Subscription About Us Contact Us


ਡੇਰਾ ਮਸਤੂਆਣਾ ਵੱਲੋਂ ਨਕਲੀ ਦਰਬਾਰ ਸਾਹਿਬ ਦੀ ਉਸਾਰੀ ਅਤੇ ਬਾਦਲਕਿਆਂ ਤੇ ਪੁਜਾਰੀਆਂ ਵੱਲੋਂ ਕੌਮ ਨਾਲ ਵਿਸਾਹਘਾਤ ਦਾ ਪਰਦਾਫਾਸ਼

- ਸਵਰਣ ਸਿੰਘ -

ਡੇਰਾ ਮਸਤੂਆਣਾ ਵਿਖੇ ਸਰੋਵਰ ਦੇ ਵਿਚਕਾਰ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਹੂ-ਬ-ਹੂ ਨਕਲ ਵਾਲੇ ਤਿਆਰ ਕੀਤੇ ਗਏ ਕੰਪਲੈਕਸ ਦਾ ਦ੍ਰਿਸ਼

ਨਕਲੀ ਦਰਬਾਰ ਸਾਹਿਬ ਦੇ ਪਿਛਲੇ ਪਾਸੇ ਉਸਾਰੀ ਗਈ ਨਕਲੀ
‘ਹਰਿ ਕੀ ਪੌੜੀ’ ਦਾ ਦ੍ਰਿਸ਼

ਡੇਰੇਦਾਰਾਂ ਵੱਲੋਂ ਸਿੱਖਾਂ ਲਈ ਨਿੱਤ ਨਵੀਆਂ ਚੁਣੋਤੀਆਂ ਪੇਸ਼ ਕਰਦੇ ਰਹਿਣਾ ਕੋਈ ਨਵੀਂ ਗੱਲ ਨਹੀਂ ਅਤੇ ਪੰਜਾਬ ਦੇ ਜ਼ਿਲਾ ਸੰਗਰੂਰ ਵਿੱਚ ਸਥਾਪਿਤ ਡੇਰਾ ਮਸਤੂਆਣਾ ਦੇ ਪਖੰਡੀ ਸਾਧਾਂ ਨੇ ਇਹ ਧਾਰਨਾ ਇਕ ਵਾਰ ਫਿਰ ਸਾਬਿਤ ਕਰ ਦਿੱਤੀ ਹੈ। ਅਖੌਤੀ ਸੰਤ ਅਤਰ ਸਿੰਘ ਨਾਲ ਸਬੰਧਿਤ ਇਸ ਡੇਰੇ ਦੇ ਸਾਧ ਬਲਵੰਤ ਸਿੰਘ ਸਿਹੋੜੇ ਵਾਲੇ ਅਤੇ ਬਾਬਾ ਸਾਧੂ ਸਿੰਘ ਵੱਲੋਂ ਡੇਰਾ ਕੰਪਲੈਕਸ ਵਿੱਚ ਦਰਬਾਰ ਸਾਹਿਬ ਦੀ ਨਕਲ ਵਾਲੇ ਬਿਲਡਿੰਗ ਦੀ ਉਸਾਰੀ ਮੁਕੰਮਲ ਕਰਵਾਉਣ ਦੀ (ਬੇ)ਕਾਰ ਸੇਵਾ ਸ਼ੁਰੂ ਕਰਵਾਉਣ ਨਾਲ ਪੈਦਾ ਹੋਏ ਇਸ ਵਿਵਾਦ ਦੌਰਾਨ ਇਨ੍ਹਾਂ ਉਕਤ ਡੇਰੇ ਦੇ ਸਾਧਾਂ ਵੱਲੋਂ ਗੁਰਮਤਿ ਦੀਆਂ ਧੱਜੀਆਂ ਉਡਾਉਣ ਦੇ ਕਈ ਹੋਰ ਮਾਮਲੇ ਵੀ ਸਾਹਮਣੇ ਆਏ ਹਨ।

