Subscription About Us Contact Us


ਕੀ ਲੋਕ ਸਭਾ ਚੋਣਾਂ ਵਿੱਚ ਬੀਜੇਪੀ ਦੀ ਹਾਰ ਨੂੰ ਫਿਰਕਾਪ੍ਰਸਤੀ ਦੀ ਹਾਰ ਮੰਨਿਆ ਜਾ ਸਕਦਾ ਹੈ?

- ਰਾਮ ਪੁਨਿਆਣੀ -

2009 ਦੀਆਂ ਲੋਕ ਸਭਾ ਚੋਣਾਂ ਨੇ ਅਜਿਹੇ ਨਤੀਜੇ ਪੇਸ਼ ਕੀਤੇ ਹਨ, ਜਿਨ੍ਹਾਂ ਕਰਕੇ ਬੀਜੇਪੀ ਕਈ ਪੱਖਾਂ ਤੋਂ ਚੋਣ ਮੁਹਾਜ਼ ’ਤੇ ਹਾਰ ਗਈ ਹੈ : ਇਸਨੂੰ ਪੈਣ ਵਾਲੀਆਂ ਵੋਟਾਂ ਦੀ ਔਸਤ ਵਿੱਚ ਕਮੀ ਆਈ ਹੈ ਅਤੇ ਇਸਦੀਆਂ ਸੀਟਾਂ ਵੀ ਘੱਟ ਗਈਆਂ ਹਨ। ਐਨ.ਡੀ.ਏ. ਦੀ ਮੁਖੀ ਬਣ ਕੇ ਸਰਕਾਰ ਬਣਾਉਣ ਦਾ ਬੀਜੇਪੀ ਦਾ ਜਮ੍ਹਾਂ-ਘਟਾ ਪੂਰੀ ਤਰ੍ਹਾਂ ਫੇਲ ਹੋ ਗਿਆ। 2004 ਦੀਆਂ ਲੋਕ ਸਭਾ ਚੋਣਾਂ ਵਿੱਚ, ਸਿਆਸੀ ਮਾਹਿਰਾਂ ਦੇ ਅੰਦਾਜ਼ਿਆਂ ਦੇ ਉਲਟ, ਬੀਜੇਪੀ ਦੀ ਤਾਕਤ ਘੱਟ ਗਈ ਅਤੇ ਇਸਨੂੰ ਕਾਂਗਰਸ ਦੀ ਅਗਵਾਈ ਵਾਲੇ ਯੂ.ਪੀ.ਏ. ਗਠਜੋੜ ਲਈ ਰਸਤਾ ਛੱਡਣਾ ਪਿਆ। ਭਾਵੇਂ ਬੀਜੇਪੀ ਕਈ ਸੂਬਿਆਂ ਵਿੱਚ ਰਾਜ ਕਰ ਰਹੀ ਹੈ ਅਤੇ ਕੁਝ ਇਕ ਵਿੱਚ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਨੇੜਲੇ ਭਵਿੱਖ ਵਿੱਚ ਵੀ ਇਸੇ ਪਾਰਟੀ ਦੀਆ ਸਰਕਾਰਾਂ ਹੀ ਕਾਇਮ ਰਹਿਣਗੀਆਂ; ਦੇ ਬਾਵਜੂਦ ਸਮੁੱਚੇ ਤੌਰ ’ਤੇ ਅਜਿਹਾ ਵਾਤਾਵਰਨ ਪੈਦਾ ਹੋਇਆ ਹੈ ਕਿ ਬੀਜੇਪੀ ਵਾਕਈ ਸਿਆਸੀ ਗਿਰਾਵਟ ਦੇ ਦੌਰ ਤੋਂ ਗੁਜ਼ਰ ਰਹੀ ਹੈ।

ਬੀਜੇਪੀ ਨੇ ਆਪਣੀ ਸਿਆਸੀ ਕਿਸਮਤ ਆਰ.ਐਸ.ਐਸ. ਵੱਲੋਂ ਕਈ ਦਹਾਕਿਆਂ ਦੇ ਸਮੇਂ ਵਿੱਚ ਵਿਛਾਈਆਂ ਗਈਆਂ ਨੀਹਾਂ ਅਤੇ 1980ਵਿਆਂ ਵਿੱਚ ਅਰੰਭ ਹੋਈਆਂ ਆਰਥਕ ਤੇ ਸਮਾਜਕ ਤਬਦੀਲੀਆਂ ਰਾਹੀਂ ਕੀਤੀ। ਇਹ ਆਰਥਕ ਤਬਦੀਲੀਆਂ ਸੋਵੀਅਤ ਰੂਸ ਦੀ ਤਾਕਤ ਵਿੱਚ ਆਈ ਕਮੀ ਅਮਰੀਕਾ ਦੇ ਵਿਸ਼ਵ ਦੀ ਇਕ-ਮਾਤਰ ਤਾਕਤ ਬਣ ਜਾਣ ਕਾਰਨ ਕੌਮਾਂਤਰੀ ਸਿਆਸਤ ਦੀ ਸ਼ਤਰੰਜ ਦੀ ਖੇਡ ਨਾਲ ਸਬੰਧਿਤ ਸੀ। ਇਨ੍ਹਾਂ ਤਬਦੀਲੀਆਂ ਨੇ ਸੰਸਾਰੀਕਰਨ ਦੀ ਪ੍ਰਕ੍ਰਿਆ ਨੂੰ ਵੀ ਬਦਲ ਦਿੱਤਾ, ਜਿਸ ਨਾਲ ਅਬਾਦੀ ਦੇ ਵੱਡਾ ਹਿੱਸਾ ਇਸਦਾ ਸ਼ਿਕਾਰ ਹੋਣਾ ਅਰੰਭ ਹੋ ਗਿਆ। ਇਹ ਤਬਦੀਲੀਆਂ ਜੋ ਦੇਸ਼ ਵਿੱਚ ਪੱਖਪਾਤੀ ਉਦੋਗੀਕਰਨ ਰਾਹੀਂ ਆਈਆਂ, ਨੇ ਇਕ ਤਾਕਤਵਰ ਮੱਧ ਵਰਗ ਦੀ ਚੜ੍ਹਤ ਨੂੰ ਜਨਮ ਦਿੱਤਾ। ਇਸ ਮਾਹੌਲ ਵਿੱਚ, ਤਾਕਤਵਰ ਵਰਗ ਨੂੰ ਆਪਣੇ ਹਿੱਤ ‘ਜਿਵੇਂ ਦੀ ਤਿਵੇਂ’ ਵਾਲੀ ਸਿਆਸਤ ਵਿੱਚ ਨਜ਼ਰ ਆਉਣ ਲੱਗੇ ਜਦਕਿ ਸਿਆਸੀ ਤਾਕਤਾਂ ਦਾ ਏਜੰਡਾ ਸਮਾਜ ਦੇ ਅਤਿ ਕਮਜ਼ੋਰ ਵਰਗਾਂ ਨੂੰ ਸੰਘਰਸ਼ ਦੀ ਰਾਹ ਤੋਂ ਮੋੜ ਕੇ ਪਛਾਣ (ਜਾਤ, ਧਰਮ, ਵਰਗ ’ਤੇ) ਅਧਾਰਿਤ ਸਿਆਸਤ ਦਾ ਪ੍ਰਚਾਰ ਕਰਨਾ ਬਣ ਗਿਆ। ਹੋ ਸਕਦਾ ਹੈ ਕਿ ਅਜਿਹਾ ਕਿਸੇ ਚੇਤੰਨ ਯੋਜਨਾਬੰਦੀ ਅਧੀਨ ਨਾ ਹੋਇਆ ਹੋਵੇ ਪਰ ਸਿਆਸੀ ਤਬਦੀਲੀਆਂ ਦੌਰਾਨ ਹੋਇਆ ਇਹੀ ਕੁਝ। ਫਿਰ, ਰਾਮ ਮੰਦਰ ਦੇ ਮੁੱਦੇ ਨੇ ਰਾਸ਼ਟਰ ਨੂੰ ਆਪਣੀ ਜਕੜ ਵਿੱਚ ਲੈ ਲਿਆ ਅਤੇ ਸਮਾਜਕ ਮੁੱਦਿਆਂ ਨੂੰ ਹਾਸ਼ੀਏ ’ਤੇ ਲਿਆ ਸੁੱਟਿਆ। ਅਜਿਹੇ ਮਾਹੌਲ ਵਿੱਚ, ਅਧਿਕਾਰਾਂ ਦੀ ਮੰਗ ’ਤੇ ਅਧਾਰਿਤ ਅੰਦੋਲਨਾਂ ਨੂੰ ਆਪਣੀ ਹੋਂਦ ਕਾਇਮ ਰੱਖਣ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਮਾਹੌਲ ਵੰਡ-ਪਾਊ ਸਿਆਸਤ, ਸਮਾਜਕ ਪਛਾਣਾਂ ਅਤੇ ਵੱਧ ਰਹੀ ਫਿਰਕਾਪ੍ਰਸਤੀ ਵਾਲਾ ਹੁੰਦਾ ਜਾ ਰਿਹਾ ਸੀ।

