

ਜਦੋਂ ਜੋਤਸ਼ੀਆਂ ਦਾ ਆਪਣਾ ਮਹਾਂਸੰਮੇਲਨ ਵੀ ‘ਅਸ਼ੁੱਭ’ ਹੋ ਨਿਬੜਿਆ
- ਸੁਰਜੀਤ ‘ਦੌਧਰ’ : ਤਰਕਸ਼ੀਲ ਸੁਸਾਇਟੀ, ਪੰਜਾਬ -
ਫੋਨ : 9417436156
ਮਿਤੀ 3 ਅਤੇ 4 ਮਈ 2008 ਨੂੰ ਸੰਨਜ਼ ਬੈਂਕਟ ਹਾਲ, ਨੇੜੇ ਸ਼ਹੀਦ ਊਧਮ ਸਿੰਘ ਚੌਕ, ਫਿਰੋਜ਼ਪੁਰ ਵਿਖੇ ਵਿਨਾਇਕ ਐਸਟਰੋ ਸੈਂਟਰ, ਮੁੰਬਈ ਵੱਲੋਂ ‘ਅਖਿਲ ਭਾਰਤੀ ਜਿਓਤਿਸ਼ ਮਹਾਂਸੰਮੇਲਨ’ ਦਾ ਆਯੋਜਨ ਕੀਤਾ ਗਿਆ। ਜਿਸਦੀ ਪ੍ਰਧਾਨਗੀ ਚੀਫ ਪਾਰਲੀਮਾਨੀ ਸਕੱਤਰ (ਪੰਜਾਬ) ਸ੍ਰੀ ਸੁਖਪਾਲ ਸਿੰਘ ਜੀ ਨੰਨੂ, ਮੁੱਖ ਸੰਚਾਲਕ ਸ੍ਰੀ ਸੁਭਾਸ਼ ਸ਼ਰਮਾ ਅਤੇ ਪੰਜਾਬ ਜਿਓਤਿਸ਼ ਸੈੱਲ ਦੇ ਪ੍ਰਧਾਨ ਸ੍ਰੀ ਵਰਿੰਦਰ ਸ਼ਰਮਾ ਨੇ ਕੀਤੀ। ਇਸ ਸੰਮੇਲਨ ਵਿੱਚ ਭਾਰਤ ਭਰ ਦੇ ਉੱਘੇ ਜਿਓਤਿਸ਼ ਮਾਹਰਾਂ, ਹੱਥ-ਰੇਖਾਵਾਂ ਜਾਨਣ ਵਾਲਿਆਂ ਅਤੇ ਆਮ ਲੋਕਾਂ ਨੂੰ ਖੁੱਲਾ ਸੱਦਾ ਸੀ।
ਆਪਾਂ ਸਭ ਨੂੰ ਪਤਾ ਹੈ ਕਿ ਜਿਓਤਿਸ਼ ਮੁਤਾਬਿਕ ਹਰ ਕੰਮ ਸ਼ੁਭ ਮਹੂਰਤ ਕੱਢ ਕੇ ਹੀ ਕੀਤਾ ਜਾਂਦਾ ਹੈ ਤੇ ਇੱਥੇ ਵੀ ਇਵੇਂ ਹੀ ਹੋਇਆ। ਇਸ ਸੰਮੇਲਨ ਦੀ ਸੁਖ ਸ਼ਾਂਤੀ ਲਈ ਹਵਨ-ਯੱਗ ਕੀਤਾ ਗਿਆ ਤੇ (ਕਥਿਤ) ਸ਼ੁਭ ਸਮੇਂ ਅਨੁਸਾਰ, ਸ਼ੁਭ ਪ੍ਰਾਰੰਭ ਕੀਤਾ ਗਿਆ। ਪਹਿਲੇ ਸੈਸ਼ਨ ’ਚ ਮਸ਼ਹੂਰ ਜੋਤਸ਼ੀਆਂ ਆਪਣੇ ਵਿਚਾਰ ਪ੍ਰਗਟ ਕੀਤੇ ਤੇ ਸਰਕਾਰ ਪਾਸੋਂ ਮੰਗ ਕੀਤੀ ਕਿ ਇਸ ਵਿਗਿਆਨ(?) ਨੂੰ ਇਕ ਵਿਸ਼ੇ ਵਜੋਂ ਮਾਨਤਾ ਦੇ ਕੇ ਕਲਾਸਾਂ ’ਤਚ ਪੜ੍ਹਾਇਆ ਜਾਵੇ। ਮੰਗਲੀ ਯੋਗ, ਕਾਲ ਸਰਾਪ ਯੋਗ ਅਤੇ ਹੋਰ ਯੋਗਾਂ ਬਾਰੇ ਜੋਤਸ਼ੀ ਇਕੱਮਤ ਨਾ ਹੋਏ। ਦੁਪਹਿਰ 2 ਵਜੇ ਤੋਂ ਬਾਅਦ ਅਗਲਾ ਸੈਸ਼ਨ ਪ੍ਰੈਕਟੀਕਲ ਸੀ, ਯਾਨਿ ਜਿਓਤਸ਼ੀਆਂ ਲਈ ਮੇਜ਼ ਲਗਾ ਦਿੱਤੇ ਗਏ ਤੇ ਸ਼ਹਿਰ ’ਚੋਂ ਆਏ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਜੋਤਿਸ਼ ਅਨੁਸਾਰ ਕਰਨ ਦੀਆਂ ਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ। ਅਗਲਾ ਸੈਸ਼ਨ ਸ਼ੰਕਾਵਾਂ ਦੂਰ ਕਰਨ ਦਾ ਸੀ, ਜਿਹੜਾ ਰਾਤ 8 ਵਜੇ ਤੱਕ ਚੱਲਿਆ।
ਸਭ ਤੋਂ ਪਹਿਲਾਂ ਸਵਾਲ ਪੁੱਛਣ ਦਾ ਸਮਾਂ ਮੈਨੂੰ ਮਿਲਿਆ? ਮੈਂ ਜੋਤਿਸ਼ ਦੀ ਸਿੱਖਿਆ ਲਈ ਹੋਣ ਕਰਕੇ ਹੇਠ ਲਿਖੇ ਸਵਾਲ ਜੋਤਸ਼ੀਆਂ ਨੂੰ ਕੀਤੇ, ਜਿਨ੍ਹਾਂ ’ਚੋਂ ਕਿਸੇ ਦਾ ਉੱਤਰ ਉਨ੍ਹਾਂ ਨਹੀਂ ਦਿੱਤਾ। ਆਓ, ਆਪਾਂ ਪ੍ਰੈਸ ਰਾਹੀਂ ਉਨ੍ਹਾਂ ਸਵਾਲਾਂ ’ਤੇ ਵਿਚਾਰ ਕਰੀਏ।
ਮੈਂ ਇਕ ਅਜਿਹੀ ਜਨਮ ਕੁੰਡਲੀ ਦਿਖਾਉਂਦੇ ਹੋਏ ਪ੍ਰਸ਼ਨ ਕੀਤਾ ਕਿ ਜੋਤਿਸ਼ ਅਨੁਸਾਰ ਇਸ ਬੱਚੇ ਦਾ ਵਿਆਹ ਨਹੀਂ ਹੋ ਸਕਦਾ ਕਿਉਂਕਿ ਇਸਦੀ ਜਨਮ ਕੁੰਡਲੀ ਸੱਤਵੇਂ ਘਰ ਕੇਤੂ ਤੋਂ ਪੀੜਤ ਹੈ ਅਤੇ ਸ਼ੁੱਕਰ, ਜਿਹੜਾ ਕਿ ਪਤਨੀ ਦਾ ਕਾਰਜ ਹੈ, 5 ਨੰਬਰ ਰਾਸ਼ੀ ’ਚ ਮੰਗਲ ਅਤੇ ਸ਼ਨੀ ਦੇ ਮਾੜੇ ਪ੍ਰਭਾਵ ਅਧੀਨ ਦਸਵੇਂ ਘਰ ’ਚ ਹੈ। ਪਰ ਮੇਰਾ ਸਵਾਲ ਸੀ ਕਿ ਪੰਜਾਬ ਅੰਦਰ ਅੱਜ ਜੀਰੋ ਤੋਂ ਛੇ ਸਾਲ ਦੇ ਬੱਚਿਆਂ ਦਾ ਲਿੰਗ ਅਨੁਪਾਤ 1 ਹਜ਼ਾਰ ਲੜਕਿਆਂ ਪਿੱਛੇ ਸਿਰਫ਼ 797 ਹੈ। ਜੋਤਿਸ਼ ਅਨੁਸਾਰ ਤਾਂ 207 ਮੁੰਡਿਆਂ ਦੇ ਸ਼ਨੀ ਬੈਠਾ ਹੈ ਪਰ ਬਾਕੀ ਭਾਰਤ ’ਚ ਇਹ ਅਨੁਪਾਤ 1 ਹਜ਼ਾਰ ਪਿੱਛੇ 833 ਹੈ। ਪੰਜਾਬ ਦੇ 207 ਮੁੰਡਿਆਂ ਦੀ ਪਤਨੀ ਤਾਂ ਪਹਿਲਾਂ ਹੀ ਸ਼ੁੱਕਰ ਨੇ ਕੁੱਖਾਂ ’ਚੋਂ ਵਗ੍ਹਾ ਮਾਰੀ। ਸਭ ਤੋਂ ਖਰੀ ਗੱਲ ਇਹ ਹੈ ਕਿ ਪੰਜਾਬ ਦੇ ਹੀ ਇਕ ਜ਼ਿਲੇ ਨਵਾਂਸ਼ਹਿਰ ਵਿੱਚ ਗ੍ਰਹਿਆਂ ਦੇ ਜ਼ੋਰ ਨੂੰ ਮਾਨਯੋਗ ਡੀ.ਸੀ. ਸ੍ਰੀ ਕ੍ਰਿਸ਼ਨ ਕੁਮਾਰ ਜੀ ਨੇ ਆਪਣੇ ਉਦਮਾਂ ਸਦਕਾ ਘੱਟ ਕਰ ਦਿੱਤਾ। ਕਿਉਂਕਿ ਉਨ੍ਹਾਂ ਨੇ ਸਖ਼ਤੀ ਨਾਲ ਭਰੂਣ ਹੱਤਿਆ ’ਤੇ ਸਖ਼ਤੀ ਨਾਲ ਰੋਕ ਲਗਾ ਦਿੱਤੀ ਸੀ। ਕੀ ਫਿਰ ਇੱਥੋਂ ਵਾਲੇ ਗ੍ਰਹਿਆਂ ਦਾ ਪ੍ਰਭਾਵ ਉੱਪਰਲੇ ਗ੍ਰਹਿਆਂ ਨਾਲੋਂ ਵੱਧ ਨਾ ਹੋਇਆ? ਇਸੇ ਤਰ੍ਹਾਂ ਜਲੰਧਰ ਜ਼ਿਲੇ ਦੇ ਪਿੰਡ ਲਖਨਪਾਲ ’ਚ ਲੋਕਾਂ ਦਾ ਆਪਣਾ ਉੱਦਮ ਹੀ ਸਫ਼ਲ ਹੋ ਗਿਆ ਹੈ, ਜਿੱਥੇ ਪਿਛਲੇ ਸਾਲ ਜਨਮੇ 200 ਬੱਚਿਆਂ ’ਚੋਂ 114 ਲੜਕੀਆਂ ਜੰਮੀਆਂ।
ਜੋਤਿਸ਼ ਮੁਤਾਬਿਕ ਸ਼ੁੱਕਰ ਸਤਵੇਂ ਘਰ ਨਾਲ ਸਬੰਧਤ ਹੋ ਕੇ, ਪੰਜਵੇਂ ਘਰ ’ਚ ਬੈਠਾ ਹੋਵੇ ਤਾਂ ਲਵ-ਮੈਰਿਜ ਹੁੰਦੀ ਹੈ। ਪਰ ਵਿਕਸਤ ਮੁਲਕਾਂ ਦੇ ਬਹੁਤੇ ਬੱਚੇ ਲਵ-ਮੈਰਿਜ ਹੀ ਕਰਵਾਉਂਦੇ ਹਨ ਤੇ ਸਾਡੇ ਦੇਸ਼ ਭਾਰਤ ’ਚ ਇਸਦਾ ਅੰਕੜਾ ਸ਼ਹਿਰਾਂ ’ਚ ਜ਼ਿਆਦਾ ਤੇ ਪਿੰਡਾਂ ’ਚ ਘੱਟ ਹੈ। ਅਜਿਹਾ ਕੀ ਕਾਰਨ ਹੈ ਕਿ ਵਿਕਸਤ ਮੁਲਕਾਂ ’ਚ ਸ਼ੁੱਕਰ ਹਮੇਸ਼ਾ ਸੱਤਵੇਂ ਨਾਲ ਸਬੰਧਤ ਹੋ ਕੇ ਪੰਜਵੇਂ ਘਰ ’ਚ ਹੀ ਬੈਠਦਾ ਹੈ? ਇੱਥੇ ਵੀ ਸਾਡੀਆਂ ਦਾਦੀਆਂ ਦੇ ਘੱਟ ਅਤੇ ਸਾਡੀਾਆਂ ਪੋਤੀਆਂ ਦੇ ਜ਼ਿਆਦਾ ਕਿਉਂ ਬੈਠਾ ਹੈ?
