

ਖ਼ਬਰਾਂ ਦੇ ਆਰ-ਪਾਰ
- ਇੰਡੀਆ ਅਵੇਅਰਨੈੱਸ ਬਿਉਰੋ -
ਕਸ਼ਮੀਰ ਵਿਚ ਰੋਹ ਪ੍ਰਦਰਸ਼ਨ
![]() |
|
ਸ੍ਰੀ ਨਗਰ ਵਿਚ ਪ੍ਰਦਸ਼ਨਕਾਰੀਆਂ ਤੇ ਪੁਲਿਸ ਵਿਚਕਾਰ ਟਕਰਾਅ ਦਾ ਇਕ ਦ੍ਰਿਸ਼ |
ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਅੱਜਕਲ ਫਿਰ ਸੁਰਖ਼ੀਆਂ ਵਿਚ ਹੈ। ਕਾਰਨ ਹੈ ਉੱਥੇ ਰੋਜ਼ ਹੋ ਰਹੇ ਪ੍ਰਦਰਸ਼ਨ ਅਤੇ ਪੱਥਰਬਾਜ਼ੀ, ਜਿਨ੍ਹਾਂ ਵਿਚ ਸ੍ਰੀਨਗਰ ਦੇ ਲੋਕ ਪੁਲਿਸ ਅਤੇ ਨੀਮ-ਫੌਜੀ ਬਲਾਂ ਦੀਆਂ ਵਧੀਕੀਆਂ ਖਿਲਾਫ਼ ਰੋਹ ਪ੍ਰਗਟਾ ਰਹੇ ਹਨ। ਇਸ ਸਥਿਤੀ ਦਾ ਤਾਜ਼ਾ-ਤਰੀਨ ਕਾਰਨ ਇਹ ਹੈ ਕਿ ਕੁਝ ਦਿਨ ਪਹਿਲਾਂ ਹੋਏ ਇਕ ਪ੍ਰਦਰਸ਼ਨ ਦੌਰਾਨ ਪੁਲਿਸ ਨੇ ਬਿਨਾਂ ਲੋੜ ਤੋਂ ਫਾਇਰਿੰਗ ਅਰੰਭ ਕਰ ਦਿੱਤੀ ਸੀ, ਜਿਸ ਦੇ ਕਾਰਨ 15-16 ਸਾਲ ਦੇ ਇਕ ਕਸ਼ਮੀਰੀ ਨੌਜੁਆਨ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਸੀ। ਕਸ਼ਮੀਰੀਆਂ ਦੀ ਏਕਤਾ, ਜਜ਼ਬੇ ਅਤੇ ਹਰ ਰੋਜ਼ ਹੋ ਰਹੇ ਉਗਰ ਪ੍ਰਦਰਸ਼ਨਾਂ ਕਾਰਨ ਸਥਾਨਕ ਪੁਲਿਸ ਅਤੇ ਸਰਕਾਰ ਵੀ ਪਰੇਸ਼ਾਨ ਹੋ ਗਏ ਹਲ ਅਤੇ ਉਨ੍ਹਾਂ ਨੇ ਇਕਬਾਲ ਕੀਤਾ ਹੈ ਕਿ ਪ੍ਰਦਰਸ਼ਨਕਾਰੀਆਂ ’ਤੇ ਬੇਲੋੜੀ ਫਾਇਰਿੰਗ ਕਰਕੇ ਪੁਲਿਸਕਰਮੀਆਂ ਨੇ ਵੱਡੀ ਗਲਤੀ ਤੇ ਗੈਰ-ਜ਼ਿੰਮੇਦਾਰਾਨਾ ਹਰਕਤ ਕੀਤੀ ਸੀ। ਇਕ ਸੀਨੀਅਰ ਅਧਿਕਾਰੀ ਨੇ ਇਹ ਵੀ ਮੰਨਿਆ ਕਿ ਜ਼ਿਆਦਾਤਰ ਸਮੇਂ ਖਾੜਕੂਆਂ ਨਾਲ ਨਿਬੜਨ ਵਾਲੀ ਮਾਨਸਿਕ ਦਸ਼ਾ ਵਿਚ ਹੋਣ ਕਾਰਨ ਪੁਲਿਸਕਰਮੀ ਅਤੇ ਨੀਮ-ਫੌਜੀ ਬਲਾਂ ਦੇ ਜਵਾਨ ਬਾਕੀ ਵਿਕਲਪਾਂ ਨੂੰ ਅਜਮਾਉਣ ਤੋਂ ਪਹਿਲਾਂ ਹੀ ਗੋਲੀ ਚਲਾ ਦਿੰਦੇ ਹਨ, ਜਿਨ੍ਹਾਂ ਕਾਰਨ ਕਈ ਵਾਰ ਨਿਰਦੋਸ਼ ਨਾਗਰਿਕ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਬੁਰੀ ਤਰ੍ਹਾਂ ਫੱਟੜ ਹੋ ਜਾਂਦੇ ਹਨ।
ਕਸ਼ਮੀਰ ਵਿਚ ਚੱਲ ਰਹੀ ਇਸ ਲਹਿਰ ਦੀ ਪੰਜਾਬ ਨਾਲ ਤੁਲਨਾ ਕਰੀਏ, ਤਾਂ ਕਈ ਨਿਰਾਸ਼ਾਜਨਕ ਤੱਥ ਸਾਹਮਣੇ ਆਉਂਦੇ ਹਨ। ਜਿਵੇਂ, ਕਸ਼ਮੀਰ ਦੇ ਲੋਕ ਆਪਣੇ ਨਾਲ ਹੋਈ ਕਿਸੇ ਵਧੀਕੀ ਨੂੰ ਨਜ਼ਰਅੰਦਾਜ ਨਹੀਂ ਕਰਦੇ ਜਦਕਿ ਪੰਜਾਬ ਦੇ ਲੋਕ, ਖ਼ਾਸਕਰ ਸਿੱਖ ਆਪਣੇ ਨਾਲ ਹੋ ਰਹੀਆਂ ਵਧੀਕੀਆਂ ਜਾਂ ਆਪਣੇ ਖਿਲਾਫ਼ ਰਚੀਆਂ ਜਾ ਰਹੀਆਂ ਸਾਜਿਸ਼ਾਂ ਬਾਰੇ ਸ਼ਤੁਰਮੁਰਗ ਵਰਗੀ ਮਾਨਸਿਕਤਾ ਅਪਣਾਉਂਦੇ ਹਨ। ਬ੍ਰਾਹਮਣਵਾਦੀਆਂ ਵੱਲੋਂ ਪੰਜਾਬੀ ਕਿਸਾਨਾਂ ਦੇ ਹੱਕ ਦਾ ਦਰਿਆਈ ਪਾਣੀ ਲੁੱਟ ਕੇ ਮੁਫ਼ਤੋ-ਮੁਫ਼ਤ ਹੋਰਨਾਂ ਸੂਬਿਆਂ ਨੂੰ ਵੰਡ ਦਿੱਤਾ ਜਾਂਦਾ ਹੈ, ਜਿਸਦੇ ਕਾਰਨ ਕਿਸਾਨਾਂ ਨੂੰ ਸਿੰਚਾਈ ਜ਼ਮੀਨੀ ਪਾਣੀ ਤੋਂ ਕਰਨੀ ਪੈਂਦੀ ਹੈ ਅਤੇ ਜ਼ਮੀਨੀ ਪਾਣੀ ਦਾ ਸਤਰ ਬਹੁਤ ਨੀਵਾਂ ਹੋ ਗਿਆ ਹੈ। ਪਰ ਪੰਜਾਬ ਦੇ ਲੋਕਾਂ ਨੂੰ ਇਸ ਸਥਿਤੀ ਬਾਰੇ ਕੋਈ ਫਿਕਰ ਨਹੀਂ ਅਤੇ ਉਹ ਵੱਧ ਤੋਂ ਵੱਧ ਮਾਤਰਾ ਵਿਚ ਜ਼ਮੀਨੀ ਪਾਣੀ ਦੀ ਵਰਤੋਂ ਕਰਕੇ ਖ਼ੁਦ ਹੀ ਪੰਜਾਬ ਨੂੰ ਬੰਜਰ ਬਣਾ ਰਹੇ ਹਨ।