ਡੇਰੇ ਜਾਂ ਕਿਸੇ ਨਿਜੀ ਅਦਾਰੇ ਵੱਲੋਂ ਬਣਾਈ ਗਈ ਉਕਤ (ਬੇ)ਕਾਰ ਸੇਵਾ ਦੀ ਡੀ.ਵੀ.ਡੀ. ਦੇਖਣ ਨਾਲ ਹੈਰਾਨੀ ਹੁੰਦੀ ਹੈ ਕਿ ਕਿਸ ਤਰ੍ਹਾਂ ਇਹ ਬੂਬਨੇ ਸਾਧ ਅਤੇ ਉਨ੍ਹਾਂ ਦੀ ਪਿੱਠ ਠੋਕਣ ਵਾਲੇ ਸਿਆਤਸਦਾਨ ਸ਼ਰੇਆਮ, ਪੂਰੀ ਬੇਸ਼ਰਮੀ ਅਤੇ ਆਤਮ-ਵਿਸ਼ਵਾਸ ਨਾਲ ਗੁਰਮਤਿ ਅਤੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਦੇ ਹਨ। ਉਕਤ ਡੀ.ਵੀ.ਡੀ. ਵਿੱਚ ਦਿਖਾਇਆ ਗਿਆ ਹੈ ਕਿ ਇਸ (ਬੇ)ਕਾਰ ਸੇਵਾ ਦੇ ਉਦਘਾਟਨ ਦੀ ਰਸਮ ਦੌਰਾਨ ਅਕਾਲੀ ਦਲ (ਬਾਦਲ) ਦੇ ਜਨਰਲ ਸਕੱਤਰ ਅਤੇ (ਹੁਣ ਸਾਬਕਾ ਪਰ ਉਸ ਸਮੇਂ ਤਤਕਾਲੀ) ਸੰਸਦ ਮੈਂਬਰ ਸੁਖਦੇਵ ਸਿੰਘ ਢੀਂਢਸਾ ਦੇ ਇਲਾਵਾ ਖ਼ਾਲਿਸਤਾਨੀ ਵਿਚਾਰਧਾਰਾ ਦੇ ਕਥਿਤ ਮਸੀਹਾ ਸਿਮਰਨਜੀਤ ਸਿੰਘ ਮਾਨ ਵੀ ਡੇਰੇ ਵਿੱਚ ਹਾਜ਼ਰੀਆਂ ਭਰਦੇ ਨਜ਼ਰ ਆਉਂਦੇ ਹਨ। ਆਪਣੇ ਲੈਕਚਰ ਦੌਰਾਨ ਸਿਮਰਨਜੀਤ ਸਿੰਘ ਮਾਨ ਨੇ ਬਲਵੰਤ ਸਿੰਘ ਸਿਹੋੜੇ ਦੀ ਚਾਪਲੂਸੀ ਕਰਦੇ ਹੋਏ ਇਥੋਂ ਤੱਕ ਕਹਿ ਦਿੱਤਾ ਕਿ ‘ਸੰਤ’ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਬਾਅਦ ਜੇਕਰ ਕੋਈ ਚੰਗਾ ਸੰਤ ਹੋਇਆ ਹੈ, ਤਾਂ ਉਹ ਸਿਹੋੜੇ ਵਾਲੇ ਸੰਤ ਹੀ ਹਨ।