ਮੇਰਾ ਅਗਲਾ ਪ੍ਰਸ਼ਨ ਸੀ ਕਿ ਜੋਤਿਸ਼ ਮੁਤਾਬਿਕ ਜੇਕਰ ਪੰਜਵੇਂ ਘਰ ’ਚ ਗੁਰੂ ਕਰਕ ਰਾਸ਼ੀ ਦਾ ਹੋਵੇ ਤਾਂ ਸੰਤਾਨ ਬਹੁਤ ਘੱਟ ਪੈਦਾ ਹੁੰਦੀ ਹੈ। ਪਰ ਕੀ ਇਹ ਸੱਚ ਨਹੀਂ ਕਿ ਚੀਨ ਨੇ ਆਪਣੇ ਸਾਰੇ ਨਾਗਰਿਕਾਂ ਦਾ ਪੰਜਵੇਂ ’ਚ ਗੁਰੂ ਕਰਕ ਰਾਸ਼ੀ ਮੁਤਾਬਿਕ ਕਰ ਵਿਖਾਇਆ ਹੈ ਕਿਉਂਕਿ ਉੱਥੇ ਤਾਂ ਸਭ ਦੇ ਹੀ ਘੱਟ ਔਲਾਦ, ਯਾਨਿ ਸਿਰਫ਼ ਇਕ ਹੀ ਬੱਚਾ ਹੁੰਦਾ ਹੈ। ਸਾਡੇ ਦੇਸ਼ ਭਾਰਤ ’ਚ ਪੜ੍ਹਿਆਂ-ਲਿਖਿਆਂ ਦੀ ਦੇ ਇਕ ਜਾਂ ਦੋ ਅਤੇ ਅਨਪੜਾਂ ਦੇ ਹਾਲੇ ਵੀ ਚਾਰ ਜਾਂ ਪੰਜ ਬੱਚੇ ਹੁੰਦੇ ਹਨ। ਕੀ ਜੋਤਿਸ਼ ਦੇ ਗ੍ਰਹਿ ਮਨੁੱਖ ਦੀ ਵਿਦਿਅਕ ਤੇ ਸਮਾਜਕ ਸਥਿਤੀ ਅਨੁਸਾਰ ਵਿਤਕਰਾ ਕਰਦੇ ਹਨ?
ਜੋਤਿਸ਼ ਅਨੁਸਾਰ ਜੇਕਰ ਦੋਹਾਂ ਜੀਆਂ ’ਚੋਂ ਕਿਸੇ ਇਕ ਦੀ ਜਨਮ-ਕੁੰਡਲੀ ’ਚ ਰਾਹੂ, ਮੰਗਲ ਅਤੇ ਸ਼ੁੱਕਰ ਜੇਕਰ ਸੱਤਵੇਂ ਘਰ ’ਚ ਹੋਣ ਤਾਂ ਪੱਕਾ ਤਲਾਕ ਹੁੰਦਾ ਹੈ। ਪਰ ਸਾਡੀ ਮਰਦਮਸ਼ੁਮਾਰੀ ਦੇ ਅੰਕੜੇ ਕੁ ਹੋਰ ਹੀ ਬਿਆਨ ਕਰਦੇ ਹਨ। ਸਾਲ 1991 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ, 1000 ਵਿਆਹਾਂ ਪਿੱਛੋਂ ਸਿਰਫ਼ 7 ਤਲਾਕ ਹੁੰਦੇ ਸਨ ਪਰ 2001 ਦੀ ਮਰਦਮਸ਼ੁਮਾਰੀ ਅਨੁਸਾਰ 1000 ਵਿਆਹਾਂ ਪਿੱਛੇ 11 ਤਲਾਕ ਦਰਜ ਹੋਏ। ਵਿਕਸਤ ਮੁਲਕਾਂ ਵਿੱਚ ਤਾਂ ਇਹ ਅੰਕੜਾ ਅਸਮਾਨ ਛੋਹ ਚੁੱਕਾ ਹੈ। ਕੀ ਜੋਤਿਸ਼ ਦੇ ਗ੍ਰਹਿ, ਵੱਖ-ਵੱਖ ਮੁਲਕਾਂ, ਸੂਬਿਆਂ ਅਤੇ ਪਿੰਡਾਂ-ਸ਼ਹਿਰਾਂ ’ਚ ਵੱਖ-ਵੱਖ ਭੂਮਿਕਾ ਅਦਾ ਕਰਦੇ ਹਨ?
ਇੱਕ ਹੋਰ ਜਨਮ-ਕੁੰਡਲੀ ਦਿਖਾ ਕੇ ਮੈਂ ਜੋਤਸ਼ੀਆਂ ਨੂੰ ਸਵਾਲ ਕੀਤਾ ਕਿ ਇਸ ਬੀਬੀ ਨੂੰ ਜੋਤਿਸ਼ ਮੁਤਾਬਿਕ ਰੁਜ਼ਗਾਰ ਪ੍ਰਾਪਤ ਨਹੀਂ ਹੋਵੇਗਾ। ਪਰ ਸਾਡੇ ਦੇਸ਼ ਭਾਰਤ ’ਚ 100 ਵਿੱਚੋਂ ਸਿਰਫ਼ 28 ਔਰਤਾਂ ਹੀ ਸਿੱਧੇ ਜਾਂ ਅਸਿੱਧੇ ਰੁਜ਼ਗਾਰ ਨਾਲ ਜੋੁੜੀਆਂ ਹੋਈਆਂ ਹਨ ਜਦੋਂਕਿ ਸ੍ਰੀਲੰਕਾ ਦੀਆਂ 30 ਅਤੇ ਅਮਰੀਕਾ ਦੀਆਂ 70 ਔਰਤਾਂ ਨੂੰ ਰੁਜ਼ਗਾਰ ਪ੍ਰਾਪਤੀ ਹੈ। ਕੀ ਅਮਰੀਕਾ ਨੇ ਤੁਹਾਡੇ ਰੋਜ਼ਗਾਰ ਮੰਤਰੀ ਗ੍ਰਹਿ ਨੂੰ ਕੋਈ ਰਿਸ਼ਵਤ ਤਾਂ ਨਹੀਂ ਦੇ ਦਿੱਤੀ? ਇਹ ਅੰਕੜਾ ਪਿੰਡਾਂ ਅਤੇ ਸ਼ਹਿਰਾਂ ਲਈ ਵੱਖ-ਵੱਖ ਕਿਉਂ ਹੈ?
