Subscription About Us Contact Us


ਆਪਣੇ ਨਾਗਰਿਕਾਂ ’ਤੇ ਵਹਿਸ਼ੀ ਹਮਲਾ

- ਪ੍ਰੋ: ਇੰਦਰ ਸਿੰਘ ਘੱਗਾ -

ਸੰਨ 1971 ਵਿੱਚ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ਵਿੱਚ ਆਪਣੀ ਫੌਜ ਨੂੰ ਭੇਜਣ ਤੋਂ ਪਹਿਲਾਂ, ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਭਾਰਤੀ ਮੀਡੀਏ ਨੂੰ ਆਪਣੇ ਹੱਕ ਵਿੱਚ ਉਲਾਰ ਅਵਸਥਾ ਵਿੱਚ ਲੈ ਆਂਦਾ ਸੀ। ਫਿਰ ਇੰਦਰਾ ਵਿਦੇਸ਼ਾਂ ਦੇ ਇਕ ਲੰਮੇ ਦੌਰੇ ’ਤੇ ਨਿਕਲੀ - ਇਹ ਦੱਸਣ ਕਿ ਜੰਗ ਲੜਾਉਣੀ, ਪੂਰਬੀ ਪਾਕਿਸਤਾਨ ਦੀ ਫੌਜੀ ਮਦਦ ਕਰਨੀ, ਸਾਡਾ ਸ਼ੌਕ ਨਹੀਂ ਸਗੋਂ ਮਜਬੂਰੀ ਹੈ, ਮਤਾਂ ਕੱਲ ਨੂੰ ਕੋਈ ਸਾਨੂੰ ਬੁਰਾ ਨਾ ਆਖੇ। ਇਸ ਮਿਸ਼ਨ ਵਿੱਚ ਉਹ ਸਫ਼ਲ ਰਹੀ ਤੇ ਪੂਰਬੀ ਪਾਕਿਸਤਾਨ ਨੂੰ ਪੱਛਮੀ ਪਾਕਿਸਤਾਨ ਨਾਲੋਂ ਵੱਖ ਕਰਕੇ ‘ਬੰਗਲਾਦੇਸ਼’ ਬਣਾ ਦਿੱਤਾ। ਇਸੇ ਤਰ੍ਹਾਂ ਆਪਣੇ ਸਾਧਨਾਂ ਰਾਹੀਂ, ਇੰਦਰਾ ਨੇ ਸਿੱਖਾਂ ਨੂੰ ‘ਖ਼ਤਰਨਾਕ ਅਪਰਾਧੀ’ ਦੇ ਰੂਪ ਵਿੱਚ ਪੇਸ਼ ਕੀਤਾ ਗਿਆ। ‘‘ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਖ਼ਤਰਾ ਹੈ’’ ਦੀਆਂ ਟਾਹਰਾਂ ਮਾਰੀਆਂ ਗਈਆਂ। ਮੀਡੀਆ ਤੋਂ ਇਲਾਵਾ ਸਾਰੀਆਂ ਵਿਰੋਧੀ ਪਾਰਟੀਆਂ ਭੀ ਸਿੱਖਾਂ ਦੇ ਵਿਰੁੱਧ ਅਤੇ ਇੰਦਰਾ ਗਾਂਧੀ ਦੇ ਹੱਥਾਂ ਵਿੱਖ ਖੇਡਦੀਆਂ ਰਹੀਆਂ। ਜੋ ਇੰਦਰਾ ਨੇ ਚਾਹਿਆ, ਉਨ੍ਹਾਂ ਉਹੀ ਕਿਹਾ ਤੇ ਕੀਤਾ। ਮਾਹੌਲ ਦੀ ਸਿਰਜਣਾ ਕਰਕੇ, ਭਾਰਤੀ ਫੌਜ ਨੂੰ ਆਪਣੇ ਹੀ ਸ਼ਹਿਰੀਆਂ ਨੂੰ ਮਾਰਨ ਵਾਸਤੇ, ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ’ਤੇ ਇਕੱਤਰ ਹੋਈਆਂ ਸੰਗਤਾਂ ਅਤੇ ਸਿੱਖਾਂ ਦੇ ਪ੍ਰਮੁੱਖ ਧਾਰਮਕ ਅਸਥਾਨ ਉੱਤੇ ਤੋਪਾਂਟੈਂਕਾਂ ਨਾਲ ਹਮਲਾ ਕਰ ਦਿੱਤਾ ਗਿਆ। ਜੂਨ ਦਾ ਪਹਿਲਾ ਹਫ਼ਤਾ ਅਤਿ ਦੀ ਗਰਮੀ, ਸ਼ਰਮਧਾਲੂਆਂ ਦਾ ਭਾਰੀ ਇਕੱਠ ਤੇ ਫੌਜੀ ਹਮਲਾ।

