Subscription About Us Contact Us


ਨਵੀਆਂ ਪ੍ਰਕਾਸ਼ਿਤ/ਪ੍ਰਾਪਤ ਹੋਈਆਂ ਪੁਸਤਕਾਂ

- ਇੰਡੀਆ ਅਵੇਅਰਨੈੱਸ ਬਿਉਰੋ -

ਗੁਰੂ ਕਿ ਰੱਬ ਦਾ ਡਰ

ਸਿੱਖ ਕੌਮ ਦੀ ਲਗਾਤਾਰ ਅਤੇ ਤੇਜ਼ੀ ਨਾਲ ਨਿਘਰਦੀ ਹਾਲਤ ਤੋਂ ਹਰ ਪੰਥ-ਦਰਦੀ ਫਿਕਰਮੰਦ ਹੈ ਤੇ ਇਸ ਰੁਝਾਨ ਦੇ ਕਾਰਨਾਂ ਅਤੇ ਇਸਨੂੰ ਰੋਕਣ ਦੇ ਤਰੀਕਿਆਂ ਬਾਰੇ ਸੁਝਾਅ ਆਪਣੀ ਸਮਝ ਅਨੁਸਾਰ ਪੇਸ਼ ਕਰ ਰਿਹਾ ਹੈ। ਇਸੇ ਕੜੀ ਵਿਚ ਆਸਟ੍ਰੇਲੀਆ ਦੇ ਨਿਵਾਸੀ ਭਾਈ ਰਜਿੰਦਰ ਸਿੰਘ ਗੈਬੀ ਨੇ ਵੀ ਉਕਤ ਪੁਸਤਕ ਵਿਚ ਸਿੱਖਾਂ ਦੇ ਗੁਰਮਤਿ ਸਿਧਾਂਤਾਂ ਅਤੇ ਵਿਰਾਸਤ ਤੋਂ ਟੁੱਟਦੇ ਜਾਣ ਦੇ ਕਾਰਨਾਂ ਦੀ ਪੜਚੋਲ ਕਰਦਿਆਂ ਇਸ ਬਾਬਤ ਸੁਝਾਅ ਪੇਸ਼ ਕੀਤੇ ਹਨ। ਲੇਖਕ ਦੱਸਦਾ ਹੈ ਕਿ ਘਰਾਂ ਵਿਚ ਮਾਪਿਆਂ, ਦੋਸਤਾਂ-ਰਿਸ਼ਤੇਦਾਰਾਂ ਅਤੇ ਮੀਡੀਆ ਵੱਲੋਂ ਲਗਾਤਾਰ ਪ੍ਰਚਾਰੀ ਜਾ ਰਹੀ ਪਦਾਰਥਵਾਦੀ ਅਤੇ ਗੁਰਮਤਿ ਵਿਰੋਧੀ ਵਿਚਾਰਧਾਰਾ ਕਾਰਨ ਬੱਚਿਆਂ ਨੂੰ ਆਤਮਕ ਵਿਕਾਸ ਦੇ ਧਾਰਮਕ ਨੇਮ/ਸਿਧਾਂਤ/ਸੰਸਕਾਰ ਇਕ ‘ਫਿਜ਼ੂਲ’ ਦਾ ਵਿਸ਼ਾ ਅਤੇ ਬਹੁਤੀ ਵਾਰੀ ਇਕ ‘ਭਾਰ’ ਜਿਹਾ ਮਹਿਸੂਸ ਹੋਣ ਲੱਗ ਪੈਂਦੇ ਹਨ। ਲੇਖਕ ਨੇ ਨੌਜੁਆਨਾਂ ਦਾ ਮਨੋਬਲ ਡਿਗਾਉਣ ਅਤੇ ਉਨ੍ਹਾਂ ਨੂੰ ਪਤਿਤਪੁਣ ਦੀ ਰਾਹ ਚੁਣਨ ’ਤੇ ਮਜਬੂਰ ਕਰਨ ਲਈ ਸਿੱਖਾਂ ਦੇ ਧਾਰਮਕ ਅਸਥਾਨਾਂ, ਗ੍ਰੰਥੀਆਂ/ਪ੍ਰਚਾਰਕਾਂ; ਬੁੱਧੀਜੀਵੀਆਂ, ਧਾਰਮਕ ਆਗੂਆਂ ਦੀ ਨਾਂਹ-ਪੱਖੀ ਭੂਮਿਕਾ ਦੀ ਵੀ ਪੜਚੋਲ ਕੀਤੀ ਹੈ। ਲੇਖਕ ਨੇ ਸੰਤਾਂ-ਬਾਬਿਆਂ ਦਿਆਂ ਡੇਰਿਆਂ ਵੱਲੋਂ ਕੀਤੀਆਂ ਜਾ ਰਹੀਆਂ ਗੁਰਮਤਿ-ਵਿਰੋਧੀ ਕਾਰਵਾਈਆਂ ਆਦਿਕ ਚਰਚਾ ਕਰਨ ਉਪਰੰਤ ਇਨ੍ਹਾਂ ਸਾਰੀਆਂ ਧਿਰਾਂ ਤੋਂ ਸਿੱਖੀ ਨੂੰ ਬਚਾਉਣ ਲਈ ਖੁੱਲੇ ਵਿਚਾਰ ਅਤੇ ਸੁਝਾਅ ਵੀ ਪੇਸ਼ ਕੀਤੇ ਹਨ। ਇਸਦੇ ਇਲਾਵਾ ਲੇਖਕ ਨੇ ਨੌਜੁਆਨਾਂ ਨੂੰ ਗਿਆਨ ਗੁਰੂ ਦੀ ਮਹੱਤਤਾ ਖੰਡੇ-ਬਾਟੇ ਦੀ ਪਾਹੁਲ ਜਿਹੇ ਧਾਰਮਕ ਸੰਸਕਾਰਾਂ ਦੀ ਮਹੱਤਤਾ ਤੋਂ ਵੀ ਜਾਣੂ ਕਰਵਾਇਆ ਹੈ। ਹਰ ਲੇਖ ਵਿਚ ਲੇਖਕ ਨੇ ਆਪਣੇ ਵਿਚਾਰਾਂ ਦੀ ਪ੍ਰੋੜ੍ਹਤਾ ਲਈ ਗੁਰਬਾਣੀ ਦੇ ਬੇਅੰਤ ਪ੍ਰਮਾਣ ਦਿੱਤੇ ਹਨ। ਸਿੱਖਾਂ ਨੂੰ ਆਪਣੇ ਮਾੜੇ ਵਰਤਮਾਨ ਅਤੇ ਖੌਫਨਾਕ ਭਵਿੱਖ ਬਾਰੇ ਹਲੂਣਾ ਦੇਣ ਲਈ ਸਰਗਰਮ ਜਥੇਬੰਦੀਆਂ/ਪ੍ਰਚਾਰਕਾਂ ਲਈ ਇਹ ਪੁਸਤਕ ਕਾਫੀ ਗਿਆਨਦਾਇਕ ਸਾਬਿਤ ਹੋ ਸਕਦੀ ਹੈ।

