

ਸੱਚਾ ਨਾਮ-ਝੂਠਾ ਨਾਮ
- ਜਸਵੀਰ ਸਿੰਘ ਮੋਰੋਂ, ਜਲੰਧਰ -
ਫੋਨ : 9417262838
ਧਰਮ ਪ੍ਰਚਾਰਕਾਂ, ਡੇਰੇਦਾਰਾਂ, ਮਹਾਰਾਜ, ਪੀਰ ਪਾਤਸ਼ਾਹ, ਸੰਤ, ਬਾਬਿਆਂ ਨੇ ‘ਨਾਮ’ (ਨਾਮ ਸ਼ਬਦ) ਦੇ ਪ੍ਰਚਾਰ ਨੂੰ ਸਿਖ਼ਰ ਤੇ ਪਹੁੰਚਾਇਆ ਹੋਇਆ ਹੈ। ਇਨ੍ਹਾਂ ਵਲੋਂ ਸੱਚਾ-ਨਾਮ, ਝੂਠਾ-ਨਾਮ, ਪੂਰਾ-ਨਾਮ, ਅਧੂਰਾ-ਨਾਮ, ਵੱਡਾ-ਨਾਮ, ਛੋਟਾ-ਨਾਮ, ਅੱਧਾ-ਨਾਮ ਆਦਿ ਵਿਸ਼ੇਸ਼ਣ ‘ਨਾਮ’ (ਰੱਬ ਦੇ ਨਾਮ, ਨਾਮ ਦੀ ਦਾਤ) ਨਾਲ ਜੋੜ ਕੇ ਲੋਕਾਂ ਨੂੰ ਭੰਬਲ-ਭੂਸੇ ਵਿਚ ਪਾਇਆ ਹੋਇਆ ਹੈ, ਪਾਇਆ ਜਾ ਰਿਹਾ ਹੈ। ਇਨ੍ਹਾਂ ਦੇ ਅਰਥ, ਵਿਆਖਿਆ ਅਤੇ ਪਰਖ ਨੂੰ ਲੋਕਾਈ ਦੀ ਸੋਚ, ਸਮਝ ਤੋਂ ਬਾਹਰ ਦੱਸ ਕੇ ਚੌਰਾਹੇ ਵਿੱਚ ਖੜ੍ਹੀ ਕੀਤਾ ਹੋਇਆ ਹੈ। ਸਿਰਫ਼ ਆਪਣਾ ਫ਼ੈਸਲਾ ਅਤੇ ਨਤੀਜਾ ਗੁੰਮਰਾਹ ਕਰਕੇ ਠੋਸਿਆ ਜਾ ਰਿਹਾ ਹੈ। ਅਸਲ ’ਚ ਇਨ੍ਹਾਂ ਤੋਜ ਕੀ ਭਾਵ ਹੈ? ਇਹ ਹਰ ਇੱਕ ਵਿਅਕਤੀ ਦੀ ਸਮਝ ਦਾ ਹਿੱਸਾ ਬਣਨਾ ਚਾਹੀਦਾ ਹੈ। ਸਮਝ ਦਾ ਹਿੱਸਾ ਤਾਂ ਹੀ ਬਣੇਗਾ, ਅਗਰ ਉਹ ਇਸ ਬਾਰੇ ਸਵਾਲ ਪੈਦਾ ਕਰੇਗਾ। ਜਦੋਂ ਸਵਾਲ ਪੈਦਾ ਹੋ ਜਾਵੇਗਾ, ਫਿਰ ਉਸਦਾ ਸਹੀ ਜੁਆਬ ਵੀ ਲੱਭਿਆ ਜਾ ਸਕਦਾ ਹੈ। ਜੇਕਰ ਇਹ ਸਵਾਲ ਹੀ ਪੈਦਾ ਨਹੀਂ ਕੀਤਾ ਜਾਂਦਾ, ਤਾਂ ਉ¤ਤਰ ਦੀ ਉਡੀਕ ਨਹੀਂ ਕੀਤੀ ਜਾ ਸਕਦੀ।
ਉਪਰੋਕਤ ‘ਨਾਮ’ ਦੇ ਵਿਸ਼ੇਸ਼ਣ ਲਾਉਣ ਦੇ ਸਬੰਧ ’ਚ ਉਦਾਹਰਨ ਦਿੱਤੀ ਜਾ ਸਕਦੀ ਹੈ ਜਿਵੇਂ ਢਾਬੇ ਵਾਲੇ ਪਨੀਰ ਦੀਆਂ 20 ਸਬਜ਼ੀਆਂ ਦੇ ਨਾਂ ਗਿਣਾ ਦਿੰਦੇ ਹਨ:- ਆਲੂ ਪਨੀਰ, ਗੋਭੀ ਪਨੀਰ, ਮਟਰ ਪਨੀਰ, ਪਾਲਕ ਪਨੀਰ, ਸ਼ਾਹੀ ਪਨੀਰ ਅਤੇ ਹੋਰ। ਅਸਲ ’ਚ ਜ਼ਰੂਰਤ ਪਨੀਰ ਦੀਆਂ ਵਰਾਇਟੀਆਂ ਦੀ ਨਹੀਂ ਹੈ। ਮਸਲਾ ਤਾਂ ਸੁਆਦ ਅਤੇ ਗੁਣਕਾਰੀ ਤੱਤਾਂ ਦਾ ਹੈ। ਪ੍ਰੰਤੂ ਲੋਕ ਵਰਾਇਟੀਆਂ ਦੇ ਚੱਕਰ ’ਚ ਫਸੇ ਹੋਏ ਹਨ, ਫਸਾਏ ਹੋਏ ਹਨ। ਇਹ ਸਕੀਮ ਓਨਾ ਚਿਰ ਕਾਮਯਾਬ ਹੀ ਰਹਿਣੀ ਹੈ, ਜਿੰਨਾ ਚਿਰ ਤੱਕ ਤੁਸੀਂ ਵਰਾਇਟੀਆਂ ਦੇ ਚੱਕਰ ’ਚ ਫਸੇ ਰਹੋਗੇ। ਜਦੋਂ ਸੁਆਦ ਅਤੇ ਗੁਣਾਂ ਦੀ ਪਛਾਣ ਕਰਨ ਲੱਗ ਪਏ, ਫਿਰ ਆਲੂ-ਛੋਲੇ ਵੀ ਚੰਗੇ ਲੱਗਣ ਲੱਗ ਪੈਣੇ ਹਨ ਤੇ ਮਸਰ-ਮੂੰਗੀ ਵੀ। ‘ਨਾਮ’ ਦੇ ਵਿਸ਼ੇਸ਼ਣਾਂ ਵਿੱਚ ਵੀ ਇਹੋ ਢੰਗ ਵਰਤ ਕੇ ਫਸਾਇਆ ਜਾ ਰਿਹਾ ਹੈ।
