Subscription About Us Contact Us


ਪੱਤਰਕਾਰਤਾ ਨੂੰ ਨੀਚਤਾ ਦੀ ਹੱਦ ਤੇ ਪਹੁੰਚਾ ਰਿਹਾ ਸੌਦਾ ਸੰਪਾਦਕ

- ਕਿਰਪਾਲ ਸਿੰਘ ਬਠਿੰਡਾ -
ਫੋਨ : 09855480797

ਪ੍ਰੈਸ ਨੂੰ ਲੋਕਤੰਤਰ ਦਾ ਚੌਥਾ ਧੰਮ ਦੱਸ ਕੇ ਪ੍ਰਚਾਰਿਆ ਜਾ ਰਿਹਾ ਹੈ ਕਿ ਇਹ ਪ੍ਰੈਸ ਹੀ ਹੈ ਜਿਹੜਾ ਵਾਪਰ ਰਹੀਆਂ ਘਰਨਾਵਾਂ ਨੂੰ ਸਹੀ ਰੂਪ ਵਿਚ ਲੋਕਾਂ ਤੱਕ ਪਹੁੰਚਾ ਕੇ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣ ਵਾਲੇ ਸੱਤਾਧਾਰੀ ਰਾਜਨੀਤਕਾਂ, ਪ੍ਰਸ਼ਾਸ਼ਨ ਅਤੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਆਮ ਸ਼ਹਿਰੀਆਂ ਦੇ ਹੱਕਾਂ ’ਤੇ ਮਾਰੇ ਜਾ ਰਹੇ ਡਾਕੇ ਦਾ ਪਰਦਾਫਾਸ਼ ਕਰਦਾ ਹੈ। ਸਹੀ ਤੱਥ ਆਮ ਲੋਕਾਂ ਦੇ ਸਾਹਮਣੇ ਆਉਣ ਨਾਲ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ’ਚ ਵਿਰੋਧੀ ਧਿਰ ਦਾ ਰੋਲ ਨਿਭਾ ਰਹੇ ਰਾਜਨੀਤਿਕ ਆਗੂ ਪ੍ਰੈਸ ਦੇ ਸਹਿਯੋਗ ਨਾਲ ਪੀੜਤਾਂ ਦੇ ਹੱਕ ਵਿਚ ਇਕ ਲੋਕ ਲਹਿਰ ਖੜ੍ਹੀ ਕਰ ਕੇ ਸਰਕਾਰ ਨੂੰ ਮਜ਼ਬੂਰ ਕਰ ਦਿੰਦੇ ਹਨ ਕਿ ਦੋਸ਼ੀਆਂ ਨੂੰ ਸਜਾ ਅਤੇ ਪੀੜਤਾਂ ਨੂੰ ਇਨਸਾਫ ਮਿਲ ਸਕੇ। ਇਸ ਤਰਾਂ ਪ੍ਰ੍ਰੈਸ ਲੋਕਤੰਤਰ ਦਾ ਚੌਥਾ ਥੰਮ ਅਤੇ ਮਨੁੱਖੀ ਅਧਿਕਾਰਾਂ ਦਾ ਅਲੰਬਰਦਾਰ ਅਖਵਾਉਣ ਦਾ ਮਾਨ ਹਾਸਲ ਕਰਨ ਦਾ ਪੂਰੀ ਤਰ੍ਹਾਂ ਹੱਕਦਾਰ ਹੈ। ਪਰ ਪ੍ਰੈਸ ਦੀ ਤਾਕਤ ਦੀ ਦੁਰਵਰਤੋਂ ਕਰਕੇ, ਆਪਣੀ ਈਨ ਨਾ ਮੰਨਣ ਵਾਲੇ ਪਤਵੰਤੇ ਵਿਅਕਤੀ ਵਿਰੁੱਧ ਤੱਥਾਂ ਨੂੰ ਤੋੜ ਮਰੋੜ ਕੇ ਜਿਸ ਤਰ੍ਹਾਂ ਉਸ ਦੇ ਮਾਨ-ਸਨਮਾਨ ਨੂੰ ਮਿੱਟੀ ’ਚ ਰਲਾਉਣ ਦੇ ਕੋਝੇ ਯਤਨਾਂ ਵਿਚ ਇਕ ਸੌਦਾ ਸੰਪਾਦਕ ਲੱਗਾ ਹੋਇਆ ਹੈ, ਇਹ ਬੇਸ਼ਰਮੀਆਂ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ ਪੱਤਰਕਾਰਤਾ ਨੂੰ ਨੀਚਤਾ ਦੀ ਹੱਦ ਤੱਕ ਪਹੁੰਚਾ ਰਿਹਾ ਹੈ। ਸਮੁੱਚੇ ਸਮਾਜ ਤੋਂ ਇਲਾਵਾ ਬਾਕੀ ਦੇ ਪ੍ਰੈਸ ਨੂੰ ਇਸ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ ਨਹੀਂ ਤਾਂ ਇਸ ਨੇ ਸਮੁੱਚੀ ਪ੍ਰੈਸ ਨੂੰ ਹੀ ਦਾਗਦਾਰ ਅਤੇ ਬੇਵਿਸ਼ਵਾਸ਼ਯੋਗ ਬਣਾ ਦੇਣਾ ਹੈ ਜਿਸ ਨਾਲ ਸਮੁੱਚੇ ਸਮਾਜ ਦਾ ਨੁਕਸਾਨ ਹੋਵੇਗਾ। ਵੈਸੇ ਤਾਂ ਉਦਾਹਰਣਾਂ ਬਹੁਤ ਸਾਰੀਆਂ ਹਨ ਪਰ ਤਾਜਾ ਘਟਨਾ ਜਿਸ ਦਾ ਜ਼ਿਕਰ ਇੱਥੇ ਕੀਤਾ ਜਾ ਰਿਹਾ ਹੈ ਅਕਾਲ ਤਖਤ ਦੇ ਸਾਬਕਾ ਜੱਥੇਦਾਰ ਪ੍ਰੋ: ਦਰਸ਼ਨ ਸਿੰਘ ਦਾ ਹੈ।

ਪ੍ਰੋ: ਦਰਸ਼ਨ ਸਿੰਘ ਅਤੇ ਸੌਦਾ ਸੰਪਾਦਕ ਦੋਵੇਂ ਹੀ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਰਜਾ ਦਿੱਤੇ ਜਾਣ ਦੇ ਵਿਰੋਧੀ ਹਨ ਪਰ ਇਸ ਤੋਂ ਵੱਧ ਸੌਦਾ ਸੰਪਾਦਕ ਗੁਰੂ ਗ੍ਰੰਥ ਸਾਹਿਬ ਦਸ ਗੁਰੂ ਸਾਹਿਬਾਨ ਅਤੇ ਅੰਮ੍ਰਿਤ ਸੰਚਾਰ ’ਤੇ ਕਿੰਤੂ ਕਰਦਾ ਰਹਿੰਦਾ ਹੈ, ਜਿਸ ਤਰ੍ਹਾਂ ਕਿ ਮਿਤੀ 23 ਜੂਨ 2010 ਦੀ ਅਖਬਾਰ ’ਚ ਇਕ ਲੇਖ ਛਪਿਆ ਹੈ ਜਿਸ ਵਿਚ ਲਿਖਿਆ ਹੈ ’ਗੁਰੂ ਗ੍ਰੰਥ ਸਾਹਿਬ ਜੀ ਅੰਦਰ ਲਗਭਗ 5800 ਸ਼ਬਦ ਹਨ, ਪਰ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਸੰਪਦਨਾ ਤੋਂ ਪਹਿਲਾਂ ਤਾਂ ਨਹੀਂ ਸਨ ਹੁੰਦੇ। ਉਦੋਂ ਬਾਬਾ ਨਾਨਕ ਨੇ ਕਿਹੜੇ ਸ਼ਬਦ ਨੂੰ ’ਗੁਰੂ’ ਕਿਹਾ ਸੀ ? ਗੁਰੂ ਨਾਨਕ ਨੇ ਕਿਤੇ ਵੀ ਆਪਣੀ ਬਾਣੀ ਨੂੰ ’ਸ਼ਬਦ’ ਨਹੀਂ ਕਿਹਾ। ਸਤਿਗੁਰੂ ਅਕਾਲ ਪੁਰਖ ਦੇ ਸ਼ਬਦ ਨੂੰ ਹੀ ਗੁਰੂ ਕਿਹਾ।’ ਇਸ ਦਾ ਭਾਵ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ’ਸ਼ਬਦ ਗੁਰੂ’ ਨਹੀਂ ਹੈ। ਉਹ ਸ਼ਬਦ ਕਿਧਰੇ ਬਾਹਰ ਹੈ ਜਿਸ ਦੀ ਭਾਲ ਕਰਨੀ ਪਵੇਗੀ। ਪਹਿਲਾਂ 6 ਜੂਨ ਦੇ ਅਖਬਾਰ ਵਿਚ ਆਪਣੀ ਨਿੱਜੀ ਡਾਇਰੀ ’ਚ ਇਹ ਵੀ ਲਿਖ ਚੁੱਕੇ ਹਨ ਕਿ ’ਸ਼ਬਦ’ ਜਿਸ ਨੂੰ ਗੁਰੂ ਕਿਹਾ ਗਿਆ ਹੈ, ਅਕਾਲ ਪੁਰਖ ਦਾ ਉਹ ਸ਼ਬਦ ਹੈ ਜੋ ਉਸ ਨੇ ਸ੍ਰਿਸ਼ਟੀ ਦੀ ਰਚਨਾ ਕਰਨ ਵੇਲੇ ਉਚਾਰਿਆ ਸੀ.......ਜਿਸ ਨੂੰ ਮਨੁੱਖੀ ਭਾਸ਼ਾ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ....ਅਕਾਲ ਪੁਰਖ ਦੇ ਉਸ ’ਸ਼ਬਦ’ ਜਿਸ ਨੂੰ ਬਾਬੇ ਨਾਨਕ ਨੇ ਗੁਰੂ ਆਖਿਆ ਹੈ, ਉਸ ਦੇ ਅਰਥਾਂ ਬਾਰੇ ਤਾਂ ਮਨੁੱਖ ਅੰਦਾਜ਼ਾ ਹੀ ਨਹੀਂ ਲਗਾ ਸਕਦਾ ਕਿਉਂਕਿ ਉਸ ਵਿਚੋਂ ਤਾਂ ਸਾਰੀ ਸ੍ਰਿਸ਼ਟੀ ਤੇ ਇਸ ਦਾ ਸਮੁੱਚਾ ਗਿਆਨ ਨਿਕਲਿਆ ਹੈ ਤੇ ਇਸੇ ਲਈ ਉਹ ਸਾਡਾ ਗੁਰੂ ਹੈ।’

