

ਸਿੱਖ ਰਹਿਤ ਮਰਿਆਦਾ ਵਿੱਚ ਸੋਧ ਜ਼ਰੂਰੀ ਕਿਉਂ? (ਭਾਗ-1)
ਗੁਰਦੁਆਰਿਆਂ ਅਤੇ ਸਿੱਖ ਘਰਾਂ ਵਿੱਚ ਹੁੰਦੇ ਕਾਫੀ ਸਾਰੇ ਰਸਮੋ-ਰਿਵਾਜਾਂ ਦਾ ਪਿਛੋਕੜ ‘ਸਿੱਖ ਰਹਿਤ ਮਰਿਆਦਾ’ ਉੱਤੇ ਅਧਾਰਿਤ ਹੈ। ਭਾਵੇਂ ਮੌਜੂਦਾ ਸਮੇਂ ਵਿੱਚ ਬਹੁਤੇ ਡੇਰੇਦਾਰਾਂ ਨੇ ਆਪੋ-ਆਪਣੀ ਮਨਮਤੀ ਮਰਿਆਦਾਵਾਂ ਬਣਾਈਆਂ ਅਤੇ ਲਾਗੂ ਕੀਤੀ ਹੋਈਆਂ ਹਨ ਅਤੇ ਕਥਿਤ ‘ਪੰਥ-ਪ੍ਰਵਾਨਿਤ’ ਰਹਿਤ ਮਰਿਆਦਾ ਵਿਚਲੀਆਂ ਬਹੁਤ ਸਾਰੀਆਂ ਕਮੀਆਂ ਵਿਦਵਾਨਾਂ ਦੇ ਨੋਟਿਸ ਵਿੱਚ ਆ ਚੁੱਕੀਆਂ ਹਨ। ਪਰ ਫਿਰ ਵੀ ਮਿਸ਼ਨਰੀ ਕਾਲਜਾਂ ਅਤੇ ਕੁਝ ਹੋਰ ਕਥਿਤ ‘ਪੰਥਕ’ ਜਥੇਬੰਦੀਆਂ ਵੱਲੋਂ ਇਸ ਮਰਿਆਦਾ ਨੂੰ ‘ਇੰਨ-ਬਿੰਨ’ ਮੰਨਣ ਦੀ ਅਪੀਲ ਕੀਤੀ ਜਾਂਦੀ ਹੈ। ਪਰ ‘ਅਕਲੀ ਸਾਹਿਬ ਸੇਵੀਐ’ ਦੇ ਮਹਾਂਵਾਕ ਅਨੁਸਾਰ ਸਾਨੂੰ ਹਰ ਕੰਮ ਕਰਨ ਤੋਂ ਪਹਿਲਾਂ ਹਰ ਪੱਖੋਂ ਉਸਦੇ ਨਤੀਜਿਆਂ ਦੀ ਘੋਖ ਕਰ ਲੈਣੀ ਚਾਹੀਦੀ ਹੈ। ਇਸ ਸਿਲਸਿਲੇ ਵਿੱਚ ਤੱਤ ਗੁਰਮਤਿ ਪਰਵਾਰ ਵੱਲੋਂ ਪ੍ਰਚਲਿਤ ‘ਸਿੱਖ ਰਹਿਤ ਮਰਿਆਦਾ’ ਵਿਚਲੀਆਂ ਕਮੀਆਂ ਇੰਡੀਆ ਅਵੇਅਰਨੈੱਸ ਦੇ ਪਾਠਕਾਂ ਵਾਸਤੇ ਸਿਲਸਿਲੇਵਾਰ ਪੇਸ਼ ਕੀਤੀਆਂ ਜਾ ਰਹੀਆਂ ਹਨ। ਜੇਕਰ ਕੋਈ ਪਾਠਕਾਂ ਇਨ੍ਹਾਂ ਨੁਕਤਿਆਂ ਬਾਰੇ ਗੁਰਬਾਣੀ ’ਤੇ ਅਧਾਰਿਤ ਆਪਣੇ ਵਿਚਾਰ ਲਿਖਤੀ ਤੌਰ ’ਤੇ ਭੇਜਣਾ ਚਾਹੇ, ਤਾਂ ਉਸਦਾ ਭਰਪੂਰ ਸਵਾਗਤ ਹੈ। ਇਸ ਬਾਬਤ ਤੱਤ ਗੁਰਮਤਿ ਪਰਵਾਰ ਦੇ ਵੀਰਾਂ ਨਾਲ ਫੋਨ ਨੰਬਰਾਂ 09419126791, 09815971601, 09417440779 ’ਤੇ ਵੀ ਗੱਲਬਾਤ ਕੀਤੀ ਜਾ ਸਕਦੀ ਹੈ।
ਅਕਾਲ ਤਖ਼ਤ ਵਲੋਂ ਪ੍ਰਵਾਨਿਤ ‘ਸਿੱਖ ਰਹਿਤ ਮਰਿਆਦਾ’ ਦਾ ਆਪਣਾ ਇਕ ਇਤਿਹਾਸ ਹੈ। ਇਸ ਦੇ ਬਣਾਉਣ ਦੇ ਪਿਛੇ ਵੀ ਕਈਂ ਕਾਰਨ ਸਨ। ਸਭ ਤੋਂ ਵਡਾ ਕਾਰਨ ਸੀ ਕਿ ਵੀਹਵੀਂ ਸਦੀ ਦੀ ਸ਼ੁਰੂਆਤ ਤਕ ਜ਼ਿਆਦਾਤਰ ਗੁਰਦੁਆਰੇ ਮਹੰਤਾਂ ਅਤੇ ਪੁਜਾਰੀਆਂ ਦੇ ਕਬਜ਼ੇ ਹੇਠ ਸਨ। ਹਰ ਗੁਰਦੁਆਰੇ ਨੇ ਆਪਣੀ ਵੱਖਰੀ ਮਰਿਆਦਾ ਬਣਾਈ ਹੋਈ ਸੀ। ਦੂਜੇ ਪਾਸੇ ਸਿੱਖਾਂ ਵਿੱਚ ਸੰਤ ਆਦਿ ਦੇ ਨਾਂ ਹੇਠ ਕਈ ਡੇਰੇਵਾਦ ਪਨਪਣੇ ਸ਼ੁਰੂ ਹੋ ਗਏ ਸਨ। ਕਈ ਜਥੇ ਵੀ ਖੜ੍ਹੇ ਹੋ ਰਹੇ ਸਨ, ਕਈ ਸੰਪਰਦਾਵਾਂ ਵੀ ਬਣ ਗਈਆਂ ਸਨ। ਹਰ ਇਕ ਦੀ ਆਪਣੀ ਆਪਣੀ ਅਲਗ ਮਰਿਆਦਾ ਸੀ। ‘ਆਪਣੀ ਆਪਣੀ ਡਫਲੀ ਆਪਣਾ ਆਪਣਾ ਰਾਗ’ ਵਾਲੀ ਹਾਲਤ ਸੀ। ਗੁਰਦੁਆਰਿਆਂ ਆਦਿ ਦੀ ਜ਼ਿਆਦਾਤਰ ਮਰਿਆਦਾ ਬ੍ਰਾਹਮਣਵਾਦੀ ਕਰਮ-ਕਾਂਡਾਂ ਦਾ ਪੁਲੰਦਾ ਮਾਤਰ ਸੀ। ਉਨੀਵੀਂ ਸਦੀ ਦੇ ਅੰਤ ਵਿਚ ਸ਼ੁਰੂ ਹੋਈ ਸਿੰਘ ਸਭਾ ਲਹਿਰ 1920 ਤਕ ਗੁਰਦੁਆਰਾ ਸੁਧਾਰ ਲਹਿਰ ਦਾ ਰੂਪ ਧਾਰਨ ਕਰ ਚੁਕੀ ਸੀ। ਇਸ ਨੇ ਜ਼ਿਆਦਾਤਰ ਗੁਰਦੁਆਰੇ ਮਹੰਤਾਂ ਦੀ ਪਕੜ ਤੋਂ ਆਜ਼ਾਦ ਕਰਵਾ ਲਏ। ਇਸੇ ਲਹਿਰ ਦੀ ਉਪਜ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.)। ਇਸ ਨੇ ਗੁਰਦੁਆਰਿਆਂ ਦੀ ਸੰਭਾਲ ਆਪਣੇ ਹੱਥਾਂ ਵਿਚ ਲੈਣ ਤੋਂ ਬਾਅਦ ਸਿੱਖ ਸਮਾਜ ਦੇ ਸੁਧਾਰ ਲਈ ਜਤਨ ਸ਼ੂਰੂ ਕੀਤੇ। ਉਨ੍ਹਾਂ ਵਿਚੋਂ ਇਕ ਕੰਮ ਸੀ ਗੁਰਦੁਆਰਿਆਂ ਵਿਚੋਂ ਬ੍ਰਾਹਮਣੀ ਕਰਮ-ਕਾਂਡਾਂ ਨੂੰ ਹਟਾ ਕੇ ਗੁਰਮਤਿ ਸਿਧਾਂਤਾਂ ਦੇ ਆਧਾਰ ‘ਤੇ ਮਰਿਆਦਾ ਬਣਾਉਣੀ। ਇਸ ਨਾਲ ਕੌਮ ਵਿਚ ਇਕਸਾਰਤਾ ਅਤੇ ਏਕਤਾ ਵੀ ਆਉਣੀ ਸੀ।
ਇਸ ਟੀਚੇ ਨੂੰ ਮੁੱਖ ਰਖਦੇ ਹੋਏ ਸ਼੍ਰੋਮਣੀ ਕਮੇਟੀ ਨੇ ਸੰਨ 1930 ਦੇ ਆਸ-ਪਾਸ ਇਕ ਰਹੁਰੀਤ ਕਮੇਟੀ ਬਣਾਈ। ਇਸ ਨੂੰ ਸਿਧਾਂਤਾਂ ‘ਤੇ ਆਧਾਰਿਤ ‘ਸਿੱਖ ਰਹਿਤ ਮਰਿਆਦਾ’ ਦਾ ਇਕ ਖਰੜਾ ਤਿਆਰ ਕਰਨ ਦੀ ਜ਼ਿੰਮੇਵਾਰੀ ਸੋਂਪੀ ਗਈ। ਇਸ ਕਮੇਟੀ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਜੀ ਅਤੇ ਪ੍ਰਿੰ. ਤੇਜਾ ਸਿੰਘ ਜੀ (ਕਨਵੀਨਰ) ਜਿਹੇ ਵਿਦਵਾਨ ਵੀ ਸ਼ਾਮਿਲ ਸਨ। ਪਹਿਲਾਂ ਦੱਸੇ ਅਨੁਸਾਰ ਉਸ ਸਮੇਂ ਸਿੱਖ ਸਮਾਜ ਵਿਚ ਅਨੇਕਾਂ ਜਥੇ ਜਾਂ ਸੰਪਰਦਾਵਾਂ ਬਣ ਚੁਕੀਆਂ ਸਨ। ਉਹ ਗੁਰਮਤਿ ਸਿਧਾਂਤਾਂ ਨਾਲੋਂ ਆਪਣੇ ਜੱਥੇ ਅਤੇ ਸੰਪਰਦਾਵਾਂ ਦੇ ਵਿਚਾਰਾਂ ਅਤੇ ਮਰਿਆਦਾ ਨੂੰ ਜ਼ਿਆਦਾ ਮਹਤਵ ਦਿੰਦੇ ਸਨ। ਇਨ੍ਹਾਂ ਦੇ ਆਪਣੇ ਜਥਿਆਂ ਅਤੇ ਸੰਪਰਦਾਵਾਂ ਦੇ ਕਈਂ ਮੈਂਬਰ ਵੀ ‘ਸਿੱਖ ਰਹੁ-ਰੀਤ ਕਮੇਟੀ’ ਵਿਚ ਸ਼ਾਮਿਲ ਸਨ। ਇਨ੍ਹਾਂ ਦੇ ਆਪਣੇ ਜੱਥੇ ਅਤੇ ਸੰਪਰਦਾ ਦੇ ਵਿਚਾਰਾਂ ਪ੍ਰਤੀ ਗੈਰ ਸਿਧਾਂਤਕ ਖਿੱਚ (ਜ਼ਿੱਦ) ਹੀ ਇਸ ਕਮੇਟੀ ਦੀ ਇਕ ਵਡੀ ਮੁਸ਼ਕਿਲ ਸੀ। ਇਸੀ ਮੁਸ਼ਕਿਲ ਕਾਰਨ ਇਸ ਕਮੇਟੀ ਨੇ ਨਿਰੋਲ ਸਿਧਾਂਤ ਦਾ ਪਲਾ ਪਕੜਨ ਦੀ ਥਾਂ ਲੈਣ ਦੇਣ ਦੀ ਸਮਝੌਤਾਵਾਦੀ ਪਹੁੰਚ ਨੂੰ ਹੀ ਅਪਣਾਇਆ। ਸ਼ਾਇਦ ਉਨ੍ਹਾਂ ਦੀ ਮਨਸ਼ਾ ਗਲਤ ਨਹੀਂ ਸੀ। ਉਨ੍ਹਾਂ ਨੇ ਸ਼ਾਇਦ ਸੋਚਿਆ ਹੋਵੇਗਾ ਕਿ ਫਿਲਹਾਲ ਸਾਰੇ ਇਕ ਪ੍ਰਵਾਨਿਤ (ਭਾਵੇਂ ਪੂਰੀ ਤਰ੍ਹਾਂ ਸਿਧਾਂਤਕ ਨਹੀਂ) ਮਰਿਆਦਾ ਅਪਣਾ ਲੈਂਦੇ ਹਾਂ। ਇਸ ਨੂੰ ਲਾਗੂ ਕਰ ਕੇ ਜਦ ਇਕਸਾਰਤਾ ਆ ਜਾਵੇਗੀ ਤਾਂ ਹੌਲੀ-ਹੌਲੀ ਪੰਥ ਨੂੰ ਜਾਗ੍ਰਿਤ ਕਰ ਕੇ ਰਹਿ ਗਈਆਂ ਸਿਧਾਂਤਕ ਕਮਜ਼ੋਰੀਆਂ ਵੀ ਦੂਰ ਕਰ ਲਵਾਂਗੇ। ਦੂਜੀ ਗੱਲ ਇਹ ਵੀ ਸੀ ਕਿ ਉਸ ਸਮੇਂ ਤਕ ਗੁਰਬਾਣੀ ਦੇ ਜ਼ਿਆਦਾਤਰ ਸੰਪਰਦਾਈ ਅਰਥ ਹੀ ਪ੍ਰਚਲਿਤ ਸਨ। ਗੁਰਮਤਿ ਸਿਧਾਂਤਾਂ ਦੀ ਖੋਜ ਉਤਨੀ ਨਹੀਂ ਸੀ ਹੋਈ। ਸੋ ਅਣਜਾਣੇ ਵਿਚ ਕਈਂ ਸਿਧਾਂਤਕ ਅਤੇ ਸ਼ਬਦਾਵਲੀ ਪਖੋਂ ਕਮਜ਼ੋਰੀਆ ਰਹਿ ਗਈਆਂ।
ਇਸ ਰਹੁਰੀਤ ਕਮੇਟੀ ਨੇ ਆਪਣੀ ਪਹਿਲੀ ਰਿਪੋਰਟ 1-10-1932 ਨੂੰ ਸ਼੍ਰੋਮਣੀ ਕਮੇਟੀ ਨੂੰ ਸੌਂਪੀ। ਜਿਸ ਨੂੰ ਧਾਰਮਕ ਸਲਾਹਕਾਰ ਕਮੇਟੀ ਨੇ ਕੁਝ ਵਿਚਾਰਾਂ ਤੋਂ ਬਾਅਦ 12-10-1936 ਨੂੰ ਪ੍ਰਵਾਨਗੀ ਦੇ ਦਿਤੀ। ਇਸ ਵਿਚ ਇਕ ਮਦ ਰਖਣੀ ਇਹ ਜ਼ਰੂਰੀ ਸੀ ਕਿ ਹਮੇਸ਼ਾ ਕੁਝ ਨਿਸ਼ਚਿਤ ਸਮੇਂ (15-20 ਸਾਲ) ਬਾਅਦ ਇਸ ਦੀ ਪੁਨਰ-ਪੜਚੋਲ ਕੀਤੀ ਜਾਇਆ ਕਰੇਗੀ ਤਾਂ ਕਿ ਸਾਹਮਣੇ ਆ ਰਹੀਆਂ ਕਮੀਆਂ ਨੂੰ ਦੂਰ ਕੀਤਾ ਜਾ ਸਕੇ (ਪਰ ਅਜਿਹਾ ਕੀਤਾ ਨਾ ਗਿਆ)।
ਇਸ ਮਰਿਆਦਾ ਨੂੰ ਪ੍ਰਵਾਨਿਤ ਕਰਨ ਤੋਂ ਪਹਿਲਾਂ ਖਰੜਾ ਕਈਂ ਪੰਥਕ ਸੰਸਥਾਵਾਂ ਅਤੇ ਸਭਾਵਾਂ ਨੂੰ ਆਪਣੀ-ਆਪਣੀ ਰਾਏ (ਸੁਝਾਅ) ਦੇਣ ਲਈ ਭੇਜਿਆ ਗਿਆ। ਜਿਨ੍ਹਾਂ ਜਥੇਬੰਦੀਆਂ ਨੇ ਆਪਣੇ ਸੁਝਾਅ ਭੇਜੇ ਉਨ੍ਹਾਂ ਦੀ ਸੂਚੀ ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਿਤ ‘ਸਿੱਖ ਰਹਿਤ ਮਰਿਆਦਾ’ ਦੇ ਸ਼ੁਰੂ ਵਿਚ ਦਿਤੀ ਗਈ ਹੈ। 1940 ਤੋਂ ਬਾਅਦ ਸ਼੍ਰੋਮਣੀ ਕਮੇਟੀ ਚੌਧਰਾਂ ਅਤੇ ਧੜੇਬਾਜੀਆਂ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਗਈ।
ਫੈਸਲੇ, ਸਿਧਾਂਤ ਦੀ ਥਾਂ ਨਿਜੀ ਗਰਜ਼ਾਂ ਅਧੀਨ ਲਏ ਜਾਣ ਲਗ ਪਏ। ਇਸ ਦਾ ਅਸਰ ‘ਸਿੱਖ ਰਹਿਤ ਮਰਿਆਦਾ’ ਤੇ ਵੀ ਹੋਇਆ। 1936 ਵਿਚ ਪ੍ਰਵਾਨ ਕੀਤੀ ਮਰਿਆਦਾ ਵਿਚ ‘ਰਾਗਮਾਲਾ’ ਬਾਰੇ ਸਪਸ਼ਟ ਕਿਹਾ ਸੀ ਕਿ ‘ਰਾਗਮਾਲਾ’ ਗੁਰਬਾਣੀ ਨਹੀਂ ਹੈ, ਇਸ ਕਰ ਕੇ ਭੋਗ ਮੁੰਦਾਵਣੀ ਉਤੇ ਪਾਇਆ ਜਾਵੇ। ਪਰ 1945 ਵਿਚ ‘ਰਾਗਮਾਲਾ’ ਪੱਖੀ ਇਕ-ਦੋ ਮੈਂਬਰਾਂ ਦੇ ਜਵਾਬ ਹੇਠ ਇਸ ਮਦ ਨੂੰ ਬਦਲ ਕੇ ਇਹ ਗੱਲ ਕਰ ਦਿਤੀ ਹੈ ਕਿ ਭੋਗ ਸਥਾਨਕ ਰੀਤੀ ਅਨੁਸਾਰ (‘ਰਾਗਮਾਲਾ’ ਪੜ੍ਹ ਕੇ ਜਾਂ ਬਿਨਾਂ ਪੜ੍ਹੇ ਪਾਇਆ ਜਾਵੇ) ਪਾਉਣ ਦਾ ਸਿਧਾਂਤ-ਵਿਰੋਧੀ ਝਮੇਲਾ ਖੜ੍ਹਾ ਕਰ ਦਿਤਾ ਗਿਆ। ਇਸ ਨਾਲ ‘ਰਾਗਮਾਲਾ’ ਤੋਂ ਕੌਮ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਖਹਿੜਾ ਛੁਡਾਉਣ ਦੀ ਲਹਿਰ ਨੂੰ ਕਾਫੀ ਨੁਕਸਾਨ ਪਹੁੰਚਿਆ। ਇਸ ਮਦ (ਰਾਗਮਾਲਾ) ਵਾਲੀ ਨੂੰ ਬਦਲਣ ਲਈ ਪਖਪਾਤੀ ਰਵਈਆ ਅਪਣਾਇਆ ਗਿਆ। ਇਸ ਰਵੱਈਏ ਦੀ ਪੂਰੀ ਜਾਣਕਾਰੀ ਲਈ (ਮਰਹੂਮ) ਗਿਆਨੀ ਗੁਰਦਿੱਤ ਸਿੰਘ ਜੀ ਦੀ ਪੁਸਤਕ ‘ਮੁੰਦਾਵਣੀ’ ਪੜ੍ਹੀ ਜਾ ਸਕਦੀ ਹੈ। ਇਹ ਪੁਸਤਕ ਰਾਗਮਾਲਾ ਬਾਰੇ ਸਿਧਾਂਤ ਸਮਝਾਉਂਦੀ ਸਭ ਤੋਂ ਵਧੀਆ ਪੁਸਤਕ ਹੈ।
ਦੂਜੇ ਪਾਸੇ ਇਹ ‘ਰਹਿਤ ਮਰਿਆਦਾ’ ਕਦੀ ਵੀ ਪੂਰੀ ਤਰ੍ਹਾਂ ਕੌਮ ਉਤੇ ਲਾਗੂ ਨਹੀਂ ਹੋ ਸਕੀ। ਹੋਰ ਤਾਂ ਹੋਰ ਸ਼੍ਰੋਮਣੀ ਕਮੇਟੀ ਦੇ ਅਧੀਨ ਚਲਦੇ ਗੁਰਦੁਆਰਿਆਂ ਵਿਚ ਵੀ ਇਸ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਜਾਂਦੀ। ਹਾਂ, ਕੁਝ ਮਿਸ਼ਨਰੀ ਸੰਸਥਾਵਾਂ ਵਲੋਂ ਇਸ ਦੇ ਅੱਖਰ-ਅੱਖਰ ਪਾਲਣਾ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ। ਨਾਲ ਹੀ ਕੁਝ ਮਿਸ਼ਨਰੀ ਸੰਸਥਾਵਾਂ ਇਹ ਵੀ ਫਤਵਾ ਦੇ ਰਹੀਆਂ ਹਨ ਕਿ ਇਸ ਵਿਚ ਸੋਧ ਦਾ ਅਧਿਕਾਰ ਸ਼੍ਰੋਮਣੀ ਕਮੇਟੀ ਨੂੰ ਵੀ ਨਹੀਂ ਹੈ। ਉਨ੍ਹਾਂ ਦਾ ਇਹ ਵੀ ਪ੍ਰਚਾਰ ਹੈ ਕਿ ਜੋ ਰਹਿਤ ਮਰਿਆਦਾ ਦਾ ਵਿਰੋਧ ਕਰਦਾ ਹੈ ਜਾਂ ਇੰਨ-ਬਿੰਂਨ ਨਹੀਂ ਮੰਨਦਾ, ਉਹ ਸਚਾ ਸਿੱਖ ਨਹੀਂ। ਡੇਰੇ, ਸੰਪਰਦਾਵਾਂ ਤਾਂ ਇਸ ਮਰਿਆਦਾ ਨੂੰ ਅਛੂਤ ਸਮਝਦੀਆਂ ਹਨ। ਕਿਉਂਕਿ ਇਸ ਦੇ ਕੁਝ ਨੁਕਤੇ ਉਨ੍ਹਾਂ ਦੇ ਬ੍ਰਾਹਮਣਵਾਦੀ ਏਜੰਡੇ ਵਿੱਚ ਫਿਟ ਨਹੀਂ ਬੈਠਦੇ।