ਜਿਵੇਂ ਪਨੀਰ ਖਾਣਾ ਕੇਵਲ ਭੁੱਖ ਨੂੰ ਦੂਰ ਕਰਨਾ ਨਹੀਂ, ਰੁਤਬੇ (ਸਟੇਟਸ ਸਿੰਬਲ) ਦਾ ਵੀ ਮਸਲਾ ਹੈ। ਇਸੇ ਤਰ੍ਹਾਂ ‘ਨਾਮ’ ਦੇ ਨਾਲ ਵਿਸ਼ੇਸ਼ਣ ਅਤੇ ਸਬੰਧਤ ਡੇਰੇ ਦੇ ਛੋਟਾ-ਵੱਡਾ ਹੋਣਾ ਵੀ ‘ਸਟੇਟਸ ਸਿੰਬਲ’ ਦੇ ਤੌਰ ’ਤੇ ਅਜੋਕੇ ਸਮਾਜ ਵਿੱਚ ਮੰਨਿਆ ਜਾ ਰਿਹਾ ਹੈ। ‘ਧਰਮ’ ‘ਡੇਰੇ’ ਅਤੇ ‘ਨਾਮ’ ਦੇ ਗੁਣਾਂ-ਅਵਗੁਣਾਂ (ਸਹੀ, ਗਲਤ) ਦੀ ਚਰਚਾ ਨੂੰ ਪਾਸੇ ਰੱਖ ਕੇ ਸਿਰਫ਼ ਛੋਟੇ-ਵੱਡੇ, ਅਧੂਰੇ-ਪੂਰੇ ਤੇ ਹੀ ਧਿਆਨ ਕੇਂਦਰਤ ਕਰ ਦਿੱਤਾ ਕਰ ਦਿੱਤਾ ਜਾਂਦਾ ਹੈ। ਇਸ ਮਾਇਆ ਜਾਲ ਵਿੱਚ ਲੋਕਾਈ ਫਸਦੀ ਜਾ ਰਹੀ ਹੈ। ਆਪਣੇ ਮਸਲਿਆਂ ’ਤੇ ਧਿਆਨ ਕੇਂਦਰਤ ਕਰਕੇ ਉਨ੍ਹਾਂ ਦੇ ਕਾਰਨਾਂ ਪ੍ਰਤੀ ਪ੍ਰਸ਼ਨ ਪੈਦਾ ਕਰਨ ਅਤੇ ਹੱਲ ਤਲਾਸ਼ਣ ਦੀ ਯੋਗਤਾ ਖ਼ਤਮ ਕਰਨ ਦੇ ਸਾਧਨ ਦੇ ਤੌਰ ’ਤੇ ਉਪਰੋਕਤ ਢੰਗ ਵਰਤਿਆ ਜਾ ਰਿਹਾ ਹੈ। ਸਿਰਫ਼ ਧਰਮ, ਡੇਰੇ, ਸੰਤ, ਬਾਬੇ, ਮਹਾਰਾਜ ਦੇ (ਸਹੀ, ਗਲਤ) ਹੁਕਮਾਂ ਨੂੰ ਮੰਨਣ ਤੱਕ ਹੀ ਮਨੁੱਖ ਦੀ ਸਮਝ ਸ਼ਕਤੀ ਨੂੰ ਸੀਮਤ ਕਰ ਦਿੱਤਾ ਜਾਂਦਾ ਹੈ। ਇਸ ਦਾ ਹੀ ਸਿੱਟਾ ਹੈ ਕਿ ਰੋਜ਼ਗਾਰ, ਮਹਿੰਗਾਈ, ਭ੍ਰਿਸ਼ਟਾਚਾਰ, ਭਰੂਣ ਹੱਤਿਆ, ਹਿੰਸਾ, ਆਬਾਦੀ, ਬਿਜਲੀ, ਪਾਣੀ, ਜਾਤ-ਪਾਤ, ਫ਼ਿਰਕਾਪ੍ਰਸਤੀ ਵਰਗੇ ਹੋਰ ਵੱਡੇ ਮਸਲੇ ਹੋਣ ਤੇ ਵੀ ਇਨ੍ਹਾਂ ਵਿਰੁੱਧ ਕੋਈ ਵੱਡੀ ਲੋਕ-ਲਹਿਰ ਪੈਦਾ ਨਹੀਂ ਹੋਈ ਤੇ ਨਾ ਉਸਾਰੀ ਜਾ ਸਕੀ ਹੈ। ਉਪਰੋਕਤ ਜਕੜ-ਜਾਲ ਨੇ ਚੰਗੇ-ਭਲੇ ਮਨੁੱਖਾਂ ਨੂੰ ਅਪਾਹਿਜ ਬਣਾ ਦਿੱਤਾ ਹੈ। ਇਹ ਸਮੁੱਚੇ ਲੋਕਾਂ ਦੇ ਹਿੱਤ ਵਿੱਚ ਨਹੀਂ ਹੈ। ਇਸ ਕੋਝੇ ਪ੍ਰਚਾਰ ਦੇ ਚੱਕਰਵਿਊ ਨੂੰ ਤੋੜ ਕੇ ਮੁੜ ਮਨੁੱਖ ਨੂੰ ਮਨੁੱਖ ਬਣਾਉਣ ਦੇ ਜੰਗੀ ਪੱਧਰ ’ਤੇ ਉਪਰਾਲੇ ਜਥੇਬੰਦਕ ਤੌਰ ’ਤੇ ਕਰਨੀ ਹੀ ਪੈਣੇ ਹਨ। ਹਰ ਇੱਕ ਸਮਝ ਰੱਖਦੇ ਮਨੁੱਖ ਨੂੰ ਸਮੇਂ ਦੀ ਇਸ ਮੰਗ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨਾ ਹੋਵੇਗਾ।
