

ਸਪੋਕਸਮੈਨ ਦੀ ਕਥਿਤ ‘ਪੰਥਕ’ ਸਟੇਜ ਬਨਾਮ ਸ਼੍ਰੋਮਣੀ ਕਮੇਟੀ ਦੀ ਸਟੇਜ
- ਤੱਤ ਗੁਰਮਤਿ ਪਰਵਾਰ -
ਸ਼੍ਰੋਮਣੀ ਕਮੇਟੀ ਅਧਿਕਾਰਕ ਤੌਰ ਤੇ ਸਿੱਖ ਕੌਮ ਦੀ ਸਿਰਮੌਰ ਸੰਸਥਾ ਮੰਨੀ ਜਾਦੀ ਹੈ। ਇਸ ਦੀ ਸਿਰਜਣਾ ਸਿੱਖ ਸਮਾਜ ਨਾਲ ਸੰਬੰਧਤ ਇਤਿਹਾਸਕ ਗੁਰਦੁਆਰਿਆਂ ਦੀ ਸਾਂਭ ਸੰਭਾਲ ਲਈ ਤੱਦ ਹੋਈ ਜਦੋ ਇਹ ਗੁਰਧਾਮ ਭ੍ਰਿਸ਼ਟ ਮਹੰਤਾਂ ਦੇ ਕਬਜ਼ੇ ਤੋਂ ਆਜਾਦ ਕਰਵਾਏ ਗਏ ਸਨ। ਇਸ ਤੋਂ ਬਾਅਦ ਇਹ ਇੱਕ ਤਰਾਂ ਨਾਲ ਸਿੱਖਾਂ ਦੀ ਪ੍ਰਤੀਨਿੱਧ ਸੰਸਥਾ ਹੀ ਬਣ ਗਈ। ਆਰਥਿੱਕ ਪੱਖੋਂ ਵੀ ਇਹ ਸਿੱਖ ਸਮਾਜ ਦੀ ਸਭ ਤੋਂ ਮਜਬੂਤ ਸੰਸਥਾ ਹੈ। ਪਰ ਸਮੇਂ ਦੇ ਨਾਲ ਨਾਲ ਇਹ ਸੰਸਥਾ ਇਤਨੀ ਭ੍ਰਿੱਸ਼ਟ ਹੋ ਗਈ ਜਾਪਦੀ ਹੈ ਕਿ ਜਿਵੇ ਪੂਰੀ ਤਰਾਂ ਇਹ ਆਪਣੇ ਮਕਸਦ ਤੋਂ ਸਿਧਾਂਤਹੀਣ ਹੋਕੇ ਥਿੱੜਕ ਗਈ ਹੋਵੇ। ਇਸ ਵਲੋਂ ਕੀਤੀਆਂ ਜਾਂਦੀਆਂ ਕੌਮ ਵਿਰੋਧੀ ਕਾਰਵਾਈਆਂ ਤੌ ਇਵੇ ਲਗਦਾ ਹੈ ਜਿਵੇਂ ਇਹ ਸਿੱਖ ਵਿਰੋਧੀ ਤਾਕਤਾਂ ਦੇ ਹੱਥ ਵਿੱਚ ਖੇਡ ਰਹੀ ਹੋਵੇ। 'ਸਿੱਖ ਇਤਿਹਾਸ' ਪੁਸਤਕ, ਸਹਿਜਧਾਰੀ ਦੀ ਪਰਿਭਾਸ਼ਾ ਆਦਿ ਇਸਦੀਆਂ ਸਪਸ਼ਟ ਉਦਾਹਰਣਾਂ ਹਨ। ਕੁੱਝ ਐਸੀ ਹੀ ਹਾਲਤ ਸ਼੍ਰੋਮਣੀ ਕਮੇਟੀ ਵਲੋਂ ਲਗਾਈ ਜਾਂਦੀ ਸਟੇਜ ਦੀ ਹੈ। ਸ਼੍ਰੋਮਣੀ ਕਮੇਟੀ ਵਲੋਂ ਹਰ ਵੱਡੇ ਸਮਾਗਮ (ਸ਼ਤਾਬਦੀ ਸਮਾਰੋਹ ਆਦਿ) ਉੱਤੇ ਧਾਰਮਿਕ ਸਟੇਜ ਲਗਾਈ ਜਾਂਦੀ ਹੈ। ਪਰ ਇਸ ਸਟੇਜ ਤੋਂ ਅਨਮਤੀ ਭਾਂਵੇ ਸਿੱਖ ਕੌਮ ਨੂੰ ਹਿੰਦੂ ਧਰਮ ਦਾ ਹਿੱਸਾ ਵੀ ਕਿਉਂ ਨਾਂ ਕਹਿ ਜਾਣ ਜਾਂ ਗੁਰਬਾਣੀ ਨੂੰ ਵੇਦਾਂ ਦਾ ਸਾਰ ਕਹੀ ਜਾਣ, ਕੋਈ ਵਿਰੋਧ ਨਹੀਂ ਹੁੰਦਾ। ਭਾਵ ਇਸ ਦੀ ਸਟੇਜ ਤੋਂ ਸਿੱਖ-ਸਿਧਾਂਤ ਵਿਰੋਧੀ ਗੱਲਾਂ ਹੋਣਾ ਆਮ ਜਿਹੀ ਗੱਲ ਹੋ ਗਈ ਹੈ। ਕੋਈ ਰੋਕ-ਟੋਕ ਨਹੀਂ ਹੈ। ਗੁਰਮਤਿ ਅਨੁਸਾਰੀ (ਪਰ ਪ੍ਰਚਲਿਤ ਰਵਾਇਤਾਂ ਤੋਂ ਉਲਟ) ਗੱਲ ਕਰਣ ਵਾਲੇ ਵਿਦਵਾਨਾਂ ਤੇ ਪ੍ਰਚਾਰਕਾਂ ਨੂੰ ਬੋਲਣ ਤੋਂ ਕਈ ਵਾਰ ਰੋਕਿਆ ਜਾਂਦਾ ਹੈ। ਦੂਜੀ ਤਰਫ ‘ਸਪੋਕਸਮੈਨ’ ਅਖ਼ਬਾਰ ਦੇ ਪ੍ਰਬੰਧਕ ਸਿੱਖ ਸਮਾਜ ਵਿੱਚ ਚਲ ਰਹੀ ਉਸ ਜਾਗ੍ਰਿਤੀ ਲਹਿਰ ਦਾ ਝੰਡਾ ਬਰਦਾਰ ਹੋਣ ਦਾ ਦਾਅਵਾ ਕਰਦੇ ਹਨ, ਜਿਸਦਾ ਮਕਸਦ ਕਥਿਤ ਤੌਰ ’ਤੇ ਨਾਨਕ ਫਲਸਫੇ ਨੂੰ ਇਸਦੇ ਸ਼ੁੱਧ ਅਤੇ ਖਰੇ ਰੂਪ ਵਿਚ ਸਾਹਮਣੇ ਲਿਆ ਕੇ, ਦੁਨੀਆਂ ਵਿੱਚ ਪ੍ਰਚਾਰਣਾ ਹੈ। ਕੌਮ ਦੀਆਂ ਕਈ ਜਥੇਬੰਦੀਆਂ ਵੀ ਇਸ ਲਹਿਰ ਦਾ ਹਿੱਸਾ ਹਨ, ਜੋ ਆਪਣੇ ਤਰੀਕੇ ਨਾਲ ਇਸ ਵਿੱਚ ਯੋਗਦਾਨ ਪਾ ਰਹੀਆਂ ਹਨ ਪਰ ਇਸ ਜਾਗ੍ਰਿਤੀ ਲਹਿਰ ਨੂੰ ਅੱਗੇ ਵਧਾਉਣ ਵਿੱਚ ਸਪੋਕਸਮੈਨ ਜ਼ਾਹਿਰੀ ਤੌਰ ’ਤੇ ਇਕ ਮੁੱਖ ਸੰਸਥਾ ਅਤੇ ਆਗੂ ਵਜੋਂ ਸਰਗਰਮ ਹੈ।
