

ਡੇਰਾ ਬੱਲਾਂ ਘਟਨਾਕ੍ਰਮ ਤੋਂ ਮਿਲਦੇ ਸਬਕ
- ਸਰਬਜੀਤ ਸਿੰਘ -
ਜਲੰਧਰ ਦੇ ਇਕ ਡੇਰੇਦਾਰ ਦਾ ਆਸਟ੍ਰੀਆ ਵਿੱਚ ਕਤਲ ਹੋਣ ਉਪਰੰਤ ਪੰਜਾਬ ਦੇ ਦਲਿਤ ਸਮਾਜ ਦੇ ਇਕ ਹਿੱਸੇ ਵੱਲੋਂ ਮਚਾਇਆ ਗਿਆ ਹੁੜਦੰਗ ਹੁਣ ਸ਼ਾਂਤ ਹੋ ਗਿਆ ਹੈ। ਪਰ ਇਸ ਘਟਨਾ ਦੇ ਬਾਅਦ ਪੰਜਾਬ ਦੇ ਸਿੱਖਾਂ ਅਤੇ ਭਗਤ ਰਵਿਦਾਸ ਨੂੰ ਆਪਣਾ ਇਕਮਾਤਰ ‘ਗੁਰੂ’ ਮੰਨਣ ਵਾਲੇ ਵਰਗ ਵਿਚਕਾਰ ਵਧੀ ਨਫ਼ਰਤ ਦੀ ਖਾਈ ਕਾਰਨ ਮਾਹੌਲ ਹਾਲਾਂ ਵੀ ਤਨਾਅਪੂਰਨ ਹੀ ਹੈ। ਇਹ ਤਨਾਅ ਕਦੋਂ ਵਿਸਫੋਟ ਦੇ ਰੂਪ ਵਿੱਚ ਫੁੱਟ ਕੇ ਮੁੜ ਤੋਂ ਹਿੰਸਾ ਨੂੰ ਜਨਮ ਦਿੰਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਵੀਆਨਾ ਕਾਂਡ ਉਪਰੰਤ ਪੰਜਾਬ ਵਿੱਚ ਹੋਈ ਹਿੰਸਾ ਅਤੇ ਸਿਆਸਤਦਾਨਾਂ ਵੱਲੋਂ ਇਸ ਘਟਨਾ ਨਾਲ ਚੁੱਕੇ ਗਏ ਸਿਆਸੀ ਲਾਭ ਦੇ ਘਟਨਾਕ੍ਰਮ ਤੋਂ ਸਿੱਖਾਂ ਨੂੰ ਕਈ ਸਬਕ ਸਿੱਖਣ ਨੂੰ ਮਿਲ ਸਕਦੇ ਹਨ।
ਮਿਸਾਲ ਵਜੋਂ, ਹਰ ਨਵੇਂ ਘਟਨਾਕ੍ਰਮ ਨਾਲ ਇਹ ਗੱਲ ਸਪਸ਼ਟ ਹੁੰਦੀ ਜਾ ਰਹੀ ਜਾ ਰਹੀ ਹੈ ਕਿ ਕਿਸੇ ਵੀ ਡੇਰੇ ਵਿੱਚ (ਭਾਵੇਂ ਉਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੋਵੇ ਜਾਂ ਨਾ) ਗੁਰਮਤਿ ਸਿਧਾਂਤਾਂ ਦਾ ਪ੍ਰਚਾਰ ਨਹੀਂ ਹੁੰਦਾ ਬਲਕਿ ਗੁਰਮਤਿ ਵਿੱਚ ਸ਼ਰਧਾ ਰੱਖਣ ਵਾਲੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਬੰਦੋਬਸਤ ਕੀਤਾ ਜਾਂਦਾ ਹੈ। ਕਿਉਂਕਿ ਗੁਰਮਤਿ ਵਿੱਚ ਸਭ ਤੋਂ ਜ਼ਿਆਦਾ ਸ਼ਰਧਾ ਸਿੱਖਾਂ ਦੀ ਹੁੰਦੀ ਹੈ, ਇਸਲਈ ਅਜਿਹੇ ਡੇਰਿਆਂ ਵਿੱਚ ਸਰਗਰਮ ਜ਼ਿਆਦਾਤਰ ਡੇਰੇਦਾਰ ਆਪਣਾ ਸਰੂਪ ਸਿੱਖਾਂ ਵਰਗਾ (ਕੇਸਾਧਾਰੀ) ਬਣਾ ਕੇ ਰੱਖਦੇ ਹਨ, ਤਾਂ ਜੋ ਉਹ ਅਗਿਆਨਤਾ ਦੇ ਸ਼ਿਕਾਰ ਪਰ ਮਨੋਂ ਸ਼ਰਧਾਲੂ ਸਿੱਖਾਂ ਦੇ ਮਨਾਂ ਵਿੱਚ ਅਸਾਨੀ ਨਾਲ ਆਪਣੇ ਪ੍ਰਤੀ ਖਿੱਚ ਪੈਦਾ ਕਰ ਸਕਣ। ਜਲੰਧਰ ਦੇ ਪਿੰਡ ਬੱਲਾਂ ਦੇ ਡੇਰੇਦਾਰਾਂ ਦੇ ਨਾਮ ਵੀ ਬ੍ਰਾਹਮਣਵਾਦੀਆਂ ਵਰਗੇ ਹਨ, ਉਨ੍ਹਾਂ ਦੇ ਕਪੜਿਆਂ ਦਾ ਰੰਗ-ਰੂਪ ਵੀ ਬ੍ਰਾਹਮਣਵਾਦੀ ਵਿਚਾਰਧਾਰਾ ਦਾ ਪ੍ਰਤੀਕ ਹੁੰਦਾ ਹੈ, ਉਨ੍ਹਾਂ ਦਾ ਪ੍ਰਚਾਰ ਵੀ ਬ੍ਰਾਹਮਣਵਾਦੀ ਨੀਤੀਆਂ ਨੂੰ ਹੀ ਫੈਲਾਉਂਦਾ ਹੈ ਪਰ ਇਸ ਸਭ ਦੇ ਬਾਵਜੂਦ ਇਨ੍ਹਾਂ ਡੇਰੇਦਾਰਾਂ ਨੇ ਆਪਣਾ ਸਰੂਪ ਕੇਸਾਧਾਰੀ ਬਣਾਇਆ ਹੋਇਆ ਹੈ (ਵੀਆਨਾ ਵਿੱਚ ਮਾਰਿਆ ਗਿਆ ਸਾਧ ਰਾਮਾਨੰਦ ਵੀ ਕੇਸਾਧਾਰੀ ਸਰੂਪ ਵਾਲਾ ਸੀ)।
ਇਸਲਈ ਸਿੱਖਾਂ ਨੂੰ ਆਪਣੇ ਅੰਦਰ ਇਹ ਆਦਤ ਵਿਕਸਿਤ ਕਰਨੀ ਚਾਹੀਦੀ ਹੈ ਕਿ ਉਹ ਹਰ ਕੇਸਾਧਾਰੀ ਵਿਅਕਤੀ ਨੂੰ ‘ਸਿੱਖ’ ਨਾ ਸਮਝਣ ਬਲਕਿ ਸਿਰਫ਼ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਮੰਨਣ ਤੇ ਅਪਣਾਉਣ ਵਾਲੇ ਵਿਅਕਤੀ ਨੂੰ ਹੀ ਸਿੱਖ ਸਮਝਣ। ਸਿੱਖੀ ਸਰੂਪ ਵਾਲੇ ਬਹਿਰੂਪੀਆਂ ਦੀਆਂ ਹਰਕਤਾਂ ’ਤੇ ਪੂਰੀ ਨਿਗਾਹ ਰੱਖੀ ਜਾਣੀ ਚਾਹੀਦੀ ਹੈ ਅਤੇ ਸੰਗਤਾਂ ਨੂੰ ਉਨ੍ਹਾਂ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਲਗਾਤਾਰ ਸੁਚੇਤ ਕੀਤਾ ਜਾਣਾ ਚਾਹੀਦਾ ਹੈ।
ਕਿਸੇ ਵੀ ਧਰਮ ਦੀ ਵਿਚਾਰਧਾਰਾ ਦੀ ਪਛਾਣ ਉਸ ਦੇ ਧਰਮ ਗ੍ਰੰਥ ਤੋਂ ਹੁੰਦੀ ਹੈ। ਇਸਲਈ ਸਿੱਖ ਸਮਾਜ ਨੂੰ ਗੁਰਮਤਿ ਨਾਲੋਂ ਤੋੜਨ ਲਈ ਸਰਗਰਮ ਡੇਰੇਦਾਰ ਹੌਲੀ-ਹੌਲੀ ਆਪਣੇ ਅਲਗ ‘ਗ੍ਰੰਥ’ ਤਿਆਰ ਕਰਵਾ ਰਹੇ ਹਨ। ਇਸ ਰੁਝਾਨ ਦੀ ਸ਼ੁਰੂਆਤ ਤਾਂ ਕਈ ਸ਼ਤਾਬਦੀਆਂ ਪਹਿਲਾਂ ਹੀ ਸੂਰਜ ਪ੍ਰਕਾਸ਼, ਗੁਰਬਿਲਾਸ ਪਾ: 6ਵੀਂ, ਦਸਮ ਗ੍ਰੰਥ ਆਦਿਕ ਅਖੌਤੀ ਗ੍ਰੰਥ ਤਿਆਰ ਕਰਵਾ ਕੇ ਹੀ ਹੋ ਗਈ ਸੀ। ਪਰ ਮੌਜੂਦਾ ਸਮੇਂ ਵਿੱਚ ਗੁਰਮਤਿ ਵਿਚਾਰਧਾਰਾ ਤੋਂ ਸ਼ਰਧਾਲੂਆਂ ਨੂੰ ਤੋੜਨ ਲਈ ਵੱਖ-ਵੱਖ ਭਗਤਾਂ ਦੇ ਨਾਵਾਂ ’ਤੇ ਅਲੱਗ-ਅਲੱਗ ਗ੍ਰੰਥ ਤਿਆਰ ਕਰਨ ਦੇ ਰੁਝਾਨ ਨੂੰ ਹਵਾ ਦਿੱਤੀ ਜਾ ਰਹੀ ਹੈ। ਇਸੇ ਕੜੀ ਵਿੱਚ ਭਗਤ ਕਬੀਰ ਜੀ ਦੇ ਨਾਮ ’ਤੇ ਗੁਰੂ ਗ੍ਰੰਥ ਸਾਹਿਬ ਵਰਗਾ ਦਿਸਦਾ ਹੀ ਇਕ ‘ਗ੍ਰੰਥ’ ਤਾਂ ਕਾਫੀ ਸਮੇਂ ਤੋਂ ਪ੍ਰਚਲਿਤ ਹੀ ਹੈ, ਹੁਣ ਭਗਤ ਰਵਿਦਾਸ ਜੀ ਵਿੱਚ ਸ਼ਰਧਾ ਰੱਖਣ ਵਾਲੇ ਵਰਗ ਨੂੰ ਸਿੱਖਾਂ ਨਾਲੋਂ ਅਲੱਗ ਕਰਨ ਲਈ ਉਨ੍ਹਾਂ ਦੀਆਂ ਰਚਨਾਵਾਂ (ਜਿਨ੍ਹਾਂ ਵਿੱਚੋਂ ਜ਼ਿਆਦਾਤਰ ਅਸਲ ਵਿੱਚ ਬ੍ਰਾਹਮਣਵਾਦੀਆਂ ਦੀਆਂ ਰਚੀਆਂ ਹੋਈਆਂ ਹੀ ਹਨ) ਵਾਲਾ ਗ੍ਰੰਥ ਵੀ ਤਿਆਰ ਕੀਤਾ ਜਾ ਰਿਹਾ ਹੈ। ਉਕਤ ਵਰਗ ਨੂੰ ਸੰਚਾਲਿਤ ਕਰ ਰਹੇ ਡੇਰੇਦਾਰਾਂ ਦੀ ਨੀਤੀ ਇਹੀ ਹੈ ਕਿ ਹੌਲੀ-ਹੌਲੀ ਰਵਿਦਾਸੀਆ ਸਮਾਜ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਜਾਏ ਇਸ ਨਵੇਂ ਗ੍ਰੰਥ ਨੂੰ ਆਪਣਾ ‘ਗੁਰੂ’ ਮੰਨਣ ਦੀ ਰਾਹ ’ਤੇ ਪਾ ਦਿੱਤਾ ਜਾਏ। ਸਿੱਖ ਬੁੱਧੀਜੀਵੀਆਂ ਨੂੰ ਚਾਹੀਦਾ ਹੈ ਕਿ ਉਹ ਦੋਹਾਂ ਵਰਗਾਂ ਨੂੰ ਡੇਰੇਦਾਰਾਂ ਦੀ ਇਸ ਕੁਚਾਲ ਪ੍ਰਤੀ ਸੁਚੇਤ ਕਰਨ ਲਈ ਤੁਰੰਤ ਹੰਭਲਾ ਮਾਰਨ, ਤਾਂ ਜੋ ਬ੍ਰਾਹਮਣਵਾਦੀਆਂ ਦੇ ਇਨ੍ਹਾਂ ਏਜੰਟਾਂ ਦੇ ਨਾਪਾਕ ਇਰਾਦਿਆਂ ਨੂੰ ਜਲਦ ਤੋਂ ਜਲਦ ਨੇਸਤਨਾਬੂਦ ਕੀਤਾ ਜਾ ਸਕੇ।
ਡੇਰੇਦਾਰ ਰਾਮਾਨੰਦ ਦੇ ਕਤਲ ਪਿਛੋਂ ਪੰਜਾਬ ਵਿੱਚ ਹੋਈ ਹਿੰਸਾ ਨੇ ਸਾਬਿਤ ਕਰ ਦਿੱਤਾ ਕਿ ਗਲਤ ਅਧਾਰ ’ਤੇ ਕੀਤੀ ਗਈ ਹਿੰਸਾ ਹਮੇਸ਼ਾ ਦਿਸ਼ਾਹੀਨ ਹੁੰਦੀ ਹੈ। ਮਿਸਾਲ ਵਜੋਂ, ਜਦੋਂ ਸਿਰਸਾ ਦੇ ਡੇਰੇਦਾਰ ਗੁਰਮੀਤ ਰਾਮ ਰਹੀਮ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਉਪਰੰਤ ਸਿੱਖਾਂ ਵੱਲੋਂ ਕੀਤੇ ਗਏ ਪ੍ਰਦਰਸ਼ਨਾਂ ਬਾਰੇ ਗੱਲ ਕਰੀਏ। ਚਾਹੀਦਾ ਤਾਂ ਇਹ ਸੀ ਕਿ ਜਿਸ ਡੇਰੇਦਾਰ ਨੇ ਇਹ ਕਰਤੂਤ ਕੀਤੀ, ਜਾਂ ਤਾਂ ਉਸਦੇ ਡੇਰਿਆਂ ਦੇ ਬਾਹਰ ਸ਼ਾਂਤਮਈ ਪ੍ਰਦਰਸ਼ਨ ਕਰਕੇ ਆਪਣਾ ਵਿਰੋਧ ਪ੍ਰਗਟਾਇਆ ਜਾਂਦਾ। ਜੇਕਰ ਡੇਰੇਦਾਰ ਜਾਂ ਉਸਦੇ ਚੇਲਿਆਂ ਵੱਲੋਂ ਆਪਣੀ ਗਲਤੀ ਨਾ ਮੰਨੀ ਜਾਂਦੀ ਤਾਂ ਸਿਰਫ਼ ਡੇਰੇਦਾਰ ਨੂੰ ‘ਸਬਕ’ ਸਿਖਾਉਣ ਦਾ ਉਪਰਾਲਾ ਹੀ ਕੀਤਾ ਜਾਂਦਾ। ਪਰ ਇਸਦੀ ਬਜਾਏ ਸਿੱਖਾਂ ਨੇ ਬਜ਼ਾਰ ‘ਬੰਦ’, ਟ੍ਰੇਨਾਂ ਰੋਕਣ ਜਾਂ ਟ੍ਰੈਫਿਕ ਜਾਮ ਕਰਨ ਜਿਹੀਆਂ ਕਾਰਵਾਈਆਂ ਕਰਨ ਦੀ ਨੀਤੀ ਅਪਣਾਈ, ਜਿਸ ਨਾਲ ਡੇਰੇਦਾਰ ਦੀ ਬਜਾਏ ਆਮ ਲੋਕਾਂ ਨੂੰ ਹੀ ਨੁਕਸਾਨ ਹੋਇਆ।
ਕੁਝ ਇਸੇ ਹੀ ਤਰ੍ਹਾਂ, ਡੇਰੇਦਾਰ ਰਾਮਾਨੰਦ ਦੇ ਚੇਲਿਆਂ ਨੂੰ ਵੀ ਸ਼ਾਂਤਮਈ ਢੰਗ ਨਾਲ ਉਨ੍ਹਾਂ ਆਗੂਆਂ ਅੱਗੇ ਆਪਣਾ ਵਿਰੋਧ ਪ੍ਰਗਟਾਉਣਾ ਚਾਹੀਦਾ ਸੀ (ਹਾਲਾਂਕਿ ਵਿਰੋਧ ਤੋਂ ਪਹਿਲਾਂ ਇਸ ਤੱਥ ’ਤੇ ਨਿਰਪੱਖ ਵਿਚਾਰ-ਵਟਾਂਦਰਾ ਕੀਤਾ ਜਾਣਾ ਚਾਹੀਦਾ ਸੀ ਕਿ ਰਾਮਾਨੰਦ ਦੇ ਕਤਲ ਵਰਗੇ ਹਾਲਾਤ ਕਿਹੜੀਆਂ ਨੀਤੀਆਂ ਕਾਰਨ ਹੋਂਦ ਵਿੱਚ ਆਏ), ਜੋ ‘ਜੱਟਵਾਦ’ ਨੂੰ ਹਵਾ ਦੇ ਕੇ ਲੋਕਾਂ ਨੂੰ ਇਕ-ਦੂਜੇ ਨਾਲ ਨਫ਼ਰਤ ਕਰਨ ਲਈ ਪ੍ਰੇਰਦੇ ਹਨ ਤੇ ਸਿਆਸੀ ਰੋਟੀਆਂ ਸੇਕਦੇ ਹਨ (ਇਸ ਨੀਤੀ ਦਾ ਸਭ ਤੋਂ ਵੱਡਾ ਅਲੰਬਦਾਰ ਪ੍ਰਕਾਸ਼ ਸਿੰਘ ਬਾਦਲ ਹੀ ਹੈ)। ਪਰ ਇਸ ਦੇ ਉਲਟ, ਇਸ ਡੇਰੇ ਦੇ ਸਮਰਥਕਾਂ ਨੇ ਬੱਸਾਂ (ਬਾਦਲ ਦੀ ਔਰਬਿਟ ਕੰਪਨੀ ਦੀਆਂ ਬੱਸਾਂ ਨੂੰ ਛੱਡ ਕੇ) ਦੀ ਭੰਨ-ਤੋੜ, ਟ੍ਰੇਨਾਂ ਨੂੰ ਅੱਗਾਂ ਲਾਉਣ, ਲੋਕਾਂ ਨੂੰ ਧਮਕਾਉਣ ਵਰਗਾ ਦਿਸ਼ਾਹੀਨ ਮੁਹਿੰਮ ਹੀ ਅਰੰਭੀ। ਨਤੀਜਤਨ, ਕਥਿਤ ਨੀਵੀਆਂ ਜਾਤਾਂ ਦੇ ਵਰਗਾਂ ਪ੍ਰਤੀ ਹਮਦਰਦੀ ਦੀ ਭਾਵਨਾ ਰੱਖਣ ਵਾਲੇ ਲੋਕਾਂ ਨੂੰ ਵੀ ਆਪਣੇ ਵਿਚਾਰਾਂ ਦੀ ਮੁੜ ਤੋਂ ਸਮੀਖਿਆ ਕਰਨੀ ਪਈ। ਭਾਵ, ਕਿ ਖ਼ੁਦ ਨੂੰ ‘ਜਾਗ੍ਰਿਤ’ ਸਮਝਣ ਵਾਲਾ ਦਲਿਤ ਸਮਾਜ ਵੀ ਆਮ ਸਿੱਖਾਂ ਵਾਂਗ ਦਿਸ਼ਾਹੀਨ ਮੁਹਿੰਮਾਂ ਵਿੱਚ ਹੀ ਭਟਕ ਕੇ ਰਹਿ ਜਾਂਦਾ ਹੈ।
ਬੱਲਾਂ ਘਟਨਾਕ੍ਰਮ ਨੇ ਬਾਦਲ ਦੀ ਸਿੱਖੀ-ਵਿਰੋਧੀ ਨੀਤੀਆਂ ਨੂੰ ਇਕ ਵਾਰ ਫਿਰ ਤੋਂ ਜਗ-ਜਾਹਿਰ ਕਰ ਦਿੱਤਾ। ਅਸਲ ਵਿੱਚ ਇਹ ਬਾਦਲ ਦੀ ਸੋਚੀ-ਸਮਝੀ ਨੀਤੀ ਹੀ ਸੀ, ਜਿਸਨੇ ਪੰਜਾਬ ਵਿੱਚ ਦੋ-ਤਿੰਨ ਦਿਨਾਂ ਤੱਕ ਹਿੰਸਕ ਮਾਹੌਲ ਬਣਿਆ ਰਹਿਣ ਦਿੱਤਾ। 25 ਮਈ ਦੀ ਸਵੇਰ, ਜਦ ਹਿਸੰਕ ਮਾਹੌਲ ਹਾਲਾਂ ਪੂਰੀ ਤਰ੍ਹਾਂ ਫੈਲਿਆ ਵੀ ਨਹੀਂ ਸੀ, ਉਸ ਸਮੇਂ ਬਾਦਲ ਖ਼ੁਦ ਲੁਧਿਆਣੇ ਵਿੱਚ ਮੌਜੂਦ ਸੀ। ਇਸ ਮੌਕੇ ਜਦ ਪੱਤਰਕਾਰਾਂ ਨੇ ਹਿੰਸਕ ਘਟਨਾਵਾਂ ਬਾਰੇ ਬਾਦਲ ਦਾ ਪ੍ਰਤੀਕਰਮ ਜਾਣਨਾ ਚਾਹਿਆ ਤਾਂ ਉਸਨੇ ਕਿਹਾ ਕਿ ਸ਼ੋਕ ਦੀ ਇਸ ਘੜੀ ਵਿੱਚ ਲੋਕਾਂ ਨੂੰ ਖ਼ੁਦ ਹੀ ਆਪਣੀਆਂ ਦੁਕਾਨਾਂ ਬੰਦ ਕਰ ਲੈਣੀਆਂ ਚਾਹੀਦੀਆਂ ਹਨ। ਬਾਦਲ ਦੇ ਇਸ ਬਿਆਨ ਨਾਲ ਬੁਰਛਾਗਰਦੀ ਕਰ ਰਹੇ ਲੋਕਾਂ ਨੂੰ ਭਾਰੀ ਹੱਲਾਸ਼ੇਰੀ ਮਿਲੀ ਅਤੇ ਉਹ ਹੋਰ ਜੋਰਾਂ-ਸ਼ੋਰਾਂ ਨਾਲ ਸਰਕਾਰੀ ਤੇ ਗੈਰ-ਸਰਕਾਰੀ ਵਾਹਨਾਂ ਨੂੰ ਨੁਕਸਾਨ ਪਹੁੰਚਾਉਣ ਲੱਗੇ। ਹਰ ਹਾਲ ਵਿੱਚ ਨੂਰਮਹਿਲ ਜ਼ਿਮਨੀ ਚੋਣਾਂ ਜਿੱਤਣ ਲਈ ਬਾਦਲ ਨੇ ਵੀ ਜਾਣਬੁੱਝ ਕੇ ਪੁਲਿਸਕਰਮੀਆਂ ਨੂੰ ਪਹਿਲੇ ਦਿਨ ਡੇਰੇ ਦੇ ਚੇਲਿਆਂ ਖਿਲਾਫ਼ ਸਖ਼ਤ ਰਵਈਆ ਅਪਣਾਉਣ ਤੋਂ ਰੋਕੀ ਰੱਖਿਆ (ਜੇਕਰ ਕੇਂਦਰ ਦੀ ਕਾਂਗਰਸ ਸਰਕਾਰ ਇਸ ਮਾਮਲੇ ’ਤੇ ਬਾਦਲ ਸਰਕਾਰ ਦੀ ਆਲੋਚਨਾ ਨਾ ਕਰਦੀ ਤਾਂ ਇਹ ਨੀਤੀ ਕਈ ਦਿਨਾਂ ਤੱਕ ਅਪਣਾਈ ਜਾ ਸਕਦੀ ਸੀ) ਤਾਂ ਜੋ ਦਲਿਤ ਸਮਾਜ ‘ਆਪਣੇ’ ਆਗੂ ਪ੍ਰਤੀ ਹਾਂ-ਪੱਖੀ ਰਵਈਆ ਅਪਣਾ ਕੇ ਚੋਣਾਂ ਵਿੱਚ ਬਾਦਲ ਪਾਰਟੀ ਦੇ ਉਮੀਦਵਾਰ ਨੂੰ ਜੇਤੂ ਬਣਾਉਣ ਵਿੱਚ ਉਸਦੀ ਵੱਧ ਤੋਂ ਵੱਧ ਮਦਦ ਕਰਨ। ਸਾਧ ਪਰਮਾਨੰਦ ਦਾ ਸੋਗ ਮਨਾਉਣ ਵਾਸਤੇ ਡੇਰੇ ’ਤੇ ਗਿਆ ਬਾਦਲ ਫਰਸ਼ ’ਤੇ ਬੈਠਾ ਜਦਕਿ ਇਸ ਤੋਂ ਦੋ ਦਿਨ ਪਹਿਲਾਂ ਹੋਏ ਇਕ ਸਮਾਗਮ ਵਿੱਚ ਬਾਦਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੁਰਸੀ ’ਤੇ ਬੈਠਾ ਰਿਹਾ। ਹੁਣ ਬਾਦਲ ਪ੍ਰਸ਼ਾਸਨ ਵੱਲੋਂ ਇਹ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕਿ ਹਿੰਸਕ ਘਟਨਾਵਾਂ ਨੂੰ ਅੰਜਾਮ ਦਿੰਦੇ ਰੰਗੇ ਹੱਥੀਂ ਫੜੇ ਗਏ ਲੋਕਾਂ ਖਿਲਾਫ਼ ਦਰਜ ਹੋਏ ਮੁਕੱਮਿਆਂ ਨੂੰ ਰੱਦ ਕਰਵਾ ਦਿੱਤਾ ਜਾਏ - ਹਾਲਾਂਕਿ ਹਾਲ ਦੀ ਘੜੀ ਉਸਨੇ ਆਪਣੀ ਇਸ ਯੋਜਨਾ ਨੂੰ ਅਮਲ ਵਿੱਚ ਲਿਆਉਣ ਤੋਂ ਪਾਸਾ ਵੱਟਿਆ ਹੋਇਆ ਹੈ। ਇਸ ਤਰ੍ਹਾਂ ਬਾਦਲ ਨੇ ਸਿੱਖਾਂ ਨੂੰ ਸਾਫ਼ ਦਰਸਾ ਦਿੱਤਾ ਕਿ ਉਸਨੂੰ ਸਿੱਖੀ-ਵਿੱਖੀ ਨਾਲ ਕੋਈ ਲੈਣ-ਦੇਣ ਨਹੀਂ - ਉਸ ਨੂੰ ਤਾਂ ਜਿਹੜੇ ਵਰਗ ਤੋਂ ਜ਼ਿਆਦਾ ਸਿਆਸੀ ਲਾਭ ਮਿਲਣ ਦੀ ਆਸ ਹੋਏਗੀ, ਉਹ ਉਨ੍ਹਾਂ ਨੂੰ ਹੀ ਲਾਭ ਪਹੁੰਚਾਏਗਾ। ਬਾਦਲ ਦੀ ਇਹ ਨੀਤੀ ਸਫਲ ਵੀ ਰਹੀ ਤੇ ਉਸਦੀ ਪਾਰਟੀ ਨੇ ਨੂਰਮਹਿਲ ਦੀ ਜ਼ਿਮਨੀ ਚੋਣ ਜਿੱਤ ਵੀ ਲਈ ਪਰ ਬਾਦਲ ਦੀ ਇਸ ਕੋਝੀ ਸਿਆਸੀ ਚਾਲ ਨਾਲ ਪੰਜਾਬ ਦੇ ਦੋ ਵਰਗਾਂ ਵਿੱਚ ਪਹਿਲਾਂ ਤੋਂ ਹੀ ਕਾਇਮ ਪਾੜਾ ਕਈ ਗੁਣਾ ਹੋਰ ਵੱਧ ਗਿਆ।
ਬ੍ਰਾਹਮਣਵਾਦੀ ਵਿਚਾਰਧਾਰਾ ਦੇ ਪੈਰੋਕਾਰ ਆਪਣੀ ਮਾਨਸਿਕਤਾ ਕਾਰਨ ਕੁਦਰਤੀ ਤੌਰ ’ਤੇ ਮੌਕਾਪ੍ਰਸਤ ਹੁੰਦੇ ਹਨ। ਇਸਲਈ ਉਹ ਜ਼ਾਹਿਰੀ ਤੌਰ ’ਤੇ ਆਪਣੇ ਸਮਰਥਕਾਂ/ਭਾਈਵਾਲਾਂ ਦੇ ਵੀ ਸਕੇ ਨਹੀਂ ਹੁੰਦੇ। ਇਸ ਤੱਥ ਦੀ ਇਕ ਮਿਸਾਲ ਬੱਲਾਂ ਘਟਨਾਕ੍ਰਮ ਦੌਰਾਨ ਬਲਕਿ ਇਸ ਤੋਂ ਬਾਅਦ ਵੀ ਵੇਖਣ ਨੂੰ ਮਿਲ ਰਹੀ ਹੈ, ਜਿਥੇ ਜਨਸੰਘੀ ਕਿਸਮ ਦੇ ਸਵਰਣ ਹਿੰਦੂ ਵੀ ਡੇਰੇਦਾਰ ਰਾਮਾਨੰਦ ਦਾ ਕਤਲ ਕਰਨ ਲਈ ਸਮੁੱਚੀ ਸਿੱਖ ਕੌਮ ਨੂੰ ਦੋਸ਼ੀ ਠਹਿਰਾ ਕੇ ਸਿੱਖਾਂ ਤੇ ਦਲਿਤਾਂ ਵਿਚਕਾਰ ਫੁੱਟ ਪਾ ਰਹੇ ਹਨ। ਡੇਰੇਦਾਰ ਰਾਮਾਨੰਦ ਦੇ ਕਤਲ ਉਪਰੰਤ ਹੋਏ ਜਲੰਧਰ ਵਿੱਚ ਹੋਏ ਪ੍ਰਦਰਸ਼ਨਾਂ ਵਿੱਚ ਕਾਫੀ ਹੱਦ ਤੱਕ ਸਵਰਣ ਹਿੰਦੂ ਵੀ ਸ਼ਾਮਲ ਹੋ ਗਏ ਸਨ ਤਾਂ ਜੋ ਉਹ ਦਲਿਤਾਂ ਨੂੰ ਸਿੱਖਾਂ ਵਿਰੁੱਧ ਵੱਧ ਤੋਂ ਵੱਧ ਉਕਸਾ ਸਕਣ। ਜਨਸੰਘੀਆਂ ਦੀਆਂ ਅਜਿਹੀਆਂ ਕਾਰਵਾਈਆਂ ਹਾਲਾਂ ਵੀ ਜਾਰੀ ਹਨ ਅਤੇ ਉਹ ਦਲਿਤ-ਸਿੱਖ ਟਕਰਾਅ ਨੂੰ ਵੱਧ ਤੋਂ ਵੱਧ ਵਧਾਉਣ ਦੀਆਂ ਸਰਗਰਮ ਕੋਸ਼ਿਸ਼ਾਂ ਕਰ ਰਹੇ ਹਨ। ਇਸੇ ਨੀਤੀ ਤਹਿਤ ਪਿਛਲੇ ਦਿਨੀਂ ਲੰਡਨ ਵਿੱਚ ਜਨਸੰਘੀਆਂ ਨੇ ਦਲਿਤਾਂ ਨਾਲ ਮਿਲ ਕੇ ਇਕ ਵਿਰੋਧ ਮਾਰਚ ਦਾ ਆਯੋਜਨ ਕੀਤਾ, ਜਿਸ ਵਿੱਚ ਵੀਆਨਾ ਘਟਨਾ ਦੇ ਮੱਦੇਨਜ਼ਰ ਸਿੱਖਾਂ ਦੇ ਸ੍ਰੀ ਸਾਹਿਬ (ਛੋਟੀ ਕ੍ਰਿਪਾਨ) ਪਾਉਣ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ (ਹਾਲਾਂਕਿ ਡੇਰੇਦਾਰ ਰਾਮਾਨੰਦ ਨੂੰ ਕ੍ਰਿਪਾਨ ਨਾਲ ਨਹੀਂ ਬਲਕਿ ਗੋਲੀਆਂ ਨਾਲ ਮਾਰਿਆ ਗਿਆ ਸੀ)। ਜਨਸੰਘੀਆਂ ਦੀ ਅਜਿਹੀ ਮੌਕਾਪ੍ਰਸਤੀ ਅਤੇ ਸਿੱਖੀ-ਵਿਰੋਧਤਾ ਦੇ ਮੱਦੇਨਜ਼ਰ ਚਾਹੀਦਾ ਤਾਂ ਇਹ ਸੀ ਕਿ ਸਿੱਖਾਂ ਅਤੇ ਦਲਿਤਾਂ ਨੂੰ ਉਨ੍ਹਾਂ ਦੀਆਂ ਕੋਝੀਆਂ ਚਾਲਾਂ ਬਾਰੇ ਸੁਚੇਤ ਕੀਤਾ ਜਾਂਦਾ ਪਰ ਬਾਦਲਕਿਆਂ ਵੱਲੋਂ ਬੀਜੇਪੀ ਨੂੰ ਦਿੱਤੇ ਜਾਂਦੇ ਬਿਨਾਂ ਸ਼ਰਤ ਸਮਰਥਨ ਕਾਰਨ ਸ਼੍ਰੋਮਣੀ ਕਮੇਟੀ ’ਤੇ ਕਾਬਿਜ਼ ਬਾਦਲ ਦੇ ਝੋਲੀਚੁੱਕ ਬ੍ਰਾਹਮਣਵਾਦੀਆਂ ਦੀਆਂ ਅਜਿਹੀਆਂ ਮਾੜੀਆਂ ਚਾਲਾਂ ਬਾਰੇ ਆਪਣਾ ਮੂੰਹ ਪੂਰੀ ਤਰ੍ਹਾਂ ਬੰਦ ਰਖਦੇ ਹਨ।
ਜਲੰਧਰ ਘਟਨਾਕ੍ਰਮ ਨੇ ਇਹ ਤੱਥ ਵੀ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਸਾਰੇ ਡੇਰੇਦਾਰ - ਭਾਵੇਂ ਉਹ ਸਿੱਖ ਹੋਣ ਦਾ ਦਾਅਵਾ ਕਰਕੇ ਗੁਰਮਤਿ ਵਿਰੋਧੀ ਪ੍ਰਚਾਰ ਕਰਨ ਵਾਲੇ ਡੇਰੇਦਾਰ ਹੋਣ ਜਾਂ ਫਿਰ ਆਪਣਾ ਨਿਵੇਕਲਾ ਧਰਮ ਚਲਾਉਣ ਦੀ ਰਾਹ ’ਤੇ ਤੁਰ ਰਹੇ ਡੇਰੇਦਾਰ ਹੋਣ - ਇਨ੍ਹਾਂ ਸਭਨਾਂ ਨੂੰ ਸਰਕਾਰਾਂ, ਖੁਫੀਆ ਏਜੰਸੀਆਂ ਅਤੇ ਸਿੱਖ-ਵਿਰੋਧੀ ਤਾਕਤਾਂ ਦਾ ਭਰਪੂਰ ਸਮਰਥਨ ਦਿੱਤਾ ਜਾਂਦਾ ਹੈ। ਜਿਹੜਾ ਡੇਰੇਦਾਰ ਜਿੰਨੀ ਜ਼ਿਆਦਾ ਦਲੇਰੀ ਤੇ ਸਾਰਥਕਤਾ ਨਾਲ ਸਿੱਖ ਧਰਮ ਦੇ ਸਿਧਾਂਤਾਂ ਨੂੰ ਮਲੀਆਮੇਟ ਕਰੇ ਅਤੇ ਸਿੱਖਾਂ ਨੂੰ ਜ਼ਲੀਲ ਕਰੇ, ਓਨਾ ਹੀ ਵੱਧ ਏਸ ਧਿਰ ਵੱਲੋਂ ਉਸ ਡੇਰੇਦਾਰ ਨੂੰ ਸਮਰਥਨ ਦਿੱਤਾ ਜਾਂਦਾ ਹੈ। ਸਿਰਸੇ ਦੇ ਸੌਦਾ ਸਾਧ ਦੀ ਮਿਸਾਲ ਤਾਂ ਸਭ ਨੇ ਵੇਖ ਹੀ ਲਈ ਸੀ, ਹੁਣ ਡੇਰਾ ਬੱਲਾਂ ਘਟਨਾਕ੍ਰਮ ਵਿੱਚ ਵੀ ਇਹ ਤੱਥ ਮੁੜ ਤੋਂ ਪ੍ਰਤੱਖ ਹੋ ਗਿਆ ਹੈ। ਸਿੱਖਾਂ ’ਤੇ ਦਲਿਤਾਂ ਵਿਚਕਾਰ ਪਾੜਾ ਪਾ ਰਹੇ ਇਸ ਡੇਰੇ ਦੇ ਇਕ ਡੇਰੇਦਾਰ ਦਾ ਕਤਲ ਹੋਣ ਉਪਰੰਤ ਜਿਸ ਤਰ੍ਹਾਂ ਡੇਰੇ ਦੇ ਚੇਲਿਆਂ ਨੂੰ ਬੁਰਛਾਗਰਦੀ ਕਰਨ ਦੀ ਖੁੱਲ੍ਹ ਦਿੱਤੀ ਗਈ, ਡੇਰੇਦਾਰ ਦੇ ਸੋਗ ਵਾਸਤੇ ਸ਼੍ਰੋਮਣੀ ਕਮੇਟੀ ਪਾਸੋਂ ਅਖੰਡ ਪਾਠ ਰਖਵਾਇਆ ਗਿਆ, ਅਕਾਲ ਤਖ਼ਤ ਦੇ ਮੁੱਖ ਪੁਜਾਰੀ ਕੋਲੋਂ ‘ਸੰਦੇਸ਼’ ਜਾਰੀ ਕਰਵਾਇਆ ਗਿਆ, ਡੇਰੇਦਾਰ ਦੇ ਸਸਕਾਰ ਮੌਕੇ ਵਿਸ਼ੇਸ਼ ਤੌਰ ’ਤੇ ਸਰਕਾਰੀ ਪ੍ਰਬੰਧ ਕੀਤੇ ਗਏ, ਡੇਰੇਦਾਰ ਦੀਆਂ ਅਸਥੀਆਂ ਨੂੰ ਹਰਿਦੁਆਰ ਭੇਜਣ ਵਾਸਤੇ ਸੈਂਕੜੇ ਗੱਡੀਆਂ ਦਾ ਇੰਤਜ਼ਾਮ ਕੀਤਾ ਗਿਆ ਅਤੇ ਹੋਰ ਬੇਅੰਤ ਢੰਗਾਂ-ਤਰੀਕਿਆਂ ਨਾਲ ਇਸ ਡੇਰੇ ਨੂੰ ਸ਼ੋਹਰਤ (ਪਬਲਿਸਿਟੀ) ਦਿੱਤੀ ਗਈ, ਉਸ ਤੋਂ ਕਿਣਕਾ ਮਾਤਰ ਵੀ ਸ਼ੰਕਾ ਨਹੀਂ ਰਹਿ ਗਈ ਕਿ ਪੰਜਾਬ ਵਿੱਚ ਸਥਾਪਿਤ ਹਜ਼ਾਰਾਂ ਹੋਰਨਾਂ ਡੇਰਿਆਂ ਦੀ ਤਰ੍ਹਾਂ ਇਹ ਡੇਰਾ ਵੀ ਸਿੱਖੀ-ਵਿਰੋਧੀ ਪ੍ਰਚਾਰ ਵਿੱਚ ਜੁਟੇ ਹੋਣ ਕਾਰਨ ਸਰਕਾਰੀ ਮਿਹਰਬਾਨੀ ਦਾ ਪਾਤਰ ਬਣਿਆ ਹੋਇਆ ਹੈ। ਇਸ ਭਿਅੰਕਰ ਸਥਿਤੀ ਦੇ ਬਾਵਜੂਦ ਸਿੱਖ ਸੰਸਥਾਵਾਂ ਵੱਲੋਂ ਡੇਰੇਦਾਰਾਂ ਦਾ ਬੌਧਿਕ ਮੁਕਾਬਲਾ ਕਰਨ ਵਾਸਤੇ ਕੋਈ ਯੋਜਨਾ ਨਹੀਂ ਬਣਾਈ ਜਾ ਰਹੀ, ਬਲਕਿ ਯੋਜਨਾ ਬਣਾਉਣ ਦੀ ਲੋੜ ਹੀ ਨਹੀਂ ਸਮਝੀ ਜਾ ਰਹੀ।
