Subscription About Us Contact Us


ਪੰਥ-ਪ੍ਰਸਤੀ ਬਨਾਮ ਦੇਸ਼-ਪ੍ਰਸਤੀ

- ਦਲਬੀਰ ਸਿੰਘ ਪੱਤਰਕਾਰ -

1947 ਵਿੱਚ ਜਦ ਸਿੱਖਾਂ ਨੇ ਆਪਣੀ ਹੋਣੀ ਨੂੰ ਭਾਰਤ ਨਾਲ ਨੱਥੀ ਕਰਨ ਦਾ ਸਵੈ-ਇੱਛਕ ਫੈਸਲਾ ਲੈ ਲਿਆ ਸੀ ਤਾਂ ਇਸਦੇ ਨਾਲ ਹੀ ਉਨ੍ਹਾਂ ਦੇ ਸਾਹਮਣੇ ਇਕ ਵੱਡੀ ਵਿਚਾਰਧਾਰਕ ਤੇ ਮਨੋਵਿਗਿਆਨਕ ਗੁੰਝਲ ਖੜੀ ਹੋ ਗਈ ਸੀ। ਉਨ੍ਹਾਂ ਉੱਤੇ ਇਕ ਪਾਸੇ ਭਾਰਤੀ ਰਾਜ ਦੀਆਂ ਸੰਸਥਾਵਾਂ ਨਾਲ ਪ੍ਰਤੀਬੱਧਤਾ ਪ੍ਰਗਟਾਉਣ ਅਤੇ ਦੂਜੇ ਪਾਸੇ ਆਪਣੀਆਂ ਵਿਲੱਖਣ ਧਾਰਮਕ ਤੇ ਸਭਿਆਚਾਰਕ ਪਰੰਪਰਾਵਾਂ ਨਾਲ ਵਫਾ ਪਾਲਣ ਦਾ ਅੰਤਰ-ਵਿਰੋਧੀ ਦਬਾਅ ਪੈਣ ਲੱਗਾ। ਮਿਸਾਲ ਵਜੋਂ, ਸਿੱਖ ਜਦ ਹਰ ਰੋਜ਼ ਸਵੇਰੇ-ਸ਼ਾਮ ਆਪਣੇ ਗੁਰੂ ਦੇ ਸਨਮੁਖ ਖੜੇ ਹੋ ਕੇ ਸਮੂਹਕ ਰੂਪ ਵਿੱਚ ਅਰਦਾਸਾਂ ਪੜ੍ਹਦੇ ਹਨ, ਤਾਂ ਇਸ ਨਾਲ ਉਨ੍ਹਾਂ ਅੰਦਰ ਕੌਮੀਅਤ ਦਾ ਅਹਿਸਾਸ ਮੁੜ ਤਰੋ-ਤਾਜ਼ਾ ਹੋ ਜਾਂਦਾ ਹੈ। ਸਿੱਖ ਅਰਦਾਸ ਦੀ ਵਿਸ਼ੇਸ਼ਤਾ ਦਰਸਾਉਂਦੇ ਹੋਏ ਜਸਵੰਤ ਸਿੰਘ ਨੇਕੀ ਲਿਖਦੇ ਹਨ : ‘‘ਅਰਦਾਸ ਭਾਵੇਂ ਸਭਨਾਂ ਧਰਮਾਂ ਦਾ ਪ੍ਰਮੁੱਖ ਅੰਗ ਹੈ ਪਰ ਸਿੱਖ ਧਰਮ ਵਿੱਚ ਇਸਨੂੰ ਇਕ ਵਿਸ਼ੇਸ਼ ਸੰਸਥਾ ਦਾ ਸਥਾਨ ਪ੍ਰਾਪਤ ਹੈ। ਸਿੱਖ ਅਰਦਾਸ ਇਸ਼ਟ ਦਾ ਮੰਗਲ ਵੀ ਹੈ ਤੇ ਹਰ ਸਿੱਖ ਲਈ ਨਿਰੰਕਾਰ ਨਾਲ ਜੁੜਨ ਦਾ ਸਾਧਨ ਵੀ।’’ ਸਿੱਖਾਂ ਦੀ ਅਰਦਾਸ ਉਨ੍ਹਾਂ ਦੀ ਗੌਰਵਤਾ ਦਾ ਜੀਉਂਦਾ-ਜਾਗਦਾ ਸਮਾਰਕ-ਚਿੰਨ੍ਹ ਹੈ, ਜਿਸ ਅੰਦਰ ਉਨ੍ਹਾਂ ਦੇ ਪੁਰਾਤਨ ਅਤੇ ਵਰਤਮਾਨ ਇਤਿਹਾਸ ਨੂੰ, ਉਨ੍ਹਾਂ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ, ਇਤਿਹਾਸ ਅੰਦਰ ਝੱਲੇ ਗਏ ਦਸੌਂਟਿਆਂ, ਹਾਸਲ ਕੀਤੀਆਂ ਜਿੱਤਾਂ, ਸ਼ਾਨਾਂ ਤੇ ਪ੍ਰਾਪਤੀਆਂ ਨੂੰ ਵਿਸਥਾਰ ਨਾਲ ਚਿਤਾਰਿਆ ਜਾਂਦਾ ਹੈ। ਸਿੱਖ ਹਰ ਰੋਜ਼ ਉਨ੍ਹਾਂ ਮਰਜੀਵੜਿਆਂ ਨੂੰ ਪੂਰੀ ਸ਼ਿੱਦਤ ਤੇ ਸ਼ਰਧਾ ਨਾਲ ਯਾਦ ਕਰਦੇ ਹਨ, ਜਿਨ੍ਹਾਂ ਨੇ ਪੰਥ ਦੀ ਚੜ੍ਹਦੀ ਕਲਾ ਲਈ ‘‘ਧਰਮ ਹੇਤ ਸੀਸ ਦਿੱਤੇ, ਬੰਦ-ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ’ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ।’’

ਸਿੱਖ ਜਦੋਂ ਆਪਣੇ ਵਡੇਰਿਆਂ ਦੇ ਕਾਰਨਾਮਿਆਂ ਨੂੰ ਧਿਆਨ ਵਿੱਚ ਲਿਆਉਂਦੇ ਹਨ ਤਾਂ ਉਹ ਆਪਣੀ ਵਰਤਮਾਨ ਦਸ਼ਾ ਬਾਰੇ ਸੋਚਣ ਲਈ ਮਜਬੂਰ ਹੋ ਜਾਂਦੇ ਹਨ। ਅਤੀਤ ਵਿੱਚ ਮਾਣੀਆਂ ਹੋਈਆਂ ਸ਼ਾਨਾਂ ਉਨ੍ਹਾਂ ਨੂੰ ਵਰਤਮਾਨ ਵਿੱਚ ਨਿਹੋਰਾ ਮਾਰਦੀਆਂ ਪ੍ਰਤੀਤ ਹੋਣ ਲੱਗਦੀਆਂ ਹਨ। ਜਦੋਂ ਉਹ ਅਕਾਲ ਪੁਰਖ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਦੇ ਹਨ ਕਿ ‘‘ਪੰਥ ਦੀ ਜੀਤ..., ਖ਼ਾਲਸਾ ਜੀ ਕੇ ਬੋਲ-ਬਾਲੇ..., ਚੌਂਕੀਆਂ, ਝੰਡੇ, ਬੁੰਗੇ ਜੁਗੋ-ਜੁਗ ਅਟੱਲ, ਧਰਮ ਕਾ ਜੈਕਾਰ’’ ਅਤੇ ਅਖੀਰ ਵਿੱਚ ਜਦ ਉਹ ਆਪਣਾ ਇਹ ਨਿਸਚਾ ਦ੍ਰਿੜ੍ਹਾਉਂਦੇ ਹਨ ਕਿ ‘‘ਰਾਜ ਕਰੇਗਾ ਖ਼ਾਲਸਾ, ਆਕੀ ਰਹੇ ਨ ਕੋਇਗ਼ ਖ਼ੁਆਰ ਹੋਏ ਸਭ ਮਿਲਹਿੰਗੇ ਬਚੇ ਸ਼ਰਨ ਜੋ ਹੋਇਗ਼’’ ਤਾਂ ਉਨ੍ਹਾਂ ਦੇ ਹਿਰਦਿਆਂ ਅੰਦਰ ਸਵੈ-ਸਿੱਧ ਹੀ ਖ਼ਾਲਸਾ ਰਾਜ ਦੀ ਬਹਾਲੀ ਦਾ ਖ਼ਿਆਲ ਅਤੇ ਜਜ਼ਬਾ ਅੰਗੜਾਈ ਲੈ ਉੱਠਦਾ ਹੈ। ਇਸ ਵਜ੍ਹਾ ਕਰਕੇ ਹੀ, ਅਰਦਾਸ ਦੇ ਇਹ ਬੋਲ ਇਤਿਹਾਸ ਅੰਦਰ ਹਰ ਉਸ ਹੁਕਮਰਾਨ ਵਰਗ ਦੇ ਦਿਲਾਂ ਅੰਦਰ ਹੌਲ ਉਪਜਾਉਂਦੇ ਰਹੇ ਹਨ, ਜਿਸ ਨੇ ਸਿੱਖ ਕੌਮ ਨੂੰ ਦੁਬੇਲ ਬਣਾ ਕੇ ਰੱਖਣ ਦੀ ਸਾਮਰਾਜੀ ਖਾਹਸ਼ ਪ੍ਰਗਟਾਈ। ਖ਼ਾਲਸਾ ਰਾਜ ਦੇ ਖ਼ਾਤਮੇ ਤੋਂ ਬਾਅਦ ਬਰਤਾਨਵੀ ਹਾਕਮਾਂ ਵੱਲੋਂ ਗੁਰਧਾਮਾਂ ਅੰਦਰ ‘ਰਾਜ ਕਰੇਗਾ ਖ਼ਾਲਸਾ’ ਦਾ ਦੋਹਰਾ ਪੜ੍ਹਨ ਉੱਤੇ ਮਨਾਹੀ ਲਾ ਦਿੱਤੀ ਗਈ ਸੀ। 1947 ਤੋਂ ਬਾਅਦ ਹਿੰਦੂ ਹਾਕਮਾਂ ਨੇ ਭਾਵੇਂ ਅਜਿਹੀ ਮਨਾਹੀ ਲਾਉਣ ਦੇ ਸਿੱਧੇ ਯਤਨ ਤਾਂ ਘੱਟ ਕੀਤੇ, ਪਰੰਤੂ ਉਹ ਸਮੇਂ-ਸਮੇਂ ਇਸ ਉੱਤੇ ਆਪਣੀ ਨਾਖੁਸ਼ੀ ਜ਼ਰੂਰ ਪ੍ਰਗਟ ਕਰਦੇ ਰਹੇ।