ਪਿਛਲੇ ਦਿਨੀਂ 21 ਦਸੰਬਰ ਨੂੰ ਸਪੋਕਸਮੈਨ ਟਰੱਸਟ ਵਲੋਂ ਰੋਜਾਨਾ ਸਪੋਕਸਮੈਨ ਦੇ ਚੌਥੇ ਸਾਲ ਵਿੱਚ ਦਾਖ਼ਲ ਹੋਣ ਦੀ ਖੁਸ਼ੀ ਵਿੱਚ ਚੰਡੀਗੜ੍ਹ ਵਿਖੇ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਹੋਇਆ ਇਕੱਠ ਵੇਖਕੇ ਬੇਹੱਦ ਖੁਸ਼ੀ ਹੋਈ। ਵੱਡੇ-ਵੱਡੇ ਇਕੱਠ ਤਾਂ ਸੰਤ ਬਾਬੇ ਜਾਂ ਨੇਤਾ ਆਦਿ ਵੀ ਕਰ ਲੈਂਦੇ ਹਨ ਪਰ ਉੱਥੇ (ਅਖੋਤੀ ਸੰਤ, ਬਾਬੇ, ਧਰਮ ਗੁਰੂਆਂ ਦੇ ਸਮਾਗਮਾਂ ਵਿੱਚ) ਜਿਹੜਾ ਹਜੂਮ ਇੱਕਠਾ ਹੁੰਦਾ ਹੈ, ਉਹ ਜਾਂ ਤਾਂ ਅਨ੍ਹੀਂ ਸ਼ਰਧਾ ਦਾ ਬੀਮਾਰ ਹੁੰਦਾ ਹੈ, ਜਾਂ ਫਿਰ ਲਾਲਚ (ਰਾਜਨੀਤਕ ਇੱਕਠ) ਜਾਂ ਦਬਾਅ ਰਾਹੀਂ ਢੋ ਕੇ ਲਿਆਏ ਜਾਂਦੇ ਹਨ। ਸੱਭਿਆਚਾਰਕ ਮੇਲੇ ਦੇ ਨਾਂ ਤੇ ਕੀਤੇ ਜਾਂਦੇ ਸਮਾਗਮ ਵੀ ਭਾਰੀ ਇੱਕਠ ਖਿੱਚਦੇ ਹਨ ਕਿਉਕਿ ਉੱਥੇ ਮੌਜ- ਮਸਤੀ ਹੁੰਦੀ ਹੈ ਪਰ ਸਪੋਕਸਮੈਨ ਦੇ ਸਮਾਗਮ ਦਾ ਇਹ ਇੱਕਠ ਇੱਸ ਕਰਕੇ ਨਿਵੇਕਲਾ ਸੀ ਕਿਉਂਕਿ ਇਹ ਕੌਮ ਦੇ ਜਾਗਰੂਕ ਹਿੱਸੇ ਦਾ ਇਕੱਠ ਸੀ। ਇਸ ਵਿਚ ਸ਼ਾਮਲ ਹਰ ਮਨੁੱਖ ਨਾਨਕ ਫਲਸਫੇ ਰਾਹੀਂ ਮਨੁੱਖਤਾ ਦੇ ਭਲੇ ਨੂੰ ਸਮਰਪਿਤ ਮੰਨਿਆ ਜਾ ਸਕਦਾ ਸੀ। ਐਸੇ ਸਮਾਗਮ ਦੀ ਸਟੇਜ ਤੋਂ ਇਹੀ ਉਮੀਦ ਸੀ ਕਿ ਇੱਥੋਂ ਗੁਰਮਤਿ, ਮਨੁੱਖਤਾ ਤੇ ਪੰਜਾਬੀਅਤ ਦੇ ਭਲੇ ਦੀ ਵਿੱਚਾਰ ਹੋਵੇਗੀ।
ਸਮਾਗਮ ਦੀ ਸ਼ੂਰੂਆਤ ਗੁਰੁ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਬਹੁਤ ਸੁਚੱਜੇ ਢੰਗ ਨਾਲ ਹੋਈ। ਨਿਸ਼ਕਾਮ ਕੀਰਤਨੀਏ ਸ੍ਰ. ਮਨਜੀਤ ਸਿਘ ਜੀ ਖਾਲਸਾ, ਮੋਹਾਲੀ, ਜਿਨ੍ਹਾਂ ਬਾਰੇ ਬਾਅਦ ਵਿੱਚ ਸਪੋਕਸਮੈਨ ਦੀ ਸੰਪਾਦਕੀ ਵਿੱਚ ਵੀ ਜਿੱਕਰ ਕੀਤਾ ਗਿਆ ਸੀ, ਨੇ ਕੀਰਤਨ ਦੀ ਵਿਆਖਿਆ ਕਰਦੇ ਸਮੇਂ ਗੁਰਮਤਿ ਦਾ ਇਹ ਪੱਖ ਸੰਖੇਪ ਵਿੱਚ ਬਹੁਤ ਚੰਗੇ ਢੰਗ ਨਾਲ ਸਪਸ਼ਟ ਕੀਤਾ ਕਿ ਰੱਬ ਇੱਕ ਹੈ। ਨਾਲ ਹੀ ਉਨ੍ਹਾਂ ਇਹ ਜਿਕਰ ਵੀ ਕੀਤਾ ਕਿ ਬ੍ਰਾਹਮਣੀ ਮੱਤ ਭੁਲੇਖੇ ਅਧੀਨ ਰੱਬ ਦੀ ਹਸਤੀ ਨੂੰ ਤਿੰਨ ਹਿੱਸਿਆਂ (ਬ੍ਰਹਮਾ, ਵਿਸ਼ਨੂੰ, ਮਹੇਸ਼) ਵਿੱਚ ਵੰਡਕੇ ਮੰਨਦਾ ਤੇ ਪ੍ਰਚਾਰਦਾ ਹੈ।
ਇਸ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਯੁਨੀਵਰਸੀਟੀ ਦੇ ਵਾਈਸ ਚਾਂਸਲਰ ਸ੍ਰੀ ਸੋਬਤੀ ਜੀ ਸਨ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਇਹ ਵਿਚਾਰ ਦਿੱਤਾ ਕਿ ਕੁਝ ਲੋਕ (ਉਨ੍ਹਾਂ ਦਾ ਮਤਲਬ ਸ੍ਰ. ਮਨਜੀਤ ਸਿੰਘ ਖਾਲਸਾ ਅਤੇ ਗੁਰਮਤਿ ਵਿਚਾਰਧਾਰਕਾਂ ਤੋਂ ਸੀ) ਬ੍ਰਹਮਾ, ਵਿਸ਼ਨੂੰ, ਮਹੇਸ਼ ਰੂਪੀ ਤ੍ਰਿ-ਸ਼ਕਤੀਆਂ ਬਾਰੇ ਭੁਲੇਖੇ ਵਿੱਚ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਤਿੰਨਾਂ ਦੇਵਤਿਆਂ (ਭਗਵਾਨਾਂ) ਦੀ ਹੋਂਦ ਨੂੰ ਵਿਗਿਆਨ ਦੀ ਕਸਵੱਟੀ ਤੇ ਸਿੱਧ ਵੀ ਕੀਤਾ ਜਾ ਸਕਦਾ ਹੈ, ਅਤੇ ਉਨ੍ਹਾਂ ਉਦਾਹਰਣ ਵਜੋਂ ਰੱਬ ਲਈ ਵਰਤੇ ਜਾਂਦੇ ਲਫ਼ਜ਼ GOD ਦੇ ਤਿੰਨ ਅੱਖਰਾਂ G, O, D ਦੇ ਤਿੰਨ ਅੱਰਥ ਵੀ ਦਸੇ। ਉਨ੍ਹਾਂ ਨੇ ਸੰਖੇਪ ਵਿੱਚ ਬ੍ਰਾਹਮਣੀ ਦੇਵਤਿਆਂ ਦੀ ਤ੍ਰਿ-ਸ਼ਕਤੀ ਨੂੰ ਸਹੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ।