ਜੋਤਿਸ਼ ਵਿੱਚ ਮੌਤ ਨਾਲ ਸਬੰਧਤ ਘਰ ਅੱਠਵਾਂ ਹੈ, ਜਿਥੋਂ ਜੋਤਿਸ਼ ਅਨੁਸਾਰ ਦੇਖ ਕੇ ਦੱਸਿਆ ਜਾ ਸਕਦਾ ਹੈ ਕਿ ਮੌਤ ਕਦੋਂ ਅਤੇ ਕਿਵੇਂ ਹੋਣੀ ਹੈ। ਭਾਵ, ਇਨਸਾਨ ਦੀ ਮੌਤ ਲਈ ਲੱਖਾਂ ਕਿਲੋਮੀਟਰ ਦੂਰ ਸਥਿਤ ਗ੍ਰਹਿ ਜ਼ਿੰਮੇਵਾਰ ਹਨ। ਪਰ ਇੱਥੇ ਆਓ, ਇੱਥੇ ਵੀ ਅੰਕੜਿਆਂ ’ਤੇ ਧਿਆਨ ਮਾਰੀਏ। ਸਾਡੇ ਦੇਸ਼ ਭਾਰਤ ’ਚ ਜਨਮੇ ਬੱਚਿਆਂ ’ਚੋਂ ਪਹਿਲੇ ਸਾਲ ਹੀ ਹਜ਼ਾਰ ਵਿੱਚੋਂ 34.61 ਬੱਚੇ ਮਰ ਜਾਂਦੇ ਹਨ। ਅੰਗੋਲਾ ਵਿੱਚ ਸਭ ਤੋਂ ਜ਼ਿਆਦਾ ਯਾਨੀ 184.44 ਅਤੇ ਸਿੰਘਾਪੁਰ ’ਚ ਸਭ ਤੋਂ ਘੱਟ ਯਾਨੀ 2.3 ਬੱਚੇ ਮਰਦੇ ਹਨ। ਸਾਨੂੰ ਇਹ ਤਾਂ ਦੱਸ ਦਿਓ ਕਿ ਗ੍ਰਹਿ ਗਰੀਬ ਦੇਸ਼ਾਂ ਨਾਲ ਵਿਤਕਰਾ ਕਿਉਂ ਕਰਦੇ ਹਨ? ਕੀ 1984 ’ਚ ਭਾਰਤ ਦੇ ਕਈ ਸ਼ਹਿਰਾਂ ਦੇ ਸਿੱਖਾਂ ਅਤੇ 2002 ਵਿੱਚ ਗੁਜਰਾਤ ਦੇ ਮੁਸਲਮਾਨਾਂ ਦੇ ਸ਼ਨੀ ਅਤੇ ਰਾਹੂ ਅੱਠਵੇਂ ਘਰ ’ਚ ਇਕੱਠੇ ਹੋ ਗਏ ਸਨ? ਕੀ ਤੁਸੀਂ ਇਨ੍ਹਾਂ ਕਤਲੇਆਮਾਂ ਦਾ ਜ਼ਿੰਮੇਵਾਰੀ ਗ੍ਰਹਿਆਂ ਸਿਰ ਪਾ ਕੇ ਇਥੋਂ ਦੇ ਸਿਆਸਤਦਾਨਾਂ ਨੂੰ ਦੋਸ਼-ਮੁਕਤ ਕਰਾਰ ਦਿੰਦੇ ਹੋ?
ਇਸ ਮਹਾਂਸੰਮੇਲਨ ’ਚ ਬੀ.ਐਸ.ਐਫ. ਦੇ ਡੀ.ਆਈ.ਜੀ. ਸ੍ਰੀ ਪ੍ਰੇਮ ਚੰਦ ਚੌਹਾਨ ਵੀ ਆਏ ਹੋਏ ਸਨ। ਉਹ ਵੀ ਜੋਤਿਸ਼ ਦੇ ਚੰਗੇ ਜਾਣਕਾਰਾਂ ਵਿੱਚੋਂ ਸਨ। ਉਨ੍ਹਾਂ ਤਾਂ ਇੱਥੋਂ ਤੱਕ ਦਾਅਵਾ ਕਰ ਮਾਰਿਆ ਕਿ ਮੀਂਹ ਦੇ ਕਾਰਨਾਂ ਦਾ ਦੂਜੇ ਅਤੇ ਤੀਜੇ ਘਰ ਦੀ ਸਥਿਤੀ ਨੂੰ ਵੇਖ ਕੇ ਅਨੁਮਾਨ ਲਗਾਇਆ ਜਾ ਸਕਦਾ ਹੈ। ਸਿਰਫ਼ ਅੰਦਾਜ਼ਾ ਹੀ ਨਹੀਂ, ਦਿਨ ਅਤੇ ਸਮਾਂ ਵੀ ਦੱਸਿਆ ਜਾ ਸਕਦਾ ਹੈ। ਉਨ੍ਹਾਂ ਇੱਥੇ ਹੀ ਬੱਸ ਨਹੀਂ ਕੀਤੀ ਬਲਕਿ ਸਰਕਾਰ ’ਤੇ ਵੀ ਨਿਸ਼ਾਨਾ ਸਾਧ ਲਿਆ ਕਿ ਉਹ ਕਰੋੜਾਂ ਰੁਪਏ ਮੌਸਮ ਵਿਭਾਗ ਦੇ ਸੈਟੇਲਾਈਟਾਂ ’ਤੇ ਖਰਚ ਕਰਨ ਦੀ ਬਜਾਏ, ਜੋਤਸ਼ੀਆਂ ਦੀ ਮਦਦ ਕਿਉਂ ਨਹੀਂ ਲੈਂਦੀ - ਜਨਤਾਂ ਦਾ ਪੈਸਾ ਕਿਉਂ ਖਰਾਬ ਕਰਦੀ ਹੈ? ਉਨ੍ਹਾਂ ਆਪਣੀ ਜ਼ਿੰਦਗੀ ਦੀ ਹਰ ਗੱਲ ਨੂੰ ਜੋਤਿਸ਼ ਨਾਲ ਜੋੜ ਦਿੱਤਾ।