ਖ਼ਾਸ ਕਰਕੇ ਜਦੋਂ ਵੀ ਉਨ੍ਹਾਂ ਨੂੰ ਸਿੱਖ ਜਗਤ ਅੰਦਰ ਰਾਜਸੀ ਆਕਾਂਖਿਆਵਾਂ ਦੇ ਜਾਗ ਪੈਣ ਦਾ ਕੋਈ ਹਕੀਕੀ ਜਾਂ ਮਨੋਕਲਪਿਤ ਖ਼ਤਰਾ ਦਿਖਾਈ ਦਿੱਤਾ ਤਾਂ ਉਨ੍ਹਾਂ ਨੇ ‘ਰਾਜ ਕਰੇਗਾ ਖ਼ਾਲਸਾ’ ਦੀ ਧਾਰਨਾ ਦੇ ਵਿਰੁੱਧ ਦੇਸ਼ ਅੰਦਰ ਜ਼ਹਿਰੀਲੀ ਵਾਤਾਵਰਣ ਪੈਦਾ ਕਰਨ ਦੀਆਂ ਵਿਆਪਕ ਕੋਸ਼ਿਸ਼ਾਂ ਕੀਤੀਆਂ। ਪੰਜਾਬੀ ਸੂਬੇ ਦੇ ਅੰਦੋਲਨ ਤੋਂ ਸ਼ੁਰੂ ਕਰਕੇ ‘ਧਰਮ ਯੁੱਧ’ ਮੋਰਚੇ ਤੱਕ, ਸਰਕਾਰੀ ਅਤੇ ਗੈਰ-ਸਰਕਾਰੀ ਪੱਧਰ ’ਤੇ, ਇਸ ਦੋਹਰੇ ਨੂੰ ਲੈ ਕੇ ਸਿੱਖਾਂ ਉੱਤੇ ਲਗਾਤਾਰ ਰਾਜਨੀਤਕ ਗੋਲਾਬਾਰੀ ਕੀਤੀ ਜਾਂਦੀ ਰਹੀ। 1982 ਵਿੱਚ ਅਰੁਣ ਸ਼ੌਰੀ ਨੇ ਆਪਣੀ ਜਮਾਂਦਰੂ ਫਿਤਰਤ ਤੇ ਰੁਚੀ ਮੁਤਾਬਿਕ, ਇਸ ਮਸਲੇ ’ਤੇ ਘਿਨਾਉਣਾ ਹਮਲਾਵਰ ਰੁਖ਼ ਅਖ਼ਤਿਆਰ ਕਰਦੇ ਹੋਈ ਕਈ ਭੜਕਾਊ ਲੇਖ ਲਿਖੇ। ਦਿੱਲੀ ਤੋਂ ਉਰਦੂ ਵਿੱਚ ਛਪਦੇ ਇਕ ਰੋਜ਼ਾਨਾ ਅਖ਼ਬਾਰ ਦੇ ਇਕ ਹਿੰਦੂ ਕੱਟੜਪੰਥੀ ਸੰਪਾਦਕ (ਜੈ ਪ੍ਰਕਾਸ਼) ਨੇ ਤਾਂ ਹੱਦ ਹੀ ਮੁਕਾ ਦਿੱਤੀ ਸੀ। 7 ਦਸੰਬਰ 1985 ਨੂੰ ਲਿਖੇ ਆਪਣੇ ਇਕ ਸੰਪਾਦਕੀ ਵਿੱਚ ਉਹ ਗੁਰਦੁਆਰਿਆਂ ਅੰਦਰ ‘ਰਾਜ ਕਰੇਗਾ ਖ਼ਾਲਸਾ’ ਦੇ ਦੋਹਰੇ ਉਚਾਰਨ ਕਰਨ ਦੇ ਦੋਸ਼ ਬਦਲੇ ਸਿੱਖਾਂ ਨੂੰ ਥੋਕ ਰੂਭ ਵਿੱਚ ‘ਦੇਸ਼ ਦੇ ਦੁਸ਼ਮਣ’ ਗਰਦਾਨਣ ਤੱਕ ਚਲਾ ਗਿਆ ਸੀ। ਇਸ ਦੋਸ਼ ਲਈ ਉਸਨੇ ਸਿੱਖਾਂ ਵਾਸਤੇ ਜੋ ਸਜ਼ਾ ਸੁਝਾਈ, ਉਹ ਇਸ ਤਰ੍ਹਾਂ ਸੀ : ‘‘ਰਿਵਾਜਨ ਦੇਸ਼ ਦੇ ਦੁਸ਼ਮਣਾਂ ਨੂੰ ਤੋਪਾਂ ਦੇ ਅੱਗੇ ਖੜੇ ਕਰਕੇ ਉਡਾ ਦਿੱਤਾ ਜਾਂਦਾ ਹੈ; ਉਨ੍ਹਾਂ ਦੇ ਸਿਰ ਕਲਮ ਕਰ ਦਿੱਤੇ ਜਾਂਦੇ ਹਨ; ਉਨ੍ਹਾਂ ਦਾ ਨਾਮੋ-ਨਿਸ਼ਾਨ ਖ਼ਤਮ ਕਰ ਦਿੱਤਾ ਜਾਂਦਾ ਹੈ... ਪਰ ਭਾਰਤ ਅੰਦਰ ਅਸੀਂ ਕਿੰਨੇ ਸਾਲਾਂ ਤੋਂ ‘ਰਾਜ ਕਰੇਗਾ ਖ਼ਾਲਸਾ’ ਦੀ ਬਕ-ਬਕ ਸੁਣਦੇ ਆ ਰਹੇ ਹਾਂ। ਉਨ੍ਹਾਂ ਦੇ ਸਿਰ ਤਾਂ ਕੀ ਕੱਟਣ ਸੀ, ਅਸੀਂ ਤਾਂ ਉਨ੍ਹਾਂ ਦੀਆਂ ਜੀਭਾਂ ਵੀ ਨਹੀਂ ਕੱਟ ਸਕੇ ਤਾਂ ਜੋ ਉਨ੍ਹਾਂ ਨੂੰ ਅਜਿਹੀ ਬਕਵਾਸ ਕਰਨ ਦੇ ਮੁਕੰਮਲ ਅਸਮਰਥ ਬਣਾ ਦਿੱਤਾ ਜਾਵੇ।’’

ਭਾਵੇਂ ਅਜਿਹੀਆਂ ਹਿੰਸਕ ਲਿਖਤਾਂ ਨੂੰ ਸਿੱਧੇ ਰੂਪ ਵਿੱਚ ਹਾਕਮ ਵਰਗ ਦੇ ਨਾਂ ਨਹੀਂ ਲਾਇਆ ਜਾ ਸਕਦਾ, ਪਰ ਜੇਕਰ ਹਾਕਮ ਵਰਗ ਵੱਲੋਂ ਅਜਿਹੀਆਂ ਲਿਖਤਾਂ ਨੂੰ ਲਿਖਣ ਅਤੇ ਛਾਪ ਕੇ ਵੰਡਣ ਦੀ ਖੁੱਲ੍ਹ ਤੇ ਹੱਲਾਸ਼ੇਰੀ ਦਿੱਤੀ ਜਾਂਦੀ ਹੈ, ਤਾਂ ਹਾਕਮ ਵਰਗ ਦੀ ਸਮੁੱਚੀ ਰਣਨੀਤੀ ਅੰਦਰ ਇਨ੍ਹਾਂ ਦੀ ਇਕ ਨਿਸ਼ਚਿਤ ਭੂਮਿਕਾ ਅਤੇ ਜਗ੍ਹਾ ਜ਼ਰੂਰ ਹੁੰਦੀ ਹੈ। ਘੱਟਗਿਣਤੀ ਵਰਗਾਂ ਨੂੰ ਦੁਬੇਲ ਬਣਾ ਕੇ ਰੱਖਣ ਲਈ ਬਹੁਗਿਣਤੀ ਵਰਗ ਦੁਆਰਾ ਹਕੂਮਤੀ ਤਾਕਤ ਦੀ ਵਰਤੋਂ ਕਰਨੀ ਆਮ ਜਿਹੀ ਗੱਲ ਹੈ। ਪਰ ਕੁਝ ਹਾਲਾਤਾਂ ਵਿੱਚ ਬਹੁਗਿਣਤੀ ਹਾਕਮ ਵਰਗ ਵੱਲੋਂ ਹਕੂਮਤੀ ਜਬਰ ਦੇ ਨਾਲੋ-ਨਾਲ ਘੱਟ-ਗਿਣਤੀ ਵਰਗ (ਜਾਂ ਵਰਗਾਂ) ਦੇ ਖਿਲਾਫ਼ ਸਮਾਜੀ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੀ ਸੁਚੇਤ ਰਣਨੀਤੀ ਅਪਣਾਈ ਜਾਂਦੀ ਹੈ। ਤਜ਼ਰਬੇ ’ਚੋਂ ਇਹ ਗੱਲ ਦੇਖਣ ਵਿੱਚ ਆਈ ਹੈ ਕਿ ਜ਼ਿਆਦਾ ਹਕੂਮਤੀ ਜਬਰ ਦੀ ਤੁਲਨਾ ਵਿੱਚ ਸਮਾਜੀ ਦਹਿਸ਼ਤ ਦਾ ਮੁਕਾਬਲਾ ਕਰਨਾ ਕਿਤੇ ਜ਼ਿਆਦਾ ਮੁਸ਼ਕਲ ਹੁੰਦਾ ਹੈ। ਘੱਟ-ਗਿਣਤੀ ਵਰਗ ਦੇ ਮਨਾਂ ਉੱਤੇ ਹਕੂਮਤੀ ਦਹਿਸ਼ਤ ਦੀ ਤੁਲਨਾ ਵਿੱਚ ਸਮਾਜੀ ਦਹਿਸ਼ਤ ਦਾ ਅਸਰ ਕਿਤੇ ਵੱਧ ਮਾਰੂ ਸਾਬਿਤ ਹੁੰਦਾ ਹੈ। 1947 ਵਿੱਚ ਭਾਰਤ ਦੀ ਅਜ਼ਾਦੀ ਤੋਂ ਬਾਅਦ ਸਿੱਖ ਕੌਮ ਦੀ ਬਾਹਰਮੁਖੀ ਸਥਿਤੀ ਅੰਦਰ ਜੋ ਉਘੜਵਾਂ ਨਾਂਹ-ਪੱਖੀ ਅੰਤਰ ਆਇਆ, ਉਹ ਇਹ ਹੈ ਕਿ ਜਿੱਥੇ ਅੰਗਰੇਜ਼ਾਂ ਦੀ ਸਿੱਧੀ ਗੁਲਾਮੀ ਦੇ ਰਾਜ ਅੰਦਰ ਸਿੱਖਾਂ ਨੂੰ ਨਿਰੋਲ ਹਕੂਮਤੀ ਜਬਰ ਦਾ ਸਾਹਮਣਾ ਕਰਨਾ ਪੈਂਦਾ ਸੀ, ਉੱਥੇ 1947 ਤੋਂ ਬਾਅਦ ‘ਅਜ਼ਾਦ’ ਭਾਰਤੀ ਰਾਜ ਅੰਦਰ ਉਨ੍ਹਾਂ ਨੂੰ ਤਿੱਖੇ ਸਰਕਾਰੀ ਜਬਰ ਦੇ ਨਾਲੋ-ਨਾਲ ਬਹੁਗਿਣਤੀ ਵਰਗ ਦੀ ਸਮਾਜੀ ਦਹਿਸ਼ਤ ਦੇ ਪਰਛਾਵੇਂ ਹੇਠ ਵਿਚਰਨਾ ਪੈ ਰਿਹਾ ਹੈ। ਭਾਵੇਂ ਕਿ 1947 ਤੋਂ ਪਹਿਲਾਂ ਵੀ ਸਿੱਖ ਕੌਮ ਨੂੰ ਰਾਜਨੀਤਕ ਤੇ ਮਨੋਵਿਗਿਆਨਕ ਪੱਧਰ ’ਤੇ ਇਕ ਨਿਗੂਣੀ ਘੱਟ-ਗਿਣਤੀ ਹੋਣ ਦਾ ਸੰਤਾਪ ਝੱਲਣਾ ਪੈਂਦਾ ਰਿਹਾ ਅਤੇ ਇਸਦੇ ਆਗੂ ਰਾਜਨੀਤੀ ਦੇ ਖੇਤਰ ਵਿੱਚ ਬਹੁਗਿਣਤੀ (ਹਿੰਦੂ) ਵਰਗ ਦਾ ਨਿਰੰਤਰ ਪ੍ਰਭਾਵ ਅਤੇ ਦਬਦਬਾ ਮੰਨਦੇ ਰਹੇ ਸਨ, ਪਰ 1947 ਤੋਂ ਬਾਅਦ ਬਹੁਗਿਣਤੀ ਵਰਗ ਦੀ ਹਕੂਮਤੀ ਅਤੇ ਸਮਾਜੀ ਦਹਿਸ਼ਤ ਦੇ ਸਮਨੁੱਖ ਸਿੱਖ ਆਗੂਆਂ ਤੇ ਵਿਦਵਾਨਾਂ ਲਈ ਆਪਣੀਆਂ ਰਾਜਸੀ ਭਾਵਨਾਵਾਂ ਤੇ ਆਕਾਂਖਿਆਵਾਂ ਨੂੰ ਖੁੱਲ੍ਹ ਕੇ ਪ੍ਰਗਟ ਕਰ ਸਕਣਾ ਹੋਰ ਵੀ ਦੁੱਭਰ ਹੋ ਗਿਆ। ਮਿਸਾਲ ਦੇ ਤੌਰ ’ਤੇ, 1961 ਵਿੱਚ ਜਦ ਅਕਾਲੀ ਦਲ ਦੇ ਇਕ ਪ੍ਰਮੁੱਖ ਆਗੂ ਹਰਚਰਨ ਸਿੰਘ ਹੁਡਿਆਰਾ ਨੇ ਪੰਜਾਬੀ ਸੂਬੇ ਦੀ ਹੱਕੀ ਮੰਗ ਪ੍ਰਤਿ ਹਿੰਦੂ ਹਾਕਮਾਂ ਦੇ ਨਹੱਕੇ ਰਵੱਈਏ ਪ੍ਰਤੀ ਵਿਰੁੱਧ ਔਖ ਪ੍ਰਗਟਾਉਂਦੇ ਹੋਏ, ਡਰਾਵੇ ਦੇ ਤੌਰ ’ਤੇ, ‘ਸਿੱਖ ਸਟੇਟ’ ਦੀ ਮੰਗ ਦੇ ਹੱਕ ਵਿੱਚ ਇਕ ਤੋਤਲਾ ਜਿਹਾ ਅਖ਼ਬਾਰੀ ਬਿਆਨ ਜਾਰੀ ਕਰ ਦਿੱਤਾ ਸੀ ਤਾਂ ਮਾਸਟਰ ਤਾਰਾ ਸਿੰਘ ਨੂੰ, ਜ਼ਹਿਰੀਲੇ ਹਿੰਦੂ ਪ੍ਰਤਿਕਰਮ ਦਾ

ਅੰਦੇਸ਼ਾ ਕਰਦੇ ਹੋਏ, ਤੁਰੰਤ ਇਸਦੇ ਵਿਰੁੱਧ ਇਕ ਚੀਕਵਾਂ ਬਿਆਨ ਦੇਣ ਲਈ ਮਜਬੂਰ ਹੋਣਾ ਪਿਆ ਸੀ। ਦੇਸ਼ ਦੇ ਹਿੰਦੂ ਵਰਗ ਦੀ ਤਸੱਲੀ ਕਰਵਾਉਣ ਲਈ ਉਸਨੂੰ ਕੂਕ-ਕੂਕ ਕੇ ਕਹਿਣਾ ਪਿਆ ਸੀ ਕਿ ‘‘ਮੈਂ ਕਿੰਨੀ ਵਾਰ ਕਿਹਾ ਹੈ ਕਿ ਸਾਨੂੰ ਜੇਕਰ ਸਿੱਖ ਸਟੇਟ ਦੇਣ ਦੀ ਪੇਸ਼ਕਸ਼ ਵੀ ਕੀਤੀ ਜਾਵੇ ਤਾਂ ਮੈਂ ਇਸਨੂੰ ਸਰਾਸਰ ਠੁਕਰਾ ਦੇਵਾਂਗਾ ਅਤੇ ਇਕ ਦੇਸ਼-ਭਗਤ ਹਿੰਦੁਸਤਾਨੀ ਹੋਣ ਦੇ ਨਾਤੇ ਮੈਂ ਅਜਿਹੀ ਪੇਸ਼ਕਸ਼ ਨੂੰ ਸਿੱਖਾਂ ਨਾਲ ਵਿਤਕਰੇ ਦੇ ਰੂਪ ਵਿੱਚ ਦੇਖਾਂਗਾ ਕਿਉਂਕਿ ਸਿੱਖ, ਭਾਰਤੀ ਭਾਈਚਾਰੇ ਦਾ ਉਸੇ ਤਰ੍ਹਾਂ ਹੀ ਅੰਗ ਹਨ, ਜਿਸ ਤਰ੍ਹਾਂ ਕਿ ਦੂਸਰੇ ਹੋਰ।’’

ਸਿੱਖ ਪੰਥ ਦੇ ਵਿਦਵਾਨਾਂ ਤੇ ਰਾਜਸੀ ਆਗੂਆਂ ਨੇ ਜਦੋਂ ਹੀ (ਵੀਹਵੀਂ ਸਦੀ ਦੇ ਅਰੰਭ ਵਿੱਚ) ਪੱਛਮ ਦੀ ਧਰਮ-ਨਿਰਲੇਪਤਾ ਅੱਗੇ ਗੋਡੇ ਟੇਕ ਦਿੱਤੇ ਸਨ ਅਤੇ ਆਪਣੇ ਆਪ ਨੂੰ ਵਡੇਰੀ ਭਾਰਤੀ ਪਛਾਣ ਨਾਲ ਇਕਮਿਕ ਕਰਨ ਦਾ ਸਿਧਾਂਤਕ ਰੁਖ਼ ਅਖ਼ਤਿਆਰ ਕਰ ਲਿਆ ਸੀ, ਆਪਣੀਆਂ ਕੁਝ ਵਿਲੱਖਣ ਰਵਾਇਤਾਂ ਨੂੰ ਤਿਆਗਣ ਦਾ ਅਮਲ ਉਸ ਦੇ ਨਾਲ ਹੀ ਸ਼ੁਰੂ ਹੋ ਗਿਆ ਸੀ। ਧਰਮ-ਨਿਰਲੇਪਤਾ ਦੇ ਆਧੁਨਿਕ ਸਿਧਾਂਤ ਦੀ ਪਾਲਣਾ ਕਰਨ ਅਤੇ ਆਪਣੀ ਹਸਤੀ ਨੂੰ ਵਡੇਰੀ ਭਾਰਤੀ ਪਛਾਣ ਨਾਲ ਅਭੇਦ ਕਰਨ ਲਈ ਸਿੱਖਾਂ ਨੂੰ ਆਪਣੇ ਕੁਝ ਧਾਰਮਕ ਵਿਸ਼ਵਾਸਾਂ ਤੇ ਪਰੰਪਰਾਵਾਂ ਪ੍ਰਤੀ ਆਪਣਾ ਰਵਾਇਤੀ ਦ੍ਰਿਸ਼ਟੀਕੋਣ ਤਿਆਗਣਾ ਪੈਣਾ ਸੀ। ਜਿਹੜੇ ਸਿਧਾਂਤ ਅਤੇ ਧਾਰਮਕ ਵਿਸ਼ਵਾਸ, ਰਾਜ ਦੀ ਆਧੁਨਿਕ ਸੈਕੁਲਰ ਧਾਰਨਾ ਨਾਲ ਮੇਲ ਨਹੀਂ ਖਾਂਦੇ ਅਤੇ/ਜਾਂ ਜਿਹੜੇ ਸਿੱਖ ਪਛਾਣ ਦੇ ਭਾਰਤੀ ਪਛਾਣ ਨਾਲ ਇਕ-ਮਿਕ ਹੋ ਜਾਣ ਦੇ ਅਮਲ ਦਾ, ਕਿਸੇ ਵੀ ਰੂਪ ਵਿੱਚ ਰਾਹ ਡੱਕਦੇ ਹਨ, ਉਨ੍ਹਾਂ ਨੂੰ ‘ਨਵੀਆਂ ਸਮਾਜੀ ਤੇ ਰਾਜਨੀਤਕ ਸਥਿਤੀਆਂ ਦੇ ਅਨੁਕੂਲ ਬਣਾਉਣਾ’ ਅਰਥਾਤ ਉਨ੍ਹਾਂ ਨੂੰ ਸੰਸਾਰਕ ਤੇ ਅਸੰਪਰਦਾਇਕ (ਸੈਕੁਲਰ) ਦਿੱਖ ਮੁਹੱਈਆ ਕਰਨੀ ਜ਼ਰੂਰੀ ਹੋ ਗਈ ਸੀ। ਇਸ ਸੰਦਰਭ ਵਿੱਚ ‘ਰਾਜ ਕਰੇਗਾ ਖ਼ਾਲਸਾ’ ਦਾ ਸੰਕਲਪ ਸਿੱਖ ਆਗੂਆਂ ਲਈ ਸਭ ਨਾਲੋਂ ਵੱਡਾ ਧਰਮ-ਸੰਕਟ ਖੜਾ ਕਰਦਾ ਹੈ।

ਵਜ੍ਹਾ ਇਹ ਹੈ ਕਿ ਇਕ ਤਾਂ ਵੈਸੇ ਹੀ ਰਾਜ ਦੀ ਆਧੁਨਿਕ ਸੈਕੂਲਰ ਧਾਰਨਾ ਨਾਲ ਬਰ ਨਹੀਂ ਮਿਲਦਾ; ਦੂਜਾ, ਇਹ ਸੰਯੁਕਤ ਭਾਰਤੀ ਕੌਮ ਅਤੇ ਰਾਜ ਦੇ ਹਿੰਦੂਵਾਦੀ ਸੰਕਲਪ ਨਾਲ ਸਿੱਧਾ ਟਕਰਾਅ ਵਿੱਚ ਆਉਂਦਾ ਹੈ। ਇਸ ਕਰਕੇ, ਆਧੁਨਿਕ ਰਾਜਸੀ ਯਥਾਰਥ ਦੇ ਅਨੁਕੂਲ ਬਣਾਉਣ ਲਈ ਇਸ ਦੀ ਦੋ ਤਰ੍ਹਾਂ ਨਾਲ ਵਿਆਖਿਆ ਕੀਤੀ ਜਾਣ ਲੱਗੀ। ਇਕ ਇਹ ਕਿ ‘ਰਾਜ ਕਰੇਗਾ ਖ਼ਾਲਸਾ’ ਦਾ ਅਰਥ ‘ਸਿੱਖ ਰਾਜ ਕਰਨਗੇ’ ਨਹੀਂ ਹੈ; ਇਹ ਇਕ ਆਦਰਸ਼ ਦੀ ਵਿਆਖਿਆ ਕਰਦਾ ਹੈ : ਕਿ ਸਦਾ ‘ਸ਼ੁੱਧ’ ਹੀ ਰਾਜ ਕਰਨਗੇ !! ਦੂਜਾ ਇਹ ਕਿ ਜਿਸ ਤਰ੍ਹ ਸਿੱਖ ਅਰਦਾਸ ਵਿੱਚ ਆਉਂਦੇ ਬਾਕੀ ਦੇ ਸਾਰੇ ਇਤਿਹਾਸਕ ਹਵਾਲਿਆਂ ਦਾ ਸੰਬੰਧ ਸਿੱਖਾਂ ਦੇ ਬੀਤੇ ਇਹਿਤਾਸ ਨਾਲ ਜੁੜਿਆ ਹੋਇਆ ਹੈ, ਠੀਕ ਉਸੇ ਹੀ ਤਰ੍ਹਾਂ ਇਹ ਦੋਹਰਾ ਵੀ ਮਰਗਲੇ ਮੁਗਲ ਬਾਦਸ਼ਾਹਾਂ (ਬਹਾਦਰ ਸ਼ਾਹ ਤੇ ਫ਼ਰੁਖ਼ਸੀਅਰ ਆਦਿ) ਦੇ ਜ਼ਮਾਨੇ ਦੀ ਗੱਲ ਕਰਦਾ ਹੈ ਅਤੇ ਇਸਦਾ ਸਿੱਖਾਂ ਦੀਆਂ ਅਜੋਕੀਆਂ ਰਾਜਸੀ ਉਮੰਗਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।’’

