ, ਧਰਮ ਨੂੰ ਸਮਝ ਕੇ, ਉਸ ਮੁਤਾਬਕ ਜੀਵਨ ਜੀਉਣ ਵਾਲਾ ਇਨਸਾਨ ਨਹੀਂ ਦਿੱਸ ਰਿਹਾ ਸੀ, ਜੋ ਕਹਿਣੀ ਤੇ ਕਰਣੀ ਦਾ ਪੂਰਾ-ਪੂਰਾ ਹੋਵੇ।
ਬਾਬਾ ਜੀ, ਬਹੁਤ ਪੈਸਾ ਰੋੜ੍ਹਿਆ ਗਿਆ ਹੈ ਧਰਮ ਦੇ ਨਾਮ ’ਤੇ। ਬਹੁਤ ਪੈਸਾ ਕਮਾਇਆ ਵੀ ਗਿਆ ਹੈ ਧਰਮ ਦੇ ਨਾਮ ’ਤੇ। ਇਸ ਵੱਡੇ ਨਗਾਰਖਾਨੇ ਵਿੱਚ ਧਰਮ ਦਾ ਕੋਈ ਅੰਸ਼ ਅਸੂਲ ਚਿਰਾਗ ਲੈ ਕੇ ਢੂੰਡਿਆਂ ਭੀ ਨਹੀਂ ਲੱਭਦਾ। ਨਾਲੇ ਸਤਿਗੁਰੂ ਜੀ, ਸ਼ਬਦ ਦਾ ਪਹਿਲਾ ਪ੍ਰਕਾਸ਼ ਇਹ ਕਿਵੇਂ ਸੀ? ਅਸੀਂ ਮੂਰਖ ਜਿਹੇ ਸੇਵਕ ਸਮਝਣ ਤੋਂ ਅਸਰਮਥ ਹਾਂ। ਤੁਸੀਂ ਜਿਸ ਦਿਨ ਆਪਣੇ ਮੁਖਾਰਬਿੰਦ ਤੋਂ ਪਹਿਲਾ ਪਾਵਨ ਬਚਨ ਉਚਾਰਨ ਕੀਤਾ - ਪਾਂਧੇ ਨੂੰ, ਪੁਰੋਹਿਤ ਨੂੰ, ਰਾਏ ਬੁਲਾਰ ਨੂੰ, ਵੈਦ ਨੂੰ ਦਾਈ ਨੂੰ, ਮਾਤਾ-ਪਿਤਾ ਨੂੰ ਜਾਂ ਭੈਣ ਨਾਨਕੀ ਜੀ ਨੂੰ। ਜੋ ਉਪਦੇਸ਼ ਤੁਸੀਂ ਪਹਿਲੀ ਵਾਰੀ ਦਿੱਤਾ, ਉਹੀ ਅਸਲ ਵਿੱਚ ਤੁਹਾਡੀ ਬਾਣੀ ਦਾ ਪਹਿਲਾ ਪ੍ਰਕਾਸ਼ ਸੀ। ਸੰਪਾਦਨਾ ਹੋਈ ਸੀ 1604 ਵਿੱਚ। ਤੇ ਸੰਪੂਰਨਤਾ ਪਰਵਾਨ ਕੀਤੀ ਗਈ ਅਕਤੂਬਰ 1708 ਵਿੱਚ। ਬਾਕੀ ਜੋ ਕੁਝ ਹੋਇਆ ਸੁ ਹੋਇਆ ਪਰ ਤੁਹਾਡੇ ਉਪਦੇਸ਼ ਨੂੰ ਕਿਤੇ ਨੇੜੇ ਭੀ ਨਹੀਂ ਫਟਕਣ ਦਿੱਤਾ ਗਿਆ। ਹਾਂ, ਇਕ ਵੱਡਾ ਸਾਰਾ ਮੇਲਾ ਜਿਹਾ ਜ਼ਰੂਰ ਸੀ ਇਹ।
ਪਰਉਪਕਾਰੀ ਬਾਬਾ ਨਾਨਕ ਜੀ ! ਅੱਜ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਤੁਹਾਡੇ ਕ੍ਰਾਂਤੀਕਾਰੀ ਉਪਦੇਸ਼ਾਂ ਨੂੰ ‘‘ਜਾਗ੍ਰਿਤੀ ਯਾਤਰਾ’’ ਦਾ ਨਾਮ ਦੇ ਕੇ, ਦੇਸ਼ ਭਰ ਵਿੱਚ ਘੁਮਾਇਆ ਜਾ ਰਿਹਾ ਹੈ। ਜਿਸ ਅਸਥਾਨ ਤੋਂ ਬੜੇ ਲੰਬੇ ਸਮੇਂ ਤੋਂ ਮਨਮਤਿ ਦਾ ਪ੍ਰਚਾਰ ਹੁੰਦਾ ਰਿਹਾ ਹੈ। ਜਿਸ ਅਸਥਾਨ ’ਤੇ ਸਾਰੀ ਉਹੀ ਰੀਤਾਂ ਚਲਦੀਆਂ ਹਨ, ਜਿਨ੍ਹਾਂ ਨੂੰ ਤੁਸੀਂ ਸਖ਼ਤੀ ਨਾਲ ਬੰਦ ਕਰਨ ਦਾ ਹੁਕਮ ਦਿੱਤਾ ਸੀ। ਜਿਸ ਅਸਥਾਨ ’ਤੇ ਤੁਹਾਡੀ ‘‘ਧੁਰ ਕੀ ਬਾਣੀ’’ ਦੀ ਬਰਾਬਰੀ ‘ਕੰਜਰ ਕਵਿਤਾਵਾਂ’ ਕਰ ਰਹੀਆਂ ਹਨ। ਰੱਬ ਦਾ ਰੂਪ 35 ਮਹਾਂਪੁਰਖਾਂ ਦੇ ਬਰਾਬਰ ਲੁੱਚਿਆਂ-ਲਫੰਗਿਆਂ ਨੂੰ ਬਿਠਾ ਦਿੱਤਾ ਗਿਆ ਹੈ। ਅਨਜਾਣ ਸ਼ਰਧਾਲੂਆਂ ਤੋਂ ਇਸ ਅਸ਼ਲੀਲ ਕਵਿਤਾ ਨੂੰ ਮੱਥੇ ਟਿਕਵਾਏ ਜਾ ਰਹੇ ਹਨ। ਅਜਿਹੇ ਲੋਕਾਂ ਦੀ ਜੁੰਡਲੀ 300 ਸਾਲਾ ਪੁਰਬ ਦੇ ਬਹਾਨੇ ਆਮ ਸਿੱਖਾਂ ਦੀ ਕਮਾਈ ’ਤੇ ਹੱਥ ਸਾਫ਼ ਤਾਂ ਕਰ ਹੀ ਰਹੀ ਹੈ - ਨਾਲ ਹੀ ਹਜ਼ੂਰ ਸਾਹਿਬ ਨੂੰ ਇਕ ਸ਼ਕਤੀਸ਼ਾਲੀ ਅਸਥਾਨ ਦੇ ਤੌਰ ’ਤੇ ਭੀ ਉਭਾਰ ਰਹੀ ਹੈ। ਤੁਸੀਂ ਦਸਵੇਂ ਸਰੂਪ ਵਿੱਚ ਆਕੇ, ਕੇਵਲ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਸੀ। ਇਨ੍ਹਾਂ ਪਖੰਡੀ ਪੁਜਾਰੀਆਂ ਨੇ ‘ਸ਼ਬਦ’ ਨਾਲੋਂ ਨਾਤਾ ਖ਼ੁਦ ਤਾਂ ਤੋੜਿਆ ਹੀ ਸੀ, ਹਰ ਹਰਬਾ ਵਰਤ ਕੇ ਆਮ ਸਿੱਖ ਨੂੰ ਸ਼ਬਦ ਗੁਰੂ ਨਾਲੋਂ ਤੋੜ ਰਹੇ ਰਹੇ ਹਨ। ਬਚਿੱਤਰ ਨਾਟਕ ਨੂੰ ਗੁਰੂ ਦਾ ਦਰਜਾ ਦਿਵਾਉਣ ਵਾਸਤੇ ਅੱਡੀ-ਚੋਟੀ ਦਾ ਜ਼ੋਰ ਲਾ ਦਿੱਤਾ ਹੈ।
ਬਾਬਾ ਜੀ ! ਤੁਸੀਂ ਏਸ਼ੀਆ ਦਾ ਬਹੁਤ ਵਿਸ਼ਾਲ ਪ੍ਰਚਾਰ ਦੌਰਾ ਕੀਤਾ ਸੀ। ਗਫ਼ਲਤ ਦੀ ਨੀਂਦ ਵਿੱਚ ਸੁੱਤੇ ਲੋਕਾਂ ਨੂੰ ‘ਸਿੰਘ ਗਰਜ’ ਨਾਲ ਜਗਾਇਆ ਸੀ। ਤੁਸੀਂ ਆਪਣੇ ਨੌਵੇਂ ਜਾਮੇ ਵਿੱਚ ਆ ਕੇ ਭੀ ਬੜੇ ਕ੍ਰਾਂਤੀਕਾਰੀ ਪ੍ਰਚਾਰ ਦੌਰੇ ਕੀਤੇ ਸਨ। ਬਾਬਾ ਜੀ, ਮੈਂ ਸੋਚਦਾ ਹਾਂ ਕਿ ਅਗਰ ਤੁਸੀਂ ‘ਮੌਨ’ ਧਾਰਨ ਕਰਕੇ, ਯਾਤਰਾ ਕਰਦੇ ਰਹਿੰਦੇ, ਤਾਂ ਤੁਹਾਡੇ ਅਨਮੋਲ ਵਿਚਾਰ ਲੋਕਾਂ ਤੱਕ ਕਿਵੇਂ ਪੁੱਜਦੇ। ਸੰਗਤਾਂ ਕਿਵੇਂ ਕਾਇਮ ਹੁੰਦੀਆਂ? ‘ਸੰਤਾਂ’ ਤੋਂ ‘ਸਿਪਾਹੀ’ ਕਿਵੇਂ ਬਣਦੇ? ਨਾਲੇ ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ ਭੀ ਅਗਰ ਸਾਰੀ ਉਮਰ ‘ਮੌਨ’ ਧਾਰਨ ਕਰੀ ਰੱਖਦੇ, ਕਿਸੇ ਮੁਸੀਬਤ ਦਾ ਸਾਮਹਣਾ ਭੀ ਨਹੀਂ ਕਰਨਾ ਪੈਣਾ ਸੀ। ਪਰ ਇਹ ਭੀ ਸੱਚ ਹੈ ਕਿ ਤੁਹਾਡੇ ਸਭ ਦੇ ਸਰੀਰਾਂ ਦੇ ਨਾਲ ਹੀ ਤੁਹਾਡੇ ਵਿਚਾਰ ਭੀ ਖ਼ਤਮ ਹੋ ਜਾਣੇ ਸਨ। ਤੁਹਾਡੇ ਆਪਣੇ ਉਪਦੇਸ਼ਾਂ ਨੂੰ ਹਰ ਪ੍ਰਾਣੀ ਤੱਕ ਪ੍ਰਵਾਹਿਤ ਕਰਨ ਵਾਸਤੇ ‘ਪੋਥੀ’ ਬਣਾਈ। ਫਿਰ 1708 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਚੱਲਣ ਦਾ ਹੁਕਮ ਦਿੱਤਾ। ਪਰ ਬਾਬਾ ਜੀ ! ‘ਜਾਗ੍ਰਿਤੀ ਯਾਤਰਾ’ ਦਾ ਨਾਟਕ ਰਚਨ ਵਾਲੇ ਰੁਪਇਆਂ ਦੀਆਂ ਪੰਡਾਂ ਇਕੱਠੀਆਂ ਕਰ ਰਹੇ ਹਨ। ਯਾਦਗਾਰੀ ਸਿੱਕੇ ਸੌ ਵਾਲਾ ਪੰਜ ਸੌ ਨੂੰ ਤੇ ਪੰਜ ਸੌ ਵਾਲਾ 1500 ਰੁਪਏ ਨੂੰ ਵੇਚ ਸੰਗਤਾਂ ਨੂੰ ਲੁੱਟ ਰਹੇ ਹਨ। ਤੁਹਾਡੇ ਉਪਦੇਸ਼ (ਗੁਰਬਾਣੀ ਇਤਿਹਾਸ ਆਦਿ) ਨੂੰ ਤਾਂ ਜਿੰਦਰੇ ਮਾਰ ਦਿੱਤੇ ਹਨ।
ਇਸ ਵਾਰੀ ਘੱਟੋ-ਘੱਟ 300 ਬੋਲੀਆਂ ਵਿੱਚ ਗੁਰਮਤਿ ਸਾਹਿਤ ਛਾਪ ਕੇ ਵੰਡਿਆ ਜਾਂਦਾ। ਦੁਨੀਆ ਭਰ ਦੇ ਲੋਕਾਂ ਨੂੰ ਤੁਹਾਡੀ ਸਿੱਖਿਆ ਤੋਂ ਵਾਕਫ਼ ਕਰਵਾਇਆ ਜਾਂਦਾ। ਇਹ ਪ੍ਰਬੰਧਕ ਤੁਹਾਡੇ ਵੱਲੋਂ ਹੀ ਥਾਪੇ ਹੋਏ ਹਨ ਜਾਂ ਤੁਹਾਡੇ ਨਾਲੋਂ ਵੱਧ ਤਾਕਤ ਹਾਸਲ ਕਰਕੇ, ਇਨ੍ਹਾਂ ਨੇ ਤੁਹਾਨੂੰ ‘ਅਗਵਾ’ ਕਰ ਲਿਆ ਹੈ। ਤੁਸੀਂ ਬਾਬਰ ਤੋਂ ਨਹੀਂ ਹਾਰੇ। ਜਹਾਂਗੀਰ ਦੀ ਈਨ ਨਹੀਂ ਮੰਨੀ। ਔਰੰਗਜ਼ੇਬ ਅੱਗੇ ਝੁਕਣ ਤੋਂ ਇਨਕਾਰ ਕੀਤਾ। ਅੱਜ ਤੁਸੀਂ ਆਪਣਿਆਂ ਅੱਗੇ ਬੇਬਸ ਵਿਖਾਈ ਦੇ ਰਹੇ ਹੋ। ਤੁਹਾਡਾ ਗਿਆਨ, ਕਿਸੇ ਨੂੰ ਨਹੀਂ ਦਿੱਤਾ ਜਾ ਰਿਹਾ। ਤੁਸੀਂ ਦੁਨੀਆ ਭਰ ਵਿੱਚ ਗੋਸ਼ਟਾਂ (ਵਿਚਾਰ-ਚਰਚਾਵਾਂ ਤੇ ਲੈਕਚਰ) ਰਚਾਉਂਦੇ ਰਹੇ। ਪਰ ਅੱਜ ਤੁਹਾਡੇ ਮੂੰਹ ’ਤੇ ਕਪੜਾ ਵਲੇਟ ਦਿੱਤਾ ਹੈ। ਤੁਹਾਨੂੰ ਲੋਰੀਆਂ ਦੇ ਕੇ ਸੁਲਾ ਦਿੱਤਾ ਗਿਆ ਹੈ। ਏ.ਸੀ. ਦੀ ਠੰਢ ਵਿੱਚ ਤੁਹਾਨੂੰ ‘ਠੰਡੇ’ ਕਰ ਦਿੱਤਾ ਗਿਆ ਹੈ। ਹੁਣ ਭਾਵੇਂ ਤੁਹਾਨੂੰ ਪੈਦਲ ਤਾਂ ਨਹੀਂ ਤੁਰਨਾ ਪੈਂਦਾ ਪਰ ਮਹਿੰਗੀਆਂ ਗੱਡੀਆਂ, ਰੇਸ਼ਮੀ ਗੱਦੇ, ਫੁੱਲਾਂ ਦੀਆਂ ਮਹਿਕਾਂ, ਸੇਵਕਾਂ ਦੀਆਂ ਧਾੜਾਂ, ਤੁਹਾਨੂੰ ਆਮ ਮਨੁੱਖ ਤੱਕ ਜਾਣ ਹੀ ਨਹੀਂ ਦਿੰਦੀਆਂ। ਤੁਹਾਡੇ ਪੰਥ ਦਾ ਹੁਣ ਕੀ ਹਾਲ ਹੋ ਗਿਆ ਹੈ, ਸ਼ਾਇਦ ਤੁਹਾਨੂੰ ਪਤਾ ਹੀ ਨਹੀਂ।
ਸਤਿਗੁਰੂ ਬਾਬਾ ਜੀ, ਇਹ ਕਿਹੋ ਜਿਹੀ ‘ਜਾਗ੍ਰਿਤੀ’ ਹੈ? ਇਨ੍ਹਾਂ ਲੋਕਾਂ ਪਰਥਾਏ ਤੁਹਾਡੇ ਬਚਨ ਇਹੀ ਸਨ :
ਫਾਹੀ ਸੁਰਤਿ ਮਲੂਕੀ ਵੇਸੁ।।
ਹਉ ਠਗਵਾੜਾ ਠਗੀ ਦੇਸੁ।।
ਖਰਾ ਸਿਆਣਾ ਬਹੁਤਾ ਭਾਰੁ।।
ਧਾਣਕ ਰੂਪਿ ਰਹਾ ਕਰਤਾਰੁ।।
(ਮਹਲਾ 1, 25)
ਤੁਹਾਡਾ ਇਕ ਨਿਮਾਣਾ ਜਿਹਾ ਸੇਵਕ
- ਇੰਦਰ ਸਿੰਘ ਘੱਗਾ
conventional methods, Sikh, heritage, centuries, excuse, method, tool, mental, financial, exploitation of Sikhs, 1969, 1979, 1999, 2004, 2008, jagriti yatra, author, Prof. Inder Singh Ghagga