ਸਮੇਂ ਅਨੁਸਾਰ ਗੁਰਮਤਿ ਦੇ ਖੇਤਰ ਵਿਚ ਕਈਂ ਖੋਜਾਂ ਹੋਈਆਂ ਅਤੇ ਕਾਫੀ ਕੰਮ ਵੀ ਹੋਇਆ। ਸਿਧਾਂਤਕ ਦ੍ਰਿਦ੍ਰੜਤਾ ਦੀ ਇਸੇ ਲਹਿਰ ਵਿਚੋਂ ‘ਤੱਤ ਗੁਰਮਤਿ ਲਹਿਰ’ ਦਾ ਜਨਮ ਹੋਇਆ। ‘ਦਸਮ ਗ੍ਰੰਥ’ ਦੇ ਬਾਰੇ ਕਈ ਖੋਜਾਂ ਹੋਈਆਂ, ਕਈ ਤੱਤ ਗੁਰਮਤਿ ਦੇ ਵਿਦਵਾਨ ਲੇਖਕਾਂ ਨੇ ਦਲੀਲ ਨਾਲ ਇਹ ਵੀ ਸਾਬਿਤ ਕਰ ਦਿਤਾ ਹੈ ਕਿ ‘ਦਸਮ ਗ੍ਰੰਥ’ ਦੀ ਕੋਈ ਵੀ ਰਚਨਾ ਗੁਰੂ ਕ੍ਰਿਤ ਨਹੀਂ ਹੈ। ਤੱਤ ਗੁਰਮਤਿ ਲਹਿਰ ਦਾ ਮੁੱਖ ਧੁਰਾ ਹੈ ਕਿ ਉਹ ਪੂਰੀ ਤਰ੍ਹਾਂ ‘ਗੁਰੂ ਗ੍ਰੰਥ ਸਾਹਿਬ ਜੀ’ ਨੂੰ ਸਮਰਪਿਤ ਹਨ। ਉਹ ਹਰ ਉਸ ਰਸਮ ਜਾਂ ਮਰਿਆਦਾ ਨੂੰ ਰੱਦ ਕਰਦੇ ਹਨ ਜੋ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਕਸੌਟੀ ਉਪਰ ਖਰੀ ਨਹੀਂ ਉਤਰਦੀ। ਉਹਨਾਂ ਦਾ ਮਤ ਹੈ ਕਿ ਸਿਧਾਂਤ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਪਰ ਸੱਚਾਈ ਇਹ ਹੈ ਕਿ ਪ੍ਰਚਲਿਤ ‘ਸਿੱਖ ਰਹਿਤ ਮਰਿਆਦਾ’ ਵਿਚ ਸਿਧਾਂਤਕ ਅਤੇ ਸ਼ਬਦਾਵਲੀ ਪੱਖੋਂ ਅਨੇਕਾਂ ਇਹੋ ਜਿਹੀਆਂ ਕਮਜ਼ੋਰੀਆਂ ਹਨ ਜੋ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਕਸੌਟੀ ਉਪਰ ਫੇਲ੍ਹ ਹੋ ਜਾਂਦੀਆਂ ਹਨ।
ਸੋ ਇਸ ਲਹਿਰ ਨਾਲ ਜੁੜੇ ਕੁਝ ਵੀਰਾਂ ਨੇ ‘ਰਹਿਤ ਮਰਿਆਦਾ ਦੇ ਐਸੇ ਕੁਝ ਨੁਕਤਿਆਂ ਬਾਰੇ ਵਿਚਾਰ ਕਰਨੇ ਸ਼ੁਰੂ ਕੀਤੇ। ਸੰਪਰਦਾਵਾਂ ਅਤੇ ਸ਼੍ਰੋਮਣੀ ਕਮੇਟੀ ਵਲੋਂ ਇਨ੍ਹਾਂ ਦਾ ਵਿਰੋਧ ਤਾਂ ਘਟ ਹੀ ਹੋਇਆ ਕਿਉਂ ਕਿ ਉਹ ਇਸ ਮਰਿਆਦਾ ਦੇ ਪੱਖੋਂ ਅਵੇਸਲੇ ਹੀ ਹਨ। ਪਰ ਕੁਝ ਮਿਸ਼ਨਰੀ ਸੰਸਥਾਵਾਂ ਇਸ ਮਰਿਆਦਾ ਕਾਰਨ ਤਤ ਗੁਰਮਤਿ ਵਿਦਵਾਨਾਂ ਵਿਰੁਧ ਸਰਗਰਮ ਹੋ ਗਈਆਂ। ਉਨ੍ਹਾਂ ਵਿਦਵਾਨਾਂ ਖਿਲਾਫ਼ (ਬਿਨਾ ਕਿਸੇ ਦਲੀਲ ਦੇ) ਫਤਵੇ ਵੀ ਜਾਰੀ ਹੋਣ ਲਗ ਪਏ। ਉਨ੍ਹਾਂ ਦੀ ਇਕ ਦਲੀਲ ਇਹ ਹੈ ਕਿ ਜੇ ਅਸੀਂ ‘ਸਿੱਖ ਰਹਿਤ ਮਰਿਆਦਾ’ ਵਿਚ ‘ਹਾਂ-ਪੱਖੀ’ ਤਬਦੀਲੀਆਂ ਦੀ ਗੱਲ ਕਰਾਂਗੇ ਤਾਂ ਸੰਪਰਦਾਈ, ਡੇਰੇਦਾਰ ਆਦਿ ਇਸ ਦਾ ਗਲਤ ਫਾਇਦਾ ਉਠਾਉਣਗੇ। ਉਹ ਇਸ ਵਿਚ ਕਈਂ ਨਾ-ਪੱਖੀ ਤਬਦੀਲੀਆਂ ਕਰ ਦੇਣਗੇ। ਪਰ ਇਹ ਦਲੀਲ ਠੀਕ ਨਹੀਂ, ਕਿਉਂਕਿ ਸੰਪਰਦਾਈ ਇਸ ਰਹਿਤ ਮਰਿਆਦਾ ਨੂੰ ਮੰਨਦੇ ਹੀ ਨਹੀਂ।
ਇਕ ਵਿਚਾਰਯੋਗ ਨੁਕਤਾ ਇਹ ਵੀ ਹੈ ਕਿ ਇਸ ਰਹਿਤ ਮਰਿਆਦਾ (ਸਮਝੌਤਾਵਾਦੀ ਹੋ ਕੇ ਵੀ) ਪੰਥ ਵਿਚ ਇਕਸਾਰਤਾ ਨਹੀਂ ਆ ਸਕੀ। ਜਿਸ ਦੀ ਇਸ ਦੇ ਬਣਾਉਣ ਵਾਲਿਆਂ ਨੇ ਉਮੀਦ ਕੀਤੀ ਸੀ। ਮਰਿਆਦਾ ਲਾਗੂ ਹੋਣ ਤੋਂ ਬਾਅਦ ਵੀ ਸਿੱਖ ਸਮਾਜ ਵਿਚ ਅੰਧਵਿਸ਼ਵਾਸ਼, ਕਰਮਕਾਂਡ ਵਧੇ ਹੀ ਹਨ। ਦੂਜੇ ਪਾਸੇ ਮੁਸ਼ਕਿਲ ਇਹ ਹੈ ਕਿ ਇਸ ਵਿਚ ਰਹਿ ਗਏ ਗੈਰ ਸਿਧਾਂਤਕ ਨੁਕਤੇ ਨਿਰੋਲ ‘ਨਾਨਕਵਾਦ’(ਸੱਚ) ਦੇ ਪਾਂਧੀਆਂ ਨੂੰ ਪ੍ਰੇਸ਼ਾਨ ਕਰਦੇ ਹਨ। ਉਨ੍ਹਾਂ ਦਾ ਜ਼ਮੀਰ ਹੁਣ ਇਸ ਗਲ ਦੀ ਗਵਾਹੀ ਨਹੀਂ ਦਿੰਦਾ ਕਿ ਉਹ ਸਭ ਕੁਝ ਸਮਝਦੇ-ਬੁੱਝਦੇ ‘ਰਹਿਤ ਮਰਿਆਦਾ’ ਦੀ ਖਾਤਰ ‘ਗੁਰੂ ਗ੍ਰੰਥ ਸਾਹਿਬ ਜੀ’ ਤੋਂ ਉਲਟ ਚਲਦੇ ਰਹਿਣ। ਇਸ ਕਰਕੇ ਉਨ੍ਹਾਂ ਨੇ ਇਸ ਵਿਚ ਰਹਿ ਗਈਆਂ ਸਿਧਾਂਤਕ ਕਮੀਆਂ ਬਾਰੇ ਜਾਗ੍ਰਿਤੀ ਲਿਆਉਣ ਦਾ ਮਨ ਬਣਾ ਲਿਆ। ਇਹ ਵੀ ਗੱਲ ਧਿਆਨ ਰਖਣ ਯੋਗ ਹੈ ਕਿ ਇਸ ਮਰਿਆਦਾ ਨੂੰ ਬ੍ਰਾਹਮਣਵਾਦ ਦੀ ਅਫੀਮ ਦੇ ਆਦੀ ਹੋ ਚੁਕੇ (ਸੰਪਰਦਾਈ ਅਤੇ ਹੋਰ) ਸਿੱਖਾਂ ਨੇ ਕਦੇ ਨਹੀਂ ਅਪਣਾਉਣਾ। ਘੱਟੋ-ਘੱਟ ਜੋ ਮਰਿਆਦਾ ਤੋਂ ਸੇਧ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਤਾਂ ਸਿਧਾਂਤਕ ਤੌਰ ’ਤੇ ਖਰਾ ਸਚ ਮਿਲੇ। ਸੋ ਇਸੇ ਮਨਸ਼ਾ ਨਾਲ ਸਾਡਾ ਇਹ ਲੇਖ ਲਿਖਣ ਦਾ ਵਿਚਾਰ ਬਣਿਆ।
ਅਸੀਂ ਲੇਖ ਦੀ ਨੁਕਤਾਵਾਰ ਵਿਚਾਰ ਤੋਂ ਪਹਿਲਾਂ ਗੱਲ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਅਸੀਂ (ਅਤੇ ਹੋਰ ਤੱਤ ਗੁਰਮਤਿ ਵਾਲੇ) ਰਹਿਤ ਮਰਿਆਦਾ ਨੂੰ ਰੱਦ ਨਹੀਂ ਕਰਦੇ ਅਤੇ ਨਾ ਇਸ ਦੀ ਲੋੜ ਤੋਂ ਮੁਨਕਰ ਹਾਂ। ਸਾਡਾ ਤਾਂ ਇਹ ਪੱਕਾ ਵਿਸ਼ਵਾਸ਼ ਹੈ ਕਿ ਸਿੱਖ ਸਮਾਜ ਵਿਚ ਇਕਸਾਰਤਾ ਅਤੇ ਸੇਧ ਲਈ ਨਿਰੋਲ ‘ਗੁਰੂ ਗ੍ਰੰਥ ਸਾਹਿਬ ਜੀ’ ਉੋਪਰ ਆਧਾਰਿਤ ਇਕ ‘ਜੀਵਨ-ਜਾਚ’ (ਰਹਿਤ ਮਰਿਆਦਾ) ਬਹੁਤ ਜ਼ਰੂਰੀ ਹੈ। ਸੋ ਸਾਡਾ ਵਿਚਾਰ ਹੈ ਕਿ ਇਹ ‘ਜੀਵਨ-ਜਾਚ’ ਬਿਨਾਂ ਕਿਸੇ ਸਮਝੌਤਾਵਾਦੀ ਪਹੁੰਚ ਦੇ ਨਿਰੋਲ ਸਿਧਾਂਤਕ ਆਧਾਰ ਉਤੇ ਬਣਾਈ ਜਾਵੇ। ਇਸ ਟੀਚੇ ਬਾਰੇ ਜਾਗ੍ਰਿਤੀ ਲਿਆਉਣ ਦੀ ਮਨਸ਼ਾ ਨਾਲ ਇਹ ਲੇਖ ਲਿਖ ਰਹੇ ਹਾਂ। ਇਹ ਸਾਡਾ ਬਿਲਕੁਲ ਦਾਅਵਾ ਨਹੀਂ ਹੈ ਕਿ ਸਾਡਾ ਹਰ ਵਿਚਾਰ ਸਹੀ ਹੈ, ਪਰ ਇਨ੍ਹਾਂ ਜ਼ਰੂਰ ਹੈ ਕਿ ਜਿਸ ਵੀ ਨੁਕਤੇ ਉਪਰ ਵਿਚਾਰ ਹੋਵੇ, ਸਿਧਾਂਤਕ ਅਤੇ ਦਲੀਲ ਆਧਾਰਿਤ ਹੋਵੇ। ਸੋ ਨੁਕਤਾਵਾਰ ਪ੍ਰਚਲਿਤ ਰਹਿਤ ਮਰਿਆਦਾ ਵਿਚ ਰਹਿ ਗਈਆਂ ਸਿਧਾਂਤਕ ਅਤੇ ਸ਼ਬਦਾਵਲੀ ਪਖੋਂ ਗਲਤੀਆਂ (ਕਮਜ਼ੋਰੀਆਂ) ਨੂੰ ਲਿਖ ਰਹੇ ਹਾਂ। ਨਾਲ ਹੀ ਅਸੀਂ ਆਪਣੀ ਤੁੱਛ ਬੁਧੀ ਅਨੁਸਾਰ ਗੁਰਮਤਿ ਦੀ ਰੋਸ਼ਨੀ ਵਿਚ ਉਸ ਨੁਕਤੇ ਵਿਚ ਸੁਧਾਰ ਬਾਰੇ ਲਿਖ ਰਹੇ ਹਾਂ। ਮਕਸਦ ਹੈ ਕਿ ਇਸ ਨਾਲ ਕੌਮ ਵਿਚ ਇਸ ਬਾਰੇ ਚਰਚਾ ਸ਼ੁਰੂ ਹੋ ਸਕੇ। ਸਾਡਾ ਦਾਅਵਾ ਨਹੀਂ ਹੈ ਕਿ ਅਸੀਂ ਕੁਝ ਬਦਲ ਦਿਆਂਗੇ ਨਾ ਸਾਡੀ ਕੋਈ ਪਾਇਆਂ ਹੈ। ਨਿਰੋਲ ਨਾਨਕਵਾਦ ਦੀ ਰਾਹ ਉਤੇ ਤੁਰਨ ਦੇ ਚਾਹਵਾਨਾਂ ਲਈ ਆਪਣੇ ਵਿਚਾਰ ਪੇਸ਼ ਕਰ ਰਹੇ ਹਾਂ। ਜਿਸ ਨੂੰ ਠੀਕ ਲਗਣ, ਇਸ ਬਾਰੇ ਅਗੇ ਪ੍ਰਚਾਰ ਕਰ ਸਕਦਾ ਹੈ। ਜੇ ਕੁਝ ਕਮੀ ਲਗੇ ਤਾਂ ਸਿਧਾਂਤ ਅਤੇ ਦਲੀਲ ਅਧਾਰਿਤ ਆਪਣੇ ਵਿਚਾਰ ਦੇ ਸਕਦਾ ਹੈ। ‘ਧਰਮ’ ਇਕ ਸਵੈ-ਇੱਛਾ ਦਾ ਮੁਦਾ ਹੈ, ਕਿਸੇ ਤੇ ਥੋਪਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਅਸੀਂ ਸਿਰਫ਼ ਵਿਚਾਰ ਦੇ ਸਕਦੇ ਹਾਂ, ਸਿਧਾਂਤ ਅਤੇ ਦਲੀਲ ਨਾਲ ਸਮਝਾ ਸਕਦੇ ਹਾਂ। ਉਸ ਨੂੰ ਅਪਣਾਉਣਾ ਹੈ ਜਾਂ ਨਹੀਂ ਹਰ ਇਕ ਦੀ ਆਪਣੀ ਮਰਜ਼ੀ ਹੈ। ਨਾਨਕ ਸਾਹਿਬ ਜੀ ਨੇ ਵੀ ਹਰਿਦੁਆਰ ਜਾਂ ਜਗਨਨਾਥਪੁਰੀ ਵਿਚ ਜਾ ਕੇ ਸਿਰਫ ਦਲੀਲ ਨਾਲ ਗਲਤ ਰੀਤਾਂ ਰਸਮਾਂ ਦਾ ਖੰਡਨ ਕੀਤਾ ਅਤੇ ਸੱਚ ਦਸਿਆ। ਜਿਸ ਨੂੰ ਚੰਗਾ ਲਗਿਆ ਉਸ ਨੇ ਅਪਣਾ ਲਿਆ। ਵਰਨਾ ਹੁਣ ਵੀ ਹਰਿਦੁਆਰ (ਜਾਂ ਘਰਾਂ) ਵਿਚ ਲੋਕ ਸੂਰਜ ਨੂੰ ਪਾਣੀ ਦੇ ਰਹੇ ਹਨ। ਜਗਨਨਾਥ ਮੰਦਰ ਵਿਚ ਹੁਣ ਵੀ ਉਸੇ ਤਰ੍ਹਾਂ ਆਰਤੀ ਕੀਤੀ ਜਾ ਰਹੀ ਹੈ। ਕਈਂ ਸਿੱਖਾਂ ਨੇ ਗੁਰਦੁਵਾਰਿਆਂ ਵਿਚ ਵੀ ਆਰਤੀ ਸ਼ੁਰੂ ਕਰ ਦਿਤੀ ਹੈ। ਜਿਨ੍ਹਾਂ ਵਿਚ ਕਹਿਲਾਉਂਦੇ ਸਾਡੇ ਦੋ ਤਖ਼ਤ ਵੀ ਸ਼ਾਮਿਲ ਹਨ, ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ। ਇਹ ਉਨ੍ਹਾਂ ਦੀ ਆਪਣੀ ਮਤਿ ਹੈ, ਗੁਰਮਤਿ ਨਹੀਂ।
ਆਸ ਹੈ, ਹੁਣ ਤਕ ‘ਸੂਝਵਾਨ ਪਾਠਕ ਅਤੇ ਸਿੱਖ’ ਸਾਡੀ ਮਨਸ਼ਾ ਨੂੰ ਚੰਗੀ ਤਰ੍ਹਾਂ ਸਮਝ ਗਏ ਹੋਣਗੇ। ਜਿਨ੍ਹਾਂ ਸਿੱਖਾਂ (ਭੇਖ ਵਾਲਿਆਂ ਨੇ) ਹਰ ਚੰਗੀ ਗੱਲ ਲਈ ‘ਸੋਧ ਦੇਣ’ ਦੇ ਫਤਵੇ ਦੇਣੇ ਹਨ, ਉਨ੍ਹਾਂ ਨੂੰ ਕੋਈ ਰੋਕ ਨਹੀਂ ਸਕਦਾ। ਐਸੇ ਲੋਕ ਤਾਂ ਬਾਬਾ ਨਾਨਕ ਨੂੰ ਵੀ ਨਹੀਂ ਸਨ ਬਖਸ਼ਦੇ, ਸਾਡੀ ਤਾਂ ਔਕਾਤ ਹੀ ਕੀ ਹੈ। ਅਸੀਂ ਤਾਂ ਸਿਰਫ ਬਾਬਾ ਨਾਨਕ ਜੀ ਦੇ ਪਦ-ਚਿੰਨ੍ਹਾਂ ਉਤੇ ਚਲਣ ਦੀ ਨਿਮਾਣੀ ਜਿਹੀ ਕੋਸ਼ਿਸ ਕਰਕੇ ਸਿਧਾਂਤ ਅਤੇ ਦਲੀਲ ਰਾਹੀਂ ਕੁਝ ਨੁਕਤੇ ਸਮਝਾਉਣ ਦੀ ਇਛਾ ਨਾਲ ਲਿਖ ਰਹੇ ਹਾਂ।
ਸਿੱਖ ਰਹਿਤ ਮਰਿਆਦਾ ਦੇ ਕੁਝ ਭਾਗਾਂ ਦੀ ਨੁਕਤਾਵਾਰ ਆਲੋਚਨਾਤਮਕ ਵਿਚਾਰ
(1) ਸਿੱਖ ਦੀ ਤਾਰੀਫ: ਇਸ ਸਿਰਲੇਖ ਅਧੀਨ ਸਿੱਖ ਦੀ ਪਰਿਭਾਸ਼ਾ ਦਿਤੀ ਗਈ ਹੈ : "ਜੋ ਇਸਤਰੀ ਜਾਂ ਪੁਰਸ਼ ਇਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤਕ), ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉਤੇ ਨਿਸਚਾ ਰਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ।"
ਵਿਚਾਰ: ਇਸ ਪਰਿਭਾਸ਼ਾ ਦੀ ਸ਼ਬਦਾਵਲੀ ਸਿਧਾਂਤਕ ਤੌਰ ਉਤੇ ਭੁਲੇਖਾ-ਪਾਊ ਲਗਦੀ ਹੈ। ਕੋਈ ਸ਼ਪਸ਼ਟਤਾ ਨਹੀਂ ਮਿਲਦੀ। ਕੁਝ ਕਮੀਆਂ ਮਹਿਸੂਸ ਹੁੰਦੀਆਂ ਹਨ ਜੋ ਇਸ ਪ੍ਰਕਾਰ ਠੀਕ ਕੀਤੀਆਂ ਜਾ ਸਕਦੀਆਂ ਹਨ।
(ੳ) ਜੋ ਇਸਤਰੀ ਜਾਂ ਪੁਰਸ਼ ਲਿਖਿਆ ਹੈ। ਕੀ ਕਿੰਨਰ (ਹਿਜੜੇ) ਜਿਸ ਨੂੰ ਸਮਾਜ (ਗਲਤ ਤੌਰ ਤੇ ) ਇਸਤਰੀ ਜਾਂ ਪੁਰਸ਼ ਵਿਚੋਂ ਇਕ ਵੀ ਨਹੀਂ ਮੰਨਦਾ, ਕੀ ਉਹ ਸਿੱਖ ਨਹੀਂ ਹੋ ਸਕਦੇ ? ਇਥੇ ਸਿਰਫ ‘ਜੋ ਮਨੁੱਖ’ ਲਫਜ਼ ਵਰਤੇ ਜਾਣ ਤਾਂ ਸਿਧਾਂਤ ਵਜੋਂ ਠੀਕ ਲਗਦਾ ਹੈ ? ‘ਮਨੁੱਖ’ ਵਿਚ ਸਾਰੇ ਹੀ ਆ ਜਾਂਦੇ ਹਨ।
(ਅ) ਗੁਰਬਾਣੀ ਸਪਸ਼ਟ ਪ੍ਰਚਾਰਦੀ ਹੈ ਕਿ
"ਏਕਾ ਬਾਣੀ ਇਕ ਗੁਰ ਇਕੋ ਸਬਦ ਬਚਿਾਰ"
ਭਾਵ : ਗੁਰੂ ਸਿਰਫ਼ ਇਕ ਹੈ, ਉਹੀ ਜਿਸ ਬਾਰੇ ਨਾਨਕ ਪਾਤਸ਼ਾਹ ਜੀ ਨੇ ਦਸਿਆ :
"ਸ਼ਬਦ ਗੁਰੂ ਸੁਰਤ ਧੁਨ ਚੇਲਾ"
ਭਾਵ : ਸੱਚ ਦਾ ਗਿਆਨ (ਸ਼ਬਦ) ਹੀ ਗੁਰੂ ਹੈ। ਫਿਰ ਇਥੇ ‘ਦਸ ਗੁਰੂ’ ਲਫਜ਼ ਕਿਉਂ? ਗੁਰੂ ਇਕ ਤੋਂ ਵਧ ਕਿਵੇਂ ਹੋ ਸਕਦੇ ਹਨ? ਇਥੇ ਐਸੀ ਸ਼ਬਦਾਵਲੀ ਵਰਤੀ ਜਾ ਸਕਦੀ ਸੀ ਜੋ ਸਿਧਾਂਤਕ ਗਲਤੀ ਨੂੰ ਸੁਧਾਰ ਸਕਦੀ। ਸਾਡਾ ਵਿਚਾਰ ਹੈ ਕਿ ਜੇ ਇਥੇ ‘ਨਾਨਕ ਵਿਚਾਰਧਾਰਕ ਜੋਤ ਦੇ ਦਸ ਜਾਮਿਆਂ’ ਲਫਜ਼ ਵਰਤੇ ਜਾਣ ਤਾਂ ਜ਼ਿਆਦਾ ਢੁਕਵੇਂ ਹੋ ਸਕਦੇ ਹਨ।
ਦਿਲਚਸਪ ਗਲ ਇਹ ਹੈ ਕਿ ਜੇ ਕਿਸੇ ਸਿੱਖ ਨੂੰ ਪੁਛ ਲਈਏ ਕਿ ਸਿੱਖਾਂ ਦੇ ਕਿਤਨੇ ਗੁਰੂ ਹਨ? ਤਾਂ ਇਹੋ ਰਟਿਆ ਹੋਇਆ ਜਵਾਬ ਮਿਲੇਗਾ ਕਿ ‘ਦਸ ਗੁਰੂ’। ਇਹੀ ਗੱਲ ਕਈ ਕਿਤਾਬਾਂ ਰਾਹੀਂ ਵੀ ਪ੍ਰਚਾਰੀ ਜਾਂਦੀ ਹੈ। ਜੇ ਉਸ ‘ਦਸ’ ਦੇ (ਭਾਵੇਂ ਗਲਤ) ਨਜ਼ਰੀਏ ਨਾਲ ਵੀ ਵੇਖੀਏ ਤਾਂ ਸਿੱਖਾਂ ਦੇ ‘ਗਿਆਰਾਂ’ ਗੁਰੂ ਬਣਦੇ ਹਨ। ਕੀ ਸਿੱਖ ‘ਗੁਰੂ ਗ੍ਰੰਥ ਸਾਹਿਬ ਜੀ’ ਨੂੰ ‘ਗੁਰੂ’ ਨਹੀਂ ਮੰਨਦੇ? ਜੇ ਹਾਂ ਤਾਂ ਫਿਰ ਸਿੱਖਾਂ ਦੇ ਗੁਰੂ ਦਸ ਕਿਉਂ ਪ੍ਰਚਾਰ ਰਹੇ ਹਾਂ?
