Subscription About Us Contact Us


ਮੁੰਬਈ ਵਿੱਚ ਸੌਦਾ ਸਾਧ ਦੇ ਗੁੰਡਿਆਂ ਅਤੇ ਸਿੱਖਾਂ ਵਿਚਕਾਰ ਟਕਰਾਅ: ਸਿੱਖਾਂ ਵੱਲੋਂ ਪੁਰਾਣੀਆਂ ਗਲਤੀਆਂ ਦਾ ਮੁੜ ਤੋਂ ਦੁਹਰਾਅ

- ਸਰਬਜੀਤ ਸਿੰਘ -

ਸਿਰਸੇ ਦੇ ਸੌਦਾ ਸਾਧ ਅਤੇ ਉਸਦੇ ਗੁੰਡਿਆਂ ਨੇ ਸਿੱਖਾਂ ਨੂੰ ਇਕ ਵਾਰ ਫਿਰ ਭੜਕਾ ਦਿੱਤਾ ਹੈ। ਇਸ ਵਾਰ ਭੜਕਾਹਟ ਦਾ ਕਾਰਨ, ਪਖੰਡੀ ਸਾਧ ਦੇ ਗੁੰਡਿਆਂ (ਅਖੌਤੀ ਬਾਡੀਗਾਰਡਾਂ) ਵੱਲੋਂ ਮੁੰਬਈ ਵਿੱਚ ਗੋਲੀਬਾਰੀ ਕਰਕੇ ਬਲਕਾਰ ਸਿੰਘ ਨਾਮ ਦੇ ਇਸ ਸਿੱਖ ਨੂੰ ਸ਼ਹੀਦ ਕਰਨ ਅਤੇ ਦੋ ਹੋਰ ਸਿੱਖਾਂ ਨੂੰ ਜ਼ਖ਼ਮੀ ਕਰ ਦੇਣ ਦੀ ਘਟਨਾ ਬਣੀ ਹੈ। ਸਿੱਖਾਂ ਤੇ ਸਾਧ ਦੇ ਗੁੰਡਿਆਂ ਵਿਚਕਾਰ ਇਹ ਟਕਰਾਅ ਉਸ ਸਮੇਂ ਪੈਦਾ ਹੋਇਆ ਜਦ ਇਹ ਸਿੱਖ ਮੁੰਬਈ ਦੇ ਮੁਲੁੰਡ ਇਲਾਕੇ ਦੇ ਇਕ ਖਰੀਦਾਰੀ ਕੰਪਲੈਕਸ ਵਿੱਚ ਜਾਣ ਲੱਗੇ ਤਾਂ ਸਾਧ ਦੇ ਗੁੰਡਿਆਂ ਨੇ ਉਨ੍ਹਾਂ ਨੂੰ ਜਬਰੀ ਰੋਕਿਆ ਅਤੇ ਸਿੱਖਾਂ ਵੱਲੋਂ ਵਿਰੋਧ ਪ੍ਰਗਟ ਕਰਨ ’ਤੇ, ਉਨ੍ਹਾਂ ਉੱਪਰ ਗੋਲੀਬਾਰੀ ਅਰੰਭ ਕਰ ਦਿੱਤੀ।

