

ਜਜ਼ਬਾਤੀ ਬਲੈਕ-ਮੇਲ ਰਾਹੀਂ ਹੋ ਰਹੇ ਸਿੱਖਾਂ ਦੇ ਸ਼ੋਸ਼ਣ ਤੋਂ ਬਚਣ ਦੀ ਲੋੜ
- ਸਰਬਜੀਤ ਸਿੰਘ -
ਭੋਲੇ-ਭਾਲੇ ਲੋਕਾਂ ਦੀ ਕਿਸੇ ਖ਼ਾਸ ਧਰਮ ਵਿਚਲੀ ਸ਼ਰਧਾ ਦਾ ਲਾਭ ਚੁੱਕ ਕੇ ਉਨ੍ਹਾਂ ਦੇ ਜਜ਼ਬਾਤੀ ਸ਼ੋਸ਼ਣ ਰਾਹੀਂ ਆਰਥਕ ਠੱਗੀਆਂ ਮਾਰਨ ਦਾ ਰੁਝਾਨ ਹਰ ਧਰਮ ਵਿੱਚ ਪਾਇਆ ਜਾਂਦਾ ਹੈ ਪਰ ਸਿੱਖ ਕੌਮ ਵਿੱਚ ਇਹ ਰੁਝਾਨ ਮੌਜੂਦਾ ਸਮੇਂ ਵਿੱਚ ਕੁਝ ਜ਼ਿਆਦਾ ਹੀ ਜੋਰਾਂ ’ਤੇ ਨਜ਼ਰ ਆ ਰਿਹਾ ਹੈ। ਇਸਦੀ ਸਭ ਤੋਂ ਪ੍ਰਤੱਖ ਮਿਸਾਲ ਗੁਰਦੁਆਰਿਆਂ/ਡੇਰਿਆਂ ਵਿੱਚ ਹੀ ਵੇਖਣ ਨੂੰ ਮਿਲ ਜਾਂਦੀ ਹੈ ਜਿਥੋਂ ਦੇ ਪੁਜਾਰੀ/ਸਾਧ-ਬਾਬੇ ਸੰਗਤਾਂ ਵੱਲੋਂ ਭੇਟ ਕੀਤੀ ਗਈ ਮਾਇਆ ਦੇ ਸਹਾਰੇ ਗੁਲਛੱਰੇ ਉਡਾਉਂਦੇ ਹਨ। ਲੋਕਾਂ ਵੱਲੋਂ ਇਹ ਪੈਸੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਕਾਰਨ, ਆਪਣੀ ਸਮਝ ਅਨੁਸਾਰ ਗੁਰੂ ਸਾਹਿਬ ਨੂੰ ਭੇਟ ਕੀਤੇ ਜਾਂਦੇ ਹਨ ਪਰ ਪੁਜਾਰੀਆਂ, ਗੁਰਦੁਆਰਿਆਂ ਦੇ ਭ੍ਰਿਸ਼ਟ ਪ੍ਰਬੰਧਕਾਂ ਅਤੇ ਪਖੰਡੀ ਸਾਧਾਂ ਦਾ ਗਠਜੋੜ ਇਸ ਮਾਇਆ ਨੂੰ ਗੁਰਮਤਿ ਪ੍ਰਚਾਰ ਅਤੇ ਲੋੜਵੰਦਾਂ ਦੀ ਮਦਦ ਵਾਸਤੇ ਖਰਚਣ ਦੀ ਬਜਾਏ ਨਿਜੀ ਐਸ਼ਪ੍ਰਸਤੀ ਅਤੇ ਸਿੱਖੀ ਵਿੱਚ ਮਨਮਤਿ ਦਾ ਪ੍ਰਦੂਸ਼ਣ ਫੈਲਾਉਣ ਲਈ ਵਰਤ ਰਿਹਾ ਹੈ।