ਡੇਰਾ ਬੱਲਾਂ ਘਟਨਾਕ੍ਰਮ ਨੇ ਇਹ ਤੱਥ ਵੀ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਸਿੱਖ ਕੌਮ ਸਰੂਪ ਅਤੇ ਵਿਚਾਰਧਾਰਕ - ਦੋਵੇਂ ਪੱਖਾਂ ਤੋਂ ਬਿਲਕੁਲ ਖੋਖਲੀ ਅਤੇ ਕਮਜੋਰ ਹੋ ਚੁੱਕੀ ਹੈ ਜਦਕਿ ਸਿੱਖ ਵਿਰੋਧੀ ਡੇਰੇਦਾਰ ਪੂਰੇ ਜਾਹੋ-ਜਲਾਲ ਵਿੱਚ ਹਨ। ਭਾਵੇਂ ਇਸ ਸਥਿਤੀ ਦਾ ਇਕ ਕਾਰਨ ਸਰਕਾਰਾਂ ਵੱਲੋਂ ਸਿੱਖ ਵਿਰੋਧੀ ਅਤੇ ਡੇਰੇਦਾਰਾਂ-ਪੱਖੀ ਨੀਤੀਆਂ ਅਪਣਾਉਣਾ ਹੈ ਪਰ ਇਸਦੇ ਲਈ ਗੁਰਦੁਆਰਾ ਕਮੇਟੀਆਂ ਅਤੇ ਪੰਜਾਬ ਦੇ ਔਸਤ ਸਿੱਖ ਦੀ ਮਾਨਸਿਕਤਾ ਵੀ ਘੱਟ ਦੋਸ਼ੀ ਨਹੀਂ ਹਨ। ਗੁਰਦੁਆਰਾ ਕਮੇਟੀਆਂ ਦੇ ਪ੍ਰਬੰਧਕ ਆਪਣਾ ਸਾਰਾ ਸਮਾਂ ਆਪਣੀ ਕੁਰਸੀ ਬਚਾਉਣ, ਸਿਆਸੀ ਵਿਰੋਧੀਆਂ ਨੂੰ ਨੀਵਾਂ ਦਿਖਾਉਣਾਂ, ਭ੍ਰਿਸ਼ਟਾਚਾਰ ਰਾਹੀਂ ਗੁਰੂ ਘਰ ਦਾ ਪੈਸਾ ਉਡਾਉਣ, ਡੇਰੇਦਾਰ ਸਾਧਾਂ ਤੋਂ ਪੈਸਾ ਲੈ ਕੇ ਗੁਰੂ ਘਰਾਂ ਰਾਹੀਂ ਉਨ੍ਹਾਂ ਨੂੰ ਪ੍ਰਮੋਟ ਕਰਨ, ਸਿਆਸੀ ਆਗੂਆਂ ਦੇ ਹਥਠੋਕੇ ਬਣ ਕੇ ਸਿੱਖਾਂ ਨੂੰ ਵਿਸ਼ੇਸ਼ ਸਿਆਸੀ ਪਾਰਟੀਆਂ ਦਾ ਪਿਛਲੱਗੂ ਬਣਾਉਣ ਆਦਿਕ ਕਾਰਵਾਈਆਂ ਵਿੱਚ ਰੁਝੇ ਹੋਏ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਖ਼ੁਦ ਤਾਂ ਸਿੱਖੀ ਪ੍ਰਚਾਰ ਦੀ ਪਹਿਲ ਕੀ ਕਰਨੀ ਹੈ, ਕਿਸੇ ਹੋਰ ਸੰਸਥਾ ਨੂੰ ਸਿੱਖ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਵਾਸਤੇ ਜੇਕਰ ਗੁਰਦੁਆਰਾ ਸਾਹਿਬ ਵਿੱਚ ਕੋਈ ਮੀਟਿੰਗ ਆਦਿਕ ਬੁਲਾਉਣਾ ਚਾਹੁਣ ਤਾਂ ਪ੍ਰਬੰਧਕਾਂ ਵੱਲੋਂ ਇਸ ਦੀ ਇਜਾਜ਼ਤ ਹੀ ਨਹੀਂ ਦਿੱਤੀ ਜਾਂਦੀ।
ਇਸੇ ਤਰ੍ਹਾਂ, ਪੰਜਾਬ ਦਾ ਬਹੁਗਿਣਤੀ ਸਿੱਖ ਤਬਕਾ ਖ਼ੁਦ ਸਿੱਖੀ ਦੇ ਪਤਨ ਲਈ ਜ਼ਿੰਮੇਵਾਰ ਹੈ। ਭਾਵੇਂ ਇਸ ਤਬਕੇ ਵਿੱਚ ਜਜ਼ਬਾਤੀ ਮੁੱਦਿਆਂ ਦੌਰਾਨ ਵਕਤੀ ਤੌਰ ’ਤੇ ਸਿੱਖ ਧਰਮ ਲਈ ਮਰ-ਮਿਟਣ ਦਾ ਚਾਅ ਪੈਦਾ ਹੋ ਜਾਂਦਾ ਹੋ ਪਰ ਆਮ ਹਾਲਾਤ ਵਿੱਚ ਇਸ ਵਰਗ ਨੂੰ ਸਿੱਖੀ ਸਿਧਾਂਤਾਂ ਨੂੰ ਸਮਝਣ-ਅਪਣਾਉਣ ਜਾਂ ਇਨ੍ਹਾਂ ਦੀ ਰਾਖੀ ਪ੍ਰਤੀ ਕੋਈ ਦਿਲਚਸਪੀ ਨਹੀਂ ਹੁੰਦੀ। ਇਸਲਈ ਨਾ ਸਿਰਫ਼ ਉਹ ਅਮਲੀ ਤੌਰ ’ਤੇ ਬ੍ਰਾਹਮਣਵਾਦੀ ਕਰਮ-ਕਾਂਡਾਂ ਦੇ ਪਿਛਲੱਗੂ ਅਤੇ ਅੰਧਵਿਸ਼ਵਾਸੀ ਬਣ ਚੁੱਕੇ ਹਨ ਬਲਕਿ ਸਿੱਖ ਹੁੰਦੇ ਹੋਏ ਕੇਸਾਂ ਦੀ ਬੇਅਦਬੀ ਕਰਨ ਵਿੱਚ ਉਨ੍ਹਾਂ ਨੂੰ ਕੁਝ ਵੀ ਅਸੁਭਾਵਿਕ ਮਹਿਸੂਸ ਨਹੀਂ ਹੁੰਦਾ। ਨਤੀਜਤਨ, ਅੱਜ ਪੰਜਾਬ ਦੇ ਸ਼ਹਿਰਾਂ ਵਿੱਚ ਸਾਬਤ-ਸੂਰਤ ਸਿੱਖ ਦੇ ਦਰਸ਼ਨ ਕਰਨੇ ਔਖੇ ਹੋ ਜਾਂਦੇ ਹਨ। ਸੂਬੇ ਦੇ ਸਿੱਖਾਂ ਵਿੱਚ ਲੱਚਰ ‘ਸਭਿਆਚਾਰ’ ਦੇ ਅਤਿ ਪ੍ਰਭਾਵ ਕਾਰਨ ਉੱਥੇ ਨੈਤਿਕ ਗਿਰਾਵਟ ਅਤੇ ਨਸ਼ਿਆਂ ਦੀ ਲਤ ਵੀ ਪੂਰੇ ਜੋਰਾਂ ’ਤੇ ਹੈ। ਅਗਿਆਨਤਾ ਦੀ ਇਸ ਹਨੇਰੀ ਦਾ ਲਾਭ ਬ੍ਰਾਹਮਣਵਾਦੀ ਡੇਰੇਦਾਰਾਂ, ਖੁਫੀਆ ਏਜੰਸੀਆਂ, ਹਿੰਦੂਤਵੀ ਸੰਗਠਨਾਂ ਅਤੇ ਇਸਾਈ ਪ੍ਰਚਾਰਕਾਂ ਵੱਲੋਂ ਪੂਰੀ ਸਰਗਰਮੀ ਅਤੇ ਯੋਜਨਾਬੱਧ ਢੰਗ ਨਾਲ ਚੁੱਕਿਆ ਜਾ ਰਿਹਾ ਹੈ ਤੇ ਹਰ ਕੋਈ ਸਿੱਖਾਂ ਨੂੰ ਗੁਰਮਤਿ ਸਿਧਾਂਤਾਂ ਬਾਰੇ ਗੁੰਮਰਾਹ ਕਰਕੇ ਆਪਣੇ ਧਰਮ/ਸੰਪਰਦਾਅ ਵਿੱਚ ਸਫਲਤਾ ਨਾਲ ਮਿਲਾ ਰਿਹਾ ਹੈ।