ਸੌਦਾ ਸਾਧ ਵਰਗਾ ਕੋਈ ‘ਐਲਾਨੀਆ ਦੁਸ਼ਮਣ’ ਹੋਵੇ ਜਾਂ ਜ਼ਾਹਿਰੀ ਤੌਰ ’ਤੇ ਸਿੱਖੀ ਦਾ ਪ੍ਰਚਾਰ ਕਰਨ ਵਾਲਾ ਕੋਈ ਹੋਰ ਸਾਧ, ਸਾਰੇ ਸਾਧ-ਬਾਬੇ ਅਸਲ ਵਿੱਚ ਗੁੰਡੇ-ਅਪਰਾਧੀ ਹੀ ਹੁੰਦੇ ਹਨ, ਜਿਨ੍ਹਾਂ ਨੇ ਆਪਣੀਆਂ ਕਰਤੂਤਾਂ ’ਤੇ ਪੜਦਾ ਪਾਉਣ ਅਤੇ ਸਰਕਾਰਾਂ ਨਾਲ ਇਕਮਿਕਤਾ ਹਾਸਲ ਕਰਨ ਵਾਸਤੇ ਧਾਰਮਕ ਭੇਖ ਧਾਰਨ ਕੀਤਾ ਹੁੰਦਾ ਹੈ। ਇਸੇਲਈ ਸੌਦਾ ਸਾਧ ਨੇ ਵੀ, ਸਰਕਾਰ ਵੱਲੋਂ ਜ਼ੈਡ ਪਲਸ ਸੁਰੱਖਿਆ ਮਿਲਣ ਦੇ ਬਾਵਜੂਦ, ਆਪਣੇ ਗੁੰਡਿਆਂ ਨੂੰ ‘ਬਾਡੀਗਾਰਡਾਂ’ ਦਾ ਨਾਮ ਦੇ ਕੇ ਭਾਰੀ ਮਾਤਰਾ ਵਿੱਚ ਲਾਇਸੈਂਸੀ ਹਥਿਆਰ ਹਾਸਲ ਕੀਤੇ ਹੋਏ ਹਨ, ਜੋ ਅਸਲ ਵਿੱਚ ਮਜ਼ਲੂਮ ਲੋਕਾਂ ’ਤੇ ਜ਼ੁਲਮ ਕਰਨ, ਜਿਵੇਂ ਲੋਕਾਂ ਨੂੰ ਡਰਾਉਣ-ਧਮਕਾਉਣ, ਉਨ੍ਹਾਂ ਦੀਆਂ ਜ਼ਮੀਨਾਂ ’ਤੇ ਜਬਰੀ ਕਬਜ਼ੇ ਕਰਨ, ਆਪਣੇ ਵਿਰੋਧੀਆਂ ਨੂੰ ‘ਸਬਕ ਸਿਖਾਉਣ’ ਆਦਿਕ ਦੇ ਕੰਮ ਆਉਂਦੇ ਹਨ। ਇਸੇ ਕੜੀ ਵਿੱਚ, ਪਿਛਲੇ ਸਾਲ ਸੌਦਾ ਸਾਧ ਦੇ ਗੁੰਡਿਆਂ ਨੇ ਭਾਈ ਕੰਵਲਜੀਤ ਸਿੰਘ ਨਾਮ ਦੇ ਇਕ ਸਿੰਘ ਨੂੰ ਆਪਣੇ ਡੇਰੇ ਅੰਦਰੋਂ ਗੋਲੀਆਂ ਚਲਾ ਕੇ ਸ਼ਹੀਦ ਕਰ ਦਿੱਤਾ ਸੀ।

ਸ਼ਹੀਦ ਭਾਈ ਬਲਕਾਰ ਸਿੰਘ

ਸਿੱਖਾਂ ਵੱਲੋਂ ਸੌਦਾ ਸਾਧ ਦੀ ਇਸ ਗੁੰਡਾਗਰਦੀ ਅਤੇ ਉਸ ਵੱਲੋਂ ਸਿੱਧੇ-ਅਸਿੱਧੇ ਰੂਪ ਵਿੱਚ ਗੁਰੂ ਸਾਹਿਬਾਨ ਦੇ ਨਿਰਾਦਰ ਦੀਆਂ ਕਾਰਵਾਈਆਂ ਦਾ ਵਿਰੋਧ ਕਰਨਾ ਜਾਇਜ਼ ਹੈ। ਪਰ ਵਿਚਾਰਨ ਵਾਲਾ ਵਿਸ਼ਾ ਇਹ ਹੈ ਕਿ ਇਸ ਵਿਰੋਧ ਦਾ ਪ੍ਰਗਟਾਵਾ ਇਸ ਢੰਗ ਨਾਲ ਹੋਣਾ ਚਾਹੀਦਾ ਹੈ, ਜਿਸ ਨਾਲ ਆਮ ਲੋਕਾਂ ਦੀ ਹਮਦਰਦੀ ਹਾਸਲ ਕੀਤੀ ਜਾ ਸਕੇ ਅਤੇ ਸੌਦਾ ਸਾਧ ਦੀ ਅਖੌਤੀ ਨਾਮ-ਚਰਚਾ ਨਾਲੋਂ ਗੁਰਬਾਣੀ ਦੇ ਉਪਦੇਸ਼ਾਂ ਦੀ ਉੱਚਤਾ ਨੂੰ ਸਾਬਿਤ ਕੀਤਾ ਜਾ ਸਕੇ। ਜਿੱਥੋਂ ਤੱਕ ਸਿੱਖਾਂ ਵੱਲੋਂ ਗੁਰਮਤਿ ਵਿਚਾਰਧਾਰਾ ਦੇ ਪ੍ਰਚਾਰ ਦੀ ਗੱਲ ਹੈ, ਜਿੰਨਾ ਘੱਟ ਕਹੀਏ, ਓਨਾ ਹੀ ਚੰਗਾ ਹੋਵੇਗ। ਸਿੱਖ ਕੌਮ ਨੇ ਗੈਰ-ਸਿੱਖਾਂ ਨੂੰ ਤਾਂ ਗੁਰਮਤਿ ਦੀ ਕੀ ਜਾਣਕਾਰੀ ਦੇਣੀ ਹੈ, ਇਹ ਖ਼ੁਦ ਆਪਣੇ ਹੀ ਲੋਕਾਂ ਨੂੰ ਗੁਰਮਤਿ ਅਸੂਲਾਂ ਦੀ ਜਾਣਕਾਰੀ ਦੇਣ ਦਾ ਵੀ ਕੋਈ ਉਪਰਾਲਾ ਨਹੀਂ ਕਰਦੀ। ਗੁਰਦੁਆਰਿਆਂ ਵਿੱਚ ਜਾਂ ਤਾਂ ਕੀਰਤਨ ਹੁੰਦਾ ਰਹਿੰਦਾ ਹੈ, ਜਿਸਦੇ ਸਹੀ ਅਰਥ ਬਹੁਤੇ ਸ਼ਰਧਾਲੂਆਂ ਨੂੰ ਸਮਝ ਨਹੀਂ ਆਉਂਦੇ ਅਤੇ ਜਾਂ ਫਿਰ ਬ੍ਰਾਹਮਣੀ ਮਿਥਿਹਾਸ ਦੀਆਂ ਕਹਾਣੀਆਂ (ਰਾਮ, ਕ੍ਰਿਸ਼ਨ, ਸੁਦਾਮਾ ਆਦਿਕ) ਸੁਣਾਈਆਂ ਜਾਂਦੀਆਂ ਹਨ। ਇਸਲਈ ਜਦ ਸਿੱਖ ਗੁਰਦੁਆਰਿਆਂ ਦੇ ਰੋਜ਼ਾਨਾ ਪ੍ਰੋਗਰਾਮ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਨਹੀਂ ਕਰਦੇ, ਤਦ ਤੱਕ ਉਹ ਵਿਚਾਰਧਾਰਾ ਦੇ ਪ੍ਰਚਾਰ ਪੱਖੋਂ ਸੌਦਾ, ਸਾਧ ਬਲਕਿ ਕਿਸੇ ਵੀ ਹੋਰ ਡੇਰੇਦਾਰ ਸਾਧ, ਦਾ ਮੁਕਾਬਲਾ ਨਹੀਂ ਕਰ ਸਕਦੇ।

