

ਨਕਲੀ ਦਰਬਾਰ ਸਾਹਿਬ ਬਣਵਾਉਣ ਲਈ ਬਾਦਲਕਿਆਂ ਤੇ ਮੁੱਖ ਪੁਜਾਰੀਆਂ ਵੱਲੋਂ ਡੇਰੇਦਾਰਾਂ ਨਾਲ ਮਿਲ ਕੇ ਸਿੱਖਾਂ ਨੂੰ ਧੋਖਾ ਦੇਣ ਵਾਲਾ ਬਚਿੱਤਰ ਨਾਟਕ
- ਡਾ: ਹਰਜਿੰਦਰ ਸਿੰਘ ਦਿਲਗੀਰ -
ਕੋਈ ਵੇਲਾ ਸੀ ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਦੀ ਅਗਵਾਈ ਕਰਦਾ ਸੀ। 14 ਦਸੰਬਰ 1920 ਨੂੰ ਜਦ ਅਕਾਲੀ ਦਲ ਬਣਿਆ ਸੀ ਤਾਂ ਉਸ ਵੇਲੇ ‘ਚੀਫ਼ ਖਾਲਸਾ ਦੀਵਾਨ’ ਬਣੇ ਨੂੰ 18 ਸਾਲ ਹੋ ਚੁਕੇ ਸਨ। ਇਕ ਸਾਲ ਪਹਿਲਾਂ, 1919 ਵਿਚ ‘ਸਿੱਖ ਲੀਗ’ ਜਥੇਬੰਦੀ ਵੀ ਕਾਇਮ ਹੋ ਚੁਕੀ ਸੀ ਜਿਸ ਵਿਚ ਦਰਜਨਾਂ ਸਿੱਖ ਜਥੇਬੰਦੀਆਂ, ਸਿੱਖ ਵਿਦਵਾਨਾਂ ਤੇ ਹੋਰ ਮੋਹਤਬਰ ਤੇ ਨਾਮਵਰ ਸਿੱਖ ਸ਼ਖ਼ਸੀਅਤਾਂ ਦੀ ਸ਼ਮੂਲੀਅਤ ਸੀ। ਪਰ ਏਨਾ ਕੁਝ ਹੋਣ ਦੇ ਬਾਵਜੂਦ, ਜਦ ਅਕਾਲੀ ਦਲ ਕਾਇਮ ਹੋਇਆ ਤਾਂ ਚੀਫ਼ ਖਾਲਸਾ ਦੀਵਾਨ ਤੇ ਸਿੱਖ ਲੀਗ ਦੋਵੇਂ ਪਿੱਛੇ ਰਹਿ ਗਏ ਕਿਉਂ ਕਿ ਇਹ ਦੋਵੇਂ ਜਥੇਬੰਦੀਆਂ ਕੌਮ ਦੇ ਮਸਲਿਆਂ ਸਬੰਧੀ ਕੋਈ ਸਟੈਂਡ ਅਤੇ ਐਕਸ਼ਨ ਲੈਣ ਦੇ ਨੁਕਤੇ ‘ਤੇ ਫੇਲ੍ਹ ਹੋ ਚੁਕੀਆਂ ਸਨ। ਸ਼੍ਰੋਮਣੀ ਅਕਾਲੀ ਦਲ ਨੇ ਗੁਰਦੁਆਰਾ ਸੁਧਾਰ ਤੋਂ ਸ਼ੁਰੂ ਕਰ ਕੇ ਸਿੱਖਾਂ ਦੇ ਸਾਰੇ ਸਿਆਸੀ ਮਸਲਿਆਂ ‘ਤੇ ਸਾਫ਼, ਖਰਾ ਤੇ ਡਟਵਾਂ ਸਟੈਂਡ ਲੈ ਕੇ ਸਾਬਿਤ ਕਰ ਦਿੱਤਾ ਕਿ ਇਹ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੈ। ਫਿਰ ਪੰਥ ਨੇ ਵੀ ਸਾਰੀਆਂ ਹੋਰ ਜਥੇਬੰਦੀਆਂ ਨੂੰ ਨਕਾਰ ਦਿੱਤਾ ਤੇ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਵਾਹਿਦ ਜਥੇਬੰਦੀ ਬਣ ਗਿਆ। ਗੁਰਦੁਆਰਾ ਸੁਧਾਰ, ਸਿੱਖ ਸਿਆਸੀ ਮਸਲੇ, ਪੰਜਾਬੀ ਸੂਬਾ ਮੋਰਚਾ, ਧਰਮ ਯੁਧ ਮੋਰਚਾ ਤਕ (ਭਾਵੇਂ ਕੁਝ ਹੱਦ ਤਕ ਇਸ ਦੀ ਹਸਤੀ ਕਿਰਦੀ ਜਾ ਰਹੀ ਸੀ) ਅਕਾਲੀ ਦਲ ਪੰਥ ਦੀ ਗੱਲ ਕਰਦਾ ਰਿਹਾ। ਪਰ 1996 ਵਿੱਚ ਪਰਕਾਸ਼ ਸਿੰਘ ਬਾਦਲ ਨੇ ਆਪਣੇ ਅਕਾਲੀ ਦਲ ਦਾ ਪੰਥਕ ਰੋਲ ਖ਼ਤਮ ਕਰਨ ਦਾ ਮਤਾ ਪਾਸ ਕਰ ਦਿੱਤਾ ਤੇ ਇਸ ਦੇ ਨਾਲ ਹੀ ਪੰਥ ਇਕ ਸਹੀ ਨੁਮਾਇੰਦਾ ਜਮਾਤ ਤੋਂ ਸੱਖਣਾ ਹੋ ਗਿਆ।