ਹੈ ਨਾ ਭੰਬਲਭੂਸੇ ’ਚ ਪਾਉਣ ਵਾਲੀ ਗੱਲ? ਗੁਰੂ ਗਰੰਥ ਸਾਹਿਬ ਵਿਚ ਦਰਜ ਤਾਂ ਕੋਈ ਵੀ ਸ਼ਬਦ ਸਾਡਾ ਗੁਰੂ ਨਹੀਂ ਪਰ ਜਿਸ ਦਾ ਨਾ ਪਤਾ ਹੈ ਕਿ ਕਿਹੜਾ ਸ਼ਬਦ ਬੋਲਿਆ ਗਿਆ, ਜਿਸ ਨੂੰ ਮਨੁੱਖੀ ਭਾਸ਼ਾ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ, ਜਿਸ ਦੇ ਅਰਥਾਂ ਬਾਰੇ ਤਾਂ ਮਨੁੱਖ ਅੰਦਾਜ਼ਾ ਹੀ ਨਹੀਂ ਲਗਾ ਸਕਦਾ, ਉਸ ਸ਼ਬਦ ਗੁਰੂ ਦੀ ਸਿੱਖ ਕਿਵੇਂ ਭਾਲ ਕਰਨ ਅਤੇ ਕਿਵੇਂ ਉਸ ਤੋਂ ਉਪਦੇਸ ਲੈਣ ? ਐਸੇ ਭੰਬਲਭੂਸੇ ਪੈਦਾ ਕਰਨ ਵਾਲੇ, ਸਿਰਫ ਆਪਣੇ ਆਪ ਨੂੰ ਸਰਬ ਸ੍ਰੇਸ਼ਟ ਮੰਨ ਕੇ ਆਪਣੀ ਹੀ ਗੱਲ ਨੂੰ ਅੰਤਮ ਸੱਚ ਮੰਨਣ ਅਤੇ ਹੋਰ ਕਿਸੇ ਦੀ ਸਲਾਹ ਮੰਨਣ ਅਤੇ ਜਵਾਬ ਦੇਣ ਤੋਂ ਪੂਰੀ ਤਰ੍ਹਾਂ ਨਾਂਹ ਕਰਨ ਵਾਲੇ ਸੌਦਾ ਸੰਪਾਦਕ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਜਾਣੂ ਪ੍ਰੋ: ਦਰਸ਼ਨ ਸਿੰਘ ਸ਼ੁਰੂ ਤੋਂ ਹੀ ਉਨ੍ਹਾਂ ਤੋਂ ਖਾਸ ਦੂਰੀ ਬਣਾ ਕੇ ਰੱਖ ਰਹੇ ਹਨ ਪਰ ਸੌਦਾ ਸੰਪਾਦਕ ਚਾਹੁੰਦਾ ਹੈ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਉਸ ਵੱਲੋਂ ਬਣਾਈ ਏਕਸ ਦੇ ਬਾਰਕ ਜੱਥੇਬੰਦੀ ਦੇ ਮੈਬਰ ਬਣ ਜਾਣ ਤਾਂ ਕਿ ਉਨ੍ਹਾਂ ਦੇ ਨਾਮ ਦੀ ਵਰਤੋਂ ਕਰਕੇ ਆਪਣੇ ਪ੍ਰੋਜੈਕਟਾਂ ਲਈ ਚੌਖਾ ਧਨ ਇੱਕਤਰ ਕਰ ਸਕਣ। ਇਸ ਲਈ ਉਹ ਕਿਸੇ ਸਮੇਂ ਤਾਂ ਉਨ੍ਹਾਂ ਦੇ ਪੱਖ ਵਿਚ ਸੱਚੀਆਂ ਖਬਰਾਂ ਬੜੀ ਪ੍ਰਮੁੱਖਤਾ ਨਾਲ ਛਾਪਦਾ ਹੈ ਤਾਂ ਕਿ ਲੋਕਾਂ ਨੂੰ ਦਿਖਾ ਸਕੇ ਕਿ ਉਸ ਨੇ ਪ੍ਰੋ: ਦਰਸਨ ਸਿੰਘ ਦੀ ਬਹੁਤ ਸਹਾਇਤਾ ਕੀਤੀ ਹੈ ਪਰ ਪ੍ਰੋ: ਵੱਲੋਂ ਇਸ ਦੇ ਛਲਾਵਿਆਂ ਵਿਚ ਨਾ ਆਉਣ ’ਤੇ ਕਦੀ ਉਸ ਦਾ ਭੰਡੀ ਪ੍ਰਚਾਰ ਸ਼ੁਰੂ ਕਰਕੇ ਬਾਂਹ ਮਰੋੜਨ ਦਾ ਯਤਨ ਕਰਦਾ ਹੈ ਤਾਂ ਕਿ ਬੇਵਸ ਹੋਇਆ ਪ੍ਰੋ: ਦਰਸ਼ਨ ਸਿੰਘ ਉਸ ਦੇ ਚਰਨੀ ਆ ਡਿੱਗੇ। ਪ੍ਰੋ: ਦਰਸ਼ਨ ਸਿੰਘ ਇਸ ਛਲਾਵਿਆਂ ਅਤੇ ਬਲੈਕ-ਮੇਲਿੰਗ ਕਰਨ ਦੇ ਢੰਗਾਂ ਤੋਂ ਬੇਪ੍ਰਵਾਹ ਆਪਣੇ ਮਿੱਥੇ ਟੀਚੇ ਵੱਲ ਵੱਧਦਾ ਰਿਹਾ। ਜਦੋਂ ਉਸ ਨੇ ਵੇਖਿਆ ਕਿ ਪ੍ਰੋ: ਉਸ ਵੱਲ ਬਿਲਕੁਲ ਹੀ ਧਿਆਨ ਨਹੀਂ ਦੇ ਰਿਹਾ ਤਾਂ ਬੇਸ਼ਰਮੀ ਅਤੇ ਨੀਚਤਾ ਦੀਆਂ ਸਾਰੀਆਂ ਹੱਦਾਂ ਪਾਰ ਕੇ ਪੱਤਰਕਾਰਤਾ ਦੇ ਨਾਮ ਨੂੰ ਹੀ ਕਲੰਕਤ ਕਰਨ ’ਤੇ ਉਤਰ ਆਇਆ।