ਜੇ ਸਰਕਾਰ ਦਿਆਨਤਦਾਰ ਹੁੰਦੀ ਤਾਂ ਦਰਬਾਰ ਸਾਹਿਬ ਵਿੱਚ ਹਥਿਆਰ ਆਉਣ ਹੀ ਨਾ ਦਿੰਦੀ। ਜੇ ਸਰਕਾਰ ਇਮਾਨਦਾਰ ਹੁੰਦੀ ਤਾਂ ਇੱਕਾ-ਦੁੱਕਾ ਵਾਰਦਾਤਾਂ ਕਰਕੇ ਪਰਕਰਮਾ ਵਿੱਚ ਗਏ ਅਪਰਾਧੀਆਂ ਨੂੰ ਅੰਦਰ ਜਾ ਕੇ ਫੜਿਆ ਜਾ ਸਕਦਾ ਸੀ। ਸਮੇਂ ਸਿਰ ਅਜਿਹਾ ਨਾ ਕੀਤਾ ਗਿਆ। ਜਦੋਂ ਹਾਲਾਤ ਪੂਰੀ ਤਰ੍ਹਾਂ ਵਿਗੜ ਗਏ, ਉਸ ਵਕਤ ਟੈਂਕ ਅਤੇ ਤੋਪਾਂ ਚਾਹੜ ਦਿੱਤੀਆਂ। ਅੰਦਰ ਖੂਨ ਦੀਆਂ ਨਦੀਆਂ ਬਹਾ ਦਿੱਤੀਆਂ। ਬੇ-ਦੋਸ਼ਿਆਂ ਦੇ ਚੀਥੜੇ ਉਡਾ ਦਿੱਤੇ। ਬੱਚਿਆਂ ਤੱਕ ਨੂੰ ਕੋਹ-ਕੋਹ ਕੇ ਮਾਰਿਆ ਗਿਆ। ਬੀਬੀਆਂ ਨਾਲ ਸ਼ਰਮਨਾਕ ਸਲੂਕ ਕੀਤਾ ਗਿਆ। 6 ਜੂਨ 1984 ਨੂੰ ਭਾਈ ਜਰਨੈਲ ਸਿੰਘ ਤੇ ਸ੍ਰ: ਸੁਬੇਗ ਸਿੰਘ ਨੂੰ ਮਾਰ ਦਿੱਤਾ ਗਿਆ। 7 ਜੂਨ ਨੂੰ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਕਈ ਟਰੱਕ ਭਰ ਕੇ, ਲਿਟਰੇਚਰ ਕੱਢ ਲਿਆ ਗਿਆ। ਬਾਕੀ ਬਚੇ ਸਾਹਿਤ ਨੂੰ ਅੱਗ ਲਾ ਦਿੱਤੀ ਗਈ। ਬਚੇ ਹੋਏ ਗ੍ਰਿਫ਼ਤਾਰ ਵਿਅਕਤੀਆਂ ਨਾਲ ਅਤਿ ਘਟੀਆ ਸਲੂਕ ਕੀਤਾ ਗਿਆ। ਦੋ ਦੇਸ਼ਾਂ ਦੀ ਜੰਗ ਸਮੇਂ ਭੀ ਆਮ ਨਾਗਰਿਕਾਂ ਅਤੇ ਗ੍ਰਿਫ਼ਤਾਰ ਹੋਏ ਫੌਜੀਆਂ ਨਾਲ ਭੀ ਨਰਮੀ ਵਾਲਾ ਸਲੂਕ ਕਰਨ ਦੇ ਸਮਝੌਤੇ ‘ਜਨੇਵਾ ਸੰਧੀ’ ਵਿੱਚ ਹੋਏ ਸਨ। ਭਾਰਤੀ ਫੌਜ ਨੇ ਆਪਣੇ ਹੀ ਦੇਸ਼ ਦੇ ਸ਼ਹਿਰੀਆਂ ’ਤੇ ਉਸ ਸੰਧੀ ਨੂੰ ਲਾਗੂ ਨਹੀਂ ਕੀਤਾ। ਸ੍ਰੀ ਹਰਚੰਦ ਸਿੰਘ ਲੌਂਗੋਵਾਲ ਤੇ ਸ੍ਰੀ ਗੁਰਚਰਨ ਸਿੰਘ ਟੌਹੜਾ ਨੂੰ ਉਨ੍ਹਾਂ ਦੇ ਕੁਝ ਚੋਣਵੇਂ ਸਾਥੀਆਂ ਨਾਲ ਫੌਜ ਨੇ ‘ਗ੍ਰਿਫ਼ਤਾਰ’ ਕਰ ਲਿਆ ਅਤੇ ਅਰਾਮ ਫੁਰਮਾਉਣ ਲਈ ਗੈਸਟ ਹਾਊਸ ਵਿੱਚ ਭੇਜ ਦਿੱਤਾ। ਬਾਕੀਆਂ ਨੂੰ ਥਾਉਂ-ਥਾਈਂ ਕੇਸ ਬਣਾ ਕੇ ਜੇਲ੍ਹਾਂ ਵਿੱਚ ਭੇਜ ਦਿੱਤਾ।

ਜੇ ਭਾਰਤ ਸਰਕਾਰ ਚਾਹੁੰਦੀ ਤਾਂ ਦਰਬਾਰ ਸਾਹਿਬ ਨੂੰ ਹਥਿਆਰਬੰਦ ਗਿਰੋਹਾਂ ਦਾ ਟਿਕਾਣਾ ਨਾ ਬਣਨ ਦਿੰਦੀ। ਜੇ ਸਰਕਾਰ ਚਾਹੁੰਦੀ ਤਾਂ ਦਰਬਾਰ ਸਾਹਿਬ ਕੰਪਲੈਕਸ ਅੰਦਰ ਹਥਿਆਰ ਆਉਣ ਹੀ ਨਾ ਦਿੰਦੀ। ਜੇ ਸਰਕਾਰ ਚਾਹੁੰਦੀ ਤਾਂ ਮੰਗਾਂ ਮੰਨ ਕੇ ਸਿੱਖਾਂ ਦੇ ਮਨ ਜਿੱਤ ਲੈਂਦੀ। ਜੇ ਸਰਕਾਰ ਚਾਹੁੰਦੀ ਤਾਂ ਯਾਤਰੂਆਂ ਨੂੰ ਬਾਹਰ ਆਉਣ ਦੀ ਇਜਾਜ਼ਤ ਦੇ ਦਿੰਦੀ। ਜੇ ਸਰਕਾਰ ਇਮਾਨਦਾਰ ਹੁੰਦੀ ਤਾਂ ਸ਼ਹੀਦੀ ਪੁਰਬ ਵਾਲੇ ਦਿਨ ਨਹੀਂ, ਕਿਸੇ ਹੋਰ ਦਿਨ ਘੇਰਾ ਪਾਉਂਦੀ। ਜੇ ਸਰਕਾਰ ਦਿਆਨਤਾਰ ਹੁੰਦੀ ਤਾਂ ਦਰਬਾਰ ਸਾਹਿਬ ਪਰਿਸਰ ਦਾ ਬਿਜਲੀ, ਪਾਣੀ ਆਦਿ ਬੰਦ ਕਰ ਦਿੰਦੀ। ਜੇ ਫਿਰ ਭੀ ਹਾਲਾਤ ਕਾਬੂ ਨਾ ਆਉਂਦੇ, ਤਾਂ ਲੰਮੇਂ ਸਮੇਂ ਤੱਕ ਨਾਕੇਬੰਦੀ ਕੀਤੀ ਜਾ ਸਕਦੀ ਸੀ। ਅਖੀਰ ਵਿੱਚ ਬੇਹੋਸ਼ ਕਰਨ ਵਾਲੇ ਗੋਲੇ ਸੁੱਟ ਕੇ ਅੰਦਰ ਲੁਕੇ ਵਿਅਕਤੀਆਂ ਨੂੰ ਫੜਿਆ ਜਾ ਸਕਦਾ ਸੀ। ਅਫਸੋਸ ਕਿ ਜਾਣਦਿਆਂ-ਬੁੱਝਦਿਆਂ ਇਨ੍ਹਾਂ ਵਿੱਚੋਂ ਕੋਈ ਰਾਹ ਨਹੀਂ ਅਪਣਾਇਆ ਗਿਆ। ਸਗੋਂ ਸਿੱਖਾਂ ਨੂੰ ‘ਸਬਕ ਸਿਖਾਉਣ’ ਅਤੇ ਜ਼ਲੀਲ ਕਰਨ ਲਈ ਧਾਰਮਕ ਅਸਥਾਨ ਦੀ ਤਬਾਹੀ ਅਤੇ ਨਿਰਦੋਸ਼ ਲੋਕਾਂ ਦੇ ਕਤਲੇਆਮ ਦਾ ਮਾਰੂ ਰਾਹ ਅਖ਼ਤਿਆਰ ਕੀਤਾ ਗਿਆ।

ਇਸ ਫੌਜੀ ਕਾਰਵਾਈ ਦੌਰਾਨ ਦਰਬਾਰ ਸਾਹਿਬ ਕੰਪਲੈਕਸ ਦੇ ਵਹਿਸ਼ੀਆਨਾ ਕਾਰਿਆਂ ਦਾ ਸ਼ਾਇਦ ਪਤਾ ਹੀ ਨਾ ਲਗਦਾ, ਜੇਕਰ ਏ.ਪੀ. (ਐਸੋਸੀਏਟਿਡ ਪ੍ਰੈਸ, ਇੰਗਲੈਂਡ) ਦੀ ਖ਼ਬਰ ਏਜੰਸੀ ਦਾ ਪੱਤਰਕਾਰ ਬ੍ਰਹਮ ਚੇਲਾਨੀ, ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਇਕ ਉੱਚੀ ਥਾਵੇਂ ਨਾ ਲੁਕਿਆ ਹੁੰਦਾ। ਉਸ ਚਤਰ ਵਿਕਅਤੀ ਨੇ, ਅੰਦਰ ਹੋ ਰਹੇ ਘਟਨਾਕ੍ਰਮ ਨੂੰ ਇਕ ਤਾਕਤਵਰ ਕੈਮਰੇ ਨਾਲ ਪ੍ਰਾਪਤ ਕਰਕੇ, ਖ਼ਬਰ ਬਣਾਉਣੀ ਅਤੇ ਫਿਰ ਡੁਬਈ ਦੇ ਰਸਤੇ ਇੰਗਲੈਂਡ ਨੂੰ ਭੇਜ ਦੇਣੀ। ਡੁਬਈ ਦੇ ਰਸਤੇ ਇਸ ਕਰਕੇ ਕਿਉਂਕਿ ਭਾਰਤ ਸਰਕਾਰ ਦੇ ਖੁਫੀਆ ਵਿਭਾਗ ਪੱਛਮ ਵੱਲ ਜਾ ਰਹੀਆਂ ਖ਼ਬਰਾਂ ਦੀ ਜ਼ਿਆਦਾ ਛਾਣਬੀਣ ਕਰਦੀ ਸੀ, ਡੁਬਈ ਵੱਲ ਨਹੀਂ। ਇਕ ਹਫ਼ਤਾ ਲਗਾਤਾਰ ਸਾਰੀ ਖ਼ਬਰ ਦੁਨੀਆ ਭਰ ਵਿੱਚ ਜਾਂਦੀ ਰਹੀ। ਅਖ਼ਬਾਰਾ ਵਿੱਚ ਛਪਦੀ ਰਹੀ, ਟੀ.ਵੀ. ਚੈਨਲਾਂ ’ਤੇ ਹੁ-ਬ-ਹੂ ਦਿਖਾਈ ਜਾਂਦੀ ਰਹੀ। ਭਾਰਤ ਸਰਕਾਰ ਨੂੰ ਬੜੀ ‘ਸ਼ਰਮਿੰਦਗੀ’ ਮਹਿਸੂਸ ਹੋ ਰਹੀ ਸੀ। ਫਿਰ ਸਖ਼ਤੀ ਨਾਲ ਭਾਲ ਕੀਤੀ ਗਈ ਤਾਂ ਬ੍ਰਹਮ ਚੇਲਾਨੀ ਪੱਤਰਕਾਰ ਨੂੰ ਗ੍ਰਿਫ਼ਤਾਰ ਕਰਕੇ ਦੇਸ਼-ਧ੍ਰੋਹ ਦਾ ਮੁਕੱਦਮਾ ਬਣਾ ਕੇ, ਜੇਲ੍ਹ ਬੰਦ ਕੀਤਾ ਗਿਆ। ਨੌ ਮਹੀਨੇ ਕੈਦ ਵਿੱਚ ਰਹਿ ਕੇ, ਪੱਛਮੀ ਮੁਲਕਾਂ ਵੱਲੋਂ ਦਬਾਉ ਪੈਣ ’ਤੇ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਅਤੇ ਤੁਰੰਤ ਦੇਸ਼ ਵਿੱਚੋਂ ਨਿਕਲ ਜਾਣ ਦਾ ਹੁਕਮ ਦੇ ਦਿੱਤਾ ਗਿਆ।