ਆਰ.ਐਸ.ਐਸ. ਦਾ ਵਧਦਾ ਗਲਬਾ, ਬਾਦਲ ਵੱਲੋਂ ਸਿਰਫ਼ ਸਰਕਾਰ ਨੂੰ ਕਾਇਮ ਰੱਖਣ ਵਾਸਤੇ ਇਸ ਮੂਲਵਾਦੀ, ਫ਼ਿਰਕੂ ਹਿੰਦੂ ਜਮਾਤ ਦੀ ਗੁਲਾਮੀ ਕਰਨਾ ਸਿੱਖ ਪੰਥ ਵਾਸਤੇ ਹੋਰ ਵੀ ਘਾਤਕ ਸਾਬਿਤ ਹੋਇਆ। ਹਨੇਰ ਤਾਂ ਇਹ ਸੀ ਕਿ ਬਾਦਲ ਅਕਾਲੀ ਦਲ ਨੇ ਸਿੱਖ ਅਜੰਡਾ ਸਿਰਫ਼ ਛੱਡਿਆ ਹੀ ਨਹੀਂ ਬਲਕਿ ਆਰ.ਐਸ.ਐਸ. ਦੇ ਹੁਕਮ ਹੇਠ ਐਂਟੀ-ਸਿੱਖ ਏਜੰਡਾ ਅਪਣਾ ਲਿਆ। ਹਾਲਤ ਦੀ ਸਿਤਮ-ਜ਼ਰੀਫ਼ੀ ਇਹ ਹੋਈ ਕਿ ਇਸ ਮਾਹੌਲ ਵਿਚ ਦੂਜੇ ਅਕਾਲੀ ਦਲ ਬਾਦਲ ਦਲ ਤੋਂ ਵੀ ਵਧ ਫ਼ੇਲ੍ਹ ਹੋ ਗਏ। ਉਹ ਚਾਹੁੰਦੇ ਤਾਂ ਪੰਥਕ ਅਜੰਡੇ ਵਾਸਤੇ ਜਦੋ-ਜਹਿਦ ਕਰ ਕੇ ਬਾਦਲ ਤੋਂ ਸਿੱਖ ਪੰਥ ਦੀ ਨੁਮਾਇੰਦਗੀ ਦਾ ਹੱਕ ਖੋਹ ਸਕਦੇ ਸਨ ਪਰ ਨਾ ਉਨ੍ਹਾਂ ਨੂੰ ਖ਼ੁਦ ‘ਤੇ ਯਕੀਨ ਸੀ ਤੇ ਨਾ ਹੀ ਉਨ੍ਹਾਂ ਵਿਚ ਐਕਸ਼ਨ ਸੀ, ਉਨ੍ਹਾਂ ਵਿਚ ਨਾ ਤਾਂ ਸਿਰੜ ਸੀ; ਉਹ ਤਾਂ ਅਖ਼ਬਾਰੀ ਬਿਆਨਾਂ, ਕਦੇ-ਕਦੇ ਜਲਸੇ ਕਰਨ ਅਤੇ ਜਾਂ ਫਿਰ ਇਕ ਦੂਜੇ ਦੀ ਲੱਤ ਖਿੱਚਣ ਦੀਆਂ ਕਾਰਵਾਈਆਂ ਕਰ ਕੇ ਹੀ ਕੌਮ ਦੀ ਲੀਡਰੀ ਕਰ ਰਹੇ ਸਨ। 1995-96 ਵਿਚ ਬਾਦਲ ਵੱਲੋਂ ਵੱਖਰਾ ਅਕਾਲੀ ਦਲ ਕਾਇਮ ਕਰਨ ਵੇਲੇ ਦੂਜੇ ਸਾਰੇ ਅਕਾਲੀ ਲੀਡਰ ਇਕੱਠੇ ਸਨ ਤੇ ਬਹੁਤ ਮਜ਼ਬੁਤ ਸਨ। ਉਹ ਚਾਹੁੰਦੇ ਤਾਂ ਬਾਦਲ ਦਲ ਦੀ ਤਾਕਤ ਨੂੰ 10× ਸਿੱਖਾਂ ਤਕ ਮਹਿਦੂਦ ਕਰ ਸਕਦੇ ਸਨ ਪਰ ਸਭ ਤੋਂ ਪਹਿਲਾਂ ਗੁਰਚਰਨ ਸਿੰਘ ਟੌਹੜਾ ਇਕ ਨਿੱਕੀ ਜਿਹੀ ਕੁਰਸੀ (ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ) ਵਾਸਤੇ ਬਾਦਲ ਦਾ ਦੋ ਨੰਬਰ (ਤੇ ਹੌਲੀ-ਹੌਲੀ ਜ਼ੀਰੋ ਨੰਬਰ) ਬਣਨ ਵਾਸਤੇ ਤਰਲੋ-ਮੱਛੀ ਹੋਣ ਲਗ ਪਿਆ। ਇਸ ਮਗਰੋਂ ਹੋਰਨਾਂ ਆਗੂਆਂ ਦੇ ਮੂੰਹਾਂ ਵਿਚੋਂ ਵੀ ਲਾਰਾਂ ਵਗਣ ਲਗ ਪਈਆਂ ਤੇ ਨਾਲ ਹੀ ਇਕ ਦੂਜੇ ਦੇ ਖ਼ਿਲਾਫ਼ ਸਾਜ਼ਸ਼ਾਂ ਵੀ ਘੜਨ ਲਗ ਪਏ। ਇਸ ਨਾਲ ਉਹ ਲੋਕਾਂ ਵਿਚ ਆਪਣੀ ਸਾਖ/ਥਾਂ ਗੁਆ ਬੈਠੇ ਤੇ ਬਾਦਲ ਕੌਮ ਦਾ ਵਾਹਿਦ ਨਾ ਸਹੀ, ਪਰ ਮੁੱਖ ਆਗੂ ਬਣ ਗਿਆ। ਉਸ ਦਿਨ ਤੋਂ ਅੱਜ ਤਕ ਸਿੱਖ ਕੌਮ ਨੂੰ ਕੋਈ ਮਾਸਟਰ ਤਾਰਾ ਸਿੰਘ ਜਾਂ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ ਨਹੀਂ ਮਿਲਿਆ। ਇਸ ਹਾਲਤ ਵਿੱਚ ਬਾਦਲ ਨੇ ਸਾਰੇ ਅਕਾਲੀ ਵਰਕਰਾਂ ਨੂੰ ਆਪਣੀ ਮੁੱਠੀ ਵਿੱਚ ਕਰ ਲਿਆ।
ਮੈਂ ਕਈ ਵਾਰ ਸੋਚਦਾ ਸੀ ਕਿ ਰਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਚਾਵਲਾ, ਵਿਰਸਾ ਸਿੰਘ ਵਲਟੋਹਾ ਜਾਂ ਹੁਣ ਕਰਨੈਲ ਸਿੰਘ ਪੰਜੌਲੀ ਬਾਦਲ ਨਾਲ ਕਿਵੇਂ ਜਾ ਰਲੇ? ਫੇਰ ਜਦ ਮੈਂ ਡੂੰਘੀ ਘੋਖ ਕੀਤੀ ਤਾਂ ਮੈਨੂੰ ਬਾਦਲ ਤੋਂ ਇਲਾਵਾ ਦੂਜੇ ਅਕਾਲੀ ਆਗੂਆਂ ਦਾ ਕਿਰਦਾਰ/ਕਾਰਗੁਜ਼ਾਰੀ ਤੇ ਉਨ੍ਹਾਂ ਦੀਆਂ ਸ਼ਖ਼ਸੀਅਤਾਂ ਹੀ ਇਸ ਦਾ ਕਾਰਨ ਜਾਪੀਆਂ ਜਿਹੜੀਆਂ ਸੰਜੀਦਾ ਵਰਕਰਾਂ ਨੂੰ ਅਹਿਸਾਸ ਕਰਵਾਉਂਦੀਆਂ ਹਨ ਕਿ ਬਾਦਲ ਵਿਰੋਧੀ ਹਉਮੈ, ਸਾਜ਼ਿਸ਼ਾਂ ਤੇ ਨਾ-ਅਹਿਲੀਅਤ ਵਗੈਰਾ ਦੇ ਮਰੀਜ਼ ਹਨ ਤੇ ਜੋ ਇਨ੍ਹਾਂ ਤੋਂ ਬਚੇ ਹੋਏ ਹਨ ਉਹ ਸਿਰਫ਼ ਡੰਗ-ਟਪਾਊ ਸਿਆਸਤ ਹੀ ਕਰ ਰਹੇ ਹਨ। ਅਜਿਹੀ ਸੂਰਤ ਵਿਚ ਜੇ ਇਕ ਖਾੜਕੂ ਵਰਕਰ ਬਾਦਲ ਨਾਲ ਰਲਦਾ ਹੈ ਤਾਂ ਇਹ ਕੋਈ ‘ਜੱਗੋਂ ਤੇਹਰਵੀਂ’ ਗੱਲ ਨਹੀਂ। (ਹੁਣ ਵੀ ਹਰ ਚਾਰ-ਛੇ ਮਹੀਨੇ ਮਗਰੋਂ ਕੋਈ ਖਾੜਕੂ ਬਾਦਲ ਦੀ ਗੋਦੀ ਵਿਚ ਜਾ ਬੈਠਦਾ ਹੈ)।