ਘਟਨਾਕ੍ਰਮ ਇਸ ਤਰ੍ਹਾਂ ਸ਼ੁਰੂ ਹੋਇਆ ਕਿ ਸਿਆਸੀ ਤਿਕੜਮਬਾਜ਼ੀ ਦੇ ਚਲਦਿਆਂ 6 ਜੂਨ 2010 ਨੂੰ ਅਕਾਲ ਤਖਤ ’ਤੇ ਪੰਜਾਂ ਮੁੱਖ ਸੇਵੇਦਾਰਾਂ ਦੀ ਇਕ ਮੀਟਿੰਗ ਵਿਚ ਉਨ੍ਹਾਂ, ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਫਤਹਿ ਦਿਵਸ ਦੀ ਸ਼ਤਾਬਦੀ ਦੀ ਖੁਸ਼ੀ ਵਿਚ ਇਹ ਖੁੱਲ੍ਹੀ ਪੇਸ਼ਕਸ਼ ਕਰ ਦਿੱਤੀ ਕਿ ਪਿਛਲੇ ਸਮੇਂ ਦੌਰਾਨ ਜਿਨ੍ਹਾਂ ਲੋਕਾਂ ਨੂੰ ਕਿਸੇ ਵੀ ਕਾਰਨ ਕਰਕੇ ਪੰਥ ਵਿਚੋਂ ਛੇਕ ਦਿੱਤਾ ਗਿਆ ਸੀ, ਉਨ੍ਹਾਂ ਲੋਕਾਂ ਨੂੰ ਮੁੜ ਪੰਥ ਦੀ ਮੁੱਖ ਧਾਰਾ ਵਿਚ ਸ਼ਾਮਲ ਹੋਣ ਲਈ ਖੁੱਲਾ ਸੱਦਾ ਹੈ ਕਿ ਜੇ ਇਕ ਮਹੀਨੇ ਦੇ ਅੰਦਰ ਅੰਦਰ ਉਹ ਅਕਾਲ ਤਖਤ ’ਤੇ ਪੇਸ਼ ਹੋ ਜਾਂਦੇ ਹਨ ਤਾਂ ਬਿਨਾਂ ਕੋਈ ਤਨਖਾਹ (ਸਜਾ ਲਾਇਆ) ਉਨ੍ਹਾਂ ਨੂੰ ਪੰਥ ਵਿਚ ਸ਼ਾਮਲ ਕਰ ਲਿਆ ਜਾਵੇਗਾ। ਬੇਸ਼ਕ ਮੁੱਖ ਸੇਵਾਦਾਰਾਂ ਨੂੰ ਪਤਾ ਸੀ ਕਿ ਜਿਨ੍ਹਾਂ ਛੇਕਿਆਂ ਵੱਲ ਉਨ੍ਹਾਂ ਦਾ ਇਸ਼ਾਰਾ ਸੀ, ਉਨ੍ਹਾਂ ਨੂੰ ਗੈਰ ਸਿਧਾਂਤਕ ਤੌਰ ’ਤੇ ਬਿਨਾਂ ਉਨ੍ਹਾਂ ਦਾ ਪੱਖ ਸੁਣਨ ਤੋਂ ਗਲਤ ਤੌਰ ’ਤੇ ਛੇਕਿਆ ਗਿਆ ਹੈ ਅਤੇ ਉਨ੍ਹਾਂ ਵਿਚੋਂ ਕੋਈ ਵੀ ਇਸ ਪੇਸ਼ਕਸ਼ ਨੂੰ ਪ੍ਰਵਾਨ ਨਹੀਂ ਕਰੇਗਾ ਪਰ ਲੋਕਾਂ ਨੂੰ ਇਹ ਵਿਖਾਉਣ ਲਈ ਕਿ ਵੇਖੋ ਜੀ ਅਕਾਲ ਤਖਤ ਤੋਂ ਉਨ੍ਹਾਂ ਨੂੰ ਕਈ ਮੌਕੇ ਪ੍ਰਦਾਨ ਕੀਤੇ ਗਏ ਪਰ ਹੰਕਾਰੀ ਤੇ ਗੁਰੂ ਤੋਂ ਬੇਮੁੱਖ ਹੋਣ ਕਰਕੇ ਉਹ ਖੁਦ ਹੀ ਪੰਥ ਦੀ ਮੁੱਖ ਧਾਰਾ ਵਿਚ ਸ਼ਾਮਲ ਹੋਣ ਲਈ ਤਿਆਰ ਨਹੀਂ। ਪ੍ਰੋ: ਦਰਸਨ ਸਿੰਘ ਅਖੌਤੀ ਦਸਮ ਗ੍ਰੰਥ ਦੀ ਅਸਲੀਅਤ ਦੱਸ ਕੇ ਸਿੱਖਾਂ ਨੂੰ ਜਾਗ੍ਰਿਤ ਕਰਨ ਵਾਲੀ ਵਿੱਢੀ ਆਪਣੀ ਮੁਹਿੰਮ ਨੂੰ ਛੱਡ ਕੇ ਕਿਸੇ ਵੀ ਤਰ੍ਹਾਂ ਅਖੌਤੀ ਜੱਥੇਦਾਰਾਂ ਨਾਲ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੇ ਪਰ ਉਨ੍ਹਾਂ ’ਤੇ ਵੀ ਕਈ ਸਾਥੀਆਂ ਵੱਲੋਂ ਜੋਰ ਪਾਇਆ ਜਾ ਰਿਹਾ ਸੀ ਕਿ ਹੁਣ ਕਿਉਂਕਿ ਬਿਨਾਂ ਸ਼ਰਤ ਪੰਥ ਵਿਚ ਸ਼ਾਮਲ ਹੋਣ ਦਾ ਸੱਦਾ ਹੈ, ਇਸਲਈ ਇਸ ਦਾ ਫਾਇਦਾ ਉਠਾਉਣਾ ਚਾਹੀਦਾ ਹੈ, ਤਾਂ ਜੋ ਗੁਰਦੁਆਰਿਆਂ ਵਿਚ ਮੁੜ ਤੋਂ ਖੁੱਲ ਕੇ ਪ੍ਰਚਾਰ ਕਰਨ ਦਾ ਮੌਕਾ ਮਿਲ ਸਕੇ। ਪ੍ਰੋ: ਦਰਸ਼ਨ ਸਿੰਘ ਨੇ ਸੋਚਿਆ ਕਿ ਜੇ ਇਨ੍ਹਾਂ ਸਲਾਹ ਦੇਣ ਵਾਲੇ ਵੀਰਾਂ ਦੀ ਨਾ ਮੰਨੀ ਤਾਂ ਇਹ ਵੀ ਸ਼ਾਇਦ ਸੌਦਾ ਸਾਧ ਸੰਪਾਦਕ ਵੱਲੋਂ ਉਨ੍ਹਾਂ ਵਿਰੁੱ ਚਲਾਈ ਭੰਡੀ ਪ੍ਰਚਾਰ ਮੁਹਿੰਮ ਵਿਚ ਲਾਏ ਦੋਸ਼ਾਂ ਨੂੰ ਸਹੀ ਮੰਨ ਲੈਣਗੇ ਕਿ ਪ੍ਰੋ: ਦਰਸ਼ਨ ਸਿੰਘ ਬਹੁਤ ਘਮੰਡੀ ਅਤੇ ਹੰਕਾਰੀ ਹੈ ਕਿਉਂਕਿ ਨਾ ਇਹ ਸੌਦਾ ਸੰਪਾਦਕ ਨਾਲ ਮਿਲ ਕੇ ਚੱਲਣ ਨੂੰ ਤਿਆਰ ਹਨ ਤੇ ਨਾ ਹੀ ਅਕਾਲ ਤਖਤ ਨਾਲ। ਸੌਦਾ ਸੰਪਾਦਕ ਨੇ 15 ਮਾਰਚ ਨੂੰ ਜਸਜੀਤ ਸਿੰਘ ਟੋਨੀ, ਗਿਆਨੀ ਜਗਤਾਰ ਸਿੰਘ ਜਾਚਕ, ਉਪਕਾਰ ਸਿੰਘ ਫਰੀਦਾਬਾਦ, ਤਰਸੇਮ ਸਿੰਘ ਦਿੱਲੀ ਅਤੇ ਕੰਵਰ ਮਹਿੰਦਰ ਪ੍ਰਤਾਪ ਸਿੰਘ ਲੁਧਿਆਣਾ ਦੇ ਨਾਮ ਵਰਤ ਕੇ ਖਬਰਾਂ ਲਾਈਆਂ ਸਨ ਕਿ ਇਹ ’ਪੰਥਕ ਵਿਦਵਾਨਾਂ ਨੇ ਮੇਰੇ ਨਾਲ ਜੱਫੀ ਪਾਉਣ ਲਈ ਪ੍ਰੋ: ਦਰਸ਼ਨ ਸਿੰਘ ਨੂੰ ਤਿਆਰ ਕਰ ਲਿਆ ਸੀ ਪਰ ਇਕ ਟੈਲੀਫੋਨ ਕਾਲ ਨੇ ਰਾਤੋ-ਰਾਤ ਪਾਸਾ ਪਲਟ ਦਿੱਤਾ। ਉਕਤ ਵਿਦਵਾਨ ਨੇ ਚੁੱਪ ਰਹਿ ਕੇ ਸੌਦਾ ਸੰਪਾਦਕ ਦੇ ਵੱਲੋਂ ਲਾਏ ਦੋਸ਼ਾਂ ਦੀ ਖਾਮੋਸ਼ ਪੁਸ਼ਟੀ ਕੀਤੀ।

ਸੋ ਪਿਛਲੇ ਦੋਸ਼ਾਂ ਤੋਂ ਬਚਣ ਲਈ ਪ੍ਰੋ: ਦਰਸ਼ਨ ਸਿੰਘ ਨੇ ਉਨ੍ਹਾਂ ਨੂੰ ਸਲਾਹ ਦੇਣ ਵਾਲੇ ਵੀਰਾਂ ਦੀ ਸਲਾਹ ਮੰਨ ਕੇ, ਕੂਟਨੀਤੀ ਵਰਤਦਿਆਂ ਇਕ ਪ੍ਰੈਸ ਨੋਟ ਰਾਹੀਂ ਜੱਥੇਦਾਰਾਂ ਨੂੰ ਮੋੜਵਾਂ ਸੱਦਾ ਦੇ ਕੇ ਲਾਜਵਾਬ ਕਰ ਦਿੱਤਾ। ਪ੍ਰੈਸ ਨੋਟ ਦਾ ਸਿਰਲੇਖ ਸੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਦੀ ਬਹਾਲੀ ਲਈ ਜੱਥੇਦਾਰਾਂ ਨੂੰ ਸੱਦਾ’ ਇਸ ਦੇ ਪਹਿਲੇ ਪਹਿਰੇ ਵਿਚ ਉਨ੍ਹਾਂ ਲਿਖਿਆ ਕਿ ਉਹ ਤਾਂ ਨਿਰਦੋਸ਼ ਹੋਣ ਦੇ ਬਾਵਜੂਦ ਅਕਾਲ ਤਖਤ ਸਾਹਿਬ ਦਾ ਸਤਿਕਾਰ ਕਰਦਿਆਂ ਉਥੇ ਪੇਸ਼ ਹੋਏ ਪਰ ਜੱਥੇਦਾਰਾਂ ਨੇ ਝੂਠ ਬੋਲ ਕੇ ਕਿ ਦਰਸ਼ਨ ਸਿੰਘ ਅਕਾਲ ਤਖਤ ’ਤੇ ਪੇਸ਼ ਨਹੀਂ ਹੋਇਆ, ਮੈਨੂੰ ਪੰਥ ਵਿਚੋਂ ਛੇਕ ਦਿੱਤਾ। ਦੂਸਰੇ ਪਹਿਰੇ ਵਿਚ ਲਿਖਿਆ 6 ਜੂਨ 2008 ਨੂੰ ਅਕਾਲ ਤਖਤ ਦੇ ਹੁਕਮ ਅਨੁਸਾਰ ਦਸਮ ਪਾਤਸ਼ਾਹ ਵੱਲੋਂ ਦਸਮ ਗ੍ਰੰਥ ਨੂੰ ਗੁਰਗੱਦੀ ਨਹੀਂ ਦਿੱਤੀ ਗਈ ਸੀ ਉਹ ਗੁਰੂ ਨਹੀਂ ਅਤੇ ਉਸ ਗ੍ਰੰਥ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨਹੀਂ ਕੀਤਾ ਜਾ ਸਕਦਾ। ਪਰ ਇਸ ਹੁਕਮ ਦੇ 4 ਮਹੀਨੇ ਬਾਅਦ ਅਕਤੂਬਰ 2008 ਨੂੰ ਗੁਰਤਾ ਗੱਦੀ ਸਮਾਗਮ ਦੌਰਾਨ ਹਜ਼ੂਰ ਸਾਹਿਬ ਵਿਖੇ ਪਾਠਬੋਧ ਸਮਾਗਮ ਹੋਏ, ਉਥੇ ਅਖੌਤੀ ਦਸਮ ਗ੍ਰੰਥ ਨੂੰ ਮੱਥੇ ਟੇਕੇ ਗਏ, ਅਤੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਦਾ ਅੰਗ ਆਖਣ ਦਾ ਅਪਰਾਧ ਕੀਤਾ ਗਿਆ। ਉਨ੍ਹਾਂ ਸਵਾਲ ਕੀਤਾ ਕਿ ਅਕਾਲ ਤਖਤ ਦੇ ਹੁਕਮਾਂ ਦੀ ਬੇਅਦਬੀ ਕਰਨ ਵਾਲੇ ਜੱਥੇਦਾਰ ਤਨਖਾਹੀਏ ਨਹੀਂ ? ਜਾਂ ਉਨ੍ਹਾਂ ’ਤੇ ਅਕਾਲ ਤਖਤ ਦਾ ਹੁਕਮ ਲਾਗੂ ਨਹੀਂ ਹੁੰਦਾ ? ਤੀਸਰੇ ਪਹਿਰੇ ਵਿਚ ਉਨ੍ਹਾਂ ਲਿਖਿਆ ’ਮੈ ਨਿਰਦੋਸ਼ ਹੁੰਦਿਆਂ ਵੀ ਅਕਾਲ ਤਖਤ ਦੀ ਮਾਣ ਮਰਿਆਦਾ ਦੀ ਬਹਾਲੀ ਅਤੇ ਪੰਥ ਦੇ ਵਡੇਰੇ ਹਿੱਤਾਂ ਲਈ ਪਹਿਲ ਕਰਦਿਆਂ ਸੱਦਾ ਦਿੰਦਾ ਹਾਂ ਕਿ ਕੋਈ ਤਰੀਕ ਨਿਸ਼ਚਿਤ ਕਰਕੇ ਦਿੱਲੀ, ਲੁਧਿਆਣਾ ਜਾਂ ਚੰਡੀਗੜ੍ਹ ਵਿਖੇ ਇਕੱਠੇ ਹੋ ਜਾਂਦੇ ਹਾਂ। 6 ਜੂਨ 2008 ਦੇ ਹੁਕਮਨਾਮੇ ਤੋਂ ਮੁਨਕਰ ਹੋ ਕੇ ਤਨਖਾਹੀਏ ਹੋਏ ’ਜੱਥੇਦਾਰ’ ਵੀ ਆ ਜਾਣ। ਜੇ ਸਮਝ ਆ ਜਾਵੇ ਤਾਂ ਆ ਜਾਉ, ਅਸੀਂ ਵੀ ਆ ਜਾਵਾਂਗੇ। ਸਾਰੇ ਚੱਲ ਕੇ ਨਿਮਾਣੇ ਸਿੱਖ ਵਾਂਗ ਅਕਾਲ ਤਖਤ ’ਤੇ ਪੇਸ਼ ਹੋਵਾਂਗੇ ਅਤੇ ਭੁੱਲਾਂ ਬਖਸ਼ਾਵਾਂਗੇ। ਉਥੇ ਪ੍ਰਣ ਕਰਾਂਗੇ ਕਿ ਅੱਗੇ ਲਈ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕਿਸੇ ਹੋਰ ਗ੍ਰੰਥ, ਮੂਰਤੀ, ਦੇਹਧਾਰੀ ਨੂੰ ਗੁਰੂ ਨਹੀਂ ਆਖਾਂਗੇ।