ਪਰ ਬ੍ਰਾਹਮਣੀ ਤੱਤਾਂ ਵੱਲੋਂ ਦਰਬਾਰ ਸਾਹਿਬ ’ਤੇ ਹਮਲਾ ਕਰਨ ਦੀ ਮਾੜੀ ਕਾਰਵਾਈ ਤੋਂ ਪਹਿਲਾਂ ਅਤੇ ਇਸ ਦੌਰਾਨ ਸਿੱਖਾਂ ਨੇ ਵੀ ਕਈ ਨੀਤੀਗਤ ਗਲਤੀਆਂ ਕੀਤੀਆਂ। ਭਾਈ ਜਰਨੈਲ ਸਿੰਘ ਨੇ ਅਗਰ ਫੌਜੀ ਬਲਾਂ ਨਾਲ ਹਥਿਆਰਬੰਦ ਜੰਗ ਲੜਨੀ ਹੀ ਸੀ, ਤਾਂ ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਬੈਠ ਕੇ ਨਹੀਂ ਲੜਨੀ ਚਾਹੀਦੀ ਸੀ। ਕਈ ਲੋਕਾਂ ਦਾ ਤਰਕ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਨੇ ਵੀ ਇੱਥੇ ਹੀ ਜੰਗ ਲੜੀ ਸੀ। ਪਰ ਇਹ ਸੱਚ ਨਹੀਂ। ਗੁਰੂ ਸਾਹਿਬ ਨੇ ਦਰਬਾਰ ਸਾਹਿਬ ਤੋਂ ਬਾਹਰ ਜਾ ਕੇ, ਪਿੱਪਲੀ ਵਾਲੇ ਅਸਥਾਨ ’ਤੇ ਲੜਾਈ ਲੜੀ ਸੀ। ਖੂਨ-ਖਰਾਬੇ ਤੋਂ ਲੋਕਾਂ ਨੂੰ ਬਚਾਉਣ ਹਿੱਤ, ਸਤਿਗੁਰੂ ਜੀ ਰਾਮਪੂਰਾ ਫੂਲ ਵੱਲ ਚਲੇ ਗਏ। ਅਗਲੀ ਜੰਗ ਉੱਥੇ ਹੀ ਮਗ੍ਹਜ ਦੇ ਸਥਾਨ ’ਤੇ ਹੋਈ ਸੀ। ਫਿਰ ਕਰਤਾਰ ਪੁਰ ਵਾਲੀ ਜੰਗ ਤੋਂ ਬਾਅਦ ਸਿੱਖਾਂ ਸਮੇਤ ਕੀਰਤਪੁਰ, ਪਹਾੜੀ ਇਲਾਕੇ ਵੱਲ ਚਲੇ ਗਏ ਤਾਂ ਕਿ ਲੜਾਈ ਤੋਂ ਬਚਿਆ ਜਾ ਸਕੇ। ਦਸਮ ਪਾਤਸ਼ਾਹ ਨੇ ਜੰਗ ਲੜਨ ਲਈ ਕਿਲੇ ਬਣਵਾਏ ਸਨ। ਕਈ ਵਾਰੀ ਉਹ ਅਨੰਦਪੁਰ ਤੋਂ ਬਾਹਰ ਭੀ ਚਲੇ ਜਾਂਦੇ ਰਹੇ, ਤਾਂ ਕਿ ਲੜਾਈ ਨੂੰ ਟਾਲਿਆ ਜਾ ਸਕੇ।

ਕੁਝ ਲੋਕਾਂ ਦਾ ਵਿਚਾਰ ਹੈ ਕਿ ਸਾਕਾ ਨੀਲਾ ਤਾਰਾ ਸਮੇਂ ਲੜਾਈ ਤਾਂ ਦੋ ਤਖ਼ਤਾਂ ਦੀ ਸੀ - ਦਿੱਲੀ ਦਾ ਤਖ਼ਤ ਅਤੇ ਅਕਾਲ ਤਖ਼ਤ। ਫਿਰ ਅਕਾਲ ਤਖ਼ਤ ਤੋਂ ਲੜਾਈ ਲੜਨੀ ਗਲਤ ਕਿਵੇਂ ਹੋ ਗਈ? ਪਹਿਲੀ ਗੱਲ ਤਾਂ ਇਹ ਕਿ ਅਕਾਲ ਪੁਰਖ ਦਾ ਕੋਈ ਇਕ ਇਕ ਬਝਵਾਂ ‘ਤਖ਼ਤ’ ਜਾਂ ਟਿਕਾਣਾ ਨਹੀਂ ਹੈ। ਉਹ ਨਿਰੰਕਾਰ ਹੈ, ਸਰਬ-ਵਿਆਪਕ ਹੈ। ਦੂਜੀ ਗੱਲ, ਕੋਈ ਦੁਨਿਆਵੀ ਫੌਜ ਅਕਾਲ ਪੁਰਖ ਦੇ ਨਿਰਾਕਾਰ ਸਰੂਪ ’ਤੇ ਹਮਲਾ ਨਹੀਂ ਕਰ ਸਕਦੀ। ਉਸਦੇ ਤਖ਼ਤ ਨੂੰ ਨਹੀਂ ਢਾਹ ਸਕਦੀ। ਇੱਥੇ ਭਾਰਤੀ ਫੌਜ ਨੇ ‘ਅਕਾਲ ਤਖ਼ਤ’ ਮਲਬੇ ਦਾ ਢੇਰ ਬਣਾ ਦਿੱਤਾ। ਅਗਲੀ ਗੱਲ, ਇੰਦਰਾ ਗਾਂਧੀ ਨੇ ਇਹ ਲੜਾਈ ਆਪਣੇ ਤਖ਼ਤ ਤੋਂ ਬੈਠ ਕੇ ਨਹੀਂ ਲੜੀ ਸੀ - ਆਪਣੇ ਤਖ਼ਤ (ਦਫ਼ਤਰ) ਤੋਂ ਸਿਰਫ਼ ਹੁਕਮ ਜਾਰੀ ਕੀਤਾ ਸੀ। ਉਸ ਵੱਲੋਂ ਭੇਜੀਆਂ ਫੌਜਾਂ ਨੇ ਜੰਗ ਤਾਂ ਉਸਦੇ ਤਖ਼ਤ (ਦਫ਼ਤਰ) ਤੋਂ ਬਾਹਰ ਹੀ, ਸਿੱਖਾਂ ਦੇ ਸਨਮੁਖ ਲੜੀ ਸੀ। ਤਖ਼ਤ ਸਿਰਫ਼ ਨਿਰਦੇਸ਼ ਜਾਰੀ ਕਰਨ ਲਈ, ਪ੍ਰਬੰਧਕੀ ਕੰਮਾਂ ਲਈ ਹੋਇਆ ਕਰਦਾ ਹੈ, ਜੰਗ ਦਾ ਅਖਾੜਾ ਨਹੀਂ ਹੁੰਦਾ। ਜੰਗ ਲਈ ਕਿਲੇ ਹੋ ਸਕਦੇ ਹਨ (ਪਰ ਅੱਜ ਦੇ ਮਾਰੂ ਹਥਿਆਰਾਂ ਸਾਹਮਣੇ ਕਿਲੇ ਵੀ ਕਮਜ਼ੋਰ ਪੈ ਗਏ ਹਨ)। ਸਿੱਖ ਯੋਧਿਆਂ ਨੂੰ ਭੀ ਇਹ ਲੜਾਈ ਗੁਰਦੁਆਰਿਆਂ ਵਿੱਚ ਵੜ ਕੇ ਨਹੀਂ, ਕਿਤੇ ਬਾਹਰ ਨਿਕਲ ਕੇ ਲੜਨੀ ਚਾਹੀਦੀ ਸੀ। ਜਿਵੇਂ ਕਿ 1984 ਤੋਂ ਮਗਰੋਂ ਦੀ ਯੁੱਧ ਨੀਤੀ (ਗੁਰਿੱਲਾ ਜੰਗ) ਅਪਣਾਈ ਗਈ ਸੀ। ਧਰਮ ਅਸਥਾਨ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਆਪਣੀ ਕਿਸੇ ਨਿਜੀ ਗਰਜ ਲਈ ਵਰਤਣਾ ਵਾਜਬ ਨਹੀਂ ਹੈ।

