

ਸਰਨੇ ਦੇ ਚਾਪਲੂਸਾਂ ਦਾ ਅਨੋਖਾ ‘ਧਰਮ ਪ੍ਰਚਾਰ’
- ਇੰਡੀਆ ਅਵੇਅਰਨੈੱਸ ਬਿਉਰੋ -
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਕੁਝ ਟੁੱਕੜਬੋਚਾਂ ਵੱਲੋਂ ਚਾਪਲੂਸੀ ਦੇ ਮਾਧਿਅਮ ਨਾਲ ਧਰਮ ਪ੍ਰਚਾਰ ਕਮੇਟੀ ਦੀ ਕਥਿਤ ਯੂਥ ਐਂਡ ਐਜੂਕੇਸ਼ਨ ਵਿੰਗ ’ਤੇ ਕਾਬਿਜ਼ ਹੋਕੇ ਮਨਮਤਾਂ ਫੈਲਾਉਣ ਬਾਰੇ ਇੰਡੀਆ ਅਵੇਅਰਨੈੱਸ ਵਿੱਚ ਕਈ ਵਾਰ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਪਰ ਸੱਤਾ ਦੀ ਤਾਕਤ ਦੇ ਨਸ਼ੇ ਵਿੱਚ ਭੂਤਰੀ ਹੋਈ ਇਸ ਜੁੰਡਲੀ ਵੱਲੋਂ ‘ਧਰਮ ਪ੍ਰਚਾਰ’ ਦੇ ਨਾਂ ’ਤੇ ਆਪ-ਹੁਦਰੀ ਕਾਰਵਾਈਆਂ ਹਾਲਾਂ ਵੀ ਬਦਸਤੂਰ ਜਾਰੀ ਹਨ। ਇਸ ਤੱਥ ਦੀ ਇਕ ਮਿਸਾਲ ਧਰਮ ਪ੍ਰਚਾਰ ਕਮੇਟੀ ਵੱਲੋਂ ਕਰਵਾਏ ਜਾ ਰਹੇ ‘ਧਾਰਮਕ ਇਮਤਿਹਾਨ’ ਦੀ ਹੈ। ਚਾਪਲੂਸਾਂ ਦੀ ਇਸ ਜੁੰਡਲੀ ਵੱਲੋਂ ਦਿੱਲੀ ਕਮੇਟੀ ਦੇ ਸੰਸਾਧਨਾਂ ਅਤੇ ਸਕੂਲ ਸਟਾਫ ਦੀ ਵਰਤੋਂ ਕਰਕੇ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੇ ਇਮਤਿਹਾਨ ਕਰਵਾਏ ਜਾ ਚੁੱਕੇ ਹਨ, ਜਿਨ੍ਹਾਂ ਦਾ ਮਕਸਦ ਬੱਚਿਆਂ ਵਿੱਚ ਗਿਆਨ ਫੈਲਾਉਣ ਦਾ ਘੱਟ ਬਲਕਿ ਆਪਣੇ ਪ੍ਰਬੰਧ ਵਾਲੀ ਸੰਸਥਾਵਾਂ ਦਾ ਨਾਮ ਚਮਕਾਉਣਾ ਹੁੰਦਾ ਹੈ। (ਇਨ੍ਹਾਂ ਸੰਸਥਾਵਾਂ ਨਾਲ ਜੁੜੇ ਕੁਝ ਚੰਗੇ ਵੀਰ/ਭੈਣਾਂ ਵੀ ਧਾਰਮਕ ਕਾਰਜ ਵਿੱਚ ਆਪੋ-ਆਪਣੀ ਸਮਰੱਥਾ ਮੁਤਾਬਿਕ ਯੋਗਦਾਨ ਦਿੰਦੇ ਹਨ ਪਰ ਇਮਤਿਹਾਨ ਦਾ ਇਹ ਪ੍ਰਾਜੈਕਟ ਦਿੱਲੀ ਕਮੇਟੀ ’ਤੇ ਹੀ ਨਿਰਭਰ ਹੁੰਦਾ ਹੈ। ਫਿਰ ਵੀ, ਉਕਤ ਜੁੰਡਲੀ ਵੱਲੋਂ ਇਮਤਿਹਾਨ ਕਰਵਾਏ ਜਾਣ ਦਾ ਸਿਹਰਾ ਆਪਣੀਆਂ ਸਾਥੀ ਸੰਸਥਾਵਾਂ ਨੂੰ ਦੇ ਦਿੱਤਾ ਜਾਂਦਾ ਹੈ ਅਤੇ ਦਿੱਲੀ ਕਮੇਟੀ ਨੂੰ ਮਾਤਰ ‘ਸਹਿਯੋਗੀ ਸੰਗਠਨ’ ਦੇ ਰੂਪ ਵਿੱਚ ਪ੍ਰਚਾਰਿਆ ਜਾਂਦਾ ਹੈ।
ਇਸੇ ਨੀਤੀ ਅਧੀਨ, ਇਮਤਿਹਾਨ ਦੀ ਤਿਆਰੀ ਕਰਵਾਉਣ ਲਈ ਛਾਪੀ ਗਈ ਪੁਸਤਕ ‘ਗੁਰੂ ਗ੍ਰੰਥ ਸਾਹਿਬ : ਸਰੂਪ ਤੇ ਵਿਚਾਰਧਾਰਾ’ ਦਾ ਪ੍ਰਕਾਸ਼ਕ ਵੀ ਇਸੇ ਜੁੰਡਲੀ ਦੇ ਨਜ਼ਦੀਕੀ ਇਕ ਵਿਅਕਤੀ ਨੂੰ ਦਰਸਾਇਆ ਗਿਆ ਹੈ ਜਦਕਿ ਪੁਸਤਕ ਦੇ ਮੁੱਖ ਪੰਨੇ ’ਤੇ ਦਿੱਤੀ ਗਈ ਜਾਣਕਾਰੀ ਮੁਤਾਬਿਕ ਇਹ ਕਿਤਾਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸਦੀ ਅਖੌਤੀ ਧਰਮ ਪ੍ਰਚਾਰ ਕਮੇਟੀ (ਐਜੂਕੇਸ਼ਨ ਐਂਡ ਯੂਥ ਵਿੰਗ) ਵੱਲੋਂ ਪ੍ਰਕਾਸ਼ਿਤ ਕਰਵਾਈ ਗਈ ਹੈ। ਕਿਤਾਬ ਦਾ ‘ਸੰਕਲਪ’ ਵੀ ਅਖੌਤੀ ਯੂਥ ਵਿੰਗ ਦੇ ਚੇਅਰਮੈਨ ਨੇ ਆਪਣੇ ਖ਼ਾਤੇ ਵਿੱਚ ਪਾਇਆ ਹੋਇਆ ਹੈ। ਕਿਤਾਬ ਦੇ ਪਹਿਲੇ ਪੰਨੇ ’ਤੇ ਹੀ ਇਹ ਇਕਬਾਲ ਵੀ ਕੀਤਾ ਗਿਆ ਹੈ ਕਿ ਇਸਦੀ ਛਪਾਈ ਗੁਰਦੁਆਰਾ ਕਮੇਟੀ ਦੀ ਆਪਣੀ ਪ੍ਰਿੰਟਿੰਗ ਪ੍ਰੈਸ ਤੋਂ ਕਰਵਾਈ ਗਈ ਹੈ। ਪਰ ਫਿਰ ਵੀ ਇਸਦਾ ਪ੍ਰਕਾਸ਼ਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਜਾਏ ਇਕ ਪ੍ਰਾਈਵੇਟ ਪਬਲਿਸ਼ਰ ਨੂੰ ਦਰਸਾਇਆ ਗਿਆ ਹੈ। (ਦਿੱਲੀ ਕਮੇਟੀ ਦੇ ਸੂਤਰਾਂ ਮੁਤਾਬਿਤ, ਅਜਿਹਾ ਕਿਤਾਬ ਦੇ ਮੁੱਲ ਤੋਂ ਪ੍ਰਾਪਤ ਹੋਣ ਵਾਲੇ ਲੱਖਾਂ ਰੁਪਏ ਦੀ ਰਕਮ ਵਿੱਚ ਗਬਨ ਕਰਨ ਦੀ ਕਥਿਤ ਮਨਸ਼ਾ ਨਾਲ ਕੀਤਾ ਗਿਆ ਹੈ।)

ਦਿੱਲੀ ਕਮੇਟੀ ਪ੍ਰਧਾਨ ਦੇ ਚਾਪਲੂਸਾਂ ਵੱਲੋਂ ਪ੍ਰਕਾਸ਼ਿਤ ਕਰਵਾਈ ਗਈ ਵਿਵਾਦਿਤ ਕਿਤਾਬ ਦਾ ਮੁੱਖ ਪੰਨਾ
ਇਹ ਕਿਤਾਬ ਦਾ ‘ਸੰਕਲਪ’ ਪੇਸ਼ ਕਰਨ ਵਾਲੇ ਯੂਥ ਵਿੰਗ ਦੇ ਅਖੌਤੀ ਚੇਅਰਮੈਨ ਤੇ ਉਸ ਦੇ ਸਾਥੀਆਂ ਦਾ ਗੁਰੂ ਗ੍ਰੰਥ ਸਾਹਿਬ ਦੇ ਅਸੂਲਾਂ ਬਾਰੇ ਗਿਆਨ ਦਾ ਅੰਦਾਜ਼ਾ ਇਸ ਸਾਧਾਰਨ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ‘ਸ਼ਬਦ-ਗੁਰੂ’ ਅਤੇ ਗੁਰਮਤਿ ਸਿਧਾਂਤਾਂ ਨਾਲ ਸਬੰਧਿਤ ਕਿਤਾਬ ਦੇ ਮੁੱਖ ਅਤੇ ਪਿਛਲਾ ਪੰਨਾ ਵੀ ਕਾਲਪਨਿਕ ਤਸਵੀਰਾਂ ਨਾਲ ਭਰਿਆ ਹੋਇਆ ਹੈ। ਜੇਕਰ ਕਾਲਪਨਿਕ ਤਸਵੀਰਾਂ ਬਣਾਉਣ ਨਾਲ ਗੁਰਮਤਿ ਸਿਧਾਂਤਾਂ ਦੀ ਜਾਣਕਾਰੀ ਮਿਲਦੀ ਹੁੰਦੀ, ਤਾਂ ਗੁਰੂ ਅਰਜਨ ਸਾਹਿਬ ਵੀ ‘ਆਦਿ ਗ੍ਰੰਥ’ ਵਿੱਚ ਗੁਰਬਾਣੀ ਦਰਜ ਕਰਨ ਦੇ ਨਾਲ-ਨਾਲ ਕੁਝ ਤਸਵੀਰਾਂ ਵੀ ਬਣਾ ਦਿੰਦੇ। ਗੁਰੂ ਸਾਹਿਬ ਨੇ ਤਾਂ ਅਜਿਹਾ ਨਾ ਕੀਤਾ ਪਰ ਆਪਣੇ ਆਪ ਨੂੰ ਗੁਰੂ ਸਾਹਿਬ ਤੋਂ ਵੀ ਵੱਧ ਸਿਆਣਾ ਸਮਝਣ ਜਾਂ ਜਤਾਉਣ ਵਾਲੀ ਇਹ ਜੁੰਡਲੀ ਮਨਮਤੀ ਨੀਤੀਆਂ ਅਪਣਾ ਕੇ ਵੀ ਧਰਮ ਪ੍ਰਚਾਰ ਕਰਨ ਦਾ ਦਾਅਵਾ ਕਰ ਰਹੀ ਹੈ।
ਪਰ ਮਸਲਾ ਸਿਰਫ਼ ਕਿਤਾਬ ਦੇ ਮੁੱਖ ਪੰਨੇ ਦਾ ਹੀ ਨਹੀਂ ਬਲਕਿ ਪੁਸਤਕ ਅੰਦਰ ਪੇਸ਼ ਕੀਤੀ ਗਈ ਸਮੱਗਰੀ ਵਿੱਚ ਵੀ ਬਣਤਰ ਪੱਖੋਂ ਊਣਤਾਈਆਂ ਅਤੇ ਸਿਧਾਂਤਕ ਗਲਤੀਆਂ ਹਨ। ਮਿਸਾਲ ਵਜੋਂ, ਪੁਸਤਕ ਦੇ ਪਹਿਲੇ ਅਧਿਆਏ ਦੇ ਪਹਿਲੇ ਭਾਗ ਦਾ ਮੁੱਖ ਸਿਰਲੇਖ ‘ਗੁਰੂ ਗ੍ਰੰਥ ਸਾਹਿਬ - ਜਾਣ ਪਛਾਣ’ ਹੈ ਪਰ ਇਸ ਵਿੱਚ ਸਾਰਾ ਜ਼ੋਰ ਧਰਮ ਗ੍ਰੰਥਾਂ ਦੀ ਮਹੱਤਤਾ ਦਾ ਜ਼ਿਕਰ ਕਰਨ ’ਤੇ ਲਗਾ ਹੋਇਆ ਹੈ ਅਤੇ ਇਸ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਅੰਸ਼-ਮਾਤਰ ਵੀ ਜ਼ਿਕਰ ਨਹੀਂ।
ਪੁਸਤਕ ਵਿੱਚ ਕਈ ਥਾਵਾਂ ’ਤੇ ਭੁਲੇਖਾ ਪਾਉਣ ਵਾਲੇ ਵਾਕਾਂ ਦੀ ਵਰਤੋਂ ਕੀਤੀ ਗਈ ਹੈ। ਮਿਸਾਲ ਵਜੋਂ ਪੰਨਾ 14 ’ਤੇ ‘ਬਾਣੀ ਸੰਪਾਦਨ’ ਵਾਲੇ ਸਹਿ-ਸਿਰਲੇਖ ਵਿੱਚ ਲਿਖਿਆ ਹੈ ਕਿ ‘‘ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਤ ਕੀਤੇ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ...’’ ਜਦਕਿ ਗੁਰੂ ਅਰਜਨ ਸਾਹਿਬ ਵੱਲੋਂ ਸੰਪਾਦਨਾ ਉਪਰੰਤ ਗੁਰਬਾਣੀ ਦੇ ਗ੍ਰੰਥ ਨੂੰ ‘ਆਦਿ ਗ੍ਰੰਥ’ ਦਾ ਨਾਮ ਦਿੱਤਾ ਗਿਆ ਸੀ। ‘ਆਦਿ ਗ੍ਰੰਥ’ ਵਿੱਚ ਗੁਰੂ ਤੇਗ ਬਹਾਦਰ ਜੀ ਦੀਆਂ ਰਚਨਾਵਾਂ ਨੂੰ ਸ਼ਾਮਲ ਕਰਨ ਤੋਂ ਬਾਅਦ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਇਸਨੂੰ ‘ਗੁਰੂ ਗ੍ਰੰਥ ਸਾਹਿਬ’ ਦਾ ਨਾਮ ਦਿੱਤਾ ਸੀ। ਇਸਲਈ ‘ਗੁਰੂ ਗ੍ਰੰਥ ਸਾਹਿਬ’ ਦੀ ਸੰਪਾਦਨਾ ਨਾਲ ਜਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦਾ ਜ਼ਿਕਰ ਕੀਤਾ ਜਾਣਾ ਚਾਹੀਦਾ ਸੀ ਜਾਂ ਫਿਰ ਸਿੱਧਾ ਹੀ ‘‘ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ...’’ ਜਿਹੇ ਸਰਲ ਵਾਕਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਸੀ, ਤਾਂ ਜੋ ਪਾਠਕਾਂ (ਸਕੂਲੀ ਵਿਦਿਆਰਥੀਆਂ) ਨੂੰ ਕਿਸੇ ਕਿਸਮ ਦਾ ਭੁਲੇਖਾ ਨਾ ਪਏ।
ਕੁਝ ਨੁਕਤਿਆਂ ’ਤੇ, ਇਸ ਪੁਸਤਕ ਸਿਧਾਂਤਕ ਪੱਖੋਂ ਵੀ ਜਾਣਬੁੱਝ ਕੇ ਗਲਤ ਜਾਣਕਾਰੀ ਦਿੱਤੀ ਗਈ ਹੈ। ਮਿਸਾਲ ਵਜੋਂ, ਪੁਸਤਕ ਦੇ ਪੰਨਾ 39 ’ਤੇ ‘‘ਰਾਗ ਮਾਲਾ’’ ਬਾਰੇ ਜਾਣਕਾਰੀ ਇਉਂ ਦਿੱਤੀ ਗਈ ਹੈ : ‘‘ਗੁਰੂ ਗ੍ਰੰਥ ਸਾਹਿਬ ਦੇ ਅਖੀਰ ਵਿੱਚ ਅੰਗ 1429-1430 ਤਕ ਰਾਗ ਮਾਲਾ ਦਰਜ ਹੈ। ਰਾਗ ਮਾਲਾ ਤੋਂ ਭਾਵ ਹੈ ਐਸੀ ਰਚਨਾ, ਜਿਸ ਵਿੱਚ ਰਾਗਾਂ ਦੀ ਨਾਮਾਵਲੀ ਹੋਵੇ, ਰਾਗ ਤੇ ਉਹਨਾਂ ਦੇ ਪਰਿਵਾਰ ਅਰਥਾਤ ਕਿਸਮ-ਦਰ-ਕਿਸਮਾਂ ਦਾ ਵੇਰਵਾ ਹੋਵੇ।’’
ਲਿਖਾਰੀ, ਪ੍ਰਕਾਸ਼ਤ ਅਤੇ ਪੁਸਤਕ ਦੇ ‘ਸੰਕਲਪ-ਦਾਤਾ’ (ਅਖੌਤੀ ਚੇਅਰਮੈਨ) ਨੇ ਇਸ ਤੱਥ ’ਤੇ ਬਿਲਕੁਲ ਪਰਦਾ ਹੀ ਪਾ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਕਈ ਪੁਰਾਤਨ ਸਰੂਪਾਂ ਵਿੱਚ ਰਾਗ ਮਾਲਾ ਸ਼ਾਮਲ ਨਹੀਂ ਅਤੇ ਇਸ ਰਚਨਾ ਨੂੰ ਪੜ੍ਹ ਕੇ ਮਨੁੱਖ ਨੂੰ ਕੋਈ ਆਤਮਕ ਸੇਧ ਨਹੀਂ ਮਿਲਦੀ। ਪਾਠਕਾਂ ਨੂੰ ਇਹ ਜਾਣਕਾਰੀ ਵੀ ਨਹੀਂ ਦਿੱਤੀ ਗਈ ਰਾਗ ਮਾਲਾ ਵਿੱਚ ਜ਼ਿਕਰ ਕੀਤੇ ਗਏ ਰਾਗ ਨਾ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਉਪਯੋਗ ਕੀਤੇ ਗਏ ਰਾਗਾਂ ਦੇ ਕ੍ਰਮ ਮੁਤਾਬਿਕ ਹਨ; ਇਸ ਰਚਨਾ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਉਪਯੋਗ ਕੀਤੇ ਗਏ ਸਾਰੇ ਰਾਗਾਂ ਦੇ ਨਾਮ ਸ਼ਾਮਲ ਨਹੀਂ ਜਦਕਿ ਕੁਝ ਨਾ ਉਪਯੋਗ ਕੀਤੇ ਗਏ ਰਾਗਾਂ ਦਾ ਜ਼ਿਕਰ ਹੈ। ਇਨ੍ਹਾਂ ਤੱਥਾਂ ਤੋਂ ਸਪਸ਼ਟ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ‘ਰਾਗ ਮਾਲਾ’ ਨਾਮ ਦੀ ਰਚਨਾ ਗੁਰੂ ਅਰਜਨ ਸਾਹਿਬ ਜਾਂ ਗੁਰੂ ਗੋਬਿੰਦ ਸਿੰਘ ਜੀ ਨੇ ਦਰਜ ਨਹੀਂ ਕੀਤੀ ਸੀ। ਇਸੇ ਕਾਰਨ ਸਿੱਖ ਰਹਿਤ ਮਰਿਆਦਾ ਵਿੱਚ ਵੀ ਰਾਗ ਮਾਲਾ ਪੜ੍ਹਨ ਜਾਂ ਨਾ ਪੜ੍ਹਨ ਬਾਰੇ ਕੋਈ ਫੈਸਲਾ ਨਹੀਂ ਦਿੱਤਾ ਗਿਆ।
ਜੇਕਰ ਰਾਗਮਾਲਾ ਬਾਰੇ ਇਹ ਜਾਣਕਾਰੀ ਵਿਦਿਆਰਥੀਆਂ ਤੋਂ ਛੁਪਾਉਣ ਦਾ ਮਕਸਦ ਉਨ੍ਹਾਂ ਨੂੰ ਵਿਵਾਦਾਂ ਤੋਂ ਪਰੇ ਰੱਖਣ ਦਾ ਸੀ, ਤਾਂ ਰਾਗ ਮਾਲਾ ਦਾ ਜ਼ਿਕਰ ਕਰਨ ਦੀ ਲੋੜ ਹੀ ਨਹੀਂ ਸੀ। ਪਰ ਅਧੂਰੀ ਜਾਣਕਾਰੀ ਦੇ ਕੇ ਲੇਖਕ/ਪ੍ਰਕਾਸ਼ਕ ਨੇ ਵਿਦਿਆਰਥੀਆਂ ਨਾਲ ਕੋਝਾ ਮਜ਼ਾਕ ਕੀਤਾ ਹੈ ਅਤੇ ਉਨ੍ਹਾਂ ਨੂੰ ਕੁਰਾਹੇ ਪਾਉਣ ਦਾ ਜਤਨ ਕੀਤਾ ਹੈ।
ਇਹ ਵੀ ਗੌਰਤਲਬ ਹੈ ਕਿ ਕਥਿਤ ਤੌਰ ’ਤੇ ਗੁਰਮਤਿ ਸਿਧਾਂਤਾਂ ਦੇ ਪ੍ਰਚਾਰ ਲਈ ਵਰਤਾਈ ਜਾ ਰਹੀ ਇਹ ਪੁਸਤਕ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ ਲਈ ਹਰ ਥਾਂ ‘ਅੰਗ’ ਲਫ਼ਜ਼ ਦਾ ਉਪਯੋਗ ਕੀਤਾ ਗਿਆ ਹੈ। ਆਮ ਤੌਰ ਤੇ ਸਨਾਤਨੀ ਸੋਚ ਵਾਲੇ ਸਾਧ-ਬਾਬਿਆਂ ਦੀਆਂ ਸੰਪਰਦਾਵਾਂ, ਗੁਰੂ ਗ੍ਰੰਥ ਸਾਹਿਬ ਨੂੰ ਇਕ ‘ਦੇਹ’ ਜਾਂ ‘ਮੂਰਤੀ’ ਵਾਂਗ ਪ੍ਰਚਾਰਨ ਲਈ, ਪੰਨਿਆਂ ਨੂੰ ਵੀ ਅੰਗ ਕਹਿ ਕੇ ਸੰਬੋਧਿਤ ਕਰਦੇ ਹਨ। ਦਿੱਲੀ ਕਮੇਟੀ, ਜੋ ਕਿ ਸਿੱਖਾਂ ਦੀ ਇਕ ਜ਼ਿੰਮੇਵਾਰ ਸੰਸਥਾ ਹੈ, ਨੂੰ ਚਾਹੀਦਾ ਸੀ ਕਿ ਉਹ ਆਮ ਸਿੱਖਾਂ ਨੂੰ ਇਸ ਮਨਮਤੀ ਪ੍ਰਚਾਰ ਬਾਰੇ ਜਾਗਰੁਕ ਕਰਕੇ ਦੱਸਦੀ ਕਿ ਅੰਗਾਂ ਦੇ ‘ਨੰਬਰ’ ਨਹੀਂ ਹੁੰਦੇ (ਸਾਡੇ ਸਰੀਰ ਦੇ ਵੱਖ-ਵੱਖ ਅੰਗਾਂ ਦੇ ਵੱਖ-ਵੱਖ ਨਾਮ ਹਨ - ਇਨ੍ਹਾਂ ਨੂੰ ਅੰਗ ਨੰਬਰ 1, 2, 3, 4 ਆਦਿਕ ਕਰਕੇ ਸੰਬੋਧਿਤ ਨਹੀਂ ਕੀਤਾ ਜਾਂਦਾ)। ਪਰ ਧਰਮ ਪ੍ਰਚਾਰ ਕਮੇਟੀ ਦੇ ਕਾਬਿਜ਼ ਝੋਲੀਚੁੱਕ ਕਿਸਮ ਦੇ ਲੋਕ, ਜੋ ਖ਼ੁਦ ਮਨਮਤੀ ਵਿਚਾਰਧਾਰਾ ਤੋਂ ਗ੍ਰਸਤ ਹਨ ਅਤੇ ਸਿੱਖਾਂ ਨੂੰ ਵੀ ਇਸੇ ਤਰ੍ਹਾਂ ਮਨਮਤੀ ਬਣਾਉਣਾ ਲੋਚਦੇ ਹਨ, ਨੇ ਜਾਣਬੁੱਝ ਕੇ ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ ਲਈ ‘ਅੰਗ’ ਲਫ਼ਜ਼ ਦਾ ਉਪਯੋਗ ਕੀਤਾ (ਜੇਕਰ ਇਸੇ ਪੁਸਤਕ ਦਾ ਅੰਗਰੇਜ਼ੀ ਤਰਜ਼ਮਾ ਪ੍ਰਕਾਸ਼ਿਤ ਕਰਨਾ ਹੋਵੇ, ਤਾਂ ਕੀ ਇਹ ਜੁੰਡਲੀ ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ ਲਈ ਅੰਗਰੇਜ਼ੀ ਵਿੱਚ ‘ਬਾਡੀ ਪਾਰਟ ਨੰਬਰ...’ ਆਦਿਕ ਲਫ਼ਜ਼ਾਂ ਦਾ ਉਪਯੋਗ ਕਰੇਗੀ ਜਾਂ ਸਿੱਧਾ ‘ਪੇਜ ਨੰਬਰ ...’ ਲਿਖੇਗੀ?)