ਨਤੀਜਤਨ, ਪੰਜਾਬ ਵਿੱਚ ਡੇਰੇਦਾਰਾਂ ਦੀ ਤਾਕਤ ਮੁੱਖਧਾਰਾ ਦੇ ਸਿੱਖਾਂ ਨਾਲੋਂ ਬਹੁਤ ਜ਼ਿਆਦਾ ਵਧ ਗਈ ਹੈ। ਸਿੱਖ ਸੰਸਥਾਵਾਂ ਦੇ ਆਗੂ ਭਾਵੇਂ ਜਿੰਨੀਆਂ ਮਰਜ਼ੀ ਬੜ੍ਹਕਾਂ ਮਾਰਦੇ ਰਹਿਣ ਕਿ ‘ਸਿੱਧੇ ਹਮਲੇ ਵਿੱਚ ਕੋਈ ਸਿੱਖਾਂ ਨੂੰ ਹਰਾ ਨਹੀਂ ਸਕਦਾ’ ਪਰ ਪਿਛਲੇ ਸਮੇਂ ਵਿੱਚ ਵੱਖ-ਵੱਖ ਡੇਰੇਦਾਰਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ (ਸਿੱਖਾਂ ਦੇ ਗੱਦਾਰ ਧਾਰਮਕ-ਸਿਆਸੀ ਆਗੂਆਂ ਨਾਲ ਅੰਦਰਖਾਤੇ ਗੰਢਤੁੱਪ ਕਰਕੇ) ਸਿਧਾਂਤਕ ਤੌਰ ’ਤੇ ਤਾਂ ਸਿੱਖ ਕੌਮ ਨੂੰ ਮਲੀਆਮੇਟ ਕਰ ਹੀ ਸਕਦੇ ਹਨ, ਲੋੜ ਪੈਣ ’ਤੇ ਸਿੱਖਾਂ ਨੂੰ ਸਿੱਧੀ ਚੁਣੌਤੀ ਦੇ ਕੇ ਉਨ੍ਹਾਂ ਨੂੰ ‘ਸਬਕ’ ਵੀ ਸਿਖਾ ਸਕਦੇ ਹਨ ਅਤੇ ਸਿੱਖਾਂ ਕੋਲ ਲਾਚਾਰ ਹੋ ਕੇ ਤਮਾਸ਼ਾ ਵੇਖਦੇ ਰਹਿਣ ਦੇ ਇਲਾਵਾ ਹੋਰ ਕੋਈ ਵਿਕਲਪ ਨਹੀਂ ਬਚਦਾ।
ਡੇਰਾ ਬੱਲਾਂ ਘਟਨਾਕ੍ਰਮ ਦੌਰਾਨ ਮੀਡੀਆ ਦੀ ਭੂਮਿਕਾ ਵੀ ਜਾਣੇ-ਅਨਜਾਣੇ ਵਿੱਚ ਹਮੇਸ਼ਾ ਦੀ ਤਰ੍ਹਾਂ ਸਿੱਖ-ਵਿਰੋਧੀ ਹੀ ਰਹੀ। ਲਗਭਗ ਹਰ ਟੀ.ਵੀ. ਚੈਨਲ ਨੇ ਇਸ ਘਟਨਾ ਲਈ ਸਿੱਖਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਦੋ ਨੁਕਤਿਆਂ ’ਤੇ ਬੜਾ ਜ਼ੋਰ ਦਿੱਤਾ :
1) ਡੇਰੇਦਾਰ ਦਲਿਤਾਂ ਦੀ ਮਦਦ ਕਰਦੇ ਹਨ।
2) ਸਿੱਖਾਂ ਵਿੱਚ ਅਮਲੀ ਤੌਰ ’ਤੇ ਜਾਤ ਵਿਵਸਥਾ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ।
ਮੀਡੀਆ ਦਾ ਕਹਿਣਾ ਹੈ ਕਿ ਕਥਿਤ ਨੀਵੀਆਂ ਜਾਤਾਂ ਦੇ ਲੋਕ ਗੁਰਦੁਆਰਿਆਂ ਦੀ ਬਜਾਏ ਡੇਰੇਦਾਰਾਂ ਨਾਲ ਇਸ ਵਾਸਤੇ ਜੁੜਦੇ ਜਾ ਰਹੇ ਹਨ ਕਿਉਂਕਿ ਗੁਰਦੁਆਰਿਆਂ ਵਿੱਚ ਦਲਿਤਾਂ ਨਾਲ ਮਾੜਾ ਬਰਤਾਵ ਕੀਤਾ ਜਾਂਦਾ ਹੈ ਜਦਕਿ ਡੇਰਿਆਂ ਵਿੱਚ ਉਨ੍ਹਾਂ ਨੂੰ ਭਰਪੂਰ ਇੱਜ਼ਤ ਦਿੱਤੀ ਜਾਂਦੀ ਹੈ। ਪਰ ਇਹ ਗੱਲ ਅਸਲੀਅਤ ਨੂੰ ਬਹੁਤ ਵਧਾ-ਚੜ੍ਹਾ ਕੇ ਕਹੀ ਜਾ ਰਹੀ ਹੈ। ਇਹ ਠੀਕ ਹੈ ਕਿ ਪੰਜਾਬ ਦੇ ਪਿੰਡਾਂ ਦੇ ਲੋਕ, ਖ਼ਾਸਕਰ ਆਪਣੇ ਆਪ ਨੂੰ ‘ਜੱਟ’ ਅਖਵਾਉਣ ਵਾਲਾ ਵਰਗ, ਅਖੌਤੀ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਹਿਕਾਰਤ ਦੀ ਨਿਗਾਹ ਨਾਲ ਦੇਖਦੇ ਹਨ। ਇਹ ਵੀ ਸੱਚ ਹੈ ਕਿ ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬ, ਖ਼ਾਸਕਰ ਦੋਆਬਾ (ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਨਵਾਂਸ਼ਹਿਰ) ਖੇਤਰ ਦੇ ਦਲਿਤਾਂ ਅਤੇ ਹੋਰ ਪਛੜੇ ਵਰਗਾਂ ਦੇ ਲੋਕਾਂ ਵੱਲੋਂ ਵਿਦੇਸ਼ਾਂ ਵਿੱਚ ਜਾ ਵਸਣ ਨਾਲ ਇਨ੍ਹਾਂ ਵਰਗਾਂ ਦੇ ਲੋਕਾਂ ਦੇ ਰਹਿਣ-ਸਹਿਣ ਦੇ ਸਤਰ ਵਿੱਚ ਭਾਰੀ ਵਿਕਾਸ ਹੋਇਆ ਹੈ, ਜਿਸ ਕਾਰਨ ਕਥਿਤ ਉੱਚ ਜਾਤਾਂ ਦੇ ਲੋਕਾਂ ਵਿੱਚ ਇਨ੍ਹਾਂ ਵਰਗਾਂ ਦੇ ਲੋਕਾਂ ਪ੍ਰਤੀ ਕਈ ਵਾਰ ਈਰਖਾ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਪਰ ਇਸ ਸਥਿਤੀ ਨੂੰ ਇਉਂ ਬਿਆਨ ਕਰਨਾ ਕਿ ਸਿੱਖਾਂ ਦੇ ਧਰਮ ਅਸਥਾਨਾਂ ’ਤੇ ਜਾਤ-ਪਾਤ ਦੇ ਅਧਾਰ ’ਤੇ ਇਨਸਾਨਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ, ਸਰਾਸਰ ਗਲਤ ਹੈ।
ਅੰਮ੍ਰਿਤਸਰ ਦਾ ਦਰਬਾਰ ਸਾਹਿਬ ਹੋਵੇ, ਦਿੱਲੀ ਦਾ ਬੰਗਲਾ ਸਾਹਿਬ ਜਾਂ ਕੋਈ ਸਥਾਨਕ ਸਿੰਘ ਸਭਾ, ਕਿਸੇ ਵੀ ਗੁਰਦੁਆਰੇ ਵਿੱਚ ਕਿਸੇ ਵਿਅਕਤੀ ਦਾ ਸਿਰਫ਼ ਉਸਦੀ ਜਾਤ ਦੇ ਅਧਾਰ ’ਤੇ ਉਸਦਾ ਪ੍ਰਵੇਸ਼ ਨਹੀਂ ਰੋਕਿਆ ਜਾਂਦਾ (ਹਾਲਾਂਕਿ ਮਹੰਤਾਂ ਦੇ ਸਮੇਂ ਅਜਿਹਾ ਹੁੰਦਾ ਰਿਹਾ ਸੀ ਅਤੇ ਗਿਆਨੀ ਦਿੱਤ ਸਿੰਘ ਵਰਗੇ ਸਿੱਖ ਕੌਮ ਦੇ ਲਾਮਿਸਾਲ ਵਿਦਵਾਨ ਨੂੰ ਆਪਣੀ ਕਥਿਤ ਨੀਵੀਂ ਜਾਤ ਕਰਕੇ ਗੁਰਦੁਆਰੇ ਦੇ ਪੁਜਾਰੀਆਂ ਕੋਲੋਂ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਸੀ) ਬਲਕਿ ਹਰ ਵਿਅਕਤੀ ਗੁਰਦੁਆਰਾ ਸਾਹਿਬ ਦੀਆਂ ਸੇਵਾਵਾਂ ਵਿੱਚ ਆਪਣੀ ਇੱਛਾ-ਮੁਤਾਬਿਕ ਯੋਗਦਾਨ ਪਾ ਸਕਦਾ ਹੈ। ਗੁਰਦੁਆਰਿਆਂ ਵਿੱਚ ਮਿਲਣ ਵਾਲੀਆਂ ਸੁਵਿਧਾਵਾਂ ਜਿਵੇਂ ਲੰਗਰ, ਰਿਹਾਇਸ਼ ਦਾ ਪ੍ਰਬੰਧ, ਸਥਾਨਕ ਲੋਕਾਂ ਲਈ ਵਕਤੀ ਤੌਰ ’ਤੇ ਬਿਸਤਰੇ/ਬਰਤਨ ਮੁਹੱਈਆ ਕਰਵਾਉਣ ਆਦਿਕ ਹਰ ਲੋੜਵੰਦ ਪ੍ਰਾਣੀ ਲਈ, ਬਿਨ੍ਹਾਂ ਉਸਦੀ ਜਾਤ-ਪਾਤ ਪੁੱਛੇ ਉਪਲਬਧ ਕਰਵਾਈਆਂ ਜਾਂਦੀਆਂ ਹਨ। ਹਾਂ, ਏਨਾ ਜ਼ਰੂਰ ਹੈ ਕਿ ਅੱਜਕਲ ਦੇ ਪ੍ਰਬੰਧਕ ਗੁਰਦੁਆਰਾ ਸਾਹਿਬ ਦੀ ਗੋਲਕ ਦਾ ਇਕ ਹਿੱਸਾ ਆਪਣੀ ਨਿਜੀ ਆਮਦਨ ਵਾਸਤੇ ਵੀ ਵਰਤਦੇ ਹਨ ਤੇ ਗੋਲਕ ’ਤੇ ਆਪਣਾ ਕਬਜ਼ਾ ਜਮਾਈ ਰੱਖਣ ਵਾਸਤੇ ਉਹ ਕਿਸੇ ਹੋਰ ਧੜੇ/ਗੁਟ ਦੇ ਵਿਅਕਤੀਆਂ ਨੂੰ ਗੁਰਦੁਆਰੇ ਦੇ ਪ੍ਰਬੰਧਕ ਬਣੇ ਨਹੀਂ ਵੇਖਣਾ ਚਾਹੁੰਦੇ। ਇਸ ਵਾਸਤੇ ਜੇਕਰ ਉਨ੍ਹਾਂ ਨੂੰ ਦੂਜੇ ਧੜੇ ਨੂੰ ਹਰਾਉਣ ਲਈ ਉਸਦੀ ‘ਜਾਤ’ ਦੇ ਅਧਾਰ ’ਤੇ ਵਿਰੋਧ ਕਰਨ ਦਾ ਮੌਕਾ ਵੀ ਮਿਲ ਜਾਏ, ਤਾਂ ਉਹ ਵੀ ਗੁਆਇਆ ਨਹੀਂ ਜਾਂਦਾ (ਜੋ ਇਕ ਅਤਿ ਨਿੰਦਨਯੋਗ ਤੇ ਦੁਖਦਾਈ ਸਥਿਤੀ ਹੈ) ਪਰ ਕਿਸੇ ਵੀ ਗੁਰਦੁਆਰੇ ਦੇ ਪੁਜਾਰੀਆਂ ਵੱਲੋਂ ਜਨਤੱਕ ਤੌਰ ’ਤੇ ਕਥਿਤ ਨੀਵੀਆਂ ਜਾਤਾਂ ਦੇ ਲੋਕਾਂ ਦਾ ਅਪਮਾਨ ਨਹੀਂ ਕੀਤਾ ਜਾਂਦਾ। ਹਾਂ, ਬ੍ਰਾਹਮਣਵਾਦੀ ਮਾਨਸਿਕਤਾ ਵਾਲੇ ਜਾਂ ਬ੍ਰਾਹਮਣਵਾਦੀਆਂ ਦੇ ਏਜੰਟਾਂ ਦੇ ਤੌਰ ’ਤੇ ਸਰਗਰਮ ਕੁਝ ਪੁਜਾਰੀ / ਪ੍ਰਬੰਧਕ (ਖ਼ਾਸਕਰ ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ ਰਹਿਣ ਵਾਲੇ) ਆਪਣੇ ਨਿਜੀ ਵਿਵਹਾਰ ਦੌਰਾਨ ਜ਼ਰੂਰ ਹੋਰਨਾਂ ਲੋਕਾਂ ਨਾਲ ਉਨ੍ਹਾਂ ਦੀ ਜਾਤ-ਪਾਤ ਦੇ ਅਧਾਰ ’ਤੇ ਵਿਤਕਰਾ ਕਰਦੇ ਵੇਖੇ ਜਾਂਦੇ ਹਨ।
ਦੂਜੀ ਤਰਫ਼, ਡੇਰੇਦਾਰਾਂ ਦਾ ਮਕਸਦ ਕਥਿਤ ਨੀਵੀਆਂ ਜਾਤਾਂ ਦੇ ਲੋਕਾਂ ਦਾ ਸਨਮਾਨ ਕਰਨਾ ਨਹੀਂ ਬਲਕਿ ਹਰ ਅਗਿਆਨੀ ਵਿਅਕਤੀ ਦਾ ਸਰੀਰਕ, ਮਾਨਸਿਕ, ਆਰਥਕ ਤੇ ਸਿਆਸੀ ਸ਼ੋਸ਼ਣ ਕਰਨਾ ਹੁੰਦਾ ਹੈ। ਲਗਭਗ ਸਾਰੇ ਡੇਰੇਦਾਰ ਹੌਲੀ-ਹੌਲੀ ਆਪਣੇ ਸ਼ਰਧਾਲੂਆਂ ਦੀਆਂ ਧੀਆਂਭੈਣਾਂ ਦਾ ਚਰਿੱਤਰ ਖ਼ਰਾਬ ਕਰਦੇ ਹਨ ਜਾਂ ਮੌਕਾ ਪੈਣ ’ਤੇ ਉਨ੍ਹਾਂ ਨਾਲ ਬਲਾਤਕਾਰ ਵੀ ਕਰ ਲੈਂਦੇ ਹਨ। ਇਹੀ ਡੇਰੇਦਾਰ ਲੋਕਾਂ ਨੂੰ ਤੰਤਰ-ਮੰਤਰ ਜਾਂ ਜਾਦੂ-ਟੂਣਿਆਂ ਦੇ ਭਰਮ ਵਿੱਚ ਫਸਾ ਕੇ ਉਨ੍ਹਾਂ ਨੂੰ ਅੰਧਵਿਸ਼ਵਾਸੀ ਬਣਾਉਂਦੇ ਹਨ। ਆਪਣੇ ਡੇਰਿਆਂ ਦੀ ਉਸਾਰੀ ਲਈ ਸ਼ਰਧਾਲੂਆਂ ਤੋਂ ਮੁਫ਼ਤ ਜਾਂ ਬਹੁਤ ਰਿਆਇਤੀ ਦਰਾਂ ’ਤੇ ਸਮਾਨ ਲੈਣਾ ਅਤੇ ਕਾਰ ਸੇਵਾ ਦੇ ਨਾਮ ’ਤੇ ਮੁਫ਼ਤ ਮਜ਼ਦੂਰੀ ਕਰਵਾਉਣਾ ਵੀ ਡੇਰੇਦਾਰਾਂ ਦੀ ਪੁਰਾਣੀ ਨੀਤੀ ਰਹੀ ਹੈ। ਵੱਖ-ਵੱਖ ਚੋਣਾਂ ਦੌਰਾਨ ਆਪਣੇ ਸ਼ਰਧਾਲੂਆਂ ਨੂੰ ਵੋਟ ਬੈਂਕ ਦੀ ਤਰ੍ਹਾਂ ਉਪਯੋਗ ਕਰਕੇ ਸਿਆਸਤਦਾਨਾਂ ਤੋਂ ਨਿਜੀ ਲਾਭ ਲੈਣਾ ਅਤੇ ਆਪਣੀਆਂ ਮੰਦ ਕਰਤੂਤਾਂ ’ਤੇ ਪੜਦਾ ਪਵਾਈ ਰੱਖਣਾ ਵੀ ਇਨ੍ਹਾਂ ਹੀ ਡੇਰੇਦਾਰਾਂ ਦੀ ਬਲੈਕ-ਮੇਲੀਆ ਨੀਤੀ ਦਾ ਹਿੱਸਾ ਹੈ। ਫਿਰ ਵੀ ਮੀਡੀਆ ਵੱਲੋਂ ਡੇਰੇਦਾਰਾਂ ਨੂੰ ‘‘ਦਲਿਤਾਂ ਦੇ ਮਸੀਹਾ’’ ਅਤੇ ਗੁਰਦੁਆਰਿਆਂ ਨੂੰ ਦਲਿਤ-ਵਿਰੋਧੀਆਂ ਵਾਂਗੂ ਪ੍ਰਚਾਰਨਾ ਬ੍ਰਾਹਮਣਵਾਦੀਆਂ ਅਤੇ ਸਿੱਖੀ ਵੇਸ ਵਿੱਚ ਸਰਗਰਮ ‘ਦਲਿਤ ਸਿਆਸਤ’ ਸਹਾਰੇ ਤੋਰੀ-ਫੁਲਕਾ ਚਲਾਉਣ ਵਾਲੇ ਆਗੂਆਂ/ਬੁੱਧੀਜੀਵੀਆਂ ਦੀ ਸੋਚੀ-ਸਮਝੀ ਸਾਜ਼ਿਸ਼ ਦਾ ਹਿੱਸਾ ਹੈ।
ਇਹ ਕਹਿਣਾ ਜਾਇਜ਼ ਨਹੀਂ ਕਿ ਸਿੱਖ ਧਰਮ ਵਿੱਚ ਜਾਤ-ਪਾਤ ਵਿਵਸਥਾ ਨੂੰ ਅਮਲੀ ਤੌਰ ’ਤੇ ਪ੍ਰਵਾਨਗੀ ਦਿੱਤੀ ਗਈ ਹੈ। ਜਿਥੋਂ ਤੱਕ ਦਲਿਤ ਸਿੱਖਾਂ ਵੱਲੋਂ ਆਪਣੀ ਜਾਤ ਦਾ ਹਵਾਲਾ ਦੇ ਕੇ ਸਰਕਾਰੀ ਵਿਦਿਅਕ ਅਦਾਰਿਆਂ ਅਤੇ ਨੌਕਰੀਆਂ ਵਿੱਚ ਮਿਲਦੀਆਂ ਰਿਆਇਤਾਂ ਪ੍ਰਾਪਤ ਕਰਨ ਦਾ ਸਵਾਲ ਹੈ, ਇਹ ਨੀਤੀ ਅਮਲੀ ਤੌਰ ’ਤੇ ਕਾਫੀ ਹੱਦ ਤੱਕ ਜਾਇਜ਼ ਹੈ। ਕਿਉਂਕਿ ਭਾਰਤੀ ਸੰਵਿਧਾਨ ਅਤੇ ਕਾਨੂੰਨਾਂ ਮੁਤਾਬਿਕ ਪਹਿਲਾਂ ਇਹ ਰਿਆਇਤਾਂ ਸਿਰਫ਼ ‘ਹਿੰਦੂ’ ਗਿਣੇ ਜਾਣ ਵਾਲੇ ਦਲਿਤਾਂ ਤੱਕ ਸੀਮਤ ਸੀ (ਹਾਲਾਂਕਿ ਖ਼ੁਦ ਬ੍ਰਾਹਮਣਵਾਦੀ ਫਲਸਫੇ ਮੁਤਾਬਿਕ ਦਲਿਤ, ਹਿੰਦੂ ਨਹੀਂ ਹੁੰਦੇ)। ਅਜਿਹੀ ਲੋਕਤੰਤਰ-ਵਿਰੋਧੀ ਨੀਤੀ ਅਮਲ ਵਿੱਚ ਆਉਣ ਕਾਰਨ ਬਹੁਤ ਸਾਰੇ ਦਲਿਤਾਂ ਨੇ ਕੇਸਾਧਾਰੀ ਸਰੂਪ ਛੱਡਣਾ ਸ਼ੁਰੂ ਕਰ ਦਿੱਤਾ ਸੀ, ਜਿਸਨੂੰ ਰੋਕਣ ਲਈ ਇਸ ਵਰਗ ਦੇ ਸਿੱਖਾਂ ਨੂੰ ਵੀ ਉਹੀ ਸਹੂਲਤਾਂ ਦਿੱਤੀਆਂ ਜਾਣੀਆਂ ਜ਼ਰੂਰੀ ਸਨ, ਜੋ ਇਨ੍ਹਾਂ ਦੇ ਗੈਰ-ਕੇਸਾਧਾਰੀ ਵੀਰਾਂ/ਭੈਣਾਂ ਨੂੰ ਮਿਲ ਰਹੀਆਂ ਸਨ। ਇਸੇ ਕੌੜੀ ਸੱਚਾਈ ਦੇ ਮੱਦੇਨਜ਼ਰ ਸਿੱਖ ਲੀਡਰਾਂ ਨੇ ਕਾਫੀ ਜੱਦੋ-ਜਹਿਦ ਉਪਰੰਤ ‘ਦਲਿਤ’ ਆਖੇ ਜਾਂਦੇ ਸਿੱਖਾਂ ਲਈ ਵੀ ਇਹ ਸਹੂਲਤਾਂ ਦਿੱਤੇ ਜਾਣ ਲਈ ਸਰਕਾਰ ਨੂੰ ਮਨਾਇਆ ਸੀ। ਸ਼ਾਇਦ ਬ੍ਰਾਹਮਣਵਾਦੀ ਸਰਕਾਰ ਨੇ ਵੀ ਸਿੱਖਾਂ ਦੇ ਇਕ ਵਰਗ ਨੂੰ ਇਹ ਸਹੂਲਤਾਂ ਦੇਣੀਆਂ ਇਸੇਲਈ ਮਨਜ਼ੂਰ ਕੀਤੀਆਂ ਸਨ ਤਾਂਕਿ ਸਿੱਖ ਸਮਾਜ ਵਾਸਤੇ ਵੀ ਆਪਣੀ ‘ਜਾਤ’ ਅਧਾਰਿਤ ਪਛਾਣ ਕਾਇਮ ਰੱਖਣਾ ਲਾਜ਼ਮੀ ਹੋ ਜਾਵੇ ਅਤੇ ਸਿੱਖ ਵੀ ਜਾਤ-ਪਾਤ ਦੇ ਮਨੁੱਖਤਾ-ਵਿਰੋਧੀ ਜੰਜਾਲ ਵਿੱਚ ਫਸ ਕੇ ਰਹਿ ਜਾਣ - ਅਤੇ ਕਾਫੀ ਹੱਦ ਤਕ ਹੋਇਆ ਵੀ ਇਉਂ ਹੀ ਹੈ।
ਅੱਜ ਸਿੱਖ ਪਰਵਾਰਾਂ ਵਿੱਚ ਵਿਆਹਾਂ ਸਬੰਧੀ ਹੋਣ ਵਾਲੇ ਰਿਸ਼ਤਿਆਂ ਦੀ ਗੱਲਬਾਤ ਦੌਰਾਨ ਜ਼ਿਆਦਾਤਰ ਲੋਕਾਂ ਦੀ ਪ੍ਰਾਥਮਿਕਤਾ ਆਪਣੀ ‘ਬਿਰਾਦਰੀ’ (ਜੱਟ, ਭਾਪਾ, ਖੱਤਰੀ, ਤਰਖਾਣ, ਸੈਣੀ, ਰਾਜਪੂਤ... ਤੇ ਹੋਰ, ਹੋਰ) ਵਿਚੋਂ ਰਿਸ਼ਤੇ ਲੱਭਣ ਦੀ ਹੁੰਦੀ ਹੈ। ਜਾਤ-ਪਾਤ ਦੇ ਹੰਕਾਰ ਕਾਰਨ ਹੀ ਪੰਜਾਬੀ ਦੀਆਂ ਬਹੁਤੀਆਂ ਫਿਲਮਾਂ ‘ਜੱਟ’ ਹਊਮੈ ਨੂੰ ਪੱਠੇ ਪਾਉਣ ਵਾਲੀਆਂ ਹੀ ਹੁੰਦੀਆਂ ਹਨ, ਜਿਨ੍ਹਾਂ ਵਿੱਚ ਜੱਟ ਵਰਗ ਦੇ ਨਾਇਕ ਨੂੰ ਅਵੱਲ ਦਰਜੇ ਦਾ ਸ਼ਰਾਬੀ ਜਾਂ ਲੜਾਕਾ ਹੋਣ ਦੇ ਬਾਵਜੂਦ ਇਕ ਆਦਰਸ਼ ਵਿਅਕਤੀ ਵਜੋਂ ਪ੍ਰਚਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪੰਜਾਬੀ ਗਾਇਕਾਂ ਨੇ ਵੀ ਆਪਣੇ ਸਮਾਜ ਵਿੱਚ ਜਾਤ-ਪਾਤ ਦੀ ਵਿਵਸਥਾ ਨੂੰ ਪ੍ਰਚੰਡ ਕਰਨ ਦੀ ਕੋਝੀ ਨੀਤੀ ਅਪਣਾਉਂਦਿਆਂ ‘‘ਜਦੋਂ ਪੈਂਦੀ ਹੈ ਤਰੀਖ ਕਿਸੇ ਜੱਟ ਦੀ, ਕਚਹਿਰੀਆਂ ’ਚ ਮੇਲੇ ਲੱਗਦੇ’’ ਜਿਹੇ ਘਟੀਆ ਗੀਤਾਂ ਰਾਹੀਂ ਭਰਪੂਰ ਯੋਗਦਾਨ ਪਾਇਆ ਹੈ। ਕਥਿਤ ਉੱਚੀਆਂ ਜਾਤਾਂ ਦੇ ਲੋਕਾਂ ਵੱਲੋਂ ਵਿਤਕਰੇ/ਅਪਮਾਨ ਦਾ ਸ਼ਿਕਾਰ ਹੋਣ ਕਾਰਨ ਕਥਿਤ ਨੀਵੀਆਂ ਜਾਤਾਂ ਦੀਆਂ ਸੋਸਾਇਟੀਆਂ ਵੱਲੋਂ ਜਾਤ-ਬਿਰਾਦਰੀਆਂ ਦੇ ਨਾਮ ’ਤੇ ਉਸਾਰੇ ਜਾਂਦੇ ਗੁਰਦੁਆਰੇ (ਗੁਰਦੁਆਰਾ ਲੁਬਾਣਾ ਬਿਰਾਦਰੀ, ਗੁਰਦੁਆਰਾ ਰਾਮਗੜ੍ਹੀਆ ਆਦਿਕ) ਨੇ ਵੀ ਸਿੱਖ ਸਮਾਜ ਵਿੱਚ ਫੈਲ ਰਹੇ ਜਾਤ-ਪਾਤ ਦੇ ਪ੍ਰਦੂਸ਼ਨ ਦੀ ਸਮੱਸਿਆ ਵਿੱਚ ਹੋਰ ਇਜ਼ਾਫਾ ਕੀਤਾ ਹੈ।
ਪਰ ਫਿਰ ਵੀ ਮੀਡੀਆ ਸੰਸਥਾਵਾਂ/ਮਾਹਿਰਾਂ/ ਦਲਿਤ ਬੁੱਧੀਜੀਵੀਆਂ ਵੱਲੋਂ ਉਕਤ ਕਾਰਨਾਂ ਵੱਲ ਲੋਕਾਂ ਦਾ ਧਿਆਨ ਦਿਵਾਉਣ ਦੀ ਬਜਾਏ ਹਰ ਘਟਨਾਕ੍ਰਮ ਲਈ ਸਿਰਫ਼ ਸਿੱਖਾਂ ਨੂੰ ਦੋਸ਼ੀ ਠਹਿਰਾਉਣ ਦੀ ਨੀਤੀ ਅਪਣਾਈ ਜਾਂਦੀ ਹੈ, ਜਿਸ ਨਾਲ ਸੁਭਾਵਿਕ ਤੌਰ ’ਤੇ ਸਿੱਖ ਮਨਾਂ ਵਿੱਚ ਕਥਿਤ ਨੀਵੇਂ ਵਰਗਾਂ ਪ੍ਰਤੀ ਹੋਰ ਵਧੇਰੇ ਨਫ਼ਰਤ ਪੈਦਾ ਹੁੰਦੀ ਹੈ। ਇਸ ਤਰ੍ਹਾਂ ਮੀਡੀਆ/ਦਲਿਤ ਬੁੱਧੀਜੀਵੀਆਂ ਦੀ ਇਸ ਨਲਾਇਕੀ ਕਾਰਨ ਸਿੱਖ ਸਮਾਜ ਦੇ ਦੋ ਹਿੱਸਿਆਂ ਵਿਚਕਾਰ ਆਪਸੀ ਨਫ਼ਰਤ ਦੀ ਭਾਵਨਾ ਇਕ ਕਿਸਮ ਦੇ ‘ਚੇਨ ਰਿਐਕਸ਼ਨ’ ਦਾ ਸ਼ਿਕਾਰ ਹੋ ਗਈ ਹੈ। ਲੋੜ ਹੈ ਕਿ ‘ਧਾਰਮਕ’ ਅਖਵਾਉਂਦੀਆਂ ਸਿੱਖ ਸੰਸਥਾਵਾਂ ਆਪਸੀ ਖਹਿਬਾਜ਼ੀ ਅਤੇ ਫੋਕੀ ਸਿਆਸਤ ਤੋਂ ਉੱਪਰ ਉਠ ਕੇ ਸਿੱਖ ਕੌਮ ਵਿਰੁੱਧ ਹੋ ਰਹੀ ਇਸ ਸਾਜਿਸ਼ ਅਤੇ ਸਿੱਖ ਮਨਾਂ ’ਤੇ ਕਾਇਮ ਜਾਤ-ਪਾਤ ਵਿਵਸਥਾ ਦੇ ਪ੍ਰਭਾਵ ਨੂੰ ਦੂਰ ਕਰਨ ਲਈ ਫੌਰੀ ਤੌਰ ’ਤੇ ਠੋਸ ਉਪਰਾਲੇ ਕਰਨੇ ਚਾਹੀਦੇ ਹਨ।