

ਭਾਈ ਵੀਰ ਸਿੰਘ ਬਨਾਮ ਭਾਈ ਕਾਨ੍ਹ ਸਿੰਘ ਨਾਭਾ-ਇਕ ਪੜਚੋਲ
- ਇੰਦਰਜੀਤ ਸਿੰਘ ਕਾਨਪੁਰ -
ਫੋਨ : 9839392733
ਸੱਚ ਦੀ ਗੱਲ ਕਰਨ ਵਾਲਾ ਮਨੁੱਖ ਇਸ ਦੁਨੀਆਂ ਨੂੰ ਕਦੀ ਵੀ ਚੰਗਾ ਨਹੀ ਲਗਿਆ। ਕਿਉਂਕਿ ਸੱਚ ਕੌੜਾ- ਹੀ ਨਹੀਂ, ਕਸੈਲਾ ਵੀ ਹੁੰਦਾ ਹੈ। ਕੌੜਾਪਣ ਤੇ, ਪਾਣੀ ਪੀ ਕੇ ਤੇ ਘੁੱਟ ਲੰਘਾ ਕੇ ਬਰਦਾਸ਼ਤ ਕੀਤਾ ਜਾ ਸਕਦਾ ਹੈ। ਲੇਕਿਨ ਕਸੈਲਾ ਨਿਗਲ ਲੈਣ ਤੋਂ ਬਾਅਦ ਵੀ ਬਰਦਾਸ਼ਤ ਨਹੀ ਹੁੰਦਾ। ਗੁਰੁ ਨਾਨਕ ਸਾਹਿਬ ਨੇ ਅਪਨੀ ਬਾਣੀ ਆਸਾ ਕੀ ਵਾਰ- ਵਿਚ ਬ੍ਰਾਹਮਣ ਨੂੰ "ਮਾਣਸ ਖਾਣੇ" ਅਤੇ "ਜਗਤ ਕਸਾਈ" ਕਹਿ ਕੇ ਸੱਚ ਦੀ ਗੱਲ ਕੀਤੀ , ਜੋ ਅੱਜ ਤਕ ਬ੍ਰਾਹਮਣਵਾਦੀਆਂ ਦਾ ਮੂੰਹ ਕਸੈਲਾ ਕਰ ਜਾਂਦੀ ਹੈ। ਇਸੇ ਲਈ ਉਹ ਗੁਰੁ ਨਾਨਕ ਦੇ ਚਲਾਏ ਧੰਥ ਦੇ ਜਮਾਂਧਰੂ ਵੈਰੀ ਬਣੀ ਫਿਰਦੇ ਹਨ। ਇਨਾਂ ਨੇ ਹਮੇਸ਼ਾਂ ਸਾਡੇ ਪੰਥ ਦੇ ਨਾਮੀ ਅਤੇ ਉਚੇ ਅਹੁਦਿਆਂ ਤੇ ਬੈਠੇ ਲੋਕਾਂ ਨੂੰ ਖਰੀਦ ਕੇ ਵਰਤਿਆ ਹੈ। ਸਾਡੀ ਕੋਮ ਦੇ ਸਾਰੇ ਧਾਰਮਿਕ ਆਗੂ ਭਾਂਵੇ ਪੈਸੇ ਕਰ ਕੇ ਨਾਂ ਵੀ ਵਿਕਦੇ ਹੋਨ, ਲੇਕਿਨ ਅਪਨੀ ਹਉਮੇ ਨੂੰ ਪੱਠੇ ਪਾਏ ਜਾਣ ਤੇ ਇਕ ਭੁਖੇ ਸੰਡੇ ਵਾਂਗ ਫੋਰਨ ਪਿਛੇ ਤੁਰ ਪੈਂਦੇ ਹਨ ਪੱਠੇ ਪਾਉਨ ਵਾਲਾ ਭਾਵੇ ਉਨ੍ਹਾਂ ਦਾ ਦੁਸ਼ਮਨ ਹੀ ਕਿਉ ਨਾਂ ਹੋਵੇ। ਦੂਜਾ ਕਾਰਨ - ਬਹੁਤੇ ਆਗੂਆਂ ਵਿਚ ੱਚੌਧਰ ਦੀ ਭੁਖ- ਅਤੇ ਸੁਰਖੀਆਂ ਵਿਚ ਰਹਿਣ ਦੀ ਭੁਖ ਰਹੀ ਹੈ।
ਕੁਝ ਵੀਰ ਹਮੇਸ਼ਾਂ ਸਾਡੀ ਇਹ ਅਲੋਚਨਾਂ ਕਰਦੇ ਹਨ ਕਿ ਤਹਾਨੂੰ ਕੋਈ ਚੰਗਾ ਹੀ ਨਹੀਂ ਲਗਦਾ; ਤੁਸੀਂ ਸਭ ਦੀ ਨਿੰਦਾ ਅਤੇ ਅਲੋਚਨਾ ਹੀ ਕਰਦੇ ਹੋ। ਜੇ ਕਿਸੇ ਦੀ ਤਾਰੀਫ ਲਿਖੋ ਤੇ ਕਹਿੰਦੇ ਹਨ ਕੇ ਇਹ ਉਸ ਦਾ ਪਿਛਲੱਗੂ ਜਾਂ ਸਮਰਥਕ ਹੈ। ਜੇ ਕਿਸੇ ਬਾਰੇ ਕੌਮ ਨੂੰ ਸੁਚੇਤ ਕਰਨ ਲਈ ਸੱਚ ਲਿਖ ਦਿਉ ਤੇ ਕਹਿੰਦੇ ਹਨ, ਇਹ ਨਿੰਦਾ ਹੀ ਕਰਦੇ ਰਹਿੰਦੇ ਹਨ। ਇਸ ਲੇਖ ਨੂੰ ਲਿਖਣ ਤੋ ਪਹਿਲਾਂ ਦਾਸ ਦੇ ਮੰਨ ਵਿਚ ਇਹ ਗੱਲ ਕਈ ਵਾਰ ਬਿਜਲੀ ਵਾਂਗ ਕੌਂਧ ਗਈ, ਲੇਕਿਨ ਫੌਰਨ ਹੀ ਪੰਥ ਦੇ ਇਕ ਵਿਦਵਾਨ ਦੀ ਇਹ ਗੱਲ ਚੇਤੇ ਆਈ ਕਿ ਅਸੀਂ ਕਿਸੇ ਦੀ ਨਿੰਦਿਆ ਨਹੀਂ ਲਿਖ ਸਕਦੇ ਲੇਕਿਨ ਸੱਚ ਕਹਿਣ ਤੋਂ ਤਾਂ ਸਾਨੂੰ ਗੁਰਮਤਿ ਵੀ ਨਹੀਂ ਰੋਕਦੀ। ਜੋ ਵੀ ਲਿਖਿਆ ਜਾਵੇ ਪ੍ਰਮਾਣਿਕ ਤੇ ਸੱਚ ਹੋਣਾ ਚਾਹੀਦਾ ਹੈ।
ਸਿੱਖ ਇਤਹਾਸ ਦੇ ਬਹੁਤੇ ਪੰਨੇ ਜੇ ਨਾ ਵੀ ਖੋਲੇ ਜਾਣ ਤੇ ਕੁਝ ਕੁ ਦਹਾਕਿਆਂ ਦਾ ਇਤਿਹਾਸ ਹੀ
ਚੁੱਕ ਕੇ ਵੇਖੀਏ ਤਾਂ ਲਗਦਾ ਹੈ ਕਿ ਪੰਥ ਲਈ ਆਪਣਾ ਸਾਰਾ ਜੀਵਨ ਲਗਾ ਦੇਣ ਵਾਲਾ ਸਿੱਖ ਜੋ ਸੱਚ ਦਾ
ਪੱਲਾ ਫੜ ਕੇ ਤੁਰਿਆ, ਕੌਮ ਲਈ ਜੀਵਿਆ ਤੇ ਕੌਮ ਲਈ ਮਰਿਆ - ਉਹ ਤਾਂ ਗੁੰਮਨਾਮੀ ਦੀਆਂ ਨਾਮੋਸ਼ੀਆਂ