ਖ਼ੈਰ ਮੈਂ ਤਾਂ ਗੱਲ ਇਹ ਕਰ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸਿੱਖ ਏਜੰਡਾ ਸਿਰਫ਼ ਛੱਡਿਆ ਹੀ ਨਹੀਂ ਬਲਕਿ ਆਰ.ਐਸ.ਐਸ. ਦੇ ਹੁਕਮ ਹੇਠ ਐਂਟੀ-ਸਿੱਖ ਅਜੰਡਾ ਅਪਣਾ ਲਿਆ ਹੈ। 1997 ਵਿਚ ਸਰਕਾਰ ਬਣਨ ਤੋਂ ਅਜ ਤਕ ਬਾਦਲ ਅਕਾਲੀ ਦਲ ਨੇ ਸਿੱਖ ਕੌਮ ਦੇ ਮਸਲਿਆਂ ‘ਤੇ ਜੋ ਵੀ ਸਟੈਂਡ ਲਏ ਹਨ, ਉਹ ਸਾਰੇ ਹੀ ਸਿੱਖਾਂ ਅਤੇ ਪੰਜਾਬੀਆਂ ਦੇ ਹਿੱਤਾਂ ਦੇ ਉਲਟ ਹਨ। ਮੈਂ ਕੁਝ ਨਾਂ-ਮਾਤਰ ਨੁਕਤੇ ਪੇਸ਼ ਕਰਨਾ ਚਾਹੁੰਦਾ ਹਾਂ:
• ਹਰਿਆਣਾ ਨੂੰ ਲਿੰਕ ਨਹਿਰ ਬਣਾ ਕੇ ਦੇਣਾ ਮਨਜ਼ੂਰ ਕਰਨਾ
• ਦਰਿਆਵਾਂ ਦੇ ਪਾਣੀਆਂ ਨੂੰ ਆਪਸ ਵਿਚ ਜੋੜਨਾ ਮਨਜ਼ੂਰ ਕਰਨਾ
• ਊਧਮ ਸਿੰਘ ਨਗਰ ਨੂੰ ਉਤਰਾਂਚਲ ਵਿਚ ਸ਼ਾਮਿਲ ਕਰਵਾਉਣਾ
• ਭਾਰਤੀ ਵਿਧਾਨ ਦੀ ਧਾਰਾ 25 (ਸਿੱਖ ਹਿੰਦੂ ਹਨ) ਨੂੰ ਬਦਲਣ ਦੀ ਗੱਲ ਭੁੱਲ ਜਾਣਾ
• ਸਿੱਖ ਇਕ ਕੌਮ ਹਨ ਦਾ ਨਿਸ਼ਾਨਾ ਛੱਡ ਦੇਣਾ
• ਸਿੱਖ ਪਰਸਨਲ ਲਾਅ ਨੂੰ ਭੁੱਲ ਜਾਣਾ
• ਅਨੰਦ ਮੈਰਿਜ ਐਕਟ ਦੀ ਅਣ-ਐਲਾਣੀਆ ਮੁਖ਼ਾਲਫ਼ਤ
• ਸਿੱਖਾਂ ਦੀ ਨਸਲਕੁਸ਼ੀ ਦੇ ਮੁਜਰਮ ਪੁਲਸ ਅਫ਼ਸਰਾਂ ਦੀ ਪੁਸ਼ਤ ਪਨਾਹੀ
• 1984 ਤੋਂ 1992 ਵਿਚਕਾਰ ਕੈਦ ਕੀਤੇ ਸਿੱਖਾਂ ਨੂੰ ਜੇਲ੍ਹਾਂ ਵਿਚ ਰੱਖਣਾ
• ਨਿਰੰਕਾਰੀਆਂ ਖ਼ਿਲਾਫ਼ ਹੁਕਮਨਾਮਾ ਜਾਰੀ ਕਰਨ ਦੇ ਬਾਵਜੂਦ ਉਨ੍ਹਾਂ ਨਾਲ ਯਾਰੀਆਂ ਲਾਉਣਾ
• ਆਸ਼ੂਤੋਸ਼ ਨੂਰਮਹਿਲੀਏ ਨੂੰ ਸਰਪਰਸਤੀ ਦੇਣਾ
• ਗੁਰੂ ਨਿੰਦਕ (ਸੁਆਮੀ ਦਯਾ ਨੰਦ ਤੋਂ ਵੀ ਵਧ ਸਿੱਖ ਦੁਸ਼ਮਣ) ਨਾਮਧਾਰੀਆਂ ਨੂੰ ਤਾਕਤ ਦੇਣਾ ਤੇ
ਉਨ੍ਹਾਂ ਨੂੰ ਕਾਇਮ ਕਰਨਾ
• ਸਰਸਾ ਵਾਲੇ ਸੌਦਾ ਸਾਧ ਦੀ ਮੁਖ਼ਾਲਫ਼ਤ ਕਰਨਾ ਤੇ ਹੁਣ ਉਸ ਤੋਂ ਵੋਟਾਂ ਲੈ ਲੇ ਉਸ ਨੂੰ ‘ਪੂਰੀ’
ਸਰਪਰਸਤੀ ਦੇਣਾ ਆਦਿਕ।
ਇਹ ਮਿਸਾਲਾਂ ਤਾਂ ਸਿਰਫ਼ 1× ਹਨ; ਇਹ ਤਫ਼ਸੀਲ ਤਾਂ ਸੈਂਕੜੇ ਸਫ਼ਿਆਂ ਵਿਚ ਵੀ ਨਹੀ ਦਿੱਤੀ ਜਾ ਸਕਦੀ। ਪਰ ਮੈਂ ਹੁਣ ਮੌਜੂਦਾ ਨੁਕਤੇ ਵਲ ਆਉਣਾ ਚਾਹਵਾਂਗਾ। ਮਸਤੂਆਣਾ ਵਿਚ ਨਕਲੀ ਦਰਬਾਰ ਸਾਹਿਬ ਦੀ ਈਮਾਰਤ ਉਸਾਰਨੀ ਸ਼ੁਰੂ ਹੋਈ। ਇਸ ਸਬੰਧੀ 15 ਸਾਲ ਪਹਿਲਾਂ ਅਖੌਤੀ ਹੁਕਮਨਾਮਾ ਵੀ ਜਾਰੀ ਹੋਇਆ। ਦਰਅਸਲ ਉੱਥੋਂ ਦੋ ਵਾਰ ਅਜਿਹਾ ਹੋਇਆ ਹੈ ਪਰ ਉਹ ਇਸ ਨੂੰ ਟਿੱਚ ਸਮਝਦੇ ਰਹੇ। ਬਾਦਲ ਅਕਾਲੀ ਦਲ ਤਾਂ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਤੇ ਹੋਰ ਗ੍ਰੰਥੀਆਂ ਤੇ ਪੁਜਾਰੀਆਂ ਨੂੰ ਵਰਤ ਕੇ ਬਥੇਰਾ ਕੁਝ ਕਰਾਵਾਉਂਦਾ ਰਿਹਾ ਹੈ ਤੇ ਕਰਵਾ ਰਿਹਾ ਹੈ ਪਰ ਉਸ ਨੇ ਇਸ ਵਾਰ ਇਹ ਨਹੀਂ ਕੀਤਾ ਕਿ ਅਕਾਲ ਤਖ਼ਤ ਤੋਂ ਇਸ ਢਾਂਚੇ ਨੂੰ ਢਾਹੁਣ ਦਾ ‘ਹੁਕਮ’ ਹੀ ਜਾਰੀ ਕਰਵਾ ਦੇਂਦਾ। ਸਗੋਂ ਉਸ ਨੇ ‘ਕੁਝ’ ਜਥੇਬੰਦੀਆਂ ਦੀ ਮੀਟਿੰਗ ਬੁਲਾ ਲਈ। ਇਹ ਮੀਟਿੰਗ ਅਕਾਲ ਤਖ਼ਤ ‘ਤੇ ਨਹੀਂ ਸੀ ਬੁਲਾਈ ਗਈ ਬਲਕਿ ਸ਼੍ਰੋਮਣੀ ਕਮੇਟੀ ਦੇ ਵੱਡੇ ਮੀਟਿੰਗ ਹਾਲ ਵਿਚ ਬੁਲਾਈ ਗਈ ਸੀ (ਇਹ ਏਡਾ ਵੱਡਾ ਇਕੱਠ ਨਹੀਂ ਸੀ ਕਿ ਅਕਾਲ ਤਖ਼ਤ ‘ਤੇ ਜਗਹ ਨਹੀਂ ਸੀ)। ਇਹ ਵਿਚ ਕੁਲ 133 ਬੰਦੇ ਹਾਜ਼ਰ ਸਨ। ਇਨ੍ਹਾਂ ਵਿਚੋਂ 30 ਦੇ ਕਰੀਬ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ (ਸਕੱਤਰ ਤੇ ਹੋਰ) ਸਨ। ਬਾਕੀ 100 ਵਿਚੋਂ 15 ਮੈਂਬਰ ਸ਼੍ਰੋਮਣੀ ਕਮੇਟੀ ਦੇ ਬਾਦਲ ਧੜੇ ਦੇ ਸਨ। ਬਾਕੀ 85 ਵਿਚ 20 ਸਾਧ (ਅਖੌਤੀ ਸੰਤ) ਸਨ ਜੋ ਆਪਣੇ ਨਾਲ 30-40 ਚੇਲੇ/ਸੇਵਕ ਲੈ ਕੇ ਆੲ ਸਨ (ਯਾਨਿ ‘ਸੰਤ ਸਮਾਜ’ ਜਮਾਤ ਦੇ ਇਕ ਦੀ ਥਾਂ ‘ਤੇ 50 ਤੋਂ 60 ਤਕ ‘ਨੁੰਮਾਇੰਦੇ’ ਹਾਜ਼ਰ ਸਨ)। ਬਾਕੀ ਦੇ 20 ਬੰਦੇ ਵਖ-ਵਖ ਜਥੇਬੰਦੀਆਂ ਦੇ ਆਗੂ ਸਨ। ਇਨ੍ਹਾਂ ਵਿਚ ਚੀਫ਼ ਖਾਲਸਾ ਦੀਵਾਨ (ਭਾਗ ਸਿੰਘ ਅਣਖੀ), ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਤਰਸੇਮ ਸਿੰਘ), ਤਰੁਣਾ ਦਲ (ਨਿਹਾਲ ਸਿੰਘ ਹਰੀਆਂ ਵੇਲਾਂ), ਦਲ ਖਾਲਸਾ (ਕੰਵਰਪਾਲ ਸਿੰਘ), ਖਾਲਸਾ ਪੰਚਾਇਤ (ਰਜਿੰਦਰ ਸਿੰਘ), ਗੁਰਮਤਿ ਟਕਸਾਲ ਤੇ ਵਰਲਡ ਸਿੱਖ ਰਾਈਟਰਜ਼ ਕਾਨਫ਼ਰੰਸ (ਹਰਜਿੰਦਰ ਸਿੰਘ ਦਿਲਗੀਰ), ਅਖੰਡ ਕੀਰਤਨੀ ਜਥਾ (ਆਰ.ਪੀ. ਸਿੰਘ), ਸਿੱਖ ਸਟੂਡੈਂਟ ਫ਼ੈਡਰੇਸ਼ਨ (ਕਰਨੈਲ ਸਿੰਘ ਪੀਰ ਮੁਹੰਮਦ) ਵਗੈਰਾ ਦੇ ਨੁਮਾਇੰਦੇ ਸਾਮਿਲ ਸਨ।