ਪਰ ਮੈਂ ਇਸੇ ਅਧਾਰ ’ਤੇ ਸਵਾਲ ਪੁੱਛਿਆ ਕਿ ਭਾਰਤ ਦੀ ਚੇਰਾਪੂੰਜੀ ਨਾਂ ਦੀ ਥਾਂ ’ਤੇ ਸੰਸਾਰ ਦੀ ਸਭ ਤੋਂ ਜ਼ਿਆਦਾ ਵਰਖਾ ਹੁੰਦੀ ਹੈ ਤੇ ਰਾਜਸਥਾਨ ਦੇ ਕੁਝ ਖੇਤਰਾਂ ’ਚ ਬਿਲਕੁਲ ਹੀ ਨਾਂ-ਮਾਤਰ। ਚੇਰਾਪੂੰਜੀ ’ਚ ਤਾਂ ਫਿਰ ਰੋਜ਼ ਹੀ ਦੂਜੇ-ਤੀਜੇ ਘਰਾਂ ’ਚ ਤੁਹਾਡੇ ਗ੍ਰਹਿ ਮਿਲਦੇ ਹੋਣਗੇ ਅਤੇ ਰਾਜਸਥਾਨ ’ਚ ਸਾਲਾਂ ਬਾਅਦ।
ਨੋਟ : ਇਸੇ ਡੀ.ਆਈ.ਜੀ. ਦੀ ਮਾਨਸਿਕਤਾ ਵਾਲੇ ਫੌਜੀ ਅਫ਼ਸਰ ਹੀ ਹਰ ਸਾਲ ਮ੍ਰਿਤਕ ਹਰਭਜਨ ਸਿੰਘ ਫੌਜੀ ਦੀ ਰੂਹ ਨੂੰ ਛੁੱਟੀ ਦੇ ਕੇ ਸਤੰਬਰ ਮਹੀਨ ਦੇ ਅੱਧ ’ਚ ਕਪੂਰਥਲਾ ਜ਼ਿਲੇ ਦੇ ਪਿੰਡ ਕੂਕਣ ਛੱਡਣ ਆਇਆ ਕਰਦੇ ਸਨ। ਇਸ ਨਜ਼ਾਰੇ ਨੂੰ ਸਾਡੇ ਟੀ.ਵੀ. ਚੈਨਲ ਵੀ ਦਿਖਾਉਂਦੇ ਸਨ ਪਰ ਪਿਛਲੇ ਸਾਲ ਤੋਂ ਸਥਾਨਕ ਅਦਾਲਤ ਵਿੱਚ ਸੂਬੇਦਾਰ ਪਿਆਰਾ ਸਿੰਘ ਵੱਲੋਂ ਡਿਫੈਂਸ ਮਨਿਸਟਰੀ ਖਿਲਾਫ਼ ਅੰਧ-ਵਿਸ਼ਵਾਸ ਫੈਲਾਉਣ ਦੀ ਕੀਤੀ ਜਾ ਰਹੀ ਕਾਰਵਾਈ ਖਿਲਾਫ਼ ਇਕ ਸਥਾਨਕ ਅਦਾਲਤ ’ਚ ਮੁਕੱਦਮਾ ਦਾਇਰ ਕਰਨ ਉਪਰੰਤ ਮ੍ਰਿਤਕ ਫੌਜੀ ਸਾਹਿਬ ਦੀ ਰੂਹ ਨੂੰ ਛੁੱਟੀ ਨਹੀਂ ਮਿਲੀ ਪਰ ਕਿਸੇ ਵੀ ਟੀ.ਵੀ. ਚੈਨਲ ਨੇ ਇਹ ਸੱਚ ਦਿਖਾਉਣ ਦੀ ਹਿੰਮਤ ਨਹੀਂ ਕੀਤੀ।
ਮੇਰਾ ਆਖਰੀ ਸਵਾਲ ਜੋਤਿਸ਼ ਦੁਆਰਾ ਪਿਛਲੇ ਸਮੇਂ ’ਚ ਕੀਤੀ ਭਵਿੱਖਬਾਣੀ ਵੱਲ ਦੁਆਉਣਾ ਸੀ, ਜੋ 24 ਸਤੰਬਰ 2007 ਨੂੰ ਸ਼ਾਮ 8.00 ਵਜੇ ‘ਆਜ ਤੱਕ’ ਉੱਤੇ ਪ੍ਰਸਾਰਿਤ ਹੋਈ ਸੀ। ਇਸ ’ਚ ਭਾਰਤ ਦੇ ਮਸ਼ਹੂਰ ਜੋਤਸ਼ੀਆਂ ਤੋਂ ਕੁਝ ਪ੍ਰਸ਼ਨ ਪੁੱਛੇ ਗਏ ਸਨ, ਜਿਹੜੇ ਇਸ ਤਰ੍ਹਾਂ ਸਨ। ਪਹਿਲਾ ਕਿ ਕੀ ਚਲਦੇ ਪਰਮਾਣੂ ਮਸਲੇ ’ਤੇ ਸਰਕਾਰ ਟੁੱਟ ਜਾਏਗੀ? ਜੇਕਰ ਟੁੱਟਦੀ ਹੈ ਤਾਂ ਕਦੋਂ? ਚੋਣਾਂ ਕਦੋਂ ਹੋਣਗੀਆਂ? ਅਗਲੀ ਸਰਕਾਰ ਕਿਸ ਪਾਰਟੀ ਦੀ ਬਣੇਗੀ ਤੇ ਪ੍ਰਧਾਨ ਮੰਤਰੀ ਕੌਣ ਬਣੇਗਾ?