ਝੇਲਦਾ ਇਸ ਦੁਨਿਆ ਤੋਂ ਚਲਾ ਗਇਆ। ਪਰ ਜੋ ਝੂਠ ਤੇ ਫਰੇਬ ਨਾਲ ਭੋਲੇ-ਭਾਲੇ ਲੋਕਾਂ ਨੂੰ ਭੇਡਾਂ ਵਾਂਗ
ਮੁੱਸਦੇ ਰਹੇ ਉਹ "ਬ੍ਰਹਮ ਗਿਆਨੀ",
"ਪੰਥ ਰਤਨ" ਤੇ
"ਗੁਰਮਤਿ ਮਾਰਤੰਡ" ਦੀ ਉਪਾਧੀ ਨਾਲ
ਸਨਮਾਨਿਤ ਕੀਤੇ ਗਏ। ਸਿੱਖਾਂ ਨੇ ਇਨ੍ਹਾਂ ਦੀ ਵਡਿਆਈ ਵਿਚ ‘‘ਬਾਬਾ ਬੋਲਤੇ ਥੇ ਕਹਾਂ ਗਏ…-। ਵਰਗੇ
ਗੁਰਬਾਣੀ ਦੇ ਪਵਿਤਰ ਸ਼ਬਦਾਂ ਦੀ ਦੁਰਵਰਤੋਂ ਕਰਨ ਵਿਚ ਵੀ ਕੋਈ ਪਰਹੇਜ਼ ਨਹੀਂ ਕੀਤਾ।
ਭਾਈ ਵੀਰ ਸਿੰਘ ਵਰਗਾ ਲੇਖਕ "ਪੰਥ ਰਤਨ"
ਬਣਾ ਦਿਤਾ ਗਇਆ। ਇਸ ਦੇ ਅਜਾਇਬਘਰ ਬਣਾ ਕੇ ਇਸ ਨੂੰ ਸਤਕਾਰਿਆ ਗਇਆ। ਜਿਸਨੇ ਅਖੌਤੀ ਦਸਮ ਗ੍ਰੰਥ ਦੇ
ਆਧਾਰ ਤੇ ਹੇਮਕੁੰਟ ਦਾ ਮਨ-ਘੜਤ ਇਤਿਹਾਸ ਲਿਖ ਕੇ ਕੌਮ ਨੂੰ ਕੁਰਾਹੇ ਪਾ ਦਿੱਤਾ। ਅਤੇ ਭਾਈ ਬੰਨੋ
ਸਾਹਿਬ ਵਾਲੀ ‘ਖਾਰੀ ਬੀੜ’ ਬਾਰੇ ਮਨ-ਘੜਤ ਲਿਖਤਾਂ ਲਿਖ ਕੇ ਕੌਮ ਨੂੰ ਗੁੰਮਰਾਹ ਕੀਤਾ (ਵਧੇਰੇ
ਜਾਨਕਾਰੀ ਲਈ ਪਾਠਕ ਪ੍ਰੋਫੇਸਰ ਸਾਹਿਬ ਸਿੰਘ ਜੀ ਦੀ ਲਿਖੀ ਅਤੇ ਸਿੰਘ ਬ੍ਰਦਰਜ, ਅੰਮ੍ਰਿਤਸਰ ਦੀ
ਛਾਪੀ "ਆਦਿ ਬੀੜ ਬਾਰੇ…" ਕਿਤਾਬ
ਪੜ ਸਕਦੇ ਹਨ)।
ਦੁਜੇ ਪਾਸੇ ਪੰਜਾਬ ਦੇ ਨਾਭਾ ਰਾਜ ਦੇ ਮਹਾਰਾਜਾ ਹਰੀ ਸਿੰਘ ਤੇ ਮਹਾਰਾਜਾ ਰਿਪੁਦਮਣ ਸਿੰਘ ਦੇ ਗੁਰਮਤਿ ਦੇ ਅਧਿਆਪਕ ਅਤੇ ਕਈ ਵਰ੍ਹੇ ਉਸ ਰਾਜ ਦੇ ਵਿਦੇਸ਼ ਮੰਤਰੀ ਰਹੇ। ਭਾਈ ਕਾਨ੍ਹ ਸਿੰਘ ਨਾਭਾ ਵਰਗਾ ਖੋਜੀ ਵਿਦਵਾਨ, ਪੰਥਕ ਲਿਖਾਰੀ ਤੇ ਇਤਿਹਾਸਕਾਰ; ਜਿਸਦੀਆਂ ਚਾਰ ਪੀੜ੍ਹੀਆਂ (ਭਾਈ ਸਰੂਪ ਸਿੰਘ, ਭਾਈ ਨੌਧ ਸਿੰਘ,(ਬਾਬਾ ਨਾਰਾਇਣ ਸਿੰਘ ਦੇ ਪੜਦਾਦਾ), ਭਾਈ ਨਾਰਾਇਣ ਸਿੰਘ ,(ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਪਿਤਾ) ਸਿੱਖ ਸਿੱਧਾਂਤਾਂ ਦਾ ਪ੍ਰਚਾਰ ਕਰਦਿਆਂ ਗੁਜਰੀਆਂ। ਅੰਗਰੇਜ ਸਾਸ਼ਕਾਂ ਨਾਲ ਇਕ ਮੰਝੇ ਹੋਏ ਕੂਟਨੀਤਕ ਵਾਲੇ ਸੰਬਧ ਬਣਾਏ ਤੇ ਨਾਭੇ ਦੇ ਰਾਜ (ਜਿਸਦੇ ਸਾਰੇ ਸ਼ਾਸਕ ਹਮੇਸ਼ਾ ਹੀ ਗੁਰੂ ਘਰ ਨੂੰ ਸਮਰਪਿਤ, ਗੁਰਮਤਿ ਦੇ ਧਾਰਨੀ ਰਹੇ) ਨੂੰ ਆਂਚ ਨਹੀ ਆਉਣ ਦਿੱਤੀ। ਕਈ ਵਾਰ ਅੰਗਰੇਜ਼ ਹਕੂਮਤ ਦੇ ਸੱਦੇ ’ਤੇ ਵਿਦੇਸ਼ ਵੀ ਗਏ।
ਹਮ ਹਿੰਦੂ ਨਹੀਂ, ਗੁਰਮਤ ਪ੍ਰਕਾਸ਼, ਗੁਰਮਤ ਸੁਧਾਕਰ, ਗੁਰੁ ਮਹਿਮਾ ਸੰਗ੍ਰਿਹ, ਗੁਰਮਤਿ ਮਾਰਤੰਡ, ਤੇ ਸਿੱਖ ਪੰਥ ਦਾ ਸਰਮਾਇਆ ‘ਮਹਾਨ ਕੋਸ਼’ ਆਦਿਕ ਅਨਗਿਣਤ ਗ੍ਰੰਥ ਲਿਖਣ ਵਾਲੇ ਮਹਾਨ ਸਿੱਖ ਵਿਦਵਾਨ ਦਾ ਨਾਮ ਸਨ 1940 ਤੋਂ ਬਾਅਦ, ਕਈ ਦਹਾਕੇ ਗੁੰਮਨਾਮੀ ਦੇ ਗੋਤੇ ਖਾਂਦਾ ਰਿਹਾ। ਪੰਥ ਦੀ ਆਗੂ ਕਹੀ ਜਾਣ ਵਾਲੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਭਾਈ ਵੀਰ ਸਿੰਘ ਨੂੰ ਬ੍ਰਾਹਮਣਵਾਦੀ ਸ਼ਕਤੀਆਂ (ਸਵਾਮੀ ਦਇਆਨੰਦ ਦੇ ਮਹਾਸ਼ਿਆਂ) ਨਾਲ ਮਿਲ ਕੇ ਪ੍ਰਮੋਟ ਕਰਦੀ ਰਹੀ ਤੇ ਭਾਈ ਕਾਨ੍ਹ ਸਿੰਘ ਨਾਭਾਂ ਦੀਆਂ ਪੁਸਤਕਾਂ ਅਤੇ ਗ੍ਰੰਥਾਂ ਨੂੰ ਜੰਗ ਲਗੀਆਂ ਅਲਮਾਰੀਆਂ ਦੀ ਭੇਟ ਕਰਦੀ ਰਹੀ। ਉਨ੍ਹਾਂ ਵਲੋਂ ਇਹ ਕੰਮ ਅੱਜ ਵੀ ਜਾਰੀ ਹੈ।