ਅਸਲ ਵਿਚ ਸਿੱਖਾਂ ਦਾ ਗੁਰੂ ਇਕ ਹੀ ਸੀ, ਇਕ ਹੀ ਹੈ, ਅਤੇ ਇਕ ਹੀ ਰਹੇਗਾ (ਇਹੀ ਗੱਲ ਸਾਰੀ ਮਨੁਖਤਾ ਵਾਸਤੇ ਲਾਗੂ ਹੁੰਦੀ ਹੈ) ਉਹ ਹੈ ‘ਸਚ ਦਾ ਗਿਆਨ’ ਰੂਪੀ ‘ਗੁਰੂ’। ਇਸੇ ਸਚ ਦੇ ਗਿਆਨ (ਸ਼ਬਦ) ਨੂੰ ਨਾਨਕ ਪਾਤਸ਼ਾਹ ਨੇ ਆਪਣਾ ਗੁਰੂ ਪ੍ਰਚਾਰਿਆ ਸੀ। ਅਸਲ ਵਿਚ ‘ਗੁਰੂ’ ਨਾਨਕ ਪਾਤਸ਼ਾਹ ਜੀ ਵਲੋਂ ਸਮਝਾਈ ਗਈ ਵਿਚਾਰਧਾਰਾ (ਸਚ ਦਾ ਗਿਆਨ) ਹੀ ਸੀ, ਉਹੀ ‘ਵਿਚਾਰਧਾਰਕ ਜੋਤ’ ਅੰਗਦ ਪਾਤਸ਼ਾਹ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਤਕ ਰਹੀ ਅਤੇ ‘ਗੁਰੂ ਗ੍ਰੰਥ ਸਾਹਿਬ ਜੀ’ ਵਿਚ ਵੀ ‘ਸੱਚ ਦੇ ਗਿਆਨ’ ਰੂਪੀ ਉਹੀ ‘ਵਿਚਾਰਧਾਰਕ ਜੋਤ’ ਵਿਚਰ ਰਹੀ ਹੈ। ਅਸੀਂ ਆਪ ਕਹਿੰਦੇ ਹਾਂ ਕਿ ਗੁਰਬਾਣੀ ਅਨੁਸਾਰ ‘ਗੁਰੂ’ ਜੰਮਦਾ ਜਾਂ ਮਰਦਾ ਨਹੀਂ ਪਰ (ਨਾਨਕ ਸਾਹਿਬ ਜੀ ਤੋਂ ਦਸਵੇਂ ਪਾਤਸ਼ਾਹ ਤਕ) ਸਾਰੇ ਪੰਜ ਭੂਤਕ ਸ਼ਰੀਰ ਪੈਦਾ ਵੀ ਹੋਏ ਅਤੇ ਸਰੀਰਕ ਤੌਰ ਤੇ ਚਲਾਣਾ ਵੀ ਕਰ ਗਏ। ਇਸ ਕਰਕੇ ਉਹ ਪੰਜ ਭੂਤਕ ਸ਼ਰੀਰ ਸਾਡੇ ‘ਗੁਰੂ’ ਨਹੀਂ ਸਨ। ਸਾਡਾ ‘ਗੁਰੂ’ ਸਚ ਦੇ ਗਿਆਨ ਦੀ ਵਿਚਾਰਧਾਰਾ ਹੀ ਸੀ, ਇਹ ਹੀ ਹੈ, ਤੇ ਇਹ ਹੀ ਹਮੇਸ਼ਾਂ ਰਹੇਗੀ।
(ੲ) ਇਸੇ ਪਰਿਭਾਸ਼ਾ ਵਿਚ ਅੱਗੇ ਲਿਖਿਆ ਹੈ ਕਿ :
‘ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਨਿਸ਼ਚਾ’
ਹੁਣ ਸਵਾਲ ਇਹ ਉਠਦਾ ਹੈ ਕਿ ‘ਗੁਰੂ ਗ੍ਰੰਥ ਸਾਹਿਬ ਜੀ’ ਤੋਂ ਇਲਾਵਾ ‘ਦਸ ਗੁਰੂ ਸਾਹਿਬਾਨ’ ਜੀ ਦੀ ਹੋਰ ਕਿਹੜੀ ਬਾਣੀ ਹੈ? ਤੇ ‘ਅਤੇ’ ਲਫਜ਼ ਤਾਂ ਇਥੇ ਬਿਲਕੁਲ ਠੀਕ ਨਹੀਂ ਢੁਕਦਾ। ਕੀ ਇਸ ਦਾ ਇਹ ਭਾਵ ਨਹੀਂ ਨਿਕਲਦਾ ਕਿ ‘ਗੁਰੂ ਗ੍ਰੰਥ ਸਾਹਿਬ ਜੀ’ ਤੋਂ ਬਾਹਰ ਵੀ ਪ੍ਰਚਲਤ ਗੁਰੂ ਸਾਹਿਬਾਨ ਦੀ ਬਾਣੀ ਮਿਲਦੀ ਹੈ? ਜੇ ਗਲ ਸਿਰਫ ਦਸਮ ਗ੍ਰੰਥ (ਅਸਲ ਨਾਂ ਬਚਿੱਤਰ ਨਾਟਕ) ਦੀ ਹੈ ਤਾਂ ਇਹ ਲਿਖਿਆ ਜਾਣਾ ਚਾਹੀਦਾ ਹੈ ਕਿ ‘ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਵੇਂ ਪਾਤਸ਼ਾਹ ਜੀ ਦੀ ਬਾਣੀ’। ਜੋ ਕਿ ਸਿਧਾਤਕ ਤੌਰ ਉਤੇ ਤਾਂ ਇਹ ਵੀ ਗਲਤ ਹੋਣਾ ਸੀ। ਹੁਣ ਤਕ ਗੁਰਮਤਿ ਦੇ ਖੇਤਰ ਵਿਚ ਹੋਈਆਂ ਖੋਜਾਂ ਨੇ ਇਹ ਸਾਬਿਤ ਕਰ ਦਿਤਾ ਹੈ ਕਿ ਦਸਮ ਗ੍ਰੰਥ ਵਿਚ ਕੋਈ ਵੀ ਰਚਨਾ ਦਸਵੇਂ ਪਾਤਸ਼ਾਹ ਜੀ ਦੀ ਨਹੀਂ ਹੈ। (ਪੜ੍ਹੋ, ਡਾ: ਗੁਰਮੁਖ ਸਿੰਘ ਜੀ ਦਿੱਲੀ ਵਾਲਿਆਂ ਦੀ ਰਚਨਾ ‘ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਆਧਾਰ ਤੇ ਦਸਮ ਗ੍ਰੰਥ ਦੀ ਵਿਚਾਰ’ ਅਤੇ ਸ. ਜਸਬਿੰਦਰ ਸਿੰਘ ਖਾਲਸਾ ਦੁਬਈ ਵਾਲਿਆ ਦੀ ਰਚਨਾ ‘ਦਸਮ ਗ੍ਰੰਥ ਦਾ ਲਿਖਾਰੀ ਕੌਣ’)।
ਦਸਮ ਗ੍ਰੰਥ ਨੂੰ ਬਾਣੀ ਦੇ ਤੌਰ ਉਤੇ ਰੱਦ ਕਰਦੀਆਂ ਦੋ-ਚਾਰ ਦਲੀਲਾਂ ਸੰਖੇਪ ਵਿਚ ਵਿਚਾਰ ਕੇ ਅੱਗੇ ਵਧਦੇ ਹਾਂ।
• ਹਰ ਸਿੱਖ ਮੰਨਦਾ ਹੈ ਕਿ ਨਾਨਕ ਪਾਤਸ਼ਾਹ ਜੀ ਤੋਂ ਦਸਵੇਂ ਪਾਤਸ਼ਾਹ ਜੀ ਤਕ ਇਕੋ ਹੀ (ਵਿਚਾਰਧਾਰਕ) ਜੋਤ ਸੀ। ਇਸ ਦਾ ਪ੍ਰਤੱਖ ਸਬੂਤ ਹੈ ਕਿ ਜਿੰਨ੍ਹੇ ਵੀ ਨਾਨਕ ਜਾਮਿਆਂ ਨੇ ਬਾਣੀ ਰਚੀ ਉਹ ‘ਨਾਨਕ’ ਛਾਪ ਹੇਠ ਹੀ ਰਚੀ। ਕੀ ਦਸਵੇਂ ਪਾਤਸ਼ਾਹ ਜੀ ਵਿਚ ਅਲਗ ਜੋਤ ਸੀ ਜੋ ਉਨ੍ਹਾਂ ਨੇ ‘ਨਾਨਕ’ ਛਾਪ ਛਡ ਦਿਤੀ ? ਕੀ ਐਸਾ ਮੰਨਣ ਵਾਲਾ ਸੱਚਾ ਸਿੱਖ ਹੋ ਸਕਦਾ ਹੈ ?
• ਪੰਜਵੇਂ ਨਾਨਕ ਜੀ ਨੇ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਸੰਪਾਦਨਾ ਵੇਲੇ ਇਸ ਵਿਚ ਪਹਿਲੇ ਪੰਜ ਨਾਨਕ ਜਾਮਿਆਂ (ਸਮੇਤ ਆਪਣੇ) ਅਤੇ ਹੋਰ ਭਗਤਾਂ, ਸਿੱਖਾਂ ਦੀ ਬਾਣੀ ਚੜ੍ਹਾਈ। ਦਸਵੇਂ ਨਾਨਕ ਜੀ ਨੇ ਇਸ ਦੀ ਪੁਨਰਸੰਪਾਦਨਾ ਵੇਲੇ ਇਸ ਵਿਚ ਨੌਵੇਂ ਨਾਨਕ ਜੀ ਦੀ ਬਾਣੀ ਯੋਗ ਥਾਂ ਉਪਰ ਪਾ ਦਿਤੀ। ਜੇ ਦਸਵੇਂ ਨਾਨਕ ਜੀ ਨੇ ਕੋਈ ਬਾਣੀ ਰਚੀ ਹੁੰਦੀ ਤਾਂ ਉਹ ਵੀ ‘ਗੁਰੂ ਗ੍ਰੰਥ ਸਾਹਿਬ ਜੀ’ ਵਿਚ ਸ਼ਾਮਿਲ ਕਰ ਜਾਂਦੇ। ਉਨ੍ਹਾਂ ਨੂੰ ਪੂਰਾ ਹਕ ਸੀ। ਕੀ ਇਹ ਗੱਲ ਸਪਸ਼ਟ ਨਹੀਂ ਕਰਦੀ ਕਿ ਦਸਵੇਂ ਨਾਨਕ ਜੀ ਨੇ ਕੋਈ ਬਾਣੀ ਨਹੀਂ ਰਚੀ?
• ਜਿੰਨ੍ਹੇ ਵੀ ਨਾਨਕ ਜਾਮਿਆਂ ਨੇ ਬਾਣੀ ਰਚੀ, ਉਨ੍ਹਾਂ ਨੇ ਆਪਣੇ ਵਾਸਤੇ ਨਿਮਰਤਾ-ਸੂਚਕ ਸ਼ਬਦ ‘ਦਾਸ’ ‘ਜਨ’ ‘ਨੀਚ’ ਆਦਿ ਹੀ ਵਰਤੇ। ਕੀ ਉਹੀ ਨਾਨਕ ਜੋਤ ਦਸਵੇਂ ਜਾਮੇ ਵਿੱਚ ਆਪਣੇ ਵਾਸਤੇ ‘ਪਾਤਸ਼ਾਹੀ’ ਸ਼ਬਦ ਵਰਤ ਸਕਦੇ ਸਨ? ਅਸੀਂ ਉਨ੍ਹਾਂ ਨੂੰ ਸਤਿਕਾਰ ਵਾਸਤੇ ‘ਪਾਤਸ਼ਾਹ’ ਕਹਿੰਦੇ ਹਾਂ। ਬੇਸ਼ਕ ਉਹ ‘ਪਾਤਸ਼ਾਹ’ ਸਨ ਪਰ ਆਪਣੇ ਵਾਸਤੇ ਖ਼ੁਦ ਉਹ ਇਹੋ ਜਿਹੇ ਸ਼ਬਦ ਨਹੀਂ ਵਰਤ ਸਕਦੇ ਸਨ।
• ਨਾਂਦੇੜ ਵਿਖੇ ਦਸਵੇਂ ਨਾਨਕ ਜੀ ਨੇ ਸਮੁਚੀ ਸਿੱਖ ਕੌਮ ਨੂੰ ਸਿਰਫ ਤੇ ਸਿਰਫ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਲੜ ਲਾਇਆ। ਜੇ ਉਨ੍ਹਾਂ ਦੀ ਆਪਣੀ ਕੋਈ ਰਚਨਾ ਹੁੰਦੀ ਤਾਂ ਸਾਨੂੰ ਉਸ ਦੇ ਵੀ ਲੜ ਲਾ ਜਾਂਦੇ। ਕੀ ਉਨ੍ਹਾਂ ਤੋਂ ਬਾਅਦ ਅਖੌਤੀ ਦਸਮ ਗ੍ਰੰਥ ਨੂੰ ਦਸਵੇਂ ਨਾਨਕ ਜੀ ਦੀ ਬਾਣੀ ਪ੍ਰਚਾਰਨ ਵਾਲੇ ਆਪਣੇ ਆਪ ਨੂੰ ਨਾਨਕ ਜੋਤ ਤੋਂ ਜ਼ਿਆਦਾ ਸਿਆਣੇ ਬਣਨ ਦੀ ਕੋਸ਼ਿਸ ਨਹੀਂ ਕਰ ਰਹੇ ?
ਵੈਸੇ ਵੀ ਦਸਮ ਗ੍ਰੰਥ ਦੀਆਂ 99× ਰਚਨਾਵਾਂ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਕਸੌਟੀ ਉਤੇ ਪੂਰੀਆਂ ਨਹੀਂ ਉਤਰਦੀਆਂ।
(ਸ) ਇਸੇ ਪਰਿਭਾਸ਼ਾ ਵਿਚ ਅੱਗੇ ਲਿਖਿਆ ਹੈ ਕਿ : ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰਖਦਾ ਹੈ।
ਵਿਚਾਰ : ਨਾਨਕ ਸਾਹਿਬ ਜੀ ਆਪਣੀ ਰਚਨਾ ਵਿਚ ਬਿਲਕੁਲ ਸਪਸ਼ਟ ਕਰਦੇ ਹਨ ਕਿ :
ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹਿ।।
ਭਾਵ : ਅੰਮ੍ਰਿਤ (ਆਤਮਕ ਮੌਤ ਤੋਂ ਬਚਾਉਣ ਵਾਲਾ) ਸਿਰਫ ਤੇ ਸਿਰਫ ਇਕ ਹੀ ਹੈ। ਹੋਰ ਕੋਈ ਅੰਮ੍ਰਿਤ ਨਹੀਂ ਹੈ। ਉਹ ਅੰਮ੍ਰਿਤ ‘ਨਾਮ’ (ਸਚ ਦਾ ਗਿਆਨ) ਹੀ ਹੈ। ਕੀ ਇਥੇ ‘ਦਸਮੇਸ਼’ ਜੀ ਦਾ ‘ਅੰਮ੍ਰਿਤ’ ਲਿਖਣਾ ਠੀਕ ਲਗਦਾ ਹੈ? ਨਾਮ ਅੰਮ੍ਰਿਤ ਦੀ ਸੋਝੀ ਤਾਂ ਨਾਨਕ ਪਾਤਸ਼ਾਹ ਜੀ ਨੇ ਬਖਸ਼ੀ ਸੀ। ਤਾਂ ‘ਦੂਜਾ’ ਅੰਮ੍ਰਿਤ ਕਿਥੋਂ ਆ ਗਿਆ? ਕੀ ਗੁਰਮਤਿ ਬਾਣੀ ਪੜ੍ਹਨ ਨਾਲ ਕਿਸੇ ਜਲ ਦੇ ‘ਅੰਮ੍ਰਿਤ’ ਬਣ ਜਾਣ ਦੇ ਸਿਧਾਂਤ ਨੂੰ ਮੰਨਦੀ ਹੈ? ਬਿਲਕੁਲ ਨਹੀਂ ਮੰਨਦੀ। ਇਸ ਦਾ ਭਾਵ ਹੈ ਕਿ ਇਥੇ ‘ਅੰਮ੍ਰਿਤ’ ਸ਼ਬਦ ਗਲਤ ਪ੍ਰਚਲਿਤ ਹੋ ਗਿਆ ਹੈ। ਅਸਲ ਵਿਚ ਦਸਵੇਂ ਨਾਨਕ ਜੀ ਨੇ ‘ਖੰਡੇ ਦੀ ਪਾਹੁਲ’ ਦੀ ਰਸਮ ਸ਼ੁਰੂ ਕੀਤੀ ਸੀ। ਜਿਸ ਦਾ ਜ਼ਿਕਰ ਕਈ ਪੁਰਾਤਨ ਲਿਖਤਾਂ ਵਿਚ ਵੀ ਮਿਲਦਾ ਹੈ। ਪਰ ਬ੍ਰਾਹਮਣਵਾਦ ਦੇ ਪ੍ਰਭਾਵ ਹੇਠ ਸਿੱਖ ਸਮਾਜ ਵਿਚ ਇਹ ‘ਪਾਹੁਲ’ ਲਫਜ਼ ਬਦਲ ਕੇ ‘ਅੰਮ੍ਰਿਤ’ ਪ੍ਰਚਲਿਤ ਹੋ ਗਿਆ ਹੈ। ਹੁਣ ਜੋ ਸਿੱਖ ਇਸ ਦੇ ਸੁਧਾਰ ਦੀ ਗਲ ਕਰਦਾ ਹੈ, ਉਹ ਨਾਸਤਿਕ ਕਹਿਲਾਉਂਦਾ ਹੈ।
ਅਗੇ ਇਸ ‘ਅੰਮ੍ਰਿਤ’ (ਅਸਲ ਵਿਚ ਖੰਡੇ ਦੀ ਪਾਹੁਲ) ਉਤੇ ‘ਨਿਸ਼ਚਾ’ ਰਖਣ ਦੀ ਗਲ ਕੀਤੀ ਗਈ ਹੈ। ‘ਨਿਸ਼ਚਾ’ ਸ਼ਬਦ ਕਾਰਨ ਕਈ ਵਿਦਵਾਨ ਸਿਰਫ ਨਿਸ਼ਚਾ ਰੱਖਣ ਨੂੰ ਹੀ ਜ਼ਰੂਰੀ ਸਮਝਦੇ ਹਨ ਨਾ ਕਿ ਅਪਣਾਉਣ ਨੂੰ । ਇਸ ਕਰ ਕੇ ਇਥੇ ‘ਖੰਡੇ ਦੀ ਪਾਹੁਲ ਅਪਨਾਵੇ’, ਲਫਜ਼ ਵਰਤਣੇ ਜ਼ਿਆਦਾ ਢੁਕਵੇਂ ਹੋ ਸਕਦੇ ਹਨ।
(ਹ) ਇਸੇ ਪਰਿਭਾਸ਼ਾ ਦੀ ਅੰਤਿਮ ਪੰਕਤੀ ਵਿਚ ‘ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ’ ਲਫਜ਼ ਆਏ ਹਨ। ਗੁਰਮਤਿ ਅਨੁਸਾਰ ਅਸਲੀ ਧਰਮ ਸਿਰਫ ਇਕ ਹੀ ਹੈ। ‘ਸੱਚ ਦੀ ਰਾਹ’ ਉਪਰ ਤੁਰਨਾ। ਇਹੀ ਅਸਲੀ ਧਰਮ ਹੈ। ਬਾਕੀ ਸਭ ਮਤ ਹਨ, ਵਿਚਾਰਧਾਰਾਵਾਂ ਹਨ। ਸੋ ਇਥੇ ਇਹ ਲਫਜ਼ ਵਰਤਣੇ ਬਿਹਤਰ ਹੋ ਸਕਦੇ ਹਨ ਕਿ ‘ਕਿਸੇ ਮਤ ਜਾਂ ਵਿਚਾਰਧਾਰਾ ਨੂੰ ਨਹੀਂ ਮੰਨਦਾ’।
ਆਉ, ਇਸ ਵਿਚਾਰ ਉਪਰੰਤ ‘ਸਿੱਖ’ ਦੀ ਇਕ ਸਿਧਾਂਤਕ ਪਰਿਭਾਸ਼ਾ ਬਣਾਉਣ ਦਾ ਜਤਨ ਕਰੀਏ, ਜੋ ਇਸ ਤਰ੍ਹਾਂ ਹੋ ਸਕਦੀ ਹੈ :
ਜੋ ਮਨੁਖ ਇਕ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਨਾਨਕ (ਵਿਚਾਰਧਾਰਕ) ਜੋਤ ਦੇ ਦਸ ਜਾਮਿਆਂ ਰਾਹੀਂ ਪ੍ਰਗਟ ਕੀਤੇ ‘ਗੁਰੂ ਗ੍ਰੰਥ ਸਾਹਿਬ ਜੀ’ ਜੀ ਰੂਪੀ ਸੱਚ ਦੇ ਗਿਆਨ ਨੂੰ ਧਾਰਨ ਕਰਦਾ ਹੈ। ਦਸਵੇਂ ਨਾਨਕ ਵਲੋਂ ਬਖਸ਼ੇ ‘ਖੰਡੇ ਦੀ ਪਾਹੁਲ’ ਨੂੰ ਅਪਨਾਉਂਦਾ ਹੈ ਅਤੇ (ਗੁਰਮਤਿ ਤੋਂ ਉਲਟ) ਕਿਸੇ ਹੋਰ ਮਤ ਜਾਂ ਵਿਚਾਰਧਾਰਾ ਨੂੰ ਨਹੀਂ ਮੰਨਦਾ, ਉਹ ਸਿੱਖ ਹੈ।
(2) ਇਸ ਤੋਂ ਅਗੇ ਸਿੱਖ ਦੀ ਰਹਿਣੀ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈੱਸਖਸ਼ੀ (ਵਿਅਕਤੀਗਤ) ਅਤੇ ਪੰਥਕ। ਸਖਸ਼ੀ ਰਹਿਣੀ ਨੂੰ ਫਿਰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ।
(1) ਨਾਮ ਬਾਣੀ ਦਾ ਅਭਿਆਸ।
(2) ਗੁਰਮਤਿ ਦੀ ਰਹਿਣੀ।
(3) ਸੇਵਾ।
ਆਉ ਸਭ ਤੋਂ ਪਹਿਲਾਂ ਨਾਮ ਬਾਣੀ ਦੇ ਅਭਿਆਸ ਨੂੰ ਵਿਚਾਰਦੇ ਹਾਂ। ਇਸ ਸਿਰਲੇਖ ਹੇਠ ਦਿੱਤੇ ਭਾਗ ਨੰ:1 ਇਕ ਵਿਚ ਲਿਖਿਆ ਹੈ ਕਿ :
ਸਿੱਖ ਅੰਮ੍ਰਿਤ ਵੇਲੇ (ਪਹਿਰ ਰਾਤ ਰਹਿੰਦੀ) ਜਾਗ ਕੇ ਇਸ਼ਨਾਨ ਕਰੇ ਅਤੇ ਇਕ ਅਕਾਲ ਪੁਰਖ ਦਾ ਧਿਆਨ ਕਰਦਾ ਹੋਇਆ ‘ਵਾਹਿਗੁਰੂ’ ਨਾਮ ਜਪੇ।
ਇਸ ਭਾਗ ਨੰ: 1 ਵਿਚ ਆਏ ਲਫਜ਼ਾਂ ਵਿਚ ਸਿਧਾਂਤਕ ਕਮਜ਼ੋਰੀਆਂ ਦੀ ਵਿਚਾਰ ਕਰਦੇ ਹਾਂ।
(ੳ) ਗੁਰਬਾਣੀ ਵਿਚ ਅੰਮ੍ਰਿਤ ਵੇਲਾ ਸਵੇਰ ਦੇ ਸਮੇਂ ਨੂੰ ਨਹੀਂ ਮੰਨਿਆ ਗਿਆ। ਬਲਕਿ ਜਿਸ ਵੀ ਸਮੇਂ ਮਨੁਖ ਸਚ ਦੀ ਰਾਹ ਉਤੇ ਤੁਰਦਾ ਹੈ ਉਹੀ ‘ਅੰਮ੍ਰਿਤ ਵੇਲਾ’ ਹੈ। ਸੋ ਇਥੇ ਪ੍ਰਭਾਤ ਵੇਲੇ, ਸੁਬਹ ਜਾਂ ਸਵੇਰੇ ਆਦਿ ਢੁਕਵੇਂ ਲਫਜ਼ ਵਰਤੇ ਜਾ ਸਕਦੇ ਹਨ। ਨਾਲ ਹੀ ਇਸ ਵਿਚ ਸਭ ਤੋਂ ਉਪਰ ਲਿਖਿਆ ਜਾ ਸਕਦਾ ਹੈ ਕਿ ਜਿਥੋਂ ਤਕ ਸੰਭਵ ਹੋਵੇ ਸਿੱਖ ਇਸ ਨੇਮ ਦੀ ਪਾਲਣਾ ਕਰੇ ਪਰ ਭਰਮ ਨਾ ਪਾਲੇ। ਕਿਉਂਕਿ ਸਮਾਜ ਦੇ ਵਿਕਾਸ ਕਾਰਨ ਕਈ ਸਿੱਖ ਇਹੋ ਜਿਹਿਆਂ ਨੌਕਰੀਆਂ ਜਾਂ ਕਾਰੋਬਾਰ ਆਦਿ ਕਰਦੇ ਹਨ ਜਿਸ ਵਿਚ ਰਾਤ ਦੀ ਸ਼ਿਫਟ (ਨਾਈਟ ਸ਼ਿਫਟ) ਵੀ ਲਾਉਣੀ ਪੈਂਦੀ ਹੈ ਜਾਂ ਹੋਰ ਵੀ ਮਜਬੂਰੀ ਹੁੰਦੀ ਹੈ। ਐਸੇ ਨੁਕਤਿਆਂ ਨੂੰ ਜ਼ਰੂਰ ਸਾਹਮਣੇ ਰਖਿਆ ਜਾਵੇ। ਨਾਲ ਹੀ ਇਹ ਵੀ ਸਪਸ਼ਟ ਕੀਤਾ ਜਾ ਸਕਦਾ ਹੈ ਕਿ ਸਾਰੇ ਨੇਮ ਦਾ ਮਕਸਦ ਚੰਗੇ ਗੁਣ ਧਾਰਨ ਕਰਕੇ ਚੰਗਾ ਮਨੁਖ ਬਣਨਾ ਹੈ। ਇਸ ਨੂੰ ਇਕ ਕਰਮਕਾਂਡ ਦਾ ਰੂਪ ਨਹੀਂ ਦੇਣਾ ਚਾਹੀਦਾ।
(ਅ) ਇਸੇ ਭਾਗ ਵਿਚ ਲਿਖਿਆ ਹੈ ਕਿ ‘ਵਾਹਿਗੁਰੂ ਨਾਮ ਜਪੇ’। ਗੁਰਬਾਣੀ ਵਿਚ ਕਿਧਰੇ ਵੀ ਨਾਮ ਨੂੰ ‘ਵਾਹਿਗੁਰੂ’ ਕਰ ਕੇ ਨਹੀਂ ਦਸਿਆ ਗਿਆ। ਨਾ ਹੀ ਗੁਰਮਤਿ ਕਿਸੇ ਇਕ ਖਾਸ ਲਫਜ਼ (ਉਹ ਭਾਵੇਂ ਰਾਮ ਹੋਵੇ, ਅਲ੍ਹਾ ਹੋਵੇ, ਵਾਹਿਗੁਰੂ ਹੋਵੇ ਜਾਂ ਕੋਈ ਹੋਰ) ਦੇ ਮੁਖ ਤੋਂ ਬਾਰ-ਬਾਰ ਰਟਨ ਨੂੰ ਸਿਮਰਨ ਜਾਂ ਨਾਮ ਜਪਣਾ ਮੰਨਦੀ ਹੈ। ਇਸ ਪ੍ਰਥਾਇ ਸਪਸ਼ਟ ਗੁਰਵਾਕ ਹੈ :
ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ।।
ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤਿ ਤਿਨੁ ਪਇਆ।।
(ਪੰਨਾ 565)
ਭਾਵ : ਮੁੱਖ ਤੋਂ ਰਾਮ ਰਾਮ, ਹਰੀ ਹਰੀ, ਅਲ੍ਹਾ ਅਲ੍ਹਾ ਜਾਂ ਵਾਹਿਗੁਰੂ ਵਾਹਿਗੁਰੂ ਉਚਾਰਣ ਨਾਲ ਕੁਝ ਨਹੀਂ ਹੁੰਦਾ। ਅਸਲ ਗਲ ਤਾਂ ‘ਨਾਮ’ ਨੂੰ ਹਿਰਦੇ ਵਿਚ ਧਾਰਨ ਕਰਨ ਦੀ ਹੈ। ਗੁਰਮਤਿ ਅਨੁਸਾਰ ਨਾਮ ‘ਸਚ ਦਾ ਗਿਆਨ’ ਹੈ ਅਤੇ ਉਸ ਗਿਆਨ ਅਨੁਸਾਰ ਜੀਵਨ ਜਾਚ ਬਣਾਉਣੀ ਹੀ ਨਾਮ ਸਿਮਰਨ ਜਾਂ ਨਾਮ ਜਪਣਾ ਹੈ। ਜੇ ਅਸੀਂ ‘ਵਾਹਿਗੁਰੂ ’ ਲਫਜ਼ ਦੇ ਰਟਨ ਨੂੰ ਸਹੀ ਮੰਨਦੇ ਹਾਂ ਤਾਂ ਦੂਜੇ ਮਤ ਵਾਲੇ ਰੱਬ ਦਾ ਇਕ ਨਾਂ (ਰਾਮ, ਅਲ੍ਹਾ, ਹਰੀ ਆਦਿ) ਮਿੱਥ ਕੇ ਉਸ ਦਾ ਰਟਨ ਕਰਦੇ ਹਨ ਤਾਂ ਸਾਡੇ ਵਿਚ ਕੀ ਵਿਲਖਣਤਾ ਹੋਈ?