ਕਸ਼ਮੀਰ ਵਿਚ ਸਿਰਫ਼ ਇਕ ਨੌਜੁਆਨ ਦੇ ਮਾਰੇ ਜਾਣ ਉਪਰੰਤ ਹੀ ਵੱਡੀ ਪੱਧਰ ’ਤੇ ਪ੍ਰਦਰਸ਼ਨ ਹੋ ਰਹੇ ਹਨ ਜਦਕਿ ਪੰਜਾਬ ਵਿਚ ਖਾੜਕੂਵਾਦ ਦੌਰਾਨ ਲਗਭਗ 2 ਲੱਖ ਸਿੱਖ ਨੌਜੁਆਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰ ਦਿੱਤਾ ਗਿਆ। ਫਿਰ ਵੀ ਪੰਜਾਬ ਦੇ ਸਿੱਖ ਪੁਲਿਸ ਅਤੇ ਨੀਮ-ਫੌਜੀ ਬਲਾਂ ਦੀਆਂ ਅਜਿਹੀਆਂ ਵਧੀਕੀਆਂ ਖਿਲਾਫ਼ ਇਕਮੁੱਠ ਹੋਣ ਦੀ ਬਜਾਏ ਪਿੰਡਾਂ ਵਿਚ ਬੇਲੋੜੀਆਂ ਵੱਡੀਆਂ-ਵੱਡੀਆਂ ਕੋਠੀਆਂ ਉਸਾਰਨ, ਵਿਆਹਾਂ-ਸ਼ਾਦੀਆਂ ’ਤੇ ਵੱਧ ਤੋਂ ਵੱਧ ਦਿਖਾਵਾ ਅਤੇ ਖਰਚਾ ਕਰਨ, ਭੰਗੜੇ-ਗਿੱਧੇ ਪਾਉਣ, ਸ਼ਰਾਬਾਂ ਪੀਣ ਅਤੇ ਨਸ਼ੇ ਕਰਨ ਵਿਚ ਹੀ ਰੁੱਝੇ ਹੋਏ ਹਨ। ਜਿਹੜੇ ਕੁਝ ਸਿੱਖ ਖ਼ੁਦ ਦੇ ‘ਧਾਰਮਕ’ ਹੋਣ ਦਾ ਦਾਅਵਾ ਕਰਦੇ ਹਨ ਉਹ ਢੋਲਕੀਆਂ-ਛੈਣੇ ਖੜਕਾਉਣ, ਲੰਗਰ ਲਗਾਉਣ ਜਾਂ ਡੇਰੇਦਾਰ ਸਾਧਾਂ ਦੇ ਤਲਵੇ ਚੱਟਣ ਵਿਚ ਹੀ ਰੁੱਝੇ ਹੋਏ ਹਨ। ਜੇਕਰ ਪੰਜਾਬ ਦੇ ਲੋਕ ਵੀ ਪੁਲਿਸਕਰਮੀਆਂ ਅਤੇ ਨੀਮ-ਫੌਜੀ ਬਲਾਂ ਦੀਆਂ ਵਧੀਕੀਆਂ ਖਿਲਾਫ਼ ਉਸੇ ਸਮੇਂ ਅਵਾਜ਼ ਚੁੱਕਦੇ, ਤਾਂ ਪੰਜਾਬ ਵਿਚ ਏਡੀ ਵੱਡੀ ਪੱਧਰ ’ਤੇ ਸਿੱਖ ਨੌਜੁਆਨਾਂ ਦਾ ਸ਼ਿਕਾਰ ਨਾ ਖੇਡਿਆ ਜਾ ਸਕਦਾ। ਦਿੱਲੀ ਦੇ ਸਿੱਖ ਕਤਲੇਆਮ ਦੌਰਾਨ ਜਾਂ ਉਸਦੇ ਬਾਅਦ ਵੀ ਪੰਜਾਬ ਦੇ ਸਿੱਖਾਂ ਨੇ ਕੋਈ ਅਜਿਹੀ ਢੁਕਵੀਂ ਪ੍ਰਤੀਕ੍ਰਿਆ ਜ਼ਾਹਿਰ ਨਹੀਂ ਕੀਤੀ, ਜਿਸ ਨਾਲ ਗੰਗੂਕਿਆਂ ਦੇ ਮਨਾਂ ਵਿਚ ਸਿੱਖਾਂ ਦਾ ਮੁੜ ਤੋਂ ਕਤਲੇਆਮ ਕਰਨ ਜਿਹੇ ਵਿਚਾਰ ਨੂੰ ਠੱਲ੍ਹ ਪੈਂਦੀ, ਜਿਸਦੇ ਨਤੀਜੇ ਵਜੋਂ ਪੰਜਾਬ ਦੇ ਬਾਹਰ ਦੇ ਸਿੱਖਾਂ ਦੀ ਸੁਰੱਖਿਆ ਹਮੇਸ਼ਾ ਖ਼ਤਰੇ ਵਿਚ ਰਹਿੰਦੀ ਹੈ।
ਕਸ਼ਮੀਰੀ ਲੋਕ ਹਮੇਸ਼ਾ ਹੀ ਸਰਕਾਰੀ ਵਧੀਕੀਆਂ ਖਿਲਾਫ਼ ਆਪਣੀ ਏਕਤਾ ਦਾ ਪ੍ਰਦਰਸ਼ਨ ਕਰਦੇ ਹਨ ਜਦਕਿ
ਸਿੱਖ ਔਖੀ ਤੋਂ ਔਖੀ ਘੜੀ ਸਮੇਂ ਵੀ ਸਿਆਸੀ ਰੋਟੀਆਂ ਸੇਕਣ ਅਤੇ ਇਕ-ਦੂਜੇ ਨੂੰ ਨੀਵਾਂ ਦਿਖਾਉਣ ਵਿਚ
ਰੁੱਝੇ ਰਹਿੰਦੇ ਹਨ। ਜਿਵੇਂ ਜੈਪੁਰ ਵਿਚ ਇਕ ਸਿੱਖ ਨੌਜੁਆਨ ਦੇ ਕੇਸ ਕਤਲ ਕਰਨ ਦੀ ਘਟਨਾ ਜਾਂ
ਫ੍ਰਾਂਸ ਵਿਚ ਸਿੱਖ ਵਿਦਿਆਰਥੀਆਂ ਦੇ ਪਗੜੀ ਬੰਨ੍ਹਣ ’ਤੇ ਪ੍ਰਤੀਬੰਧ ਲਗੱਣ ਉਪਰੰਤ ਵੀ ਜਿਨ੍ਹਾਂ
ਥੋੜੇ-ਬਹੁਤ ਸਿੱਖਾਂ ਨੇ ਰੋਹ ਪ੍ਰਦਰਸ਼ਨ ਕੀਤਾ, ਉਹ ਵੀ ਵੱਖ-ਵੱਖ ਅਕਾਲੀ ਦਲਾਂ ਦੇ ਬੈਨਰ ਹੇਠ ਹੀ
