

ਸਾਕਾ ਨੀਲਾ ਤਾਰਾ : ਬ੍ਰਾਹਮਣਵਾਦੀਆਂ ਵੱਲੋਂ ਸਿੱਖਾਂ ਨੂੰ ਜ਼ਲੀਲ ਕਰਨ ਦੀ ਨੀਤੀ ਦੀ ਇਕ ਸਪਸ਼ਟ ਮਿਸਾਲ
- ਅਜਮੇਰ ਸਿੰਘ -
ਇੰਦਰਾ ਗਾਂਧੀ ਨੇ ਬਹੁਤ ਚਿਰ ਪਹਿਲਾਂ ਹੀ ਆਪਣੇ ਨਜ਼ਦੀਕੀ ਸਲਾਹਕਾਰਾਂ ਨਾਲ ਰਾਇ-ਮਸ਼ਵਰਾ ਕਰ ਕੇ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕਰਨ ਦਾ ਨਿਰਣਾ ਕਰ ਲਿਆ ਹੋਇਆ ਸੀ। ਉਸ ਨੇ ਭਾਰਤੀ ਫੌਜ ਦੇ ਤਤਕਾਲੀ ਮੁਖੀ ਜਰਨਲ ਏ.ਐਸ. ਵੈਦਿਆ ਨੂੰ, ਕੋਈ ਸਾਢੇ ਪੰਜ ਮਹੀਨੇ ਪਹਿਲਾਂ, 15 ਜਨਵਰੀ ਨੂੰ ਸੈਨਾ ਦਿਵਸ ਦੇ ਮੌਕੇ ਆਪਣੇ ਇਸ ਫੈਸਲੇ ਦੀ ਸੂਹ ਦੇ ਦਿੱਤੀ ਸੀ। ਉਸ ਤੋਂ ਝੱਟ ਹੀ ਬਾਅਦ ਪੱਛਮੀ ਕਮਾਨ ਦੀ ਪੈਰਾ ਬ੍ਰਿਗੇਡ ਡਿਵੀਜ਼ਨ ਦੀ ਫਸਟ ਬਟਾਲੀਅਨ ਦੇ ਕਮਾਂਡੋਆਂ ਨੂੰ ਚਕਰਾਤਾ (ਦੇਹਰਾਦੂਨ ਨੇੜੇ) ਤੇ ਸਰਸਾਵਾ (ਸਹਾਰਨਪੁਰ) ਵਿਖੇ ਵਿਸ਼ੇਸ਼ ਸਿਖਲਾਈ ਦੇਣੀ ਗੁਰੂ ਕਰ ਦਿੱਤੀ ਗਈ ਸੀ। ਉਨ੍ਹਾਂ ਨੂੰ ਦਰਬਾਰ ਸਾਹਿਬ ਸਮੂਹ ਨਾਲ ਮਿਲਦੀ-ਜੁਲਦੀ ਨਕਲੀ ਇਮਾਰਤ ਤਿਆਰ ਕਰਕੇ, ਇਸ ਉੱਤੇ ਧਾਵਾ ਬੋਲਣ ਦਾ ਉਚੇਚਾ ਅਭਿਆਸ ਕਰਵਾਇਆ ਗਿਆ ਸੀ। ਹਮਲੇ ਦੀ ਮਿਥੀ ਹੋਈ ਤਰੀਕ ਨੇੜੇ ਢੁਕਦਿਆਂ ਹੀ ਜਰਨਲ ਏ.ਐਸ. ਵੈਦਿਆ ਨੂੰ, ਜੋ ਉਸ ਵੇਲੇ ਕਸ਼ਮੀਰ ਅੰਦਰ ਛੁੱਟੀਆਂ ਮਨਾ ਰਿਹਾ ਸੀ, ਫੌਰਨ ਦਿੱਲੀ ਸੱਦ ਲਿਆ ਗਿਆ।
ਮਈ ਦੇ ਆਖਰੀ ਦਿਨਾਂ ’ਚ ਭਾਰਤੀ ਫੌਜ ਦੀਆਂ ਚੁਣਵੀਆਂ ਟੁਕੜੀਆਂ ਇਕ-ਇਕ ਕਰ ਕੇ ਅੰਮ੍ਰਿਤਸਰ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ। ਪੰਜਾਬ ਅੰਦਰ ਫੌਜ ਭੇਜਣ ਦੇ ਅਸਲੀ ਮੰਤਵ ਨੂੰ ਛੁਪਾਉਣ ਲਈ ਬਾਹਰੀ ਪ੍ਰਭਾਵ ਇਹ ਦਿੱਤਾ ਗਿਆ ਕਿ ਸਰਹੱਦ-ਪਾਰ ਤੋਂ ਘੁਸਪੈਠ ਬੰਦ ਕਰਨ ਲਈ ਫੌਜ ਸਰਹੱਦ ਉੱਤੇ ਤੈਨਾਤ ਕਰਨ ਲਈ ਭੇਜੀ ਜਾ ਰਹੀ ਸੀ। ਪੱਛਮੀ ਕਮਾਨ ਦੀ ਆਹਲਾ ਦਰਜੇ ਦੀ ਤੋਪਖਾਨਾ ਡਵੀਜ਼ਨ 30 ਮਈ ਨੂੰ ਹੀ ਸੜਕ ਰਸਤੇ ਅੰਮ੍ਰਿਤਸਰ ਪਹੁੰਚ ਗਈ ਸੀ। ਹੈਦਰਾਬਾਦ ਤੇ ਰਾਂਚੀ ਤੋਂ ਚੋਣਵੇਂ ਫੌਜੀ ਦਸਤਿਆਂ ਨੂੰ ਹਵਾਈ ਜਹਾਜ਼ਾਂ ਦੇ ਜ਼ਰੀਏ ਅੰਮ੍ਰਿਤਸਰ ਤੱਕ ਢੋਇਆ ਗਿਆ। ਸਮੁੰਦਰੀ ਫੌਜ ਦੇ ਅਵੱਲ ਦਰਜੇ ਦੇ ਗੋਤਾਖ਼ੋਰ ਹਵਾਈ ਜਹਾਜ਼ ਰਾਹੀਂ ਮੁੰਬਈ ਤੋਂ ਅੰਮ੍ਰਿਤਸਰ ਭੇਜੇ ਗਏ। ਫੌਜ ਦੇ ਉਚੇਚੇ ਸਿਖਾਏ ਹੋਏ ਕੁੱਤੇ ਜੌਰਹਟ ਤੋਂ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਭੇਜੇ ਗਏ। ਹਮਲੇ ਦੀ ਸਮੁੱਚੀ ਅਗਵਾਈ ਪੱਛਮੀ ਕਮਾਨ ਦੇ ਜਨਰਲ ਆਫ਼ਿਸਰ ਕਮਾਂਡਿੰਗ-ਇਨ-ਚੀਫ ਕੇ. ਸੁੰਦਰਜੀ ਨੂੰ ਸੌਂਪੀ ਗਈ ਸੀ। ਪੱਛਮੀ ਕਮਾਨ ਦੇ ਚੀਫ਼ ਆਫ਼ ਸਟਾਫ਼ ਲੈਫਟੀਨੈਂਟ ਜਨਰਲ ਰਣਜੀਤ ਸਿੰਘ ਦਿਆਲ ਨੂੰ ਸਾਰੀ ਯੋਜਨਾ ਤੇ ਕਾਰਵਾਈ ਦਾ ਮੁੱਖ ਸੰਚਾਲਕ ਬਣਾਇਆ ਗਿਆ ਸੀ। ਦਰਬਾਰ ਸਾਹਿਬ ਉੱਤੇ ਫੌਜੀ ਹੱਲਾ ਬੋਲ ਕੇ ਕਬਜ਼ਾ ਜਮਾਉਣ ਦੀ ਮੁਹਿੰਮ ਦੀ ਅਗਵਾਈ ਵੀ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਨਾਂ ਦੇ ਇਕ ਮੋਨੇ ਸਿੱਖ ਨੂੰ ਸੌਂਪੀ ਗਈ ਸੀ। ਇਹ ਪਾਪ ਵੱਧ ਤੋਂ ਵੱਧ ਗਿਣਤੀ ਵਿੱਚ ਸਿੱਖ ਜਰਨੈਲਾਂ ਹੱਥੋਂ ਕਰਾਉਣ ਦਾ ਨਿਰਣਾ ਹਿੰਦੂ ਹਾਕਮਾਂ ਦੀ ਚਾਣਕਿਆ ਨੀਤੀ ’ਚੋਂ ਨਿਕਲਿਆ ਸੀ, ਜਿਸਦਾ ਮਕਸਦ ਆਪਣੀ ਫਿਰਕੂ ਖ਼ਸਲਤ ਨੂੰ ਲੁਕਾਉਣਾ ਸੀ। ਦੂਜਾ, ਇਸ ਨਾਲ ਸਿੱਖਾਂ ਨੂੰ ਦੁਨੀਆ ਦੀਆਂ ਨਜ਼ਰਾਂ ਵਿੱਚ ਜਿੱਚ ਕਰਨਾ ਸੀ।
2 ਜੂਨ 1984 ਨੂੰ ਜਨਰਲ ਦਿਆਲ ਨੇ ਪੰਜਾਬ ਦੇ ਰਾਜਪਾਲ ਬੀ.ਡੀ. ਪਾਂਡੇ ਦੇ ਸਲਾਹਕਾਰ ਦਾ ਕਾਰਜ-ਭਾਰ ਸੰਭਾਲ ਲਿਆ। ਅਸਲ ਵਿੱਚ ਜਨਰਲ ਦਿਆਲ ਸਿਰਫ਼ ਕਹਿਣੀ ਨੂੰ ਹੀ ‘ਸਲਾਹਕਾਰ’ ਸੀ। ਸੱਚ ਇਹ ਸੀ ਕਿ ਪੰਜਾਬ ਨੂੰ ਪੂਰਨ ਤੌਰ ’ਤੇ, ਸਾਰੇ ਪੱਖਾਂ ਤੋਂ, ਫੌਜ ਦੇ ਹਵਾਲ ਕਰ ਦਿੱਤਾ ਗਿਆ ਸੀ ਅਤ ਜਨਰਲ ਦਿਆਲ ਇਸ ਫੌਜੀ ਰਾਜ ਦਾ ਪ੍ਰਮੁੱਖ ਨੁਮਾਇੰਦਾ ਤੇ ਕਰਤਾ-ਧਰਤਾ ਸੀ। ਰਾਜਪਾਲ ਪਹਿਲਾਂ ਵੀ ਸਿਰਫ਼ ਦਿਖਾਵੇ ਦਾ ਹੀ ਰਾਜਮੁਖੀ ਸੀ। ਪੰਜਾਬ ਸਬੰਧੀ ਵੱਡੀ ਤੋਂ ਲੈ ਕੇ ਛੋਟੀ, ਹਰ ਗੰਲ ਦਾ ਨਿਰਣਾ ਕੇਂਦਰ ਸਰਕਾਰ ਦੀ ਪੱਧਰ ’ਤੇ ਹੀ ਕੀਤਾ ਜਾਂਦਾ ਸੀ ਅਤੇ ਅਗਾਂਹ ਇਸ ਮਾਮਲੇ ਵਿੱਚ ‘ਕੇਂਦਰ ਸਰਕਾਰ’ ਵੀ ਇੰਦਰਾ ਗਾਂਧੀ ਤੇ ਉਸਦੀ ਛੋਟੀ ਜਿਹੀ ਸਲਾਹਕਾਰ ਜੁੰਡਲੀ ਤੱਕ ਸਿਮਟ ਕੇ ਰਹਿ ਗਈ ਸੀ। ਪੰਜਾਬ ਬਾਰੇ ਹਰ ਗੱਲ ਇਸ ਜੁੰਡਲੀ ਦੀ ਪੱਧਰ ’ਤੇ ਹੀ ਵਿਚਾਰੀ ਤੇ ਲਾਗੂ ਕੀਤੀ ਜਾਂਦੀ ਸੀ। ਜਨਰਲ ਦਿਆਲ ਵੱਲੋਂ ਆਪਣਾ ਬਾਕਾਇਦਾ ਅਹੁਦਾ ਸੰਭਾਲ ਲੈਣ ਨਾਲ ਪੰਜਾਬ ਦਾ ਸਾਰੇ ਦਾ ਸਾਰਾ ਪ੍ਰਬੰਧਕੀ ਢਾਂਚਾ ਫੌਜ ਦੇ ਸਿੱਧੇ ਕੰਟਰੋਲ ਹੇਠ ਚਲਾ ਗਿਆ ਸੀ।