ਸਿਕੰਦਰ ਨੇ ਆਪਣੇ ਤਖ਼ਤ ਤੋਂ ਬੈਠ ਕੇ ਜੰਗ ਨਹੀਂ ਲੜੀ ਸੀ - ਮੈਦਾਨਾਂ ਵਿੱਚ, ਮੋਰਚਿਆਂ ਵਿੱਚ ਜਾਂ ਪਹਾੜਾਂ ਵਿੱਚ ਲੜੀ ਸੀ। ਵਾਟਰਲੂ ਦੀ ਭਿਆਨਕ ਜੰਗ, ਜਿਸ ਵਿੱਚ 70 ਹਜ਼ਾਰ ਸਿਪਾਹੀ ਮੌਤ ਦਾ ਖਾਜਾ ਬਣ ਗਏ ਸਨ, ਨੈਪੋਲੀਅਨ ਨੇ ਤਖ਼ਤ ਤੋਂ ਨਹੀਂ ਬਲਕਿ ਮੋਰਚਿਆਂ ਵਿੱਚੋਂ ਲੜੀ ਸੀ। ਬਾਬਰ ਨੇ, ਨਾਦਰ ਨੇ, ਅਹਿਹਮਦਸ਼ਾਹ ਨੇ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਕਦੀ ਤਖ਼ਤਾਂ ਤੋਂ ਲੜਾਈ ਨਹੀਂ ਲੜੀ। ਜਦੋਂ ਦੁਸ਼ਮਣ ਦੇ ਹਮਲੇ ਦਾ ਖ਼ਤਰਾ ਹੁੰਦਾ, ਸਿੰਘ ਸਮੇਂ ਦੀ ਨਜ਼ਾਕਤ ਨੂੰ ਵਿਚਾਰ ਕੇ, ਅੰਮ੍ਰਿਤਸਰ ਤੋਂ ਬਾਹਰ ਚਲੇ ਜਾਂਦੇ, ਮਤਾਂ ਦਰਬਾਰ ਸਾਹਿਬ ਅਤੇ ਸ਼ਹਿਰਵਾਸੀਆਂ ਦਾ ਕੋਈ ਨੁਕਸਾਨ ਨਾ ਹੋ ਜਾਵੇ। ਬਹਾਦਰ ਲੋਕ ਧਰਮ ਅਸਥਾਨ ਦੀ ਪਵਿੱਤਰਤਾ ਨੂੰ, ਜੰਗੀ ਮੋਰਚਿਆਂ ਦਾ ਰੂਪ ਦੇ ਕੇ, ਕਿਵੇਂ ਭੀ ਸੂਝਬੂਝ ਅਤੇ ਦੂਰ-ਅੰਦੇਸ਼ੀ ਦਾ ਦਾਅਵਾ ਨਹੀਂ ਕਰ ਸਕਦੇ।

ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਵਿਅਕਤੀਗਤ ਤੌਰ ’ਤੇ ਇਕ ਨੇਕ ਇਨਸਾਨ ਸਨ। ਉਹ ਬੇਹੱਦ ਨਿਡਰ ਸਨ, ਕੌਮ ਲਈ ਕੁਝ ਕਰਨਾ ਲੋਚਦੇ ਸਨ। ਅਕਾਲੀ ਲੀਡਰਾਂ ਦੀਆਂ ਗੱਦਾਰੀਆਂ ਅਤੇ ਲੂੰਬੜ ਚਾਲਾਂ ਤੋਂ ਦੁਖੀ ਸਨ। ਪਰ ਅਫ਼ਸੋਸ ਕਿ ਉਹ ਇਕ ਨਿਪੁੰਨ ਨੀਤੀਵਾਨ ਹੋਣ ਦਾ ਸਬੂਤ ਨਹੀਂ ਦੇ ਸਕੇ। ਜੇ ਕਦੀ ਉਨ੍ਹਾਂ ਨੂੰ ਆਪਣਾ ਮੋਰਚਾ ਬੇਕਾਬੂ ਹੁੰਦਾ ਨਜ਼ਰ ਆ ਰਿਹਾ ਸੀ, ਤਾਂ (ਲਚਕਦਾਰ ਨੀਤੀ ਅਪਣਾ ਕੇ) ਉਸ ਨੂੰ ਹਰ ਹਾਲਤ ਵਿੱਚ ਵਾਪਸ ਲਿਆ ਜਾਣਾ ਜਾਂ ਮੁਅੱਤਲ ਕਰ ਦਿੱਤਾ ਜਾਣਾ ਚਾਹੀਦਾ ਸੀ। ਸਿਆਸਤ ਵਿੱਚ ਕੋਈ ਧਿਰ ਹਮੇਸ਼ਾ ਦੋਸਤ ਜਾਂ ਦੁਸ਼ਮਣ ਨਹੀਂ ਹੋਇਆ ਕਰਦੀ। ਜੰਗ ਵਿੱਚ ਆਹਮੋ-ਸਾਹਮਣੇ ਲੜਨ ਵਾਲੇ, ਇਕੋ ਮੇਜ ਦੁਆਲੇ ਬੈਠ ਕੇ ਭੀ ਮਸਲੇ ਦਾ ਹੱਲ ਕਰ ਰਹੇ ਹੁੰਦੇ ਹਨ। ਇਕੱਠੇ ਵਿਚਾਰ-ਵਟਾਂਦਰਾ ਕਰ ਰਹੇ ਹੁੰਦੇ ਹਨ, ਜਲ-ਪਾਣੀ ਛਕ ਰਹੇ ਹੁੰਦੇ ਹਨ। ਸਮਝਦਾਰ ਆਗੂ ਉਹ ਹੋਇਆ ਕਰਦਾ ਹੈ, ਜੋ ਆਪਣੀ ਕੌਮ ਦਾ ਘੱਟ ਤੋਂ ਘੱਟ ਨੁਕਸਾਨ ਕਰਵਾ ਕੇ, ਵੱਧ ਤੋਂ ਵੱਧ ਫਾਇਦਾ ਕਰ ਵਿਖਾਵੇ। ਇਕ ਵਿਅਕਤੀ ਦੀ ਇੱਛਾ ’ਤੇ ਸਾਰੀ ਕੌਮ ਨੂੰ ਬਲਦੀ ਦੇ ਬੂਥੇ ਦੇ ਦੇਣਾ, ਕਿਸੇ ਤਰ੍ਹਾਂ ਭੀ ਸਿਆਣਪ ਨਹੀਂ ਆਖੀ ਜਾ ਸਕਦੀ।