ਪ੍ਰੋ: ਹਰਿਭਜਨ ਸਿੰਘ (ਦਿੱਲੀ) ਨੇ ਇਸ ਵਿਚਾਰ ਦੀ ਪ੍ਰੋੜ੍ਹਤਾ ਇਸ ਢੰਗ ਨਾਲ ਕੀਤੀ ਹੈ : ‘‘ਖ਼ਾਲਸਾ ਰਾਜ ਦੀ ਸਥਾਪਨਾ ਦਾ ਸੰਕਲਪ ਸਿਰਫ਼ ਇਤਿਹਾਸਕ ਲਿਖਤਾਂ ਵਿੱਚੋਂ ਪ੍ਰਾਪਤ ਹੁੰਦਾ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਇਸ ਕਿਸਮ ਦਾ ਕੋਈ ਸੰਕਲਪ ਉਪਲਬਧ ਨਹੀਂ। ਗੁਰੂ ਗ੍ਰੰਥ ਸਾਹਿਬ ਵਿੱਚ ਇਕ ਆਦਰਸ਼ ਰਾਜ ਦੇ ਸੰਕਲਪ ਦੇ ਤੱਤ ਬੀਜ ਰੂਪ ਵਿੱਚ ਪਏ ਹੋਏ ਹਨ ਪਰ ਉਸਦਾ ਖ਼ਾਲਸਾ ਪੰਥ ਦੇ ਰਾਜ ਸਥਾਪਤ ਕਰਨ ਦੇ ਇਰਾਦੇ ਨਾਲ ਕੋਈ ਸਰੋਕਾਰ ਨਹੀਂ। ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਸ਼ਰੁਤੀ ਹੈ ਅਤੇ ਉਹ ਸਮੇਂ ਤੇ ਸਥਿਤੀ ਦੇ ਬੰਧਨਾਂ ਤੋਂ ਮੁਕਤ ਹੈ। ਪਰ ਸ਼ਰੁਤੀ ਦੇ ਮੰਨਣ ਵਾਲਿਆਂ ਦਾ ਆਪਣਾ ਇਤਿਹਾਸ ਤੇ ਲੋਕ-ਸਾਹਿਤ ਹੁੰਦਾ ਹੈ, ਜਿਹੜਾ ਸਮੇਂ ਤੇ ਪਰਿਸਥਿਤੀਆਂ ਦਾ ਮੁਥਾਜ ਹੁੰਦਾ ਹੈ। ਇਤਿਹਾਸ ਦੇ ਸਾਰੇ ਫੈਸਲੇ ਸਥਿਤੀ ਦੇ ਅਧੀਨ ਹੁੰਦੇ ਹਨ। ਖ਼ਾਲਸਾ ਰਾਜ ਦਾ ਸੰਕਲਪ ਵੀ ਤਤਕਾਲੀਨ ਸਥਿਤੀ ਦਾ ਪਰਿਣਾਮ ਹੈ ਅਤੇ ਇਤਿਹਾਸਕ ਲਿਖਤਾਂ ਵਿੱਚ ਉਕਰਿਆ ਇਹ ਸੰਕਲਪ ਇਤਿਹਾਸ ਦੇ ਉਸ ਦੌਰ ਦੇ ਯਥਾਰਥ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੈ।’’ ਡਾ: ਗੰਡਾ ਸਿੰਘ ਇਸੇ ਗੱਲ ਉੱਤੇ ਦੋਹਰ ਪਾਉਂਦੇ ਹੋਏ ਅਤੇ ਇਸਦੀ ਅਜੋਕੇ ਸਮਾਜੀ ਯਥਾਰਥ ਨਾਲ ਜੋੜ ਕੇ ਠੋਸ ਵਿਆਖਿਆ ਕਰਦੇ ਲਿਖਦੇ ਹਨ : ‘‘ ‘ਰਾਜ ਕਰੇਗਾ ਖ਼ਾਲਸਾ’ ਦਾ ਉੱਚਾਰਨ ਸਿੱਖਾਂ ਨੂੰ ਅਤੀਤ ਵਿੱਚ ਆਪਣੀਆਂ ਸਮਾਜਕ ਤੇ ਰਾਜਸੀ ਜ਼ਿੰਮੇਵਾਰੀਆਂ ਨਿਭਾਉਣ ਲਈ ਉਤਸ਼ਾਹ ਤੇ ਤਾਕਤ ਬਖਸ਼ਦਾ ਰਿਹਾ ਹੈ ਅਤੇ ਇਹ ਉਨ੍ਹਾਂ ਅੰਰਦ ਆਪਣੇ ਦੇਸ਼ ਦੀ ਸੇਵਾ ਕਰਨ ਲਈ ਹਮੇਸ਼ਾ ਉਮਾਹ ਭਰਦਾ ਰਹੇਗਾ... ਮਹਾਨ ਗੁਰੂਆਂ ਅਤੇ ਸਿੱਖ ਯੋਧਿਆਂ ਤੇ ਸ਼ਹੀਦਾਂ, ਜਿਨ੍ਹਾਂ ਦੀ ਉਪਮਾ ਅਰਦਾਸ ਵਿੱਚ ਕੀਤੀ ਗਈ ਹੈ, ਵੱਲੋਂ ਨਿਰਧਾਰਤ ਕੀਤੀਆਂ ਗਈਆਂ ਸੇਧਾਂ ਅਤੇ ਕਾਇਮ ਕੀਤੀਆਂ ਗਈਆਂ ਰਵਾਇਤਾਂ ਦੀ ਰੌਸ਼ਨੀ ਵਿੱਚ ਸਿੱਖਾਂ ਨੂੰ ਦੇਸ਼ ਦੀ ਸੇਵਾ (?) ਲਈ ਸਿੱਖਿਅਤ ਕੀਤਾ ਜਾ ਸਕਦਾ ਹੈ। ‘ਰਾਜ ਕਰੇਗਾ ਖ਼ਾਲਸਾ’ ਸਿੱਖਾਂ ਦੀ ਅਰਦਾਸ ਦਾ ਅਤੇ ਉਨ੍ਹਾਂ ਦੀਆਂ ਆਪਣੇ ਦੇਸ਼ਵਾਸੀਆਂ ਦੀ ਸੇਵਾ ਕਰਨ ਦੀਆਂ ਪੂਰਵਕਾਲੀ ਉਮੰਗਾਂ ਤੇ ਰਵਾਇਤਾਂ ਦਾ ਅਨਿੱਖੜਵਾਂ ਅੰਗ ਹੈ। ਇਸਦਾ ਉੱਚਾਰਨ ਉਨ੍ਹਾਂ ਨੂੰ ਸਿਰਫ਼ ਆਪਣੇ ਵਰਗ ਪ੍ਰਤਿ ਹੀ ਨਹੀਂ ਸਗੋਂ ਭਾਰਤ ਮਾਂ, ਜਿਸਦਾ ਕਿ ਉਹ ਹੱਡ-ਮਾਸ ਹਨ, ਦੇ ਸਮਸਤ ਧੀਆਂ-ਪੁੱਤਰਾਂ ਪ੍ਰਤੀ ਫ਼ਰਜ਼ਾਂ ਤੇ ਜ਼ਿੰਮੇਵਾਰੀਆਂ ਦੀ ਯਾਦ ਦੁਆਉਂਦਾ ਹੈ!!’’

1947 ਤੋਂ ਬਾਅਦ ਵੀ ਜਦ ਵੀ ਕਦੇ ਭਾਰਤ ਦੇ ਹਿੰਦੂ ਹਾਕਮਾਂ ਜਾਂ ਹਿੰਦੂ ਵਰਗ ਦੇ ਕਿਸੇ ਹਿੱਸੇ ਨੇ ‘ਰਾਜ ਕਰੇਗਾ ਖ਼ਾਲਸਾ’ ਦੇ ਦੋਹਰੇ ਨੂੰ ਲੈ ਕੇ ਭਾਰਤੀ ਕੌਮ ਅਤੇ ਰਾਜ ਪ੍ਰਤੀ ਸਿੱਖਾਂ ਦੀ ਵਚਨਬੱਧਤਾ ਬਾਰੇ ਸ਼ੰਕੇ ਤੇ ਸੁਆਲ ਖੜੇ ਕੀਤੇ ਹਨ, ਤਾਂ ਸਿੱਖ ਵਿਦਵਾਨਾਂ ਤੇ ਆਗੂਆਂ ਨੇ ਉਪਰੋਕਤ ਕਿਸਮ ਦੇ ਸਪਸ਼ਟੀਕਰਨ ਦੇਣ ਵਿੱਚ ਕਦੇ ਢਿੱਲ ਜਾਂ ਉਕਾਈ ਨਹੀਂ ਵਰਤੀ। ਸ੍ਰ: ਖੁਸ਼ਵੰਤ ਸਿੰਘ ਨੇ 60ਵਿਆਂ ਵਿੱਚ, ਆਪਣੀ ਭਾਰਤੀ ਯੂਨੀਅਨ ਦੇ ਅੰਦਰ ਖ਼ੁਦਮੁਖ਼ਤਿਆਰ ਸਿੱਖ ਰਾਜ ਦੀ ਸਥਾਪਨਾ ਦੀ ਮੰਗ ਦੀ ਵਜ਼ਾਹਤ ਕਰਦਿਆਂ ਹੋਇਆਂ ‘ਰਾਜ ਕਰੇਗਾ ਖ਼ਾਲਸਾ’ ਦੀ ਉਪਰੋਕਤ ਵਿਆਖਿਆ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਸੀ। ਉਸਦਾ ਕਹਿਣਾ ਸੀ ਕਿ ‘‘ਸਿੱਖਾਂ ਵੱਲੋਂ ਅਰਦਾਸ ਦੇ ਅੰਤ ਵਿੱਚ ਪੜ੍ਹਿਆ ਜਾਂਦਾ ਇਹ ਦੋਹਰਾ ਉਨ੍ਹਾਂ ਅੰਦਰ ਰਾਜਨੀਤਕ ਖ਼ੁਦਮੁਖ਼ਤਿਆਰੀ ਦੀ ਮਚਲ ਰਹੀ ਤਾਂਘ ਦੀ ਤਰਜ਼ਮਾਨੀ ਕਰਦਾ ਹੈ ਅਤੇ ‘ਜਿਹੜੇ ਸਿੱਖ ਇਸ ਗੱਲ ਤੋਂ ਮੁਨਕਰ ਹਨ, ਉਹ ਜਾਂ ਤਾਂ ਆਪਣੇ ਗੁਰੂ ਅੱਗੇ ਝੂਠ ਬੋਲਦੇ ਹਨ ਅਤੇ ਜਾਂ ਫਿਰ ਆਪਣੇ ਹੁਕਮਰਾਨਾਂ ਅੱਗੇ।’’ ਉਸ ਨੇ ਭਾਰਤੀ ਹਾਕਮਾਂ ਨੂੰ ਲਲਕਾਰ ਪਾਉਂਦਿਆਂ ਕਿਹਾ ਸੀ ਕਿ ਜੇਕਰ ਉਹ ਸਚਮੁੱਚ ਹੀ ਸਿੱਖਾਂ ਅੰਦਰੋਂ ਖ਼ੁਦਮੁਖ਼ਤਿਆਰੀ ਦਾ ਜਜ਼ਬਾ ਕੁਚਲ ਦੇਣ ਦੀ ਇਛਾ ਰੱਖਦੇ ਹਨ, ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਦੇਸ਼ ਅੰਦਰਲੇ ਸਾਰੇ ਗੁਰਦੁਆਰਿਆਂ ਨੂੰ ਸੀਲ ਕਰ ਦੇਣ ਅਤੇ ‘ਰਾਜ ਕਰੇਗਾ ਖ਼ਾਲਸਾ’ ਦੇ ਗਾਇਨ ਨੂੰ ਕਾਨੂੰਨੀ ਜ਼ੁਰਮ ਕਰਾਰ ਦੇ ਦੇਣ।’’