ਇਸੇ ਤਰ੍ਹਾਂ, ਪਖੰਡੀ ਸਾਧਾਂ ਵੱਲੋਂ ਪੇਂਡੂ ਸਿੱਖਾਂ ਦਾ ਜਜ਼ਬਾਤੀ ਸ਼ੋਸ਼ਣ ਕਰਕੇ ਉਨ੍ਹਾਂ ਤੋਂ ਆਪਣੇ ਡੇਰਿਆਂ ਵਿੱਚ ਕਥਿਤ ਤੌਰ ’ਤੇ ਲਗਾਏ ਜਾਂਦੇ ਲੰਗਰ ਵਾਸਤੇ ਮੁਫ਼ਤ ਵਿੱਚ ਕਣਕ/ਚੌਲਾਂ ਦੀਆਂ ਬੋਰੀਆਂ ਉਗਰਾਹੁਣੀਆਂ ਵੀ ਆਮ ਗੱਲ ਹੈ। ਅਜਿਹੀਆਂ ਉਗਰਾਹੀਆਂ ਦਾ ਬਹੁਤਾ ਹਿੱਸਾ ਵੀ ਲੰਗਰ ਦੀ ਬਜਾਏ ਸਾਧ-ਲਾਣੇ ਅਤੇ ਉਨ੍ਹਾਂ ਦੇ ਚੇਲੇਨੁਮਾ ਗੁੰਡਿਆਂ ਦੀਆਂ ਗੋਗੜਾਂ ਵਧਾਉਣ ਵਾਸਤੇ ਵਰਤਿਆ ਜਾਂਦਾ ਹੈ।
ਕੁਝ ਹੋਰ ਸ਼ੋਸ਼ਣਕਾਰੀਆਂ ਵੱਲੋਂ ‘ਖਾਲਿਸਤਾਨ’ ਦੇ ਨਾਮ ’ਤੇ ਕਈ ਦਹਾਕਿਆਂ ਤੋਂ ਸਿੱਖਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਅਜਿਹੇ ਮੱਕਾਰ ਲੋਕ ਵਿਦੇਸ਼ਾਂ ਵਿੱਚ ਵਸਣ ਵਾਲੇ ਰਜਦੇ-ਪੁਜਦੇ ਜਜ਼ਬਾਤੀ ਸਿੱਖਾਂ ਨੂੰ ਭਾਰਤ ਸਰਕਾਰ ਵੱਲੋਂ ਸਿੱਖਾਂ ’ਤੇ ਕੀਤੇ ਜਾਂਦੇ ਜ਼ੁਲਮਾਂ ਦੀਆਂ ਕਹਾਣੀਆਂ ਸੁਣਾ ਕੇ ਉਨ੍ਹਾਂ ਦੀਆਂ ਭਾਵਨਾਵਾਂ ਭੜਕਾਉਂਦੇ ਹਨ ਅਤੇ ਫਿਰ ਇਨ੍ਹਾਂ ਜ਼ੁਲਮਾਂ ਨੂੰ ਰੋਕਣ ਦਾ ਇਕ-ਮਾਤਰ ਰਸਤਾ ‘ਖ਼ਾਲਿਸਤਾਨ’ ਦੀ ਸਥਾਪਨਾ ਦੱਸ ਕੇ ਇਸ ‘ਵੱਖਰੇ ਦੇਸ਼’ ਦੀ ਉਸਾਰੀ ਦੇ ਪ੍ਰਚਾਰ ਵਾਸਤੇ ਮੋਟੀਆਂ ਰਕਮਾਂ ਉਗਰਾਹ ਲੈਂਦੇ ਹਨ।
ਇਸੇ ਕਿਸਮ ਦੇ ਕੁਝ ਆਗੂ/ਵਲੰਟੀਅਰ ਜੇਲ੍ਹਾਂ ਵਿੱਚ ਬੰਦ ਖਾੜਕੂਆਂ, ਜਿਵੇਂ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ, ਆਦਿਕ ਦੀ ਰਿਹਾਈ ਲਈ ਕਾਨੂੰਨੀ ਲੜਾਈ ਲੜਨ ਦਾ ਲਾਰਾ ਲਗਾ ਕੇ ਸਿੱਖਾਂ ਤੋਂ ਮੋਟੀਆਂ ਰਕਮਾਂ ਵਸੂਲਦੇ ਆ ਰਹੇ ਹਨ। ਇਸ ਤਰ੍ਹਾਂ ਦੀ ਉਗਰਾਹੀ ਇਨ੍ਹਾਂ ਆਗੂਆਂ/ਸੰਸਥਾਵਾਂ ਤੱਕ ਤਾਂ ਪਹੁੰਚਦੀ ਹੈ ਪਰ ਅਸਲ ਪੀੜ੍ਹਤ ਜਾਂ ਉਸਦੇ ਪਰਵਾਰ ਨੂੰ ਸਿਰਫ਼ ਫੋਕੇ ਲਾਰੇ ਹੀ ਮਿਲਦੇ ਹਨ।
ਕੁਝ ਹੋਰ ਟੁਕੜਬੋਚਾਂ ਨੇ ਸ਼ਹੀਦ ਖਾੜਕੂ ਸਿੰਘਾਂ ਦੇ ਯਤੀਮ ਬੱਚਿਆਂ ਦੀ ਸੰਭਾਲ ਕਰਨ ਦਾ ਦਾਅਵਾ ਕਰਕੇ ਮਾਇਆ ਦੇ ਗੱਫੇ ਉਗਰਾਹੁਣ ਦਾ ਧੰਧਾ ਅਰੰਭਿਆ ਹੋਇਆ ਹੈ। ਅਜਿਹੇ ਚਲਾਕ ਲੋਕਾਂ ਨੇ ਦਿਖਾਵੇ ਦੇ ਤੌਰ ’ਤੇ ਕੁਝ ਬੱਚੇ ਆਪਣੇ ‘ਆਸ਼ਰਮ’ ਵਿੱਚ ਰੱਖੇ ਵੀ ਹੁੰਦੇ ਹਨ, ਪਰ ਜਿਸ ਅਨੁਪਾਤ ਵਿੱਚ ਇਹ ਲੋਕ ਸੰਗਤਾਂ ਕੋਲੋਂ ਮਾਇਆ ਪ੍ਰਾਪਤ ਕਰਦੇ ਹਨ, ਉਸ ਤੋਂ ਬਹੁਤ ਘੱਟ ਅਨੁਪਾਤ ਵਿੱਚ ਬੱਚਿਆਂ ’ਤੇ ਖਰਚਾ ਕੀਤਾ ਜਾਂਦਾ ਹੈ ਅਤੇ ਬਾਕੀ ਦੀ ਰਕਮ ਨੂੰ ਵਿਚ-ਵਿਚਾਲੇ ਹੀ ‘ਟਾਂਕਾ’ ਮਾਰ ਲਿਆ ਜਾਂਦਾ ਹੈ। ਇਨ੍ਹਾਂ ਟ੍ਰਸਟਾਂ ਦੇ ਹਿਸਾਬ-ਕਿਤਾਬ ਵਿੱਚ ਪਾਰਦਰਸ਼ਿਤਾ ਨਾ ਹੋਣ ਕਾਰਨ ਇਨ੍ਹਾਂ ਠੱਗਾਂ ਦੇ ਟੋਲੇ ਵੱਲੋਂ ਕੀਤੀ ਜਾ ਰਹੀ ਹੇਰਾਫੇਰੀ ਦੀ ਸਟੀਕ ਜਾਣਕਾਰੀ ਪ੍ਰਾਪਤ ਕਰਨਾ ਵੀ ਕਾਫੀ ਔਖਾ ਹੋ ਜਾਂਦਾ ਹੈ।