ਇੰਦਰਾ ਸਰਕਾਰ ਤਾਂ ਸਿੱਖਾਂ ਨੂੰ ਜ਼ਲੀਲ ਕਰਨ ਵਾਸਤੇ ਕੋਈ ਢੁਕਵਾਂ ਮੌਕਾ ਲੱਭ ਰਹੀ ਸੀ। ਭਾਈ ਜਰਨੈਲ ਸਿੰਘ, ਦਿੱਲੀ ਵਿਖੇ ਜਥੇਦਾਰ ਸੰਤੋਖ ਸਿੰਘ ਦੇ ਭੋਗ ’ਤੇ ਗਿਆ। ਉੱਥੇ ਹੀ ਦੇਸ਼ ਦਾ ਗ੍ਰਹਿ ਮੰਤਰੀ ਗਿਆਨੀ ਜ਼ੈਲ ਸਿੰਘ ਭੀ ਹਾਜ਼ਰ ਸੀ। ਭਾਰਤ ਸਰਕਾਰ ਜੇਕਰ ਭਿੰਡਰਾਂਵਾਲੇ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ, ਤਦੋਂ ਕਰ ਸਕਦੀ ਸੀ। ਫਿਰ ਭਾਈ ਜਰਨੈਲ ਸਿੰਘ ਮੁੰਬਈ ਪ੍ਰਚਾਰ ਦੌਰੇ ’ਤੇ ਗਿਆ। ਲੰਮੇਂ ਸਫ਼ਰ ਵਿੱਚ ਆਉਂਦੇ-ਜਾਂਦੇ ਕਿਸੇ ਨਾ ਫੜਿਆ। ਹਰਿਆਣੇ ਦੇ ਪਿੰਡ ਚੰਦੋ ਕਲਾ ਵਿੱਚੋਂ ਵੀ ਉਨ੍ਹਾਂ ਨੂੰ ਨਿਕਲ ਜਾਣ ਦਿੱਤਾ ਗਿਆ। ਚਾਰੇ ਬੰਨਿਓਂ ਘੇਰ ਕੇ, ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਲੈ ਆਉਂਦਾ। ਸਰਕਾਰ ਦੀ ਮਨਸ਼ਾ ਇਹੀ ਸੀ ਕਿ ਸਿੱਖ ਜੋ ਬਹਾਦਰੀ ਦੀਆਂ ਡੀਂਗਾਂ ਮਾਰਦੇ ਹਨ, ਇਨ੍ਹਾਂ ਨੂੰ ‘ਕਰਾਰਾ ਸਬਕ’ ਸਿਖਾਇਆ ਜਾਏ। ਮਲੋਏ ਕ੍ਰਿਸ਼ਨਾ ਧਰ ਦੀ ਪੁਸਤਕ ‘ਖੁੱਲੇ ਭੇਦ’ ਦੇ ਪੰਨਾ 335 ਤੋਂ 365 ਤੱਕ ਪੰਜਾਬ ਵਿਚਲੇ ਖਾੜਕੂਵਾਦ ਦਾ ਸੰਖੇਪ ਵੇਰਵਾ ਹੈ ਕਿ ਕਿਵੇਂ ਭਾਰਤ ਸਰਕਾਰ ਦੀਆਂ ਖੁਫੀਆ ਏਜੰਸੀਆਂ ਇਸ ਜੱਦੋ-ਜਹਿਦ ਨੂੰ ਕੁਰਾਹੇ ਪਾ ਰਹੀਆਂ ਸਨ; ਕਿਵੇਂ ਸਰਕਾਰ ਉਨ੍ਹਾਂ ਨੂੰ ਹਥਿਆਰ ਅਤੇ ਪੈਸਾ ਪੁਚਾ ਰਹੀ ਸੀ।

ਪਰ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਸਰਕਾਰ ਦੀ ਇਸ ਮੱਕਾਰ ਨੀਤੀ ਨੂੰ ਪਛਾਣ ਨਾ ਸਕੇ। ਉਨ੍ਹਾਂ ਇਹ ਧਿਆਨ ਵੀ ਨਹੀਂ ਦਿੱਤਾ ਕਿ ਮੁਗਲ ਕਾਲ ਸਮੇਂ ਪੰਜਾਬ ਵਿੱਚ ਕਾਫ਼ੀ ਜੰਗਲਾਤ ਸਨ, ਜਿੱਥੇ ਗੁੱਰਿਲਾ ਜੰਗ ਕਰਕੇ ਲੁਕਿਆ ਜਾ ਸਕਦਾ ਸੀ। ਆਵਾਜਾਈ ਦੇ ਸਭ ਤੋਂ ਤੇਜ਼ ਸਾਧਨ ਘੋੜੇ ਹੀ ਸਨ, ਜੋ ਹਕੂਮਤ ਅਤੇ ਸਿੰਘਾਂ ਕੋਲ ਇਕੋ ਜਿਹੇ ਸਨ। ਸੰਚਾਰ ਸਿਸਟਮ ਨਾਂਹ ਦੇ ਬਰਾਬਰ ਸੀ। ਹਥਿਆਰ ਦੋਵੇਂ ਧਿਰਾਂ ਕੋਲ ਤੋੜੇਦਾਰ ਬੰਦੂਕਾਂ ਸਨ। ਤੀਰ-ਕਮਾਣ, ਬਰਛੇ-ਭਾਲੇ ਤੇ ਤਲਵਾਰਾਂ, ਬੱਸ। ਫੌਜ ਦੀ ਗਿਣਤੀ ਜ਼ਰੂਰ ਘੱਟ-ਵੱਧ ਹੋ ਸਕਦੀ ਸੀ, ਬਾਕੀ ਸਾਧਨ ਇਕੋ ਜਿਹੇ ਸਨ।

ਪਰ ਅੱਜ ਦੇ ਵਿਗਿਆਨਕ ਯੁੱਗ ਵਿੱਚ ਸੰਚਾਰ ਸਾਧਨ ਇੰਨੇ ਤੇਜ਼ ਹਨ ਕਿ ਅੱਖ ਦੇ ਫੋਰ ਵਿੱਚ ਇੱਥੇ ਵਾਪਰੀ ਘਟਨਾ ਦੁਨੀਆ ਦੇ ਕੋਨੇ-ਕੋਨੇ ਵਿੱਚ ਪੁਚਾਈ ਜਾ ਸਕਦੀ ਹੈ। ਆਵਾਜਾਈ ਦੇ ਸਾਧਨ ਬਹੁਤ ਤੇਜ਼ ਹੋ ਚੁੱਕੇ ਹਨ। ਹਥਿਆਰਾਂ ਦੀ ਮਾਰੂ ਸ਼ਕਤੀ ਏਨੀ ਜ਼ਿਆਦਾ ਹੈ ਕਿ ਸਾਰੀ ਧਰਤੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਅਜਿਹੇ ਸਾਰੇ ਤਾਕਤਵਰ ਸਾਧਨ ਸਰਕਾਰ ਕੋਲ ਸਨ। ਇਨ੍ਹਾਂ ਦੇ ਮੁਕਾਬਲੇ ਸਿੱਖ ਖਾੜਕੂਆਂ ਕੋਲ ਕੀ ਸੀ? ਸਿਰਫ਼ ਏ.ਕੇ. 47 ਰਾਈਫਲਾਂ, ਪਿਸਤੌਲ ਤੇ ਮੋਟਰ ਸਾਈਕਲ। ਜਾਂ ਆਤਮ-ਸਮਰਪਣ (ਫੜੇ ਜਾਣ ਦੀ ਸੂਰਤ ਵਿੱਚ) ਕਰਨ ਦੀ ਥਾਵੇਂ ਸਾਈਨਾਈਡ ਦੇ ਕੈਪਸੂਲ - ਮੂੰਹ ਵਿੱਚ ਪਾਓ ਤੇ ਸਕਿੰਟਾਂ ਵਿੱਚ ਜਾਨ ਖ਼ਤਮ।

ਅਜਿਹੇ ਹਾਲਾਤ ਵਿੱਚ ਲੋਕ ਰਾਏ ਆਪਣੇ ਨਾਲ ਜੋੜ ਕੇ, ਸੰਸਾਰ ਦੇ ਦਾਨਿਆਂ ਵੱਲੋਂ ਪ੍ਰਵਾਣਿਤ ਤਰੀਕਿਆਂ ਮੁਤਾਬਿਕ, ਸ਼ਾਂਤਮਈ ਢੰਗ ਅਪਣਾ ਕੇ, ਆਪਣੀ ਜੱਦੋ-ਜਹਿਦ ਅੱਗੇ ਤੋਰਨੀ ਚਾਹੀਦੀ ਸੀ। ਭਾਰਤ ਸਰਕਾਰ ਦੀ ਫੌਜੀ ਸ਼ਕਤੀ ਦਾ ਸਿੱਖ ਲੀਡਰਾਂ ਨੂੰ ਪਤਾ ਹੋਣਾ ਚਾਹੀਦਾ ਸੀ। ਭਾਰਤੀ ਹਾਕਮਾਂ ਦੀ ਮੱਕਾਰੀ ਤੋਂ ਭੀ ਸਿੱਖਾਂ ਦੇ ਪ੍ਰਤੀਨਿਧੀਆਂ ਨੂੰ ਵਾਕਫ਼ ਹੋਣਾ ਚਾਹੀਦਾ ਸੀ। ਇਸਲਈ ਪ੍ਰਵਾਣਿਤ ਹੱਦਾਂ ਵਿੱਚ ਰਹਿ ਕੇ ਹੀ ਲੜਾਈ ਲੜਨੀ ਬਣਦੀ ਸੀ। ਫਿਰ ‘ਔਖੇ ਵੇਲੇ’ ਕਿਸੇ ਕੌਮਾਂਤਰੀ ਸੰਗਠਨ ਤੋਂ ਸਹਾਇਤਾ ਲਈ ਜਾ ਸਕੇ, ਭਾਈ ਜਰਨੈਲ ਸਿੰਘ ਨੇ ਅਜਿਹਾ ਕੋਈ ਪ੍ਰਬੰਧ ਨਹੀਂ ਕੀਤਾ। ਭਾਰਤੀ ਸਰਕਾਰ ਦੀਆਂ ਫਿਰਕੂ ਨੀਤੀਆਂ ਦਾ ਵਿਰੋਧ ਕਰਨ ਵਾਲੀ ਕਿਸੀ ਵਿਦੇਸ਼ੀ ਹਕੂਮਤ ਨਾਲ ਤਾਲਮੇਲ ਨਹੀਂ ਬਿਠਾਇਆ।

ਅਜ਼ਾਦੀ ਦੀ ਲੜਾਈ ਕਿਸੇ ਧਰਮ ਅਸਥਾਨ ਦੀ ਚਾਰਦੀਵਾਰੀ ਅੰਦਰ ਬੈਠ ਕੇ, ਰਸਮੀ ਪਾਠ ਕਰ ਕੇ, ਆਪਸ ਵਿੱਚ ਗੁੱਟਬਾਜ਼ੀ ਕਾਇਮ ਕਰਕੇ, ਗੁਰਦੁਆਰਿਆਂ ਵਿੱਚ ਕੇਸਰੀ ਝੰਡੇ ਲਹਿਰਾ ਕੇ, ਉੱਚੇ ਜੈਕਾਰੇ ਗਜਾ ਕੇ, ਕ੍ਰਿਪਾਨਾਂ ਲਿਸ਼ਕਾ ਕੇ, ਲੰਮੇ ਲਿਸ਼ਕਾਂ ਮਾਰਦੇ ਚੋਲੇ ਪਾ ਕੇ, ਹਵਾ ਵਿੱਚ ਪਸਤੌਲ ਦੀਆਂ ਗੋਲੀਆਂ ਚਲਾ ਕੇ ਨਹੀਂ ਆਉਣੀ। ਇਹ ਅਜ਼ਾਦੀ ਦੀ ਲੜਾਈ ਸਿਆਣਪ, ਸਮਝਦਾਰੀ, ਦੂਰ-ਅੰਦੇਸ਼ੀ ਤੋਂ ਕੰਮ ਲੈ ਕੇ ਲੜੀ ਜਾਵੇਗੀ। ਅਜੇ ਭੀ, ਪਿਛਲੀਆਂ ਹੋਈਆਂ ਗਲਤੀਆਂ ਤੋਂ ਸਬਕ ਲੈ ਕੇ ਅੱਗੋਂ ਆਪਣੀਆਂ ਨੀਤੀਆਂ ਵਿੱਚ ਲੋੜੀਂਦਾ ਸੁਧਾਰ ਕਰਨ ਦਾ ਮੌਕਾ ਹੈ।