150 ਰੁਪਏ ਮੁੱਲ ਦੀ ਇਸ ਪੁਸਤਕ ਨੂੰ ਪ੍ਰਾਪਤ ਕਰਨ ਦਾ ਪਤਾ ਹੈ :

ਭਾਰਤ : ਭਾਈ ਚਤਰ ਸਿੰਘ ਜੀਵਨ ਸਿੰਘ, ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ
ਫੋਨ : 91-183-2542346, 2547974
ਆਸਟ੍ਰੇਲੀਆ : ਰਜਿੰਦਰ ਸਿੰਘ ਗੱਬੀ
734, Ferntree Gully Road, Wheelers Hill, Victoria, Austriala-3150
Ph. : 613-9560-2942
Email : rsgabbijp@yahoo.com.au

ਗੁਰਮਤਿ ਨਾਮ ਸਿਮਰਨ

ਸਿੱਖਾਂ ਨੂੰ ਸਰਲ ਤੇ ਸਪਸ਼ਟ ਗੁਰਮਤਿ ਵਿਚਾਰਧਾਰਾ ਬਾਰੇ ਉਲਝਾਉਣ (ਫਰਅਚਿਤਕ ਕਰਨ) ਲਈ ਮਨਮਤੀ ਪ੍ਰਚਾਰਕਾਂ/ਜੱਥਿਆਂ ਵੱਲੋਂ ‘ਨਾਮ ਸਿਮਰਨ’ ਦੇ ਵਿਸ਼ੇ ਨੂੰ ਬਹੁਤ ਹੀ ਗੁੰਝਲਦਾਰ ਅਤੇ ਰਹੱਸਮਈ ਬਣਾ ਕੇ, ਨਾਮ ਸਿਮਰਨ ਦੀ ‘ਅਸਲ’ ਵਿਧੀ ਬਾਰੇ ਇਕ ਹਊਆ ਜਿਹਾ ਖੜਾ ਕਰ ਦਿੱਤਾ ਗਿਆ ਹੈ। ਇਸਲਈ ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਕਨਵੀਨਰ ਭਾਈ ਰਜਿੰਦਰ ਸਿੰਘ ਖ਼ਾਲਸਾ ਵੱਲੋਂ ਸਰਲ ਸ਼ਬਦਾਵਲੀ ਵਿਚ ਨੁਕਤਾਵਾਰ ਲਿਖੀ ਗਈ ਇਸ ਪੁਸਤਕ ਦੇ ਹਰ ਅਧਿਆਏ ਵਿਚ, ਹਰ ਨੁਕਤੇ ਨੂੰ ਸਪਸ਼ਟ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਮਾਣਾਂ ਦੀ ਵਰਤੋਂ ਕੀਤੀ ਗਈ ਹੈ। ਲੇਖਕ ਨੇ ਇਸ ਗੱਲ ਦਾ ਧਿਆਨ ਵੀ ਰੱਖਿਆ ਹੈ ਕਿ ਉਹ ਆਪਣੇ ਵਿਚਾਰਾਂ ਦਾ ਮਨ-ਚਾਹਿਆ ਪ੍ਰਭਾਵ ਦੇਣ ਲਈ ਲਫ਼ਜ਼ੀ ਅਰਥਾਂ ਦੇ ਅਧਾਰ ’ਤੇ ਗੁਰਬਾਣੀ ਦੀਆਂ ਤੁਕਾਂ ਦੀ ਵਰਤੋਂ ਕਰਨ ਦੀ ਬਜਾਏ, ਗੁਰਬਾਣੀ ਦੀਆਂ ਤੁਕਾਂ ਦੇ ਅਧਾਰ ’ਤੇ ਕੋਈ ਨਤੀਜਾ ਪੇਸ਼ ਕਰੇ। ਲਫ਼ਜ਼ੀ ਰਟਨ ਦੀਆਂ ਉਲਝਣਾਂ ਵਿਚ ਫਸੇ ਲੋਕਾਂ ਨੂੰ ਸੱਚ ਤੋਂ ਜਾਣੂ ਕਰਵਾਉਣ ਲਈ ਇਹ ਪੁਸਤਕ ਇਕ ਹਵਾਲੇ ਦਾ ਕੰਮ ਕਰ ਸਕਦੀ ਹੈ। 60 ਰੁਪਏ ਮੁੱਲ ਦੀ ਇਸ ਪੁਸਤਕ ਨੂੰ ਪ੍ਰਾਪਤ ਕਰਨ ਦਾ ਪਤਾ ਹੈ:

ਖ਼ਾਲਸਾ ਵਿਰਾਸਤ ਪਬਲਿਕੇਸ਼ਨਜ਼,
193/1, ਸੈਕਟਰ-45ਏ, ਚੰਡੀਗੜ੍ਹ
ਫੋਨ : 9876104726
ਜਾਂ
ਸਿੰਘ ਬ੍ਰਦਰਜ਼, ਸਿਟੀ ਸੈਂਟਰ, ਮੇਨ ਬਸ ਸਟੈਂਡ
ਦੇ ਸਾਹਮਣੇ, ਅੰਮ੍ਰਿਤਸਰ-143006