ਮੁੰਬਈ ਵਿੱਚ ਪ੍ਰਦਰਸ਼ਨ ਦੌਰਾਨ ਸੌਦਾ ਸਾਧ ਦੇ ਪੁਤਲੇ ਨਾਲ ਸਿੱਖ ਨੌਜੁਆਨ

ਇਸਲਈ ਲੋਕਾਂ ਦਾ ਸਮਰਥਨ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਸੌਦਾ ਸਾਧ ਦੀਆਂ ਗੈਰ-ਕਾਨੂੰਨੀ ਕਾਰਵਾਈਆਂ ਜਿਵੇਂ ਉਸਦੇ ਚੇਲਿਆਂ ਵੱਲੋਂ ਇਕ ਪੱਤਰਕਾਰ ਦਾ ਕਤਲ, ਡੇਰੇ ਦੀਆਂ ਸਾਧਵੀਆਂ ਦਾ ਸਰੀਰਕ ਸ਼ੋਸ਼ਣ ਤੇ ਬਲਾਤਕਾਰ, ਡੇਰੇ ਦੀ ਆਮਦਨੀ ਦੇ ਸ਼ੱਕੀ ਸ੍ਰੋਤ ਆਦਿਕ ਬਾਰੇ ਲੋਕਾਂ ਨੂੰ ਜਾਗ੍ਰਿਤ ਕਰਦੇ। ਪਰ ਇਸਦੀ ਬਜਾਏ, ਹੋਰਨਾਂ ਜਜ਼ਬਾਤੀ ਘਟਨਾਵਾਂ ਵਾਂਗ, ਇਸ ਵਾਰ ਵੀ ਸਿੱਖਾਂ ਨੇ ਆਪਣਾ ਵਿਰੋਧ ਪ੍ਰਗਟਾਉਣ ਲਈ ਨੰਗੀਆਂ ਕ੍ਰਿਪਾਨਾਂ/ਗੰਡਾਸੇ ਲਹਿਰਾਉਣੇ ਅਰੰਭ ਕਰ ਦਿੱਤੇ। ਗੋਲੀਬਾਰੀ ਦੀ ਘਟਨਾ ਦੇ ਅਗਲੇ ਹੀ ਦਿਨ ਸਿੱਖਾਂ ਨੇ ਮੁਲੁੰਡ ਸਟੇਸ਼ਨ ਅਤੇ ਇਕਾ-ਦੁੱਕਾ ਹੋਰ ਰੇਲਵੇ ਲਾਈਨਾਂ ’ਤੇ ਚੱਲ ਰਹੀਆਂ ਟ੍ਰੇਨਾਂ ਰੁਕਵਾ ਦਿੱਤੀਆਂ। ਇਸਦੇ ਇਲਾਵਾ ਉਨ੍ਹਾਂ ਨੇ ਸਿੱਖ ਬਹੁਗਿਣਤੀ ਵਾਲੇ ਇਲਾਕਿਆਂ ਵਿੱਚ ਦੁਕਾਨਾਂ ਜਬਰੀ ਬੰਦ ਕਰਵਾ ਦਿੱਤੀਆਂ ਅਤੇ ਕੁਝ ਸਰਕਾਰੀ ਬੱਸਾਂ ਦੇ ਸ਼ੀਸ਼ੇ ਭੰਨ ਦਿੱਤੇ।

ਕੀ ਸੜਕਾਂ ’ਤੇ ਇੰਞ ਕ੍ਰਿਪਾਨਾਂ ਲਹਿਰਾਉਣ ਨਾਲ ਸੌਦਾ ਸਾਧ ਨੂੰ ਕੋਈ ਫਰਕ ਪਏਗਾ?

ਇਸ ਘਟਨਾਕ੍ਰਮ ਉਪਰੰਤ ਸਿੱਖਾਂ ਦੀ ਸਮਾਜਕ ਦਸ਼ਾ ਬਾਰੇ ਕਈ ਤੱਥ ਉਭਰ ਕੇ ਸਾਹਮਣੇ ਆਏ। ਜਿਵੇਂ ਇਹ ਕਿ ਜਿੱਥੇ ਕਿਤੇ ਵੀ ਸਿੱਖ ਬਹੁਗਿਣਤੀ ਵਿੱਚ ਹੁੰਦੇ ਹਨ, ਉਹ ਸਿਆਸੀ ਜਾਂ ਹੋਰਨਾਂ ਕਾਰਨਾਂ ਤੋਂ ਉਪਜੀ ਗੁੱਟਬਾਜ਼ੀ ਕਾਰਨ ਫੁੱਟ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਕੌਮੀ ਸੰਕਟ ਸਮੇਂ ਵੀ ਇਕਜੁੱਟ ਨਹੀਂ ਹੋ ਪਾਂਦੇ। ਮਿਸਾਲ ਵਜੋਂ, ਗੋਲੀਬਾਰੀ ਦੀ ਘਟਨਾ ਦੇ ਅਗਲੇ ਹੀ ਦਿਨ, ਮੁੰਬਈ ਦੇ ਸਿੱਖਾਂ ਦੇ ਇਕ ਗੁੱਟ ਨੇ ਸੂਬੇ ਦੇ ਗ੍ਰਹਿ ਮੰਤਰੀ ਵੱਲੋਂ ਕਾਰਵਾਈ ਦਾ ਭਰੋਸਾ ਦਿੱਤੇ ਜਾਣ ਉਪਰੰਤ ਵਿਰੋਧ-ਪ੍ਰਦਰਸ਼ਨ ਬੰਦ ਕਰ ਦਿੱਤੇ ਪਰ ਦੂਜੇ ਗੁੱਟ ਨੇ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ। ਨਤੀਜਾ ਇਹ ਹੋਇਆ ਕਿ ਪ੍ਰਦਰਸ਼ਨਕਾਰੀ ਸਿੱਖਾਂ ਦੀ ਗਿਣਤੀ ਅਤੇ ਮਨੋਬਲ, ਦੋਹਾਂ ਵਿੱਚ ਕਮੀ ਆਈ, ਜਿਸਦਾ ਲਾਭ ਚੁੱਕਦਿਆਂ ਪੁਲਿਸ ਨੇ ਪਹਿਲਾਂ ਤਾ ਲਾਠੀ ਚਾਰਜ ਕਰਕੇ ਸਿੱਖ ਨੌਜੁਆਨਾਂ ਅਤੇ ਬਜ਼ੁਰਗਾਂ ਦੀ ਕੁੱਟਮਾਰ ਕੀਤੀ ਅਤੇ ਫਿਰ ਉਨ੍ਹਾਂ ਖਿਲਾਫ਼ ਮੁਕੱਦਮੇ ਦਰਜ ਕਰ ਦਿੱਤੇ।