ਕੀਤਾ (ਜਦਕਿ ਕਸ਼ਮੀਰ ਦੇ ਲੋਕਾਂ ਕਿਸੇ ਸਿਆਸੀ ਪਾਰਟੀ ਦੇ ਪਿਛਲੱਗੂ ਬਣ ਕੇ ਨਹੀਂ ਬਲਕਿ ਅਜ਼ਾਦਾਨਾ
ਤੌਰ ’ਤੇ, ਇਕਮੁੱਠ ਹੋ ਕੇ ਪ੍ਰਦਰਸ਼ਨ ਕਰਦੇ ਹਨ)। 84 ਕਤਲੇਆਮ ਦੇ ਪੀੜ੍ਹਤਾਂ ਨੂੰ ਇਨਸਾਫ਼ ਦਿਵਾਉਣ
ਦਾ ਦਾਅਵਾ ਕਰਨ ਵਾਲੇ ਸਿੱਖ ਵੀ ਆਪੋ-ਆਪਣੀਆਂ ਸੰਸਥਾਵਾਂ ਦਾ ਨਾਮ ਚਮਕਾਉਣ ਅਤੇ ਫਿਰ ਵਿਦੇਸ਼ੀ
ਸਿੱਖਾਂ ਤੋਂ (ਜਾਂ ਕਤਲੇਆਮ ਦੇ ਆਰੋਪੀਆਂ ਤੋਂ) ਮਾਇਆ ਉਗਰਾਹੁਣ ਦੀ ਨੀਤੀ ਹੀ ਅਪਣਾਉਂਦੇ ਹਨ।
ਉਕਤ ਕਾਰਨਾਂ ਕਰਕੇ ਹੀ ਸਿੱਖ ਕਿਸੇ ਵੀ ਔਕੜ/ਮੁੱਦੇ ਨੂੰ ਸੁਲਝਾ ਪਾਉਣ ਵਿਚ ਨਾਕਾਮ ਰਹਿੰਦੇ ਹਨ।
ਪਿਛਲੇ ਸਾਲਾਂ ਵਿਚ ਲਗਾਤਾਰ ਮਿਲੀਆਂ ਨਾਕਾਮੀਆਂ ਕਾਰਨ ਸਿੱਖ ਨੌਜੁਆਨਾਂ ਦਾ ਮਨੋਬਲ ਬਹੁਤ ਡਿੱਗ ਗਿਆ
ਹੈ ਅਤੇ ਉਹ ਹੌਲੀ-ਹੌਲੀ ਦੂਜੇ ਧਰਮਾਂ ਦੀ ਸੁੱਚਜੀ ਲੀਡਰਸ਼ਿਪ ਤੋਂ ਪ੍ਰਭਾਵਿਤ ਹੋ ਰਹੇ ਹਨ। ਅਜਿਹੀ
ਸਥਿਤੀ ਸਿੱਖ ਕੌਮ ਦੀ ਹੋਂਦ ਲਈ ਭਵਿੱਖ ਵਿਚ ਬਹੁਤ ਵੱਡਾ ਖ਼ਤਰਾ ਪੈਦਾ ਕਰ ਸਕਦੀ ਹੈ। ਲੋੜ ਹੈ ਕਿ
ਸਿੱਖ ਆਪਣੀਆਂ ਅੱਖਾਂ ਖੋਲ੍ਹਣ ਅਤੇ ਕਸ਼ਮੀਰੀਆਂ ਤੋਂ ਹੀ ਕੁਝ ਪ੍ਰੇਰਨਾ ਲੈ ਕੇ ਆਪਣਾ ਭਵਿੱਖ ਸੰਵਾਰਨ
ਦੀ ਦਿਸ਼ਾ ਵਿਚ ਸਰਗਰਮ ਹੋਣ।
ਪਰਵਾਰਕ ‘ਸਨਮਾਨ’ ਵਾਸਤੇ ਨਵੇਂ ਵਿਆਹੇ ਜੋੜਿਆਂ ਦੇ ਕਤਲ
|
|
|
ਦਿੱਲੀ ਵਿਚ ਪ੍ਰੇਮ-ਵਿਆਹ ਕਰਨ ਵਾਲੇ ਇਕ ਜੋੜੇ ਨੂੰ ਕਰੰਟ ਲਗਾ ਕੇ ਕਤਲ ਕਰਨ ਵਾਲੇ ਲੜਕੀ ਦੇ ਪਿਤਾ ਤੇ ਤਾਏ ਨੂੰ ਗ੍ਰਿਫ਼ਤਾਰ ਕਰਕੇ ਲਿਜਾਂਦਿਆਂ ਪੁਲਿਸਕਰਮੀ |
ਉੱਤਰੀ ਭਾਰਤ ਦੇ ਵੱਖ-ਵੱਖ ਸੂਬਿਆਂ ਜਿਵੇਂ ਉੱਤਰ ਪ੍ਰਦੇਸ਼, ਹਰਿਆਣਾ ਆਦਿਕ ਤੋਂ ਅਕਸਰ ਪ੍ਰੇਮ-ਵਿਆਹ (love marriage) ਕਰਵਾਉਣ ਵਾਲੇ ਜੋੜੇ ਦੇ ਉਨ੍ਹਾਂ ਦੇ ਮਾਪਿਆਂ ਜਾਂ ਨਜ਼ਦੀਕੀ ਰਿਸ਼ਤੇਦਾਰਾਂ ਵੱਲੋਂ ਕਤਲ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਿੱਛੇ ਜਿਹੇ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਵੀ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ, ਜਿਨ੍ਹਾਂ ਵਿਚ ਮਾਪਿਆਂ ਦੀ ਰਜ਼ਾਮੰਦੀ ਬਗੈਰ ਵਿਆਹ ਕਰਨ ਵਾਲੇ ਪ੍ਰੇਮੀ ਜੋੜੇ ਨੂੰ ਘਰ ਬੁਲਾ ਕੇ ਮਾਰ-ਕੁੱਟ ਕੇ ਜਾਨੋਂ ਮਾਰ ਦਿੱਤਾ ਗਿਆ। ਮੀਡੀਆ ਵੱਲੋਂ ਅਜਿਹਾ ਕਾਰਾ ਕਰਨ ਵਾਲੇ ਮਾਪਿਆਂ ਨੂੰ ‘ਭਾਰਤ ਦੇ ਤਾਲੀਬਾਨੀ’ ਕਰਾਰ ਦਿੱਤਾ ਜਾ ਰਿਹਾ ਹੈ, ਪਰ ਕੋਈ ਵੀ ਧਿਰ ਅਜਿਹੀਆਂ ਘਟਨਾਵਾਂ ਦੇ ਮੂਲ ਕਾਰਨਾਂ ਵੱਲ ਧਿਆਨ ਨਹੀਂ ਦੇ ਰਹੀ।
ਪ੍ਰੇਮੀ ਜੋੜਿਆਂ ਦੇ ਕਤਲ ਦੇ ਮਾਮਲਿਆਂ ਦਾ ਮੁੱਖ ਕਾਰਨ ਹੁੰਦਾ ਹੈ ਲੜਕੀ-ਲੜਕੇ ਵੱਲੋਂ ਆਪਣੀ ਕਥਿਤ ਜਾਤ-ਬਿਰਾਦਰੀ ਤੋਂ ਬਾਹਰ ਵਿਆਹ ਕਰਨਾ। ਮਿਸਾਲ ਵਜੋਂ, ਕਿਸੇ ਠਾਕੁਰ ਦੀ ਕੁੜੀ ਵੱਲੋਂ ਕਿਸੇ ਚਮਾਰ ਦੀ ਲੜਕੇ ਨਾਲ ਵਿਆਹ ਕਰਵਾ ਲੈਣਾ ਸਮਾਜਕ ਕਰੋਪੀ ਦਾ ਮੁੱਖ ਕਾਰਨ ਹੁੰਦਾ ਹੈ। ਦੂਜਾ ਮੁੱਖ ਕਾਰਨ, ਕੁੜੀ-ਮੁੰਡੇ ਦੇ ਇਕੋ ਗੋਤ/ਪਿੰਡ ਨਾਲ ਸਬੰਧਿਤ ਹੋਣਾ ਹੁੰਦਾ ਹੈ। ਪਿੱਛੇ ਜਿਹੇ ਯੂ.ਪੀ. ਅਤੇ ਹਰਿਆਣਾ ਵਿਚ ਅਜਿਹੇ ਕਈ ਮਾਮਲੇ ਚਰਚਾ ਵਿਚ ਆਏ ਸਨ, ਜਿਨ੍ਹਾਂ ਵਿਚ ਕੁੜੀ ਮੁੰਡੇ ਦਾ ਸਬੰਧ ਇਕੋ ਗੋਤ ਜਾਂ ਪਿੰਡ ਨਾਲ ਹੋਣ ਕਾਰਨ ਪੰਚਾਇਤਾਂ ਵੱਲੋਂ ਉਨ੍ਹਾਂ ਖਿਲਾਫ਼ ਬੇਹੱਦ ਸਖ਼ਤ ਫੁਰਮਾਨ ਜਾਰੀ ਕਰ ਦਿੱਤੇ ਗਏ ਸਨ। ਉਕਤ ਦੋਹਾਂ ਕਿਸਮ ਦੇ ਮਾਮਲਿਆਂ ਦੀ ਜੜ੍ਹ ਜਾਤ-ਬਿਰਾਦਰੀ ਨਾਂ ਦੀ ਬ੍ਰਹਾਮਣਵਾਦੀ ਵਿਵਸਥਾ ਹੈ, ਜਿਸ ਅਧੀਨ ਕਿਸੇ ਵਿਅਕਤੀ ਨੂੰ ਉਸਦੇ ਪਰਵਾਰਕ ਪਿਛੋਕੜ ਦੇ ਅਧਾਰ ’ਤੇ ਕਿਸੇ ਵਿਸ਼ੇਸ਼ ਗੋਤ/ਜਾਤ/ਬਿਰਾਦਰੀ ਦਾ ਐਲਾਨ ਦਿੱਤਾ ਜਾਂਦਾ ਹੈ। ਜ਼ਿੰਦਗੀ ਦੇ ਪੜਾਵਾਂ ਦੌਰਾਨ ਉਹ ਵਿਅਕਤੀ ਕਿੰਨੀ ਵੀ ਆਰਥਕ ਤਰੱਕੀ ਕਰ ਲਏ ਜਾਂ ਪੜ੍ਹ-ਲਿਖ ਜਾਏ, ਉਸ ਨਾਲ ਉਸਦੇ ਜਾਤ-ਪਾਤ ਵਾਲੇ ਰੁਤਬੇ ਵਿਚ ਕੋਈ ਫਰਕ ਨਹੀਂ ਪੈਂਦਾ।
ਇਸਲਈ ਵੱਖ-ਵੱਖ ਜਾਤ-ਬਿਰਾਦਰੀਆਂ ਵਿਚ ਵਿਆਹ ਕਰਨ ’ਤੇ ਲੜਕੀ ਜਾਂ ਲੜਕੇ ਦੇ ਮਾਪਿਆਂ ਵਿਚੋਂ ਕੋਈ ਇਕ ਆਪਣੀ ਹੇਠੀ ਜ਼ਰੂਰ ਸਮਝਦਾ ਹੈ। ਇਹੀ ਕਾਰਨ ਹੈ ਕਿ ‘ਅਪਮਾਨਿਤ’ ਹੋਏ ਮਾਪੇ ਆਪਣੇ ਧੀਆਂਪੁੱਤਰਾਂ ਦੇ ਕਤਲ ਦੀ ਰਾਹ ’ਤੇ ਤੁਰ ਪੈਂਦੇ ਹਨ। ਇਸਲਈ ਜੇਕਰ ਮੀਡੀਆ ਜਾਂ ਸਰਕਾਰ ਅਜਿਹੇ ਕਤਲਾਂ ਨੂੰ ਰੋਕਣ ਲਈ ਵਾਕਈ ਗੰਭੀਰ ਹਨ, ਤਾਂ ਉਨ੍ਹਾਂ ਨੂੰ ਮਾਪਿਆਂ ਨੂੰ ਫੋਕੇ ਲੈਕਚਰ ਦੇਣ ਜਾਂ ਉਨ੍ਹਾਂ ਨੂੰ ਕਾਨੂੰਨ ਦੀ ਧਮਕੀ ਦੇਣ (ਜਿਸਦੀ ਕਤਲ ਵਰਗਾ ਵੱਡਾ ਕਦਮ ਚੁੱਕਣ ਵਾਲੇ ਲੋਕਾਂ ਨੂੰ ਅਕਸਰ ਪਰਵਾਹ ਨਹੀਂ ਹੁੰਦੀ) ਦੀ ਬਜਾਏ, ਜਾਤ-ਪਾਤੀ ਵਿਵਸਥਾ ਖਿਲਾਫ਼ ਲੋਕਾਂ ਨੂੰ ਜਾਗਰੁਕ ਕਰਨ ਅਤੇ ਇਸ ਬ੍ਰਾਹਮਣਵਾਦੀ ਨਾਸੂਰ ਦੇ ਪ੍ਰਭਾਵ ਨੂੰ ਖ਼ਤਮ ਕਰਨ ਲਈ ਜਤਨਸ਼ੀਲ ਹੋਣ। ਜਦ ਤੱਕ ਜਾਤ-ਪਾਤ ਪ੍ਰਣਾਲੀ ਦਾ ਪ੍ਰਭਾਵ ਕਾਇਮ ਰਹੇਗਾ, ਅਜਿਹੀਆਂ ਘਟਨਾਵਾਂ ਵਾਪਰਦੀਆਂ ਹੀ ਰਹਿਣਗੀਆਂ।
ਪਰ ਇਸ ਬਾਬਤ ਨੌਜੁਆਨਾਂ, ਖ਼ਾਸਕਰ ਲੜਕੀਆਂ ਨੂੰ ਵੀ ਕੁਝ ਧਿਆਨ ਦੇਣ ਦੀ ਲੋੜ ਹੈ। ਵੇਖਣ ਵਿਚ ਆਉਂਦਾ ਹੈ ਕਿ ਬਹੁਤ ਸਾਰੇ ਲੜਕੇ-ਲੜਕੀਆਂ ਫਿਲਮਾਂ ਅਤੇ ਟੀ.ਵੀ. ਸੀਰੀਅਲਾਂ ਤੋਂ ਬਹੁਤ ਪ੍ਰਭਾਵਿਤ ਹੁੰਦੇ ਹਨ ਅਤੇ ਮਨੋਰੰਜਨ ਦੇ ਕਹੇ ਜਾਂਦੇ ਇਹ ਸਾਧਨ ਬਹੁਤ ਵੱਡੀ ਪੱਧਰ ’ਤੇ ਸਮਾਜ ਵਿਚ ਅਨੈਤਿਕਤਾ ਦਾ ਪ੍ਰਦੂਸ਼ਣ ਫੈਲਾ ਰਹੇ ਹਨ। ਖ਼ਾਸਕਰ ਹਿੰਦੀ ਫਿਲਮਾਂ ਵਿਚ ਤਾਂ ਲਗਭਗ ਹਰ ਫਿਲਮ ਵਿਚ ਹੀ ਲੜਕੀ ਵੱਲੋਂ ਆਪਣੇ ਮਾਪਿਆਂ ਦੀ ਮਰਜ਼ੀ ਖਿਲਾਫ਼ ਵਿਆਹ ਕਰਨ ਲਈ ਘਰੋਂ ਭੱਜ ਜਾਣ ਦੇ ਵਰਤਾਰੇ ਨੂੰ ਇਕ ‘ਮਹਾਨ ਕਾਰੇ’ ਵਜੋਂ ਪੇਸ਼ ਕੀਤਾ ਜਾਂਦਾ ਹੈ। ਟੀ.