ਦਾਸ ਅਤੇ ਉਸ ਦੇ ਕੁਝ ਸਾਥੀਆਂ (ਜਿਨ੍ਹਾਂ ਵਿਚ ਭਾਈ ਹਰਚਰਨ ਸਿੰਘ ਭੱਠੇ ਵਾਲੇ ਤੇ ਭਾਈ ਮਨਮੀਤ ਸਿੰਘ ਸਵਾ ਲੱਖ ਜੀ ਸਨ) ਨੂੰ ਕੁਝ ਵਰ੍ਹੇ ਪਹਿਲਾਂ ਇਹ ਜਾਣਕਾਰੀ ਮਿਲੀ ਸੀ ਕਿ ਭਾਈ ਸਾਹਿਬ ਦੇ ਬੇਟੇ ਪੰਜਾਬ ਵਿਚ ਕਿਸੇ ਪਿੰਡ ਵਿਚ ਰਹਿੰਦੇ ਹਨ ਤੇ ਉਨ੍ਹਾਂ ਕੋਲ ਭਾਈ ਸਾਹਿਬ ਜੀ ਦੀਆਂ ਬਹੁਤ ਸਾਰੀਆਂ ਅਣਛਪੀਆਂ ਲਿਖਤਾਂ ਮੌਜੂਦ ਹਣ। ਸੀਮਿਤ ਸਾਧਨ ਹੋਣ ਕਰਕੇ ਅਸੀਂ ਕਦੀ ਵੀ ਉਥੇ ਪੁੱਜ ਕੇ ਇਹ ਪਤਾ ਲਗਾਉਣ ਵਿਚ ਕਾਮਜਾਬ ਨਾਂ ਹੋ ਸਕੇ। ਬਾਅਦ ਵਿਚ ਪਤਾ ਲਗਾ ਕੇ ਉਹ ਅਕਾਲ ਚਲਾਣਾ ਕਰ ਗਏ ਹਨ, ਫੇਰ ਇਸ ਬਾਰੇ ਸੋਚ ਵੀ ਨਾਂ ਸਕੇ। (ਦਾਸ ਦੀ ਉਨਾਂ ਵੀਰਾਂ ਅੱਗੇ ਬੇਨਤੀ ਹੈ, ਜੋ ਇਸ ਬਾਰੇ ਕੋਈ ਜਾਨਕਾਰੀ ਰੱਖਦੇ ਹੋਣ ਤਾਂ ਉਹ ਪੰਥ ਨੂੰ ਸੂਚਿਤ ਕਰਨ ਜੋ ਉਸ ਮਹਾਨ ਵਿਦਵਾਨ ਦੀਆਂ ਲਿਖਤ: ਜੋ ਪੰਥ ਦਾ ਇਕ ਸਰਮਾਇਆ ਹਨ, ਪੰਥ ਦੇ ਕੰਮ ਆ ਸਕਣ)। ਇਹ ਕੰਮ ਸ਼੍ਰੋਮਣੀ ਕਮੇਟੀ ਦਾ ਸੀ ਜੋ ਉਸ ਨੇ ਕਦੀ ਵੀ ਨਹੀਂ ਕੀਤਾ।
ਭਾਈ ਕਾਨ੍ਹ ਸਿੰਘ ਨਾਭਾ ਦੀ ਲਿਖਤ ਕਿਤਾਬ "ਹਮ ਹਿੰਦੂ ਨਹੀ" ਉੱਪਰ ਅੰਗਰੇਜ਼ ਹਕੂਮਤ ਨਾਲ ਮਿਲ ਕੇ ਸਵਾਮੀ ਦਇਆਨੰਦ ਦੇ ਚੇਲਿਆਂ (ਪੰਜਾਬ ਦੇ ਮਹਾਸ਼ਿਆਂ) ਨੇ ਤਿੰਨ ਦਰਜਨ ਤੋਂ ਵੱਧ ਮੁਕੱਦਮੇ ਠੋਂਕ ਦਿਤੇ। ਉਨਾਂ ਦਾ ਕਿਸੇ ਨੇ ਸਾਥ ਨਹੀਂ ਦਿੱਤਾ। ਉਹ ਅਪਨੇ ਗੁਰੂ ਦੇ ਸਹਾਰੇ, ਸਾਰੇ ਮੁਕੱਦਮੇ ਅਪਣੇ ਖਰਚੇ ਤੇ ਇੱਕਲੇ ਹੀ ਲੜਦੇ ਰਹੇ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇਸ ਇਤਿਹਾਸਕ ਕਿਤਾਬ ਨੂੰ ਵੀ ਛਾਪਣ ਦੀ ਕਦੀ ਹਿੰਮਤ ਨਾ ਵਿਖਾਈ ਕਿਉਂਕਿ ਉਹ ਅਪਣੇ "ਪੂੰਜੀਪਤੀ ਮਹਾਸ਼ਿਆਂ" ਨੂੰ ਨਰਾਜ ਕਰਕੇ ਅਪਣੇ ਸਵਾਰਥੀ ਹਿੱਤਾਂ ਨੂੰ ਗਵਾਉਣਾ ਨਹੀਂ ਚਾਹੁੰਦੇ ਸੀ। ਇਸ ਕਮੇਟੀ ਨੇ ਹਮੇਸ਼ਾ ਹੀ ਹਿੰਦੂਆਂ ਨੂੰ ਖੁਸ਼ ਕਰਨ ਲਈ ਸਿੱਖੀ ਦਾ ਘਾਣ ਕੀਤਾ ਹੈ। ਇਸ ਬਾਰੇ ਬਹੁਤਾ ਲਿਖਣ ਦੀ ਲੋੜ ਨਹੀਂ। ਇਸ ਗੱਲ ਦਾ ਤਾਂ ਇਤਿਹਾਸ ਗਵਾਹ ਹੈ। ਇਹ ਕਿਤਾਬ ਕਈ ਵਰ੍ਹੇ ਬੈਨ ਰਹੀ। ਇਕ ਪ੍ਰਾਈਵੇਟ ਪਬਲਿਸ਼ਰ ਨੇ ਛਪਵਾਈ ਤੇ ਪੰਥ-ਦਰਦੀਆਂ ਵਲੋਂ ਚੋਰੀ ਛੁੱਪੀ ਵੰਡੀ ਜਾਂਦੀ ਰਹੀ। ਹੁਣ ਇਹ ਕਿਤਾਬ ਸਿੰਘ ਬ੍ਰਦਰਜ਼, ਅੰਮ੍ਰਿਤਸਰ ਵਲੋਂ ਪ੍ਰਕਾਸ਼ਿਤ ਕੀਤੀ ਜਾੰਦੀ ਹੈ, ਜੋ ਹਿੰਦੀ, ਅੰਗਰੇਜ਼ੀ ਤੇ ਗੁਰਮੁਖੀ ਵਿਚ ਵੀ ਮਿਲਦੀ ਹੈ।
"ਸਹਿਜਧਾਰੀ" ਸਿੱਖ ਦੀ ਪਰਿਭਾਸ਼ਾ ਸ੍ਰੋਮਣੀ ਕਮੇਟੀ ਅਤੇ ਪੰਜਾਬ ਦੇ ਕਿਸੇ ਵਿਦਵਾਨ ਨੂੰ ਪਤਾ ਹੀ ਨਹੀਂ। ਤੇ ਉਹ ‘ਮੋਨੇ’ ਬੰਦੇ ਨੂੰ ਹੀ ‘ਸਹਿਜਧਾਰੀ’ ਸਿੱਖ ਕਹੀ ਜਾਂਦੇ ਹਣ। ਹਾਈ ਕੋਰਟ ਵਿਚ ਮੱਕੜ ਨੂੰ ‘ਸਹਿਜਧਾਰੀ ਸਿੱਖ’ ਦੀ ਵਾਰ-ਵਾਰ ਗਲਤ ਪਰਿਭਾਸ਼ਾ ਦਾਖਿਲ ਕਰਨ ਲਈ ਜਲੀਲ ਹੋਣਾ ਪਇਆ। ਇਹ ਹੈ ਸਾਡੀ ਰਹਿਨੁਮਾਈ ਕਰਨ ਵਾਲਾ ਧਾਰਮਿਕ ਅਦਾਰਾ। ਇਹ ਸਭ ਇਸ ਲਈ ਹੋਇਆ ਕੇ ਉਨਾਂ ਅਪਨੀ ਲਾਇਬ੍ਰੇਰੀ ਵਿਚ ਧੂੜ ਵਿਚ ਰੁਲਦਾ ਭਾਈ ਸਾਹਿਬ ਦਾ ਲਿਖਿਆ "ਮਹਾਨ ਕੋਸ਼" ਕਦੀ ਖੋਲ੍ਹ ਕੇ ਵੇਖਿਆ ਹੀ ਨਹੀਂ। ਜਿਸਦੇ ਪੰਨਾ ਨੰ. 137 ਤੇ ‘ਸਹਿਜਧਾਰੀ ਸਿੱਖ’ ਦੀ ਸਟੀਕ ਵਿਆਖਿਆ ਕੀਤੀ ਗਈ ਹੈ ਅਤੇ ਉਸ ਬਾਰੇ ਆਪਣੇ ਵਲੋਂ ਇਕ ਟਿੱਪਣੀ ਵੀ ਦਿੱਤੀ ਹੋਈ ਹੈ।
ਅੰਗਰੇਜ਼ ਫੌਜ ਦਾ ਕੰਮਾਂਡਰ ਮਿਸਟਰ ਐਮ. ਮੈਕਾਲਿਫ ਭਾਈ ਸਾਹਿਬ ਤੋਂ ਗੁਰਮਤਿ ਤੇ ਸਿੱਖ ਸਿਧਾਂਤਾ ਦੀ ਸਿੱਖਿਆ ਲੈਂਦਾ ਰਿਹਾ। ਅਤੇ ਉਹ ਸਿੱਖ ਫਲਸਫੇ ਤੋਂ ਏਨਾਂ ਪ੍ਰਭਾਵਿਤ ਹੋਇਆ ਕੇ ਉਸ ਨੇ ਸਿੱਖ ਧਰਮ ਨੂੰ ਅਪਨਾ ਲਿਆ ਅਤੇ ਸਿੰਘ ਸੱਜ ਗਇਆ। ਉਸ ਨੇ ਸਿੱਖ ਧਰਮ ਤੇ "ਸਿੱਖ ਰਿਲੀਜਨ" ਨਾਮ ਦੀ ਇਕ ਕਿਤਾਬ ਵੀ ਲਿਖੀ। ਭਾਈ ਸਾਹਿਬ ਉਸ ਦੇ ਧਾਰਮਿਕ ਅਧਿਆਪਕ ਰਹੇ ਅਤੇ ਉਸ ਨੂੰ ਗੁਰਮੁਖੀ ਦੀ ਸਿੱਖਿਆ ਦਿਤੀ। ਮੈਕਾਲਿਫ ਨੇ ‘ਹਿੰਦੂਆਂ’ ਨੂੰ ਸਿੱਖ ਸਮਾਜ ਦਾ ਸਭ ਤੋਂ ਵਡਾ ਦੁਸ਼ਮਨ ਜਾਨ ਕੇ ਅੰਗਰੇਜ ਹਕੂਮਤ ਨੂੰ ਲਿਖਿਆ ਸੀ-
"ਸਿੱਖ ਇਕ ਨਿਵੇਕਲਾ ਧਰਮ ਹੈ, ਇਹ ਹਿੰਦੂ ਧਰਮ ਵਿਚੋਂ ਨਹੀ ਨਿਕਲਿਆ। ਹਿੰਦੂ ਧਰਮ ਸਿੱਖ ਧਰਮ ਨੂੰ ਨਿਗਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਭਾਰਤੀ ਜੰਗਲ ਦੇ ਉਸ ਅਜਗਰ ਸਮਾਨ ਹੈ, ਜੋ ਛੋਟੇ ਛੋਟੇ ਦੁਸ਼ਮਣ ਪ੍ਰਾਣੀਆਂ ਨੂੰ ਪਹਿਲਾਂ ਆਪਣੀ ਲਪੇਟ ਵਿਚ ਲੈਂਦਾ ਹੈ, ਫਿਰ ਉਸਨੂੰ ਆਪਣੀ ਜਕੜ ਨਾਲ ਕੱਸ ਕੇ ਉਸ ਨੂੰ ਕੁਚਲ ਦਿੰਦਾ ਹੈ ਅਤੇ ਅੰਤ ਵਿਚ ਆਪਣੇ ਵੱਡੇ ਢਿੱਡ ਵਿਚ ਸਮਾਅ ਲੈਂਦਾ ਹੈ। ਇਸ ਲਈ ਸਿੱਖ ਧਰਮ ਦਾ ਸਭ ਤੋਂ ਵਡਾ ਦੁਸ਼ਮਣ ਹਿੰਦੂ ਹੈ। ………।’’
-ਮੈਕਾਲਿਫ
ਇਥੇ ਮੈਕਾਲਿਫ ਦੀਆਂ ਲਿਖੀਆਂ ਇਹ ਲਾਈਨਾਂ ਲਿਖਣ ਦਾ ਮੰਤਵ ਇਹ ਹੈ ਕੇ ਜਿਸ ਖਤਰੇ ਨੂੰ ਪੂਰੀ ਸਿੱਖ ਕੌਮ ਅਤੇ ਸਾਡੇ ਆਗੂ ਅੱਜ ਤਕ ਸਮਝ ਨਹੀ ਸਕੇ, ਸਗੋਂ ਉਨਾਂ ਨਾਲ ਸਾਂਝ ਕਰਕੇ ਸਿੱਖੀ ਦਾ ਹੀ ਘਾਣ ਕਰਦੇ ਰਹੇ। ਉਸ ਨੁਕਤੇ ਨੂੰ ਭਾਈ ਕਾਨ੍ਹ ਸਿੰਘ ਜੀ ਦੇ ਇਕ ਕਾਬਿਲ ਸ਼ਾਗਿਰਦ ਨੇ ਅਜ ਤੋਂ 85 ਵਰ੍ਹੇ ਪਹਿਲਾਂ ਹੀ ਮਹਿਸੂਸ ਕਰ ਲਿਆ ਸੀ। ਜੇ ਸ਼ਾਗਿਰਦ ਇਨ੍ਹਾਂ ਨੀਤੀਵਾਨ ਤੇ ਸਮਝਦਾਰ ਸੀ ਤੇ ਭਾਈ ਸਾਹਿਬ ਦੀ ਕਾਬਲੀਅਤ ਕਿਨੀ ਕੁ ਹੋਵੇਗੀ; ਇਸ ਦਾ ਅੰਦਾਜਾ ਆਪ ਖੁਦ ਹੀ ਲਾ ਸਕਦੇ ਹੋ।