2 ਜੂਨ ਦੀ ਸ਼ਾਮ ਨੂੰ ਇੰਦਰਾ ਗਾਂਧੀ ਨੇ ਬਿਨਾਂ ਅਗਾਊਂ ਐਲਾਨ ਕੀਤਿਆਂ ਆਲ ਇੰਡੀਆ ਰੇਡੀਓ ਤੋਂ ਦੇਸ਼ ਦੀ ਜਨਤਾ ਨੂੰ ਸੰਬੋਧਨ ਕੀਤਾ। ਉਸਨੇ ਜਜ਼ਬਾਤੀ ਲਹਿਜੇ ’ਚ, ਸਿੱਖ ਕੌਮ ਦੇ ਸੰਘਰਸ਼ ਸਦਕਾ ਦੇਸ਼ ਦੇ ਸਾਹਮਣੇ ਪੈਦਾ ਹੋਈ ਨਾਜ਼ੁਕ ਤੇ ਭਿਆਨਕ ਸਥਿਤੀ ਦੀ ਕਰੁਣਾਮਈ ਤਸਵੀਰ ਪੇਸ਼ ਕੀਤੀ ਅਤੇ ਇਸਦਾ ਸਾਰਾ ਦੋਸ਼ ਅਕਾਲੀ ਆਗੂਆਂ ਦੇ ਸਿਰ ਮੜ੍ਹਿਆ। ਸਿੱਖ ਕੌਮ ਨੂੰ ਤੇ ਇਸਦੇ ਆਗੂਆਂ ਨੂੰ ਸੰਸਾਰ ਦੇ ਲੋਕਾਂ ਦੀਆਂ ਨਜ਼ਰਾਂ ’ਚ ਦੋਸ਼ੀ ਸਾਬਤ ਕਰਨ ਲਈ, ਉਸ ਨੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਅਤੇ ਕੋਰਾ ਝੂਠ ਬੋਲਣ ਤੋਂ ਰਤੀ ਸੰਕੋਚ ਨਾ ਕੀਤਾ। ਇਸ ਨੰਗੇ ਤੱਥ ਦੇ ਬਾਵਜੂਦ ਕਿ ਉਹ ਤਿੰਨ ਸਾਲਾਂ ਤੋਂ ਅਕਾਲੀ ਆਗੂਆਂ ਦੀਆਂ ਸਮਝੌਤੇ ਦੀਆਂ ਸਿਰ-ਤੋੜ ਕੋਸ਼ਿਸ਼ਾਂ ਨੂੰ ਮੱਕਾਰੀ ਨਾਲ ਟਰਕਾਉਂਦੀ ਤੇ ਠੁਕਰਾਉਂਦੀ ਆ ਰਹੀ ਸੀ ਅਤੇ ਅਜੇ ਸਿਰਫ਼ ਸੱਤ ਦਿਨ ਪਹਿਲਾਂ ਹੀ ਉਹ ਅਕਾਲੀ ਲੀਡਰਸ਼ਿਪ ਦੇ ਸਮਝੌਦੇ ਦੇ ਆਖ਼ਰੀ ਤਰਲੇ ਦਾ ਬੇਰਹਿਮੀ ਨਾਲ ਘਾਤ ਕਰਕੇ ਹਟੀ ਸੀ - ਉਸ ਵੱਲੋਂ ਆਪਣੇ ਆਪ ਨੂੰ ‘ਸੱਚ ਪੁੱਤਰੀ’ ਵਜੋਂ ਕਰਨ ਤੇ ਅਕਾਲੀ ਆਗੂਆਂ ਨੂੰ ‘ਝੂਠੇ ਤੇ ਬੇਪਰਤੀਤੇ’ ਸਾਬਤ ਕਰਨ ਦੇ ਪੁਰਜ਼ੋਰ ਯਤਨ ਕੀਤੇ ਗਏ। ਉਸ ਵੇਲੇ ਵੀ ਜਦ ਉਸਦੇ ਸਿੱਧੇ ਹੁਕਮਾਂ ਉੱਤੇ ਨੂੰ ਫੌਜ ਨੇ ਆਪਣੀ ਮੌਤ-ਜੱਫੀ ਵਿੱਚ ਲੈ ਲਿਆ ਹੋਇਆ ਸੀ ਅਤੇ ਫੌਜੀ ਹਮਲੇ ਦੀ ਯੋਜਨਾ ਉੱਤੇ ਬਕਾਇਦਾ ਅਮਲ ਸ਼ੁਰੂ ਹੋ ਚੁੱਕਾ ਸੀ, ਇੰਦਰਾ ਨੇ ਮਸਲੇ ਨੂੰ ‘‘ਗੱਲਬਾਤ ਰਾਹੀਂ ਹੱਲ ਕਰਨ’’ ਦੀ ਝੂਠੀ ਇੱਛਾ ਤੇ ਪੇਸ਼ਕਸ਼ ਦਾ ਦੰਭ ਕਰਨ ਤੋਂ ਗੁਰੇਜ਼ ਨਾ ਕੀਤਾ। ਅਖੇ ‘‘ਇਸ ਅੰਤਮ ਘੜੀ ਉੱਤੇ ਵੀ ਮੈਂ ਅਕਾਲੀਆਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਆਪਣਾ ਅੰਦੋਲਨ ਠੱਪ ਕਰ ਦੇਣ ਅਤੇ ਸਾਡੇ ਦੁਆਰਾ ਸੁਝਾਏ ਗਏ ਸ਼ਾਂਤਮਈ ਸਮਝੌਤੇ ਦੇ ਚੌਖਟੇ ਨੂੰ ਪਰਵਾਨ ਕਰ ਲੈਣ।’’ ਉਹ ਔਰਤ ਜਿਸਦਾ ਸਮੁੱਚਾ ਰਾਜਸੀ ਕਾਰੋਬਾਰ ਹੀ ਨਫ਼ਰਤ ਦੀਆਂ ਬੁਨਿਆਦਾਂ ’ਤੇ ਟਿਕਿਆ ਹੋਇਆ ਸੀ, ਜਿਸਨੇ ਤਿੰਨ ਸਾਲਾਂ ਤੋਂ ਪੰਜਾਬ ਨੂੰ ਲਹੂ ਵਿੱਚ ਡੋਬਣ ਦੀ ਕੋਈ ਕਸਰ ਨਹੀਂ ਸੀ ਛੱਡੀ ਅਤੇ ਜਿਸ ਦੇ ਮਨ ਅੰਦਰ ਪੰਜਾਬ ਵਿੱਚ ਲਹੂ ਦੇ ਹੋਰ ਵੱਡੇ ਵਹਿਣ ਵਹਾਉਣ ਦੀ ਕੁਲਹਿਣੀ ਸੋਚ ਤੇ ਤਾਂਘ ਮਚਲ ਰਹੀ ਸੀ, ਉਸਨੇ ਆਪਣੇ ਭਾਸ਼ਣ ਦਾ ਤੋੜਾ ਇਨ੍ਹਾਂ ਸ਼ਬਦਾਂ ਨਾਲ ਝਾੜਿਆ : ‘‘ਖ਼ੂਨ ਮਤ ਡੋਹਲੋ, ਨਫ਼ਰਤ ਤਿਆਗੋ !’’
ਇੰਦਰਾ ਗਾਂਧੀ ਦੇ ਭਾਸ਼ਣ ਦਾ ਪ੍ਰਸਾਰਨ ਖ਼ਤਮ ਹੁੰਦਿਆਂ ਹੀ ਰੇਡੀਓ ਤੋਂ ਪੰਜਾਬ ਸਬੰਧੀ ਕੁਝ ਵਿਸ਼ੇਸ਼ ਐਲਾਨ ਤੇ ਫੁਰਮਾਨ ਪ੍ਰਸਾਰਤ ਹੋਣੇ ਸ਼ੁਰੂ ਹੋ ਗਏ। ਪੰਜਾਬ ਨੂੰ ‘ਗੜਬੜ ਵਾਲਾ ਇਲਾਕਾ’ ਤਾਂ ਪਹਿਲਾਂ ਹੀ ਕਰਾਰ ਦਿੱਤਾ ਜਾ ਚੁੱਕਾ ਸੀ। ਵਿਸ਼ੇਸ਼ ਫੁਰਮਾਨਾਂ ਰਾਹੀਂ ਇਸਦੇ ਪੇਚ ਹੋਰ ਕੱਸ ਦਿੱਤੇ ਗਏ। ਪੰਜਾਬ ਅੰਦਰ ਤੁਰੰਤ ਸਾਰੀ ਰੇਲ ਤੇ ਸੜਕੀ ਆਵਾਜਾਈ ਠੱਪ ਕਰ ਦਿੱਤੀ ਗਈ। ਫੌਜੀ ਗੱਡੀਆਂ ਤੋਂ ਬਿਨਾਂ ਬਾਕੀ ਹਰ ਕਿਸਮ ਦੇ ਵਾਹਨਾਂ ਉੱਤੇ, ਰੇੜ੍ਹਿਆਂ ਤੋਂ ਲੈ ਕੇ ਸਾਈਕਲਾਂ ਤੱਕ ਵੀ, ਸਖ਼ਤ ਪਾਬੰਦੀਆਂ ਆਇਦ ਕਰ ਦਿੱਤੀਆਂ ਗਈਆਂ। ਲੋਕਾਂ ਨੂੰ ਕੱਚੇ ਰਸਤਿਆਂ ’ਤੇ ਚੱਲਣ ਤੋਂ ਵੀ ਮਨ੍ਹਾਂ ਕਰ ਦਿੱਤਾ ਗਿਆ। ਡਾਕ-ਤਾਰ ਅਤੇ ਦੂਰ-ਸੰਚਾਰ ਸੇਵਾਵਾਂ ਪੂਰਨ ਤੌਰ ’ਤੇ ਫੌਜ ਦੇ ਕੰਟਰੋਲ ਵਿੱਚ ਦੇ ਦਿੱਤੀਆਂ ਗਈਆਂ। ਪੰਜਾਬ ਨੂੰ ਬਾਕੀ ਦੇਸ਼ ਨਾਲੋ, ਅੰਮ੍ਰਿਤਸਰ ਨੂੰ ਬਾਕੀ ਪੰਜਾਬ ਨਾਲੋਂ ਤੇ ਦਰਬਾਰ ਸਾਹਿਬ ਨੂੰ ਬਾਕੀ ਸ਼ਹਿਰ ਨਾਲੋਂ, ਪੂਰੀ ਤਰ੍ਹਾਂ ਨਿਖੇੜ ਕੇ ਸੀਲ ਕਰ ਦਿੱਤਾ ਗਿਆ। ਸਭਨਾਂ ਵਿਦੇਸ਼ੀ ਪੱਤਰਕਾਰਾਂ ਨੂੰ ਪੰਜਾਬ ਤੋਂ ਬਾਹਰ ਕੱਢ ਦਿੱਤਾ ਗਿਆ। ਪੰਜਾਬ ਉੱਤੇ ਦੋ ਮਹੀਨਿਆਂ ਲਈ ਕਰੜਾ ਸੈਂਸਰ ਲਾਗੂ ਕਰ ਦਿੱਤਾ ਗਿਆ, ਜਿਸਦੇ ਸਿੱਟੇ ਵਜੋਂ ਪੰਜਾਬ ਦੇ ਸਾਰੇ ਪ੍ਰਮੁੱਖ ਅਖ਼ਬਾਰਾਂ ਨੇ ਕੁਝ ਦਿਨਾਂ ਲਈ ਆਪਣੀ ਪ੍ਰਕਾਸ਼ਨਾ ਠੱਪ ਕਰ ਦਿੱਤੀ। ਅਜਿਹੀਆਂ ਸਾਹ-ਘੁਟਵੀਆਂ ਪਾਬੰਦੀਆਂ ਪੰਜਾਬ ਦੇ ਲੋਕਾਂ ਨੇ ਇਤਿਹਾਸ ਅੰਦਰ ਨਾ ਪਹਿਲਾਂ ਕਦੇ ਦੇਖੀਆਂ ਸਨ, ਨਾ ਸੁਣੀਆਂ ਸਨ।