ਸੋਬਤੀ ਜੀ ਨੂੰ ਸਟੇਜ ਤੋਂ ਬੋਲਣ ਦੀ ਜਦ ਇਜਾਜ਼ਤ ਦਿਤੀ ਗਈ (ਕਿਉਕਿ ਉਹ ਮੁੱਖ ਮਹਿਮਾਨ ਸਨ) ਤਾਂ ਉਹ ਜੋ ਵੀ ਚਾਹੁਣ ਬੋਲ ਸਕਦੇ ਸਨ। ਇਹ ਉਨ੍ਹਾਂ ਦੀ ਮਰਜ਼ੀ ਸੀ। ਉਨ੍ਹਾਂ ਨੇ ਇਹ ਨੁਕਤਾ ਮਨਜੀਤ ਸਿੰਘ ਜੀ ਖਾਲਸਾ (ਰਾਗੀ) ਵਲੋਂ ਦੱਸੇ ਗੁਰਮਤਿ ਵਿਚਾਰ ਨੂੰ ਰੱਦ ਕਰਨ ਦੇ ਨਜ਼ਰੀਏ ਤੋਂ ਹੀ ਉਠਾਇਆ ਸੀ। ਉਨ੍ਹਾਂ ਨੂੰ ਆਪਣੇ ਵਿਚਾਰ ਪੇਸ਼ ਕਰਨ ਦੀ ਖੁੱਲ ਸੀ, ਕਿਉਕਿ ਉਹ ਬੁਲਾਏ ਗਏ ਸਨ, ਜ਼ਬਰਦਸਤੀ ਨਹੀਂ ਸਨ ਆਏ। ਨਾਂ ਹੀ ਉਨ੍ਹਾਂ ਨੂੰ ਬੋਲਦੇ ਸਮੇਂ ਟੋਕਣਾ ਜਾਇਜ਼ ਲਗਣਾ ਸੀ।
ਪਰ ਬੇਹੱਦ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਉਨ੍ਹਾਂ ਤੋਂ ਬਾਅਦ ਬੋਲਣ ਵਾਲੇ ਕਿਸੇ ਵੀ ਬੁਲਾਰੇ ਨੇ ਇਸ ਨੁਕਤੇ ਬਾਰੇ ਟਿੱਪਣੀ ਕਰਨਾ ਵੀ ਜਰੂਰੀ ਨਾ ਸਮਝਿਆ। ਸਟੇਜ ਸਕਤੱਰ ਵਲੋਂ ਵੀ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ। ਸਪੋਕਸਮੈਨ ਦੇ ਪ੍ਰਬੰਧਕਾਂ ਨੂੰ ਇਸ ਬਾਰੇ ਸੰਗਤਾਂ ਵਿੱਚ ਆਪਣੀ ਸਥਿਤੀ ਸਪਸ਼ਟ ਕਰਨਾ ਬੇਹੱਦ ਜਰੂਰੀ ਸੀ। ਘੱਟੋ-ਘੱਟ ਇਤਨਾ ਤਾਂ ਕਿਹਾ ਹੀ ਜਾ ਸਕਦਾ ਸੀ ਕਿ ਇਹ ਸੋਬਤੀ ਜੀ ਦੇ ਨਿਜੀ ਵਿਚਾਰ ਹਨ। ਪਰ ਐਸਾ ਕੁੱਝ ਵੀ ਨਹੀਂ ਕਿਹਾ ਗਿਆ। ਉਸ ਸਮੇਂ ਐਸਾ ਮਹਿਸੂਸ ਹੋਇਆ ਕਿ ਸ੍ਰੋਮਣੀ ਕਮੇਟੀ ਦੀ ਸਟੇਜ ਹੋਵੇ ਜਾਂ ਸਪੋਕਸਮੈਨ ਦੀ, ਕੁੱਝ ਫਰਕ ਨਹੀਂ ਹੈ। ਇਸ ਸਟੇਜ ਤੋਂ ਭਾਵੇਂ ਕੋਈ ਕਿਤਨੀ ਵੀ ਗੁਰਮਤਿ ਵਿਰੋਧੀ ਗੱਲ ਕਰ ਜਾਏ, ਉਸਦਾ ਕੋਈ ਉਤੱਰ ਨਹੀਂ ਦਿੱਤਾ ਜਾਂਦਾ। ਇਸ ਸਮਾਗਮ ਤੋਂ ਬਾਅਦ ‘ਰੋਜ਼ਾਨਾ ਸਪੋਕਸਮੈਨ’ ਵਿਚ ਘੱਟੋ-ਘੱਟ 15 ਦਿਨ ਤੱਕ ਇਸ ਸਮਾਗਮ ਦੀ ਵੱਖ-ਵੱਖ ਤਰੀਕੇ ਨਾਲ (ਸੰਪਾਦਕੀ, ਖ਼ਬਰਾਂ, ਲੇਖਾਂ ਆਦਿ ਰਾਹੀਂ) ਕਵਰੇਜ ਕੀਤੀ ਗਈ। ਇਸ ਕਵਰੇਜ ਵਿੱਚ ਇਸ ਸਮਾਗਮ ਦੀ ਤਾਰੀਫ ਦੇ ਬਹੁਤ ਸੋਹਲੇ ਗਾਏ ਗਏ, ਜੋ ਸਪੋਕਸਮੈਨੇ ਦੇ ਪ੍ਰਬੰਧਕਾਂ ਦੀ ਨਿਜੀ ਨੀਤੀ ਹੋ ਸਕਦੀ ਹੈ। ਪਰ ਉਕਤ ਨੁਕਤੇ ’ਤੇ ਇੱਕ ਵੀ ਅਖੱਰ ਨਹੀਂ ਲਿਖਿਆ ਗਿਆ। ਘੱਟੋ-ਘੱਟ ਅਖ਼ਬਾਰ ਵਿਚ ਤਾਂ ਸੋਬਤੀ ਜੀ ਦੀ ਉਕਤ ਗਲਤ-ਕਲਾਮੀ ਦਾ ਸਪਸ਼ਟੀਕਰਨ ਦਿੱਤਾ ਜਾ ਸਕਦਾ ਸੀ।
