

ਕੁੜੀਓ, ਜੇ ਜੰਮਣਾ ਹੈ ਤਾਂ ਪੰਜਾਬੋਂ ਬਾਹਰ ਜੰਮਿਓ !
- ਡਾ: ਹਰਸ਼ਿੰਦਰ ਕੌਰ, ਪਟਿਆਲਾ -
ਫੋਨ : 0175-2216783
ਮੈਨੂੰ ਨਵੇਂ-ਨਵੇਂ ਤਜਰਬੇ ਕਰਨ ਦਾ ਸ਼ੌਕ ਹੈ। ਬੱਚਿਆਂ ਦੀ ਡਾਕਟਰ ਹੋਣ ਦੇ ਨਾਤੇ ਮੈਨੂੰ ਇਹ ਪਤਾ ਹੈ ਕਿ ਇਨ੍ਹਾਂ ਤਜਰਬਿਆਂ ਨਾਲ ਨੁਕਸਾਨ ਤਾਂ ਕੋਈ ਨਹੀਂ ਹੋਣ ਲੱਗਿਆ, ਪਰ ਜੇ ਕੁਝ ਕੁਝ ਚੰਗਾ ਨਿਕਲ ਆਉਂਦਾ ਹੈ ਤਾਂ ਉਸ ਵਿਚ ਮਾਂਪਿਆਂ ਦਾ ਹੀ ਫ਼ਾਇਦਾ ਹੈ ਤੇ ਸਮਾਜ ਵਿਚ ਵੀ ਕੁਝ ਹੋਰ ਵਧੀਆ ਇਨਸਾਨ ਵਿਚਰ ਸਕਣਗੇ। ਹਾਲਾਂਕਿ ਮੈਨੂੰ ਚੰਗੀ ਤਰ੍ਹਾਂ ਇਸ ਗੱਲ ਦੀ ਸਮਝ ਹੈ ਕਿ ਮੈਂ ਕੋਈ ਨਾਢੂ ਖ਼ਾਂ ਨਹੀਂ ਤੇ ਨਾ ਹੀ ਕੋਈ ਵੱਡੀ ਹਸਤੀ, ਫਿਰ ਵੀ ਪਤਾ ਨਹੀਂ ਕਿਉਂ ਮੈਂ ਆਪਣੇ ਜਨਮਦਿਨ ’ਤੇ ਸੋਚਿਆ ਕਿ ਮੈਂ ਇਸ ਨੂੰ ਅਜਿਹੇ ਥਾਂ ’ਤੇ ਜਾ ਕੇ ਮਨਾਵਾਂ, ਜਿੱਥੇ ਮਾਂਪਿਆਂ ਵਲੋਂ ਸੁੱਟੀਆਂ ਹੋਈਆਂ ਬੱਚੀਆਂ ਰਹਿੰਦੀਆਂ ਹੋਣ ਤੇ ਉਨ੍ਹਾਂ ਦੇ ਵਿਚਾਰ ਵੀ ਸੁਣਾਂ ਅਤੇ ਬਾਕੀਆਂ ਤੱਕ ਉਨ੍ਹਾਂ ਨੂੰ ਪਹੁੰਚਾਵਾਂ।
ਲਗਾਤਾਰ ਕੁਝ ਨਾ ਕੁਝ ਪੰਜਾਬ ਦੀਆਂ ਧੀਆਂ ਵਾਸਤੇ ਕਰਦੇ ਰਹਿਣ ਕਾਰਨ ਮੇਰਾ ਝੁਕਾਅ ਉਨ੍ਹਾਂ ਵੱਲ ਬਣ ਚੁੱਕਿਆ ਹੈ। ਇਸੇ ਲਈ ਸਵੇਰੇ ਆਪਣਿਆਂ ਤੋਂ ਮੁਬਾਰਕਾਂ ਲੈਣ ਤੋਂ ਬਾਅਦ ਅਸੀਂ ਪਿੰਗਲਵਾੜੇ ਵੱਲ ਚਾਲੇ ਪਾ ਦਿੱਤੇ। ਹਾਲੇ ਅਸੀਂ ਘਰੋਂ ਬਾਹਰ ਹੀ ਨਿਕਲੇ ਸਾਂ ਕਿ 200 ਗਜ਼ ’ਤੇ ਇਕ ਨਿੱਕੀ ਜਿਹੀ ਛੇ ਸਾਲ ਦੀ ਬੱਚੀ ਇਕ ਪਾਟੀ ਬੋਰੀ ਮੋਢੇ ’ਤੇ ਚੁੱਕ ਕੇ ਗੰਦ ਦੇ ਢੇਰ ਵਿੱਚੋਂ ਪਲਾਸਟਿਕ ਦੇ ਲਿਫ਼ਾਫ਼ੇ ਚੁੱਕ ਕੇ ਉਸ ਵਿਚ ਇਕੱਠੇ ਕਰੀ ਜਾ ਰਹੀ ਸੀ। ਮੇਰੀ ਬੇਟੀ ਸੁਖਮਨੀ ਫੱਟ ਬੋਲੀ, ‘‘ਮੰਮੀ ਏਨੀ ਦੂਰ ਕੀ ਕਰਨ ਚੱਲੇ ਆਂ, ਇੱਥੇ ਹੀ ਅਜਿਹੀਆਂ ਅਗਲੇ ਮੋੜ ’ਤੇ ਕਿੰਨੀਆਂ ਮਿਲ ਜਾਣਗੀਆਂ।’’
ਵਾਕਈ ਪੰਜਾਹ ਕੁ ਗਜ਼ ਅੱਗੇ ਕੂੜੇ ਦੇ ਵਿਸ਼ਾਲ ਢੇਰ ’ਤੇ ਲਗਭਗ 15-20 ਨਿੱਕੀਆਂ ਕੁੜੀਆਂ ਅਜਿਹਾ
ਕਰਦੀਆਂ ਦਿੱਸ ਪਈਆਂ। ਸਿਰ ਨੂੰ ਝਟਕਾ ਜਿਹਾ ਦੇ ਕੇ ਅਸੀਂ ਕਾਰ ਵਿੱਚ ਅਗਾਂਹ ਤੁਰ ਪਏ। ਸ਼ਹਿਰੋਂ
ਬਾਹਰ ਨਿਕਲਦੇ ਸਾਰ ਸੜਕ ਦੇ ਕਿਨਾਰੇ ਨਿੱਕੇ-ਨਿੱਕੇ ਨੰਗੇ ਬੱਚਿਆਂ ਨੂੰ ਛੱਡ ਕੇ ਕਈ ਮਜ਼ਦੂਰ ਔਰਤਾਂ