ਕੇਂਦਰ ਸਰਕਾਰ ਦੇ ਨੀਮ-ਫੌਜੀ ਹਥਿਆਰਬੰਦ ਬਲਾਂ (ਬੀ.ਐਸ.ਐਫ., ਸੀ.ਆਰ.ਪੀ.ਐਫ., ਆਈ.ਟੀ.ਬੀ.ਪੀ. ਆਦਿ) ਨੇ ਕੁਝ ਦਿਨ ਪਹਿਲਾਂ ਹੀ ਦਰਬਾਰ ਸਾਿਹਬ ਦੇ ਇਰਦ-ਗਿਰਦ ਇਮਾਰਤਾਂ ਉੱਤੇ ਆਪਣੇ ਪੱਕੇ ਮੋਰਚੇ ਬਣਾਉਣੇ ਸ਼ੁਰੂ+ ਕਰ ਦਿੱਤੇ ਹੋਏ ਸਨ। ਪਹਿਲੀ ਜੂਨ ਨੂੰ ਉਨ੍ਹਾਂ ਆਪਣੇ ਇਨ੍ਹਾਂ ਮੋਰਚਿਆਂ ’ਚੋਂ ਦਰਬਾਰ ਸਾਹਿਬ ਸਮੂਹ ਉੱਤੇ ਅੱਠ ਘੰਟੇ ਲਗਾਤਾਰ ਅੰਧਾਧੁੰਦ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਦਾ ਉਦੇਸ਼ ਜੁਝਾਰੂ ਸਿੰਘਾਂ ਨੂੰ ਭੈਭੀਤ ਕਰਨਾ ਸੀ। ਦੂਜਾ, ਉਨ੍ਹਾਂ ਨੂੰ ਜੁਆਬੀ ਗੋਲਾਬਾਰੀ ਲਈ ਉਕਸਾ ਕੇ ਉਨ੍ਹਾਂ ਦੀ ਹਕੀਕੀ ਤਾਕਤ ਦਾ ਸਹੀ ਅੰਦਾਜ਼ਾ ਲਾਉਣਾ ਤੇ ਉਨ੍ਹਾਂ ਦੇ ਮੋਰਚਿਆਂ ਦੀ ਨਿਸ਼ਾਨਦੇਹੀ ਕਰਨਾ ਸੀ। ਪਰ ਜੁਝਾਰੂ ਸਿੰਘ ਫੌਜੀ ਵਿਦਿਆ ਤੋਂ ਏਨੇ ਕੋਰੇ ਨਹੀਂ ਸਨ ਕਿ ਦੁਸ਼ਮਣ ਦੀ ਇਸ ਚਾਲ ਵਿੱਚ ਫਸ ਜਾਂਦੇ। ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪੜ੍ਹਾਏ ਤੇ ਜਨਰਲ ਸੁਬੇਗ ਸਿੰਘ ਦੇ ਸਿਖਾਏ ਸਿੰਘਾਂ ਨੇ ਦੁਸ਼ਮਣ ਦੀ ਇਸ ਭੜਕਾਹਟ ਦੇ ਜੁਆਬ ਵਿੱਚ ਮੁਕੰਮਲ ਚੁੱਪੀ ਸਾਧੀ ਰੱਖੀ। ਨੀਮ ਫੌਜੀ ਬਲਾਂ ਦੀ ਇਸ ਅੰਧਾਧੁੰਦ ਗੋਲੀਬਾਰੀ ਨਾਲ ਦਰਬਾਰ ਸਾਹਿਬ ਸਮੂਹ ਅੰਦਰ ਇਕ ਮਾਸੂਮ ਬੱਚੇ ਤੇ ਬਿਰਧ ਔਰਤ ਸਮੇਤ ਅੱਧੀ ਦਰਜਨ ਤੋਂ ਵੱਧ ਸਿੱਖ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਹਰਿਮੰਦਰ ਸਾਹਿਬ ਉੱਤੇ 32 ਥਾਵਾਂ ’ਤੇ ਗੋਲੀਆਂ ਦੇ ਡੂੰਘੇ ਨਿਸ਼ਾਨ ਪੈ ਗਏ। ਇਸ ਗੋਲੀਬਾਰੀ ਦੀ ਖ਼ਬਰ ਸੁਣਦਿਆਂ ਹੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੁਰੰਤ (2 ਜੂਨ ਨੂੰ) ਦਰਬਾਰ ਸਾਹਿਬ ਪਹੁੰਚ ਗਏ। ਪਰ ਹੋਰ ਕਿਸੇ ਵੀ ਵੱਡੇ ਅਕਾਲੀ ਆਗੂ ਨੇ, ਇਹ ਖ਼ਬਰਾਂ ਸੁਣ ਲੈਣ ਦੇ ਬਾਵਜੂਦ, ਹਾਲਾਤ ਦੇ ਤੇਵਰ ਵੱਲ ਦੇਖਦਿਆਂ ਹੋਇਆ ਦਰਬਾਰ ਸਾਹਿਬ ਪਹੁੰਚਣਾ ਜ਼ਰੂਰੀ ਜਾਂ ਸਿਆਣਪ ਭਰਿਆ ਕੰਮ ਨਾ ਸਮਝਿਆ।
3 ਜੂਨ ਨੂੰ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਸੀ। ਪੰਜਾਬ ਤੇ ਨਾਲ ਲਗਵੇਂ ਰਾਜਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਦਰਸ਼ਨ-ਇਸ਼ਨਾਨ ਲਈ ਦਰਬਾਰ ਸਾਹਿਬ ਪਹੁੰਚੀਆਂ ਹੋਈਆਂ ਸਨ। 500 ਤੋਂ ਵੱਧ ਅਕਾਲੀ ਵਰਕਰ ਮੋਰਚੇ ’ਚ ਗ੍ਰਿਫ਼ਤਾਰੀਆਂ ਦੇਣ ਲਈ ਪੁੱਜੇ ਹੋਏ ਸਨ। ਸੈਂਕੜਿਆਂ ਦੀ ਗਿਣਤੀ ’ਚ ਬੰਗਲਾਦੇਸ਼ੀ ਮੁਸਲਮਾਨ ਤੇ ਅਜਿਹੇ ਹੋਰ ਬੇਸਹਾਰਾ ਲੋਕ ਸਨ, ਜਿਨ੍ਹਾਂ ਨੇ ਗੁਰੂ ਘਰ ਅੰਦਰ ਸ਼ਰਨ ਲੈ ਰੱਖੀ ਹੋਈ ਸੀ। ਇਸਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੈਂਕੜੇ ਕਰਮਚਾਰੀ ਤੇ ਸੇਵਾਦਾਰ ਸਨ, ਜਿਨ੍ਹਾਂ ’ਚੋਂ ਬਹੁਤੇ ਆਪਣੇ ਪਰਵਾਰਾਂ ਸਮੇਤ ਦਰਬਾਰ ਸਾਹਿਬ ਦੇ ਅਹਾਤੇ ਅੰਦਰ ਆਪਣੇ ਪੱਕੇ ਰਿਹਾਇਸ਼ੀ ਟਿਕਾਣਿਆਂ ਵਿੱਚ ਰਹਿ ਰਹੇ ਸਨ। ਹੋਰ ਕਿੰਨੇ ਹੀ ਯਾਤਰੂ ਸਨ, ਜੋ ਰਾਤ ਕੱਟਣ ਲਈ ਸਰਾਂ ਅੰਦਰ ਠਹਿਰੇ ਹੋਏ ਸਨ। ਇਸ ਗੱਲ ਦਾ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਭਾਰਤ ਸਰਕਾਰ ਨੇ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਦੀ ਇਕ ਭਿਆਨਕ ਤੇ ਖੂਨੀ ਤਿਆਰੀ ਕਰ ਰੱਖੀ ਹੋਈ ਸੀ ਅਤੇ ਇਸ ਘਿਨਾਉਣੇ ਕਰਮ ਲਈ ਉਨ੍ਹਾਂ ਸ਼ਾਂਤੀ ਦੇ ਪੁੰਜ ਪਜਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਦਾ ਪਵਿੱਤਰ ਦਿਹਾੜਾ ਚੁਣ ਰੱਖਿਆ ਹੋਇਆ ਸੀ। 3 ਜੂਨ ਦੀ ਸ਼ਾਮ ਨੂੰ ਜਦ ਫੌਜ ਨੇ ਦਰਬਾਰ ਸਾਹਿਬ ਦੁਆਲੇ ਮੌਤ ਵਰਗਾ ਕਸਵਾਂ ਘੇਰਾ ਘੱਤ ਲਿਆ ਅਤੇ ਲੋਕਾਂ ਦੇ ਘਰੋਂ ਬਾਹਰ ਨਿਕਲਣ ਉੱਤੇ ਕਰੜੀਆਂ ਬੰਦਸ਼ਾਂ ਲਾ ਦਿੱਤੀਆਂ ਗਈਆਂ, ਤਾਂ ਉਸ ਵੇਲੇ ਤਕ ਵੀ ਦਰਬਾਰ ਸਾਹਿਬ ਅੰਦਰ ਘਿਰੇ ਸਿੱਖ ਸ਼ਰਧਾਲੂਆਂ, ਅਕਾਲੀ ਵਰਕਰਾਂ ਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ/ਸੇਵਾਦਾਰਾਂ ਨੂੰ ਇਹ ਯਕੀਨ ਨਹੀਂ ਸੀ ਆ ਰਿਹਾ ਕਿ ਉਹ ਮੌਤ ਦੇ ਪੰਜੇ ’ਚ ਫਸ ਗਏ ਹਨ ਅਤੇ ਇਸ ’ਚੋਂ ਬਚ ਕੇ ਨਿਕਲ ਸਕਣਾ ਉਨ੍ਹਾਂ ਲਈ ਅਸਾਨ ਨਹੀਂ ਰਹਿ ਗਿਆ ਸੀ।