ਇਸ ਕਰਕੇ ‘ਵਾਹਿਗੁਰੂ’ ਲਫਜ਼ ਦੇ ਵਾਰ-ਵਾਰ (ਵੱਖ-ਵੱਖ ਢੰਗਾਂ ਨਾਲ) ਉਚਾਰਣ (ਰਟਨ) ਨੂੰ ‘ਸਿਮਰਨ’ ਜਾਂ ‘ਨਾਮ ਜਪਣਾ’ ਕਰਕੇ ਪ੍ਰਚਾਰਨਾ ਗੁਰਮਤਿ ਸਿਧਾਂਤ ਦੀ ਖਿਲਾਫ਼ਤ ਮਹਿਸੂਸ ਹੁੰਦੀ ਹੈ। ਪਰ ਅਫਸੋਸ ਇਹ ਵਾਦੀ ਸਿੱਖਾਂ ਵਿਚ ਬਹੁਤ ਜ਼ਿਆਦਾ ਪ੍ਰਚਾਰੀ ਜਾ ਰਹੀ ਹੈ। ਇਸ ਦਾ ਨਤੀਜਾ ਹੈ ਕਿ ਜੇ ਪ੍ਰਚਲਿਤ ਨਾਮ ਜਪਣਾ ਜਾਂ ਸਿਮਰਨ ਦੀਆਂ ਪੰਡਾਂ ਬੰਨਣ ਦਾ ਦਾਅਵਾ ਕਰਨ ਵਾਲੇ (ਅਖੌਤੀ) ਸੰਤਾਂ, ਮਹਾਂਪੁਰਸ਼ਾਂ ਦੇ ਜੀਵਨ ਤੇ ਝਾਤ ਮਾਰੀਏ ਤਾਂ ਇਨ੍ਹਾਂ ਦੇ 90× ਕਰਮ ਗੁਰਮਤਿ ਤੋਂ ਉਲਟ ਨਜ਼ਰ ਆਉਣਗੇ। ਕਾਰਨ, ਇਨ੍ਹਾਂ ਨੇ ਅਸਲੀ ਸਿਮਰਨ (ਸੱਚ ਦੇ ਗਿਆਨ ਨੂੰ ਧਾਰਨ ਕਰਨਾ) ਤਾਂ ਕੀਤਾ ਹੀ ਨਹੀਂ, ਸਿਰਫ ਰਟਨ ਹੀ ਕੀਤਾ ਹੈ। ਦੂਜੇ ਪਾਸੇ ਤੱਤ ਗੁਰਮਤਿ ਦੇ ਧਾਰਨੀ ਸਿੱਖ ਐਸੇ ਕਿਸੇ ਪ੍ਰਚਲਿਤ ਸਿਮਰਨ ਜਾਂ ਨਾਮ ਜਪਣ ਵਰਗੇ ਕਰਮਕਾਂਡਾਂ ਦੇ ਚੱਕਰ ਵਿੱਚ ਨਹੀਂ ਪੈਂਦੇ। ਪਰ ਉਨ੍ਹਾਂ ਦੀ ਜੀਵਨ ਜਾਚ ਵਿਚ ਆਮ ਸਮਾਜ ਵਿਚ ਪ੍ਰਚਲਿਤ ਕਰਮਕਾਂਡ, ਅੰਧ ਵਿਸ਼ਵਾਸ਼ ਬਹੁਤ ਹੀ ਘਟ ਜਾਂ ਬਿਲਕੁਲ ਹੀ ਨਹੀਂ ਮਿਲਣਗੇ। ਕਾਰਨ, ਉਨ੍ਹਾਂ ਨੇ ਸਹੀ ਮਾਇਨੇ ਵਿਚ ਸਿਮਰਨ ਨੂੰ ਸਮਝ ਲਿਆ ਹੈ ਅਤੇ ਉਸ ਨੂੰ ਧਾਰਨ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।
(3) ਇਸ ਤੋਂ ਅਗੇ ਨਾਮ ਬਾਣੀ ਦੇ ਅਭਿਆਸ ਦੇ ਸਿਰਲੇਖ ਹੇਠ ਹੀ ਦੂਜੇ ਭਾਗ ਵਿਚ ਨਿਤਨੇਮ ਦਾ ਪਾਠ ਕਰਨ ਦੀ ਹਿਦਾਇਤ ਹੈ। ਨਾਲ ਹੀ ਨਿਤਨੇਮ ਦੀਆਂ ‘ਬਾਣੀਆਂ’ ਵੀ ਦਿਤੀਆਂ ਹਨ ਜੋ ਇਸ ਤਰ੍ਹਾਂ ਹਨ :
1. ਅੰਮ੍ਰਿਤ ਵੇਲੇ : ਜਪੁ, ਜਾਪ ਅਤੇ 10 ਸਵਯੇ (‘ਸ੍ਰਾਵਗ ਸੁਧ’ ਵਾਲੇ)
2. ਸ਼ਾਮ ਵੇਲੇ (ਸੂਰਜ ਡੁਬਣ ਸਮੇਂ) : ਸੋ ਦਰੁ ਰਹਿਰਾਸ
3. ਰਾਤ ਨੂੰ ਸੌਣ ਵੇਲੇ : ਸੋਹਿਲਾ
ਵਿਚਾਰ : ਇਹ ਪ੍ਰਚਲਿਤ ਸਿੱਖ ਰਹਿਤ ਮਰਿਆਦਾ ਦਾ ਉਹ ਹਿਸਾ ਹੈ ਜੋ ਸਿਧਾਂਤਕ ਵਖਰੇਵਿਆਂ ਨਾਲ ਭਰਿਆ ਮਹਿਸੂਸ ਹੁੰਦਾ ਹੈ। ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਥੋੜੀ ਜਿਹੀ ਗੰਭੀਰਤਾ ਨਾਲ ਅਧਿਐਨ ਕੀਤਾ ਜਾਏ ਤਾਂ ਨਿਤਨੇਮ ਬਾਰੇ ਸਪਸ਼ਟ ਹੋ ਜਾਂਦਾ ਹੈ ਕਿ ਰਾਗਾਂ ਵਿਚ ਤਰਤੀਬ ਵਾਰ ਬਾਣੀ ਸ਼ੁਰੂ ਹੋਣ ਤੋਂ ਪਹਿਲਾਂ ਕੁਝ ਬਾਣੀ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਪਹਿਲੇ 13 ਪੰਨਿਆਂ ਵਿਚ ਆ ਜਾਂਦੀ ਹੈ। ਜੋ ਇਸ ਪ੍ਰਕਾਰ ਹੈ :
ਜਪੁ ਜੀ ਸਾਹਿਬ, ਸੋ ਦਰੁ ਦੇ ਪੰਜ ਅਤੇ ਸੋ ਪੁਰਖੁ ਦੇ ਚਾਰ ਸ਼ਬਦ ਅਤੇ ਸੋਹਿਲਾ ਸਾਹਿਬ ਦੇ ਪੰਜ ਸ਼ਬਦ। ਇਥੇ ਧਿਆਨ ਯੋਗ ਨੁਕਤਾ ਇਹ ਹੈ ਕਿ ਸੋ ਦਰੁ, ਸੋ ਪੁਰਖੁ ਅਤੇ ਸੋਹਿਲਾ ਸਾਹਿਬ ਦੇ ਸਾਰੇ ਸ਼ਬਦ ‘ਗੁਰੂ ਗ੍ਰੰਥ ਸਾਹਿਬ ਜੀ’ ਦੇ 13 ਪੰਨਿਆਂ ਤੋਂ ਬਾਅਦ ਆਪਣੇ-ਆਪਣੇ ਰਾਗਾਂ ਨਾਲ ਵੀ ਦਰਜ ਮਿਲਦੇ ਹਨ। ਜਪੁ ਜੀ ਸਾਹਿਬ ਇਕ ਰਾਗ ਮੁਕਤ ਬਾਣੀ ਹੈ। ਸੋ ਜੇ ਸਿੱਖ ਦਾ ਕੋਈ ਨਿਤਨੇਮ ਹੋ ਸਕਦਾ ਹੈ ਤਾਂ ਇਹੀ ਬਾਣੀਆਂ ਹੋ ਸਕਦੀਆਂ ਹਨ। ਇਨ੍ਹਾਂ ਦੀ ਸਮੇਂ ਅਨੁਸਾਰ ਵੰਡ ਇਸ ਪ੍ਰਕਾਰ ਕਰ ਸਕਦੇ ਹਾਂ:
1. ਪ੍ਰਭਾਤ ਵੇਲੇ : ਜਪੁ ਜੀ ਸਾਹਿਬ ।
2. ਸ਼ਾਮ ਵੇਲੇ (ਸੂਰਜ ਡੁਬਣ ਵੇਲੇ) : ਸੋ ਦਰੁ ਅਤੇ ਸੋ ਪੁਰਖੁ ਵਾਲੇ 9 ਸ਼ਬਦ।
3. ਸੌਣ ਵੇਲੇ : ਸੋਹਿਲਾ ਸਾਹਿਬ।
ਪਰ ਨਾਲ ਇਹ ਵੀ ਸਪਸ਼ਟ ਲਿਖਿਆ ਜਾ ਸਕਦਾ ਹੈ ਕਿ ਨਿਤਨੇਮ ਦੀਆਂ ਇਹ ਬਾਣੀਆਂ ਸਿਰਫ ਤੋਤਾ ਰਟਨੀਆਂ ਵਾਂਗ ਨਾ ਪੜ੍ਹੀਆਂ ਜਾਣ ਬਲਕਿ ‘ਬੰਦੇ ਖੋਜ ਦਿਲ ਹਰ ਰੋਜ ਨ ਫਿਰ ਪਰੇਸ਼ਾਨੀ ਮਾਹਿ’ ਦੀ ਤਰਜ਼ ਉਤੇ ਸਵੈ-ਪੜਚੋਲ ਵਜੋਂ ਪੜ੍ਹੀਆਂ ਜਾਣ (ਸਮਝ ਵਿਚਾਰ ਕੇ)।
ਆਉ ਹੁਣ ਇਸ ਵੇਲੇ ਇਸ ਪ੍ਰਚਲਿਤ ਨਿਤਨੇਮ ਦੇ ਸਿਧਾਂਤਕ ਵਖਰੇਵੇਂ ਬਾਰੇ ਵਿਚਾਰ ਕਰ ਲੈਂਦੇ ਹਾਂ। ਜਪੁ ਜੀ ਸਾਹਿਬ ਤੇ ਸੋਹਿਲਾ ਸਾਹਿਬ ਪ੍ਰਮਾਣਿਕ ਬਾਣੀਆਂ ਹਨ। ਪਰ ਬਾਕੀ ਵਿਚ ਕਾਫੀ ਕੁਝ ਸਿਧਾਂਤਕ ਮਿਲਗੋਭਾ ਹੈ, ਮਿਲਾਵਟੀ ਅੰਸ਼ ਹਨ। ਪਹਿਲਾਂ ਕੀਤੇ ਵਿਚਾਰ ਅਨੁਸਾਰ ਅਸੀਂ ਸਪਸ਼ਟ ਹੋ ਗਏ ਹਾਂ ਕਿ ਦਸਮ ਗ੍ਰੰਥ ਦੀ ਕੋਈ ਵੀ ਰਚਨਾ ਗੁਰੂ ਕ੍ਰਿਤ ਨਹੀਂ। ਨਾਲ ਹੀ ਕਰੀਬ 99× ਰਚਨਾਵਾਂ ਗੁਰਮਤਿ ਸਿਧਾਂਤ ਤੋਂ ਬਿਲਕੁਲ ਉਲਟ ਹਨ। ਇਸ ਕਰਕੇ ਇਸ ਗ੍ਰੰਥ (ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ) ਦੀ ਕਿਸੇ ਵੀ ਰਚਨਾ ਨੂੰ ਨਿਤਨੇਮ ਦਾ ਹਿੱਸਾ ਬਣਾ ਕੇ ‘ਪ੍ਰਮਾਣਿਕਤਾ’ ਦੇਣੀ ‘ਗੁਰੂ’ ਨਾਲ ਧ੍ਰੋਹ ਕਮਾਉਣਾ ਹੈ। 95% ਸਿੱਖ (5% ਕੱਟੜ ਬ੍ਰਾਹਮਣਵਾਦੀ ਮਾਨਸਿਕਤਾ ਵਾਲਿਆਂ ਨੂੰ ਛੱਡ ਕੇ) ਦਸਮ ਗ੍ਰੰਥ ਦੀ ‘ਤ੍ਰਿਆ ਚਰਿਤ੍ਰ’ ਨੂੰ ਗੁਰੂ ਕ੍ਰਿਤ ਨਹੀਂ ਮੰਨਦੇ। ਸ਼੍ਰੋਮਣੀ ਕਮੇਟੀ ਵੀ ਆਪਣੇ ਖ਼ਤ ਰਾਹੀਂ ਇਹ ਸਪਸ਼ਟ ਕਰ ਚੁਕੀ ਹੈ। ਪਰ ‘ਰਹਿਰਾਸ’ ਸਿਰਲੇਖ ਹੇਠ ਪੜ੍ਹੀ ਜਾਂਦੀ ਨਿਤਨੇਮ ਦੀ ਬਾਣੀ ਵਿਚ ਇਸੇ ‘ਤ੍ਰਿਆ ਚਰਿਤ੍ਰ’ ਦੇ ਇਕ ਹਿਸੇ ‘ਬੇਨਤੀ ਚੌਪਈ’ ਨੂੰ ਜ਼ਬਰਦਸਤੀ ‘ਪਾ:10’ ਲਿਖ ਕੇ ਪੜ੍ਹਿਆ ਜਾ ਰਿਹਾ ਹੈ। ਜੋ ਸਪਸ਼ਟ ‘ਤ੍ਰਿਆ ਚਰਿਤ੍ਰ’ ਨੂੰ ਪ੍ਰਮਾਣਿਕਤਾ ਦੇਣ ਵਾਲਾ ਅਪਰਾਧ ਹੈ। ਪਰ ਫਿਰ ਵੀ ਆਪਣੇ ਆਪ ਨੂੰ ਜਾਗਰੂਕ ਮੰਨਣ ਵਾਲੇ ਸਿੱਖ ਇਸ ਦੇ ਖਿਲਾਫ ਬੋਲਣ ਨੂੰ ‘ਪੰਥ ਵਿਰੋਧੀ ਕਾਰਜ’ ਸਮਝਦੇ ਹਨ। ਇਹ ਵੀ ਜ਼ਿਕਰਯੋਗ ਹੈ ਕਿ ‘ਤ੍ਰਿਆ ਚਰਿਤ੍ਰ’ ਦਾ ਆਕਾਰ ‘ਦਸਮ ਗ੍ਰੰਥ’ ਦੇ ਅਧ ਬਰਾਬਰ ਹੈ। ਇਸੇ ਚੌਪਈ ਦੇ ਅੰਤ ਵਿਚ ਪੜ੍ਹਿਆ ਜਾਂਦਾ ਸਵੈਯਾ ‘ਪਾਇਂ ਗਹੈ ਜਬ ਤੇ ਤੁਮਰੈ’ ਦਸਮ ਗ੍ਰੰਥ ਦੀ ਇਕ ਰਚਨਾ ‘ਚੌਬਿਸ ਅਵਤਾਰ’ ਵਿਚੋਂ ਹੈ। ਇਹ ਰਚਨਾ ਦਸਮ ਗ੍ਰੰਥ ਦੇ ਕਰੀਬ 550 ਪੰਨਿਆਂ ਉਪਰ ਅੰਕਿਤ ਹੈ। ਉਪਰੋਤਕ ਸਵੈਯੇ ਨੂੰ ਨਿਤਨੇਮ ਵਿਚ ਥਾਂ ਦੇਣ ਨਾਲ ਅਸੀਂ ‘ਚੌਬਿਸ ਅਵਤਾਰ’ ਦੀ ਰਚਨਾ ਨੂੰ ਅਣਜਾਣੇ ਵਿਚ ਹੀ ਪ੍ਰਮਾਣਿਕਤਾ ਦੇ ਰਹੇ ਹੁੰਦੇ ਹਾਂ।
ਇਸ ਤਰ੍ਹਾਂ ਅਸੀਂ ਕਰੀਬ ਦਸਮ ਗ੍ਰੰਥ ਦੇ 1428 ਵਿਚੋਂ ਕੁਲ 1250 ਦੇ ਕਰੀਬ ਪੰਨਿਆਂ ਨੂੰ (ਨਿਤਨੇਮ ਜਾਂ ਅਰਦਾਸ ਰਾਹੀਂ) ਪ੍ਰਮਾਣਿਕਤਾ ਬਖਸ਼ ਦਿਤੀ। ਫਿਰ ਅਸੀਂ ਕਿਸ ਮੂੰਹ ਨਾਲ ਕਹਿੰਦੇ ਹਾਂ ਕਿ ਅਸੀਂ ਪੂਰੇ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਨਹੀਂ ਮੰਨਦੇ। ਬਾਕੀ ਦਸਮ ਗ੍ਰੰਥ ਵਿਚ ਰਹਿ ਕੀ ਗਿਆ। ਜ਼ਬਰਦਸਤੀ ਅਸੀਂ ਇਨ੍ਹਾਂ ਕਚੀਆਂ ਰਚਨਾਵਾਂ ਨੂੰ ‘ਗੁਰੂ ਦੇ ਨਾਂ ਮੜ੍ਹਨ’ ਵਰਗਾ ਕੁਕਰਮ ਕਰ ਰਹੇ ਹਾਂ (ਖਾਸ ਕਰ ਉਹ ਜੋ ਇਸ ਰਹਿਤ ਮਰਿਆਦਾ ਨੂੰ ਅੱਖਰ-ਅੱਖਰ ਸੱਚ ਮੰਨਣ ਦਾ ਪ੍ਰਚਾਰ ਕਰ ਰਹੇ ਹਨ)।
ਦਸਮ ਗ੍ਰੰਥ ਦੀਆ ਰਚਨਾਵਾਂ ਜਾਪ ਅਤੇ ਸਵੈਯੇ ਵੀ ਗੁਰੂ ਕ੍ਰਿਤ ਨਹੀਂ ਹਨ। ਵੇਖਣ ਵਿਚ ਭਾਵੇਂ ਇਹ ਗੁਰਮਤਿ ਅਨੁਸਾਰ ਲਗਦੇ ਹੋਣ। ‘ਗੁਰੂ ਕ੍ਰਿਤ’ ਨਾ ਹੋਣ ਕਰ ਕੇ ਨਿਤਨੇਮ ਦਾ ਹਿਸਾ ਹੋਣਾ ਸਿਧਾਂਤਕ ਪਖੋਂ ਠੀਕ ਨਹੀਂ।
(4) ਇਸ ਤੋਂ ਅਗੇ ਰਹਿਤ ਮਰਿਆਦਾ ਵਿਚ ਪ੍ਰਚਲਿਤ ਅਰਦਾਸ ਦਿਤੀ ਗਈ ਹੈ ਜੋ ਇਕ ਵਾਰ ਫਿਰ ਸਿਧਾਂਤਕ ਮਿਲਗੋਭੇ ਵਾਲੀ ਰਚਨਾ ਹੈ। ਇਸ ਦੇ ਕਈ ਅੰਸ਼ ਗੁਰਮਤਿ ਦੀ ਉਲੰਘਣਾ ਕਰਨ ਵਾਲੇ ਹਨ। ਆਉ ਵਿਚਾਰੀਏ :
ਵਿਚਾਰ : ਪ੍ਰਚਲਿਤ ਅਰਦਾਸ ਦਾ ਮੰਗਲਾਚਰਣ ਵੀ ‘ੴ ਵਾਹਿਗੁਰੂ ਜੀ ਕੀ ਫਤਹਿ’ ਵਿਚਾਰਨਯੋਗ ਹੈ। ਜਦਕਿ ਗੁਰੁ ਗ੍ਰੰਥ ਸਾਹਿਬ ਵਿਚ ਮੰਗਲਾਚਰਣ ਇਸ ਪ੍ਰਕਾਰ ਹੈ :
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।।
ਗੁਰੂ ਗ੍ਰੰਥ ਸਾਹਿਬ ਜੀ ਵਿਚ ਸੰਖੇਪ ਵਿਚ ਵੀ ਮੰਗਲਾਚਰਨ ਮਿਲਦਾ ਹੈ ਜੋ ਇਸ ਪ੍ਰਕਾਰ ਹੈ :
ੴ ਸਤਿ ਗੁਰ ਪ੍ਰਸਾਦਿ।।
ਇਹੀ ਮੰਗਲਾਚਰਣ ਵਖ-ਵਖ ਰੂਪਾਂ ਵਿਚ ‘ਗੁਰੂ ਗ੍ਰੰਥ ਸਾਹਿਬ ਜੀ’ ਵਿਚ ਸੈਂਕੜੇ ਵਾਰ ਵਰਤਿਆ ਮਿਲਦਾ ਹੈ। ਪਰ ‘ੴ ਵਾਹਿਗੁਰੂ ਜੀ ਕੀ ਫਤਹਿ’ ਇਕ ਵਾਰੀ ਵੀ ਨਹੀਂ ਵਰਤਿਆ ਗਿਆ। ਸੰਖੇਪ ਵਿਚ ਅਰਦਾਸ ਦਾ ਮੰਗਲਾਚਰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਲੈਣਾ, ਸਿਧਾਂਤਕ ਤੌਰ ਉਤੇ ਢੁਕਵਾਂ ਲਗਦਾ ਹੈ ਜੋ ਇਸ ਪ੍ਰਕਾਰ ਲਿਆ ਜਾ ਸਕਦਾ ਹੈ :
ੴ ਸਤਿ ਗੁਰ ਪ੍ਰਸਾਦਿ।।
(ੳ) ਪ੍ਰਚਲਿਤ ਸਿੱਖ ਮਤ ਦੀ ਅਰਦਾਸ ਦੀ ਸ਼ੁਰੂਆਤ ਹੀ ਦਸਮ ਗ੍ਰੰਥ ਦੀ ਇਕ ਕਚੀ ਰਚਨਾ ‘ਚੰਡੀ ਚਰਿਤਰ’ ਦੇ ਇਕ ਬੰਦ ਤੋਂ ਹੁੰਦੀ ਹੈ, ਉਹ ਹੈ ‘ਪ੍ਰਿਥਮ ਭਗੌਤੀ ਸਿਮਰ ਕੈ’ ਵਾਲਾ ਬੰਦ । ਸਿਤਮ ਦੀ ਗਲ ਹੈ ਕਿ ਜਿਥੇ ਗੁਰਬਾਣੀ ਸਾਨੂੰ ਅਕਾਲ ਪੁਰਖ ਨਾਲ ਜੋੜਦੀ ਹੈ, ਉਥੇ ਇਸ ਅਰਦਾਸ ਰਾਹੀਂ ਪਹਿਲਾਂ ਬ੍ਰਾਹਮਣ ਮਤ ਦੀ ਇਕ ਦੇਵੀ (ਭਗੌਤੀ) ਨੂੰ ਸਿਮਰਦੇ ਹਾਂ। ਕਿਤਨੀ ਅਜੀਬ ਗਲ ਹੈ ਕਿ ਜਿੱਥੇ ਇਕ ਪਾਸੇ ਸਿੱਖ ਸਮਾਜ ‘ਵਾਹਿਗੁਰੂ’ ਨਾਲ ਜੁੜਨ ਦੀ ਕੋਸ਼ਿਸ਼ ਵਿਚ ‘ਸਿਮਰਨ’ ਦੇ ਗਲਤ ਅਰਥਾਂ ਵਿਚ ਭਟਕਦਾ ਨਜ਼ਰ ਆਉਂਦਾ ਹੈ। ਦੂਜੇ ਪਾਸੇ ਦੇਵੀ ਪੂਜਾ ਹੀ ਦਿਨ ਵਿਚ, ਕਈ ਵਾਰ ਕਰੀ ਜਾ ਰਿਹਾ ਹੈ। ਜ਼ਿਆਦਾਤਰ ਸਿੱਖ ਵਿਦਵਾਨ ਇਸ ਅਰਦਾਸ ਦੇ ਬਹੁਤ ਜ਼ਿਆਦਾ ਪ੍ਰਚਲਿਤ ਹੋ ਜਾਣ ਕਾਰਨ ਇਸ ਵਿਚ ਰਹਿ ਗਈਆਂ ਸਿਧਾਂਤਕ ਕਮਜੋਰੀਆਂ ਦੀ ਵਿਰੋਧਤਾ ਕਰਨ ਦੀ ਹਿੰਮਤ ਨਹੀਂ ਜੁਟਾ ਸਕੇ। ਉਲਟਾ ਲੋਕਾਂ ਨੂੰ ਗੁਮਰਾਹ ਕਰਨ ਲਈ ਖਿਚ ਧੂਹ ਕੇ ‘ਭਗੌਤੀ’ ਦੇ ਅਰਥ ਅਕਾਲ ਪੁਰਖ ਜਾਂ ਸ਼ਕਤੀ ਕਰਨ ਲਗ ਪਏ ਹਨ।