ਸਿੱਖ ਵਿਦਵਾਨਾਂ ਤੇ ਆਗੂਆਂ ਵੱਲੋਂ ਲੱਖ ਸਫਾਈਆਂ ਦੇਣ ਦੇ ਬਾਵਜੂਦ ‘ਰਾਜ ਕਰੇਗਾ ਖ਼ਾਲਸਾ’ ਦੇ ਸੰਕਲਪ ਬਾਰੇ ਹਿੰਦੂ ਵਰਗ ਦੇ ਸ਼ੰਕੇ ਕਦੇ ਵੀ ਨਵਿਰਤ ਨਹੀਂ ਹੋਏ। ਹੋ ਵੀ ਨਹੀਂ ਸਕਦੇ ਕਿਉਂਕਿ ‘‘ਜੇਕਰ ਇਸ ਦੋਹਰੇ ਦੇ ਅਰਥਾਂ ਨੂੰ ਇੰਨ-ਬਿੰਨ ਮੰਨ ਲਿਆ ਜਾਵੇ ਤਾਂ ਭਾਰਤ ਵਰਗੇ ਆਧੁਨਿਕ ਸੈਕੂਲਰ ਰਾਜ ਅੰਦਰ ਇਸਦਾ ਰਾਜ-ਭਗਤੀ ਨਾਲ ਟਕਰਾਅ ਪੈਦਾ ਹੋਣਾ ਨਿਸ਼ਚਿਤ ਹੈ।’’ ਇਸੇ ਵਜ੍ਹਾ ਕਰਕੇ ਹੀ 1984 ਵਿੱਚ ਭਾਰਤ ਸਰਕਾਰ ਦੁਆਰਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਗੈਰ-ਕਾਨੂੰਨੀ ਜੱਥੇਬੰਦੀ ਕਰਾਰ ਦੇਣ ਦੇ ਫੈਸਲੇ ਦੀ ਪੁਸ਼ਟੀ ਕਰਦੇ ਹੋਏ ਭਾਰਤੀ ਨਿਆਂਪਾਲਕਾ ਨੇ ਇਹ ਮਤ ਪ੍ਰਗਟਾਇਆ ਸੀ ਕਿ ‘ਰਾਜ ਕਰੇਗਾ ਖ਼ਾਲਸਾ’ ਦਾ ਕਥਨ ਖ਼ਾਲਸਤਾਨ ਦੀ ਮੰਗ ਦਾ ਪੂਰਵ ਸੰਕੇਤ ਦਿੰਦਾ ਹੈ।

ਇਸ ਤਰ੍ਹਾਂ, ਮਸਲੇ ਦਾ ਸਾਰ-ਤੱਤ ਇਹ ਹੈ ਕਿ ਸਿੱਖਾਂ ਨੂੰ ਜਦੋਂ ਵੀ ਕਿਸੇ ਬੇਗਾਨੀ ਤਾਕਤ ਦੀ ਅਧੀਨਗੀ ਕਬੂਲ ਕਰਨੀ ਪੈ ਜਾਂਦੀ ਹੈ ਤਾਂ ਉਨ੍ਹਾਂ ਦੀ ਖ਼ੁਦਮੁਖ਼ਤਿਆਰੀ ਦੀ ਸਪਿਰਿਟ ਦਾ ਰਾਜ-ਭਗਤੀ ਨਾਲ ਟਕਰਾਅ ਅਟੱਲ ਹੋ ਜਾਂਦਾ ਹੈ। ਉਨ੍ਹਾਂ ਦੇ ਸਾਹਮਣੇ ਆਪਣੇ ਧਰਮ ਅਤੇ ਸਮਕਾਲੀ ਰਾਜ ਦੇ ਸਬੰਧ ਵਿੱਚ ਪਹਿਲੀ ਵਫਾਦਾਰੀ ਦੀ ਉਲਝਣ ਖੜੀ ਹੋ ਜਾਂਦੀ ਹੈ। ਉਨ੍ਹਾਂ ਦੇ ਮੂਲ ਧਾਰਮਕ ਵਿਸ਼ਵਾਸਾਂ ਅਤੇ ਰਾਜ ਪ੍ਰਤਿ ਫਰਜ਼ਾਂ ਵਿਚਕਾਰ ਜਨਮਜਾਤ ਅੰਤਰ-ਵਿਰੋਧ ਪ੍ਰਗਟ ਹੋ ਜਾਂਦਾ ਹੈ। ਸਿੱਖਾਂ ਦਾ ਆਪਣੇ ਧਾਰਮਕ ਵਿਸ਼ਵਾਸਾਂ ਪ੍ਰਤੀ ਰਵੱਈਆ ਹੋਰਨਾਂ ਧਰਮਾਂ ਦੇ ਲੋਕਾਂ ਨਾਲੋਂ ਕਾਫੀ ਅਲੱਗ ਹੈ। ‘‘ਧਾਰਮਕ ਵਿਸ਼ਵਾਸ ਸਿੱਖਾਂ ਦੀ ਸਜੀਵ ਪ੍ਰੇਰਕ-ਸ਼ਕਤੀ ਹਨ। ਇਹ ਉਨ੍ਹਾਂ ਦੇ ਇਤਿਹਾਸ ਅਤੇ ਕੌਮੀ ਗੁਣਾਂ ਦੇ ਮੁੱਖ ਪ੍ਰੇਰਨਾ ਸ੍ਰੋਤ ਹਨ।’’ ਸਿੱਖ ਧਾਰਮਕ ਵਿਸ਼ਵਾਸ ਅਨੁਸਾਰ, ਸਿੱਖ ਦੀ ਪਹਿਲੀ ਵਫਾਦਾਰੀ ਆਪਣੇ ਗੁਰੂ ਨਾਲ ਹੈ; ਗੁਰੂ ਦੇ ਮਿਸ਼ਨ ਨਾਲ ਹੈ। ਸਿੱਖ ਦੇਸ ਜਾਂ ਰਾਜ ਨਾਲ ਉਸ ਹੱਦ ਤੱਕ ਵਹੀ ਵਫਾਦਾਰ ਹੋਵੇਗਾ, ਜਿਸ ਹੱਦ ਤਕ ਇਹ ਉਸਦੇ ਧਰਮ ਅਥਵਾ ਗੁਰੂ ਦੇ ਮਿਸ਼ਨ ਦੇ ਅਨੁਕੂਲ ਹੋਵੇਗਾ। ਜੇਕਰ ਇਸ ਨਾਲ ਉਸਦੇ ਧਰਮ ਅਤੇ ਮਿਸ਼ਨ ਨੂੰ ਢਾਹ ਲੱਗਦੀ ਹੈ ਤਾਂ ਉਹ ਇਸ ਤੋਂ ਦ੍ਰਿੜ੍ਹਤਾ ਨਾਲ ਮੂੰਹ ਮੋੜ ਲਵੇਗਾ। ਭਾਈ ਰਣਧੀਰ ਸਿੰਘ ਜੀ ਦੇਸ਼-ਭਗਤੀ ਪ੍ਰਤੀ ਸਿੱਖ ਦ੍ਰਿਸ਼ਟੀਕੋਣ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਹੈ :

‘‘ਅਸੀਂ ਆਪਣੀਆਂ ਗੁਆਂਢੀ ਕੌਮਾਂ ਦੇ ਉਤਸ਼ਾਹ ਉਪਕਾਰ ਵਿੱਚ ਉਨ੍ਹਾਂ ਦੀ ਸਹਾਇਤਾ ਵਜੋਂ ਸਾਂਝੀਵਾਲ ਹੋ ਕੇ ਦੇਸ਼ ਨਮਿਤ ਧਰਮ ਦੇ ਕੰਮ ਕਰਨੇ ਹਨ ਤਾਂ ਨਿੱਜ ਧਰਮ ਦੀ ਕਸੌਟੀ ਨਾਲ ਸਤਿਗੁਰੁ ਦੀ ਚਲਾਈ ਰਹੁ-ਰੀਤ ਅਨੁਸਾਰ ਅਤੇ ਪੁਰਾਤਨ ਖ਼ਾਲਸਾ ਜੀ ਦੇ ਪੂਰਨਿਆਂ ਉੱਤੇ ਚੱਲ ਕੇ.. ਅਸੀਂ ਅਨਿਆਈਂ ਰਾਜ ਦੀ ਰਾਜਂਭਗਤੀ ਨਹੀਂ ਕਰਨ ਤੇ ਨਿਆਇਕਾਰੀ ਰਾਜ ਵਿੱਚ ਰਾਜ-ਗਰਦੀ ਨਹੀਂ ਕਰਨੀ। ਪਰੰਤੂ ਜਿਸ ਰਾਜ ਵਿੱਚ ਸਾਡੇ ਧਰਮ ਕਰਮਾਂ ਨੂੰ ਅਸਾਡੇ ਧਰਮ ਅਨੁਸਾਰ ਰਾਜ ਮਦ ਦੇ ਧੱਕੇ ਅਤੇ ਧਿੰਗੋਜ਼ੋਰੀ ਨਾਲ ਅਨਿਆਈ ਹੱਥ ਪਾਉਂਦੇ ਹੋਣ, ਉਸ ਰਾਜ ਦੀ ਅਸੀਂ ਗੁਰੂ ਅਕਾਲ ਪੁਰਖ ਦੇ ਆਸਰੇ ਜੜ੍ਹ ਉਖੇੜ ਦੇਣੀ ਹੈ। ਖ਼ਾਲਕ (ਅਕਾਲ ਪੁਰਖ) ਦੀ ਖ਼ਲਕਤ ਨੂੰ ਸੁਖੀ ਦੇਖ ਕੇ ਸੁਖੀ ਹੋਣਾ ਹੈ, ਦੁਖੀ ਦੇਖ ਕੇ ਦੁਖ ਦਾ ਦਾਰੂ ਕਰਨਾ ਹੈ। ਪਰ ਕਰਨਾ ਪੂਰਨ ਗੁਰਮਤਿ ਦੇ ਅਸੂਲਾਂ ’ਤੇ ਦ੍ਰਿੜ੍ਹ ਰਹਿ ਕੇ ਅਤੇ ਦ੍ਰਿੜ੍ਹਤਾ ਸਹਿਤ ਗੁਰਮਤਿ ਅਸੂਲਾਂ ਉੱਤੇ ਚੱਲ ਕੇ।’’ ਹਰਿੰਦਰ ਸਿੰਘ ਮਹਿਬੂਬ ਨੇ ਇਸੇ ਗੱਲ ਨੂੰ ਦਾਰਸ਼ਨਿਕ ਲਹਿਜ਼ੇ ਵਿੱਚ ਇਸ ਤਰ੍ਹਾਂ ਪ੍ਰਗਟਾਇਆ ਹੈ : ‘‘ਸਿੱਖ ਦੇਸ਼ਂਭਗਤ ਹੈ ਪਰ ਗੁਰੂ-ਲਿਵ ਅਨੁਸਾਰ ਦੇਸ਼-ਭਗਤ ਹੈ। ਉਹ ਜੰਗ ਕਰਦਾ ਹੈ ਪਰ ਗੁਰੂ-ਲਿਵ ਅੰਦਰ ਰਹਿ ਕੇ ਜੰਗ ਕਰਦਾ ਹੈ। ਉਹ ਰਾਜ ਕਰਦਾ ਹੈ ਅਤੇ ਤਿਆਗਦਾ ਹੈ ਪਰ ਅਜਿਹਾ ਕੁਝ ਗੁਰੂ-ਲਿਵ ਦੇ ਹੁਕਮ ਵਿੱਚ ਕਰਦਾ ਹੈ। ਗੁਰੂ-ਲਿਖ ਤੋਂ ਬਾਹਰਲੀ ਦੇਸ਼-ਭਗਤੀ, ਬਾਹਰਲੇ ਜੰਗ ਅਤੇ ਬਾਹਰਲੇ ਰਾਜ ਅਤੇ ਦੇਸ਼ਾਂ ਦੀ ਤਮੰਨਾ ਕਰਨੀ, ਭੈਅ ਮੰਨਣਾ ਅਤੇ ਉਨ੍ਹਾਂ ਦੇ ਰਸ-ਮੁਗਧ ਧਿਆਨ ਵਿੱਚ ਖੋ ਜਾਣਾ, ਸਿੱਖ ਲਈ ਸੁਆਰਥ, ਹੀਣਤਾ ਜਾਂ ਅਗਿਆਨ ਦਾ ਅਰਥ ਰੱਖਦੇ ਹਨ।’’