3 ਜੂਨ ਦੀ ਰਾਤ ਪੈਂਦਿਆਂ ਹੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੀਆਂ ਇਮਾਰਤਾਂ ਉੱਤੇ ਨੀਮ-ਫੌਜੀ ਦਸਤਿਆਂ ਦੁਆਰਾ ਕਾਇਮ ਕੀਤੇ ਗਏ ਸਾਰੇ ਮੋਰਚਿਆਂ ਅੰਦਰ ਬਿਹਾਰ ਰੈਜੀਮੈਂਟ ਦੀ ਬਾਰ੍ਹਵੀਂ ਬਟਾਲੀਅਨ ਦੇ ਜਵਾਨਾਂ ਨੇ ਪੋਜ਼ੀਸ਼ਨਾਂ ਮੱਲ ਲਈਆਂ। ਚਾਰ ਜੂਨ ਨੂੰ ਅੰਮ੍ਰਿਤ ਵੇਲੇ ਜਦ ਦਰਬਾਰ ਸਾਹਿਬ ਅੰਦਰ ਆਸਾ ਦੀ ਵਾਰ ਦਾ ਕੀਰਤਨ ਚੱਲ ਰਿਹਾ ਸੀ ਤਾਂ 4 ਵਜੇ ਦੇ ਕਰੀਬ ਫੌਜੀ ਮਸ਼ੀਨਗੰਨਾਂ ਨੇ ਅਚਾਨਕ ਅੱਗ ਉਗਲਣੀ ਸ਼ੁਰੂ ਕਰ ਦਿੱਤੀ। ਰਾਤ ਦੇ ਹਨੇਰੇ ਵਿੱਚ ਅੱਗੇ-ਅੱਗੇ ਰੌਸ਼ਨੀ ਦੀ ਲੀਕ ਪਾਉਂਦੇ ਚਾਨਣੀ ਗੋਲੇ (ਟ੍ਰੇਸਰ ਬੁਲੇਟਸ) ਤੇ ਪਿੱਛੇ-ਪਿੱਛੇ ਆਰ.ਸੀ.ਐਲ. ਦੇ ਗੋਲਿਆਂ ਨੇ ਅਸਮਾਨ ਅੰਦਰ ਲਾਂਬੂ ਲਾ ਦਿੱਤੇ ਸਨ। 4 ਜੂਨ ਦੀ ਸਾਰੀ ਦਿਹਾੜੀ ਗੋਲਿਆਂ ਅਤੇ ਗੋਲੀਆਂ ਦੀ ਅੱਗ ਵਰ੍ਹਦੀ ਰਹੀ। ਦੁਪਹਿਰ ਸਾਢੇ ਬਾਰਾਂ ਵਜੇ ਦੇ ਕਰੀਬ ਸਰਾਂ ਵਾਲੇ ਬੰਨੇ ਪਾਣੀ ਵਾਲੀ ਵੱਡੀ ਟੈਂਕੀ ਅੰਦਰ ਤੋਪ ਦੇ ਗੋਲੇ ਨਾਲ ਵੱਡਾ ਮਘੋਰਾ ਖੁੱਲ੍ਹ ਗਿਆ, ਜਿਸ ਨਾਲ ਦਰਬਾਰ ਸਾਹਿਬ ਨੂੰ ਬਿਜਲੀ ਦੀ ਸਪਲਾਈ ਵੀ ਕੱਟ ਦਿੱਤੀ ਗਈ। ਸ਼੍ਰੋਮਣੀ ਕਮੇਟੀ ਦਾ ਜਨਰੇਟਰ ਵੀ ਗੋਲਾਬਾਰੀ ਨਾਲ ਨਕਾਰਾ ਹੋ ਗਿਆ ਸੀ। ਅਗਲੀ ਰਾਤ ਤੇ ਉਸ ਤੋਂ ਅਗਲਾ ਸਾਰਾ ਦਿਨ (5 ਜੂਨ ਨੂੰ) ਲਗਾਤਾਰ ਦਰਬਾਰ ਸਾਹਿਬ ਉੱਤੇ ਗੋਲੀਆਂ ਦਾ ਮੀਂਹ ਵਰ੍ਹਦਾ ਰਿਹਾ। ਉਸ ਵੇਲੇ ਤੱਕ ਫੌਜ ਦਾ ਮੁੱਖ ਜ਼ੋਰ ਜੁਝਾਰੂ ਸਿੰਘਾਂ ਦੇ ਛੱਤਾਂ ਉਪਰਲੇ ਨੰਗੇ ਮੋਰਚਿਆਂ ਨੂੰ ਨਸ਼ਟ ਕਰਨ ਉੱਤੇ ਲੱਗਾ ਰਿਹਾ। ਪੰਜ ਜੂਨ ਦੀ ਸ਼ਾਮ ਤੱਕ ਫੌਜ ਨੇ ਟੈਂਪਲ ਵਿਊ ਹੋਟਲ, ਬ੍ਰਾਹਮ ਬੂਟਾ ਅਖਾੜਾ ਤੇ ਪਰਕਰਮਾ ਦੀ ਘੰਟਾ ਘਰ ਵਾਲੀ ਬਾਹੀ ਉੱਪਰ ਛੱਤਾਂ ’ਤੇ ਬਣਾਏ ਲਗਭਗ ਸਾਰੇ ਮੋਰਚੇ ਨਸ਼ਟ ਕਰ ਦਿੱਤੇ ਸਨ। ਅਠਾਰ੍ਹਵੀਂ ਸਦੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਦੌਰਾਨ ਉਸਾਰੇ ਗਏ ਇਤਿਹਾਸਕ ਬੁੰਗਿਆਂ ਦੀਆਂ ਟੀਸੀਆਂ ਤੋਪਾਂ ਦੇ ਗੋਲਿਆਂ ਨਾਲ ਠੀਕਰੀ-ਠੀਕਰੀ ਹੋ ਗਈਆਂ ਸਨ।
ਸਿੱਖ ਜੁਝਾਰੂਆਂ ਦੇ ਨੰਗੇ ਟਿਕਾਣਿਆਂ ਨੂੰ ਨਸ਼ਟ ਕਰ ਦੇਣ ਤੋਂ ਬਾਅਦ ਫੌਜ ਨੇ 5 ਜੂਨ ਦੀ ਰਾਤ ਨੂੰ ਦਰਬਾਰ ਸਾਹਿਬ ਅੰਦਰ ਦਾਖ਼ਲ ਹੋ ਕ ਅਕਾਲ ਤਖ਼ਤ ਉੱਤੇ ਕਬਜ਼ਾ ਜਮਾਉਣ ਦੀ ਆਪਣੀ ਪੂਰਵ-ਉਲੀਕੀ ਯੋਜਨਾ ਉੱਤੇ ਕਾਰਵਾਈ ਸ਼ੁਰੂ ਕਰ ਦਿੱਤੀ। ਫੌਜ ਦੇ ਉੱਚ-ਕੋਟੀ ਦੇ ਜਰਨੈਲਾਂ ਤੇ ਮਾਹਰਾਂ ਦੁਆਰਾ ਡੂੰਘੀ ਸੋਚ-ਵਿਚਾਰ ਤੋਂ ਬਾਅਦ ਤਿਆਰ ਕੀਤੀ ਗਈ ਇਸ ਯੋਜਨਾ ਅਨੁਸਾਰ ਫੌਜ ਨੇ ਆਪਣੇ ਅੱਵਲ ਦਰਜੇ ਦੇ ਕਮਾਂਡੋਆਂ, ਜਿਨ੍ਹਾਂ ਨੂੰ ਇਸ ਮਕਸਦ ਲਈ ਚਕਰਾਤਾ ਤੇ ਸਸਰਾਵਾਂ ਵਿਖੇ ਉਚੇਚੀ ਸਿਖਲਾਈ ਦਿੱਤੀ ਗਈ ਸੀ, ਦੀ ਮਦਦ ਨਾਲ ਦਰਬਾਰ ਸਾਹਿਬ ਦੀ ਪਰਕਰਮਾ ਅੰਦਰ ਇੱਕੋ ਮੌਕੇ ਦੋ ਪਾਸਿਆਂ ਤੋਂ ਦਾਖ਼ਲ ਹੋਣਾ ਸੀ। ਸਭ ਤੋਂ ਉੱਤਮ ਗਿਣੇ ਜਾਂਦੇ ‘10 ਗਾਰਡਜ਼’ (ਦਸਵੀਂ ਬਟਾਲੀਅਨ) ਦੇ ਕਮਾਂਡੋਆਂ ਨੇ ਘੰਟਾਘਰ ਵਾਲੇ ਪਾਸੇ ਤੋਂ ਮੁੱਖ ਦੁਆਰ ਰਾਹੀਂ ਪਰਕਰਮਾ ਅੰਦਰ ਦਾਖ਼ਲ ਹੋ ਕੇ ਅਕਾਲ ਤਖ਼ਤ ਤਕ ਪਹੁੰਚਣ ਲਈ ਰਾਹ ਸਾਫ਼ ਕਰਨਾ ਸੀ। ਜੁਝਾਰੂ ਸਿੰਘਾਂ ਦਾ ਧਿਆਨ ਦੋ ਥਾਈਂ ਵੰਡਣ ਦੀ ਰਣਨੀਤੀ ਤਹਿਤ ਮਦਰਾਸ ਰੈਜਮੈਂਟ ਦੀ 26ਵੀਂ ਬਟਾਲੀਅਨ ਦੇ ਦਸਤਿਆਂ ਨੂੰ ਮੰਜੀ ਸਾਹਿਬ ਵਾਲੇ ਪਾਸੇ ਤੋਂ ਪਰਕਰਮਾ ਅੰਦਰ ਦਾਖ਼ਲ ਹੋ ਕੇ ਅਕਾਲ ਤਖ਼ਤ ਤਕ ਪਹੁੰਚਣ ਦਾ ਰਾਹ ਪੱਧਰਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਗੜ੍ਹਵਾਲ ਰੈਜੀਮੈਂਟ ਦੀ ਨੌਵੀਂ ਬਟਾਲੀਅਨ ਨੂੰ ਦੱਖਣ ਵਾਲੇ ਪਾਸੇ ਤੋਂ ਸ਼ਹੀਦਾਂ ਵਾਲੇ ਗੇਟ ਰਾਹੀਂ ਪਰਕਰਮਾ ਅੰਦਰ ਦਾਖ਼ਲ ਹੋਣ ਲਈ ਤੈਨਾਤ ਕੀਤਾ ਗਿਆ ਸੀ। ਕੁਮਾਊਂ ਰੈਜੀਮੈਂਟ ਦੀ ਨੌਵੀਂ ਬਟਾਲੀਅਨ ਨੇ ਸਰਾਂ ਵਾਲੇ ਸਮੁੱਚੇ ਖੇਤਰ ਨੂੰ ਕਬਜ਼ੇ ਵਿੱਚ ਲੈਣਾ ਸੀ। ਅਕਾਲ ਤਖ਼ਤ ਉੱਤੇ ਫੌਜ ਦਾ ਕਬਜ਼ਾ ਹੋ ਜਾਣ ਦੀ ਸੂਰਤ ਵਿੱਚ ਸਪੈਸ਼ਲ ਫਰੰਟੀਅਰ ਫੋਰਸ ਨੂੰ ਅਕਾਲ ਤਖ਼ਤ ਅੰਦਰੋਂ ਅਸਲਾ ਤੇ ਹਥਿਆਰ ਬਰਾਮਦ ਕਰਨ ਲਈ ਤਿਆਰ ਰੱਖਿਆ ਗਿਆ ਸੀ। ਨਵੰਬਰ 16 ਰਸਾਲੇ ਦੇ ਦਰਜਨ ਤੋਂ ਵੱਧ ਵਿਜੰਤਾ ਟੈਂਕ 7.62 ਮਿਲੀ ਮੀਟਰ ਮਸ਼ੀਨਗੰਨਾਂ ਦੇ ਗੋਲੇ ਦਾਗਣ ਲਈ ਦਰਬਾਰ ਸਾਹਿਬ ਦੇ ਆਲੇ-ਦੁਆਲੇ ਯੁਧਨੀਤਕ ਟਿਕਾਣਿਆਂ ਉੱਤੇ ਤੈਨਾਤ ਕੀਤੇ ਗਏ ਸਨ। ਦੋ ਚੇਤਕ ਹੈਲੀਕਾਪਟਰਾਂ ਨੂੰ ਦਰਬਾਰ ਸਾਹਿਬ ਉੱਤੇ ਨੀਵੀਆਂ ਉਡਾਰੀਆਂ ਭਰ ਕੇ ਮੋਰਚਿਆਂ ਵਿਚਲੇ ਫੌਜੀ ਜਵਾਨਾਂ ਨੂੰ ਕੰਟਰੋਲ ਰੂਪ ਦੇ ਜ਼ਰੀਏ ਸਿੰਘਾਂ ਦੇ ਮੋਰਚਿਆਂ ਦੀ ਠੀਕ-ਠੀਕ ਜਾਣਕਾਰੀ ਦੇਣ ਅਤੇ ਇਸ ਤਰ੍ਹਾਂ ਉਨ੍ਹਾਂ ਦੀ ਠੀਕ ਨਿਸ਼ਾਨਿਅ ਉੱਤੇ ਚੋਟ ਕਰਨ ਵਿੱਚ ਮਦਦ ਕਰਨ ਲਈ ਤਿਆਰ ਰੱਖਿਆ ਹੋਇਆ ਸੀ।
ਕਾਗਜ਼ਾਂ ਉੱਤੇ ਤਿਆਰ ਕੀਤੀ ਯੋਜਨਾ ਅਨੁਸਾਰ ਅਕਾਲ ਤਖ਼ਤ ਸਾਹਿਬ ਉੱਤੇ ਚੌਤਰਫਾ ਹੱਲਾ ਬੋਲਣ ਦੀ ਇਹ ਫੌਜੀ ਕਾਰਵਾਈ ਰਾਤ ਦੇ 10 ਵਜੇ ਸ਼ੁਰੂ ਕੀਤੀ ਜਾਣੀ ਸੀ ਅਤੇ ਰਾਤ ਦੇ ਇਕ ਵਜੇ ਤਕ ਆਪਰੇਸ਼ਨ ਦਾ ਪਹਿਲਾ ਪੜਾਅ (ਜੁਝਾਰੂ ਸਿੰਘਾਂ ਦੀ ਲੜਾਕੂ ਸ਼ਕਤੀ ਨੂੰ ਮੁਕੰਮਲ ਤੌਰ ’ਤੇ ਨਕਾਰਾ ਕਰ ਦੇਣ) ਪੂਰਾ ਕਰ ਲੈਣ ਦਾ ਨਿਸ਼ਾਨਾ ਮਿੱਥਿਆ ਗਿਆ ਸੀ। ਉਸ ਤੋਂ ਬਾਅਦ ਰਾਤ ਦੇ ਹਨੇਰੇ ਵਿੱਚ ਹੀ ਮੁਰਦਾ ਲਾਸ਼ਾਂ ਨੂੰ ਸੰਭਾਲਣ, ਜਿਊਂਦੇ ਜੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਾਰੇ ਅਹਾਤੇ ਦੀ ਭਰਵੀਂ ਤਲਾਸ਼ੀ ਲੈਣ ਦਾ ਅਮਲ ਸ਼ੁਰੂ ਹੋਣਾ ਸੀ। 6 ਜੂਨ ਦਾ ਸੂਰਜ ਚੜ੍ਹਨ ਤੋਂ ਪਹਿਲਾਂ-ਪਹਿਲਾਂ ਸਾਰਾ ਆਪਰੇਸ਼ਨ ਮੁਕੰਮਲ ਕਰ ਕੇ ਭਾਰਤੀ ਫੌਜ ਦੀ ‘ਜਿੱਤ’ ਦੇ ਜਸ਼ਨ ਮਨਾਏ ਜਾਣੇ ਸਨ।
ਫੌਜੀ ਦ੍ਰਿਸ਼ਟੀ ਤੋਂ ਦੇਖਿਆਂ, ਇਹ ਟੱਕਰ ਸਰਾਸਰ ਬੇਮੇਚੀ ਸੀ। ਨਫਰੀ ਦੇ ਹਿਸਾਬ ਨਾਲ ਅਤੇ ਅਸਲੇ ਤੇ ਹਥਿਆਰਾਂ ਦੀ ਕੁਆਲਟੀ ਪੱਖੋਂ ਕੋਈ ਮੁਕਾਬਲਾ ਨਹੀਂ ਸੀ। ਇਕ ਪਾਸੇ ਦੁਨੀਆ ਦੀਆਂ ਸ਼ਕਤੀਸ਼ਾਲੀ ਫੌਜਾਂ ’ਚ ਗਿਣੀ ਜਾਂਦੀ ਭਾਰਤੀ ਫੌਜ ਸੀ, ਜਿਸ ਕੋਲ ਟੈਂਕ, ਬਖ਼ਤਰਬੰਦ ਗੱਡੀਆਂ, ਹਵਾਈ ਜਹਾਜ਼, ਹੈਲਕਾਪਟਰ ਅਤੇ ਭਾਰੀ ਭਾਰੀ ਤੋਪਖਾਨਾ ਸੀ। ਭਾਰਤੀ ਫੌਜ ਦੀਆਂ ਕੁਲ ਮਿਲਾ ਕੇ 7 ਡਵੀਜ਼ਨਾਂ ਨੂੰ ਲੜਾਈ ਲਈ ਲਾਮਬੰਦ ਕੀਤਾ ਗਿਆ ਸੀ। ਇਕੱਲੇ ਦਰਬਾਰ ਸਾਹਿਬ ਉੱਤੇ ਹਮਲੇ ਦੀ ਕਾਰਵਾਈ ਵਿੱਚ ਹੀ ਘੱਟੋ-ਘੱਟ 15 ਹਜ਼ਾਰ ਫੌਜੀ ਜਵਾਨ ਸਿੱਧਾ ਹਿੱਸਾ ਲੈ ਰਹੇ ਸਨ।
ਜ਼ਮੀਨੀ ਲਸ਼ਕਰ ਦੀ ਮਦਦ ਲਈ ਸਮੁੰਦਰੀ ਤੇ ਹਵਾਈ ਫੌਜ ਦੇ ਵੀ ਕੁਝ ਅੰਗ ਹਰਕਤ ਵਿੱਚ ਲਿਆਂਦੇ ਗਏ ਸਨ। ਭਾਰਤੀ ਫੌਜ ਕੋਲ ਉੱਤਮ ਅਸਲੇ ਤੇ ਹਥਿਆਰਾਂ ਤੋਂ ਇਲਾਵਾ ਆਹਲਾ ਦਰਜੇ ਦੇ ਸਾਧੇ ਹੋਏ ਜਰਨੈਲ ਸਨ। ਵਾਧੇ ਦੀ ਗੱਲ ਇਹ ਕਿ ਸਮੁੱਚੀ ਸਰਕਾਰੀ ਮਸ਼ੀਨਰੀ ਫੌਜ ਦੀ ਸੇਵਾ ਵਿੱਚ ਹਾਜ਼ਰ ਸੀ। ਦੂਜੇ ਪਾਸੇ ਗਿਣਤੀ ਦੇ ਜੁਝਾਰੂ ਸਿੰਘ ਸਨ (ਜਿਨ੍ਹਾਂ ਦੀ ਨਫਰੀ ਕਿਸੇ ਵੀ ਤਰ੍ਹਾਂ ਡੇਢ ਸੈਂਕੜੇ ਤੋਂ ਵੱਧ ਨਹੀਂ ਸੀ) ਅਤੇ ਉਨ੍ਹਾਂ ਕੋਲ ਉਂਗਲਾਂ ਤੇ ਗਿਣਨ ਜੋਗੀਆਂ ਹਲਕੀਆਂ ਮਸ਼ੀਨਗੰਨਾਂ ਸਨ। ਦਰਮਿਆਨੀ ਜਾਂ ਭਾਰੀ ਮਸ਼ੀਨਗੰਨ ਇਕ ਵੀ ਨਹੀਂ ਸੀ। ਨਾਂ-ਮਾਤਰ ਰਾਕਟ ਲਾਂਚਰ ਸਨ। ਬਾਕੀ ਸਧਾਰਨ ਕਿਸਮ ਦੀਆਂ ਰਾਈਫਲਾਂ ਤੇ ਹੱਥ-ਗੋਲਿਆਂ (ਗ੍ਰਨੇਡ) ਤੋਂ ਬਿਨਾਂ ਉਨ੍ਹਾਂ ਕੋਲ ਹੋਰ ਕੋਈ ਹਥਿਆਰ ਨਹੀਂ ਸਨ।
ਪਰ ਇਸ ਫੌਜੀ ਪੱਖ ਦੀ ਕਮਜ਼ੋਰੀ ਦੀ ਤੁਲਨਾ ਵਿੱਚ ਜੁਝਾਰੂ ਸਿੰਘਾਂ ਦੇ ਨੈਤਿਕ ਪੱਖ ਵਾਲਾ ਪਲੜਾ ਕਿਤੇ ਵੱਧ ਵਜ਼ਨਦਾਰ ਸੀ। ਭਾਰਤੀ ਫੌਜ ਕਹਿਣ ਨੂੰ ਭਾਵੇਂ ਦੇਸ਼ ਦੇ ਹਿੱਤਾਂ ਦੀ ਰੱਖਿਆ ਦੀ ਲੜਾਈ ਲੜ ਰਹੀ ਸੀ ਪਰ ਅਸਲੀਅਤ ਵਿੱਚ ਉਹ ਦੇਸ਼ ਦੇ ਨਹੀਂ, ਦੇਸ਼ ਦੇ ਧਿੰਗਾਣੇ ਹਾਕਮਾਂ ਦੇ ਪੱਖ ਦੀ ਲੜਾਈ ਲੜ ਰਹੀ ਸੀ। ਇਹ ਪੱਖ ਪੁੱਜ ਕੇ ਝੂਠਾ ਤੇ ਬੇਨਿਆਈਂ ਸੀ। ਇਸਦੀ ਤੁਲਨਾ ਵਿੱਚ ਸਿੱਖ ਜੁਝਾਰੂ ਜਿਸ ਕਾਜ ਲਈ ਲੜ ਰਹੇ ਸਨ, ਉਹ ਸੱਚਾ ਤੇ ਨਿਆਈਂ ਸੀ। ਉਹ ਆਪਣੇ ਧਰਮ ਤੇ ਸਭਿਆਚਾਰ ਦੀ ਰਾਖੀ ਲਈ ਲੜ ਰਹੇ ਸਨ, ਕਿਸੇ ਦੇ ਧਰਮ ਤੇ ਸਭਿਆਚਾਰ ਨੂੰ ਉਜਾੜਨ ਲਈ ਨਹੀਂ। ਉਹ ਆਪਣੇ ਹੱਕਾਂ ਦੀ ਰਾਖੀ ਲਈ ਲੜ ਰਹੇ ਸਨ, ਕਿਸੇ ਦੇ ਹੱਕਾਂ ਨੂੰ ਲਿਤਾੜਨ ਲਈ ਨਹੀਂ। ਉਨ੍ਹਾਂ ਅੰਦਰ ਲੜਨ ਦਾ ਨਿਸ਼ਕਾਮ ਜਜ਼ਬਾ ਸੀ, ਜੂਝ ਮਰਨ ਦਾ ਦ੍ਰਿੜ੍ਹ ਨਿਸ਼ਚਾ ਸੀ ਅਤੇ ਆਪਣੇ ਗੁਰੂ ਦੇ ਚਰਨਾਂ ਵਿੱਚ ਸ਼ਹੀਦ ਹੋ ਜਾਣ ਦਾ ਨਿਰਮਲ ਚਾਉ ਸੀ। ਇਸ ਕਰਕੇ ਸਿੰਘਾਂ ਨੇ ਆਪਣੀ ਮੂਲੋਂ ਹੀ ਥੋੜੀ ਨਫ਼ਰੀ ਤੇ ਮਾੜੇ ਹਥਿਆਰਾਂ ਦੇ ਬਾਵਜੂਦ ਭਾਰਤੀ ਫੌਜ ਦੇ ਹੱਲੇ ਨੂੰ ਬੁਰੀ ਤਰ੍ਹਾਂ ਪਛਾੜ ਕੇ ਰੱਖ ਦਿੱਤਾ।
ਫੌਜੀ ਜਰਨੈਲ ਜਿਸ ਲੜਾਈ ਨੂੰ ਦੋ ਜਾਂ ਹੱਦ ਤਿੰਨ ਘੰਟਿਆਂ ਦੇ ਅੰਦਰ ਸਮੇਟ ਦੇਣ ਦੀ ਖੁਸ਼ਫਹਿਮੀ ਪਾਲੀ ਬੈਠੇ ਸਨ, ਉਹ ਉਮੀਦ ਨਾਲੋਂ ਕਿਤੇ ਵੱਧ ਲਮਕਵੀਂ ਤੇ ਜੋਖਮ ਭਰੀ ਸਾਬਤ ਹੋਈ। ਜਨਰਲ ਕੁਲਦੀਪ ਸਿੰਘ ਬਰਾੜ ਨੇ ਸਿੰਘਾਂ ਦੇ ਹੌਂਸਲੇ ਤੋੜਨ ਤੇ ਮੋਰਚੇ ਨਸ਼ਟ ਕਰਨ ਲਈ ਕਈ ਬਦਲਵੀਆਂ ਪੈਂਤੜਾਂ ਚਾਲਾਂ ਚੱਲੀਆਂ। ਪਰ ਜੁਝਾਰੂ ਸਿੰਘਾਂ ਦੀ ਕਹਿਰ ਵਰਸਾਉਂਦੀ ਜੁਆਬੀ ਗੋਲਾਬਾਰੀ ਉੱਤੇ ਕਾਬੂ ਪਾਉਣ ਦੀ ਪੂਰਵ-ਉਲੀਕੀ ਜਾਂ ਬਦਲਵੀਂ ਕੋਈ ਵੀ ਚਾਲ ਅਸਰਦਾਰ ਸਾਬਤ ਨਾ ਹੋਈ। ਫੌਜੀ ਕਮਾਂਡੋਆਂ ਦੀਆਂ ਚਕਰਾਤਾ ਵਿਖੇ ਮਹੀਨਿਆਂ ਬੱਧੀ ਕੀਤੀਆਂ ਮਸ਼ਕਾਂ ਉੱਕਾ ਹੀ ਬੇਫਾਇਦਾ ਬਣ ਕੇ ਰਹਿ ਗਈਆਂ। ਦੋ ਘੰਟਿਆਂ ਦੇ ਅੰਦਰ-ਅੰਦਰ ਅਕਾਲ ਤਖ਼ਤ ਉੱਤੇ ਕਬਜ਼ਾ ਕਰ ਲੈਣ ਦਾ ਟੀਚਾ ਤਾਂ ਦੂਰ ਰਿਹਾ, ਦੋ ਘੰਟਿਆਂ ਤਕ ਫੰਨੇ ਖਾਂ ਕਹੇ ਜਾਂਦੇ ‘10 ਗਾਰਡਜ਼’ ਦੇ ਕਮਾਂਡੋ ਪਰਕਰਮਾ ਦੇ ਅੰਦਰ ਕਦਮ ਧਰਨ ਵਿੱਚ ਵੀ ਸਫਲ ਨਾ ਹੋ ਸਕੇ। ਮੁੱਖ ਦੁਆਰ ਦੀਆਂ ਪੌੜੀਆਂ ਹੀ ਉਨ੍ਹਾਂ ਲਈ ਮੌਤ ਦਾ ਖੂਹ ਬਣ ਕੇ ਰਹਿ ਗਈਆਂ। ਹਲਕੀਆਂ/ਭਾਰੀਆਂ ਸਭ ਮਸ਼ੀਨਗੰਨਾਂ ਤੇ ਤੋਪਾਂ ਗੋਲੇ ਵਰਸਾ-ਵਰਸਾ ਕੇ ਹੰਭ ਗਈਆਂ। ਦਰਬਾਰ ਸਾਹਿਬ ਉੱਤੇ ਨੀਵੀਆਂ ਉਡਾਰੀਆਂ ਭਰ ਕੇ ਫੌਜੀ ਜਵਾਨਾਂ ਨੂੰ ਸਿੰਘਾਂ ਦੇ ਮੋਰਚਿਆਂ ਦੀਆਂ ਸੂਹਾਂ ਦੇ ਰਹੇ ਚੇਤਕ ਹੈਲੀਕਾਪਟਰ ਵੀ ਛਿੱਥੇ ਪੈ ਗਏ। ਪਰ ਫੌਜੀ ਟੁਕੜੀਆਂ ਦੀ ਅਕਾਲ ਤਖ਼ਤ ਵੱਲ ਵਧਣ ਦੀ ਕੋਈ ਕੋਸ਼ਿਸ਼ ਸਫਲ ਨਾ ਹੋ ਸਕੀ। ਜਨਰਲ ਬਰਾੜ ਦਾ ਵਿਚਾਰ ਸੀ ਕਿ ਉਹ ਜ਼ਮੀਨ ਤੇ ਅਸਮਾਨ ਨੂੰ ਕਾਂਬਾ ਛੇੜ ਦੇਣ ਵਾਲੇ ‘ਸਟੇਨ ਗ੍ਰਨੇਡਾਂ’ ਨਾਲ ਜੁਝਾਰੂ ਸਿੰਘਾਂ ਦੇ ਦਿਲਾਂ ਅੰਦਰ ਹੌਲ ਪਾ ਦੇਵੇਗਾ। ਪਰ ਸਿੰਘਾਂ ਨੇ ਇਨ੍ਹਾਂ ‘ਸਟੇਨ ਗ੍ਰਨੇਡਾਂ’ ਨੂੰ ਦੀਵਾਲੀ ਦੇ ਪਟਾਕਿਆਂ ਤੋਂ ਵੱਧ ਨਹੀਂ ਜਾਣਿਆ। ਛੇਆਂ ਘੰਟਿਆਂ ਦੀਆਂ ਜੀਅ-ਤੋੜ ਕੋਸ਼ਿਸ਼ਾਂ ਦੇ ਬਾਵਜੂਦ ਅਤੇ ਕਲਪਨਾ ਨਾਲੋਂ ਕਿਤੇ ਵੱਧ ਜਾਨੀ ਨੁਕਸਾਨ ਕਰਾ ਬੈਠਣ ਤੋਂ ਬਾਅਦ ਵੀ ਫੌਜ ਦਾ ਅਕਾਲ ਤਖ਼ਤ ਵੱਲ ਵਧਣਾ ਮੁਹਾਲ ਬਣਿਆ ਰਿਹਾ।
ਕੋਈ ਛੇ ਘੰਟੇ ਬੀਤ ਜਾਣ ਤੋਂ ਬਾਅਦ ਜਦ ਫੌਜੀ ਜਰਨੈਲਾਂ ਨੂੰ ਪਹੁ ਫੁਟ ਜਾਣ ਦਾ ਅਤੇ ਦਿਨ ਦੇ ਚਿੱਟੇ ਚਾਨਣ ਵਿੱਚ ਆਪਣੀ ਨਾਕਾਮੀ ਦੇ ਜੱਗ-ਜ਼ਾਹਰ ਹੋ ਜਾਣ ਦਾ ਡਰਾਉਣਾ ਖ਼ਿਆਲ ਸਤਾਉਣ ਲੱਗਾ ਤਾਂ ਉਨ੍ਹਾਂ 6 ਜੂਨ ਦੀ ਲੋਅ ਪਾਟਣ ਤੋਂ ਪਹਿਲਾਂ ਸਵੇਰ ਦੇ 4 ਵਜੇ ਮੰਜੀ ਸਾਹਿਬ ਵਾਲੇ ਪਾਸਿਓਂ ਇਕ ਬਖ਼ਤਰਬੰਦ ਗੱਡੀ (ਸਕਾਟ ਓ.ਟੀ. 64) ਪਰਕਰਮਾ ਅੰਦਰ ਉਤਾਰੀ। ਉਨ੍ਹਾਂ ਨੂੰ ਪੱਕਾ ਯਕੀਨ ਸੀ ਕਿ ਸਿੰਘ ਇਸ ਗੱਡੀ ਨੂੰ ਦੇਖਦਿਆਂ ਹੀ ਭੈਅ-ਭੀਤ ਹੋ ਉਠਣਗੇ ਅਤੇ ਇਸ ਬਖ਼ਤਰਬੰਦ ਗੱਡੀ ਦਾ ਉਹ ਵਾਲ ਵੀ ਵਿੰਗਾ ਨਹੀਂ ਕਰ ਸਕਣਗੇ। ਪਰ ਬਖ਼ਤਰਬੰਦ ਗੱਡੀ ਅਜੇ ਪਰਕਰਮਾ ਦੇ ਅੱਧ ਵਿੱਚ ਸ਼ਹੀਦਾਂ ਵਾਲੇ ਗੇਟ ਦੇ ਸਾਹਮਣੇ ਹੀ ਪਹੁੰਚੀ ਸੀ ਕਿ ਸਿੰਘਾਂ ਵੱਲੋਂ ਨਿਸ਼ਾਨਾ ਸੇਧ ਕੇ ਦਾਗੇ ਗਏ ਰਾਕਟ ਲਾਂਚਰ ਨੇ ਇਸ ਥਾਏਂ ਨਕਾਰਾ ਕਰ ਦਿੱਤਾ। ਫੌਜੀ ਜਰਨੈਲਾਂ ਨੇ ਅਜਿਹੀ ਪਛਾੜ ਤਾਂ ਸੁਪਨੇ ਵਿੱਚ ਨਹੀਂ ਚਿਤਵੀ ਸੀ। ਇਸ ਕਰਕੇ ਇਸ ਨਾਲ ਉਨ੍ਹਾਂ ਅੰਦਰ ਇਕਦਮ ਘਬਰਾਹਟ ਫੈਲ ਗਈ। ਪੂਰਵ ਉਲੀਕੀਆਂ ਸਾਰੀਆਂ ਯੋਜਨਾਵਾਂ ਨੂੰ ਥਾਏਂ ਛੱਡਦਿਆਂ ਹੋਇਆਂ ਉਨ੍ਹਾਂ, ਭਾਰੀ ਕਾਹਲੀ ਤੇ ਘਬਰਾਹਟ ਵਿੱਚ, ਉਤਲੀ ਪੱਧਰ ’ਤੇ ਫੁਰਤੀ ਨਾਲ ਸਲਾਹ-ਮਸ਼ਵਰੇ ਕਰਕੇ, ਅਕਾਲ ਤਖ਼ਤ ਉੱਤੇ ਸਿੱਧਾ ਟੈਂਕਾਂ ਨਾਲ ਹੱਲਾ ਬੋਲਣ ਦਾ ਨਿਰਣਾ ਕਰ ਲਿਆ।
ਮਿੰਟਾਂ ਦੇ ਅੰਦਰ ਹੀ ਛੇ ਵਿਜੇਤਾ ਟੈਂਕ ਸਰਾਂ ਵਾਲੇ ਪਾਸੇ ਦੀ ਵਿਚਕਾਰਲੀ ਸੜਕ ਉੱਤੇ ਆ ਪਰਗਟ ਹੋਏ। ਪਹਿਲਾਂ ਇਕ ਟੈਂਕ ਨੂੰ ਪਰਕਰਮਾ ਅੰਦਰਾ ਉਤਾਰਿਆ ਗਿਆ। ਪਰ ਰੱਬ-ਸਬੱਬੀ ਇਹ ਟੈਂਕ ਬਾਬਾ ਦੀਪ ਸਿੰਘ ਜੀ ਦੇ ਸੀਸ ਭੇਟ ਅਸਥਾਨ ਕੋਲ ਜਾ ਕੇ ਜ਼ਮੀਨ ਅੰਦਰ ਧਸ ਗਿਆ। ਫਿਰ ਇਕ ਹੋਰ ਟੈਂਕ ਲਿਆਂਦਾ ਗਿਆ। ਤਿੱਖੀ ਲਿਸ਼ਕੋਰ ਨਾਲ ਸਿੰਘਾਂ ਦੀਆਂ ਅੱਖਾਂ ਨੂੰ ਨਕਾਰਾ ਕਰ ਦੇਣ ਦੀ ਸੋਚ ਨਾਲ ਅਕਾਲ ਤਖ਼ਤ ਉੱਤੇ ਟੈਂਕਾਂ ਦੀਆਂ ਅਤੀ ਤੇਜ ਰੌਸ਼ਨੀਆਂ (ਸਰਚ ਲਾਈਟਾਂ) ਮਾਰੀਆਂ ਗਈਆਂ। ਜਦ ਇਸ ਨਾਲ ਵੀ ਅਕਾਲ ਤਖ਼ਤ ਵਿੱਚੋਂ ਆਉਂਦੀ ਗੋਲੀਆਂ ਦੀ ਬੁਛਾੜ ਨਾ ਥੰਮ੍ਹੀ ਤਾਂ ਅਕਾਲ ਤਖ਼ਤ ਉੱਤੇ ਅੱਥਰੂ ਗੈਸ ਦੇ ਬੇਥਾਹ ਗੋਲੇ ਸੁੱਟੇ ਗਏ। ਪਰ ਅੱਥਰੂ ਗੈਸ ਵੀ ਆਪਣਾ ਕੋਈ ਅਸਰ ਨਾ ਦਿਖਾ ਸਕੀ।
ਇਸ ਤੋਂ ਬਾਅਦ ਛਿੱਥੇ ਗਏ ਜਨਰਲ ਬਰਾੜ ਨੇ ਅਕਾਲ ਤਖ਼ਤ ਅੰਦਰ ਸੀ.ਐਸ. ਨਾਂ ਦੀ ਜ਼ਹਿਰੀਲੀ ਗੈਸ, ਕੌਮਾਂਤਰੀ ਕਾਨੂੰਨਾਂ ਅਨੁਸਾਰ ਜਿਸਦੀ ਜੰਗ ਅੰਦਰ ਵਰਤੋਂ ਵਰਜਿਤ ਕਰਾਰ ਦਿੱਤੀ ਗਈ ਹੈ, ਦੇ ਕਨਿਸਤਰ ਸੁੱਟਣ ਦੀ ਚਾਲ ਅਜ਼ਮਾਉਣ ਦਾ ਨਿਰਣਾ ਕਰ ਲਿਆ। ਪਰ ਸਿੰਘਾਂ ਨੇ ਦੁਸ਼ਮਣ ਦੀ ਹਰ ਚਾਲ ਨੂੰ ਪਛਾੜਦਿਆਂ ਹੋਇਆਂ ਫੌਜ ਨੂੰ ਅਕਾਲ ਤਖ਼ਤ ਵੱਲ ਵਧਣ ਤੋਂ ਲਗਾਤਾਰ ਡੱਕਾ ਲਾਈ ਰੱਖਿਆ। ਅਖੀਰ ਵਿੱਚ ਟੈਂਕਾਂ ਨੇ ਹੋਰ ਨੇੜੇ ਹੋ ਕੇ ਅਕਾਲ ਤਖ਼ਤ ਦੇ ਦਰਸ਼ਨੀ ਤਿਉਢੀ ਉੱਤੇ ਸਿੱਧੇ ਗੋਲੇ ਵਰਸਾਉਣੇ ਸ਼ੁਰੂ ਕਰ ਦਿੱਤੇ। ਪਹਿਲਾਂ ਅਜ਼ਮਾਇਸ਼ ਦੇ ਤੌਰ ’ਤੇ ਟੈਂਕ ਦੀ ਮਸ਼ੀਨਗੰਨ ਦੇ ਗੋਲੇ ਦਾਗੇ ਗਏ। ਫਿਰ ਟੈਂਕ ਦੀ ਮੁੱਖ ਤੋਪ (105 ਐਮ.ਐਮ.) ਵਿੱਚੋਂ ‘ਹੈੱਸ਼’ ਦੇ ਨਾਂ ਨਾਲ ਜਾਣੇ ਜਾਂਦੇ ਅਤੇ ਸ਼ਕਤੀਸ਼ਾਲੀ ਗੋਲਿਆਂ ਨੇ ਕਹਿਰ ਵਰਸਾਉਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਗੋਲਿਆਂ ਨੇ ਅਕਾਲ ਤਖ਼ਤ ਤੇ ਦਰਸ਼ਨੀ ਤਿਉਢੀ ਦੇ ਡਾਢੇ-ਤਕੜੇ ਢਾਂਚਿਆਂ ਅੰਦਰ ਵੱਡੇ ਮਘੋਰੇ ਖੋਲ੍ਹ ਦਿੱਤੇ। ਥੋੜੇ ਹੀ ਚਿਰ ਵਿੱਚ ਇਹ ਇਤਿਹਾਸਕ ਇਮਾਰਤਾਂ ਬੁਰੀ ਤਰ੍ਹਾਂ ਨਸ਼ਟ ਹੋ ਗਈਆਂ। ਪਰ ਇਸ ਦੇ ਬਾਵਜੂਦ ਅਕਾਲ ਤਖ਼ਤ ਅੰਦਰ ਡਟੇ ਗਿਣਤੀ ਦੇ ਸਿੰਘ ਭਾਰਤੀ ਫੌਜ ਦਾ ਬਹਾਦਰੀ ਨਾਲ ਮੁਕਾਬਲਾ ਕਰਦੇ ਰਹੇ। ਕਮਾਂਡੋਆਂ ਨੇ ਪਰਕਰਮਾ ਦੀਆਂ ਉੱਤਰੀ ਤੇ ਦੱਖਣੀ, ਦੋਨੋਂ ਬਾਹੀਆਂ ਤੋਂ ਅਕਾਲ ਤਖ਼ਤ ਵੱਲ ਵਧਣ ਦੀਆਂ ਕਈ ਜਾਂਬਾਜ਼ ਕੋਸ਼ਿਸ਼ਾਂ ਕੀਤੀਆਂ ਪਰ ਹਰ ਵਾਰ ਅਕਾਲ ਤਖ਼ਤ ਦੇ ਸਾਹਮਣੇ ਵਾਲਾ ਵਿਹੜਾ ਉਨ੍ਹਾਂ ਲਈ ਮੌਤ ਦਾ ਖੇਤਰ ਬਣਦਾ ਰਿਹਾ। ਬਾਅਦ ’ਚ ਜਨਰਲ ਬਰਾੜ ਨੇ ਇਹ ਗੱਲ ਨਿਝੱਕ ਮੰਨੀ ਕਿ ਇਹ ਥਾਂ ਉਨ੍ਹਾਂ ਲਈ ‘ਮੁੱਖ ਕਤਲਗਾਹ’ ਸਾਬਤ ਹੋਈ। ਜਨਰਲ ਦਿਆਲ ਨੂੰ ਵੀ ਸਿੰਘਾਂ ਦੇ ਲੜਾਕੂ ਜਜ਼ਬੇ ਤੇ ਬਹਾਦਰੀ ਦਾ ਇਹ ਕਹਿੰਦਿਆਂ ਹੋਇਆਂ ਲੋਹਾ ਮੰਨਣਾ ਪਿਆ ਕਿ ‘‘ਮੈਂ ਆਪਣੇ ਫੌਜੀ ਜੀਵਨ ਦੇ ਤੀਹ ਵਰ੍ਹਿਆਂ ਅੰਦਰ ਇਸ ਤਰ੍ਹਾਂ ਦੀ ਫਾਇਰ ਪਾਵਰ ਨਹੀਂ ਦੇਖੀ- ਪਾਕਿਸਤਾਨ ਨਾਲ ਜੰਗ ਦੇ ਦੌਰਾਨ ਵੀ ਨਹੀਂ।’’
ਉਦੋਂ ਵੀ, ਜਦੋਂ ਅਕਾਲ ਤਖ਼ਤ ਦੇ ਢਾਂਚੇ ਵਿੱਚ ਖੁੱਲ੍ਹੇ ਵੱਡੇ ਮਘੋਰਿਆਂ ਰਾਹੀਂ ਭਾਰਤੀ ਫੌਜ ਮਣਾਂ-ਮੂੰਹੀਂ ਬਾਰੂਦ ਅੰਦਰ ਸੁੱਟ ਰਹੀ ਸੀ ਤੇ ਅਕਾਲ ਤਖ਼ਤ ਦੀਆਂ ਉੱਪਰਲੀਆਂ ਮੰਜ਼ਲਾਂ ਅੱਗ ਤੇ ਧੂੰਏਂ ਦੀ ਲਪੇਟ ਵਿੱਚ ਆਈਆਂ ਹੋਈਆਂ ਸਨ, ਅਕਾਲ ਤਖ਼ਤ ਦੀ ਹੇਠਲੀ ਮੰਜ਼ਿਲ ਵਿੱਚ ਡਟੇ ਜੁਝਾਰੂ ਸਿੰਘਾਂ ਨੇ ਲਗਾਤਾਰ ਜਚਵੀਂ ਟੱਕਰ ਦੇਣੀ ਜਾਰੀ ਰੱਖੀ। 6 ਜੂਨ ਨੂੰ ਵੱਡਾ ਦਿਨ ਚੜ੍ਹ ਪੈਣ ਤੱਕ ਟੈਂਕਾਂ ਦੀਆਂ ਤੋਪਾਂ ਅਕਾਲ ਤਖ਼ਤ ਸਾਹਿਬ ਉੱਤੇ ਬਿਨਾਂ ਸਾਹ ਲਏ ਗੋਲੇ ਸੁੱਟਦੀਆਂ ਰਹੀਆਂ। ਪਰੰਤੂ ਲਗਭਗ ਥੇਹ ਬਣ ਚੁੱਕੇ ਅਕਾਲ ਤਖ਼ਤ ਦੇ ਅੰਦਰ ਭਾਈ ਜਰਨੈਲ ਸਿੰਘ ਤੇ ਉਨ੍ਹਾਂ ਦੇ ਗਿਣਤੀ ਦੇ ਲੜਾਕੂ ਸਿੰਘ ਸਿੱਖੀ ਦੇ ਗੌਰਵਸ਼ਾਲੀ ਵਿਰਸੇ ਤੇ ਰਵਾਇਤਾਂ ਦੀ ਲਾਜ ਪਾਲਦੇ ਹੋਏ ਸਿਦਕ-ਦਿਲੀ ਨਾਲ ਮੁਕਾਬਲੇ ’ਤੇ ਡਟੇ ਰਹੇ। ਜਨਰਲ ਬਰਾੜ ਦੀ ਭਾਈ ਭਿੰਡਰਾਂਵਾਲੇ ਕੋਲੋਂ ਦੋ ਘੰਟਿਆਂ ਦੇ ਅੰਦਰ-ਅੰਦਰ ਆਤਮ-ਸਮਰਪਣ ਕਰਵਾ ਲੈਣ ਦੀ ਹੋਛੀ ਫੜ੍ਹ ਉਸ ਲਈ ਅੰਤਾਂ ਦੀ ਨਮੋਸ਼ੀ ਤੇ ਸ਼ਰਮਿੰਦਗੀ ਦਾ ਕਾਰਨ ਬਣ ਰਹੀ ਸੀ। ਉਂਗਲਾਂ ’ਤੇ ਗਿਣਨ ਜੋਗੇ ਸਿੰਘਾਂ ਨੂੰ ਫੌਜ ਦੇ ਭਾਰੀ ਲਸ਼ਕਰ ਨਾਲ ਮੁਕਾਬਲਾ ਕਰਦਿਆਂ 50 ਘੰਟੇ ਤੋਂ ਵੱਧ ਸਮਾਂ ਬੀਤ ਚੁੱਕਾ ਸੀ। ਟੈਂਕਾਂ ਦੇ ਗੋਲਿਆਂ ਨੇ ਅਕਾਲ ਤਖ਼ਤ ਨੂੰ ਹਾਲੋਂ ਬੇਹਾਲ ਕਰ ਕੇ ਰੱਖ ਦਿੱਤਾ ਹੋਇਆ ਸੀ। ਅਕਾਲ ਤਖ਼ਤ ਤੇ ਹਰਿਮੰਦਰ ਸਾਿਹਬ ਦੀ ਅਜ਼ਮਤ ਦੀ ਰਾਖੀ ਕਰਦੇ ਬਹੁਤ ਸਿੰਘ ਸ਼ਹੀਦ ਹੋ ਚੁੱਕੇ ਸਨ।