ਇਸ ਪ੍ਰਸ਼ਨ ਨੇ ਸਾਰੇ ਜੋਤਸ਼ੀਆਂ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਜਿਹੜੇ ਅੱਠ ਜੋਤਸ਼ੀ ਸਰਕਾਰ ਤੋੜਨ ਵਾਲੇ ਪਾਸੇ ਹੋਏ, ਉਨ੍ਹਾਂ ’ਚ ਪੀ. ਖੁਰਾਣਾ ਚੰਡੀਗੜ੍ਹ, ਪੰਡਤ ਅਖਿਲੇਸ਼ ਜੋਸ਼ੀ ਜੋਧਪੁਰ, ਡੀ.ਐਲ.ਐਨ. ਮੂਰਤੀ, ਕਮੇਸ਼ਵਰ ਉਪਾਧਿਆਏ ਬਨਾਰਸੀ, ਕੇ.ਐਨ. ਰਾਓ ਦਿੱਲੀ ਵਾਲੇ, ਗਾਇਤ੍ਰੀ ਦੇਵੀ ਬਾਸੂਦੇਵ ਬੰਗਲੌਰ ਵਾਲੀ, ਅੰਮ੍ਰਿਤ ਲਾਲ ਕਲਕੱਤਾ ਅਤੇ ਸੁਦੇਸ਼ ਕੋਸ਼ਲ ਸਨ। ਇਨ੍ਹਾਂ ਸਾਰਿਆਂ ਨੇ ਸਰਕਾਰ ਟੁੱਟਣ ਦਾ ਕਾਰਨ ਗ੍ਰਹਿਆਂ ਦੀ ਸਥਿਤੀ ਪੱਖ ਵਿੱਚ ਨਾ ਹੋਣਾ ਦੱਸਿਆ ਪਰ ਕਿਸੇ ਦੋ ਜੋਤਸ਼ੀਆਂ ਦੀ ਰਾਇ, ਇਕ ਘਰ ਜਾਂ ਇਕ ਗ੍ਰਹਿ ਬਾਰੇ ਨਹੀਂ ਸੀ ਮਿਲਦੀ। ਕੋਈ ਸ਼ਨੀ ਦਾ ਮਾੜਾ ਪ੍ਰਭਾਵ ਤੇ ਕੋਈ ਮੰਗਲ ਦਾ ਦੱਸ ਰਿਹਾ ਸੀ।
ਦੂਜੇ ਪਾਸੇ, ਸਰਕਾਰ ਦੇ ਕਾਰਜ ਕਾਲ ਪੂਰਾ ਕਰਨ ਦਾ ਦਾਅਵਾ ਕਰਨ ਵਾਲੇ ਛੇ ਜੋਤਸ਼ੀਆਂ ਨੇ ਆਪਣੇ ਤਰਕ ਪੇਸ਼ ਕੀਤੇ। ਇਨ੍ਹਾਂ ਵਿੱਚ ਵਿਮਲ ਸਿੰਘ ਲਖਨਊ, ਗਊ ਰਕਸ਼ਾ ਨੰਕ ਕਾਕਾ ਨਾਸਿਕ ਵਾਲੇ, ਰਵੀ ਰਾਵ ਅਹਿਮਦਾਬਾਦ ਵਾਲੇ, ਬੇਜਾਨ ਦਾਰੂਵਾਲਾ ਮੁੰਬਈ, ਸੰਜੇ ਦੱਤ ਅਮਰੀਕਾ ਅਤੇ ਵਿਨੋਦ ਸ਼ਾਸਤਰੀ ਸਨ। ਪਰ ਦਿਲਚਸਪ ਗੱਲ ਇਹ ਰਹੀ ਕਿ ਇਨ੍ਹਾਂ ਵੱਲੋਂ ਸਰਕਾਰ ਦਾ ਕਾਰਜ-ਕਾਲ ਪੂਰਾ ਕਰਨ ਪਿੱਛੇ ਵੀ ਗ੍ਰਹਿਆਂ ਦਾ ਬਲਵਾਨ ਹੋਣਾ ਹੀ ਦੱਸਿਆ ਗਿਆ। ਪਰ ਸਾਰੇ ਜੋਤਸ਼ੀ ਵੱਖ-ਵੱਖ ਘਰਾਂ ਅਤੇ ਗ੍ਰਹਿਆਂ ਦਾ ਮਜ਼ਬੂਤ ਹੋਣਾ ਦੱਸ ਰਹੇ ਸਨ। ਯਾਨੀ ਕੀ ਇਨ੍ਹਾਂ ਦਾ ‘ਵਿਗਿਆਨ’ ਵੀ ਇਕ-ਮਤ ਨਹੀਂ ਸੀ। ਇਸ ਵਾਸਤੇ ਮੈਂ ਸਵਾਲ ਕੀਤਾ ਕਿ ਜੇਕਰ ਜੋਤਿਸ਼ ਇਕ ਵਿਗਿਆਨ ਹੈ ਤਾਂ ਸਰਕਾਰ ਤੋੜਨ ਵਾਲਿਆਂ ਦੀ ਸਹਿਮਤੀ ਤੋੜਨ ਵਾਲੇ ਪਾਸੇ ਅਤੇ ਸਰਕਾਰ ਕਾਇਮ ਰੱਖਣ ਵਾਲਿਆਂ ਦੀ ਸਹਿਮਤੀ (ਗ੍ਰਹਿਆਂ ਦੀ ਸਥਿਤੀ ਬਾਰੇ) ਇਕ-ਮਤ ਕਿਉਂ ਨਹੀਂ ਸੀ?