ਜ਼ਿਆਦਾਤਰ ਵਿਦਵਾਨ ਵੀ ਰਹਿਤ ਮਰਿਆਦਾ ਦੇ ਇਸ ਅਸਰ ਹੇਠ ਗਲਤ ਰਾਹ ਤੁਰ ਪਏ ਮਹਿਸੂਸ ਹੁੰਦੇ ਹਨ। ਗਿਆਨੀ ਭਾਗ ਸਿੰਘ ਜੀ ‘ਅੰਬਾਲਾ’ ਵਰਗੇ ਕੁਝ ਜਾਗਦੀਆਂ ਰੂਹਾਂ ਨੂੰ ਛਡ ਕੇ ਬਾਕੀ ਸਭ ਸਮਝੋਤਾਵਾਦੀ ਹੋ ਗਏ। ਮਿਸ਼ਨਰੀ ਕਾਲਜਾਂ ਨਾਲ ਜੁੜੇ ਐਸੇ ਹੀ ਮੇਰੇ ਇਕ ਵੀਰ ਨੇ ‘ਅਰਦਾਸ’ ਦੀ ਵਿਆਖਿਆ ਸਮੇਂ ਇਕ ਗਲ ਕਹੀ ਕਿ ‘‘ਕੁਝ ਵਿਦਵਾਨ ਉਠ ਰਹੇ ਹਨ ਜੋ ਕਹਿੰਦੇ ਹਨ ਕਿ ਭਗੌਤੀ ਦੇ ਅਰਥ ਦੇਵੀ ਹਨ, ਅਕਾਲ ਪੁਰਖ ਨਹੀਂ। ਉਹ ਗਲਤ ਰਾਹ ਉਤੇ ਤੁਰ ਰਹੇ ਹਨ।’’ ਉਸ ਤੋਂ ਬਾਅਦ ਅਸੀਂ ਉਸ ਨੂੰ ਇਕਲੇ ਵਿਚ ਪੁਛਿਆ ਕਿ ਤੁਹਾਨੂੰ ਪਤਾ ਹੈ ਕਿ ਇਹ ਭਗੌਤੀ ਵਾਲਾ ਬੰਦ ਕਿਥੋਂ ਲਿਆ ਹੈ? ਉਸਦਾ ਜਵਾਬ ਸੀ ਨਹੀਂ। ਜਦ ਅਸੀਂ ਉਸਨੂੰ ਪੂਰੀ ਗਲ ਵਿਸਥਾਰ ਵਿਚ ਦਸੀ ਤਾਂ ਕਹਿਣ ਲਗਾ, ‘‘ਅੱਛਾ? ਇਤਨੇ ਦਿਨ ਤੋਂ ਸਾਨੂੰ ਐਵੇਂ ਹੀ ਗੁਮਰਾਹ ਕੀਤਾ ਜਾ ਰਿਹਾ ਸੀ?’’
ਚੰਡੀ ਚਰਿਤਰ ਦੇ ਪ੍ਰਸੰਗ ਅਨੁਸਾਰ ਕਿਸੇ ਤਰ੍ਹਾਂ ਵੀ ਇਸ ਦੇ ਅਰਥ ‘ਅਕਾਲ ਪੁਰਖ’ ਜਾਂ ਸ਼ਕਤੀ ਨਹੀਂ ਬਣਦੇ ਅਤੇ ਨਾ ਹੀ ਤਲਵਾਰ ਬਣਦੇ ਹਨ। ਚੰਡੀ ਦੀ ਇਹ ਵਾਰ ਤਾਂ ਹੈ ਹੀ ਦੁਰਗਾ ਅਤੇ ਦੈਂਤਾਂ ਨਾਲ ਕਾਲਪਨਿਕ ਯੁਧ ਦੀ ਕਾਲਪਨਿਕ ਕਥਾ। ਦਿਲਚਸਪ ਗੱਲ ਇਹ ਹੈ ਕਿ ਜਿਹੜੇ ਮਿਸ਼ਨਰੀ ਕਾਲਜ ਦਸਮ ਗ੍ਰੰਥ ਦੀ ਗਲ ਕਰਦੇ ਸਮੇਂ ਚੰਡੀ ਚਰਿਤਰ ਨੂੰ ਰਦ ਕਰਦੇ ਹਨ ਉਹ ਅਰਦਾਸ ਦੇ ਇਸ ਬੰਦ ਬਾਰੇ (ਰਹਿਤ ਮਰਿਆਦਾ ਦਾ ਬਹਾਨਾ ਬਣਾ ਕੇ) ਚੁੱਪੀ ਸਾਧ ਲੈਂਦੇ ਹਨ। ਇਹ ਦੋਹਰੀ ਨੀਤੀ ਉਹਨਾਂ ਨੂੰ ਬਿਲਕੁਲ ਵੀ ਚੁਭਦੀ ਨਹੀਂ।
ਦਾਸਰਿਆਂ ਨੇ ਮਿਸ਼ਨਰੀ ਕਾਲਜਾਂ ਦੀ ਗੱਲ ਖ਼ਾਸ ਕਰਕੇ ਇਸ ਲਈ ਕੀਤੀ ਹੈ ਕਿਉਂਕਿ ਉਹ ਜਾਗਰੁਕ ਮੰਨੇ ਜਾਂਦੇ ਹਨ। ਸੰਪ੍ਰਦਾਈਆਂ, ਅਖੌਤੀ ਸੰਤ ਬਾਬਿਆਂ, ਡੇਰੇਦਾਰਾਂ ਦੀ ਗੱਲ ਇਸ ਕਰਕੇ ਨਹੀਂ ਕੀਤੀ ਕਿਉਂਕਿ ਉਨ੍ਹਾਂ ਦੇ ਜ਼ਮੀਰ ਉਤੇ ਬ੍ਰਾਹਮਣਵਾਦ ਦਾ ਐਸਾ ਗਲਬਾ ਚੜ੍ਹ ਚੁਕਾ ਹੈ ਕਿ ਉਸ ਦਾ ਉਤਰਨਾ ਸੰਭਵ ਨਹੀਂ ਲਗਦਾ।
ਸ਼੍ਰੋਮਣੀ ਕਮੇਟੀ ਵਲੋਂ ਅਰਦਾਸ ਸਬੰਧੀ ਪ੍ਰਕਾਸ਼ਿਤ ਪੁਸਤਕ ਵਿਚ ਭਗੌਤੀ ਲਫਜ਼ ਦੇ ਨਾਲ ਕ੍ਰਿਪਾਨ (ਤਲਵਾਰ) ਦਾ ਚਿੱਤਰ ਸ਼ਕਤੀ ਦੇ ਪ੍ਰਤੀਕ ਵਜੋਂ ਦਿਖਾਇਆ ਗਿਆ ਹੈ। ਜੋ ਗੁਰਮਤਿ ਸਿਧਾਂਤਾਂ ਦੀ ਘੋਰ ਉਲੰਘਣਾ ਹੈ। ਗੁਰਮਤਿ, ਸ਼ਸ਼ਤਰਾਂ ਦੀ ਪੂਜਾ ਨਹੀਂ ਸਿੱਖਾਉਂਦੀ। ਕ੍ਰਿਪਾਨ ਜਾਂ ਤਲਵਾਰ ਦਾ ਆਪਣਾ ਕੋਈ ਦਿਮਾਗ ਨਹੀਂ ਹੁੰਦਾ। ਉਸਨੇ ਤਾਂ ਆਪਣੇ ਚਲਾਉਣ ਵਾਲੇ ਦੇ ਹਿਸਾਬ ਨਾਲ ਚਲਣਾ ਹੈ। ਉਹੀ ਹਥਿਆਰ ਜੇ ਜ਼ਾਲਮ ਦੇ ਹੱਥ ਵਿਚ ਹੈ ਤਾਂ ਉਹ ਜ਼ੁਲਮ ਕਰੇਗਾ ਅਤੇ ਜੇ ਚੰਗੇ ਬੰਦੇ ਦੇ ਹਥ ਵਿਚ ਹੈ ਤਾਂ ਜ਼ੁਲਮ ਦਾ ਵਿਰੋਧ ਕਰੇਗਾ। ‘ਕ੍ਰਿਪਾਨ’ ਪੂਜਾ ਤੋਂ ਉਤਸ਼ਾਹਿਤ ਹੋ ਕੇ ਕਈ ਰਾਗੀ ਬਿਨਾ ਸੋਚੇ ਸਮਝੇ ਹੀ ‘ਜੈ ਤੇਗੰ-ਜੈ ਤੇਗੰ (ਬਚਿਤਰ ਨਾਟਕ) ਗਾਉਂਦੇ ਹੋਏ ਸ਼ਸ਼ਤਰ ਪੂਜਾ ਵਿਚ ਉਲਝੇ ਪਏ ਨਜ਼ਰ ਆਉਂਦੇ ਹਨ ਅਤੇ ਸੰਗਤਾਂ ਨੂੰ ਵੀ ਉਲਝਾ ਰਹੇ ਹਨ। ਜੇ ਧਿਆਨ ਨਾਲ ਅਰਥ ਕਰੀਏ ਤਾਂ ‘ਚੰਡੀ ਚਰਿੱਤਰ’ ਦੇ ਇਸ ਬੰਦ ਦੇ ਅਰਥ ਬਣਦੇ ਹਨ ਕਿ ਪਹਿਲਾਂ ਨਾਨਕ ਪਾਤਸ਼ਾਹ ਨੇ ਭਗੌਤੀ ਨੂੰ ਧਿਆਇਆ, ਫੇਰ ਅੰਗਦ ਪਾਤਸ਼ਾਹ ਨੇ ਤੇ ਫਿਰ ਹੋਰ ਪਾਤਸ਼ਾਹਾਂ ਨੇ ਵੀ।
ਜੋ ਵੀ ਹੈ, ਇਨ੍ਹਾ ਤਾਂ ਬਿਲਕੁਲ ਸਪਸ਼ਟ ਹੈ ਕਿ ਨਾਨਕ ਜੋਤ ਦੇ ਆਖਰੀ ਜਾਮੇ (ਗੋਬਿੰਦ ਸਿੰਘ) ਵੇਲੇ ਤਕ ਇਹ ਬੰਦ ਅਰਦਾਸ ਵਿਚ ਨਹੀਂ ਪੜਿਆ ਜਾਂਦਾ ਸੀ। ਕਿਉਂਕਿ ਤਦ ਤਕ ਬਚਿੱਤਰ ਨਾਟਕ (ਦਸਮ ਗ੍ਰੰਥ) ਦੀ ਹੋਂਦ ਹੀ ਨਹੀਂ ਸੀ। ਇਹ ਮਿਲਾਵਟ ਬਾਅਦ ਵਿਚ ਹੀ ਕੀਤੀ ਗਈ। ਕਈ ਸੁਹਿਰਦ ਵੀਰ ਇਹ ਕਹਿਣਗੇ ਕਿ ਇਸ ਬੰਦ ਦੇ ਕਾਰਨ ਅਸੀਂ ਅਰਦਾਸ ਵਿਚ ਦਸਾਂ ਪਾਤਸ਼ਾਹੀਆਂ ਨੂੰ ਯਾਦ ਕਰ ਲੈਂਦੇ ਹਾਂ। ਬੇਸ਼ਕ ਇਹ ਵਿਚਾਰ ਅੱਛਾ ਹੈ ਪਰ ਉਸ ਵਾਸਤੇ ਢੁੱਕਵੀਂ ਸ਼ਬਦਾਵਲੀ ਆਪਸੀ ਵਿਚਾਰ ਰਾਹੀਂ ਤੈਅ ਕੀਤੀ ਜਾ ਸਕਦੀ ਹੈ। ਪਰ ਕਿਸੇ ਬ੍ਰਾਹਮਣਵਾਦੀ ਲੇਖਕ ਦੀ ਬ੍ਰਾਹਮਣਵਾਦੀ ਰਚਨਾ (ਚੰਡੀ ਚਰਿਤਰ) ਦਾ ਬੰਦ ਇਸ ਲਈ ਵਰਤਣਾ ਬਿਲਕੁਲ ਵੀ ਜਾਇਜ਼ ਨਹੀਂ ਹੋ ਸਕਦਾ। ਖਾਸ ਤੌਰ ਤੇ ਜੋ ਦੇਵੀ ਦੀ ਪੂਜਾ ਆਦਿ ਨਾਲ ਜੋੜਦਾ ਹੋਵੇ। ਬਲਕਿ ਇਹ ਤਾਂ ਉਸ ‘ਗੁਰੂ’ ਨਾਲ ਧ੍ਰੋਹ ਹੈ ਜੋ ਸਾਨੂੰ ਦੇਵੀ ਦੇਵਤਿਆਂ ਦੀ ਪੂਜਾ ਆਦਿ ਮਨਮਤਾਂ ਤੋਂ ਵਰਜਦਾ ਹੈ।
ਪ੍ਰਚਲਤ ਅਰਦਾਸ ਦਾ ਦੂਜਾ ਬੰਦ ‘ਪੰਜਾਂ ਪਿਆਰਿਆਂ, ਚੋਹਾਂ ਸਾਹਿਬਜ਼ਾਦਿਆਂ’ ਦੇ ਜ਼ਿਕਰ ਨਾਲ ਸ਼ੁਰੂ ਹੁੰਦਾ ਹੈ । ਇਹ ਕਾਫ਼ੀ ਹੱਦ ਤੱਕ ਠੀਕ ਹੈ। ਬਸ, ‘ਜਿਨ੍ਹਾਂ ਨਾਮ ਜਪਿਆ’ ਸ਼ਬਦ ਪ੍ਰਚਿਲਤ ਸਿਮਰਨ, ਨਾਮ ਜਪਣ (ਰਟਨ) ਦੇ ਭਾਵ ਵਿਚ ਕੀਤਾ ਗਿਆ ਹੈ। ਇਸਦੇ ਇਲਾਵਾ ‘ਹਠੀਆਂ, ਜਪੀਆਂ, ਤਪੀਆਂ’ ਨੂੰ ਵੀ ਗੁਰਮਤਿ ਅਨੁਸਾਰ ਨਾਮ ਜਪਣ ਵਾਲੇ ਮਨੁੱਖਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਕਰਨਾ ਗਲਤ ਹੈ ਕਿਉਂਕਿ ਗੁਰਮਤਿ ਇਨਸਾਨ ਨੂੰ ਬ੍ਰਾਹਮਣਵਾਦੀ ‘ਹਠ’ ਜਾਂ ਜੋਗ ਮਤਿ ਅਨੁਸਾਰ ਦੱਸੇ ਜਪ-ਤਪ ਕਰਨ ਤੋਂ ਵਰਜਦੀ ਹੈ : ‘‘ਕਾਂਇਆ ਸਾਧੈ ਉਰਧ ਤਪੁ ਕਰੈ ਵਿਚਹੁ ਹਉਮੈ ਨ ਜਾਇ।।’’ (ਗੁਰੂ ਗ੍ਰੰਥ ਸਾਹਿਬ, ਪੰਨਾ 33)। ਹਠ ਜਾਂ ਰਸਮੀ ਜਪ-ਤਪ ਕਰਨ ਵਾਲੇ ਮਨਮਤੀਆਂ ਨੂੰ ਆਦਰਸ਼ ਧਾਰਮਕ ਇਨਸਾਨਾਂ ਵਾਂਗ ਅਰਦਾਸ ਵਿੱਚ ਯਾਦ ਕਰਨਾ ਸਰਾਸਰ ਗਲਤ ਪ੍ਰਤੀਤ ਹੁੰਦਾ ਹੈ।
(ਅ) ਪ੍ਰਚਲਿਤ ਅਰਦਾਸ ਦਾ ਚੌਥਾ ਬੰਦ ‘ਪੰਜਾਂ ਤਖਤਾਂ’ ਦੇ ਜ਼ਿਕਰ ਨਾਲ ਸ਼ੁਰੂ ਹੁੰਦਾ ਹੈ। ਸਿੱਖ ਇਤਿਹਾਸ ਹੈ ਕਿ ਛੇਵੇਂ ਨਾਨਕ ਪਾਤਸ਼ਾਹ ਨੇ ‘ਅਕਾਲ ਤਖ਼ਤ’ ਦਾ ਨਿਰਮਾਣ ਕਰਾਇਆ। ‘ਅਕਾਲ ਤਖ਼ਤ’ ਦੀ ਸਿੱਖ ਕੌਮ ਨੂੰ ਕੇਂਦਰੀ ਤੌਰ ’ਤੇ ਸੇਧ ਦੇਣ ਵਾਲੀ ਵਿਚਾਰਧਾਰਾ ਦਾ ਪ੍ਰਬੰਧ ਸੀ ਨਾ ਕਿ ਸਿਰਫ ਵਿਸ਼ੇਸ਼ ਥਾਂ ਦੇ ਨਾਲ ਜੁੜਨਾ। ਬਾਕੀ ਸਾਰੇ ‘ਤਖ਼ਤ’ ਕੌਮ ਵਿਚ ਵੰਡੀਆਂ ਪਾਉਣ ਦੀ ਮਨਸ਼ਾ ਨਾਲ ਬ੍ਰਾਹਮਣਵਾਦੀ ਤਾਕਤਾਂ ਨੇ ਬਣਵਾ ਦਿਤੇ। ਹਰ ਰਾਜ ਦਾ, ਕੌਮ ਦਾ, ਇਕ ਧੁਰਾ ਹੀ ਜਾਂ ਤਖ਼ਤ ਹੁੰਦਾ ਹੈ। ਨਹੀਂ ਤਾਂ ਏਕਤਾ ਨਹੀਂ ਰਹਿ ਸਕਦੀ। ਇਸ ਸਮੇਂ ਪ੍ਰਚਲਿਤ ਤਖ਼ਤਾਂ ਦੇ ਪੁਜਾਰੀਆਂ ਵਿਚ ਚਲ ਰਿਹਾ ਵਿਵਾਦ ਇਸ ਦਾ ਸਪਸ਼ਟ ਉਦਾਹਰਣ ਹੈ।
ਇਨ੍ਹਾਂ ਤਖ਼ਤਾਂ ਦੀ ਹੋਂਦ ਬਾਰੇ ਇਕ ਦਿਲਚਸਪ ਗੱਲ ਹੈ ਕਿ ‘ਅਕਾਲ ਤਖ਼ਤ’ ਤੋਂ ਸਿਵਾਏ ਬਾਕੀ ਸਾਰੇ ਤਖ਼ਤ ਦਸ਼ਮੇਸ਼ ਪਾਤਸ਼ਾਹ ਜੀ ਨਾਲ ਹੀ ਸਬੰਧਤ ਹਨ। ਕਿਤੇ ਇਹ, ਉਨ੍ਹਾਂ ਨੂੰ ਨਾਨਕ ਜੋਤ ਤੋਂ ਅਲਗ ਵਿਖਾਉਣ ਦੀ ਮਨਸ਼ਾ ਨਾਲ ਤਾਂ ਨਹੀਂ ਸੀ ਕੀਤਾ ਗਿਆ? ਵੈਸੇ ਸਿਧਾਂਤਕ ਤੌਰ ਉਤੇ ਕੌਮ ਵਿਚ ਏਕਤਾ ਲਈ ਇਕੋ ਹੀ ਤਖ਼ਤ ਹੋਣਾ ਚਾਹੀਦਾ ਹੈ ‘ਅਕਾਲ ਤਖ਼ਤ’। ਇਹੀ ਛੇਵੇਂ ਨਾਨਕ ਪਾਤਸ਼ਾਹ ਜੀ ਨੇ ਪ੍ਰਗਟ ਕੀਤਾ ਸੀ। ਬਾਕੀ ਸਾਰੇ ਤਖ਼ਤ ਅਸੀਂ ਆਪ ਆਪਣੀਆਂ ਚੌਧਰਾਂ ਅਤੇ ਵੰਡੀਆਂ ਪੈਦਾ ਕਰਨ ਲਈ ਬਣਾ ਲਏ ਹਨ। ਇਸ ਦਾ ਕੌਮ ਨੂੰ ਕਿਨ੍ਹਾਂ ਕੁ ਸਿਧਾਂਤਕ ਨੁਕਸਾਨ ਹੋਇਆ, ਪਟਨਾ ਅਤੇ ਹਜ਼ੂਰ ਸਾਹਿਬ ਇਸਦਾ ਸਪਸ਼ਟ ਉਦਾਹਰਣ ਹਨ। ਇਸ ਕਰਕੇ ਜ਼ਰੂਰੀ ਹੈ ਕਿ ਪੰਜਾਂ ਤਖ਼ਤਾਂ ਦੇ ਇਸ ਗਲਤ ਪ੍ਰਚਲਣ ਨੂੰ ਬਦਲ ਕੇ ਸਿਰਫ ਇਕ ਤਖ਼ਤ (ਏਕਤਾ) ਦੇ ਸਿਧਾਂਤ ਵਲ ਪਰਤੀਏ।
(ੲ) ਪ੍ਰਚਲਿਤ ਅਰਦਾਸ ਦਾ ਛੇਵਾਂ ਪਹਿਰਾ ‘ਸਿੱਖਾਂ ਨੂੰ ਸਿੱਖੀ ਦਾਨ’ ਨਾਲ ਸ਼ੁਰੂ ਹੁੰਦਾ ਹੈ,ਇਸ ਵਿਚ ਸਿੱਖਾਂ ਨੂੰ ਅਨੇਕਾਂ ਦਾਨਾਂ ਦੀ ਸ਼ਬਦਾਵਲੀ ਵਿਚ ਉਲਝਾ ਦਿਤਾ ਗਿਆ ਜਾਪਦਾ ਹੈ। ਜੋ ਇਨ੍ਹੇ ਦਾਨਾਂ ਕਾਰਨ ਇਕ ਤੋਤਾ-ਰਟਨੀ ਬਣ ਗਈ ਹੈ। ਸਿਰਫ਼ ਇਨ੍ਹੇ ਹੀ ਸ਼ਬਦ ਕਾਫੀ ਹੋ ਸਕਦੇ ਹਨ ਕਿ ‘‘ਹੇ ਅਕਾਲ ਪੁਰਖ ਜੀ, ਸਿੱਖਾਂ ਨੂੰ ਗੁਰੁ ਗ੍ਰੰਥ ਸਾਹਿਬ ਜੀ ਦੀ ਸੇਧ ਅਨੁਸਾਰ ਜੀਵਨ ਜਾਚ ਬਣਾਉਣ ਦੀ ਵਿਵੇਕ ਬੁਧੀ ਬਖਸ਼ੋ’’। ਨਾਲ ਹੀ ਸ੍ਰੀ ਅੰਮ੍ਰਿਤਸਰ ਦੇ ਇਸ਼ਨਾਨ ਦਾ ਸਹੀ ਭਾਵ (ਗੁਰਬਾਣੀ ਵਿਚਾਰ ਰੂਪੀ ਇਸ਼ਨਾਨ ਰਾਹੀਂ ਮਨ ਦੇ ਵਿਕਾਰਾਂ ਨੂੰ ਦੂਰ ਕਰਨਾ) ਸਪਸ਼ਟ ਕਰਨਾ ਵੀ ਜ਼ਰੂਰੀ ਹੈ।
(ਸ) ‘ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ’ ਵੀ ਕੁਝ ਅਧੂਰਾ ਜਿਹਾ ਜਾਪਦਾ ਹੈ। ਕਿਉਂਕਿ ਆਮ ਤੌਰ ਤੇ ਸਿੱਖਾਂ ਦਾ ਮਨ ਨੀਵਾਂ (ਭਾਵ ਨਿਮਰਤਾ) ਨਹੀਂ ਹੈ। ਇਥੇ ਸਪਸ਼ਟ ਲਿਖਿਆ ਜਾ ਸਕਦਾ ਹੈ ਕਿ ‘ਸਿੱਖਾਂ ਦਾ ਮਨ ਨੀਵਾਂ ਹੋਵੇ (ਭਾਵ ਨਿਮਰਤਾ) ਹੋਵੇ’ ਅਤੇ ਮਤ ਉਚੀ (ਗੁਰੁ ਦੀ ਮਤ) ਧਾਰਨ ਹੋਵੇ। ਵੈਸੇ ਵੀ ਇਹ ਮੰਗ ਵਿਵੇਕ ਬੁਧੀ ਵਾਲੇ ਬੰਦ ਵਿਚ ਹੀ ਆ ਜਾਂਦੀ ਹੈ।
(ਹ) ਇਸ ਤੋਂ ਅਗਲੇ ਬੰਦ ਵਿਚ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ (ਪਾਕਿਸਤਾਨ ਵਾਲੇ) ਦੀ ਸੇਵਾ ਸੰਭਾਲ ਅਤੇ ਖੁਲੇ ਦਰਸ਼ਨਾਂ ਦੀ ਮੰਗ ਕੀਤੀ ਜਾਂਦੀ ਹੈ। ਪਰ ਅਸੀਂ ਇਸ ਮੰਗ ਦੇ ਹਕਦਾਰ ਨਹੀ ਜਾਪਦੇ ਕਿਉਂਕਿ ਜਿਹੜੇ ਗੁਰਦੁਆਰੇ ਸਾਡੇ ਪ੍ਰਬੰਧ ਹੇਠ ਹਨ,ਉਨ੍ਹਾਂ ਨੂੰ ਤਾਂ ਅਸੀਂ ‘ਕਰਮਕਾਂਡਾਂ ਦੇ ਅੱਡੇ’ ਬਣਾ ਕੇ ਰਖ ਦਿਤੇ ਹਨ। ਪਹਿਲਾਂ ਇਨ੍ਹਾਂ ਨੂੰ ਸਹੀ ਮਾਇਨੇ ਵਿਚ ‘ਗੁਰਦੁਆਰੇ’ ਬਣਾ ਲੈਣਾ ਚਾਹੀਦਾ ਹੈ। ਇਸ ਤੋਂ ਬਾਅਦ ਹੋਰ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੀ ਮੰਗ ਕਰਦੇ ਅਸੀਂ ਚੰਗੇ ਲਗਦੇ ਹਾਂ। ਜਗ੍ਹਾ ਨਾਲ ਜੁੜਨ ਦੀ ਥਾਂ ਜੇ ਅਸੀਂ ਸਿਧਾਂਤ ਨਾਲ ਜੁੜਨ ਦੀ ਕੋਸ਼ਿਸ਼ ਕਰੀਏ ਤਾਂ ਕੌਮ ਦਾ ਕੁਝ ਸੰਵਰ ਸਕਦਾ ਹੈ। ਇਸਦੇ ਇਲਾਵਾ, ਹੁਣ ਪਾਕਿਸਤਾਨ ਦੇ ਗੁਰਦੁਆਰਿਆਂ ਦਾ ਪ੍ਰਬੰਧ ਉਥੋਂ ਦੇ ਸਿੱਖ ਹੀ ਕਰ ਰਹੇ ਹਨ। ਕੀ ਉਹ ਸਿੱਖ ‘ਪੰਥ’ ਦਾ ਹਿੱਸਾ ਨਹੀਂ, ਜੋ ਅਸੀਂ ਇਨ੍ਹਾਂ ਅਸਥਾਨਾਂ ਦਾ ਪ੍ਰਬੰਧ ‘ਪੰਥ’ ਕੋਲ ਆਉਣ ਦੀ ਅਰਦਾਸ ਕਰ ਰਹੇ ਹਾਂ?