ਨੋਟ : ਲੇਖਕ ਆਪਣੇ ਇਕ ਸੌ ਤੋਂ ਵੱਧ ਸਾਥੀਆਂ ਸਮੇਤ, 10-11 ਮਾਰਚ 1984 ਨੂੰ ਭਾਈ ਜਰਨੈਲ ਸਿੰਘ ਨੂੰ ਸੁਣਨ-ਵੇਖਣ ਉਤਸ਼ਾਹ ਨਾਲ ਅੰਮ੍ਰਿਤਸਰ ਗਿਆ। ਗੁਰੂ ਰਾਮਦਾਸ ਲੰਗਰ ਹਾਲ ਦੀ ਛੱਤ ਉੱਤੇ,ਉਨ੍ਹਾਂ ਦੇ ਵਿਚਾਰ ਨੇੜੇ ਹੋ ਕੇ ਸੁਣੇ। ਗੁਰਮਤਿ ਬਾਰੇ ਕਈ ਸਵਾਲ ਭੀ ਕੀਤੇ। ਉਨ੍ਹਾਂ ਦੇ ਲੈਕਚਰਾਂ ਦੀਆਂ ਕੈਸਟਾਂ ਭੀ ਲਿਆਂਦੀਆਂ। ਉਨ੍ਹਾਂ ਦਾ ਸਿੱਖੀ ਪ੍ਰਤੀ ਪਿਆਰ, ਪੰਥ ਦੀ ਚੜ੍ਹਦੀ ਕਲਾ ਲਈ ਕੁਝ ਨਵੇਕਲਾ ਕਰਨ ਗੁਜਰਨ ਦੀ ਮੈਂ ਕਦਰ ਕਰਦਾ ਹਾਂ। ਉੱਘੇ ਵਿਅਕਤੀਆਂ ਬਾਰੇ, ਸਾਡੇ ਲੇਖਕਾਂ ਨੇ ਆਪੋ-ਆਪਣੀ ਬੁੱਧੀ ਅਤੇ ਖੋਜ-ਸਮਰੱਥਾ ਮੁਤਾਬਿਕ ਲਿਖਿਆ ਹੈ। ਬਾਬਾ ਬੰਦਾ ਸਿੰਘ ਦੀ ਸੂਰਮਗਤੀ ਦੇ ਸੋਹਿਲੇ ਭੀ ਗਾਏ ਹਨ ਤੇ ਆਲੋਚਨਾ ਭੀ ਕੀਤੀ ਹੈ। ਇਸੇ ਤਰ੍ਹਾਂ ਨਵਾਬ ਕਪੂਰ ਸਿੰਘ, ਸ੍ਰ: ਜੱਸਾ ਸਿੰਘ ਆਹਲੂਵਾਲੀਆ, ਸ੍ਰ: ਜੱਸਾ ਸਿੰਘ ਰਾਮਗੜ੍ਹੀਆ, ਮਹਾਰਾਜਾ ਰਣਜੀਤ ਸਿੰਘ, ਸ੍ਰ: ਹਰੀ ਸਿੰਘ ਨਲੂਆ ਤੇ ਅਕਾਲੀ ਬਾਬਾ ਫੂਲਾ ਸਿੰਘ ਦੀ ਪ੍ਰਸ਼ੰਸਾ ਦੀ ਭੀ ਕੀਤੀ ਹੈ ਤੇ ਆਲੋਚਨਾ ਭੀ ਕੀਤੀ ਹੈ। ਕਿਉਂਕਿ ਇਹ ਸਾਰੇ (ਅਤੇ ਹੋਰ ਸਿੱਖ) ਨੇਕ ਇਨਸਾਨ ਸਨ ਪਰ ਪੂਰਨ ਗੁਰੂ ਨਹੀਂ। ਆਲੋਚਨਾ ਅਤੇ ਗਲਤੀਆਂ ਤੋਂ ਰਹਿਤ ਕੇਵਲ ਗੁਰੂ ਹੈ। ਇਸੇ ਤਰ੍ਹਾਂ, ਭਾਈ ਜਰਨੈਨ ਸਿੰਘ ਵੀ ਇਕ ਸਿੱਖ ਸੀ, ਗੁਰੂ ਨਹੀਂ। ਲੇਖਕਾਂ ਨੂੰ ਉਸਾਰੂ ਆਲੋਚਨਾ ਤੋਂ ਰੋਕਣ ਵਾਸਤੇ ਜੋ ਲੱਠਮਾਰ ਲਾਣਾ ਬੇਚੈਨ ਹੋਇਆ ਨਜ਼ਰ ਆ ਰਿਹਾ ਹੈ, ਅਸਲ ਵਿੱਚ ਭਾਈ ਜਰਨੈਲ ਸਿੰਘ ਨੂੰ ਸਭ ਤੋਂ ਵੱਧ ਅਪਮਾਨਿਤ ਇਨ੍ਹਾਂ ਹੀ ਲੋਕਾਂ ਨੇ ਕੀਤਾ ਹੈ। ਪੂਰੇ ਇੱਕੀ ਸਾਲ ਉਸ ਮਹਾਨ ‘ਸ਼ਹੀਦ’ ਨੂੰ ਕਾਇਰ, ਬੁਜ਼ਦਿਲ ਤੇ ਭਗੌੜਾ ਬਣਾਈ ਰੱਖਿਆ। ਕੀ ਅਜਿਹੇ ਲੋਕ ‘‘21 ਸਾਲਾ ਕੁਫ਼ਰ’’ ਲਈ, ਰੱਬ ਕੋਲੋਂ ਅਤੇ ਪੰਥ ਕੋਲੋਂ ਕਦੇ ਮੁਆਫ਼ੀ ਮੰਗਣਗੇ? ਕੀ ਤਖ਼ਤਾਂ ਦੇ ਪੁਜਾਰੀ ਕਦੇ ਇਉਂ ਕਰਵਾ ਸਕਣਗੇ?

Operation Blue Star, June 1984, Indira Gandhi, Indian Government, pretext, terrorists, Golden Temple Complex, Bhai, Jarnail Singh Bhinranwale, role, struggle, author, Prof. Inder Singh Ghagga