ਇਸ ਮੌਕੇ, ਯਾਨੀ 80ਵੇਂ ਦੇ ਦਹਾਕੇ ਦੇ ਵਿਚਕਾਰ ਜਿਹੇ, ਬੀਜੇਪੀ ਨੇ ਆਪਣੀ ਸਿਆਸਤ ਗਾਂਧੀਵਾਦੀ ਸਮਾਜਵਾਦ ਤੋਂ ਤਬਦੀਲ ਕਰਕੇ ਹਿੰਦੂਤਵ ਅਤੇ ਹਿੰਦੂ ਰਾਸ਼ਟਰਵਾਦ ਦੀ ਨੀਤੀ ਅਪਣਾ ਲਈ। ਇਸ ਸਮੇਂ ਦਰਮਿਆਨ ਮੰਡਲ ਕਮਿਸ਼ਨ ਦੀ ਰਿਪੋਰਟ ਸਾਹਮਣੇ ਆਉਣ ਨਾਲ ਇਸ ਰਿਪੋਰਟ ਦੇ ਵਿਰੋਧੀ ਵੱਡੀ ਪੱਧਰ ’ਤੇ ਬੀਜੇਪੀ ਦੇ ਆਲੇ-ਦੁਆਲੇ ਸੰਗਠਿਤ ਹੋ ਗਏ। ਬੀਜੇਪੀ ਦੀ ਚੜ੍ਹਤ ਵਿੱਚ ਵਨਵਾਸੀ ਕਲਿਆਣ ਆਸ਼ਰਮ, ਜਿਸਨੇ ਆਦੀਵਾਸੀਆਂ ਦੇ ਇਕ ਵਰਗ ਨੂੰ ਬੀਜੇਪੀ ਦੁਆਲੇ ਲੁਭਾ ਲਿਆ ਅਤੇ ‘ਸਮਾਜਿਕ ਸਮਰਸਤਾ ਮੰਚ’ ਜਿਸਨੇ ਦਲਿਤਾਂ ਦੇ ਇਕ ਵਰਗ ਨੂੰ ਹਿੰਦੂਤਵ ਦੀ ਸਿਆਸਤ ਦੁਆਲੇ ਸਰਗਰਮ ਕਰ ਦਿੱਤਾ ਸੀ, ਨੇ ਵੀ ਕਾਫੀ ਮਦਦ ਕੀਤੀ। ਬੀਜੇਪੀ ਦੀ ਇਸ ਚੜ੍ਹਤ ਵਿੱਚ ਮੌਕਾਸਪ੍ਰਸਤ ਤਾਕਤਾਂ ਜਿਵੇਂ ਜਾਰਜ ਫਰਨਾਡਿੰਜ਼ ਦੀ ਨਸਲ ਦੇ ਆਗੂ, ਜੋ ਪਹਿਲਾਂ (ਤਾਕਤ-ਵਿਹੂਣੀ) ਬੀਜੇਪੀ ਨਾਲ ਅਛੂਤਾਂ ਵਰਗਾ ਵਤੀਰਾ ਕਰਦੇ ਸਨ, ਦੀ ਵੀ ਵੱਡੀ ਭੂਮਿਕਾ ਰਹੀ। ਇਸ ਅਵਧੀ ਦੌਰਾਨ ਆਰ.ਐਸ.ਐਸ. ਦੀ ਹਿੰਦੂ ਰਾਸ਼ਟਰ ਅਤੇ ਘੱਟ-ਗਿਣਤੀ ਕੌਮਾਂ ਨੂੰ ਨਫ਼ਰਤ ਕਰਨ ਦੀ ਵਿਚਾਰਧਾਰਾ ਦਾ ਫੈਲਾਵ ਅਤੇ ਪ੍ਰਭਾਵ ਬਹੁਤ ਜ਼ਿਆਦਾ ਵੱਧ ਗਿਆ। ਇਸੇ ਸਮੇਂ ਦੌਰਾਨ ਕਈ (ਹਿੰਦੂਤਵ-ਪੱਖੀ) ਸਭਿਆਚਾਰਕ ਅਤੇ ਵਿਦਿਅਕ ਜੁਗਤਾਂ ਨੇ ਵਿਦਿਆ ਅਤੇ ਸਮਾਜਕ ਖੇਤਰ ਵਿੱਚ ਆਪਣਾ ਪ੍ਰਚਾਰ ਹੋਰ ਤੇਜ਼ ਕਰ ਦਿੱਤਾ।

ਪਿਛਲੇ ਸਮੇਂ ਵਿੱਚ ਬੀਜੇਪੀ ਵਿੱਚ ਸੱਤਾ ਵਿੱਚ ਆ ਸਕਣ ਦੀ ਸਮਰੱਥਾ ਇਸ ਕਾਰਨ ਆ ਸਕੀ ਕਿਉਂਕਿ ਅਬਾਦੀ ਦਾ ਇਕ ਹਿੱਸਾ ਜਾਤ-ਪਾਤ ਅਤੇ ਲਿੰਗ ਦੇ ਅਧਾਰ ’ਤੇ ਆ ਰਹੀਆਂ ਸਮਾਜਕ ਤਬਦੀਲੀਆਂ ਦਾ ਵਿਰੋਧੀ ਸੀ। ਇਸ ਦੇ ਇਲਾਵਾ ਬੀਜੇਪੀ ਵੱਲੋਂ ਮੱਧ ਸ਼੍ਰੇਣੀ ਦੇ ਇਕ ਵਰਗ ਦਾ ਦਿਲ ਜਿੱਤ ਲੈਣ, ਰਾਸ਼ਟਰਵਾਦ ਦਾ ਹਮਲਾਵਰ ਢੰਗ ਨਾਲ ਪ੍ਰਚਾਰ ਕਰਨ, ਪਰਮਾਣੂ ਧਮਾਕੇ ਕਰਨ, ਪਾਕਿਸਤਾਨ ਖਿਲਾਫ਼ ਧਮਕੀਜਨਕ ਮੁਦਰਾ ਅਪਣਾ ਲੈਣ ਅਤੇ ਕਈ ਵਾਰ ਅੱਤਵਾਦ ਦੇ ਮੁੱਦੇ ਖਿਲਾਫ਼ ਸਖ਼ਤ ਬਿਆਨਬਾਜ਼ੀ ਕਰਨ ਨੇ ਵੀ ਬੀਜੇਪੀ ਨੂੰ ਸੱਤਾ ਵਿੱਚ ਲਿਆਉਣ ਜਾਂ ਸਿਆਸੀ ਤਾਕਤ ਬਣੇ ਰਹਿਣ ਵਿੱਚ ਮਦਦ ਕੀਤੀ ਹੈ। ਬੀਜੇਪੀ ਦਾ ਹਮਾਇਤੀ ਇਸ ਵਰਗ ਵਿੱਚ ਅਬਾਦੀ ਦਾ ਜ਼ਿਆਦਾ ਵੱਡਾ ਹਿੱਸਾ ਨਹੀਂ ਹੈ। ਖੁਸ਼ਹਾਲ ਵਰਗ, ਜਿਨ੍ਹਾਂ ਨੂੰ ‘ਇੰਡੀਆ ਸ਼ਾਇੰਨਿੰਗ’ ਵਰਗੀਆਂ ਨੀਤੀਆਂ ਨਾਲ ਲਾਭ ਮਿਲਦਾ ਹੈ ਅਤੇ ਕੁਝ ਹੋਰ ਵਰਗ ਬੀਜੇਪੀ ਨਾਲ ਵਫਾਦਾਰ ਰਹੇ। ਪਰ ਸਮਾਜ ਦੇ ਬਾਕੀ ਹਿੱਸਿਆਂ ਨੇ ਮਹਿਸੂਸ ਕੀਤਾ ਕਿ ਜਾਤ/ਧਰਮ ਅਧਾਰਿਤ ਪਛਾਣ ਦੀ ਸਿਆਸਤ ਉਨ੍ਹਾਂ ਦੇ ਖਾਲੀ ਢਿੱਡ ਭਰਨ ਵਿੱਚ ਮਦਦਗਾਰ ਨਹੀਂ ਹੋਵੇਗੀ। ਇਸਲਈ ਇਨ੍ਹਾਂ ਵਰਗਾਂ ਨੇ ਪਹਿਲਾਂ 2004 ਵਿੱਚ ਅਤੇ ਹੁਣ 2009 ਵਿੱਚ ਹਿੰਦੂ ਰਾਸ਼ਟਰਵਾਦੀ ਪਾਰਟੀ ਦੇ ਖਿਲਾਫ਼ ਵੋਟਾਂ ਪਾਈਆਂ। ਦਿਲਚਸਪ ਤੱਥ ਹੈ ਕਿ 2009 ਦੀਆਂ ਚੋਣਾਂ ਵਿੱਚ, ਪਛਾਣ ਅਧਾਰਿਤ ਸਿਆਸਤ ਕਰਨ ਵਾਲੀਆਂ ਹੋਰਨਾਂ ਸਿਆਸੀ ਪਾਰਟੀਆਂ ਨੂੰ ਵੀ ਨੁਕਸਾਨ ਭੁਗਤਣਾ ਪਿਆ।

ਇਸ ਦਰਮਿਆਨ ਬੀਜੇਪੀ ਨੇ ਆਪਣਾ ਅਸਲੀ ਰੰਗ ਛੁਪਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਅਤੇ ਕਈ ਵਾਰ ਬਿਜਲੀ-ਸੜਕ-ਪਾਣੀ ਅਤੇ ਨਰਿੰਦਰ ਮੋਦੀ ਵੱਲੋਂ ਦਰਸਾਏ ਜਾ ਰਹੇ ਕਿਸਮ ਦੇ ਵਿਕਾਸ ਦੇ ਏਜੰਡੇ ਦਾ ਵੀ ਪ੍ਰਚਾਰ ਕੀਤਾ ਹੈ। ਪਰ ਕੀ ਬੀਜੇਪੀ ਇਹ ਤੱਥ ਛੁਪਾ ਸਕਦੀ ਹੈ ਕਿ ਇਹ ਉਹੀ ਪਾਰਟੀ ਹੈ, ਜਿਸ ਨਾਲ ਸਬੰਧਤ ਅਖੌਤੀ ਸਮਾਜਕ ਸੰਗਠਨ (ਵੈਲੇਨਟਾਈਨ ਡੇਅ ਮਨਾਉਣ ਜਾਂ 'ਪਬ' ਵਿੱਚ ਜਾਣ ਕਾਰਨ) ਔਰਤਾਂ ਦੀ ਮਾਰ-ਕੁਟਾਈ ਕਰਦੇ ਹਨ ਜਾਂ ਇਹੀ ਉਹੀ ਪਾਰਟੀ ਹੈ ਜੋ ਵਿਚਾਰਧਾਰਕ ਤੌਰ ’ਤੇ ਵਰੁਣ ਗਾਂਧੀ ਦੇ ਜ਼ਹਿਰੀਲੇ ਬਿਆਨਾਂ ਦੀ ਹਾਮੀ ਹੈ। ਜਿਵੇਂ ਕਿ ਕਹਾਵਤ ਹੈ, ਤੁਸੀਂ ਸਾਰਾ ਸਮਾਂ ਸਾਰੇ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ। ਇਸਲਈ ਬੀਜੇਪੀ ਵਾਸਤੇ ਹੁਣ ਸੱਚ ਦਾ ਸਾਹਮਣਾ ਕਰਨ ਦੀ ਘੜੀ ਆ ਗਈ ਹੈ। ਪਾਰਟੀ ਦਾ ਵੋਟ ਸ਼ੇਅਰ 22 ਫੀਸਦੀ ਤੋਂ ਘੱਟ ਕੇ ਲਗਭਗ 18 ਫੀਸਦੀ ਰਹਿ ਗਿਆ ਹੈ। ਮੌਜੂਦਾ ਵਾਤਾਵਰਨ ਵਿੱਚ ਉਦਾਰਵਾਦੀ ਵਿਚਾਰਧਾਰਾ ਨੂੰ ਹੋਰ ਵਧੇਰੇ ਮਜਬੂਤ ਕੀਤਾ ਜਾ ਸਕਦਾ ਹੈ ਅਤੇ ਸਮਾਜਕ ਅੰਦੋਲਨਾਂ ਵਿੱਚ ਸਰਗਰਮ ਲੋਕ/ਸੰਗਠਨ ਆਪਣੇ ਕੰਮ ਨੂੰ ਹੋਰ ਮਜਬੂਤੀ ਦੇ ਸਕਦੇ ਹਨ।

ਇਸਲਈ ਆਉਣ ਵਾਲੇ ਸਮੇਂ ਵਿੱਚ ਬੀਜੇਪੀ ਦਾ ਕੀ ਹੋਵੇਗਾ? ਇਹ ਨਿਸ਼ਚਿਤ ਹੈ ਕਿ ਬੀਜੇਪੀ ਨੇ ‘ਦੂਜਿਆਂ ਨੂੰ ਨਫ਼ਰਤ ਕਰੋ’ ਵਿਚਾਰਧਾਰਾ ਅਪਣਾ ਕੇ ਸਮਾਜ ਵਿੱਚ ਵਖਰੇਵਾਂ ਲਿਆ ਦਿੱਤਾ ਹੈ। ਇਸ ਵੰਡ-ਪਾਊ ਵਿਚਾਰਧਾਰਾ ਦੇ ਮੁੱਖ ਚਿੰਨ੍ਹ ਕ੍ਰਮਵਾਰ ਅਡਵਾਨੀ, ਮੋਦੀ ਅਤੇ ਵਰੁਣ ਗਾਂਧੀ ਹਨ। ਇਸ ਸਿਆਸਤ ਨੇ ਬੜੀ ਵੱਡੀ ਪੱਧਰ ’ਤੇ ਹਿੰਸਾ ਫੈਲਾਈ ਹੈ। ਬੀਜੇਪੀ ਨੂੰ ਖ਼ਤਮ ਹੋ ਗਈ ਸਮਝਣਾ ਅਸਾਨ ਨਹੀਂ ਕਿਉਂਕਿ ਇਹ ਹਿੰਦੂ ਰਾਸ਼ਟਰਵਾਦ ਦੀ ਵਿਚਾਰਧਾਰਾ ਦੁਆਲੇ ਆਪਣੀਆਂ ਨੀਹਾਂ ਪਹਿਲਾਂ ਹੀ ਸਥਾਪਿਤ ਕਰ ਚੁੱਕੀ ਹੈ। ਫਿਰ, ਬੀਜੇਪੀ ਕੋਈ ਇਕੱਲੀ ਪਾਰਟੀ ਨਹੀਂ ਹੈ। ਇਹ ਤਾਂ ਆਰ.ਐਸ.ਐਸ. ਵਰਗੇ ਸੰਗਠਨ - ਜਿਸ ਦੀਆਂ ਅੱਗੇ ਹਜ਼ਾਰਾਂ ਬ੍ਰਾਂਚਾਂ ਅਤੇ ਵੱਖ-ਵੱਖ ਨਾਵਾਂ ਵਾਲੇ ਛੋਟੇ ਸੰਗਠਨ ਕਾਇਮ ਹਨ - ਦੀ ਸਿਆਸੀ ਵਿੰਗ ਮਾਤਰ ਹੈ, ਜੋ ਬੀਜੇਪੀ ਦੀ ਹਾਰ ਦੇ ਬਾਵਜੂਦ ਆਪਣਾ ਕੰਮ ਜਾਰੀ ਰੱਖੇਗਾ। ਇਨ੍ਹਾਂ ਵੱਖ-ਵੱਖ ਸੰਗਠਨਾਂ ਦੇ ਇਲਾਵਾ, ਆਰ.ਐਸ.ਐਸ. ਦੀ ਵਿਚਾਰਧਾਰਾ ਅਤੇ ਸਿਆਸਤ ਵਿਦਿਅਕ, ਮੀਡੀਆ ਅਤੇ ਸਮਾਜਕ ਅਦਾਰਿਆਂ ਵਿੱਚ ਇਕਮਿਕ ਹੋ ਚੁੱਕੀ ਹੈ। ਸਮਾਜ ਵਿੱਚ ਆ ਰਹੇ ਬਦਲਾਅ ਅਤੇ ਵਧੀ ਹੋਈ ਧਾਰਮਕਤਾ ਨੇ ਵੀ ਫਿਰਕਾਪ੍ਰਸਤੀ ਦੀ ਮਜਬੂਤੀ ਵਿੱਚ ਯੋਗਦਾਨ ਪਾਇਆ ਹੈ।