ਇਹ ਸਵਾਲ ਕਰਕੇ ਜਦੋਂ ਮੈਂ ਆਪਣੀ ਸੀਟ ’ਤੇ ਬੈਠਾ ਤਾਂ ਫਾਜ਼ਿਲਕਾ ਦੇ ਨਵੇਂ ਜੋਤਸ਼ੀ ਸ੍ਰੀ ਅੰਸ਼ੁਲ ਨਾਗਪਾਲ ਮੇਰੇ ਕੋਲ ਆਏ ਤੇ ਬੋਲੇ, ‘‘ਮੈਂ ਤੁਹਾਡੇ ਸਵਾਲ ਸੁਣ ਨਹੀਂ ਸਕਿਆ। ਇੱਥੇ ਕੋਈ ਉੱਤਰ ਦੇਵੇ ਜਾਂ ਨਾ, ਮੈਂ ਉੱਤਰ ਜ਼ਰੂਰ ਦੇਵਾਂਗਾ।’’ ਮੈਂ ਕੁਝ ਕੁ ਸਵਾਲ ਉਨ੍ਹਾਂ ਨੂੰ ਲਿਖ ਕੇ ਦੇ ਦਿੱਤੇ। ਗੌਰਤਲਬ ਹੈ ਕਿ ਇਹ ਜੋਤਸ਼ੀ ਉਹੀ ਸੱਜਣ ਹਨ ਜਿਨ੍ਹਾਂ ਨੇ ਫਾਜ਼ਿਲਕਾ ਵਿਖੇ ਪਹਿਲਾਂ ਜੋਤਿਸ਼ ਨੂੰ ਵਿਗਿਆਨ ਸਾਬਿਤ ਕਰਨ ਦੀ ਚੁਣੌਤੀ ਕਬੂਲੀ ਤੇ ਬਾਅਦ ’ਚ ਭਗੌੜਾ ਹੋ ਗਿਆ ਸੀ। ਇਹ ਵੀ ਯਾਦ ਕਰਵਾ ਦਿਆਂ ਕਿ ਇਸ ਵਿਗਿਆਨਕ ਜੋਤਸ਼ੀ ਤੋਂ ਆਪਣੀ ਜਨਮ ਕੁੰਡਲੀ ਵੀ ਠੀਕ ਨਹੀਂ ਦੇਖੀ ਗਈ ਕਿਉਂਕਿ ਇਨ੍ਹਾਂ ਦੀ ਆਪਣੀ ਸ਼ਾਦੀ ਟੁੱਟ ਚੁੱਕੀ ਹੈ। ਇਸ ਜੋਤਸ਼ੀ ਮਹਾਰਾਜ ਨੇ ‘ਈ-ਬਾਕਸ’ ਕੰਪਨੀ ਵੱਲੋਂ ਕੱਢੀ ਨਵੀਂ ਵੀਡੀਓ ਸੀ.ਡੀ. ‘‘ਜੋਤਿਸ਼ : ਨਿਰਾ ਪਖੰਡ’’ ਦੇਖੀ ਹੋਈ ਸੀ ਪਰ ਇਹ ਉਸ ਵਿੱਚ ਪੁੱਛੇ ਇਕ ਵੀ ਪ੍ਰਸ਼ਨ ਦਾ ਉੱਤਰ ਨਾ ਦੇ ਸਕੇ। ਇਸੇ ਤੋਂ ਬੌਖਲਾ ਕੇ ਇਨ੍ਹਾਂ ਨੇ ਤਰਕਸ਼ੀਲ ਸੋਸਾਇਟੀ ਦੀਆਂ 24 ਸਾਲਾਂ ਤੋਂ ਛਪਦੀਆਂ ਆ ਰਹੀਆਂ ਕਿਤਾਬਾਂ ਨੂੰ ਮੁੱਦਾ ਆ ਬਣਾਇਆ ਸੀ। ਇਸ ਨਵੀਂ ਵੀ.ਸੀ.ਡੀ. ’ਚ ਜਮਨ ਪੱਤਰ ਬਣਾਉਣ ਤੋਂ ਲੈ ਕੇ ਸਾਰਾ ਇਨ੍ਹਾਂ ਜੋਤਸ਼ੀਆਂ ਦਾ ਕੱਜ-ਚੱਜ ਨੰਗਾ ਕੀਤਾ ਗਿਆ ਹੈ ਤੇ ਬੜੇ ਵਿਸਥਾਰ ਨਾਲ ਦੱਸਿਆ ਗਿਆ ਹੈ ਕਿ ਇਹ ਲੋਕ ਝੂਠ ਕਿਵੇਂ ਬੋਲਦੇ ਹਨ। (ਨਾਗਪਾਲ ਜੀ, ਜੇਕਰ ਤੁਹਾਨੂੰ ਸੀ.ਡੀ. ’ਚ ਕੋਈ ਝੂਠ ਲਗਦਾ ਹੈ ਤਾਂ ਵੀ ਅਦਾਲਤ ’ਚ ਜਾਓ ਤੇ ਕਿਤਾਬਾਂ ’ਚ ਕੁਝ ਗਲਤ ਲਗਦਾ ਹੈ ਤਾਂ ਵੀ ਅਦਾਲਤ। ਕਿਉਂਕਿ ਸੱਚ-ਝੂਠ ਦਾ ਫੈਸਲਾ ਅਦਾਲਤ ਨੇ ਹੀ ਕਰਨਾ ਹੈ।)
ਇਸ ਮਹਾਂ-ਸੰਮੇਲਨ ਦੀ ਕਵਰੇਜ ਲਈ ਸਥਾਨਕ ਚੈਨਲ ‘ਪੋਥੀ-ਮਾਲਾ’ ਦੇ ਪੁੱਤਰ ਸ੍ਰੀ ਨਵੀਨ ਸ਼ਰਮਾ ਵੀ ਆਏ ਹੋਏ ਸਨ। ਉਨ੍ਹਾਂ ਨੂੰ ਵੀ ਮੈਂ ਇਹ ਬੇਨਤੀ ਕੀਤੀ ਸੀ ਕਿ ਮੈਂ ਕੁਝ ਪ੍ਰਸ਼ਨ ਅੱਜ ਦੇ ਇਸ ਸੰਮੇਲਨ ’ਚ ਕਰਨਾ ਚਾਹੁੰਦਾ ਹਾਂ, ਆਪ ਕ੍ਰਿਪਾ ਕਰਕੇ ਕੈਮਰਾ ਆਨ ਕਰ ਲਓ। ਖਰੀ ਗੱਲ ਇਹ ਕਿ ਇਨ੍ਹਾਂ ਜੋਤਸ਼ੀਆਂ ਦੀ ਇੱਜ਼ਤ ਵੀ ਫੇਰ ਹੀ ਬਚਣੀ ਸੀ ਜੇਕਰ ਉਸ ਮਾਧਿਅਮ ਰਾਹੀਂ ਇਹ ਉਨ੍ਹਾਂ ਪ੍ਰਸ਼ਨਾਂ ਦੇ ਉੱਤਰ ਦਿੰਦੇ। ਪਰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਹ ਪ੍ਰਸ਼ਨ ਕੱਟ ਕੇ ਇਹ ਪ੍ਰੋਗਾਰਮ ਪ੍ਰਸਾਰਿਤ ਹੋ ਚੁੱਕਾ ਹੈ।