ਸਿੱਖਾਂ ਲਈ ਜਾਂ ਉਨ੍ਹਾਂ ਦੇ ਕੁਝ ਵਰਗਾਂ ਲਈ, ਇਸ ਦ੍ਰਿਸ਼ਟੀਕੋਣ ਦੇ ਹਰ ਹਾਲਤ ਵਿੱਚ ਪਾਬੰਦ ਰਹਿ ਸਕਣਾ ਸੁਖਾਲਾ ਕੰਮ ਨਹੀਂ। ਖ਼ਾਸ ਕਰਕੇ ਸਿੱਖ ਜਦ ਗੁਰੂ-ਲਿਵ ਤੋਂ ਬਾਹਰ ਚਲਾ ਜਾਂਦਾ ਹੈ, ਜਦ ਉਸਦੀ ਸਿੱਖੀ ਦੇ ਆਦਰਸ਼ਾਂ ਨਾਲ ਪ੍ਰਤੀਬੱਧਤਾ ਕਮਜ਼ੋਰ ਪੈ ਜਾਂਦੀ ਹੈ, ਤਾਂ ਉਸਦੀ ਚੇਤਨਾ ਉੱਤੇ ਦੁਨਿਆਵੀ ਪ੍ਰਭਾਵ ਹਾਵੀ ਹੋ ਜਾਂਦੇ ਹਨ। ਅਜਿਹੀ ਕਮਜ਼ੋਰ ਮਾਨਸਿਕ ਅਵਸਥਾ ਵਿੱਚ ਉਸ ਅੰਦਰ, ਕਿਸੇ ਇਕ ਜਾਂ ਦੂਜੀ ਸ਼ਕਲ ਵਿੱਚ, ਰਾਜ ਦਾ ਦਬਦਬਾ ਜਾਂ ਭੈਅ ਮੰਨਣ ਅਤੇ ਪੰਥ-ਪਿਆਰ ਦੀ ਥਾਵੇਂ ਰਾਜ-ਭਗਤੀ ਨੂੰ ਤਰਜ਼ੀਹ ਦੇਣ ਦੀਆਂ ਕਰੁਚੀਆਂ ਜ਼ੋਰ ਫੜ ਜਾਂਦੀਆਂ ਹਨ। ਪਰ ਕੋਈ ਵੀ ਸਿੱਖ, ਭਾਵੇਂ ਉਹ ਕਿੰਨਾ ਵੀ ਅਨਮਤੀਆ ਕਿਉਂ ਨਾ ਹੋਵੇ, ਗੁਰੂ ਤੋਂ ਅਤੇ ਗੁਰੂ ਦੇ ਮਿਸ਼ਨ ਤੋਂ ਬੇਮੁਖ ਹੋ ਜਾਣ ਦਾ ਐਲਾਨੀਆ ਇਕਬਾਲ ਨਹੀਂ ਕਰ ਸਕਦਾ। ਇਸ ਕਰਕੇ ਸਿੱਖੀ ਦੇ ਸਿਧਾਂਤਾਂ ਤੋਂ ਆਪਣੀ ਥਿੜਕਣ ਅਤੇ ਕੁਰਾਹੇ ਨੂੰ ਵਾਜਬ ਠਹਿਰਾਉਣ ਜਾਂ ਇਸ ਉੱਤੇ ਪਰਦਾਪੋਸ਼ੀ ਕਰਨ ਲਈ, ਉਸਨੂੰ ਝੂਠ ਦਾ ਆਸਰਾ ਲੈਣਾ ਪੈਂਦਾ ਹੈ। ਇਹ ਝੂਠ ਉਸ ਨੂੰ ਹੋਰਨਾਂ ਨਾਲ ਘੱਟ, ਆਪਣੀ ਜ਼ਮੀਰ ਦੀ ਸੰਤੁਸ਼ਟੀ ਲਈ, ਆਪਣੇ ਆਪ ਨਾਲ ਵੱਧ ਬੋਲਣਾ ਪੈਂਦਾ ਹੈ। ਜੂਨ 1984 ਵਿੱਚ ਭਾਰਤ ਸਰਕਾਰ ਦੁਆਰਾ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਤੋਪਾਂ ਤੇ ਟੈਂਕਾਂ ਨਾਲ ਧਾਵਾ ਬੋਲ ਦੇਣ ਅਤੇ ਸਿੱਖਾਂ ਦੀ ਸ਼ਰਧਾ ਦੇ ਕੇਂਦਰ ਉੱਤੇ ਤਬਾਹੀ ਤੇ ਵਹਿਸ਼ਤ ਦਾ ਨੰਗਾ ਨਾਚ ਨੱਚਣ ਮੌਕੇ ਜਿਹੜੇ ਸਿੱਖ ਜਰਨੈਲਾਂ ਨੇ ‘ਗੁਰੂ ਮਾਰ ਪਲਟਣਾਂ’ ਦੀ ਅਗਵਾਈ ਕੀਤੀ ਸੀ ਅਤੇ ਜਿਹੜੇ ਸਿੱਖ ਸਿਵਲ ਅਧਿਕਾਰੀਆਂ ਨੇ ‘ਰਾਜ ਧਰਮ’ ਨੂੰ ਆਪਣੇ ਧਰਮ ਨਾਲੋਂ ਉੱਚਾ ਮੰਨਦਿਆਂ ਹੋਇਆਂ ਇਸ ਅਧਰਮੀ ਕਾਰੇ ਵਿੱਚ ਭਾਰਤ ਸਰਕਾਰ ਦੀ ਦਿਲੋਂ ਜਾਨ ਨਾਲ ਸੇਵਾ ਨਿਭਾਈ ਸੀ, ਅਤੇ ਜਾਂ ਜਿਹੜੇ ਕਾਂਗਰਸੀ ਸਿੱਖ ਰਾਜਨੀਤੀਵਾਨਾਂ ਨੇ ਸਿੱਖ ਕੌਮ ਦੇ ਸੰਕਟ ਦੀ ਉਸ ਘੜੀ ਮੌਕੇ ਆਪਣੀ ਸਰਕਾਰ ਦਾ ਬੇਹਯਾਈ ਨਾਲ ਪੱਖ ਪੂਰਿਆ ਸੀ, ਉਨ੍ਹਾਂ ਸਭਨਾਂ ਉੱਤੇ ਇਹ ਸੱਚ ਪੂਰੀ ਤਰ੍ਹਾਂ ਨਾਲ ਢੁਕਦਾ ਹੈ। ਇਸ ਵਰਤਾਰੇ ਦੀ ਇਸ ਨਾਲੋਂ ਢੁਕਵੀਂ ਵਿਆਖਿਆ ਹੋਰ ਕੋਈ ਨਹੀਂ ਹੋ ਸਕਦੀ। ਅਰੁਣ ਸਿੰਘ ਵਰਗੇ ਲੋਕਾਂ ਦੀ ਸਿੱਖ ਦੁਸ਼ਮਣੀ ਨੂੰ ਇਸ ਤੋਂ ਬਿਨਾਂ ਹੋਰ ਕਿਸੇ ਵਿਧੀ ਨਾਲ ਨਹੀਂ ਸਮਝਿਆ ਜਾ ਸਕਦਾ।

ਸਿੱਖ ਸਮਾਜ ਦੇ ਕੁਝ ਕੁ ਵਰਗਾਂ ਅੰਦਰ, ਅਜਿਹੀ ਸਥਿਤੀ ਦੇ ਸਨਮੁੱਖ, ਸਿੱਖ ਸਿਧਾਂਤਾਂ ਤੇ ਪਰੰਪਰਾਵਾਂ ਦੀ ਝੂਠੀ ਤੇ ਮਨਘੜਤ ਵਿਆਖਿਆ ਦੇ ਨਾਲੋ-ਨਾਲ, ਮਨਾਂ ਅੰਦਰ ਸਮਕਾਲੀ ਰਾਜ ਦੇ ਚਰਿੱਤਰ ਬਾਰੇ ਭੁਲੇਖੇ ਪਾਲਣ ਤੇ ਇਨ੍ਹਾਂ ਦਾ ਪ੍ਰਚਾਰ ਪਸਾਰ ਕਰਨ ਦੀ ਕਰੁਚੀ ਪੂਰੇ ਜ਼ੋਰ ਨਾਲ ਪ੍ਰਗਟ ਹੋ ਉੱਠਦੀ ਹੈ। ਸਿੱਖ ਰਾਜ ਦੇ ਖ਼ਾਤਮੇ ਉਪਰੰਤ ਸਿੱਖ ਕੁਲੀਨ ਵਰਗ ਨੇ ਬਰਤਾਨਵੀ ਰਾਜ ਦੀ ਸੇਵਾ ਨੂੰ ਉੱਚਿਤ ਠਹਿਰਾਉਣ ਲਈ ਉਸ ਰਾਜ ਨੂੰ ‘ਨਿਆਂਕਾਰੀ’ ਤੇ ‘ਲੋਕ ਹਿਤਕਾਰੀ’ ਬਣਾ ਕੇ ਪੇਸ਼ ਕਰਨਾ ਅਥਾਵ ਉਸ ਨੂੰ ਗੁਰੂਆਂ ਦੇ ਆਦਰਸ਼ਾਂ ਦੇ ਅਨੁਕੂਲ ਦਰਸਾਉਣ ਦੇ ਯਤਨ ਇਸੇ ਰੁਚੀ ਅਧੀਨ ਹੀ ਕੀਤੇ ਸਨ। ਬਰਤਾਨਵੀ ਰਾਜ ਦੇ ਖ਼ਾਤਮੇ ਉਪਰੰਤ ਹਿੰਦੂ ਵਰਗ ਦੀ ਚੌਧਰ ਹੇਠ ਭਾਰਤੀ ਗਣਰਾਜ ਦੀ ਸਥਾਪਨਾ ਨਾਲ, ਸਿੱਖ ਪੰਥ ਸਾਹਮਣੇ ਪੈਦਾ ਹੋਈਆਂ ਗੰਭੀਰ ਚੁਣੌਤੀਆਂ ਦੀ ਸ਼ਨਾਖ਼ਤ ਕਰਨ ਦੇ ਮਾਮਲੇ ਵਿੱਚ ਵੀ ਇਸ ਰੁਚੀ ਨੇ ਸਿੱਖ ਵਿਦਵਾਨਾਂ ਤੇ ਆਗੂਆਂ ਨੂੰ ਝੂਠੇ ਭਰਮਾਂ ਤੇ ਖੁਸ਼ਫਹਿਮੀਆਂ ਦੀ ਸ਼ਰਨ ਲੈਣ ਲਈ ਉਤੇਜਿਤ ਕਰ ਦਿੱਤਾ।