(ਕ) ਪ੍ਰਚਲਿਤ ਅਰਦਾਸ ਦੇ ਅੰਤ ਵਿਚ ਇਕ ਤੁਕਬੰਦੀ ਮਿਲਦੀ ਹੈ ‘‘ਨਾਨਕ, ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ।’’
ਇਹ ਤੁੱਕ ਗੁਰੁ ਗ੍ਰੰਥ ਸਾਹਿਬ ਵਿਚ ਕਿਤੇ ਵੀ ਨਹੀਂ ਮਿਲਦੀ। ਇਸ ਕਰਕੇ ਇਹ ਨਾਨਕ ਪਾਤਸ਼ਾਹ ਜੀ ਦੀ ਰਚਨਾ ਨਹੀਂ। ਫਿਰ ਇਸ ਤੁੱਕ ਵਿੱਚ ‘ਨਾਨਕ’ ਛਾਪ ਵਰਤੇ ਜਾਣ ਦਾ ਹੱਕ ਕਿਸ ਨੇ ਦਿਤਾ? ਜੇਕਰ ਇਸ ਦੇ ਅਰਥ ਇਹ ਕੀਤੇ ਜਾਣ ਕਿ, ਨਾਨਕ ਸਾਹਿਬ ਦਾ ਨਾ ਲੈਣ ਨਾਲ ਚੜ੍ਹਦੀ ਕਲਾ ਹੁੰਦੀ ਹੈ, ਤਾਂ ਇਹ ਸਿਧਾਂਤਕ ਤੌਰ ਉਤੇ ਠੀਕ ਨਹੀਂ ਲਗਦਾ। ਇਸ ਦੇ ਗੁਰਮਤਿ ਅਨੁਸਾਰੀ ਇਕ ਹੀ ਅਰਥ ਹੋ ਸਕਦੇ ਹਨ ਜੋ ਕਿ ਇਸ ਪ੍ਰਕਾਰ ਹਨ: ੱਨਾਨਕ ਪਾਤਸ਼ਾਹ ਜੀ ਵੱਲੋਂ ਪ੍ਰਗਟ ਕੀਤੇ ਸੱਚ ਦੇ ਗਿਆਨ (ਨਾਮ) ਨਾਲ ਜੁੜਨ ਨਾਲ ਹੀ ਮਨੁੱਖ ਵਿਚ ਚੜ੍ਹਦੀ ਕਲਾ ਪੈਦਾ ਹੁੰਦੀ ਹੈ। ਇਸੇ ਸੱਚ ਦੇ ਗਿਆਨ ਨੂੰ ਅਪਣਾ ਕੇ ਹੀ ਸਰਬਤ ਦਾ ਭਲਾ ਹੋ ਸਕਦਾ ਹੈ।- ਜੇ ਇਹ ਅਰਥ ਪ੍ਰਚਾਰੇ ਜਾਣ ਤਾਂ ਹੀ ਇਸ ਤੁੱਕ ਦੀ ਪ੍ਰਮਾਣਿਕਤਾ ਹੋ ਸਕਦੀ ਹੈ। ਨਹੀਂ ਤਾਂ ਇਸਦਾ ਕੋਈ ਅਰਥ ਨਹੀਂ ਰਹਿ ਜਾਂਦਾ।
ਇਸ ਤੁੱਕ ਦੇ ਅਰਥ ਕਰਦੇ ਸਮੇਂ ਇਹ ਵਧੀਕ ਪ੍ਰਚਾਰਿਆ ਜਾਂਦਾ ਹੈ ਕਿ ਸਿੱਖ ਕੌਮ ਅਰਦਾਸ ਵਿਚ ਹਰ ਰੋਜ਼ ਸਰਬਤ ਦਾ ਭਲਾ ਮੰਗਦੀ ਹੈ। ਪਰ ਇਹ ਪ੍ਰਚਾਰ ਸਿਧਾਂਤਕ ਨਹੀਂ ਜਾਪਦਾ। ਸਿਰਫ ਮੰਗਣ ਨਾਲ ਜਾਂ ਅਖੰਡ ਪਾਠ ਵਰਗੇ ਕਰਮਕਾਂਡਾਂ ਨਾਲ ਸਰਬਤ ਦਾ ਭਲਾ ਨਹੀਂ ਹੋ ਸਕਦਾ। ਉਸ ਵਾਸਤੇ ਜ਼ਰੂਰੀ ਹੈ ‘ਸਚ ਦੇ ਗਿਆਨ’ ਨੂੰ ਅਪਣਾਉਣਾ। ਇਸ ਕਰਕੇ ਪ੍ਰਚਾਰ ਇਹ ਕਰਨਾ ਚਾਹੀਦਾ ਹੈ ਕਿ ‘ਸਿੱਖ ਦੀ ਅਰਦਾਸ ਸਰਬਤ ਦੇ ਭਲੇ ਦਾ ਤਰੀਕਾ ਦਸਦੀ ਹੈ’।
ਅਰਦਾਸ ਦਾ ਅਸਲ ਭਾਵ ਬੇਨਤੀ ਹੈ, ਆਪਣੀ ਬੇਨਤੀ (ਅਰਦਾਸ) ਬੰਦਾ ਖ਼ੁਦ ਹੀ ਕਰ ਸਕਦਾ ਹੈ । ਕਿਸੇ ਪੁਜਾਰੀ (ਗ੍ਰੰਥੀ ਆਦਿ) ਕੋਲੋਂ ਆਪਣੇ ਨਾਂ ਉਤੇ ਅਰਦਾਸ ਕਰਾਉਣਾ ਇਕ ਕਰਮਕਾਂਡ ਤੋਂ ਵਧ ਕੁਝ ਵੀ ਨਹੀਂ। ਜੇ ਸਾਨੂੰ ਭੁਖ ਲਗੀ ਹੈ ਤਾਂ ਕਿਸੇ ਹੋਰ ਦੇ ਰੋਟੀ ਖਾਣ ਨਾਲ ਉਹ ਭੁੱਖ ਨਹੀਂ ਮਿਟ ਸਕਦੀ। ਸੰਗਤ ਵਿਚ ਕੇਵਲ ਸਾਂਝੀ ਅਰਦਾਸ ਹੋ ਸਕਦੀ ਹੈ, ਨਿਜੀ ਅਰਦਾਸ ਬੰਦਾ ਖ਼ੁਦ ਕਰ ਸਕਦਾ ਹੈ।
ਪਰ ਅਰਦਾਸ ਲੇਖ ਹੇਠ ਹੀ (ਗ) ਭਾਗ ਵਿਚ ਲਿਖਿਆ ਹੈ:- ‘‘ਜਦੋਂ ਕੋਈ ਖਾਸ ਅਰਦਾਸ ਕਿਸੇ ਇਕ ਜਾਂ ਵਧੀਕ ਆਦਮੀਆਂ ਵਲੋਂ ਹੋਵੇ ਤਾਂ ਉਨ੍ਹਾਂ ਤੋਂ ਬਿਨਾਂ ਸੰਗਤ ਵਿਚ ਬੈਠੇ ਹੋਰਨਾਂ ਦਾ ਉਠਣਾ ਜ਼ਰੂਰੀ ਨਹੀਂ’’। ਇਥੇ ਇਸ ਨੁਕਤੇ ਨਾਲ ‘ਪੁਜਾਰੀਵਾਦ’ ਨੂੰ ਬਲ ਮਿਲਦਾ ਹੈ। ਜੋ ਸਿਧਾਂਤਾਂ ਦੇ ਖਿਲਾਫ ਹੈ। ਵਿਅਕਤੀਗਤ ਅਰਦਾਸ ਬੰਦਾ ਖ਼ੁਦ ਕਰੇ। ਪੈਸੇ ਦੇ ਕੇ ਜਾਂ ਕਿਸੇ ਹੋਰ ਕੋਲੋਂ ਆਪਣੇ ਲਈ ਅਰਦਾਸ ਕਰਾਉਣਾ ਸਿਰਫ ਇਕ ਕਰਮਕਾਂਡ ਹੋ ਨਿਬੜਦਾ ਹੈ।
(5) ਇਸ ਤੋਂ ਬਾਅਦ ਗੁਰਦੁਆਰੇ ਸਿਰਲੇਖ ਅਧੀਨ ਮਰਿਆਦਾ ਦਸੀ ਗਈ ਹੈ। ਇਸ ਸਿਰਲੇਖ ਅਧੀਨ ਭਾਗ (ੲ) ਵਿਚ ਦਰਜ ਹੈ ਕਿ ‘ਪ੍ਰਕਾਸ਼ ਵੇਲੇ ਚੌਰ ਭੀ ਚਾਹੀਏ’।
ਵਿਚਾਰ : (ੳ) ਇਹ ਨੁਕਤਾ ਪ੍ਰੈਕਟੀਕਲ ਨਹੀਂ ਜਾਪਦਾ। ਜ਼ਿਆਦਾਤਰ ਗੁਰਦੁਆਰਿਆਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪ੍ਰਭਾਤ ਵੇਲੇ ਹੁੰਦਾ ਹੈ ਅਤੇ ਸੇਵਾ ਸੰਭਾਲ (ਪ੍ਰਚਲਿਤ ਲਫਜ਼ ‘ਸੁਖਆਸਨ’) ਸ਼ਾਮ ਨੂੰ ਕਰੀਬ 8-8.30 ਵਜੇ ਹੁੰਦਾ ਹੈ। ਭਾਵ ਕਿ ਘੱਟੋ-ਘੱਟ 15 ਘੰਟੇ ਪ੍ਰਕਾਸ਼ ਰਹਿੰਦਾ ਹੈ। ਪਰ ਦੀਵਾਨ ਮੁਸ਼ਕਿਲ ਨਾਲ ਪੂਰੇ ਦਿਨ ਵਿਚ 3 ਜਾਂ 4 ਘੰਟੇ ਹੀ ਹੁੰਦੇ ਹਨ (ਸਵੇਰੇ ਅਤੇ ਸ਼ਾਮ ਦੇ ਮਿਲਾ ਕੇ)। ਬਾਕੀ ਬਚਦੇ 11-12 ਘੰਟੇ (ਦੀਵਾਨ ਤੋਂ ਬਗੈਰ) ਗੁਰੂ ਗ੍ਰੰਥ ਸਾਹਿਬ ਜੀ ਉਤੇ ਚੌਰ ਕਰਨਾ ਮੁਸ਼ਕਿਲ ਹੈ। ਇਸ ਨੁਕਤੇ ਉਤੇ ਚਾਹ ਕੇ ਵੀ ਜ਼ਿਆਦਾਤਰ ਗੁਰਦੁਆਰੇ ਅਮਲ ਨਹੀਂ ਕਰ ਸਕਦੇ। ਕਿਉਂਕਿ ਇਸ ਵਾਸਤੇ ਕੋਈ ਉਚੇਚਾ (ਖਾਸ) ਬੰਦਾ ਰਖਣਾ ਪਵੇਗਾ। ਵੈਸੇ ਵੀ ਜਦੋਂ ਦੀਵਾਨ ਨਾ ਸਜਿਆ ਹੋਵੇ ਤਾਂ ਚੌਰ ਦੀ ਲੋੜ ਨਹੀਂ ਭਾਸਦੀ। ਇਹ ਗੱਲ ਹਮੇਸ਼ਾ ਯਾਦ ਰਹੇ ਕਿ ‘ਗੁਰੂ ਗ੍ਰੰਥ ਸਾਹਿਬ ਜੀ’ ਦਾ ਅਸਲੀ ਸਤਿਕਾਰ ਉਨ੍ਹਾਂ ਦੇ ਉਪਦੇਸ਼ਾਂ ਨੂੰ ਹਿਰਦੇ ਵਿਚ ਅਪਣਾ ਲੈਣਾ ਹੀ ਹੈ। ਸੋ ਇਸ ਨੁਕਤੇ ਵਿਚ ਇਹ ਲਫਜ਼ ਬਦਲ ਕੇ ਇਸ ਤਰ੍ਹਾਂ ਲਿਖਣਾ ਜ਼ਿਆਦਾ ਢੁਕਵਾਂ ਹੋ ਸਕਦਾ ਹੈ ਕਿ: ‘‘ਸਜੇ ਹੋਏ ਦੀਵਾਨ ਵੇਲੇ ਚੌਰ ਭੀ ਹੋਣੀ ਚਾਹੀਦੀ ਹੈ।’’
(ਅ) ਗੁਰਦੁਆਰੇ ਸਿਰਲੇਖ ਹੇਠ ਹੀ ਭਾਗ (ਹ) ਵਿਚ ਲਿਖਿਆ ਹੈ ਕਿ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ’। ਇਹ ਬਹੁਤ ਜ਼ਰੂਰੀ ਨੁਕਤਾ ਹੈ, ਪਰ ਇਥੇ ਇਸ ਦੀ ਸ਼ਬਦਾਵਲੀ ਦਾ ਫਾਇਦਾ ਉਠਾ ਕੇ ਕਈਂ ਸਿਧਾਂਤ ਤੋਂ ਨਾਸਮਝ ਲੋਕ ਇਕੋ ਦੀਵਾਨ ਹਾਲ ਵਿਚ ਅਨੇਕਾਂ ਹੀ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪਾਂ ਦਾ ਇਕਠੇ ਪ੍ਰਕਾਸ਼ ਕਰੀ ਜਾ ਰਹੇ ਹਨ। ਇਹ ਵੀ ਗੁਰਮਤਿ ਸਿਧਾਂਤਾਂ ਦੀ ਉਲੰਘਣਾ ਹੈ। ਇਸ ਕਰ ਕੇ ਇਸ ਦੀ ਸ਼ਬਦਾਵਲੀ ਨੂੰ ਇਸ ਤਰ੍ਹਾਂ ਬਦਲਿਆ ਜਾ ਸਕਦਾ ਹੈ:
‘ਦੀਵਾਨ ਸਜਾਉਣ ਸਮੇਂ ਜਾਂ ਹਾਲ ਵਿਚ ਸਿਰਫ ਤੇ ਸਿਰਫ ਇਕ ਹੀ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਦਾ ਪ੍ਰਕਾਸ਼ ਕੀਤਾ ਜਾਵੇ। ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਬਰਾਬਰ (ਤੁਲ) ਕਿਸੇ ਵੀ ਹੋਰ ਪੁਸਤਕ ਜਾਂ ਗ੍ਰੰਥ ਦਾ ਪ੍ਰਕਾਸ਼ ਨਾ ਕੀਤਾ ਜਾਵੇ’।
(ੲ) ਗੁਰਦੁਆਰੇ ਸਿਰਲੇਖ ਹੇਠ ਹੀ ਭਾਗ (ਕ) ਵਿਚ ਲਿਖਿਆ ਹੈ ਕਿ ‘ਗੁਰੂ ਸਾਹਿਬਾਨ ਜਾਂ ਸਿੱਖ ਬਜ਼ੁਰਗਾਂ ਦੀਆਂ ਤਸਵੀਰਾਂ ਅਗੇ ਮਥੇ ਟੇਕਣੇ ਮਨਮਤ ਹਨ’।
ਵਿਚਾਰ : ਇਥੇ ਸ਼ਬਦਾਵਲੀ ਬਦਲ ਕੇ ਇਸ ਤਰ੍ਹਾਂ ਲਿਖਿਆ ਜਾ ਸਕਦਾ ਹੈ :
ਨਾਨਕ ਜਾਮਿਆਂ ਅਤੇ ਸਿੱਖ ਬਜ਼ੁਰਗਾਂ ਦੀਆਂ ਕਾਲਪਨਿਕ ਤਸਵੀਰਾਂ ਅਗੇ ਮਥੇ ਟੇਕਣੇ ਮਨਮਤ ਹੈ, ਕਿਉਂਕਿ ਸਾਰੀਆਂ ਪ੍ਰਚਲਿਤ ਤਸਵੀਰਾਂ ਚਿਤਰਕਾਰ ਦੀ ਕਲਪਨਾ ਅਨੁਸਾਰ ਹੀ ਹਨ, ਅਸਲ ਨਹੀਂ ਹਨ।
ਨਾਨਕ ਜਾਮਿਆਂ ਦੀਆਂ ਕਈ ਪ੍ਰਚਲਿਤ ਤਸਵੀਰਾਂ ਗੁਰਮਤਿ ਸਿਧਾਂਤਾਂ ਦੀ ਉਲੰਘਣਾ ਕਰਦੀਆਂ ਵੀ ਦੇਖੀਆਂ ਜਾ ਸਕਦੀਆਂ ਹਨ। ਬਿਹਤਰ ਹੈ ਕਿ ਨਾਲ ਇਹ ਵੀ ਲਿਖਿਆ ਜਾ ਸਕਦਾ ਹੈ ਕਿ ਦੀਵਾਨ ਹਾਲ ਵਿਚ ਇਹੋ ਜਿਹਿਆਂ ਤਸਵੀਰਾਂ ਨਾ ਲਾਈਆਂ ਜਾਣ। ਗੁਰਬਾਣੀ ਦੀਆਂ ਪੰਕਤੀਆਂ / ਤੁਕਾਂ ਲਾਈਆਂ ਜਾ ਸਕਦੀਆਂ ਹਨ। ਜੇ ਇਤਿਹਾਸ ਦਰਸਾਉਣ ਲਈ ਤਸਵੀਰਾਂ ਲਾਉਣੀਆਂ ਹੀ ਹਨ ਤਾਂ ਦੀਵਾਨ ਹਾਲ ਦੀ ਥਾਂ ਨਾਲ ਦੇ ਕਿਸੇ ਕਮਰੇ (ਅਜਾਇਬ ਘਰ) ਵਿਚ ਲਗਾਈਆਂ ਜਾਣ। ਇਹ ਵੀ ਜ਼ਰੂਰ ਧਿਆਨ ਰਹੇ ਕਿ ਇਹ ਤਸਵੀਰਾਂ ਗੁਰਮਤਿ ਸਿਧਾਂਤਾਂ ਦੀ ਉਲੰਘਣਾ ਕਰਨ ਵਾਲੀਆਂ ਨਾ ਹੋਣ।-
ਨਾਲ ਹੀ ਉਸ ਕਮਰੇ (ਅਜਾਇਬ ਘਰ) ਦੇ ਦਰਵਾਜ਼ੇ ਉਤੇ ਵਡੇ ਵਡੇ ਅਖਰਾਂ ਵਿਚ ਇਹ ਨੋਟਿਸ ਜ਼ਰੂਰ ਲਿਖਿਆ ਜਾਵੇ :
"ਇਹ ਤਸਵੀਰਾਂ ਕਾਲਪਨਿਕ ਹਨ ਅਤੇ ਸਿਰਫ ਇਤਿਹਾਸ ਦਰਸਾਉਣ ਦੀ ਖਾਤਿਰ ਲਾਈਆਂ ਗਈਆਂ ਹਨ, ਇਨ੍ਹਾਂ ਨੂੰ ਮਥੇ ਟੇਕਣਾ ਮਨਮਤ ਹੈ।"
(ਸ) ਗੁਰਦੁਆਰੇ ਸਿਰਲੇਖ ਹੇਠ ਹੀ ਭਾਗ (ਖ) ਵਿਚ ਲਿਖਿਆ ਹੈ ਕਿ "ਇਕ ਤੋਂ ਦੂਜੀ ਥਾਂ ਲੈ ਜਾਣ ਵੇਲੇ ਜਿਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਚੁਕਿਆ ਹੋਵੇ ਉਹ ਨੰਗੇ ਪੈਰੀਂ ਚਲੇ, ਪਰ ਜੇਕਰ ਕਿਸੇ ਮੌਕੇ ਜੋੜੇ ਪਾਣ ਦੀ ਅਤਿ ਲੋੜ ਪੈ ਜਾਵੇ ਤਾਂ ਭਰਮ ਨਹੀਂ ਕਰਨਾ।"
ਵਿਚਾਰ : ਇਥੇ ਜੋੜੇ ਨਾ ਪਾਉਣ ਦਾ ਵਹਿਮ-ਭਰਮ ਕਿਉਂ? ਇਹ ਸੁਚਮ ਦਾ ਵਹਿਮ-ਭਰਮ ਤਾਂ ਬ੍ਰਾਹਮਣੀ ਸਿਧਾਂਤ ਹੈ, ਗੁਰਮਤਿ ਦਾ ਸਿਧਾਂਤ ਨਹੀਂ। ਪ੍ਰੈਕਟੀਕਲ ਤੌਰ ਉਤੇ ਵੀ ਜਿਹੜਾ ਮਨੁੱਖ ਗਲੀ ਮੁਹਲੇ ਦੇ ਰਸਤਿਆਂ ਵਿਚ ਨੰਗੇ ਪੈਰ ਚਲੇਗਾ, ਉਸ ਦੇ ਪੈਰ ਜ਼ਿਆਦਾ ਗੰਦੇ ਹੋਣਗੇ, ਬਜਾਏ ਉਸ ਦੇ ਜੋ ਜੋੜੇ ਪਾ ਕੇ ਚਲੇਗਾ। ਪਹਿਲਾਂ ਤਾਂ ਆਪ ਹੀ ‘ਸੁਚਮ’ ਦਾ ਭਰਮ ਪਾ ਦਿਤਾ, ਬਾਅਦ ਵਿਚ ਇਹ ਵੀ ਲਿਖ ਦਿਤਾ ਕਿ ਭਰਮ ਨਹੀਂ ਕਰਨਾ। ਇਸ ‘ਸੁਚਮ’ ਦੇ ਭਰਮ ਹੇਠ ਹੀ ਆਮ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਅਗੇ ਤੁਪਕਾ-ਤੁਪਕਾ ਪਾਣੀ ਸੁਟਦੇ ਆਮ ਵੇਖੇ ਜਾ ਸਕਦੇ ਹਨ। ਗੁਰਮਤਿ ਅਨੁਸਾਰ ਇਹ ਨੁਕਤਾ ਗੈਰ ਸਿਧਾਂਤਕ ਅਤੇ ਗੈਰ ਵਿਵਹਾਰਕ ਜਾਪਦਾ ਹੈ ਅਤੇ ਇਸ ਨੂੰ ਤਿਆਗ ਦੇਣਾ ਚਾਹੀਦਾ ਹੈ।
(ਹ) ਗੁਰਦੁਆਰੇ ਸਿਰਲੇਖ ਹੇਠ ਹੀ ਭਾਗ (ਗ਼) ਵਿਚ ਲਿਖਿਆ ਹੈ ਕਿ "ਗੁਰੂ ਗ੍ਰੰਥ ਸਾਹਿਬ ਜੀ ਅਥਵਾ ਗੁਰਦੁਆਰੇ ਨੂੰ ਸਜੇ ਪਾਸੇ ਰਖ ਕੇ ਪ੍ਰਕਰਮਾ ਕਰਨੀ ਚਾਹੀਦੀ ਹੈ।’’