ਭਾਈ ਕਾਨ੍ਹ ਸਿੰਘ ਨਾਭਾ ਪੰਥ ਦਾ ਇਕ ਮਹਾਨ ਵਿਦਵਾਨ ਅਤੇ ਸਾਹਿਤਕਾਰ ਹੀ ਨਹੀ ਬਲਕਿ ਇਕ ਸੱਚਾ ਪੰਥ ਦਰਦੀ ਤੇ ਸਿੰਘ ਸਭਾ ਲਹਿਰ ਦਾ ਮੁੱਖ ਸਲਾਹਕਾਰ ਵੀ ਸੀ। ਗੁਰੂ ਸਿੰਘ ਸਭਾ ਲਹਿਰ ਦੇ ਮੋਡੀ ਭਾਈ ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਦਾ ਭਾਈ ਕਾਨ੍ਹ ਸਿੰਘ ਨਾਭਾ ਦੇ ਨਾਲ ਪੂਰਾ ਤਾਲ-ਮੇਲ ਰਹਿੰਦਾ ਸੀ। ਖਾਲਸਾ ਕਾਲਜ, ਅੰਮ੍ਰਿਤਸਰ ਦੀ ਈਮਾਰਤ ਦੀ ਉਸਾਰੀ ਵਿਚ ਆਈਆਂ ਅੜਚਨਾਂ ਨੂੰ ਆਪਣੇ ਕੁਸ਼ਲ ਰਾਜਨੀਤਕ ਅਤੇ ਧਾਰਮਿਕ ਤਜੁਰਬੇ ਨਾਲ ਬਹੁਤ ਥੋੜੇ ਸਮੇਂ ਵਿਚ ਭਾਈ ਸਾਹਿਬ ਨੇ ਹੱਲ ਕਰ ਦਿੱਤਾ ਸੀ। ਅੰਗ੍ਰੇਜ਼ੀ ਅਤੇ ਫਾਰਸੀ ਦੇ ਵਿਦਵਾਨ ਹੋਣ ਦੇ ਨਾਲ ਹੀ ਨਾਲ ਹਿੰਦੀ ਭਾਸ਼ਾ ’ਤੇ ਵੀ ਉਨ੍ਹਾਂ ਦੀ ਬਹੁਤ ਚੰਗੀ ਪਕੜ ਸੀ। ਉਨਾਂ ਨੇ ਆਪਣੀਆਂ ਕਈ ਮੁਢਲੀਆਂ ਲਿਖਤਾਂ ਪਹਿਲਾਂ ਹਿੰਦੀ ਵਿਚ ਹੀ ਲਿਖੀਆਂ ਸਨ।
ਸਿੱਖ ਰਹਿਤ ਮਰਿਯਾਦਾ ਦਾ ਖਰੜਾ 1936 ਵਿਚ ਜਦੋਂ ਲਗਭਗ ਤਿਆਰ ਹੋ ਚੁਕਿਆ ਸੀ ਉਸ ਵੇਲੇ ਕੌਮ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ, 1936 ਵਿਚ ਭਾਈ ਕਾਨ੍ਹ ਸਿੰਘ ਨੂੰ ਵੀ ਸੱਦਾ ਦਿੱਤਾ ਗਇਆ। ਉਸ ਵੇਲੇ ਦੇ ਹਾਲਾਤ ਠੀਕ ਅੱਜ ਵਰਗੇ ਹੀ ਸਨ। ਸਿੱਖ ਕੌਮ ਦੇ ਅਹਿਮ ਫੈਸਲਿਆਂ ਵਿਚ ਬ੍ਰਾਹਮਣਵਾਦੀ ਤਾਕਤਾਂ ਦੇ ਏਜੰਟ (ਕੇਸਾਧਾਰੀ ਰੂਪ ਵਿਚ) ਉਸ ਵੇਲੇ ਵੀ ਹਾਵੀ ਰਹਿੰਦੇ ਸਨ। ਇਹ ਘੁਸਪੈਠੀਏ ਇਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਜੇ ਭਾਈ ਕਾਨ੍ਹ ਸਿੰਘ ਨਾਭਾ ਵਰਗੇ ਪੰਥ ਫ਼-ਦਰਦੀ ਤੇ ਸਿੱਖ ਜਗਤ ਦੇ ਇਸ ਵਿਦਵਾਨ ਦਾ ਨਾਮ ਇਸ ਖਰੜੇ ਵਿਚ ਦਰਜ ਹੋ ਗਇਆ, ਤਾਂ ਇਸ ਖਰੜੇ ਨੂੰ ਬਹੁਤੇ ਸਿੱਖਾਂ ਨੇ ਮਾਨਤਾ ਦੇ ਦੇਣੀ ਹੈ। ਭਾਈ ਕਾਨ੍ਹ ਸਿੰਘ ਨੇ ਵੇਖਿਆ ਤਾਂ ਹੈਰਾਨ ਰਹਿ ਗਏ ਕਿ ਸਿੱਖ ਰਹਿਤ ਮਰਿਯਾਦਾ ਦੇ ਨਾਮ ਤੇ ਸਿੱਖ ਕੌਮ ਨੂੰ ਸਦੀਵੀ ਤੌਰ ਤੇ ੱਬਚਿੱਤ੍ਰ ਨਾਟਕ- ਨਾਲ ਜੋੜ ਦਿਤਾ ਗਇਆ ਹੈ। ਸਾਧੂ ਦਯਾਨੰਦ ਦੇ ਚੇਲਿਆਂ ਦੇ ਪੂੰਜੀਵਾਦੀ ਹੱਥਾਂ ਵਿਚ ਪੂਰੀ ਤਰ੍ਹਾਂ ਵਿਕ ਚੁਕੇ ਸਿੱਖ, ਇਸ ਖਰੜੇ ਨੂੰ ਪਾਸ ਕਰਵਾਉਣ ਵਿਚ ਇਕ ‘ਕੇਟਾਲਿਸਟ’ (ਰਸਾਇਨਕ ਕ੍ਰਿਆ ਵਿਚ ਤੇਜ਼ੀ ਲਿਆਉਣ ਵਾਲੇ ਪਦਾਰਥ) ਦਾ ਰੋਲ ਨਿਭਾ ਰਹੇ ਸਨ। ਅਪਨੇ ਜੀਵਨ ਕਾਲ ਦੇ ਅੰਤਿਮ ਪੜਾਉ ਤੇ ਖੜੇ ਭਾਈ ਸਾਹਿਬ ਬਿਲਕੁਲ ਇਕੱਲੇ ਸਨ ਤੇ ਇਨਾਂ ਸਿੱਖ-ਵਿਰੋਧੀ ਸ਼ਕਤੀਆਂ ਦਾ ਢੁਕਵਾਂ ਵਿਰੋਧ ਸ਼ਾਇਦ ਨਹੀਂ ਕਰ ਸਕੇ। 1939 ਵਿਚ ਭਾਈ ਸਾਹਿਬ ਅਕਾਲ ਚਲਾਣਾ ਕਰ ਗਏ।
ਸਿੱਖ ਰਹਿਤ ਮਰਿਯਾਦਾ ਦੀ ਅਰਦਾਸ ਵਿਚ ਬਚਿਤ੍ਰ ਨਾਟਕ ਦੀ ਨਾਈਕਾ "ਭਗੌਤੀ ਦੇਵੀ" ਸਾਡੀ ਪੂਜਨੀਕ ਦੇਵੀ ਬਣ ਕੇ ਖੜੀ ਹੋ ਚੁੱਕੀ ਸੀ। ਸਾਨੂੰ ਇਸ ਸਿੱਖ ਰਹਿਤ ਮਰਿਆਦਾ ਦੇ ਇਸ "ਕਾਨੂੰਨ" ਨਾਲ ਬੰਨ੍ਹ ਦਿਤਾ ਗਇਆ ਸੀ ਕੇ ਤੁਸੀਂ ਪਹਿਲਾਂ ੱਭਗੌਤੀ- ਨੂੰ ਸਿਮਰਨਾ ਹੈ, ਫੇਰ ਗੁਰੁ ਨਾਨਕ ਦਾ ਨਾਮ ਲੈਣਾ ਹੈ। (ਪ੍ਰਥਮ ਭਗਉਤੀ ਸਿਮਰ ਕੇ ਗੁਰ ਨਾਨਕ ਲਈ ਧਿਆਏ।)