ਆਪਣੇ ਸਮਿਆਂ ਦੇ ਪ੍ਰਸਿੱਧ ਆਰਿਯਾ ਸਮਾਜੀ ਵਿਦਵਾਨ ਗੋਕਲ ਚੰਦ ਨਾਰੰਗ, ਜਿਸਨੇ ਸਿੱਖ ਪੰਥ ਨੂੰ ਹਿੰਦੂ ਸਮਾਜ ਦਾ ਅੰਗ ਸਾਬਿਤ ਕਰਨ ਲਈ ਜੀਵਨ ਭਰ ਜਿਹਾੜ ਵਿੱਢੀ ਰੱਖਿਆ ਸੀ, ਨੇ 1947 ਤੋਂ ਬਾਅਦ ਭਾਰਤ ਅੰਦਰ ਸਿੱਖ ਕੌਮ ਦੇ ਧੁੰਦਲੇ ਰਾਜਨੀਤਕ ਭਵਿੱਖ ਦੀ ਹਕੀਕੀ ਤਸਵੀਰ ਪੇਸ਼ ਕਰਦੇ ਹੋਏ ਅਨੰਦ ਖੁਸ਼ੀ ਤੇ ਵਿਸ਼ਵਾਸ ਦੀ ਮੁਦਰਾ ਵਿੱਚ ਲਿਖਿਆ ਸੀ ਕਿ, ‘‘ਜਿਥੋਂ ਤੱਕ ਸਿੱਖ ਕੌਮ ਦੀ ਰਾਜਨੀਤਕ ਸਥਿਤੀ ਦਾ ਸਬੰਧ ਹੈ, ਇਹ ਸਪਸ਼ਟ ਹੈ ਕਿ ਉਹ ਭਾਰੀ ਘਾਟੇ ਵਿੱਚ ਰਹੇ ਹਨ। ਦੂਜੀਆਂ ਰਿਆਸਤਾਂ ਵਾਂਗ ਹੀ, ਉਨ੍ਹਾਂ ਦੀਆਂ ਸਾਰੀਆਂ ਰਿਆਸਤਾਂ ਸਮਾਪਤ ਹੋ ਗਈਆਂ ਹਨ। ਪੈਪਸੂ ਦੇ ਪੰਜਾਬ ਵਿੱਚ ਮਿਲ ਜਾਣ ਨਾਲ, ਰਾਜ ਪ੍ਰਮੁੱਖ ਅਤੇ ਉਪ ਰਾਜ ਪ੍ਰਮੁੱਖ ਦੀਆਂ ਪਦਵੀਆਂ ਵੀ ਖ਼ਤਮ ਹੋ ਜਾਣਗੀਆਂ। ਇਸਦਾ ਸਪਸ਼ਟ ਅਰਥ ਇਹ ਹੈ ਕਿ ਸਾਰੀ ਰਾਜਨੀਤਕ ਸੱਤਾ, ਜਿਸ ਦੀ ਪ੍ਰਾਪਤੀ ਦੀ ਸਿੱਖ ਆਸ ਕਰ ਸਕੇ ਹਨ, ਦੂਜੀਆਂ ਜਾਤੀਆਂ ਨਾਲ ਮਿਲ ਕੇ, ਵਿਧਾਨ ਸਭਾ ਵਿੱਚ ਭਾਗ ਲੈ ਕੇ ਅਤੇ ਪੰਜਾਬ ਮੰਤਰੀ ਮੰਡਲ ਵਿੱਚ ਸੀਟਾਂ ਪ੍ਰਾਪਤ ਕਰਕੇ ਹਾਸਲ ਹੋ ਸਕਦੀ ਹੈ। ਜਿਥੋਂ ਤੱਕ ਪੰਜਾਬ ਮੰਤਰੀ ਮੰਡਲ ਦਾ ਸਬੰਧ ਹੈ, ਉਨ੍ਹਾਂ ਨੂੰ ਹਿੰਦੂਆਂ ਨਾਲ ਬਰਾਬਰੀ ਪ੍ਰਾਪਤ ਹੈ... ਇਸ ਤਰ੍ਹਾਂ ਇਹ ਸਪਸ਼ਟ ਹੈ ਕਿ ਸਿੱਖਾਂ ਦਾ ਇਕ ਸੁਤੰਤਰ ਕੌਮ ਦੇ ਰੂਪ ਵਿੱਚ ਕੋਈ ਰਾਜਨੀਤਕ ਭਵਿੱਖ ਨਹੀਂ ਹੈ।’’ (ਗੋਕਲ ਚੰਦ ਨਾਰੰਗ, ਪੁਸਤਕ ‘ਸਿੱਖ ਮਤ ਦਾ ਪਰਿਵਰਤਨ’, ਪੰਨੇ 279-80)। ਨਿਗੂਣੀ ਗਿਣਤੀ ਦੀ ਬਿਨਾਅ ’ਤੇ ਸਿੱਖਾਂ ਨੂੰ ਉਨ੍ਹਾਂ ਦੀ ‘ਔਕਾਤ’ ਦਾ ਚੇਤਾ ਕਰਾਉਂਦਾ ਹੋਇਆ, ਅਖ਼ੀਰ ਵਿੱਚ ਜਾ ਕੇ ਉਹ ਸਮਸਮ ਸਿੱਖਾਂ ਨੂੰ ਇਹ ਖਰ੍ਹਵੀ ਤਾੜਨਾ ਕਰਦਾ ਹੈ ਕਿ ‘‘ਜਿੰਨਾ ਚਿਰ ਉਹ ਕੇਂਦਰੀ ਸਰਕਾਰ ਦੇ ਨਾਲ ਚੱਲਣਗੇ ਤੇ ਫਿਰਕੂ ਝਗੜਿਆਂ ਤੋਂ ਸੰਕੋਚ ਕਰਨਗੇ, ਉਨ੍ਹਾਂ ਨੂੰ ਕੋਈ ਖ਼ਤਰਾ ਨਹੀਂ। ਉਨ੍ਹਾਂ ਨੂੰ ਪੂਰਨ ਤੌਰ ’ਤੇ ਚੇਤੰਨ ਹੋਣਾ ਚਾਹੀਦਾ ਹੈ ਕਿ ਭਾਰਤੀ ਸੰਘ ਵਿੱਚ ਉਨ੍ਹਾਂ ਦੀ ਵਸੋਂ ਇਕ ਪ੍ਰਤੀਸ਼ਤ ਤੋਂ ਵੱਧ ਨਹੀਂ।’’

ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਕਿਸੇ ਵਿਅਕਤੀ (ਜਾਂ ਵਰਗ-ਸਮੂਹ) ਨੂੰ ਦਰਪੇਸ਼ ਬਦਨਸੀਬੀ ਦਾ ਜਦ ਕੋਈ ਹੱਲ ਸੰਭਵ ਦਿਖਾਈ ਨਹੀਂ ਦਿੰਦਾ, ਤਾਂ ਉਸ ਅੰਦਰ ਬਦਨਸੀਬੀ ਬਾਰੇ ਖੁਸ਼ਨਸੀਬੀ ਦਾ ਭਰਮ ਸਿਰਜ ਲੈਣ ਦੀ ਮਨੋਬਿਰਤੀ ਪੈਦਾ ਹੋ ਜਾਂਦੀ ਹੈ। 1947 ਤੋਂ ਬਾਅਦ ਸਿੱਖ ਪੰਥ ਦੇ ਆਗੂਆਂ ਤੇ ਵਿਦਵਾਨਾਂ ਅੰਦਰ ਇਹ ਮਨੋਬਿਰਤੀ ਪੂਰੇ ਜ਼ੋਰ ਨਾਲ ਪ੍ਰਗਟ ਹੋਈ। ਭਾਰਤੀ ਗਣਰਾਜ ਅੰਦਰ ਸਿੱਖ ਕੌਮ ਦੇ ਰਾਜਨੀਤਕ ਭਵਿੱਖ ਬਾਰੇ ਗੋਕਲ ਚੰਗ ਨਾਰੰਗ ਦੇ ਉਪਰੋਕਤ ਵਿਚਾਰ ਸੱਚ ਦਾ ਪ੍ਰਗਟਾਵਾ ਕਰਦੇ ਸਨ। ਪਰ ਸਿੱਖ ਪੰਥ ਦੇ ਆਗੂਆਂ ਤੇ ਵਿਦਵਾਨਾਂ ਨੂੰ ਇਸ ਦੁਖਦਾਈ ਸੱਚ ਦਾ ਕੋਈ ਸੁਖਾਵਾਂ ਬਦਲ ਦਿਖਾਈ ਨਹੀਂ ਸੀ ਦਿੰਦਾ। ਜੇਕਰ ਭਾਰਤੀ ਸੰਘ ਦੇ ਅੰਦਰ ਸਿੱਖ ਕੌਮ ਦਾ ਭਵਿੱਖ ਬਹੁਤਾ ਉੱਜਲਾ ਨਹੀਂ ਸੀ ਤਾਂ ਭਾਰਤੀ ਸੰਘ ਤੋਂ ਬਾਹਰ ਵੀ ਉਨ੍ਹਾਂ ਨੂੰ ਰੌਸ਼ਨ ਭਵਿੱਖ ਦੀ ਕੋਈ ਠੋਸ ਅਤੇ ਅਮਲਯੋਗ ਤਜਵੀਜ਼ ਨਜ਼ਰ ਨਹੀਂ ਸੀ ਆਉਂਦੀ। ਇਸ ਕਰਕੇ ਉਨ੍ਹਾਂ ਨੇ ਭਾਰਤੀ ਰਾਜ ਅੰਦਰ ਹੀ ਸਿੱਖ ਕੌਮ ਦੇ ਰੌਸ਼ਨ ਭਵਿੱਖ ਦੀਆਂ ਝੂਠੀਆਂ ਉਮੀਦਾਂ ਪਾਲਣੀਆਂ (ਤੇ ਪ੍ਰਚਾਰਨੀਆਂ) ਸ਼ੁਰੂ ਕਰ ਦਿੱਤੀਆਂ। ਗੋਕਲ ਚੰਦ ਨਾਰੰਗ ਦੁਆਰਾ ਦਿੱਤੀ ਗਈ ਤਾੜਨਾ ਨੂੰ ਉਨ੍ਹਾਂ ਨੂੰ ‘ਸਤਿ ਬਚਨ’ ਕਹਿ ਕੇ ਪ੍ਰਵਾਨ ਕਰ ਲਿਆ। ਸਿੱਖਾਂ ਦੀ ਇਸ ਮਨੋਬਿਰਤੀ ਦੀਆਂ ਕੁਝ ਮਿਸਾਲਾਂ ਦੇ ਕੇ ਲੇਖ ਸਮਾਪਤ ਕਰਦੇ ਹਾਂ।