ਕੁਝ ‘ਬੁੱਧੀਜੀਵੀਆਂ’ ਵੱਲੋਂ ਅਖੌਤੀ ਧਾਰਮਕ ਜਥੇਬੰਦੀਆਂ ਬਣਾ ਕੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ। ਅਜਿਹੇ ਲੋਕਾਂ ਵੱਲੋਂ ਆਪਣੇ ਮੀਡੀਆ ਸਾਧਨਾਂ ਰਾਹੀਂ ਅਜਿਹਾ ਪ੍ਰਭਾਵ ਦਿੱਤਾ ਜਾਂਦਾ ਹੈ ਕਿ ਸਿੱਖ ਧਰਮ ਦਾ ਭਵਿੱਖ ਸੁਧਾਰਨ ਦਾ ਇਕ-ਮਾਤਰ ਤਰੀਕਾ ਇਨ੍ਹਾਂ ਦੀ ਇਸ ਸੰਸਥਾ ਨੂੰ ਮਾਇਆ ਦੇ ਗੱਦੇ ਦੇਣਾ ਮਾਤਰ ਹੈ। ਸਿੱਖ ਪੰਥ ਦੀ ਚੜ੍ਹਦੀ ਕਲਾ ਚਾਹੁਣ ਵਾਲੇ ਬਹੁਤ ਸਾਰੇ ਭੋਲੇ-ਭਾਲੇ ਲੋਕ ਅਜਿਹੇ ਬੁੱਧੀਜੀਵੀਆਂ ਦੀਆਂ ਗੱਲਾਂ ਵਿੱਚ ਆ ਕੇ ਇਨ੍ਹਾਂ ਸੰਸਥਾਵਾਂ ਦੇ ਮੈਂਬਰ ਤਾਂ ਬਣ ਜਾਂਦੇ ਹਨ, ਪਰ ਅਜਿਹੀਆਂ ਸੰਸਥਾਵਾਂ ਜਾਂ ਇਨ੍ਹਾਂ ਦੇ ਪ੍ਰਬੰਧਕ ਜ਼ਮੀਨੀ ਸਤਰ ’ਤੇ ਸਿੱਖ ਸਮਾਜ ਵਿੱਚ ਕੋਈ ਬਦਲਾਅ ਨਹੀਂ ਲਿਆ ਪਾਉਂਦੇ ਕਿਉਂਕਿ ਉਨ੍ਹਾਂ ਦਾ ਮਕਸਦ ਵੀ ਸਿੱਖਾਂ ਨੂੰ ਜਾਗ੍ਰਿਤ ਕਰਨਾ ਨਹੀਂ ਬਲਕਿ ਆਪਣਾ ਪਿਛਲੱਗੂ ਬਣਾ ਕੇ ਉਨ੍ਹਾਂ ਦਾ ਆਰਥਕ ਸ਼ੋਸ਼ਣ ਕਰਨਾ ਹੀ ਹੁੰਦਾ ਹੈ।
ਕੁਝ ਹੋਰ ਬੁੱਧੀਜੀਵੀ ਸਿੱਖਾਂ ਦਾ ਟੀ.ਵੀ. ਚੈਨਲ ਸ਼ੁਰੂ ਕਰਨ ਜਾਂ ਸਿੱਖਾਂ ਵਾਸਤੇ ਕੋਈ ਬਹੁਤ ਮਹਿੰਗੀ ਪੱਧਰ ਦਾ ਮਿਊਜ਼ਿਅਮ ਆਦਿਕ ਚਾਲੂ ਕਰਨ ਦਾ ਸ਼ੋਸ਼ਾ ਛੱਡ ਕੇ ਮਾਇਆ ਦੇ ਗੱਫੇ ਉਸਾਰ ਰਹੇ ਹਨ। ਇਸ ਤਰ੍ਹਾਂ ਦੇ ਬੁੱਧੀਜੀਵੀ ਇਹ ਨਹੀਂ ਦੱਸਦੇ ਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਚਾਲੂ ਮੀਡੀਆ ਸੰਗਠਨਾਂ ਵਿੱਚ ਪੰਥਕ ਵਿਦਵਾਨਾਂ/ਪ੍ਰਚਾਰਕਾਂ ਦੇ ਯੋਗ ਵਿਚਾਰਾਂ ਨੂੰ ਛਿੱਕੇ ’ਤੇ ਟੰਗ ਕੇ, ਨਿਜੀ ਲਾਭਾਂ ਨੂੰ ਮੁੱਖ ਰਖਦੇ ਹੋਏ ਵਿਚਾਰ ਪੇਸ਼ ਕਰਕੇ ਪਾਠਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ। ਅਜਿਹੇ ਸੰਗਠਨਾਂ ਦੇ ਪ੍ਰਬੰਧਕ ਹੀ ਸਿਆਸੀ ਆਗੂਆਂ ਦੀ ਇਕ ਧਿਰ ਦੀ ਚਾਪਲੂਸੀ ਅਤੇ ਦੂਜੀ ਧਿਰ ਦੀ ਸਖ਼ਤ ਆਲੋਚਨਾ ਕਰਕੇ ਉਨ੍ਹਾਂ ਦੀ ਇਕ ਕਿਸਮ ਦੀ ਬਲੈਕ-ਮੇਲਿੰਗ ਨਾਲ ਵੀ ਆਪਣੀ ‘ਤਾਕਤ’ ਵਿੱਚ ਵਾਧਾ ਕਰਦੇ ਰਹੇ ਹਨ। ਪਰ ਸ਼ਰਧਾਲੂ ਸਿੱਖ ਇਨ੍ਹਾਂ ਦੀਆਂ ਨੀਤੀਆਂ ਨੂੰ ਸਮਝ ਨਾ ਪਾਉਣ ਕਾਰਨ ਇਨ੍ਹਾਂ ਦੇ ਵੱਖ-ਵੱਖ ਅਖੌਤੀ ਧਰਮ ਪ੍ਰਚਾਰ ਪ੍ਰਾਜੈਕਟਾਂ ਵਾਸਤੇ ਆਪਣੀਆਂ ਜੇਬਾਂ ਖਾਲੀ ਕਰਦੇ ਰਹਿੰਦੇ ਹਨ।
‘ਗਰੀਬ’ ਲੋਕਾਂ ਦੀ ਮਦਦ ਕਰਨ ਵਾਸਤੇ ਮਾਇਆ ਦੀ ਉਗਰਾਹੀ ਤਾਂ ਬਹੁਤ ਸਾਰੇ ਅਖੌਤੀ ਸਮਾਜ-ਸੇਵੀ ਸੰਗਠਨਾਂ ਵੱਲੋਂ ਕੀਤੀ ਜਾਂਦੀ ਹੈ ਤੇ ਸਿੱਖਾਂ ਦੇ ਕਈ ‘ਧਾਰਮਕ’ ਸੰਗਠਨ ਵੀ ਇਹੀ ਕੁਝ ਕਰ ਰਹੇ ਹਨ। ਪਿਛਲੇ ਦਿਨੀਂ ਅਜਿਹੇ ਇਕ ਸੰਗਠਨ ਨੇ ਪੱਛਮੀ ਦਿੱਲੀ ਦੇ ਸੁਲਤਾਨ ਪੁਰੀ ਇਲਾਕੇ ਵਿੱਚ ਰਹਿੰਦੇ ਅਤਿ ਗਰੀਬ ਸਿੱਖ ਪਰਵਾਰਾਂ ਦੀ ਵੀਡੀਓ ਬਣਾ ਕੇ ਇੰਟਰਨੈੱਟ ’ਤੇ ਪਾ ਦਿੱਤੀ ਅਤੇ ਨਾਲ ਹੀ ਸੰਗਤਾਂ ਨੂੰ ਹਲੂਣਾ ਦਿੱਤਾ ਕਿ ਵੱਡੇ-ਵੱਡੇ ਗੁਰਦੁਆਰੇ ਬਣਾਉਣ ਦੀ ਬਜਾਏ (ਉਕਤ ਸੰਸਥਾ ਨੂੰ ਮਾਇਆ ਦੇ ਗੱਫੇ ਵੰਡ ਕੇ) ਇਨ੍ਹਾਂ ਗਰੀਬ ਸਿੱਖਾਂ ਦੀ ‘ਮਦਦ’ ਕੀਤੀ ਜਾਏ। ਕਿਧਰੇ ਜਜ਼ਬਾਤੀ ‘ਗ੍ਰਾਹਕ’ ਉਨ੍ਹਾਂ ਦੀ ਪਕੜ ਤੋਂ ਬਾਹਰ ਨਾ ਨਿਕਲ ਜਾਣ, ਇਹ ਸੋਚ ਕੇ ਪੱਛਮੀ ਦਿੱਲੀ ਦੇ ਇਕ ਅਖੌਤੀ ਸਿੱਖ ਸੇਵਾ ਸੰਸਥਾਨ (ਜਿਸ ’ਤੇ ਸਰਨਾ ਦੇ ਚਾਪਲੂਸ ਦੇ ਤੌਰ ’ਤੇ ਸਰਗਰਮ ਖੁਫੀਆ ਏਜੰਸੀਆਂ ਦੇ ਇਕ ਏਜੰਟ ਦਾ ਕਬਜ਼ਾ ਹੈ) ਨੇ ਵੀ ‘ਅਪੀਲ’ ਜਾਰੀ ਕਰ ਦਿੱਤੀ ਕਿ ਉਕਤ ਗਰੀਬ ਸਿੱਖਾਂ ਦੀ ਮਦਦ ਦੇ ਪ੍ਰਾਜੈਕਟ ਵਾਸਤੇ ਉਨ੍ਹਾਂ ਦੀ ਮਾਇਕ ਮਦਦ ਕੀਤੀ ਜਾਵੇ। ਪਰ ਜਦ ਕੁਝ ਜਾਗਰੁਕ ਸਿੱਖਾਂ ਨੇ ਇੰਟਰਨੈੱਟ ਰਾਹੀਂ ਹੀ ਇਹ ਸਵਾਲ ਪੁੱਛ ਲਿਆ ਕਿ ਅਖੀਰ ਉਨ੍ਹਾਂ ਦਾ ਪ੍ਰਾਜੈਕਟ ਹੈ ਕੀ ਅਤੇ ਇਸ ਵਿੱਚ ਮਾਇਆ ਦਾ ਦੁਰਪਯੋਗ ਨਾ ਹੋਣ ਦੀ ਕੀ ਗਰੰਟੀ ਹੈ ਤਾਂ ਉਕਤ ਸੰਸਥਾ ਦੇ ਪ੍ਰਬੰਧਕਾਂ ਵੱਲੋਂ ਮਾਮਲੇ ’ਤੇ ਚੁੱਪੀ ਵੱਟ ਲਈ ਗਈ।
ਦੇਸ਼-ਵਿਦੇਸ਼ ਵਿੱਚ ਵਸਦੇ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਜ਼ਰੂਰਤਮੰਦ ਸਿੱਖਾਂ ਦੀ ਮਦਦ ਅਤੇ ਧਰਮ ਪ੍ਰਚਾਰ ਵਾਸਤੇ ਮਾਇਆ ਵੱਡੇ-ਵੱਡੇ ਦਮਗਜੇ ਮਾਰਨ ਵਾਲੇ ਵਿਅਕਤੀਆਂ/ਸੰਸਥਾਵਾਂ ਨੂੰ ਦੇਣ ਦੀ ਬਜਾਏ ਖ਼ੁਦ ਜਾਂ ਕਿਸੇ ਸਾਂਝੀ ਕਮੇਟੀ ਰਾਹੀਂ ਅਜਿਹਾ ਉਪਰਾਲਾ ਕਰਨ ਤਾਂ ਜੋ ਸਿੱਖੀ ਦੇ ਨਾਂ ’ਤੇ ਹੋ ਰਹੀਆਂ ਠੱਗੀ ਦੀਆਂ ਕਾਰਵਾਈਆਂ ’ਤੇ ਰੋਕ ਲਗਾਈ ਜਾ ਸਕੇ।