ਸਿਰਫ਼ ‘ਨਾਮ’ ਦੇ ਮਾਇਆ ਜਾਲ ਵਿੱਚ ਹੀ ਨਹੀਂ, ਸਗੋਂ ਉਪਰੋਕਤ ਉਦਾਹਰਣ ਵਾਂਗ ਹਰ ਖੇਤਰ ਵਿੱਚ ਹੀ ਮਨੁੱਖ ਨੂੰ ਫਸਾਉਣ, ਉਲਝਾਉਣ, ਨੀਵਾਂ ਦਿਖਾਉਣ ਦੀਆਂ ਤਰਕੀਬਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਜਿਵੇਂ ‘ਨਾਮ-ਦਾਨ’ ਦੇਣ ਵਾਲੇ ਮਨੁੱਖ ਨੂੰ ਛੁਟਿਆ ਕੇ ਨੀਵਾਂ, ਨਿਮਾਣਾ, ਨਿਤਾਣਾ ਬਣਾ ਰਹੇ ਹਨ ਅਤੇ ਰੱਬ ਨੂੰ ਸਰਬ-ਸੰਪੰਨ। ਇਸੇ ਤਰ੍ਹਾਂ ਹੀ ਉਪਭੋਗਤਾ ਦੀਆਂ ਵਸਤਾਂ ਪੈਦਾ ਕਰਨ ਵਾਲੇ, ਵੇਚਣ ਖਾਤਰ ਵਿਅਕਤੀ ਦੀ ਖ਼ਾਸੀਅਤ ਦੇ ਵਿਰੁੱਧ ਵਸਤਾਂ ਦੇ ਗੁਣਾਂ ਨੂੰ ਉਭਾਰ ਦੇ ਪੇਸ਼ ਕਰ ਰਹੇ ਹਨ। ਵਸਤਾਂ ਦੇ ਕੂੜ ਪ੍ਰਚਾਰ ਦੇ ਨਾਲ ਵੀ ਮਨੁੱਖ ਨੂੰ ਬੌਣਾ, ਘਟੀਆ, ਨਿਕੰਮਾ ਦਿਖਾਇਆ, ਬਣਾਇਆ ਜਾ ਰਿਹਾ ਹੈ। ਕਿਸੇ ਖ਼ਾਸ ਕੰਪਨੀ ਦੇ ਟੂਥ ਪੇਸਟ, ਸਾਬਣ, ਪਾਊਡਰ, ਸ਼ੈਂਪੂ, ਸੈਂਟ, ਟੋਫ਼ੀਆਂ, ਚਾਕਲੇਟ, ਕਪੜੇ, ਮੋਬਾਇਲ ਆਦਿ ਦੀ ਵਰਤੋਂ ਕਰਨ ਵਾਲੇ ਨੂੰ ਦੂਜਿਆਂ ਦਾ ਚਹੇਤਾ, ਸਤਿਕਾਰ ਦਾ ਪਾਤਰ ਹੀ ਨਹੀਂ, ਸਗੋਂ ਜਿਊਣ ਲਈ ਅਤੇ ਜ਼ਿੰਦਗੀ ’ਚ ਸਫ਼ਲਤਾ ਪ੍ਰਾਪਤ ਕਰਨ ਲਈ ਜ਼ਰੂਰੀ ਦੱਸਿਆ ਤੇ ਸਮਝਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਵਿਸ਼ੇਸ਼ ਵਸਤਾਂ ਦੀ ਵਰਤੋਂ ਕਰਨ ਨਾਲ ਝੂਠੇ ਸਫ਼ਲਤਾ ਦੇ ਨਤੀਜੇ ਵੀ ਮਸ਼ਹੂਰੀਆਂ ਵਿੱਚ ਫ਼ਿਲਮਾ ਕੇ ਪੇਸ਼ ਕੀਤੇ ਜਾ ਰਹੇ ਹਨ। ਵਿਅਕਤੀ ਦੇ ਕਾਰ-ਵਿਹਾਰ ਦੇ ਗੁਣ ਪਿਆਰ, ਸਤਿਕਾਰ, ਬੋਲ-ਚਾਲ, ਹਮਦਰਦੀ, ਕਹਿਣੀ-ਕਰਨੀ, ਕਿਰਤ, ਇਮਾਨਦਾਰੀ, ਵਿਦਿਅਕ ਯੋਗਤਾ, ਸਰਬੱਤ ਦੇ ਭਲੇ ਦੀ ਸੋਚ ਆਦਿ ਮਾਨਵੀ ਸ਼ਖ਼ਸੀਅਤ ਦੇ ਅਸਲ ਗੁਣਾਂ ਨੂੰ ਉਪਭੋਗਤਾ ਦੀਆਂ ਵਸਤਾਂ ਦੇ ਕੂੜ-ਪ੍ਰਚਾਰ ਨੇ ਲਗਭਗ ਪਰਦੇ ਪਿੱਛੇ ਧੱਕ ਦਿੱਤਾ ਹੈ। ਜਿਸ ਤਰ੍ਹਾਂ ਉਪਭੋਗਤਾ ਦੀਆਂ ਵਸਤਾਂ ਦੇ ਕੂੜ-ਪ੍ਰਚਾਰ ਨੇ ਮਾਨਵੀ ਗੁਣਾਂ, ਮਨੁੱਖ ਦੀ ਮਹੱਤਤਾ ਦੇ ਅਰਥ ਹੀ ਬਦਲ ਦਿੱਤੇ ਹਨ। ਇਸੇ ਤਰ੍ਹਾਂ ਹੀ ‘ਨਾਮ’ ਦੇ ਅਰਥ ਭਾਵ ਸੰਤ, ਬਾਬਿਆਂ, ਡੇਰੇਦਾਰਾਂ, ਧਰਮ ਵਪਾਰੀਆਂ ਨੇ ਆਪਣੇ ਲਾਭ ਨੂੰ ਮੁੱਖ ਰੱਖ ਕੇ ਬਦਲ ਦਿੱਤੇ ਹਨ। ਮਨੁੱਖ ਦੇ ‘ਨਾਮ’ ਦੀ ਥਾਂ ‘ਰੱਬ ਦੇ ਨਾਮ’ ਦੇ ਗੁਣ ਵਿਸ਼ੇਸ਼ਤਾਵਾਂ ਨੂੰ ਬਿਆਨ ਕੀਤਾ ਜਾ ਰਿਹਾ ਹੈ। ਕਹਿਣ ਦਾ ਭਾਵ ‘ਕਰਤਾ-ਪੁਰਖ’ (ਪ੍ਰਤੱਖ) ਨੂੰ ਅੱਖੋਂ-ਪਰੋਖੇ ਕਰਕੇ ‘ਅਕਾਲ-ਪੁਰਖ’ (ਅਪ੍ਰਤੱਖ) ਨੂੰ ਪੇਸ਼ ਕੀਤਾ ਜਾ ਰਿਹਾ ਹੈ। ਸੱਚ ਨੂੰ ਛੱਡ ਕੇ ਝੂਠ ਦੀ ਪ੍ਰਸ਼ੰਸਾ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ। ਗਿਆਨ ਨੂੰ ਛੱਡ ਕੇ ਝੂਠ ਦੀ ਪ੍ਰਸ਼ੰਸਾ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ। ਗਿਆਨ ਨੂੰ ਛੱਡ ਕੇ ਅਗਿਆਨ ਨੂੰ ਅਪਣਾਇਆ ਜਾ ਰਿਹਾ ਹੈ।
ਜਿਸ ਤਰ੍ਹਾਂ ਉਪਭੋਗਤਾਵਾਦ ਦੇ ਗੁੰਮਰਾਹਕੁਨ, ਝੂਠੇ, ਕੂੜ-ਪ੍ਰਚਾਰ ਨੇ ਵਸਤਾਂ ਦੇ ਵਿਸ਼ੇ (ਗੁਣਾਂ) ਤੱਕ ਹੀ ਸੋਚ, ਸਮਝ ਨੂੰ ਸੀਮਤ ਕਰ ਦਿੱਤਾ ਹੈ। ਇਸੇ ਤਰ੍ਹਾਂ ਹੀ ਮਨੁੱਖ ਦੇ ਸੱਚੇ-ਨਾਮ, ਝੂਠੇ-ਨਾਮ, ਪੂਰੇ-ਨਾਮ, ਅਧੂਰੇ-ਨਾਮ, ਛੋਟੇ-ਨਾਮ, ਵੱਡੇ-ਨਾਮ ਨਾਲੋਂ ਪਰ੍ਹੇ ਕਰਕੇ ਧਰਮ ਪ੍ਰਚਾਰਕਾਂ, ਧਰਮ ਦੇ ਠੇਕੇਦਾਰਾਂ, ਧਰਮ ਵਪਾਰੀਆਂ ਨੇ ਅਕਾਲ-ਪੁਰਖ ਦੇ ‘ਨਾਮ’ ਦੇ ਚੱਕਰਾਂ ਵਿੱਚ ਪਾ ਦਿੱਤਾ ਹੈ। ਜਦੋਂ ਕਰਤਾ-ਪੁਰਖ ਹੀ ਨਹੀਂ ਹੋਣਾ ਤਾਂ ਅਕਾਲ-ਪੁਰਖ ਕਿੱਥੇ ਰਹਿ ਜਾਵੇਗਾ? ਅਕਾਲ-ਪੁਰਖ ਦੀ ਪੈਦਾਇਸ਼ ਤੇ ਖੋਜ, ਕਰਤਾ-ਪੁਰਖ ਦੀ ਹੀ ਕਿਰਤ ਹੈ।
ਮਸਲਾ ਅਕਾਲ-ਪੁਰਖ ਦੇ ਛੋਟੇ-ਵੱਡੇ, ਅਧੂਰੇ-ਪੂਰੇ ਨਾਮ ਦਾ ਨਹੀਂ ਹੈ। ਮਸਲਾ ਤਾਂ ਕਰਤਾ-ਪੁਰਖ ਦੇ ਸੱਚੇ, ਝੂਠੇ, ਅਧੂਰੇ, ਪੂਰੇ, ਛੋਟੇ, ਵੱਡੇ, ਨਾਮ ਦੇ ਵਿਚਾਰਨ ਦਾ ਹੈ। ਜੇਕਰ ਇਸ ਦੀ ਵਿਚਾਰ ਕਰ ਲਵਾਂਗੇ ਤਾਂ ਸਾਰੇ ਮਸਲੇ ਹੱਲ ਹੁੰਦੇ ਨਜ਼ਰ ਆਉਣਗੇ। ਮਨੁੱਖ ਦਾ ਹੀ ਵੱਡਾ ਅਤੇ ਛੋਟਾ ਨਾਮ ਹੁੰਦਾ ਹੈ। ਮਨੁੱਖ ਦਾ ਹੀ ਸੱਚਾ ‘ਨਾਮ’ (ਵਿਚਾਰਧਾਰਾ) ਅਮਰ, ਅਜੂਨੀ ਤੇ ਮੁਕਤੀ-ਮਾਰਗ ਬਣਦਾ ਹੈ। ਸਰਬੱਤ ਦੇ ਭਲੇ ਵਾਲੇ ਕਾਰਜ ਕਰਨ ਵਾਲੇ ਮਨੁੱਖ ਦਾ ਸੱਚਾ ਨਾਮ ਕਦੇ ਨਹੀਂ ਮਰਦਾ। ਜਦੋਂ ਤੱਕ ਮਨੁੱਖੀ ਜੀਵਨ ਰਹੇਗਾ, ਉਸ ਸਮੇਂ ਤੱਕ ਸਹੀ, ਚੰਗੇ, ਅਸਲ, ਅਸੂਲੀ ਮਨੁੱਖ ਦਾ ਸੱਚਾ-ਨਾਮ ਜ਼ਰੂਰ ਰਹੇਗਾ। ਮਨੁੱਖ ਦਾ ਹੀ ਛੋਟਾ, ਵੱਡਾ, ਸੱਚਾ, ਝੂਠਾ ਨਾਮ ਹੁੰਦਾ ਹੈ। ਕਿਸੇ ਅਕਾਲ-ਪੁਰਖ (ਅਪ੍ਰਤੱਖ) ਦੇ ‘ਨਾਮ’ ਨੂੰ ਸੱਚਾ ਨਾਮ ਨਹੀਂ ਕਿਹਾ ਜਾ ਸਕਦਾ, ਨਾ ਹੀ ਮੰਨਿਆ ਜਾ ਸਕਦਾ ਹੈ।