ਪਰ ਇਸ ਤੋਂ ਪਹਿਲਾਂ ਡੀ.ਵੀ.ਡੀ. ਵਿੱਚ ਹੋਰ ਵੀ ਬਹੁਤ ਕੁਝ ਅਰਥ-ਭਰਪੂਰ ਵੇਖਣ ਨੂੰ ਮਿਲਦਾ ਹੈ। ਜਿਵੇਂ, ਜਦ ਡੇਰੇਦਾਰ ਬਲਵੰਤ ਸਿੰਘ ਸਿਹੋੜੇ ਵਾਲਾ ਆਪਣੀ ਕਾਰ ਵਿੱਚ ਡੇਰੇ ਕੋਲ ਪਹੁੰਚਦਾ ਹੈ ਤਾਂ ਉੱਥੇ ਉਸਦਾ ਸਵਾਗਤ ਕਰਨ ਲਈ ਤਿਆਰ-ਬਰ-ਤਿਆਰ ‘ਪੰਜ ਪਿਆਰੇ’ ਪਹਿਲਾਂ ਹੀ ਉਡੀਕ ਕਰ ਰਹੇ ਹੁੰਦੇ ਹਨ। ਡੇਰੇਦਾਰ ਦੇ ਕਾਰ ’ਚੋਂ ਉਤਰਨ ਤੋਂ ਪਹਿਲਾਂ ਹੀ ਉਸਦੇ ਚੇਲੇ ਉਸ ਅੱਗੇ 1000-1000 ਰੁਪਏ ਦੇ ਨੋਟ ਰੱਖ ਕੇ ਉਸਨੂੰ ਮੱਥੇ ਟੇਕਣਾ ਸ਼ੁਰੂ ਕਰ ਦਿੰਦੇ ਹਨ। ਆਪਣੇ ਦਰਸ਼ਨਾਂ ਲਈ ਲੱਗੀ ਹੋਈ ਭੀੜ ਤੋਂ ਨਿਹਾਲ ਕੇ ਕੁਝ ਦੇਰ ਬਾਅਦ ਇਹ ਸਾਧ ਆਪਣੀ ਕਾਰ ’ਚੋਂ ਉਤਰ ਕੇ ਡੇਰੇ ਵੱਲ ਤੁਰਦਾ ਹੈ ਤਾਂ ਡੇਰੇ ਵੱਲੋਂ ਤਿਆਰ ਕੀਤੇ ਗਏ ਪੰਜ ਪਿਆਰੇ ਉਸ ਦੀ ਇਉਂ ਅਗਵਾਈ ਕਰਨ ਲੱਗਦੇ ਹਨ, ਜਿਵੇਂ ਨਗਰ ਕੀਰਤਨ ਵਿੱਚ ਸਜਾਏ ਗਏ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਕਰਦੇ ਹਨ।

ਡੇਰੇ ਦੇ ਅੰਦਰਲੇ ਦੀਵਾਨ ਹਾਲ ਵਿੱਚ ਪੰਜ ਪਿਆਰੇ ਡੇਰੇਦਾਰ ਦੇ ਸਵਾਗਤ ਵਿੱਚ ਕਤਾਰ ਬਣਾ ਕੇ ਇਕ ਪਾਸੇ ਖੜੇ ਹੋ ਜਾਂਦੇ ਹਨ। ਜਦ ਫੁੱਲ-ਮਾਲਾਵਾਂ ਨਾਲ ਲੱਦਿਆ ਸਾਧ ਅੰਦਰ ਆਉਂਦਾ ਹੈ ਤਾਂ ਇਕ ਚੇਲਾ ਪਖੰਡੀ ਸਾਧ ਦੇ ਚੋਲੇ ਦੀ ਸੰਭਾਲ ਕਰਦਾ ਰਹਿੰਦਾ ਹੈ। ਡੇਰੇਦਾਰ ਸਿਹੋੜੇ ਵਾਲਾ ਗੁਰੂ ਗ੍ਰੰਥ ਸਾਹਿਬ ਅੱਗੇ ਪਈ ਗੋਲਕ ਵਿੱਚ ਇਕ ਨੋਟ ਤਾਂ ਪਾ ਦਿੰਦਾ ਹੈ ਪਰ ਗੁਰੂ ਸਾਹਿਬ ਨੂੰ ਮੱਥਾ ਨਹੀਂ ਟੇਕਦਾ।

ਨਕਲੀ ਦਰਬਾਰ ਸਾਹਿਬ ਦੀ (ਬੇ)ਕਾਰ ਸੇਵਾ ਸਮੇਂ ਡੇਰੇ ਵਿੱਚ ਪਧਾਰਦੇ ਸ੍ਰ: ਸੁਖਦੇਵ ਸਿੰਘ ਢੀਂਢਸਾ

ਨਕਲੀ ਦਰਬਾਰ ਸਾਹਿਬ ਦੀ (ਬੇ)ਕਾਰ ਸੇਵਾ ਸਮੇਂ ਡੇਰੇ ਵਿੱਚ ਪਧਾਰਦੇ ਸ੍ਰ: ਸੁਖਦੇਵ ਸਿੰਘ ਢੀਂਢਸਾ

ਬਲਵੰਤ ਸਿੰਘ ਸਿਹੋੜੇ ਵਾਲੇ ਦਾ ਸਵਾਗਤ ਕਰਕੇ ਉਸਦੀ ਅਗਵਾਈ ਕਰਦਿਆਂ ‘ਪੰਜ ਪਿਆਰੇ’