ਵਿਚਾਰ : ਇਹ ਪ੍ਰਕਰਮਾ ਦਾ ਸਿਧਾਂਤ ਬ੍ਰਾਹਮਣੀ ਹੈ ਨਾ ਕਿ ਗੁਰਮਤਿ। ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਵਿਚ ਐਸਾ ਕੋਈ ਵਾਕ ਜਾਂ ਤੁਕ ਨਹੀਂ ਲਭੀ ਜਾ ਸਕਦੀ ਜੋ ਸਰੀਰਕ ਪ੍ਰਕਰਮਾ ਕਰਨ ਦਾ ਮਹੱਤਵ ਦਰਸਾਉਂਦੀ ਹੋਵੇ। ਪ੍ਰਕਰਮਾ ਦੇ ਵਹਿਮ-ਭਰਮ ਹੇਠ ਹੀ, ਗੁਰੂ ਗ੍ਰੰਥ ਸਾਹਿਬ ਜੀ ਤੋਂ ਸ਼ੁਰੂ ਕਰ ਕੇ ਨਿਸ਼ਾਨ ਸਾਹਿਬ ਅਤੇ ਸਰੋਵਰ ਦੀ ਵੀ ਪ੍ਰਕਰਮਾ ਕਰਦੇ ਸਿੱਖ ਆਮ ਵੇਖੇ ਜਾ ਸਕਦੇ ਹਨ। ਗੁਰਦੁਆਰਿਆਂ ਵਿਚ ਜ਼ਿਆਦਾਤਰ ਸਿਰਫ ਮੱਥਾ ਟੇਕ ਕੇ, ਪ੍ਰਕਰਮਾ ਕਰ ਕੇ ਹੀ ਅਸੀਂ ਆਪਣੇ ਆਪ ਨੂੰ ਧਰਮੀ ਸਮਝ ਰਹੇ ਹਾਂ, ਨਾਲ ਹੀ ਇਸ ਤਰ੍ਹਾਂ ਕਰਨ ਨਾਲ ਕਈ ਵਾਰ ਗੁਰਬਾਣੀ ਸਰਵਣ ਕਰ ਰਹੀ ਸੰਗਤ ਦਾ ਧਿਆਨ ਵੀ ਵੰਡਿਆ ਜਾਂਦਾ ਹੈ। ਸੰਖੇਪ ਵਿਚਾਰ ਇਹ ਹੈ ਕਿ ਪ੍ਰਕਰਮਾ ਦਾ ਇਹ ਸਿਧਾਂਤ ਬ੍ਰਾਹਮਣੀ ਹੈ। ਇਸ ਕਰ ਕੇ ਇਸ ਨੁਕਤੇ ਨੂੰ ਵੀ ਤਿਆਗ ਦੇਣਾ ਚਾਹੀਦਾ ਹੈ।
(ਕ) ਗੁਰਦੁਆਰੇ ਸਿਰਲੇਖ ਹੇਠ ਹੀ ਭਾਗ (ਟ) ਵਿਚ ਪੰਜ ਤਖ਼ਤਾਂ ਦੇ ਨਾਂ ਦਰਜ ਹਨ। ਪੰਜ ਤਖ਼ਤਾਂ ਦੀ ਹੋਂਦ ਬਾਰੇ ਸਿਧਾਂਤਕ ਵਿਚਾਰ ਪਹਿਲਾਂ ਹੀ ਅਰਦਾਸ ਵਾਲੇ ਭਾਗ ਵਿਚ ਹੋ ਚੁਕੀ ਹੈ,ਇਥੇ ਦੁਹਰਾਉਣ ਦੀ ਲੋੜ ਨਹੀਂ ਜਾਪਦੀ।
(ਖ) ਗੁਰਦੁਆਰੇ ਸਿਰਲੇਖ ਹੇਠ ਹੀ ਭਾਗ (ਠ) ਵਿਚ ਲਿਖਿਆ ਹੈ ਕਿ : ੱਤਖ਼ਤਾਂ ਦੇ ਖਾਸ ਅਸਥਾਨ ਉਤੇ ਕੇਵਲ ਰਹਿਤਵਾਨ ਅੰਮ੍ਰਿਤਧਾਰੀ ਸਿੰਘ (ਸਿੰਘ ਜਾਂ ਸਿੰਘਣੀ) ਹੀ ਚੜ੍ਹ ਸਕਦੇ ਹਨ-।
ਵਿਚਾਰ : ਇਹ ਚੌਂਕਾ ਪਵਿੱਤਰ ਜਾਂ ਸੁੱਚਾ ਹੋਣ ਦੇ ਨਿਰੋਲ ਬ੍ਰਾਹਮਣੀ ਵਹਿਮ-ਭਰਮ ਦੀ ਨਕਲ ਲਗਦੀ ਹੈ। ਤਖ਼ਤ (ਸਿਰਫ਼ ਇਕ ਅਕਾਲ ਤਖ਼ਤ) ਇਕ ਸਿਧਾਂਤਕ ਫਲਸਫਾ ਹੈ, ਨਾ ਕਿ ਸਿਰਫ ਵਿਸ਼ੇਸ਼ ਸਥਾਨ । ਗੁਰਮਤਿ ਕਿਸੇ ਵਿਸ਼ੇਸ਼ ਥਾਂ ਨੂੰ ਕੋਈ ਮਹਤਵ ਨਹੀਂ ਦਿੰਦੀ। ਜਿਥੇ ਸੱਚ ਅਨੁਸਾਰ ਵਰਤਾਰਾ ਹੋ ਰਿਹਾ ਹੋਵੇ, ਉਹ ਥਾਂ ਪਵਿੱਤਰ ਹੈ, ਭਾਵੇਂ ਉਹ ਝੋਂਪੜੀ, ਫੁਟਪਾਥ, ਮਹਿਲ ਜਾਂ ਫਿਰ ਤਖ਼ਤ ਹੀ ਕਿਉਂ ਨਾ
ਹੋਵੇ। ‘ਪਵਿਤਰਤਾ’ ਦਾ ਸਬੰਧ (ਗੁਰਮਤਿ ਅਨੁਸਾਰ) ਮਨ ਦੀ ਬਿਰਤੀ ਨਾਲ, ਭਾਵਨਾ ਨਾਲ ਹੈ ਨਾ ਕਿ ਕਿਸੇ ਵਿਸ਼ੇਸ਼ ਥਾਂ ਨਾਲ। ਮੌਜੂਦਾ ਸਮੇਂ ਵਿਚ ਤਖ਼ਤ ਉਤੇ ਅਖੌਤੀ ਜਥੇਦਾਰਾਂ ਜਿਹੇ ਬ੍ਰਾਹਮਣਵਾਦੀ (ਕ੍ਰਿਪਾਨਾਂ ਪਾ ਕੇ) ਗੁਰਮਤਿ ਸਿਧਾਂਤਾਂ ਤੋਂ ਉਲਟ ਨਿਜਨਾਮੇ (ਹੁਕਮਨਾਮੇ) ਜਾਰੀ ਕਰ ਰਹੇ ਹਨ ਅਤੇ ਗਲਤ ਫੈਸਲੇ ਦੇ ਰਹੇ ਹਨ। ਉਨ੍ਹਾਂ ਦੀ ਬਿਰਤੀ ਅਤੇ ਭਾਵਨਾ ਹੀ ਗਲਤ ਹੈ। ਇਸ ਦਾ ਭਾਵ ਇਹ ਨਹੀਂ ਹੈ ਕਿ ਸਿਰਫ ਅਕਾਲ ਤਖ਼ਤ ਦੇ ਥਾਂ ਉਤੇ ਬੈਠ ਕੇ ਜਾਰੀ ਕੀਤੇ ਗਲਤ ਫੈਸਲੇ ਵੀ ਠੀਕ ਹੋ ਜਾਣਗੇ। ਬ੍ਰਾਹਮਣ ਕਹਿੰਦਾ ਸੀ ਕਿ ਐਸੇ ਕਿਸੇ ਥਾਂ ਉਤੇ ਬ੍ਰਾਹਮਣ ਹੀ ਜਾ ਸਕਦਾ ਹੈ। ਅਸੀਂ ਵੀ ਇਸੇ ਤਰਜ਼ ਉਤੇ ਇਹ ਪ੍ਰਚਾਰਨਾ ਸ਼ੁਰੂ ਕਰ ਦਿਤਾ ਕਿ ਤਖ਼ਤ ਉਤੇ ਸਿਰਫ ਰਹਿਤਵਾਨ ਅੰਮ੍ਰਿਤਧਾਰੀ ਸਿੰਘ / ਸਿੰਘਣੀ ਹੀ ਚੜ੍ਹ ਸਕਦਾ ਹੈ। ਜੋ ਕਿ ਸਿਧਾਂਤਕ ਤੌਰ ਉਤੇ ਬਿਲਕੁਲ ਉਲਟ ਹੈ। ਇਸ ਲਈ ਇਸ ਨੁਕਤੇ ਨੂੰ ਵੀ ਤਿਆਗ ਦੇਣਾ ਚਾਹੀਦਾ ਹੈ।
(ਗ) ਗੁਰਦੁਆਰੇ ਸਿਰਲੇਖ ਹੇਠ ਹੀ ਭਾਗ (ਠ) ਵਿਚ ਹੀ ਲਿਖਿਆ ਹੈ ਕਿ :
"ਤਖ਼ਤਾਂ ਉਪਰ ਪਤਿਤ ਅਤੇ ਤਨਖਾਹੀਏ ਸਿੱਖ ਤੋਂ ਬਿਨਾਂ ਹਰ ਪ੍ਰਾਣੀ ਮਾਤਰ, ਸਿੱਖ ਗੈਰ-ਸਿੱਖ ਦੀ ਅਰਦਾਸ ਹੋ ਸਕਦੀ ਹੈ।"
ਵਿਚਾਰ : ਇਹ ਨੁਕਤਾ, ਇਹ ਭਰਮ ਫੈਲਾਉਂਦਾ ਹੈ ਕਿ ਤਖ਼ਤਾਂ ਉਪਰ ਅਰਦਾਸ ਕਰਾਉਣ ਦਾ ਖਾਸ ਮਹਤਵ ਹੈ। ਇਹ ਭਾਗ ਵੀ ਗੁਰਮਤਿ ਸਿਧਾਂਤਾਂ ਦੀ ਖੁਲੇਆਮ ਖਿਲਾਫਤ ਕਰਦਾ ਮਹਿਸੂਸ ਜੁੰਦਾ ਹੈ। ਪਹਿਲਾਂ ਵਿਚਾਰ ਚਕੇ ਹਾਂ ਕਿ ਪੁਜਾਰੀ, ਗ੍ਰੰਥੀ ਆਦਿ ਕੋਲੋਂ ਵਿਅਕਤੀਗਤ ਅਰਦਾਸ ਕਰਾਉਂਣੀ ਗੁਰਮਤਿ ਤੋਂ ਉਲਟ ਹੈ। ਇਸ ਨੁਕਤੇ ਵਿਚ ਤਾਂ ਭਰਮ ਨੂੰ ਹੋਰ ਵੀ ਵਧਾ ਦਿਤਾ ਗਿਆ ਜਾਪਦਾ ਹੈ ਕਿ ‘ਤਖ਼ਤਾਂ’ ਉਪਰ ਅਰਦਾਸ ਕਰਾਉਣ ਦਾ ਖਾਸ ਮਹਤਵ ਹੈ। ਬ੍ਰਾਹਮਣ ਵੀ ਇਹ ਪ੍ਰਚਾਰ ਕਰਦਾ ਸੀ ਕਿ ਖਾਸ ਤੀਰਥ ਉਤੇ ਮੇਰੇ ਹੱਥੋਂ ਕੀਤੀ ਪੂਜਾ (ਕਰਮਕਾਂਡ) ਆਦਿ ਦਾ ਖਾਸ ਫਲ ਹੈ। ਅਸੀਂ ਵੀ ਇਥੇ ਉਸੇ ਤਰੀਕੇ ਅਨੁਸਾਰ ਇਹ ਭਰਮ ਪੈਦਾ ਕਰ ਰਹੇ ਹਾਂ। ਸੋ ਇਹ ਨੁਕਤਾ ਗੁਰਮਤਿ ਸਿਧਾਂਤਾਂ ਦੀ ਮੁਖਾਲਫਤ ਕਰਦਾ ਜਾਪਦਾ ਹੈ, ਇਸਲਈ ਇਸ ਨੂੰ ਤਿਆਗ ਦੇਣਾ ਚਾਹੀਦਾ ਹੈ।
(6) (ੳ) ਰਹਿਤ ਮਰਿਆਦਾ ਦੇ 15 ਨੰ: ਪੰਨੇ ਉਤੇ ‘ਕੀਰਤਨ’ ਸਿਰਲੇਖ ਅਧੀਨ ਕੀਰਤਨ ਦੀ ਪਰਿਭਾਸ਼ਾ ਦਿਤੀ ਗਈ ਹੈ :
"ਕੀਰਤਨ ਗੁਰਬਾਣੀ ਨੂੰ ਰਾਗਾਂ ਵਿਚ ਉਚਾਰਨ ਕਰਨ ਨੂੰ ਕਹਿੰਦੇ ਹਨ।"
ਵਿਚਾਰ : ਇਹ ਪਰਿਭਾਸ਼ਾ ਵੈਸੇ ਤਾਂ ਕੋਈ ਸਿਧਾਂਤਕ ਨੁਕਸਾਨ ਨਹੀਂ ਪਹੁੰਚਾਉਂਦੀ, ਪਰ ਗੁਰਮਤਿ ਦੇ ਅਨੁਸਾਰ, ਕੀਰਤਨ ਦਾ ਭਾਵ ਸਿਰਫ ਸਾਜ਼ਾਂ ਨਾਲ, ਰਾਗਾਂ ਵਿਚ ਬਾਣੀ ਉਚਾਰਨ ਕਰਨਾ ਹੀ ਨਹੀਂ ਹੈ। ਇਸ ਦੀ ਗੁਰਮਤਿ ਅਨੁਸਾਰ ਪਰਿਭਾਸ਼ਾ ਇਸ ਪ੍ਰਕਾਰ ਹੋ ਸਕਦੀ ਹੈ ਕਿ:
ਕੀਰਤਨ ਨਾਮੁ ਸਿਮਰਤ ਰਹਉ ਜਬ ਲਗੁ ਘਟਿ ਸਾਸੁ ।ਰਹਾਉ।
(ਪੰਨਾ 818)
ਭਾਵ : ਸੱਚ ਦੇ ਗਿਆਨ ਨੂੰ ਧਾਰਨ ਕਰ ਕੇ ਉਸ ਅਨੁਸਾਰ ਜੀਵਨ ਜੀਣਾ ਹੀ ਅਸਲੀ ਕੀਰਤਨ ਹੈ। ਸੰਗੀਤ ਦਾ ਆਪਣਾ ਮਹਤਵ ਹੈ, ਇਹ ਹਿਰਦੇ ਨੂੰ ਜਲਦੀ ਟੁੰਬਦਾ ਹੈ। ਪਰ ਜੇ ‘ਕੀਰਤਨ’ ਸੁਣਨਾ ਸਿਰਫ ਕੰਨ-ਰਸ ਤਕ ਹੀ ਸੀਮਤ ਹੋ ਜਾਏ ਤਾਂ ਗੁਰਮਤਿ ਵਿਚ ਪ੍ਰਵਾਨ ਨਹੀਂ ਹੋ ਸਕਦਾ। ਸਾਜ਼ਾਂ ਨਾਲ ਸ਼ਬਦ (ਗੁਰਬਾਣੀ) ਗਾਇਨ ਕਰਨਾ ਗੁਰਮਤਿ ਦੇ ਰਾਹ (ਸਚ ਨੂੰ ਹਾਸਲ ਕਰਨ) ਦੀ ਇਕ ਪਉੜੀ ਹੈ ਨਾ ਕਿ ਮੰਜ਼ਿਲ। ਇਹ ਸਪਸ਼ਟਤਾ ਇਸ ਪਰਿਭਾਸ਼ਾ ਨਾਲ ਦੇਣੀ ਲਾਹੇਵੰਦ ਹੋ ਸਕਦੀ ਹੈ।
(ਅ) ਕੀਰਤਨ ਸਿਰਲੇਖ ਹੇਠ ਭਾਗ (ੲ) ਵਿਚ ਦਰਜ ਹੈ ਕਿ:
"ਸੰਗਤ ਵਿਚ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵਿਆਖਿਆ ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਨਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ।"
ਵਿਚਾਰ : ਇਥੇ ‘ਗੁਰਬਾਣੀ’ ਸ਼ਬਦ ਦੀ ਸੀਮਾ ਜਾਂ ਵਿਆਖਿਆ ਨਾ ਦੇ ਕੇ ਇਹ ਚੋਰ-ਮੋਰੀ ਖੁੱਲੀ ਛੱਡ ਦਿੱਤੀ ਗਈ ਭਾਸਦੀ ਹੈ। ਇਸ ਦਾ ਸਹਾਰਾ ਲੈ ਕੇ ਜ਼ਿਆਦਾਤਰ ਕੀਰਤਨੀਏ ਅਖੌਤੀ ਦਸਮ ਗ੍ਰੰਥ ਅਤੇ ਹੋਰ ਥਾਂਵਾਂ ਤੋਂ ਕਚੀਆਂ ਰਚਨਾਵਾਂ ਦਾ ਕੀਰਤਨ ਕਰੀ ਜਾ ਰਹੇ ਹਨ। ਜੇ ਇਥੇ ‘ਗੁਰਬਾਣੀ’ ਦੀ ਥਾਂ ੱਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ- ਕਰ ਦਿਤਾ ਜਾਏ ਤਾਂ ਸਪਸ਼ਟਤਾ ਜ਼ਿਆਦਾ ਵਧ ਜਾਂਦੀ ਹੈ। ਭਾਈ ਗੁਦਾਸ ਜੀ ਅਤੇ ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਵਿਚ ਵੀ ਮਿਲਾਵਟ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸੋ ਕੀਰਤਨ ਵਾਸਤੇ ਸਿਰਫ ਤੇ ਸਿਰਫ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਬਾਣੀ ਹੀ ਹੋਣੀ ਚਾਹੀਦੀ ਹੈ। ਸ਼ਬਦ ਵਿਚਾਰ ਵੇਲੇ ਸਮਝਾਉਣ ਖਾਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਸੌਟੀ ਉਤੇ ਖਰੀਆਂ ਉਤਰਨ ਵਾਲੀਆਂ ਰਚਨਾਵਾਂ ਦਾ ਵੀ ਹਵਾਲਾ ਦਿਤਾ ਜਾ ਸਕਦਾ ਹੈ।
(7) (ੳ) ਰਹਿਤ ਮਰਿਆਦਾ ਦੇ ਪੰਨਾ ਨੰ:15 ਉਪਰ ‘ਹੁਕਮ ਲੈਣਾ’ ਸਿਰਲੇਖ ਅਧੀਨ ਭਾਗ (ੳ) ਵਿਚ ਦਰਜ ਹੈ ਕਿ:
"ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗੇ ਮਥਾ ਟੇਕਣਾ, ਗੁਰੂ ਰੂਪ ਦੰਗਤ ਦੇ ਅਦਬ ਨਾਲ ਦਰਸ਼ਨ ਕਰਨੇ ਤੇ ਅਵਾਜ਼ਾ ਲੈਣਾ ਜਾਂ ਸੁਣਨਾ, ਸਤਿਗੁਰੂ ਦੇ ਦਰਸ਼ਨ ਹਨ।"
ਵਿਚਾਰ : ਗੁਰਮਤਿ ਅਨੁਸਾਰ ਗੁਰੂ ਦੇ ਦਰਸ਼ਨ ਦਾ ਭਾਵ ‘ਸੱਚ ਦੇ ਗਿਆਨ’ (ਸਤਿਗੁਰੂ) ਨੂੰ ਸਮਝ ਵਿਚਾਰ ਕੇ ਉਸ ਅਨੁਸਾਰ ਜੀਵਨ ਬਣਾਉਣਾ ਹੈ। ਸਿਰਫ ਮੱਥਾ ਟੇਕਣਾ ਜਾਂ ਸਿਰਫ ਤੇ ਸਿਰਫ ਬਾਣੀ ਪੜ੍ਹਨ, ਸੁਣਨ ਦਾ ਕੋਈ ਫਾਇਦਾ ਨਹੀਂ, ਜਦ ਤਕ ਉਸ ਉਪਰ ਅਮਲ ਨਹੀਂ ਕੀਤਾ ਜਾਂਦਾ। ਬਿਨਾ ਅਮਲ ਤੋਂ ਬਾਣੀ ਪੜ੍ਹਨਾ, ਸੁਣਨਾ ਤੋਤਾ ਰਟਨੀ ਵਾਂਗੂ ਹੀ ਹੈ ਅਤੇ ਸਿਰਫ ਮੱਥਾ ਟੇਕਣਾ ‘ਜਿਉ ਹੰਤਾ ਮਿਰਗਾਹਿ’ ਵਾਲੀ ਗਲ ਹੈ। ਇਸ ਤਰ੍ਹਾਂ ਇਹ ਇਕ ਕਰਮਕਾਂਡ ਹੀ ਬਣਕੇ ਰਹਿ ਜਾਂਦਾ ਹੈ। ਅੱਜ ਸਿੱਖ ਕੌਮ ਵਿਚ ਇਹ ਸਭ ਕਰਮਕਾਂਡ ਵਜੋਂ ਹੀ ਹੋ ਰਿਹਾ ਹੈ। ਸੋ ਗੁਰਮਤਿ ਅਨੁਸਾਰ ‘ਗੁਰੂ ਦੇ ਦਰਸ਼ਨ’ ਦਾ ‘ਭਾਵ’ ਸਪਸ਼ਟ ਕਰਨਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਇਸ ਭਾਗ ਵਿਚ ਦਸੀਆਂ ਗਈਆਂ ਗਲਾਂ, ਮਥਾ ਟੇਕਣਾ, ਹੁਕਮ ਲੈਣਾ ਜਾਂ ਸੁਣਨਾ, ਜ਼ਿਆਦਾਤਰ ਸਿੱਖ ਕਰ ਹੀ ਰਹੇ ਹਨ। ਪਰ ਹਾਲਤ ਦਿਨੋ-ਦਿਨ ਵਿਗੜਦੀ ਹੀ ਜਾ ਰਹੀ ਹੈ। ਕਿਉਂਕਿ ਗੁਰੂ ਦੇ ਅਸਲੀ ਦਰਸ਼ਨ (ਗੁਰਬਾਣੀ ਉਤੇ ਅਮਲ) ਨਹੀਂ ਕੀਤਾ ਜਾ ਰਿਹਾ।