ਇਸ ਇਕੱਠ ਦੀਆਂ ਤਿੰਨ ਗੱਲਾਂ ਅਹਿਮ ਸਨ: 1. ਇਸ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਹੀਂ ਸੀ ਸੱਦਿਆ ਗਿਆ। ਤਰਸੇਮ ਸਿੰਘ ਆਪ ਆਇਆ ਸੀ। ਵਰਲਡ ਸਿੱਖ ਰਾਈਟਰਜ਼ ਕਾਨਫ਼ਰੰਸ ਅਤੇ ‘ਗੁਰਮਤਿ ਟਕਸਾਲ’ ਨੂੰ ਨਹੀਂ ਸੀ ਸੱਦਿਆ ਗਿਆ ਹਰਜਿੰਦਰ ਸਿੰਘ ਦਿਲਗੀਰ ਆਪੇ ਆਇਆ ਸੀ। ਅੰਮ੍ਰਿਤਸਰ ਅਕਾਲੀ ਦਲ, ਪੰਜ ਪ੍ਰਧਾਨੀ ਅਕਾਲੀ ਦਲ, ਰਵੀਇੰਦਰ ਸਿੰਘ ਅਕਾਲੀ ਦਲ, ਆਲ ਇੰਡੀਆ ਅਕਾਲੀ ਦਲ (ਜਸਵੰਤ ਸਿੰਘ ਮਾਨ), ਦਿੱਲੀ ਦੀ ਸ਼੍ਰੋਮਣੀ ਸਿੱਖ ਕੌਂਸਲ, ਸਿੱਖ ਪਾਰਲੀਮੈਂਟ, ਸਿੱਖ ਮਿਸ਼ਨ ਇੰਟਰਨੈਸ਼ਨਲ, ਹਰਿਆਣਾ ਦੀ ਵੱਖਰੀ ਸ਼੍ਰੋਮਣੀ ਕਮੇਟੀ ਦਾ ਹਿਮਾਇਤੀ ਧੜਾ, ਸਿੰਘ ਸਭਾ, ਯੂ.ਪੀ. ਸਿੱਖ ਬੋਰਡ, ਸਿੱਖ ਮਿਸ਼ਨਰੀ ਕਾਲਜ, ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਮਿਸ਼ਨਰੀ ਕਾਲਜ ਫ਼ਰੀਦਾਬਾਦ ਤੇ ਦਸ ਹੋਰ ਮਿਸ਼ਨਰੀ ਕਾਲਜ, ਗੁਰਮਤਿ ਸਭਾ ਦਿੱਲੀ, ਸਿਖ ਫ਼ੋਰਮ ਕਲਕੱਤਾ-ਬੰਗਾਲ, ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਨਹੀਂ ਸਨ ਸੱਦੇ ਗਏ (ਇਨ੍ਹਾਂ ਸਾਰਿਆਂ ਦੇ ਮੈਂਬਰਾਂ/ਹਿਮਾਇਤੀਆਂ ਦੀ ਗਿਣਤੀ ‘ਸੰਤ ਸਮਾਜ’ ਦੇ ਮੈਂਬਰਾਂ ਤੋਂ ਕਿਤੇ ਵਧੇਰੇ ਹੈ)। ਕਿਸੇ ਸਿੱਖ ਵਿਦਵਾਨ ਨੂੰ ਨਹੀਂ ਸੀ ਸੱਦਿਆ ਗਿਆ (ਸੂਬਾ ਸਿੰਘ ਤੇ ਜਸਬੀਰ ਸਿੰਘ ਸਾਬਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ); ਉਂਞ ਸ਼੍ਰੋਮਣੀ ਕਮੇਟੀ ਨੂੰ ਸਿੱਖ ਵਿਦਵਾਨਾਂ ਦੀ ਲੋੜ ਵੀ ਨਹੀਂ। ਇਹ ਸਰਬਤ ਖਾਲਸਾ ਇਕੱਠ ਤਾਂ ਸੀ ਹੀ ਨਹੀਂ; ਇਹ ਤਾਂ ਸਾਰੀਆਂ ਸਿੱਖ ਜਥੇਬੰਦੀਆਂ ਦਾ ਇਕੱਠ ਵੀ ਨਹੀਂ ਸੀ। ਬਸ ਦਸ ਕੂ ਜਥੇਬੰਦੀਆਂ ਸੱਦੀਆਂ ਹੋਈਆਂ ਸਨ (ਉਹ ਵੀ ਸ਼੍ਰੋਮਣੀ ਕਮਟੀ ਦੀ ਮਰਜ਼ੀ ਦੀਆਂ)।
2. ਇਸ ਮੀਟਿੰਗ ਵਿਚ ਬੋਲਣ ਵਾਲੀਆਂ ਸਾਰੀਆਂ ਜਥੇਬੰਦੀਆਂ (ਚੀਫ਼ ਖਾਲਸਾ ਦੀਵਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤਰੁਣਾ ਦਲ, ਦਲ ਖਾਲਸਾ, ਖਾਲਸਾ ਪੰਚਾਇਤ, ਗੁਰਮਤਿ ਟਕਸਾਲ, ਅਖੰਡ ਕੀਰਤਨੀ ਜਥਾ, ਸਿੱਖ ਸਟੂਡੈਂਟ ਫ਼ੈਡਰੇਸ਼ਨ) ਵਗੈਰਾ ਨੇ ਇਕ ਰਾਏ ਨਾਲ ਡੱਟ ਕੇ ਕਿਹਾ ਕਿ ਮਸਤੂਣਾਦਾ ਦਾ ਨਕਲੀ ਦਰਬਾਰ ਸਾਹਿਬ ਬਿਲਕੁਲ ਢਾਹ ਦਿੱਤਾ ਜਾਵੇ। ਹੋਰ ਤਾਂ ਹੋਰ ਚੀਫ਼ ਖਾਲਸਾ ਦੀਵਾਨ, ਜਿਸ ਨੂੰ ਸਭ ਤੋਂ ਕਮਜ਼ੋਰ ਸਿੱਖ ਜਥੇਬੰਦੀ ਗਰਦਾਨਿਆ ਜਾਂਦਾ ਹੈ, ਉਸ ਦੇ ਨੁੰਮਾਇੰਦੇ ਸ: ਭਾਗ ਸਿੰਘ ਨੇ ਖੜਕ ਕੇ ਇਸ ਢਾਂਚੇ ਨੂੰ ਢਾਹੁਣ ਦੀ ਵੰਗਾਰ ਪਾਈ। ਇਸ ਤੋਂ ਵੀ ਵਧ ਅਹਿਮ ਗੱਲ ਇਹ ਹੈ ਕਿ ਜਦ ਇਨ੍ਹਾਂ ਨੇ ਵਿਵਾਦਿਤ ਢਾਂਚਾ ਢਾਹੁਣ ਦੀ ਗੱਲ ਕਹੀ ਤਾਂ ਸਾਰੇ ਪਾਸਓਂ ਜੈਕਾਰੇ ਛੱਡੇ ਗਏ। ਦੂਜੇ ਪਾਸੇ, ‘ਸੰਤ ਸਮਾਜ’, ਜਿਸ ਦੇ ਦਸ ਬੰਦਿਆਂ ਨੂੰ ਸਟੇਜ ‘ਤੇ ਬੁਲਾਇਆ ਗਿਆ, ਉਨ੍ਹਾਂ ਸਾਰਿਆਂ ਨੇ ਸਿਰਫ਼ ਇਹੀ ਕਿਹਾ ਕਿ ਪੰਥ ਜੋ ਵੀ ਫ਼ੈਸਲਾ ਕਰੇਗਾ, ਉਹ ਉਸ ਦੇ ਨਾਲ ਹਨ (ਯਾਨਿ ਉਨ੍ਹਾਂ ਨੇ ਕੋਈ ਰਾਏ ਨਹੀਂ ਦਿੱਤੀ)। ਦੂਜੇ ਲਫ਼ਜ਼ਾਂ ਵਿਚ ਮੀਟਿੰਗ ਵਿਚ 90% ਬੁਲਾਰਿਆਂ ਨੇ ਇਸ ਢਾਂਚੇ ਨੂੰ ਪੂਰੀ ਤਰ੍ਹਾਂ ਢਾਹੁਣ ਦੀ ਗੱਲ ਕਹੀ ਸੀ।
3. ਇਸ ਮੀਟਿੰਗ ਤੋਂ ਪਹਿਲਾਂ ਦੋ ਮੀਟਿੰਗਾਂ ਹੋਈਆਂ। ਇਕ ਵਿਚ ਗਿਆਨੀ ਗੁਰਬਚਨ ਸਿੰਘ, ਗਿਆਨੀ ਤਰਲੋਚਨ ਸਿੰਘ, ਇਕਲਾਬ ਸਿੰਘ ਪਟਨਾ, ਜਸਵਿੰਦਰ ਸਿੰਘ, ਜਗਤਾਰ ਸਿੰਘ ਸ਼ਾਮਿਲ ਸਨ ਤੇ ਦੂਜੀ ਵਿਚ ਅਵਤਾਰ ਸਿੰਘ ਮੱਕੜ, ਸੁਖਦੇਵ ਸਿੰਘ ਢੀਂਡਸਾ, ਸੁਖਦੇਵ ਸਿੰਘ ਭੋਰ, ਰਜਿੰਦਰ ਸਿੰਘ ਮਹਿਤਾ, ਟੇਕ ਸਿੰਘ ਧਨੌਲਾ ਬੈਠੇ ਸਨ। ਇਨ੍ਹਾਂ ਦੋਹਾਂ ਮੀਟਿੰਗਾਂ ਵਿਚ ਇਨ੍ਹਾਂ ਨੇ ਆਪਣੇ ਆਕਾ ਪਰਕਾਸ਼ ਸਿੰਘ ਬਾਦਲ ਵੱਲੋਂ ਭੇਜੇ ‘ਹੁਕਮ’ ਮੁਤਾਬਿਕ ਕਾਰਵਾਈ ਕਰਨ ਦਾ ‘ਪ੍ਰਣ’ ਕੀਤਾ ਤੇ ਇਸੇ ਮੁਤਾਬਿਕ ਹੀ ‘ਮੀਟਿੰਗ ਦੇ ਫ਼ੈਸਲੇ’ ਐਲਾਣੇ ਗਏ।