ਮਨੁੱਖ ਦੇ ਦੁਖੀ ਹੋਣ ਦਾ ਸਭ ਤੋਂ ਵੱਡਾ ਕਾਰਨ ਇਹੋ ਹੈ ਕਿ ਉਸਨੇ ਆਪਣਾ (ਉਦੇਸ਼) ਮਿਸ਼ਨ ਛੱਡ ਕੇ ਕਾਲਪਨਿਕ ਦੇਵੀ-ਦੇਵਤਿਆਂ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਕੋਈ ਵਪਾਰੀ, ਕੰਪਨੀ ਜਾਂ ਅਦਾਰਾ ਅਜਿਹਾ ਕਰੇਗਾ ਤਾਂ ਉਹ ਘਾਟੇ ਵਿੱਚ ਹੀ ਰਹੇਗਾ। ਮਨੁੱਖ ਵੀ ਘਾਟੇ ਵਿੱਚ ਜਾ ਰਿਹਾ ਹੈ। ਮਨੁੱਖ ਆਪ ਭੁੱਖਾ ਮਰ ਰਿਹਾ ਹੈ ਪਰ ਪੱਥਰ ਦੀਆਂ ਮੂਰਤੀਆਂ ਨੂੰ ਤਰ੍ਹਾਂ-ਤਰ੍ਹਾਂ ਦੇ ਭੋਜਨ ਪਦਾਰਥ ਤਿਆਰ ਕਰਕੇ ਭੋਗ ਲਗਾਏ ਜਾ ਰਹੇ ਹਨ, ਪੇਸ਼ ਕੀਤੇ ਜਾ ਰਹੇ ਹਨ। ਲੱਖਾਂ-ਕਰੋੜਾਂ ਮਨੁੱਖਾਂ ਨੂੰ ਤਨ ’ਤੇ ਪਹਿਨਣ ਲਈ ਕਪੜਾ ਨਹੀਂ ਮਿਲ ਰਿਹਾ। ਪਰ ਦੇਵਤਿਆਂ ਦੀਆਂ ਮੂਰਤੀਆਂ ਲਈ ਤਿੱਲੇ-ਜੜੀਆਂ ਚਾਦਰਾਂ ਅਤੇ ਪਹਿਰਾਵੇ ਮਹਿੰਗੇ ਤੋਂ ਮਹਿੰਗੇ ਭੇਂਟ ਕੀਤੇ ਜਾ ਰਹੇ ਹਨ। ਲੱਖਾਂ-ਕਰੋੜਾਂ ਲੋਕ ਗਰਮੀ, ਸਰਦੀ, ਬਰਸਾਤ ਦੇ ਮੌਸਮ ’ਚ ਖੁੱਲ੍ਹੇ ਆਕਾਸ਼ ਥੱਲੇ ਸੜਕਾਂ ਤੇ ਸੌਂ ਕੇ ਆਪਣੀ ‘ਜੂਨ’ ਕੱਟ ਰਹੇ ਹਨ। ਪ੍ਰੰਤੂ ਮੰਦਰਾਂ-ਗੁਰਦੁਆਰਿਆਂ ਲਈ ਸੰਗਮਰਮਰੀ ਬਹੁ-ਮੰਜ਼ਿਲਾ ਇਮਾਰਤਾਂ ਬਣਾਈਆਂ ਜਾ ਰਹੀਆਂ ਹਨ। ਮਨੁੱਖ-ਮਨੁੱਖ ਨੂੰ ਕੋਈ ਸਹੂਲਤ ਦੇਣ ਲਈ ਤਿਆਰ ਨਹੀਂ, ਪਰ ਅਦਿੱਖ ਰੱਬ, ਨਿਰਾਕਾਰ ਤੇ ਕਿਸੇ ਤੋਂ ਕੁਝ ਨਾ ਮੰਗਣ ਵਾਲੇ ਰੱਬ ਲਈ ਸਭ ਕੁਝ ਕੁਰਬਾਨ ਕਰਨ ਵਾਸਤੇ ਤੁਰਿਆ ਹੋਇਆ ਹੈ, ਕਰ ਰਿਹਾ ਹੈ।
ਜਦੋਂ ਤੱਕ ਮਨੁੱਖ ਦੇਵੀ-ਦੇਵਤਿਆਂ ਦਾ ਜਾਂ ਸਾਧ-ਬਾਬਿਆਂ ਰਸਮੀ ਉਪਾਸਕ ਅਤੇ ਸੇਵਕ ਬਣਿਆ ਰਹੇਗਾ ਉਦੋਂ ਤੱਕ ਮਾਨਵਤਾਵਾਦ ਦੀ ਸ਼ੁਰੂਆਤ ਨਹੀਂ ਹੋਵੇਗੀ। ਮਾਨਵਤਾਵਾਦ ਲਈ ਜ਼ਰੂਰੀ ਹੈ ਕਿ ਰੱਬ ਦੇ ‘ਨਾਮ’ ਦਾ ਝੂਠਾ ਪ੍ਰਚਾਰ, ਪਾਸਾਰ ਛੱਡ ਕੇ ਮਨੁੱਖ ਦੇ ਪ੍ਰਚਾਰ ਪਾਸਾਰ ਦਾ ਕਾਰਜ ਅੱਜ ਤੋਂ ਹੀ ਆਰੰਭ ਕਰਨਾ ਹੋਵੇਗਾ। ਜਿਸ ਨਾਲ ਸਿਰਫ਼ ਦੂਜਿਆਂ ਦਾ ਹੀ ਨਹੀਂ ਤੁਹਾਡਾ ਵੀ ਭਲਾ ਹੋਵੇਗਾ। ਇੱਕ ਮਨੁੱਖ ਹੀ ਹੈ ਜੋ ਆਪਣੇ ਚੌਗਿਰਦੇ ਦੀ ਸਾਂਭ-ਸੰਭਾਲ, ਸੁਚੱਜੀ ਵਰਤੋਂ ਕਰਨ ਦੀ ਯੋਗਤਾ ਰੱਖਦਾ ਹੈ। ਪ੍ਰੰਤੂ ਜੇਕਰ ਮਨੁੱਖ, ਮਨੁੱਖ ਹੋਣ ਦੀ ਯੋਗਤਾ ਗਵਾ ਲਵੇ ਤਾਂ ਇਨ੍ਹਾਂ ਗੁਣਾਂ ਤੋਂ ਵੀ ਵਿਰਵਾ ਹੋ ਜਾਂਦਾ ਹੈ। ਅਜੋਕੇ ਸਮੇਂ ’ਚ ਮਨੁੱਖ ਨੇ ਮਨੁੱਖ ਹੋਣ ਦੀ ਯੋਗਤਾ ਗਵਾ ਲਈ ਹੈ। ਇਹੋ ਕਾਰਨ ਹੈ ਕਿ ਅੱਜ ਉਹ ਸਿਰਫ਼ ਆਪਣੇ ਭਲੇ ਨੂੰ ਹੀ ‘ਸਰਬੱਤ ਦਾ ਭਲਾ’ ਸਮਝਣ ਲੱਗ ਪਿਆ ਹੈ। ਇਹ ਕਿਵੇਂ ਵੀ ਸੰਭਵ ਨਹੀਂ ਹੈ? ਬ੍ਰਹਿਮੰਡ ਜਿੱਡਾ ਭੁਲੇਖਾ ਹੈ।
ਜਦੋਂ ਵੀ ਸਿਰਫ਼ ਆਪਣੇ ਭਲੇ ਦਾ ਹੀ ਖਿਆਲ ਕੀਤਾ ਜਾਵੇਗਾ, ਉਸ ਸਮੇਂ ਹੋਰਨਾਂ ਦੇ ਭਲੇ ਨੂੰ ਜਾਣੇ-ਅਣਜਾਣੇ ਵਿੱਚ ਅੱਖੋਂ-ਪਰੋਖੇ ਕਰ ਦਿੱਤਾ ਜਾਵੇਗਾ। ਜਦੋਂ ਸਾਰੇ ਹੀ ਇਸ ਤਰ੍ਹਾਂ ਕਰਨਗੇ ਤਾਂ ਸਭ ਦੁੱਖੀ ਹੀ ਰਹਿਣਗੇ। ਭਾਵ ਤੁਸੀਂ ਕਿਸੇ ਦੂਜੇ ਦੇ ਦੁਖ ਨੂੰ ਅਣਦੇਖਿਆ ਕਰੋਗੇ ਤਾਂ ਕੋਈ ਆਪਣੇ ਭਲੇ ਖਾਤਰ ਤੁਹਾਨੂੰ ਅਣਦੇਖਿਆ ਕਰ ਦੇਵੇਗਾ। ਪ੍ਰੰਤੂ ਜਦੋਂ ਪਰਹਿੱਤ ਨੂੰ ਨਿੱਜ ਹਿੱਤ ਸਮਝ ਕੇ ਕੋਈ ਕਾਰਜ ਕੀਤਾ ਜਾਵੇਗਾ, ਤਾਂ ਫਿਰ ਸਾਰੇ ਹੀ ਸੁਖੀ ਰਹਿਣਗੇ। ਮਨੁੱਖ ਦੀ ਪੱਕੀ ਪਛਾਣ ਇਹ ਹੀ ਹੈ ਕਿ ਉਹ ‘ਸਰਬੱਤ ਦੇ ਭਲੇ’ ਦੇ ਕਾਰਜ ਕਰਨ ਨੂੰ ਆਪਣਾ ਭਲਾ ਸਮਝਦਾ ਹੈ। ਜਿਹੜੇ ਸਿਰਫ਼ ਆਪਣੇ ਭਲੇ ਦੀ ਸੋਚ ਨਾਲ ਓਤ-ਪੋਤ ਹਨ। ਉਨ੍ਹਾਂ ਨੂੰ ਮਨੁੱਖ ਨਹੀਂ ਮੰਨਿਆ ਜਾ ਸਕਦਾ। ਜੇਕਰ ਕੋਈ ਆਪਣੇ ਆਪ ਨੂੰ ਮਨੁੱਖ ਸਮਝਦਾ ਹੈ ਤਾਂ ਉਸ ਨੂੰ ਰੋਜ਼ਾਨਾ ਦੇ ਕੀਤੇ ਕਾਰਜਾਂ ਦਾ ਲੇਖਾ-ਜੋਖਾ ਕਰਕੇ ਦੇਖ ਲੈਣਾ ਚਾਹੀਦਾ ਹੈ ਕਿ ਉਹ ਕਿੰਨੇ ਪ੍ਰਤੀਸ਼ਤ ਮਨੁੱਖ ਹੈ।
ਇੱਕ ਮਨੁੱਖ ਹੀ ਹੈ ਜਿਸਨੂੰ ਉਸਦੇ ਆਪਣੇ ਗੁਣਾਂ ਦੀ ਘਾਟ ਕਾਰਨ ਅਪੂਰਣ, ਝੂਠਾ, ਛੋਟਾ, ਅਧੂਰਾ ਆਦਿ ਵਿਸ਼ੇਸ਼ਣਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ। ਇੰਝ ਵੀ ਕਹਿ ਦਿੱਤਾ ਜਾਂਦਾ ਹੈ, ਬੰਦਾ ਬਣ ਬੰਦਾ ਭਾਵ ਮਨੁੱਖੀ ਗੁਣ (ਪਿਆਰ, ਹਮਦਰਦੀ, ਕਿਰਤ, ਇਮਾਨਦਾਰੀ, ਸਰਬੱਤ ਦੇ ਭਲੇ ਦੀ ਸੋਚ ਆਦਿ) ਗ੍ਰਹਿਣ ਕਰਕੇ ਅਮਲ ਕਰ। ਕਈ ਅਖੌਤੀ ਗੁਰੂ, ਰੱਬ ਦੇ ਏਜੰਟ, ਧਰਮ ਦੇ ਠੇਕੇਦਾਰ, ਧਰਮ ਦੇ ਵਪਾਰੀ ਆਪਣੇ ਆਪ ਨੂੰ ਪੂਰਨ ਗੁਰੂ ਦਾ ਖਿਤਾਬ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਜਦੋਂ ਕਿ ਉਹ ਪੂਰਨ ਮਨੁੱਖ ਵੀ ਨਹੀਂ ਹੁੰਦੇ। ਇਹ ਹੋ ਸਕਦਾ ਹੈ ਕਿ ਇਸ ਗੱਲ ਤੇ ਵਿਸ਼ਵਾਸ ਕਰਨਾ ਔਖਾ ਲੱਗੇ। ਜੇਕਰ ਕਿਤੇ ਇੱਕ ਵੀ ਅਜਿਹੇ ਪੂਰਨ ਗੁਰੂ ਦੇ ਜੀਵਨ ਦੀ ਥੋੜੀ ਜਿਹੀ ਜਾਣਕਾਰੀ ਉਹਦੇ ਡੇਰੇ ਦੇ ਨੇੜੇ ਰਹਿਣ ਵਾਲੇ ਆਮ ਲੋਕਾਂ ਤੋਂ ਪ੍ਰਾਪਤ ਕਰਨ ਦੀ ਹਿੰਮਤ ਕਰ ਲਵੋ ਤਾਂ ਤੁਹਾਡੇ ਤੇ ਉਹਦੇ ਵਿਚਕਾਰ ਬਣੀ ‘ਪੂਰਨ ਗੁਰੂ ਦੀ ਦਿੱਖ’ ਦਾ ਪਰਦਾ ਲੀਰੋ-ਲੀਰ ਹੋਣ ਲੱਗਿਆਂ ਦੇਰ ਨਹੀਂ ਲੱਗੇਗੀ। ਜਿਹੜਾ ਉਹਦੇ ’ਤੇ ਲੋਕਾਂ ਵਿਚਕਾਰ ਝੂਠੇ ਪ੍ਰਚਾਰ ਨਾਲ ਬਣੀ ਅੰਨ੍ਹੀ ਸ਼ਰਧਾ ਦੇ ਕਾਰਨ ਬਣ ਜਾਂਦਾ ਹੈ। ਜੋ ਸੱਚ ਅਤੇ ਝੂਠ, ਸਹੀ ਅਤੇ ਗਲਤ ਦਾ ਨਿਰਣਾ ਕਰਨ ਦੀ ਯੋਗਤਾ ਅਤੇ ਸਮਝ ਖ਼ਤਮ ਕਰ ਦਿੰਦਾ ਹੈ। ਇਹ ਸਭ ਕੁਝ ਲੋਕਾਈ ਦੇ ਹਿੱਤ ਵਿੱਚ ਹੀ ਹੋਵੇਗਾ ਕਿ ਉਹਦੇ ਭਰਮ-ਜਾਲ ’ਚੋਂ ਨਿਕਲ ਕੇ ਲੋਕ ਆਪਣਾ ਤਨ, ਮਨ, ਧਨ ਮਨੁੱਖਤਾ ਦੇ ਲੇਖੇ ਲਾਉਣ ਦੇ ਯੋਗ ਅਤੇ ਆਜ਼ਾਦ ਹੋ ਜਾਣਗੇ। ਜਿਸ ਨਾਲ ਉਨ੍ਹਾਂ ਦਾ ਹੀ ਨਹੀਂ ਸਗੋਂ ਸਭ ਦਾ ਭਲਾ ਹੋਵੇਗਾ।
ਜਿਹੜੇ ਲੋਕ ਨਿਗੂਣੀਆਂ ਪ੍ਰਾਪਤੀਆਂ ਦੀ ਖ਼ਾਤਰ, ਆਪਣੀ ਮਾਮੂਲੀ ਦੁਨਿਆਵੀ ਸੁੱਖਾਂ ਦੀ ਝਾਕ ’ਚ ਇਨ੍ਹਾਂ ਦੇ ਭਰਮ ਜਾਲ ਵਿੱਚ ਫਸੇ ਰਹਿੰਦੇ ਹਨ। ਉਹ ਆਪ ਵੀ ਦੁੱਖੀ ਰਹਿੰਦੇ ਹਨ ਅਤੇ ਦੂਜਿਆਂ ਦੇ ਲਈ ਵੀ ਦੁੱਖਾਂ ਦਾ ਕਾਰਨ ਬਣਦੇ ਹਨ। ਧਰਮ ਦਾ ਪਰਦਾ ਪਾ ਕੇ ਆਪਣੇ ਆਪ ਨੂੰ ਭਲੇ ਪੁਰਸ਼ ਕਹਾਉਣ ਵਾਲੇ ਕਿਸੇ ਤਰ੍ਹਾਂ ਦਾ ਵੀ ਗਲਤ ਕਰਮ ਕਰਨ ਤੋਂ ਭੋਰਾ ਵੀ ਨਹੀਂ ਸ਼ਰਮਾਉਂਦੇ ਕਿਉਂਕਿ ਉਨ੍ਹਾਂ ਨੇ ਲੁੱਟ ਦੀ ਕਮਾਈ ਦਾ ਬਣਦਾ ਹਿੱਸਾ ਆਪਣੇ ਧਰਮ, ਡੇਰੇ, ਬਾਬੇ, ਸੰਤ, ਮਹਾਰਾਜ, ਪੀਰ, ਪਾਤਸ਼ਾਹ ਦੇ ਦਰ ਤੇ ਚੜ੍ਹਾਵੇ ਦੇ ਰੂਪ ’ਚ ਪਹੁੰਚਾ ਕੇ ਸੰਤੁਸ਼ਟ ਹੋ ਜਾਣਾ ਹੁੰਦਾ ਹੈ, ਹੋ ਜਾਣ ਦਾ ਭਰਮ ਪਾਲ ਲੈਣਾ ਹੁੰਦਾ ਹੈ। ਬਹੁ-ਗਿਣਤੀ ਲੋਕ ਕਿਸੇ ਨਾ ਕਿਸੇ ਧਰਮ ਨੂੰ ਮੰਨਣ ਵਾਲੇ ਹਨ। ਪ੍ਰੰਤੂ ਸਾਰੀ ਉਮਰ ਨਾ ਇਹ ਆਪਣਾ ਕੁਝ ਸੰਵਾਰਦੇ ਹਨ ਨਾ ਕਿਸੇ ਦਾ। ਸਿਰਫ਼ ਆਪਣੇ ਨਾਂ ਨੂੰ ਚਮਕਾਉਣ ਖ਼ਾਤਰ, ਚਲਦਾ ਰੱਖਣ ਲਈ, ਅਮਰ ਕਰਨ ਦੇ ਭੁਲੇਖੇ ਸ਼ਾਨ ਬਾਬਤ, ਵੱਡੇ-ਵੱਡੇ ਗੇਟਾਂ, ਕੋਠੀਆਂ, ਭਵਨਾਂ ਦਾ ਨਿਰਮਾਣ ਕਰਦੇ ਹਨ। ਆਪਣੇ ਪੁੱਤਰਾਂ, ਪੋਤਰਿਆਂ ਦੇ ਬਹਾਨੇ ਪੀੜ੍ਹੀ ਚਲਦੀ ਰੱਖਣ ਲਈ ਬੱਚੀ ਭਰੂਣ-ਹੱਤਿਆ ਵਰਗੇ ਕੁਕਰਮ ਕਰਦੇ ਹਨ।
ਪ੍ਰੰਤੂ ਇਹ ਏਨਾ ਨਹੀਂ ਜਾਣਦੇ ਕਿ ਗੇਟਾਂ, ਕੋਠੀਆਂ, ਭਵਨਾਂ ਜਾਂ ਪੁੱਤਰ-ਪੋਤਰਿਆਂ ਕਰਕੇ ਕਿਸੇ ਮਨੁੱਖ ਦਾ ਨਾਮ ‘ਸੱਚਾ ਨਾਮ’ ਨਹੀਂ ਬਣਦਾ। ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਸਤਿਕਾਰ ਸਹਿਤ ਯਾਦ ਕੀਤਾ ਜਾਂਦਾ ਹੈ, ਜੋ ਪੂਰਨ ਮਨੁੱਖ ਹੁੰਦੇ ਹਨ ਅਤੇ ਆਪਣਾ ਹਿੱਤ ਤਿਆਗ ਕੇ ਮਾਨਵਤਾ ਦੀ ਭਲਾਈ ਖ਼ਾਤਰ ਸਾਰਾ ਜੀਵਨ ਲੱਗਾ ਦਿੰਦੇ ਹਨ। ਉਨ੍ਹਾਂ ਦੇ ਨਾਂ ’ਤੇ ਲੋਕ ਆਪ ਕੋਠੀਆਂ, ਗੇਟ, ਭਵਨ (ਪ੍ਰੇਰਨਾ ਕੇਂਦਰ) ਉਸਾਰ ਦਿੰਦੇ ਹਨ। ਜਿਹੜੇ ਲੋਕ ਅਜਿਹਾ ਨਹੀਂ ਕਰਦੇ, ਉਨ੍ਹਾਂ ਦੇ ਬਣਾਏ ਕਿਲ੍ਹੇ ਦੀਆਂ ਨੀਹਾਂ ਵੀ ਲੋਕ ਪੁੱਟ ਸੁੱਟਦੇ ਹਨ। ਪਰ ਮਨੁੱਖਤਾਵਾਦੀ ਲੋਕਾਂ ਦੀ ਕੁੱਲੀ ਦੀ ਵੀ ਸੰਭਾਲ (ਪ੍ਰੇਰਨਾ ਸ੍ਰੋਤ ਦੇ ਤੌਰ ’ਤੇ) ਕੀਤੀ ਜਾਂਦੀ ਹੈ। ਕਿਸੇ ਦੀ ਸਹੀ ਤੇ ਸੱਚੀ ਪਛਾਣ ਉਸ ਦੇ ਸਰਬੱਤ ਦੇ ਭਲੇ ਵਾਲੇ ਕੰਮਾਂ ਕਾਰਨ ਹੁੰਦੀ ਹੈ ਨਾ ਕਿ ਪੁੱਤ-ਪੋਤਰਿਆਂ, ਕਾਰਾਂ, ਕੋਠੀਆਂ, ਭਵਨਾਂ ਦੀ ਗਿਣਤੀ ਕਾਰਨ।
ਇਸ ਗੱਲ ਨੂੰ ਸਮਝ ਦਾ ਹਿੱਸਾ ਬਣਾ ਕੇ ਸਰਬੱਤ ਦੇ ਭਲੇ ਵਾਲੇ ਕਾਰਜ ਨੂੰ ਪਹਿਲ ਦੇ ਆਧਾਰ ’ਤੇ ਕਰਨ ਦੇ ਯਤਨਾਂ ਦੀ ਸ਼ੁਰੂਆਤ ਬਿਨਾਂ ਦੇਰੀ ਕਰ ਦੇਣੀ ਚਾਹੀਦੀ ਹੈ। ਤਾਂ ਕਿ ਤੁਹਾਡਾ ਨਾਂ ਛੋਟਾ, ਅਧੂਰਾ, ਝੂਠਾ ਨਾ ਹੋ ਕੇ ਵੱਡਾ, ਪੂਰਾ ਅਤੇ ‘ਸੱਚਾ ਨਾਮ’ ਹੋਰਨਾਂ ਲਈ ਪ੍ਰੇਰਨਾ ਸ੍ਰੋਤ ਦਾ ਚਿੰਨ੍ਹ ਬਣ ਸਦਾ ਚਮਕਦਾ ਰਹੇ।