ਸੌਦਾ ਸਾਧ ਨਾਲ ਟਕਰਾਅ ਦੇ ਘਟਨਾ-ਕ੍ਰਮ ਤੋਂ ਇਹ ਵੀ ਸਾਬਿਤ ਹੋ ਗਿਆ ਕਿ ਸਿੱਖਾਂ ਨੂੰ ਆਪਣੇ ਦੁਸ਼ਮਣ ਨੂੰ ਪਛਾਣਨ ਦੀ ਜਾਚ ਹਾਲਾਂ ਤੱਕ ਨਹੀਂ ਆਈ। ਭਾਈ ਬਲਕਾਰ ਸਿੰਘ ਨੂੰ ਸ਼ਹੀਦ ਕਰਨ ਵਾਲੇ ਗੁੰਡੇ ਸੌਦਾ ਸਾਧ ਦੇ ਚੇਲੇ ਸਨ, ਤਾਂ ਚਾਹੀਦਾ ਇਹ ਸੀ ਕਿ ਮੁੰਬਈ ਵਿੱਚ ਸੌਦਾ ਸਾਧ ਦੇ ਡੇਰੇ ਦੇ ਪ੍ਰਬੰਧਕਾਂ ਜਾਂ ਹੋਰ ਕੱਟੜ ਚੇਲਿਆਂ ਦੀ ਚੰਗੀ ਛਿੱਤਰ-ਪਰੇਡ ਕੀਤੀ ਜਾਂਦੀ ਅਤੇ ਜੇਕਰ ਸੰਭਵ ਹੁੰਦਾ ਤਾਂ ਉਸਦੇ ਡੇਰੇ ਦੀ ਵੀ ਭੰਨ-ਤੋੜ ਕੀਤੀ ਜਾਂਦੀ। ਪਰ ਇਸਦੀ ਬਜਾਏ ਸਿੱਖਾਂ ਨੇ ਬੱਸਾਂ-ਟ੍ਰੇਨਾਂ ਰੋਕ ਕੇ ਮੁੰਬਈ ਦੇ ਆਮ ਲੋਕਾਂ (ਜਿਨ੍ਹਾਂ ਨੂੰ ਸਿੱਖਾਂ ਤੇ ਸੌਦਾ ਸਾਧ ਵਿਚਲੇ ਵਿਵਾਦ ਦੀ ਜੜ੍ਹ ਬਾਰੇ ਸ਼ਾਇਦ ਹੀ ਕੋਈ ਜਾਣਕਾਰੀ ਹੋਵੇ) ਨੂੰ ਪਰੇਸ਼ਾਨ ਕੀਤਾ ਅਤੇ ਉਨ੍ਹਾਂ ਦੀ ਹਮਦਰਦੀ ਵੀ ਗਵਾ ਲਈ। ਇਹੀ ਨਹੀਂ, ਸਿੱਖਾਂ ਦੀ ਇਸ ਹੁੱਲੜਬਾਜ਼ੀ ਤੋਂ ਘਬਰਾਏ ਹੋਏ ਲੋਕਾਂ ਦੀ ਹਮਦਰਦੀ ਜਿੱਤਣ ਅਤੇ ਆਪਣੇ ਭਤੀਜੇ ਰਾਜ ਠਾਕਰੇ ਵੱਲੋਂ ਮੁੰਬਈ ਦੇ ਬਿਹਾਰੀਆਂ ਨੂੰ ਤੰਗ-ਪਰੇਸ਼ਾਨ ਕਰਕੇ ਮਰਾਠੀ ਜਨਤਾ ਵਿੱਚ ਬਣਾਈ ਗਈ ਸਾਖ ਦਾ ਟਾਕਰਾ ਕਰਨ ਲਈ, ਮਹਾਂਰਾਸ਼ਟਰ ਦੇ ਹੰਢੇ ਹੋਏ ਗੁੰਡੇ ਬਾਲ ਠਾਕਰੇ ਨੇ ਵੀ ਸਾਫ਼ ਲਫ਼ਜ਼ਾਂ ਵਿੱਚ ਸਿੱਖਾਂ ਨੂੰ ਧਮਕੀ ਦੇ ਦਿੱਤੀ ਕਿ ਜੇਕਰ ਉਨ੍ਹਾਂ ਨੇ ਮੁੜ ਤੋਂ ਕ੍ਰਿਪਾਨਾਂ ਲਹਿਰਾਈਆਂ ਅਤੇ ਇਸੇ ਢੰਗ ਨਾਲ ਵਿਰੋਧ-ਪ੍ਰਦਰਸ਼ਨ ਜਾਰੀ ਰੱਖੇ ਤਾਂ ਉਨ੍ਹਾਂ ਨੂੰ ਪਛਤਾਣਾ ਪੈ ਸਕਦਾ ਹੈ। (ਆਪਣੀ ਅਸਲ ਸਮਾਜਕ ਸਥਿਤੀ ਤੋਂ ਜਾਣੂ ਮੁੰਬਈ ਦੇ ਸਿੱਖ ਠਾਕਰੇ ਦੇ ਇਸ ਬਿਆਨ ਦਾ ਵਿਰੋਧ ਕਰਨ ਦੀ ਹਿੰਮਤ ਨਾ ਕਰ ਸਕੇ ਬਲਕਿ ਇਕ ਗੁੱਟ ਨੇ ਆਪਣੀ ‘ਗਲਤੀ’ ਲਈ ਮੁਆਫੀ ਵੀ ਮੰਗ ਲਈ, ਜਿਸ ਨਾਲ ਸਿੱਖਾਂ ਦੇ ਅਕਸ ’ਤੇ ਨਾਂਹ-ਪੱਖੀ ਅਸਰ ਹੀ ਹੋਇਆ।)