ਸੜਕ ਬਣਾਉਣ ਵਿਚ ਲੱਗੀਆਂ ਹੋਈਆਂ ਸਨ। ਉਨ੍ਹਾਂ 8 ਬੱਚਿਆਂ ਵਿੱਚੋਂ 6 ਕੁੜੀਆਂ ਸਨ। ਮੇਰੀ ਬੇਟੀ
ਸੁਖਮਨੀ ਨੇ ਮੇਰੇ ਵੱਲ ਫੇਰ ਸਵਾਲੀਆ ਨਿਗਾਹਾਂ ਨਾਲ ਤੱਕਿਆ। ਮੈਂ ਕਿਹਾ, ‘‘ਇਹ ਪੰਜਾਬੀ ਨਹੀਂ ਹਨ,
ਪਰਵਾਸੀ ਮਜ਼ਦੂਰ ਹਨ।’ ਮੈਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਇਹ ਜਵਾਬ ਉਸ ਦੇ ਸਵਾਲ ਲਈ ਉ¤ਕਾ ਹੀ
ਢੁੱਕਵਾਂ ਨਹੀਂ ਸੀ। ਥੋੜ੍ਹੀ ਦੂਰ ਅਗਾਂਹ ਗਏ ਤਾਂ ਖੇਤਾਂ ਵਿਚੋਂ ਪੱਠੇ ਚੁੱਕੀ ਆਉਂਦੀਆਂ
ਨਿੱਕੀਆਂ-ਨਿੱਕੀਆਂ ਦੋ ਕੁੜੀਆਂ, ਜਿਨ੍ਹਾਂ ਦੇ ਕਪੜੇ ਬਹੁਤੀ ਥਾਂ ਤੋਂ ਪਾਟੇ ਹੋਏ ਸਨ, ਦਿੱਸ ਪਈਆਂ।
ਮੇਰੀ ਬੇਟੀ ਨੇ ਸਿਰਫ਼ ਇਸ਼ਾਰਾ ਹੀ ਕੀਤਾ ਤੇ ਫਿਰ ਮੇਰਾ ਜਵਾਬ ਉਡੀਕਣ ਲੱਗ ਪਈ। ਮੈਂ ਹਾਰ ਕੇ ਕਾਰ
ਰੋਕ ਕੇ ਕੁਝ ਮਠਿਆਈਆਂ ਕੱਢੀਆਂ ਤੇ ਉਨ੍ਹਾਂ ਨੂੰ ਦੇਣ ਲਈ ਉਨ੍ਹਾਂ ਨੂੰ ਕੋਲ ਬੁਲਾਇਆ। ਉਹ ਸੰਗਦੀਆਂ
ਨੇੜੇ ਨਾ ਆਈਆਂ। ਮੈਂ ਹੀ ਸੜਕ ਤੋਂ ਉਤਰ ਕੇ ਖੇਤਾਂ ਵਿਚ ਆਪਣੀ ਬੇਟੀ ਨਾਲ ਉਨ੍ਹਾਂ ਕੋਲ ਚਲੀ ਗਈ।
ਮੇਰੀ ਬੇਟੀ ਨੇ ਮੇਰੇ ਹੱਥੋਂ ਮਠਿਆਈਆਂ ਫੜ ਕੇ ਉਨ੍ਹਾਂ ਨੂੰ ਦੇਣ ਤੋਂ ਪਹਿਲਾਂ ਪੁੱਛਿਆ, ‘‘ਤੁਸੀਂ
ਸਕੂਲ ਨਹੀਂ ਜਾਂਦੀਆਂ? ਇਸ ਤਰ੍ਹਾਂ ਜ਼ਿੰਦਗੀ ਵਿਚ ਕੀ ਬਣ ਸਕੋਗੀਆਂ? ਤੁਹਾਡਾ ਜਨਮ ਦਿਨ ਕਦੋਂ
ਹੁੰਦੈ?’’ ਉਨ੍ਹਾਂ ਵਿਚੋਂ ਇਕ, ਜਿਹੜੀ ਛੋਟੀ ਸੀ, ਬੋਲੀ, ‘‘ਜਨਮ ਦਿਨ ਕੀ ਹੁੰਦੈ?’’
ਮੈਨੂੰ ਆਪਣੇ ਆਪ ’ਤੇ ਬੜੀ ਘਿਣ ਜਿਹੀ ਆਈ ਕਿ ਮੈਂ ਕਪੜੇ ਤੇ ਮਠਿਆਈਆਂ ਕਿਸ ਖੁਸ਼ੀ ਵਿਚ ਵੰਡਣ ਚੱਲੀ ਹਾਂ? ਇਨ੍ਹਾਂ ਕੁੜੀਆਂ ਨੇ ਇੱਥੇ ਜੰਮ ਕੇ ਕੀ ਖੱਟਿਐ? ਮੈਂ ਪਿਆਰ ਨਾਲ ਉਸ ਬੱਚੀ ਨੂੰ ਸਮਝਾਇਆ ਕਿ ਜਿਸ ਦਿਨ ਪੈਦਾ ਹੋਏ ਹੋਵੋ, ਉਸ ਦਿਨ ਨੂੰ ਹੀ ਜਨਮਦਿਨ ਕਹਿੰਦੇ ਨੇ। ਉਹ ਪੁੱਛਣ ਲੱਗੀ, ‘‘ਉਹਦੇ ਵਿਚ ਕੀ ਖ਼ਾਸ ਗੱਲ ਹੁੰਦੀ ਐ? ਉਸ ਦਿਨ ’ਚ ਬਾਕੀਆਂ ਨਾਲੋਂ ਕਿਵੇਂ ਫ਼ਰਕ ਹੁੰਦੈ? ਉਸ ਦਿਨ ਢਿੱਡ ਭਰ ਕੇ ਰੋਟੀ ਮਿਲਦੀ ਐ?’’ ਮੈਂ ਲਾਜਵਾਬ ਹੋ ਗਈ ਸੀ। ਆਪਣੀ ਬੇਟੀ ਸੁਖਮਨੀ ਵੱਲੋਂ ਮੈਂ ਪਿੱਠ ਮੋੜ ਲਈ, ਇਹ ਜਾਣਦੇ ਹੋਏ ਕਿ ਉਸ ਦੀਆਂ ਸਵਾਲੀਆ ਨਜ਼ਰਾਂ ਮੇਰਾ ਪਿੱਛਾ ਕਰ ਰਹੀਆਂ ਹੋਣਗੀਆਂ। ਮੈਂ ਵਾਪਸ ਕਾਰ ਵੱਲ ਤੁਰ ਪਈ ਤਾਂ ਮੇਰੀ ਬੇਟੀ ਨੇ ਆਵਾਜ਼ ਮਾਰੀ, ‘‘ਮੰਮੀ, ਇਹਦੇ ਪੈਰਾਂ ਵਿਚ ਜੁੱਤੀ ਵੀ ਨਹੀਂ ਹੈ। ਇਕ ਜੋੜਾ ਜੁੱਤੀ ਦਾ ਵੀ ਇਹਨੂੰ ਦੇ ਦਿਉ।’’ ਮੈਂ ਕਾਰ ਵਿਚੋਂ ਫੱਟ ਪੁਰਾਣੀ ਜੁੱਤੀ ਦਾ ਇਕ ਜੋੜਾ ਕੱਢ ਕੇ ਉਸ ਨੂੰ ਦੇ ਦਿੱਤਾ। ਉਨ੍ਹਾਂ ਬੱਚੀਆਂ ਨੂੰ ਆਪਣੀ ਬੇਟੀ ਦਾ ਇਕ-ਇਕ ਪੁਰਾਣਾ ਫ੍ਰਾਕ ਵੀ ਮੈਂ ਫੜਾ ਦਿੱਤਾ। ਉਹ ਨਿੱਕੀ ਕੁੜੀ ਬਹੁਤ ਜ਼ਿਆਦਾ ਖੁਸ਼ ਹੋ ਗਈ ਤੇ ਇਕਦਮ ਚਹਿਕ ਕੇ ਬੋਲੀ, ‘‘ਸਮਝ ਆ ਗਈ। ਇਹੀ ਜਨਮਦਿਨ ਹੁੰਦਾ ਹੋਵੇਗਾ। ਮੇਰਾ ਤਾਂ ਅੱਜ ਪਹਿਲੀ ਵਾਰ ਹੀ ਹੋਇਐ, ਪਿੱਛਲੇ ਸੱਤ ਸਾਲਾਂ ਵਿਚ।’’ ਉਹਦੇ ਚਿਹਰੇ ’ਤੇ ਖਿੜ੍ਹੀ ਮੁਸਕਾਨ ਨਾਲ ਮੇਰੇ ਅੰਦਰ ਉਪਜੀ ਸ਼ਰਮਿੰਦਗੀ ਕੁਝ ਘੱਟ ਗਈ। ਮੇਰੀ ਬੇਟੀ ਫੇਰ ਬੋਲੀ, ‘‘ਮੰਮੀ, ਜੇ ਰਸਤੇ ਵਿਚ ਹੀ ਸਮਾਨ ਵੰਡਦੇ ਜਾਈਏ ਤਾਂ ਅੰਮ੍ਰਿਤਸਰ ਪਿੰਗਲਵਾੜੇ ਤਾਂ, ਛੱਡੋ, ਆਪਾਂ ਸਰਹਿੰਦ ਤੱਕ ਹੀ ਆਪਣੇ ਦੋਵੇਂ ਬੋਰੇ ਮੁਕਾ ਲਵਾਂਗੇ।’’
ਫੇਰ ਅੱਗੇ ਤੁਰੇ ਤਾਂ ਬੱਸ ਦੀ ਉਡੀਕ ਵਿਚ ਸਵਾਰੀਆਂ ਖੜੀਆਂ ਸਨ। ਇਕ ਦਮ ਪਿੱਛੋਂ ਆਈ ਇਕ ਬੱਸ ਸਾਡੇ ਅੱਗੇ ਲੰਘ ਕੇ ਉਨ੍ਹਾਂ ਸਵਾਰੀਆਂ ਨੇੜੇ ਰੁੱਕ ਗਈ। ਸਾਨੂੰ ਕਾਰ ਦੀ ਇਕਦਮ ਬ੍ਰੇਕ ਲਾਉਣੀ ਪਈ। ਏਨੇ ਨੂੰ ਸਵਾਰੀਆਂ ਦੀ ਧੱਕੇ-ਮੁੱਕੇ ਵਿਚ ਇਕ ਔਰਤ ਸੜਕ ਉ¤ਤੇ ਡਿੱਗ ਪਈ। ਉਸ ਦੇ ਕੁੱਛੜ ਵਿਚ ਨਵਜੰਮਿਆ ਬੱਚਾ ਚੁੱਕਿਆ ਹੋਇਆ ਸੀ, ਜੋ ਪਰਾਂ ਜਾ ਪਿਆ। ਡਾਕਟਰ ਹੋਣ ਦੇ ਨਾਤੇ ਮੈਂ ਤੇ ਮੇਰੇ ਪਤੀ ਕਾਰ ਵਿਚੋਂ ਉਤਰ ਕੇ ਭੱਜ ਕੇ ਉਸ ਵੱਲ ਗਏ। ਸਾਨੂੰ ਅੱਧਾ ਘੰਟਾ ਲੱਗ ਗਿਆ ਉਸ ਨੂੰ ਠੀਕ ਕਰਦਿਆਂ। ਉਸ ਦੇ ਨਵ-ਜੰਮੇ ਬੱਚੇ ਨੂੰ ਝਰੀਟ ਤੱਕ ਵੀ ਨਹੀਂ ਸੀ ਆਈ। ਉਹ ਔਰਤ ਬਹੁਤ ਜ਼ਿਆਦਾ ਕਮਜ਼ੋਰ ਲੱਗ ਰਹੀ ਸੀ। ਕੁਝ ਠੀਕ ਹੁੰਦਿਆਂ ਸਾਰ ਉਹ ਜ਼ੋਰ-ਜ਼ੋਰ ਨਾਲ ਰੋਣ ਲੱਗ ਪਈ। ਉਸ ਨੇ ਦੱਸਿਆ ਕਿ ਉਸ ਦੀ ਕੁੱਛੜ ਵਿਚ ਉਸ ਦੀ ਤਿੰਨ ਦਿਨਾਂ ਦੀ ਬੱਚੀ ਸੀ। ਉਸ ਦੇ ਸਹੁਰਿਆਂ ਨੇ ਕੁੜੀ ਜੰਮਣ ਕਰਕੇ ਘਰੋਂ ਬਾਹਰ ਕੱਢ ਦਿੱਤਾ ਸੀ ਤੇ ਉਸ ਨੇ ਤਿੰਨ ਦਿਨਾਂ ਤੋਂ ਕੁਝ ਖਾਧਾ ਵੀ ਨਹੀਂ ਸੀ।