ਫਿਰਕਾਪ੍ਰਸਤੀ ਦਾ ਅਰਥ ਬੀਜੇਪੀ ਦਾ ਸੱਤਾ ਵਿੱਚ ਹੋਣਾ ਮਾਤਰ ਨਹੀਂ। ਰਾਸ਼ਟਵਾਦ ਦੀਆਂ ਨਿਵੇਕਲੀਆਂ ਵਿਚਾਰਧਾਰਾਵਾਂ ਦੇ ਪ੍ਰਚਾਰ ਨਾਲ ਵੀ ਵੰਡ ਪੈਦਾ ਹੁੰਦੀ ਹੈ। ਅਗਲਾ ਕਦਮ ਪ੍ਰਚਾਰ ਦੀਆਂ ਵੱਖ-ਵੱਖ ਵਿਧੀਆਂ ਰਾਹੀਂ ਘੱਟ-ਗਿਣਤੀ ਕੌਮਾਂ ਦਾ ਰਾਖਸ਼ੀਕਰਨ (ਉਨ੍ਹਾਂ ਨੂੰ ਦੇਸ਼-ਵਿਰੋਧੀ ਜਾਂ ਅੱਤਵਾਦੀ ਦਰਸਾਉਣਾ) ਕਰਨਾ ਹੁੰਦਾ ਹੈ। ਇਹ ਨੀਤੀ ਫਿਰਕੂ ਹਿੰਸਾ ਅਤੇ ਬਿਰਾਦਰੀਆਂ ਵਿੱਚ ਵਖਰੇਵਾਂ ਪੈਦਾ ਕਰਦੀ ਰਹੀ ਹੈ। ਇਹ ਨੀਤੀਆਂ ਹਾਲਾਂ ਵੀ ਸਮਾਜ ਵਿੱਚ ਜਿਉਂ ਦੀਆਂ ਤਿਉਂ ਕਾਇਮ ਅਤੇ ਵੱਧ-ਫੁੱਲ ਰਹੀਆਂ ਹਨ। ‘ਸਮਾਜਕ ਸੂਝਬੂਝ’, ਘੱਟ-ਗਿਣਤੀ ਕੌਮਾਂ ਬਾਰੇ ਧਾਰਨਾਵਾਂ ਨੂੰ ਖ਼ਤਰਨਾਕ ਹੱਦਾਂ ਤੱਕ ਦੂਸ਼ਤ ਕੀਤਾ ਜਾ ਚੁੱਕਾ ਹੈ। ਰਾਸ਼ਟਰ ਪਿਤਾ, ਭਾਰਤੀ ਸੰਵਿਧਾਨ ਦੀਆਂ ਕਦਰਾਂ-ਕੀਮਤਾਂ ਅਤੇ ਸਰੇਸ਼ਠ ਵਰਗ ਪ੍ਰਤੀ ਅੰਨ੍ਹੀ ਸ਼ਰਧਾ ਜ਼ੁਬਾਨੀ ਅਤੇ ਸੂਖਮ ਪ੍ਰਚਾਰ ਰਾਹੀਂ ਬਹੁਤ ਗਹਿਰਾਈ ਨਾਲ ਅੱਗੇ ਧਕੇਲੀ ਜਾ ਚੁੱਕੀ ਹੈ।

ਹਾਲਾਂ ਵੀ ਇਹ ਵੰਡ-ਪਾਊ ਸਿਆਸਤ ਵਿਚਾਰਾਂ ਅਤੇ ਸਭਿਆਚਾਰਕ, ਧਾਰਮਕ, ਸਮਾਜਕ ਜਾਂ ਕੁਝ ਵੀ ਹੋਰ ਕਹੇ ਜਾਣ ਵਾਲੇ ਵੱਖ-ਵੱਖ ਸੰਗਠਨਾਂ ਰਾਹੀਂ ਬਹੁਤ ਵੱਧ-ਫੁੱਲ ਰਹੀ ਹੈ। ਨਿਸ਼ਚਿਤ ਤੌਰ ’ਤੇ ਇਸ ਗੱਲ ਦੀ ਬਹੁਤ ਸੰਭਾਵਨਾ ਹੈ ਕਿ ਰਾਮ ਮੰਦਰ ਜਾਂ ਕੋਈ ਹੋਰ ਜਜ਼ਬਾਤੀ ਮੁੱਦਾ ਪਹਿਲਾਂ ਵਾਂਗ ਅੱਗੇ ਆ ਸਕਦਾ ਹੈ। ਇਹ ਵੀ ਨਹੀਂ ਲਗਦਾ ਕਿ ਫਿਰਕਾਪ੍ਰਸਤ ਲੋਕ ਗੁਜਰਾਤ ਜਾਂ ਕੰਧਮਾਲ ਵਰਗੇ ਕਾਂਡਾਂ ਨੂੰ ਅਸਾਨੀ ਨਾਲ ਦੁਹਰਾ ਸਕਣਗੇ; ਹਾਲਾਂਕਿ ਇਸ ਤਰ੍ਹਾਂ ਦੀ ਸਿਆਸੀ ਉਥਲ-ਪੁਥਲ ਦੀ ਸੰਭਾਵਨਾ ਤੋਂ ਬਿਲਕੁਲ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਨ੍ਹਾਂ ਲਈ ਲੋੜੀਂਦੇ ਜ਼ਮੀਨੀ ਬੰਬਾਂ (land mines) ਨੂੰ ਪਹਿਲਾਂ ਹੀ ਅਤੇ ਬੜੀ ਦੂਰ ਤਕ ਫੈਲਾ ਦਿੱਤਾ ਗਿਆ ਹੈ।

ਇਸ ਤਰ੍ਹਾਂ ਦੀ ਸਿਆਸਤ ਨੂੰ ਇਹ ਚੰਗੀ ਤਰ੍ਹਾਂ ਪਤਾ ਹੁੰਦਾ ਹੈ ਕਿ ਇਹ ਸਿਰਫ਼ ਪਛਾਣ ਦੇ ਮੁੱਦਿਆਂ, ਵੰਡ-ਪਾਊ ਨੀਤੀਆਂ ਆਦਿ ਰਾਹੀਂ ਵੱਧ-ਫੁੱਲ ਸਕਦੀ ਹੈ। ਇਸਲਈ ਅਜਿਹੀਆਂ ਕਾਰਵਾਈਆਂ ਨੂੰ ਹੋਰ ਤੇਜ਼ ਕੀਤਾ ਜਾ ਸਕਦਾ ਹੈ। ਬੀਜੇਪੀ ਦੇ ਸਿਆਸੀ ਪਿਤਾ ਆਰ.ਐਸ.ਐਸ. ਨੇ ਪਹਿਲਾਂ ਹੀ ਪਾਰਟੀ ਨੂੰ ਵਾਪਸ ਹਿੰਦੂਤਵ ਦੇ ਮੁੱਦੇ ਵੱਲ ਜਾਣ ਯਾਨੀ ਰਾਮ ਮੰਦਰ, ਰਾਮ ਸੇਤੂ ਆਦਿਕ ਮੁੱਦਿਆਂ ’ਤੇ ਸਰਗਰਮ ਹੋਣ ਲਈ ਕਹਿਣਾ ਸ਼ੁਰੂ ਕਰ ਦਿੱਤਾ ਹੈ। ਅਧਿਐਨਾਂ ਵਿੱਚ ਸਪਸ਼ਟ ਹੁੰਦਾ ਹੈ ਕਿ ਜਿਨ੍ਹਾਂ ਖੇਤਰਾਂ ਵਿੱਚ ਫਿਰਕੂ ਹਿੰਸਾ ਹੁੰਦੀ ਹੈ - ਬਲਕਿ ਕਰਵਾਈ ਜਾਂਦੀ ਹੈ - ਉੱਥੇ ਬੀਜੇਪੀ ਨੂੰ ਮਜਬੂਤੀ ਹਾਸਲ ਹੁੰਦੀ ਹੈ। ਮੌਜੂਦਾ ਚੋਣਾਂ ਵਿੱਚ ਵੀ ਇਹੀ ਕੁਝ ਹੋਇਆ ਹੈ। ਮਨੁੱਖੀ ਅਧਿਕਾਰ ਕਾਰਕੁੰਨ ਅਤੇ ਫਿਰਕੂ-ਸਦਭਾਵਨਾ ਅਵਾਰਡ ਜੇਤੂ ਡਾਮੀਨਿਕ ਇਮੈਨੂਅਲ ਦਾ ਕਹਿਣਾ ਹੈ ਕਿ ਬੀਜੇਪੀ ਦੀਆਂ ਸੀਟਾਂ ਵਿੱਚ ਪੂਰਨ ਤੌਰ ’ਤੇ ਕਮੀ ਆਉਣ ਅਤੇ ਇਸ ਦੀ ਵੋਟ ਪ੍ਰਤੀਸ਼ਤਤਾ ਘਟਣ ਦੇ ਬਾਵਜੂਦ, ਪਾਰਟੀ ਨੇ ਉਨ੍ਹਾਂ ਖੇਤਰਾਂ ਵਿੱਚ ਆਪਣੀ ਹੋਂਦ ਕਾਇਮ ਰੱਖੀ ਹੈ ਜਿੱਥੇ ਫਿਰਕੂ ਹਿੰਸਾ ਜਾਂ ਵੰਡ-ਪਾਊ ਪ੍ਰਾਪੇਗੰਡਾ ਫੈਲਾਇਆ ਜਾ ਚੁੱਕਾ ਸੀ। ਮੈਂਗਲੋਰ, ਉਦੀਪੀ, ਮਾਲੇਗਾਓਂ, ਕੰਧਮਾਲ, ਉਦੇਗਿਰੀ, ਗੁਜਰਾਤ ਅਤੇ ਪੀਲੀਭੀਤ ਆਦਿ ਉਹ ਖੇਤਰ ਹਨ ਜਿੱਥੇ ਜਾਂ ਤਾਂ ਫਿਰਕੂ ਹਿੰਸਾ ਜਾਂ ‘ਅੱਤਵਾਦੀ’ ਘਟਨਾ ਹੋ ਚੁੱਕੀ ਸੀ। ਦੇਸ਼ ਹੋਰਨਾਂ ਬਹੁਤ ਸਾਰੇ ਹਿੱਸਿਆਂ, ਜਿੱਥੇ ਫਿਰਕੂ ਹਿੰਸਾ ਆਯੋਜਿਤ ਕਰਵਾਈ ਗਈ ਸੀ, ਵਿੱਚ ਵੀ ਬੀਜੇਪੀ ਨੇ ਜਿੱਤ ਹੀ ਹਾਸਲ ਕੀਤੀ। ਇਹ ਸਭ ਕੀ ਇਸ਼ਾਰਾ ਕਰਦਾ ਹੈ?

ਆਰ.ਐਸ.ਐਸ. ਨੇ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਬੀਜੇਪੀ ਨੂੰ ਵਾਪਸ ਹਿੰਦੂਤਵ ਦੇ ਮੁੱਦੇ ਵੱਲ ਆਉਣਾ ਪਏਗਾ। ਬਹੁਤ ਕੁਝ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਆਰ.ਐਸ.ਐਸ. ਗਠਜੋੜ ਇਸ ਨੀਤੀ ਤਹਿਤ ਲੋਕਾਂ ਦੀਆਂ ਭਾਵਨਾਵਾਂ ਕਿਸ ਤਰ੍ਹਾਂ ਭੜਕਾ ਪਾਉਂਦਾ ਹੈ। ਇਸ ਗੱਲ ’ਤੇ ਵੀ ਬਹੁਤ ਕੁਝ ਨਿਰਭਰ ਕਰੇਗਾ ਕਿ ਧਰਮ-ਨਿਰਪੱਖ ਤਾਕਤਾਂ ਆਪਣੇ ਆਲੇ-ਦੁਆਲੇ ਸ਼ਾਂਤੀ ਅਤੇ ਸਦਭਾਵਨਾ ਕਿਵੇਂ ਕਾਇਮ ਰੱਖ ਪਾਉਂਦੀਆਂ ਹਨ। ਅਜਿਹਾ ਕਰਨ ਲਈ ਭਾਰਤ, ਅਨੇਕਵਾਦ, ਅਜ਼ਾਦੀ ਆਂਦੋਲਨ ਦੀਆਂ ਭਾਵਨਾਵਾਂ ਅਤੇ ਵੱਖ-ਵੱਖ ਧਾਰਮਕ ਰੀਤਾਂ ਦੇ ਏਕੀਕਰਨ ਦੇ ਸਿਧਾਂਤ ਨੂੰ ਮੁੜ ਤੋਂ ਪ੍ਰਚਾਰਨਾ ਪਏਗਾ। ਕਾਫੀ ਕੁਝ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਆਰ.ਐਸ.ਐਸ. ਵੱਲੋਂ ਕੀਤੇ ਜਾਂਦੇ ਪ੍ਰਾਪੇਗੰਡਾ ਦਾ ਟਾਕਰਾ ਕਿਸ ਤਰ੍ਹਾਂ ਕੀਤਾ ਜਾਂਦਾ ਹੈ। ਆਰ.ਐਸ.ਐਸ. ਵੱਲੋਂ ਬੀਜੇਪੀ ਨੂੰ ‘ਹਿੰਦੂਤਵ ਵੱਲ ਮੁੜੋ’ ਦੇ ਨਿਰਦੇਸ਼ ਦੇ ਬਾਵਜੂਦ, ਦੇਸ਼ ਦੇ ਲੋਕਾਂ ਨੂੰ ਇਸ ਤਰ੍ਹਾਂ ਦੀ ਥਿੜਕਣ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ ਅਤੇ ਦੇਸ਼ ਦੀਆਂ ਅਨੇਕਵਾਦ ਅਤੇ ਸਮਾਵੇਸ਼ਨ ਵਾਲੀਆਂ ਕਦਰਾਂ-ਕੀਮਤਾਂ ਨਾਲ ਜੁੜੇ ਰਹਿਣਾ ਚਾਹੀਦਾ ਹੈ।