ਇਹ ਸਭ ਨੂੰ ਪਤਾ ਹੈ ਕਿ ਦੂਜਿਆਂ ਨੂੰ ਦੋਸ਼ੀ ਗਰਦਾਨਣ ਵਾਲੇ ਅਖੌਤੀ ਜੱਥੇਦਾਰ ਕਦੀ ਵੀ ਪ੍ਰੋ: ਦਰਸ਼ਨ ਸਿੰਘ ਦਾ ਸੱਦਾ ਪ੍ਰਵਾਨ ਕਰਕੇ ਆਪਣੇ ਦੋਸ਼ ਕਬੂਲ ਨਹੀਂ ਕਰਨਗੇ ਪਰ ਸੱਦਾ ਬਹੁਤ ਹੀ ਸੂਝਬੂਝ ਅਤੇ ਦੂਰਅੰਦੇਸ਼ੀ ਵਾਲਾ ਸੀ। ਜੇ 6 ਜੂਨ 2008 ਵਾਲਾ ਹੁਕਮ ਨਾ ਮੰਨਣ ਦੇ ਦੋਸ਼ੀ ਜੱਥੇਦਾਰ ਆਪਣੀ ਭੁੱਲ ਮੰਨ ਕੇ ਅਕਾਲ ਤਖਤ ਤੋਂ ਪੇਸ਼ ਹੁੰਦੇ ਹਨ ਤਾਂ ਝਗੜੇ ਦੀ ਸਾਰੀ ਜੜ੍ਹ ਹੀ ਖਤਮ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਬਹਾਲ ਹੁੰਦਾ ਹੈ ਅਤੇ ਦਸਮ ਗ੍ਰੰਥੀਏ ਲਠਮਾਰਾਂ ਵੱਲੋਂ ਅਕਾਲ ਤਖ਼ਤ ਦਾ ਨਾਮ ਵਰਤ ਕੇ ਹੁਲੜਬਾਜੀ ਕਰਨ ਅਤੇ ਭਰਾਮਾਰੂ ਜੰਗ ਹੋਣ ’ਤੇ ਰੋਕ ਲਗਦੀ ਹੈ ਅਤੇ ਜੇ ਨਹੀਂ ਆਉਂਦੇ ਤਾਂ ਅਖੌਤੀ ਜੱਥੇਦਾਰਾਂ ਦਾ ਕਿਰਦਾਰ ਸਾਹਮਣੇ ਆਉਂਦਾ ਹੈ ਕਿ ਇਹ ਅਕਾਲ ਤਖਤ ਦਾ ਨਾਮ ਵਰਤ ਕੇ ਦੂਸਰਿਆਂ ਨੂੰ ਛੇਕਣਾ ਹੀ ਜਾਣਦੇ ਹਨ ਪਰ ਖੁਦ ਹੁਕਮਨਾਮਿਆਂ ਨੂੰ ਟਿੱਚ ਸਮਝਦੇ ਹਨ। ਇਹ ਪ੍ਰੈਸ ਨੋਟ ਈ-ਮੇਲ ਰਾਹੀਂ ਮੇਰੇ ਕੋਲ ਵੀ ਆਇਆ ਸੀ ਪਰ ਘਰ ਵਿਚ ਇੰਟਰਨੈਟ ਦੀ ਵਿਵਸਥਾ ਨਾ ਹੋਣ ਕਰਕੇ ਉਸ ਦਿਨ ਖਬਰ ਨਹੀਂ ਲਾ ਸਕਿਆ। ਅਗਲੇ ਦਿਨ ਪੜ੍ਹਨ ’ਤੇ ਸੋਚਿਆ ਕਿ ਇਸ ਵਿਚ ਤਾਂ ਅੰਦਰਖਾਤੇ ਹੋਏ ਸਮਝੌਤੇ ਵਾਲੀ ਕੋਈ ਗੱਲ ਹੀ ਨਹੀਂ।