ਪੁਸਤਕ ਦੇ ਪੰਨਾ 41 ’ਤੇ ਲੇਖਕ ਨੇ ਜਨਮਸਾਖੀ (ਕਿਹੜੀ ਜਨਮਸਾਖੀ, ਜ਼ਿਕਰ ਨਹੀਂ) ਦਾ ਹਵਾਲਾ ਦੇ ਕੇ ਦਾਅਵਾ ਕੀਤਾ ਹੈ ਕਿ ‘‘ਆਪ ਜੀ ਦੀ ਮਹੱਤਵਪੂਰਨ ਰਚਨਾ ‘ਪਟੀ’ ਸਕੂਲ ਜਾਣ ਦੇ ਪਹਿਲੇ ਦਿਨ ਅਤੇ ਉਮਰ ਦੇ ਸਤੱਵੇਂ ਸਾਲ ਵਿੱਚ ਲਿਖੀ ਗਈ ਸੀ।’’ ਪਰ ਹਰ ਸੂਝਵਾਨ ਵਿਅਕਤੀ ਜਾਣਦਾ ਹੈ ਕਿ ਪਹਿਲੇ ਦਿਨ ਸਕੂਲ ਵਿੱਚ ਜਾਣ ਵਾਲੇ ਵਿਦਿਆਰਥੀ ਵਿੱਚ ਏਨਾ ਗਿਆਨ ਨਹੀਂ ਹੁੰਦਾ ਕਿ ਉਹ ਬੇਹੱਦ ਉੱਚ-ਸਤਰ ਦੀ, 35 ਬੰਦਾਂ ਵਾਲੀ, ਕਾਵਿਮਈ ਰਚਨਾ (‘ਪਟੀ’, ਜੋ ਗੁਰੂ ਗ੍ਰੰਥ ਸਾਹਿਬ ਦੇ ਪੰਨਾ 432 ਤੋਂ 435 ’ਤੇ ਦਰਜ ਹੈ) ਰਚ ਸਕੇ। ਸਿੱਖ ਵਿਦਵਾਨਾਂ ਨੇ ਜਨਮਸਾਖੀਆਂ (ਖ਼ਾਸਕਰ ਭਾਈ ਬਾਲੇ ਵਾਲੀ ਜਨਮਸਾਖੀ) ਵਿੱਚ ਮੌਜੂਦ ਗੁਰਮਤਿ-ਵਿਰੋਧੀ ਅੰਸ਼ਾਂ ਬਾਰੇ ਵੀ ਭਰਪੂਰ ਚਰਚਾ ਕਰ ਚੁੱਕੇ ਹਨ। ਅਜਿਹੇ ਵਿੱਚ ਵਿਵਾਦਿਤ ਜਨਮਸਾਖੀਆਂ ਦਾ ਬਹਾਣਾ ਬਣਾ ਕੇ, ਪੁਸਤਕ ਵਿੱਚ ਅਜਿਹੀ ਅਪ੍ਰਮਾਣਿਕ ਸਾਖੀਆਂ ਦਾ ਜ਼ਿਕਰ ਕਰਨ ਦੀ ਕੋਈ ਲੋੜ ਨਹੀਂ ਸੀ।
ਅਗਲੇ ਹੀ ਪੰਨੇ ’ਤੇ ਫਿਰ ਜਨਮਸਾਖੀਆਂ ਦੀ ਹੀ ਸ਼ੈਲੀ ਵਿੱਚ ਕਿਹਾ ਗਿਆ ਹੈ : ‘‘ਕਰਤਾਰਪੁਰ ਵਿਖੇ ਹੀ ‘ਲਹਿਣਾ’ ਨਾਮ ਦਾ ਇਕ ਵਿਅਕਤੀ ਗੁਰੂ ਚਰਨਾਂ ਦੀ ਧੂੜ ਪ੍ਰਾਪਤ ਕਰ ‘ਗੁਰੂ ਅੰਗਦ’ ਬਣ ਗਿਆ।’’ ਇਸ ਕਥਨ ਤੋਂ ਅਜਿਹਾ ਪ੍ਰਤੀਤ ਹੁੰਦਾ ਹੈ ਜਿਵੇਂ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੇ ਸਰੀਰਕ ਚਰਨਾਂ ’ਤੇ ਲੱਗੀ ਧੂਲ ਨੂੰ ਪ੍ਰਾਪਤ ਕਰਕੇ ਹੀ ‘ਗੁਰੂ’ ਬਣ ਗਏ ਜਦਕਿ ਇਹ ਸਰਾਸਰ ਗਲਤ ਧਾਰਨਾ ਹੈ। ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਦੀ ਸੰਗਤ ਵਿੱਚ ਆ ਕੇ ਪਹਿਲਾਂ ਦੇਵੀ ਪੂਜਾ ਛੱਡੀ ਅਤੇ ਫਿਰ ਇਕ ਅਕਾਲ ਪੁਰਖ ਦੇ ਗੁਣਾਂ ਦਾ ਗਿਆਨ ਪ੍ਰਾਪਤ ਕਰਕੇ, ਉਨ੍ਹਾਂ ਦੀ ਸਿਫਤ-ਸਲਾਹ ਕਰਦੇ ਹੋਏ, ਉਸ ਪਰਮਾਤਮਾ ਨਾਲ ਇਕ-ਮਿਕ ਹੋ ਗਏ। ਇਸੇ ਵਾਸਤੇ ਪਹਿਲੇ ਪਾਤਸ਼ਾਹ ਨੇ ਆਪਣੇ ਵੱਲੋਂ ਚਲਾਈ ਗਈ ਸੱਚ ਪ੍ਰਚਾਰ ਦੀ ਮੁਹਿੰਮ ਨੂੰ ਹੋਰ ਅੱਗੇ ਤੋਰਨ ਦੀ ਜ਼ਿੰਮੇਵਾਰੀ (ਜਿਸ ਨੂੰ ‘ਗੁਰਗੱਦੀ’ ਵਜੋਂ ਸੰਬੋਧਿਤ ਕੀਤਾ ਜਾਂਦਾ ਹੈ) ਭਾਈ ਲਹਿਣਾ ਜੀ ਨੂੰ ਸੌਂਪ ਕੇ ਉਨ੍ਹਾਂ ਨੂੰ ‘ਅੰਗਦ’ ਨਾਮ ਦਿੱਤਾ। ਪਰ ਉਕਤ ਕਥਨ ਤੋਂ ਇਹ ਪ੍ਰਭਾਵ ਜਾਂਦਾ ਹੈ ਕਿ ਗੁਰੂ ਵਰਗਾ ਬਣਨ ਲਈ ਆਤਮਕ ਗੁਣਾਂ ਦੀ ਨਹੀਂ, ਬਲਕਿ ਗੁਰੂ ਦੇ ਦੁਨੀਆਵੀ ਸਰੀਰ ਨੂੰ ਲੱਗੀ ਮਿੱਟੀ ਦੀ ਲੋੜ ਹੁੰਦੀ ਹੈ। ਇਹ ਕਥਨ ਉਸ ਬ੍ਰਾਹਮਣਵਾਦੀ ਅੰਧ-ਵਿਸ਼ਵਾਸ ਦੀ ਹੀ ਪ੍ਰੋੜਤਾ ਕਰਦਾ ਹੈ, ਜਿਸ ਰਾਹੀਂ ਲੋਕਾਂ ਨੂੰ ਸਾਧਾਂ-ਸੰਤਾਂ ਦੀ ਕ੍ਰਿਪਾ ਪ੍ਰਾਪਤ ਕਰਨ ਲਈ ਉਨ੍ਹਾਂ ਦੀਆਂ ਅਸੀਸਾਂ/ਵਰ ਆਦਿ ਪ੍ਰਾਪਤ ਕਰਨ ਲਈ ਪ੍ਰੇਰਿਆ ਜਾਂਦਾ ਹੈ।