6 ਜੂਨ ਦੀ ਸਵੇਰ ਨੂੰ ਭਾਈ ਜਰਨੈਲ ਸਿੰਘ ਨੇ ਆਪਣੇ ਗਿਣਤੀ ਦੇ ਬਚੇ ਹੋਏ ਯੋਧਿਆਂ ਨੂੰ ਅਕਾਲ ਤਖ਼ਤ ਸਾਹਿਬ ਦੇ ਭੋਰੇ ਅੰਦਰ ਇਕੱਠਿਆਂ ਕਰਕੇ ਸਾਰੇ ਹਾਲਾਤ, ਜੋ ਸਾਰਿਆਂ ਨੂੰ ਸਪਸ਼ਟ ਸਨ, ਤੋਂ ਜਾਣੂੰ ਕਰਵਾਇਆ ਅਤੇ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੀ ਸੂਰਤ ਵਿੱਚ ਭਾਰਤੀ ਫੌਜ ਨੂੰ ਲੋਹੇ ਦੇ ਚਣੇ ਚਬਵਾਉਣ ਦੇ ਆਪਣੇ ਪ੍ਰਣ ਉੱਤੇ ਸੰਤੁਸ਼ਟੀ ਜ਼ਾਹਰ ਕਰਦਿਆਂ ਹੋਇਆਂ ਗੁਰੂ ਦੇ ਚਰਨਾਂ ਵਿੱਚ ਸ਼ਹਾਦਤ ਦਾ ਜਾਮ ਪੀਣ ਦੀ ਸੁਲੱਖਣੀ ਘੜੀ ਦੇ ਆ ਪਹੁੰਚਣ ਦਾ ਐਲਾਨ ਕੀਤਾ। ਕੁਝ ਸਿੰਘਾਂ ਨੇ ਭਾਈ ਜਰਨੈਲ ਸਿੰਘ ਨੂੰ ਸਿੱਖ ਕੌਮ ਦੀ ਅਜ਼ਾਦੀ ਦੇ ਸੰਘਰਸ਼ ਨੂੰ ਸੁਯੋਗ ਅਗਵਾਈ ਦੇਣ ਲਈ ਦੁਸ਼ਮਣ ਦੇ ਘੇਰੇ ’ਚੋਂ ਬਚ ਕੇ ਨਿਕਲ ਜਾਣ ਦੀ ਬੇਨਤੀ ਕੀਤੀ। ਘੇਰੇ ’ਚੋਂ ਬਚ ਕੇ ਨਿਕਲ ਜਾਣ ਦੇ ਰਾਹ ਅਜੇ ਵੀ ਖੁੱਲ੍ਹੇ ਸਨ (ਕਿਹਾ ਜਾਂਦਾ ਹੈ ਕਿ ਕੁਝ ਸਿੰਘ ਸਾਂਝੀ ਰਜ਼ਾ ਨਾਲ ਘੇਰੇ ’ਚੋਂ ਨਿਕਲ ਵੀ ਗਏ ਸਨ) ਪਰ ਭਾੲ ਜਰਨੈਲ ਸਿੰਘ ਨੇ ਸਿੰਘਾਂ ਦੀ ਇਸ ਬੇਨਤੀ ਨੂੰ ਪਿਆਰ ਤੇ ਦ੍ਰਿੜ੍ਹਤਾ ਨਾਲ ਠੁਕਰਾਅ ਦਿੱਤਾ ਅਤੇ ਗੁਰੂ ਦੇ ਚਰਨਾਂ ਵਿੱਚ ਸੀਸ ਵਾਰਨ ਦੀ ਆਪਣੀ ਅਡੋਲ ਇੱਛਾ ਨੂੰ ਉਨ੍ਹਾਂ ਦੇ ਅੰਤਮ ਫੈਸਲੇ ਵਜੋਂ ਪਰਵਾਨ ਕਰਨ ਲਈ ਕਿਹਾ। ਇਸ ਤੋਂ ਬਾਅਦ ਸਿੰਘਾਂ ਨੇ ਇਹੀ ਬੇਨਤੀ ਭਾਈ ਅਮਰੀਕ ਸਿੰਘ ਅੱਗੇ ਦੁਹਰਾਈ ਪਰ ਭਾਈ ਸਾਹਿਬ ਹੁਰਾਂ ਸਚਖੰਡ ਤੱਕ ਭਾਈ ਜਰਨੈਲ ਸਿੰਘ ਦਾ ਸਾਥ ਨਿਭਾਉਣ ਦੀ ਆਪਣੀ ਤੀਬਰ ਇੱਛਾ ਤੇ ਪ੍ਰਣ ਤੋਂ ਕਿਸੇ ਵੀ ਸੂਰਤ ਪਿਛਾਂਹ ਨਾ ਹਟਣ ਦਾ ਦ੍ਰਿੜ੍ਹ ਫੈਸਲਾ ਸੁਣਾਉਂਦਿਆਂ ਹੋਇਆਂ ਸ਼ਹੀਦੀ ਕਮਰਕੱਸੇ ਕਰਨੇ ਸ਼ੁਰੂ ਕਰ ਦਿੱਤੇ।
ਸੰਤ ਜਰਨੈਲ ਸਿੰਘ ਸਮੇਤ ਅਕਾਲ ਤਖ਼ਤ ਦੇ ਭੋਰੇ ਅੰਦਰ ਮੌਜੂਦ ਦੋ ਦਰਜਨ ਦੇ ਕਰੀਬ ਧਰਮੀ ਯੋਧਿਆਂ ਦੇ ਹੱਥ ਮੁੜ ਆਪੋ-ਆਪਣ ਹਥਿਆਰਾਂ ਦੇ ਮੁੱਠਿਆਂ ਨੂੰ ਜਾ ਜੁੜੇ। ਅੱਗੇ-ਅੱਗੇ ਭਾਈ ਜਰਨੈਲ ਸਿੰਘ ਤੇ ਪਿੱਛੇ ਉਨ੍ਹਾਂ ਦੇ ਸਿਦਕੀ ਸਿੰਘ ਜੈਕਾਰੇ ਗੁੰਜਾਉਂਦੇ ਸਾਹਮਣੇ ਵਿਹੜੇ ਵਿੱਚ ਨਿਕਲ ਆਏ। ਇਸ ‘ਕੌਤਕ’ ਨੂੰ ਦੇਖ ਕੇ ਇਕ ਵਾਰ ਤਾਂ ਦੁਸ਼ਮਣ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਕੁਝ ਹੀ ਪਲਾਂ ਬਾਅਦ ਚੁਫੇਰਿਓਂ ਗੋਲੀਆਂ ਤੇ ਗ੍ਰਨੇਡਾਂ ਦੀ ਜ਼ੋਰਦਾਰ ਬੁਛਾੜ ਆਈ ਅਤੇ ਮਰਦ ਅਗੰਮੜੇ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖ ਵਿਰਸੇ ਦੀ ਲਾਜ ਪਾਲਦੇ ਤੇ ਆਪਣਾ ਕਿਹਾ ਹੋਇਆ ਵਚਨ ਨਿਭਾਉਂਦੇ ਹੋਏ ਨਿਸ਼ਾਨ ਸਾਹਿਬਾਨ ਤੋਂ ਕੁਝ ਹੀ ਫੁਟ ਦੀ ਦੂਰੀ ਉੱਤੇ ਸ਼ਹੀਦ ਹੋ ਗਏ। ਮਗਰੇ ਹੀ ਭਾਈ ਅਮਰੀਕ ਸਿੰਘ ਤੇ ਹੋਰ ਸਿੰਘ ਵੀ ਗੁਰੂ ਘਰ ਦੀ ਰੱਖਿਆ ਕਰਦੇ ਹੋਏ ਗੁਰੂ ਘਰ ਨੂੰ ਪਿਆਰੇ ਹੋ ਗਏ। ਜਨਰਲ ਸੁਬੇਗ ਸਿੰਘ ਦੀ ਮ੍ਰਿਤਕ ਦੇਹ ਅਕਾਲ ਤਖ਼ਤ ਸਾਹਿਬ ਦੇ ਭੋਰੇ ’ਚੋਂ ਬਰਾਮਦ ਹੋਈ ਦੱਸੀ ਗਈ। ਕੁਝ ਪੱਤਰਕਾਰਾਂ ਦੀਆਂ ਰਿਪੋਰਟਾਂ ਮੁਤਾਬਕ ਜਨਰਲ ਸੁਬੇਗ ਸਿੰਘ ਦੇ ਗੁਟਾਂ ਉੱਤੇ ਰੱਸੇ ਦੇ ਨਿਸ਼ਾਨ ਸਨ। ਸਮਝਿਆ ਜਾਂਦਾ ਹੈ ਕਿ ਫੌਜ ਦੇ ਅਣਚਿਤਵੇ ਭਾਰੀ ਜਾਨੀ ਨੁਕਸਾਨ ਸਦਕਾ ਕ੍ਰੋਧ ਵਿੱਚ ਆਏ ਫੌਜੀ ਜਰਨੈਲਾਂ ਨੇ ਆਪਣਾ ਵਿਹੂ ਲਾਹੁਣ ਲਈ ਜਨਰਲ ਸੁਬੇਗ ਸਿੰਘ ਨੂੰ ਸਖ਼ਤ ਜ਼ਖ਼ਮੀ ਹਾਲਤ ਵਿੱਚ ਗੁਟਾਂ ਤੋਂ ਰੱਸੀਆਂ ਬੰਨ੍ਹ ਕੇ ਘੜੀਸਿਆ ਅਤੇ ਫਿਰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ।
ਅਗਲੇ ਦਿਨ 7 ਜੂਨ ਦੀ ਸ਼ਾਮ ਨੂੰ ਭਾਈ ਜਰਨੈਲ ਸਿੰਘ ਤੇ ਭਾਈ ਅਮਰੀਕ ਸਿੰਘ ਦੇ ਮ੍ਰਿਤਕ ਸਰੀਰਾਂ ਦਾ ਫੌਜ ਦੀ ਕਰੜੀ ਨਿਗਰਾਨੀ ਹੇਠ ਨਗਰਪਾਲਿਕਾ ਦੇ ਚਾਟੀਵਿੰਡ ਸ਼ਮਸ਼ਾਨ ਘਾਟ ਵਿਖੇ ਦਾਹ ਸੰਸਕਾਰ ਕਰ ਦਿੱਤਾ ਗਿਆ। ਇਸ ਤਰ੍ਹਾਂ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਇਸ ਸ਼ਹਾਦਤ ਨਾਲ ਸਿੱਖ ਸੰਘਰਸ਼ ਦੇ ਇਕ ਦੌਰ ਦੀ ਸਮਾਪਤੀ ਹੋ ਗਈ। ਪਰ ਇਸਦੇ ਨਾਲ ਹੀ ਇਕ ਨਵਾਂ ਹੋਣੀ ਭਰਪੂਰ ਦੌਰ ਅਰੰਭ ਹੋ ਗਿਆ।
Operation Blue Star, real story, Ajmer Singh, Brahminist, conspiracy, humiliate, Sikhs, June 1984, Indian Army, Golden Temple Complex, Akal Takhat