ਪਰ ਪੱਤਰਕਾਰਤਾ ਦੀ ਨੀਚਤਾ ਤੇ ਪਹੁੰਚੇ ਹੋਏ ਪੱਤਰਕਾਰ ਅਤੇ ਸੌਦਾ ਸੰਪਾਦਕ ਨੇ 20 ਜੂਨ ਨੂੰ ਖਬਰ ਲਾਈ ‘‘ਪ੍ਰੋ: ਦਰਸ਼ਨ ਸਿੰਘ ਅਕਾਲ ਤਖਤ ਤੇ ਪੇਸ਼ ਹੋਣ ਲਈ ਕਾਹਲੇ। ਦਸਮ ਗ੍ਰੰਥ ਅਤੇ ਗੋਲ-ਮੋਲ ਭਾਸ਼ਾ ਦਾ ਓਹਲਾ ਕਰਕੇ ਦੂਜਿਆਂ ਨੂੰ ਵੀ ਪੁਜਾਰੀਆਂ ਸਾਹਮਣੇ ਪੇਸ਼ ਹੋਣ ਲਈ ਪ੍ਰੇਰਤ ਕੀਤਾ। ਬਿਆਨ ਦਾਗਣ ਤੋਂ ਪਹਿਲਾਂ ਕਿਸੇ ਨਾਲ ਗੱਲ ਨਾ ਕੀਤੀ। ਅੰਦਰਖਾਤੇ ਪੁਜਾਰੀਆਂ ਨਾਲ ਪ੍ਰੋ: ਦਰਸ਼ਨ ਸਿੰਘ ਦੇ ਹੋਏ ਸਮਝੌਤੇ ਦੀ ਪੁਸ਼ਟੀ ਹੋਈ।’’ 21 ਜੂਨ ਨੂੰ ਖਬਰ ਆਈ ‘‘ਪੁਜਾਰੀਆਂ ਦੇ ਸਕੱਤਰੇਤ ਦੀ ਥਾਂ ਹੁਣ ਕਿੱਥੇ ਪੁੱਜਣਗੇ ਪ੍ਰੋ: ਦਰਸਨ ਸਿੰਘ? ਸਮਰਥਕਾਂ ਨੂੰ ਬੇਇੱਜਤ ਕਰਕੇ ਅਸੂਲਾਂ ਉਤੇ ਸਮਝੌਤੇ ਦਾ ਰਾਹ ਅਪਣਾਇਆ।’’ 22 ਜੂਨ ਨੂੰ ਸੌਦਾ ਸੰਪਾਦਕ ਨੇ ਸੰਪਾਦਕੀ ਲਿਖੀ : ‘‘ਪ੍ਰੋ: ਦਰਸ਼ਨ ਸਿੰਘ ਜੀਅ ਸਦਕੇ ਨਿਮਾਣੇ ਸਿੱਖ ਵਾਂਗ ਪੁਜਾਰੀਵਾਦ ਨੂੰ ਮੱਥਾ ਟੇਕ ਆਉਣ ਕੋਈ ਇਤਰਾਜ਼ ਨਹੀਂ ਕਰੇਗਾ।’’ ਇਸ ਸੰਪਾਦਕੀ ’ਚ ਉਨ੍ਹਾਂ ਅੱਗੇ ਲਿਖਿਆ ਹੈ, ‘‘ਪ੍ਰੋ: ਦਰਸ਼ਨ ਸਿੰਘ ਨੂੰ ਪੂਰਾ ਹੱਕ ਹੈ ਕਿ ਇੱਕਲੇ ਤੌਰ ’ਤੇ ਜੋ ਜੀਅ ਚਾਹੇ ਕਰਨ ਤੇ ਇਹਦੇ ਲਈ ਉਨ੍ਹਾਂ ਨੂੰ ਕਿਸੇ ਨਾਲ ਸਲਾਹ-ਮਸ਼ਵਰਾ ਕਰਨ ਦੀ ਕੋਈ ਲੋੜ ਨਹੀਂ ਪਰ ਜਦੋਂ ਉਹ ਹੋਕਾ ਦੇਣ ਲੱਗਦੇ ਹਨ ਕਿ ‘‘ਆਉ, ਸਾਰੇ ਹੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣੀ ਭੁੱਲ ਬਖਸ਼ਾਈਏ’’ ਤਾਂ ਇਸ ਪਿੱਛੇ ਕੋਈ ਵਿਉਂਤਬੰਦੀ ਸਾਫ ਝਲਕਦੀ ਹੈ ਤੇ ਨਾਟਕ ਜਿਹਾ ਲੱਗਣ ਲੱਗ ਪੈਂਦਾ ਹੈ। ਸਾਡੇ ਦਫਤਰ ਵਿਚ ਇਕ ਹਫਤਾ ਪਹਿਲਾਂ ਹੀ ਇਹ ਖਬਰ ਆਈ ਸੀ ਕਿ ‘ਅੰਦਰਖ਼ਾਤੇ’ ਸਮਝੌਤਾ ਹੋ ਚੁੱਕਾ ਹੈ। ਅਸੀਂ ਇਹ ਸੂਚਨਾ ਉਦੋਂ ਰੋਕ ਲਈ ਸੀ। ਅਖ਼ਬਾਰ ਦਾ ਫਰਜ਼ ਹੁੰਦਾ ਹੈ ਕਿ ਨਿਰੇਪੁਰੇ ਬਿਆਨ ਨਾ ਛਾਪੇ ਸਗੋਂ ਬਿਆਨਾਂ ਪਿਛਲੀ ਲੁਕੀ ਹੋਈ ਗੱਲ ਦੀ ਜਾਣਕਾਰੀ ਵੀ ਪਾਠਕਾਂ ਨੂੰ ਦੇਵੇ। ਜੇ ਉਹ ਅਕਾਲ ਤਖਤ ਦੇ ਪੁਜਾਰੀਆਂ ਦੇ ਸੱਦੇ ਨੂੰ ਮੰਨ ਕੇ, ਚੁੱਪਚਾਪ ਆਪਣੇ ਤੌਰ ’ਤੇ ਪੇਸ਼ ਹੋ ਜਾਂਦੇ ਤਾਂ ’ਸਪੋਕਸਮੈਨ ਇਸ ਦੀ ਬਿਲਕੁਲ ਵੀ ਵਿਰੋਧਤਾ ਨਹੀਂ ਕਰੇਗਾ।’’

ਆਉ ਹੁਣ ਉਕਤਾਂ ਖਬਰਾਂ ਅਤੇ ਸੰਪਾਦਕੀ ਦੀ ਚੀਰ ਫਾੜ ਕਰੀਏ। ਪ੍ਰੋ: ਦਰਸ਼ਨ ਸਿੰਘ ਨੇ ਆਪਣੇ ਵੱਲੋਂ ਜਾਰੀ ਕੀਤੇ ਪ੍ਰੈਸ ਨੋਟ ਅਤੇ ਸੌਦਾ ਸੰਪਾਦਕ ਵੱਲੋਂ ਛਾਪੀ ਖਬਰ ਹੂ-ਬ-ਹੂ ਆਪਣੀ ਵੈਬ ਸਾਈਟ ਖਾਲਸਾ ਨਿਊਜ਼ ਡਾਟ ਓ ਆਰ ਜੀ ਤੇ ਪੇਸਟ ਕਰ ਦਿੱਤੀ ਹੈ। ਕੋਈ ਵੀ ਪਾਠਕ ਇਨ੍ਹਾਂ ਦੋਵਾਂ ਨੂੰ ਪੜ੍ਹ ਕੇ ਅੰਦਾਜ਼ਾ ਲਗਾ ਸਕਦਾ ਹੈ ਕਿ ਉਸ ਪ੍ਰੈਸ ਨੋਟ ਵਿਚ ਇਕ ਵੀ ਸ਼ਬਦ ਐਸਾ ਨਹੀਂ ਜਿਸ ਦੇ ਅਰਥ ਕੱਢ ਕੇ ਉਹ ਸੁਰਖੀਆਂ ਲਗਾਈਆਂ ਜਾਣ, ਜਿਹੜੀਆਂ ਸੌਦਾ ਸੰਪਾਦਕ ਨੇ ਲਾਈਆਂ ਹਨ। ਸਮਰਥਕਾਂ ਨੂੰ ਬੇਇਜ਼ਤ ਕਰਨ ਵਾਲੀ ਗੱਲ ਦੀ ਪ੍ਰੋੜਤਾ ਕਰਨ ਲਈ ਭਾਈ ਤਰਸੇਮ ਸਿੰਘ ਦਿੱਲੀ, ਜਸਜੀਤ ਸਿੰਘ ਟੋਨੀ, ਗਿਆਨੀ ਜਗਤਾਰ ਸਿੰਘ ਜਾਚਕ, ਉਪਕਾਰ ਸਿੰਘ ਫਰੀਦਾਬਾਦ ਅਤੇ ਪ੍ਰਿੰ: ਕੰਵਰ ਮਹਿੰਦਰ ਪ੍ਰਤਾਪ ਸਿੰਘ ਲੁਧਿਆਣਾ ਨਾਲ 20 ਜੂਨ ਨੂੰ ਸੰਪਰਕ ਕਰਕੇ ਪੁੱਛਿਆ ਗਿਆ ਤਾਂ ਉਨ੍ਹਾਂ ਸਭ ਨੇ ਪ੍ਰੋ: ਦਰਸ਼ਨ ਸਿੰਘ ਦੇ ਬਿਆਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਮਰਥਨ ਦੇਣ ਸਬੰਧੀ ਕਿਹਾ ਅਤੇ ਇਹ ਵੀ ਕਿਹਾ ਕਿ ਖਬਰ ਲਾਉਣ ਵਾਲੇ ਪ੍ਰੋ: ਸਾਹਿਬ ਦੀ ਭਾਵਨਾ ਨਹੀਂ ਸਮਝ ਸਕੇ ਅਤੇ ਪਹਿਲੀ ਨਜ਼ਰੇ ਖਬਰ ਗੁੰਮਰਾਹਕੁੰਨ ਜਾਪਦੀ ਹੈ। ਚੇਤੇ ਰਹੇ ਕਿ ਉਕਤ ਸਮਰਥਕ ਵਿਦਵਾਨਾਂ ਦੇ ਨਾਮ ਵਰਤ ਕੇ ਇਸ ਨੇ 15 ਮਾਰਚ 2010 ਨੂੰ ਵੀ ਇਕ ਗੁੰਮਰਾਹ ਕੁਨ ਖਬਰ ਲਾਈ ਸੀ ਪਰ ਇਨ੍ਹਾਂ ਵਿਦਵਾਨਾਂ ਵੱਲੋਂ ਧਾਰੀ ਮੌਨ ਕਾਰਨ ਕਈ ਪਾਠਕਾਂ ਨੇ ਉਸ ਖਬਰ ਨੂੰ ਸੱਚ ਮੰਨ ਕੇ ਪ੍ਰੋ: ਦਰਸ਼ਨ ਸਿੰਘ ਨੂੰ ਅੰਸ਼ੁਕ ਤੌਰ ਤੇ ਦੋਸ਼ੀ ਮੰਨ ਲਿਆ ਸੀ। 22 ਜੂਨ ਦੀ ਸੰਪਾਦਕੀ ਵਿਚ ਤਾਂ ਸੌਦਾ ਸੰਪਾਦਕ ਨੇ ਆਪਣੀ ਪੂਰੀ ਦੀ ਪੂਰੀ ਸ਼ਰਮ ਲਾਹ ਕੇ ਇਸ ਵਿਚ ਬੇਸ਼ਰਮੀ ਘੋਲ ਰੱਖੀ ਹੈ , ਜਦੋਂ ਉਹ ਲਿਖਦੇ ਹਨ ਕਿ ‘‘ਆਪਣੇ ਤੌਰ ’ਤੇ ਪੇਸ਼ ਹੋ ਜਾਂਦੇ ਤਾਂ ਸਪੋਕਸਮੈਨ ਇਸ ਦੀ ਬਿਲਕੁਲ ਵਿਰੋਧਤਾ ਨਹੀਂ ਕਰੇਗਾ।’’

ਸੌਦਾ ਸੰਪਾਦਕ ਦੇ ਦਿਮਾਗ ਦੀ ਸੂਈ ਅਤੇ ਕਲਮ ਤਾਂ ਇੰਨੀ ਟੇਢੀ ਹੈ ਕਿ ਕੁੱਤੇ ਦੀ ਪੂਛ ਵਾਂਗ ਉਹ ਕਦੇ ਸਿੱਧੀ ਹੋ ਹੀ ਨਹੀਂ ਸਕਦੀ। ਪ੍ਰੋ: ਦਰਸ਼ਨ ਸਿੰਘ ਵੱਲੋਂ ਵਰਤੇ ਸ਼ਬਦ ਕਿ ਜੇ ਤਨਖਾਈਏ ਜੱਥੇਦਾਰਾਂ ਨੂੰ ਸਮਝ ਆ ਜਾਵੇ ਤਾਂ ਉਹ ਆ ਜਾਣ, ਅਸੀਂ ਵੀ ਉਥੇ ਆ ਜਾਵਾਂਗੇ ,ਵਿਚ ਅਸੀਂ ਦਾ ਅਰਥ ਸੌਦਾ ਸੰਪਾਦਕ ਨੇ ਆਪਣੇ ਆਪ ਤੇ ਲਾਗੂ ਕਿਵੇਂ ਕਰ ਲਿਆ ? ਇੱਥੇ ਅਸੀਂ ਦਾ ਭਾਵ ਪ੍ਰੋ: ਦਰਸ਼ਨ ਸਿੰਘ ਲਈ ਆਪਣੇ ਆਪ ਲਈ ਹੈ ਅਤੇ ਅਸੀਂ ਸਾਰੇ ਦਾ ਭਾਵ ਉਨ੍ਹਾ ਸਮੇਤ ਤਨਖਾਈਏ ਜੱਥੇਦਾਰ ਤੋਂ ਹੈ। ਸੌਦਾ ਸੰਪਾਦਕ ਨੇ ਆਪਣੀ ਸੰਪਾਦਕੀ ਵਿਚ ਵੀ ਇਹੀ ਸ਼ਬਦ ਵਰਤਦੇ ਹੋਏ ਲਿਖਿਆ ਹੈ ‘ਸਾਡਾ ਪ੍ਰਤੀਕਰਮ ਸੀ, ਅਸੀਂ ਲਿਖਿਆ ਸੀ’ ਇਸ ਤੋਂ ਕਦਾਚਿਤ ਭਾਵ ਨਹੀਂ ਕਿ ਇਸ ‘ਅਸੀਂ’ ਸ਼ਬਦ ਵਿਚ ਪ੍ਰੋ: ਦਰਸ਼ਨ ਸਿੰਘ ਵੀ ਆ ਗਏ ਜਿਸ ਤਰ੍ਹਾਂ ਇਸ ਸੰਪਾਦਕੀ ਵਿਚ ‘ਅਸੀਂ’ ਸ਼ਬਦ ਨਿਰੋਲ ਸੌਦਾ ਸੰਪਾਦਕ ਲਈ ਹੈ ਉਸੇ ਤਰ੍ਹਾਂ ਪ੍ਰੋ: ਦਰਸ਼ਨ ਸਿੰਘ ਦੇ ਪ੍ਰੈਸ ਨੋਟ ਵਿਚ ਵਰਤਿਆ ਗਿਆ ‘ਅਸੀਂ’ ਸ਼ਬਦ ਨਿਰੋਲ ਪ੍ਰੋ: ਦਰਸ਼ਨ ਸਿੰਘ ਲਈ ਹੈ। ਸੌਦਾ ਸੰਪਾਦਕ ਸ਼ਬਦਾਂ ਦੀ ਇਸ ਵਿਆਕਰਨਕ ਭਾਵਾਂ ਤੋਂ ਜਾਂ ਤਾਂ ਬਿਲਕੁਲ ਅਣਜਾਣ ਹਨ ਜਾਂ ਜਾਣ ਬੁੱਝ ਕੇ ਸ਼ਰਾਰਤ ਕਰ ਰਹੇ ਹਨ ਕਿ ਉਨ੍ਹਾਂ ਨੇ ਬਿਨਾਂ ਸਲਾਹ ਕੀਤਿਆਂ ਮੇਰੇ ਵੱਲੋਂ ਉਨ੍ਹਾਂ ਦੇ ਨਾਲ ਅਕਾਲ ਤਖਤ ਤੇ ਪੇਸ਼ ਹੋਣ ਦੀ ਪੇਸ਼ਕਸ਼ ਕਿਵੇਂ ਕਰ ਦਿੱਤੀ ਹੈ। ਉਕਤ ਸਮਰਥਕਾਂ ਨੂੰ ਤਾਂ ਵਰਤੇ ਗਏ ਸ਼ਬਦਾਂ ’ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ ਜੇ ਇਤਰਾਜ ਹੈ ਤਾਂ ਸਿਰਫ ਸੌਦਾ ਸੰਪਾਦਕ ਨੂੰ। ਪਰ ਉਹ ਦੱਸੇ ਕਿ ਅੱਜ ਤੱਕ ਪ੍ਰੋ: ਦਰਸ਼ਨ ਸਿੰਘ ਉਸ ਨਾਲ ਕਦੋਂ ਕੋਈ ਸਲਾਹ ਮਸ਼ਵਰਾ ਕਰਦਾ ਰਿਹਾ ਹੈ ਜਿਹੜਾ ਉਸ ਨੇ ਅੱਜ ਨਹੀਂ ਕੀਤਾ। ਪ੍ਰੋ: ਦਰਸ਼ਨ ਸਿੰਘ ਨੇ ਨਿੱਜੀ ਤੌਰ ’ਤੇ ਫੈਸਲਾ ਕੀਤਾ ਸੀ ਕਿ ਉਹ 5 ਦਸੰਬਰ 2009 ਨੂੰ ਅਕਾਲ ਤਖਤ ’ਤੇ ਪੇਸ਼ ਤਾਂ ਜਰੂਰ ਹੋਣਗੇ ਪਰ ਕਿਸੇ ਬੰਦ ਕਮਰੇ ਵਿਚ ਪੁਜਾਰੀਆਂ ਅੱਗੇ ਪੇਸ਼ ਨਹੀਂ ਹੋਣਗੇ।

ਸੌਦਾ ਸੰਪਾਦਕ ਨੇ ਉਨ੍ਹਾਂ ਦੇ ਨਿੱਜੀ ਫੈਸਲੇ ਦੀ ਡੱਟ ਕੇ ਨੁਕਤਾਚੀਨੀ ਕਰਦਿਆਂ 2 ਦਸੰਬਰ ਨੂੰ ਸੰਪਾਦਕੀ ਵਿਚ ਲਿਖਿਆ ‘‘ਜਾਂ ਤਾਂ ਉਹ ਅਕਾਲ ਤਖਤ ’ਤੇ ਪੇਸ਼ ਹੋਣ ਹੀ ਨਾ, ਜੇ ਹੋ ਜਾਂਦੇ ਹਨ ਤਾ ਅੱਜ ਦੇ ਮੁਨਸਿਫ ਜਿੱਥੇ ਚਾਹੁਣ, ਉਥੇ ਹੀ ਪੇਸ਼ ਹੋਣ ਕਿਉਂਕਿ ਜੱਜ ਦੇ ਸਾਹਮਣੇ ਪੇਸ਼ ਹੋਣ ਵਾਲਾ ਕੋਈ ਮੁਲਜਮ ਜੱਜ ਨੂੰ ਆਪਣੀਆਂ ਸ਼ਰਤਾਂ ਮਨਵਾਉਣ ਦੀ ਜ਼ਿੱਦ ਨਹੀਂ ਕਰ ਸਕਦਾ, ਜਿੱਥੇ ਜੱਜ ਬੈਠੇ ਹੋਣ, ਉਥੇ ਹੀ ਪੇਸ਼ ਹੋਣਾ ਪੈਂਦਾ ਹੈ।’’ ਪ੍ਰੋ: ਦਰਸ਼ਨ ਸਿੰਘ ਵੱਲੋਂ ਪੁਜਾਰੀਆਂ ਦਾ ਹੁਕਮ ਨਾ ਮੰਨੇ ਜਾਣ ਦੀ ਸੂਰਤ ਵਿਚ ਸੰਭਾਵੀ ਹੋਣ ਵਾਲੀ ਗੜਬੜ ਦਾ ਦੋਸ਼ੀ ਵੀ ਉਨ੍ਹਾਂ ਨੂੰ ਠਹਿਰਾ ਕੇ ਉਨ੍ਹਾਂ ਦਾ ਮਨੋਬਲ ਡੇਗਣ ਦੀ ਕੋਸ਼ਿਸ਼ ਕੀਤੀ ਅਤੇ ਇਸ ਤਰ੍ਹਾਂ ਅਸਿੱਧੇ ਤੌਰ ਤੇ ਪੁਜਾਰੀਆਂ ਨੂੰ ਸਮਰਥਨ ਦਿੱਤਾ। ਅਖੌਤੀ ਸਮਝੌਤੇ ਦੀ ਇਕ ਹਫਤਾ ਪਹਿਲਾਂ ਨਹੀਂ ਬਲਕਿ ਸੌਦਾ ਸੰਪਾਦਕ ਨੇ ਤਾਂ ਮਾਰਚ 2010 ’ਚ ਹੀ ਇਹੋ ਜਿਹੀ ਝੂਠੀ ਖਬਰ ਲਾ ਦਿੱਤੀ ਸੀ ‘‘ਪ੍ਰੋ: ਦਰਸ਼ਨ ਸਿੰਘ ਦਾ ਪੁਜਾਰੀਆਂ ਨਾਲ ਹੋਇਆ ਸਮਝੌਤਾ। ਪ੍ਰੋ: ਦਰਸ਼ਨ ਸਿੰਘ ’ਤੇ ਸ਼ਰਤ ਲਾਈ ਗਈ ਕਿ ਉਹ (1) ਦਸਮ ਗ੍ਰੰਥ ਵਿਰੁੱਧ ਕੁਝ ਨਹੀਂ ਬੋਲਣਗੇ (2) ਸ਼੍ਰੋਮਣੀ ਕਮੇਟੀ ਚੋਣਾਂ ਤੋਂ ਦੂਰ ਰਹਿਣ ਲਈ ਵਿਦੇਸ਼ ਚਲੇ ਜਾਣਗੇ (3) ਸੌਦਾ ਸੰਪਾਦਕ ਨਾਲੋਂ ਦੂਰੀ ਬਣਾ ਕੇ ਰੱਖਣਗੇ। ਬਦਲੇ ਵਿਚ ਉਨ੍ਹਾਂ ਨੂੰ ਬਿਨਾਂ ਸ਼ਰਤ ਮੁਆਫ ਕਰ ਦਿੱਤਾ ਜਾਵੇਗਾ।’’ ਸੌਦਾ ਸੰਪਾਦਕ ਨਾਲ ਤਾਂ ਉਨ੍ਹਾਂ ਦੀ ਅੱਜ ਤੱਕ ਕਦੀ ਨੇੜਤਾ ਹੋਈ ਹੀ ਨਹੀਂ ਬੇਸ਼ਕ ਉਹ ਹਮੇਸ਼ਾ ਵਿੰਗੇ-ਢੇਡੇ ਢੰਗ ਨਾਲ ਉਨ੍ਹਾਂ ਦਾ ਨਾਮ ਵਰਤਣ ਦੀ ਕੁਚੇਸ਼ਟਾ ਨਾਲ ਨੇੜਤਾ ਕਰਨ ਲਈ ਢੰਕਵੰਜ ਰਚਦਾ ਰਿਹਾ ਹੈ ਪਰ ਪ੍ਰੋ: ਦਰਸ਼ਨ ਸਿੰਘ ਵੱਲੋਂ ਕੋਈ ਹੁੰਗਾਰਾ ਨਾ ਮਿਲਣ ਤੇ ਹੁਣ ਵਾਂਗ ਕਈ ਵਾਰ ਰੱਜ ਕੇ ਭੰਡੀ ਪ੍ਰਚਾਰ ਕੀਤਾ। ਇਸ ਲਈ ਜਿਸ ਨਾਲ ਸ਼ੁਰੂ ਤੋਂ ਹੀ ਦੂਰੀ ਬਣੀ ਹੋਵੇ ਉਸ ਨਾਲ ਦੂਰੀ ਬਣਾ ਕੇ ਰੱਖਣ ਦਾ ਵਾਅਦਾ ਫਜ਼ੂਲ ਹੀ ਹੈ।