ਮੇਰੀ ਬੇਟੀ ਫੇਰ ਇਕ ਸਵਾਲੀਆ ਚਿੰਨ੍ਹ ਬਣ ਕੇ ਮੇਰੇ ਸਾਹਮਣੇ ਖੜੀ ਹੋ ਗਈ। ਕੁੜੀ ਜੰਮਣ ਕਰਕੇ ਇਕ ਕੁੜੀ ਨੇ ਦੂਜੀ ਕੁੜੀ ਨੂੰ ਕਿਉਂ ਸਜ਼ਾ ਦਿੱਤੀ ਹੈ? ਇਸ ਕੁੜੀ ਦੀ ਮਾਂ ਵੀ ਕੁੜੀ ਤੇ ਦਾਦੀ ਵੀ ਕੁੜੀ। ਇਸ ਦੇ ਪਾਪਾ ਜਾਂ ਦਾਦਾ ਜੀ ਨੇ ਇਸ ਨੂੰ ਪਿਆਰ ਕਿਉਂ ਨਹੀਂ ਦਿੱਤਾ? ਇਹ ਕੀ ਆਪਣੇ ਵੀਰ ਤੋਂ ਰੋਟੀ ਖਾ ਲੈਂਦੀ? ਇਹਨੂੰ ਹੁਣ ਅਸੀਂ ਕਿਹੜੀ ਚੀਜ਼ ਦੇ ਸਕਦੇ ਹਾਂ? ਇਹੋ ਜਿਹੀਆਂ ਸੁੱਕੀਆਂ ਰੋਟੀਆਂ ਨੂੰ ਤਰਸਣ ਵਾਲੀਆਂ ਦੇ ਕੀ ਜਨਮਦਿਨ ਹੋਣੇ ਨੇ?
ਇਹ ਤਾਂ ਸਵਾਲ ਮੇਰੀ ਬੇਟੀ ਦੇ ਸਨ। ਕੁਝ ਹੋਰ ਸਵਾਲ ਵੀ ਹਨ, ਜੋ ਸਾਨੂੰ ਸਭ ਨੂੰ ਉਠਾਉਣੇ ਚਾਹੀਦੇ ਹਨ। ਪੰਜਾਬ ਦੀਆਂ ਕਿੰਨੀਆਂ ਧੀਆਂ ਨੂੰ ਹਾਲੇ ਤੱਕ ਜੰਮਦੇ ਸਾਰ ਕੁਝ ਪੈਸੇ ਜਾਂ ਇੰਦਰਾ ਵਿਕਾਸ ਪੱਤਰ ਵੰਡੇ ਜਾ ਚੁੱਕੇ ਹਨ? ਪੰਜਾਬ ਦੀਆਂ ਕਿੰਨੀਆਂ ਧੀਆਂ ਬਿਲਕੁਲ ਮੁਫ਼ਤ ਵਿੱਦਿਆ ਪ੍ਰਾਪਤ ਕਰ ਚੁੱਕੀਆਂ ਹਨ? ਯਾਦ ਰਹੇ ਕਿ ਹਰ ਸਰਕਾਰੀ ਸਕੂਲ ਵਿਚ ਮੁਫ਼ਤ ਵਿੱਦਿਆ ਹੋਣ ਦੇ ਬਾਵਜੂਦ ਕੰਪਿਊਟਰ ਫ਼ੀਸ ਤੋਂ ਇਲਾਵਾ ਹੋਰ ਵੀ ਕਈ ਖ਼ਰਚੇ ਮਹੀਨਾਵਾਰ ਕੁੜੀਆਂ ਦੇ ਮਾਂਪਿਆਂ ਤੋਂ ਭਰਵਾਏ ਜਾ ਰਹੇ ਹਨ।
ਯੂ.ਜੀ.ਸੀ. ਸਕੀਮ ਤਹਿਤ ਜਿਸ ਘਰ ਵਿਚ ਇਕੋ ਬੱਚਾ ਤੇ ਉਹ ਵੀ ਕੁੜੀ ਹੋਵੇ, ਉਸ ਦਾ ਪੋਸਟ-ਗੈਜੂਏਟ ਦੀ ਪੜ੍ਹਾਈ ਤੱਕ ਦਾ ਪੂਰਾ ਖ਼ਰਚਾ ਸਰਕਾਰ ਚੁੱਕੇਗੀ। ਪੰਜਾਬ ਦੀ ਇਕ ਵੀ ਕੁੜੀ ਇਸ ਸਕੀਮ ਤਹਿਤ ਹਾਲੇ ਤੱਕ ਕਿਉਂ ਨਹੀਂ ਪੜ੍ਹ ਸਕੀ? ਇਕੋ ਬੱਚਾ ਤੇ ਉਹ ਵੀ ਧੀ ਵਾਲੇ ਕਿੰਨੇ ਮਾਂਪਿਆਂ ਨੂੰ ਸਰਕਾਰੀ ਨੌਕਰੀ ਵਿਚ ਇਨਕ੍ਰੀਮੈਂਟ ਮਿਲੀ ਹੈ? ਐਨ.ਆਰ.ਆਈ. ਲਾੜਿਆਂ ਵੱਲੋਂ ਛੱਡੀਆਂ ਕਿੰਨੀਆਂ ਪੰਜਾਬ ਦੀਆਂ ਧੀਆਂ ਨੂੰ ਹਾਲੇ ਤੱਕ ਇਨਸਾਫ਼ ਮਿਲਿਆ ਹੈ? ਪੰਜਾਬ ਦੇ ਕਿੰਨੇ ਕੁ ਸਰਪੰਚਾਂ ਨੂੰ ਉਨ੍ਹਾਂ ਦੇ ਪਿੰਡ ਵਿਚ ਕੁੜੀਆਂ ਦੀ ਵਧਦੀ ਗਿਣਤੀ ਕਰਕੇ ਸਨਮਾਨਿਤ ਕੀਤਾ ਜਾ ਚੁੱਕਿਆ ਹੈ? ਦਾਜ ਦੇ ਕੇਸ ਕਿੰਨੇ ਕੁ ਵਰ੍ਹੇ ਲਟਕਦੇ ਹਨ ਤੇ ਹਾਲੇ ਤੱਕ ਕਿੰਨੇ ਪ੍ਰਤੀਸ਼ਤ ਸਹੁਰਿਆਂ ਨੂੰ ਸਜ਼ਾ ਹੋ ਚੁੱਕੀ ਹੈ?