ਇਸ ਤੋਂ ਜਿਆਦਾ ਅਫਸੋਸ ਦੀ ਗੱਲ ਕੀ ਹੋ ਸਕਦੀ ਹੈ? ਪਾਠਕਾਂ ਦੀਆਂ ਚਿੱਠੀਆਂ ਵਿੱਚ ਵੀ ਇਸ ਸਮਾਗਮ ਦੀ ਤਾਰੀਫ ਕਰਦੇ ਕਈ ਖੱਤ ਛੱਪ ਚੁੱਕੇ ਹਨ। ਪਰ ਇਸ ਨੁਕਤੇ ਨੂੰ ਸਪਸ਼ਟ ਕਰਦਾ ਕੋਈ ਵੀ ਖੱਤ ਨਹੀਂ ਛਪਿਆ। ਕੀ ਉੱਥੇ ਮੌਜੂਦ ਕਿਸੇ ਵੀ ਜਾਗਰੁਕ ਸਿੱਖ ਨੇ ਇਸ ਦਾ ਨੋਟਿਸ ਨਹੀਂ ਲਿਆ? ਕੀ ਉਨ੍ਹਾਂ ਦੀ ਜਾਗਰੁਕਤਾ ਸਿਰਫ ‘ਦਸਮ ਗ੍ਰੰਥ’ ਦੀ ਵਿਰੋਧਤਾ ਤੱਕ ਹੀ ਸੀਮਤ ਹੈ? ਜਾਂ ਐਸੇ ਆਏ ਕਿਸੇ ਆਲੋਚਨਾਤਮਕ ਖੱਤ ਨੂੰ ਸੰਪਾਦਕ ਜੀ ਕੋਈ ਮਹੱਤਵ ਹੀ ਨਹੀਂ ਦਿਦੇਂ? ਜੇ ਅਜਿਹਾ ਹੈ ਤਾਂ ਇਹ ਬਹੁਤ ਹੀ ਅਫਸੋਸਜਨਕ ਹੈ? ਹੁਣ ਆਉ ਕੁੱਝ ਵਿਚਾਰ ਸੋਬਤੀ ਜੀ ਵਲੋਂ ਉਠਾਏ ਨੁਕਤੇ ਬਾਰੇ ਵੀ ਕਰ ਲਈਏ। ਸੋਬਤੀ ਜੀ ਨੇ ਬ੍ਰਾਹਮਣੀ ਮੱਤ ਵਲੋਂ ਪ੍ਰਚਾਰੀ ਜਾਂਦੀ ਬ੍ਰਹਮਾ, ਵਿਸ਼ਨੂੰ, ਮਹੇਸ਼ ਦੀ ਤ੍ਰਿ-ਸ਼ਕਤੀ ਨੂੰ ਸਹੀ ਸਿੱਧ ਕਰਨ ਦਾ ਜਤਨ ਕੀਤਾ ਹੈ। ਸਾਨੂੰ ਗੁਰਮਤਿ ਅਤੇ ਆਮ ਦਲੀਲ ਦੇ ਆਧਾਰ ਤੇ ਇਸਦੀ ਪਰਖ ਕਰਨੀ ਚਾਹੀਦੀ ਹੈ।
ਗੁਰਮਤਿ ਦਾ ਇਸ ਬ੍ਰਾਹਮਣੀ ਤਿਕੜੀ ਵਾਲੇ ਦੇਵਤਿਆਂ ਬਾਰੇ ਵਿਚਾਰ ਇਹਨ੍ਹਾਂ ਗੁਰਵਾਕਾਂ ਤੋਂ ਸਪਸ਼ਟ ਹੋ ਜਾਂਦਾ ਹੈ :
ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ ਵਿਚਿ ਹਉਮੈ ਕਾਰ ਕਮਾਈ।।
ਜਿਨਿ ਕੀਏ ਤਿਸਹਿ ਨ ਚੇਤਹਿ ਬਪੁੜੇ ਹਰਿ ਗੁਰਮੁਖਿ ਸੋਝੀ ਪਾਈ।।
- - - - -
ਕੋਟਿ ਬਿਸਨ ਕੀਨੇ ਅਵਤਾਰ।।
ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ।।
ਕੋਟਿ ਮਹੇਸ ਉਪਾਇ ਸਮਾਏ।।
ਕੋਟਿ ਬ੍ਰਹਮੇ ਜਗੁ ਸਾਜਣ ਲਾਏ।।
- - - - -
ਸੋਹਾਗਨਿ ਭਵਨ ਤ੍ਰੈ ਲੀਆ।।
ਦਸ ਅਠ ਪੁਰਾਣ ਤੀਰਥ ਰਸ ਕੀਆ।।
ਬ੍ਰਹਮਾ ਬਿਸਨੁ ਮਹੇਸਰ ਬੇਧੇ।।
ਬਡੇ ਭੂਪਤਿ ਰਾਜੇ ਹੈ ਛੇਧੇ ।।
ਤੇ ਐਸੇ ਹੀ ਹੋਰ ਅਨੇਕਾਂ ਗੁਰਵਾਕ ਹਨ ਜਿਹੜੇ ਇਸ ਤਿਕੜੀ ਦੀ ਬ੍ਰਾਹਮਣੀ ਮੱਤ ਵਲੋਂ ਪ੍ਰਚਲਿਤ ਹੋਂਦ ਨੂੰ ਨਕਾਰਦੇ ਹਨ। ਹੁਣ ਅਸੀਂ ਦਲੀਲ ਦਾ ਪੱਖ ਵੀ ਵੀਚਾਰ ਲੈਦੇਂ ਹਾਂ ਤੇ ਬ੍ਰਹਮਾ, ਵਿਸ਼ਨੂੰ, ਮਹੇਸ਼ ਬਾਰੇ ਬ੍ਰਾਹਮਣੀ ਗ੍ਰੰਥਾਂ ਦੇ ਹਵਾਲੇ ਵੀ ਪੜ੍ਹ ਲੈਦੇ ਹਾਂ:-
ਬ੍ਰਹਮਾ :- ਇਸ ਬ੍ਰਹਮਾ ਜੀ ਬਾਰੇ ਹਿੰਦੂ ਮਿਥਿਹਾਸ ਕੋਸ਼ ਵਿਚ ਲਿਖਿਆ ਹੈ, ਚਤਰਾਰਨ, ਪਿਤਾਮਾ, ਪੋਰਾਣਕ ਗ੍ਰੰਥਾਂ ਅਨੁਸਾਰ ਜਗਤ ਦੀ ਰਚਨਾ ਕਰਣ ਵਾਲਾ ਦੇਵਤਾ। ਇਸ ਦੀ ਤਿੰਨ ਦੇਵਤਿਆਂ ਵਿਚ ਗਿੱਣਤੀ ਹੈ। ਹਿੰਦੂ ਤ੍ਰਿਮੂਰਤੀ ਦਾ ਪਹਿੱਲਾ ਦੇਵਤਾ। ਇਹ ਦੁਨਿਆਵੀ ਅੰਡੇ ਤੋਂ ਪੈਦਾ ਹੋਇਆ। ਇਸ ਦਾ ਰੰਗ ਲਾਲ ਹੈ, ਚਾਰ ਸਿਰ ਹਨ। ਪੰਜਵਾਂ ਸਿਰ ਆਪਣੀ ਹੀ ਬੇਟੀ ਨਾਲ ਬਲਾਤਕਾਰ ਕਰਨ ਕਾਰਨ ਸ਼ਿਵਜੀ ਨੇ ਕੱਟ ਦਿਤਾ ਸੀ। ਇਸ ਦੀਆਂ ਚਾਰ ਬਾਹਵਾਂ ਹਨ। ਹੱਥ ਵਿਚ ਸ਼ਾਹੀ ਝੰਡਾ ਹੈ। ਸਰਸਵਤੀ ਪਤਨੀ ਹੈ, ਹੰਸ ਦੀ ਸਵਾਰੀ ਕਰਦਾ ਹੈ। ਇਹ ਵੱਡਾ ਵਿੱਭਚਾਰੀ ਬਣ ਗਿਆ ਸੀ, ਜਿਸ ਕਾਰਨ ਵਿਸ਼ਨੂੰ ਅਤੇ ਸ਼ਿਵ ਨੇ ਇਸ ਦੀਆਂ ਸ਼ਕਤੀਆਂ ਖੋਹ ਲਈਆਂ। ਬ੍ਰਹਮਾ ਨੇ ਦਕਸ਼ ਨੂੰ ਆਪਣੇ ਅੰਗੂਠੇ ਵਿਚੋਂ ਪੈਦਾ ਕੀਤਾ (ਹਿਦੂ ਮਿਥਿਹਾਸਕ ਕੋਸ਼, ਪੰਨਾ-366)