ਗੁਰੂ ਗ੍ਰੰਥ ਸਾਹਿਬ ਦਾ ਰੁਮਾਲਾ ਪਾਈ ਬੈਠਿਆਂ ਬਲਵੰਤ ਸਿੰਘ ਸਿਹੋੜਾ। ਉਸਦੇ ਨੇੜੇ ਹੀ ਸ੍ਰ: ਸਿਮਰਨਜੀਤ ਸਿੰਘ ਮਾਨ ਵੀ ਬੈਠੇ ਨਜ਼ਰ ਆ ਰਹੇ ਹਨ।

ਸਿਹੋੜੇ ਵਾਲੇ ਨੂੰ ਚੌਰ ਕਰਦਿਆਂ ਉਸਦਾ ਇਕ ਚੇਲਾ ਅਤੇ ਕ੍ਰਿਪਾਨ ਚੁੱਕ ਕੇ ਜੈਕਾਰੇ ਦਾ ਜਵਾਬ ਦਿੰਦਿਆਂ ਕਥਿਤ ਪੰਜ ਪਿਆਰੇ

ਨਕਲੀ ਦਰਬਾਰ ਸਾਹਿਬ ਦੇ ਸਰੋਵਰ ਦੀ (ਬੇ)ਕਾਰ ਸੇਵਾ ਅਰੰਭ ਕਰਦਿਆਂ ਅਖੌਤੀ ਬਾਬਾ ਸਾਧੂ ਸਿੰਘ ਤੇ ਉਸਦੇ ਚੇਲੇ-ਚੰਪਟ

ਇਸ ਉਪਰੰਤ ਪਹਿਲਾਂ ਹੀ ਚੱਲ ਰਹੇ ਕੀਰਤਨ ਨੂੰ ਸੁਣਨ ਦੀ ਬਜਾਏ ਡੇਰੇਦਾਰ ਆਪਣੇ ਟੋਲੇ ਨੂੰ ਲੈ ਕੇ ਅਲੱਗ ਥਾਂ ’ਤੇ ਬੈਠ ਜਾਂਦਾ ਹੈ। ਸਿਹੋੜੇ ਵਾਲੇ ਦਾ ਇਕ ਚੇਲਾ ਉਸਨੂੰ ਸਿਰੋਪੇ ਦੀ ਤਰਜ਼ ’ਤੇ ਗੁਰੂ ਗ੍ਰੰਥ ਸਾਹਿਬ ਦਾ ਰੁਮਾਲਾ ਪਹਿਣਾ ਦਿੰਦਾ ਹੈ (ਇਹ ਪ੍ਰਭਾਵ ਦੇਣ ਲਈ ਕਿ ਇਹ ਸਾਧ ਗੁਰੂ ਸਾਹਿਬ ਤੋਂ ਘੱਟ ਨਹੀਂ)। ਡੇਰੇਦਾਰ ਦਾ ਇਕ ਹੋਰ ਚੇਲਾ ਤੌਲੀਏ ਵਰਗੇ ਇਕ ਕਪੜੇ ਨਾਲ ਲਗਾਤਾਰ ਸਾਧ ਦੇ ਸਿਰ ’ਤੇ ਇੰਞ ਹਵਾ ਕਰਦਾ ਰਹਿੰਦਾ ਹੈ, ਜਿਵੇਂ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ‘ਚੌਰ’ ਕੀਤੀ ਜਾਂਦੀ ਹੈ। ਭਾਵ, ਡੇਰੇਦਾਰ ਟੋਲੇ ਨੇ ਸਿੱਧੀ ਤਰ੍ਹਾਂ ਤਾਂ ਚੌਰ ਦੀ ਵਰਤੋਂ ਨਹੀਂ ਕੀਤੀ ਪਰ ਅਸਿੱਧੇ ਢੰਗ ਨਾਲ ਇਸ ਰਵਾਇਤ ਨਾਲ ਵੀ ਸਾਧ ਨੂੰ ਸਨਮਾਨਿਆ (ਜੇਕਰ ਸਿੱਖਾਂ ਦੀਆਂ ਅੱਖਾਂ ’ਤੇ ਇਸੇ ਤਰ੍ਹਾਂ ਅਗਿਆਨ ਅਤੇ ਸ਼ਰਧਾ ਦੀਆਂ ਪੱਟੀਆਂ ਬੰਨ੍ਹੀਆਂ ਰਹੀਆਂ ਤਾਂ ਉਹ ਦਿਨ ਵੀ ਦੂਰ ਨਹੀਂ ਜਦ ਇਸ ਨਸਲ ਦੇ ਡੇਰੇਦਾਰ ਸਾਧ ਖ਼ੁਦ ਨੂੰ ਚੌਰ ਵੀ ਕਰਵਾਉਣ ਲੱਗ ਪੈਣਗੇ)।

ਕੁਝ ਸਮੇਂ ਬਾਅਦ ਡੇਰੇਦਾਰ ਸਿਹੋੜੇ ਵਾਲੇ ਕੋਲ ਇਕ ਹੋਰ ਚੋਲਾਧਾਰੀ (ਅਖੌਤੀ ਸੰਤ) ਸਾਧੂ ਸਿੰਘ ਨੂੰ ਲਿਆ ਕੇ ਬਿਠਾ ਦਿੱਤਾ ਜਾਂਦਾ ਹੈ (ਭਰੋਸੇਯੋਗ ਸੂਤਰਾਂ ਮੁਤਾਬਿਕ, ਇਹ ਸਾਧ ਅਧਰੰਗ ਦਾ ਸ਼ਿਕਾਰ ਰਹਿਆ ਹੋਣ ਕਾਰਨ ਚੰਗੀ ਤਰ੍ਹਾਂ ਚੱਲ-ਫਿਰ ਨਹੀਂ ਸਕਦਾ)। ਪਰ ਕਿਸੇ ਖ਼ਾਸ ਮਕਸਦ ਅਧੀਨ ਉਸਨੂੰ ਸੇਵਾਦਾਰਾਂ ਦੀ ਮਦਦ ਨਾਲ ਦੀਵਾਨ ਹਾਲ ਵਿੱਚ ਲਿਆ ਕੇ ਬਿਠਾ ਦਿੱਤਾ ਜਾਂਦਾ ਹੈ। ਜਦ ਸਿਹੋੜੇ ਵਾਲਾ ਸਾਧ ਆਪਣੇ ਇਸ ਜੂਨੀਅਰ ਰਾਹੀਂ ਨਕਲੀ ਦਰਬਾਰ ਸਾਹਿਬ ਦੀ (ਬੇ)ਕਾਰ ਸੇਵਾ ਅਰੰਭਣ ਦਾ ਐਲਾਨ ਕਰਦਾ ਹੈ, ਤਾਂ ਹਾਲ ’ਚ ਮੌਜੂਦ ਹੋਰਨਾਂ ਵਿਅਕਤੀਆਂ ਦੇ ਨਾਲ-ਨਾਲ ‘ਪੰਜ ਪਿਆਰੇ’ ਵੀ ਆਪਣੇ ਹੱਥ ਖੜੇ ਕਰਕੇ ਸਾਧ ਦੀ ਚਾਪਲੂਸੀ ਕਰਦੇ ਨਜ਼ਰ ਆਉਂਦੇ ਹਨ। ਬਾਅਦ ’ਚ ਇਸੇ ਸਾਧ ਅਤੇ ਸਿਹੋੜੇ ਵਾਲੇ ਨੂੰ ਸੁੱਕੇ ਸਰੋਵਰ ’ਚ ਖੜਾ ਕਰਕੇ ਨਕਲੀ ਦਰਬਾਰ ਸਾਹਿਬ ਦੀ (ਬੇ)ਕਾਰ ਸੇਵਾ ਅਰੰਭਣ ਦੀ ਰਸਮ ਪੂਰੀ ਕਰ ਦਿੱਤੀ ਜਾਂਦੀ ਹੈ।