ਬ੍ਰਾਹਮਣਵਾਦੀ ਵਿਚਾਰਧਾਰਾ ਨੂੰ ਹੋਰ ਉਤਸ਼ਾਹਿਤ ਕਰਦਿਆਂ ਪੁਸਤਕ ਦੇ ਪੰਨਾ 46 ’ਤੇ ਜ਼ਿਕਰ ਕੀਤਾ ਗਿਆ ਹੈ ਕਿ ‘‘ਤੀਜੇ ਪਾਤਸ਼ਾਹ ਨੇ ਆਪ (ਗੁਰੂ ਅਰਜਨ ਸਾਹਿਬ) ਲਈ ‘‘ਦੋਹਿਤਾ ਬਾਣੀ ਦਾ ਬੋਹਿਥਾ’’ ਉਚਾਰਦੇ ਹੋਏ ਆਉਣ ਵਾਲੇ ਸਮੇਂ ਵੱਲ ਇਸ਼ਾਰਾ ਕਰ ਦਿੱਤਾ ਸੀ।’’ ਇਸ ਤਰ੍ਹਾਂ ਧਰਮ ਪ੍ਰਚਾਰ ਕਮੇਟੀ ਨੇ ਇਹ ਪ੍ਰਭਾਵ ਦਿੱਤਾ ਹੈ ਕਿ ਗੁਰੂ ਅਰਜਨ ਸਾਹਿਬ ਦੀ ਕਾਵਿ-ਕਲਾ, ਗੁਰੂ ਅਮਰਦਾਸ ਜੀ ਤੋਂ ਮਿਲੇ ‘ਵਰ’ ਕਾਰਨ ਸੀ ਨਾ ਕਿ ਸੁਭਾਵਿਕ ਤੌਰ ’ਤੇ ਉਨ੍ਹਾਂ ਅੰਦਰ ਵਿਦਮਾਨ ਕਾਵਿ-ਗੁਣਾਂ ਕਾਰਨ। (ਹਾਲਾਂਕਿ ਇਹ ਵਾਕ ਲਿਖਦਿਆਂ ਸਮੇਂ, ਬੜੀ ਚਤੁਰਾਈ ਨਾਲ ‘ਵਰ’ ਲਫ਼ਜ਼ ਨੂੰ ਵਿਚੋਂ ਕੱਟ ਦਿੱਤਾ ਗਿਆ ਹੈ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਉਕਤ ਜੁੰਡਲੀ ਅਨਜਾਣਪੁਣੇ ਵਿੱਚ ਅਜਿਹੀਆਂ ਕਾਰਵਾਈਆਂ ਨਹੀਂ ਕਰ ਰਹੀ ਬਲਕਿ ਬ੍ਰਾਹਮਣਵਾਦੀਆਂ ਦੇ ਏਜੰਟ ਦੇ ਤੌਰ ’ਤੇ ਵਿਚਰਦਿਆਂ, ਜਾਣ-ਬੁੱਝ ਕੇ ਅਤੇ ਬੜੀ ਸਾਵਧਾਨੀ ਨਾਲ ਮਨਮਤਿ ਦਾ ਪ੍ਰਚਾਰ ਕਰ ਰਹੀ ਹੈ, ਜਿਸ ਵਿੱਚ ਕੁਝ ਅਖੌਤੀ ‘ਮਿਸ਼ਨਰੀ’ ਵੀ ਇਨ੍ਹਾਂ ਦਾ ਸਾਥ ਦੇ ਰਹੇ ਹਨ)।
ਪੁਸਤਕ ਵਿੱਚ ਹੋਰ ਵੀ ਬੇਅੰਤ ਭੁਲੇਖੇ ਪੈਦਾ ਕਰਨ ਵਾਲੇ ਵਾਕਾਂ ਦੀ ਵਰਤੋਂ ਕੀਤੀ ਗਈ ਹੈ। ਜਿਵੇਂ ਪੰਨਾ 49 ’ਤੇ ਜ਼ਿਕਰ ਕੀਤਾ ਗਿਆ ਹੈ ਕਿ ‘‘ਮਨੁੱਖ ਦੇ ਪਰਮਾਤਮਾ ਨਾਲ ਰਾਗਾਤਮਕ ਸਬੰਧਾਂ ਨੂੰ ਭਗਤੀ ਆਖਿਆ ਜਾ ਸਕਦਾ ਹੈ।’’ ਇਸ ਕਥਨ ਤੋਂ ਇਹ ਭੁਲੇਖਾ ਕਿ ਪਰਮਾਤਮਾ ਨਾਲ ਇਕਮਿਕਤਾ ਹਾਸਲ ਕਰਨ ਵਾਸਤੇ ‘ਰਾਗਾਤਮਕ’ ਢੰਗਾਂ (ਵਾਜਾ-ਤਬਲਾ ਅਤੇ ਹੋਰ ਸੰਗੀਤ ਸਾਧਨਾਂ) ਦੀ ਵਰਤੋਂ ਲਾਜ਼ਮੀ ਹੈ ਜਦਕਿ ਗੁਰੂ ਸਾਹਿਬ ਕਹਿੰਦੇ ਹਨ ਕਿ ‘‘ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ।।’’ ਭਗਤ ਭੀਖਣ ਜੀ ਦੇ ਜੀਵਨ-ਤੱਥਾਂ ਬਾਰੇ ਜ਼ਿਕਰ ਕਰਦਿਆਂ ਡਾ: ਤਾਰਨ ਸਿੰਘ, ਭਾਈ ਕਾਨ੍ਹ ਸਿੰਘ ਨਾਭਾ ਤੇ ਮੈਕਾਲਿਫ਼ ਆਦਿ ਵਿਦਵਾਨਾਂ ਦੀ ਵੱਖ-ਵੱਖ ਰਾਵਾਂ ਦਾ ਹਵਾਲਾ ਤਾਂ ਦਿੱਤਾ ਗਿਆ ਹੈ ਪਰ ਇਹ ਨਹੀਂ ਦੱਸਿਆ ਗਿਆ ਕਿ ਇਨ੍ਹਾਂ ਵਿੱਚੋਂ ਸਭ ਤੋਂ ਸਟੀਕ ਰਾਏ ਕਿਹੜੇ ਵਿਦਵਾਨ ਦੀ ਹੈ।
ਇਸੇ ਤਰ੍ਹਾਂ, ਪੰਨਾ 65 ’ਤੇ ਭਾਈ ਮਰਦਾਨਾ ਨੂੰ ਵੀ ‘ਗੁਰਸਿੱਖ ਬਾਣੀਕਾਰਾਂ’ ਵਿੱਚੋਂ ਇਕ ਦੱਸਿਆ ਗਿਆ ਹੈ ਅਤੇ ਉਨ੍ਹਾਂ ਦੇ ਤਿੰਨ ਸਲੋਕ ‘ਬਿਹਾਗੜੇ ਕੀ ਵਾਰ’ ਵਿੱਚ ਸ਼ਾਮਲ ਹੋਣ ਦੀ ਗੱਲ ਗਈ ਹੈ। ਜਦਕਿ ਸੱਚਾਈ ਇਹ ਹੈ ਕਿ ਇਨ੍ਹਾਂ ਤਿੰਨਾਂ ਸਲੋਕਾਂ ਦੇ ਅੰਤ ਵਿੱਚ ‘ਨਾਨਕ’ ਲਫ਼ਜ਼ ਦੀ ਵਰਤੋਂ ਕੀਤੀ ਗਈ ਹੈ। ਇਸ ਬਾਬਤ ਪ੍ਰੋ: ਸਾਹਿਬ ਸਿੰਘ ਨੇ ‘ਗੁਰੂ ਗ੍ਰੰਥ ਸਾਹਿਬ ਦਰਪਣ’ ਵਿੱਚ ਟਿੱਪਣੀ ਕੀਤੀ ਹੈ ਕਿ ‘‘ਭਾ: ਮਰਦਾਨਾ ਆਪਣੀ ਕਿਸੇ ਰਚਨਾ ਵਿੱਚ ਲਫ਼ਜ਼ ‘ਨਾਨਕ’ ਨਹੀਂ ਸੀ ਵਰਤ ਸਕਦਾ। ਸਲੋਕ ਮ: 1 ਹੈ ਅਤੇ ਮਰਦਾਨੇ ਨੂੰ ਸੰਬੋਧਨ ਕੀਤਾ ਹੈ। ਤਿੰਨੇ ਹੀ ਸਲੋਕ ਮ: 1 ਦੇ ਹਨ।’’ ਜਿਹੜੇ ਅਖੌਤੀ ਧਰਮ ਪ੍ਰਚਾਰਕ ਏਨੇ ਮੋਟੇ ਤੱਥ ਨੂੰ ਵੀ ਨਾ ਸਮਝ ਪਾਉਣ, ਉਹ ਸਕੂਲੀ ਬੱਚਿਆਂ ਨੂੰ ਕਿਹੋ ਜਿਹੀ ਧਰਮ ਵਿੱਦਿਆ ਦੇਣਗੇ?