ਸੌਦਾ ਸਾਧ ਵੱਲੋਂ ਗੁੰਡਾਗਰਦੀ ਦੀ ਘਟਨਾ ਇਕ ਕਿਸਮ ਨਾਲ ਅਪ੍ਰੈਲ 1978 ਦੇ ਨਿਰੰਕਾਰੀ ਕਾਂਡ ਦਾ ਹੀ ਦੁਹਰਾਅ ਸੀ, ਜਿਸ ਵਿੱਚ ਨਕਲੀ ਨਿਰੰਕਾਰੀਆਂ ਨੇ ਅੰਮ੍ਰਿਤਸਰ ਵਿਖੇ 13 ਨਿਰਦੋਸ਼ ਸਿੱਖਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ। ਫਰਕ ਸਿਰਫ਼ ਏਨਾ ਰਿਹਾ ਕਿ ਜਿੱਥੇ ਪੰਜਾਬ ਵਿੱਚ ਵਾਪਰੀ ਘਟਨਾ ਦੌਰਾਨ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਿਰੰਕਾਰੀ ਮੁਖੀ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ, ਉਸਨੂੰ ਸਰਕਾਰੀ ਗੱਡੀ ਵਿੱਚ ਬਿਠਾ ਕੇ ਪੰਜਾਬ ਤੋਂ ਬਾਹਰ ਭੇਜ ਦਿੱਤਾ ਸੀ, ਉੱਥੇ ਮਹਾਂਰਾਸ਼ਟਰ ਦੀ ਸਰਕਾਰ ਨੇ ਘੱਟੋ-ਘੱਟ ਸਾਧ ਦੇ ਦੋਸ਼ੀ ਬਾਡੀਗਾਰਡਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਸਾਧ ਨੂੰ ਸਰਕਾਰੀ ਸਵਾਰੀਆਂ ਵਿੱਚ ਭਜਾਉਣ ਦੀ ਬਜਾਏ, ਨਿਜੀ ਵਾਹਨਾਂ ਰਾਹੀਂ ਮੁੰਬਈ ਅਤੇ ਮਹਾਂਰਾਸ਼ਟਰ ਤੋਂ ਖਿਸਕਣ ਦਿੱਤਾ। (ਬਹੁਤ ਸੰਭਾਵਨਾ ਹੈ ਕਿ ਮੁੰਬਈ ਸਰਕਾਰ ਨੇ ਸਾਧ ਪ੍ਰਤੀ ਇਹ ਨਰਮ ਰਵੱਈਆ ਵੀ ਪ੍ਰਕਾਸ਼ ਸਿੰਘ ਬਾਦਲ ਦੇ ਕਹਿਣ ’ਤੇ ਹੀ ਅਪਣਾਇਆ ਹੋਵੇ, ਜਿਸਨੇ ਗੋਲੀਬਾਰੀ ਦੀ ਘਟਨਾ ਵਾਪਰਨ ਵਾਲੇ ਦਿਨ ਹੀ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਨਾਲ ਫੋਨ ’ਤੇ ਕਥਿਤ ‘ਵਿਚਾਰ-ਵਟਾਂਦਰਾ’ ਕੀਤਾ ਸੀ।)