ਪਰ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਸ਼ੁਭ ਮਹੂਰਤ ਕੱਢਣ ਦੇ ਬਾਵਜੂਦ, ਮਹਾਂ-ਸੰਮੇਲਨ ’ਚ ਇਹ ਤਰਕਸ਼ੀਲਾਂ ਰੂਪੀ ਅਸ਼ੁਭਤਾ ਕਿੱਥੋਂ ਆ ਗਈ? ਇਸ ਸਮਾਗਮ ’ਚ ਪਹਿਲਾਂ ਇਹ ਗੱਲ ਮੁੱਦਾ ਬਣ ਚੁੱਕੀ ਸੀ ਕਿ ਸਾਡੇ ਸ਼ੁਭ ਮਹੂਰਤ ਕੱਢਣ ਦੇ ਬਾਅਦ ਜੇਕਰ ਕੋਈ ਸ਼ਾਦੀ ਟੁੱਟ ਜਾਂਦੀ ਹੈ ਤਾਂ ਉਸ ਵਿੱਚ ਜੋਤਸ਼ੀ ਦਾ ਕੋਈ ਕਸੂਰ ਨਹੀਂ ਹੁੰਦਾ, ਸਗੋਂ ਘਰ ਵਾਲਿਆਂ ਦਾ ਹੁੰਦਾ ਹੈ ਕਿਉਂਕਿ ਜੋ ਟਾਈਮ ਅਸੀਂ ਰਸਮਾਂ ਕਰਨ ਦਾ ਦਿੰਦੇ ਹਾਂ, ਉਸ ਟਾਈਮ ਰਸਮਾਂ ਹੀ ਨਹੀਂ ਕੀਤੀਆਂ ਜਾਂਦੀਆਂ। ਪਰ ਜੋਤਸ਼ੀ ਜੀ, ਤੁਸੀਂ ਤਾਂ ਇੱਥੇ ਉਸ ਗਲਤੀ ਨੂੰ ਦੁਹਰਾਇਆ ਨਹੀਂ ਸੀ - ਫਿਰ ਵੀ ਕਾਰਜ ’ਚ ਅਸ਼ੁਭਤਾ ਕਿਉਂ ਆ ਗਈ? ਤੁਸੀਂ ਕਰੋੜਾਂ ਮੀਲਾਂ ’ਤੇ ਬੈਠ ਗ੍ਰਹਿਆਂ ਦੀ ਸਥਿਤੀ ਤਾਂ ਭਲੀ-ਭਾਂਤ ਦੇਖ ਲੈਂਦੇ ਹੋ ਪਰ ਆਪਣੇ ਸੰਮੇਲਨ ’ਚ ਬੈਠੇ ਤਰਕਸ਼ੀਲਾਂ ਦਾ ਤੁਸੀਂ ਕੋਈ ਅਨੁਮਾਨ ਨਹੀਂ ਲਗਾ ਸਕੇ।
ਸੋ ਆਓ, ਆਪਾਂ ਲੋਕ ਦੀ ਕਚਹਿਰੀ ’ਚ ਸਭ ਤੋਂ ਮੁੱਖ ਭੂਮਿਕਾ ਨਿਭਾਉਂਦੇ ਮੀਡੀਏ ’ਚ ਆ ਕੇ ਫੈਸਲਾ ਕਰੀਏ ਕਿ ਤੁਹਾਡਾ ਜੋਤਿਸ਼ ਕਿੰਨਾ ਕੁ ਵਿਗਿਆਨਕ ਹੈ? ਇਹ ਫੈਸਲਾ ਕਰਨ ਲਈ ਅਸੀਂ ਇਲੈਕਟ੍ਰਾਨਿਕ ਮੀਡੀਏ ’ਚ ਬਹਿਸ ਲਈ ਵੀ ਤਿਆਰ ਹਾਂ। ਮੈਂ ਤਰਕਸ਼ੀਲ ਸੁਸਾਇਟੀ, ਪੰਜਾਬ ਵੱਲੋਂ ਪਿਛਲੇ 24 ਸਾਲਾਂ ਤੋਂ ਦਿੱਤੀ ਜਾ ਰਹੀ ਚੁਣੌਤੀ ਨੂੰ ਫਿਰ ਦੁਹਰਾ ਦਿਆਂ। ਇਸ ਮੁਤਾਬਿਕ, ਤੁਸੀਂ ਸਾਡੀਆਂ ਦਿੱਤੀਆਂ 10 ਜਨਮ-ਪੱਤਰੀਆਂ ਵਿੱਚੋਂ (ਸਮੇਤ ਅਖਸ਼ਾਂਸ਼ਾਂ- ਰੇਖਾਸ਼ਾਂ ਦੇ) ਸਿਰਫ਼ ਇਹੀ ਦੱਸਣਾ ਹੋਵੇਗਾ ਕਿ ਇਨ੍ਹਾਂ ਵਿੱਚੋਂ ਕਿੰਨੀਆਂ ਕੁੜੀਆਂ ਅਤੇ ਕਿੰਨੇ ਮੁੰਡੇ ਹਨ? ਇਸ ਵਿੱਚ ਪੰਜ ਫੀਸਦੀ ਗਲਤੀ ਦੀ ਮੁਆਫੀ ਵੀ ਮਿਲੇਗੀ ਤੇ ਜਿੱਤਣ ’ਤੇ 5 ਲੱਖ ਰੁਪਏ ਦਾ ਇਨਾਮ ਵੀ।
ਜੇਕਰ ਇਹ ਅਸਾਨ ਜਿਹਾ ਕੰਮ ਵੀ ਤੁਹਾਡਾ ਵਿਗਿਆਨ ਨਹੀਂ ਕਰ ਸਕਦਾ, ਤਾਂ ਇਸ ਨੂੰ ਵਿਗਿਆਨ ਕਹਿੰਦਿਆਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਅਤੇ ਲੋਕਾਂ ਨੂੰ ਇਹ ਸਮਝ ਕਿ ਜੋਤਸ਼ੀ ਕਿਵੇਂ ਧੋਖੇ ਕਰਦੇ ਹਨ।
astrology, jyotish, hypocracy, pakhand, All India Jyotish Maha-Sammelen, convention, astrologers, ferozepur, punjab, scienfic, questions, tarksheels, kundli, patri, author, Surjeet Daudhar