ਵਿਦੇਸ਼ ਜਾਣ ਸਬੰਧੀ ਪ੍ਰੋ: ਦਰਸ਼ਨ ਸਿੰਘ ਦਾ ਪਿਛਲੇ 25 ਸਾਲਾਂ ਤੋਂ ਇਹ ਪ੍ਰੋਗਰਾਮ ਚਲਦਾ ਆ ਰਿਹਾ ਹੈ ਕਿ ਉਹ ਸਰਦੀ ਦੇ 6 ਮਹੀਨੇ ਭਾਰਤ ਵਿਚ ਤੇ ਗਰਮੀ ਦੇ 6 ਮਹੀਨੇ ਵਿਦੇਸ਼ਾਂ ’ਚ ਬਿਤਾਉਂਦੇ ਹਨ। ਅਕਤੂਬਰ 2009 ’ਚ ਭਾਰਤ ਆਉਣ ਸਮੇਂ ਹੀ ਉਨ੍ਹਾਂ 15 ਮਾਰਚ 2010 ਨੂੰ ਰੀਟਰਨ ਟਿਕਟ ਬੁੱਕ ਕਰਵਾਈ ਸੀ ਇਸ ਲਈ ਸਮਝੌਤੇ ਅਧੀਨ ਵਿਦੇਸ਼ ਜਾਣ ਦੀ ਗੱਲ ਵੀ ਇਕ ਸ਼ਰਾਰਤ ਤੋਂ ਵੱਧ ਕੁਝ ਨਹੀਂ ਸੀ। ਦਸਮ ਗ੍ਰੰਥ ਵਿਰੁੱਧ ਉਨ੍ਹਾਂ ਦਾ ਪ੍ਰਚਾਰ ਲਗਾਤਾਰ ਅੱਜ ਤੱਕ ਚੱਲ ਰਿਹਾ ਹੈ ਅਤੇ ਨਾ ਹੀ ਤਿੰਨ ਮਹੀਨੇ ਤੋਂ ਵੱਧ ਸਮਾਂ ਲੰਘਣ ਦੇ ਬਾਵਜੂਦ ਉਨ੍ਹਾਂ ਵਿਰੁੱਧ ਕੋਈ ਹੁਕਮਨਾਮਾ ਵਾਪਸ ਹੋਇਆ ਹੈ। ਇਸ ਲਈ ਸੌਦਾ ਸੰਪਾਦਕ ਦੀ ਇਹ ਜਾਣਕਾਰੀ ਬਿਲਕੁਲ ਝੂਠੀ ਸਾਬਤ ਹੋ ਗਈ ਅਤੇ ਉਹ ਖਬਰ ਪ੍ਰੈਸ ਪ੍ਰੋ: ਦਰਸ਼ਨ ਸਿੰਘ ਵਿਰੁੱਧ ਪ੍ਰਚਾਰ ਕਰਨ ਲਈ ਇਕ ਅਫਵਾਹ ਉਡਾਉਣ ਤੋਂ ਵੱਧ ਕੁਝ ਨਹੀਂ ਸੀ। ਜਿਸ ਪੱਤਰਕਾਰ ਨੂੰ ਸਰਬ ਪ੍ਰਵਾਨਤ ਇਸ ਸੱਚਾਈ ਦੀ ਕੋਈ ਜਾਣਕਾਰੀ ਨਾ ਮਿਲ ਸਕੀ ਕਿ ਜੇ ਉਹ ਸ਼ਰਾਬ ਪੀ ਕੇ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਬੀਬੀਆਂ ਨਾਲ ਛੇੜਛਾੜ ਕਰੇਗਾ ਤਾਂ ਉਸ ’ਤੇ ਜੁੱਤੀਆਂ ਪੈ ਸਕਦੀਆਂ ਹਨ ਪਤਾ ਨਹੀਂ ਇਕ ਹਫਤਾ ਪਹਿਲਾਂ ਉਸ ਨੂੰ ਦੂਜੀ ਵਾਰ ਇਹ ਇਲਹਾਮ ਕਿੱਥੋਂ ਹੋ ਗਿਆ ਕਿ ਪ੍ਰੋ: ਦਰਸ਼ਨ ਸਿੰਘ ਦਾ ਪੁਜਾਰੀਆਂ ਨਾਲ ਸਮਝੋਤਾ ਹੋ ਗਿਆ ਤੇ 20 ਜੂਨ ਦੇ ਅਖਬਰਾਰ ਵਿਚ ਉਸ ਸਮਝੌਤੇ ਦੀ ਉਸ ਨੇ ਪੁਸ਼ਟੀ ਵੀ ਕਰ ਦਿੱਤੀ ਪਰ ਇਸ ਦਾ ਸਬੂਤ ਹਾਲੀ ਤੱਕ ਕੋਈ ਨਹੀਂ।

ਕੋਈ ਵਿਆਕਤੀ ਇਹ ਤਾਂ ਸੋਚ ਵੀ ਨਹੀਂ ਸਕਦਾ ਕਿ ‘ਸਚੁ ਸੁਣਾਇਸੀ ਸਚ ਕੀ ਬੇਲਾ’ ਤੁਕ ਵਰਤਣ ਵਾਲਾ ਸੌਦਾ ਸੰਪਾਦਕ ਪੱਤਰਕਾਰੀ ਦੇ ਮਿਆਰ ਤੋਂ ਇੰਨਾ ਨੀਚੇ ਗਿਰ ਸਕਦਾ ਹੈ ਜਿਤਨਾ ਗਿਰਿਆ ਹੋਇਆ ਉਸ ਨੇ 23 ਜੂਨ ਦੀ ਪਹਿਲੇ ਪੰਨੇ ਦੀ ਖਬਰ ਵਿਚ ਆਪਣੇ ਆਪ ਨੂੰ ਵਿਖਾ ਦਿੱਤਾ ਹੈ। ਇਸ ਖਬਰ ਦੇ ਸਿਰਲੇਖ ਵਿਚ, ਜਿਸ ਪਟਨੇ ਵਾਲੇ ਇਕਬਾਲ ਸਿੰਘ ਨੁੰ ਹੁਣ ਤੱਕ ਹਮੇਸ਼ਾ ਪੁਜਾਰੀ ਲਿਖਦਾ ਰਿਹਾ ਹੈ, ਉਸੇ ਸੌਦਾ ਸੰਪਾਦਕ ਨੇ ਹੁਣ ਉਸ ਨੂੰ ਬਾਦਸ਼ਾਹ ਲਿਖ ਕੇ ਵਡਿਆਇਆ ਹੈ ਸ਼ਾਇਦ ਇਸ ਕਰਕੇ ਕਿ ਉਸ ਨੇ ਪ੍ਰੋ: ਦਰਸ਼ਨ ਸਿੰਘ ’ਤੇ ਸ਼ਰਾਬ ਪੀਣ, ਮਾਤਾ ਨੂੰ ਕੁੱਟ ਕੇ ਘਰੋਂ ਕੱਢਣ, ਉਸ ਦੇ ਸੰਸਕਾਰ ਅਤੇ ਭੋਗ ’ਤੇ ਸ਼ਾਮਲ ਨਾ ਹੋਣ ਦੇ ਗੰਭੀਰ ਝੂਠੇ ਦੋਸ਼ ਲਾਏ ਹਨ ਅਤੇ ਬਿਨਾਂ ਤੱਥਾਂ ਦੀ ਛਾਣਬੀਣ ਕੀਤਿਆਂ ਅਤੇ ਬਿਨਾਂ ਪ੍ਰੋ: ਦਰਸ਼ਨ ਸਿੰਘ ਦਾ ਪੱਖ ਜਾਣਿਆ ਉਹ ਖਬਰ ਪ੍ਰਮੁੱਖਤਾ ਨਾਲ ਪਹਿਲੇ ਪੰਨੇ ’ਤੇ ਛਾਪ ਦਿੱਤੀ। ਇੱਥੇ ਪੱਤਰਕਾਰਤਾ ਦੇ ਨਿਯਮਾਂ ਦੀਆਂ ਪੂਰੀ ਤਰ੍ਹਾਂ ਧੱਜੀਆਂ ਉਡਾਈਆਂ ਹਨ ਕਿਉਂਕਿ ਕਿਸੇ ਵੀ ਵਿਆਕਤੀ ਵਿਰੱਧ ਇਖਲਾਕੀ ਦੋਸ਼ਾਂ ਵਾਲੀ ਖਬਰ ਉਤਨਾਂ ਚਿਰ ਨਹੀਂ ਛਾਪੀ ਜਾ ਸਕਦੀ ਜਦ ਤੱਕ ਕਿ ਅਰੋਪੀ ਦਾ ਪੱਖ ਜਾਣ ਕੇ ਉਹ ਵੀ ਖਬਰ ਦੇ ਨਾਲ ਹੀ ਛਾਪਿਆ ਨਹੀਂ ਜਾਂਦਾ। ਪ੍ਰੋ: ਦਰਸ਼ਨ ਸਿੰਘ ਨੇ ਲਾਏ ਗਏ ਦੋਸ਼ਾਂ ਨੂੰ ਬਿਲਕੁਲ ਝੂਠੇ ਸਾਬਤ ਕਰਨ ਵਾਲੇ ਸਬੂਤਾਂ ਸਹਿਤ ਆਪਣੀ ਵੈਬਡਾਈਟ ਰਾਹੀਂ ਸੌਦਾ ਸੰਪਾਦਕ ਵਿਰੱਧ ਇੱਜਤ ਹੱਤਕ ਦਾ ਕੇਸ ਦਰਜ ਕਰਨ ਲਈ ਚੇਤਾਵਨੀ ਦੇ ਦਿੱਤੀ ਹੈ।