(ਅ) ਰਹਿਤ ਮਰਿਆਦਾ ਦੇ ਪੰਨਾ ਨੰ: 16 ਉਤੇ ‘ਹੁਕਮ ਲੈਣਾ’ ਸਿਰਲੇਖ ਹੇਠ ਹੀ ਭਾਗ (ਹ) ਵਿਚ ਦਰਜ ਹੈ :
"ਹੁਕਮ ਲੈਣ ਲਗਿਆਂ ਖਬੇ ਪੰਨੇ ਦੇ ਉਤਲੇ ਪਾਸਿਓਂ ਪਹਿਲਾ ਸ਼ਬਦ ਜੋ ਜਾਰੀ ਹੈ, ਮੁੱਢ ਤੋਂ ਪੜ੍ਹਨਾ ਚਾਹੀਏ। ਜੇ ਉਸ ਸ਼ਬਦ ਦਾ ਮੁੱਢ ਪਿਛਲੇ ਪੰਨੇ ਤੋਂ ਸ਼ੁਰੂ ਹੁੰਦਾ ਹੈ ਤਾਂ ਪਤਰਾ ਪਰਤ ਕੇ ਪੜ੍ਹਨਾ ਸ਼ੁਰੂ ਕਰੋ।"
ਵਿਚਾਰ : ਸਾਰੀ ਗੁਰਬਾਣੀ ਇਕ ਸਾਰ ਹੈ। ਕਿਸੇ ਬਾਣੀ ਨੂੰ ਚੰਗਾ ਜਾਂ ਕਿਸੇ ਬਾਣੀ ਨੂੰ ਖਾਸ ਸਮਝਣਾ ਗੁਰਮਤਿ ਸਿਧਾਂਤਾਂ ਦੀ ਖਿਲਾਫਤ ਹੈ। ਸਜੇ ਖਬੇ ਦੇ ਚਕਰਾਂ ਵਿਚ ਪੈਣਾ ਵੀ ਗੁਰਮਤਿ ਅਨੁਸਾਰੀ ਨਹੀਂ ਲਗਦਾ। ਇਹ ਗੱਲ ਹਮੇਸ਼ਾਂ ਯਾਦ ਰਹਿਣੀ ਚਾਹੀਦੀ ਹੈ ਕਿ ਗੁਰਬਾਣੀ ਪੜ੍ਹਨ ਦਾ ਸਿਰਫ ਤੇ ਸਿਰਫ ਮਕਸਦ ਉਸ ਨੂੰ ਸਮਝ ਵਿਚਾਰ ਕੇ ਉਸ ਅਨੁਸਾਰ ਚੰਗਾ ਜੀਵਨ ਬਣਾਉਣਾ ਹੈ। ਸਿਰਫ ਰਸਮ ਪੂਰਤੀ ਵਾਸਤੇ ਜਾਂ ਮੁਕਾਉਣ ਵਾਸਤੇ (ਅਖੰਡ ਪਾਠ, ਸਹਿਜ ਪਾਠ ਜਾਂ ਕਿਸੇ ਹੋਰ ਨਾਂ ਹੇਠ) ਬਾਣੀ ਪੜ੍ਹਨਾ ਇਕ ਕਰਮਕਾਂਡ ਬਣ ਜਾਂਦਾ ਹੈ ਅਤੇ ਗੁਰਮਤਿ ਸਿਧਾਂਤਾਂ ਤੋਂ ਉਲਟ ਹੋ ਜਾਂਦਾ ਹੈ। ਇਸ ਨੁਕਤੇ ਦਾ ਪੰਥ ਵਿਚ ਪ੍ਰਚਾਰ ਕਰਨ ਦੀ ਸਭ ਤੋਂ ਵਧ ਜ਼ਰੂਰਤ ਹੈ। ਪਰ ਅਫਸੋਸ ਕਿ ਅੱਜ ਸਿੱਖ ਸਮਾਜ ਵਿਚ 95× ਤੋਂ ਵੀ ਵੱਧ ਗੁਰਬਾਣੀ ਸਿਰਫ ਰਸਮ-ਪੂਰਤੀ (ਕਰਮਕਾਂਡ) ਵਜੋਂ ਹੀ ਪੜ੍ਹੀ ਜਾ ਰਹੀ ਹੈ। ਹੋ ਸਕਦਾ ਹੈ ਕਿ ਖੱਬੇ ਪੰਨੇ ਤੋਂ ਸ਼ੁਰੂ ਕਰਨ ਦਾ ਵਿਚਾਰ ਇਕਸਾਰਤਾ ਲਿਆਉਣ ਦੇ ਖਿਆਲ ਵਜੋਂ ਕੀਤਾ ਗਿਆ ਹੋਵੇ। ਪਰ ਫਿਰ ਵੀ ਇਹ ਠੀਕ ਨਹੀਂ ਜਾਪਦਾ ਕਿਉਂਕਿ ਇਸ ਤਰੀਕੇ ਨਾਲ ਗੁਰਬਾਣੀ ਦੇ ਅਨੇਕਾਂ ਸ਼ਬਦ ਹੁਕਮਨਾਮੇ ਵਿਚ ਕਦੇ ਵੀ ਨਹੀਂ ਆਉਣਗੇ। ਗੱਲ ਸਿਰਫ ਗੁਰਬਾਣੀ ਵਿਚਾਰ ਦੀ ਹੈ। ਉਸ ਵਾਸਤੇ ਕੋਈ ਵੀ ਸ਼ਬਦ ਲਿਆ ਜਾ ਸਕਦਾ ਹੈ। ਬਾਕੀ ਜਿਨ੍ਹਾਂ ਨੇ ਗੁਰਬਾਣੀ ਦਾ ਗਲਤ ਇਸਤੇਮਾਲ ਕਰਨਾ ਹੈ, ਉਹ ਤਾਂ ਹੁਣ ਵੀ ਕਰ ਰਹੇ ਹਨ। ਸੋ ਹੁਕਮ ਲੈਣ ਵੇਲੇ ਖੱਬੇ-ਸੱਜੇ ਦਾ ਭਰਮ ਕਰਨਾ ਗੁਰਮਤਿ ਸਿਧਾਂਤਾਂ ਅਨੁਸਾਰ ਠੀਕ ਨਹੀਂ ਜਾਪਦਾ। ਇਸ ਲਈ ਇਸ ਨੁਕਤੇ ਨੂੰ ਤਿਆਗ ਦੇਣਾ ਚਾਹੀਦਾ ਹੈ।
(8) (ੳ) ਰਹਿਤ ਮਰਿਆਦਾ ਦੇ ਪੰਨਾ ਨੰ:16 ਉਪਰ ‘ਸਾਧਾਰਨ ਪਾਠ’ ਸਿਰਲੇਖ ਅਧੀਨ ਭਾਗ (ੲ) ਵਿੱਚ ਦਰਜ ਹੈ :
"ਹਰ ਇਕ ਸਿੱਖ ਅੰਮ੍ਰਿਤ ਵੇਲੇ ਪ੍ਰਸ਼ਾਦਿ ਛਕਣ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲਵੇ।"
ਵਿਚਾਰ : ਮੂੰਹ ਸੁੱਚਾ ਹੋਣਾ ਜਾਂ ਸੁੱਚਮ ਦਾ ਇਹ ਬ੍ਰਾਹਮਣਵਾਦੀ ਭਰਮ ਕਿਉਂ? ਕਿਉਂ ਅਸੀਂ ਗੁਰਬਾਣੀ ਨੂੰ ਸਮਝਣ ਵਿਚਾਰਨ ਦੀ ਥਾਂ ਉਸ ਨੂੰ ਕਰਮ-ਕਾਂਡ ਬਣਾ ਕੇ ਪੜ੍ਹੀ ਜਾਣਾ ਚਾਹੁੰਦੇ ਹਾਂ? ਸ਼ਾਇਦ ਇਸ ਨੁਕਤੇ ਦਾ ਸ੍ਰੋਤ ਉਹ ਰਹਿਤਨਾਮਾ ਹੈ ਜਿਸ ਵਿਚ ਇਹ ਲਫਜ਼ ਆਉਂਦੇ ਹਨ:
ਬਿਨਾ ਜਪੁ ਜਾਪ ਜਪੇ, ਜੋ ਜੇਵਹਿ ਪ੍ਰਸਾਦਿ।
ਸੋ ਬਿਸਟਾ ਕਾ ਕਿਰਮ ਹੋਇ, ਜਨਮ ਗਵਾਵੈ ਬਾਦ।
ਇਥੇ ਇਹ ਜ਼ਰੂਰ ਸਪਸ਼ਟ ਹੋਣਾ ਚਾਹੀਦਾ ਹੈ ਕਿ ਰਹਿਤਨਾਮਿਆਂ ਸਮੇਤ ਜ਼ਿਆਦਾਤਰ ਸਿੱਖ ਪੁਸਤਕਾਂ ਅਤੇ ਗ੍ਰੰਥ ਬ੍ਰਾਹਮਣਵਾਦੀ ਵਿਚਾਰਾਂ ਨਾਲ ਭਰਪੂਰ ਮਿਲਦੇ ਹਨ। ਬ੍ਰਾਹਮਣਵਾਦੀਆਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਵੀ ਮਿਲਾਵਟ ਕਰਨ ਦੀ ਕੋਸ਼ਿਸ਼ ਕੀਤੀ (ਰਾਗਮਾਲਾ, ਮੀਰਾਬਾਈ ਦਾ ਸ਼ਬਦ ਆਦਿ)। ਇਸ ਕਰਕੇ ਸਾਨੂੰ ਸੇਧ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਲੈਣੀ ਚਾਹੀਦੀ ਹੈ, ਐਸੇ ਕਿਸੇ ਬ੍ਰਾਹਮਣਵਾਦੀ ਸ੍ਰੋਤ ਤੋਂ ਨਹੀਂ। ਇਹ ਨੁਕਤਾ ਵੀ ਗੁਰਮਤਿ ਸਿਧਾਂਤਾਂ ਦੇ ਖਿਲਾਫ ਜਾਪਦਾ ਹੈ, ਇਸ ਲਈ ਇਹ ਵੀ ਤਿਆਗਣ ਯੋਗ ਹੈ।
(ਅ) ‘ਸਧਾਰਨ ਪਾਠ’ ਸਿਰਲੇਖ ਅਧੀਨ ਭਾਗ (ਹ) ਵਿਚ ਦਰਜ ਹੈ :
"ਪਾਠ ਆਰੰਭ ਕਰਨ ਸਮੇਂ ਅਨੰਦ ਸਾਹਿਬ (ਪਹਿਲੀਆਂ ਪੰਜ ਪਉੜੀਆਂ ਤੇ ਇਕ ਅੰਤਲੀ ਪਉੜੀ) ਦੇ ਪਾਠ ਮਗਰੋਂ ਅਰਦਾਸ ਕਰ ਕੇ ਹੋਕਮ ਲੈਣਾ ਚਾਹੀਏ। ਫੇਰ ਜਪੁ ਜੀ ਸਾਹਿਬ ਦਾ ਪਾਠ ਕਰਨਾ ਚਾਹੀਏ।"
ਵਿਚਾਰ : ਅਸੀਂ ਮਰਿਆਦਾ ਦੇ ਨਾਂ ਉਤੇ ਗੁਰਬਾਣੀ (ਗੁਰੂ ਗ੍ਰੰਥ ਸਾਹਿਬ ਜੀ, ਰਾਗਮਾਲਾ ਤੋਂ ਬਗੈਰ) ਦੇ ਪਾਠ ਨੂੰ ਇਕ ਐਸਾ ਕਰਮਕਾਂਡ ਬਣਾ ਚੁਕੇ ਹਾਂ ਕਿ ਉਹ ਸਿਰਫ ਰਸਮ ਪੂਰਤੀ ਬਣ ਜੇ ਰਹਿ ਗਇਆ ਹੈ। ਗੁਰਬਾਣੀ ਸਮਝਨ ਵਿਚਾਰਨ ਦੀ ਤਾਂ ਕੋਈ ਜ਼ਰੂਰਤ ਹੀ ਨਹੀਂ ਸਮਝੀ ਜਾ ਰਹੀ। ਹੁਣ ਇਸੇ ਮਦ ਅਨੁਸਾਰ ਪਾਠ (ਸਹਿਜ) ਸ਼ੁਰੂ ਕਰਨ ਵੇਲੇ (ਜਾਂ ਦੀਵਾਨ ਦੀ ਸਮਾਪਤੀ ਵੇਲੇ) ਅਨੰਦ ਸਾਹਿਬ ਦੀਆਂ ਛੇ ਪਉੜੀਆਂ (ਪਹਿਲੀ ਤੇ ਅੰਤਿਮ) ਦਾ ਰਸਮੀ ਪਾਠ ਜਾਂ ਕੀਰਤਨ ਕਰਨ ਦਾ ਕੀ ਭਾਵ ਰਹਿ ਜਾਂਦਾ ਹੈ। ਪਹਿਲੀਆਂ ਪੰਜ ਅਤੇ ਅੰਤਮ ਇਕ ਪਉੜੀ ਹੀ ਕਿਉਂ ਹੋਵੇ? ਇਸ ਦਾ ਕੋਈ ਵੀ ਆਧਾਰ ਸਮਝ ਨਹੀਂ ਆਉਂਦਾ। ਅਨੰਦ ਸਾਹਿਬ ਵਿਚੋਂ 6 ਪਉੜੀਆਂ ਕਢ ਲੈਣੀਆਂ ਠੀਕ ਨਹੀਂ ਜਾਪਦੀਆਂ, ਜਦਕਿ ਪੂਰੇ ਅਨੰਦ ਸਾਹਿਬ ਵਿਚ 40 ਪਉੜੀਆਂ ਹਨ। ਛੇ ਪਉੜੀਆਂ ਦਾ ਪਾਠ ਇਕ ਐਸਾ ਕਰਮਕਾਂਡ ਬਣ ਚੁਕਾ ਹੈ ਕਿ ਇਸ ਦਾ ਵਿਚਲਾ ‘ਅਨੰਦ’ ਹੀ ਖਤਮ ਹੋ ਗਿਆ ਜਾਪਦਾ ਹੈ। ਬਸ ਇਕ ਰਟਨ ਵਜੋਂ ਹੀ ਪੜ੍ਹਿਆ ਜਾ ਰਿਹਾ ਹੈ। ਅਨੰਦ ਸਾਹਿਬ ਦਾ ਕੀਰਤਨ ਸ਼ੁਰੂ ਹੁੰਦੇ ਹੀ ਸੰਗਤ ਵਿਚੋਂ ਕਈਂ ਉਠ ਜਾਂਦੇ ਹਨ ਕਿ ਚਲੋ ਸਮਾਪਤੀ ਹੋਣ ਵਾਲੀ ਹੈ ਜਾਂ ਫਿਰ ਬਾਹਰ ਕੁਝ ਸੱਜਣ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਅਨੰਦ ਸਾਹਿਬ ਦਾ ਪਾਠ ਸ਼ੁਰੂ ਹੋ ਗਿਆ ਹੈ, ਸਮਾਪਤੀ ਹੋਣ ਵਾਲੀ ਹੈ, ਚਲੋ ਦੀਵਾਨ ਹਾਲ ਵਿਚ ਚਲੀਏ।
ਲੋੜ ਹੈ ਗੁਰਬਾਣੀ ਨੂੰ ਸਿਰਫ ਸਮਝਨ, ਵਿਚਾਰਨ ਅਤੇ ਅਮਲ ਦੇ ਨਜ਼ਰੀਏ ਤੋਂ ਪੜ੍ਹਨ ਦੀ ਨਾ ਕਿ ਇਕ ਰਸਮ ਪੂਰਤੀ ਜਾਂ ਕਰਮਕਾਂਡ ਲਈ। ਅਨੰਦ ਸਾਹਿਬ ਦੇ ਪਾਠ ਨੂੰ ਭੋਗ (ਸਮਾਪਤੀ) ਨਾਲ ਜੋੜਨਾ ਕਰਮਕਾਂਡੀ ਬਣਾਉਣਾ ਜਾਪਦਾ ਹੈ। ਇਸ ਲਈ ਇਹ ਪ੍ਰਥਾ ਤਿਆਗਣ ਯੋਗ ਹੈ।
(9) (ੳ) ਇਸ ਤੋਂ ਅਗੇ ਰਹਿਤ ਮਰਿਆਦਾ ਵਿਚ ਪੰਨਾ ਨੰ: 17 ਉਤੇ ‘ਅਖੰਡ ਪਾਠ’ ਕਰਨ ਦੀ ਮਰਿਆਦਾ ਦਸੀ ਗਈ ਹੈ।
ਵਿਚਾਰ : ਅਖੰਡ ਪਾਠ ਦੀ ਪ੍ਰਥਾ ਐਸਾ ਬ੍ਰਾਹਮਣਵਾਦੀ ਕਰਮਕਾਂਡ ਬਣ ਚੁਕੀ ਹੈ, ਜਿਸ ਨੇ ਕੌਮ ਦਾ ਬਹੁਤ ਜ਼ਿਆਦਾ ਸਿਧਾਂਤਕ ਨੁਕਸਾਨ ਕੀਤਾ ਹੈ। ਇਹ ਬ੍ਰਾਹਮਣ ਦੇ ਮੰਤਰਵਾਦ ਅਤੇ ਮੁਕਾਉਣ ਦੀ ਵਿਚਾਰਧਾਰਾ ਦਾ ਹੀ ਰੂਪ ਹੈ। ਇਸ ਦੀ ਸ਼ੁਰੂਆਤ ਬੁਢਾ ਦਲ ਵਲੋਂ ਕੀਤੀ ਦਸੀ ਜਾਂਦੀ ਹੈ। ਪਰ ਜੋ ਵੀ ਹੈ ਇਸ ਪ੍ਰਥਾ ਨੂੰ ਸ਼ੁਰੂ ਕਰਨ ਪਿਛੇ ਬ੍ਰਾਹਮਣਵਾਦੀ ਸ਼ਕਤੀਆਂ ਦਾ ਹੀ ਹੱਥ ਨਜ਼ਰ ਆਉਂਦਾ ਹੈ। ਇਨ੍ਹਾਂ ਸ਼ਕਤੀਆਂ ਦਾ ਮਕਸਦ ਗੁਰਬਾਣੀ ਨੂੰ ਸਮਝ ਵਿਚਾਰ ਕੇ ਪੜ੍ਹਨ ਦੀ ਬਿਰਤੀ ਤੋਂ ਤੋੜ ਕੇ ਤੋਤਾ ਰਟਨੀ ਵੱਲ ਪ੍ਰੇਰਿਤ ਕਰਨਾ ਸੀ ਅਤੇ ਇਸ ਮਕਸਦ ਵਿਚ ਉਹ ਸ਼ਕਤੀਆਂ (ਕੌਮ ਦੀ ਅਣਗਿਹਲੀ ਕਾਰਨ) ਪੂਰੀ ਤਰ੍ਹਾਂ ਕਾਮਯਾਬ ਵੀ ਰਹੀਆਂ ਹਨ। ਅਖੰਡ ਪਾਠ ‘ਪੜਿ ਪੜਿ ਗਢੀ ਲਦੀਅਹਿ’ ਦੀ ਤਰਜ਼ ਦਾ ਇਕ ਕਰਮਕਾਂਡ ਮਾਤਰ ਹੀ ਹੈ। ਇਸ ਪ੍ਰਥਾ ਨੇ ਸਿੱਖ ਕੌਮ ਦੀ ਸਿਧਾਂਤਕ ਦ੍ਰਿੜਤਾ ਨੂੰ ਗਿਰਾਵਟ ਦੀ ਕਿਸ ਹੱਦ ਤਕ ਪਹੁੰਚਾ ਦਿਤਾ ਹੈ,ਇਹ ਸੱਚ ਨੂੰ ਸਮਝਣ ਵਾਲਾ ਹਰ ਗੁਰਸਿੱਖ ਜਾਣਦਾ ਹੈ। ਜਿਹੜੇ ਜਿੰਨ੍ਹੇ ਜ਼ਿਆਦਾ ਅਖੰਡ ਪਾਠ ਕਰ/ਕਰਵਾ ਰਹੇ ਹਨ (ਅਖੌਤੀ ਸੰਤ, ਬਾਬੇ, ਗ੍ਰੰਥੀ, ਪਾਠੀ, ਪੁਜਾਰੀ ਆਦਿ) ਉਹ ਉਨ੍ਹੇ ਹੀ ਜ਼ਿਆਦਾ ਸਚ ਤੋਂ ਭਟਕੇ ਹੋਏ ਨਜ਼ਰ ਆਉਂਦੇ ਹਨ। ਉਹ ਸਾਰੀਆਂ ਮਨਮਤਾਂ ਕਰਦੇ ਹਨ। ਜਿੰਨ੍ਹੀ ਗੁਰਬਾਣੀ ਅਜ ਪੜ੍ਹੀ ਜਾ ਰਹੀ ਹੈ, ਉਨ੍ਹੀ ਸ਼ਾਇਦ ਪਹਿਲਾਂ ਕਦੇ ਨਹੀਂ ਪੜ੍ਹੀ ਜਾਂਦੀ ਸੀ। ਅੱਜ 99% ਬਾਣੀ ਤੋਤਾ ਰਟਨੀ ਵਾਂਗੂੰ ਹੀ ਪੜ੍ਹੀ ਜਾ ਰਹੀ ਹੈ ਤਾਂ ਹੀ ਤਾਂ ਕੌਮ ਸਿਧਾਂਤਕ ਦ੍ਰਿਦ੍ਰੜਤਾ ਤੋਂ ਥਿੜਕਦੀ ਜਾ ਰਹੀ ਹੈ ਅਤੇ ‘ਪਰਮੇਸ਼ਰ ਤੇ ਭੁਲਿਆ ਵਿਆਪਨ ਸਭੇ ਰੋਗ’ ਅਨੁਸਾਰ ਸਿਧਾਂਤਾਂ ਤੋਂ ਥਿੜਕਨ ਕਰ ਕੇ ਖੁਆਰ ਹੋ ਰਹੀ ਹੈ।
ਸੱਚ ਦੇ ਰਾਹ ਉਤੇ ਵਾਪਸੀ ਲਈ ਜ਼ਰੂਰੀ ਹੈ ਕਿ ‘ਅਖੰਡ ਪਾਠ’ ਅਤੇ ਐਸੇ ਹੋਰ ਵਿਅਰਥ ਕਰਮਾਂ ਤੋਂ ਕੌਮ ਦਾ ਖਹਿੜਾ ਛੁਡਾਉਂਣ ਦੇ ਜਤਨ ਕੀਤੇ ਜਾਣ। ਇਹ ਪ੍ਰਥਾ ਇਕਦਮ ਬੰਦ ਕਰਨੀ ਚਾਹੀਦੀ ਹੈ।
(ਚਲਦਾ)