ਵਿਚਾਰ:- ਬ੍ਰਹਮਾ ਦੀ ਸ਼ਖਸ਼ੀਅਤ ਬਾਰੇ ਬ੍ਰਾਹਮਣੀ ਗ੍ਰੰਥਾਂ ਦੇ ਆਧਾਰ ਤੇ ਲਿਖੇ ਹਿੰਦੂ ਮਿਥਿਹਾਸ ਕੋਸ਼ ਦੇ ਇੰਦਰਾਜ ਅਸੀਂ ਪੜੇ। ਇਸ ਵਿਚ ਬ੍ਰਹਮਾ ਦੀ ਸਖਸ਼ੀਅਤ ਨੂੰ ਬਹੁਤ ਹੀ ਹਾਸੋਹੀਣਾ (ਚਾਰ ਸਿਰ, ਚਾਰ ਬਾਹਵਾਂ), ਵਿੱਭਚਾਰੀ (ਬੇਟੀ ਨਾਲ ਬਲਾਤਕਾਰ), ਲਾਚਾਰ (ਜਿਸਦਾ ਸ਼ਿਵ ਜੀ ਨੇ ਸਿਰ ਕਟ ਲਿਆ ਤੇ ਸ਼ਕਤੀਆਂ ਖੋਹ ਲਈਆਂ) ਪੇਸ਼ ਕੀਤਾ ਗਿਆ ਹੈ। ਕੀ ਐਸੀ ਸ਼ਖਸ਼ੀਅਤ ਵਾਲਾ ਪਾਤਰ ਸ਼੍ਰਿਸ਼ਟੀ ਦਾ ਕਰਤਾ ਜਾਂ ਰੱਬ ਦਾ ਸਹਿਯੋਗੀ (ਸ਼ਰੀਕ) ਹੋ ਸਕਦਾ ਹੈ? ਕੁਝ ਵਿਚਾਰ ਹੁਣ ਵਿਸ਼ਨੂੰ ਬਾਰੇ ਵੀ ਕਰ ਲੈਂਦੇ ਹਾਂ।
ਵਿਸ਼ਨੂੰ :- ਵਿਸ਼ਨੂੰ ਜੀ ਬਾਰੇ ਹਿੰਦੂ ਮਿਥਿਹਾਸ ਕੋਸ਼ ਵਿੱਚ ਲਿਖਿਆ ਹੈ, ਇਹ ਸਰਬ ਵਿਆਪਕ ਹੈ ਪਾਣੀ ਤੇ ਸੁਤਾ ਹੋਇਆ ਨਾਰਾਇਣ ਹੈ, ਪਾਣੀ ਵਿੱਚ ਸ਼ੇਸ਼ ਨਾਗ ਦੀ ਸੇਜ ਤੇ ਸੋਂਦਾ ਹੈ। ਇਸ ਦੀ ਧੁਨੀ ਵਿੱਚੋਂ ਕੰਵਲ ਫੁੱਲ ਪੈਦਾ ਹੋਇਆ, ਇਸ ਕੰਵਲ ਵਿੱਚੋਂ ਬ੍ਰਹਮਾ ਜਨਮਿਆ। ਵਿਸ਼ਨੂੰ ਹੀ ਅਵਤਾਰ ਧਾਰਕੇ ਸੰਸਾਰ ਦਾ ਭਲਾ ਕਰਦਾ ਹੈ। ਵਿਸ਼ਨੂੰ ਦੇ ਮੱਥੇ ਚੋਂ ਹੀ ਰੁਦਰ (ਸ਼ਿਵ) ਪੈਦਾ ਹੋਇਆ ਸੀ। ਗੰਗਾ ਨਦੀ ਵਿਸ਼ਨੂੰ ਦੇ ਪੈਰ ਦੇ ਅੰਗੂਠੇ ਵਿਚੋਂ ਨਿਕਲੀ ਹੈ, ਵਿਸ਼ਨੂੰ ਦੇ ਇੱਕ ਹਜਾਰ ਨਾਂ ਹਨ। ਇਸ ਦੀ ਪਤਨੀ ਲਕਸ਼ਮੀ ਹੈ, ਜੋ ਕੰਵਲ ਦੇ ਫੁੱਲ ਤੇ ਨਿਵਾਸ ਕਰਦੀ ਹੈ, ਇਸਦੇ ਸਵਰਗ ਨੂੰ ਬੈਕੂੰਠ ਕਹੀਦਾ ਹੈ, ਇਹ ਗਰੂੜ ਦੀ ਸਵਾਰੀ ਕਰਦਾ ਹੈ, ਗੂੜੇ ਨੀਲੇ ਰੰਗ ਦੇ ਕਪੜੇ ਪਹਿਨਦਾ ਹੈ, ਸਦਾ ਜਵਾਨ ਰਹਿੰਦਾ ਹੈ, ਇਸ ਦੇ ਚਾਰ ਹੱਥ ਹਨ, ਇਸ ਕੋਲ ਹਥਿਆਰ ਧਨੁਸ਼, ਤਲਵਾਰ ਅਤੇ ਐਰਾਵਤ ਹਾਥੀ ਹੈ, ਕੋਲ ਸ਼ੰਖ, ਕੰਵਲ ਤੇ ਗਦਾ ਵੀ ਰਖਦਾ ਹੈ, ਇਸਦੀ ਛਾਤੀ ਤੇ ਵਿਸ਼ੇਸ਼ ਕਿਸਮ ਦਾ ਨਿਸ਼ਾਨ ਹੈ। ਭਿੰ੍ਰਗੂ ਨੇ ਇਸਨੂੰ ਸਭ ਦੇਵਤਿਆਂ ਤੋਂ ਉੱਤਮ ਹੋਣ ਦਾ ਐਲਾਨ ਕੀਤਾ ਅਤੇ ਪੂਜਾ ਕਰਵਾਈ (ਹਿੰਦੂ ਮਿਥਿਹਾਸ ਕੋਸ਼ ਪੰਨਾ-516) ਇਕ ਹੋਰ ਪੁਰਾਣਕ ਗ੍ਰੰਥ ਵਿਚ ਲਿਖਿਆ ਮਿਲਦਾ ਹੈ ਕਿ ਜੰਲਧਰ ਰਾਜੇ ਨੂੰ ਹਰਾਉਣ ਖਾਤਿਰ ਵਿਸ਼ਨੂੰ ਨੇ ਇਸਦੀ ਪਤਨੀ ਦਾ ਸਤੀਤਵ ਭੰਗ ਕੀਤਾ, ਕਿਉਂਕਿ ਜੰਲਧਰ ਰਾਜੇ ਨੂੰ ਵਰ ਮਿਲਿਆ ਸੀ ਕਿ ਜਦ ਤੱਕ ਉਸਦੀ ਪਤਨੀ ਪਤੀ-ਵਰਤ ਧਰਮ ਵਿਚ ਕਾਇਮ ਰਹੇਗੀ, ਉਹ ਨਹੀਂ ਹਾਰੇਗਾ। ਇਸ ਕਾਰਨ ਉਕਤ ਬੀਬੀ ਵਲੋਂ ਵਿਸ਼ਨੂੰ ਨੂੰ ਸ਼ਰਾਪ ਦੇਕੇ ਪੱਥਰ ਬਣਾ ਦੇਣ ਦਾ ਜ਼ਿਕਰ ਵੀ ਇਸ ਪੁਰਾਣਕ ਕਹਾਣੀ ਵਿੱਚ ਹੈ (ਹਵਾਲਾ ਪੌਰਾਣਿਕ ਕਥਾਵਾਂ ਦਾ ਅੰਤ ਪੰਨਾ-256)।