ਸ਼ਾਇਦ ਇਸੇ ਲਈ ‘ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼’ ਸਿਰਲੇਖ ਵਾਲੇ ਅਧਿਆਏ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਰਬ-ਉੱਚਤਾ ਬਾਰੇ ਤੱਥ ਪੇਸ਼ ਕਰਨ ਦੀ ਬਜਾਏ ਇਹ ਕਿਹਾ ਗਿਆ ਹੈ ਕਿ ‘‘ਸਾਰੇ ਮਤਾਂ (ਧਰਮਾਂ) ਦੇ ਧਰਮ ਗ੍ਰੰਥ ਸੱਚ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਦੇ ਹਨ ਅਤੇ ਸਤਿਕਾਰ ਯੋਗ ਹਨ...।’’ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੇ ਵੇਦ-ਸ਼ਾਸਤਰ ਮਨੁੱਖਾਂ ਨੂੰ ਜਾਤ-ਪਾਤਾਂ ਦੇ ਕੋਝੇ ਸਿਸਟਮ ਵਿੱਚ ਵੰਡਣ ਲਈ ਮਜਬੂਰ ਕਰਦੇ ਹਨ, ਜਿਹੜੇ ਧਰਮ ਗ੍ਰੰਥ ਗੰਦੀਆਂ ਕਹਾਣੀਆਂ ਨੂੰ ਦੇਵੀ-ਦੇਵਤਿਆਂ ਦੇ ਨਾਮ ’ਤੇ ਮੜ੍ਹ ਕੇ ਸਮਾਜ ਨੂੰ ਗੁੰਮਰਾਹ ਕਰਦੇ ਹਨ, ਜਿਹੜੇ ਧਰਮ ਗ੍ਰੰਥ ਪਰਮਾਤਮਾ ਦੀ ਪੂਜਾ ਕਰਨ ਲਈ ਉਲ-ਜਲੂਲ ਕਰਮ-ਕਾਂਡਾਂ ਅਤੇ ਅੰਧ-ਵਿਸ਼ਵਾਸਾਂ ਦਾ ਪ੍ਰਚਾਰ ਕਰਦੇ ਹਨ, ਉਹ ‘ਸੱਚ ਦੇ ਮਾਰਗ ’ਤੇ ਚੱਲਣ ਲਈ’ ਕਿਵੇਂ ਪ੍ਰੇਰਦੇ ਹਨ ਅਤੇ ਉਨ੍ਹਾਂ ਨੂੰ ਕਿੰਨਾ ਕੁ ਸਤਿਕਾਰਯੋਗ ਮੰਨਿਆ ਜਾ ਸਕਦਾ ਹੈ?
ਪੁਸਤਕ ਵਿੱਚ ‘ਨਾਮ’ ਦੇ ਸੰਕਲਪ ਦੀ ਵਿਆਖਿਆ ਵੀ ਨਹੀਂ ਕੀਤੀ ਗਈ। ਬਲਕਿ ਅਸਪਸ਼ਟ ਲਫ਼ਜ਼ਾਂ ਵਿੱਚ ਸਿਰਫ਼ ਇਹੀ ਕਿਹਾ ਗਿਆ ਹੈ ਕਿ ‘‘ਇਹ ਪਰਮਾਤਮਾ ਦੀਆਂ ਸੰਪੂਰਨਤਾਵਾਂ ਦਾ ਪ੍ਰਕਾਸ਼ਨ ਕਰਨ ਵਾਲਾ ਤਰੀਕਾ ਵੀ ਹੈ ਅਤੇ ਇਸਦੇ ਮਾਧਿਅਮ ਰਾਹੀਂ ਮਨੁੱਖ ਇਸਦੇ ਰਹੱਸ ਨੂੰ ਬੁੱਝ ਵੀ ਸਕਦਾ ਹੈ।’’ ਕੀ ਅਜਿਹੀ ਜਾਣਕਾਰੀ ਨਾਲ ਸਕੂਲੀ ਵਿਦਿਆਰਥੀਆਂ ਵਿੱਚ ‘ਨਾਮ’ ਦੇ ਗੁੱਝੇ ਸੰਕਲਪ ਬਾਰੇ ਪੂਰਾ ਖੁਲਾਸਾ ਹੋ ਜਾਏਗਾ?
ਇਸੇ ਤਰ੍ਹਾਂ ‘ਸਤਿਸੰਗਤ’ ਦੇ ਸੰਕਲਪ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ‘‘ਸੱਚੇ ਪੁਰਖਾਂ ਦੀ ਸੰਗਤ ਵਿੱਚ ਬੈਠਣਾ, ਉਨ੍ਹਾਂ ਦੇ ਮਹਾਨ ਉਪਦੇਸ਼ਾਂ ਨੂੰ ਸੁਣਨਾ ਅਤੇ ਪ੍ਰਭੂ ਗੁਣਾਂ ਦੀ ਚਰਚਾ ਕਰਨੀ ਆਦਿ ਸਤਿਸੰਗਤ ਦਾ ਮੁੱਢਲਾ ਕਰਮ ਮੰਨਿਆ ਗਿਆ ਹੈ।’’ ਜਦਕਿ ਗੁਰਮਤਿ ਵਿੱਚ ‘ਪੁਰਖਾਂ’ ਦੀ ਸੰਗਤ ਨੂੰ ਨਹੀਂ ਬਲਕਿ ਸੱਚ ਦਾ ਗਿਆਨ ਦੇਣ ਵਾਲੇ ਸ੍ਰੋਤ (ਗੁਰਬਾਣੀ) ਦੀ ਸੰਗਤ ਨੂੰ ਮਹੱਤਵਪੂਰਨ ਮੰਨਿਆ ਗਿਆ ਹੈ। ਜ਼ਰੂਰੀ ਨਹੀਂ ਕਿ ਇਹ ਸ੍ਰੋਤ ਕਿਸੇ ਇਨਸਾਨ ਦੇ ਸਰੀਰ ਦੇ ਰੂਪ ਵਿੱਚ ਹੋਵੇ ਬਲਕਿ ਇਹ ਪੁਸਤਕ ਰੂਪ ਵਿੱਚ ਵੀ ਹੋ ਸਕਦਾ ਹੈ; ਕੈਸੇਟ, ਸੀ.ਡੀ. ਜਾਂ ਕਿਸੇ ਹੋਰ ਰੂਪ ਵਿੱਚ ਵੀ ਹੋ ਸਕਦਾ ਹੈ। ਅਜਿਹੇ ਵਿੱਚ ਸਕੂਲੀ ਵਿਦਿਆਰਥੀਆਂ ਨੂੰ ‘ਪੁਰਖਾਂ ਦੀ ਸੰਗਤ’ ਕਰਨ ਲਈ ਪ੍ਰੇਰਣਾ ਨਿਹਾਇਤ ਬੇਹੂਦਾ ਹਰਕਤ ਹੈ।
‘ਸੇਵਾ’ ਦੇ ਸੰਕਲਪ ਬਾਰੇ ਵੀ ਇਸੇ ਕਿਸਮ ਦੀ ਗਲਤ ਜਾਣਕਾਰੀ ਦਿੰਦਿਆਂ ਵੀ ਇਸੇ ਕਿਸਮ ਦੀਆਂ ਬੇਥਵੀਆਂ ਦਲੀਲਾਂ ਦਿੱਤੀਆਂ ਗਈਆਂ ਹਨ ਕਿ ‘‘ਲਹਿਣੇ ਤੋਂ ਅੰਗਦ ਹੋਣ ਦੇ ਸਫ਼ਰ ਦਾ ਮਾਧਿਅਤਮ ਸੇਵਾ ਹੀ ਬਣਿਆ ਅਤੇ ਇਸ ਤਰ੍ਹਾਂ ‘ਅਮਰੂ ਨਿਥਾਵੇ ਤੋਂ ਨਿਥਾਵਿਆਂ ਦੇ ਥਾਂ’ ਬਣਨ ਵਿੱਚ ਸੇਵਾ ਨੇ ਹੀ ਮੁੱਖ ਭੂਮਿਕਾ ਨਿਭਾਈ। ਜਿਵੇਂ ਕਿ ਅਸੀਂ ਇਸ ਲੇਖ ਵਿੱਚ ਪਹਿਲਾਂ ਵੀ ਦੱਸਿਆ ਹੈ, ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੀ ਸਰੀਰਕ ਸੇਵਾ ਕਰਕੇ ਨਹੀਂ, ਬਲਕਿ ਉਨ੍ਹਾਂ ਦੇ ਉਪਦੇਸ਼ਾਂ ਅਨੁਸਾਰ ਆਪਣਾ ਜੀਵਨ ਢਾਲ ਕੇ ਹੀ ਗੁਰੂ ਰੂਪ ਧਾਰਨ ਕਰ ਪਾਏ ਸਨ। ਇਹੀ ਗੱਲ (ਗੁਰੂ) ਅਮਰਦਾਸ ਜੀ ’ਤੇ ਵੀ ਲਾਗੂ ਹੁੰਦੀ ਹੈ। ਪਰ ਪ੍ਰਚਲਿਤ ਮਨਘੜਤ ਸਾਖੀਆਂ ਦੇ ਅਧਾਰ ’ਤੇ (ਗੁਰੂ) ਅਮਰਦਾਸ ਜੀ ਨੂੰ ‘ਨਿਥਾਵਾਂ’ ਆਖਣਾ, ਅਸਿੱਧੇ ਢੰਗ ਨਾਲ ਉਨ੍ਹਾਂ ਦਾ ਭਾਰੀ ਅਪਮਾਨ ਹੈ।
ਪੁਸਤਕ ਵਿੱਚ ਹੋਰ ਵੀ ਅਜਿਹੀਆਂ ਬੇਅੰਤ ਸਿਧਾਂਤਕ ਖਾਮੀਆਂ ਹਨ, ਜੋ ਇਹ ਸਾਫ ਸੰਕੇਤ ਦਿੰਦੀਆਂ ਹਨ ਕਿ ਪੁਸਤਕ ਦੇ ਪ੍ਰਕਾਸ਼ਕਾਂ (ਯੂਥ ਵਿੰਗ ਉਰਫ਼ ਧਰਮ ਪ੍ਰਚਾਰ ਕਮੇਟੀ) ਨੇ, ਸਕੂਲੀ ਵਿਦਿਆਰਥੀਆਂ ਨੂੰ ਇਕ ਵਿਸ਼ੇਸ਼ ਮਾਨਸਿਕਤਾ ਦਾ ਪ੍ਰਚਾਰ ਕਰਨ ਦੇ ਮਕਸਦ ਨਾਲ, ਮਨਮਤੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਸਾਜਿਸ਼ ਪਿੱਛੇ ਕਿਸੇ ਵੱਡੀ ਬ੍ਰਾਹਮਣਵਾਦੀ ਤਾਕਤ ਦਾ ਹੱਥ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਅਜਿਹੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਕੀ ਦਿੱਲੀ ਗੁਰਦੁਆਰਾ ਕਮੇਟੀ ਦੇ ਸੀਨੀਅਰ ਅਹੁਦੇਦਾਰ ਇਸ ਮਨਮਤੀ ਪੁਸਤਕ ਦੇ ਅਧਾਰ ’ਤੇ ਹੋ ਰਹੇ ਇਮਤਿਹਾਨ ਨੂੰ ਨਿਯੰਤਰਿਤ ਕਰਨ ਲਈ ਕੋਈ ਕਦਮ ਚੁੱਕਣਗੇ ਜਾਂ ਆਪਣੇ ਚਾਪਲੂਸਾਂ ਦੀ ਜੁੰਡਲੀ ਨੂੰ ਮਨ-ਮਰਜ਼ੀਆਂ ਕਰਨ ਦੀ ਖੁੱਲ੍ਹ ਜਾਰੀ ਰੱਖਣਗੇ?
pseudo, dharam parchar, committee, youth wing, dsgmc, examination, book, guru granth sahib, saroop te vichardhara, concept, daljeet singh, mis-interpretation, principles, Sikhism, embezzlement