ਗੁਪਤ ਚਿਤਵਨ

‘ਗੁਪਤ ਚਿਤਵਨ’ ਇੰਗਲੈਂਡ ਵਾਸੀ ਸ਼ਾਇਰ ਗਿਆਨੀ ਗੁਰਮੇਲ ਸਿੰਘ ‘ਗੁਪਤ’ ਹੁਰਾਂ ਦਾ ਦੂਜਾ ਸਾਹਿਤਕ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਸੰਨ 1998 ਦੇ ਦੌਰਾਨ, ਉਨ੍ਹਾਂ ਦਾ ਪਹਿਲਾ ਕਾਵਿ-ਸੰਗ੍ਰਹਿ ‘ਗੁਪਤ ਰੀਝਾਂ’ ਸਿਰਲੇਖ ਹੇਠ ਪ੍ਰਕਾਸ਼ਿਤ ਹੋਇਆ ਸੀ। 22 ਕੁ ਵਰ੍ਹਿਆਂ ਦਾ ਇਹ ਵਕਫ਼ਾ, ਖ਼ਾਸਾ ਲੰਬਾ ਹੈ ਅਤੇ ਇਤਿਹਾਸਕ-ਸਭਿਆਚਾਰਕ ਦ੍ਰਿਸ਼ਟੀਦੋਣ ਤੋਂ ਕਾਫ਼ੀ ਮਹੱਤਵਪੂਰਨ ਵੀ। ਇਸ ਅਰਸੇ ਦੌਰਾਨ ਮਨੁੱਖੀ ਕਦਰਾਂ-ਕੀਮਤਾਂ ਵਿਚ ਹੋਈ ਬੇਇੰਤਹਾ ਟੁੱਟ-ਭੱਜ, ਵਿਸ਼ਵੀਕਰਨ ਦੇ ਪ੍ਰਭਾਵਾਂ ਅਧੀਨ ਹਰ ਸ਼ੈਅ ਦਾ ਮੰਡੀਕਰਨ ਹੋਣਾ ਅਤੇ ਮਨੁੱਖੀ ਆਤੰਕ ਦਾ ਖੌਫ਼ ਇਸ ਦੌਰ ਨਾਲ ਸਬੰਧਿਤ ਕੁਝ ਅਹਿਮ ਮਸਲੇ ਹਨ। ਇਸ ਸਭ ਦੀਆਂ ਕੁਝ ਧੁੰਨਾਂ ਸਾਨੂੰ ਇਸ ਕਾਵਿ-ਸੰਗ੍ਰਹਿ ਵਿਚੋਂ ਵੀ ਸੁਣਾਈ ਦਿੰਦੀਆਂ ਹਨ। ਇਸਦੇ ਇਲਾਵਾ ਕਵੀ ਨੇ ਕਵਿਤਾਵਾਂ ਅਤੇ ਗਜ਼ਲਾਂ ਦੀ ਇਸ ਸਾਂਝੇ ਸੰਗ੍ਰਹਿ ਵਿਚ ਥਾਂ-ਥਾਂ ’ਤੇ ਸਮਾਜ ਵਿਚ ਪ੍ਰਚਲਿਤ ਪਖੰਡਾਂ ਅਤੇ ਮਨੁੱਖਤਾ-ਵਿਰੋਧੀ ਰਸਮੋ-ਰਿਵਾਜਾਂ ’ਤੇ ਵੀ ਡੂੰਘੇ ਫਲਸਫ਼ੇ ਨਾਲ ਲਬਰੇਜ਼ ਲਫ਼ਜ਼ਾਂ ਨਾਲ ਟਕੋਰ ਕੀਤੀ ਹੈ:

ਨਾਲ ਤੇਰੇ ਰਲ ਬੈਠਣ ਦੀ ਥਾਂ
ਲੜਦੇ ਭਿੜਦੇ ਕਰਦੇ ਦੰਗੇ।
ਬਣੇ ਭੁਯੰਗਮ ਜ਼ਹਿਰਾਂ ਉਗਲਣ
ਅੰਮ੍ਰਿਤ ਹੀਣੇ ਵੀ ਭੁਜੰਗੇ।
ਵੈਰ ਜਿਵੇਂ ਵਿਚ ਖ਼ੂਨ ਦੇ ਰਚਿਆ
ਸਿਰ ਪਾੜਨ ਤੋਂ ਵੀ ਨ ਸੰਗੇ।

ਪੰਜਾਬੀ ਦੇ ਸਾਹਿਤ ਪ੍ਰੇਮੀਆਂ ਲਈ ਇਹ ਪੁਸਤਕ ਕਾਫੀ ਲਾਭਵੰਦ ਸਾਬਿਤ ਹੋਵੇਗੀ। 200 ਰੁਪਏ ਮੁੱਲ ਦੀ ਇਸ ਪੁਸਤਕ ਨੂੰ ਪ੍ਰਾਪਤ ਕਰਨ ਦਾ ਪਤਾ ਹੈ :

ਭਾਰਤ : ਮੋਹਨ ਸਿੰਘ ਬੈਰੀ
WZ-68A, Gali No. 9,
Varinder Nagar, New Delhi-110058

ਇੰਗਲੈਂਡ: ਗਿ: ਗੁਰਮੇਲ ਸਿੰਘ ਗੁਪਤ
37, Fairax Close, Swindon Wilts,
United Kingdom 5N3 3ET
Ph.: 079099521801