ਸਿੱਖਾਂ ਵੱਲੋਂ ਸੌਦਾ ਸਾਧ ਵਿਰੁੱਧ ਰੋਹ-ਪ੍ਰਦਰਸ਼ਨਾਂ ਦੌਰਾਨ ਸਭ ਤੋਂ ਵੱਧ ਪ੍ਰਤੱਖ ਤੱਥ, ਜਿਸਨੂੰ ਇਸ ਵਾਰ ਹਰ ਸਾਧਾਰਨ ਤੋਂ ਸਧਾਰਨ ਸਿੱਖ ਨੇ ਵੀ ਅਸਾਨੀ ਨਾਲ ਮਹਿਸੂਸ ਕੀਤਾ, ਭਾਰਤੀ ਮੀਡੀਆ ਦੀ ਫਿਰਕਾਪ੍ਰਸਤੀ, ਇਕ-ਪਾਸੜ ਜਾਣਕਾਰੀ ਤੇ ਸਿੱਖਾਂ ਨੂੰ ਬਦਨਾਮ ਕਰਨ ਲਈ ਹਰ ਘਟਨਾ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਦੀ ਨੀਤੀ ਸੀ। ਮੁੰਬਈ ਦੇ ਸਿੱਖਾਂ ਵੱਲੋਂ ਰੋਹ-ਪ੍ਰਦਰਸ਼ਨ ਦੌਰਾਨ ਟੀ.ਵੀ. ਚੈਨਲਾਂ ਨੇ ਬਹੁਤ ਹੀ ਭੜਕਾਊ ਅਤੇ ਖੌਫ ਪੈਦਾ ਕਰਨ ਵਾਲੀ ਸ਼ਬਦਾਵਲੀ ਵਰਤ ਕੇ ਲੋਕਾਂ ਵਿੱਚ ਸਿੱਖਾਂ ਪ੍ਰਤੀ ਨਫ਼ਰਤ ਪੈਦਾ ਕਰ ਦਿੱਤੀ। ‘ਸਟਾਰ ਨਿਊਜ਼’ ਉੱਤੇ ਖ਼ਬਰਾਂ ਦੌਰਾਨ ਇੱਥੋਂ ਤੱਕ ਦਾਅਵਾ ਕੀਤਾ ਗਿਆ ਕਿ ‘‘ਸਿੱਖੋਂ ਨੇ ਲੋਕਲ ਟ੍ਰੇਨੋਂ ਕੋ ਰੋਕ ਦੀਆ ਹੈ ਔਰ ਲੋਕ ਆਪਣਾ ਸਮਾਨ ਛੋੜਕਰ, ਅਪਣੀ ਜਾਨੇਂ ਬਚਾਨੇ ਕੇ ਲੀਏ ਭਾਗ ਰਹੇ ਹੈਂ।’’ ਲਗਭਗ ਹਰ ਚੈਨਲ ਨੇ ਸੌਦਾ ਸਾਧ ਨਾਲ ਟਕਰਾਅ ਬਦਲੇ ਆਮ ਲੋਕਾਂ ਨੂੰ ਪਰੇਸ਼ਾਨ ਕਰਨ ਲਈ ਸਿੱਖਾਂ ਦੀ ਰੱਜ ਕੇ ਆਲੋਚਨਾ ਕੀਤੀ। (ਸਿੱਖਾਂ ਦੇ ਪ੍ਰਦਰਸ਼ਨਾਂ ਦੌਰਾਨ ਕਿਸੇ ਵੀ ਵਿਅਕਤੀ ਨੂੰ ਜਾਨੀ-ਮਾਲੀ ਨੁਕਸਾਨ ਨਹੀਂ ਪਹੁੰਚਾਇਆ ਗਿਆ, ਫਿਰ ਵੀ ਇਸਨੂੰ ‘‘ਮੁੰਬਈ ਵਿੱਚ ਸਿੱਖਾਂ ਵੱਲੋਂ ਦੰਗੇ’’ ਦਾ ਨਾਮ ਦਿੱਤਾ ਗਿਆ। ਇਸਦੇ ਉਲਟ, ਰਾਜਸਥਾਨ ਦੇ ਗੁੱਜਰ, ਜਿਨ੍ਹਾਂ ਨੇ ਐਸ.ਟੀ. ਦਾ ਰੁਤਬਾ ਹਾਸਲ ਕਰਨ ਲਈ ਅਤਿ ਹਿੰਸਕ ਢੰਗ ਨਾਲ ਵਿਰੋਧ ਪ੍ਰਦਰਸ਼ਨ ਕੀਤੇ, ਜਿਨ੍ਹਾਂ ਵਿੱਚ 43 ਵਿਅਕਤੀ ਮਾਰੇ ਗਏ, ਦੇਸ਼ ਦਾ 50 ਅਰਬ ਰੁਪਏ ਦਾ ਨੁਕਸਾਨ ਹੋਇਆ ਅਤੇ ਡੇਢ ਮਹੀਨੇ ਤੱਕ ਦਿੱਲੀ-ਮੁੰਬਈ ਰੇਲਵੇ-ਲਾਈਨ ਲਗਭਗ ਬੰਦ ਰਹੀ, ਨੂੰ ‘ਗੁੱਜਰ ਆਂਦੋਲਨ’ ਦਾ ਨਾਮ ਦਿੱਤਾ ਗਿਆ। ਇਸ ਕਥਿਤ ਆਂਦੋਲਨ ਦੀ ਕਵਰੇਜ ਦੌਰਾਨ ਕਿਸੇ ਟੀ.ਵੀ. ਚੈਨਲ ਨੇ ਆਮ ਲੋਕਾਂ ਨੂੰ ਹੋ ਰਹੀ ਤੰਗੀ ਦੇ ਨੁਕਤੇ ’ਤੇ ਵਿਚਾਰ ਕਰਨ ਦੀ ਜ਼ਹਿਮਤ ਨਹੀਂ ਕੀਤੀ।)