। ਅਸੀਂ ਇਕ "ਅਕਾਲ ਪੁਰਖ" ਦੇ ਪੁਜਾਰੀ ਤੇ "ਸ਼ਬਦ ਗੁਰੁ" ਦੇ ਸਿੱਖ ਸਾਂ। ਸਾਨੂੰ "ਦੁਰਗਾ, ਕਾਲਕਾ, ਚੰਡੀ, ਕਾਲ ਭਗੌਤੀ, ਖੜਗਕੇਤ, ਸ੍ਰੀਅਸਧੁਜ ਤੇ ਸ਼ਿਵਾ ਦਾ ਪੁਜਾਰੀ ਬਣਾ ਦਿਤਾ ਗਇਆ ਸੀ। ਸਿੱਖ ਕੌਮ ਨੂੰ ਉਸ "ਚੌਪਈ" ਨਾਲ ਸਦੀਵੀ ਜੋੜ ਦਿੱਤਾ ਗਇਆ ਸੀ, ਜਿਸ ਵਿਚ ਸਾਡਾ ਸਰਬੰਸਦਾਨੀ ਗੁਰੂ, ਜਿਸਨੇ ਆਪਣਾ ਸਾਰਾ ਪਰਿਵਾਰ "ਪੰਥ" ਦੇ ਲੇਖੇ ਲਾ ਦਿਤਾ) "ਖੜਗ ਕੇਤ" ਤੇ "ਸ਼੍ਰੀ ਅਸਧੁਜ" ਨਾਮਕ ਦੇਵਤੇ ਅੱਗੇ ਗਿੜਗਿੜਾ ਗਿੜਗਿੜਾ ਕੇ ਆਪਣੇ ਪਰਿਵਾਰ ਦੀ ਰੱਖਿਆ ਕਰਨ ਦਾ ਵਰ ਮੰਗ ਰਿਹਾ ਸੀ :
ਸੁਖੀ ਬਸੈ ਮੋਰੋ ਪਰਿਵਾਰਾ……।
ਖੜਗ ਕੇਤ ਮੈ ਸਰਣ ਤਿਹਾਰੀ………।
ਅਪਨੇ ਦੁਸ਼ਮਣਾਂ ਕੋਲੋਂ ਡਰਦਾ ਹਮਰੇ ਦੁਸਟ ਸਬੈ ਤੁਮ ਘਾਵਹੁ…… ਦੀ ਅਰਦਾਸ ਕਰ ਰਿਹਾ ਸੀ (ਇਸ ਰਚਨਾ ਨੂੰ ਗੁਰੁ ਕ੍ਰਿਤ ਕਹਿਣ ਵਾਲਿਆਂ ਮੁਤਾਬਿਕ)।
ਦਾਸ ਦੇ ਇਸ ਲੇਖ ਦਾ ਵਿਸ਼ਾ ਇਹ ਨਹੀ ਹੈ ਲੇਕਿਨ ਕਿਉਂਕਿ ਇਥੇ "ਰਹਿਤ ਮਰਿਯਾਦਾ" ਦਾ ਜ਼ਿਕਰ ਆਇਆ ਹੈ, ਇਸਲਈ ਅਪਣੇ ਉਨਾਂ ਵਿਦਵਾਨ ਵੀਰਾਂ ਦੇ ਮਨ ਵਿਚ ਪੈਦਾ ਹੋਣ ਵਾਲੀ ਸ਼ੰਕਾ ਦਾ ਨਿਵਾਰਣ ਕਰ ਕੇ ਹੀ ਅੱਗੇ ਵਧਣਾ ਠੀਕ ਸਮਝਦਾ ਹਾਂ। ਉਹ ਵੀਰ ਇਹ ਵੀ ਸੋਚ ਸਕਦੇ ਹਨ ਕੇ ਰਹਿਤ ਮਰਿਯਾਦਾ ਬਾਰੇ ਦਾਸ ਦਾ ਨਜ਼ਰੀਆ ਬਦਲ ਤਾਂ ਨਹੀ ਗਇਆ? ਦਾਸ ਦਾ ਕੋਈ ਨਜ਼ਰੀਆ ਬਦਲਿਆ ਨਹੀਂ ਹੈ। ਲਗਭਗ 25 ਵਰਿਅ੍ਹਾਂ ਤੋਂ ਦਾਸ ਨਾ ਤਾਂ ਆਪਣੇ ਘਰ ਚੌਪਈ ਪੜ੍ਹਦਾ ਹੈ ਤੇ ਨਾ ਹੀ "ਭਗੌਤੀ" ਅੱਗੇ ਅਰਦਾਸ ਕਰਦਾ ਹੈ। ਲੇਕਿਨ ਦਾਸ ਕਈ ਵਾਰ ਪਹਿਲਾਂ ਵੀ ਇਹ ਲਿਖ ਚੁਕਿਆ ਹੈ ਕੇ "ਰਹਿਤ ਮਰਿਯਾਦਾ" ਨੂੰ ਸੋਧਣਾ ਇਕ-ਦੋ ਬੰਦਿਆਂ ਦਾ ਕੰਮ ਨਹੀ ਹੈ। ਜੇ ਦਾਸ ਵਰਗੇ ਸੌ, ਦੋ ਸੌ ਜਾਂ ਹਜ਼ਾਰ-ਦੋ ਹਜ਼ਾਰ ਬੰਦੇ ਵੀ ਅਪਣੇ ਘਰ ਵਿਚ ਇਨਾਂ ਬਾਣੀਆਂ ਦਾ ਪਾਠ ਨਾਂ ਕਰਨ; ਤਾਂ ਵੀ ਉਹ, ਕੌਮ ਦੀ ‘ਮਰਿਯਾਦਾ’, ‘ਕਾਨੂੰਨ’ ਜਾਂ ‘ਸੰਵਿਧਾਨ’ ਨਹੀਂ ਬਣ ਸਕਦਾ। ਇਸ ਦਾ ਫੈਸਲਾ ‘ਸਰਬਤ ਖਾਲਸਾ’ ਦੇ ਇਕੱਠ ਵਿਚ ਹੀ ਕੀਤਾ ਜਾਣਾ ਚਾਹੀਦਾ ਹੈ। ਅਸੀਂ ਜੋ ਵੀ ਸੋਧਾਂ ਕਰਨੀਆਂ ਹਨ, ਉਨ੍ਹਾਂ ਦਾ ਖਰੜਾ ਤਿਆਰ ਰੱਖੀਏ ਤੇ ਉਸ ਤੇ ਲਗਾਤਾਰ ਆਪਣਾ "ਹੋਮ ਵਰਕ" ਵੀ ਕਰਦੇ ਰਹੀਏ। ਮੌਕਾ ਆਉਣ ’ਤੇ ਕਿਤੇ ਅਸੀਂ ਹਮੇਸ਼ਾ ਵਾਂਗ ਇਸ ਦੀਆਂ ਸੋਧਾਂ ਬਾਰੇ ਆਪਸ ਵਿਚ ਹੀ ਉਲਝ ਕੇ ਹੀ ਨਾ ਰਹਿ ਜਾਈਏ। ਸਭ ਤੋਂ ਪਹਿਲਾਂ ਤਾਂ ਇਕੱਠੇ ਹੋਵੀਏ, ਜਿਸਦੀ ਸਭ ਤੋਂ ਵੱਧ ਲੋੜ ਹੈ। ਜੇ ਸਰਬੱਤ ਖਾਲਸਾ ਇਨ੍ਹਾ ਸੋਧਾਂ ਨੂੰ ਪਰਵਾਨਗੀ ਦੇ ਦਿੰਦਾ ਹੈ, ਤਾਂ ਉਹ ਆਪ ਹੀ ਕਾਨੂੰਨ ਬਣ ਜਾਵੇਗਾ, ਜੋ ਸਭ ਸਿੱਖਾਂ ’ਤੇ ਲਾਗੂ ਹੋਵੇਗਾ। ਫਿਰ ਉਸ ਨੂੰ ਨਾ ਮੰਨਣ ਦਾ ਸਵਾਲ ਹੀ ਨਹੀਂ ਹੋਵੇਗਾ।