ਹਰਿਆਣੇ ਵਿਚ ਪਹਿਲਾਂ ਬੱਚੀਆਂ ਦੇ ਨਾਂ ਬਥੇਰੀ, ਕਾਣੀ, ਸੁੱਕੀ ਰੱਖਿਆ ਕਰਦੇ ਸਨ ਤੇ ਹੁਣ ਸਰਸਵਤੀ, ਲੱਛਮੀ ਵਿਚ ਤਬਦੀਲ ਹੋਣੇ ਸ਼ੁਰੂ ਹੋ ਚੁੱਕੇ ਹਨ। ਅਜਿਹੀ ਕ੍ਰਾਂਤੀ ਪੰਜਾਬ ਦੇ ਕਿੰਨੇ ਕੁ ਪਿੰਡਾਂ ਵਿਚ ਆ ਚੁੱਕੀ ਹੈ? ਪੰਜਾਬ ਦਾ ਕੋਈ ਹਿੱਸਾ ਉ¤ਭਰ ਕੇ ਸਾਹਮਣੇ ਆਇਆ ਹੈ, ਜਿੱਥੇ ਨਿੱਕੀਆਂ ਬਾਲੜੀਆਂ ਦੇ ਕਤਲ ਹੋਣੇ ਘੱਟ ਹੋ ਚੁੱਕੇ ਹੋਣ? ਅਜਿਹੇ ਸਵਾਲਾਂ ਦੀ ਝੜੀ ਲੱਗ ਸਕਦੀ ਹੈ, ਪਰ ਏਨੇ ਕੁ ਸਵਾਲਾਂ ਦੇ ਜਵਾਬ ਨਾਲ ਹੀ ਸਭ ਨੂੰ ਚਾਨਣਾ ਹੋ ਸਕਦਾ ਹੈ ਕਿ ਧੀਆਂ ਨਾਲ ਵਿਤਕਰਾ ਕਿਸ ਹੱਦ ਤੱਕ ਵਧ ਗਿਆ ਹੈ।
ਤਸਵੀਰ ਦਾ ਜਿਹੜਾ ਪਾਸਾ ਹਾਲੇ ਲੁਕਿਆ ਹੋਇਆ ਹੈ, ਉਹ ਇਸੇ ਗੱਲ ਨਾਲ ਸਾਫ਼ ਹੋ ਜਾਵੇਗਾ ਕਿ ਬਹੁਤੇ ਮਾਪੇ ਪੁੱਤਰਾਂ ਦੀ ਪੜ੍ਹਾਈ ਦਾ ਪ੍ਰਾਈਵੇਟ ਸਕੂਲਾਂ ਵਿਚ ਖ਼ਰਚਾ ਤਾਂ ਝੱਲਣ ਨੂੰ ਤਿਆਰ ਹਨ, ਪਰ ਧੀਆਂ ਦੀ ਪੜ੍ਹਾਈ ਦਾ ਪੌਣੇ ਛੇ ਰੁਪਏ ਮਹੀਨਾ ਖ਼ਰਚਾ ਵੀ ਉਨ੍ਹਾਂ ਨੂੰ ਭਾਰਾ ਲੱਗਦਾ ਹੈ। ਜਿਹੜੇ ਵੀ ਇਸ ਕਥਨ ਵਿਚ ਇਕ ਪ੍ਰਤੀਸ਼ਤ ਝੂਠ ਸਮਝਦੇ ਹੋਣ, ਉਹ ਆਪਣੀਆਂ ਅੱਖਾਂ ਨਾਲ ਆ ਕੇ ਮੇਰੇ ਕੋਲ ਪਏ ਚਿੱਠੀਆਂ ਦੇ ਢੇਰ ਪੜ੍ਹ ਸਕਦੇ ਹਨ ਕਿ ਕਿਵੇਂ ਆਪਣੇ ਮੂੰਹੋਂ ਲੋਕ ਆਪਣੀਆਂ ਧੀਆਂ ਨੂੰ ਸਿਵਾਏ ਇਕ ਭਾਰ ਦੇ ਹੋਰ ਕੁਝ ਨਹੀਂ ਸਮਝਦੇ। ਫੇਰ ਇਹ ਸਵਾਲ ਤਾਂ ਤੁਰਦੇ ਰਹਿਣਗੇ, ਪਰ ਗੱਲ ਕਰੀਏ ਮੇਰੇ ਜਨਮਦਿਨ ਦੀ।
ਜਦੋਂ ਅਸੀਂ ਦੋਰਾਹੇ ਪਹੁੰਚੇ ਤਾਂ ਮੇਰੇ ਬੱਚਿਆਂ ਨੇ ਛੱਲੀਆਂ ਖਾਣ ਦੀ ਜ਼ਿੱਦ ਕੀਤੀ। ਪੁੱਲ ਦੇ ਪਾਸੇ ਤੇ ਸੜਕ ਤੋਂ ਪਿਛਾਂਹ ਕਰਕੇ ਇਕ ਨਿੱਕੀ ਜਿਹੀ ਕੁੜੀ ਛੱਲੀਆਂ ਭੁੰਨਦੀ ਪਈ ਸੀ। ਉਸ ਨੂੰ ਪੁੱਛਿਆ, ‘‘ਕੀ ਰੇਟ ਹੈ?’’ ਉਸ ਨੇ ਉਂਗਲਾਂ ਦੇ ਇਸ਼ਾਰੇ ਨਾਲ ਅੱਠ ਦੱਸ ਦਿੱਤਾ। ਮੈਂ ਵਿਚਾਰਗੀ ਜਿਹੀ ਨਾਲ ਪੁੱਛਿਆ, ‘‘ਬੋਲ ਨਹੀਂ ਸਕਦੀ?’’ ਉਸ ਨੇ ਨਾਂਹ ਵਿਚ ਸਿਰ ਹਿਲਾ ਦਿੱਤਾ। ਮੇਰੀ ਬੇਟੀ ਨੇ ਫੱਟ ਕਿਹਾ, ‘‘ਹੁਣ ਇਸ ਨੂੰ ਵੀ ਜ਼ਰੂਰ ਕੁਝ ਦੇ ਕੇ ਜਾਇਓ।’’ ਉਹ ਛੱਲੀਆਂ ਭੁੰਨ ਹੀ ਰਹੀ ਸੀ ਕਿ ਏਨੀ ਦੇਰ ਨੂੰ ਉਸ ਦੀ ਮਾਂ ਉ¤ਥੇ ਪਹੁੰਚ ਗਈ। ਮੈਂ ਪੁੱਛ ਲਿਆ, ‘‘ਕੀ ਇਹ ਜਨਮ ਤੋਂ ਹੀ ਗੂੰਗੀ ਹੈ?’’ ਉਹ ਭਰੀ-ਪੀਤੀ ਫੱਟ ਬੋਲ ਪਈ, ‘‘ਨਹੀਂ, ਇਹਦੀ ਕਿਸਮਤ ਹੀ ਫੁੱਟੀ ਹੋਈ ਹੈ। ਪਹਿਲਾਂ ਤਾਂ ਸਾਡੇ ਗਤ੍ਰਰੀਬਾਂ ਘਰ ਜੰਮ ਪਈ। ਸਰਕਾਰੀ ਸਕੂਲਾਂ ਵਿਚ ਪੜ੍ਹਨ ਪਾਇਆ ਸੀ। ਉ¤ਥੇ ਹੀ ਇਕ ਦਿਨ ਹਾਦਸਾ ਹੋ ਗਿਆ। ਪਹਿਲਾਂ ਤਾਂ ਬੋਲ ਸਕਦੀ ਸੀ।’’ ਮੈਂ ਪੁੱਛਿਆ, ‘‘ ਕੀ ਹੋ ਗਿਆ? ਦੱਸ, ਮੈਂ ਇਲਾਜ ਕਰਵਾਉਣ ਦੀ ਕੋਸ਼ਿਸ਼ ਕਰਾਂਗੀ। ਮੈਂ ਬੱਚਿਆਂ ਦੀ ਡਾਕਟਰ ਹਾਂ।’’ ਉਹ ਸਿਰ ਮਾਰ ਕੇ ਕਹਿਣ ਲੱਗੀ, ‘‘ਕਾਹਦਾ ਇਲਾਜ ਕਰੋਗੇ। ਬਸ ਰਹਿਣ ਦਿਉ। ਸਾਡੇ ਜ਼ਖ਼ਮਾਂ ’ਤੇ ਹੋਰ ਲੂਣ ਨਾ ਛਿੜਕੋ। ਸਾਡਾ ਅੱਗੇ ਬਥੇਰਾ ਤਮਾਸ਼ਾ ਬਣ ਚੁੱਕਿਆ ਹੈ। ਇਸੇ ਲਈ ਇਸ ਸ਼ਹਿਰ ਵਿਚ ਆ ਬੈਠੇ ਹਾਂ। ਇਥੇ ਕੋਈ ਸਾਨੂੰ ਜਾਣਦਾ ਨਹੀਂ।’’
ਮੈਨੂੰ ਹੋਰ ਵੀ ਉਤਸੁਕਤਾ ਹੋਈ ਪਤਾ ਕਰਨ ਦੀ, ਪਰ ਉਹ ਕੁਝ ਵੀ ਦੱਸਣ ਨੂੰ ਤਿਆਰ ਨਾ ਹੋਈ। ਬੱਸ ਆਦਮ ਜਾਤ ਨੂੰ ਲਾਅਨਤਾਂ ਪਾਉਂਦੀ ਰਹੀ। ਮੈਨੂੰ ਵੀ ਉਸ ਨੇ ਟਕੋਰ ਕਰ ਦਿੱਤੀ ਕਿ ਤੂੰ ਤਾਂ ਆਪ ਔਰਤ ਜਾਤ ਐਂ, ਤੂੰ ਕੀ ਹੱਲ ਕੱਢੇਂਗੀ। ਅਸੀਂ ਸਭ ਮਰਦ ਜਾਤ ਦੇ ਹੱਥਾਂ ਦੀਆਂ ਕੱਠਪੁਤਲੀਆਂ ਹਾਂ। ਮੈਨੂੰ ਸਮਝ ਤਾਂ ਆ ਗਈ ਸੀ ਕਿ ਇਹ ਕਿਸੇ ਜ਼ਬਰ ਦਾ ਸ਼ਿਕਾਰ ਹੋਈ ਹੈ। ਮੈਂ ਕਾਰ ਵਿਚ ਪਏ ਸਮਾਨ ਵਿਚੋਂ ਦੋ ਫ਼੍ਰਾਕਾਂ, ਜੁੱਤੀਆਂ ਤੇ ਕੁਝ ਮਠਿਆਈ ਕੱਢ ਕੇ ਉਸ ਨੂੰ ਫੜਾ ਦਿੱਤੇ। ਉਸ ਨਿੱਕੀ ਕੁੜੀ ਦੇ ਚਿਹਰੇ ਉ¤ਤੇ ਹਲਕੀ ਜਿੰਨੀ ਖੁਸ਼ੀ ਵੀ ਨਜ਼ਰ ਨਹੀਂ ਆਈ, ਪਰ ਅੱਖਾਂ ਵਿਚ ਕੁਝ ਹੰਝੂ ਜ਼ਰੂਰ ਆ ਗਏ।
ਮੁੜ ਕੇ ਕਾਰ ਵਿਚ ਬੈਠਣ ਲੱਗੇ ਤਾਂ ਉਹ ਬੱਚੀ ਭੱਜ ਕੇ ਬਾਕੀ ਬਚਦੇ ਪੈਸੇ ਮੋੜਨ ਆ ਗਈ, ਜਿਹੜੇ ਮੈਂ ਵਾਪਸ ਲੈਣੇ ਭੁੱਲ ਗਈ ਸੀ। ਮੇਰਾ ਦਿਲ ਭਰਿਆ ਪਿਆ ਸੀ, ਇਸੇ ਲਈ ਮੈਂ ਉਹ ਵੀ ਉਸ ਨੂੰ ਰੱਖ ਲੈਣ ਲਈ ਕਿਹਾ ਤੇ ਉਸ ਨੂੰ ਪਿਆਰ ਕੀਤਾ। ਉਹਦੀ ਮਾਂ ਦੂਰੋਂ ਵੇਖਦੀ ਪਈ ਸੀ ਤੇ ਭੱਜ ਕੇ ਰੇਹੜੀ ਛੱਡ ਕੇ ਸਾਡੀ ਕਾਰ ਕੋਲ ਆ ਗਈ ਤੇ ਕਹਿਣ ਲੱਗੀ, ‘‘ਕੀ ਸੱਚੀਂ ਸਾਡੀ ਮਦਦ ਕਰ ਸਕਦੇ ਹੋ?’’ ਮੈਂ ਕਿਹਾ, ‘‘ਪਹਿਲਾਂ ਗੱਲ ਤਾਂ ਪਤਾ ਲੱਗੇ।’’
ਉਸ ਦੀਆਂ ਅੱਖਾਂ ਤੇ ਗਲਾ ਭਰ ਗਿਆ। ਕਹਿਣ ਲੱਗੀ, ‘‘ ਇਕ ਦਿਨ ਆਪਣੀ ਸਹੇਲੀ ਨਾਲ ਇਹ ਸਕੂਲੋਂ
ਵਾਪਸ ਛੇਤੀ ਆ ਰਹੀ ਸੀ, ਕਿਉਂਕਿ ਉਸ ਦਿਨ ਇਹਦਾ ਜਨਮਦਿਨ ਸੀ। ਇਹਨੂੰ ਆਪਣਾ ਨਵਾਂ ਸੂਟ ਪਾਉਣ ਦਾ
ਚਾਅ ਸੀ। ਰਸਤੇ ਵਿਚ ਖੇਤਾਂ ਵਿਚ ਚਾਰ ਜਣਿਆਂ ਨੇ ਇਹਨਾਂ ਦੋਵਾਂ ਨੂੰ ਘੇਰ ਲਿਆ ਤੇ ਇਨ੍ਹਾਂ ਦੀ ਪੱਤ
ਲੁੱਟ ਲਈ।’’ ਏਨਾ ਕਹਿੰਦਿਆਂ ਉਸ ਦੀ ਮਾਂ ਨੇ ਲੰਮਾ ਹਉਕਾ ਲਿਆ ਤੇ ਉਸ ਬੱਚੀ ਨੇ ਆਪਣੀ ਮਾਂ ਦੇ
ਮੂੰਹ ਅੱਗੇ ਆਪਣਾ ਨਿੱਕਾ ਜਿਹਾ ਹੱਥ ਰੱਖ ਦਿੱਤਾ।
ਉਸ ਦੀ ਮਾਂ ਨੇ ਉਹਦਾ ਹੱਥ ਮੂੰਹ ਤੋਂ ਹਟਾਉਂਦਿਆਂ ਕਿਹਾ, ‘‘ਦੱਸ ਲੈਣ ਦੇ, ਸ਼ਾਇਦ ਕਿਤੇ ਸੁਣਵਾਈ ਹੋ
ਹੀ ਜਾਏ।’’ ਉਸ ਬੱਚੀ ਨੇ ਸਾਡੇ ਵੱਲ ਪਿੱਠ ਮੋੜ ਲਈ ਤੇ ਆਪਣੇ ਹੰਝੂ ਪੂੰਝਣ ਲੱਗ ਪਈ। ਮਾਂ ਨੇ ਗੱਲ
ਜਾਰੀ ਰੱਖੀ, ‘‘ਇਹਦੀ ਸਹੇਲੀ ਦੀ ਹਾਲਾਂ ਤੱਕ ਕੋਈ ਖ਼ਬਰ-ਸਾਰ ਨਹੀਂ ਤੇ ਉਨ੍ਹਾਂ ਦਰਿੰਦਿਆਂ ਨੇ
ਇਹਨੂੰ ਧਮਕੀ ਦੇ ਕੇ ਇਹਦੀ ਜੀਭ ਕੱਟ ਦਿੱਤੀ। ਕਈ ਹਫ਼ਤੇ ਸਰਕਾਰੀ ਹਸਪਤਾਲਾਂ ਵਿਚ ਕੱਟੇ ਤੇ ਕਈ
ਮਹੀਨੇ ਪੁਲਿਸ ਵਾਲਿਆਂ ਦੇ ਦਰ ’ਤੇ ਧੱਕੇ ਖਾਧੇ। ਹਰ ਵਾਰ ਪੁਲਿਸ ਦੇ ਬੰਦਿਆਂ ਨੇ ਇਹੋ ਕਿਹਾ ਕਿ
ਤੁਹਾਡੇ ਵਰਗੀਆਂ ਸੈਂਕੜੇ ਫਿਰਦੀਆਂ ਨੇ ਸੱਚ-ਝੂਠ ਬਕਦੀਆਂ। ਸਾਡਾ ਕੇਸ ਹੀ ਦਰਜ ਨਹੀਂ ਹੋਇਆ। ਪਿੰਡ
ਵਾਲਿਆਂ ਦੀਆਂ ਲਾਅਨਤਾਂ ਸੁਣੀਆਂ ਨਹੀਂ ਸੀ ਜਾਂਦੀਆਂ। ਮੇਰਾ ਘਰ ਵਾਲਾ ਨਹੀਂ ਵੀ ਘਰ ਛੱਡ ਕੇ ਇਕ
ਦਿਨ ਤੁਰ ਗਿਆ। ਮੈਂ ਪਿੰਡ ਛੱਡ ਕੇ ਇਥੇ ਆਪਣੀ ਧੀ ਨਾਲ ਆ ਗਈ ਹਾਂ। ਆਖ਼ਰ ਢਿੱਡ ਦੀ ਅੱਗ ਨੂੰ ਤਾਂ
ਬੁਝਾਉਣਾ ਹੀ ਹੈ। ਇਥੇ ਵੀ ਚੌਵੀ ਘੰਟੇ ਲੋਕਾਂ ਦੀਆਂ ਮਾੜੀਆਂ ਨਜ਼ਰਾਂ ਸਾਡਾ ਪਿੱਛਾ ਕਰਦੀਆਂ ਨੇ।
ਇਸੇ ਲਈ ਇਹਨੂੰ ਨਾਲ ਲਾਈ ਫਿਰਦੀ ਆਂ।’’