ਸਿਹੋੜੇ ਵਾਲੇ ਸਾਧ ਦੀਆਂ ਇਨ੍ਹਾਂ ਗੁਰਮਤਿ-ਵਿਰੋਧੀ ਕਾਰਵਾਈਆਂ ਬਾਰੇ ਤਾਂ ਕਿਸੇ ਸੰਸਥਾ/ਪ੍ਰਕਾਸ਼ਨ ਨੇ ਨੋਟਿਸ ਨਹੀਂ ਲਿਆ ਪਰ ਨਕਲੀ ਦਰਬਾਰ ਸਾਹਿਬ ਦਾ ਮਸਲਾ ਮੀਡੀਆ ਵਿੱਚ ਚਰਚਿਤ ਹੋਣ ਉਪਰੰਤ ਕੁਝ ਦਿਨਾਂ ਤੱਕ ਸ਼੍ਰੋਮਣੀ ਕਮੇਟੀ ਦੇ ਆਗੂਆਂ ਨੇ ਬੜਾ ਰੌਲਾ ਪਾਇਆ ਪਰ ਕੁਝ ਹੀ ਦਿਨਾਂ ਬਾਅਦ ਇਸ ਮਾਮਲੇ ’ਤੇ ਦੋਗਲੇ ਕਿਸਮ ਦੇ ਬਿਆਨ ਆਉਣੇ ਸ਼ੁਰੂ ਹੋ ਗਏ। ਅਤੇ ਫਿਰ ਅਖੌਤੀ ਜਥੇਦਾਰਾਂ ਨੇ ਕੁਝ ਸੰਸਥਾਵਾਂ ਦੀ ‘ਸਲਾਹ’ ਲੈਣ ਦਾ ਬਚਿੱਤਰ ਨਾਟਕ ਰਚ ਕੇ ਹੁਕਮ ਜਾਰੀ ਕਰ ਦਿੱਤਾ ਕਿ ਡੇਰੇਦਾਰਾਂ ਨੂੰ ਨਕਲੀ ਦਰਬਾਰ ਸਾਹਿਬ ਦੀ ਸਮੁੱਚੀ ਬਿਲਡਿੰਗ ਤੋੜਨ ਦੀ ਲੋੜ ਨਹੀਂ, ਉਹ ਬੱਸ ਇਸਦੇ ਡਿਜ਼ਾਈਨ ਵਿੱਚ ਥੋੜੀ-ਬਹੁਤ ਤਬਦੀਲੀ ਕਰ ਲੈਣ। ਆਮ ਲੋਕਾਂ ’ਚ ਭਾਵੇਂ ਪੁਜਾਰੀਆਂ (ਅਖੌਤੀ ਜਥੇਦਾਰਾਂ) ਦੇ ਇਸ ਵਤੀਰੇ ਨਾਲ ਕੁਝ ਗਿਲ੍ਹਾ ਪੈਦਾ ਹੋਇਆ ਹੋਵੇ। ਪਰ ਅਸਲ ਵਿੱਚ ਇਹ ਸਭ ਕੁਝ ਬਾਦਲਕਿਆਂ ਦੀ ਪੁਰਾਣੀ ਨੀਤੀ ਦਾ ਹੀ ਹਿੱਸਾ ਹੈ।

ਬਾਦਲਕਿਆਂ ਦੀ ਨੀਤੀ ਰਹੀ ਹੈ ਕਿ ਆਪਣੇ ਨਾਲ ਰਲ ਕੇ ਚੱਲਣ ਵਾਲੇ ਡੇਰੇਦਾਰਾਂ ਦੀਆਂ ਕਰਤੂਤਾਂ ਬਾਰੇ ਚੁੱਪੀ ਧਾਰ ਰੱਖੀ ਜਾਏ। ਦੱਸਿਆ ਜਾਂਦਾ ਹੈ ਕਿ ਦਰਬਾਰ ਸਾਹਿਬ ਦੀ ਇਸ ਨਕਲ ਦੀ ਉਸਾਰੀ 1967 ਤੋਂ ਹੀ ਹੋ ਰਹੀ ਸੀ ਪਰ ਇਸ ਬਾਬਤ ਕੋਈ ਜ਼ਿਕਰ ਨਾ ਛੇੜਿਆ ਗਿਆ। ਪਰ ਉਕਤ ਨੀਤੀ ਅਧੀਨ ਸ਼੍ਰੋਮਣੀ ਕਮੇਟੀ ਅਹੁਦੇਦਾਰਾਂ ਨੇ ਇਸ ਬਾਬਤ ਚੁੱਪੀ ਧਾਰੀ ਰੱਖੀ ਕਿਉਂਕਿ ਇਨ੍ਹਾਂ ਡੇਰੇਦਾਰਾਂ ਨੇ ਬਾਦਲਕਿਆਂ ਨਾਲ ਸਾਂਝ ਬਣਾਈ ਹੋਈ ਸੀ। ਪਰ ਹੁਣੇ ਜਿਹੇ ਹੋਈਆਂ ਲੋਕ ਸਭਾ ਚੋਣਾਂ ’ਚ ਇਨ੍ਹਾਂ ਡੇਰੇਦਾਰਾਂ ਨੇ ਬਾਦਲਕਿਆਂ ਦੀ ਬਜਾਏ ਸਿਮਰਨਜੀਤ ਸਿੰਘ ਮਾਨ ਦਾ ਸਾਥ ਦਿੱਤਾ, ਜਿਸਨੂੰ ਬਾਦਲ ਦਲ ਦੇ ਉਮੀਦਵਾਰ ਸੁਖਦੇਵ ਸਿੰਘ ਢੀਂਢਸਾ ਦੀ ਇਨ੍ਹਾਂ ਚੋਣਾਂ ’ਚ ਹੋਈ ਹਾਰ ਲਈ ਜ਼ਿੰਮੇਵਾਰ ਅਨੇਕਾਂ ਕਾਰਨਾਂ ਵਿੱਚੋਂ ਇਕ ਮੰਨਿਆ ਗਿਆ। ਇਸ ਸਥਿਤੀ ਤੋਂ ਨਰਾਜ਼ ਬਾਦਲਕਿਆਂ ਨੇ ਠੀਕ ਉਸੇ ਤਰ੍ਹਾਂ ‘ਨਕਲੀ ਦਰਬਾਰ ਸਾਹਿਬ’ ਦੇ ਮੁੱਦੇ ਨੂੰ ਹਵਾ ਦੇ ਦਿੱਤੀ ਜਿਵੇਂ ਸੌਦਾ ਸਾਧ ਵੱਲੋਂ ਕਾਂਗਰਸ ਨਾਲ ਗੰਢ-ਤੁੱਪ ਕਰਨ ’ਤੇ ਉਸ ਦੇ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਦੇ ਮੁੱਦੇ ਨੂੰ ਹਵਾ ਦੇ ਦਿੱਤੀ ਗਈ ਸੀ (ਪਰ ਹੁਣੇ ਜਿਹੇ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਸੌਦਾ ਸਾਧ ਵੱਲੋਂ ਬਾਦਲਕਿਆਂ ਦਾ ਸਾਥ ਦੇਣ ਕਾਰਨ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਉਸਦਾ ਸਰਗਰਮ ਵਿਰੋਧ ਬੰਦ ਕਰਕੇ ਥੋੜੀ-ਬਹੁਤ ਬਿਆਨਬਾਜ਼ੀ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ)। ਲੋੜ ਹੈ ਕਿ ਸਿੱਖ ਸਮਾਜ ਅਜਿਹੇ ਡੇਰੇਦਾਰਾਂ ਦੇ ਨਾਲ-ਨਾਲ ਸਿੱਖੀ ਦਾ ਖੁਰਾ-ਖੋਜ ਮਿਟਾਉਣ ਵਾਲੇ ਬਾਦਲਕਿਆਂ ਨੂੰ ਵੀ ਮੂੰਹ-ਤੋੜ ਜਵਾਬ ਦੇਵੇ।