ਪੰਥ ਦੇ ਉਨਾਂ ਵਿਦਵਾਨਾਂ ਨਾਲ ਦਾਸ ਬਿਲਕੁਲ ਸਹਿਮਤ ਨਹੀਂ, ਜੋ ਇਹ ਕਹਿੰਦੇ ਹਨ ਕਿ ਪੰਥ ਦੇ ਵਿਦਵਾਨਾਂ ਨੇ ਮਿਲ ਬਹਿ ਕੇ ਇਸ ਰਹਿਤ ਮਰਿਯਾਦਾ ਨੂੰ ਤਿਆਰ ਕੀਤਾ ਹੈ; ਇਸਲਈ ਇਸ ਉਪਰ ਕਿੰਤੂ ਕਰਨ ਵੇਲੇ ਸੋਚ-ਵਿਚਾਰ ਕੇ ਗੱਲ ਕਰਨੀ ਚਾਹੀਦੀ ਹੈ। ਇਹ "ਰਹਿਤ ਮਰਿਯਾਦਾ" ਵੀ ਕੇਸਾਧਾਰੀ ਹਿੰਦੂਆਂ ਦੇ ਉਸੇ ਧੜੇ ਤੇ ਉਨ੍ਹਾਂ ਦੇ ਖਰੀਦੇ ਗਏ ਏਜੰਟਾਂ ਨੇ ਕੌਮ ਦੇ ਮੱਥੇ ਉਪਰ ਮੱੜ ਦਿੱਤੀ ਸੀ, ਜਿਨ੍ਹਾਂ ਨੇ ਅੱਜ ਦੇ ਸਮੇਂ ਵਿਚ ੱਧੁੰਮਾ ਛਾਪ ਕੈਲੰਡਰ- ਨੂੰ ਪੰਥ ਦੀ ਰਾਇ ਲਏ ਬਗੈਰ ਸਾਡੇ ਮੱਥੇ ਮੱੜ ਦਿਤਾ ਹੈ। ਇਨਾਂ ਲੋਕਾਂ ਦੀ ਵਜ੍ਹਾ ਨਾਲ ਹੀ ਨਾਨਕਸ਼ਾਹੀ ਕੈਲੰਡਰ ਦਸ ਵਰਿਅ੍ਹਾਂ ਤੱਕ ਠੰਡੇ ਬਸਤੇ ਵਿਚ ਬੰਦ ਪਿਆ ਰਿਹਾ। ਤੇ ਜੇ ਕਿਸੇ ਤਰ੍ਹਾਂ ਲਾਗੂ ਹੋਇਆ ਤਾਂ ਉਸ ਵਿਚ ਕਈ ਤਰ੍ਹਾਂ ਦੇ "ਕੰਮਪ੍ਰੋਮਾਈਜ" (ਸੰਗ੍ਰਾਂਦ, ਪੂਰਣਮਾਸੀ, ਮੱਸਿਆ ਅਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ ਆਦਿ।) ਕਰਨੇ ਪਏ। ਹਾਲਾਤ ਉਸ ਵੇਲੇ ਵੀ ਉਹੀ ਸਨ, ਜੋ ਅੱਜ ਹਨ।
ਪਾਠਕ ਵੀਰੋ ! ਇਹ ਤੇ ਸੀ ਭਾਈ ਵੀਰ ਸਿੰਘ ਅਤੇ ਭਾਈ ਕਾਨ੍ਹ ਸਿੰਘ ਨਾਭਾ ਨਾਲ ਕੌਮ ਅਤੇ ਕੌਮ ਦੇ ਆਗੂਆਂ ਦੇ ਕੀਤੇ ਵਿਤਕਰੇ ਅਤੇ ਵਰਤਾਉ ਦੀ ਕਹਾਣੀ। ਭਾਈ ਕਾਨ੍ਹ ਸਿੰਘ ਨਾਭਾ ਵਰਗਾ ਵਿਦਵਾਨ ਤਾਂ ਉਨਾਂ ਤੋਂ ਬਾਅਦ ਕੌਮ ਵਿਚ ਪੈਦਾ ਹੀ ਨਹੀ ਹੋਇਆ। ਲੇਕਿਨ ਭਾਈ ਵੀਰ ਸਿੱਘ ਵਰਗੇ ਕਈ ਸਿੱਖ ਆਏ ਤੇ ਚਲੇ ਗਏ। ਇਹ ਕਹਾਵਤ ਹੈ ਕਿ ਕੁਝ ਸਾਲਾਂ ਬਾਅਦ ਇਤਿਹਾਸ ਆਪਣੇ ਆਪ ਨੂੰ ਮੁੜ ਦੋਹਰਾਉਂਦਾ ਹੈ। ਹੋ ਸਕਦਾ ਹੈ ਅਜ ਤੋਂ 50 ਸਾਲ ਬਾਦ, ਨਵੀਂ ਪੀੜੀ ਦਾ ਕੋਈ ਲਿਖਾਰੀ ਦਾਸ ਦੇ ਇਸ ਸਿਰਲੇਖ ਨੂੰ ਦੋਬਾਰਾ ਲਿਖੇ ਜਾਂ ਪੂਰਾ ਕਰੇ ਤੇ ਉਸ ਦੇ ਸਿਰਲੇਖ ਦਾ ਮਜਮੂਨ ਵੀ ਸ਼ਾਇਦ ਇਹ ਹੋਵੇ "ਸੰਤ ਸਿੰਘ ਮਸਕੀਨ ਬਨਾਮ …………"। ਇਸ ਖਾਲੀ ਥਾਂ ਤੇ ਕਿਸੇ ਵੀ ੱਸਿੱਖ ਵਿਦਵਾਨ- ਦਾ ਨਾਮ ਹੋ ਸਕਦਾ ਹੈ ਲੇਕਿਨ ਪਹਿਲੀ ਥਾਂ ਤੇ ਭਾਈ ਵੀਰ ਸਿੰਘ ਦੀ ਥਾਂ ਸੰਤ ਸਿੰਘ ਮਸਕੀਨ ਦਾ ਨਾਮ ਬਿਲਕੁਲ ਫਿੱਟ ਬੈਠਦਾ ਹੈ। ਦਾਸ ਇਸ ਲੇਖ ਨੂੰ ਇਥੇ ਅਧੂਰਾ ਹੀ ਛੱਡ ਰਿਹਾ ਹੈ। ਜਦੋਂ ਤਕ ਇਸ ਸਿਰਲੇਖ ਦੀ ਖਾਲੀ ਥਾਂ ਭਰਨ ਵਾਲਾ ਕੋਈ ੱਕਾਨ੍ਹ ਸਿੱਖ ਨਾਭਾ- ਕੌਮ ਨੂੰ ਨਹੀ ਮਿਲ ਜਾਂਦਾ ਇਹ ਲੇਖ ਅਧੂਰਾ ਹੀ ਰਹੇਗਾ।
‘ਪੰਥ ਰਤਨ’, ‘ਬ੍ਰਹਮਗਿਆਨ’-, ਪੰਥ ਦੇ ਮਹਾਨ ਕਥਾ ਵਾਚਕ ਅਤੇ "ਗੁਰਮਤਿ ਮਾਰਤੰਡ" ਗਿਆਨੀ ਸੰਤ ਸਿੰਘ ਜੀ ਮਸਕੀਨ ਨੂੰ ਉਨਾਂ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ "ਗੁਰਮਤ ਮਾਰਤੰਡ" ਦੀ ਉਪਾਧੀ ਨਾਲ ਸਨਮਾਨਿਤ ਕੀਤਾ। ਭਾਵੇਂ ਸ਼੍ਰੋਮਣੀ ਕਮੇਟੀ ਨੂੰ ਆਪ ਇਸ ਕਿਤਾਬ ਦੇ ਲਿਖਾਰੀ ਦਾ ਨਾਮ ਵੀ ਕਦੀ ਚੇਤੇ ਨਹੀਂ ਆਇਆ ਹੋਣਾ। ਨਾਲ ਹੀ ਉਨ੍ਹਾਂ ਦੇ ਪਰਿਵਾਰ ਨੂੰ ਦਸ ਲੱਖ ਰੁਪਿਆ ਨਗਦ ਦਿੱਤਾ (ਜੋ ਗੁਰੂ ਘਰ ਦੇ ਸ਼ਰਧਾਲੂਆਂ ਨੇ ਆਪਣੀ ਕਿਰਤ ਕਮਾਈ ਵਿਚੋਂ ਦਸਵੰਧ ਕੱਢ ਕੇ ਗੁਰੂ ਘਰ ਲਈ ਭੇਟ ਕੀਤਾ ਸੀ।) ਪੰਥ ਦੇ ਸਭ ਤੋਂ ਅਮੀਰ ਕਥਾਵਾਚਕ ਦੇ ਬੱਚਿਆਂ ਨੂੰ ਗੁਰੂ ਘਰ ਦੀ ਗੋਲਕ ਵਿਚੋਂ ਦਸ ਲੱਖ ਰੁਪਿਆ ਦੇ ਦਿੱਤਾ ਗਇਆ ਪਰ ਇਸ ਕਮੇਟੀ ਨੂੰ 26 ਵਰ੍ਹਿਆਂ ਤੋਂ ਜੇਲ੍ਹਾਂ ਵਿਚ ਬੰਦ ਬੇਦੋਸ਼ੇ ਸਿੱਖਾਂ ਦੇ ਬਚਿੱਆਂ ਅਤੇ ਬੁੱਡੇ-ਠੇਰੇ ਮਾਪਿਆਂ ਦੀ ਯਾਦ ਤਾਂ ਕਦੀ ਨਹੀਂ ਆਈ ਕਿ ਉਹ ਕਿਧਰੇ ਜਿਉਂਦੇ ਨੇ ਜਾਂ ਮਰ ਗਏ ਨੇ।
ਪਾਠਕ ਸਜਣੋ ! ਕਹਿੰਦੇ ਹਨ ਕਿ ਬਹੁਤਾ ਵੱਡਾ ਲੇਖ ਪਾਠਕ ਪੜਦੇ ਨਹੀਂ। ਜੇ ਲਿਖਦਾ ਰਿਹਾ ਤਾਂ ਇਹ ਲੇਖ ਇਕ ਕਿਤਾਬ ਦਾ ਰੂਪ ਲੈ ਲਵੇਗਾ। ਇਸ ਲਈ ਜੇ ਵਧੇਰੇ ਜਾਨਕਾਰੀ ਚਾਹੁੰਦੇ ਹੋ ਤਾਂ ਇਸ ਵਿਸ਼ੇ ਨਾਲ ਸਬੰਧਿਤ ਲੇਖ ਜੋ ਸਿੱਖ ਮਾਰਗ.ਕਾਮ ਤੇ ਹੇਠ ਲਿਖੇ ਸਿਰਲੇਖਾਂ ਅਤੇ ਲਿੰਕ ਤੇ ਲਗੇ ਹੋਏ ਹਨ, ਪੜ੍ਹਨ ਦੀ ਕਿਰਪਾਲਤਾ ਕਰਨੀ ਜੀ। ਇਨ੍ਹਾਂ ਲੇਖਾਂ ਨੂੰ ਪੜੇ ਬਿਨਾਂ ਪਾਠਕਾਂ ਨੂੰ ਦਾਸ ਦੇ ਇਸ ਲੇਖ ਦੀ ਸਾਰਥਕਤਾ ਅਧੂਰੀ ਜਹੀ ਲਗੇਗੀ। ਇਸ ਲਈ ਇਨ੍ਹਾਂ ਲੇਖਾਂ ਨੂੰ , ਦਿਤੇ ਗਏ ਕ੍ਰਮ ਅਨੁਸਾਰ (ਲੜੀਵਾਰ) ਪੜ੍ਹਨ ਦੀ ਖੇਚਲ ਕਰਨੀ ਜੀ।
1) ਚਰਿਤ੍ਰਯੋ ਪਾਖਿਯਾਣ ਦਸ਼ਮੇਸ਼ ਬਾਣੀ ਨਹੀਂ……। ਪ੍ਰਿੰਸੀਪਲ
ਗਿਆਨੀ ਸੁਰਜੀਤ ਸਿੰਘ ਮਿਸ਼ਨਰੀ
ਲਿੰਕ -
http://www.sikhmarg.com/chritro.html
2) ਸੰਤ ਸਿੰਘ ਮਸਕੀਨ ਨਾਲ ਇਕ ਮੁਲਾਕਾਤ- ਉਨ੍ਹਾਂ ਦੇ ਅਕਾਲ ਚਲਾਣੇ ਤੋਂ ਇਕ ਦਿਨ
ਪਹਿਲਾਂ-ਇੰਦਰਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀ। (ਦਾਸ ਨੇ ਇਹ ਲੇਖ ਸਿੱਖ ਮਾਰਗ ਤੇ ਅਜ ਤੋਂ 5-6
ਸਾਲ ਪਹਿਲਾਂ ਪਾਇਆ ਸੀ। )
ਲਿੰਕ -
http://www.sikhmarg.com/2005/0703-maskeen-mulakaat.html
3) ਸੰਤ ਸਿੰਘ ਮਸਕੀਨ ਨੂੰ ਖੁਲੀ ਚਿੱਠੀ-ਕਮਾਂਡਰ ਗੁਰਮੁਖ ਸਿੰਘ
ਲਿੰਕ -
http://www.sikhmarg.com/ 2005/0102-letter-to-maskeen.html
ਅੱਜ ਦੇ ਹਾਲਾਤ ਵਿਚ ਲੋੜ ਹੈ ਭਾਈ ਕਾਨ੍ਹ ਸਿੰਘ ਨਾਭਾ, ਗਿਆਨੀ ਦਿੱਤ ਸਿੰਘ, ਭਾਈ ਗੁਰਮੁਖ ਸਿੰਘ, ਕਰਮ ਸਿੰਘ ਹਿਸਟੋਰੀਅਨ ਅਤੇ ਪ੍ਰੋਫੈਸਰ ਸਾਹਿਬ ਸਿੰਘ ਵਰਗੇ ਵਿਦਵਾਨਾਂ ਦੀ ਜੋ ਕੌਮ ਨੂੰ ਇਕ ਸਹੀ ਦਿਸ਼ਾ ਦੇ ਸਕਣ। ਐਸੇ ਆਗੂ ਜੋ ਕੌਮ ਦੇ ਹਿੱਤਾਂ ਨੂੰ ਵੇਚ ਕੇ ਉਪਾਧੀਆਂ ਇਕੱਠੀਆਂ ਕਰਦੇ ਤੇ ਗਿਆਨ ਵਿਹੂਣੀ ਰਈਅਤ ਨੂੰ ਆਪਣੀ ਫੋਕੀ ਫਿਲਾਸਫੀ ਭਰੀਆਂ ਗੱਲਾਂ ਸੁਣਾ-ਸੁਣਾ ਕੇ ਮੁਸਦੇ ਹਨ; ਪੰਥ ਲਈ ਉਨਾਂ ਦਾ ਯੋਗਦਾਨ ਸਿਫਰ ਹੁੰਦਾ ਹੈ। ਐਸੇ ਅਖੌਤੀ ‘ਪੰਥ ਰਤਨਾਂ’ ਤੋਂ ‘ਗੁਦੜੀ ਦੇ ਲਾਲ’ ਹੀ ਚੰਗੇ।