ਮੇਰਾ ਦਿਲ ਕਰ ਰਿਹਾ ਸੀ ਕਿ ਕੰਨਾਂ ਉਤੇ ਹੱਥ ਰੱਖ ਲਵਾਂ, ਕਿਉਂਕਿ ਮੇਰੇ ਕੋਲੋਂ ਹੋਰ ਸੁਣਨਾ ਬਰਦਾਸ਼ਤ ਨਹੀਂ ਸੀ ਹੋ ਰਿਹਾ। ਮੇਰੇ ਪਤੀ ਨੇ ਫੱਟ ਵਕੀਲ ਦੋਸਤ ਨੂੰ ਟੈਲੀਫੋਨ ਮਿਲਾਇਆ ਕਿ ਡੇਢ ਸਾਲ ਪੁਰਾਣਾ ਕੇਸ ਹੈ, ਕੀ ਹੁਣ ਕੁਝ ਹੋ ਸਕਦਾ ਹੈ? ਉਸ ਭਲੇਮਾਣਸ ਨੇ ਫੱਟ ਮੁਫ਼ਤ ਕੇਸ ਲੜਨ ਦੀ ਹਾਮੀ ਭਰ ਦਿੱਤੀ। ਇਕ ਪੁਲਿਸ ਦੇ ਬੰਦੇ ਨੂੰ ਵੀ ਪੁੱਛ ਵੇਖਿਆ, ਪਰ ਉਸ ਪਾਸਿਓਂ ਜਵਾਬ ਹੀ ਸੀ। ਮੇਰੀ ਹੁਣ ਪਿੰਗਲਵਾੜੇ (ਅੰਮ੍ਰਿਤਸਰ) ਜਾਣ ਦੀ ਇੱਛਾ ਖ਼ਤਮ ਹੋ ਚੁੱਕੀ ਸੀ। ਮੈਂ ਸੋਚ ਰਹੀ ਸੀ ਕਿ ਇਸ ਬੱਚੀ ਨੇ ਰੱਬ ਦੇ ਕੀ ਮਾਂਹ ਮਾਰੇ ਸਨ ਕਿ ਇਸ ਨੂੰ ਇਹਦੇ ਜਨਮਦਿਨ ’ਤੇ ਇਹ ਤੋਹਫ਼ਾ ਮਿਲਿਆ, ਜਿਸ ਨੇ ਉਸ ਦੀ ਸਾਰੀ ਜ਼ਿੰਦਗੀ ਨੂੰ ਹਨੇਰਿਆਂ ਵਿਚ ਧੱਕ ਦਿੱਤਾ ਹੈ? ਮੈਂ ਉਸੇ ਵੇਲੇ ਫ਼ੈਸਲਾ ਕਰ ਲਿਆ ਕਿ ਉਸ ਬੱਚੀ ਨੂੰ ਪੜ੍ਹਾਉਣ ਦਾ ਖ਼ਰਚਾ ਮੈਂ ਚੁੱਕ ਲੈਣਾ ਹੈ ਤੇ ਇਹਦੇ ਪਾਲਣ-ਪੋਸ਼ਣ ਦਾ ਵੀ। ਉਸ ਦੀ ਮਾਂ ਨੇ ਕੰਨਾਂ ਨੂੰ ਹੱਥ ਲਾਉਂਦਿਆਂ ਜਵਾਬ ਦਿੱਤਾ, ‘‘ਤੁਹਾਨੂੰ ਲੱਗਦੈ ਕਿ ਮੈਂ ਇਸ ਨੂੰ ਦੁਬਾਰਾ ਸਕੂਲ ਭੇਜਾਂਗੀ, ਜਿਸ ਨੇ ਇਹਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ? ਜੇ ਤੁਸੀਂ ਮਦਦ ਕਰ ਸਕਦੇ ਹੋ ਤਾਂ ਸਾਨੂੰ ਪੰਜਾਬੋਂ ਬਾਹਰ ਭੇਜ ਦਿਓ, ਜਿੱਥੇ ਮੇਰੀ ਧੀ ਸੁਰੱਖ਼ਿਅਤ ਰਹਿ ਸਕੇ।’’
ਪੰਜਾਬ ਦੇ ਲੋਕਤੰਤਰ ਵਿਚ, ਜਿੱਥੇ ਧੀਆਂ ਨੂੰ ਆਪਣੇ ਹੱਕ ਮੰਗਣ ਦਾ ਵੀ ਹੱਕ ਨਹੀਂ ਤੇ ਮੁਜ਼ਾਹਰਾ ਕਰਨ ਉਤੇ ਪੁਲਿਸ ਵਾਲਿਆਂ ਵੱਲੋਂ ਲੱਤਾਂ ਪਾੜ ਕੇ ਧੂਹਿਆ ਜਾਂਦਾ ਹੋਵੇ, ਜਾਂ ਢਿੱਡ ਵਿਚ ਠੁੱਡੇ ਮਾਰ ਕੇ ਜਾਨੋਂ ਮਾਰ ਦਿੱਤਾ ਜਾਂਦਾ ਹੋਵੇ, ਧੀਆਂ ਕੋਲੋਂ ਜੰਮਣ ਦਾ ਹੱਕ ਵੀ ਖੋਹ ਲਿਆ ਗਿਆ ਹੋਵੇ ਅਤੇ ਧੀ ਜੰਮਣ ’ਤੇ ਮਾਂ ਨਾਲ ਜਾਨਵਰਾਂ ਤੋਂ ਵੀ ਬਦੱਤਰ ਸਲੂਕ ਕੀਤਾ ਜਾ ਰਿਹਾ ਹੋਵੇ, ਕੀ ਧੀਆਂ ਨੂੰ ਜੰਮਣ ਦਾ ਹੱਕ ਰਹਿ ਗਿਆ ਹੈ? ਹੁਣ ਤੁਸੀਂ ਹੀ ਦੱਸੋ ਕਿ ਉਸ ਪੰਜਾਬ, ਜਿੱਥੇ ਜ਼ੁਲਮ ਦੇ ਖ਼ਿਲਾਫ਼ ਆਵਾਜ਼ ਚੁੱਕਣ ’ਤੇ ਇਕ ਧੀ ਦੀ ਜੀਭ ਕੱਟ ਦਿੱਤੀ ਜਾਂਦੀ ਹੋਵੇ ਤੇ ਇਨਸਾਫ਼ ਫਿਰ ਵੀ ਨਾ ਮਿਲਦਾ ਹੋਵੇ, ਵਾਸਤੇ ਇਹ ਕਹਿਣਾ ਗਤ੍ਰਲਤ ਹੈ ਕਿ, ਜੇ ਕੁੜੀਆਂ ਨੇ ਜੰਮਣਾ ਹੈ ਤਾਂ ਪੰਜਾਬੋਂ ਬਾਹਰ ਹੀ ਜੰਮਣ?