ਵਿਚਾਰ:- ਹਿੰਦੂ ਮਿਥਿਹਾਸ ਕੋਸ਼ ਤੇ ਹੋਰ ਬ੍ਰਾਹਮਣੀ ਪੌਰਾਣਿਕ ਕਥਾਂਵਾਂ ਦੇ ਆਧਾਰ ਤੇ ਅਸੀਂ ਬ੍ਰਾਹਮਣੀ ਮੱਤ ਵਲੋਂ ਪ੍ਰਚਾਰੀ ਜਾਂਦੀ ਵਿਸ਼ਨੂੰ ਦੀ ਸ਼ਖਸੀਅਤ ਵੇਖੀਏ ਤਾਂ ਇਹ ਬਹੁਤ ਹੀ ਗੈਰ ਕੁਦਰਤੀ, ਹਾਸੋਹੀਣੀ ਤੇ ਚਰਿਤ੍ਰਹੀਣ ਹੈ। ਕਿਸੇ ਨਾਗ ਜਾਂ ਸੱਪ (ਸ਼ੇਸ਼ਨਾਗ) ਨੂੰ ਆਸਣ ਬਣਾ ਕੇ ਸੰਮੁਦਰ ਵਿਚ ਬੈਠਣ ਵਾਲੀ ਗੱਲ ਕਲਪਣਾ ਹੋ ਸਕਦੀ ਹੈ, ਸੱਚਾਈ ਨਹੀਂ। ਬ੍ਰਹਮਾ ਜੀ ਵਾਲੇ ਕਾਂਡ ਵਿਚ ਬ੍ਰਹਮਾ ਦਾ ਜਨਮ ਅੰਡੇ ਤੋਂ ਹੋਣਾ ਲਿਖਿਆ ਹੈ। ਇਥੇ ਬ੍ਰਹਮਾ ਜੀ ਵਿਸ਼ਨੂੰ ਜੀ ਦੀ ਧੁੰਨੀ ਵਿੱਚਂੋ ਪੈਦਾ ਹੋਏ, ਕਮਲ ਫੁੱਲ ਵਿੱਚਂੋ ਪੈਦਾ ਹੋਏ ਦਰਸਾਏ ਗਏ ਹਨ। ਵਿਸ਼ਨੂੰ ਜੀ ਦੇ ਪੈਰ ਦੇ ਅੰਗੂਠੇ ਵਿੱਚੋਂ ਲੰਬੀ ਨਦੀ ੱਗੰਗਾ- ਨਿਕਲਦੀ ਦੱਸੀ ਗਈ ਹੈ। ਵਿਸ਼ਨੂੰ ਦੀ ਸਵਾਰੀ ਇਕ ਪੰਛੀ ੱਗਰੁੜ- ਨੂੰ ਦਸਿਆ ਗਿਆ ਹੈ। ਵਿਸ਼ਨੂੰ ਜੀ ਨੂੰ ਕਿਸੇ ਪਰ-ਇਸਤ੍ਰੀ ਦਾ ਸਤ ਭੰਗ ਕਰਦਾ ਵੀ ਦੱਸਿਆ ਗਿਆ ਹੈ। ਵਿਸ਼ਨੂੰ ਦੇ ਮੱਥੇ ਵਿੱਚੋਂ ਸ਼ਿਵ ਜੀ ਦਾ ਪੈਦਾ ਹੋਣਾ ਦੱਸਿਆ ਗਿਆ ਹੈ। ਇਨ੍ਹਾਂ ਸਾਰੀਆ ਗੱਲਾਂ ਨੂੰ ਜੇ ਕੋਈ ਅੰਨ੍ਹੀ ਸ਼ਰਧਾ ਦਾ ਤਿਆਗ ਕਰਕੇ ਨਿਰਪੱਖ ਹੋਕੇ ਵਿਚਾਰੇ ਤਾਂ ਇਹ ਸ਼ਖਸ਼ੀਅਤ ਨਿਰੋਲ ਕਲਪਣਾ ਜਾਂ ਕਹਾਣੀ ਤੋਂ ਵੱਧ ਕੁੱਝ ਵੀ ਨਹੀਂ ਲਗਦੀ। ਐਸੀ ਸ਼ਖਸ਼ੀਅਤ ਨੂੰ ੱਰੱਬ- ਜਾਂ ਉਸਦਾ ਸਹਿਯੋਗੀ ਮੰਨਣਾ ਜਾਂ ਪ੍ਰਚਾਰਣਾ ਕਿਥੋਂ ਤੱਕ ਠੀਕ ਹੈ?
ਹੁਣ ਕੁੱਝ ਵਿਚਾਰ ਇਸ ਤ੍ਰਿਮੂਰਤੀ ਦੇ ਤੀਜੇ ਦੇਵਤੇ ਮਹੇਸ਼ ਦੀ ਵੀ ਕਰ ਲਈਏ।
ਮਹੇਸ਼:-ਇਸਨੂੰ ਸ਼ਿਵਜੀ ਜਾਂ ਰੁਦਰ ਦੇ ਨਾਂ ਨਾਲ ਵੀ ਪ੍ਰਚਾਰਿਆ ਜਾਂਦਾ ਹੈ। ਇਸ ਬਾਰੇ ਹਿੰਦੂ ਮਿਥਿਹਾਸ ਕੋਸ਼ ਵਿਚ ਦਰਜ ਹੈ, ਇਹ ਸ਼੍ਰਿਸ਼ਟੀ ਨੂੰ ਪਾਲਦਾ ਅਤੇ ਖੱਤਮ ਕਰਦਾ ਹੈ, ਇਸ ਦੀਆਂ ਤਿੱਨ ਅੱਖਾਂ ਹਨ, ਗਲਾ ਨੀਲਾ ਹੈ ਇਹ ਖੁੱਦ ਹੀ ਬ੍ਰਹਮਾ ਖੁੱਦ ਹੀ ਇੰਦ੍ਰਦ੍ਰ ਹੈ। ਬਹੁਤੀ ਵਾਰ ਇਹ ਮੜੀਆਂ ਵਿਚ ਵਾਸ ਕਰਦਾ ਹੈ, ਸ਼ਰਾਬ ਤੇ ਕਈ ਹੋਰ ਤਰ੍ਹਾਂ ਦੇ ਨਸ਼ੇ ਵਰਤਦਾ ਹੈ। ਮੱਨੁਖੀ ਖੋਪੜੀਆਂ ਦੀ ਗੱਲ ਵਿਚ ਮਾਲਾ ਪਾ ਕੇ ਰਖਦਾ ਹੈ। ਜਦੋਂ ਕਰੋਧ ਵਿੱਚ ਅੳਂੁਦਾ ਹੈ ਤਾਂ ਪਾਰਵਤੀ ਨਾਲ ਰੱਲਕੇ ਭਿਆਨਕ (ਤਾਂਡਵ) ਨਾਚ ਨੱਚਦਾ ਹੈ, ਉਦੋਂ ਪਰਲੋ ਆੳਂੁਦੀ ਹੈ। ਇਸਦੇ ਮੱਥੇ ਵਿਚ ਚੰਦ੍ਰਮਾ ਹੈ, ਵਾਲਾਂ ਵਿਚੋਂ ਗੰਗਾ ਨਿਕਲਦੀ ਹੈ। ਗੱਲ ਵਿਚ ਨਾਗ ਹਨ। ਇਸਦੀ ਪੋਸ਼ਾਕ ਸ਼ੇਰ ਜਾਂ ਹਾਥੀ ਦੀ ਖੱਲ ਤੋਂ ਬਣੀ ਹੂੰਦੀ ਹੈ। ਨੰਦੀ ਬੱਲਦ ਤੇ ਸਵਾਰੀ ਕਰਦਾ ਹੈ। ਹੱਥ ਵਿਚ ਧਨੁਸ਼ ਅਤੇ ਡਮਰੂ ਹੁੰਦਾ ਹੈ। ਇਕ ਗੱਦਾ ਤੇ ਰੱਸਾ ਵੀ ਰਖਦਾ ਹੈ। ਇਸ ਦੀ ਸਹਾਇਤਾ ਕਰਨ ਲਈ ਭੂਤ-ਪ੍ਰੇਤ ਹੁੰਦੇ ਹਨ। ਸ਼ਿਵ ਦਾ ਤੀਜਾ ਨੇਤਰ ਬਹੁਤ ਮਾਰੂ ਹੈ। ਇਸ ਨੇਤਰ ਨਾਲ ਸ਼ਿਵ ਨੇ ਪ੍ਰੇਮ ਦੇ ਦੇਵਤੇ ਨੂੰ ਸੁਆਹ ਕਰ ਦਿਤਾ ਸੀ। ਇਸਦੀ ਕਰੋਪ ਵਾਲੀ ਇਕੋਂ ਨਜਰ ਨਾਲ ਸਾਰੇ ਦੇਵਤੇ ਅਤੇ ਸਾਰਾ ਬ੍ਰਹਮੰਡ ਨਾਸ ਹੋ ਜਾਂਦਾ ਹੈ। ਇਸ ਦਾ ਸਵਰਗ ਕੈਲਾਸ਼ ਪਰਬਤ ਹੈ। ਇਹ ਇੱਕ ਵਾਰ ਕਾਮੀ ਅਵਸਥਾ ਵਿਚ ਨੰਗਾ ਘੁੰਮਣ ਲਗਾ। ਦੇਵ ਪਤਨੀਆਂ ਨੇ ਇਸ ਤੇ ਮੋਹਿਤ ਹੋ ਕੇ ਆਪਣਾ ਆਪ ਇਸ ਦੇ ਹਵਾਲੇ ਕਰ ਦਿਤਾ। ਦੇਵਤਿਆਂ ਨੇ ਸ਼ਿਵ ਨੂੰ ਆਪਣੀ ਪਤਨੀਆਂ ਨਾਲ ਕਾਮ-ਭੋਗ ਕਰਦਿਆਂ ਵੇਖਿਆ ਤਾਂ ਉਨ੍ਹਾਂ ਨੇ ਸ਼ਿਵ ਦੇ ਲਿੰਗ ਸੜ ਜਾਣ ਦਾ ਸ਼ਰਾਪ ਦੇ ਦਿਤਾ। ਲਿੰਗ ਨੂੰ ਲੱਗੀ ਅੱਗ ਏਨੀ ਭੜਕ ਗਈ ਕਿ ਸੰਸਾਰ ਸੜਣ ਲੱਗਾ। ਦੇਵਤਿਆਂ ਵਲੋਂ ਬੇਨਤੀ ਕਰਨ ਤੇ ਪਾਰਬਤੀ ਨੇ ਲਿੰਗ ਧਾਰਨ ਕਰ ਲਿਆ ਤੇ ਸ਼ਾਂਤੀ ਵਰਤਾਈ। ਹੁਣ ਸ਼ਾਂਤੀ ਦੀ ਕਾਮਨਾ ਕਰਦਿਆਂ ਲੋਕ ਲਿੰਗ ਯੋਨੀ ਦੀ ਪੂਜਾ ਕਰਦੇ ਹਨ। (ਹਿੰਦੂ ਮਿਥਿਹਾਸ ਕੋਸ਼, ਪੰਨਾ-120) (ਹਵਾਲਾ ਪੌਰਾਣਿਕ ਕਹਾਣੀਆਂ ਦਾ ਅੰਤ, ਪੰਨਾ-246)
ਵਿਸ਼ਨੂੰ ਪੁਰਾਣ ਵਿਚ ਲਿਖਿਆ ਹੈ ਕਿ ਬ੍ਰਹਮਾ ਨੇ ਇੱਛਾ ਪ੍ਰਗਟ ਕੀਤੀ ਕਿ ਮੇਰੇ ਪੁੱਤਰ ਹੋਵੇ, ਉਸੇ ਵਕਤ ਬ੍ਰਹਮਾ ਦੇ ਮੱਥੇ ਵਿਚੋਂ ਬਾਲਕ ਪੈਦਾ ਹੋ ਗਿਆ। ਜੋ ਜੰਮਦਿਆਂ ਹੀ ਰੋਣ ਲੱਗ ਪਿਆ। ਬ੍ਰਹਮਾ ਨੇ ਉਸਦਾ ਨਾਂ ਹੀ ਰੋਂਦੂ (ਰੁੱਦਰ) ਰੱਖ ਦਿਤਾ। ਇਸ ਤੋਂ ਮਗਰੋਂ ਭੀ ਸ਼ਿਵ ਨੇ ਸੱਤ ਵਾਰ ਰੋਕੇ ਆਖਿਆ ਕਿ ਮੇਰੇ ਹੋਰ ਨਾਮ ਰੱਖੋ। ਤੱਦ ਬ੍ਰਹਮਾ ਨੇ ਇਸਦੇ ਸੱਤ ਹੋਰ ਨਾਂ ਰੱਖੇ। ਵਿਸ਼ਨੂੰ, ਬ੍ਰਹਮਾ,ਕ੍ਰਿਸ਼ਨ ਤੇ ਰਾਮ ਭੀ ਕਈ ਥਾਂਈ ਇਸਦੀ ਪੂਜਾ ਕਰਦੇ ਵਿਖਾਏ ਗਏ ਹਨ। (ਮਹਾਨ ਕੋਸ਼, ਪੰਨਾ-1042)
ਵਿਚਾਰ:- ਇਨ੍ਹਾਂ ਪੌਰਾਣਿਕ ਹਵਾਲਿਆਂ ਰਾਹੀਂ ਦੱਸੀ ਸ਼ਿਵਜੀ ਦੀ ਸ਼ਖਸ਼ੀਅਤ ਵੀ ਬ੍ਰਹਮਾ ਤੇ ਵਿਸ਼ਨੂੰ ਵਾਂਗੂੰ ਗੈਰ-ਕੁਦਰਤੀ, ਦਲੀਲ ਦੇ ਉਲਟ ਤੇ ਚਰਿਤਰਹੀਣ ਹੀ ਲਗਦੀ ਹੈ। ਐਸੀ ਸਖਸ਼ੀਅਤ ਨੂੰ ਰੱਬ ਜਾਂ ਉਸਦਾ ਸਹਿਯੋਗੀ ਮੰਨਣਾ ਜਾਂ ਪ੍ਰਚਾਰਣਾ ਕਿਸ ਤਰ੍ਹਾਂ ਜਾਇਜ਼ ਹੈ?
ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ ਬ੍ਰਾਹਮਣੀ ਮੱਤ ਵਲੋਂ ਪ੍ਰਚਾਰੀ ਜਾਂਦੀ ਇਸ ਤ੍ਰਿ-ਮੂਰਤੀ ਦੀ ਹੋਂਦ ਦਲੀਲ ਦੀ ਕਸਵੱਟੀ ਤੇ ਵੀ ਸੱਚ ਸਾਬਿਤ ਨਹੀਂ ਹੁੰਦੀ,ਬਲਕਿ ਕਾਲਪਨਿਕ ਲਗਦੀ ਹੈ। ਸੋਬਤੀ ਜੀ ਨੇ ਇਸ ਤ੍ਰਿ-ਮੂਰਤੀ ਦੇ ਇੱਕ-ਇੱਕ ਗੁਣ (ਬ੍ਰਹਮਾ ਪੈਦਾ ਕਰਣ ਵਾਲਾ, ਵਿਸ਼ਨੂੰ ਪਾਲਣ ਵਾਲਾ ਤੇ ਸ਼ਿਵ ਸੰਘਾਰ ਕਰਣ ਵਾਲਾ) ਦੇ ਆਧਾਰ ਤੇ ਹੀ ਇਸ ਬ੍ਰਾਹਮਣੀ ਮੱਤ ਨੂੰ ਸੱਚ ਤੇ ਸਹੀ ਸਿੱਧ ਕਰਨ ਦਾ ਯਤਨ ਕੀਤਾ ਹੈ। ਪਰ ਇਨ੍ਹਾਂ ਬਾਰੇ ਬ੍ਰਾਹਮਣੀ ਗ੍ਰੰਥਾਂ ਵਿਚ ਆਏ ਹਵਾਲੇ (ਜੋ ਕਈ ਥਾਂਵਾਂ ਤੇ ਆਪਾ ਵਿਰੋਧੀ ਵੀ ਹਨ) ਪੂਰੀ ਤਰ੍ਹਾਂ ਵਿਚਾਰੀਏ ਤਾਂ ਇਹ ਸਖਸ਼ੀਅਤਾਂ ਕਲਪਣਾ ਤੋਂ ਵੱਧ ਕੁੱਝ ਵੀ ਨਹੀਂ ਜਾਪਦੀਆਂ। ਤਾਂ ਹੀ ਸੋਬਤੀ ਜੀ ਨੇ ਸ਼ਾਇਦ ਰੱਬ ਲਈ ਪ੍ਰਚਲਤ ਅੰਗਰੇਜ਼ੀ ਲਫਜ਼ GOD ਦੇ ਅੱਖਰਾਂ ਨੂੰ ਵੱਖ-ਵੱਖ ਕਰਕੇ ਇਸ ਬ੍ਰਾਹਮਣੀ ਤ੍ਰਿ-ਮੂਰਤੀ ਨੂੰ ਸਹੀ ਸਾਬਿਤ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ। ਉਨ੍ਹਾਂ ਨੇ G-Generator (ਪੈਦਾ ਕਰਣ ਵਾਲਾ), O-Operator (ਪਾਲਣ ਵਾਲਾ) ਤੇ D-Destroyer (ਨਾਸ਼ ਕਰਨ ਵਾਲਾ) ਅਰਥ ਕੀਤੇ। ਇਹ ਕੋਈ ਘੌਧ ਲਫਜ ਦੇ ਮੌਲਿਕ ਅਰਥ ਨਹੀਂ ਹਨ। GOD ਇਕੋ ਲਫਜ਼ ਹੈ, ਕੋਈ ਸੁੰਗੜਿਆ ਲਫ਼ਜ਼ (short form) ਨਹੀਂ। ਇਹ ਤਾਂ ਕਿਸੇ ਨੇ ਆਪਣੇ ਦਿਮਾਗ ਨਾਲ ਕੀਤੇ ਲਗਦੇ ਹਨ। ਇਸ ਤੋਂ ਇੱਕ ਉਦਾਹਰਨ ਯਾਦ ਆ ਗਈ। ਮੰਨ ਲਉ ਕਿਸੇ ਦੀ ਪਤਨੀ ਦਾ ਨਾਂ ‘ਸੀਮਾਂ’ ਹੈ। ਤੇ ਉਹ ਆਪਣੀ ਪਤਨੀ ਨੂੰ ਖੁਸ਼ ਕਰਨ ਲਈ SIMA ਨੂੰ ਵੱਖ ਵੱਖ ਕਰਕੇ ਇਸ ਦੇ ਅਰਥ S-Sweet, I-Intelligent, M-Moral, A-Able ਕਰ ਦੇਵੇ ਤਾਂ ਇਸਦਾ ਇਹ ਮਤਲਬ ਨਹੀਂ ਕਿ ਸੀਮਾਂ (SIMA) ਨਾਂ ਦੇ ਮਾਇਨੇ ਇਹ ਹੋ ਜਾਣਗੇ। ਦੂਜੀ ਤਰਫ ਮੰਨ ਲਉ ਕੋਈ ਨਾਸਤਕ GOD ਲਫ਼ਜ਼ ਨੂੰ ਤੋੜਕੇ ਇਸਦੇ ਅਰਥ G-Ghost (ਭੂਤ-ਪ੍ਰੇਤ), O-Orphan (ਅਨਾਥ), D-Devil (ਸ਼ੈਤਾਨ) ਕਰਨ ਲੱਗ ਪਏ, ਤਾਂ ਇਸਦਾ ਇਹ ਮਤਲਬ ਨਹੀ ਨਿਕਲਦਾ ਕਿ ਇਸ ਤੋਂ ਰੱਬ "ਭੂਤ-ਪ੍ਰੇਤ", "ਅਨਾਥ" ਤੇ "ਸ਼ੈਤਾਨ" ਸਾਬਿਤ ਹੋ ਜਾਂਦਾ ਹੈ।
ਜੇ ਕਿਸੇ ਤਰੀਕੇ ਇਹ ਮੰਨ ਵੀ ਲਈਏ ਕਿ GOD ਦੇ ਅਰਥ ਉਹੀ ਹਨ, ਜੋ ਸੋਬਤੀ ਜੀ ਨੇ ਕੀਤੇ ਹਨ, ਤਾਂ ਵੀ ਇਹ ਸਾਬਿਤ ਨਹੀਂ ਹੁੰਦਾ ਕਿ ਬ੍ਰਾਹਮਣੀ ਮੱਤ ਵਲੋਂ ਪ੍ਰਚਾਰੀ ਜਾਂਦੀ ਇਸ ਤ੍ਰਿ-ਮੂਰਤੀ (ਬ੍ਰਹਮਾ, ਵਿਸ਼ਨੂੰ, ਮਹੇਸ਼) ਦੀ ਸਖਸ਼ੀਅਤ ਸੱਚ ਅਤੇ ਦਲੀਲ ਆਧਾਰਿਤ ਹੈ।
ਖੈਰ, ਇਸ ਘਟਨਾਕ੍ਰਮ ਵਿਚ ਸੋਬਤੀ ਜੀ ਬਿਲਕੁਲ ਦੋਸ਼ੀ ਨਹੀਂ ਹਨ। ਇਹ ਉਨ੍ਹਾਂ ਦੇ ਨਿਜੀ ਵਿਚਾਰ ਅਤੇ ਨੀਤੀਆਂ ਸਨ ਤੇ ਉਨ੍ਹਾਂ ਨੂੰ ਆਪਣੇ ਵਿਚਾਰ ਰਖਣ ਦਾ ਪੂਰਾ ਹੱਕ ਸੀ। ਸਾਡੀ ਤਾਂ ਇਹ ਗੁਜਾਰਿਸ਼ ਹੈ ਕਿ ਜੇ ਉਹ ਚੰਗਾ ਸਮਝਣ ਤਾਂ ਇਸ ਵਿਸ਼ੇ ਵਿੱਚ ਖੁੱਲ ਕੇ ਆਪਣੇ ਵਿਚਾਰ ਲਿਖਕੇ ਸਪੋਕਸਮੈਨ ਅਖ਼ਬਾਰ ਨੂੰ ਭੇਜਣ। ਸਪੋਕਸਮੈਨ ਅਖ਼ਬਾਰ ਦੇ ਪ੍ਰਬੰਧਕਾਂ ਨੂੰ ਵੀ ਇਹ ਵਿਚਾਰ ਬਿਨਾਂ ਕਾਂਟੇ-ਛਾਂਟੇ (ਪਰ ਲੋੜੀਂਦੀਆਂ ਟਿੱਪਣੀ ਨਾਲ, ਗੁਰਮਤਿ ਅਨੁਸਾਰੀ ਸਪਸ਼ਟੀਕਰਨ ਦੇ ਕੇ) ਛਾਪਣੇ ਚਾਹੀਦੇ ਹਨ।
ਪਰ ਅਫਸੋਸ ਹੈ ਤਾਂ ਕੇਵਲ ਸਪੋਕਸਮੈਨ ਦੇ ਸੰਪਾਦਕ ਸ੍ਰ: ਜੋਗਿੰਦਰ ਸਿੰਘ, ਸਟੇਜ ਸਕੱਤਰ ਤੇ ਹੋਰ ਸਿੱਖ ਬੁਲਾਰਿਆਂ ਵਲੋਂ ਇਸ ਮਾਮਲੇ ਪ੍ਰਤੀ ਅਪਣਾਈ ਗਈ ‘ਚੁੱਪ’ ਦੀ ਪਹੁੰਚ ਦਾ। ਉਨ੍ਹਾਂ ਦੀ ਭੇਦ ਭਰੀ ‘ਚੁੱਪ’ ਨੇ ਇਹ ਸੋਚਣ ’ਤੇ ਮਜਬੂਰ ਕਰ ਦਿਤਾ ਹੈ ਕਿ ‘ਸ਼੍ਰੋਮਣੀ ਕਮੇਟੀ’ ਤੇ ‘ਸਪੋਕਸਮੈਨ’ ਦੀ ਸਟੇਜ ਵਿਚ ਕੀ ਫਰਕ ਹੈ? ਸਪੋਕਸਮੈਨ ਦੀ ਕਥਿਤ ਨਿਡਰਤਾ, ਨਿਰਪੱਖਤਾ ਤੇ ਨਿਧੜਕਤਾ ਕੀ ਸਿਰਫ਼ ਬਾਦਲ ਦਲ ਦੇ ਆਗੂਆਂ ਨੂੰ ਭੰਡਨ ਵਾਸਤੇ ਹੀ ਹੈ? ਆਸ ਹੈ ਇਸ ਅਲੋਚਨਾ ਨੂੰ "ਹਾਂ-ਪੱਖੀ" ਲਿਆ ਜਾਵੇਗਾ।
ਤੱਤ ਗੁਰਮਤਿ ਪਰਵਾਰ
ਈਮੇਲ :
tatgurmat@gmail.com
ਫੋਨ : 09419126791, 09815971601, 09417440779