ਭਾਵੇਂ ਚਾਲਾਕੀ ਨਾਲ ਕਾਰਵਾਈ ਪਾਉਣ ਵਾਸਤੇ 20 ਜੂਨ ਦੀ ਮੀਟਿੰਗ ਸੱਦੀ ਗਈ ਸੀ, ਪਰ ਉਸ ਮੀਟਿੰਗ ਨੇ ਮਸਤੂਆਣਾ ਦੇ ਢਾਂਚੇ ਨੂੰ ਢਾਹੁਣ ਦਾ ਫ਼ਤਵਾ ਦਿੱਤਾ। ਫਿਰ ਵੀ ਅਕਾਲੀ ਦਲ ਅਤੇ ਤਖ਼ਤਾਂ ਦੇ ਮੁਖ ਸੇਵਾਦਾਰਾਂ ਨੇ ਕੌਮ ਦੇ ਫ਼ਤਵੇ ਦੀ ਥਾਂ ਬਾਦਲ ਦੇ ਫ਼ਤਵੇ ਨੂੰ ਲਾਗੂ ਕਰਨ ਦਾ ਐਲਾਣ ਕੀਤਾ। ਇਹ ਹੈ ਇਸ ਸਾਰੀ ਸਾਜ਼ਿਸ, ਹੇਰਾ-ਫੇਰੀ ਤੇ ਡ੍ਰਾਮੇ ਦੀ ਅਸਲੀਅਤ। ਪੰਥ ਨੂੰ ਖ਼ਬਰਦਾਰ ਹੋਣ ਦੀ ਲੋੜ ਹੈ। ਸਿੱਖਾਂ ਨੂੰ ਪੰਥਕ, ਗੱਦਾਰ, ਸਾਜ਼ਸ਼ੀ, ਬੇਈਮਾਨ, ਬਹਿਰੂਪੀਆਂ, ਫਸਲੀ ਬਟੇਰਾਂ ਦੀ ਸ਼ਿਨਾਖ਼ਤ ਕਰਨ ਦੀ ਲੋੜ ਹੈ। ਨਾ ਸੰਭਲੋਗੇ ਤੋ ਮਿਟ ਜਾਓਗੇ…।
ਇਸ ਤੋਂ ਸਾਬਿਤ ਹੁੰਦਾ ਹੈ ਕਿ ਬਾਦਲ ਅਕਾਲੀ ਦਲ ਪੰਥ ਦੀ ਅਗਵਾਈ ਕਰਨ ਦਾ ਹੱਕ ਗੁਆ ਬੈਠਾ ਹੈ; ਤਖ਼ਤਾਂ ਦੇ (ਮੁਲਾਜ਼ਮ) ਗ੍ਰੰਥੀ ਤੇ ਮੁਖ ਸੇਵਾਦਾਰ ਬਾਦਲ ਦੇ ਹੁਕਮਾਂ ਦੇ ਗੁਲਾਮ ਹਨ। ਪਰ ਨਾਲ ਹੀ ਇਹ ਵੀ ਹੈ ਕਿ ਪੰਥ ਇਸ ਵਕਤ ਸਹੀ ਸਿੱਖ ਲੀਡਰਸ਼ਿਪ ਤੋਂ ਸੱਖਣਾ ਹੈ। ਭਾਵੇਂ ਇਸ ਮੀਟਿੰਗ ਵਿਚ ਜਥੇਬੰਦੀਆਂ ਚੀਫ਼ ਖਾਲਸਾ ਦੀਵਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤਰੁਣਾ ਦਲ, ਦਲ ਖਾਲਸਾ, ਖਾਲਸਾ ਪੰਚਾਇਤ, ਗੁਰਮਤਿ ਟਕਸਾਲ, ਅਖੰਡ ਕੀਰਤਨੀ ਜਥਾ, ਸਿੱਖ ਸਟੂਡੈਂਟ ਫ਼ੈਡਰੇਸ਼ਨ ਨੇ ਪੰਥ ਦੀ ਗੱਲ ਕੀਤੀ ਹੈ ਪਰ ਇਨ੍ਹਾਂ ਨੂੰ ਅਜੇ ਇਕ ਸਾਂਝਾ ਪੰਥਕ ਪਲੇਟਫ਼ਾਰਮ ਬਣਾਉਣ ਦੀ ਲੋੜ ਹੈ।
(ਨੋਟ : ਡਾ: ਹਰਜਿੰਦਰ ਸਿੰਘ ਦਿਲਗੀਰ ਨੈਸ਼ਨਲ ਪ੍ਰੋਫ਼ੈਸਰ ਆਫ਼ ਸਿੱਖ ਹਿਸਟਰੀ ਅਤੇ ਸ਼੍ਰੋਮਣੀ ਕਮੇਟੀ ਦੇ ਸਿੱਖ ਇਤਿਹਾਸ ਰੀਸਰਚ ਬੋਰਡ ਦੇ ਸਾਬਕਾ ਡਾਇਰੈਕਟਰ ਰਹੇ ਹਨ।)