ਜਿਸ ਖਾਲਸੇ ਬਾਰੇ ਮਸ਼ਹੂਰ ਹੈ ਕਿ ਉਹ ਆਪਣੀਆਂ ਅੱਖਾਂ ਦੇ ਸਾਹਮਣੇ ਕਿਸੇ ਨਾਲ ਵਧੀਕੀ ਹੁੰਦੀ ਨਹੀਂ ਵੇਖ ਸਕਦਾ ਅਤੇ ਉਸ ਦੇ ਸਵੈਮਾਨ ਲਈ ਜਾਨ ਦੀ ਕੁਰਬਾਨੀ ਤੱਕ ਦੇਣ ਤੋਂ ਪਿੱਛੇ ਨਹੀਂ ਹੱਟਦਾ ਉਹ ਖਾਲਸਾ ਇਤਨਾ ਸੁਆਰਥੀ ਹੋ ਗਿਆ ਕਿ ਸਿਰਫ ਆਪਣੀਆਂ ਖਬਰ ਲਾਉਣ ਦੀ ਲਾਲਸਾ ਅਧੀਨ, ਉਸ ਮਹਾਨ ਵਿਦਵਾਨ ਜਿਸ ਨੇ 1984 ਦੇ ਕਾਲੇ ਦਿਨਾਂ ਦੌਰਾਨ ਕੌਮ ਨੂੰ ਦ੍ਰਿੜਤਾ ਭਰੀ ਅਗਵਾਈ ਦਿੱਤੀ, ਹੁਣ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਬਹਾਲੀ ਲਈ ਕੌਮੀ ਲੜਾਈ ਲੜ ਰਿਹਾ ਹੈ ਪਰ ਸੁਆਰਥੀ ਸਿੱਖ ਆਗੂ ਚੁੱਪ-ਚਾਪ ਵੇਖ ਕੇ ਉਸ ਨੂੰ ਪ੍ਰੋ: ਦਰਸ਼ਨ ਸਿੰਘ ਦੀ ਨਿੱਜੀ ਲੜਾਈ ਬਣਾ ਦਿੱਤਾ ਹੈ ਅਤੇ ਹੰਕਾਰੀ ਕਿਸਮ ਦੇ ਸੌਦਾ ਸੰਪਾਦਕ ਵੱਲੋਂ ਉਸ ਦੀ ਹਰ ਰੋਜ਼ ਕੀਤੀ ਜਾ ਰਹੀ ਬੇਇਜ਼ਤੀ ਨੂੰ ਮੂਕ ਦਰਸ਼ਕ ਬਣ ਕੇ ਵੇਖ ਰਹੇ ਹਨ। ਮੈਨੂੰ ਹੈਰਾਨੀ ਹੋਈ ਜਦੋਂ ਇਕ ਆਗੂ ਨੂੰ ਇਸ ਅਪਰਾਧਕ ਕਿਸਮ ਦੀ ਧਾਰੀ ਚੁੱਪ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਹਾਲੀ ਸਾਨੂੰ ਉਸ ਦੀ ਲੋੜ ਹੈ (ਭਾਵ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਿੱਤਣ ਲਈ ਸੌਦਾ ਸੰਪਾਦਕ ਦੀਆਂ ਖਬਰਾਂ ਦੀ ਲੋੜ ਹੈ)। ਕੀ ਇਹ ਦਲੀਲ ਰੂਪਨ ਬਜਾਜ ਦਿਉਲ ਨਾਲ ਛੇੜ ਛਾੜ ਕਰਨ ਵਾਲੇ ਕੇ.ਪੀ.ਐਸ. ਗਿੱਲ ਦੇ ਹੱਕ ਵਿਚ ਬੋਲਣ ਵਾਲਿਆਂ ਦੀ ਦਲੀਲ ਨਾਲ ਮੇਲ ਨਹੀਂ ਖਾਂਦੀ ਜਿਸ ਵਿਚ ਕਿਹਾ ਜਾਂਦਾ ਸੀ ਕਿ ਕੇ.ਪੀ.ਐਸ. ਗਿੱਲ ਅੱਤਵਾਦੀਆਂ ਵਿਰੁੱਧ ਲੜ ਰਿਹਾ ਹੈ ਇਸ ਲਈ ਉਸ ਵਿਰੁੱਧ ਕੀਤੀ ਗਈ ਕਾਰਵਾਈ ਨਾਲ ਅੱਤਵਾਦੀਆਂ ਵਿਰੁੱਧ ਲੜ ਰਹੀਆਂ ਫੋਰਸਜ਼ ਦਾ ਮਨੋਬਲ ਡਿੱਗੇਗਾ। ਕੀ ਅੱਤਵਾਦ ਵਿਰੁੱਧ ਲੜਨ ਵਾਲਿਆਂ ਅਤੇ ਖ਼ਬਰਾਂ ਲਾਉਣ ਵਾਲੇ ਸੰਪਾਦਕ, ਪੱਤਰਕਾਰ ਨੂੰ ਖੁਲ੍ਹ ਹੈ ਕਿ ਉਹ ਕਿਸੇ ਪ੍ਰਤਿਸ਼ਨਾਵਾਨ ਉ¤ਚ ਕਿਰਦਾਰ ਦੇ ਮਾਲਕ ਵਿਆਕਤੀ ਦੀ ਇੱਜ਼ਤ ਨਾਲ ਜਿਵੇਂ ਚਾਹੇ ਖੇਡ ਸਕਦਾ ਹੈ?

ਕਈ ਵੀਰ ਮੈਨੂੰ ਵੀ ਸਲਾਹ ਦਿੰਦੇ ਹਨ ਕਿ ਸੌਦਾ ਸੰਪਾਦਕ ਦੀ ਅਸਲੀਅਤ ਦਾ ਹਰ ਇਕ ਨੂੰ ਪਤਾ ਲੱਗ ਚੁੱਕਾ ਹੈ ਇਸ ਲਈ ਇਸ ਵਿਰੁੱਧ ਲੇਖ ਲਿਖਣ ਦੀ ਬਜਾਇ ਹੋਰ ਕਿਸੇ ਪਾਸੇ ਆਪਣੀ ਸ਼ਕਤੀ ਲਾਈ ਜਾਵੇ। ਇਹ ਸਲਾਹ ਮੰਨ ਕੇ ਮੈਂ ਪਿਛਲੇ ਇਕ ਮਹੀਨੇ ਤੋਂ ਉਸ ਵਿਰੁੱਧ ਕੁਝ ਨਹੀਂ ਲਿਖਿਆ ਪਰ ਹੁਣ ਆਪਣੀਆਂ ਅੱਖਾਂ ਦੇ ਸਾਹਮਣੇ ਕਿਸੇ ਪੰਥਕ ਵਿਦਵਾਨ ਅਤੇ ਇੱਜ਼ਤਦਾਰ ਬਜੁਰਗ ਦਾ ਚਰਿਤਰਘਾਤ ਹੁੰਦਾ ਵੇਖ ਕੇ ਰਿਹਾ ਨਹੀਂ ਗਿਆ ਤੇ ਮੁੜ ਕਲਮ ਚੁੱਕਣ ਲਈ ਮਜ਼ਬੂਰ ਹੋਣ ਪਿਆ ਹੈ। ਮੈਨੂੰ ਪਤਾ ਹੈ ਕਿ ਇਨ੍ਹਾਂ ਲਿਖਤਾਂ ਨਾਲ ਸੌਦਾ ਸੰਪਾਦਕ ਦੀ ਸੋਚਣੀ ਅਤੇ ਲੇਖਣੀ ’ਤੇ ਬਹੁਤ ਅਸਰ ਨਹੀਂ ਪੈਣਾ ਕਿਉਂਕਿ ਡਾ. ਇਕਬਾਲ ਸਿੰਘ ਢਿੱਲੋਂ ਚੰਡੀਗੜ੍ਹ ਅਨੁਸਾਰ ਉਸ ਨੂੰ ਪਾਇਰੇਰੀਆਂ ਦੀ ਬਿਮਾਰੀ ਹੈ ਜਿਹੜਾ ਸਿਰਫ ਆਪਣੇ ਆਪ ਨੂੰ ਹੀ ਸਹੀ ਅਤੇ ਦੂਸਰਿਆਂ ਨੂੰ ਗਲਤ ਸਮਝਦਾ ਰਹਿੰਦਾ ਹੈ। ਪਰ ਬਾਕੀ ਸੰਗਤ ਨੂੰ ਜਾਗਰੁਕ ਕਰਨਾ ਤਾਂ ਹਰ ਕਿਸੇ ਦਾ ਫਰਜ਼ ਹੈ ਅਤੇ ਇਹੀ ਫਰਜ਼ ਮੈਂ ਨਿਭਾ ਰਿਹਾ ਹਾਂ।