ਸਿੱਖਾਂ ਦੇ ਮਸਲਿਆਂ ਵਿੱਚ ਭਾਰਤੀ ਮੀਡੀਆ ਦੀ ਫਿਰਕਾਪ੍ਰਸਤੀ ਦੀ ਇਕ ਛੋਟੀ ਜਿਹੀ ਮਿਸਾਲ

ਵੈਸੇ ਇਸ ਵਿੱਚ ਟੀ.ਵੀ. ਚੈਨਲਾਂ ਦਾ ਕਸੂਰ ਨਹੀਂ ਬਲਕਿ ਉੱਥੇ ਕਾਬਿਜ਼ ਫਿਰਕਾਪ੍ਰਸਤ ਬ੍ਰਾਹਮਣਵਾਦੀਆਂ ਦੀ ਮੱਕਾਰ ਮਾਨਸਿਕਤਾ ਹੀ ਅਸਲ ਦੋਸ਼ੀ ਹੈ। ਬਲਕਿ ਸੱਚ ਤਾਂ ਇਹ ਹੈ ਕਿ ਆਪਣਾ ਸਹੀ ਪੱਖ ਪੇਸ਼ ਨਾ ਕਰ ਪਾਉਣ ਲਈ ਸਿੱਖ ਖ਼ੁਦ ਹੀ ਆਪਣੇ-ਆਪ ਦੇ ਸਭ ਤੋਂ ਵੱਡੇ ਦੁਸ਼ਮਣ ਹਨ। ਸਿੱਖਾਂ ਨੇ ਜਿੰਨਾ ਪੈਸਾ ਅਖੌਤੀ ਜਾਗ੍ਰਿਤੀ ਯਾਤਰਾ ਦੇ ਸਵਾਗਤਾਂ ’ਤੇ ਰੋੜ੍ਹਿਆ ਹੈ (ਅਤੇ ਹਾਲਾਂ ਵੀ ਰੋੜ੍ਹੀ ਜਾ ਰਹੇ ਹਨ), ਓਨੇ ਪੈਸੇ ਵਿੱਚ ਬਹੁਤ ਉੱਚ-ਸਤਰ ਦੇ ਪੰਜ ਟੀ.ਵੀ. ਚੈਨਲ ਅਰੰਭੇ ਜਾ ਸਕਦੇ ਸਨ। ਪਰ ਕੋਈ ਅਕਲ ਦਾ ਕੰਮ ਨਾ ਕਰਨ ਅਤੇ ਆਪਣੀਆਂ ਗਲਤੀਆਂ ਤੋਂ ਸਬਕ ਨਾ ਲੈਣ ਕਾਰਨ, ਮੌਜੂਦਾ ਘਟਨਾ-ਕ੍ਰਮ ਦੌਰਾਨ ਵੀ ਸਿੱਖਾਂ ਨੇ ਸਿਵਾਏ ਬਦਨਾਮੀ ਖੱਟਣ ਅਤੇ ਆਪਣੇ ਹੀ ਬੰਦੇ ਮਰਵਾਉਣ ਤੇ ਕੁਟਵਾਉਣ ਦੇ ਇਲਾਵਾ ਕੁਝ ਹਾਸਲ ਨਹੀਂ ਕੀਤਾ।

ਬਾਲ ਠਾਕਰੇ ਵੱਲੋਂ ਸਿੱਖਾਂ ਨੂੰ ਦਿੱਤੀ ਗਈ ਧਮਕੀ ਬਾਰੇ ਇਕ ਅਖ਼ਬਾਰ ਵਿੱਚ ਪ੍ਰਕਾਸ਼ਿਤ ਖ਼ਬਰ

ਹਾਲਾਂ ਵੀ ਸਮਾਂ ਹੈ। ਜੇਕਰ ਸਿੱਖ ‘‘ਅਗੋ ਦੇ ਜੇ ਚੇਤੀਐ ਤਾ ਕਾਇਤੁ ਮਿਲੈ ਸਜਾਇ।।’’ ਦੇ ਪਵਿੱਤਰ ਵਾਕ ਤੋਂ ਸੇਧ ਲੈ ਕੇ ਆਪਣੇ ਕੌਮੀ ਮਸਲਿਆਂ ਨੂੰ ਗੰਭੀਰਤਾ ਅਤੇ ਦੂਰ-ਅੰਦੇਸ਼ੀ ਨਾਲ ਅਤੇ ਗੱਦਾਰ ਲੀਡਰਾਂ ਦੀ ਅਗਵਾਈ ਕਬੂਲੇ ਬਗੈਰ ਨਜਿੱਠਣ ਦੀ ਨੀਤੀ ਅਪਣਾਉਣ, ਤਾਂ ਹੀ ਕੌਮ ਦਾ ਕੁਝ ਸੰਵਰ ਸਕਦਾ ਹੈ। ਸੜਕਾਂ ’ਤੇ ਕ੍ਰਿਪਾਨਾਂ-ਗੰਡਾਸੇ ਲਹਿਰਾਉਣ ਜਾਂ ਟ੍ਰੇਨਾਂ ਰੋਕਣ ਨਾਲ ਕੋਈ ਪ੍ਰਾਪਤੀ ਨਹੀਂ ਹੋ ਸਕਦੀ।

sikhs, dera sacha sauda, gurmeet, ram rahim, sirsa, mumbai, mulund, shopping, mall, firing, fired, martyr, balkar singh, protests, trains, buses, shiv sena, swords, kirpans, media, hype, riots, violence