ਵੀ. ’ਤੇ ਬਹੁਤ ਸਾਰੇ ਅਜਿਹੇ ਸ਼ੋਅ ਆਉਂਦੇ ਹਨ ਜਿਹੜੇ ਨੌਜੁਆਨਾਂ ਤੋਂ ਸਿਰਫ਼ ਗਾਉਣ-ਵਜਾਉਣ ਜਾਂ ਅਸ਼ਲੀਲ ਕਿਸਮ ਦੇ ਨਾਚਾਂ ਦਾ ਮੁਕਾਬਲਾ ਕਰਵਾਉਂਦੇ ਹਨ। ਅਜਿਹੇ ਪ੍ਰੋਗਰਾਮਾਂ ਨੂੰ ਬਾਰ-ਬਾਰ ਵੇਖਣ ਨਾਲ ਨੌਜੁਆਨਾਂ ਦਾ ਮਨ ਉਚੇਰੀ ਪੜ੍ਹਾਈ ਅਤੇ ਧਾਰਮਕ ਸੰਸਕਾਰਾਂ ਤੋਂ ਹਟ ਕੇ ਜਵਾਨੀ ਦਾ ਮਜ਼ਾ ਲੈਣ ਲਈ ਪ੍ਰੇਰਿਤ ਹੁੰਦਾ ਹੈ। ਨਤੀਜਤਨ, ਲੜਕੇ-ਲੜਕੀਆਂ ਕਾਲਜਾਂ/ਦਫ਼ਤਰਾਂ ਨੂੰ ਪੜ੍ਹਾਈ/ਕੰਮ ਦੀ ਬਜਾਏ ਇਕ-ਦੂਜੇ ਨਾਲ ‘ਦੋਸਤੀ’ ਅਤੇ ਫਿਰ ਇਸ਼ਕ ਲੜਾਉਣ ਦੇ ਅੱਡੇ ਸਮਝਣ ਲੱਗ ਪੈਂਦੇ ਹਨ। ਇਨ੍ਹਾਂ ਵਿਚੋਂ ਕੁਝ ਨੌਜੁਆਨ ਤਾਂ ਝੂਠੇ ਪਿਆਰ (;ਿਜਗਵ) ਉਪਰੰਤ ਗ੍ਰਹਿਸਥ ਜੀਵਨ ਅਪਣਾ ਲੈਂਦੇ ਹਨ ਜਦਕਿ ਕੁਝ ਜਜ਼ਬਾਤੀ ਕਿਸਮ ਦੇ ਲੜਕੇ-ਲੜਕੀਆਂ ਆਪਣੇ ਮਾਪਿਆਂ ਦੀ ਮਰਜ਼ੀ ਦੇ ਖਿਲਾਫ਼ ਪ੍ਰੇਮ-ਵਿਆਹ ਰਚਾਉਣ ਤੱਕ ਚਲੇ ਜਾਂਦੇ ਹਨ, ਜਿਸਨੂੰ ਛੋਟੇ ਸ਼ਹਿਰਾਂ ਜਾਂ ਪਿੰਡਾਂ ਵਿਚ ਰਹਿਣ ਵਾਲੇ ਲੋਕ ਬਿਲਕੁਲ ਬਰਦਾਸ਼ਤ ਨਹੀਂ ਕਰ ਪਾਉਂਦੇ - ਖ਼ਾਸਕਰ ਉਦੋਂ ਜਦ ਲੜਕਾ-ਲੜਕੀ ਵੱਖ-ਵੱਖ ਜਾਤ-ਬਿਰਾਦਰੀ ਨਾਲ ਸਬੰਧਿਤ ਹੋਣ।
ਇਸ ਤਰ੍ਹਾਂ, ਪ੍ਰੇਮੀ ਜੋੜਿਆਂ ਜਾਂ ਇੰਞ ਕਹੀਏ ਕਿ ਨਵੇਂ-ਵਿਆਹੇ ਜੋੜਿਆਂ ਦੇ ਕਤਲ ਪਿੱਛੇ ਇਕ ਜਟਿਲ ਸਮਾਜਕ ਵਿਵਸਥਾ ਕੰਮ ਕਰ ਰਹੀ ਹੁੰਦੀ ਹੈ। ਇਸ ਰੁਝਾਨ ’ਤੇ ਕਾਬੂ ਪਾਉਣ ਲਈ ਸਰਕਾਰੀ ਅਤੇ ਗੈਰ-ਸਰਕਾਰੀ ਸੰਗਠਨਾਂ ਨੂੰ ਨਾ ਸਿਰਫ਼ ਜਾਤ-ਪਾਤੀ ਵਿਵਸਥਾ ਦੇ ਮਾੜੇ ਸੰਕਲਪ ਬਾਰੇ ਜਨਤਾ ਨੂੰ ਜਾਗ੍ਰਿਤ ਕਰਨ ਤੇ ਮੀਡੀਆ ਵੱਲੋਂ ਨੌਜੁਆਨਾਂ ਵਿਚ ਫੈਲਾਈ ਜਾ ਰਹੀ ਐਨਿਕਤਾ ’ਤੇ ਰੋਕ ਲਗਾਉਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ।
ਤਖ਼ਤਾਂ ਦੇ ਪੁਜਾਰੀਆਂ ਤੇ ਉਨ੍ਹਾਂ ਦੇ ਏਜੰਟਾਂ ਦਾ ਨਵਾਂ ਬਚਿੱਤਰ ਨਾਟਕ
ਸ਼੍ਰੋਮਣੀ ਕਮੇਟੀ ਚੋਣਾਂ ਵਿਚ ਗੁਰਮਤਿ-ਵਿਰੋਧੀ ਵਿਚਾਰਧਾਰਾ ਵਾਲੇ ਲੋਕਾਂ ਦੀਆਂ ਵੋਟਾਂ ਹਾਸਲ ਕਰਨ ਵਾਸਤੇ ’ਕਾਲੀ ਦਲ ਬਾਦਲ ਵੱਲੋਂ ਸਿੱਖ-ਵਿਰੋਧੀ ਡੇਰੇਦਾਰਾਂ ਨੂੰ ਸਿੱਖ ਧਰਮ ਦੇ ਪ੍ਰਚਾਰਕਾਂ ਵਜੋਂ ਮਾਨਤਾ ਦਿਵਾਉਣ ਵਾਸਤੇ ਆਪਣੀ ਪੁਰਾਣੀ ਤੇ ਅਜ਼ਮਾਈ ਹੋਈ ਨੀਤੀ ’ਤੇ ਮੁੜ ਤੋਂ ਅਮਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨੀਤੀ ਤਹਿਤ ਬਾਦਲ ਦਲ ਨੇ ਆਪਣੇ ਪਾਲਤੂ ‘ਜਥੇਦਾਰਾਂ’ ਰਾਹੀਂ ਇਹ ਐਲਾਨ ਕਰਵਾ ਦਿੱਤਾ ਹੈ ਕਿ ਅਕਾਲ ਤਖ਼ਤ ਸਾਹਿਬ ਤੋਂ ਛੇਕਿਆ ਜਾ ਚੁੱਕਾ ਜਿਹੜਾ ਵੀ ਵਿਅਕਤੀ ਵਾਪਸ ਸਿੱਖ ਪੰਥ ਵਿਚ ਸ਼ਾਮਲ ਹੋਣਾ ਚਾਹੁੰਦਾ ਹੈ, ਉਹ (ਰਸਮੀ ਤੇ ਛੋਟੀ ਜਿਹੀ) ਮੁਆਫੀ ਮੰਗ ਕੇ ਅਜਿਹਾ ਕਰ ਸਕਦਾ ਹੈ। ਤਖ਼ਤਾਂ ਦੇ ਪੁਜਾਰੀਆਂ ਦਾ ਇਹ ਐਲਾਨ ਇਵੇਂ ਹੀ ਹੈ ਜਿਵੇਂ ਕੋਈ ਜੱਜ ਐਲਾਨ ਕਰ ਦੇਵੇ ਕਿ ਜੇਕਰ ਕਿਸੇ ਅਪਰਾਧੀ ਨੇ ਕਿਸੇ ਦੇ ਘਰ ਚੋਰੀ ਕੀਤੀ ਹੈ, ਡਾਕਾ ਮਾਰਿਆ ਹੈ, ਬਲਾਤਕਾਰ ਕੀਤਾ ਹੈ ਜਾਂ ਹੋਰ ਕੋਈ ਘਿਨੌਨਾ ਅਪਰਾਧ ਕੀਤਾ ਹੈ; ਪਰ ਜੇਕਰ ਉਹ ਉਸ (ਜੱਜ) ਦੇ ਸਾਹਮਣੇ ਆ ਕੇ ਮੁਆਫੀ ਮੰਗ ਲਏ (ਉਸ ਦੇ ਗੁੱਟ ਵਿਚ ਸ਼ਾਮਲ ਹੋ ਜਾਏ), ਤਾਂ ਉਸਦੇ ਸਾਰੇ ਅਪਰਾਧ ਭੁਲਾ ਦਿੱਤੇ ਜਾਣਗੇ। ਸਪਸ਼ਟ ਹੈ ਕਿ ਅਜਿਹਾ ਸੌਦਾ ਸਾਧ, ਆਸ਼ੂਤੋਸ਼, ਭਨਿਆਰੇ ਵਾਲੇ ਅਤੇ ਅਜਿਹੇ ਹੋਰ ਬਹੁਤ ਸਾਰੇ ਡੇਰੇਦਾਰਾਂ ਨੂੰ ‘ਸਿੱਖ’ ਐਲਾਨ ਕੇ ਖੁਸ਼ ਕਰਨ ਅਤੇ ਫਿਰ ਉਨ੍ਹਾਂ ਦੇ ਚੇਲਿਆਂ ਦੀਆਂ ਵੋਟਾਂ ਪ੍ਰਾਪਤ ਕਰਕੇ ਸ਼੍ਰੋਮਣੀ ਕਮੇਟੀ ’ਤੇ ਮੁੜ ਤੋਂ ਕਾਬਿਜ਼ ਹੋਣ ਲਈ ਕੀਤਾ ਜਾ ਰਿਹਾ ਹੈ।
ਤਖ਼ਤਾਂ ’ਤੇ ਕਾਬਿਜ਼ ਪੁਜਾਰੀਆਂ ਵੱਲੋਂ ਆਪਣੇ ਅਹੁਦੇ ਦੀ ਮਾਨ-ਮਰਿਆਦਾ ਦੀ ਪਰਵਾਹ ਨਾ ਕਰਦਿਆਂ ਹੋਇਆਂ ਅਜਿਹੇ ਬੇਸ਼ਰਮੀ ਭਰੇ ਬਿਆਨ ਦੇਣਾ ਕੋਈ ਨਵੀਂ ਅਤੇ ਤਾਜ਼ੁੱਬ ਵਾਲੀ ਗੱਲ ਨਹੀਂ ਕਿਉਂਕਿ ਅਧਪੜ੍ਹ ਕਿਸਮ ਦੇ ਇਨ੍ਹਾਂ ਲੋਕਾਂ - ਜਿਨ੍ਹਾਂ ਨੂੰ ਸੇਵਾਦਾਰ ਤੋਂ ਸਹਾਇਕ ਗ੍ਰੰਥੀ, ਗ੍ਰੰਥੀ, ਮੁੱਖ ਗ੍ਰੰਥੀ ਆਦਿਕ ਅਹੁਦਿਆਂ ’ਤੇ ਰਹਿੰਦਿਆਂ ਆਪਣੇ ਆਕਾਵਾਂ (ਬਾਦਲ ਪਰਵਾਰ) ਦੀ ਚਾਪਲੂਸੀ ਕਰਨ ਬਦਲੇ ਤਖ਼ਤਾਂ ਦੇ ਪੁਜਾਰੀ ਬਣਾ ਦਿੱਤਾ ਜਾਂਦਾ ਹੈ - ਦੀ ਹੈਸੀਅਤ ਦਰਬਾਰ ਸਾਹਿਬ ਸਾਹਮਣੇ ਕਾਇਮ ਪਾਪੜ-ਵੜੀਆਂ ਦੀਆਂ ਦੁਕਾਨਾਂ ’ਤੇ ਮੁੰਸ਼ੀਗਿਰੀ ਕਰਨ ਦੀ ਵੀ ਨਹੀਂ ਹੁੰਦੀ। ਪਰ ਹੈਰਾਨੀ ਉਦੋਂ ਹੁੰਦੀ ਹੈ ਜਦ ਆਪਣੇ ਆਪ ਨੂੰ ਪੁਜਾਰੀਵਾਦ ਦਾ ਵੱਡੀ ਵਿਰੋਧੀ ਦਰਸਾਉਣ ਵਾਲਾ ਵਿਵਾਦਿਤ ਸੰਪਾਦਕ ਵੀ ਇਸ ਮੁੱਦੇ ’ਤੇ ਉਸਾਰੂ ਲਹਿਰ ਸਿਰਜਣ ਦੀ ਬਜਾਏ, ਪੁਜਾਰੀਵਾਦ ਦੀ ਬੌਧਿਕ ਤੇ ਜਿਸਮਾਨੀ ਗੁੰਡਾਗਰਦੀ ਦਾ ਸਾਹਮਣਾ ਕਰ ਰਹੇ ਉੱਘੇ ਪ੍ਰਚਾਰਕ ਪ੍ਰੋ: ਦਰਸ਼ਨ ਸਿੰਘ ਖਿਲਾਫ਼ ਝੂਠੀਆਂ, ਤੱਥਹੀਣ ਤੇ ਨਿਰੋਲ ਕਾਲਪਨਿਕ ਭਵਿੱਖਬਾਣੀਆਂ (ਕਿ ਪ੍ਰੋ: ਦਰਸ਼ਨ ਸਿੰਘ ਤਖ਼ਤਾਂ ਦੇ ਪੁਜਾਰੀਆਂ ਨਾਲ ਸਮਝੌਤਾ ਕਰਨ ਲਈ ਕਾਹਲੇ ਪਏ ਹੋਏ ਹਨ) ਨੂੰ ਖ਼ਬਰਾਂ ਦੇ ਰੂਪ ਵਿਚ ਪ੍ਰਕਾਸ਼ਿਤ ਕਰ ਕੇ ਮੁੱਦੇ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਤੋਂ ਪਹਿਲਾਂ ਵੀ ਇਹੀ ਵਿਵਾਦਿਤ ਸੰਪਾਦਕ ਬਚਿੱਤਰ ਨਾਟਕ ਉਰਫ਼ ਦਸਮ ਗ੍ਰੰਥ ਵਿਰੋਧੀ ਲਹਿਰ ਨੂੰ ਤਾਰਪੀਡੋ ਕਰਨ ਅਤੇ ਸਿਰਫ਼ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਦਾਅਵਾ ਕਰਨ ਵਾਲੇ ਸਿੱਖਾਂ ਨੂੰ ਆਪਸ ਵਿਚ ਲੜਵਾ ਕੇ ਇਕ-ਦੂਜੇ ਦੇ ਵਿਰੋਧੀ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਸਪਸ਼ਟ ਹੈ ਕਿ ਸਿੱਖਾਂ ਨੂੰ ਸਿਰਫ਼ ਭੇਖੀ ਸਿੱਖਾਂ (ਡੇਰੇਦਾਰਾਂ) ਤੋਂ ਹੀ ਸਾਵਧਾਨ ਹੋਣ ਦੀ ਲੋੜ ਨਹੀਂ ਬਲਕਿ ਅਜਿਹੇ ਭੇਖੀ ਵਿਦਵਾਨਾਂ ਦੀਆਂ ਕਰਤੂਤਾਂ ਬਾਰੇ ਵੀ ਜਾਗਰੁਕ ਹੋਣਾ ਪਏਗਾ।
ਬੱਬੂ ਮਾਨ ਵੱਲੋਂ ਅਪਣਾਇਆ ਜਾ ਰਿਹਾ ਮੁਆਫੀਆਂ ਦਾ ਹਥਕੰਡਾ
ਪਿਛਲੇ
ਦਿਨੀਂ ਪੰਜਾਬੀ ਗਾਇਕ ਬੱਬੂ ਮਾਨ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੀ। ਕਾਰਨ ਸੀ, ਉਸ ਵੱਲੋਂ
ਗਾਇਆ ਗਿਆ ਗੀਤ, ‘‘ਇਕ ਬਾਬਾ ਨਾਨਕ ਸੀ, ਜ੍ਹਿਨੇਂ ਤੁਰ ਕੇ ਦੁਨੀਆ ਗਾਹ ’ਤੀ। ਇਕ ਅੱਜਕਲ ਦੇ ਬਾਬੇ
ਨੇ, ਬੱਤੀ ਲਾਲ ਗੱਡੀ ’ਤੇ ਲਾ ’ਤੀ।’’ ਇਸ ਗਾਣੇ ਕਾਰਨ ਦੇਸ਼-ਵਿਦੇਸ਼ ਦੇ ਨੌਜੁਆਨਾਂ ਵਿਚ ਡੇਰੇਦਾਰਾਂ
ਦੇ ਕਿਰਦਾਰ ਬਾਰੇ ਚਰਚਾ ਛਿੜ ਪਈ ਸੀ। ਇਸ ਨਾਲ ਛੋਟੀ ਉਮਰ ਦਾ ਇਕ ਵੱਡਾ ਡੇਰੇਦਾਰ ਅਤੇ ਉਸਦਾ
ਚਾਪਲੂਸ ਇਕ ਚਰਿੱਤਰਹੀਣ ਢਾਡੀ ਤਾਂ ਬਹੁਤ ਹੀ ਤਿਲਮਿਲਾ ਗਏ ਸਨ ਅਤੇ ਗਾਇਕ ਦੇ ਸਰੂਪ ਨੂੰ ਅਧਾਰ ਬਣਾ
ਕੇ ਉਸ ਦੀ ਖਿਲਾਫ਼ਤ ਕਰਨ ਲੱਗ ਪਏ ਸਨ। ਡੇਰੇਦਾਰਾਂ ਤੇ ਮੌਕਾਪ੍ਰਸਤ ਪੁਜਾਰੀਆਂ ਵੱਲੋਂ ਬੱਬੂ ਮਾਨ ਦੀ
ਖਿਲਾਫ਼ਤ ਕਰਨ ਕਾਰਨ ਬੱਬੂ ਮਾਨ ਦੇ ਪਤਿਤ ਸਰੂਪ ਦੇ ਬਾਵਜੂਦ ਪੰਥ-ਦਰਦੀਆਂ ਨੇ ਉਸਦਾ ਸਮਰਥਨ ਕੀਤਾ
ਸੀ। ਪਰ ਦੱਸਿਆ ਜਾਂਦਾ ਹੈ ਕਿ ਵਿਵਾਦ ਕੁਝ ਠੰਡਾ ਪੈਣ ’ਤੇ ਬੱਬੂ ਮਾਨ ਨੇ ਗੋਲਮੋਲ ਸ਼ਬਦਾਵਲੀ ਵਾਲੀ
ਮੁਆਫੀ ਮੰਗ ਕੇ ਡੇਰੇਦਾਰਾਂ ਕੋਲੋਂ ਆਪਣੀ ਜਾਨ ਛੁੜਾ ਲਈ।
ਹੁਣ ਇਕ ਨਵੇਂ ਘਟਨਾਕ੍ਰਮ ਵਿਚ, ਪਿਛਲੇ ਦਿਨੀਂ ਇੰਗਲੈਂਡ ਵਿਖੇ ਇਕ ਪ੍ਰੋਗਰਾਮ ਦੌਰਾਨ ਬੋਲਦਿਆਂ ਬੱਬੂ ਮਾਨ ਨੇ ਸ੍ਰੋਤਿਆਂ ਨੂੰ ਦੱਸਿਆ ਕਿ ਲਾਲਾ ਲਾਜਪਤ ਰਾਏ ਦੀ ਮੌਤ ਅੰਗਰੇਜ਼ਾਂ ਵੱਲੋਂ ਕੀਤੇ ਲਾਠੀ ਚਾਰਜ ਤੋਂ ਫੱਟੜ ਹੋਣ ਕਰਕੇ ਨਹੀਂ ਬਲਕਿ ਕੁਝ ਦਿਨਾਂ ਬਾਅਦ ਸੰਜੋਗਵੱਸ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ। ਇਸ ਸੱਚ ਦੇ ਇਕ ਵਾਰ ਫਿਰ ਸਾਹਮਣੇ ਆਉਣ ਨਾਲ (ਇਸ ਤੋਂ ਪਹਿਲਾਂ ਸਿਰਦਾਰ ਕਪੂਰ ਸਿੰਘ ਨੇ ਵੀ ਆਪਣੀ ਪੁਸਤਕ ‘ਸਾਚੀ ਸਾਖੀ’, ਜੋ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੀ ਜਾਂਦੀ ਹੈ, ਵਿਚ ਇਸ ਬਾਬਤ ਕਾਫੀ ਜਾਣਕਾਰੀ ਦਿੱਤੀ ਹੈ) ਗੰਗੂਕਿਆਂ ਨੇ ਕੁਦਰਤੀ ਤੌਰ ’ਤੇ ਤਿਲਮਿਲਾਉਣਾ ਹੀ ਸੀ ਕਿਉਂਕਿ ਉਹ ਲਾਲੇ ਦੀ ਸ਼ਹਾਦਤ ਦੀ ਝੂਠੀ ਕਹਾਣੀ ਘੜ ਕੇ ਇਕ ਸ਼ਤਾਬਦੀ ਤੋਂ ਭਾਰਤੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਇਸਲਈ ਬੱਬੂ ਮਾਨ ਨੂੰ ਗੰਗੂਕਿਆਂ ਦੀ ਪਰਵਾਹ ਕੀਤੇ ਬਗੈਰ ਸ੍ਰੋਤਿਆਂ ਨੂੰ ਇਹ ਵੀ ਦੱਸਣਾ ਚਾਹੀਦਾ ਸੀ ਕਿ ਉਕਤ ਲਾਲਾ ਇਕ ਆਰਿਯਾ ਸਮਾਜੀ ਹੋਣ ਕਾਰਨ ਸਿੱਖਾਂ ਨੂੰ ਬਹੁਤ ਹੀ ਨਫ਼ਰਤ ਕਰਦਾ ਸੀ ਤੇ ਸਮਾਜ ਦੇ ਨਿਚਲੇ ਵਰਗਾਂ ਨਾਲ ਸਬੰਧਿਤ ਸਿੱਖਾਂ ਨੂੰ ਸਿੱਖੀ ਤਿਆਗਣ ਲਈ ਉਨ੍ਹਾਂ ਦੀ ਆਰਥਕ ਮਦਦ ਕਰਦਾ ਸੀ। ਲਾਲੇ ਦੀਆਂ ਇਨ੍ਹਾਂ ਕਰਤੂਤਾਂ ਬਾਰੇ ਮਾਸਟਰ ਤਾਰਾ ਸਿੰਘ ਨੂੰ ਪਤਾ ਲੱਗ ਜਾਣ ਕਾਰਨ ਉਨ੍ਹਾਂ ਦੋ ਵਾਰ ਆਪਣੀ ਅਖ਼ਬਾਰ ਵਿਚ ਇਸ ਬਾਬਤ ਖ਼ਬਰਾਂ ਦੀ ਪ੍ਰਕਾਸ਼ਿਤ ਕੀਤੀਆਂ ਸਨ, ਜਿਸ ਵਿਚ ਉਨ੍ਹਾਂ ਦੋਸ਼ ਲਾਇਆ ਸੀ ਕਿ ਲਾਲਾ ਅਮਰੀਕਾ ਤੇ ਕੈਨੇਡਾ ਦੇ ਸਿੱਖਾਂ ਤੋਂ ਕਥਿਤ ਤੌਰ ’ਤੇ ਸਿੱਖਾਂ ਦੀ ਭਲਾਈ ਵਾਸਤੇ ਇਕੱਤਰ ਕੀਤਾ ਧਨ, ਸਿੱਖੀ ਦਾ ਹੀ ਖ਼ਾਤਮਾ ਕਰਨ ਲਈ ਵਰਤ ਰਿਹਾ ਹੈ (1999 ਵਿਚ ਵੀ ਕੁਝ ਇਵੇਂ ਹੀ ਹੋਇਆ ਸੀ ਜਦ ਖ਼ਾਲਸੇ ਦੀ ਤ੍ਰੈ-ਸ਼ਤਾਬਦੀ ਮਨਾਉਣ ਲਈ ਦਿੱਤਾ ਗਿਆ ਪੈਸਾ ਅਸਲ ਵਿਚ ਪੰਜਾਬ ਦੇ ਸਿੱਖਾਂ ਦੇ ਬ੍ਰਾਹਮਣੀਕਰਨ ਲਈ ਵਰਤਿਆ ਗਿਆ ਸੀ)। ਲਾਠੀ-ਚਾਰਜ ਵਾਲਾ ਘਟਨਾਕ੍ਰਮ ਵਾਪਰਨ ਤੋਂ ਬਾਅਦ ਮਾਸਟਰ ਤਾਰਾ ਸਿੰਘ ਨੇ ਲਾਲੇ ਤੋਂ ਸਿੱਖਾਂ ਦਾ ਪੈਸਾ ਵਾਪਸ ਲੈਣ ਲਈ ਉਸ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਸੀ। ਲਾਲਾ ਬੜਾ ਫਿਕਰਮੰਦ ਹੋ ਗਿਆ ਸੀ ਕਿ ਇਕ ਤਾਂ ਉਸਨੂੰ ਸਿੱਖਾਂ ਦਾ ਪੈਸਾ ਵਾਪਸ ਕਰਨਾ ਪਏਗਾ। ਦੂਜਾ, ਸਾਰੇ ਦੇਸ਼ ਦੇ ਲੋਕਾਂ ਵਿਚ ਉਸਦਾ ਫਿਰਕੂ ਤੇ ਸਿੱਖੀ-ਵਿਰੋਧੀ ਕਿਰਦਾਰ ਸਾਹਮਣੇ ਆ ਜਾਏਗਾ। ਤੀਜਾ, ਭਵਿੱਖ ਵਿਚ ਸਿੱਖ, ਆਰਿਆ ਸਮਾਜੀਆਂ ਅਤੇ ਹੋਰ ਗੰਗੂਕਿਆਂ ’ਤੇ ਵਿਸ਼ਵਾਸ ਕਰਨਾ ਬੰਦ ਕਰ ਦੇਣਗੇ ਤੇ ਬ੍ਰਾਹਮਣਵਾਦ ਦੇ ਜਾਲ ਵਿਚ ਨਹੀਂ ਫਸਣਗੇ। ਇਨ੍ਹਾਂ ਫਿਕਰਾਂ ਕਾਰਨ ਹੀ ਲਾਲਾ ਲਾਜਪਤ ਰਾਏ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ।
ਪਰ ਬੱਬੂ ਮਾਨ ਨੇ ਉਕਤ ਤੱਥਾਂ ਦਾ ਜ਼ਿਕਰ ਕਰਨ ਦੀ ਬਜਾਏ ਤੁਰੰਤ ਗੰਗੂਕਿਆਂ ਤੋਂ ਮੁਆਫੀ ਮੰਗ ਕੇ ਦਰਸਾ ਦਿੱਤਾ ਕਿ ਉਸਦਾ ਮਕਸਦ ਕਿਸੇ ਝੂਠੇ ਤੱਥ ਜਾਂ ਗਲਤ ਵਰਤਾਰੇ ਬਾਰੇ ਲੋਕਾਂ ਨੂੰ ਜਾਗ੍ਰਿਤ ਕਰਨਾ ਨਹੀਂ ਬਲਕਿ ਅਜਿਹੀ ਬਿਆਨਬਾਜ਼ੀ ਕਰਕੇ ਸਸਤੀ ਸ਼ੋਹਰਤ ਖੱਟਣਾ ਹੀ ਹੈ। ਸਿੱਖਾਂ ਨੂੰ ਅਜਿਹੇ ਬੇਅਸੂਲੇ ਤੇ ਫੋਕੇ ਕਿਸਮ ਦੇ ‘ਨਾਇਕਾਂ’ ਤੋਂ ਸਾਵਧਾਨ ਰਹਿਣ ਦੀ ਲੋੜ ਹੈ।