1) ਸਿੱਖ ਪੰਥ ਦੇ ਕਥਿਤ ‘ਸਮਰਾਟ ਵਿਦਵਾਨ’ ਭਾਈ ਜੋਧ ਸਿੰਘ ਨੇ 1950 ਵਿੱਚ ‘ਪੰਥ ਲਈ ਠੀਕ ਰਾਹ’ ਦੀ ਦੱਸ ਪਾਉਂਦੇ ਹੋਏ, ਗੋਕਲ ਚੰਦ ਨਾਰੰਗ ਦੀ ਨਸੀਹਤ ਉੱਤੇ ਇਸ ਤਰ੍ਹਾਂ ਫੁੱਲ ਚੜ੍ਹਾਏ : ‘‘ਹੁਣ ਦੇਸ਼ ਅਜ਼ਾਦ ਹੋ ਗਿਆ ਹੈ। ਦੇਸ਼ ਦੇ ਨੇਤਾਵਾਂ ਨੇ ਇਹ ਫੈਸਲਾ ਕਰ ਲਿਆ ਹੈ ਕਿ ਦੇਸ਼ ਦੇ ਪ੍ਰਬੰਧ ਵਿੱਚ ਕਿਸੇ ਖ਼ਾਸ ਧਰਮ ਦੇ ਅਸੂਲ ਨਹੀਂ ਵਰਤੇ ਜਾਣਗੇ। ਰਾਜ ਪ੍ਰਬੰਧ ਸੰਸਾਰਕ (ਸੈਕੂਲਰ) ਹੋਵੇਗਾ। ਅਜ਼ਾਦੀ ਆ ਗਈ ਹੈ। ਹੁਣ ਜੇ ਕਦੀ ਸਿੱਖ ਰਾਜਸੀ ਮੈਦਾਨ ਵਿੱਚ ਫਿਰਕੂ ਮੰਗਾਂ ਛੱਡ ਦੇਣ... ਅਤੇ ਕਾਨੂੰਨ ਤੇ ਨਿਯਮਾਂ ਦੇ ਕਾਇਮ ਰੱਖਣ ਵਿੱਚ ਸਹਾਇਕ ਹੋਣ, ਤਾਂ ਜੋ ਵੀ ਕੌਮੀ ਸਰਕਾਰ ਹੋਵੇਗੀ, ਉਹ ਉਨ੍ਹਾਂ ਦੇ ਖ਼ਾਸ ਗੁਣਾਂ ਦਾ ਲਾਭ ਲੈਣ ਲਈ ਇਨ੍ਹਾਂ ਦੀ ਕਦਰ ਕਰੇਗੀ। ਪਰ ਜੇ ਇਨ੍ਹਾਂ ਨੇ ਰਾਜਸੀ ਮੈਦਾਨ ਵਿੱਚ ਕੋਈ ਵੱਖ ਖਿਚੜਾ ਪਕਾਉਣੀ ਅਰੰਭ ਕਰ ਦਿੱਤੀ, ਤਾਂ ਜੋ ਅਸਫਲਤਾ ਅੱਗੇ ਹੋਈ ਹੈ, ਉਸੇ ਤਰ੍ਹਾਂ ਅੱਗੋਂ ਵੀ ਹੁੰਦੀ ਰਹੇਗੀ।’’

2) ਸਿੱਖ ਕੌਮ ਦੇ ਕਥਿਤ ‘ਬੇਤਾਜ ਬਾਦਸ਼ਾਹ’ ਬਾਬਾ ਖੜਕ ਸਿੰਘ ਨੇ 26 ਜਨਵਰੀ 1950 ਨੂੰ ਜਾਰੀ ਕੀਤੇ ਗਏ ਇਕ ਬਿਆਨ ਵਿੱਚ ਸਿੱਖਾਂ ਨੂੰ ਭਾਰਤੀ ਰਾਜ ਦੀ ਸੇਵਾ ਕਰਨ ਦੀ ਸਿੱਖਿਆ ਤੇ ਪ੍ਰੇਰਨਾ ਦਿੰਦੇ ਹੋਏ ਕਿਹਾ : ‘‘ਇਕ ਸਿੱਖ ਦੇ ਰੂਪ ਵਿੱਚ ਬੋਲਦਿਆਂ ਹੋਇਆਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਭਾਰਤ ਵਿੱਚ ਗਣਰਾਜ ਦਾ ਸੰਕਲਪ ਸਭ ਤੋਂ ਪਹਿਲਾਂ ਸਿੱਖ ਗੁਰੂਆਂ ਨੇ ਚਿਤਵਿਆ ਸੀ ਅਤੇ ਉਨ੍ਹਾਂ ਨੇ ਇਸ ਨੂੰ ਇਕ ਵਾਸਤਵਿਕਾ ਬਣਾਉਣ ਲਈ ਜੀਵਨ ਭਰ ਘਾਲਣਾ ਘਾਲੀ ਸੀ। ਖ਼ਾਲਸੇ ਦੀ ਸੰਸਥਾ, ਜਿਸਨੂੰ ਦਸਵੇਂ ਗੁਰੂ ਨੇ ਹੋਂਦ ਵਿੱਚ ਲਿਆਂਦਾ, ਗਣਰਾਜ ਦੇ ਸੰਕਲਪ ਦਾ ਇਕ ਜੀਉਂਦਾ-ਜਾਗਦਾ ਸਰੂਪ ਹੈ। ਮੈਨੂੰ ਖੁਸ਼ੀ ਹੈ ਕਿ ਭਾਰਤ ਦੇ ਮਹਾਨ ਗੁਰੂਆਂ ਦੇ ਉੱਚੇ ਆਦਰਸ਼ਾਂ ਨੂੰ ਸਾਕਾਰਿਆ ਹੈ ਅਤੇ ਮੈਂ ਆਸ ਤੇ ਅਰਦਾਸ ਕਰਹਾਂ ਕਿ ਅੱਜ ਤੋਂ ਬਾਅਦ ਅਸੀਂ ਸਭ ਤਰ੍ਹਾਂ ਦੇ ਰਾਜਨੀਤਕ, ਸਮਾਜਕ ਜਾਂ ਨਸਲੀ ਵਿਤਕਰੇ ਦੂਰ ਕਰ ਦੇਵਾਂਗੇ।’’

ਸਿੱਖ ਪੰਥ ਦੇ ਸਿਰਮੌਰ ਸਾਹਿਤਕਾਰ ਅਤੇ ਨਾਮਵਰ ਵਿਦਵਾਨ ਭਾਈ ਵੀਰ ਸਿੰਘ ਨੇ ਸਿੱਖਾਂ ਨੂੰ ਦੇਸ਼ਂਭਗਤੀ ਦਾ ਪਾਠ ਦ੍ਰਿੜ੍ਹ ਕਰਾਉਂਦੇ ਹੋਏ ਜਜ਼ਬਾਤ-ਗੁਧੇ ਲਫ਼ਜ਼ਾਂ ਵਿੱਚ ਲਿਖਿਆ :

‘‘ਹਰ ਹਿੰਦੀ ਦਾ ਫ਼ਰਜ਼ ਹੈ ਕਿ ਉਹ ਹਿੰਦ ਨੂੰ ਪ੍ਰਾਪਤ ਹੋਈ ਸੁਤੰਤਰਤਾ ਨੂੰ ਪਿਆਰ ਕਰੇ। ਕੇਵਲ ਸ਼ੁੱਧ ਭਾਵਨਾ ਨਾਲ ਹੀ ਨਹੀਂ ਸਗੋਂ ਹਰ ਪ੍ਰਕਾਰ ਦੇ ਅਮਲੀ ਬਰਤਾਵ ਨਾਲ ਭੀ। ਹਰ ਹਿੰਦੀ ਨੂੰ ਡੂੰਘੀ ਵਿਚਾਰ ਕਰਨੀ ਲੋੜੀਏ ਕਿ ਲਗਭਗ ਹਜ਼ਾਰ ਸਾਲ ਹਿੰਦ ਦਾ ਗੁਲਾਮੀ ਦੀ ਦੁਰਸ਼ਦਾ ਵਿੱਚ ਬੀਤਿਆ ਹੈ। ਇਸ ਮੰਦੀ ਹਾਲਤ ਵਿੱਚੋਂ ਸਿੱਖ ਯੋਧਿਆਂ ਨੇ ਮਹਾਰਾਜੇ ਦੇ ਕਮਾਂਡ ਹੇਠਾਂ ਕੀਕੂੰ ਆਪਣੇ ਖੂਨ ਦੀਆਂ ਨਦੀਆਂ ਵਹਾ ਕੇ ਕੱਢਿਆ ਤੇ ਸੁਤੰਤਰਤਾ ਵਾਪਸ ਆਂਦੀ ਸੀ, ਜਿਸਦਾ ਸਿਹਰਾ ਸਦਾ ਲਈ ਮਹਾਰਾਜੇ ਦੇ ਸਿਰ ਸੋਭਦਾ ਰਹੇਗਾ। ਫੇਰ ਸੋਚ ਕਰਨੀ ਲੋੜੀਏ ਕਿ ਉਹ ਮਹਿੰਗੀ ਆਈ ਸੁਤੰਤਰਤਾ ਕਾਨੂੰ ਖ਼ੁਦਗਰਜ਼ ਟਰੇਟਰਾਂ (ਦੇਸ਼ ਘਾਤਕਾਂ) ਨੇ ਭੰਗ ਦੇ ਭਾੜੇ ਗੁਆ ਦਿੱਤੀ ਤੇ ਉਹ ਸੁਤੰਤਰਤਾ ਹੁਣ ਫੇਰ ਪ੍ਰਾਪਤ ਹੋਈ ਹੈ ਤੇ ਪ੍ਰਾਪਤ ਹੁੰਦੀ ਹੋਈ ਪੰਜਾਬ ਦੇ ਸਿੱਖਾਂ ਤੇ ਹਿੰਦੂਆਂ ਦੇ ਖੂਨ ਦੀਆਂ ਬਲੀਆਂ ਲੈ ਕੇ ਵਾਪਸ ਆਈ ਹੈ। ਇਸ ਕਰਕੇ ਹਿੰਦੀਆਂ ਲਈ ਹੁਣ ਸੁਤੰਤਰਤਾ ਕਿਤਨੀ ਕੀਮਤੀ ਹੈ ਤੇ ਕੀਕੂੰ ਸੂਮ ਦੇ ਧਨ ਵਾਂਗੂ ਸੰਭਾਲਣੇ ਯੋਗ ਹੈ।’’

ਸਿੱਖ ਪੰਥ ਦੇ ਸ਼੍ਰੋਮਣੀ ਇਤਿਹਾਸਕਾਰ ਡਾ: ਗੰਡਾ ਸਿੰਘ ਨੇ ਭਾਰਤ ਦੀ ਅਜ਼ਾਦੀ ਨਾਲ ਸਿੱਖਾਂ ਦੇ ਵਾਰੇ-ਨਿਆਰੇ ਹੋ ਜਾਣ ਦੀ ਉਮੀਦ ਇਨ੍ਹਾਂ ਸ਼ਬਦਾਂ ਵਿੱਚ ਪ੍ਰਗਟਾਈ :

‘‘ਪਰਮਾਤਮਾ ਦੇ ਸ਼ੁਕਰ ਨਾਲ ਭਾਰਤ ਹੁਣ ਇਕ ਅਜ਼ਾਦ ਮੁਲਕ ਹੈ। ਭਾਰਤ ਦੇ ਅਜ਼ਾਦ ਜਮਹੂਰੀ ਗਣਰਾਜ ਦੀ ਸਥਾਪਨਾ ਹੋ ਜਾਣ ਅਤੇ ਦੇਸ਼ ਦੇ ਲੋਕਾਂ ਦੇ ਸਾਰੇ ਵਰਗਾਂ ਨੂੰ ਬਰਾਬਰ ਦਾ ਰੁਤਬਾ ਤੇ ਮੌਕੇ ਮੁਹੱਈਆ ਹੋ ਜਾਣ ਨਾਲ ਸਿੱਖਾਂ ਦੀਆਂ ਪੁਰਾਣੀਆਂ ਆਕਾਂਖਿਆਵਾਂ ਪੂਰੀਆਂ ਹੋ ਗਈਆਂ ਹਨ।’’

loyalty, religion, country, sikhs, 1947, partition, communal, hindus, ill-fated, community, psychological, effect, visual, imaginary, condition, slave mentality, author, dalbir singh, pattarkar